The Bastard (Russian Story in Punjabi) : Mikhail Sholokhov
ਹਰਾਮੀ (ਰੂਸੀ ਕਹਾਣੀ) : ਮਿਖ਼ਾਈਲ ਸ਼ੋਲੋਖ਼ੋਵ
ਮੀਸ਼ਾ ਨੂੰ ਸੁਪਨਾ ਆਇਆ ਕਿ ਦਾਦਾ ਉਹਦੇ ਵੱਲ ਆ ਰਿਹਾ ਸੀ, ਗੁੱਸੇ ਨਾਲ ਸ਼ਾਹਦਾਣੇ ਦੀ ਇੱਕ ਛਮਕ ਲਹਿਰਾਉਂਦਾ, ਜਿਹੜੀ ਉਹਨੇ ਬਾਗ ਵਿੱਚੋਂ ਕੱਟੀ ਸੀ।
“ਚੱਲ, ਚੱਲ, ਮਿਖਾਈਲੋ ਫੋਮਿਚ,” ਦਾਦੇ ਨੇ ਕਰੜਾਈ ਨਾਲ ਕਿਹਾ।“ਤੈਨੂੰ ਤਕੜੀ ਮਾਰ ਪੈਣ ਦੀ ਲੋੜ ਏ।”
“ਕਾਹਦੇ ਲਈ, ਦਾਦਾ ?
"ਚੱਕਰ-ਚੂੰਢੇ ਦੇ ਝੂਟਿਆਂ ਲਈ ਬੋਦੀ ਵਾਲੀ ਮੁਰਗੀ ਦੇ ਆਲ੍ਹਣੇ ਵਿੱਚੋਂ ਸਾਰੇ ਅੰਡੇ ਚੁਰਾਉਣ ਲਈ।”
“ਪਰ ਦਾਦਾ,” ਮੀਸ਼ਾ ਨੇ ਜ਼ੋਰਦਾਰ ਨਿਰਾਸ਼ਾ ਨਾਲ ਰੋਸ ਪ੍ਰਗਟ ਕੀਤਾ, “ਮੈਂ ਤਾਂ ਸਾਰਾ ਹੁਨਾਲ ਚੱਕਰ-ਚੂੰਢੇ ਦੇ ਨੇੜੇ ਵੀ ਨਹੀਂ ਗਿਆ।
ਪਰ ਦਾਦੇ ਨੇ ਬਸ ਆਪਣੀ ਦਾੜ੍ਹੀ ਪਲੋਸੀ ਅਤੇ ਪੈਰ ਪਟਕਿਆ ਅਤੇ ਕਿਹਾ :
“ਚੱਲ ਬਦਮਾਸ਼। ਲਾਹ ਆਪਣੀ ਪਤਲੂਨ।”
ਮੀਸ਼ਾ ਸੁੱਤਾ-ਸੁੱਤਾ ਰੋਣ ਲੱਗ ਪਿਆ ਅਤੇ ਇਸੇ ਨਾਲ ਉਹਦੀ ਨੀਂਦ ਖੁੱਲ੍ਹ ਗਈ। ਉਹਦਾ ਦਿਲ ਇਉਂ ਧੜਕ ਰਿਹਾ ਸੀ ਜਿਵੇਂ ਉਹਨੂੰ ਸੱਚਮੁੱਚ ਛਮਕਾਂ ਵੱਜੀਆਂ ਹੋਣ। ਉਹਨੇ ਖੱਬੀ ਅੱਖ ਬੱਸ ਇੰਨੀ ਕੁ ਖੋਹਲੀ ਕਿ ਆਪਣੇ ਆਲੇ-ਦੁਆਲੇ ਝਾਕ ਸਕੇ। ਬਾਰੀ ਤੋਂ ਬਾਹਰ ਪਹੁ ਫੁਟਾਲੇ ਦੀ ਨਿੱਘੀ ਲੋਅ ਖਿੱਲਰ ਰਹੀ ਸੀ। ਬਾਹਰ ਲਾਂਘੇ ਵਿੱਚ ਅਵਾਜ਼ਾਂ ਸੁਣਾਈ ਦੇ ਰਹੀਆਂ ਸਨ। ਮੀਸ਼ਾ ਨੇ ਆਪਣਾ ਸਿਰ ਚੁੱਕਿਆ। ਉਹ ਆਪਣੀ ਮਾਂ ਦੀ ਅਵਾਜ਼ ਸੁਣ ਸਕਦਾ ਸੀ, ਚੀਕਵੀਂ, ਉਤੇਜਿਤ ਅਤੇ ਹਾਸੇ ਕਾਰਨ ਅੱਧੀ ਘੁੱਟੀ ਹੋਈ ਅਤੇ ਦਾਦਾ ਖੰਘੀ ਜਾ ਰਿਹਾ ਸੀ।ਉਥੇ ਕੋਈ ਹੋਰ ਵੀ ਸੀ, ਕੋਈ ਬੰਦਾ ਜਿਸਦੀ ਅਵਾਜ਼ ਗੂੰਜਦੀ ਸੀ।
ਮੀਸ਼ਾ ਨੇ ਅੱਖਾਂ ਮਲ੍ਹ ਕੇ ਨੀਂਦ ਦੂਰ ਕੀਤੀ। ਬਾਹਰਲਾ ਦਰਵਾਜ਼ਾ ਖੁੱਲ੍ਹਿਆ ਅਤੇ ਬੰਦ ਹੋਇਆ। ਦਾਦਾ ਦੁੜਕੀ ਚਾਲ ਤੁਰਦਾ ਅੰਦਰ ਆਇਆ, ਉਹਦੀ ਐਨਕ ਭੁੜਕ ਰਹੀ ਸੀ। ਇੱਕ ਛਿਣ ਲਈ ਮੀਸ਼ਾ ਨੇ ਸੋਚਿਆ ਕਿ ਰਾਗੀਆਂ ਦੇ ਨਾਲ ਪਾਦਰੀ ਆਏ ਹੋਣੇ ਨੇ ਕਿਉਂਕਿ ਜਦੋਂ ਈਸਟਰ ਦੇ ਸਮੇਂ ਉਹ ਆਏ ਸਨ ਤਾਂ ਦਾਦੇ ਨੇ ਇਸੇ ਤਰਾਂ ਨੱਠ ਭੱਜ ਕੀਤੀ ਸੀ। ਪਰ ਦਾਦੇ ਦੇ ਪਿੱਛੇ ਪਿੱਛੇ ਧਕਦਾ ਹੋਇਆ ਪਾਦਰੀ ਕਮਰੇ ਵਿੱਚ ਨਹੀਂ ਸੀ ਆਇਆ। ਇਹ ਤਾਂ ਕੋਈ ਓਪਰਾ ਬੰਦਾ ਸੀ, ਇੱਕ ਬਹੁਤ ਵੱਡਾ ਫ਼ੌਜੀ ਜਿਸਨੇ ਕਾਲਾ ਵੱਡਾ ਕੋਟ ਪਹਿਨਿਆ ਹੋਇਆ ਸੀ ਅਤੇ ਇੱਕ ਫ਼ੀਤੇ ਵਾਲੀ ਟੋਪੀ ਪਹਿਨੀ ਹੋਈ ਸੀ, ਜਿਸਦਾ ਛੱਜਾ ਨਹੀਂ ਸੀ ਅਤੇ ਮਾਂ, ਜਿਸਦੀਆਂ ਬਾਹਾਂ ਉਹਦੇ ਗਲੇ ਦੁਆਲੇ ਸਨ, ਖ਼ੁਸ਼ੀ ਨਾਲ ਕੂਕਾਂ ਮਾਰ ਰਹੀ ਸੀ।
ਮਰਦ ਨੇ ਮਾਂ ਨੂੰ ਇੱਕ ਪਾਸੇ ਕਰ ਦਿੱਤਾ ਅਤੇ ਉੱਚੀ ਅਵਾਜ਼ ਵਿੱਚ ਬੋਲਿਆ।
“ਮੇਰੀ ਔਲਾਦ ਕਿੱਥੇ ਏ ? ”
ਮੀਸ਼ਾ ਡਰ ਗਿਆ ਅਤੇ ਕੰਬਲ ਹੇਠ ਲੁਕ ਗਿਆ।
“ਮੀਨੂਸ਼ਕਾ, ” ਉਹਦੀ ਮਾਂ ਨੇ ਅਵਾਜ਼ ਦਿੱਤੀ, “ਜਾਗ ਪੁੱਤਰ। ਤੇਰਾ ਅੱਬਾ ਆਇਐ। ਲਾਮ ਤੋਂ ਮੁੜ ਆਇਐ।”
ਅਤੇ ਮੀਸ਼ਾ ਨੂੰ ਪਤਾ ਵੀ ਨਾ ਲੱਗਾ ਕਦੋਂ ਫ਼ੌਜੀ ਨੇ ਉਹਨੂੰ ਬਿਸਤਰੇ ਵਿੱਚੋਂ ਧੂਹ ਲਿਆ ਅਤੇ ਛੱਤ ਤੱਕ ਉਛਾਲਿਆ ਅਤੇ ਉਹਨੂੰ ਮੁੜ ਫੜ ਲਿਆ ਅਤੇ ਆਪਣੀ ਚੁਭਵੀਂ ਲਾਲ ਮੁੱਛ ਮੀਸ਼ਾ ਦੇ ਹੋਠਾਂ ਅਤੇ ਗੱਲ੍ਹਾਂ ਅਤੇ ਅੱਖਾਂ ਵਿੱਚ ਘੁਸੇੜੀ ਗਿਆ। ਉਹ ਗਿੱਲੀ ਵੀ ਸੀ, ਉਹ ਮੁੱਛ ਅਤੇ ਉਹਦੇ ਵਿੱਚ ਖਾਰਾ ਸਵਾਦ ਸੀ। ਮੀਸ਼ਾ ਨੇ ਪਾਸੇ ਮਾਰ ਕੇ ਛੁਟਣ ਦਾ ਯਤਨ ਕੀਤਾ ਪਰ ਗੱਲ ਨਾ ਬਣੀ।
“ਮੈਂ ਕਿੰਨਾ ਸੁਹਣਾ ਬਾਲਸ਼ਵਿਕ ਬਣਾਇਐ," ਅੱਬਾ ਗਰਜਿਆ।“ਮੁੰਡਾ ਤਾਂ ਛੇਤੀ ਹੀ ਆਪਣੇ ਅੱਬਾ ਤੋਂ ਵੱਡਾ ਹੋ ਜਾਵੇਗਾ ! ਹਾ, ਹਾ!”
ਉਹ ਮੀਸ਼ਾ ਨਾਲ ਖੇਡਣਾ ਬਸ ਹੀ ਨਹੀਂ ਸੀ ਕਰਦਾ। ਇੱਕ ਛਿਣ ਉਹ ਉਹਨੂੰ ਆਪਣੀ ਤਲੀ ਉੱਤੇ ਬਿਠਾ ਲੈਂਦਾ ਅਤੇ ਉਹਨੂੰ ਕਿਸੇ ਬਾਲ ਵਾਂਗ ਘੁਮਾਉਂਦਾ, ਅੱਗਲੇ ਛਿਣ ਉਹ ਉਹਨੂੰ ਛੱਤ ਦੀਆਂ ਕੜੀਆਂ ਤੱਕ ਉੱਪਰ ਉਛਾਲਦਾ।
ਮੀਸ਼ਾ ਨੇ ਜਿੰਨਾਂ ਸਮਾਂ ਹੋ ਸਕਿਆ ਇਹ ਸਹਾਰਿਆ। ਪਰ ਅਖ਼ੀਰ ਉਹਨੇ ਕਰੜਾ ਮੂੰਹ ਬਣਾਇਆ, ਆਪਣੇ ਭਰਵੱਟੇ ਸੁਕੇੜੇ ਜਿਵੇਂ ਦਾਦਾ ਕਰਦਾ ਹੁੰਦਾ ਸੀ ਅਤੇ ਆਪਣੇ ਪਿਉ ਦੀਆਂ ਮੁੱਛਾਂ ਦੁਹਾਂ ਹੱਥਾਂ ਨਾਲ ਫੜ ਲਈਆਂ।
“ਅੱਬਾ, ਮੈਨੂੰ ਛੱਡ ਦੇ ।”
“ਓਹ ਨਹੀਂ, ਮੈਂ ਨਹੀਂ ਛੱਡਣਾ।”
“ਮੈਨੂੰ ਛੱਡ ਦੇ। ਮੈਂ ਬਾਲ ਨਹੀਂ, ਜਿਸ ਨਾਲ ਤੂੰ ਖੇਡਦਾ ਰਹੇਂ।”
ਅੱਬਾ ਬਹਿ ਗਿਆ ਅਤੇ ਮੀਸ਼ਾ ਨੂੰ ਆਪਣੇ ਗੋਡੇ ਉੱਤੇ ਬਿਠਾ ਲਿਆ।
“ਤੇਰੀ ਉਮਰ ਕਿੰਨੀ ਏ, ਵੱਡੇ ਮੁੰਡੇ ? '' ਉਹਨੇ ਮੁਸਕਰਾਉਂਦੇ ਹੋਏ ਪੁੱਛਿਆ।
“ਅੱਠਾਂ ਦਾ ਹੋ ਚੱਲਿਆਂ,” ਮੀਸ਼ਾ ਨੇ ਰੁੱਸੇ ਢੰਗ ਨਾਲ ਜਵਾਬ ਦਿੱਤਾ।
“ਸੋ ਤੇ ਪੁੱਤਰ, ਤੈਨੂੰ ਉਹ ਦੁਖ਼ਾਨੀ ਜਹਾਜ਼ ਯਾਦ ਨੇ ਜਿਹੜੇ ਪਰਾਰ ਮੈਂ ਤੇਰੇ ਲਈ ਬਣਾਏ ਸਨ ? ਤੇ ਅਸਾਂ ਕਿਵੇਂ ਉਹ ਛੱਪੜ ਵਿੱਚ ਤਾਰੇ ਸਨ ?"
“ਮੈਨੂੰ ਯਾਦ ਏ,” ਮੀਸ਼ਾ ਕੂਕਿਆ ਅਤੇ ਉਹਦੀਆਂ ਬਾਹਾਂ ਸੰਗਦੀਆਂ ਸੰਗਦੀਆਂ ਆਪਣੇ ਅੱਬਾ ਦੇ ਗਲੇ ਦੁਆਲੇ ਚਲੀਆਂ ਗਈਆਂ।
ਅਤੇ ਫਿਰ ਮੌਜ ਮੇਲਾ ਸ਼ੁਰੂ ਹੋਇਆ। ਮੀਸ਼ਾ ਉਹਦੇ ਕੰਧਾੜੇ ਚੜ੍ਹਿਆ ਸੀ ਅਤੇ ਅੱਬਾ ਕਮਰੇ ਵਿੱਚ ਇਧਰ-ਉਧਰ ਨੱਚ ਰਿਹਾ ਸੀ, ਅਚਾਨਕ ਪੜਛੰਡਾ ਮਾਰਦਾ ਅਤੇ ਅਸਲੀ ਘੋੜੇ ਵਾਂਗ ਹਿਣਕਦਾ। ਮੀਸ਼ਾ ਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ, ਇਹ ਸਭ ਕੁੱਝ ਬੜਾ ਉਤੇਜਤ ਕਰਨ ਵਾਲਾ ਸੀ। ਬਸ ਮਾਂ ਹੀ ਅੱਬਾ ਦੀ ਆਸਤੀਨ ਖਿੱਚੀ ਜਾਂਦੀ।
“ਮੀਸ਼ਾ!” ਉਹ ਕੂਕੀ।“ਜਾਹ ਵਿਹੜੇ ਵਿੱਚ ਖੇਡ। ਨੱਠ ਜਾ, ਮੈਂ ਕਿਹੈ, ਨਿੱਕੇ ਬਦਮਾਸ਼।” ਉਹ ਅੱਬਾ ਦੇ ਵੀ ਪਿੱਛੇ ਪੈ ਗਈ।“ ਮੁੰਡੇ ਨੂੰ ਹੇਠਾਂ ਲਾਹ ਫ਼ੋਮਾ। ਲਾਹ ਵੀ ਸੂ। ਮੇਰੀ ਜਾਨ ਮੈਨੂੰ ਅੱਖਾਂ ਭਰ ਕੇ ਵੇਖ ਤਾਂ ਲੈਣ ਦੇ ! ਪੂਰੇ ਦੋ ਵਰ੍ਹੇ ਅਸੀਂ ਵਿਛੜੇ ਰਹੇ ਆਂ ਤੇ ਤੂੰ ਮੁੰਡੇ ਨਾਲ ਖੇਡਣ ਵਿੱਚ ਰੁਝ ਗਿਐਂ।” ਅੱਬਾ ਨੇ ਮੀਸ਼ਾ ਨੂੰ ਹੇਠਾਂ ਲਾਹ ਦਿੱਤਾ।
“ਜਾਹ ਥੋੜ੍ਹੀ ਦੇਰ ਮੁੰਡਿਆਂ ਨਾਲ ਖੇਡ,” ਉਹਨੇ ਕਿਹਾ, “ਪਿੱਛੋਂ ਮੈਂ ਤੈਨੂੰ ਵਿਖਾਵਾਂਗਾ ਮੈਂ ਤੇਰੇ ਵਾਸਤੇ ਕੀ ਲਿਆਇਆਂ।”
ਆਪਣੇ ਪਿੱਛੇ ਬੂਹਾ ਬੰਦ ਕਰਨ ਪਿੱਛੇ ਮੀਸ਼ਾ ਦਾ ਪਹਿਲਾ ਫੁਰਨਾ ਇਹ ਸੀ ਕਿ ਉਹ ਉੱਥੇ ਲਾਂਘੇ ਵਿੱਚ ਹੀ ਰਹੇ ਅਤੇ ਵੱਡਿਆਂ ਦੀਆਂ ਗੱਲਾਂ ਸੁਣੇ। ਪਰ ਫਿਰ ਉਹਨੂੰ ਅਹੁੜਿਆ ਕਿ ਪਿੰਡ ਦੇ ਮੁੰਡਿਆਂ ਵਿੱਚੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਉਹਦਾ ਅੱਬਾ ਮੁੜ ਆਇਐ। ਉਹ ਟੁਰ ਪਿਆ, ਵਿਹੜੇ ਤੋਂ ਪਾਰ, ਸਬਜ਼ੀਆਂ ਦੀ ਪੈਲੀ ਵਿੱਚੋਂ, ਆਲੂਆਂ ਦੇ ਬੂਟਿਆਂ ਨੂੰ ਮਧੋਲਦਾ ਅਤੇ ਹੇਠਾਂ ਛੱਪੜ ਦੇ ਕੋਲ।
ਉਹ ਬੋ ਮਾਰਦੇ, ਸੜੇ ਹੋਏ ਪਾਣੀ ਵਿੱਚ ਕੁੱਝ ਦੇਰ ਥਪ-ਥਪ ਕਰਦਾ ਰਿਹਾ, ਫਿਰ ਉਹ ਰੇਤ ਵਿੱਚ ਲੇਟਦਾ ਰਿਹਾ, ਇੱਥੋਂ ਤੱਕ ਕਿ ਉਹ ਉਕਾ ਹੀ ਇਹਦੇ ਨਾਲ ਕੱਜਿਆ ਗਿਆ ਅਤੇ ਛੱਪੜ ਵਿੱਚ ਇੱਕ ਅਖ਼ੀਰੀ ਚੁੱਭੀ ਲਾਈ। ਪਹਿਲਾਂ ਇੱਕ ਪੈਰ ਭਾਰ ਅਤੇ ਫਿਰ ਦੂਜੇ ਭਾਰ ਹੋਕੇ ਉਹਨੇ ਆਪਣੀ ਪਤਲੂਨ ਪਹਿਨੀ।ਜਦੋਂ ਉਹ ਘਰ ਜਾਣ ਦੀ ਸੋਚ ਰਿਹਾ ਸੀ ਤਾਂ ਵਿਤੀਆ ਆ ਨਿਕਲਿਆ— ਪਾਦਰੀ ਦਾ ਪੁੱਤਰ।
“ਠਹਿਰ ਜਾ, ਮੀਸ਼ਾ। ਆ ਅਸੀਂ ਇੱਕ ਚੁੱਭੀ ਲਾਈਏ ਫਿਰ ਤੂੰ ਮੇਰੇ ਘਰ ਖੇਡਣ ਚੱਲੀਂ। ਅੰਮਾਂ ਕਹਿੰਦੀ ਏ ਤੂੰ ਆ ਸਕਦੈਂ।”
ਆਪਣੇ ਖੱਬੇ ਹੱਥ ਨਾਲ ਮੀਸ਼ਾ ਨੇ ਆਪਣੀ ਪਤਲੂਨ ਉੱਪਰ ਕੀਤੀ ਅਤੇ ਆਪਣੇ ਗੈਲਸ ਦੀ ਇੱਕੋ ਇੱਕ ਬਾਕੀ ਰਹਿ ਗਈ ਵੱਧਰੀ ਆਪਣੇ ਮੋਢੇ ਉੱਤੇ ਠੀਕ ਕੀਤੀ।
“ਇਹ ਤਾਂ ਹੰਜੀਰਾਂ ਨੇ," ਵਿਤੀਆ ਨੇ ਆਪਣੀ ਉਣੀ ਹੋਈ ਕਮੀਜ਼ ਆਪਣੇ ਪਤਲੇ ਮੋਢਿਆਂ ਉੱਤੋਂ ਦੀ ਖਿਚਦੇ ਹੋਏ ਕਿਹਾ। ਖੋਰੀ ਢੰਗ ਨਾਲ ਇੱਕ ਅੱਖ ਸੁੰਗੇੜ ਕੇ ਉਹਨੇ ਗੱਲ ਜਾਰੀ ਰੱਖੀ, “ਤੇ ਤੂੰ ਕੋਈ ਕੋਸਕ ਨਹੀਂ। ਤੇਰੀ ਮਾਂ ਨੇ ਤੈਨੂੰ ਨਾਲੀ ਵਿੱਚ ਜੰਮਿਆਂ ਸੀ।
“ਤੈਨੂੰ ਇਹਨਾਂ ਗੱਲਾਂ ਦਾ ਬੜਾ ਪਤੈ!”
“ਸਾਡੀ ਮਹਿਰੀ ਮੇਰੀ ਮਾਂ ਨੂੰ ਦੱਸ ਰਹੀ ਸੀ ਤੇ ਮੈਂ ਆਪ ਸੁਣਿਐ।”
ਮੀਸ਼ਾ ਨੇ ਪੈਰ ਦੇ ਅੰਗੂਠੇ ਨਾਲ ਰੇਤ ਠਕੋਰੀ।
“ਤੇਰੀ ਮਾਂ ਝੂਠੀ ਏ,” ਉਹਨੇ ਆਪਣੀ ਵਧੇਰੇ ਉਚਾਈ ਤੋਂ ਵਿਤੀਆ ਵੱਲ ਵੇਖਦੇ ਹੋਏ ਕਿਹਾ ਤੇ ਭਾਵੇਂ ਕੁੱਝ ਹੋਵੇ ਮੇਰਾ ਅੱਬਾ ਲਾਮ ਵਿੱਚ ਲੜਿਐ ਤੇ ਤੇਰਾ ਅੱਬਾ ਜੋਂਕ ਏ, ਹੋਰਨਾਂ ਲੋਕਾਂ ਦੀ ਰੋਟੀ ਹੜੱਪੀ ਜਾਂਦੈ।”
“ਤੇ ਤੂੰ ਹਰਾਮੀ ਏ,” ਪਾਦਰੀ ਦੇ ਮੁੰਡੇ ਨੇ ਦੁਹਰਾਇਆ, ਉਹਦਾ ਗਲਾ ਭਰ ਆਇਆ ਸੀ।
ਮੀਸ਼ਕਾ ਝੁਕਿਆ ਅਤੇ ਇੱਕ ਵੱਡਾ, ਕੂਲਾ ਗੀਟਾ ਚੁੱਕਿਆ। ਪਰ ਪਾਦਰੀ ਦੇ ਮੁੰਡੇ ਨੇ ਆਪਣੇ ਅਥਰੂ ਰੋਕ ਕੇ ਉਹਦੇ ਵੱਲ ਇੱਕ ਮਾਖਿਉਂ-ਮਿੱਠੀ ਮੁਸਕਾਨ ਸੁੱਟੀ।
“ਮੀਸ਼ਕਾ ਐਵੇਂ ਗੁੱਸੇ ਨਾ ਹੋ,” ਉਹਨੇ ਕਿਹਾ।“ਲੜਨ ਦਾ ਕੀ ਰਾਹ।ਜੇ ਕਹੇ ਤਾਂ ਮੈਂ ਤੈਨੂੰ ਆਪਣਾ ਛੁਰਾ ਦੇ ਦਿਆਂਗਾ, ਜਿਹੜਾ ਮੈਂ ਆਪ ਲੋਹੇ ਦਾ ਬਣਾਇਆ ਏ।”
ਮੀਸ਼ਕਾ ਦੀਆਂ ਅੱਖਾਂ ਚਮਕ ਪਈਆਂ ਅਤੇ ਉਹਨੇ ਗੀਟਾ ਸੁੱਟ ਦਿੱਤਾ। ਪਰ ਫਿਰ ਉਹਨੂੰ ਆਪਣਾ ਅੱਬਾ ਯਾਦ ਆਇਆ ਅਤੇ ਉਹਨੇ ਘ੍ਰਿਣਾ ਨਾਲ ਜਵਾਬ ਦਿੱਤਾ।
“ਮੇਰਾ ਅੱਬਾ ਜੰਗ ਤੋਂ ਇੱਕ ਛੁਰਾ ਲਿਆਇਐ। ਉਹ ਤੇਰੇ ਵਾਲੇ ਨਾਲੋਂ ਬਹੁਤ ਚੰਗੈ।”
“ਤੂੰ ਐਵੇਂ ਫੜਾਂ ਪਿਆ ਮਾਰਨੈ,” ਵਿਤੀਆ ਨੇ ਲਮਕਾ ਕੇ ਗੱਲ ਕੀਤੀ, ਉਹਨੂੰ ਯਕੀਨ ਨਹੀਂ ਸੀ। “ਫੜਾਂ ਮਾਰਦਾ ਹੋਵੇਂਗਾ ਤੂੰ ! ਜੇ ਮੈਂ ਕਿਹੈ ਉਹ ਲਿਆਇਐ ਤਾਂ ਇਹਦਾ ਮਤਲਬ ਏ ਉਹ ਲਿਆਇਐ ਤੇ ਉਹ ਇੱਕ ਸੋਹਣੀ ਬੰਦੂਕ ਵੀ ਲਿਆਇਐ।”
“ਹੂੰਹ ! ਅਮੀਰ ਹੋ ਗਏ ਓ ਤੁਸੀਂ, ਹੈਂ ਨਾ! ਵਿਤੀਆ ਬੁਣਕਿਆ, ਉਹਦੇ ਮੂੰਹ ਉੱਤੇ ਟੇਢੀ, ਸਾੜੇ ਭਰੀ ਮੁਸਕਾਨ ਸੀ।
“ਤੇ ਉਹਦੇ ਕੋਲ ਫ਼ੀਤਿਆਂ ਵਾਲੀ ਟੋਪੀ ਵੀ ਏ, ਤੇ ਫ਼ੀਤੇ ਉੱਤੇ ਸੁਨਹਿਰੀ ਅੱਖ਼ਰ ਲਿਖੇ ਨੇ ਜਿਵੇਂ ਤੇਰੀ ਕਿਤਾਬ ਵਿੱਚ ਨੇ।”
ਵਿਤੀਆ ਨੂੰ ਇਸ ਗੱਲ ਦਾ ਜਵਾਬ ਸੋਚਣ ਵਿੱਚ ਕੁੱਝ ਮਿੰਟ ਲੱਗੇ। ਉਹਦਾ ਮੱਥਾ ਵੱਟੋ ਵੱਟ ਹੋ ਗਿਆ ਅਤੇ ਉਹਨੇ ਗਵਾਚੇ ਜਿਹੇ ਢੰਗ ਨਾਲ ਆਪਣੇ ਚੱਡਿਆਂ ਦੀ ਚਮੜੀ ਖੁਰਕੀ।
“ਮੇਰਾ ਅੱਬਾ ਇੱਕ ਦਿਨ ਬਿਸ਼ਪ ਬਣ ਜਾਵੇਗਾ,” ਅਖ਼ੀਰ ਉਹਨੇ ਕਿਹਾ। “ਤੇ ਤੇਰਾ ਅੱਬਾ ਬਸ ਆਜੜੀ ਏ। ਸੁਣਿਆ ਈ।”
ਪਰ ਮੀਸ਼ਾ ਉੱਥੇ ਖੜ੍ਹਾ ਬਹਿਸ ਕਰਦਾ ਥੱਕ ਗਿਆ ਸੀ।ਉਹ ਮੁੜਿਆ ਅਤੇ ਘਰ ਵੱਲ ਤੁਰ ਪਿਆ। “ਮੀਸ਼ਾ ! ਮੀਸ਼ਾ !” ਪਾਦਰੀ ਦੇ ਮੁੰਡੇ ਨੇ ਉਹਨੂੰ ਅਵਾਜ਼ ਦਿੱਤੀ। ‘ਮੈਂ ਤੈਨੂੰ ਕੁੱਝ ਦੱਸਣੈਂ।”
“ਦੱਸ ਫੇਰ।”
“ਨੇੜੇ ਆ ਜਾ।”
ਮੀਸ਼ਾ ਨੇੜੇ ਆ ਗਿਆ, ਉਹਨੇ ਸ਼ੱਕ ਨਾਲ ਆਪਣੀਆਂ ਅੱਖਾਂ ਸੁੰਗੇੜੀਆਂ ਹੋਈਆਂ ਸਨ।
“ਦੱਸ ਕੀ ਗੱਲ ਏ ?"
ਆਪਣੀਆਂ ਸੁੱਕੀਆਂ, ਮੁੜੀਆਂ ਲੱਤਾਂ ਨਾਲ ਰੇਤ ਉੱਤੇ ਨੱਚਦੇ ਹੋਏ ਪਾਦਰੀ ਦੇ ਮੁੰਡੇ ਨੇ ਬਾਗੀਆਂ ਪਾਉਂਦੀ ਮੁਸਕਾਨ ਨਾਲ ਕਿਹਾ,
“ਤੇਰਾ ਪਿਉ ਕਮਿਊਨਿਸਟ ਏ। ਤੇ ਜਿਉਂ ਹੀ ਤੂੰ ਮਰੇਂਗਾ ਤੇ ਤੇਰੀ ਰੂਹ ਦਰਗਾਹੇ ਅਪੜੇਗੀ, ਰੱਬ ਤੈਨੂੰ ਕਹੇਗਾ, ‘ਤੇਰਾ ਪਿਉ ਕਮਿਊਨਿਸਟ ਸੀ, ਸੋ ਤੂੰ ਸਿੱਧਾ ਜਹੰਨਮ ਚਲਾ ਜਾ।' ਉਥੇ ਭੂਤਨੇ ਤੈਨੂੰ ਆਪਣੀ ਕੜਾਹੀ ਵਿੱਚ ਤਲਣਗੇ।”
“ਸੋ, ਉਹ ਤੈਨੂੰ ਵੀ ਤਲਣਗੇ।”
"ਮੇਰਾ ਅੱਬਾ ਪਾਦਰੀ ਏ। ਉਹ, ਤੂੰ ਤਾਂ ਬਸ ਮੂੜ੍ਹ ਮੂਰਖ ਏ।ਤੇਰੇ ਨਾਲ ਗੱਲ ਕਰਨ ਦਾ ਕੀ ਫੈਦਾ ?”
