The Fate Of A Man (Russian Story in Punjabi) : Mikhail Sholokhov
ਮਨੁੱਖ ਦੀ ਹੋਣੀ (ਰੂਸੀ ਕਹਾਣੀ) : ਮਿਖ਼ਾਈਲ ਸ਼ੋਲੋਖ਼ੋਵ
1903 ਤੋਂ ਸੋਵੀਅਤ ਯੂਨੀਅਨ ਦੀ
ਕਮਿਊਨਿਸਟ ਪਾਰਟੀ ਦੀ ਮੈਂਬਰ
ਯੇਵਗੇਨੀਆ ਗ੍ਰਿਗੋਰੀਯੇਵਨਾ ਲੇਵੀਤਸਕਾਯਾ ਲਈ।
ਜੰਗ ਤੋਂ ਪਿੱਛੋਂ ਦੇ ਪਹਿਲੇ ਵਰ੍ਹੇ ਦੋਨ ਦੇ ਉਤਾੜ੍ਹ ਵਿੱਚ ਜਿਹੜੀ ਬਸੰਤ ਆਈ ਉਸ ਵਿੱਚ ਇੱਕ ਅਨੋਖਾ ਜ਼ੋਰ ਤੇਜ਼ੀ ਸੀ। ਮਾਰਚ ਦੇ ਅਖ਼ੀਰ ਤੇ ਅਜ਼ੋਵ ਸਾਗਰ ਦੇ ਤੱਟਾਂ ਤੋਂ ਗਰਮ ਹਵਾਵਾਂ ਚੱਲੀਆਂ ਅਤੇ ਦੋ ਦਿਨਾਂ ਵਿੱਚ ਦਰਿਆ ਦਾ ਖੱਬਾ ਰੇਤਲਾ ਕੰਡਾ ਨੰਗਾ ਹੋ ਗਿਆ ; ਸਟੈਪੀ ਵਿੱਚ ਬਰਫ਼ ਨਾਲ ਅੱਟੇ ਦਰੁਗ ਅਤੇ ਖੱਡਾਂ ਉੱਬਲ ਪਈਆਂ, ਨਦੀਆਂ ਨੇ ਬਰਫ਼ ਨੂੰ ਤੋੜ ਦਿੱਤਾ ਅਤੇ ਉਹਨਾਂ ਵਿੱਚ ਝਲਿਆਇਆ ਹੜ੍ਹ ਆ ਗਿਆ ਅਤੇ ਸੜਕਾਂ ਲੱਗਭਗ ਉੱਕਾ ਹੀ ਅਲੰਘ ਹੋ ਗਈਆਂ।
ਸਾਲ ਦੇ ਇਸ ਕਸੂਤੇ ਸਮੇਂ ਮੈਨੂੰ ਬੂਕਾਨੋਵਸਕਾਯਾ ਦੇ ਪਿੰਡ ਤੱਕ ਸਫ਼ਰ ਕਰਨਾ ਪਿਆ। ਫ਼ਾਸਲਾ ਕੋਈ ਬਹੁਤਾ ਨਹੀਂ ਸੀ— ਬਸ ਲਗਭਗ ਸੱਠ ਕਿਲੋਮੀਟਰ—ਪਰ ਰਾਹ ਔਖਾ ਸਾਬਤ ਹੋਇਆ। ਮੈਂ ਅਤੇ ਮੇਰਾ ਮਿੱਤਰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਚੱਲ ਪਏ। ਚੰਗੇ ਪਲੇ ਘੋੜੇ ਜੋਤਰਿਆਂ ਤੇ ਜ਼ੋਰ ਲਾਉਂਦੇ ਅਤੇ ਭਾਰੀ ਗੱਡੀ ਨੂੰ ਮਸਾਂ ਹੀ ਖਿੱਚਦੇ। ਪਹੀਏ ਧੁਰਿਆਂ ਤੱਕ ਕੱਚੀ ਅਤੇ ਪੱਕੀ ਬਰਫ਼ ਅਤੇ ਰੇਤ ਦੇ ਮਿਲੇ ਜੁਲੇ ਗਿੱਲੇ ਮਿਲਗੋਭੇ ਵਿੱਚ ਧਸ ਗਏ ਅਤੇ ਇੱਕ ਘੰਟੇ ਦੇ ਅੰਦਰ ਅੰਦਰ ਘੋੜਿਆਂ ਦੇ ਪਾਸਿਆਂ ਅਤੇ ਢੱਕਾਂ ਉੱਤੇ ਅਤੇ ਪਤਲੇ ਤੰਗਾਂ ਹੇਠ ਝੱਗ ਦੇ ਮਲਾਈ ਜਿਹੇ ਚਿੱਟੇ ਗੋੜ੍ਹੇ ਦਿਸਣ ਲੱਗ ਪਏ ਅਤੇ ਸਵੇਰ ਦੀ ਸੱਜਰੀ ਪੌਣ ਵਿਚ ਪਸੀਨੇ ਅਤੇ ਖ਼ੂਬ ਕੋਲਤਾਰ ਮਲੇ ਸਾਜ਼ ਦੀ ਤਿੱਖੀ, ਨਸ਼ੀਲੀ ਬੋ ਘੁਸ ਆਈ।
ਜਿਥੇ ਗੱਡੀ ਖਿੱਚਣ ਵਿੱਚ ਘੋੜਿਆਂ ਨੂੰ ਖ਼ਾਸ ਤੌਰ 'ਤੇ ਔਖ ਹੁੰਦੀ, ਉਥੇ ਅਸੀਂ ਹੇਠਾਂ ਲਹਿ ਜਾਂਦੇ ਅਤੇ ਪੈਦਲ ਚਲਦੇ। ਕਿਰਚ-ਕਿਰਚ ਕਰਦੀ ਬਰਫ਼ ਵਿੱਚ ਚੱਲਣਾ ਔਖਾ ਸੀ, ਜਿਹੜੀ ਸਾਡੇ ਬੂਟਾਂ ਹੇਠਾਂ ਪਚ-ਪਚ ਕਰਦੀ ਪਰ ਸੜਕ ਦੇ ਕੰਢੇ ਉੱਤੇ ਪੱਕੀ ਬਰਫ਼ ਦੀ ਲਿਸ਼ਕਦੀ ਤਹਿ ਜੰਮੀ ਹੋਈ ਸੀ ਅਤੇ ਉੱਥੇ ਚੱਲਣਾ ਹੋਰ ਵੀ ਔਖਾ ਸੀ। ਦਰਿਆ ਯੇਲਾਨਕਾ ਦੇ ਪੱਤਣ ਤੱਕ ਤੀਹ ਕਿਲੋਮੀਟਰ ਦਾ ਪੈਂਡਾ ਮਾਰਨ ਵਿੱਚ ਸਾਨੂੰ ਲੱਗਭਗ ਛੇ ਘੰਟੇ ਲੱਗੇ।
ਮੋਖੋਵਸਕੀ ਦੇ ਪਿੰਡ ਕੋਲ ਨਿੱਕੇ ਦਰਿਆ ਨੇ, ਜਿਹੜਾ ਹੁਨਾਲ ਵਿੱਚ ਲੱਗਭਗ ਸੁੱਕਾ ਹੁੰਦਾ ਸੀ, ਹੁਣ ਆਪਣੇ ਆਪ ਨੂੰ ਜਿੱਲ੍ਹਣ ਵਾਲੀਆਂ ਪਣਿਆਲੀਆਂ ਜੂਹਾਂ ਦੇ ਪੂਰੇ ਇੱਕ ਕਿਲੋਮੀਟਰ ਤੱਕ ਫੈਲਾ ਲਿਆ ਸੀ, ਜਿਨ੍ਹਾਂ ਉੱਤੇ ਆਲਡਰ ਦੀਆਂ ਝਾੜੀਆਂ ਦੇ ਝੁੰਡ ਸਨ। ਸਾਨੂੰ ਦਰਿਆ ਇੱਕ ਚੋਂਦੀ ਸਪਾਟ ਤਲੇ ਵਾਲੀ ਬੇੜੀ ਵਿਚ ਪਾਰ ਕਰਨਾ ਪਿਆ, ਜਿਸ ਵਿੱਚ ਵੱਧ ਤੋਂ ਵੱਧ ਤਿੰਨ ਬੰਦੇ ਜਾ ਸਕਦੇ ਸਨ। ਅਸਾਂ ਗੱਡੀ ਅਤੇ ਘੋੜੇ ਘਰ ਮੋੜ ਦਿੱਤੇ।ਪਾਰਲੇ ਕੰਢੇ, ਇੱਕ ਸਾਂਝੇ ਫ਼ਾਰਮ ਦੇ ਢਾਰੇ ਹੇਠ ਇੱਕ ਘਸੀ ਘਸਾਈ ਜੀਪ, ਜਿਹੜੀ ਸਿਆਲ ਦਾ ਵਧੇਰੇ ਹਿੱਸਾ ਉੱਥੇ ਖੜੀ ਰਹੀ ਸੀ, ਸਾਨੂੰ ਉਡੀਕ ਰਹੀ ਸੀ।ਕੁੱਝ-ਕੁੱਝ ਵਸਵਸੇ ਨਾਲ ਡਰਾਈਵਰ ਅਤੇ ਮੈਂ ਇਸ ਡਾਵਾਂਡੋਲ ਬੇੜੀ ਵਿੱਚ ਸਵਾਰ ਹੋ ਗਏ। ਮੇਰਾ ਮਿੱਤਰ ਸਾਡੇ ਸਾਮਾਨ ਦੇ ਨਾਲ ਕੰਢੇ ਉਤੇ ਹੀ ਰਿਹਾ। ਸਾਡੀ ਬੇੜੀ ਚੱਲੀ ਹੀ ਸੀ ਕਿ ਗਲੇ ਸੜੇ ਤਖ਼ਤਿਆਂ ਵਿੱਚੋਂ ਪਾਣੀ ਦੇ ਨਿੱਕੇ-ਨਿੱਕੇ ਫੁਹਾਰੇ ਸ਼ਰਲਾਟੇ ਮਾਰ ਕੇ ਨਿਕਲਣ ਲੱਗ ਪਏ। ਜੋ ਕੁੱਝ ਸਾਡੇ ਹੱਥ ਆਇਆ ਉਸ ਨਾਲ ਅਸਾਂ ਤਰੇੜਾਂ ਭਰੀਆਂ ਅਤੇ ਪਾਰਲੇ ਕੰਢੇ ਅਪੜਨ ਤੱਕ ਪਾਣੀ ਬਾਹਰ ਕੱਢਦੇ ਰਹੇ। ਇੱਕ ਘੰਟੇ ਪਿੱਛੋਂ ਅਸੀਂ ਯੇਲਾਨਕਾ ਦੇ ਦੂਜੇ ਕੰਢੇ ’ਤੇ ਪੁੱਜ ਗਏ। ਡਰਾਈਵਰ ਪਿੰਡੋਂ ਜੀਪ ਲਿਆਇਆ ਅਤੇ ਬੇੜੀ ਵੱਲ ਮੁੜ ਗਿਆ।
“ਜੇ ਇਹ ਬੁੱਢੀ ਬੇੜੀ ਪਾਣੀ ਵਿੱਚ ਟੋਟੇ-ਟੋਟੇ ਨਾ ਹੋ ਗਈ ਤਾਂ ਮੈਂ ਤੇਰੇ ਮਿੱਤਰ ਨੂੰ ਲੈ ਕੇ ਦੋ ਕੁ ਘੰਟਿਆਂ ਵਿੱਚ ਆ ਜਾਵਾਂਗਾ। ਇਸ ਤੋਂ ਪਹਿਲਾਂ ਤਾਂ ਹੋਣਾ ਨਹੀਂ”, ਡਰਾਈਵਰ ਨੇ ਇੱਕ ਚੱਪੂ ਚੁੱਕਦੇ ਹੋਏ ਕਿਹਾ।
ਪਿੰਡ ਦਰਿਆ ਤੋਂ ਚੋਖਾ ਦੂਰ ਸੀ ਅਤੇ ਪਾਣੀ ਦੇ ਨੇੜੇ ਉਹ ਸ਼ਾਂਤੀ ਸੀ ਜਿਹੜੀ ਲੁਗ਼ੀਆਂ ਥਾਵਾਂ ਉੱਤੇ ਸਿਰਫ਼ ਪੱਤਝੜ ਦੇ ਅੰਤ ਦੇ ਨੇੜੇ ਜਾਂ ਬਸੰਤ ਦੇ ਐਨ ਸ਼ੁਰੂ ਵਿੱਚ ਹੀ ਹੁੰਦੀ ਹੈ।ਪਾਣੀ ਦੇ ਉੱਪਰ ਹਵਾ ਸਿੱਲ੍ਹੀ ਸੀ ਅਤੇ ਗਲ ਸੜ ਰਹੀਆਂ ਆਲਡਰ ਦੀਆਂ ਝਾੜੀਆਂ ਦੀ ਬੋ ਨਾਲ ਕੌੜੀ, ਪਰ ਧੁੰਦ ਦੇ ਡੇਕ ਰੰਗੇ ਧੁੰਦਲਕੇ ਵਿੱਚ ਨਹਾਤੇ ਦੁਰਾਡੇ ਸਕੈੰਪੀ ਵਿੱਚੋਂ ਨਿੰਮ੍ਹੀ ਸੁਮੀਰ ਥੋੜ੍ਹਾ ਚਿਰ ਪਹਿਲਾਂ ਹੀ ਬਰਫ਼ ਤੋਂ ਮੁਕਤ ਹੋਈ ਭੋਂ ਦੀ ਸਦਾ ਜਵਾਨ, ਮਸਾਂ ਹੀ ਪਛਾਣੀ ਜਾਂਦੀ ਸੁਗੰਧ ਲਿਆਉਂਦੀ।
