Tere Varga Rachanhit : Dr Amarjit Tanda
ਤੇਰੇ ਰੰਗ ਵਰਗਾ ਰਚਣਹਿੱਤ : ਡਾ. ਅਮਰਜੀਤ ਟਾਂਡਾ
(ਨਾਵਲ "ਆਮ ਲੋਕ" ਵਿਚੋਂ ਕੁਝ ਮੋੜ ਕੇ ਰੱਖੇ ਵਰਕੇ)
ਪਰਮਜੀਤ ਕਹਿੰਦਾ ਕਿ ਜੇ ਚੇਤਿਆਂ ’ਚ ਤੂੰ ਨਾ ਰਹੇਗੀਂ ਤਾਂ ਹੋਰ ਕੌਣ ਰਹੇਗਾ। ਉਹ ਰਣਜੀਤ ਨੂੰ ਯਾਦ ’ਚ ਰੱਖਦਿਆਂ ਵਸਾਉਦਿਆਂ ਕਹਿੰਦਾ।
ਤੂੰ ਹੂ ਬਹੂ ਕਵਿਤਾ ਵਰਗੀ ਹੋ ਗਈ ਏਂ। ਜਾਂ ਇਹ ਵੀ ਕਹਿ ਸਕਦਾਂ ਕਿ ਨਜ਼ਮ ਤੇਰੇ ਵਰਗੀ ਲੱਗਣ ਲੱਗ ਪਈ ਹੈ। ਖਬਰੇ ਤੂੰ ਓਹਦੇ ਵਿਚ ਹੁੰਦੀ ਏਂ ਜਾਂ ਉਹ ਤੇਰੇ ਵਿਚ। ਦੇਖ ਇਹ ਕਿੰਜ ਹੋ ਜਾਂਦਾ ਹੈ ਅਚਾਨਕ ਹੀ। ਮਹਿਬੂਬਾ ਕਿਤੇ ਵੀ ਰਹੇ ਹਰ ਵੇਲੇ ਮਸ਼ੂਕ ਦੇ ਸਾਹਾਂ 'ਚ ਹੀ ਵਸਦੀ ਹੁੰਦੀ ਹੈ। ਜਿੰਦ ਜਾਨ ਬਣ ਕੇ ਰਹਿੰਦੀ ਹੈ ਅੰਗ ਸੰਗ ਪੈੜਾਂ ਦੇ।
ਨਾ ਤਾਂ ਉਹ ਰਾਤਾਂ 'ਚ ਸੌਣ ਦਿੰਦੀ ਹੈ। ਤੇ ਨਾ ਹੀ ਰੱਜ ਕੇ ਰੋਣ ਦਿੰਦੀ ਹੈ। ਮਿਲਦੀ ਹੈ ਤਾਂ ਬਹਾਨੇ ਗਿਣਦੀ ਸਾਹ ਨਹੀਂ ਲੈਂਦੀ। ਕੋਲ ਬਹਿੰਦੀ ਹੈ ਤਾਂ ਇਸ਼ਕ-ਏ-ਕਦ ਮਿਣਨ ਲਗਦੀ ਹੈ। ਇਕ 2 ਗੱਲ ਸਮੇਂ ਦੀਆਂ ਪਰਤਾਂ ਰਾਹਾਂ 'ਚ ਚਿਣਦੀ ਹੈ।