ਮੀਸ਼ਾ ਇਹ ਸੁਣ ਕੇ ਡਰ ਗਿਆ। ਚੁੱਪ-ਚਾਪ ਉਹ ਮੁੜਿਆ ਅਤੇ ਘਰ ਵੱਲ ਨੱਠ ਗਿਆ।
ਜੰਗਲੇ ਦੇ ਕੋਲ ਜਾ ਕੇ ਉਹਨੇ ਮੁੜ ਕੇ ਵੇਖਿਆ, ਪਾਦਰੀ ਦੇ ਮੁੰਡੇ ਨੂੰ ਮੁੱਕਾ ਵਿਖਾਇਆ।
“ਮੈਂ ਆਪਣੇ ਦਾਦੇ ਤੋਂ ਪੁੱਛਾਂਗਾ। ਜੇ ਤੂੰ ਝੂਠ ਬੋਲਦਾ ਰਿਹੈਂ ਤਾਂ ਸਾਡੇ ਵਿਹੜੇ ਤੋਂ ਪਰ੍ਹਾਂ ਹੀ ਰਹੀਂ।” ਉਹ ਜੰਗਲੇ ਉੱਤੇ ਚੜ੍ਹਿਆ ਅਤੇ ਘਰ ਵੱਲ ਨੱਠ ਪਿਆ।ਉਹ ਬਸ ਕੜਾਹੀ ਦੀ ਕਲਪਨਾ ਹੀ ਕਰ ਸਕਦਾ ਸੀ, ਜਿਸ ਵਿੱਚ ਉਹ, ਮੀਸ਼ਾ ਤਲਿਆ ਜਾ ਰਿਹਾ ਸੀ। ਲੂਹਣੀ ਗਰਮ ਅਤੇ ਉਹਦੇ ਚਾਰੇ ਪਾਸੇ ਘਿਉ ਬੁਲਬੁਲੇ ਅਤੇ ਝੱਗ ਸੀ। ਉਹਦੀ ਪਿੱਠ ’ਤੇ ਕਾਂਬਾ ਛਿੜ ਗਿਆ।ਇਹ ਜ਼ਰੂਰੀ ਸੀ ਕਿ ਉਹ ਦਾਦੇ ਨੂੰ ਲੱਭੇ, ਛੇਤੀ ਹੀ ਅਤੇ ਉਸ ਤੋਂ ਪੁੱਛੇ।
ਐਨ ਉਸ ਸਮੇਂ ਸੂਰਨੀ ਉਹਦੀ ਨਜ਼ਰੀਂ ਪਈ।ਉਹਦਾ ਸਿਰ ਖਿੜਕੀ ਵਿੱਚ ਫਸ ਗਿਆ ਸੀ ਅਤੇ ਬਾਕੀ ਸਾਰੀ ਦੇਹ ਬਾਹਰ ਸੀ।ਉਹ ਪੂਰਾ ਜ਼ੋਰ ਲਾਕੇ ਧੱਕੇ ਦੇ ਰਹੀ ਸੀ, ਆਪਣੀ ਨਿੱਕੀ ਪੂਛ ਹਿਲਾਉਂਦੀ ਅਤੇ ਘੋਰ ਨਿਰਾਸ਼ਾ ਨਾਲ ਕੂਕਦੀ। ਮੀਸ਼ਾ ਨੱਠ ਕੇ ਉਹਦੀ ਮਦਦ ਕਰਨ ਗਿਆ। ਪਰ ਜਦੋਂ ਉਹਨੇ ਦਰਵਾਜ਼ਾ ਖੋਹਲਣ ਦਾ ਯਤਨ ਕੀਤਾ ਤਾਂ ਸੂਰਨੀ ਸ਼ੂਕਰਨ ਲੱਗ ਪਈ। ਸੋ ਉਹ ਇਹਦੀ ਪਿੱਠ ਉੱਤੇ ਸਵਾਰ ਹੋ ਗਿਆ ਅਤੇ ਫਿਰ, ਜਾਨਵਰ ਨੇ ਇੱਕ ਅਖ਼ੀਰੀ ਯਤਨ ਨਾਲ ਖਿੜਕੀ ਕਬਜ਼ਿਆਂ ਤੋਂ ਉਖੇੜ ਲਈ ਅਤੇ ਜਿੰਨੀ ਤੇਜ਼ ਨੱਠ ਸਕਦੀ ਸੀ, ਵਿਹੜੇ ਵਿੱਚ ਚੱਕਰ ਕੱਟਣ ਲੱਗ ਪਈ। ਮੀਸ਼ਾ ਨੇ ਆਪਣੀਆਂ ਅੱਡੀਆਂ ਉਹਦੇ ਪਾਸਿਆਂ ਵਿੱਚ ਗੱਡ ਦਿੱਤੀਆਂ ਅਤੇ ਉਹ ਉਹਨੂੰ ਇੰਨੀ ਤੇਜ਼ ਲੈ ਗਈ ਕਿ ਉਹਦੇ ਵਾਲ ਹਵਾ ਵਿੱਚ ਉਡਣ ਲੱਗ ਪਏ।ਘਾਹ ਦੇ ਪਿੜ ਕੋਲ ਉਹ ਛਾਲ ਮਾਰ ਕੇ ਲਹਿ ਗਿਆ।ਜਦੋਂ ਉਹਨੇ ਮੁੜ ਕੇ ਵੇਖਿਆ ਤਾਂ ਦਾਦਾ ਘਰ ਦੀ ਡਿਉਢੀ ਵਿੱਚ ਖੜ੍ਹਾ ਉਹਨੂੰ ਆਪਣੇ ਵੱਲ ਆਉਣ ਲਈ ਇਸ਼ਾਰਾ ਕਰ ਰਿਹਾ ਸੀ।
“ਏਧਰ ਆ, ਜਵਾਨ!”
ਮੀਸ਼ਾ ਨੂੰ ਅਹੁੜਿਆ ਹੀ ਨਾ ਕਿ ਦਾਦੇ ਦੀ ਨੀਅਤ ਕੀ ਸੀ। ਕੜਾਹੀ ਦੇ ਨਕਸ਼ੇ ਨੇ ਇੱਕ ਵਾਰ ਫਿਰ ਉਹਦਾ ਮਨ ਮੱਲ ਲਿਆ ਅਤੇ ਉਹ ਨੱਠ ਕੇ ਸਿੱਧਾ ਡਿਉਢੀ ਕੋਲ ਆਇਆ।
“ਦਾਦਾ, ਦਾਦਾ, ਜੱਨਤ ਵਿੱਚ ਭੂਤਨੇ ਵੀ ਹੁੰਦੇ ਨੇ ? "
“ਮੈਂ ਤੈਨੂੰ ਦੱਸਨਾਂ ਭੂਤਨੇ ਕਿੱਥੇ ਹੁੰਦੇ ਨੇ।ਜ਼ਰਾ ਠਹਿਰ। ਚੰਗੀ ਠੁਕਾਈ—ਤੈਨੂੰ ਇਸੇ ਗੱਲ ਦੀ ਲੋੜ ਏ, ਨਿੱਕੇ ਬਦਮਾਸ਼ ! ਤੇਰਾ ਸੂਰਨੀ ਉੱਤੇ ਸਵਾਰੀ ਕਰਨ ਤੋਂ ਕੀ ਮਤਲਬ ਸੀ ?"
ਦਾਦੇ ਨੇ ਮੀਸ਼ਾ ਨੂੰ ਬੋਦਿਆਂ ਤੋਂ ਫੜ ਲਿਆ ਤਾਂ ਜੋ ਉਹ ਨੱਠ ਨਾ ਜਾਵੇ ਅਤੇ ਘਰ ਦੇ ਅੰਦਰ ਮਾਂ ਨੂੰ ਅਵਾਜ਼ ਦਿੱਤੀ, “ਆ ਜ਼ਰਾ ਵੇਖ, ਤੂੰ ਕਿੰਨਾ ਚੁਸਤ ਪੁੱਤਰ ਜੰਮਿਐ।”
ਅਤੇ ਮਾਂ ਬਾਹਰ ਆਈ।
“ਉਹ ਹੁਣ ਕੀ ਕੀਤੈ ?"
“ਸੂਰਨੀ ਉੱਤੇ ਸਵਾਰ ਹੋਕੇ ਸਾਡੇ ਵਿਹੜੇ ਵਿੱਚ ਆਪਣੇ ਪਿੱਛੇ ਧੂੜ ਉਡਾਉਂਦਾ ਫਿਰਿਐ!”
“ਜਿਹੜੀ ਸੂਰਨੀ ਸੂਣ ਵਾਲ਼ੀ ਏ ? ”
ਅਤੇ ਮਾਂ ਦੇ ਹੱਥ ਭੈਅ ਨਾਲ਼ ਉੱਠ ਗਏ।
ਇਸ ਤੋਂ ਪਹਿਲਾਂ ਕਿ ਮੀਸ਼ਾ ਸਫ਼ਾਈ ਵਿੱਚ ਇੱਕ ਲਫ਼ਜ਼ ਵੀ ਬੋਲੇ, ਦਾਦੇ ਨੇ ਆਪਣੀ ਪੇਟੀ ਲਾਹ ਲਈ ਸੀ ਅਤੇ ਆਪਣੀ ਪਤਲੂਨ ਇੱਕ ਹੱਥ ਨਾਲ ਸਾਂਭ ਕੇ ਦੂਜੇ ਨਾਲ ਮੀਸ਼ਾ ਦਾ ਸਿਰ ਆਪਣੇ ਗੋਡਿਆਂ ਵਿੱਚ ਜਕੜ ਲਿਆ ਸੀ।ਉਹਨੇ ਘੜੀ ਮੁੜੀ ਇਹ ਕਹਿੰਦੇ ਹੋਏ, “ਮੁੜਕੇ ਉਸ ਸੂਰਨੀ ਉੱਤੇ ਨਾ ਚੜ੍ਹੀਂ। ਮੁੜਕੇ ਉਸ ਸੂਰਨੀ ਉੱਤੇ ਨਾ ਚੜ੍ਹੀਂ,” ਮੀਸ਼ਾ ਦੀ ਖ਼ੂਬ ਖੁੰਬ ਠੱਪੀ।
ਮੀਸ਼ਾ ਚੀਕਣ ਲੱਗ ਪਿਆ ਪਰ ਦਾਦੇ ਨੇ ਛੇਤੀ ਹੀ ਉਹਨੂੰ ਚੁੱਪ ਕਰਾ ਦਿੱਤਾ।
“ਸੋ, ਤੂੰ ਆਪਣੇ ਅੱਬਾ ਨੂੰ ਇਉਂ ਪਿਆਰ ਕਰਦੈਂ, ਨਿੱਕੇ ਚੂਹੇ ? ਉਹ ਹੁਣੇ ਘਰ ਆਇਐ, ਉੱਕਾ ਥੱਕਿਆ ਹੋਇਆ ਤੇ ਸੌਣ ਦਾ ਯਤਨ ਕਰ ਰਿਹੈ ਤੇ ਤੂੰ ਇਉਂ ਚੀਕਣ ਲੱਗ ਪਿਐਂ!”
ਸੋ ਮੀਸ਼ਾ ਨੂੰ ਚੁੱਪ ਹੋਣਾ ਪਿਆ।ਉਹਨੇ ਦਾਦੇ ਨੂੰ ਠੁੱਡਾ ਮਾਰਨ ਦਾ ਯਤਨ ਕੀਤਾ ਪਰ ਉਹਦੀ ਲੱਤ ਉਥੋਂ ਤੱਕ ਨਾ ਅਪੜੀ। ਫ਼ਿਰ ਮਾਂ ਨੇ ਉਹਨੂੰ ਫੜ ਲਿਆ ਅਤੇ ਅੰਦਰ ਧੱਕ ਦਿੱਤਾ।
“ਅਰਮਾਨ ਨਾਲ ਬਹਿ, ਸੌ ਭੂਤਨਿਆਂ ਦੇ ਪੁੱਤਰ! ਜੇ ਮੈਂ ਹੱਥ ਚੁੱਕ ਲਿਆ ਤਾਂ ਮੈਂ ਦਾਦੇ ਵਾਂਗ ਲਿਹਾਜ਼ ਨਹੀਂ ਕਰਨ ਲੱਗੀ।”
ਦਾਦਾ ਰਸੋਈ ਦੇ ਬੈਂਚ ਉੱਤੇ ਬੈਠਾ ਸੀ, ਕਦੀ ਕਦੀ ਮੀਸ਼ਾ ਵੱਲ ਵੇਖਦਾ, ਜਿਹੜਾ ਕੰਧ ਵੱਲ ਮੂੰਹ ਕਰਕੇ ਖੜ੍ਹਾ ਸੀ।
ਇੱਕ ਅਖ਼ੀਰੀ ਹੰਝੂ ਆਪਣੀ ਮੁੱਠੀ ਨਾਲ ਪੂੰਝ ਕੇ ਮੀਸ਼ਾ ਮੁੜਿਆ।
“ਵੇਖਦਾ ਰਹਿ, ਦਾਦਾ,” ਉਹਨੇ ਆਪਣੀ ਪਿੱਠ ਬੂਹੇ ਨਾਲ ਲਾਕੇ ਕਿਹਾ।
“ਦਾਦੇ ਨੂੰ ਧਮਕੀਆਂ ਦੇ ਰਿਹੈਂ, ਹੈਂ ?"
ਦਾਦੇ ਨੇ ਫਿਰ ਆਪਣੀ ਪੇਟੀ ਖੋਹਲਣੀ ਸ਼ੁਰੂ ਕਰ ਦਿੱਤੀ। ਮੀਸ਼ਾ ਨੇ ਦਰਵਾਜ਼ੇ 'ਤੇ ਜ਼ੋਰ ਪਾਇਆ, ਇਥੋਂ ਤੱਕ ਕਿ ਇਹ ਥੋੜ੍ਹਾ ਖੁੱਲ੍ਹ ਗਿਆ।
“ਮੈਨੂੰ ਧਮਕੀਆਂ ਦੇ ਰਿਹੈਂ ? " ਦਾਦੇ ਨੇ ਗੱਲ ਦੁਹਰਾਈ।
ਮੀਸ਼ਾ ਬਾਹਰ ਖਿਸਕ ਗਿਆ। ਪਰ ਉਹਨੇ ਫਿਰ ਅੰਦਰ ਝਾਕਿਆ, ਦਾਦੇ ਦੀ ਕਿਸੇ ਵੀ ਹਰਕਤ ਵੱਲੋਂ ਚੌਕੰਨਾ ਅਤੇ ਉੱਚੀ ਅਵਾਜ਼ ਵਿੱਚ ਕਿਹਾ,
“ਵੇਖਦਾ ਰਹਿ ਦਾਦਾ। ਜਦੋਂ ਤੇਰੇ ਸਾਰੇ ਦੰਦ ਨਿੱਕਲ ਗਏ, ਮੈਨੂੰ ਆਪਣੇ ਲਈ ਚਿੱਥਣ ਲਈ ਨਾ ਕਹੀਂ, ਕਿਉਂਕਿ ਮੈਂ ਅਜਿਹਾ ਕਰਨਾ ਨਹੀਂ।”
ਦਾਦਾ ਡਿਉਢੀ ਵਿੱਚ ਆਇਆ ਬਸ ਮੀਸ਼ਾ ਦਾ ਸਿਰ ਅਤੇ ਨੀਲੀ ਪਤਲੂਨ ਬਾਗ਼ ਵਿੱਚ ਝੰਡਲ ਸਿਣੀ ਵਿੱਚ ਲੋਪ ਹੁੰਦੇ ਵੇਖਣ ਲਈ।ਬੁੱਢੇ ਨੇ ਧਮਕਾਉਂਦੇ ਹੋਏ ਆਪਣੀ ਸੋਟੀ ਲਹਿਰਾਈ, ਪਰ ਉਹਦੀ ਦਾੜ੍ਹੀ ਵਿੱਚ ਲੁਕੇ ਉਹਦੇ ਬੁੱਲ੍ਹਾਂ ਉੱਤੇ ਮੁਸਕਾਨ ਸੀ।
* * * * * *
ਅੱਬਾ ਉਹਨੂੰ ਮੀਸ਼ਕਾ ਸੱਦਦਾ ਸੀ। ਮਾਂ ਮਿਨਿਯੁਸ਼ਕਾ ਸੱਦਦੀ ਸੀ। ਦਾਦਾ, ਜਦੋਂ ਉਹ ਅਮਨ- ਅਮਾਨ ਵਿੱਚ ਹੁੰਦਾ ਤਾਂ ਉਹਨੂੰ ਬਦਮਾਸ਼ ਕਹਿੰਦਾ; ਪਰ ਹੋਰ ਸਮਿਆਂ 'ਤੇ, ਜਦੋਂ ਦਾਦੇ ਦੇ ਘਣੇ ਚਿੱਟੇ ਭਰਵੱਟੇ ਘੂਰੀ ਵਿੱਚ ਵੱਟੇ ਜਾਂਦੇ, ਤਾਂ ਉਹ ਕਹਿੰਦਾ, “ ਐਧਰ ਆ, ਮਿਖਾਈਲੋ ਫ਼ੋਮਿਚ। ਤੇਰੇ ਕੰਨ ਖਿੱਚਣ ਦੀ ਲੋੜ ਏ।”
ਬਾਕੀ ਸਭ— ਗਾਲੜੀ ਗੁਆਂਢੀ, ਬੱਚੇ, ਸਾਰਾ ਪਿੰਡ –ਜਦੋਂ ਉਹਨੂੰ ਹਰਾਮੀ ਨਾ ਕਹਿੰਦੇ ਤਾਂ ਮੀਸ਼ਕਾ ਕਹਿ ਕੇ ਸੱਦਦੇ।
ਮਾਂ ਨੇ ਉਹਨੂੰ ਵਿਆਹ ਤੋਂ ਬਿਨਾਂ ਜੰਮਿਆਂ ਸੀ। ਇਹ ਠੀਕ ਹੈ ਕਿ ਉਹਨੇ ਉਹਦੇ ਅੱਬਾ, ਆਜੜੀ ਫੋਮਾ ਨਾਲ ਇੱਕ ਮਹੀਨਾ ਪਿੱਛੋਂ ਵਿਆਹ ਕਰਵਾ ਲਿਆ ਸੀ। ਪਰ ਇਹ ਕੌੜੀ ਅੱਲ, ਹਰਾਮੀ, ਸਾਰੀ ਉਮਰ ਮੀਸ਼ਾ ਨੂੰ ਚੰਬੜੀ ਰਹੀ।
ਮੀਸ਼ਾ ਕੁਝ ਛੁਟੇਰਾ ਜਿਹਾ ਬੱਚਾ ਸੀ। ਉਹਦੇ ਵਾਲਾਂ ਨੂੰ, ਜਿਹੜੇ ਬਸੰਤ ਦੀ ਰੁੱਤੇ ਸੂਰਜਮੁਖੀ ਦੇ ਪੱਤਿਆਂ ਜਿਹੇ ਸਨ, ਜੂਨ ਦੀ ਧੁੱਪ ਨੇ ਰੰਗ ਉਡਾ ਕੇ, ਖਰ੍ਹਵੇਂ, ਧਾਰਦਾਰ ਬੋਦੇ ਬਣਾ ਦਿੱਤਾ ਸੀ। ਉਹਦੀਆਂ ਗੱਲ੍ਹਾਂ ਉੱਤੇ ਚਿੜੀ ਦੇ ਅੰਡੇ ਜਿਹੀ ਚਿਤਰੀ ਪਈ ਹੋਈ ਸੀ ਅਤੇ ਧੁੱਪ ਵਿੱਚ ਰਹਿਣ ਅਤੇ ਘੜੀ ਮੁੜੀ ਛੱਪੜ ਵਿੱਚ ਚੁਭੀਆਂ ਲਾਉਣ ਕਾਰਨ ਉਹਦੇ ਨੱਕ ਦੀ ਚਮੜੀ ਹਮੇਸ਼ਾ ਛਿੱਲੀ ਰਹਿੰਦੀ ਤੇ ਉਹਦੀ ਚਮੜੀ ਪਾਟੀ ਹੋਈ ਸੀ। ਉਹਦਾ ਇੱਕੋ ਹੀ ਸੋਹਣਾ ਅੰਗ ਸੀ। ਉਹਦੀਆਂ ਅੱਖਾਂ, ਨੀਲੀਆਂ ਅਤੇ ਸ਼ਰਾਰਤੀ, ਜਿਹੜੀਆਂ ਆਪਣੀਆਂ ਤੰਗ ਝੀਥਾਂ ਵਿੱਚੋਂ ਦਰਿਆ ਦੀ ਅੱਧ-ਪਿਘਲੀ ਬਰਫ਼ ਦੇ ਟੋਟਿਆਂ ਵਾਂਗ ਝਾਕਦੀਆਂ।
ਇਹਨਾਂ ਅੱਖਾਂ ਕਰਕੇ ਉਹਦਾ ਪਿਉ ਉਹਨੂੰ ਪਿਆਰ ਕਰਦਾ ਸੀ, ਹਾਂ, ਉਹਦੇ ਚੁਸਤ, ਕਾਰਨ। ਲਾਮ ਤੋਂ ਅੱਬਾ ਆਪਣੇ ਪੁੱਤਰ ਲਈ ਇੱਕ ਮਾਖਿਉਂ ਵਾਲਾ ਕੇਕ ਲਿਆਇਆ ਸੀ, ਜਿਹੜਾ ਉਮਰ ਨਾਲ ਪੱਥਰ ਵਾਂਗ ਸਖ਼ਤ ਹੋ ਗਿਆ ਸੀ ਅਤੇ ਕੁੱਝ ਕੁ ਘਸੇ ਹੋਏ ਲੰਮੇ ਬੂਟਾਂ ਦਾ ਇੱਕ ਜੋੜਾ। ਅੰਮਾਂ ਨੇ ਬੂਟਾਂ ਨੂੰ ਤੌਲੀਏ ਵਿੱਚ ਲਪੇਟਿਆ ਅਤੇ ਪੇਟੀ ਵਿੱਚ ਰੱਖ ਦਿੱਤੇ, ਜਿਥੋਂ ਤੱਕ ਕੇਕ ਦੀ ਗੱਲ ਏ, ਮੀਸ਼ਾ ਨੇ ਉਸੇ ਸ਼ਾਮ ਉਹਨੂੰ ਹਥੌੜੇ ਨਾਲ ਕੁੱਟਿਆ ਅਤੇ ਅਖ਼ੀਰੀ ਭੋਰੇ ਤੱਕ ਖਾ ਲਿਆ।
ਅਗਲੀ ਸਵੇਰ ਮੀਸ਼ਾ ਸੂਰਜ ਉੱਗਣ ਦੇ ਨਾਲ ਜਾਗ ਪਿਆ।ਉਹਨੇ ਭਾਂਡੇ ਵਿੱਚੋਂ ਕੁੱਝ ਕੋਸਾ ਪਾਣੀ ਬੁੱਕ ਵਿੱਚ ਲਿਆ, ਇਹ ਆਪਣੇ ਗੰਦੇ ਮੂੰਹ ਉੱਤੇ ਮਲਿਆ ਅਤੇ ਮੂੰਹ ਸੁਕਾਉਣ ਲਈ ਬਾਹਰ ਨੱਠ ਗਿਆ।
ਮਾਂ ਵਿਹੜੇ ਵਿੱਚ ਸੀ, ਗਾਂ ਨਾਲ ਰੁਝੀ ਹੋਈ। ਦਾਦਾ ਘਰ ਦੁਆਲੇ ਮਿੱਟੀ ਦੀ ਵੱਟ ਉੱਤੇ ਬੈਠਾ ਸੀ, ਉਹਨੇ ਮੀਸ਼ਾ ਨੂੰ ਇਸ਼ਾਰਾ ਕੀਤਾ।
“ਦਾਣਿਆਂ ਵਾਲੇ ਕੋਠੇ ਹੇਠ ਵੜ ਜਾ, ਨਿੱਕੇ ਬਦਮਾਸ਼। ਮੈਂ ਉੱਥੇ ਇੱਕ ਕੁਕੜੀ ਨੂੰ ਕੁੜ-ਕੁੜ ਕਰਦੇ ਸੁਣਿਐ।ਉਹਨੇ ਜ਼ਰੂਰ ਅੰਡਾ ਦਿੱਤਾ ਹੋਣੈ।”
ਉਹ, ਮੀਸ਼ਾ ਸਦਾ ਦਾਦੇ ਦਾ ਹੁਕਮ ਮੰਨਣ ਲਈ ਤਿਆਰ ਸੀ। ਉਹ ਦਾਣਿਆਂ ਵਾਲੇ ਕੋਠੇ ਹੇਠ ਵੜ ਗਿਆ, ਰਿੜ੍ਹਦਾ ਹੋਇਆ ਦੂਜੇ ਪਾਸੇ ਚਲਾ ਗਿਆ ਅਤੇ ਨੱਠ ਗਿਆ, ਆਪਣੀਆਂ ਅੱਡੀਆਂ ਉੱਚੀਆਂ ਚੁੱਕਦਾ ਅਤੇ ਮੁੜ ਕੇ ਝਾਕਦਾ ਕਿ ਦਾਦਾ ਵੇਖ ਰਿਹਾ ਸੀ ਜਾਂ ਨਹੀਂ। ਜਦੋਂ ਤੱਕ ਉਹ ਜੰਗਲੇ ਕੋਲ ਅੱਪੜਿਆ ਬਿੱਛੂ-ਬੂਟੀਆਂ ਨੇ ਉਹਦੀਆਂ ਲੱਤਾਂ ਵੱਢ ਲਈਆਂ ਸਨ। ਦਾਦਾ ਉਡੀਕਦਾ ਰਿਹਾ, ਉਡੀਕਦਾ ਰਿਹਾ, ਇਥੋਂ ਤੱਕ ਕਿ ਉਹ ਬੇਸਬਰਾ ਹੋ ਗਿਆ ਅਤੇ ਆਪ ਦਾਣਿਆਂ ਵਾਲੇ ਕੋਠੇ ਹੇਠ ਵੜ ਗਿਆ। ਉਹ ਸਾਰਾ ਕੁੱਕੜਾਂ ਦੀਆਂ ਵਿੱਠਾਂ ਨਾਲ ਲਿਬੜ ਗਿਆ ਅਤੇ ਸਿਲ੍ਹੇ ਹਨੇਰੇ ਵਿੱਚ ਅੱਧਾ- ਅੰਨ੍ਹਾ ਹੋ ਗਿਆ, ਦੂਜੇ ਪਾਸੇ ਨਿੱਕਲਣ ਤੱਕ ਉਹਦਾ ਸਿਰ ਫਰਸ਼ ਦੀਆਂ ਸਾਰੀਆਂ ਕੜੀਆਂ ਨਾਲ ਦੁਖਦਾਈ ਢੰਗ ਨਾਲ ਟਕਰਾਇਆ।
“ਮੀਸ਼ਾ, ਸੱਚੀਂ ਤੂੰ ਬੁੱਧੂ ਨਹੀਂ, ਇੰਨਾਂ ਚਿਰ ਇੱਕ ਅੰਡਾ ਢੂੰਡਦਾ ਪਿਐਂ ! ਜਿਵੇਂ ਮੁਰਗ਼ੀ ਉੱਥੇ ਕੁੱਝ ਦੇ ਸਕਦੀ ਏ ! ਐਨ ਐਸ ਪੱਥਰ ਕੋਲ ਉਹ ਅੰਡਾ ਹੋਣਾ ਚਾਹੀਦੈ। ਮੀਸ਼ਾ, ਪਰ ਤੂੰ ਹੈਂ ਕਿੱਥੇ ?"
ਦਾਦੇ ਨੂੰ ਕੋਈ ਜਵਾਬ ਨਾ ਮਿਲਿਆ। ਆਪਣੀ ਪਤਲੂਨ ਤੋਂ ਗੋਹੇ ਦੇ ਨਿੱਕੇ ਟੋਟੇ ਝਾੜਦਾ ਹੋਇਆ ਉਹ ਦਾਣਿਆਂ ਵਾਲੇ ਕੋਠੇ ਹੇਠੋਂ ਨਿੱਕਲਿਆ ਅਤੇ ਛੱਪੜ ਵੱਲ ਵੇਖਿਆ। ਪੱਕੀ ਗੱਲ, ਮੀਸ਼ਾ ਉੱਥੇ ਸੀ। ਦਾਦੇ ਨੇ ਮੋਢੇ ਮਚਕੋੜੇ ਅਤੇ ਮੂੰਹ ਮੋੜ ਲਿਆ।
ਛੱਪੜ ਕੋਲ ਪਿੰਡ ਦੇ ਬਾਲ ਮੀਸ਼ਾ ਦੁਆਲੇ ਜੁੜੇ ਹੋਏ ਸਨ।
“ਤੇਰਾ ਪਿਉ ਕਿੱਥੇ ਸੀ,” ਕਿਸੇ ਨੇ ਪੁੱਛਿਆ।“ਲਾਮ ’ਤੇ ਗਿਆ ਸੀ ?
“ਸੱਚੀ ਗੱਲ ਏ।”
“ਕੀ ਕਰ ਰਿਹਾ ਸੀ ? ”
"ਲੜ ਰਿਹਾ ਸੀ –ਹੋਰ ਕੀ ਕਰਦਾ ?"
“ਛੱਡ ਪਰ੍ਹਾਂ। ਉਹ ਤਾਂ ਬਸ ਜੂੰਆਂ ਨਾਲ ਹੀ ਲੜਿਆ। ਬਾਕੀ ਸਾਰਾ ਸਮਾਂ ਉਹ ਰਸੋਈ ਦੇ ਫ਼ਰਸ਼ ਉੱਤੇ ਬਹਿ ਕੇ ਹੱਡੀਆਂ ਚੂੰਡਦਾ ਰਿਹਾ।”
ਬਾਲ ਹਾਸੇ ਨਾਲ ਕੂਕ ਪਏ, ਉਛਲਦੇ ਅਤੇ ਮੀਸ਼ਾ ਵੱਲ ਇਸ਼ਾਰਾ ਕਰਦੇ ਹੋਏ। ਕੌੜੀ ਨਰਾਜ਼ਗੀ ਨਾਲ ਮੀਸ਼ਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਸਭ ਤੋਂ ਵੱਧ, ਪਾਦਰੀ ਦੇ ਮੁੰਡੇ ਵਿਤੀਆ ਨੇ ਉਹਦੇ ਉੱਤੇ ਚੋਟ ਕੀਤੀ।
“ਤੇਰਾ ਪਿਉ ਕਮਿਊਨਿਸਟ ਏ, ਹੈਂ ਨਾ ?
“ਮੈਨੂੰ ਪਤਾ ਨਹੀਂ।”
“ਤਾਂ ਮੈਨੂੰ ਪਤਾ ਏ।ਉਹ ਕਮਿਊਨਿਸਟ ਏ। ਉਹਨੇ ਆਪਣੀ ਰੂਹ ਸ਼ੈਤਾਨ ਅੱਗੇ ਵੇਚ ਦਿੱਤੀ ਏ, ਮੇਰੇ ਅੱਬਾ ਨੇ ਅੱਜ ਸਵੇਰੇ ਮੈਨੂੰ ਇਹ ਗੱਲ ਦੱਸੀ। ਹਾਂ, ਤੇ ਛੇਤੀ ਹੀ ਸਾਰੇ ਕਮਿਊਨਿਸਟ ਫਾਹੇ ਲਾਏ ਜਾਣਗੇ। ਬਾਲਾਂ ਉੱਤੇ ਚੁੱਪ ਛਾ ਗਈ। ਡਰ ਨੇ ਮੀਸ਼ਾ ਦੇ ਦਿਲ ਨੂੰ ਜਕੜ ਲਿਆ। ਉਹਦਾ ਅੱਬਾ ਫਾਹੇ ਲੱਗੇਗਾ ? ਕਿਸ ਜੁਰਮ ਲਈ ? ਦੰਦ ਕਰੀਚ ਕੇ ਉਹਨੇ ਜਵਾਬ ਦਿੱਤਾ।
“ਮੇਰੇ ਅੱਬਾ ਕੋਲ ਬੜੀ ਵੱਡੀ ਬੰਦੂਕ ਏ, ਤੇ ਉਹ ਸਾਰੇ ਬੁਰਜੂਆ1 ਨੂੰ ਮਾਰ ਮੁਕਾਵੇਗਾ।”
1. ਬੁਰਜੂਆ - ਸਰਮਾਏਦਾਰ ਜਮਾਤ।
“ਉਹ ਨਹੀਂ, ਉਹ ਨਹੀਂ ਮਾਰ ਸਕੇਗਾ,” ਵਿਤੀਆ ਨੇ ਜੇਤੂ ਢੰਗ ਨਾਲ ਐਲਾਨ ਕੀਤਾ।
“ਮੇਰੇ ਅੱਬਾ ਨੇ ਉਹਨੂੰ ਪਾਕ ਅਸੀਸ ਈ ਨਹੀਂ ਦੇਣੀ ਤੇ ਜੇ ਉਹਨੂੰ ਅਸੀਸ ਨਾ ਮਿਲੇ ਤਾਂ ਉਹ ਕੁੱਝ ਨਹੀਂ ਕਰ ਸਕਦਾ।”
ਹਟਵਾਣੀਏ ਦੇ ਪੁੱਤਰ ਪੋਸ਼ਕਾ ਨੇ ਮੀਸ਼ਾ ਦੀ ਛਾਤੀ ਵਿੱਚ ਹੁਝਕਾ ਮਾਰਿਆ।
“ਆਪਣੇ ਉਸ ਅੱਬਾ ਬਾਰੇ ਬਹੁਤੀ ਬੜ ਬੜ ਨਾ ਕਰ,” ਉਹ ਕੂਕਿਆ। ਉਹਦੀਆਂ ਨਾਸਾਂ ਕੰਬ ਰਹੀਆਂ ਸਨ।“ਜਦੋਂ ਇਨਕਲਾਬ ਆਇਆ ਤਾਂ ਉਹਨੇ ਮੇਰੇ ਅੱਬਾ ਦਾ ਸਾਰਾ ਸੌਦਾ ਖੋਹ ਲਿਆ ਸੀ ਤੇ ਮੇਰਾ ਅੱਬਾ ਕਹਿੰਦੈ, ‘ਜ਼ਰਾ ਉਡੀਕ, ਇੱਥੋਂ ਤੱਕ ਕਿ ਪਾਸਾ ਪਲਟ ਜਾਵੇ। ਮੈਂ ਜਿਹੜਾ ਪਹਿਲਾ ਕੰਮ ਕਰਨੈ, ਉਸ ਆਜੜੀ ਫ਼ੋਮਾ ਨੂੰ ਮਾਰ ਦੇਣੈ।”
ਅਤੇ ਪ੍ਰੋਸ਼ਕਾ ਦੀ ਭੈਣ ਨਤਾਸ਼ਾ ਨੇ ਆਪਣਾ ਪੈਰ ਪਟਕਿਆ ਅਤੇ ਕੂਕੀ, “ਖੁੰਬ ਠੱਪੋ ਇਹਦੀ ! ਮੁੰਡਿਓ, ਕੀ ਵੇਖਦੇ ਪਏ ਓ ? ”
“ਕਮਿਊਨਿਸਟ ਚੂਹੇ ਦੀ ਖੁੰਬ ਠੱਪੋ!” ਕੋਈ ਹੋਰ ਕੂਕਿਆ। “ਹਰਾਮੀ !”
“ਜੜ ਸੂ ਇੱਕ, ਪ੍ਰੋਸ਼ਕਾ!”
ਪ੍ਰੋਸ਼ਕਾ ਨੇ ਸੋਟੀ ਲਹਿਰਾਈ ਅਤੇ ਮੀਸ਼ਾ ਦੇ ਮੋਢੇ ਉੱਤੇ ਮਾਰੀ। ਪਾਦਰੀ ਦੇ ਪੁੱਤਰ ਵਿਤੀਆ ਨੇ ਮੀਸ਼ਾ ਨੂੰ ਲੰਗੜੀ ਮਾਰੀ ਅਤੇ ਉਹ ਧੜੱਮ ਕਰਕੇ, ਪਿੱਠ ਭਾਰ ਡਿੱਗਿਆ। ਚੀਕਾਂ ਮਾਰਦੇ, ਮੁੰਡੇ ਉਹਦੇ ਉੱਤੇ ਟੁੱਟ ਪਏ। ਤਿੱਖੀਆਂ ਕੂਕਾਂ ਮਾਰਦੀ ਨਤਾਸ਼ਾ ਆਪਣੇ ਤਿੱਖੇ ਨਹੁੰਆਂ ਨਾਲ ਉਹਦੀ ਗਰਦਨ ਝਰੀਟ ਰਹੀ ਸੀ।ਕਿਸੇ ਨੇ ਉਹਦੇ ਢਿੱਡ ਵਿੱਚ ਠੋਕਰ ਮਾਰੀ ਜਿਸ ਨਾਲ ਉਹਨੂੰ ਦਰਦ ਹੋਇਆ।
ਮੀਸ਼ਾ ਨੇ ਪ੍ਰੋਸ਼ਕਾ ਨੂੰ ਆਪਣੇ ਉੱਤੋਂ ਲਾਹ ਦਿੱਤਾ, ਜ਼ੋਰ ਲਾ ਕੇ ਖੜ੍ਹਾ ਹੋ ਗਿਆ ਅਤੇ ਘਰ ਵੱਲ ਚੱਲ ਪਿਆ, ਕਿਸੇ ਸ਼ਿਕਾਰ ਕੀਤੇ ਜਾ ਰਹੇ ਸਹੇ ਵਾਂਗ ਵਿੰਗਾ ਟੇਢਾ ਨੱਠਦਾ।ਉਹਦੇ ਪਿੱਛੇ ਉੱਚੀਆਂ ਸੀਟੀਆਂ ਮਾਰੀਆਂ ਗਈਆਂ ਅਤੇ ਕਿਸੇ ਨੇ ਇੱਕ ਪੱਥਰ ਸੁੱਟਿਆ, ਪਰ ਕਿਸੇ ਨੇ ਪਿੱਛਾ ਨਾ ਕੀਤਾ।
ਕੇਵਲ ਸਬਜ਼ੀਆਂ ਦੀ ਪੈਲੀ ਵਿੱਚ ਸਿਣੀ ਦੀ ਚੁਭਦੀ ਸ਼ਰਨ ਵਿੱਚ ਮੀਸ਼ਾ ਸਾਹ ਲੈਣ ਲਈ ਰੁਕਿਆ। ਉਹ ਗਿੱਲੀ, ਖੁਸ਼ਬੋ ਛੱਡਦੀ ਭੋਂ ਉੱਤੇ ਬੈਠ ਗਿਆ ਅਤੇ ਜਿੱਥੇ ਉਹਦੀ ਗਰਦਨ ਝਰੀਟੀ ਗਈ ਸੀ, ਉਥੋਂ ਲਹੂ ਪੂੰਝਿਆ। ਫਿਰ ਉਹ ਰੋਣ ਲੱਗ ਪਿਆ। ਸੰਘਣੇ ਪੱਤਿਆਂ ਵਿੱਚੋਂ ਆਪਣਾ ਰਾਹ ਬਣਾਉਂਦੀ ਧੁੱਪ ਨੇ ਉਹਦੀਆਂ ਅੱਖਾਂ ਵਿੱਚ ਝਾਕਣ ਦਾ ਪੂਰਾ ਯਤਨ ਕੀਤਾ। ਉਹਨੇ ਉਹਦੀਆਂ ਗੱਲ੍ਹਾਂ ਉੱਤੇ ਹੰਝੂ ਸੁਕਾ ਦਿੱਤੇ ਅਤੇ ਉਹਦੇ ਘੁੰਗਰਾਲੇ, ਲਾਲ ਭਾਹ ਮਾਰਦੇ ਵਾਲਾਂ ਨੂੰ ਪਿਆਰ ਨਾਲ ਚੁੰਮਿਆਂ, ਜਿਵੇਂ ਮਾਂ ਕਦੀ ਕਦੀ ਕਰਦੀ ਹੁੰਦੀ ਸੀ।
ਮੀਸ਼ਾ ਲੰਮਾ ਸਮਾਂ ਸਿਣੀ ਵਿੱਚ ਬੈਠਾ ਰਿਹਾ—ਇਥੋਂ ਤੱਕ ਕਿ ਉਹਦੇ ਹੰਝੂ ਵਗਣੇ ਬੰਦ ਹੋ ਗਏ। ਫਿਰ ਉਹ ਉੱਠਿਆ ਅਤੇ ਵਿਹੜੇ ਵਿੱਚ ਗਿਆ।
ਉਹਦਾ ਅੱਬਾ ਉੱਥੇ ਸੀ, ਛੱਪਰ ਹੇਠ, ਉਹ ਗੱਡੇ ਦੇ ਪਹੀਆਂ ਨੂੰ ਲੁੱਕ ਲਾ ਰਿਹਾ ਸੀ। ਉਹਦੀ ਟੋਪੀ ਉਹਦੇ ਸਿਰ ਦੇ ਪਿਛਲੇ ਪਾਸੇ ਢਿਲਕ ਗਈ ਸੀ ਅਤੇ ਉਹਦੇ ਫ਼ੀਤੇ ਖੁੱਲ੍ਹੇ ਲਟਕ ਰਹੇ ਸਨ। ਮੀਸ਼ਾ ਹੌਲੀ ਹੌਲੀ ਗੱਡੇ ਕੋਲ ਗਿਆ ਅਤੇ ਚੁੱਪ ਚਾਪ ਵੇਖਦਾ ਖੜ੍ਹਾ ਰਿਹਾ। ਕੁੱਝ ਚਿਰ ਪਿੱਛੋਂ, ਜਦੋਂ ਉਹਦੀ ਹਿੰਮਤ ਬੱਝੀ, ਉਹਨੇ ਆਪਣੇ ਅੱਬਾ ਦਾ ਹੱਥ ਛੂਹਿਆ ਅਤੇ ਨਿੰਮ੍ਹੀ ਅਵਾਜ਼ ਵਿੱਚ ਪੁੱਛਿਆ।
“ਅੱਬਾ, ਤੂੰ ਲਾਮ ’ਤੇ ਕੀ ਕੀਤਾ ਸੀ ? ”
“ਕਿਉਂ, ਮੈਂ ਲੜਦਾ ਰਿਹਾਂ, ਪੁੱਤਰ,” ਅੱਬਾ ਨੇ ਆਪਣੀਆਂ ਲਾਲ ਮੁੱਛਾਂ ਹੇਠੋਂ ਮੁਸਕਰਾਉਂਦੇ ਹੋਏ ਜਵਾਬ ਦਿੱਤਾ।
“ਮੁੰਡੇ .. ਮੁੰਡੇ ਕਹਿੰਦੇ ਨੇ ਤੂੰ ਬਸ ਜੂੰਆਂ ਨਾਲ ਹੀ ਲੜਿਐਂ।”
ਇੱਕ ਵਾਰ ਫਿਰ ਮੀਸ਼ਾ ਦਾ ਗੱਚ ਭਰ ਆਇਆ। ਪਰ ਅੱਬਾ ਸਿਰਫ਼ ਹੱਸਿਆ ਅਤੇ ਮੀਸ਼ਾ ਨੂੰ ਕਲਾਵੇ ਵਿੱਚ ਲੈ ਲਿਆ।
“ਉਹ ਝੂਠ ਬੋਲਦੇ ਨੇ ਪੁੱਤਰ। ਮੈਂ ਇੱਕ ਜਹਾਜ਼ ਉੱਤੇ ਸਾਂ। ਇੱਕ ਵੱਡਾ ਜਹਾਜ਼, ਜਿਸਨੇ ਸੱਤ ਸਮੁੰਦਰ ਗਾਹੇ ਤੇ ਫਿਰ ਮੈਂ ਲਾਮਾਂ ’ਤੇ ਲੜਿਆ।”
“ਤੂੰ ਕਿਸ ਨਾਲ ਲੜਿਆ ? ”
“ਮੈਂ ਮਾਲਕਾਂ ਨਾਲ ਲੜਿਆਂ ਪੁੱਤਰ।ਵੇਖੇ ਨਾ ਤੂੰ ਅਜੇ ਬਹੁਤ ਨਿੱਕਾ ਏਂ, ਸੋ ਮੈਨੂੰ ਲਾਮ ’ਤੇ ਜਾਣਾ ਪਿਆ ਤੇ ਤੇਰੀ ਖਾਤਰ ਲੜਨਾ ਪਿਆ। ਲੈ, ਇਹਦੀ ਬਾਬਤ ਤਾਂ ਇੱਕ ਗੀਤ ਵੀ ਏ, ਜਿਹੜਾ ਉਹ ਗੌਂਦੇ ਨੇ।”
ਓ ਮੇਰੇ ਮਿਨਕਾ, ਮੀਸ਼ਾ, ਮੇਰੇ,
ਨਾ ਜਾ ਲਾਮ ’ਤੇ। ਜਾਣ ਦੇ ਅੱਬਾ ਨੂੰ।
ਅੱਬਾ ਬੁੱਢੇ ਲਈ ਏ ਉਹਨੇ ਉਮਰ ਵਿਹਾ।
ਤੂੰ ਏਂ ਨਿੱਕਾ, ਕਰ ਨਹੀਂ ਸਕਦਾ ਅਜੇ ਵਿਆਹ।
ਮੀਸ਼ਾ ਆਪਣੀਆਂ ਮੁਸੀਬਤਾਂ ਬਾਰੇ ਸਭ ਕੁੱਝ ਭੁੱਲ ਗਿਆ ਅਤੇ ਜ਼ੋਰ ਨਾਲ ਹੱਸਿਆ—ਜਿਸ ਢੰਗ ਨਾਲ ਉਹਦੇ ਅੱਬਾ ਦੀਆਂ ਮੁੱਛਾਂ ਉਹਨਾਂ ਬੂਟਿਆਂ ਵਾਂਗ ਤਣੀਆਂ ਹੋਈਆਂ ਸਨ, ਜਿਨ੍ਹਾਂ ਤੋਂ ਅੰਮਾਂ ਝਾੜੂ ਬਣਾਇਆ ਕਰਦੀ ਸੀ ਅਤੇ ਜਿਵੇਂ ਉਹਦੇ ਬੁੱਲ ਮੁੱਛਾਂ ਹੇਠ ਪਚ-ਪਚ ਕਰਦੇ, ਉਹਦੇ ਮੂੰਹ ਦੀ ਗੋਲ ਕਾਲ਼ੀ ਮੋਰੀ ਨੂੰ ਖੋਹਲਦੇ ਅਤੇ ਬੰਦ ਕਰਦੇ, ਉਸ ਉੱਤੇ ਹੱਸਿਆ।
“ਹੁਣ ਨੱਠ ਜਾ, ਮਿਨਕਾ,” ਅੱਬਾ ਨੇ ਕਿਹਾ। “ਮੈਂ ਗੱਡਾ ਠੀਕ ਕਰਨੈ। ਸ਼ਾਮੀਂ ਜਦੋਂ ਤੂੰ ਸੌਣ ਲੱਗੇਂਗਾ ਤਾਂ ਮੈਂ ਤੈਨੂੰ ਲਾਮ ਬਾਰੇ ਸਭ ਕੁੱਝ ਦਸਾਂਗਾ।”
* * * * * *
ਦਿਨ ਅਨੰਤ ਸਤੈਪੀ ਦੇ ਆਰ ਪਾਰ ਸੁੰਨਸਾਨ ਸੜਕ ਵਾਂਗ ਹੌਲੀ-ਹੌਲੀ ਲੰਘਿਆ। ਅਖ਼ੀਰ ਉਡੀਕ-ਉਡੀਕ ਕੇ ਸੂਰਜ ਡੁੱਬ ਗਿਆ। ਇੱਜੜ ਪਿੰਡ ਵਿੱਚੋਂ ਲੰਘਿਆ। ਧੂੜ ਦੇ ਬੱਦਲ ਬੈਠ ਗਏ, ਪਹਿਲਾ ਤਾਰਾ ਹਨੇਰੇ ਹੋਏ ਅਸਮਾਨ ਵਿੱਚੋਂ ਸ਼ਰਮਾਕਲ ਢੰਗ ਨਾਲ ਝਾਕਿਆ।
ਮੀਸ਼ਾ ਉਡੀਕ-ਉਡੀਕ ਕੇ ਬਹੁਤ ਥੱਕ ਗਿਆ ਸੀ। ਮਾਂ ਨੇ ਦੁੱਧ ਚੋਣ ਵਿੱਚ ਅਤੇ ਫਿਰ ਦੁੱਧ ਪੁਣਨ ਵਿੱਚ ਕਿੰਨੀ ਦੇਰ ਲਾ ਦਿੱਤੀ! ਤੇ ਫਿਰ ਉਹ ਭੋਰੇ ਵਿੱਚ ਚਲੀ ਗਈ ਅਤੇ ਇੱਕ ਘੰਟਾ ਤਾਂ ਜ਼ਰੂਰ ਇੱਧਰ ਉੱਧਰ ਹੱਥ ਮਾਰਦੀ ਰਹੀ ਹੋਣੀ ਹੈ! ਮੀਸ਼ਾ ਉਹਦੇ ਮਗਰ-ਮਗਰ ਰਿਹਾ, ਬੇਸਬਰੀ ਨਾਲ ਉੱਸਲਵੱਟੇ ਖਾਂਦਾ।
“ਅੰਮਾਂ! ਅਜੇ ਰਾਤ ਦੇ ਖਾਣੇ ਦਾ ਵਕਤ ਨਹੀਂ ਹੋਇਆ ? ”
“ਭੁੱਖ ਲੱਗੀ ਏ ? ਤੈਨੂੰ ਬਸ ਉਡੀਕਣਾ ਹੀ ਪਵੇਗਾ।”
ਪਰ ਮੀਸ਼ਾ ਨੇ ਉਹਨੂੰ ਚੈਨ ਨਾ ਲੈਣ ਦਿੱਤਾ।ਉਹ ਹਰ ਥਾਂ ਉਹਦੇ ਪਿੱਛੇ-ਪਿੱਛੇ ਰਿਹਾ। ਹੇਠਾਂ ਭੋਰੇ ਵਿੱਚ, ਫਿਰ ਦੋਬਾਰਾ ਉੱਪਰ ਰਸੋਈ ਵਿੱਚ— ਜੋਕ ਵਾਂਗ ਚੰਬੜਿਆ, ਉਹਦੀ ਘੱਗਰੀ ਨਾਲ ਲਟਕਿਆ। “ਅੰਮਾਂ ...ਮਾਂ...ਮਾਂ ! ਖਾ-ਣਾ।”
“ਪਰ੍ਹਾਂ ਹੋ, ਨਿੱਕੀ ਮੁਸੀਬਤੇ। ਜੇ ਤੂੰ ਇੰਨਾ ਭੁੱਖਾ ਏਂ ਤਾਂ ਡਬਲਰੋਟੀ ਦਾ ਟੋਟਾ ਖਾ ਲੈ।”
ਪਰ ਉਹਨੂੰ ਚੁੱਪ ਨਹੀਂ ਸੀ ਕਰਾਇਆ ਜਾ ਸਕਦਾ। ਇੱਥੋਂ ਤੱਕ ਕਿ ਅਖ਼ੀਰ ਮਾਂ ਨੇ ਜਿਹੜੀ ਚਪੇੜ ਮਾਰੀ ਉਹਦਾ ਵੀ ਕੋਈ ਅਸਰ ਨਾ ਹੋਇਆ।
ਜਦੋਂ ਖਾਣਾ ਆਇਆ ਤਾਂ ਉਹਨੇ ਆਪਣਾ ਖਾਣਾ ਕਾਹਲੀ ਨਾਲ ਹੱਪ-ਹੱਪ ਕਰਕੇ ਖਾਧਾ ਅਤੇ ਨੱਠਦਾ ਹੋਇਆ ਦੂਜੇ ਕਮਰੇ ਵਿੱਚ ਚਲਾ ਗਿਆ। ਉਹਨੇ ਆਪਣੀ ਪਤਲੂਨ ਪੇਟੀ ਪਿੱਛੇ ਵਗਾਹ ਮਾਰੀ ਅਤੇ ਸਿੱਧਾ ਬਿਸਤਰੇ ਵਿੱਚ ਵੜ ਗਿਆ, ਮਾਂ ਦੀ ਸ਼ਤਰੰਜੀ ਰਜ਼ਾਈ ਹੇਠ। ਉਹ ਉੱਥੇ ਬੜਾ ਅਹਿਲ ਪਿਆ ਸੀ, ਅੱਬਾ ਨੂੰ ਉਡੀਕਦਾ ਕਿ ਉਹ ਆਵੇ ਤਾਂ ਉਹਨੂੰ ਲਾਮ ਬਾਰੇ ਦੱਸੇ।
ਦਾਦਾ ਪਵਿੱਤਰ ਮੂਰਤਾਂ ਸਾਹਮਣੇ ਝੁਕਿਆ ਹੋਇਆ ਸੀ, ਦੁਆਵਾਂ ਬੁੜਬੁੜਾਉਂਦਾ, ਐਨ ਫਰਸ਼ ਤੱਕ ਝੁਕਦਾ। ਮੀਸ਼ਾ ਨੇ ਵੇਖਣ ਲਈ ਆਪਣਾ ਸਿਰ ਚੁੱਕਿਆ।ਆਪਣਾ ਖੱਬਾ ਹੱਥ ਫ਼ਰਸ਼ ਉੱਤੇ ਟਿਕਾ ਕੇ ਦਾਦਾ ਔਖਾ ਹੋਕੇ ਅੱਗੇ ਵੱਲ ਝੁਕਿਆ, ਇੱਥੋਂ ਤੱਕ ਕਿ ਉਹਦਾ ਸਿਰ ਠੱਕ ਕਰਕੇ ਫ਼ਰਸ਼ ਨਾਲ ਲੱਗਾ। ਐਨ ਉਸ ਘੜੀ ਮੀਸ਼ਕਾ ਨੇ ਆਪਣੀ ਅਰਕ ਨਾਲ ਕੰਧ 'ਤੇ ਠੱਕ-ਠੱਕ ਕੀਤੀ।
ਦਾਦੇ ਨੇ ਫਿਰ ਕੁੱਝ ਚਿਰ ਦੁਆਵਾਂ ਬੁੜਬੁੜਾਈਆਂ ਅਤੇ ਫਿਰ ਆਪਣਾ ਸਿਰ ਫ਼ਰਸ਼ ਤੱਕ ਨਿਵਾਇਆ—ਠੱਕ ! ਅਤੇ ਇੱਕ ਵਾਰ ਫਿਰ ਮੀਸ਼ਾ ਨੇ ਆਪਣੀ ਅਰਕ ਕੰਧ ਨਾਲ ਮਾਰੀ—ਠੱਕ! ਦਾਦਾ ਗ਼ੁੱਸੇ ਹੋ ਗਿਆ।
“ਮੈਂ ਤੈਨੂੰ ਦੱਸਨਾਂ, ਭੂਤਨੇ, ਰੱਬ ਮੇਰੇ ’ਤੇ ਰਹਿਮ ਕਰੇ ! ਇੱਕ ਵਾਰ ਹੋਰ ਕੰਧ ਉਤੇ ਠੱਕ ਕਰ ਤੇ ਮੈਂ ਤੈਨੂੰ ਚੰਗੀ ਤਰ੍ਹਾਂ ਠੋਕਾਂਗਾ!”
ਜ਼ਰੂਰ ਹੀ ਮੁਸੀਬਤ ਖੜ੍ਹੀ ਹੋ ਜਾਂਦੀ ਪਰ ਐਨ ਉਸ ਸਮੇਂ ਅੱਬਾ ਅੰਦਰ ਆ ਗਿਆ।
“ਤੂੰ ਇੱਥੇ ਕੀ ਕਰ ਰਿਹੈਂ, ਮਿਨਕਾ," ਅੱਬਾ ਨੇ ਪੁੱਛਿਆ।
“ਮੈਂ ਹਮੇਸ਼ਾ ਅੰਮਾਂ ਨਾਲ ਸੌਦਾਂ।”
ਅੱਬਾ ਮੰਜੇ ਦੀ ਬਾਹੀ ’ਤੇ ਬਹਿ ਗਿਆ। ਕੁਝ ਚਿਰ ਉਹਨੇ ਕੁੱਝ ਨਾ ਕਿਹਾ, ਬੱਸ ਆਪਣੀਆਂ ਮੁੱਛਾਂ ਨੂੰ ਵੱਟ ਦੇਂਦਾਂ ਉੱਥੇ ਬੈਠਾ ਰਿਹਾ। ਅਖ਼ੀਰ ਉਹਨੇ ਸਲਾਹ ਦਿੱਤੀ।
“ਮੇਰਾ ਖ਼ਿਆਲ ਸੀ ਤੂੰ ਦਾਦੇ ਨਾਲ ਸੌਂਵੇਂਗਾ, ਰਸੋਈ ਵਿੱਚ।”
“ਮੈਂ ਦਾਦੇ ਨਾਲ਼ ਨਹੀਂ ਸੌਣਾ ਚਾਹੁੰਦਾ।”
“ਕਿਉਂ ? ”
“ਕਿਉਂਕਿ ਉਹਦੀ ਮੁੱਛ— ਉਸ ਵਿੱਚੋਂ ਤਾਂ ਬੱਸ ਤੰਬਾਕੂ ਦੀ ਸੜਿਹਾਂਦ ਆਉਂਦੀ ਏ।”
ਅੱਬਾ ਨੇ ਹਉਂਕਾ ਭਰਿਆ ਅਤੇ ਆਪਣੀ ਮੁੱਛ ਨੂੰ ਫਿਰ ਤਾਅ ਦਿੱਤਾ।
“ਕੁੱਝ ਵੀ ਹੋਵੇ ਪੁੱਤਰ, ਚੰਗੀ ਗੱਲ ਇਹੋ ਏ ਕਿ ਤੂੰ ਦਾਦੇ ਨਾਲ ਸੌਂ।”
ਮੀਸ਼ਾ ਨੇ ਕੰਬਲ ਆਪਣੇ ਸਿਰ ਉੱਤੇ ਖਿੱਚ ਲਿਆ, ਫਿਰ ਖ਼ਫਗੀ ਨਾਲ ਬੁੜਬੁੜ ਕਰਨ ਲਈ ਝਾਕਿਆ।
“ਕੱਲ ਤੂੰ ਮੇਰੀ ਥਾਂ ਸੁੱਤਾ ਸੀ ਤੇ ਹੁਣ ਤੂੰ ਫਿਰ ਇਹ ਚਾਹੁਨੈਂ।ਜਾ ਤੇ ਆਪਣੇ ਦਾਦੇ ਨਾਲ ਸੌਂ।” ਅਚਾਨਕ ਬੈਠ ਕੇ ਉਹਨੇ ਅੱਬਾ ਦਾ ਸਿਰ ਹੇਠਾਂ ਖਿੱਚਿਆ ਅਤੇ ਉਹਦੇ ਕੰਨ ਵਿੱਚ ਬੁੜਬੁੜਾਇਆ। “ਚੰਗਾ ਹੋਵੇ ਤੂੰ ਦਾਦੇ ਨਾਲ ਸੌਂ ਜਾ, ਕਿਉਂਕਿ ਅੰਮਾਂ ਨੇ ਤਾਂ ਤੇਰੇ ਨਾਲ ਸੌਣਾ ਈ ਨਹੀਂ।ਤੇਰੇ ਤੋਂ ਵੀ ਤੰਬਾਕੂ ਦੀ ਬੋ ਆਉਂਦੀ ਏ।”
“ਚੰਗਾ, ਫਿਰ ਮੈਂ ਜਾਕੇ ਦਾਦੇ ਨਾਲ਼ ਸੰਵਾਂਗਾ। ਫਿਰ ਮੈਂ ਤੈਨੂੰ ਲਾਮ ਬਾਰੇ ਕਹਾਣੀਆਂ ਨਹੀਂ ਸੁਣਾਉਣ ਲੱਗਾ।”
ਅੱਬਾ ਉੱਠਿਆ ਅਤੇ ਰਸੋਈ ਵੱਲ ਚੱਲ ਪਿਆ।
“ਅੱਬਾ!”
“ਕੀ ਗੱਲ ਏ ? ’
“ਜੇ ਚਾਹੇ ਤਾਂ ਇਥੇ ਸੌਂ ਜਾ," ਮੀਸ਼ਾ ਨੇ ਸਬਰ ਦਾ ਘੁੱਟ ਭਰਦੇ ਹੋਏ ਬਿਸਤਰੇ ਵਿੱਚੋਂ ਨਿੱਕਲਦਿਆਂ ਕਿਹਾ। “ਹੁਣ ਤਾਂ ਤੂੰ ਮੈਨੂੰ ਲਾਮ ਬਾਰੇ ਦੱਸੇਂਗਾ ਨਾ ?
“ਹਾਂ, ਹੁਣ ਮੈਂ ਦੱਸਾਂਗਾ।”
ਦਾਦਾ ਪਹਿਲੋਂ ਬਿਸਤਰੇ ਵਿੱਚ ਵੜਿਆ, ਬਾਹਰਵਾਰ ਮੀਸ਼ਾ ਲਈ ਥਾਂ ਛੱਡ ਕੇ। ਕੁੱਝ ਚਿਰ ਪਿੱਛੋਂ ਅੱਬਾ ਰਸੋਈ ਵਿੱਚ ਆਇਆ, ਇੱਕ ਬੈਂਚ ਉਹਨਾਂ ਦੇ ਨੇੜੇ ਕੀਤਾ ਅਤੇ ਬਹਿ ਗਿਆ। ਉਹਨੇ ਆਪਣੀ ਇੱਕ ਭੈੜੀ ਬੋ ਵਾਲੀ ਸਿਗਰਟ ਲਾਈ ਹੋਈ ਸੀ।
“ਸੋ, ਮਾਮਲਾ ਇਉਂ ਸੀ। ਤੈਨੂੰ ਚੇਤੇ ਏ ਸਾਡੇ ਗਾਹ ਦੇ ਪਿੜ ਦੇ ਨੇੜੇ ਦਾ ਖੇਤ ਹਟਵਾਣੀਏ ਦਾ ਹੁੰਦਾ ਸੀ ?"
ਹਾਂ, ਮੀਸ਼ਾ ਨੂੰ ਚੇਤੇ ਸੀ- ਉਹਨੂੰ ਚੇਤੇ ਸੀ ਕਿਵੇਂ ਉਹਨੂੰ ਕਣਕ ਦੀਆਂ ਉੱਚੀਆਂ, ਖ਼ੁਸ਼ਬੋਦਾਰ ਪਾਲਾਂ ਵਿਚਕਾਰ ਨੱਠਣਾ ਚੰਗਾ ਲਗਦਾ ਸੀ।ਉਹਨੇ ਤਾਂ ਬਸ ਗਾਹ ਦੇ ਪਿੜ ਦਾ ਪੱਥਰ ਦਾ ਜੰਗਲਾ ਹੀ ਪਾਰ ਕਰਨਾ ਹੁੰਦਾ ਅਤੇ ਉਹ ਉੱਥੇ ਅੱਪੜ ਜਾਂਦਾ, ਐਨ ਕਣਕ ਦੇ ਵਿਚਕਾਰ । ਕਣਕ ਉਹਦੇ ਨਾਲੋਂ ਉੱਚੀ ਸੀ ਅਤੇ ਉਹਨੂੰ ਉੱਕਾ ਹੀ ਲੁਕਾ ਲੈਂਦੀ। ਭਾਰੇ, ਕਾਲੇ ਬੁੰਬਲਾਂ ਵਾਲੇ ਸਿੱਟੇ ਉਹਦੀਆਂ ਗੱਲ੍ਹਾਂ ਉੱਤੇ ਕੁਤਕੁਤਾੜੀਆਂ ਕੱਢਦੇ ਅਤੇ ਉੱਥੇ, ਮਿੱਟੀ, ਡੇਜ਼ੀ ਦੇ ਫੁੱਲਾਂ ਅਤੇ ਸਤੇਪੀ ਦੀ ਖੁਸ਼ਬੋ ਫੈਲੀ ਹੁੰਦੀ।
“ਮੀਸ਼ਾ,” ਉਹਦੀ ਮਾਂ ਅਵਾਜ਼ ਦੇਂਦੀ, “ਕਣਕ ਵਿੱਚ ਬਹੁਤ ਦੂਰ ਨਾ ਜਾ, , ਤੂੰ ਰਾਹ ਭੁੱਲ ਜਾਵੇਂਗਾ।”
“ਹਾਂ,” ਅੱਬਾ ਨੇ ਕੁੱਝ ਚਿਰ ਪਿੱਛੋਂ ਪਿਆਰ ਨਾਲ ਮੀਸ਼ਾ ਦੇ ਵਾਲ ਥਪਕਦੇ ਹੋਏ ਕਿਹਾ, ‘ਤੇ ਤੈਨੂੰ ਉਹ ਵੀ ਚੇਤੇ ਏ ਜਦੋਂ ਅਸੀਂ ਸਵਾਰ ਹੋਏ ਰੇਤਲੀ ਪਹਾੜੀ ਦੇ ਕੋਲੋਂ ਲੰਘੇ ਸਾਂ, ਤੂੰ ਤੇ ਮੈਂ, ਉਸ ਖੇਤ ਵੱਲ ਜਿਥੇ ਸਾਡੀ ਕਣਕ ਉਗੀ ਹੋਈ ਸੀ ? ”
ਮੀਸ਼ਾ ਨੂੰ ਇਹ ਵੀ ਚੇਤੇ ਸੀ, ਰੇਤਲੀ ਪਹਾੜੀ ਤੋਂ ਪਾਰ, ਸੜਕ ਦੇ ਕੰਢੇ ਉਹਨਾਂ ਦਾ ਤੰਗ, ਟੇਢਾ ਮੇਢਾ ਨਿੱਕਾ ਜਿਹਾ ਖੇਤ, ਅਤੇ ਉਸ ਦਿਨ ਜਦੋਂ ਉਹ ਅੱਬਾ ਨਾਲ ਉੱਥੇ ਗਿਆ ਸੀ ਤਾਂ ਉਸਨੇ ਵੇਖਿਆ ਕਿ ਕਿਸੇ ਦੇ ਪਸ਼ੂਆਂ ਨੇ ਕਣਕ ਮਧੋਲ ਦਿੱਤੀ ਸੀ। ਸਿੱਟਿਆਂ ਤੋਂ ਬਿਨਾਂ ਨਾੜੀਆਂ, ਹਵਾ ਵਿੱਚ ਝੂਲ ਰਹੀਆਂ ਸਨ; ਅਤੇ ਭੋਂ ਉੱਤੇ ਖਿੰਡੇ, ਟੁੱਟੇ ਸਿੱਟੇ ਮਿੱਟੀ ਵਿੱਚ ਮਿਲੇ ਹੋਏ ਸਨ। ਅੱਬਾ ਦਾ ਮੂੰਹ ਭਿਆਨਕ ਢੰਗ ਨਾਲ ਵਲਿਸਿਆ ਗਿਆ ਸੀ ਅਤੇ ਉਹਦੀਆਂ ਮਿੱਟੀ ਲੱਦੀਆਂ ਗੱਲ੍ਹਾਂ ਉੱਤੇ ਕੁਝ ਹੰਝੂ ਰਿੜ੍ਹ ਪਏ ਸਨ— ਅੱਬਾ ਦੀਆਂ ਗੱਲ੍ਹਾਂ ਉੱਤੇ, ਮੀਸ਼ਾ ਦੇ ਵੱਡੇ, ਤਕੜੇ ਅੱਬਾ ਦੀਆਂ ਗੱਲ੍ਹਾਂ ਉੱਤੇ ! ਇਸ ਗੱਲ ਨੇ ਮੀਸ਼ਾ ਨੂੰ ਵੀ ਰਵਾ ਦਿੱਤਾ ਸੀ।
ਘਰ ਮੁੜਦਿਆਂ ਅੱਬਾ ਨੇ ਹਟਵਾਣੀਆਂ ਦੇ ਖੇਤ ਦੇ ਪਹਿਰੇਦਾਰ ਫ਼ੇਦੋਤ ਤੋਂ ਪੁੱਛਿਆ ਸੀ।
“ਮੇਰਾ ਖੇਤ ਕਿਸਨੇ ਉਜਾੜਿਐ ?