ਨੇੜੇ ਹੀ, ਪਾਣੀ ਦੇ ਕੰਢੇ ਰੇਤ ਉੱਤੇ ਇੱਕ ਸਿਰਕੀ ਦਾ ਟੁੱਟਾ ਜੰਗਲਾ ਪਿਆ ਸੀ। ਮੈਂ ਦੋ ਸੂਟੇ ਲਾਉਣ ਲਈ ਉਸ ਉੱਤੇ ਬਹਿ ਗਿਆ ਪਰ ਜਦੋਂ ਮੈਂ ਜੇਬ੍ਹ ਵਿਚ ਹੱਥ ਪਾਇਆ ਤਾਂ ਮੈਨੂੰ ਇਹ ਵੇਖ ਕੇ ਬਹੁਤ ਨਿਰਾਸ਼ਾ ਹੋਈ ਕਿ ਮੇਰੀ ਜੇਬ ਵਿਚਲੀ ਸਿਗਰਟਾਂ ਦੀ ਡੱਬੀ ਗੜੁੱਚ ਹੋਈ ਪਈ ਸੀ।ਆਉਂਦੇ ਹੋਏ ਇੱਕ ਲਹਿਰ ਬਲਿਦਦੀ ਬੇੜੀ ਦੀ ਬਾਹੀ ਉੱਤੋਂ ਛਲਕ ਕਰਕੇ ਆਈ ਸੀ ਅਤੇ ਮੇਰੇ ਉਤੇ ਕਮਰ ਤੱਕ ਪਣਿਆਲਾ ਪਾਣੀ ਸੁੱਟ ਦਿੱਤਾ ਸੀ।ਉਦੋ ਕਿਉਂਕਿ ਮੈਨੂੰ ਆਪਣਾ ਚੱਪੂ ਸੁੱਟਣਾ ਅਤੇ ਸਾਨੂੰ ਡੁੱਬਣੋਂ ਬਚਾਉਣ ਲਈ ਵਾਹੋ ਦਾਹੀ ਪਾਣੀ ਬਾਹਰ ਕੱਢਣਾ ਪਿਆ ਸੀ, ਪਰ ਹੁਣ ਖੁਦ ਆਪਣੀ ਲਾਪ੍ਰਵਾਹੀ ਤੇ ਖਿੱਝੇ ਹੋਏ ਮੈਂ ਬੜੇ ਧਿਆਨ ਨਾਲ ਗੜੁੱਚੀ ਡੱਬੀ ਜੇਬ੍ਹ ਵਿਚੋਂ ਕੱਢੀ, ਪੈਰਾਂ ਭਾਰ ਬਹਿ ਗਿਆ ਅਤੇ ਇੱਕ ਇੱਕ ਕਰਕੇ ਗਿੱਲੀਆਂ, ਬਦਾਮੀ- ਰੰਗੀਆਂ ਸਿਗਰਟਾਂ ਜੰਗਲੇ ਉੱਤੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਦੁਪਹਿਰਾ ਹੋ ਗਿਆ ਸੀ। ਸੂਰਜ ਮਈ ਵਾਂਗ ਗਰਮੀ ਨਾਲ ਚਮਕ ਰਿਹਾ ਸੀ। ਮੈਨੂੰ ਆਸ ਸੀ ਕਿ ਸਿਗਰਟਾਂ ਛੇਤੀ ਹੀ ਸੁੱਕ ਜਾਣਗੀਆਂ।ਇੰਨੀ ਗਰਮੀ ਸੀ ਕਿ ਮੈਨੂੰ ਇਸ ਸਫ਼ਰ ਲਈ ਆਪਣੀ ਭਰਤੀ ਵਾਲੀ ਫ਼ੌਜੀ ਪਤਲੂਨ ਅਤੇ ਕੋਟ ਪਹਿਨਣ ’ਤੇ ਅਫ਼ਸੋਸ ਹੋਣ ਲੱਗ ਪਿਆ।
ਇਹ ਵਰ੍ਹੇ ਦਾ ਪਹਿਲਾ ਅਸਲੀ ਗਰਮ ਦਿਨ ਸੀ। ਪਰ ਇੱਥੇ ਇੱਕਲੇ ਬਹਿਣਾ, ਆਪਣੇ ਆਪ ਨੂੰ ਪੂਰੀ ਤਰ੍ਹਾਂ ਸ਼ਾਂਤੀ ਅਤੇ ਚੁੱਪ ਦੇ ਹਵਾਲੇ ਕਰ ਦੇਣਾ, ਆਪਣੀ ਪੁਰਾਣੀ ਫ਼ੌਜੀ ਟੋਪੀ ਲਾਹ ਦੇਣਾ ਅਤੇ ਚੱਪੂ ਚਲਾਉਣ ਦੇ ਭਾਰੇ ਕੰਮ ਪਿੱਛੋਂ ਹਵਾ ਨੂੰ ਆਪਣੇ ਵਾਲ ਸੁਕਾਉਣ ਦੇਣਾ ਅਤੇ ਵਿਹਲੜ ਢੰਗ ਨਾਲ ਉੱਤੇ ਉੱਡਦੇ ਨੀਲੇ ਰੰਗ ਵਿਚ ਵੱਡੀਆਂ ਛਾਤੀਆਂ ਵਾਲੇ ਬੱਦਲਾਂ ਨੂੰ ਤੈਰਦੇ ਵੇਖਣਾ, ਚੰਗਾ ਚੰਗਾ ਲੱਗਦਾ ਸੀ।
ਥੋੜ੍ਹਾ ਚਿਰ ਪਿੱਛੋਂ ਮੈਂ ਪਿੰਡ ਦੇ ਅਖ਼ੀਰੀ ਮਕਾਨਾਂ ਪਿੱਛੋਂ ਆਉਂਦੀ ਸੜਕ ਉੱਤੇ ਇੱਕ ਬੰਦੇ ਨੂੰ ਆਉਂਦੇ ਤੱਕਿਆ। ਇੱਕ ਨਿੱਕੇ ਮੁੰਡੇ ਨੇ ਉਹਦੀ ਉਂਗਲੀ ਫੜੀ ਹੋਈ ਸੀ, ਪੰਜਾ ਜਾਂ ਛਿਆਂ ਸਾਲਾਂ ਦਾ ਹੋਣੋਂ, ਮੈਂ ਅੰਦਾਜ਼ਾ ਲਾਇਆ, ਵੱਧ ਦਾ ਨਹੀਂ ਹੋਣਾ। ਉਹ ਥੱਕੇ ਪੈਰੀਂ ਪੱਤਣ ਵੱਲ ਗਏ, ਜੀਪ ਕੋਲ ਅੱਪੜ ਕੇ ਮੁੜੇ ਅਤੇ ਮੇਰੇ ਵੱਲ ਆਏ। ਲੰਬਾ ਅਤੇ ਕੁੱਝ ਕੁ ਕੁੱਬਾ ਬੰਦਾ ਐਨ ਮੇਰੇ ਕੋਲ ਆਇਆ ਅਤੇ ਡੂੰਘੀ, ਭਾਰੀ ਆਵਾਜ਼ ਵਿੱਚ ਕਿਹਾ :
“ਹੈਲੋ,ਮਿੱਤਰ।”
“ਹੈਲੋ,” ਮੈਂ ਉਹ ਵੱਡਾ ਖਰ੍ਹਵਾ ਹੱਥ ਲਿਆ ਜਿਹੜਾ ਉਹਨੇ ਵਧਾਇਆ ਸੀ।
ਉਹ ਬੰਦਾ ਨਿੱਕੇ ਮੁੰਡੇ ਵੱਲ ਝੁਕਿਆ ਅਤੇ ਕਿਹਾ: “ਪੁੱਤਰ, ਚਾਚੇ ਨੂੰ ਹੈਲੋ ਕਹਿ। ਜਾਪਦੈ ਉਹ ਵੀ ਤੇਰੇ ਅੱਬਾ ਵਾਂਗ ਡਰਾਈਵਰ ਏ। ਬਸ ਤੂੰ ਤੇ ਮੈਂ ਲਾਰੀ ਚਲਾਇਆ ਕਰਦੇ ਸਾਂ, ਹੈਂ ਨਾ ਅਤੇ ਉਹ ਉਥੇ ਖੜੀ ਨਿੱਕੀ ਜਿਹੀ ਬੱਸ ਚਲਾਉਂਦੈ”।
ਮੇਰੇ ਵੱਲ ਆਕਾਸ਼ ਵਾਂਗ ਲਿਸ਼ਕਦੀਆਂ ਅਤੇ ਸਾਫ਼ ਅੱਖਾਂ ਨਾਲ ਵੇਖਦੇ ਹੋਏ, ਮੁੰਡੇ ਨੇ ਦਲੇਰੀ ਨਾਲ ਆਪਣਾ ਗੁਲਾਬੀ, ਠੰਡਾ, ਹੱਥ ਅੱਗੇ ਵਧਾਇਆ।ਮੈਂ ਉਹਦੇ ਨਾਲ ਹੌਲੀ ਜਿਹੇ ਹੱਥ ਮਿਲਾਇਆ ਅਤੇ ਪੁੱਛਿਆ:
“ਬੁੱਢਿਆ, ਠੰਡ ਲੱਗ ਰਹੀ ਏ ? ਅਜਿਹੇ ਗਰਮ ਦਿਨ ਤੇਰਾ ਹੱਥ ਇੰਨਾ ਠੰਡਾ ਕਿਉਂ ਏ ?” ਖਿੱਚ-ਪਾਊ ਬਚਗਾਨਾ ਵਿਸਾਹੀ ਢੰਗ ਨਾਲ ਮੁੰਡਾ ਮੇਰੇ ਗੋਡੇ ਨਾਲ ਲੱਗ ਗਿਆ ਅਤੇ ਹੈਰਾਨੀ ਨਾਲ ਆਪਣੇ ਨਿੱਕੇ ਕੱਕੇ ਭਰਵਟੇ ਉਪਰ ਚੁੱਕੇ।
“ਪਰ ਚਾਚਾ, ਮੈਂ ਬੁੱਢਾ ਤਾਂ ਉਕਾ ਨਹੀਂ। ਮੈਂ ਤਾਂ ਮੁੰਡਾ ਆਂ ਤੇ ਮੈਨੂੰ ਠੰਡ ਵੀ ਨਹੀਂ ਲੱਗ ਰਹੀ। ਮੇਰੇ ਹੱਥ ਠੰਡੇ ਨੇ ਕਿਉਂਕਿ ਮੈਂ ਬਰਫ਼ ਦੇ ਗੋਲੇ ਬਣਾਉਂਦਾ ਰਿਹਾਂ।”
ਅੱਧਾ ਖ਼ਾਲੀ ਪਿੱਠੂ ਆਪਣੀ ਪਿੱਠ ਤੋਂ ਲਾਹ ਕੇ ਪਿਉ ਧੜਾਮ ਕਰਕੇ ਮੇਰੇ ਕੋਲ ਬਹਿ ਗਿਆ ਅਤੇ ਬੋਲਿਆ:
“ਮੇਰਾ ਇਹ ਮੁਸਾਫ਼ਰ, ਪੂਰੀ ਨਿੱਕੀ ਮੁਸੀਬਤ ਏ, ਸੱਚੀਂ। ਉਹਨੇ ਮੈਨੂੰ ਵੀ ਥਕਾ ਮਾਰਿਐ ਤੇ ਆਪਣੇ ਆਪ ਨੂੰ ਵੀ। ਜੇ ਮੈਂ ਲੰਬੇ ਡੱਗ ਭਰਾਂ ਤਾਂ ਨੱਠਣ ਲੱਗ ਪੈਂਦੈ, ਜ਼ਰਾ ਉਹਦੇ ਜਿਹੇ ਪੈਰ ਘਸੀਟਣ ਵਾਲੇ ਨਾਲ ਤੁਰਨ ਦਾ ਯਤਨ ਤਾਂ ਕਰੋ। ਜਿਥੇ ਮੈਂ ਇੱਕ ਕਦਮ ਪੁੱਟ ਸਕਦਾਂ, ਉੱਥੇ ਮੈਨੂੰ ਤਿੰਨ ਪੁੱਟਣੇ ਪੈਂਦੇ ਨੇ ਤੇ ਸੋ ਅਸੀਂ ਚਲੇ ਜਾਂਦੇ ਆਂ, ਘੋੜੇ ਤੇ ਕੱਛੂ ਵਾਂਗ।ਤੇ ਉਹਦੇ ਉੱਤੇ ਨਿਗਾਹ ਰੱਖਣ ਲਈ ਸਿਰ ਦੇ ਪਿੱਛੇ ਅੱਖਾਂ ਦੀ ਲੋੜ ਏ।ਜਿਉਂ ਹੀ ਤੁਸੀਂ ਪਿੱਠ ਮੋੜੋ, ਉਹ ਕਿਸੇ ਚਲ੍ਹੇ ਵਿਚ ਛੱਪ ਛੱਪ ਕਰਨ ਲੱਗ ਪੈਂਦੈ ਜਾਂ ਕੋਈ ਕਕਰੇਟਾ ਤੋੜ ਕੇ ਉਹਨੂੰ ਚੂਸਣੀ ਵਾਂਗ ਚੂਸਣ ਲੱਗ ਪੈਂਦੈ। ਨਹੀਂ, ਇਹੋ ਜਿਹੇ ਨਾਲ ਸਫ਼ਰ ਕਰਨਾ ਮਰਦ ਦਾ ਕੰਮ ਨਹੀਂ, ਘੱਟੋ ਘੱਟ ਪੈਦਲ ਤਾਂ ਉੱਕਾ ਨਹੀਂ।” ਉਹ ਇੱਕ ਛਿਣ ਚੁੱਪ ਰਿਹਾ, ਫਿਰ ਪੁੱਛਣ ਲੱਗਾ : “ਤੇ ਤੂੰ ਕੀ ਕਰ ਰਿਹੈਂ, ਸਾਥੀ ? ਆਪਣੇ ਅਫ਼ਸਰ ਨੂੰ ਉਡੀਕ ਰਿਹੈਂ ? ”
ਮੈਂ ਉਹਨੂੰ ਇਹ ਨਹੀਂ ਸਾਂ ਕਹਿਣਾ ਚਾਹੁੰਦਾ ਕਿ ਮੈਂ ਡਰਾਈਵਰ ਨਹੀਂ, ਸੋ ਮੈਂ ਜਵਾਬ ਦਿੱਤਾ:
“ਜਾਪਦੈ ਮੈਨੂੰ ਉਡੀਕਣਾ ਹੀ ਪਵੇਗਾ।”
“ਉਹ ਦੂਜੇ ਕੰਢਿਉਂ ਆ ਰਿਹੈ ?"
“ਹਾਂ, ਆਵੇਗਾ।”
“ਪਤਾ ਈ ਬੇੜੀ ਕਿੰਨੀ ਕੁ ਦੇਰ ਨੂੰ ਆਵੇਗੀ ?"