ਗੱਲਾਂ ਏਦਾਂ ਕਰਦੀ ਹੈ ਜਿਵੇਂ ਮਹਿਕ ਜੇਹੀ ਪੌਣ ਸੁਗੰਧੀਆਂ ਮੁਹੱਬਤ ਤੋਂ ਡਰਦੀਆਂ ਹੋਣ। ਜਿਵੇਂ ਪਹਿਲੇ ਮਿਲਣ ਦੀਆਂ ਘੜੀਆਂ ਹੋਣ। ਪਲ ਹੋਣ ਗਲੇ ਲੱਗਣ ਵਾਲੇ। ਸਾਹ ਹੋਣ ਇਕ ਦੂਸਰੇ ਦੀਆਂ ਗਲਵੱਕੜੀਆਂ 'ਚ ਸਿਮਟ ਕੇ ਲੈਣ ਵਾਲੇ। ਬੁੱਲਾਂ ਨਾਲ ਦੱਸਣ ਕਹਿਣ ਵਾਲੇ।
ਤੇ ਹਾਂ ਦਿਲ 'ਚ ਬਹੁਤ ਵਾਰ ਇਹ ਆਉਂਦਾ ਰਹਿੰਦਾ ਹੈ ਕਿ ਪੁੱਛਾਂ ਉਹਨੂੰ ਕਿ ਤੂੰ ਕਿੰਜ ਰਹਿਨੀ ਏਂ ਮੇਰੇ ਬਗੈਰ। ਕਿੰਜ ਸਾਹ ਟੁਰਦੇ ਨੇ ਮੇਰੇ ਸਾਹਾਂ ਦੀਆਂ ਧੜਕਣਾਂ ਬਿਨ। ਕਿੰਜ਼ ਤੇਰਾ ਬਿਨ ਚੰਦ ਤੋਂ ਸਰਦਾ ਹੈ।ਦਿੱਲ ਤਾਂ ਕਰਦਾ ਪੁੱਛਾਂ ਕਿ ਕੌਣ ਤੇਰੇ ਨਾਲ਼ ਗੱਲਾਂ ਕਰਦਾ ਜਦੋਂ ਮੈਂ ਨਹੀਂ ਹੁੰਦਾ। ਕੋਈ ਤਾਂ ਹੋਣਾ ਯਾਦਾਂ ਵਿਚ ਓਸ ਵੇਲੇ ਤੂੰ ਨਾ ਦੱਸਦੀ। ਪਰ ਸ਼ਰਮਾਉਂਦੀ ਮੁਸਕਰਾਉਂਦੀ। ਜੋ ਕਦੇ ਕਦੇ ਤੇਰੇ ਵਾਲਾਂ ਜੂੜੇ 'ਚ ਤਾਰੇ ਜੜਦਾ ਹੁੰਦਾ ਸੀ। ਏਡੀ ਛੇਤੀ ਨਹੀਂ ਚੇਤਿਓਂ ਮਰਦਾ ਹੁੰਦਾ ਏਡਾ ਗਹਿਰਾ ਜ਼ਖਮ। ਏਡੇ ਗਹਿਰੇ 2 ਪਹਿਲੀ ਮੁਹੱਬਤ ਵਾਲੇ ਜ਼ਖਮ ਅਜੇ ਤੱਕ ਤਾਂ ਕਿਸੇ ਸ਼ਹਿਰ ਨਗਰ ਪਿੰਡ ਕਦੇ ਨਹੀਂ ਭਰੇ ਦੇਖੇ। ਕਿਉਂਕਿ ਇਸ਼ਕ ਦੇ ਫੱਟਾਂ ਦੀਆਂ ਡੂੰਘਾਈਆਂ ਅਜੇ ਤੱਕ ਕੋਈ ਵੀ ਸਦੀ ਮਿਣ ਨਹੀਂ ਸਕੀ। ਤੇ ਨਾ ਹੀ ਅਜੇ ਤੱਕ ਕੋਈ ਅਜਿਹਾ ਪੈਮਾਨਾ ਹੀ ਬਣਿਆਂ ਹੈ ਜੋ ਇਹਦੀਆਂ ਚੀਸਾਂ ਦੀ ਥਾਹ ਪਾ ਸਕੇ।