ਅਤੇ ਫ਼ੇਦੋਤ ਨੇ ਥੁੱਕਿਆ ਸੀ ਅਤੇ ਜਵਾਬ ਦਿੱਤਾ ਸੀ।
“ਹਟਵਾਣੀਆਂ ਇੱਥੋਂ ਲੰਘਿਆ ਸੀ, ਉਹ ਕੁੱਝ ਪਸ਼ੂ ਹੱਕ ਕੇ ਮੰਡੀ ਲਿਜਾ ਰਿਹਾ ਸੀ ਅਤੇ ਉਹਨੇ ਉਹ ਤੇਰੇ ਖੇਤ ਵਿੱਚੋਂ ਲੰਘਾਏ। ਜਾਣ ਬੁੱਝ ਕੇ।”
ਅੱਬਾ ਨੇ ਬੈਂਚ ਹੋਰ ਨੇੜੇ ਕਰ ਲਿਆ।
“ਹਟਵਾਣੀਆ ਅਤੇ ਹੋਰ ਢਿੱਡਲ, ਉਹ ਸਾਰੀ ਭੋਂ ਹੱੜਪ ਲੈਂਦੇ ਤੇ ਗ਼ਰੀਬਾਂ ਕੋਲ ਆਪਣਾ ਅਨਾਜ ਉਗਾਉਣ ਲਈ ਕੋਈ ਥਾਂ ਨਹੀਂ ਸੀ ਰਹਿੰਦੀ ਤੇ ਸਭ ਥਾਂ ਮਾਮਲਾ ਇਸੇ ਤਰ੍ਹਾਂ ਹੀ ਸੀ— ਸਿਰਫ਼ ਸਾਡੇ ਪਿੰਡ ਹੀ ਅਜਿਹਾ ਨਹੀਂ ਸੀ।ਓਹ, ਪਰ ਉਹ ਸਾਡੇ ਨਾਲ ਡਾਢੀ ਕਰਦੇ, ਉਹਨੀਂ ਦਿਨੀਂ। ਸਾਡੇ ਕੋਲ ਗੁਜ਼ਾਰਾ ਕਰਨ ਲਈ ਕੁੱਝ ਨਹੀਂ ਸੀ। ਸੋ ਮੈਂ ਪਿੰਡ ਦੇ ਡੰਗਰ ਚਾਰਨ ਦੀ ਨੌਕਰੀ ਕਰ ਲਈ, ਤੇ ਫਿਰ ਮੈਨੂੰ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ। ਫ਼ੌਜ ਵਿੱਚ ਵੀ ਹਾਲਤ ਮਾੜੀ ਸੀ। ਨਿੱਕੀ ਨਿੱਕੀ ਗੱਲ 'ਤੇ ਅਫ਼ਸਰ ਸਾਨੂੰ ਕੁੱਟਦੇ। ਸੋ, ਫਿਰ ਬਾਲਸ਼ਵਿਕ ਆ ਗਏ ਤੇ ਉਹਨਾਂ ਦਾ ਇੱਕ ਲੀਡਰ ਸੀ ਜਿਸਦਾ ਨਾਂ ਲੈਨਿਨ ਸੀ। ਵੇਖਣ ਨੂੰ ਤਾਂ ਕੋਈ ਬਹੁਤਾ ਵੱਡਾ ਨਹੀਂ ਸੀ ਪਰ ਲੋਹੜੇ ਦਾ ਸਿਆਣਾ ਸੀ, ਇਹਦੇ ਬਾਵਜੂਦ ਕਿਸਾਨੀ ਦਾ ਜੰਮ-ਪਲ ਸੀ—ਐਨ ਤੇਰੇ ਤੇ ਮੇਰੇ ਵਾਂਗ ਤੇ ਉਹ ਬਾਲਸ਼ਵਿਕ ਅਜਿਹੀਆਂ ਗੱਲਾਂ ਕਹਿੰਦੇ ਕਿ ਤੁਸੀਂ ਬਸ ਖੜ੍ਹੇ ਰਹੋ ਤੇ ਮੂੰਹ ਟੱਡੀ ਜਾਓ। ‘ਮਜ਼ਦੂਰੋ ਤੇ ਕਿਸਾਨੋ, ਤੁਸੀਂ ਕੀ ਸੋਚ ਰਹੇ ਹੋ ? ' ਉਹ ਕਹਿੰਦੇ। ‘ਇਹਨਾਂ ਸਾਰੇ ਰਾਠਾਂ ਤੇ ਅਫ਼ਸਰਾਂ ਦਾ ਹੂੰਝਾ ਫੇਰ ਦਿਓ ਤੇ ਉਹਨਾਂ ਨੂੰ ਸਦਾ ਲਈ ਨਠਾ ਦਿਓ। ਸਭ ਕੁੱਝ ਤੁਹਾਡਾ ਹੈ।'
“ਉਹ ਸਾਡੇ ਨਾਲ ਇਉਂ ਗੱਲਾਂ ਕਰਦੇ ਤੇ ਅਸੀਂ ਕੁਝ ਵੀ ਨਾ ਕਹਿ ਸਕਦੇ। ਕਿਉਂਕਿ ਜਦੋਂ ਅਸਾਂ ਸਾਰੀ ਗੱਲ ਵਿਚਾਰੀ, ਅਸੀਂ ਵੇਖ ਲਿਆ ਕਿ ਉਹ ਠੀਕ ਸਨ। ਸੋ ਅਸੀਂ ਭੋਂ ਤੇ ਜਗੀਰਾਂ ਮਾਲਕਾਂ ਤੋਂ ਖੋਹ ਲਈਆਂ। ਬਸ ਮਾਲਕ, ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ। ਉਹ ਆਪਣੀ ਭੋਂ ਬਿਨਾਂ ਖ਼ੁਸ਼ ਨਹੀਂ ਸਨ ਰਹਿ ਸਕਦੇ। ਉਹ ਤਾਂ ਉੱਕਾ ਝਲਿਆ ਹੀ ਗਏ ਤੇ ਸਾਡੇ ਖ਼ਿਲਾਫ਼ ਲੜਾਈ ਛੇੜ ਦਿੱਤੀ—ਮਜ਼ਦੂਰਾਂ ਅਤੇ ਕਿਸਾਨਾਂ ਦੇ ਖ਼ਿਲਾਫ਼। ਸੋ ਵੇਖਿਆ, ਪੁੱਤਰ, ਮਾਮਲਾ ਇਉਂ ਸੀ।
“ਅਤੇ ਉਸੇ ਲੈਨਿਨ ਨੇ, ਬਾਲਸ਼ਵਿਕਾਂ ਦੇ ਵੱਡੇ ਨੇ, ਲੋਕਾਂ ਨੂੰ ਇਉਂ ਉਭਾਰਿਆ ਜਿਵੇਂ ਤੁਸੀਂ ਹਲ ਨਾਲ ਭੋਂ ਵਿੱਚ ਸਿਆੜ ਕੱਢਦੇ ਓ।ਉਹਨੇ ਕਿਰਤੀਆਂ ਅਤੇ ਫ਼ੌਜੀਆਂ ਨੂੰ ਉਭਾਰਿਆ ਤੇ ਉਹ ਕਿਵੇਂ ਮਾਲਕਾਂ ਉੱਤੇ ਟੁੱਟ ਕੇ ਪੈ ਗਏ ! ਤੇ ਫਿਰ ਖ਼ੂਬ ਕੁੱਕੜ-ਖੋਹ ਹੋਈ! ਫ਼ੌਜੀਆਂ ਅਤੇ ਕਿਰਤੀਆਂ ਨੂੰ ਲਾਲ ਗਾਰਡ ਕਿਹਾ ਜਾਣ ਲੱਗ ਪਿਆ।ਤੇ ਮੈਂ ਵੀ ਲਾਲ ਗਾਰਡਾਂ ਵਿੱਚ ਸਾਂ। ਅਸੀਂ ਇੱਕ ਬਹੁਤ ਵੱਡੇ ਮਕਾਨ ਵਿੱਚ ਰਹਿੰਦੇ ਸਾਂ, ਉਹਨੂੰ ਸਮੋਲਨੀ ਕਹਿੰਦੇ ਸਨ। ਜੇ ਕਿਤੇ ਤੂੰ ਉਹਦੇ ਬਹੁਤ ਲੰਮੇ ਹਾਲ ਵੇਖੇ ਹੁੰਦੇ, ਪੁੱਤਰ, ਤੇ ਕਮਰੇ, ਬੰਦਾ ਉੱਥੇ ਗੁਆਚ ਈ ਜਾਏ।
“ਮੈਂ ਇੱਕ ਦਿਨ ਪਹਿਰਾ ਦੇ ਰਿਹਾ ਸਾਂ, ਸਾਹਮਣੇ ਦਰਵਾਜ਼ੇ ਕੋਲ੍ਹ। ਬਹੁਤ ਹੀ ਠੰਢ ਸੀ ਤੇ ਮੇਰੇ ਕੋਲ ਨਿੱਘੇ ਰਹਿਣ ਲਈ ਬਸ ਮੇਰਾ ਫ਼ੌਜੀ ਕੋਟ ਈ ਸੀ। ਇਉਂ ਜਾਪਦਾ ਜਿਵੇਂ ਹਵਾ ਮੇਰੇ ਵਿੱਚੋਂ ਵਹਿੰਦੀ ਜਾ ਰਹੀ ਏ ਤੇ ਫਿਰ ਦੋ ਜਣੇ ਦਰਵਾਜ਼ੇ ਵਿੱਚੋਂ ਬਾਹਰ ਆਏ। ਉਹ ਮੇਰੇ ਕੋਲੋਂ ਲੰਘੇ ਤਾਂ ਮੈਂ ਵੇਖਿਆ ਉਹਨਾਂ ਵਿੱਚੋਂ ਇੱਕ ਲੈਨਿਨ ਸੀ। ਉਹ ਸਿੱਧਾ ਮੇਰੇ ਕੋਲ ਆਇਆ ਅਤੇ ਮਿੱਤਰਾਂ ਵਾਂਗ ਪੁੱਛਣ ਲੱਗਾ।
“ਕਿਉਂ ਸਾਥੀ, ਤੈਨੂੰ ਠੰਢ ਨਹੀਂ ਲੱਗਦੀ ? ”
ਤੇ ਮੈਂ ਉਹਨੂੰ ਕਿਹਾ।
“ਨਹੀਂ, ਸਾਥੀ ਲੈਨਿਨ, ਠੰਢ ਸਾਨੂੰ ਹਰਾ ਨਹੀਂ ਸਕਦੀ ਤੇ ਨਾ ਹੀ ਕੋਈ ਦੁਸ਼ਮਣ। ਜਦੋਂ ਇੱਕ ਵਾਰ ਅਸਾਂ ਸੱਤ੍ਹਾ ਆਪਣੇ ਹੱਥ ਲੈ ਲਈ ਤਾਂ ਅਸੀਂ ਇਹ ਬੁਰਜੂਆਜ਼ੀਆਂ ਨੂੰ ਉੱਕਾ ਹੀ ਮੋੜਨ ਨਹੀਂ ਲੱਗੇ।”
“ਉਹ ਹੱਸਿਆ ਅਤੇ ਨਿੱਘ ਨਾਲ ਮੇਰੇ ਨਾਲ ਹੱਥ ਮਿਲਾਇਆ, ਫਿਰ ਉਹ ਫਾਟਕ ਵੱਲ ਚਲਾ ਗਿਆ।”
ਉਹਦਾ ਅੱਬਾ ਚੁੱਪ ਹੋ ਗਿਆ। ਉਹਨੇ ਆਪਣੀ ਤੰਬਾਕੂ ਵਾਲ਼ੀ ਗੁੱਥੀ ਅਤੇ ਕਾਗਜ਼ ਦਾ ਇੱਕ ਟੋਟਾ ਕੱਢਿਆ ਅਤੇ ਆਪਣੇ ਲਈ ਮਰੋੜ ਕੇ ਨਵੀਂ ਸਿਗਰਟ ਬਣਾਈ। ਜਦੋਂ ਉਹਨੇ ਸਿਗਰਟ ਲਾਉਣ ਲਈ ਮਾਚਸ ਬਾਲੀ ਤਾਂ ਮੀਸ਼ਾ ਨੇ ਵੇਖਿਆ ਕਿ ਉਹਦੀ ਖਰ੍ਹਵੀ ਲਾਲ ਮੁੱਛ ਉੱਤੇ ਇੱਕ ਹੰਝੂ ਲਿਸ਼ਕ ਰਿਹਾ ਸੀ- ਉਹਨਾਂ ਤੁਪਕਿਆਂ ਜਿਹਾ, ਜਿਹੜੇ ਤੁਸੀਂ ਸਵੇਰੇ ਭੱਖੜੇ ਦੇ ਪੱਤਿਆਂ ਤੋਂ ਲਮਕਦੇ ਵੇਖ ਸਕਦੇ ਹੋ।
“ਅਜਿਹਾ ਸੀ ਉਹ। ਉਹਦੇ ਲਈ ਹਰ ਕਿਸੇ ਦੀ ਕਦਰ ਏ। ਉਹ ਹਰ ਫ਼ੌਜੀ ਬਾਰੇ ਫ਼ਿਕਰ ਕਰਦੈ, ਆਪਣੇ ਪੂਰੇ ਦਿਲ ਨਾਲ। ਉਸ ਦਿਨ ਤੋਂ ਪਿੱਛੋਂ ਮੈਂ ਅਕਸਰ ਵੇਖਿਆ। ਉਹ ਲੰਘ ਰਿਹਾ ਹੁੰਦਾ, ਮੈਨੂੰ ਦੂਰੋਂ ਪਛਾਣ ਲੈਂਦਾ ਤੇ ਉਹ ਮੁਸਕਰਾਉਂਦਾ ਤੇ ਕਹਿੰਦਾ।
“ਸੋ ਬੁਰਜੂਆਜ਼ੀ ਸਾਨੂੰ ਨਹੀਂ ਹਰਾਏਗੀ, ਹੈਂ ?
“ਨਹੀਂ ਸਾਥੀ ਲੈਨਿਨ, ਮੈਂ ਉਹਨੂੰ ਕਹਿੰਦਾ।”
“ਤੇ ਪੁੱਤਰ ਸਭ ਕੁੱਝ ਉਸੇ ਤਰਾਂ ਹੋਇਆ ਜਿਵੇਂ ਉਹਨੇ ਕਿਹਾ ਸੀ। ਅਸਾਂ ਭੋਂ ਤੇ ਕਾਰਖ਼ਾਨਿਆਂ ਉੱਤੇ ਕਬਜ਼ਾ ਕਰ ਲਿਆ ਅਤੇ ਢਿੱਡਲਾਂ ਤੇ ਲੋਕਾਂ ਨੂੰ ਨਠਾ ਦਿੱਤਾ। ਵੱਡਾ ਹੋ ਕੇ ਇਹ ਨਾ ਭੁੱਲੀਂ ਕਿ ਤੇਰਾ ਅੱਬਾ ਜਹਾਜ਼ੀ ਸੀ ਤੇ ਉਹ ਚਾਰ ਲੰਮੇ ਵਰ੍ਹੇ ਕਮਿਊਨ ਲਈ ਲੜਦਾ ਰਿਹਾ। ਮੈਂ ਕਿਸੇ ਦਿਨ ਮਰ ਜਾਵਾਂਗਾ ਤੇ ਲੈਨਿਨ ਵੀ, ਪਰ ਜਿਹੜੀਆਂ ਗੱਲਾਂ ਲਈ ਅਸੀਂ ਲੜੇ ਉਹ ਸਦਾ ਜਿਊਂਦੀਆਂ ਰਹਿਣਗੀਆਂ।ਵੱਡਾ ਹੋਕੇ ਤੂੰ ਵੀ ਆਪਣੇ ਅੱਬਾ ਵਾਂਗ ਸੋਵੀਅਤਾਂ ਲਈ ਲੜੇਂਗਾ ?"
“ਜ਼ਰੂਰ ਲੜਾਂਗਾ,” ਮੀਸ਼ਾ ਕੂਕਿਆ ਅਤੇ ਆਪਣੀਆਂ ਬਾਹਾਂ ਆਪਣੇ ਅੱਬਾ ਦੇ ਗਲ ਦੁਆਲੇ ਵਲਣ ਲਈ ਉੱਛਲ ਕੇ ਬਿਸਤਰੇ ਵਿੱਚ ਬਹਿ ਗਿਆ। ਬਸ ਉਹ ਆਪਣੇ ਨਾਲ ਲੇਟੇ ਦਾਦੇ ਨੂੰ ਤਾਂ ਭੁੱਲ ਹੀ ਗਿਆ ਆਪਣਾ ਪੈਰ ਬੁੱਢੇ ਦੇ ਢਿੱਡ ਵਿੱਚ ਮਾਰ ਦਿੱਤਾ।
ਦਾਦਾ ਬੜੀ ਭਿਆਨਕ ਤਰ੍ਹਾਂ ਕਰਾਹਿਆ ਅਤੇ ਮੀਸ਼ਾ ਨੂੰ ਬੋਦੀਆਂ ਤੋਂ ਫੜਨ ਦਾ ਯਤਨ ਕੀਤਾ। ਪਰ ਅੱਬਾ ਨੇ ਮੀਸ਼ਾ ਨੂੰ ਝੋਲੀ ਵਿੱਚ ਲੈ ਲਿਆ ਅਤੇ ਦੂਜੇ ਕਮਰੇ ਵਿੱਚ ਲੈ ਗਿਆ। ਕੁੱਝ ਚਿਰ ਪਿੱਛੋਂ, ਅੱਬਾ ਦੀ ਝੋਲੀ ਵਿੱਚ ਹੀ, ਮੀਸ਼ਾ ਸੌਂ ਗਿਆ। ਪਰ ਪਹਿਲਾਂ ਉਹਨੇ ਉਸ ਅਸਧਾਰਨ ਮਨੁੱਖ ਲੈਨਿਨ ਬਾਰੇ, ਬਾਲਸ਼ਵਿਕਾਂ ਬਾਰੇ ਅਤੇ ਜੰਗਾਂ ਅਤੇ ਵੱਡੇ ਜਹਾਜ਼ਾਂ ਬਾਰੇ ਡੂੰਘੀ ਵਿਚਾਰ ਕੀਤੀ। ਉਂਘਲਾਉਂਦੇ ਹੋਏ ਉਹਨੇ ਨੀਵੀਆਂ ਅਵਾਜ਼ਾਂ ਸੁਣੀਆਂ ਅਤੇ ਪਸੀਨੇ ਅਤੇ ਮਾਖੋਰਕਾ1 ਦੀ ਮਿੱਠੀ ਵਾਸ਼ਨਾ ਸੁੰਘੀ। ਫਿਰ ਉਹਦੀਆਂ ਅੱਖਾਂ ਘੁੱਟ ਕੇ ਮੀਚੀਆਂ ਗਈਆਂ ਤੇ ਉਹ ਉਹਨਾਂ ਨੂੰ ਉੱਕਾ ਹੀ ਖੋਲ੍ਹ ਨਾ ਸਕਿਆ—ਜਿਵੇਂ ਕਿਸੇ ਨੇ ਉਹਨਾਂ ਉੱਤੇ ਹੱਥ ਰੱਖ ਦਿੱਤਾ ਹੋਵੇ।
1. ਮਾਖੋਰਕਾ - ਘਰ ਦਾ ਉਗਾਇਆ ਰੂਸੀ ਤੰਬਾਕੂ।
ਅਜੇ ਉਹ ਸੁੱਤਾ ਹੀ ਸੀ ਕਿ ਉਹਦੀਆਂ ਅੱਖਾਂ ਸਾਹਮਣੇ ਇੱਕ ਸ਼ਹਿਰ ਉੱਭਰਿਆ। ਉਹਦੀਆਂ ਸੜਕਾਂ ਚੌੜੀਆਂ ਸਨ ਅਤੇ ਜਿਸ ਪਾਸੇ ਨਿਗਾਹ ਜਾਂਦੀ ਸੁਆਹ ਦੇ ਢੇਰਾਂ ਵਿੱਚ ਮੁਰਗੀਆਂ ਨੱਠਦੀਆਂ ਫਿਰਦੀਆਂ। ਘਰੇ, ਪਿੰਡ ਵਿੱਚ ਵੀ ਬਹੁਤ ਮੁਰਗੀਆਂ ਸਨ, ਪਰ ਸ਼ਹਿਰ ਵਿੱਚ ਤਾਂ ਉਹਨਾਂ ਦਾ ਅੰਤ ਹੀ ਨਹੀਂ ਸੀ। ਮਕਾਨ ਉਹ ਐਨ ਉਹੋ ਜਿਹੇ ਸਨ ਜਿਹੋ ਜਿਹੇ ਅੱਬਾ ਨੇ ਦੱਸੇ ਸਨ। ਇੱਕ ਵੱਡਾ ਮਕਾਨ ਦਿੱਸਦਾ ਸੀ, ਜਿਸ ਉੱਤੇ ਤਾਜ਼ੇ ਸਰਕੰਡੇ ਦੀ ਛੱਤ ਸੀ—ਅਤੇ ਉਹਦੀ ਚਿਮਨੀ ਉੱਤੇ ਇੱਕ ਹੋਰ ਮਕਾਨ ਸੀ ਅਤੇ ਉਹਦੀ ਚਿਮਨੀ ਉੱਤੇ ਇੱਕ ਹੋਰ ਅਤੇ ਸਿਖਰਲੀ ਚਿਮਨੀ ਅਸਮਾਨ ਤੱਕ ਅਪੜਦੀ ਸੀ।
ਅਤੇ ਮੀਸ਼ਕਾ ਸੜਕ ’ਤੇ ਟੁਰਦਾ ਜਾ ਰਿਹਾ ਸੀ, ਚੰਗੇਰੀ ਤਰ੍ਹਾਂ ਵੇਖਣ ਲਈ ਉਹਦਾ ਸਿਰ ਇੱਕ ਪਾਸੇ ਝੁਕਿਆ ਹੋਇਆ ਸੀ ਅਤੇ ਇੱਕ ਮਹਾਨ, ਲੰਮਾ ਬੰਦਾ, ਜਿਸਨੇ ਲਾਲ ਕਮੀਜ਼ ਪਹਿਨੀ ਹੋਈ ਸੀ, ਲੰਮੇ ਡਗ ਭਰਦਾ ਉਹਦੇ ਵੱਲ ਆਇਆ।
“ਤੂੰ ਇਥੇ ਐਵੇਂ ਨਿਕੰਮਾਂ ਕਿਉਂ ਘੁੰਮ ਰਿਹੈਂ, ਮੀਸ਼ਾ ? ” ਉਸ ਬੰਦੇ ਨੇ ਪੁੱਛਿਆ, ਬਹੁਤ ਹੀ ਮਿੱਤਰਾਂ ਵਾਲ਼ੇ ਢੰਗ ਨਾਲ।
“ਦਾਦੇ ਨੇ ਕਿਹੈ ਮੈਂ ਬਾਹਰ ਜਾਕੇ ਖੇਡ ਸਕਦਾਂ," ਮੀਸ਼ਾ ਨੇ ਜਵਾਬ ਦਿੱਤਾ।
“ਸੋ, ਤੂੰ ਜਾਣਦੈਂ ਮੈਂ ਕੌਣ ਆਂ ? "
“ਨਹੀਂ, ਮੈਂ ਨਹੀਂ ਜਾਣਦਾ।”
“ਮੈਂ ਸਾਥੀ ਲੈਨਿਨ ਆਂ।”
ਮੀਸ਼ਾ ਇਨਾਂ ਡਰ ਗਿਆ ਕਿ ਉਹਦੇ ਗੋਡੇ ਕੰਬਣ ਲੱਗ ਪਏ। ਉਹ ਉਥੋਂ ਨੱਠ ਗਿਆ ਹੁੰਦਾ ਪਰ ਲਾਲ ਕਮੀਜ਼ ਵਾਲੇ ਬੰਦੇ ਨੇ ਉਹਦੀ ਕਮੀਜ਼ ਦੀ ਬਾਂਹ ਫੜ ਲਈ ਅਤੇ ਕਿਹਾ :
“ਤੂੰ ਬਹੁਤ ਬੇਸ਼ਰਮ ਏਂ, ਮੀਸ਼ਾ–ਦੋ ਕੌਡੀ ਦੇ ਮੁੱਲ ਦਾ ਨਹੀਂ। ਤੈਨੂੰ ਚੰਗੀ ਤਰ੍ਹਾਂ ਪਤੈ ਮੈਂ ਗਰੀਬ ਲੋਕਾਂ ਲਈ ਲੜ ਰਿਹਾਂ। ਤੂੰ ਮੇਰੀ ਫ਼ੌਜ ਵਿੱਚ ਸ਼ਾਮਲ ਕਿਉਂ ਨਹੀਂ ਹੁੰਦਾ ?"
“ਦਾਦਾ ਮੈਨੂੰ ਸ਼ਾਮਲ ਹੋਣ ਈ ਨਹੀਂ ਦੇਂਦਾ,” ਮੀਸ਼ਾ ਨੇ ਸਮਝਾਇਆ।
“ਇਹ ਵੀ ਖ਼ੂਬ ਰਹੀ,” ਕਾਮਰੇਡ ਲੈਨਿਨ ਨੇ ਕਿਹਾ।“ਪਰਾ ਮੁਸ਼ਕਲ ਤਾਂ ਇਹ ਏ ਕਿ ਤੇਰੇ ਬਗ਼ੈਰ ਗੱਲ ਸੂਤ ਨਹੀਂ ਬੈਠਦੀ। ਤੈਨੂੰ ਮੇਰੀ ਫ਼ੌਜ ਵਿੱਚ ਸ਼ਾਮਲ ਹੋਣਾ ਹੀ ਪਵੇਗਾ, ਇਸ ਤੋਂ ਬਿਨਾਂ ਚਾਰਾ ਨਹੀਂ।”
ਮੀਸ਼ਾ ਨੇ ਸਾਥੀ ਲੈਨਿਨ ਦਾ ਹੱਥ ਫੜ ਲਿਆ ਅਤੇ ਬੜੀ ਦ੍ਰਿੜਤਾ ਨਾਲ ਕਿਹਾ, “ਚੰਗਾ, ਫਿਰ, ਮੈਂ ਦਾਦੇ ਤੋਂ ਪੁੱਛੇ ਬਿਨਾਂ ਤੇਰੀ ਫੌਜ ਵਿੱਚ ਸ਼ਾਮਲ ਹੋ ਜਾਵਾਂਗਾ ਤੇ ਗਰੀਬ ਲੋਕਾਂ ਲਈ ਲੜਾਂਗਾ। ਬਸ ਜੇ ਦਾਦਾ ਮੈਨੂੰ ਕੁੱਟਣ ਲੱਗੇ ਤਾਂ ਤੈਨੂੰ ਮੇਰੀ ਹਮੈਤ ਕਰਨੀ ਪਵੇਗੀ।”
“ਮੈਂ ਜ਼ਰੂਰ ਕਰਾਂਗਾ,” ਸਾਥੀ ਲੈਨਿਨ ਨੇ ਕਿਹਾ ਅਤੇ ਸੜਕੋ-ਸੜਕ ਚਲਾ ਗਿਆ ਅਤੇ ਮੀਸ਼ਾ ਇੰਨਾ ਖੁਸ਼ ਸੀ ਕਿ ਉਹਦਾ ਸਾਹ ਨਾਲ ਸਾਹ ਨਹੀਂ ਸੀ ਮਿਲਦਾ। ਉਹ ਉੱਚੀ ਉੱਚੀ ਬੋਲਣਾ ਚਾਹੁੰਦਾ ਸੀ ਪਰ ਉਹਦੀ ਜੀਭ ਸੁੱਕ ਗਈ ਸੀ ਅਤੇ ਉਹਦੇ ਤਾਲੂ ਨਾਲ ਚਿੰਬੜ ਗਈ ਸੀ।
ਮੀਸ਼ਾ ਨੇ ਅਚਾਨਕ ਬਿਸਤਰੇ ਵਿੱਚ ਉਸਲਵੱਟੇ ਲਏ, ਦਾਦੇ ਨਾਲ ਟਕਰਾਇਆ ਅਤੇ ਜਾਗ ਪਿਆ।
ਦਾਦੇ ਦੇ ਬੁੱਲ ਹਿਲ ਰਹੇ ਸਨ ਅਤੇ ਉਹ ਸੁੱਤਾ-ਸੁੱਤਾ ਕੁੱਝ ਬੁੜ ਬੁੜ ਕਰ ਰਿਹਾ ਸੀ। ਬਾਹਰ ਬਾਰੀ ਵਿੱਚੋਂ ਮੀਸ਼ਾ ਨੂੰ ਛੱਪੜ ਤੋਂ ਪਰ੍ਹਾਂ ਫਿੱਕਾ ਨੀਲਾ ਅਸਮਾਨ ਅਤੇ ਇਹਦੇ ਉੱਤੇ ਪੂਰਬ ਵੱਲੋਂ ਤੈਰਦੀ ਬੱਦਲਾਂ ਦੀ ਗੁਲਾਬੀ ਝੱਗ ਦਿਸ ਰਹੀ ਸੀ।
* * * * * *
ਹੁਣ ਹਰ ਸ਼ਾਮ ਅੱਬਾ ਮੀਸ਼ਾ ਨੂੰ ਜੰਗਾਂ ਬਾਰੇ, ਲੈਨਿਨ ਬਾਰੇ ਅਤੇ ਉਹਨਾਂ ਸਭਨਾਂ ਵੱਖ-ਵੱਖ ਥਾਵਾਂ ਬਾਰੇ ਕਿੱਸੇ ਸੁਣਾਉਂਦਾ ਜਿੱਥੇ ਉਹ ਗਿਆ ਸੀ।
ਸ਼ਨਿਚਰਵਾਰ ਸ਼ਾਮ ਨੂੰ ਪਿੰਡ ਸੋਵੀਅਤ ਦਾ ਚੌਂਕੀਦਾਰ ਇੱਕ ਓਪਰੇ ਬੰਦੇ ਨੂੰ ਉਹਨਾਂ ਦੇ ਘਰ ਲਿਆਇਆ—ਉਹ ਇੱਕ ਠੁਲ੍ਹਾ, ਮਧਰਾ ਬੰਦਾ ਸੀ, ਜਿਸਨੇ ਵੱਡਾ ਫ਼ੌਜੀ ਕੋਟ ਪਹਿਨਿਆ ਹੋਇਆ ਸੀ, ਉਹਦੀ ਕੱਛ ਵਿੱਚ ਚਮੜੇ ਦਾ ਦਫ਼ਤਰੀ ਥੈਲਾ ਸੀ।
“ਇਹ ਸਾਥੀ ਸੋਵੀਅਤ ਅਧਿਕਾਰੀ ਏ,” ਚੌਂਕੀਦਾਰ ਨੇ ਦਾਦੇ ਨੂੰ ਕਿਹਾ। “ਉਹ ਸ਼ਹਿਰੋਂ ਆਇਐ, ਹਾਂ ਸੱਚੀਂ ਤੇ ਇਹ ਰਾਤ ਤੁਹਾਡੇ ਕੋਲ ਰਹੇਗਾ। ਉਹਨੂੰ ਖਾਣਾ ਖਵਾ ਦੇ ਦਾਦਾ।”
“ਉਹ ਤਾਂ ਅਸੀਂ ਕਰ ਸਕਦੇ ਆਂ," ਦਾਦੇ ਨੇ ਕਿਹਾ। “ਇੱਕੋ ਗੱਲ ਏ, ਸ਼੍ਰੀਮਾਨ ਸਾਥੀ, ਤੇਰਾ ਪ੍ਰਮਾਣ-ਪੱਤਰ ਕਿੱਥੇ ਏ।”
ਦਾਦੇ ਦੇ ਗੂੜ੍ਹ-ਗਿਆਨ ’ਤੇ ਹੈਰਾਨ ਰਹਿਕੇ, ਮੀਸ਼ਾ ਉਂਗਲ ਮੂੰਹ ਵਿੱਚ ਪਾਈ, ਸੁਣਨ ਲਈ ਰੁਕ ਗਿਆ।
“ਜਿੰਨੇ ਪ੍ਰਮਾਣ-ਪੱਤਰ ਚਾਹੇਂ ਦਾਦਾ,” ਥੈਲੇ ਵਾਲੇ ਬੰਦੇ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ।ਉਹ ਘਰ ਅੰਦਰ ਜਾਣ ਲਈ ਮੁੜਿਆ।
ਦਾਦਾ ਉਹਦੇ ਪਿੱਛੇ ਗਿਆ ਅਤੇ ਮੀਸ਼ਾ ਦਾਦੇ ਦੇ ਪਿੱਛੇ।
“ਤੂੰ ਸਾਡੇ ਪਿੰਡ ਕੀ ਕਰਨ ਆਇਐਂ ? " ਦਾਦੇ ਨੇ ਪੁੱਛਿਆ।
“ਮੈਂ ਨਵੀਆਂ ਚੋਣਾਂ ਦਾ ਇੰਚਾਰਜ ਆਂ। ਤੁਸਾਂ ਇੱਥੇ ਨਵੀਂ ਚੋਣ ਕਰਨੀ ਏ, ਪਿੰਡ ਸੋਵੀਅਤ ਦੇ ਪ੍ਰਧਾਨ ਤੇ ਮੈਂਬਰਾਂ ਦੀ।
ਕੁੱਝ ਚਿਰ ਪਿੱਛੋਂ ਅੱਬਾ ਘਾਹ ਦੀ ਪਿੜ ਤੋਂ ਮੁੜ ਆਇਆ। ਉਹਨੇ ਓਪਰੇ ਬੰਦੇ ਨਾਲ ਹੱਥ ਮਿਲਾਇਆ ਅਤੇ ਮਾਂ ਨੂੰ ਰਾਤ ਦਾ ਖਾਣਾ ਤਿਆਰ ਕਰਨ ਲਈ ਕਿਹਾ। ਰਾਤ ਦੇ ਖਾਣੇ ਤੋਂ ਪਿੱਛੋਂ ਅੱਬਾ ਤੇ ਓਪਰਾ ਬੰਦਾ ਬੈਂਚ ਉੱਤੇ ਬਹਿ ਗਏ ਅਤੇ ਓਪਰੇ ਬੰਦੇ ਨੇ ਆਪਣਾ ਚਮੜੇ ਦਾ ਥੈਲਾ ਖੋਹਲਿਆ, ਕਾਗ਼ਜ਼ਾਂ ਦਾ ਇੱਕ ਦੱਥਾ ਕੱਢਿਆ ਅਤੇ ਅੱਬਾ ਨੂੰ ਵਿਖਾਇਆ। ਮੀਸ਼ਾ ਦੀ ਜਿੰਨੀ ਨੇੜੇ ਜਾਣ ਦੀ ਹਿੰਮਤ ਪੈਂਦੀ ਸੀ ਉਹ ਉਨਾਂ ਨੇੜੇ ਹੋਕੇ ਝਾਤੀਆਂ ਮਾਰਦਾ ਰਿਹਾ। ਅੱਬਾ ਨੇ ਇੱਕ ਕਾਗ਼ਜ਼ ਫੜਿਆ ਅਤੇ ਇਹ ਮੀਸ਼ਾ ਵੱਲ ਵਧਾਇਆ।
“ਵੇਖ ਮੀਸ਼ਾ,” ਉਹਨੇ ਕਿਹਾ,“ਇਹ ਲੈਨਿਨ ਏ।”
ਮੀਸ਼ਾ ਨੇ ਫ਼ੋਟੋ ਫੜ ਲਈ-ਅਤੇ ਜਦੋਂ ਉਹ ਤਾੜੀ ਲਾ ਕੇ ਇਸ ਵੱਲ ਵੇਖ ਰਿਹਾ ਸੀ, ਉਹਦਾ ਮੂੰਹ ਹੈਰਾਨੀ ਨਾਲ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਫ਼ੋਟੋ ਵਿਚਲਾ ਬੰਦਾ ਲੰਮਾ ਨਹੀਂ ਸੀ ਅਤੇ ਨਾ ਹੀ ਉਹਨੇ ਲਾਲ ਕਮੀਜ਼ ਪਹਿਨੀ ਹੋਈ ਸੀ—ਬਸ ਇੱਕ ਆਮ ਜਿਹਾ ਕੋਟ। ਇੱਕ ਹੱਥ ਉਹਨੇ ਪਤਲੂਨ ਦੀ ਜੇਬ੍ਹ ਵਿੱਚ ਪਾਇਆ ਹੋਇਆ ਸੀ ਅਤੇ ਦੂਜਾ ਅੱਗੇ ਵਧਾਇਆ ਹੋਇਆ ਸੀ, ਜਿਵੇਂ ਰਾਹ ਵਿਖਾ ਰਿਹਾ ਹੋਵੇ।ਬੜੀ ਉਤਾਵਲ ਨਾਲ ਮੀਸ਼ਾ ਨੇ ਫ਼ੋਟੋ ਨੂੰ ਚੰਗੀ ਤਰ੍ਹਾਂ ਵੇਖਿਆ, ਉਹ ਕਮਾਨਹਾਰ ਭਰਵੱਟੇ, ਅੱਖਾਂ ਅਤੇ ਬੁੱਲ੍ਹਾਂ ਵਿੱਚ ਲੁਕੀ ਮੁਸਕਾਨ, ਚਿਤਰੇ ਮੂੰਹ ਦਾ ਹਰ ਵਿਸਥਾਰ ਆਪਣੀ ਯਾਦ ਵਿੱਚ ਅਮਿੱਟ ਤੌਰ 'ਤੇ ਬਿਠਾਉਂਦਾ ਗਿਆ।
ਓਪਰੇ ਬੰਦੇ ਨੇ ਫ਼ੋਟੋ ਲਈ ਹੱਥ ਵਧਾਇਆ, ਇਹਨੂੰ ਆਪਣੇ ਥੈਲੇ ਵਿੱਚ ਰੱਖ ਕੇ ਜੰਦਰਾ ਲਾਇਆ ਅਤੇ ਦੂਜੇ ਕਮਰੇ ਵਿੱਚ ਸੌਣ ਚਲਾ ਗਿਆ। ਉਹਨੇ ਕੱਪੜੇ ਲਾਹੇ ਅਤੇ ਬਿਸਤਰੇ ਵਿੱਚ ਲੇਟ ਗਿਆ, ਆਪਣੇ ਵੱਡੇ ਕੋਟ ਦਾ ਕੰਬਲ ਬਣਾਕੇ, ਪਰ ਉਹਨੂੰ ਝੋਕ ਆਈ ਹੀ ਸੀ ਕਿ ਅਚਾਨਕ ਦਰਵਾਜ਼ਾ ਚੂੰਕਿਆ।
“ਕੌਣ ਏ ? ” ਉਹਨੇ ਆਪਣਾ ਸਿਰ ਚੁੱਕਦੇ ਹੋਏ ਪੁੱਛਿਆ।ਨੰਗੇ ਪੈਰ ਪਿੱਟ-ਪਿੱਟ ਕਰਦੇ ਫਰਸ਼ ਉੱਤੇ ਨੱਠਦੇ ਆਏ।
“ਕੌਣ ਏ ? ” ਓਪਰੇ ਬੰਦੇ ਨੇ ਫ਼ਿਰ ਪੁੱਛਿਆ ਅਤੇ ਫਿਰ ਉਹਨੇ ਵੇਖਿਆ ਕਿ ਇਹ ਮੀਸ਼ਾ ਸੀ ਉਹਦੇ ਮੰਜੇ ਦੇ ਕੋਲ ਖੜ੍ਹਾ।
“ਕੀ ਗੱਲ ਏ, ਮੁੰਡਿਆ ? ” ਉਹਨੇ ਪੁੱਛਿਆ।
ਇੱਕ ਛਿਣ ਮੀਸ਼ਾ ਨੇ ਕੋਈ ਜਵਾਬ ਨਾ ਦਿੱਤਾ। ਅਖ਼ੀਰ, ਹਿੰਮਤ ਕਰਕੇ, ਉਹਨੇ ਮਿਣ-ਮਿਣ ਕੀਤੀ।
“ਵੇਖੋ ਸ਼੍ਰੀਮਾਨ ਜੀ-ਆਪਣਾ ਲੈਨਿਨ ਮੈਨੂੰ ਦੇ ਦਿਓ।”
ਓਪਰੇ ਬੰਦੇ ਨੇ ਕੁੱਝ ਨਾ ਕਿਹਾ, ਬਸ ਆਪਣੇ ਮੰਜੇ ਤੋਂ ਮੀਸ਼ਾ ਵੱਲ ਇੱਕ ਸਾਰ ਵੇਖੀ ਗਿਆ। ਮੀਸ਼ਾ ਬਹੁਤ ਹੀ ਡਰ ਗਿਆ। ਫ਼ਰਜ਼ ਕਰੋ ਓਪਰਾ ਬੰਦਾ ਕਮੀਨਾ ਹੋਵੇ ? ਫ਼ਰਜ਼ ਕਰੋ ਉਹ ਨਾਂਹ ਕਰ ਦੇਵੇ ? ਆਪਣੀ ਉਤਾਵਲ ਵਿੱਚ ਲਫ਼ਜ਼ਾਂ ਉੱਤੇ ਥਿੜਕਦੇ ਹੋਏ, ਆਪਣੀ ਅਵਾਜ਼ ਨੂੰ ਕੰਬਣੋਂ ਰੋਕਣ ਦਾ ਪੂਰਾ ਯਤਨ ਕਰਦੇ ਹੋਏ ਮੀਸ਼ਾ ਨੇ ਮਿਣ ਮਿਣ ਕੀਤੀ।
“ਉਹਨੂੰ ਮੈਨੂੰ ਦੇ ਦਿਓ, ਹਮੇਸ਼ਾ ਲਈ। ਮੈਂ ਤੁਹਾਨੂੰ ਆਪਣਾ ਟੀਨ ਦਾ ਡੱਬਾ ਦੇ ਦਿਆਂਗਾ, ਸੱਚਮੁੱਚ ਸੋਹਣਾ ਡੱਬਾ ਏ, ਤੇ ਆਪਣੀਆਂ ਸਾਰੀਆਂ ਖੇਡਣ ਵਾਲੀਆਂ ਭੇਡ ਦੇ ਪਾਏ ਦੀਆਂ ਹੱਡੀਆਂ ਤੇ”–ਘੋਰ ਨਿਰਾਸ਼ਾ ਨਾਲ ਆਪਣੀ ਬਾਂਹ ਉਲਾਰ ਕੇ-"ਹਾਂ, ਉਹ ਬੂਟ ਵੀ ਜਿਹੜੇ ਅੱਬਾ ਲਿਆਇਐ।”
“ਪਰ ਤੈਨੂੰ ਲੈਨਿਨ ਕਾਹਦੇ ਲਈ ਚਾਹੀਦੈ,” ਓਪਰੇ ਬੰਦੇ ਨੇ ਮੁਸਕਰਾਉਂਦੇ ਹੋਏ ਕਿਹਾ।
ਉਹ ਨਹੀਂ ਮੰਨਣ ਲੱਗਾ, ਮੀਸ਼ਾ ਨੇ ਸੋਚਿਆ। ਆਪਣਾ ਸਿਰ ਨਿਵਾ ਕੇ ਅਤੇ ਆਪਣੇ ਹੰਝੂ ਲੁਕਾਉਣ ਦਾ ਯਤਨ ਕਰਦੇ ਹੋਏ ਉਹਨੇ ਭਾਰੀ ਅਵਾਜ਼ ਵਿੱਚ ਕਿਹਾ :
“ਮੈਨੂੰ ਚਾਹੀਦੈ, ਬਸ ਇੰਨੀ ਈ ਗੱਲ ਏ।”
ਓਪਰਾ ਬੰਦਾ ਹੱਸਿਆ, ਆਪਣਾ ਥੈਲਾ ਸਿਰਹਾਣੇ ਹੇਠੋਂ ਕੱਢਿਆ ਅਤੇ ਮੀਸ਼ਾ ਨੂੰ ਫ਼ੋਟੋ ਦੇ ਦਿੱਤੀ। ਮੀਸ਼ਾ ਨੇ ਇਹ ਆਪਣੀ ਕਮੀਜ਼ ਅੰਦਰ ਵਾੜ ਲਈ, ਇਹਨੂੰ ਆਪਣੇ ਦਿਲ ਨਾਲ ਘੁੱਟ ਕੇ ਲਾਇਆ ਅਤੇ ਨੱਠਦਾ ਹੋਇਆ ਰਸੋਈ ਵਿੱਚ ਮੁੜ ਗਿਆ। ਦਾਦਾ ਜਾਗ ਪਿਆ ਅਤੇ ਬੁੜਬੁੜਾਇਆ।
“ਤੈਨੂੰ ਕੀ ਹੋਇਐ, ਅੱਧੀ ਰਾਤੀਂ ਨੱਠਦਾ ਫਿਰਦੈਂ ? ਮੈਂ ਤੈਨੂੰ ਕਿਹਾ ਸੀ ਸੌਣ ਲੱਗਿਆਂ ਉਹ ਦੁੱਧ ਨਾ ਪੀ।ਜੇ ਇੰਨੀ ਈ ਔਖ ਈ ਤਾਂ ਗੰਦੇ ਪਾਣੀ ਦੀ ਬਾਲਟੀ ਵਿੱਚ ਮੂਤ ਲੈ। ਹੁਣ ਮੈਂ ਤੈਨੂੰ ਬਾਹਰ ਲਿਜਾਣ ਲਈ ਤਾਂ ਉੱਠਣ ਨਹੀਂ ਲੱਗਾ।” ਮੀਸ਼ਾ ਜਵਾਬ ਦਿੱਤੇ ਬਿਨਾਂ ਬਿਸਤਰੇ ਵਿੱਚ ਵੜ ਗਿਆ। ਉਹ ਬਹੁਤ ਅਹਿਲ ਪਿਆ ਸੀ, ਤਸਵੀਰ ਨੂੰ ਮਰੋੜਨੋਂ ਡਰਦਾ, ਜਿਹੜੀ ਉਹਨੇ ਅਜੇ ਤੱਕ ਦੁਹਾਂ ਹੱਥਾਂ ਨਾਲ ਫੜੀ ਹੋਈ ਸੀ, ਘੁੱਟ ਕੇ ਦਿਲ ਉੱਤੇ ਰੱਖੀ ਹੋਈ।ਉਹ ਪਾਸਾ ਪਰਤੇ ਬਿਨਾਂ ਸੌਂ ਗਿਆ। ਜਦੋਂ ਉਹ ਜਾਗਿਆ ਤਾਂ ਅਜੇ ਲੋਅ ਹੋਈ ਹੀ ਸੀ। ਮਾਂ ਨੇ ਦੁੱਧ ਚੋ ਲਿਆ ਸੀ ਅਤੇ ਗਾਂ ਨੂੰ ਇੱਜੜ ਨਾਲ ਭੇਜ ਦਿੱਤਾ ਸੀ। ਮੀਸ਼ਾ ਨੂੰ ਵੇਖ ਕੇ ਉਹਨੇ ਬਾਹਾਂ ਫੈਲਾਈਆਂ।
“ਤੈਨੂੰ ਕੀ ਵੱਢ ਗਿਐ ? ਇੰਨੀ ਛੇਤੀ ਕਿਉਂ ਜਾਗ ਪਿਐਂ ?"
ਆਪਣੀ ਕਮੀਜ਼ ਹੇਠ ਫ਼ੋਟੋ ਨੂੰ ਘੁੱਟ ਕੇ ਫੜਕੇ, ਮੀਸ਼ਾ ਮਲਕੜੇ ਜਿਹੇ ਆਪਣੀ ਮਾਂ ਕੋਲੋਂ ਲੰਘ ਗਿਆ, ਘਾਹ ਦਾ ਪਿੜ ਪਾਰ ਕੀਤਾ ਅਤੇ ਦਾਣਿਆਂ ਵਾਲੇ ਕੋਠੇ ਹੇਠ ਵੜ ਗਿਆ। ਦਾਣਿਆਂ ਵਾਲੇ ਕੋਠੇ ਦੁਆਲੇ ਭਸਰੇ ਦੇ ਖੁੱਥੜ ਬੂਟੇ ਉੱਗੇ ਹੋਏ ਸਨ ਅਤੇ ਭੱਖੜੇ ਦੀ ਇੱਕ ਸੰਘਣੀ, ਕੰਡਿਆਲੀ ਕੰਧ ਸੀ।ਦਾਣਿਆਂ ਵਾਲੇ ਕੋਠੇ ਹੇਠ ਮੀਸ਼ਾ ਨੇ ਮਿੱਟੀ ਅਤੇ ਮੁਰਗ਼ੀਆਂ ਦੀਆਂ ਵਿੱਠਾਂ ਹੂੰਝ ਕੇ ਥੋੜ੍ਹੀ ਜਿਹੀ ਥਾਂ ਸਾਫ਼ ਕੀਤੀ।ਉਹਨੇ ਫੋਟੋ ਨੂੰ ਭਸਰੇ ਦੇ ਇੱਕ ਵੱਡੇ, ਪੀਲੇ ਪਏ ਪਤੇ ਵਿੱਚ ਲਪੇਟਿਆ, ਉਹਨੂੰ ਸਾਫ਼ ਕੀਤੀ ਥਾਂ 'ਤੇ ਰੱਖਿਆ ਅਤੇ ਇਹਦੇ ਉੱਪਰ ਪੱਥਰ ਰੱਖ ਦਿੱਤਾ ਤਾਂ ਜੋ ਹਵਾ ਇਹਨੂੰ ਉਡਾ ਨਾ ਲਿਜਾਵੇ।
ਸਾਰਾ ਦਿਨ ਮੀਂਹ ਪੈਂਦਾ ਰਿਹਾ। ਭੂਰੇ ਬੱਦਲਾਂ ਦੇ ਝੁੰਡਾਂ ਨੇ ਅਸਮਾਨ ਨੂੰ ਲੁਕਾ ਲਿਆ। ਵਿਹੜਾ ਚਲ੍ਹਿਆਂ ਨਾਲ ਭਰਿਆ ਪਿਆ ਸੀ ਅਤੇ ਸੜਕ ਉੱਤੇ ਤੇਜ਼ ਧਾਰਾਂ ਇੱਕ ਦੂਜੇ ਦੇ ਪਿੱਛੇ ਨੱਠ ਰਹੀਆਂ ਸਨ।
ਮੀਸ਼ਾ ਨੂੰ ਅੰਦਰੇ ਰਹਿਣਾ ਪਿਆ। ਪਰ ਜਦੋਂ ਸ਼ਾਮ ਪਈ ਤਾਂ ਦਾਦਾ ਅਤੇ ਅੱਬਾ ਪਿੰਡ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਿੰਡ ਸੋਵੀਅਤ ਵੱਲ ਚਲੇ ਗਏ ਅਤੇ ਦਾਦੇ ਦੀ ਟੋਪੀ ਸਿਰ 'ਤੇ ਰੱਖ ਕੇ ਮੀਸ਼ਾ ਬਾਹਰ ਖਿਸਕ ਗਿਆ ਅਤੇ ਸੋਵੀਅਤ ਦਾ ਦਫ਼ਤਰ ਗਿਰਜਾਘਰ ਦੇ ਚੌਂਕੀਦਾਰ ਦੇ ਘਰ ਵਿੱਚ ਸੀ।ਯਤਨ ਕੀਤੇ ਬਿਨਾਂ ਮੀਸ਼ਾ ਡਿਉਢੀ ਦੀਆਂ ਖੜਖੜੀਆਂ, ਚਿੱਕੜ ਲਿਬੜੀਆਂ ਪੌੜੀਆਂ ’ਤੇ ਨਾ ਚੜ੍ਹ ਸਕਿਆ। ਅੰਦਰ ਸਾਰੀ ਥਾਂ ਤੂਸੜੀ ਪਈ ਸੀ। ਧੁਰ ਉੱਪਰ, ਛੱਤ ਦੇ ਕੋਲ ਤੰਬਾਕੂ ਦਾ ਧੂੰਆ ਲਟਕਿਆ ਹੋਇਆ ਸੀ। ਬਾਰੀ ਕੋਲ, ਮੇਜ਼ ਪਿੱਛੇ ਓਪਰਾ ਬੰਦਾ ਬੈਠਾ ਹੋਇਆ ਕੁੱਝ ਸਮਝਾ ਰਿਹਾ ਸੀ।
ਮੀਸ਼ਾ ਚੋਰੀ-ਚੋਰੀ ਕਮਰੇ ਦੇ ਪਿਛਲੇ ਪਾਸੇ ਖਿਸਕ ਗਿਆ ਅਤੇ ਅਖ਼ੀਰੀ ਬੈਂਚ ਉੱਤੇ ਬਹਿ ਗਿਆ। “ਸਾਥੀਓ, ਸੋਵੀਅਤ ਦੇ ਪ੍ਰਧਾਨ ਲਈ ਫ਼ੋਮਾ ਕੋਰਸ਼ੂਨੋਵ ਦੇ ਹੱਕ ਵਿੱਚ ਵੋਟ ਦੇਣ ਵਾਲੇ ਮਿਹਰਬਾਨੀ ਕਰਕੇ ਆਪਣੇ ਹੱਥ ਚੁੱਕੋ।”
ਹਟਵਾਣੀਏ ਦਾ ਜਵਾਈ ਪ੍ਰੋਖੋਰ ਲੀਸੈਨਕੋਵ, ਜਿਹੜਾ ਮੀਸ਼ਾ ਦੇ ਐਨ ਅੱਗੇ ਬੈਠਾ ਸੀ, ਚੀਕਿਆ। “ਨਾਗਰਕੋ ! ਮੈਂ ਇਤਰਾਜ ਕਰਦਾਂ! ਉਹ ਇਮਾਨਦਾਰ ਬੰਦਾ ਨਹੀਂ। ਅਸੀਂ ਬਹੁਤ ਪਹਿਲਾਂ ਇਹ ਪਤਾ ਕਰ ਲਿਆ ਸੀ, ਜਦੋਂ ਅਜੇ ਪਿੰਡ ਦਾ ਇੱਜੜ ਚਰਾਉਂਦਾ ਸੀ।”
ਫਿਰ ਬਾਰੀ ਦੀ ਮੁਹਾਠ ਤੋਂ ਮੋਚੀ ਫ਼ੇਦੋਤ ਉੱਠ ਖੜਾ ਹੋਇਆ ਅਤੇ ਆਪਣੀਆਂ ਬਾਹਾਂ ਉਤੇਜਿਤ ਹੋਕੇ ਹਿਲਾਉਂਦੇ ਹੋਏ ਉਹ ਵੀ ਉੱਚੀ-ਉੱਚੀ ਬੋਲਿਆ।
“ਸਾਥੀਓ ! ਢਿੱਡਲ ਨਹੀਂ ਚਾਹੁੰਦੇ ਕਿ ਆਜੜੀ ਪ੍ਰਧਾਨ ਬਣੇ। ਪਰ ਆਜੜੀ ਫੋਮਾ, ਉਹ ਪ੍ਰੋਲੇਤਾਰੀ ਵਿੱਚੋਂ ਇੱਕ ਏ, ਉਹ ਸੋਵੀਅਤ ਸੱਤ੍ਹਾ ਦੀ ਧਿਰ ਲਵੇਗਾ।”
ਅਮੀਰ ਕੋਸਕਾ ਫ਼ੋਮਾ, ਜਿਹੜੇ ਦਰਵਾਜ਼ੇ ਕੋਲ ਇੱਕਠੇ ਹੋਏ ਹੋਏ ਸਨ, ਪੈਰ ਪਟਕਣੇ ਤੇ ਸੀਟੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਮਰੇ ਵਿੱਚ ਬਹੁਤ ਸ਼ੋਰ ਹੋਣ ਲੱਗ ਪਿਆ।
“ਆਜੜੀ ਮੁਰਾਦਾਬਾਦ !”
“ਹੁਣ ਉਹ ਫ਼ੌਜ ਤੋਂ ਮੁੜ ਆਇਐ, ਉਹ ਫਿਰ ਆਜੜੀ ਦੀ ਨੌਕਰੀ ਕਰ ਸਕਦੈ।”
“ਜਹੰਨਮ ਵਿੱਚ ਜਾਏ ਫ਼ੋਮਾ ਕੋਰਸ਼ੂਨੋਵ !”
ਮੀਸ਼ਾ ਆਪਣੇ ਅੱਬਾ ਨੂੰ ਢੂੰਡਣ ਲੱਗ ਪਿਆ ਅਤੇ ਉਹਨੂੰ ਕੋਲ ਹੀ ਖੜ੍ਹਾ ਵੇਖਿਆ। ਅੱਬਾ ਦਾ ਮੂੰਹ ਬੱਗਾ ਸੀ ਅਤੇ ਮੀਸ਼ਾ ਵੀ ਉਹਦੇ ਲਈ ਡਰਦਾ ਹੋਇਆ ਬੱਗਾ ਹੋ ਗਿਆ।
“ਸਾਥੀਓ, ਅਮਨ-ਅਮਾਨ ਕਾਇਮ ਰੱਖੋ,” ਓਪਰੇ ਬੰਦੇ ਨੇ ਆਪਣਾ ਮੁੱਕਾ ਜ਼ੋਰ ਨਾਲ ਮੇਜ਼ ਉੱਤੇ ਮਾਰਦੇ ਹੋਏ ਕਿਹਾ। "ਨਹੀਂ ਤਾਂ ਅਸੀਂ ਸ਼ਰਾਰਤੀਆਂ ਨੂੰ ਬਾਹਰ ਸੁੱਟ ਦਿਆਂਗੇ।”
“ਸਾਨੂੰ ਅਸਲੀ ਕੋਸਕ ਪ੍ਰਧਾਨ ਚਾਹੀਦੈ!”
“ਫ਼ੋਮਾ ਮੁਰਦਾਬਾਦ!”
“ਉਹਨੂੰ ਹੇਠਾਂ ਲਾਹੋ।..."
ਹੁਣ ਸਾਰੇ ਅਮੀਰ ਕੋਸਕ ਖੱਪ ਪਾ ਰਹੇ ਸਨ ਅਤੇ ਸਭ ਤੋਂ ਉੱਚੀ ਹਟਵਾਣੀਏ ਦਾ ਜਵਾਈ ਪ੍ਰੋਖੋਰ ਬੋਲ ਰਿਹਾ ਸੀ।
ਇੱਕ ਬਹੁਤ ਵੱਡਾ, ਲਾਲ ਦਾੜ੍ਹੀਆ ਕੋਸਕ, ਜਿਸਦੇ ਕੰਨ ਵਿੱਚ ਮੁੰਦਰਾਂ ਸੀ, ਬੈਂਚ ਉੱਤੇ ਖੜ੍ਹਾ ਹੋ ਗਿਆ।ਉਹਦਾ ਕੋਟ ਬੁਰੀ ਤਰ੍ਹਾਂ ਟਾਕੀਆਂ ਲੱਗਾ ਅਤੇ ਖੁੱਥੜ ਸੀ।
“ਭਰਾਵੋ!” ਉਹਨੇ ਉੱਚੀ ਅਵਾਜ਼ ਵਿੱਚ ਕਿਹਾ।“ਵੇਖੋ ਉਹ ਕੀ ਕਰਨਾ ਚਾਹੁੰਦੇ ਨੇ ਤੇ ਫਿਰ ਸਭ ਕੁੱਝ ਪਹਿਲਾਂ ਵਾਂਗ ਉਹਨਾਂ ਦੀ ਮਰਜ਼ੀ ਮੁਤਾਬਕ ਚੱਲਦਾ ਰਹੇਗਾ।..."
ਉਹ ਉੱਚੀ-ਉੱਚੀ ਬੋਲੀ ਗਿਆ, ਬੋਲੀ ਗਿਆ, ਵੱਡਾ ਸਾਰਾ ਕੋਸਕ, ਜਿਸਦੇ ਕੰਨ ਵਿੱਚ ਮੁੰਦਰਾਂ ਸੀ, ਪਰ ਖੱਪ ਵਿੱਚ ਮੀਸ਼ਾ ਕਿਧਰੇ ਕਿਧਰੇ ਇੱਕ ਦੋ ਲਫ਼ਜ਼ ਹੀ ਸਮਝ ਸਕਿਆ
“ਭੋਂ।... ਨਵੀਂ ਵੰਡ।... ਗਰੀਬਾਂ ਲਈ ਚੀਕਣੀ ਮਿੱਟੀ ਤੇ ਰੇਤਾ ਅਤੇ ਉਹਨਾਂ ਦੇ ਆਪਣੇ ਲਈ ਚੰਗੀ ਕਾਲੀ ਭੋਂ।”
“ਪ੍ਰੋਖੋਰ ਪ੍ਰਧਾਨ ਬਣ !” ਦਰਵਾਜ਼ੇ ਕੋਲ ਖੜੀ ਢਾਣੀ ਚੀਕ ਰਹੀ ਸੀ, “ਪ੍ਰੋ-ਖੋ-ਰ ! ਖੋ-ਰ ! ਖੋਰ !”
ਬਹੁਤ ਚਿਰ ਪਿੱਛੋਂ ਹੀ ਖੱਪ ਮੁਕਾਈ ਜਾ ਸਕੀ। ਓਪਰਾ ਬੰਦਾ ਚੀਕਦਾ ਰਿਹਾ, ਕੂਕਦਾ ਰਿਹਾ, ਘੂਰੀਆਂ ਵੱਟਦਾ ਅਤੇ ਭੜ-ਭੜ ਕਰਦਾ ਰਿਹਾ ਙ ਵੀਹ ਵਿਸਵੇ, ਉਹ ਗਾਹਲਾਂ ਕੱਢ ਰਿਹੈ, ਮੀਸ਼ਾ ਨੇ ਸੋਚਿਆ।
ਜਦੋਂ ਕੁੱਝ ਚੁੱਪ ਹੋ ਗਈ ਤਾਂ ਓਪਰੇ ਬੰਦੇ ਨੇ ਮਸਲਾ ਉਚੀ ਅਵਾਜ਼ ਵਿੱਚ ਪੇਸ਼ ਕੀਤਾ।
“ਫ਼ੋਮਾ ਕੋਰਸ਼ੂਨੋਵ ਦੇ ਹੱਕ ਵਿੱਚ ਕੌਣ ਵੋਟ ਦੇਂਦੈ ? ''
ਬਹੁਤ ਸਾਰੇ ਹੱਥ ਖੜੇ ਹੋ ਗਏ। ਮੀਸ਼ਾ ਨੇ ਵੀ ਆਪਣਾ ਹੱਥ ਖੜ੍ਹਾ ਕਰ ਦਿੱਤਾ। ਕਿਸੇ ਨੇ ਇੱਕ ਤੋਂ ਦੂਜੇ ਬੈਂਚ ਜਾਂਦੇ ਹੋਏ ਗਿਣਤੀ ਸ਼ੁਰੂ ਕਰ ਦਿੱਤੀ।
“ਤ੍ਰੇਠ...ਚੌਂਠ...” –ਅਤੇ ਮੀਸ਼ਾ ਦੇ ਹੱਥ ਵੱਲ ਇਸ਼ਾਰਾ ਕਰਦੇ ਹੋਏ—“ਪੈਂਠ।”
ਓਪਰੇ ਬੰਦੇ ਨੇ ਇੱਕ ਕਾਗ਼ਜ਼ ਉੱਤੇ ਕੁੱਝ ਲਿਖਿਆ ਅਤੇ ਫਿਰ ਉੱਚੀ ਅਵਾਜ਼ ਵਿੱਚ ਬੋਲਿਆ। “ਪ੍ਰੋਖੋਰ ਲਿਸੇਨਕੋਵ ਦੇ ਹੱਕ ਵਿੱਚ ਕੌਣ ਵੋਟ ਦੇਂਦੈ ? ”
ਪਿੰਡ ਦੇ ਸਤਾਈ ਵਧੇਰੇ ਅਮੀਰ ਕੋਸਕਾਂ ਦੇ ਹੱਥ ਖੜ੍ਹੇ ਹੋ ਗਏ ਅਤੇ ਇੱਕ ਹੋਰ—ਘਰਾਟੀਏ ਯੇਗੋਰ ਦਾ ਵੀ। ਮੀਸ਼ਾ ਨੇ ਵੀ ਆਪਣਾ ਹੱਥ ਖੜ੍ਹਾ ਕੀਤਾ ਪਰ ਐਤਕਾਂ ਜਦੋਂ ਵੋਟਾਂ ਦੀ ਗਿਣਤੀ ਕਰਨ ਵਾਲਾ ਬੰਦਾ ਅਖ਼ੀਰੀ ਬੈਂਚ ਤੱਕ ਅੱਪੜਿਆ ਤਾਂ ਉਹਨੇ ਹੇਠਾਂ ਨਿਗਾਹ ਮਾਰ ਲਈ।
"ਜ਼ਰਾ ਇਸ ਨਿੱਕੇ ਬਦਮਾਸ਼ ਨੂੰ ਤਾਂ ਵੇਖੋ!” ਉਹਨੇ ਦੁਖਦਾਈ ਢੰਗ ਨਾਲ ਮੀਸ਼ਾ ਦਾ ਕੰਨ ਫੜਦੇ ਹੋਏ ਕਿਹਾ। “ਨਿੱਕਲ ਜਾ ਇੱਥੋਂ, ਨਹੀਂ ਤਾਂ ਮੈਂ ਤੇਰੀ ਝੰਡ ਕਰ ਦਿਆਂਗਾ ! ਵੋਟ ਦੇ ਰਿਹੈ—ਕਿੰਨੀ ਮਜ਼ੇਦਾਰ ਗੱਲ ਏ ? ”
ਹਾਸਾ ਛਿੜ ਗਿਆ। ਜਿਸ ਬੰਦੇ ਨੇ ਵੋਟਾਂ ਗਿਣੀਆਂ ਸਨ ਉਹ ਮੀਸ਼ਾ ਨੂੰ ਖਿੱਚ ਕੇ ਦਰਵਾਜ਼ੇ ਤੱਕ ਲੈ ਗਿਆ ਅਤੇ ਉਹਨੂੰ ਬਾਹਰ ਧੱਕ ਦਿੱਤਾ। ਡਿਉਢੀ ਦੀਆਂ ਤਿਲਕਣੀਆਂ ਪੌੜੀਆਂ ਉੱਤੇ ਡਿਗਦੇ ਹੋਏ ਮੀਸ਼ਾ ਨੂੰ ਯਾਦ ਆਇਆ ਅੱਬਾ ਨੇ ਦਾਦੇ ਨਾਲ ਬਹਿਸ ਕਰਦੇ ਹੋਏ ਇੱਕ ਵਾਰ ਕੀ ਕਿਹਾ ਸੀ। “ਤੈਨੂੰ ਕਿਸਨੇ ਹੱਕ ਦਿੱਤੈ ? ” ਉਹ ਕੂਕਿਆ।
“ਮੈਂ ਤੈਨੂੰ ਦੱਸਨਾਂ ਕਿਸਨੇ ਦਿੱਤੇ!”