“ਦੋ ਕੁ ਘੰਟਿਆਂ ਤੱਕ।”
“ਇਹ ਤਾਂ ਬੜਾ ਚਿਰ ਏ। ਚਲੋ, ਥੋੜ੍ਹਾ ਸਾਹ ਕੱਢ ਲਈਏ, ਮੈਨੂੰ ਕੋਈ ਕਾਹਲ ਨਹੀਂ। ਇੱਥੋਂ ਲੰਘਦਿਆਂ ਤੈਨੂੰ ਵੇਖਿਆ, ਸੋ ਮੈਂ ਮਨ ਵਿੱਚ ਸੋਚਿਆ, ਸਾਡੇ ਜਿਹਾ ਇੱਕ ਡਰਾਈਵਰ ਧੁੱਪ ਸੇਕ ਰਿਹੈ। ਚੱਲ ਕੇ ਉਹਦੇ ਨਾਲ ਦੋ ਸੂਟੇ ਲਾਈਏ । ਇੱਕਲਿਆਂ ਪੀਣ ਵਿਚ ਕੋਈ ਮਜ਼ਾ ਨਹੀਂ। ਮੈਂ ਵੇਖਨਾ, ਤੂੰ ਤਾਂ ਮੌਜਾਂ ਮਾਣ ਰਿਹੈਂ, ਸਿਗਰਟਾਂ ਪੀ ਰਿਹੈਂ।ਗਿੱਲੀਆਂ ਹੋ ਗਈਆਂ ਨੇ, ਹੈਂ ? ਸੱਚੀਂ ਮਿੱਤਰਾ, ਗਿੱਲੀਆਂ ਸਿਗਰਟਾਂ ਫੂਕਾਂ ਕੀਤੇ ਘੋੜੇ ਵਾਂਗ ਨੇ, ਦੋਵੇਂ ਕਿਸੇ ਕੰਮ ਦੇ ਨਹੀਂ ਹੁੰਦੇ। ਆ ਫਿਰ ਮੇਰੇ ਧਗੜੇ ਤੰਬਾਕੂ ਉੱਤੇ ਹੀ ਹੱਥ ਫੇਰੀਏ।”
ਉਹਨੇ ਆਪਣੀ ਪਤਲੀ ਖ਼ਾਕੀ ਪਤਲੂਨ ਦੀ ਜੇਬ ਵਿਚੋਂ ਇੱਕ ਘਸੀ ਹੋਈ ਰੇਸ਼ਮੀ ਗੁੱਥੀ ਕੱਢੀ ਅਤੇ ਜਦੋਂ ਉਹਨੇ ਇਹ ਖੋਹਲੀ ਤਾਂ ਮੈਂ ਵੇਖਿਆ ਕਿ ਇੱਕ ਨੁੱਕਰੇ ਕਸ਼ੀਦਾ ਕੀਤਾ ਹੋਇਆ ਸੀ : “ਸਾਡੇ ਪਿਆਰੇ ਫ਼ੌਜ਼ੀਆਂ ਵਿੱਚੋਂ ਇੱਕ ਨੂੰ, ਲੇਬੇਦਿਆਂਸਕਾਯਾ ਸੈਕੰਡਰੀ ਦੇ ਇੱਕ ਵਿਦਿਆਰਥੀ ਵੱਲੋਂ।”
ਅਸੀਂ ਘਰ ਦਾ ਉਗਾਇਆ ਕੌੜਾ ਤੰਬਾਕੂ ਪੀਂਦੇ ਰਹੇ ਅਤੇ ਬੜਾ ਚਿਰ ਸਾਡੇ ਵਿੱਚੋਂ ਕੋਈ ਨਾ ਬੋਲਿਆ। ਮੈਂ ਉਸ ਤੋਂ ਪੁੱਛਣ ਹੀ ਲੱਗਾ ਸਾਂ ਕਿ ਉਹ ਮੁੰਡੇ ਨਾਲ ਕਿੱਥੇ ਜਾ ਰਿਹੈ ਅਤੇ ਕਿਹੜੀ ਗੱਲ ਉਹਨੂੰ ਇੰਨੀਆਂ ਭੈੜੀਆਂ ਸੜਕਾਂ 'ਤੇ ਲਿਆਈ, ਪਰ ਉਹਨੇ ਪਹਿਲਾਂ ਸਵਾਲ ਪੁੱਛ ਲਿਆ :
“ਜੰਗ ਦਾ ਸਾਰਾ ਸਮਾਂ ਚੱਕਾ ਘੁਮਾਉਂਦਾ ਰਿਹੈਂ ਹੈਂ ਨਾ ? ”
“ਲੱਗਭਗ ਸਾਰਾ ਸਮਾਂ।”
“ਮੋਰਚੇ ’ਤੇ ? ”
"ਹਾਂ।"
“ਹਾਂ, ਮੈਂ ਵੀ ਉਥੇ ਭਰਪੂਰ ਦੁੱਖ ਝੱਲੇ, ਮਿੱਤਰਾ। ਲੋੜੋਂ ਵੱਧ ਈ।”
ਉਹਨੇ ਆਪਣੇ ਵੱਡੇ, ਸੰਵਲਾਏ ਹੱਥ ਆਪਣੇ ਗੋਡਿਆਂ ਉੱਤੇ ਰੱਖੇ ਅਤੇ ਆਪਣੇ ਮੋਢੇ ਢਿਲਕ ਜਾਣ ਦਿੱਤੇ। ਜਦੋਂ ਮੈਂ ਕਾਣੀ ਅੱਖ ਨਾਲ ਉਹਦੇ ਵੱਲ ਵੇਖਿਆ ਤਾਂ ਮੈਨੂੰ ਅਨੋਖੀ ਜਿਹੀ ਉਲਝਣ ਹੋਈ। ਕੀ ਤੁਸਾਂ ਕਦੀ ਅਜਿਹੀਆਂ ਅੱਖਾਂ ਵੇਖੀਆਂ ਹਨ ਜਿਨ੍ਹਾਂ ਉੱਤੇ ਸੁਆਹ ਧੂੜੀ ਹੋਵੇ, ਅੱਖਾਂ, ਜਿਹੜੀਆਂ ਅਜਿਹੀ ਅਮੁੱਕ ਪੀੜਾਂ ਅਤੇ ਦੁੱਖਾਂ ਨਾਲ ਭਰੀਆਂ ਹੋਈਆਂ ਹੋਣ ਕਿ ਉਹਨਾਂ ਵਿੱਚ ਝਾਕਣਾ ਔਖਾ ਹੋਵੇ ? ਮੈਨੂੰ ਸਬੱਬੀ ਮਿਲੇ ਇਸ ਬੰਦੇ ਦੀਆਂ ਅੱਖਾਂ ਅਜਿਹੀਆਂ ਸਨ।
ਉਹਨੇ ਜੰਗਲੇ ਵਿਚੋਂ ਇੱਕ ਸੁੱਕੀ, ਟੇਢੀ ਮੇਢੀ ਟਹਿਣੀ ਤੋੜੀ ਅਤੇ ਲੱਗਭਗ ਇੱਕ ਮਿੰਟ ਇਹਦੇ ਨਾਲ ਰੇਤ ਉਤੇ ਇੱਕ ਅਜੀਬ ਜਿਹਾ ਨਕਸ਼ਾ ਵਾਹੁੰਦਾ ਰਿਹਾ, ਫਿਰ ਉਹ ਬੋਲਿਆ :
“ਕਈ ਵਾਰ ਮੈਨੂੰ ਰਾਤੀਂ ਨੀਂਦ ਨਹੀਂ ਆਉਂਦੀ।ਮੈਂ ਹਨੇਰੇ ਵਿੱਚ ਤਾੜੀ ਲਾਕੇ ਵੇਖਦਾ ਰਹਿੰਨਾਂ ਅਤੇ ਸੋਚਦਾਂ : ‘ਜ਼ਿੰਦਗੀ ਤੂੰ ਅਜਿਹਾ ਕਿਉਂ ਕੀਤਾ ? ਤੂੰ ਮੈਨੂੰ ਇਉਂ ਸਜ਼ਾ ਕਿਉਂ ਦਿੱਤੀ ? 'ਤੇ ਮੈਨੂੰ ਕੋਈ ਜਵਾਬ ਨਹੀਂ ਮਿਲਦਾ, ਨਾ ਹਨੇਰੇ ਵਿੱਚ ਅਤੇ ਨਾ ਉਦੋਂ ਜਦੋਂ ਸੂਰਜ ਭਰਪੂਰ ਲਿਸ਼ਕ ਰਿਹਾ ਹੋਵੇ।... ਨਹੀਂ ਮੈਨੂੰ ਕੋਈ ਜਵਾਬ ਨਹੀਂ ਮਿਲਦਾ ਤੇ ਮੈਨੂੰ ਕਦੀ ਮਿਲਣ ਨਹੀਂ ਲੱਗਾ !” ਉਹਨੇ ਆਪਣੇ ਆਪ ਨੂੰ ਰੋਕਿਆ, ਆਪਣੇ ਨਿੱਕੇ ਪੁੱਤਰ ਨੂੰ ਪਿਆਰ ਨਾਲ ਠਹੋਕਾ ਮਾਰਿਆ ਅਤੇ ਕਿਹਾ : “ਜਾ,ਬੇਟਾ, ਜਾ ਕੇ ਪਾਣੀ ਦੇ ਕੋਲ ਖੇਡ, ਵੱਡੇ ਦਰਿਆ ਦੇ ਕੰਢੇ ਨਿੱਕੇ ਬੱਚਿਆਂ ਦੇ ਕਰਨ ਲਈ ਚੋਖਾ ਕੁੱਝ ਹੁੰਦੈ। ਬਸ ਇੰਨਾ ਧਿਆਨ ਰੱਖੀਂ, ਪੈਰ ਗਿਲੇ ਨਾ ਕਰ ਲਵੀਂ।”
ਜਦੋਂ ਅਸੀਂ ਇੱਕਠੇ ਚੁੱਪ ਚਾਪ ਤੰਬਾਕੂ ਪੀ ਰਹੇ ਸਾਂ ਤਾਂ ਮੈਂ ਪਿਉ ਅਤੇ ਪੁੱਤਰ ਉੱਤੇ ਕਾਹਲੀ ਇੱਕ ਨਿਗਾਹ ਮਾਰੀ ਸੀ ਅਤੇ ਉਹਨਾਂ ਬਾਰੇ ਇੱਕ ਗੱਲ ਮੈਨੂੰ ਅਜੀਬ ਲੱਗੀ ਸੀ। ਮੁੰਡੇ ਨੇ ਸਾਦੇ ਪਰ ਚੰਗੇ, ਹੰਢਣਸਾਰ ਕੱਪੜੇ ਪਹਿਨੇ ਹੋਏ ਸਨ।ਜਿਵੇਂ ਉਹਦਾ ਲੰਬੇ ਘੇਰੇ ਵਾਲਾ, ਬੀਵਰ ਦੇ ਲੇਲੇ ਦੇ ਘਸੇ ਚਰੂ ਦੇ ਅਸਤਰ ਵਾਲਾ ਕੋਟ ਉਹਨੂੰ ਪੂਰਾ ਆਉਂਦਾ ਸੀ, ਜਿਵੇਂ ਉਹਦੇ ਨਿੱਕੇ ਬੂਟ ਉਹਦੀਆਂ ਗਰਮ ਜੁਰਾਬਾਂ ਉੱਤੇ ਐਨ ਮੇਚੇ ਦੇ ਸਨ, ਉਹਦੇ ਕੋਟ ਦੀ ਆਸਤੀਨ ਦੇ ਇੱਕ ਪੁਰਾਣੇ ਲੰਗਾਰ ਨੂੰ ਬੜੀ ਸੋਹਣੀ ਤਰ੍ਹਾਂ ਠੀਕ ਕਰਨ ਵਾਲਾ ਟਾਂਕਾ, ਇਹ ਸਭ ਕੁਝ ਕਿਸੇ ਇਸਤ੍ਰੀ ਦੇ ਹੱਥ ਦੀ ਸ਼ਾਹਦੀ ਭਰਦਾ ਸੀ, ਕਿਸੇ ਮਾਂ ਦੇ ਚਤੁਰ ਹੱਥ ਦੀ ਸ਼ਾਹਦੀ ਭਰਦਾ ਸੀ।ਪਰ ਪਿਉ ਦੀ ਦਿੱਖ ਉਕਾ ਹੀ ਵੱਖਰੀ ਸੀ।ਉਹਦੀ ਮਿਰਜ਼ਾਈ ਕਈ ਥਾਵਾਂ ਤੋਂ ਲੂਹੀ ਹੋਈ ਅਤੇ ਨਗੰਦੇ ਮਾਰ ਕੇ ਸਿਉਂਤੀ ਹੋਈ ਸੀ, ਉਹਦੀ ਘਸੀ ਖ਼ਾਕੀ ਪਤਲੂਨ ਉੱਤੇ ਲੱਗੀ ਟਾਕੀ ਠੀਕ ਤਰ੍ਹਾਂ ਸਿਉਂਤੀ ਹੋਈ ਨਹੀਂ ਸੀ ਸਗੋਂ ਵੱਡੇ-ਵੱਡੇ ਮਰਦਾਵੇਂ ਟਾਂਕਿਆਂ ਨਾਲ ਜੋੜੀ ਹੋਈ ਸੀ, ਉਹਨੇ ਲੱਗਭਗ ਨਵੇਂ ਫ਼ੌਜੀ ਬੂਟ ਪਹਿਨੇ ਹੋਏ ਸਨ ਪਰ ਉਹਦੀਆਂ ਮੋਟੀਆਂ ਊਨੀ ਜੁਰਾਬਾਂ ਵਿੱਚ ਥਾਂ- ਥਾਂ ਮੋਰੀਆਂ ਸਨ।ਉਹਨਾਂ ਨੂੰ ਕਦੀ ਜ਼ਨਾਨੀ ਛੁਹ ਨਹੀਂ ਸੀ ਲੱਗੀ। ਮੈਂ ਇਸ ਸਿੱਟੇ ਉੱਤੇ ਅਪੜਿਆ, ਜਾਂ ਤਾਂ ਉਹ ਰੰਡਾ ਹੈ ਜਾਂ ਉਹਦੇ ਅਤੇ ਉਹਦੀ ਘਰਵਾਲੀ ਵਿਚਕਾਰ ਕੁੱਝ ਗੜਬੜ ਹੈ।
ਉਹਨੇ ਆਪਣੇ ਪੁੱਤਰ ਨੂੰ ਨੱਠ ਕੇ ਪਾਣੀ ਤੱਕ ਜਾਂਦੇ ਤੱਕਿਆ, ਫਿਰ ਖੰਘੂਰਾ ਮਾਰਿਆ ਅਤੇ ਬੋਲਣ ਲੱਗ ਪਿਆ ਅਤੇ ਮੈਂ ਪੂਰੀ ਤਰ੍ਹਾਂ ਇਕਾਗਰ ਹੋ ਕੇ ਸੁਣਨ ਲੱਗ ਪਿਆ।
“ਸ਼ੁਰੂ ਵਿਚ ਮੇਰੀ ਜ਼ਿੰਦਗੀ ਬੜੀ ਆਮ ਜਿਹੀ ਸੀ। ਮੈਂ ਵੋਰੋਨੇਜ਼ ਸੂਬੇ ਤੋਂ ਸਾਂ, ਉਥੇ 1900 ਵਿਚ ਜੰਮਿਆ। ਖ਼ਾਨਾ ਜੰਗੀ ਦੇ ਦਿਨੀਂ ਮੈਂ ਲਾਲ ਫ਼ੌਜ ਵਿੱਚ ਸਾਂ, ਕਿਕਵੀਦਜ਼ੇ ਦੀ ਡਵੀਯਨ ਵਿਚ। ਬਾਈ ਦੇ ਕਾਲ ਸਮੇਂ ਮੈਂ ਕੂਬਾਨ ਵੱਲ ਚੱਲ ਪਿਆ ਅਤੇ ਕੁਲਾਕਾਂ1 ਲਈ ਖੋਤੇ ਵਾਂਗ ਕੰਮ ਕੀਤਾ, ਜੇ ਨਾ ਕੀਤਾ ਹੁੰਦਾ ਤਾਂ ਅੱਜ ਜਿਉਂਦਾ ਨਾ ਹੁੰਦਾ। ਪਰ ਪਿੱਛੇ ਪਿੰਡ ਵਿਚ ਮੇਰਾ ਸਾਰਾ ਟੱਬਰ—ਪਿਉ, ਮਾਂ ਤੇ ਭੈਣ—ਭੋਖੜੇ ਦਾ ਸ਼ਿਕਾਰ ਹੋਕੇ ਮਰ ਗਏ। ਸੋ ਮੈਂ ਕੱਲਾ ਕਾੜ੍ਹਾ ਰਹਿ ਗਿਆ।ਤੇ ਹੋਰ ਥਾਈਂ, ਰਿਸ਼ਤੇਦਾਰ ਮੇਰਾ ਤਾਂ ਕੋਈ ਨਹੀਂ ਸੀ, ਇੱਕ ਜੀਅ ਵੀ ਨਹੀਂ। ਸੋ, ਇੱਕ ਵਰ੍ਹੇ ਪਿੱਛੋਂ ਮੈਂ ਕੂਬਾਨ ਤੋਂ ਮੁੜਿਆ, ਆਪਣਾ ਘਰ ਵੇਚ ਦਿੱਤਾ ਅਤੇ ਵੋਰੋਨੇਜ਼ ਚਲਾ ਗਿਆ। ਪਹਿਲਾਂ ਮੈਂ ਤਰਖਾਣ ਦਾ ਕੰਮ ਕਰਦਾ ਰਿਹਾ, ਫਿਰ ਮੈਂ ਇੱਕ ਕਾਰਖ਼ਾਨੇ ਵਿੱਚ ਗਿਆ ਅਤੇ ਫ਼ਿਟਰ ਦਾ ਕੰਮ ਸਿੱਖ ਲਿਆ।ਮੈਂ ਛੇਤੀ ਹੀ ਵਿਆਹ ਕਰ ਲਿਆ। ਮੇਰੀ ਘਰਵਾਲੀ ਇੱਕ ਯਤੀਮਖ਼ਾਨੇ ਵਿਚ ਪਲੀ ਸੀ। ਉਹ ਯਤੀਮ ਸੀ। ਹਾਂ, ਮੈਨੂੰ ਇੱਕ ਚੰਗੀ ਤੀਵੀਂ ਮਿਲ ਗਈ ! ਚੰਗੇ ਸੁਭਾਅ ਵਾਲੀ, ਖੁਸ਼-ਰਹਿਣੀ, ਹਰ ਸਮੇਂ ਖੁਸ਼ ਕਰਨ ਲਈ ਫ਼ਿਕਰਮੰਦ। ਅਤੇ ਚੁਸਤ ਵੀ ਸੀ ਉਹ—ਮੇਰਾ ਤਾਂ ਉਹਦੇ ਨਾਲ ਕੋਈ ਮੁਕਾਬਲਾ ਨਹੀਂ।ਉਹਨੇ ਬਚਪਨ ਤੋਂ ਅਸਲੀ ਮੁਸੀਬਤ ਸਹਾਰੀ ਸੀ। ਪੱਕੀ ਗੱਲ ਏ ਇਹਦਾ ਉਹਦੇ ਸੁਭਾਅ ਉੱਤੇ ਅਸਰ ਹੋਇਆ।ਤੁਸੀਂ ਕਹਿ ਸਕਦੇ ਹੋ ਕਿ ਉਹਦੇ ਵੱਲ ਇੱਕ ਪਾਸਿਉਂ ਤੱਕੀਏ ਤਾਂ ਉਹ ਕੋਈ ਬਹੁਤ ਸੋਹਣੀ ਨਹੀਂ ਸੀ, ਪਰ, ਵੇਖੋ ਨਾ, ਮੈਂ ਉਹਦੇ ਵੱਲ ਇੱਕ ਪਾਸਿਉਂ ਤਾਂ ਵੇਖ ਨਹੀਂ ਸਾਂ ਰਿਹਾ, ਮੈਂ ਤਾਂ ਉਹਦੇ ਵੱਲ ਸਿੱਧਾ ਵੇਖ ਰਿਹਾ ਸਾਂ। ਤੇ ਮੇਰੇ ਲਈ ਸਾਰੀ ਦੁਨੀਆਂ ਵਿਚ ਉਸ ਤੋਂ ਸੋਹਣੀ ਤੀਵੀਂ ਕੋਈ ਨਹੀਂ ਸੀ ਤੇ ਕਦੀ ਹੋਵੇਗੀ ਵੀ ਨਹੀਂ।