ਇਸ਼ਕ ਬਿਮਾਰੀ ਜਿਹਨੂੰ ਵੀ ਲੱਗੀ ਉਹ ਕਦੇ ਵੀ ਕਿਸੇ ਸ਼ਹਿਰ ਹਸਪਤਾਲ ਤੋਂ ਇਸ ਦਾ ਇਲਾਜ ਨਹੀਂ ਕਰਵਾ ਸਕਿਆ। ਉਹਦਾ ਡਾਕਟਰ ਮਸ਼ੂਕ ਦੀ ਛੁਹ 'ਚ ਹੀ ਲਿਖਿਆ ਹੋਇਆ ਹੈ। ਓਹਦੇ ਮੋਹ 'ਚ ਹੀ ਉੱਕਰਿਆ ਦਿਸਦਾ ਹੈ। ਜਿਸ ਦੀਆਂ ਪੌੜੀਆਂ ਉਹਦਾ ਆਸ਼ਕ ਹਰ ਵੇਲੇ ਚੜ੍ਹਦਾ ਉੱਤਰਦਾ ਰਹਿੰਦਾ ਹੈ। ਇਹ ਇਸ਼ਕ ਕੈਂਸਰ ਕਿਸੇ ਨੂੰ ਹੋਵੇ ਨਾ, ਪਰ ਜੇ ਹੋ ਜਾਵੇ ਤਾਂ ਲੈ ਡੁੱਬਦਾ ਹੈ ਕਿਸੇ ਝਨਾਂ ਚ। ਕੱਚੇ ਪੱਕੇ ਦੀ ਇਹਨੂੰ ਪਛਾਣ ਵੀ ਨਹੀਂ ਰਹਿੰਦੀ। ਇਹ ਓਸ ਵੇਲੇ ਪਾਣੀਆਂ ਦੇ ਗੀਤ ਵੀ ਨਹੀਂ ਸੁਣਦਾ। ਪੁੱਛ ਵੀ ਨਹੀਂ ਪੁਵਾਉਂਦਾ ਕਿਸੇ ਸਿਆਣੇ ਤੋਂ।
ਦਿਲ ਕਰਦਾ ਕਿ ਪੁੱਛਾਂ ਉਹਨੂੰ ਕਿ ਹੁਣ ਦੱਸ ਕਿ ਕਿਹੜੇ ਨੋਟ ਗਿਣਾ ਲਏ ਸਨ ਕਿਸੇ ਨੇ। ਨਾ ਹੀ ਤੂੰ ਸੁੱਤੀ ਪਈ ਸੈਂ ਓਸ ਵੇਲੇ। ਕਿ ਕਿਸੇ ਨੇ ਸਰ੍ਹਾਣੇ ਨਾਲ ਲਿਆ ਕੇ ਬੰਨ੍ਹ ਦਿਤਾ ਹੋਵੇ ਕੋਈ ਗ੍ਰਹਿਣਿਆ ਹੋਇਆ ਚੰਦ।
ਰਣਜੀਤ ਜੇ ਆਉਣਾ ਹੋਇਆ ਤਾਂ ਅੱਧੀ ਬਣ ਕੇ ਨਾ ਆਇਆ ਕਰ। ਅੱਧੀ ਗੱਲਬਾਤ ਅੱਧੀ ਮੁਹੱਬਤ ਅੱਧਾ ਗਲ ਲੱਗਣਾ ਪਿਆਰ ਨਹੀਂ ਹੁੰਦਾ। ਇਸ਼ਕ ਨਹੀਂ ਹੁੰਦਾ ਉਹ ਜੋ ਸਟੇਸ਼ਨ ਜਾਂ ਗੱਡੀ 'ਚ ਸਫਰ ਕੀਤਿਆਂ ਕਿਤੇ ਟੱਕਰ ਜਾਵੇ। ਉਹ ਮੁਹੱਬਤ ਦਾ ਪਰਛਾਵਾਂ ਨਹੀਂ ਹੁੰਦਾ ਜੋ ਕਿਸੇ ਇਸ਼ਕ ਦੇ ਤੀਰਥ ਤੇ ਜਾਂਦਿਆ ਗਲੇ ਲੱਗ ਜਾਵੇ ਪਲ ਭਰ ਰੋਣ ਲਈ । ਉਹਨਾਂ ਹਿੱਚਕੀਆਂ 'ਚ ਪਿਆਰ ਦੇ ਹਾਉਕੇ ਨਹੀਂ ਹੁੰਦੇ ਜੋ ਗਲੇ 'ਚ ਸੁੱਕੀ ਤਾਰਿਆਂ ਦੀ ਗਰਾਹੀ ਨਾਲ ਆਣ ਉੱਤਰਦੇ ਹਨ। ਉਹਨਾਂ ਗਲੀਆਂ ਚੋਂ ਕਦੇ ਮਸ਼ੂਕ ਨਹੀਂ ਲੱਭਦੀ ਜਿਥੇ ਕਦੇ ਕੋਈ ਕੁਆਰੀ ਨਾ ਮਰੀ ਹੋਵੇ ਇਸ਼ਕ ਚ। ਕੀ ਭਾਲੇਂਗਾ ਮੁਹੱਬਤ ਨੂੰ ਜੇ ਝਨਾਂ ਵੀ ਨਹੀਂ ਤਰ ਸਕਦਾ ਤੂੰ।
ਇਸ਼ਕ ਹੁੰਦਾ ਹੈ ਜੋ ਰਾਤਾਂ ਦੇ ਹਨੇਰੇ ਵੀ ਨਹੀਂ ਦੇਖਦਾ। ਨਹੀ ਮਿਣਦਾ ਝਨਾਂ ਦੀਆਂ ਗਹਿਰਾਈਆਂ ਕਦੇ। ਉਹ ਮੁਹੱਬਤ ਹੀ ਕੀ ਜੋ ਘਰੋਂ ਡਰਦੀ 2 ਨਿੱਕਲੇ। ਕੰਧਾਂ ਦੀ ਉਚਾਈ ਦੇਖੇ ਮਿਣੇ। ਇਸ਼ਕ ਦੀ ਦੂਰੀ ਮਿਣ ਕੇ ਪੱਬ ਰੱਖੇ। ਪਿਆਰ ਦੇ ਟੋਏ ਟਿੱਬੇ ਪੁਣੇ।
ਉਹ ਨਜ਼ਰਾਂ ਹੀ ਕਾਹਦੀਆਂ ਜੋ ਸੀਨੇ ਦੇ ਪਾਰ ਨਾ ਹੋਣ। ਉਹ ਹੁਸਨ ਹੀ ਕੀ ਜੋ ਗਸ਼ ਨਾ ਪਾ ਦੇਵੇ ਮੂਰਸ਼ਤ ਨਾ ਕਰੇ। ਵਾਰ ਲਈ ਉਠਾਈ ਤਲਵਾਰ ਨਾ ਸੁੱਟਾ ਦੇਵੇ। ਡਿੱਗ ਨਾ ਪਵੇ ਗਲਵੱਕੜੀ ਪਹਿਨ ਕੇ।
ਜਿ਼ੰਦਗੀ ਨੂੰ ਦੂਜਾ ਨਾਂ ਮੁਹੱਬਤ ਨੇ ਹੀ ਦਿੱਤਾ ਸੀ। ਪਿਆਰ ਦਾ ਗੀਤ ਕਿਸੇ 2 ਨੂੰ ਹੀ ਗਾਉਣਾ ਆਉਂਦਾ ਹੈ। ਇਸ ਦੀ ਤਰਜ਼ ਸੰਗੀਤਮਈ ਬਣਾਉਣ 'ਚ ਸਦੀਆਂ ਟੁਰ ਜਾਂਦੀਆਂ ਹਨ। ਇਸ ਦੀ ਖੁਸ਼ਬੂ ਸਰਹੱਦਾਂ ਵੀ ਨਹੀਂ ਰੋਕ ਸਕੀਆਂ। ਇਹ ਹਾਉਕਿਆ ਦੀ ਜੂਨ ਭੋਗਦਾ ਹੈ। ਠੁਰ ਠੁਰ ਕਰਦਾ ਹੈ ਵਿਛੋੜਿਆਂ ਦੀਆਂ ਦਰਦਾਂ ਚ।