ਬੇਇਨਸਾਫੀ ਸਦਾ ਕੌੜੀ ਗੱਲ ਹੁੰਦੀ ਹੈ !
ਘਰ ਅੱਪੜ ਕੇ ਮੀਸ਼ਾ ਨੇ ਥੋੜ੍ਹੀ ਦੇਰ ਬੁਸ-ਬੁਸ ਕੀਤੀ ਅਤੇ ਮਾਂ ਕੋਲ ਸ਼ਿਕਾਇਤ ਕੀਤੀ। ਪਰ ਉਹ ਗੁੱਸੇ ਹੋ ਗਈ ਅਤੇ ਬੋਲੀ ;
“ਜਿੱਥੇ ਤੇਰਾ ਕੰਮ ਨਹੀਂ ਉਥੇ ਨਾ ਜਾਇਆ ਕਰ। ਹਰ ਥਾਂ ਨੱਕ ਘੁਸੇੜੀ ਫਿਰਦੈਂ—ਤੂੰ ਸੱਚ ਮੁੱਚ ਮੇਰੀਆਂ ਹੱਡੀਆਂ ਦਾ ਖੌ ਏਂ !
ਅਗਲੀ ਸਵੇਰ ਜਦੋਂ ਟੱਬਰ ਅਜੇ ਸਵੇਰ ਦਾ ਖਾਣਾ ਖਾ ਰਿਹਾ ਸੀ, ਦੂਰੋਂ ਸੰਗੀਤ ਦੀ ਅਵਾਜ਼ ਆਈ।
ਅੱਬਾ ਨੇ ਆਪਣਾ ਚਮਚਾ ਰੱਖ ਦਿੱਤਾ ਅਤੇ ਆਪਣੀ ਮੁੱਛ ਪੂੰਝਦੇ ਹੋਏ ਬੋਲਿਆ।
“ਇਹ ਫੌਜੀ ਬੈਂਡ ਏ।”
ਮੀਸ਼ਾ ਉੱਥੋਂ ਬੰਦੂਕ ਦੀ ਗੋਲੀ ਵਾਂਗ ਨੱਠ ਗਿਆ। ਉਹਦੇ ਪਿੱਛੇ ਦਰਵਾਜ਼ਾ ਧੱੜਮ ਕਰਕੇ ਬੰਦ ਹੋਇਆ ਅਤੇ ਉਹਦੇ ਪਟ-ਪਟ-ਪਟ ਕਰਦੇ ਪੈਰ ਵਿਹੜਾ ਪਾਰ ਕਰ ਗਏ।
ਅੱਬਾ ਤੇ ਦਾਦਾ ਵੀ ਬਾਹਰ ਗਏ ਅਤੇ ਅੰਮਾਂ ਬਾਰੀ ਵਿੱਚੋਂ ਝਾਕਣ ਲੱਗ ਪਈ।
ਲਾਲ ਫੌਜ ਦੇ ਜਵਾਨਾਂ ਦਾ ਇੱਕ ਤੋਂ ਪਿੱਛੋਂ ਦੂਜਾ ਪਰ੍ਹਾ ਪਿੰਡ ਦੀ ਸੜਕ ਉੱਤੇ ਕਿਸੇ ਵਧਦੀ ਹਰਿਆਲੀ ਲਹਿਰ ਵਾਂਗ ਝੂਲਦਾ ਜਾ ਰਿਹਾ ਸੀ। ਅੱਗੇ ਅੱਗੇ ਬੈਂਡ ਮਾਰਚ ਕਰ ਰਿਹਾ ਸੀ ਅਤੇ ਸਾਰਾ ਪਿੰਡ ਇਹਦੇ ਬਹੁਤ ਵੱਡੇ ਤੁਰਮਾਂ ਦੀ ਗਰਜ ਅਤੇ ਢੋਲਾਂ ਦੀ ਢਮਕਾਰ ਨਾਲ ਗੂੰਜ ਰਿਹਾ ਸੀ।
ਮੀਸ਼ਾ ਉਤਸੁਕਤਾ ਨਾਲ ਪਾਟਦਾ ਜਾਪ ਰਿਹਾ ਸੀ। ਉਹ ਬੜੀ ਤੇਜ਼ੀ ਨਾਲ ਆਪਣੀਆਂ ਅੱਡੀਆਂ ਉੱਤੇ ਪਿੱਛੇ ਵੱਲ ਝੂਲਿਆ ਅਤੇ ਮਾਰਚ ਕਰਦੇ ਫ਼ੌਜੀਆਂ ਨੂੰ ਮਿਲਣ ਲਈ ਨੱਠ ਪਿਆ।ਉਹਦੀ ਛਾਤੀ ਵਿੱਚ ਇੱਕ ਅਜੀਬ, ਮਿੱਠੀ ਜਿਹੀ ਅੱਚਵੀ ਲੱਗੀ ਹੋਈ ਸੀ ਅਤੇ ਇਹ ਉਹਦੇ ਗਲੇ ਵੱਲ ਉਭਰਦੀ।ਉਹ ਲਾਲ ਫੌਜ ਦੇ ਜਵਾਨਾਂ ਦੇ ਖੁਸ਼, ਮਿੱਟੀ ਲਿਬੜੇ ਮੂੰਹਾਂ ਵੱਲ ਅਤੇ ਵਜੰਤਰੀਆਂ ਦੇ ਮੂੰਹਾਂ ਵੱਲ ਵੇਖਦਾ, ਜਿਨ੍ਹਾਂ ਦੀਆਂ ਗੱਲ੍ਹਾਂ ਇੰਨੀ ਮਹੱਤਤਾ ਨਾਲ ਫੁੱਲੀਆਂ ਹੋਈਆਂ ਸਨ।ਉਹਨੇ ਉਸੇ ਛਿਣ ਪੱਕਾ ਫੈਸਲਾ ਕਰ ਲਿਆ: ਉਹ ਜੰਗ ਵਿੱਚ ਲੜਨ ਲਈ ਉਹਨਾਂ ਨਾਲ ਜਾਵੇਗਾ।
ਉਹਨੇ ਜਿਹੜਾ ਸੁਪਨਾ ਵੇਖਿਆ ਸੀ ਉਹ ਮੁੜ ਆਇਆ ਸੀ, ਕਿਸੇ ਨਾ ਕਿਸੇ ਤਰਾਂ ਹਿੰਮਤ ਕਰਕੇ, ਉਹਨੇ ਲਾਲ ਫ਼ੌਜ ਦੇ ਇੱਕ ਜਵਾਨ ਦਾ ਕਾਰਤੂਸਾਂ ਵਾਲਾ ਥੈਲਾ ਖਿੱਚਿਆ।
“ਤੁਸੀਂ ਕਿੱਥੇ ਚੱਲੇ ਓ ? ਜੰਗ ਲੜਨ ?”
“ਹੋਰ ਕੀ ? ਜ਼ਰੂਰ ਈ ਜੰਗ ਲੜਨ।”
“ਤੁਸੀਂ ਕਿਸ ਵੱਲੋਂ ਲੜੋਗੇ ?”
“ਸੋਵੀਅਤ ਵੱਲੋਂ, ਕਾਕਾ। ਚੱਲ-ਐਧਰ ਪਾਲ ਵਿੱਚ ਰਲ ਜਾ।”
ਉਹਨੇ ਮੀਸ਼ਾ ਨੂੰ ਖਿੱਚ ਕੇ ਪਾਲ ਵਿੱਚ ਲਿਆ। ਜਵਾਨਾਂ ਵਿੱਚੋਂ ਇੱਕ ਨੇ ਮੁਸਕਰਾਉਂਦੇ ਹੋਏ ਆਪਣੀ ਉਂਗਲ ਨਾਲ ਮੀਸ਼ਾ ਦੇ ਵਾਲ ਹਿਲਾਏ। ਇੱਕ ਹੋਰ ਨੇ ਆਪਣੀ ਜੇਬ ਵਿੱਚ ਇੱਧਰ ਉੱਧਰ ਹੱਥ ਮਾਰਿਆ, ਖੰਡ ਦਾ ਇੱਕ ਮੈਲਾ ਜਿਹਾ ਰੋੜਾ ਕੱਢਿਆ ਅਤੇ ਮੁੰਡੇ ਦੇ ਮੂੰਹ ਵਿੱਚ ਪਾ ਦਿੱਤਾ। ਜਦੋਂ ਉਹ ਚੌਕ ਵਿੱਚ ਅੱਪੜੇ ਤਾਂ ਪਾਲੋ ਪਾਲ ਉੱਚੀ ਅਵਾਜ਼ ਵਿੱਚ ਹੁਕਮ ਗੂੰਜ ਗਿਆ।
“ਹਾਲਟ!”
ਲਾਲ ਫੌਜ ਦੇ ਜਵਾਨਾਂ ਨੇ ਪਾਲਾਂ ਤੋੜ ਦਿੱਤੀਆਂ ਅਤੇ ਸਕੂਲ ਦੇ ਜੰਗਲੇ ਦੀ ਠੰਡੀ ਛਾਵੇਂ ਸਾਹ ਲੈਣ ਲਈ ਲੇਟ ਗਏ। ਇੱਕ ਲੰਮਾ, ਸਫਾ-ਚੱਟ ਮੂੰਹ ਵਾਲਾ ਬੰਦਾ, ਜਿਸਦੀ ਪੇਟੀ ਤੋਂ ਸੈਫ਼ ਲਟਕ ਰਹੀ ਸੀ, ਲੰਮੇਂ ਡਗ ਭਰਦਾ ਮੀਸ਼ਾ ਕੋਲ ਆਇਆ, ਉਹਨੇ ਆਪਣੇ ਹੋਠ ਇੱਕ ਮੁਸਕਾਨ ਵਿੱਚ ਮਰੋੜੇ ਹੋਏ ਸਨ। “ਤੂੰ ਕਿੱਥੋਂ ਆਇਐ ? ” ਉਹਨੇ ਪੁੱਛਿਆ।
ਮੀਸ਼ਾ ਨੇ ਬੜੀ ਮਹੱਤਤਾ ਨਾਲ ਆਪਣੇ ਮੋਢੇ ਮਚਕੋੜੇ ਅਤੇ ਆਪਣੀ ਪਤਲੂਨ ਉੱਪਰ ਖਿੱਚੀ। “ਮੈਂ ਤੁਹਾਡੇ ਨਾਲ ਜੰਗ ਲੜਨ ਚੱਲਿਆਂ,” ਉਹਨੇ ਕਿਹਾ।
“ਸਾਥੀ ਬਟਾਲੀਅਨ ਕਮਾਂਡਰ !” ਲਾਲ ਫ਼ੌਜ ਦੇ ਜਵਾਨਾਂ ਵਿੱਚੋਂ ਇੱਕ ਕੂਕਿਆ।“ਇਹਨੂੰ ਆਪਣਾ ਅਜੀਟਣ ਬਣਾਕੇ ਨਾਲ ਲੈ ਚਲੋ !”
ਸਾਰੇ ਜ਼ੋਰ ਨਾਲ ਹੱਸੇ। ਮੀਸ਼ਾ ਰੋਣ-ਹਾਕਾ ਹੋ ਗਿਆ; ਪਰ ਜਿਸ ਬੰਦੇ ਨੂੰ ਉਹ ਇੰਨੇ ਅਜੀਬ ਢੰਗ “ਬਟਾਲੀਅਨ ਕਮਾਂਡਰ” ਕਹਿੰਦੇ ਸਨ, ਉਹਨੇ ਖੱਪਤੇ ਘੂਰੀ ਵੱਟੀ ਅਤੇ ਕਰੜਾਈ ਨਾਲ ਜਵਾਬ ਦਿੱਤਾ।
“ਕਾਹਦੇ ’ਤੇ ਹੱਸ ਰਹੇ ਹੋ, ਉੱਲੂਓ ? ਅਸੀਂ ਉਹਨੂੰ ਜ਼ਰੂਰ ਹੀ ਨਾਲ ਲੈ ਚੱਲਾਂਗੇ। ਪਰ ਇੱਕ ਸ਼ਰਤ ਏ।” ਇਹ ਕਹਿ ਕੇ ਉਹ ਮੀਸ਼ਾ ਵੱਲ ਮੁੜਿਆ। “ਐਹ ਤੇਰੀ ਪਤਲੂਨ— ਇਹਦੀ ਇੱਕੋ ਵੱਧਰੀ ਏ। ਅਸੀਂ ਤੈਨੂੰ ਇਉਂ ਤਾਂ ਲਿਜਾ ਨਹੀਂ ਸਕਦੇ। ਤੂੰ ਸਾਡੀ ਬੇਇੱਜ਼ਤੀ ਕਰਵਾ ਦੇਵੇਂਗਾ। ਵੇਖ-ਮੇਰੀ ਪਤਲੂਨ ਦੀਆਂ ਦੋ ਵੱਧਰੀਆਂ ਨੇ ਤੇ ਉਸੇ ਤਰ੍ਹਾਂ ਬਾਕੀ ਸਾਰੀਆਂ ਦੀਆਂ ਵੀ। ਤੂੰ ਫਟਾ-ਫਟ ਨੱਠ ਕੇ ਘਰ ਜਾ ਅਤੇ ਆਪਣੀ ਮਾਂ ਨੂੰ ਕਹਿ ਉਹ ਇੱਕ ਹੋਰ ਵੱਧਰੀ ਸਿਉਂ ਦੇਵੇ। ਅਸੀਂ ਇੱਥੇ ਤੈਨੂੰ ਉਡੀਕਾਂਗੇ।” ਅਤੇ ਜੰਗਲੇ ਦੀ ਛਾਵੇਂ ਸਾਹ ਕੱਢਦੇ ਜਵਾਨਾਂ ਨੂੰ ਅੱਖ ਮਾਰਕੇ, ਉਹ ਉੱਚੀ ਅਵਾਜ਼ ਵਿੱਚ ਬੋਲਿਆ, “ਤੇਰੇਸ਼ਚੈਂਕੋ ! ਸਾਡੇ ਲਾਲ ਫ਼ੌਜ ਦੇ ਨਵੇਂ ਜਵਾਨ ਲਈ ਇੱਕ ਬੰਦੂਕ ਅਤੇ ਇੱਕ ਫ਼ੌਜੀ ਕੋਟ ਲਿਆ।”
ਇੱਕ ਜਵਾਨ, ਜਿਹੜਾ ਜੰਗਲੇ ਦੀ ਛਾਵੇਂ ਲੇਟਿਆ ਹੋਇਆ ਸੀ, ਉੱਠਿਆ ਅਤੇ ਆਪਣਾ ਹੱਥ ਟੋਪੀ ਦੇ ਛੱਜੇ ਨੂੰ ਲਾਇਆ।
“ਹੁਣੇ ਲਿਆਇਆ,” ਉਹਨੇ ਕਿਹਾ।
ਅਤੇ ਉਹ ਚਲਾ ਗਿਆ, ਨੱਠਦਾ ਹੋਇਆ।
“ਨੱਠਦਾ ਹੋਇਆ ਵਗ ਜਾ,” ਬਟਾਲੀਅਨ ਕਮਾਂਡਰ ਨੇ ਮੀਸ਼ਾ ਨੂੰ ਕਿਹਾ।“ਆਪਣੀ ਮਾਂ ਨੂੰ ਕਹਿ ਜਿੰਨੀ ਛੇਤੀ ਹੋ ਸਕੇ ਇੱਕ ਹੋਰ ਵੱਧਰੀ ਸਿਉਂ ਦੇਵੇ।”
ਮੀਸ਼ਾ ਨੇ ਉਹਦੇ ਉੱਤੇ ਇੱਕ ਕਰੜੀ ਨਿਗਾਹ ਮਾਰੀ।
“ਤੂੰ ਆਪਣੀ ਗੱਲ ਤੋਂ ਮੁੱਕਰ ਤਾਂ ਨਹੀਂ ਜਾਵੇਗਾ, ਕਿ ਮੁਕਰੇਂਗਾ ?
“ਤੂੰ ਫ਼ਿਕਰ ਨਾ ਕਰ।”
ਪਿੰਡ ਦੇ ਚੌਕ ਤੋਂ ਘਰ ਤੱਕ ਰਾਹ ਲੰਮਾ ਸੀ। ਜਦੋਂ ਤੱਕ ਮੀਸ਼ਾ ਆਪਣੇ ਘਰ ਦੇ ਫਾਟਕ ਕੋਲ ਅੱਪੜਿਆ ਉਹ ਸਾਹੋ ਸਾਹ ਹੋਇਆ ਹੋਇਆ ਸੀ। ਉਹ ਨੱਠਦਾ-ਨੱਠਦਾ ਵਲ ਵਲੇਵੇਂ ਖਾ ਕੇ ਆਪਣੀ ਪਤਲੂਨ ਵਿੱਚੋਂ ਨਿੱਕਲ ਗਿਆ ਅਤੇ ਨੰਗੀਆਂ ਲੱਤਾਂ ਨਾਲ ਨੱਠਦਾ ਹੋਇਆ ਘਰ ਵਿੱਚ ਵੜਿਆ, ਉੱਚੀ ਉੱਚੀ ਕੂਕਦਾ।
“ਅੰਮਾਂ ! ਮੇਰੀ ਪਤਲੂਨ ! ਇੱਕ ਵੱਧਰੀ !”
ਪਰ ਘਰ ਚੁੱਪ ਅਤੇ ਖਾਲੀ ਸੀ। ਮੱਖੀਆਂ ਦਾ ਇੱਕ ਕਾਲਾ ਝੁਰਮਟ ਸਟੋਵ ਦੁਆਲੇ ਭਿਣ-ਭਿਣ ਕਰਦਾ ਲਟਕ ਰਿਹਾ ਸੀ। ਮੀਸ਼ਾ ਨੇ ਸਭ ਪਾਸੇ ਨਿਗਾਹ ਮਾਰੀ-ਵਾੜੇ ਵਿੱਚ, ਘਾਹ ਦੇ ਪਿੜ ਵਿੱਚ, ਸਬਜ਼ੀਆਂ ਦੀ ਪੈਲੀ ਵਿੱਚ–ਪਰ ਕਿਧਰੇ ਵੀ ਕੋਈ ਨਹੀਂ ਸੀ—ਨਾ ਅੰਮਾਂ, ਨਾ ਅੱਬਾ, ਨਾ ਦਾਦਾ। ਉਹ ਨੱਠਦਾ ਹੋਇਆ ਮੁੜ ਘਰ ਗਿਆ। ਆਲੇ-ਦੁਆਲੇ ਤੱਕਦਿਆਂ ਉਹਨੂੰ ਇੱਕ ਖ਼ਾਲੀ ਬੋਰੀ ਦਿੱਸੀ। ਚਾਕੂ ਲੈਕੇ ਉਹਨੇ ਬੋਰੀ ਦੀ ਇੱਕ ਲੰਮੀ ਵੱਧਰੀ ਕੱਟੀ। ਉਹਦੇ ਕੋਲ ਸਿਊਣ ਲਈ ਸਮਾਂ ਨਹੀਂ ਸੀ, ਅਖ਼ੀਰ ਉਹਨੇ ਸਿਊਣਾ ਸਿੱਖਿਆ ਵੀ ਤਾਂ ਨਹੀਂ ਸੀ। ਉਹਨੇ ਕਾਹਲ ਨਾਲ ਵੱਧਰੀ ਆਪਣੀ ਪਤਲੂਨ ਦੇ ਪਿੱਛੇ ਬੰਨ੍ਹੀ, ਇਹਨੂੰ ਆਪਣੇ ਮੋਢੇ ਉੱਪਰ ਸੁੱਟਿਆ ਅਤੇ ਸਾਹਮਣੇ ਪਾਸੇ ਬੰਨ੍ਹ ਲਈ। ਇਹ ਕੰਮ ਕਰਕੇ ਉਹ ਦਾਣਿਆਂ ਵਾਲੇ ਕੋਠੇ ਹੇਠ ਵੜ ਗਿਆ।
ਅਜੇ ਵੀ ਹੌਂਕਦੇ ਹੋਏ ਉਹਨੇ ਪੱਥਰ ਪਰ੍ਹੇ ਕੀਤਾ ਅਤੇ ਛੋਟੇ ਵੱਲ ਵੇਖਿਆ। ਲੈਨਿਨ ਦਾ ਅੱਗੇ ਵਧਿਆ ਹੱਥ ਸਿੱਧਾ ਮੀਸ਼ਾ ਵੱਲ ਇਸ਼ਾਰਾ ਕਰਦਾ ਜਾਪਦਾ ਸੀ।
“ਲੈ!” ਮੀਸ਼ਾ ਨੇ ਹੌਲੀ ਜਿਹੀ ਅਵਾਜ਼ ਵਿੱਚ ਕਿਹਾ।
“ਮੈਂ ਹੁਣ ਤੇਰੀ ਫ਼ੌਜ ਵਿੱਚ ਸ਼ਾਮਲ ਹੋ ਗਿਆਂ।”
ਉਹਨੇ ਫ਼ੋਟੋ ਨੂੰ ਧਿਆਨ ਨਾਲ ਭਸਰੇ ਦੇ ਪੱਤੇ ਵਿੱਚ ਲਪੇਟਿਆ, ਇਹਨੂੰ ਧਿਆਨ ਨਾਲ ਆਪਣੀ ਕਮੀਜ਼ ਹੇਠ ਰੱਖਿਆ ਅਤੇ ਤੇਜ਼ੀ ਨਾਲ ਸੜਕ ਉੱਤੇ ਨੱਠ ਪਿਆ—ਇੱਕ ਹੱਥ ਨਾਲ ਉਹਨੇ ਫ਼ੋਟੋ ਧਿਆਨ ਨਾਲ ਥਾਂ ਸਿਰ ਰੱਖੀ ਹੋਈ ਸੀ ਅਤੇ ਦੂਜੇ ਨਾਲ ਆਪਣੀ ਪਤਲੂਨ ਸਾਂਭੀ ਹੋਈ ਸੀ। ਗਵਾਂਢੀਆਂ ਦੇ ਜੰਗਲੇ ਕੋਲੋਂ ਨੱਠਦੇ ਹੋਏ ਉਹਨੇ ਉੱਚੀ ਅਵਾਜ਼ ਵਿੱਚ ਕਿਹਾ
“ਅਨੀਸੀਮੋਵਨਾ।”
“ਕੀ ਗੱਲ ਏ ? ” ਅਨੀਸੀਮੋਵਨਾ ਨੇ ਪੁੱਛਿਆ।
“ਮੇਰੇ ਘਰ ਦਿਆਂ ਨੂੰ ਕਹਿ ਦਈਂ ਰਾਤ ਦੇ ਖਾਣੇ ’ਤੇ ਮੈਨੂੰ ਨਾ ਉਡੀਕਣ।”
“ਤੂੰ ਕਿੱਧਰ ਚੱਲਿਐਂ, ਨਿੱਕੇ ਬਦਮਾਸ਼ ?"
“ਜੰਗਾਂ ਲੜਨ !”—ਅਤੇ ਮੀਸ਼ਾ ਨੇ ਵਿਦਾ ਹੁੰਦੇ ਹੋਏ ਹੱਥ ਹਿਲਾਇਆ।
ਪਰ ਜਦੋਂ ਮੀਸ਼ਾ ਚੌਕ ਵਿੱਚ ਅਪੜਿਆ ਤਾਂ ਉਹ ਥਾਂ ਹੀ ਖੜ੍ਹਾ ਰਹਿ ਗਿਆ, ਪਥਰਾਇਆ ਹੋਇਆ। ਕੋਈ ਜਿਉਂਦਾ ਜੀਅ ਨਹੀਂ ਸੀ ਦਿਸ ਰਿਹਾ। ਜੰਗਲੇ ਨਾਲ ਲਗਦੀ ਭੌਂ ਉੱਤੇ ਸਿਗਰਟਾਂ ਦੇ ਟੋਟੇ ਅਤੇ ਪੁਰਾਣੇ ਡੱਬੇ ਅਤੇ ਕਿਸੇ ਦੀਆਂ ਪਾਟੀਆਂ ਪੱਟੀਆਂ ਖਿਲਰੀਆਂ ਹੋਈਆਂ ਸਨ।ਬੈਂਡ ਫਿਰ ਵੱਜ ਰਿਹਾ ਸੀ, ਦੂਰ ਪਿੰਡ ਦੇ ਦੂਜੇ ਸਿਰੇ ਅਤੇ ਸਖ਼ਤ ਹੋਈ ਕੱਚੀ ਸੜਕ ਉਤੇ ਮਾਰਚ ਕਰਦੇ ਪੈਰਾਂ ਦੀ ਠੱਕ-ਠੱਕ ਸੁਣ ਸਕਦੇ ਸਾਓ।
ਨਿਰਾਸ਼ਾ ਦੀ ਇੱਕ ਕੂਕ ਨਾਲ ਮੀਸ਼ਾ ਉਹਨਾਂ ਦੇ ਪਿੱਛੇ ਨੱਠ ਉੱਠਿਆ, ਜਿੰਨੀ ਤੇਜ਼ ਉਹਦੀਆਂ ਲੱਤਾਂ ਨੱਠ ਸਕਦੀਆਂ ਸਨ ਅਤੇ ਜੇ ਰਾਹ ਵਿੱਚ ਚਮੜਾ ਰੰਗਣ ਦੇ ਕਾਰਖ਼ਾਨੇ ਕੋਲ ਸੜਕ ਦੇ ਐਨ ਵਿਚਕਾਰ ਇੱਕ ਪੀਲਾ ਕੁੱਤਾ ਨਾ ਲੇਟਿਆ ਹੁੰਦਾ, ਜਿਸਨੇ ਔਰ ਕੇ ਆਪਣੇ ਦੰਦ ਕੱਢੇ ਹੋਏ ਸਨ, ਤਾਂ ਮੀਸ਼ਾ ਉਹਨਾਂ ਤੱਕ ਅੱਪੜ ਹੀ ਜਾਂਦਾ।ਜਿੰਨੀ ਦੇਰ ਵਿੱਚ ਮੀਸ਼ਾ ਕੁੱਤੇ ਤੋਂ ਵਲ ਪਾ ਕੇ ਲੰਘਿਆ, ਸੰਗੀਤ ਅਤੇ ਪੈਰਾਂ ਦੀ ਠੱਕ-ਠੱਕ ਸੁਣਨੀ ਬੰਦ ਹੋ ਗਈ ਸੀ।
ਇੱਕ ਦੋ ਦਿਨ ਪਿਛੋਂ ਚਾਲ੍ਹੀ ਕੁ ਬੰਦਿਆ ਦਾ ਇੱਕ ਦਸਤਾ ਪਿੰਡ ਵਿੱਚ ਆਇਆ। ਇਹਨਾਂ ਫੌਜੀਆਂ ਨੇ ਵਰਦੀਆਂ ਨਹੀਂ ਸਨ ਪਹਿਨੀਆਂ ਹੋਈਆਂ। ਉਹਨਾਂ ਥਿੰਧੇ ਨਾਲ ਲਿਬੜੇ ਕੰਮ ਕਾਜ ਵਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਨਮਦੇ ਦੇ ਖੁੱਬੜ ਜਿਹੇ ਬੂਟ। ਜਦੋਂ ਅੱਬਾ ਦੁਪਹਿਰ ਦਾ ਖਾਣਾ ਖਾਣ ਪਿੰਡ ਸੋਵੀਅਤ ਤੋਂ ਘਰ ਆਇਆ ਤਾਂ ਉਹਨੇ ਦਾਦੇ ਨੂੰ ਕਿਹਾ :
“ਦਾਣਿਆਂ ਵਾਲੇ ਕੋਠੇ ਵਿੱਚੋਂ ਆਪਣੀ ਕਣਕ ਤਿਆਰ ਕਰ ਲੈ। ਇੱਕ ਖੁਰਾਕੀ ਦਸਤਾ ਵਾਧੂ ਅਨਾਜ ਇੱਕਠਾ ਕਰਨ ਆਇਐ।”
ਫ਼ੌਜੀ ਘਰੋਂ ਘਰ ਗਏ, ਕੱਚੇ ਫ਼ਰਸ਼ਾਂ ਨੂੰ ਆਪਣੀਆਂ ਸੰਗੀਨਾਂ ਨਾਲ ਟੋਂਹਦੇ, ਦੱਬਿਆ ਅਨਾਜ ਪੁੱਟਦੇ ਅਤੇ ਸਾਂਝੇ ਅੰਨ-ਭੰਡਾਰ ਵਿੱਚ ਲਿਜਾਣ ਲਈ ਗੱਡਿਆਂ ਉੱਤੇ ਲੱਦਦੇ। ਪ੍ਰਧਾਨ ਦੇ ਘਰ ਵੀ ਵਾਰੀ ਆਈ। ਤੰਬਾਕੂ ਦੀ ਹੁੱਕੀ ਦੇ ਕਸ਼ ਲਾਉਂਦੇ ਫੌਜੀਆਂ ਵਿੱਚੋਂ ਇੱਕ ਨੇ ਦਾਦੇ ਤੋਂ ਪੁੱਛਿਆ।
“ਸੋ ਦਾਦਾ, ਸੱਚ ਸੱਚ ਦੱਸ ਦੇ।ਤੂੰ ਕਿੰਨਾਂ ਅਨਾਜ ਦੱਬਿਆ ਹੋਇਐ।”
ਪਰ ਦਾਦੇ ਨੇ ਬਸ ਆਪਣੀ ਦਾੜ੍ਹੀ ਹੀ ਪਲੋਸੀ।
“ਮੇਰਾ ਪੁੱਤਰ ਕਮਿਊਨਿਸਟ ਏ,” ਉਹਨੇ ਮਾਣ ਨਾਲ ਜਵਾਬ ਦਿੱਤਾ।
ਉਹ ਦਾਣਿਆਂ ਵਾਲੇ ਕੋਠੇ ਵਿੱਚ ਗਏ। ਹੁੱਕੀ ਵਾਲੇ ਫ਼ੌਜੀ ਨੇ ਭੜੋਲਿਆਂ ਉੱਤੇ ਨਿਗਾਹ ਮਾਰੀ ਅਤੇ ਮੁਸਕਰਾਇਆ।
“ਇੱਕ ਭੜੋਲਾ ਗੱਡੇ ਤੇ ਲੱਦ ਕੇ ਅੰਨ-ਭੰਡਾਰ ਲੈ ਜਾ,” ਉਹਨੇ ਕਿਹਾ,“ਤੇ ਬਾਕੀ ਆਪਣੇ ਕੋਲ ਰੱਖ ਲੈ, ਖਾਣੇ ਤੇ ਬੀਅ ਲਈ।”
ਦਾਦੇ ਨੇ ਬੁੱਢੇ ਘੋੜੇ ਸਾਵਰਾਸਕਾ ਨੂੰ ਗੱਡੇ ਅੱਗੇ ਜੋਇਆ। ਉਹਨੇ ਇੱਕ ਜਾਂ ਦੋ ਵਾਰ ਹਉਂਕਾ ਭਰਿਆ ਅਤੇ ਮੂੰਹ ਹੀ ਮੂੰਹ ਵਿੱਚ ਬੁੜ-ਬੁੜ ਕੀਤੀ, ਪਰ ਉਹਨੇ ਕਣਕ ਲੱਦ ਲਈ—ਇਹਦੀਆਂ ਅੱਠ ਬੋਰੀਆਂ ਭਰੀਆਂ ਗਈਆਂ-ਅਤੇ ਲਾਚਾਰੀ ਨਾਲ ਮੋਢੇ ਮਚਕੋੜ ਕੇ ਗੱਡਾ ਅੰਨ-ਭੰਡਾਰ ਵੱਲ ਟੋਰ ਦਿੱਤਾ। ਮਾਂ ਥੋੜ੍ਹਾ ਜਿਹਾ ਰੋਈ, ਉਹ ਕਣਕ ਤੋਂ ਵਿਛੜਣ 'ਤੇ ਦੁਖੀ ਸੀ। ਬੋਰੀਆਂ ਭਰਨ ਵਿੱਚ ਦਾਦੇ ਦਾ ਹੱਥ ਵਟਾਉਣ ਪਿੱਛੋਂ ਮੀਸ਼ਾ ਪਾਦਰੀ ਦੇ ਘਰ ਚਲਾ ਗਿਆ, ਵਿਤੀਆ ਨਾਲ ਖੇਡਣ ਲਈ।
ਦੋਵੇਂ ਮੁੰਡੇ ਅਖ਼ਬਾਰਾਂ ਵਿੱਚੋਂ ਕੱਟੇ ਕੁੱਝ ਘੋੜੇ ਲੈ ਕੇ ਰਸੋਈ ਦੇ ਫ਼ਰਸ਼ ਉੱਤੇ ਨਿੱਸਲ ਹੋ ਗਏ। ਪਰ ਐਨ ਉਸ ਸਮੇਂ ਫ਼ੌਜੀ ਆਏ, ਉਹੋ ਟੋਲੀ ਜਿਹੜੀ ਮੀਸ਼ਾ ਦੇ ਘਰ ਗਈ ਸੀ।ਪਾਦਰੀ ਨੱਠਦਾ ਹੋਇਆ ਉਹਨਾਂ ਨੂੰ ਮਿਲਣ ਆਇਆ, ਘਾਬਰੀ ਹੋਈ ਕਾਹਲ ਨਾਲ ਆਪਣੀ ਕੈਸੋਕ1 ਦੀ ਕੋਰ ਨਾਲ ਠੇਡਾ ਖਾਂਦਾ ਅਤੇ ਉਹਨਾਂ ਨੂੰ ਬੈਠਕ ਵਿੱਚ ਆਉਣ ਦਾ ਸੱਦਾ ਦਿੱਤਾ।ਪਰ ਹੁੱਕੀ ਵਾਲੇ ਫ਼ੌਜੀ ਨੇ ਸਖ਼ਤੀ ਨਾਲ ਕਿਹਾ : “ਅਸੀਂ ਤੇਰਾ ਦਾਣਿਆਂ ਵਾਲਾ ਕੋਠਾ ਵੇਖਣਾ ਚਾਹੁੰਦੇ ਹਾਂ। ਤੂੰ ਆਪਣਾ ਅਨਾਜ ਕਿੱਥੇ ਰੱਖਿਐ ? ” ਪਾਦਰੀ ਦੀ ਵਹੁਟੀ ਨੱਠਦੀ ਹੋਈ ਰਸੋਈ ਵਿੱਚ ਆਈ, ਉਹਦੇ ਵਾਲ ਖਿੱਲਰ ਕੇ ਝਾਟਾ ਬਣੇ ਹੋਏ ਸਨ।
“ਮੰਨੋ ਭਾਵੇਂ ਨਾਂਹ, ਭਲੇ ਲੋਕੋ,” ਉਹਨੇ ਬੜੀ ਖਚਰੀ ਮੁਸਕਾਨ ਨਾਲ ਕਿਹਾ, “ਸਾਡੇ ਕੋਲ ਤਾਂ ਅਨਾਜ ਉੱਕਾ ਹੈ ਹੀ ਨਹੀਂ। ਅਜੇ ਮੇਰੇ ਘਰ ਵਾਲੇ ਨੇ ਪੈਰਿਸ਼੨ ਦਾ ਚੱਕਰ ਨਹੀਂ ਲਾਇਆ।”
1. ਪਾਦਰੀ ਦਾ ਲੰਮਾ ਚੋਗਾ
2. ਪਾਦਰੀ ਦਾ ਅਧਿਕਾਰ ਖੇਤਰ ਸ਼ਹਿਰਾਂ ਅਤੇ ਵੱਡੇ ਪਿੰਡਾਂ ਵਿੱਚ ਇਹ ਪੂਰਾ ਸ਼ਹਿਰ ਜਾਂ ਪਿੰਡ ਜਾਂ ਉਸਦਾ ਕੁੱਝ ਹਿੱਸਾ ਹੁੰਦਾ ਹੈ ਅਤੇ ਛੋਟੇ ਪਿੰਡਾਂ ਦੀ ਹਾਲਤ ਵਿੱਚ ਕਈ ਕਈ ਪਿੰਡ ਮਿਲਾ ਕੇ ਬਣਦਾ ਹੈ।ਪਾਦਰੀ ਹਰ ਵਰ੍ਹੇ ਆਪਣੇ ਪੈਰਿਸ਼ ਦੇ ਘਰਾਂ ਦਾ ਚੱਕਰ ਕੱਟਦਾ ਅਤੇ ਇੱਕ ਮਿੱਥੀ ਹੋਈ ਮਾਤਰਾ ਵਿੱਚ ਅਨਾਜ ਅਤੇ ਹੋਰ ਉਪਜਾਂ ਇਕੱਠੀਆਂ ਕਰਦਾ।
“ਤੁਹਾਡੇ ਕਿਧਰੇ ਭੋਰਾ ਵੀ ਹੈ ?"