1. ਧਨੀ ਕਿਸਾਨ।
“ਮੈਂ ਕੰਮ ਤੋਂ ਥੱਕਿਆ ਹੋਇਆ ਤੇ ਅਕਸਰ ਬਹੁਤ ਹੀ ਭੈੜੇ ਰੌਂਅ ਵਿੱਚ ਮੁੜਦਾ। ਪਰ ਨਹੀਂ, ਉਹ ਤੁਹਾਡੇ ਭੈੜੇ ਰੌਂਅ ਦਾ ਜਵਾਬ ਭੈੜੇ ਰੌਂਅ ਨਾਲ ਨਾ ਦੇਂਦੀ। ਉਹ ਬਹੁਤ ਹੀ ਨਰਮ ਅਤੇ ਚੁੱਪ ਸੀ, ਤੁਹਾਡੇ ਲਈ ਕੁੱਝ ਕਰਦਿਆਂ ਰੱਜਦੀ ਹੀ ਨਾ, ਹਮੇਸ਼ਾ ਕੁੱਝ ਚੰਗਾ ਖਾਣ ਨੂੰ ਬਨਾਉਣ ਦਾ ਯਤਨ ਕਰਦੀ ਰਹਿੰਦੀ, ਉਦੋਂ ਵੀ ਜਦੋਂ ਖਾਣ ਲਈ ਚੋਖਾ ਨਾ ਹੁੰਦਾ। ਮੇਰਾ ਤਾਂ ਬਸ ਉਹਨੂੰ ਵੇਖ ਕੇ ਹੀ ਦਿਲ ਹੌਲਾ ਹੋ ਜਾਂਦਾ। ਕੁੱਝ ਚਿਰ ਪਿੱਛੋਂ ਮੈਂ ਉਹਨੂੰ ਜੱਫ਼ੀ ਪਾ ਲੈਂਦਾ ਅਤੇ ਕਹਿੰਦਾ: ‘ਮੇਰੀ ਜਾਨ ਇਰੀਨਾ, ਮਾਫ਼ ਕਰੀਂ, ਮੈਂ ਤੇਰੇ ਨਾਲ ਬੜੀ ਰੁੱਖੀ ਤਰ੍ਹਾਂ ਪੇਸ਼ ਆਇਆਂ।ਅੱਜ ਕੰਮ ਤੇ ਮੇਰਾ ਦਿਨ ਬੜਾ ਭੈੜਾ ਲੰਘਿਆ।' ਤੇ ਸਾਡੇ ਵਿਚਕਾਰ ਫਿਰ ਅਮਨ ਹੋ ਜਾਂਦਾ ਅਤੇ ਮੇਰੇ ਦਿਲ ਵਿਚ ਚੈਨ ਆ ਜਾਂਦਾ।ਤੇ ਪਤਾ ਈ, ਮਿੱਤਰਾ, ਬੰਦੇ ਦੇ ਕੰਮ ਲਈ ਇਹਦੀ ਕਿੰਨੀ ਮਹੱਤਤਾ ਏ। ਸਵੇਰੇ ਮੈਂ ਬਿਸਤਰੇ ਵਿੱਚੋਂ ਛਾਲ ਮਾਰਕੇ ਉਠਦਾ ਅਤੇ ਕਾਰਖ਼ਾਨੇ ਚਲਾ ਜਾਂਦਾ ਤੇ ਜਿਹੜਾ ਕੰਮ ਮੈਂ ਹੱਥ ਵਿਚ ਲੈਂਦਾ ਉਹ ਦੁੜਕੀ ਚਾਲ ਚੱਲੀ ਜਾਂਦਾ। ਜੇ ਸੱਚ ਮੁੱਚ ਚੁਸਤ ਕੁੜੀ ਤੁਹਾਡੀ ਘਰਵਾਲੀ ਹੋਵੇ ਤਾਂ ਅਜਿਹਾ ਹੁੰਦੈ। “ਕਦੀ-ਕਦੀ ਤਨਖ਼ਾਹ ਦੇ ਦਿਨ ਮੈਂ ਮੁੰਡਿਆਂ ਨਾਲ ਦੋ ਘੁੱਟ ਪੀ ਲੈਂਦਾ।ਤੇ ਕਦੀ-ਕਦੀ, ਜਦੋਂ ਮੈਂ ਉਖੜੇ ਕਦਮਾਂ ਨਾਲ ਲੜਖੜਾਉਂਦਾ ਘਰ ਆਉਂਦਾ ਤਾਂ ਮੈਨੂੰ ਵੇਖ ਕੇ ਜ਼ਰੂਰ ਹੀ ਡਰ ਲਗਦਾ ਹੋਣੈ। ਬਸਤੀ ਦੀ ਵੱਡੀ ਸੜਕ ਮੇਰੇ ਲਈ ਕਾਫ਼ੀ ਚੌੜੀ ਨਾ ਹੁੰਦੀ, ਛੋਟੀਆਂ ਗਲੀਆਂ ਦੀ ਤਾਂ ਗੱਲ ਹੀ ਛੱਡੋ।ਉਹਨੀਂ ਦਿਨੀਂ ਮੈਂ ਸਖ਼ਤ ਅਤੇ ਤਕੜਾ ਹੁੰਦਾ ਸਾਂ ਤੇ ਹਮੇਸ਼ਾ ਆਪਣੇ ਪੈਰੀਂ ਘਰ ਅੱਪੜਦਾ। ਪਰ, ਤੂੰ ਜਾਣ, ਕਈ ਵਾਰ ਸੜਕ ਦਾ ਅਖ਼ੀਰੀ ਹਿੱਸਾ, ਹੇਠਲੇ ਗੀਅਰ ਵਿੱਚ ਹੀ ਹੁੰਦਾ।ਮੈਂ ਹੱਥਾਂ ਗੋਡਿਆਂ ਭਾਰ ਹੀ ਇਹ ਖ਼ਤਮ ਕਰਦਾ। ਪਰ ਮੈਂ ਕਦੀ ਸ਼ਕੈਤ ਦੀ ਗੱਲ ਨਾ ਸੁਣਦਾ, ਕੋਈ ਮਿਹਣੇ ਨਹੀਂ, ਕੋਈ ਖੱਪ ਨਹੀਂ। ਮੇਰੀ ਇਰੀਨਾ, ਉਹ ਤਾਂ ਮੈਨੂੰ ਵੇਖ ਕੇ ਹੱਸ ਹੀ ਛੱਡਦੀ, ਤੇ ਉਹ ਵੀ ਇੰਨੇ ਧਿਆਨ ਨਾਲ ਕਿ ਸ਼ਰਾਬੀ ਹੋਇਆ ਵੀ ਮੈਂ ਇਹਦਾ ਬੁਰਾ ਨਾ ਮਨਾਉਂਦਾ। ਉਹ ਮੇਰੇ ਬੂਟ ਲਾਹ ਦੇਂਦੀ ਅਤੇ ਮੇਰੇ ਕੰਨ ਵਿੱਚ ਕਹਿੰਦੀ : ‘ਆਂਦਰੇਈ, ਅੱਜ ਤੂੰ ਕੰਧ ਵੱਲ ਸੌਂ, ਨਹੀਂ ਤਾਂ ਸ਼ੈਦ ਤੂੰ ਸੁੱਤਾ ਸੁੱਤਾ ਬਿਸਤਰੇ ਤੋਂ ਹੇਠਾਂ ਡਿੱਗ ਪਵੇਂ।' ਤੇ ਮੈਂ ਬਸ ਜਵਾਂ ਦੀ ਬੋਰੀ ਵਾਂਗ ਧੜੱਮ ਕਰਕੇ ਡਿੱਗ ਪੈਂਦਾ ਤੇ ਮੇਰੀਆਂ ਅੱਖਾਂ ਸਾਹਮਣੇ ਸਭ ਕੁੱਝ ਘੁੰਮਣ ਲੱਗ ਪੈਂਦਾ।ਤੇ ਸੌਂਦੇ ਸੌਂਦੇ ਮੈਂ ਉਹਨੂੰ ਆਪਣਾ ਸਿਰ ਪਲੋਸਦੇ ਤੇ ਹੌਲੀ ਹੌਲੀ ਮਿਹਰਬਾਨ ਗੱਲਾਂ ਕਹਿੰਦੇ ਮਹਿਸੂਸ ਕਰਦਾ ਅਤੇ ਮੈਨੂੰ ਜਾਪਦਾ ਕਿ ਉਹਨੂੰ ਮੇਰੇ ਉੱਤੇ ਤਰਸ ਆ ਰਿਹੈ।
“ਸਵੇਰੇ ਉਹ ਮੈਨੂੰ ਕੰਮ ’ਤੇ ਜਾਣ ਦੇ ਵਕਤ ਤੋਂ ਦੋ ਕੁ ਘੰਟੇ ਪਹਿਲਾਂ ਜਗਾ ਦੇਂਦੀ ਤਾਂ ਜੋ ਮੈਨੂੰ ਪੂਰੀ ਤਰ੍ਹਾਂ ਹੋਸ਼ ਵਿੱਚ ਆਉਣ ਲਈ ਸਮਾਂ ਮਿਲ ਜਾਵੇ।ਉਹ ਜਾਣਦੀ ਸੀ ਕਿ ਸ਼ਰਾਬੀ ਹੋਣ ਪਿੱਛੋਂ ਮੈ ਕੁਝ ਖਾ ਨਹੀਂ ਸਕਦਾ, ਸੋ ਉਹ ਮੈਨੂੰ ਇੱਕ ਲੂਣਾ ਖੀਰਾ ਦੇਂਦੀ ਜਾਂ ਅਜਿਹੀ ਹੀ ਕੋਈ ਹੋਰ ਸ਼ੈ ਅਤੇ ਮੈਨੂੰ ਵੋਦਕਾ ਦਾ ਚੰਗਾ ਗਿਲਾਸ ਭਰ ਕੇ ਦੇਂਦੀ—ਵਿਸ ਦਾ ਇਲਾਜ ਵਿਸ, ਤੂੰ ਜਾਣਦੈਂ।‘ਐਹ ਲੈ ਆਂਦਰੇਈ, ਪਰ ਮੁੜਕੇ ਅਜਿਹਾ ਨਾ ਕਰੀਂ, ਮੇਰੀ ਜਾਨ’।ਬੰਦਾ ਆਪਣੇ ਵਿੱਚ ਅਜਿਹਾ ਭਰੋਸਾ ਰੱਖਣ ਵਾਲੇ ਨੂੰ ਭਲਾ ਕਿਵੇਂ ਧੋਖਾ ਦੇ ਸਕਦੈ ? ਮੈਂ ਉਹ ਪੀ ਲੈਂਦਾ, ਕੁਝ ਕਹੇ ਬਿਨਾਂ ਉਹਦਾ ਧੰਨਵਾਦ ਕਰਦਾ, ਬਸ ਇੱਕ ਨਿਗਾਹ ਤੇ ਚੁੰਮੀ ਨਾਲ ਤੇ ਕਿਸੇ ਲੇਲੇ ਵਾਂਗ ਕੰਮ ਤੇ ਚਲਾ ਜਾਂਦਾ। ਪਰ ਜਦੋਂ ਮੈਂ ਸ਼ਰਾਬੀ ਹੋਇਆ ਘਰ ਮੁੜਦਾ ਤਾਂ ਜੇ ਉਹ ਮੇਰੇ ਨਾਲ ਗ਼ੁੱਸੇ ਹੁੰਦੀ, ਜੇ ਉਹ ਮੈਨੂੰ ਵੱਢੂੰ ਖਾਊਂ ਕਰਦੀ ਤਾਂ, ਯਕੀਨ ਰੱਖ, ਮੈਂ ਮੁੜ ਸ਼ਰਾਬੀ ਹੋਇਆ ਵਾਪਸ ਆਉਂਦਾ। ਕੁੱਝ ਟੱਬਰਾਂ ਵਿਚ ਇਸ ਤਰ੍ਹਾਂ ਹੁੰਦੈ, ਜਿੱਥੇ ਘਰਵਾਲੀ ਮੂਰਖ ਹੁੰਦੀ ਏ।ਮੈਂ ਅਜਿਹਾ ਬਹੁਤ ਵਾਰ ਹੁੰਦਾ ਵੇਖਿਐ ਤੇ ਮੈਂ ਜਾਣਦਾਂ।
“ਸੋ, ਛੇਤੀ ਹੀ ਬੱਚੇ ਆਉਣੇ ਸ਼ੁਰੂ ਹੋ ਗਏ। ਪਹਿਲਾਂ ਇੱਕ ਨਿੱਕਾ ਜਿਹਾ ਮੁੰਡਾ ਹੋਇਆ ਤੇ ਫ਼ਿਰ ਦੋ ਕੁੜੀਆਂ।ਤੇ ਉਸ ਪਿੱਛੋਂ ਮੈਂ ਆਪਣੇ ਬੇਲੀਆਂ ਦਾ ਸਾਥ ਛੱਡ ਦਿੱਤਾ। ਮੈਂ ਆਪਣੀ ਸਾਰੀ ਤਨਖ਼ਾਹ ਆਪਣੀ ਘਰਵਾਲੀ ਕੋਲ ਲਿਜਾਣ ਲੱਗ ਪਿਆ, ਉਦੋਂ ਤੱਕ ਸਾਡਾ ਚੋਖਾ ਟੱਬਰ ਹੋ ਗਿਆ ਸੀ ਤੇ ਮੈਂ ਪੀਣ ਦਾ ਖ਼ਰਚਾ ਨਹੀਂ ਸਾਂ ਕਰ ਸਕਦਾ। ਛੁੱਟੀ ਵਾਲੇ ਦਿਨ ਮੈਂ ਬਸ ਬੀਅਰ ਦਾ ਇੱਕ ਗਿਲਾਸ ਪੀਂਦਾ ਤੇ ਉਸ ਤੇ ਹੀ ਬਸ ਕਰ ਦੇਂਦਾ।
“ਉਨੱਤੀਵੇਂ ਵਰ੍ਹੇ ਮੇਰਾ ਮਨ ਮੋਟਰਾਂ ਵੱਲ ਲੱਗ ਪਿਆ।ਮੈਂ ਇਹ ਕੰਮ ਸਿੱਖ ਲਿਆ ਤੇ ਇੱਕ ਲਾਰੀ ਚਲਾਉਣ ਲੱਗ ਪਿਆ। ਤੇ ਜਦੋਂ ਮੈਂ ਇਸ ਕੰਮ ਦਾ ਆਦੀ ਹੋ ਗਿਆ ਤਾਂ ਮੇਰਾ ਕਾਰਖ਼ਾਨੇ ਨੂੰ ਮੁੜਨ ਨੂੰ ਜੀਅ ਹੀ ਨਾ ਕੀਤਾ। ਡਰਾਈਵਰੀ ਵਿੱਚ ਵਧੇਰੇ ਮਜ਼ਾ ਆਉਂਦਾ ਸੀ। ਸੋ ਮੈਂ ਜਿਊਂਦਾ ਰਿਹਾ ਤੇ ਪਤਾ ਹੀ ਨਾ ਲੱਗਾ ਦਸ ਵਰ੍ਹੇ ਕਦੋਂ ਲੰਘ ਗਏ। ਉਹ ਤਾਂ ਸੁਪਨੇ ਵਾਂਗ ਸਨ। ਪਰ ਦਸ ਵਰ੍ਹੇ ਕੀ ਹੁੰਦੇ ਨੇ ? ਚਾਲ੍ਹੀਆਂ ਤੋਂ ਵੱਧ ਦੇ ਕਿਸੇ ਬੰਦੇ ਕੋਲੋਂ ਪੁੱਛੇ ਕੇ ਵੇਖ ਕੀ ਉਹਨੇ ਕਦੀ ਇਸ ਗੱਲ ਵੱਲ ਧਿਆਨ ਦਿੱਤੇ ਕਿ ਵਰ੍ਹੇ ਕਿਵੇਂ ਖਿਸਕਦੇ ਜਾਂਦੇ ਨੇ।ਤੈਨੂੰ ਪਤਾ ਲੱਗੇਗਾ ਕਿ ਉਹਨੇ ਕਿਸੇ ਸਹੁਰੀ ਗੱਲ ਵੱਲ ਧਿਆਨ ਤੱਕ ਨਹੀਂ ਦਿੱਤਾ ! ਬੀਤਿਆਂ ਦੁਰਾਡੇ ਧੁੰਦ ਵਿਚ ਗੁਆਚੇ ਸਟੈਪੀ ਵਾਂਗ ਏ।ਅੱਜ ਸਵੇਰੇ ਮੈਂ ਇਹ ਪਾਰ ਕਰ ਰਿਹਾ ਸਾਂ ਤੇ ਇਹ ਚਾਰੇ ਪਾਸੇ ਬਿਲਕੁਲ ਸਾਫ਼ ਸੀ, ਪਰ ਹੁਣ ਮੈਂ ਵੀਹ ਕਿਲੋਮੀਟਰ ਮਾਰ ਲਏ ਨੇ ਤਾਂ ਇਹਦੇ ਉਤੇ ਧੁੰਦ ਏ, ਤੇ ਤੁਸੀਂ ਰੁੱਖਾਂ ਤੇ ਘਾਹ, ਵਾਹੀ ਭੋਂ ਤੇ ਜੂਹ ਨੂੰ ਵੱਖ-ਵੱਖ ਨਹੀਂ ਦੱਸ ਸਕਦੇ।
“ਉਹ ਦਸ ਵਰ੍ਹੇ ਮੈਂ ਦਿਨ ਰਾਤ ਕੰਮ ਕੀਤਾ।ਮੈਂ ਚੰਗੇ ਪੈਸੇ ਕਮਾ ਲੈਂਦਾ ਤੇ ਸਾਡਾ ਗੁਜ਼ਾਰਾ ਹੋਰਨਾਂ ਨਾਲੋਂ ਮਾੜਾ ਨਹੀਂ ਸੀ ਹੋ ਰਿਹਾ। ਤੇ ਬੱਚੇ ਸਾਡੇ ਲਈ ਖ਼ੁਸ਼ੀ ਦਾ ਭੰਡਾਰ ਸਨ।ਤਿੰਨੇ ਸਕੂਲ ਵਿੱਚ ਸੋਹਣੀ ਤਰ੍ਹਾਂ ਪੜ੍ਹ ਰਹੇ ਸਨ, ਤੇ ਸਾਰਿਆਂ ਤੋਂ ਵੱਡਾ, ਅਨਾਤੋਲੀ, ਹਿਸਾਬ ਵਿਚ ਇੰਨਾ ਲਾਇਕ ਨਿਕਲਿਆ ਕਿ ਉਹਦਾ ਨਾਂ ਮਾਸਕੋ ਦੇ ਅਖ਼ਬਾਰਾਂ ਵਿਚੋਂ ਇੱਕ ਵਿੱਚ ਛਪ ਗਿਆ। ਉਹਨੂੰ ਇਹ ਗੁਣ ਵਿਰਸੇ ਵਿਚ ਕਿਸ ਤੋਂ ਮਿਲਿਆ ਸੀ ਇਹ ਮੈਂ ਤੈਨੂੰ ਨਹੀਂ ਦੱਸ ਸਕਦਾ, ਮਿੱਤਰਾ।ਪਰ ਇਹਦੇ ਤੇ ਖ਼ੁਸ਼ੀ ਹੁੰਦੀ ਸੀ, ਤੇ ਮੈਂ ਉਹਦੇ ’ਤੇ ਮਾਣ ਕਰਦਾ; ਬਹੁਤ ਮਾਣ ਕਰਦਾ ਸਾਂ ਮੈਂ !