ਪਿਆਰ ਨੂੰ ਤੋਲਣ ਲਈ ਤਰਾਜੂ ਨਹੀਂ ਬਣਿਆ ਅਜੇ ਤੱਕ। ਆਸ਼ਕ ਹੀ ਨੇ ਕਲਾਕਾਰ ਇਸ਼ਕ ਦੇ। ਪਿਆਰ ਦੁਨੀਆਂ ਦੀ ਸੱਭ ਤੋਂ ਉੱਚੀ ਸੁੱਚੀ ਮੰਜਿ਼ਲ ਬਣੀ ਸੀ। ਵੱਡਾ ਖਜ਼ਾਨਾ ਲੁੱਟਣ ਖੋਹਣ ਵਾਲਾ।
ਅੱਧਖਿੜੇ ਫੁੱਲ ਤੇ ਬੁੱਲ ਕਿਸੇ ਨੂੰ ਨਹੀਂ ਮੋਂਹਦੇ ਹੁੰਦੇ। ਬਹਾਰ ਬਣ ਕੇ ਕੋਈ ਆਵੇ ਤਾਂ ਦੁਨੀਆਂ ਦੇ ਬੰਦ ਜਿੰਦਰਾ ਲੱਗੇ ਬੂਹੇ ਵੀ ਖੁੱਲ ਜਾਂਦੇ ਹਨ। ਪੌਣਾਂ ਵਿਛ ਜਾਂਦੀਆਂ ਨੇ ਰਾਹਾਂ ਗਲੀਆਂ ਚ। ਫੁੱਲ ਖਿੜ ਜਾਂਦੇ ਨੇ ਡਾਲੀਆਂ ਤੇ। ਸੂਰਜ ਪਹਿਲਾਂ ਰੁਸ਼ਨਾਉਂਦਾ ਹੈ ਇਸ਼ਕ ਭਿੱਜੇ ਰਾਹ ਚੁਰਾਹੇ। ਕਲੀਆਂ ਮਹਿਕਾਂ ਵੰਡਣ ਉਹਨਾਂ ਦਰਾਂ ਤੇ ਹੀ ਆਉਂਦੀਆਂ ਹਨ ਜਿੱਥੇ ਕਿਤੇ ਪਹਿਲਾਂ ਮੁਹੱਬਤ ਨੇ ਜਨਮ ਲਿਆ ਹੋਵੇ। ਅੱਖ ਖੋਲੀ ਹੋਵੇ ਇਸ਼ਕ ਦੀਆਂ ਕਰੂੰਬਲਾਂ ਨੇ।
ਜਦ ਕਿਤੇ ਓਹ ਵੇਲਾ ਯਾਦ ਕਰਦਿਆਂ 2 ਆ ਜਾਵੇ ਛਾਤੀ ਦੀ ਦਹਿਲੀਜ਼ ਤੇ ਤਾਂ ਉਂਗਲੀ 'ਚ ਚੁੱਭ ਜਾਂਦੀ ਹੈ ਓਸ ਪਹਿਲੀ ਮਿਲਣ ਦੇ ਸਮੇਂ ਦੀ ਸੂਈ। ਤਰੇੜ ਪੈ ਜਾਂਦੀ ਹੈ ਨੀਂਦਾਂ ਚ। ਇਸ਼ਕ ਬਿਨਾਂ ਟੁਣਕਾਏ ਘੜੇ ਲੈ ਠੱਲ੍ਹ ਪੈਂਦਾ ਹੈ ਸਮੁੰਦਰਾਂ ਦਰਿਆਵਾਂ ਵਿਚ। ਓਦੋਂ ਚੱਲਦਿਆਂ ਬੈਠਦਿਆਂ ਠੇਡੇ ਲੱਗਦੇ ਨੇ ਉਹਨਾਂ ਵੇਲਿਆਂ ਦੇ ਜੋ ਪਾਰਕਾਂ ਕੰਟੀਨਾਂ ਜਾਂ ਬਾਗਾਂ ਨਦੀਆਂ ਦੇ ਕੰਢਿਆਂ ਤੇ ਗੁਜ਼ਾਰੇ ਹੋਣ। ਘਾਹ ਵਿਚਾਰੇ ਦੀਆਂ ਤਰਿੜਾਂ ਤੋੜ 2 ਬਲੀਦਾਨੀਆਂ ਦਿਤੀਆਂ ਹੋਣ। ਕੱਟੇ ਹੋਣ ਜੁ਼ਦਾਈ ਦੀਆਂ ਧੁੱਪਾਂ 'ਚ ਪਿਆਸੇ ਪਲ। ਰੰਗਾਈਆਂ ਹੋਣ ਪੱਗ ਨਾਲ ਦੀਆਂ ਗੂੜ੍ਹੇ ਰੰਗ 'ਚ ਰੰਗੀਆਂ ਚੁੰਨੀਆਂ। ਸਹਾਰੇ ਭਾਲੇ ਹੋਣ ਕਿਸੇ ਆਪਣੇ ਦੀਆਂ ਬਾਹਵਾਂ ਦੇ। ਚੰਨ ਤੱਕੇ ਹੋਣ ਰਾਂਝਣ ਵਰਗੇ ਰਾਹਾਂ ਤਬੇਲਿਆਂ ਚਰਾਗਾਹਾਂ ਵਿਚ। ਇਸ਼ਕ ਸੁਆਇਆ ਹੋਵੇ ਜੇ ਕਿਤੇ ਨਿੱਘੀ ਬਲਦੀ ਗੋਦ ਵਿਚ।
ਕਦੇ ਨਹੀਂ ਪਰਤਦੇ ਉਹ ਸਮੇਂ ਜਦ ਇਕ ਦੂਸਰੇ ਦੀਆਂ ਸੱਜਰੀਆਂ ਪੈੜਾਂ ਦੀ ਧੂੜ ਇਸ਼ਕ ਨੂੰ ਛੁਹਾ 2 ਕੇ ਨਰਮ 2 ਹਿੱਕਾਂ ਤੇ ਨਾ ਮਲੀ ਹੋਵੇ। ਚੁੱਕ ਚੁੱਕ ਲਾਏ ਹੋਣ ਇਕ ਦੂਸਰੇ ਦੀ ਛੁਹ ਦੇ ਫੁੱਲ ਅੱਖਾਂ ਬੁੱਲ੍ਹਾਂ ਨੂੰ। ਕਿਤਾਬਾਂ 'ਚ ਆਖਰੀ ਸਾਹ ਲੈਂਦੇ ਹੋਣ।
ਤੇ ਤੂੰ ਕਹਿੰਦੀ ਹੁੰਦੀ ਸੀ ਕਿ ਤੂੰ ਪਤਾ ਨਹੀਂ ਕਿਹੜੇ ਪੀਰ ਦੇ ਤਵੀਤ ਘੋਲ ਕੇ ਮੈਨੂੰ ਪਿਆਏ ਹੋਏ ਆ ਕਿ ਮੇਰਾ ਹਰ ਵੇਲੇ ਤੇਰੇ ਹੀ ਅੱਗੇ ਪਿੱਛੇ ਫਿਰਨ ਨੂੰ ਜੀਅ ਕਾਹਲਾ ਪਿਆ ਰਹਿੰਦਾ ਹੈ। ਜੀਅ ਕਰਦਾ ਰਹਿੰਦਾ ਹੈ ਕਿ ਇਹ ਤੇਰੀ ਸਾਰੀ ਜ਼ੰਨਤ ਮੇਰੇ ਨਾਂ ਲੱਗ ਜਾਵੇ। ਤੂੰ ਮੇਰਾ ਰੋਮ 2 ਹੋ ਜਾਵੇਂ।