“ਨਹੀਂ, ਨਹੀਂ ਭੋਰਾ ਕੋਈ ਨਹੀਂ। ਅਸੀਂ ਤਾਂ ਆਪਣਾ ਅਨਾਜ ਹਮੇਸ਼ਾ ਕੋਠੇ ਵਿੱਚ ਰੱਖਦੇ ਹਾਂ। ਮੀਸ਼ਾ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਕਿਵੇਂ ਉਹ ਅਤੇ ਵਿਤੀਆ ਰਸੋਈ ਵਿੱਚ ਖੁੱਲ੍ਹਣ ਵਾਲੇ ਲੰਮੇਂ ਚੌੜੇ ਭੋਰੇ ਵਿੱਚ ਖੇਡਦੇ ਹੁੰਦੇ ਸਨ।
“ਤੇ ਉਹ ਜਿਹੜਾ ਤੁਹਾਡੀ ਰਸੋਈ ਵਿੱਚ ਖੁੱਲ੍ਹਦਾ ਏ, ਜਿਸ ਵਿੱਚ ਮੈਂ ਤੇ ਵਿਤੀਆ ਖੇਡਦੇ ਸਾਂ, ਉਹਦਾ ਕੀ ਬਣਿਆ ?” ਉਹਨੇ ਪਾਦਰੀ ਦੀ ਵਹੁਟੀ ਵੱਲ ਮੁੜਦੇ ਹੋਏ ਕਿਹਾ। “ਤੂੰ ਉਹ ਜ਼ਰੂਰ ਭੁੱਲ ਗਈ ਹੋਣੀ ਏਂ।”
ਪਾਦਰੀ ਦੀ ਵਹੁਟੀ ਹੱਸੀ, ਪਰ ਉਹਦਾ ਰੰਗ ਪੀਲਾ ਹੋ ਗਿਆ।
“ਤੂੰ ਐਵੇਂ ਮਨੋ ਗੱਲਾਂ ਬਣਾਈ ਜਾਨੈਂ, ਮੁੰਡਿਆ,” ਉਹ ਬੋਲੀ। “ਵਿਤੀਆ, ਤੁਸੀਂ ਦੋਵੇਂ ਬਾਹਰ ਜਾਕੇ ਵਾੜੀ ਵਿੱਚ ਕਿਉਂ ਨਹੀਂ ਖੇਡਦੇ ?"
ਹੁੱਕੀ ਵਾਲਾ ਫ਼ੌਜੀ ਆਪਣੀਆਂ ਅੱਖਾਂ ਸੰਗੋੜ ਕੇ ਮੀਸ਼ਾ ਵੱਲ ਵੇਖ ਕੇ ਮੁਸਕਰਾਇਆ।
“ਕਿਉਂ ਜਵਾਨ, ਉਸ ਭੋਰੇ ਤੱਕ ਕਿਵੇਂ ਅੱਪੜੀਦੈ ?"
“ਇਸ ਵਲੱਲੇ ਬਾਲ ਦੀ ਗੱਲ ਦਾ ਯਕੀਨ ਨਾ ਕਰੋ,” ਪਾਦਰੀ ਦੀ ਵਹੁਟੀ ਬੋਲੀ, ਉਹਨੇ ਆਪਣੇ ਹੱਥ ਇੰਨੇ ਜ਼ੋਰ ਨਾਲ ਘੁੱਟੇ ਕਿ ਉਹਦੀਆਂ ਉਂਗਲਾਂ ਦੇ ਕੜਾਕੇ ਨਿੱਕਲ ਗਏ।“ਸਾਡੇ ਕੋਈ ਭੋਰਾ ਨਹੀਂ, ਭਲੇ ਲੋਕੋ, ਮੇਰੇ 'ਤੇ ਇਤਬਾਰ ਕਰੋ।”
“ਸ਼ੈਤ ਕਾਮਰੇਡ ਕੁਝ ਖਾਣਾ ਪਸੰਦ ਕਰਨਗੇ ? ” ਪਾਦਰੀ ਨੇ ਆਪਣੀ ਕੈਸੋਕ ਦੀਆਂ ਚੋਣਾਂ ਸੰਵਾਰਦੇ ਹੋਏ ਕਿਹਾ।“ਬਸ ਬੈਠਕ ਵਿੱਚ ਚਰਨ ਪਾਓ।”
ਮੁੰਡਿਆਂ ਕੋਲੋਂ ਲੰਘਦੇ ਹੋਏ ਪਾਦਰੀ ਦੀ ਵਹੁਟੀ ਨੇ ਮੀਸ਼ਾ ਨੂੰ ਬੜੀ ਦਰਦ ਕਰਨ ਵਾਲੀ ਚੂੰਢੀ ਵੱਢੀ, ਪਰ ਅਤਿ ਦਿਆਲ ਮੁਸਕਾਨ ਨਾਲ ਕਿਹਾ :
“ਬੱਚਿਓ ਜਾਕੇ ਵਾੜੀ ਵਿੱਚ ਖੇਡੋ। ਇੱਥੇ ਤੁਸੀਂ ਕੰਮ ਵਿੱਚ ਰੋਕ ਬਣੇ ਹੋਏ ਹੋ।”
ਫ਼ੌਜੀਆਂ ਨੇ ਇੱਕ ਦੂਜੇ ਵੱਲ ਵੇਖਿਆ, ਫਿਰ ਆਪਣੀਆਂ ਰਾਈਫ਼ਲਾਂ ਦੇ ਕੁੰਦਿਆਂ ਨਾਲ ਫ਼ਰਸ਼ 'ਤੇ ਤਖ਼ਤਿਆਂ ਨੂੰ ਠਕੋਰਦੇ ਹੋਏ, ਧਿਆਨ ਨਾਲ ਰਸੋਈ ਨੂੰ ਜਾਚਣਾ ਸ਼ੁਰੂ ਕਰ ਦਿੱਤਾ। ਉਹਨਾਂ ਕੰਧ ਨਾਲ ਲੱਗੇ ਇੱਕ ਮੇਜ਼ ਨੂੰ ਇੱਕ ਪਾਸੇ ਕੀਤਾ ਅਤੇ ਇਹਦੇ ਹੇਠਾਂ ਵਿਛੀਆਂ ਬੋਰੀਆਂ ਨੂੰ ਚੁੱਕਿਆ। ਹੁੱਕੀ ਵਾਲੇ ਫ਼ੌਜੀ ਨੇ ਫ਼ਰਸ਼ ਦਾ ਇੱਕ ਫੱਟਾ ਖਿੱਚਿਆ ਅਤੇ ਭੋਰੇ ਵਿੱਚ ਝਾਕਿਆ।
“ਤੂਹਾਨੂੰ ਸ਼ਰਮ ਆਉਣੀ ਚਾਹੀਦੀ ਏ,” ਉਹਨੇ ਸਿਰ ਹਿਲਾਉਂਦੇ ਹੋਏ ਕਿਹਾ। “ਸਾਨੂੰ ਕਹਿੰਦੇ ਓ ਤੁਹਾਡੇ ਕੋਲ ਅਨਾਜ ਨਹੀਂ, ਤੇ ਤੁਹਾਡਾ ਭੋਰਾ ਨੱਕੋ ਨੱਕ ਭਰਿਆ ਪਿਐ।”
ਪਾਦਰੀ ਦੀ ਵਹੁਟੀ ਨੇ ਮੀਸ਼ਾ ਵੱਲ ਇਸ ਢੰਗ ਨਾਲ ਤੱਕਿਆ ਕਿ ਉਹ ਡਰ ਗਿਆ ਅਤੇ ਛੇਤੀ ਤੋਂ ਛੇਤੀ ਘਰ ਨੱਠ ਜਾਣਾ ਚਾਹੁੰਦਾ ਸੀ। ਉਹ ਉੱਠਿਆ ਅਤੇ ਦਰਵਾਜ਼ੇ ਵੱਲ ਚੱਲ ਪਿਆ। ਲਾਂਘੇ ਵਿੱਚ ਪਾਦਰੀ ਦੀ ਵਹੁਟੀ ਉਹਦੇ ਤੱਕ ਅੱਪੜ ਗਈ, ਉਹਨੂੰ ਵਾਲਾਂ ਤੋਂ ਫੜ ਲਿਆ ਅਤੇ ਜ਼ੋਰ ਦੀ ਝੰਜੋੜਣ ਲੱਗ ਪਈ। ਉਹ ਰੋ ਰਹੀ ਸੀ।
ਉਹਨੇ ਝਟਕੇ ਦੇ ਕੇ ਆਪਣੇ ਆਪ ਨੂੰ ਛੁਡਾਇਆ ਅਤੇ ਘਰ ਨੱਠ ਗਿਆ। ਭਰੇ ਹੋਏ ਗੱਚ ਨਾਲ਼ ਉਹਨੇ ਜੋ ਕੁੱਝ ਵਾਪਰਿਆ ਸੀ, ਮਾਂ ਨੂੰ ਦੱਸਿਆ। ਭੈ ਨਾਲ ਮਾਂ ਦੇ ਹੱਥ ਉੱਪਰ ਉੱਠ ਗਏ।
“ਮੈਂ ਤੇਰੇ ਨਾਲ ਕਿਵੇਂ ਨਿਬੱੜਾਂ ? ” ਉਹ ਕੂਕੀ। “ਮੇਰੀ ਨਜ਼ਰੋਂ ਦੂਰ ਹੋ ਜਾ ਨਹੀਂ ਤਾਂ ਤੌਣੀ ਲਾ ਦਿਆਂਗੀ।”
ਉਸ ਤੋਂ ਪਿੱਛੋਂ ਜਦੋਂ ਕਦੀ ਮੀਸ਼ਾ ਦੇ ਜਜ਼ਬਿਆਂ ਨੂੰ ਠੇਸ ਲਗਦੀ, ਉਹ ਸਿੱਧਾ ਦਾਣਿਆਂ ਵਾਲੇ ਕੋਠੇ ਹੇਠਾਂ ਜਾਂਦਾ, ਪੱਥਰ ਇੱਕ ਪਾਸੇ ਕਰਦਾ, ਭਸਰੇ ਦਾ ਪੱਤਾ ਖੋਹਲਦਾ ਅਤੇ ਫ਼ੋਟੋ ਉੱਤੇ ਡਿੱਗਦੇ ਹੰਝੂਆਂ ਨਾਲ ਲੈਨਿਨ ਨੂੰ ਆਪਣੇ ਦੁੱਖੜੇ ਦੱਸਦਾ।
ਇੱਕ ਹਫ਼ਤਾ ਲੰਘ ਗਿਆ। ਮੀਸ਼ਾ ਇੱਕਲਾ ਸੀ। ਉਹਦਾ ਖੇਡ ਦਾ ਕੋਈ ਸਾਥੀ ਨਹੀਂ ਸੀ। ਆਲੇ- ਦੁਆਲੇ ਦੇ ਮੁੰਡਿਆਂ ਵਿੱਚੋਂ ਕੋਈ ਉਹਦਾ ਸਾਥ ਨਾ ਦੇਂਦਾ। ਉਹ ਤਾਂ ਬਸ ਉਹਨੂੰ ਵੇਖ ਕੇ 'ਹਰਾਮੀ' ਦੀਆਂ ਕੂਕਾਂ ਹੀ ਲਾਉਂਦੇ। ਮੁੰਡਿਆਂ ਨੇ ਆਪਣੇ ਵੱਡਿਆਂ ਤੋਂ ਨਵੇਂ ਨਾਂ ਸਿੱਖ ਲਏ ਸਨ।
“ਕਮਿਊਨਿਸਟ ਚੂਹਾ!” ਉਹ ਕੂਕਦੇ, ਅਤੇ ਗੰਦਾ ਕੌਮਨਸ਼ਟ!”
ਇੱਕ ਦੁਪਹਿਰੇ ਛੱਪੜ ਤੋਂ ਘਰ ਆਉਂਦੇ ਹੋਏ ਉਹਨੇ ਆਪਣੇ ਅੱਬਾ ਦੀ ਅਵਾਜ਼ ਸੁਣੀ, ਬਹੁਤ ਉੱਚੀ ਅਤੇ ਕਰੜੀ ਜਾਪਦੀ। ਅੰਮਾਂ ਇਉਂ ਰੋ ਰਹੀ ਸੀ, ਜਿਵੇਂ ਕਿਸੇ ਦੇ ਮਰਨ 'ਤੇ ਰੋਈਦਾ ਹੈ। ਮੀਸ਼ਾ ਅੰਦਰ ਗਿਆ। ਉਹਦਾ ਅੱਬਾ ਬੈਠਾ ਖਿੱਚ-ਖਿੱਚ ਕੇ ਬੂਟ ਪਾ ਰਿਹਾ ਸੀ। ਉਹਦਾ ਫ਼ੌਜੀ ਕੋਟ ਪਹਿਲਾਂ ਹੀ ਲਪੇਟਿਆ ਹੋਇਆ ਉਹਦੇ ਕੋਲ ਪਿਆ ਸੀ।
“ਕਿੱਥੇ ਚੱਲਿਐਂ, ਅੱਬਾ ? ”
ਉਹਦਾ ਅੱਬਾ ਹੱਸਿਆ।
“ਪੁੱਤਰ, ਜੇ ਆਪਣੀ ਮਾਂ ਨੂੰ ਚੁੱਪ ਕਰਾ ਸਕਦੈਂ ਤਾਂ ਕਰਾ।ਉਹ ਤਾਂ ਰੋ-ਰੋ ਕੇ ਫਾਵੀ ਹੋਈ ਜਾ ਰਹੀ ਏ। ਮੈਂ ਫਿਰ ਜੰਗ ਲੜਨ ਜਾਣੈ ਤੇ ਉਹ ਮੈਨੂੰ ਜਾਣ ਨਹੀਂ ਦੇਂਦੀ।”
“ਅੱਬਾ, ਮੈਨੂੰ ਵੀ ਨਾਲ ਲੈ ਚੱਲ।”
ਅੱਬਾ ਨੇ ਆਪਣੀ ਪੇਟੀ ਘੁੱਟ ਕੇ ਕਸੀ ਅਤੇ ਆਪਣੀ ਫ਼ੀਤਿਆਂ ਵਾਲੀ ਟੋਪੀ ਪਹਿਨ ਲਈ। “ਲੈ, ਕਮਲਾ ਨਾ ਹੋਵੇ ਤਾਂ ? ਅਸੀਂ ਦੋਵੇਂ ਇੱਕਠੇ ਕਿਵੇਂ ਜਾ ਸਕਦੇ ਆਂ ? ਮੇਰੇ ਮੁੜਨ ਤੱਕ ਤੂੰ ਉੱਕਾ ਹੀ ਨਹੀਂ ਜਾਣਾ। ਨਹੀਂ ਤਾਂ ਵਾਢੀ ਸਮੇਂ ਕਣਕ ਕੌਣ ਸਾਂਭੇਗਾ ? ਅੰਮਾਂ ਨੇ ਘਰ ਦਾ ਧਿਆਨ ਰੱਖਣਾ ਹੁੰਦੈ ਤੇ ਦਾਦਾ—ਉਹ ਬੁੱਢਾ ਹੋਈ ਜਾਂਦੈ।”
ਮੀਸ਼ਾ ਨੇ ਆਪਣੇ ਹੰਝੂ ਰੋਕ ਲਏ ਅਤੇ ਇਥੋਂ ਤੱਕ ਕਿ ਅੱਬਾ ਤੋਂ ਵਿਦਿਆ ਹੁੰਦਿਆ ਉਹਨੇ ਮੁਸਕਰਾ ਵੀ ਦਿੱਤਾ।ਅੰਮਾਂ ਅੱਬਾ ਦੇ ਗਲੇ ਨਾਲ ਲਟਕੀ ਹੋਈ ਸੀ, ਐਨ ਉਸ ਤਰ੍ਹਾਂ ਜਿਵੇਂ ਉਹ ਉਸ ਸਮੇਂ ਲਟਕੀ ਸੀ ਜਦੋਂ ਉਹ ਮੁੜ ਕੇ ਆਇਆ ਸੀ ਅਤੇ ਅੱਬਾ ਨੂੰ ਉਸ ਤੋਂ ਛੁਡਾਉਣ ਵਿੱਚ ਬਹੁਤ ਔਖ ਹੋਈ।ਦਾਦੇ ਨੇ ਹਉਂਕਾ ਭਰਿਆ ਅਤੇ ਅੱਬਾ ਨੂੰ ਵਿਦੈਗੀ ਦਾ ਚੁੰਮਣ ਦੇਂਦੇ ਹੋਏ ਉਹਨੇ ਕੰਨ ਵਿੱਚ ਕਿਹਾ
“ਵੇਖ ਫ਼ੋਮਾ—ਜੇ ਤੂੰ ਘਰੇ ਰਹੇਂ ਤਾਂ ? ਭਲਾਂ ਤੇਰੇ ਬਿਨਾਂ ਉਹਨਾਂ ਦਾ ਕੰਮ ਨਹੀਂ ਚਲਦਾ ? ਜੇ ਤੂੰ ਮਾਰਿਆ ਗਿਆ ਤਾਂ ਅਸੀਂ ਕੀ ਕਰਾਂਗੇ ? "
“ਛੱਡ ਪਰਾਂ, ਅੱਬਾ। ਇਉਂ ਗੱਲ ਨਹੀਂ ਬਣਨੀ। ਜੇ ਸਾਰੇ ਮਰਦ ਆਪਣੀਆਂ ਤੀਵੀਆਂ ਦੀਆਂ ਘੱਗਰੀਆਂ ਪਿੱਛੇ ਲੁੱਕ ਜਾਣ ਤਾਂ ਸੋਵੀਅਤਾਂ ਲਈ ਕੌਣ ਲੜੇਗਾ ? "
“ਚੰਗਾ, ਫੇਰ ਤੂੰ ਜਾ, ਜੇ ਤੂੰ ਹੱਕ ਲਈ ਲੜ ਰਿਹੈਂ।”
ਮੁੜਦੇ ਹੋਏ ਦਾਦੇ ਨੇ ਚੋਰੀ ਚੋਰੀ ਹੰਝੂ ਪੂੰਝੇ। ਉਹ ਅੱਬਾ ਨੂੰ ਵਿਦਿਆ ਕਹਿਣ ਲਈ ਉਹਦੇ ਨਾਲ ਪਿੰਡ ਸੋਵੀਅਤ ਤੱਕ ਗਏ। ਵੀਹ ਕੁ ਲੋਕ ਉੱਥੇ ਖੜ੍ਹੇ ਸਨ, ਉਹਨਾਂ ਸਾਰਿਆਂ ਕੋਲ ਰਾਈਫ਼ਲਾਂ ਸਨ। ਉਹਦੇ ਅੱਬਾ ਨੇ ਵੀ ਇੱਕ ਰਾਈਫ਼ਲ ਲਈ। ਫਿਰ ਮੀਸ਼ਾ ਨੂੰ ਇੱਕ ਵਾਰ ਫਿਰ ਚੁੰਮ ਕੇ ਉਹ ਵਿਦਿਆ ਹੋਇਆ ਅਤੇ ਹੋਰਨਾਂ ਬੰਦਿਆ ਨਾਲ ਪਿੰਡੋਂ ਬਾਹਰ ਜਾਂਦੀ ਸੜਕ ਉੱਤੇ ਮਾਰਚ ਕਰਦਾ ਹੋਇਆ ਚਲਾ ਗਿਆ।
ਮੀਸ਼ਾ ਦਾਦੇ ਨਾਲ ਘਰ ਮੁੜਿਆ। ਅੰਮਾਂ ਵੀ ਉਹਨਾਂ ਦੇ ਪਿੱਛੇ ਲੜਖੜਾਉਂਦੀ ਲੱਤਾਂ ਧਰੀਕਦੀ ਆਈ।ਪਿੰਡ ਵਿੱਚ ਕਿਧਰੇ ਕਿਧਰੇ ਕੁੱਤੇ ਭੌਂਕ ਰਹੇ ਸਨ। ਕਿਧਰੇ ਕਿਧਰੇ ਕਿਸੇ ਦੀ ਬਾਰੀ ਵਿੱਚ ਲੋਅ ਸੀ। ਪਿੰਡ ਨੇ ਆਪਣੇ ਆਪ ਨੂੰ ਰਾਤ ਦੇ ਹਨੇਰੇ ਵਿੱਚ ਇਉਂ ਲਪੇਟ ਲਿਆ ਸੀ ਜਿਵੇਂ ਕੋਈ ਬੁੱਢੀ ਜ਼ਨਾਨੀ ਕਾਲ਼ੀ ਸ਼ਾਲ ਦੀ ਬੁੱਕਲ ਮਾਰ ਲੈਂਦੀ ਹੈ।
ਨਿੱਕਾ-ਨਿੱਕਾ ਮੀਂਹ ਪੈ ਰਿਹਾ ਸੀ, ਸਤੇਪੀ ਵਿੱਚ ਕਿਧਰੇ ਦੂਰ ਬਿਜਲੀ ਚਮਕਦੀ, ਜਿਸ ਤੋਂ ਪਿੱਛੋਂ ਇਹਦੀ ਖੁੰਢੀ ਜਿਹੀ ਗਰਜ ਸੁਣਾਈ ਦੇਂਦੀ।
ਉਹ ਚੁੱਪ ਚਾਪ ਘਰ ਵੱਲ ਚਲਦੇ ਗਏ। ਪਰ ਜਦੋਂ ਉਹ ਫਾਟਕ ਕੋਲ ਅੱਪੜੇ ਤਾਂ ਮੀਸ਼ਾ ਨੇ ਪੁੱਛਿਆ: “ਦਾਦਾ, ਅੱਬਾ ਕਿਸ ਨਾਲ ਲੜਨ ਗਿਐ ?"
“ਮੇਰਾ ਸਿਰ ਨਾ ਖਾ।”
“ਦਾਦਾ!”
“ਕੀ ਗੱਲ ਏ ?"
ਫਾਟਕ ਨੂੰ ਕੁੰਡਾ ਲਾਉਂਦੇ ਹੋਏ ਜਵਾਬ ਦਿੱਤਾ।
“ਕੁਝ ਭੈੜੇ ਬੰਦੇ ਇੱਕਠੇ ਹੋ ਗਏ ਨੇ, ਐਨ ਪਿੰਡ ਦੇ ਕੋਲ। ਲੋਕ ਉਹਨਾਂ ਨੂੰ ਇੱਕ ਟੋਲਾ ਕਹਿੰਦੇ ਨੇ। ਪਰ ਮੇਰੀ ਜਾਚੇ ਤਾਂ ਉਹ ਬਸ ਲੁਟੇਰੇ ਈ ਨੇ। ਤੇਰਾ ਅੱਬਾ ਉਹਨਾਂ ਨਾਲ ਹੀ ਲੜਨ ਗਿਐ।”
“ਉਹ ਕਿੰਨੇ ਕੁ ਨੇ, ਦਾਦਾ ?"
“ਸ਼ੈਦ ਦੋ ਸੌ—ਲੋਕ ਇਹੋ ਕਹਿੰਦੇ ਨੇ। ਹੁਣ ਤੂੰ ਵਗਦਾ ਹੋ! ਤੇਰੇ ਸੌਣ ਦਾ ਵੇਲਾ ਹੋ ਗਿਐ।”
ਉਸ ਰਾਤ ਮੀਸ਼ਾ ਅਵਾਜ਼ਾਂ ਸੁਣ ਕੇ ਜਾਗਿਆ।ਉਹਨੇ ਦਾਦੇ ਨੂੰ ਜਗਾਉਣ ਲਈ ਹੱਥ ਵਧਾਇਆ ਪਰ ਦਾਦਾ ਉੱਥੇ ਹੈ ਨਹੀਂ ਸੀ।
“ਦਾਦਾ ! ਤੂੰ ਕਿਥੇ ?"
“ਸ਼ੀ ! ਚੁੱਪ ਕਰਕੇ ਲੇਟਿਆ ਰਹਿ ਤੇ ਸੌਂ ਜਾ।”
ਮੀਸ਼ਾ ਉਠਿਆ ਅਤੇ ਹਨੇਰੀ ਰਸੋਈ ਵਿੱਚੋਂ ਟੋਹ-ਟੋਹ ਕੇ ਬਾਰੀ ਤੱਕ ਗਿਆ। ਦਾਦਾ ਉੱਥੇ ਸੀ, ਬਸ ਜਾਂਘੀਆ ਤੇ ਬੁਨੈਣ ਪਹਿਨੀ ਬੈਂਚ ਉੱਤੇ ਬੈਠਾ, ਉਹਦਾ ਸਿਰ ਖੁੱਲ੍ਹੀ ਬਾਰੀ ਵਿੱਚੋਂ ਬਾਹਰ ਨਿੱਕਲਿਆ ਹੋਇਆ ਸੀ—ਉਹ ਬਿੜਕ ਲੈ ਰਿਹਾ ਸੀ। ਮੀਸ਼ਾ ਵੀ ਬਿੜਕ ਲੈਣ ਲੱਗ ਪਿਆ।ਚੁੱਪ ਰਾਤ ਵਿੱਚ ਉਹਨੂੰ ਗੋਲੀਆਂ ਚੱਲਣ ਦੀ ਅਵਾਜ਼ ਆਈ, ਕਿਧਰੇ ਪਿੰਡੋਂ ਪਰੇ। ਪਹਿਲਾਂ ਇੱਕਾ ਦੁੱਕਾ ਗੋਲੀਆਂ ਤੇ ਫਿਰ ਬਾਕਾਇਦਾ ਬਾੜ੍ਹਾਂ।
ਠਾਹ ! ਠਾਹ-ਠਾਹ!
ਜਿਵੇਂ ਕੋਈ ਹਥੌੜੇ ਨਾਲ ਕਿੱਲ ਠੋਕ ਰਿਹਾ ਹੋਵੇ। ਮੀਸ਼ਾ ਡਰ ਗਿਆ। ਉਹ ਦਾਦੇ ਦੇ ਨੇੜੇ ਹੋ ਗਿਆ। “ਇਹ ਮੇਰਾ ਅੱਬਾ ਗੋਲੀ ਪਿਆ ਚਲੌਂਦੈ ? "
ਦਾਦੇ ਨੇ ਕੋਈ ਜਵਾਬ ਨਾ ਦਿੱਤਾ। ਮਾਂ ਫਿਰ ਰੋ ਰਹੀ ਸੀ।
ਸਾਰੀ ਰਾਤ ਗੋਲੀ ਚੱਲਦੀ ਰਹੀ। ਪਹੁ ਫੁਟਦੇ ਨੂੰ ਚੁੱਪ ਛਾ ਗਈ। ਮੀਸ਼ਾ ਬੈਂਚ ਉੱਤੇ ਗੁੱਛਾ-ਮੁੱਛਾ ਹੋ ਗਿਆ ਅਤੇ ਭਾਰੀ, ਨਰੋਆ ਨਾ ਕਰਨ ਵਾਲੀ ਨੀਂਦ ਵਿੱਚ ਗੜੂੰਦਿਆਂ ਗਿਆ। ਛੇਤੀ ਹੀ ਘੁੜਸਵਾਰਾਂ ਦੀ ਇੱਕ ਟੋਲੀ ਸੜਕ ਉੱਤੋਂ ਸਰਪਟ ਪਿੰਡ ਸੋਵੀਅਤ ਵੱਲ ਗਈ। ਦਾਦੇ ਨੇ ਮੀਸ਼ਾ ਨੂੰ ਜਗਾਇਆ ਅਤੇ ਕਾਹਲੀ ਕਾਹਲੀ ਵਿਹੜੇ ਵਿੱਚ ਚਲਾ ਗਿਆ।
ਪਿੰਡ ਸੋਵੀਅਤ ਤੋਂ ਧੂੰਏ ਦਾ ਕਾਲਾ ਬੱਦਲ ਉੱਠਿਆ।ਲਾਟਾਂ ਨੇ ਨੇੜੇ ਦੀਆਂ ਇਮਾਰਤਾਂ ਨੂੰ ਵੀ ਚੱਟਿਆ ਅਤੇ ਘੁੜਸਵਾਰ ਸੜਕਾਂ 'ਤੇ ਘੋੜੇ ਭਜਾਉਂਦੇ ਫਿਰੇ।ਉਹਨਾਂ ਵਿੱਚੋਂ ਇੱਕ ਨੇ ਉੱਚੀ ਉੱਚੀ ਦਾਦੇ ਨੂੰ ਕਿਹਾ
“ਬੁੱਢਿਆ, ਘੋੜਾ ਹੈ ਈ ?