“ਦਸਾਂ ਵਰ੍ਹਿਆਂ ਵਿੱਚ ਅਸਾਂ ਕੁਝ ਪੈਸੇ ਬਚਾ ਲਏ ਸਨ ਤੇ ਜੰਗ ਤੋਂ ਪਹਿਲਾਂ ਅਸਾਂ ਆਪਣੇ ਲਈ ਇੱਕ ਮਕਾਨ ਬਣਾ ਲਿਆ, ਜਿਸ ਵਿੱਚ ਦੋ ਕਮਰੇ, ਇੱਕ ਸਟੋਰ ਤੇ ਇੱਕ ਛੱਤੀ ਹੋਈ ਡਿਉਢੀ ਸੀ। ਇਰੀਨਾ ਨੇ ਦੋ ਬੱਕਰੀਆਂ ਖ਼ਰੀਦ ਲਈਆਂ। ਸਾਨੂੰ ਹੋਰ ਕੀ ਚਾਹੀਦਾ ਸੀ ? ਬੱਚਿਆਂ ਦੇ ਦਲੀਏ ਲਈ ਦੁੱਧ ਸੀ, ਸਾਡੇ ਸਿਰ ਉੱਤੇ ਛੱਤ ਸੀ, ਸਰੀਰ ਤੇ ਕੱਪੜੇ ਸਨ ਤੇ ਪੈਰੀਂ ਬੂਟ, ਸੋ ਸੱਭ ਕੁੱਝ ਠੀਕ-ਠਾਕ ਸੀ। ਬਸ ਇੱਕੋ ਮਾੜੀ ਗੱਲ ਸਾਡੇ ਮਕਾਨ ਦੀ ਥਾਂ ਸੀ, ਇਹ ਮਕਾਨ ਬਣਾਉਣ ਲਈ ਚੰਗੀ ਥਾਂ ਨਹੀਂ ਸੀ। ਮੈਨੂੰ ਜਿਹੜਾ ਖੱਤਾ ਮਿਲਿਆ ਉਹ ਹਵਾਈ ਜਹਾਜ਼ਾਂ ਦੇ ਕਾਰਖ਼ਾਨੇ ਤੋਂ ਬਹੁਤਾ ਦੂਰ ਨਹੀਂ ਸੀ। ਜੇ ਮੇਰਾ ਘਰ ਕਿਸੇ ਹੋਰ ਥਾਂ ਹੁੰਦਾ ਮੇਰੀ ਜ਼ਿੰਦਗੀ ਹੋਰ ਤਰ੍ਹਾਂ ਚਲਦੀ।
“ਤੇ ਫਿਰ ਇਹ ਆ ਗਈ—ਜੰਗ। ਅਗਲੇ ਦਿਨ ਮੈਨੂੰ ਬੁਲਾਵਾ ਆ ਗਿਆ ਤੇ ਉਸ ਤੋਂ ਅਗਲੇ ਦਿਨ ਹੁਕਮ ਸੀ : ‘ਸਟੇਸ਼ਨ ਤੇ ਹਾਜ਼ਰ ਹੋ ਜਾਓ'। ਮੇਰੇ ਚਾਰੇ ਜੀਅ ਇੱਕਠੇ ਮੈਨੂੰ ਵਿਦਿਆ ਕਰਨ ਆਏ: ਇਰੀਨਾ, ਅਨਾਤੋਲੀ ਤੇ ਮੇਰੀਆਂ ਧੀਆਂ ਨਾਸਤੇਨਕਾ ਅਤੇ ਓਲਿਊਸ਼ਕਾ ਬੱਚਿਆਂ ਹਿੰਮਤ ਨਾ ਹਾਰੀ, ਭਾਵੇਂ ਕੁੜੀਆਂ ਇੱਕ ਅੱਧ ਹੁੰਝੂ ਕੇਰੇ ਬਿਨਾਂ ਨਾ ਰਹਿ ਸਕੀਆਂ। ਅਨਾਤੋਲੀ ਬਸ ਥੋੜ੍ਹਾ ਜਿਹਾ ਕੰਬਿਆ, ਜਿਵੇਂ ਠੰਢ ਹੋਵੇ, ਉਹ ਉਦੋਂ ਸਤਾਰਾਂ ਦਾ ਹੋ ਚੱਲਿਆ ਸੀ। ਪਰ ਮੇਰੀ ਇਰੀਨਾ ...ਸਤਾਰਾਂ ਵਰ੍ਹੇ ਇੱਕਠੇ ਰਹਿੰਦੇ ਹੋਏ ਮੈਂ ਅਜਿਹੀ ਕੋਈ ਗੱਲ ਨਹੀਂ ਸੀ ਵੇਖੀ। ਮੇਰੀ ਕਮੀਜ਼ ਤੇ ਛਾਤੀ ਸਾਰੀ ਰਾਤ ਉਹਦੇ ਹੰਝੂਆਂ ਨਾਲ ਗਿੱਲੇ ਰਹੇ ਸਨ ਤੇ ਸਵੇਰੇ ਉਹ ਫਿਰ ਸ਼ੁਰੂ ਹੋ ਗਈ। ਅਸੀਂ ਸਟੇਸ਼ਨ ਤੇ ਗਏ ਤੇ ਮੈਨੂੰ ਉਹਦੇ ਤੇ ਇੰਨਾ ਤਰਸ ਆਇਆ ਕਿ ਮੈਂ ਉਹਦੇ ਮੂੰਹ ਵੱਲ ਨਾ ਵੇਖ ਸਕਿਆ। ਉਹਦੇ ਬੁੱਲ੍ਹ ਸੁੱਜੇ ਹੋਏ ਸਨ, ਉਹਦੇ ਵਾਲ ਉਹਦੀ ਸ਼ਾਲ ਹੇਠੋਂ ਨਿਕਲੇ ਹੋਏ ਸਨ ਤੇ ਉਹਦੀਆਂ ਅੱਖਾਂ ਕਿਸੇ ਪਾਗਲ ਵਾਂਗ ਪਥਰਾਈਆਂ ਅਤੇ ਪਾਟੀਆਂ ਸਨ। ਅਫ਼ਸਰਾਂ ਨੇ ਗੱਡੀ ਚੜ੍ਹਨ ਦਾ ਹੁਕਮ ਦਿੱਤਾ ਤੇ ਉਹ ਧਾਅ ਕੇ ਮੇਰੀ ਛਾਤੀ ਉੱਤੇ ਪੈ ਗਈ ਤੇ ਆਪਣੀਆਂ ਬਾਹਾਂ ਮੇਰੀ ਗਰਦਨ ਦੁਆਲੇ ਵਲ ਲਈਆਂ।ਉਹ ਕਿਸੇ ਵੱਢੇ ਜਾ ਰਿਹੇ ਰੁੱਖ ਵਾਂਗ ਕੰਬ ਰਹੀ ਸੀ। ਬੱਚਿਆਂ ਨੇ ਗੱਲਾਂ ਕਰਕੇ ਉਹਨੂੰ ਵਰਚਾਉਣ ਦਾ ਯਤਨ ਕੀਤਾ ਤੇ ਮੈਂ ਵੀ, ਪਰ ਕੋਈ ਅਸਰ ਨਾ ਹੋਇਆ। ਹੋਰ ਤੀਵੀਆਂ ਆਪਣੇ ਘਰਵਾਲਿਆਂ ਤੇ ਪੁੱਤਰਾਂ ਨਾਲ ਗੱਲਾਂ ਕਰ ਰਹੀਆਂ ਸਨ ਪਰ ਮੇਰੀ ਕਿਸੇ ਟਹਿਣੀ ਨਾਲ ਲੱਗੇ ਪੱਤੇ ਵਾਂਗ ਮੈਨੂੰ ਚੰਬੜੀ ਹੋਈ ਸੀ ਤੇ ਸਾਰਾ ਸਮਾਂ ਕੰਬੀ ਜਾਂਦੀ ਤੇ ਉਹਦੇ ਮੂੰਹੋ ਗੱਲ ਤੱਕ ਨਾ ਨਿੱਕਲਦੀ।‘ਆਪਣੇ ਆਪ ਉੱਤੇ ਕਾਬੂ ਕਰ, ਇਰੀਨਾ, ਮੇਰੀ ਜਾਨ,' ਮੈਂ ਕਿਹਾ। ‘ਮੇਰੇ ਜਾਣ ਤੋਂ ਪਹਿਲਾਂ ਘੱਟੋ ਘੱਟ ਮੈਨੂੰ ਕੁੱਝ ਤਾਂ ਕਹਿ।' ਤੇ ਉਹਨੇ ਇਹ ਕਿਹਾ, ਹਰ ਬੋਲ ਵਿਚਕਾਰ ਹਟਕੋਰਾ ਲੈਂਦੇ ਹੋਏ, ‘ਆਂਦਰੇਈ ...ਮੇਰੇ ਪਿਆਰੇ...ਅਸੀਂ ਇੱਕ ਦੂਜੇ ਨੂੰ ਮੁੜ ਕਦੀ ਨਹੀਂ ਮਿਲਾਂਗੇ... ਇਸ ਦੁਨੀਆਂ ਵਿੱਚ ਨਹੀਂ।
“ਮੇਰਾ ਦਿਲ ਉਹਦੇ ਲਈ ਤਰਸ ਨਾਲ ਘਟਦਾ ਜਾ ਰਿਹਾ ਸੀ ਤੇ ਉਹਨੇ ਮੈਨੂੰ ਅਜਿਹੀ ਗੱਲ ਕਹੀ।ਉਹਨੂੰ ਸਮਝਣਾ ਚਾਹੀਦਾ ਸੀ ਕਿ ਉਸ ਤੋਂ ਵਿਛੜਣਾ ਮੇਰੇ ਲਈ ਸੌਖਾ ਨਹੀਂ ਸੀ। ਮੈਂ ਕਿਧਰੇ ਜੰਞੇ ਤਾਂ ਨਹੀਂ ਸਾਂ ਜਾ ਰਿਹਾ। ਮੈਨੂੰ ਗੁੱਸਾ ਆ ਗਿਆ। ਮੈਂ ਉਹਦੀਆਂ ਬਾਹਾਂ ਧੂਹ ਸੁਟੀਆਂ ਅਤੇ ਉਹਨੂੰ ਧੱਕਾ ਦਿੱਤਾ। ਮੈਨੂੰ ਤਾਂ ਇਹ ਮਾਮੂਲੀ ਜਿਹਾ ਧੱਕਾ ਜਾਪਿਆ, ਪਰ ਉਦੋਂ ਮੈਂ ਸਾਨ੍ਹ ਵਾਂਗ ਤਕੜਾ ਸਾਂ ਅਤੇ ਉਹ ਤਿੰਨ ਕਦਮ ਲੜਖੜਾਈ ਤੇ ਨਿੱਕੇ ਨਿੱਕੇ ਕਦਮ ਪੁਟ ਫਿਰ ਮੇਰੇ ਵੱਲ ਆਈ, ਉਹਦੀਆਂ ਬਾਹਾਂ ਖਿੱਲਰੀਆਂ ਹੋਈਆਂ ਸਨ ਤੇ ਮੈਂ ਕੜਕ ਕੇ ਉਹਨੂੰ ਕਿਹਾ : ‘ਵਿੱਦਿਆ ਹੋਣ ਦਾ ਇਹ ਕਿਹੜਾ ਢੰਗ ਏ ? ਮਰਨ ਤੋਂ ਪਹਿਲਾਂ ਹੀ ਮੈਨੂੰ ਕਿਉਂ ਦਫ਼ਨ ਕਰਨਾ ਚਾਹੁੰਦੀ ਏਂ ?' ਪਰ ਫਿਰ ਮੈਂ ਉਹਨੂੰ ਮੁੜਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਕਿਉਂਕਿ ਮੈਂ ਵੇਖ ਰਿਹਾ ਸਾਂ ਕਿ ਉਹਦੀ ਹਾਲਤ ਮਾੜੀ ਸੀ।”
ਉਹ ਇੱਕ ਦਮ ਚੁੱਪ ਕਰ ਗਿਆ ਅਤੇ ਉਸ ਤੋਂ ਪਿੱਛੋਂ ਛਾਈ ਚੁੱਪ ਵਿੱਚ ਮੈਂ ਹਟਕੋਰੇ ਦੀ ਨਿੰਮ੍ਹੀ ਜਿਹੀ ਆਵਾਜ਼ ਸੁਣੀ।ਉਹਦੀ ਇਹ ਭਾਵਨਾ ਮੇਰੇ ਉਤੇ ਵੀ ਛਾ ਗਈ।ਮੈਂ ਕਾਣੀ ਅੱਖ ਨਾਲ ਉਹਦੇ ਵੱਲ ਤੱਕਿਆ, ਪਰ ਉਹਨਾਂ ਬੇਜਾਨ, ਸੁਆਹ ਰੰਗੀਆਂ ਅੱਖਾਂ ਵਿੱਚ ਮੈਨੂੰ ਇੱਕ ਵੀ ਹੰਝੂ ਨਾ ਦਿਸਿਆ।ਉਹ ਦੇ ਨਿੰਮੋਝੂਣਾ ਹੋਏ ਵੱਡੇ ਹੱਥ ਥੋੜ੍ਹੇ ਥੋੜ੍ਹੇ ਹਿੱਲ ਰਹੇ ਸਨ; ਉਹਦੀ ਠੋਡੀ ਕੰਬ ਰਹੀ ਸੀ ਅਤੇ ਉਹਦੇ ਉਹ ਦ੍ਰਿੜ ਬੁੱਲ੍ਹ ਵੀ।
“ਇਸ ਗੱਲ ਨੂੰ ਬਹੁਤਾ ਪ੍ਰੇਸ਼ਾਨ ਨਾ ਕਰਨ ਦੇ, ਮਿੱਤਰਾ, ਇਹਦੇ ਬਾਰੇ ਨਾ ਸੋਚ," ਮੈਂ ਠਰੰਮੇ ਨਾਲ ਕਿਹਾ, ਪਰ ਜਾਪਦਾ ਸੀ ਉਹਨੇ ਮੇਰੀ ਗੱਲ ਸੁਣੀ ਹੀ ਨਹੀਂ। ਬੜਾ ਯਤਨ ਕਰਕੇ ਆਪਣੇ ਜ਼ਜ਼ਬੇ ਉੱਤੇ ਕਾਬੂ ਪਾਕੇ, ਉਹਨੇ ਅਚਾਨਕ ਘੱਗੀ, ਅਜੀਬ ਤਰ੍ਹਾਂ ਤਬਦੀਲ ਹੋਈ ਆਵਾਜ਼ ਵਿੱਚ ਕਿਹਾ :
“ਮਰਦੇ ਦਮ ਤੱਕ, ਆਪਣੀ ਜ਼ਿੰਦਗੀ ਦੀ ਅਖ਼ੀਰੀ ਘੜੀ ਤੱਕ ਮੈਂ ਉਹਨੂੰ ਇਉਂ ਧੱਕਾ ਦੇਣ ਲਈ ਆਪਣੇ ਆਪ ਨੂੰ ਮਾਫ਼ ਨਹੀਂ ਕਰਨ ਲੱਗਾ!”