ਤੇ ਹਾਂ ਇਕ ਵਾਰ ਤੈਂ ਇਹ ਵੀ ਕਿਹਾ ਸੀ ਕਿ ਮੁਹੱਬਤ ਕਹਿੰਦੀ ਹੈ। ਜੇ ਯਾਰ ਦੀ ਬੁੱਕਲ 'ਚ ਮਰੀਏ ਤਾਂ ਮਰ ਕੇ ਸੁਰਗਾਂ ਨੂੰ ਜਾਈਦਾ।
ਲੋਕ ਸਮਾਧਾਂ ਬਣਾ 2 ਕੇ ਚਿਰਾਗ਼ ਜਗਾਉਣ ਲੱਗ ਜਾਂਦੇ ਨੇ ਇਸ਼ਕ ਦੇ। ਆਪਣੇ ਰੱਤ ਦੇ ਤੇਲ ਪਾ ਕੇ। ਤੇ ਉਹ ਦੀਵੇ ਹਨੇਰੀਆਂ 'ਚ ਵੀ ਨਹੀਂ ਕਦੇ ਬੁੱਝਦੇ। ਕਿਉਂਕਿ ਇਹੀ ਦੀਵੇ ਨੇ ਸੂਰਜ ਸ਼ਕਤੀਆਂ ਵਾਲੇ ਜੋ ਕੋਈ ਵੀ ਦੁਨੀਆਂ ਤੇ ਬਲਦੇ ਨਹੀਂ ਬੁਝਾ ਸਕਿਆ।
ਜਿਹਨਾਂ ਵੀ ਚਿਰਾਗ਼ਾਂ ਵਿਚ ਸੱਚੀ ਮੁਹੱਬਤ ਬਲੀ ਹੈ ਉਹਨਾਂ 'ਚ ਆਸ਼ਕਸ਼ਕਤੀ ਊਰਜਾ ਆਣ ਕਿਰਦੀ ਹੈ ਜ਼ਹਾਨ ਦੀਆਂ ਪਿਆਰ ਦੀਆਂ ਗਲੀਆਂ ਚੋਂ। ਤੇ ਜਿਥੇ ਇਸ਼ਕ ਮਰਦਾ ਹੈ ਓਥੇ ਹੀ ਆਸ ਪਾਸ ਦੇ ਪਿੰਡਾਂ ਕਸਬਿਆਂ 'ਚ ਕਈ ਮੁਹੱਬਤ ਦੀਆਂ ਕਚਨਾਰਾਂ ਅਮਲਤਾਸਾਂ ਤੇ ਨੀਲੀਆਂ ਗਲਮੋਹਰਾਂ ਖਿੜ ਪੈਂਦੀਆਂ ਹਨ ਹਰ ਰੋਜ਼। ਉਹਨਾਂ ਦਰਗਾਹਾਂ ਤੇ ਦੂਰੋਂ 2 ਆਉਂਦੇ ਨੇ ਆਸ਼ਕ ਇਸ਼ਕ ਦੀਆਂ ਚਾਦਰਾਂ ਤੇ ਸ਼ਾਲ ਚੜ੍ਹਾਉਣ।
ਏਹੀ ਵਿਸ਼ਵਾਸ ਹੈ ਇਸ ਜ਼ਹਾਨ ਦਾ। ਹਰ ਜ਼ਿੰਦਗੀ ਦੇ ਮੁਕਾਮ ਦਾ। ਹਰੇਕ ਇਸ਼ਕ ਪੈਗਾਮ ਦਾ।