“ਹਾਂ।”
“ਉਹਨੂੰ ਜੋਤ ਲੈ ਤੇ ਜਾ ਕੇ ਆਪਣੇ ਕਮਿਊਨਿਸਟਾਂ ਨੂੰ ਲੈ ਆ। ਉੱਥੇ ਝਾੜੀਆਂ ਵਿੱਚ ਉਹਨਾਂ ਦਾ ਢੇਰ ਲੱਗਾ ਹੋਇਐ।ਉਹਨਾਂ ਦੇ ਘਰਦਿਆਂ ਨੂੰ ਕਹਿ ਦਈਂ ਉਹਨਾਂ ਨੂੰ ਦਫ਼ਨ ਕਰ ਦੇਣ।”
ਦਾਦੇ ਨੇ ਛੇਤੀ ਹੀ ਸਾਵਰਾਸਕਾ ਨੂੰ ਗੱਡੇ ਨਾਲ਼ ਜੋਇਆ, ਕੰਬਦੇ ਹੱਥਾਂ ਨਾਲ ਰਾਸਾਂ ਸਾਂਭੀਆਂ ਅਤੇ ਦੁੜਕੀ ਚਾਲ ਉੱਥੋਂ ਚਲਾ ਗਿਆ।
ਪਿੰਡ ਵਿੱਚ ਕੂਕਾਂ ਅਤੇ ਚੀਕਾਂ ਸੁਣਾਈ ਦੇ ਰਹੀਆਂ ਸਨ। ਲੁਟੇਰੇ ਮਿਆਨੀਆਂ ਵਿੱਚੋਂ ਪਰਾਲੀ ਧੂਹ ਰਹੇ ਸਨ ਅਤੇ ਭੇਡਾਂ ਵੱਢ ਰਹੇ ਸਨ। ਉਹਨਾਂ ਵਿੱਚੋਂ ਅਨੀਸੀਮੋਵਨਾ ਦੇ ਜੰਗਲੇ ਕੋਲ ਘੋੜੇ ਤੋਂ ਉੱਤਰਿਆ ਅਤੇ ਉਹਦੇ ਘਰ ਵਿੱਚ ਚਲਾ ਗਿਆ। ਮੀਸ਼ਾ ਨੇ ਅਨੀਸੀਮੋਵਨਾ ਦੀਆਂ ਚੀਕਾਂ ਸੁਣੀਆਂ। ਲੁਟੇਰਾ ਬਾਹਰ ਆਇਆ, ਉਹਦੀ ਸੈਫ਼ ਨੇ ਦਲੀਜ਼ ਨਾਲ ਲੱਗ ਕੇ ਖੜ-ਖੜ ਕੀਤੀ।ਉਹ ਡਿਉਢੀ ਵਿੱਚ ਬਹਿ ਗਿਆ, ਬੂਟ ਲਾਹੇ, ਆਪਣੇ ਪੈਰਾਂ ਉੱਤੇ ਵਲੇ ਗੰਦੇ ਕੱਪੜੇ ਲਾਹ ਸੁੱਟੇ ਅਤੇ ਉਹਨਾਂ ਦੀ ਥਾਂ ਅਨੀਸੀਮੋਵਨਾ ਦੀ ਜ਼ੋਰ ਨਾਲ ਦੋ ਟੋਟੇ ਕੀਤੀ ਸੋਹਣੀ ਦਿਨ ਦਿਹਾੜ ਨੂੰ ਲੈਣ ਵਾਲੀ ਸ਼ਾਲ ਵੱਲ ਲਈ।
ਮੀਸ਼ਾ ਆਪਣੀ ਮਾਂ ਦੇ ਬਿਸਤਰੇ ਵਿੱਚ ਵੜ ਗਿਆ ਅਤੇ ਆਪਣਾ ਸਿਰ ਸਿਰਹਾਣੇ ਹੇਠਾਂ ਲੁਕਾ ਲਿਆ। ਜਦੋਂ ਤੱਕ ਉਹਨੇ ਫਾਟਕ ਚੂਕਦਾ ਨਾ ਸੁਣਿਆ ਉਹ ਉੱਥੇ ਹੀ ਪਿਆ ਰਿਹਾ। ਫਿਰ ਉਹ ਨੱਸ ਕੇ ਬਾਹਰ ਗਿਆ ਅਤੇ ਦਾਦੇ ਨੂੰ ਵੇਖਿਆ, ਉਹਦੀ ਦਾੜ੍ਹੀ ਹੰਝੂਆਂ ਨਾਲ ਗਿੱਲੀ ਹੋ ਗਈ ਸੀ ਅਤੇ ਉਹ ਘੋੜੇ ਦੀ ਲਗਾਮ ਫੜ ਕੇ ਵਿਹੜੇ ਵਿੱਚ ਆ ਰਿਹਾ ਸੀ।
ਗੱਡੇ ਉੱਤੇ ਇੱਕ ਬੰਦਾ ਪਿਆ ਸੀ, ਨੰਗੇ ਪੈਰੀਂ, ਉਹਦੀਆਂ ਬਾਹਾਂ ਚੁਪੱਟ ਖੁੱਲ੍ਹੀਆਂ ਸਨ। ਉਸ ਬੰਦੇ ਦਾ ਸਿਰ ਗੱਡੇ ਦੇ ਪਿੱਛੇ ਠੱਕ-ਠੱਕ ਕਰਦਾ ਅਤੇ ਫੱਟਿਆਂ ਉੱਤੇ ਖੂਨ ਦੇ ਵੱਡੇ, ਕਾਲੇ ਚਟਾਖ਼ ਸਨ।
ਕੁੱਝ-ਕੁਝ ਝੂਲਦਾ ਮੀਸ਼ਾ ਗੱਡੇ ਕੋਲ੍ਹ ਗਿਆ ਅਤੇ ਬੰਦੇ ਦੇ ਮੂੰਹ ਵੱਲ ਧਿਆਨ ਨਾਲ ਵੇਖਿਆ। ਇਹਦੇ ਉੱਤੇ ਸੈਫ਼ ਦੇ ਵਾਰਾਂ ਕਾਰਨ ਕਾਟੇ ਬਣੇ ਹੋਏ ਸਨ। ਉਹਦੇ ਦੰਦ ਨਿਕਲੇ ਹੋਏ ਸਨ। ਇੱਕ ਗੱਲ੍ਹ ਵੱਢੀ ਹੋਈ ਸੀ ਅਤੇ ਚਮੜੀ ਦੀ ਛਿਲਤਰ ਜਿਹੀ ਨਾਲ ਲੱਟਕੀ ਹੋਈ ਸੀ। ਖੂੰਖਾਰ, ਉੱਬਲਦੀਆਂ ਅੱਖਾਂ ਵਿੱਚੋਂ ਇੱਕ ਉੱਤੇ ਇੱਕ ਹਰੀ ਮੁੱਖੀ ਬੈਠੀ ਸੀ।
ਮੀਸ਼ਾ ਭੈ ਨਾਲ ਕੰਬ ਰਿਹਾ ਸੀ, ਪਰ ਉਹਨੂੰ ਇੱਕ ਦਮ ਸਮਝ ਨਾ ਆਈ। ਉਹਨੇ ਮੂੰਹ ਮੋੜਨ ਦਾ ਯਤਨ ਕੀਤਾ ਪਰ ਫਿਰ ਉਹਦੀ ਨਿਗਾਹ ਜ਼ਹਾਜ਼ੀ ਦੀ ਨੀਲੀਆਂ ਅਤੇ ਚਿੱਟੀਆਂ ਧਾਰੀਆਂ ਵਾਲੀ ਕਮੀਜ਼ ਉੱਤੇ ਪਈ, ਜਿਸ ਉੱਤੇ ਹਰ ਥਾਂ ਲਹੂ ਦੇ ਧੱਬੇ ਪਏ ਸਨ।ਉਹ ਜ਼ੋਰ ਦੀ ਤ੍ਰਭਕਿਆ, ਜਿਵੇਂ ਕਿਸੇ ਨੇ ਉਹਨੂੰ ਮੁੱਕਾ ਮਾਰਿਆ ਹੋਵੇ ਅਤੇ ਪਾਟੀਆਂ ਅੱਖਾਂ ਨਾਲ, ਉਸ ਕਾਲੇ, ਅਹਿਲ ਮੂੰਹ ਵੱਲ ਤਾੜੀ ਲਾਕੇ ਵੇਖਣ ਲਈ ਮੁੜਿਆ।
“ਅੱਬਾ,’” ਉਹ ਛਾਲ ਮਾਰਕੇ ਗੱਡੇ ਉੱਤੇ ਚੜ੍ਹਦਾ ਹੋਇਆ ਕੂਕਿਆ।“ਅੱਬਾ, ਉਠ ! ਅੱਬਾ !”
ਉਹ ਗੱਡੇ ਤੋਂ ਡਿੱਗ ਪਿਆ ਅਤੇ ਨੱਠਣ ਦਾ ਯਤਨ ਕੀਤਾ। ਪਰ ਉਹਦੀਆਂ ਲੱਤਾਂ ਰਹਿ ਗਈਆਂ। ਹੱਥਾਂ ਗੋਡਿਆਂ ਭਾਰ ਰਿੜ੍ਹ ਕੇ ਉਹ ਡਿਉਢੀ ਤੱਕ ਗਿਆ। ਉੱਥੇ ਉਹ ਡਿੱਗ ਪਿਆ ਅਤੇ ਆਪਣਾ ਮੂੰਹ ਰੇਤ ਵਿੱਚ ਲੁਕਾ ਲਿਆ।
* * * * * *
ਦਾਦੇ ਦੀਆਂ ਅੱਖਾਂ ਖੁਆਨਿਆਂ ਵਿੱਚ ਡੂੰਘੀਆਂ, ਬਹੁਤ ਡੂੰਘੀਆਂ ਧਸ ਗਈਆਂ ਸਨ। ਉਹਦਾ ਸਿਰ ਹਿੱਲ ਰਿਹਾ ਸੀ ਅਤੇ ਉਹਦੇ ਬੁੱਲ੍ਹ ਅਵਾਕ ਹਿੱਲਦੇ। ਬੜਾ ਚਿਰ ਉਹ ਕੁੱਝ ਕਹੇ ਬਿਨਾਂ ਬੈਠਾ ਮੀਸ਼ਾ ਦਾ ਸਿਰ ਪਲੋਸਦਾ ਰਿਹਾ। ਅਤੇ ਫਿਰ ਬਿਸਤਰੇ ਉੱਤੇ ਚੁਫਾਲ ਪਈ ਅੰਮਾਂ ਵੱਲ ਵੇਖਦੇ ਹੋਏ ਉਹਨੇ ਹੌਲੀ ਜਿਹੇ ਕਿਹਾ:
“ਚੱਲ ਪੋਤਰੇ, ਇੱਥੋਂ ਬਾਹਰ ਚੱਲੀਏ।”
ਉਹਨੇ ਮੀਸ਼ਾ ਦਾ ਹੱਥ ਫੜਿਆ ਅਤੇ ਉਹਨੂੰ ਬਾਹਰ ਡਿਉਢੀ ਵਿੱਚ ਲੈ ਗਿਆ। ਜਦੋਂ ਉਹ ਦੂਜੇ ਕਮਰੇ ਦੇ ਖੁੱਲ੍ਹੇ ਦਰਵਾਜੇ ਕੋਲੋਂ ਲੰਘੇ ਤਾਂ ਮੀਸ਼ਾ ਕੰਬਿਆ ਅਤੇ ਨੀਵੀਂ ਪਾ ਲਈ। ਉੱਥੇ, ਮੇਜ਼ ਉੱਤੇ ਅੱਬਾ ਪਿਆ ਸੀ, ਇੰਨਾਂ ਕਰੜਾ ਅਤੇ ਅਹਿਲ। ਲਹੂ ਦੇ ਧੱਬੇ ਧੋ ਦਿੱਤੇ ਗਏ ਸਨ, ਪਰ ਮੀਸ਼ਾ ਨੂੰ ਉਹ ਪਥਰਾਈਆਂ ਖੂੰਖਾਰ ਅੱਖਾਂ ਅਤੇ ਉਹਨਾਂ ਉੱਤੇ ਬੈਠੀ ਰਹੀ ਮੱਖੀ ਨਹੀਂ ਸੀ ਭੁੱਲਦੀ।
ਖੂਹ ਦੇ ਕੋਲ ਦਾਦਾ ਬਾਲਟੀ ਨਾਲੋਂ ਰੱਸਾ ਖੋਹਲਦਾ ਅਨੰਤ ਸਮੇਂ ਤੱਕ ਹੱਥ ਮਾਰਦਾ ਰਿਹਾ। ਫਿਰ ਉਹ ਸਾਵਰਾਸਕਾ ਨੂੰ ਦਾਣਿਆਂ ਵਾਲੇ ਕੋਠੇ ਵਿੱਚੋਂ ਬਾਹਰ ਲਿਆਇਆ, ਆਪਣੀ ਆਸਤੀਨ ਨਾਲ ਘੋੜੇ ਦੇ ਮੂੰਹ ਤੋਂ ਝੱਗ ਪੂੰਝੀ ਕੜਿਆਲ ਉਹਦੇ ਮੂੰਹ ਵਿੱਚ ਪਾ ਦਿੱਤੀ। ਇੱਕ ਛਿਣ ਉਹ ਬਿੜਕ ਲੈਂਦਾ ਖੜਾ ਰਿਹਾ। ਲੁਟੇਰਿਆਂ ਵਿੱਚੋਂ ਦੋ ਘੋੜਿਆਂ ਉੱਤੇ ਚੜ੍ਹੇ ਨੇੜਿਉਂ ਲੰਘੇ, ਉਹਨਾਂ ਦੀਆਂ ਸਿਗਰਟਾਂ ਦੇ ਸਿਰੇ ਹਨੇਰੇ ਵਿੱਚ ਲਿਸ਼ਕ ਰਹੇ ਸਨ। ਉਹਨਾਂ ਵਿੱਚੋਂ ਇੱਕ ਨੇ ਕਿਹਾ :
“ਸੋ ਅਸਾਂ ਉਹਨਾਂ ਨੂੰ ਵਿਖਾ ਦਿੱਤਾ ਕਿ ਵਾਧੂ ਅਨਾਜ ਕੀ ਹੁੰਦੈ। ਦੂਜੀ ਦੁਨੀਆਂ ਵਿੱਚ ਲੋਕਾਂ ਦਾ ਅਨਾਜ ਹਥਿਆਉਣ ਤੋਂ ਪਹਿਲਾਂ ਉਹ ਚੰਗੀ ਤਰ੍ਹਾਂ ਸੋਚਣਗੇ।"
ਜਦੋਂ ਸੁੰਮਾਂ ਦੀ ਅਵਾਜ਼ ਸੁਣਨੋਂ ਹਟ ਗਈ ਤਾਂ ਦਾਦਾ ਝੁਕਿਆ ਅਤੇ ਮੀਸ਼ਾ ਦੇ ਕੰਨ ਵਿੱਚ ਕਿਹਾ: “ਮੇਰੀ ਉਮਰ ਵਡੇਰੀ ਏ। ਮੈਂ ਘੋੜੇ 'ਤੇ ਨਹੀਂ ਚੜ੍ਹ ਸਕਦਾ। ਮੈਂ ਤੈਨੂੰ ਇਹਦੇ ਉੱਤੇ ਬਿਠਾ ਦੇਂਦਾਂ ਤੇ ਤੂੰ ਸਿੱਧਾ ਪ੍ਰੋਨੀਨ ਫ਼ਾਰਮ ਵੱਲ ਜਾ। ਮੈਂ ਤੈਨੂੰ ਰਾਹ ਵਿਖਾ ਦਿਆਂਗਾ।ਫ਼ੌਜੀ ਉੱਥੇ ਨੇ, ਉਹੋ ਜਿਹੜੇ ਢੋਲਾਂ ਤੇ ਬਿਗਲਾਂ ਨਾਲ ਪਿੰਡ ਵਿੱਚੋਂ ਲੰਘੇ ਸਨ। ਉਹਨਾਂ ਨੂੰ ਕਹੀਂ ਉਹ ਛੇਤੀ ਆ ਜਾਣ, ਕਿਉਂਕਿ ਲੁਟੇਰੇ ਇੱਥੇ ਨੇ। ਤੈਨੂੰ ਇਹ ਗੱਲ ਕਹਿਣੀ ਚੇਤੇ ਰਹੇਗੀ ?”
ਮੀਸ਼ਾ ਨੇ ਸਿਰ ਹਿਲਾਇਆ। ਦਾਦੇ ਨੇ ਉਹਨੂੰ ਚੁੱਕ ਕੇ ਘੋੜੇ ਦੀ ਪਿੱਠ ਉੱਤੇ ਬਿਠਾ ਦਿੱਤਾ ਅਤੇ ਬਾਲਟੀ ਵਾਲ਼ੇ ਰੱਸੇ ਨਾਲ ਉਹਦੀਆਂ ਲੱਤਾਂ ਕਾਠੀ ਨਾਲ ਬੰਨ੍ਹ ਦਿੱਤੀਆਂ ਤਾਂ ਜੋ ਉਹ ਡਿੱਗ ਨਾ ਪਵੇ ਅਤੇ ਘੋੜੀ ਨੂੰ ਘਾਹ ਦੇ ਪਿੜ ਤੋਂ ਅਤੇ ਛੱਪੜ ਕੋਲੋਂ, ਲੁਟੇਰਿਆਂ ਦੇ ਪਹਿਰੇਦਾਰਾਂ ਕੋਲੋਂ ਲੰਘਾਇਆ ਅਤੇ ਖੁੱਲ੍ਹੇ ਸਤੇਪ ਦੇ ਮੈਦਾਨ ਵਿੱਚ ਲੈ ਗਿਆ।
“ਔਹ ਦਰੁਗ ਵੇਖਿਆ ਈ,” ਦਾਦੇ ਨੇ ਕਿਹਾ, “ਜਿਹੜਾ ਪਹਾੜੀ ਦੇ ਐਨ ਵਿਚਕਾਰ ਏ। ਉਹ ਦਰੁਗ ਦੇ ਕੰਢੇ ਕੰਢੇ ਰਹੀਂ ਅਤੇ ਸੱਜੇ ਖੱਬੇ ਨਾ ਹੋਵੀਂ। ਇਹ ਰਾਹ ਤੈਨੂੰ ਸਿੱਧਾ ਫਾਰਮ ’ਤੇ ਲੈ ਜਾਵੇਗਾ। ਚੰਗਾ—ਰੱਬ ਰਾਖਾ, ਪੁੱਤਰ!”
ਦਾਦੇ ਨੇ ਮੀਸ਼ਾ ਨੂੰ ਚੁੰਮਿਆਂ, ਸਾਵਰਾਸਕਾ ਦੇ ਕੂਲ੍ਹੇ ਉੱਤੇ ਹੌਲੀ ਜਿਹੇ ਥੱਪੜ ਮਾਰਿਆ।
ਰਾਤ ਸਾਫ਼ ਅਤੇ ਚਾਨਣੀ ਸੀ। ਸਾਵਰਾਸਕਾ ਮਜ਼ੇ ਨਾਲ ਦੁੜਕੀ ਚਾਲ ਚਲਦਾ ਗਿਆ, ਕਦੀ ਕਦੀ ਥੁਣਕਦਾ। ਕਾਠੀ ਵਿੱਚ ਹੇਠਾਂ ਉੱਪਰ ਭੁੜਕਦੇ ਸਵਾਰ ਦਾ ਭਾਰ ਇੰਨਾਂ ਥੋੜ੍ਹਾ ਸੀ ਕਿ ਘੋੜਾ ਅਕਸਰ ਆਪਣੀ ਚਾਲ ਧੀਮੀ ਕਰ ਦੇਂਦਾ। ਫਿਰ ਮੀਸ਼ਾ ਰਾਸਾਂ ਫੜਕਾਉਂਦਾ ਜਾਂ ਘੋੜੇ ਦੀ ਗਰਦਨ ਉੱਤੇ ਥੱਪੜ ਮਾਰਦਾ।
ਬਾਹਰ ਖੇਤਾਂ ਵਿੱਚ, ਜਿਥੇ ਪੱਕ ਰਹੀ ਕਣਕ ਘਣੀ ਅਤੇ ਹਰੀ ਸੀ, ਬਟੇਰੇ ਖ਼ੁਸ਼ ਖ਼ੁਸ਼ ਬੋਲ ਰਹੇ ਸਨ। ਦਰੁਗ ਵਿੱਚ ਚੌਅ ਦੇ ਪਾਣੀ ਦੀ ਟੁਣਕਾਰ ਸੁਣਾਈ ਦੇਂਦੀ। ਠੰਢੀ ਹਵਾ ਵਗ ਰਹੀ ਸੀ।
ਸਤੇਪ ਦੇ ਮੈਦਾਨ ਵਿੱਚ ਉੱਕਾ ਇਕੱਲਾ, ਮੀਸ਼ਾ ਡਰ ਗਿਆ। ਉਹਨੇ ਆਪਣੀਆਂ ਬਾਹਾਂ ਸਾਵਰਾਸਕਾ ਦੀ ਗਰਦਨ ਦੁਆਲੇ ਵਲ ਲਈਆਂ। ਨਿੱਕਾ ਜਿਹਾ, ਕੰਬਦਾ, ਮਨੁੱਖੀ ਟੋਟਾ, ਘੋੜੇ ਦੇ ਮਾਸ ਦੀ ਗਰਮੀ ਨਾਲ ਚੰਬੜਿਆ ਹੋਇਆ।
ਪਹਿਆ ਪਹਿਲਾਂ ਪਹਾੜੀ ਦੇ ਉੱਪਰ ਚੜ੍ਹਦਾ ਸੀ, ਫਿਰ ਕੁੱਝ ਹੇਠਾਂ ਜਾਂਦਾ, ਫਿਰ ਉੱਪਰ ਜਾਂਦਾ। ਮੀਸ਼ਾ ਆਪਣੇ ਆਪ ਹੌਲ਼ੀ-ਹੌਲ਼ੀ ਗੱਲਾਂ ਕਰੀ ਜਾਂਦਾ, ਪਿੱਛੇ ਵੱਲ ਵੇਖਣੋਂ ਡਰਦਾ, ਇਥੋਂ ਤੱਕ ਕਿ ਸੋਚਣੋਂ ਵੀ ਡਰਦਾ।ਉਹਨੇ ਅੱਖਾਂ ਮੀਚ ਲਈਆਂ ਅਤੇ ਚੁੱਪ ਨੇ ਉਹਦੇ ਕੰਨਾਂ ਵਿੱਚ ਬੁੱਜੇ ਦੇ ਦਿੱਤੇ।
ਅਚਾਨਕ ਸਾਵਰਾਸਕਾ ਨੇ ਆਪਣਾ ਸਿਰ ਝਟਕਿਆ, ਥੁਣਕਿਆ ਅਤੇ ਚਾਲ ਤੇਜ਼ ਕਰ ਦਿੱਤੀ। ਹੇਠਾਂ, ਪਹਾੜੀ ਦੀ ਪੱਬੀ ਵਿੱਚ, ਮੱਧਮ ਲੋਆਂ ਟਿਮਟਿਮਾ ਰਹੀਆਂ ਸਨ। ਹਵਾ ਕੁੱਤਿਆਂ ਦੇ ਭੌਂਕਣ ਦੀ ਅਵਾਜ਼ ਲਿਆ ਰਹੀ ਸੀ।
ਇੱਕ ਛਿਣ ਲਈ ਮੀਸ਼ਾ ਦਾ ਠਰਿਆ ਦਿਲ ਖੁਸ਼ੀ ਨਾਲ਼ ਨਿੱਘਾ ਹੋ ਗਿਆ।
“ਟੁਰਿਆ ਚੱਲ!” ਉਹਨੇ ਆਪਣੀਆਂ ਅੱਡੀਆਂ ਘੋੜੇ ਦੇ ਪਾਸਿਆਂ ਵਿੱਚ ਮਾਰਦੇ ਹੋਏ ਉੱਚੀ- ਉੱਚੀ ਕਿਹਾ।
ਕੁੱਤਿਆਂ ਦਾ ਭੌਂਕਣਾ ਨੇੜੇ ਆਉਂਦਾ ਗਿਆ, ਢੱਕੀ ਉੱਤੇ ਇੱਕ ਪੌਣ ਚੱਕੀ ਦੀ ਨੁਹਾਰ ਰਾਤ ਵਿੱਚ ਮੱਧਮ ਜਿਹੀ ਦਿਖਾਈ ਦਿੱਤੀ।
“ਕੌਣ ਏ ? ” ਚੱਕੀ ਵਿੱਚੋਂ ਅਵਾਜ਼ ਆਈ।
ਮੀਸ਼ਾ ਨੇ ਚੁੱਪ ਚਾਪ ਸਾਵਰਾਸਕਾ ਨੂੰ ਅੱਡੀ ਮਾਰੀ। ਕੁੱਕੜ ਬਾਂਗਾਂ ਦੇ ਰਹੇ ਸਨ।
“ਹਾਲਟ ! ਕੌਣ ਏ ? ਰੁੱਕ ਜਾਓ ਨਹੀਂ ਤਾਂ ਮੈਂ ਗੋਲੀ ਚਲਾ ਦਿਆਂਗਾ!”
ਇਹ ਸੁਣ ਕੇ ਮੀਸ਼ਾ ਡਰ ਗਿਆ ਅਤੇ ਉਹਨੇ ਰਾਸਾਂ ਖਿੱਚੀਆਂ। ਪਰ ਹੋਰ ਘੋੜੇ ਨੇੜੇ ਹੋਣਾ ਅਨੁਭਵ ਕਰਕੇ ਸਾਵਰਾਸਕਾ ਜ਼ੋਰ ਦੀ ਹਿਣਕਿਆ ਅਤੇ ਸਰਪਟ ਨੱਠ ਉਠਿਆ।
“ਹਾਲਟ!”
ਪੌਣ-ਚੱਕੀ ਦੇ ਨੇੜਿਉਂ ਕਿੱਧਰੋਂ ਗੋਲੀ ਚੱਲੀ। ਮੀਸ਼ਾ ਦੀ ਚੀਕ ਸੁੰਮਾਂ ਦੇ ਖੜਾਕ ਵਿੱਚ ਗੁਆਚ ਗਈ। ਸਾਵਰਾਸਕਾ ਸ਼ੂਕਰਿਆ, ਪਿਛਲੀਆਂ ਲੱਤਾਂ ਉੱਤੇ ਖੜਾ ਹੋਇਆ ਅਤੇ ਆਪਣੇ ਸੱਜੇ ਪਾਸੇ ਡਿੱਗ ਪਿਆ।
ਮੀਸ਼ਾ ਦੀ ਲੱਤ ਚੀਸ 'ਚ ਉੱਠੀ, ਇੰਨੀਂ ਜ਼ੋਰ ਦੀ ਪੀੜ ਕਿ ਉਹ ਚੀਕ ਵੀ ਨਾ ਸਕਿਆ। ਉਹਦੀ ਦੁਖਦੀ ਲੱਤ ਉੱਤੇ ਸਾਵਰਾਸਕਾ ਦਾ ਭਾਰ ਵਧਦਾ ਜਾ ਰਿਹਾ ਸੀ, ਬੋਝਲ ਅਤੇ ਹੋਰ ਬੋਝਲ ।
ਸੁੰਮਾਂ ਦੀ ਅਵਾਜ਼ ਨੇੜੇ ਹੁੰਦੀ ਗਈ। ਦੋ ਸਵਾਰ ਆਏ। ਸ਼ੈਫ਼ਾਂ ਦੀ ਖੜ-ਖੜ ਕਰਦੇ ਉਹ ਘੋੜਿਆਂ ਤੋਂ ਉੱਤਰੇ ਅਤੇ ਮੀਸ਼ਾ ਉੱਤੇ ਝੁੱਕ ਗਏ।
“ਰੱਬ ਦੀ ਸੌਂਹ। ਇਹ ਤਾਂ ਮੁੰਡਾ ਈ ਏ!”
“ਮਰਿਆ ਤਾਂ ਨਹੀਂ ? "
ਇੱਕ ਹੱਥ ਮੀਸ਼ਾ ਦੀ ਕਮੀਜ਼ ਹੇਠ ਵਾੜਿਆ ਗਿਆ ਅਤੇ ਨਿੱਘਾ, ਤੰਬਾਕੂ ਦੀ ਹਵਾੜ ਭਰਿਆ ਸਾਹ ਉਹਦੇ ਮੂੰਹ ਉੱਤੇ ਲੱਗਾ।
“ਜਿਉਂਦੈ,” ਪਹਿਲੀ ਅਵਾਜ਼ ਨੇ ਕਿਹਾ, ਉਹਨੂੰ ਸਾਫ਼ ਸੁਖ ਦਾ ਸਾਹ ਆਇਆ ਜਾਪਦਾ ਸੀ। “ਜਾਪਦੈ ਘੋੜੇ ਨੇ ਇਹਦੀ ਲੱਤ ਫੱਟੜ ਕਰ ਦਿੱਤੀ ਏ।”
ਅੱਧੀ ਬੇਹੋਸ਼ੀ ਵਿੱਚ ਮੀਸ਼ਾ ਨੇ ਕਿਸੇ ਨਾ ਕਿਸੇ ਤਰ੍ਹਾਂ ਫੁਸ ਫੁਸ ਕੀਤੀ।
“ਪਿੰਡ ਵਿੱਚ ਲੁਟੇਰੇ ਆ ਗਏ ਨੇ। ਉਹਨਾਂ ਮੇਰੇ ਅੱਬਾ ਨੂੰ ਮਾਰ ਦਿੱਤੈ ਤੇ ਪਿੰਡ ਸੋਵੀਅਤ ਨੂੰ ਸਾੜ ਦਿੱਤੈ।ਤੇ ਦਾਦਾ ਕਹਿੰਦੈ ਤੁਸੀਂ ਆ ਜਾਓ, ਜਿੰਨੀ ਛੇਤੀ ਹੋ ਸਕੇ।”
ਫਿਰ ਸਭ ਕੁਝ ਮੱਧਮ ਅਤੇ ਵਧੇਰੇ ਮੱਧਮ ਹੋ ਗਿਆ, ਅਤੇ ਮੀਸ਼ਾ ਦੀਆਂ ਅੱਖਾਂ ਸਾਹਮਣੇ ਰੰਗਦਾਰ ਚੱਕਰ ਘੁੰਮਣ ਲੱਗ ਪਏ।
ਅੱਬਾ ਸਾਹਮਣਿਉਂ ਲੰਘਿਆ, ਹੱਸਦਾ, ਆਪਣੀ ਲਾਲ ਮੁੱਛ ਨੂੰ ਤਾਅ ਦੇਂਦਾ ਹੋਇਆ ਅਤੇ ਇੱਕ ਵੱਡੀ ਹਰੀ ਮੱਖੀ ਝੂਲਦੀ ਹੋਈ ਉਹਦੇ ਡੇਲੇ ਉੱਤੇ ਆਪਣਾ ਤੋਲ ਕਾਇਮ ਰੱਖ ਰਹੀ ਸੀ।ਔਹ ਦਾਦਾ ਲੰਘ ਰਿਹਾ ਸੀ, ਉਲਾਹਮੇ ਦੇ ਢੰਗ ਨਾਲ ਆਪਣਾ ਸਿਰ ਹਿਲਾਉਂਦਾ। ਅੰਮਾਂ, ਇੱਕ ਨਿੱਕਾ ਮਨੁੱਖ, ਜਿਸਦਾ ਉੱਚਾ ਮੱਥਾ ਸੀ, ਉਹਦਾ ਹੱਥ ਸਿੱਧਾ ਮੀਸ਼ਾ ਵੱਲ ਇਸ਼ਾਰਾ ਕਰ ਰਿਹਾ ਸੀ।
ਮੀਸ਼ਾ ਨੇ ਬਹੁਤ ਯਤਨ ਕਰਕੇ ਆਪਣਾ ਸਿਰ ਉੱਪਰ ਚੁੱਕਿਆ, ਮੁਸਕਰਾਉਂਦੇ ਅਤੇ ਆਪਣੀਆਂ ਬਾਹਾਂ ਉਲਾਰਦੇ ਹੋਏ ਸ਼ਾਂਤ ਅਵਾਜ਼ ਵਿੱਚ ਕੂਕਿਆ, “ਸਾਥੀ ਲੈਨਿਨ !...”
(ਪੰਜਾਬੀ ਅਨੁਵਾਦ - ਪ੍ਰੀਤਮ ਸਿੰਘ ਮਨਚੰਦਾ)