ਉਹ ਫਿਰ ਚੁੱਪ ਕਰ ਗਿਆ ਤੇ ਬਹੁਤ ਦੇਰ ਚੁੱਪ ਰਿਹਾ।ਉਹਨੇ ਸਿਗਰਟ ਬਨਾਉਣ ਦਾ ਯਤਨ ਕੀਤਾ, ਪਰ ਅਖ਼ਬਾਰੀ ਕਾਗਜ਼ ਦਾ ਟੋਟਾ ਉਹਦੇ ਹੱਥਾਂ ਵਿੱਚ ਫਟ ਗਿਆ ਤੇ ਤੰਬਾਕੂ ਉਹਦੇ ਗੋਡਿਆਂ ਉੱਤੇ ਖਿੰਡ ਗਿਆ।ਅਖ਼ੀਰ ਉਹਨੇ ਕਾਗਜ਼ 'ਤੇ ਤੰਬਾਕੂ ਦੀ ਇੱਕ ਭੱਦੀ ਜਿਹੀ ਬੱਤੀ ਬਣਾ ਲਈ, ਕੁਝ ਹਾਬੜੇ ਹੋਏ ਸੂਟੇ ਲਾਏ, ਫਿਰ ਖੰਘੂਰਾ ਮਾਰਕੇ ਗੱਲ ਜਾਰੀ ਰੱਖੀ :
“ਮੈਂ ਆਪਣੇ ਆਪ ਨੂੰ ਇਰੀਨਾ ਤੋਂ ਧੂਹ ਲਿਆ, ਫਿਰ ਉਹਦਾ ਮੂੰਹ ਆਪਣੇ ਹੱਥਾਂ ਵਿਚ ਲਿਆ ਤੇ ਉਹਨੂੰ ਚੁੰਮਿਆ। ਉਹਦੇ ਬੁੱਲ੍ਹ ਬਰਫ਼ ਵਾਂਗ ਠੰਡੇ ਸਨ। ਮੈਂ ਬੱਚਿਆਂ ਤੋਂ ਵਿੱਦਿਆ ਹੋਇਆ ਅਤੇ ਡੱਬੇ ਵੱਲ ਨੱਠਿਆ, ਚੱਲਦੀ ਗੱਡੀ ਦੀਆਂ ਪੌੜੀਆਂ ਉੱਤੇ ਛਾਲ ਮਾਰਕੇ ਚੜ੍ਹਨ ਵਿਚ ਸਫ਼ਲ ਹੋ ਗਿਆ। ਗੱਡੀ ਬਹੁਤ ਹੋਲੀ ਚੱਲਣ ਲੱਗੀ ਤੇ ਇਹ ਇੱਕ ਵਾਰ ਫਿਰ ਮੈਨੂੰ ਮੇਰੇ ਟੱਬਰ ਸਾਹਮਣਿਉਂ ਲੈ ਕੇ ਲੰਘੀ। ਮੈਂ ਆਪਣੇ ਵਿਚਾਰੇ ਨਿੱਕੇ ਯਤੀਮ ਹੋਏ ਬੱਚਿਆਂ ਨੂੰ ਵੇਖ ਸਕਦਾ ਸਾਂ, ਜਿਹੜੇ ਹੱਥ ਹਿਲਾ ਰਹੇ ਤੇ ਮੁਸਕਰਾਉਣ ਦਾ ਯਤਨ ਕਰ ਰਹੇ ਸਨ, ਪਰ ਮੁਸਕਰਾ ਨਹੀਂ ਸਨ ਸਕਦੇ। ਤੇ ਇਰੀਨਾ ਨੇ ਆਪਣੇ ਹੱਥ ਆਪਣੀ ਛਾਤੀ ਉਤੇ ਜੋੜੇ ਹੋਏ ਸਨ, ਉਹ ਦੇ ਬੁੱਲ੍ਹ ਚਾਕ ਵਾਂਗ ਚਿੱਟੇ ਸਨ ਤੇ ਅੱਖਾਂ ਪਾੜ-ਪਾੜ ਕੇ ਮੇਰੇ ਵੱਲ ਵੇਖਦੀ ਉਹ ਕੁੱਝ ਬੁੜਬੁੜਾ ਰਹੀ ਸੀ, ਉਹਦੀ ਸਾਰੀ ਦੇਹ ਅੱਗੇ ਵੱਲ ਝੁਕੀ ਹੋਈ ਸੀ, ਜਿਵੇਂ ਉਹ ਤੇਜ਼ ਹਵਾ ਵਿੱਚ ਚੱਲਣ ਦਾ ਯਤਨ ਕਰ ਰਹੀ ਹੋਵੇ।...ਤੇ ਆਪਣੀ ਬਾਕੀ ਦੀ ਸਾਰੀ ਉਮਰ ਮੈਂ ਆਪਣੀ ਯਾਦ ਵਿਚ ਉਹਨੂੰ ਇਸੇ ਤਰ੍ਹਾਂ ਵੇਖਾਂਗਾ— ਉਹਦੇ ਹੱਥ ਛਾਤੀ ਉੱਤੇ ਜੁੜੇ ਹੋਏ, ਉਹ ਚਿੱਟੇ ਬੁੱਲ੍ਹ ਤੇ ਉਹਦੀਆਂ ਅੱਖਾਂ ਚੌੜ ਚੁਪੱਟ ਖੁੱਲ੍ਹੀਆਂ ਤੇ ਹੰਝੂਆਂ ਭਰੀਆਂ। ਆਪਣੇ ਸੁਪਨਿਆਂ ਵਿੱਚ ਵਧੇਰੇ ਮੈਂ ਉਹਨੂੰ ਇਸੇ ਤਰ੍ਹਾਂ ਵੇਖਦਾਂ।ਮੈਂ ਉਹਨੂੰ ਇਉਂ ਧੱਕਾ ਕਿਉਂ ਦਿੱਤਾ ? ਹੁਣ ਵੀ, ਜਦੋਂ ਮੈਂ ਇਹ ਗੱਲ ਯਾਦ ਕਰਦਾਂ, ਮੈਨੂੰ ਇਉਂ ਜਾਪਦੈ ਜਿਵੇਂ ਮੇਰੇ ਦਿਲ ਵਿੱਚ ਖੁੰਢਾ ਚਾਕੂ ਮੁੜ ਰਿਹੈ।
“ਸਾਨੂੰ ਯੂਕਰੇਨ ਵਿਚ ਬੇਲਾਯਾ ਤਸੇਰਕੋਵ ਵਿਖੇ ਸਾਡੇ ਦਸਤਿਆਂ ਵਿੱਚ ਭਰਤੀ ਕਰ ਲਿਆ ਗਿਆ। ਮੈਨੂੰ ਤਿੰਨ ਟਨ ਦਾ ਟਰੱਕ ਦਿੱਤਾ ਗਿਆ ਤੇ ਉਸ ਉੱਤੇ ਮੈਂ ਮੋਰਚੇ ਵੱਲ ਗਿਆ। ਭਲਾ ਤੈਨੂੰ ਜੰਗ ਬਾਰੇ ਦੱਸਣ ਦੀ ਕੀ ਲੋੜ ਏ, ਤੂੰ ਇਹ ਆਪ ਵੇਖੀ ਏ ਤੇ ਤੈਨੂੰ ਆਪ ਪਤੈ ਮੁੱਢ ਵਿੱਚ ਇਹ ਕਿਹੋ ਜਿਹੀ ਸੀ। ਮੈਨੂੰ ਘਰੋਂ ਬਹੁਤ ਖ਼ਤ ਆਏ ਪਰ ਮੈਂ ਬਹੁਤੇ ਨਾ ਲਿਖੇ । ਕਦੀ ਕਦਾਈਂ ਮੈਂ ਲਿਖ ਦੇਂਦਾ ਕਿ ਸਭ ਕੁੱਝ ਠੀਕ ਠਾਕ ਏ ਤੇ ਅਸੀਂ ਥੋੜ੍ਹਾ ਬਹੁਤ ਦੇਰ ਨਹੀਂ ਲੱਗਣੀ ਅਸੀਂ ਆਪਣੀ ਤਾਕਤ ਇੱਕਠੀ ਕਰ ਲਵਾਂਗੇ ਅਤੇ ਫ਼ਰਿਟਜ਼ੀਆਂ1 ਨੂੰ ਉਹ ਕੁੱਝ ਦਿਆਂਗੇ ਜਿਹੜਾ ਉਹ ਭੁੱਲ ਨਹੀਂ ਸਕਣ ਲੱਗੇ। ਤੇ ਬੰਦਾ ਹੋਰ ਲਿੱਖਦਾ ਵੀ ਕੀ ? ਉਹ ਕਰੜੇ ਦਿਨ ਸਨ ਤੇ ਬੰਦੇ ਦਾ ਲਿਖਣ ਨੂੰ ਜੀਅ ਹੀ ਨਹੀਂ ਸੀ ਕਰਦਾ। ਤੇ ਇੱਕ ਗੱਲ ਮੈਂ ਕਹਿ ਦਿਆਂ ਮੈਨੂੰ ਤਰਸਯੋਗ ਸੁਰ ਬਹੁਤੀ ਵਜਾਉਣੀ ਕਦੀ ਆਈ ਹੀ ਨਹੀਂ। ਮੈਨੂੰ ਉਹ ਬੁਸ ਬੁਸ ਕਰਨ ਵਾਲੇ ਲੋਕ ਉਕਾ ਚੰਗੇ ਨਾ ਲੱਗਦੇ ਜਿਹੜੇ ਰੋਜ਼ ਆਪਣੀਆਂ ਘਰਵਾਲੀਆਂ ਜਾਂ ਸਹੇਲੀਆਂ ਨੂੰ ਖ਼ਤ ਲਿਖਦੇ, ਬਗ਼ੈਰ ਕਿਸੇ ਕਾਰਨ ਦੇ, ਬਸ ਕਾਗ਼ਜ਼ ਉੱਤੇ ਆਪਣਾ ਨੱਕ ਰਗੜਨ ਲਈ—ਉਹ ਜ਼ਿੰਦਗੀ ਬੜੀ ਕਰੜੀ ਏ, ਉਹ ਹੋ ਸਕਦੈ ਮੈਂ ਮਾਰਿਆ ਜਾਵਾਂ ! ਤੇ ਇਉਂ ਉਹ ਲਿਖੀ ਜਾਂਦੇ, ਉਹ ਕੁੱਤੀ ਦੇ ਪੁੱਤਰ, ਰੋਣੇ-ਰੋਂਦੇ ਤੇ ਹਮਦਰਦੀ ਭਾਲਦੇ, ਬਕ-ਬਕ ਕਰਕੇ, ਇਹ ਨਾ ਸਮਝ ਸਕਦੇ ਕਿ ਘਰੇ ਉਹਨਾਂ ਵਿਚਾਰੀਆਂ ਤੀਵੀਆਂ ਤੇ ਬੱਚਿਆਂ ਦਾ ਹਾਲ ਉਸੇ ਤਰ੍ਹਾਂ ਮਾੜਾ ਸੀ ਜਿਵੇਂ ਸਾਡਾ। ਲੈ, ਉਹਨਾਂ ਤਾਂ ਸਾਰਾ ਦੇਸ ਆਪਣੇ ਮੋਢਿਆਂ ਉਤੇ ਚੁੱਕਿਆ ਹੋਇਆ ਸੀ। ਤੇ ਅਜਿਹੇ ਭਾਰ ਹੇਠਾਂ ਨਾ ਝੁੱਕਣ ਲਈ ਸਾਡੀਆਂ ਤੀਵੀਆਂ ਤੇ ਬੱਚਿਆਂ ਦੇ ਮੋਢੇ ਕਿਹੋ ਜਿਹੇ ਹੋਣੇ ਨੇ ! ਪਰ ਉਹਨਾਂ ਗੋਡੇ ਨਾ ਟੇਕੇ, ਉਹ ਡਟੇ ਰਹੇ ! ਤੇ ਫਿਰ ਉਹਨਾਂ ਰੀਂ-ਰੀਂ ਕਰਨਿਆਂ ਵਿੱਚੋਂ ਕੋਈ ਅਜਿਹਾ ਖ਼ਤ ਲਿਖ ਦੇਂਦਾ ਅਤੇ ਆਪਣੀ ਜਾਨ ਹੂਲ ਕੇ ਕੰਮ ਕਰਦੀ ਤੀਵੀਂ ਥਿੜਕ ਜਾਂਦੀ। ਅਜਿਹੇ ਖ਼ਤ ਪਿੱਛੋਂ ਉਸ ਵਿਚਾਰੀ ਨੂੰ ਅਹੁੜਦਾ ਹੀ ਨਾ ਕਿ ਆਪਣੇ ਨਾਲ ਕੀ ਕਰੇ ਜਾਂ ਆਪਣੇ ਕੰਮ ਨਾਲ ਕਿਵੇਂ ਨਿੱਬੜੇ। ਨਹੀਂ ! ਇਹੋ ਤਾਂ ਮਰਦਾਂ ਦਾ ਕੰਮ ਏ, ਇਸੇ ਲਈ ਤੁਸੀਂ ਫੌਜੀ ਹੋ—ਜੇ ਲੋੜ ਪਵੇ ਤਾਂ ਸੱਭ ਕੁੱਝ ਸਹਾਰਨ ਲਈ। ਪਰ ਜੇ ਤੁਹਾਡੇ ਵਿੱਚ ਮਰਦ ਨਾਲੋਂ ਤੀਵੀਂ ਜਾਪਣ ਲੱਗ ਪਵੇ, ਘੱਟੋ ਘੱਟ ਪਿੱਛਲੇ ਪਾਸਿਉਂ, ਤੇ ਜਾ ਕੇ ਚਕੰਦਰ ਦੀ ਗੋਡੀ ਕਰੋ ਜਾਂ ਗਊਆਂ ਚੋਓ, ਕਿਉਂਕਿ ਤੁਹਾਡੇ ਜਿਹਾਂ ਦੀ ਮੋਰਚੇ ਉੱਤੇ ਲੋੜ ਨਹੀਂ। ਤੁਹਾਡੇ ਬਿਨਾਂ ਹੀ ਉੱਥੇ ਬਹੁਤ ਬੋ ਏ !
1. ਫ਼ਰਿਟਜ਼ੀ - ਜਰਮਨਾਂ ਨੂੰ ਵਿਅੰਗ ਅਤੇ ਘਿਰਣਾ ਨਾਲ ਫ਼ਰਿਟਜ਼ੀ ਕਿਹਾ ਜਾਂਦਾ ਸੀ।
“ਪਰ ਮੈਂ ਪੂਰਾ ਸਾਲ ਵੀ ਲੜਾਈ ਨਾ ਲੜੀ।... ਮੈਂ ਦੋ ਵਾਰ ਜ਼ਖ਼ਮੀ ਹੋਇਆ, ਪਰ ਦੋਵੇਂ ਵਾਰ ਮਾਮੂਲੀ ਜਿਹਾ, ਪਹਿਲੀ ਵਾਰ ਬਾਂਹ ਵਿੱਚ ਤੇ ਦੂਜੀ ਵਾਰ ਲੱਤ ਵਿੱਚ। ਪਹਿਲੀ ਵਾਰ ਇਹ ਇੱਕ ਹਵਾਈ ਜ਼ਹਾਜ਼ ਤੋਂ ਚੱਲੀ ਗੋਲੀ ਸੀ ਤੇ ਦੂਜੀ ਵਾਰ ਤੋਪ ਦੇ ਗੋਲੇ ਦਾ ਟੋਟਾ। ਜਰਮਨਾਂ ਨੇ ਮੇਰੀ ਲਾਰੀ ਵਿੱਚ ਮਘੋਰੇ ਕਰ ਦਿੱਤੇ, ਛੱਤ ਵਿੱਚ ਵੀ ਤੇ ਪਾਸਿਆਂ ਵਿੱਚ ਵੀ, ਪਰ ਪਹਿਲਾਂ ਪਹਿਲ ਮੇਰੀ ਕਿਸਮਤ ਚੰਗੀ ਸੀ, ਮਿੱਤਰਾ। ਹਾਂ, ਸਾਰਾ ਸਮਾਂ ਮੇਰੀ ਕਿਸਮਤ ਚੰਗੀ ਰਹੀ, ਉਸ ਸਮੇਂ ਤੱਕ ਜਦੋਂ ਇਹ ਸੱਚ ਮੁੱਚ ਭੈੜੀ ਹੋ ਗਈ।... ਬਿਆਲੀ ਦੀ ਮਈ ਵਿੱਚ ਮੈਂ ਲੋਜ਼ੋਵੇਨਕੀ ਵਿਖੇ ਕੈਦੀ ਬਣਾ ਲਿਆ ਗਿਆ।ਬੜਾ ਅਵੈੜ ਮਾਮਲਾ ਸੀ ਉੱਥੇ। ਜਰਮਨ ਹਮਲਾ ਕਰ ਰਹੇ ਸਨ ਅਤੇ ਸਾਡੀਆਂ ਹੋਜ਼ੀਟਰ ਬਾਹਤਰੀਆਂ ਵਿੱਚੋਂ ਇੱਕ ਕੋਲ ਗੋਲੇ ਲੱਗਭਗ ਖ਼ਤਮ ਹੋ ਗਏ। ਅਸਾਂ ਮੇਰੀ ਲਾਰੀ ਗੋਲੀਆਂ ਨਾਲ ਨੱਕੋ ਨੱਕ ਭਰ ਦਿੱਤੀ। ਮੈਂ ਕੰਮ ਕਰਦਾ ਰਿਹਾ, ਇਥੋਂ ਤੱਕ ਕਿ ਮੇਰੀ ਕਮੀਜ਼ ਮੇਰੀ ਪਿੱਠ ਨਾਲ ਚੰਬੜ ਗਈ।ਸਾਨੂੰ ਫੁਰਤੀ ਕਰਨੀ ਪਈ ਕਿਉਂਕਿ ਉਹ ਸਾਡੇ ਵੱਲ ਵੱਧਦੇ ਚਲੇ ਆ ਰਹੇ ਸਨ ਖੱਬੇ ਹੱਥ ਅਸੀਂ ਟੈਂਕਾਂ ਦੀ ਗੜ੍ਹਕ ਸੁਣ ਸਕਦੇ ਸਾਂ ਅਤੇ ਸੱਜੇ ਤੇ ਸਾਹਮਣੇ ਗੋਲੀਆਂ ਚੱਲਣ ਦੀ ਆਵਾਜ਼ ਤੇ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ ਜਾਪਦੀ।
“ਸੋਕੋਲੋਵ, ਤੂੰ ਅੱਪੜ ਸਕਦੈਂ ?” ਸਾਡੀ ਕੰਪਨੀ ਦਾ ਕਮਾਂਡਰ ਪੁੱਛਣ ਲੱਗਾ। ਉਹਨੂੰ ਪੁੱਛਣ ਦੀ ਲੋੜ ਹੀ ਨਹੀਂ ਸੀ। ਆਪਣੇ ਸਾਥੀਆਂ ਨੂੰ ਮਰਦਾ ਵੇਖ ਕੇ ਕੀ ਮੈਂ ਨਿਕੰਮਾ ਬਹਿ ਸਕਦਾ ਸਾਂ ? ‘ਕੀ ਗੱਲ ਪਿਆ ਕਰਦੈਂ !ਮੈਨੂੰ ਅੱਪੜਨਾ ਹੀ ਪਵੇਗਾ, ਤੇ ਬਸ।' ਮੈਂ ਉਹਨੂੰ ਕਿਹਾ। ‘ਤਾਂ ਵਗਦਾ ਹੋ,’ ਉਹ ਕਹਿਣ ਲੱਗਾ, ਤੇ ਜ਼ਰਾ ਛੇਤੀ ਕਰ !'
“ਤੇ ਮੈਂ ਛੇਤੀ ਕੀਤੀ।ਆਪਣੀ ਹਯਾਤੀ ਵਿੱਚ ਮੈਂ ਪਹਿਲਾਂ ਕਦੀ ਇੰਨੀ ਤੇਜ਼ ਗੱਡੀ ਨਹੀਂ ਸੀ ਚਲਾਈ। ਮੈਨੂੰ ਪਤਾ ਸੀ ਕਿ ਮੈਂ ਆਲੂ ਤਾਂ ਲੱਦੇ ਨਹੀਂ ਸਨ ਹੋਏ, ਮੈਨੂੰ ਪਤਾ ਸੀ ਕਿ ਅਜਿਹੇ ਭਾਰ ਨਾਲ ਬਹੁਤ ਧਿਆਨ ਵਰਤਣਾ ਚਾਹੀਦਾ ਹੈ, ਪਰ ਜਦੋਂ ਸਾਡੇ ਜਵਾਨ ਲੱਗਭਗ ਨੰਗੇ ਲੜ ਰਹੇ ਸਨ, ਅਤੇ ਸਾਰੀ ਸੜਕ ਤੋਪਖ਼ਾਨੇ ਦੀ ਮਾਰ ਵਿੱਚ ਸੀ, ਤਾਂ ਮੈਂ ਧਿਆਨ ਨਾਲ ਗੱਡੀ ਕਿਵੇਂ ਚਲਾ ਸਕਦਾ ਸਾਂ। ਮੈਂ ਛੇ ਕਿਲੋਮੀਟਰ ਵਾਟ ਮਾਰ ਲਈ ਤੇ ਥਾਂ ਦੇ ਚੋਖਾ ਨੇੜ ਅੱਪੜ ਗਿਆ। ਮੈਂ ਸੜਕ ਤੋਂ ਹੇਠਾਂ ਉੱਤਰ ਕੇ ਉਸ ਡੂੰਘ ਵੱਲ ਜਾਣਾ ਸੀ ਜਿੱਥੇ ਬਾਹਤਰੀ ਬੀੜੀ ਹੋਈ ਸੀ ਤੇ ਫਿਰ ਮੈਂ ਕੀ ਤੱਕਿਆ ? ਰੱਬ ਦੀ ਮਾਰ, ਜੇ ਦੋਹਾਂ ਪਾਸਿਆਂ ਤੋਂ ਖੇਤਾਂ ਵਿਚੋਂ ਸਾਡੀ ਪੈਦਲ ਫ਼ੌਜ ਦੇ ਸਿਪਾਹੀ ਨੱਠਦੇ ਨਹੀਂ ਸਨ ਆ ਰਹੇ ਤੇ ਉਹਨਾਂ ਵਿਚਕਾਰ ਗੋਲੇ ਫੱਟੀ ਜਾਂਦੇ ? ਮੈਂ ਕੀ ਕਰ ਸਕਦਾਂ ਸਾਂ ? ਮੈਂ ਮੁੜ ਤਾਂ ਸਕਦਾ ਨਹੀਂ ਸਾਂ, ਕਿ ਮੁੜ ਸਕਦਾ ਸਾਂ ? ਸੋ ਮੈਂ ਗੱਡੀ ਪੂਰੀ ਰਫ਼ਤਾਰ ਨਾਲ ਚੱਲਾ ਦਿੱਤੀ। ਬਾਹਤਰੀ ਤੱਕ ਹੁਣ ਬਸ ਇੱਕ ਕਿਲੋਮੀਟਰ ਕੁ ਰਹਿ ਗਿਆ ਸੀ, ਮੈਂ ਸੜਕ ਤੋਂ ਉਤਰ ਪਿਆ ਸਾਂ ਪਰ, ਮਿੱਤਰਾ, ਮੈਂ ਉਹਨਾਂ ਤੱਕ ਨਾ ਅੱਪੜਿਆ। ਜ਼ਰੂਰ ਕੋਈ ਦੂਰ-ਮਾਰ ਤੋਪ ਹੋਣੀ ਏ, ਜਿਸ ਨੇ ਮੇਰੀ ਲਾਰੀ ਦੇ ਨੇੜੇ ਇੱਕ ਭਾਰਾ ਗੋਲਾ ਸੁੱਟਿਆ। ਮੈਂ ਧਮਾਕਾ ਜਾਂ ਹੋਰ ਕੁੱਝ ਨਾ ਸੁਣਿਆ, ਬਸ ਮੇਰੇ ਸਿਰ ਵਿੱਚ ਕੁੱਝ ਫੱਟਿਆ ਤੇ ਫਿਰ ਮੈਨੂੰ ਕੁੱਝ ਯਾਦ ਨਹੀਂ। ਮੈਂ ਕਿਵੇਂ ਜਿਊਂਦਾ ਬਚ ਗਿਆ ਪਤਾ ਨਹੀਂ। ਮੈਂ ਅੱਖਾਂ ਖੋਹਲੀਆਂ ਪਰ ਮੈਂ ਉੱਠ ਨਾ ਸਕਿਆ ਮੇਰਾ ਸਿਰ ਹੇਠਾਂ ਉੱਤੇ ਹਿੱਲੀ ਜਾਂਦਾ ਤੇ ਮੈਂ ਇਉਂ ਕੰਬ ਰਿਹਾ ਸਾਂ ਜਿਵੇਂ ਮੈਨੂੰ ਤਾਪ ਚੜ੍ਹਿਆ ਹੋਵੇ।ਹਰ ਪਾਸੇ ਹਨੇਰਾ ਜਾਪਦਾ ਸੀ, ਮੇਰੇ ਖੱਬੇ ਮੋਢੇ ਨਾਲ ਕੁੱਝ ਰਗੜ ਅਤੇ ਖਹਿ ਰਿਹਾ ਸੀ ਤੇ ਮੇਰੀ ਸਾਰੀ ਦੇਹ ਵਿੱਚ ਪੀੜ ਸੀ, ਜਿਵੇਂ ਕੋਈ ਲਗਾਤਾਰ ਦੋ ਦਿਨ ਜੋ ਕੁੱਝ ਹੱਥ ਆਇਆ ਉਹਦੇ ਨਾਲ ਮੇਰੀ ਖੁੰਬ ਠੱਪਦਾ ਰਿਹਾ ਹੋਵੇ। ਮੈਂ ਢਿੱਡ ਭਾਰ ਬਹੁਤ ਦੇਰ ਤੱਕ ਲਿਟਦਾ ਰਿਹਾ ਤੇ ਅਖ਼ੀਰ ਖੜ੍ਹਾ ਹੋ ਹੀ ਗਿਆ। ਪਰ ਮੈਨੂੰ ਇਹ ਪਤਾ ਨਹੀਂ ਸੀ ਮੈਂ ਕਿੱਥੇ ਸਾਂ ਜਾਂ ਮੇਰੇ ਨਾਲ ਕੀ ਵਾਪਰੀ ਸੀ। ਮੇਰੀ ਯਾਦ ਉਕਾ ਹੀ ਜਾਂਦੀ ਰਹੀ ਸੀ। ਪਰ ਮੈਂ ਲੇਟਣੋਂ ਡਰਦਾ। ਮੈਨੂੰ ਡਰ ਸੀ ਕਿ ਮੈਂ ਦੁਬਾਰਾ ਖੜ੍ਹਾ ਨਹੀਂ ਹੋ ਸਕਣ ਲੱਗਾ, ਸੋ ਮੈਂ ਖੜਾ ਰਿਹਾ ਤੇ ਝੱਖੜ ਵਿੱਚ ਝੂਲਦੇ ਕਿਸੇ ਸਫ਼ੈਦੇ ਵਾਂਗ ਹਿਲਦਾ ਰਿਹਾ।
“ਜਦੋਂ ਮੇਰੀ ਸੁਰਤ ਟਿਕਾਣੇ ਆਈ ਤੇ ਮੈਂ ਆਲੇ ਦੁਆਲੇ ਤੱਕਿਆ ਤਾਂ ਮੇਰਾ ਦਿਲ ਇਉਂ ਮਸੋਸਿਆ ਗਿਆ ਜਿਵੇਂ ਕਿਸੇ ਨੇ ਇਹਨੂੰ ਸੰਨ੍ਹੀ ਵਿੱਚ ਜਕੜ ਦਿੱਤਾ ਹੋਵੇ। ਮੈਂ ਜਿਹੜੇ ਗੋਲੇ ਲਿਆ ਰਿਹਾ ਸਾਂ ਉਹ ਮੇਰੇ ਆਲੇ ਦੁਆਲੇ ਖਿੱਲਰੇ ਹੋਏ ਸਨ। ਮੇਰੀ ਲਾਰੀ ਵੀ ਨੇੜੇ ਹੀ ਸੀ, ਸਾਰੀ ਮਰੁੰਡੀ ਹੋਈ, ਉਹਦੇ ਪਹੀਏ ਹਵਾ ਵਿੱਚ ਸਨ। ਅਤੇ ਲੜਾਈ ? ਲੜਾਈ ਮੇਰੀ ਪਿੱਠ ਵੱਲ ਹੋ ਰਹੀ ਸੀ। ਹਾਂ, ਮੇਰੀ ਪਿੱਠ ਵੱਲ !
“ਜਦੋਂ ਮੈਨੂੰ ਇਸ ਗੱਲ ਦੀ ਸਮਝ ਆਈ, ਤੇ ਇਹ ਕਹਿੰਦਿਆਂ ਮੈਨੂੰ ਸ਼ਰਮ ਨਹੀਂ ਆਉਂਦੀ, ਮੇਰੀਆਂ ਲੱਤਾਂ ਲਿਫ਼ ਗਈਆਂ ਤੇ ਮੈਂ ਇਉਂ ਡਿੱਗ ਪਿਆ ਜਿਵੇਂ ਕੁਹਾੜਾ ਮਾਰ ਕੇ ਵੱਢ ਦਿੱਤਾ ਗਿਆ ਹੋਵਾਂ, ਕਿਉਂਕਿ ਮੈਂ ਸਮਝ ਲਿਆ ਕਿ ਮੈਂ ਮੋਰਚੇ ਤੋਂ ਪਿੱਛੇ ਰਹਿ ਗਿਆ ਸਾਂ, ਜਾਂ ਸਾਫ਼-ਸਾਫ਼ ਗੱਲ ਕਰਦਿਆਂ, ਮੈਂ ਪਹਿਲਾਂ ਹੀ ਨਾਜ਼ੀਆਂ ਦਾ ਕੈਦੀ ਬਣ ਗਿਆ ਸਾਂ।”
“ਨਹੀਂ ਮਿੱਤਰਾ, ਇਹ ਸਹਾਰਨਾ ਸੌਖਾ ਕੰਮ ਨਹੀਂ ਸੀ, ਇਹ ਸਮਝ ਲੈਣਾ ਕੋਈ ਸੌਖੀ ਗੱਲ ਨਹੀਂ ਸੀ ਕਿ ਤੁਸੀਂ ਕੋਈ ਕਸੂਰ ਕੀਤੇ ਬਿਨਾਂ ਕੈਦੀ ਹੋ। ਤੇ ਜਿਹੜੇ ਬੰਦੇ ਤੇ ਅਜਿਹੀ ਨਾ ਬੀਤੀ ਹੋਵੇ ਉਹਨੂੰ ਇਹ ਗੱਲ ਸਮਝਾਉਣ ਤੇ ਸਮਾਂ ਲਗਦੈ।”
“ਸੋ ਮੈਂ ਉੱਥੇ ਲੇਟਿਆ ਰਿਹਾ ਤੇ ਛੇਤੀ ਹੀ ਮੈਂ ਟੈਂਕਾਂ ਦੀ ਗੜ੍ਹਕ ਸੁਣੀ। ਚਾਰ ਦਰਮਿਆਨੇ ਜਰਮਨ ਟੈਂਕ ਪੂਰੀ ਰਫ਼ਤਾਰ ਨਾਲ ਉਸ ਪਾਸੇ ਗਏ ਜਿਸ ਪਾਸਿਉਂ ਮੈਂ ਆਇਆ ਸਾਂ। ਕੀ ਸਮਝਦੈਂ ਮੈਨੂੰ ਕਿਹੋ ਜਿਹਾ ਲੱਗਾ ? ਫਿਰ ਤੋਪਾਂ ਖਿੱਚਦੇ ਟਰੈਕਟਰ ਆਏ, ਅਤੇ ਇੱਕ ਚਲਦੀ ਫ਼ਿਰਦੀ ਰਸੋਈ, ਫਿਰ ਆਪਣਾ ਮੂੰਹ ਭੌ ਨਾਲ ਲਾ ਲੈਂਦਾ ਉਹਨਾਂ ਨੂੰ ਵੇਖ ਕੇ ਮੈਨੂੰ ਘਿਣ ਆਉਂਦੀ, ਇੰਨੀ ਕਿ ਮੈਂ ਬਿਆਨ ਨਹੀਂ ਕਰ ਸਕਦਾ।”
“ਜਦੋਂ ਮੈਂ ਸੋਚਿਆ ਕਿ ਉਹ ਸਾਰੇ ਮੇਰੇ ਕੋਲੋਂ ਲੰਘ ਗਏ ਨੇ ਤਾਂ ਮੈਂ ਸਿਰ ਚੁੱਕਿਆ ਅਤੇ ਸਾਹਮਣੇ ਛੇ ਸਬ-ਮਸ਼ੀਨਗੰਨਰ ਮੈਥੋਂ ਸੋ ਕੁ ਕਦਮਾਂ ਦੇ ਫਾਸਲੇ ਤੇ ਜਾ ਰਹੇ ਸਨ। ਜਦੋਂ ਮੈਂ ਸਿਰ ਚੱਕਿਆ ਤਾਂ ਉਹ ਸੜਕ ਤੋਂ ਉੱਤਰੇ ਤੇ ਸਿੱਧੇ ਮੇਰੇ ਵੱਲ ਆਏ, ਛੇ ਦੇ ਛੇ, ਬਿਲਕੁਲ ਚੁੱਪ।”
“ਮੈਂ ਸੋਚਿਆ, ਖੇਡ ਖ਼ਤਮ ਹੋ ਗਈ। ਸੋ ਮੈਂ ਬਹਿ ਗਿਆ – ਮੈਂ ਲੇਟਿਆ ਹੋਇਆ ਮਰਨਾ ਨਹੀਂ ਸਾਂ ਚਾਹੁੰਦਾ – ਤੇ ਫ਼ਿਰ ਮੈਂ ਖੜਾ ਹੋ ਗਿਆ।ਉਹਨਾਂ ਵਿੱਚੋਂ ਇੱਕ ਮੈਥੋਂ ਕੁੱਝ ਕਦਮਾਂ ਦੀ ਵਿੱਥ ਉੱਤੇ ਖੜਾ ਹੋ ਗਿਆ ਅਤੇ ਆਪਣੀ ਸਬ-ਮਸ਼ੀਨਗੰਨ ਮੋਢੇ ਤੋਂ ਧਰੂਹ ਕੇ ਲਾਹੀ।ਅਤੇ ਮਨੁੱਖ ਦੀ ਬਣਤਰ ਵੀ ਬੜੀ ਵਚਿੱਤਰ ਏ, ਉਸ ਛਿਣ ਨਾ ਤਾਂ ਮੈਂ ਘਾਬਰਿਆ ਤੇ ਨਾ ਮੇਰੇ ਦਿਲ ਵਿੱਚ ਕੰਬਣੀ ਛਿੜੀ। ਮੈਂ ਬਸ ਉਹਦੇ ਵੱਲ ਤੱਕਿਆ ਤੇ ਸੋਚਿਆ : ‘ਛੋਟੀ ਜਿਹੀ ਬਾੜ੍ਹ ਹੀ ਹੋਣੀ ਏ।ਇਹ ਪਤਾ ਨਹੀਂ ਉਹ ਕਿੱਥੇ ਮਾਰੇਗਾ ? ਮੇਰੇ ਸਿਰ ਵਿੱਚ ਜਾਂ ਛਾਤੀ ਵਿੱਚ ?' ਤੇ ਇਸ ਗੱਲ ਨਾਲ ਮੈਨੂੰ ਕੌਡੀ ਭਰ ਫ਼ਰਕ ਨਹੀਂ ਸੀ ਪੈਂਦਾ ਕਿਉਂ ਕੋਈ ਮੇਰੀ ਦੇਹ ਦੇ ਕਿਹੜੇ ਹਿੱਸੇ ਵਿੱਚ ਮੋਰੀਆਂ ਕਰਦਾ।”
“ਜੁਆਨ ਜਣਾ ਸੀ ਉਹ, ਚੋਖਾ ਗੱਠਿਆ ਹੋਇਆ, ਕਾਲੇ ਵਾਲਾਂ ਵਾਲਾ, ਪਰ ਉਹਦੇ ਬੁੱਲ੍ਹ ਧਾਗੇ ਵਾਂਗ ਪੱਤਲੇ ਸਨ ਤੇ ਉਹਦੀਆਂ ਅੱਖਾਂ ਵਿੱਚ ਖੋਰੀ ਜਿਹੀ ਲਿਸ਼ਕ ਸੀ। ਇਹਨੇ ਤਾਂ ਮੈਨੂੰ ਗੋਲੀ ਮਾਰਨ ਲੱਗਿਆ ਦੂਜੀ ਵਾਰ ਸੋਚਣਾ ਵੀ ਨਹੀਂ, ਮੈਂ ਮਨ ਹੀ ਮਨ ਵਿੱਚ ਕਿਹਾ। ਤੇ ਪੱਕੀ ਗੱਲ ਏ, ਉਹਨੇ ਸਬ-ਮਸ਼ੀਨਗੰਨ ਉੱਪਰ ਚੁੱਕੀ। ਮੈਂ ਸਿੱਧਾ ਉਹਦੇ ਵੱਲ ਵੇਖੀ ਗਿਆ ਤੇ ਕੁੱਝ ਨਾ ਕਿਹਾ। ਪਰ ਇੱਕ ਹੋਰ, ਉਹ ਕਾਰਪੋਰਲ, ਜਾਂ ਕੁਝ ਹੋਰ ਸੀ, ਉਹ ਵਡੇਰੀ ਉਮਰ ਦਾ ਸੀ। ਵੇਖਣ ਨੂੰ ਲਗਭਗ ਬੁੱਢਾ ਜਾਪਦਾ, ਉਹਨੇ ਉੱਚੀ ਜਿਹੇ ਕੁੱਝ ਕਿਹਾ, ਉਸ ਦੂਜੇ ਬੰਦੇ ਨੂੰ ਧੱਕਾ ਦੇਕੇ ਇੱਕ ਪਾਸੇ ਕੀਤਾ ਅਤੇ ਮੇਰੇ ਵੱਲ ਆਇਆ। ਉਹਨੇ ਆਪਣੀ ਬੋਲੀ ਵਿੱਚ ਕੁਝ ਬੜਬੜ ਕੀਤੀ ਅਤੇ ਮੇਰੀ ਸੱਜੀ ਆਰਕ ਮੋੜੀ। ਮੇਰੇ ਡੌਲੇ ਟੋਹ ਰਿਹਾ ਸੀ ਉਹ।‘ਉ-ਹ! ਉਹਨੇ ਕਿਹਾ, ਤੇ ਉਸ ਪਾਸੇ ਸੜਕ ਵਲ ਇਸ਼ਾਰਾ ਕੀਤਾ ਜਿਧਰ ਸੂਰਜ ਛੁਪ ਰਿਹਾ ਸੀ, ਜਿਵੇਂ ਉਹ ਕਹਿ ਰਿਹਾ ਹੋਵੇ : ‘ਚਲ ਵੱਗਦਾ ਹੋ ਖ਼ੱਚਰ, ਤੇ ਸਾਡੀ ਰਾਈਖ਼1 ਲਈ ਕੰਮ ਕਰ।' ਸੰਜਮੀ ਬੰਦਾ ਸੀ ਉਹ, ਕੁੱਤੀ ਦਾ ਪੁੱਤਰ !”
1. ਜਰਮਨ ਸਲਤਨਤ।
“ਪਰ ਕਾਲੇ ਵਾਲਾਂ ਵਾਲੇ ਦੀ ਨਿਗਾਹ ਮੇਰੇ ਬੂਟਾਂ ਉੱਤੇ ਸੀ, ਉਹ ਵਾਹਵਾ ਸੋਹਣਾ ਜੋੜਾ ਜਾਪਦੇ ਸਨ।ਉਹਨੇ ਮੈਨੂੰ ਬੂਟ ਲਾਹੁਣ ਦਾ ਇਸ਼ਾਰਾ ਕੀਤਾ। ਮੈਂ ਭੁੰਜੇ ਬਹਿ ਗਿਆ, ਬੂਟ ਲਾਹੇ ਤੇ ਉਹ ਉਹਨੂੰ ਦੇ ਦਿੱਤੇ।ਉਹਨੇ ਤਾਂ ਉਹ ਮੇਰੇ ਹੱਥੋਂ ਖੋਹ ਹੀ ਲਏ, ਸੱਚੀਂ। ਸੋ ਮੈਂ ਆਪਣੀਆਂ ਪੱਟੀਆਂ ਲਾਹੀਆਂ ਤੇ ਭੁੰਜੇ ਬੈਠੇ ਉਹਦੇ ਵੱਲ ਵੇਖਦੇ ਹੋਏ ਉਹ ਵੀ ਉਹਦੇ ਵੱਲ ਕੀਤੀਆਂ। ਉਹ ਕੂਕਿਆ ਤੇ ਗਾਲ੍ਹਾਂ ਕੱਢੀਆਂ ਤੇ ਉਹਦੀ ਸਬ-ਮਸ਼ੀਨਗੰਨ ਫਿਰ ਉਲਰ ਗਈ। ਪਰ ਬਾਕੀ ਬਸ ਜ਼ੋਰ ਜ਼ੋਰ ਦੀ ਹੱਸੀ ਗਏ।ਫਿਰ ਉਹ ਉਥੋਂ ਚਲੇ ਗਏ।ਕਾਲੇ ਵਾਲਾਂ ਵਾਲੇ ਨੇ ਸੜਕ ਉੱਤੇ ਅੱਪੜਨ ਤੋਂ ਪਹਿਲਾਂ ਦੋ ਤਿੰਨ ਵਾਰ ਮੇਰੇ ਵਲ ਵੇਖਿਆ ਤੇ ਉਹਦੀਆਂ ਅੱਖਾਂ ਤਿੱਖੇ ਗ਼ੁੱਸੇ ਨਾਲ ਕਿਸੇ ਬਘਿਆੜ ਦੇ ਬੱਚੇ ਦੀਆਂ ਅੱਖਾਂ ਵਾਂਗ ਲਿਸ਼ਕ ਰਹੀਆਂ ਸਨ। ਵੇਖਣ ਵਾਲੇ ਨੂੰ ਜਾਪਦਾ ਕਿ ਉਹਦੇ ਮੇਰੇ ਬੂਟ ਲੈਣ ਦੀ ਥਾਂ ਮੈਂ ਉਹਦੇ ਬੂਟ ਲੈ ਲਏ ਨੇ।”
“ਸੋ, ਮਿੱਤਰਾ, ਹੋਰ ਕੋਈ ਚਾਰਾ ਵੀ ਨਹੀਂ ਸੀ। ਮੈਂ ਸੜਕ ਤੇ ਗਿਆ ਤੇ ਮੈਨੂੰ ਜਿਹੜੀ ਲੰਬੀ ਤੋਂ ਲੰਬੀ ਤੇ ਸਭ ਤੋਂ ਡਾਢੀ ਵੋਰੋਨੇਜ਼ੀ ਗਾਲ੍ਹ ਚੇਤੇ ਆਈ, ਉਹ ਕੱਢੀ ਤੇ ਪੱਛਮ ਵੱਲ ਟੁਰ ਪਿਆ—ਕੈਦੀ ! ਪਰ ਉਦੋਂ ਤੱਕ ਮੈਂ ਕੋਈ ਬਹੁਤਾ ਟੁਰਨ ਜੋਗਾ ਨਹੀਂ ਸਾਂ ਹੋਇਆ, ਬਸ ਇੱਕ ਘੰਟੇ ਵਿੱਚ ਇੱਕ ਕਿਲੋਮੀਟਰ ਹੀ ਟੁਰ ਸਕਿਆ, ਵੱਧ ਨਹੀਂ। ਇਉਂ ਸੀ ਜਿਵੇਂ ਮੈਂ ਨਸ਼ਈ ਹੋਵਾਂ। ਮੈਂ ਸਿੱਧੇ ਜਾਣ ਦਾ ਯਤਨ ਕਰਦਾ ਤੇ ਕੋਈ ਸ਼ੈਅ ਮੈਨੂੰ ਸੜਕ ਦੇ ਇੱਕ ਜਾਂ ਦੂਜੇ ਪਾਸੇ ਧੱਕ ਦੇਂਦੀ। ਮੈਂ ਥੋੜੀ ਦੂਰ ਗਿਆ ਤੇ ਫਿਰ ਸਾਡੇ ਜਾਣਿਆਂ ਦਾ ਦਸਤਾ, ਉਸੇ ਡਵੀਜ਼ਨ ਤੋਂ ਜਿਸ ਤੇ ਮੈਂ ਸਾਂ, ਮੇਰੇ ਨਾਲ ਆ ਰਲਿਆ।ਕੋਈ ਦਸ ਕੁ ਜਰਮਨ ਸਬ-ਮਸ਼ੀਨਗੰਨਰ ਉਹਨਾਂ ਉੱਤੇ ਪਹਿਰਾ ਦੇ ਰਹੇ ਸਨ। ਦਸਤੇ ਦੇ ਅੱਗੇ ਅੱਗੇ ਜਿਹੜਾ ਚੱਲ ਰਿਹਾ ਸੀ, ਉਹ ਮੇਰੇ ਵੱਲ ਆਇਆ ਤੇ ਕੁੱਝ ਕਹੇ ਬਿਨਾਂ ਆਪਣੀ ਸਬ-ਮਸ਼ੀਨਗੰਨ ਨਾਲ ਮੇਰੇ ਸਿਰ ਤੇ ਇੱਕ ਜੜੀ। ਜੇ ਮੈਂ ਡਿੱਗ ਪੈਂਦਾ ਤਾਂ ਉਹਨੇ ਬਾੜ੍ਹ ਮਾਰਕੇ ਮੈਨੂੰ ਭੋਂ ਨਾਲ ਹੀ ਸਿਊਂ ਦੇਣਾ ਸੀ, ਪਰ ਮੇਰੇ ਡਿੱਗਦੇ ਡਿੱਗਦੇ ਸਾਡੇ ਜਣੇ ਮੇਰੇ ਤੱਕ ਅੱਪੜ ਗਏ ਤੇ ਮੈਨੂੰ ਧੱਕ ਕੇ ਦਸਤੇ ਦੇ ਵਿਚਕਾਰ ਕਰ ਦਿੱਤਾ ਅਤੇ ਕੁੱਝ ਚਿਰ ਮੈਨੂੰ ਲਗਭਗ ਚੁੱਕੀਂ ਲਈਂ ਗਏ। ਤੇ ਜਦੋਂ ਮੈਨੂੰ ਹੋਸ਼ ਆਈ ਤਾਂ ਉਹਨਾਂ ਵਿੱਚੋਂ ਇੱਕ ਨੇ ਮੇਰੇ ਕੰਨ ਵਿੱਚ ਕਿਹਾ: ‘ਰੱਬ ਦਾ ਵਾਸਤਾ ਈ, ਡਿੱਗੀਂ ਨਾ ! ਜਿੰਨਾ ਚਿਰ ਸਾਹ ਸਤ ਹੈ ਈ ਟੁਰੀਂ ਚੱਲ, ਨਹੀਂ ਤਾਂ ਉਹ ਤੈਨੂੰ ਮਾਰ ਦੇਣਗੇ !' ਤੇ ਭਾਵੇਂ ਮੈਂ ਉਕਾ ਹੀ ਨਿਤਾਣਾ ਹੋ ਗਿਆ ਸਾਂ, ਮੈਂ ਕਿਸੇ ਨਾ ਕਿਸੇ ਤਰ੍ਹਾਂ ਟੁਰੀ ਗਿਆ।
“ਸੂਰਜ ਡੁੱਬਣ ਨਾਲ ਜਰਮਨਾਂ ਆਪਣਾ ਪਹਿਰਾ ਤਕੜਾ ਦਿੱਤਾ।ਉਹ ਇੱਕ ਲਾਰੀ ਵਿੱਚ ਵੀਹ ਹੋਰ ਸਬ-ਮਸ਼ੀਨਗੰਨਰ ਲੈ ਆਏ ਤੇ ਸਾਨੂੰ ਤਿਖੇਰੀ ਚਾਲ ਹੱਕਣ ਲੱਗ ਪਏ।ਡਾਢੇ ਫੱਟੜ, ਜਿਹੜੇ ਬਾਕੀਆਂ ਦੇ ਨਾਲ ਨਹੀਂ ਸਨ ਚੱਲ ਸਕਦੇ, ਉਹਨਾਂ ਸੜਕ ਦੇ ਕੰਢੇ ਗੋਲੀ ਨਾਲ ਉਡਾ ਦਿੱਤੇ।ਦੋ ਨੇ ਨੱਠ ਜਾਣ ਦਾ ਯਤਨ ਕੀਤਾ, ਪਰ ਉਹ ਇਹ ਭੁੱਲ ਗਏ ਕਿ ਚਾਨਣੀ ਰਾਤ ਨੂੰ ਖੁੱਲ੍ਹੇ ਮੈਦਾਨ ਵਿੱਚ ਬੰਦਾ ਮੀਲ ਦੀ ਵਿੱਥ ਤੇ ਵੀ ਦਿਸਦੈ, ਤੇ ਪੱਕੀ ਗੱਲ, ਉਹ ਵੀ ਮਾਰੇ ਗਏ। ਅੱਧੀ ਰਾਤੀਂ ਅਸੀਂ ਇੱਕ ਪਿੰਡ ਅੱਪੜੇ, ਜਿਹੜਾ ਅੱਧਾ ਸੜਿਆ ਪਿਆ ਸੀ। ਉਹਨਾਂ ਸਾਨੂੰ ਟੁੱਟੇ ਗੁੰਬਦ ਵਾਲੇ ਇੱਕ ਗਿਰਜੇ ਵਿੱਚ ਹੱਕ ਦਿੱਤਾ। ਸਾਨੂੰ ਰਾਤ ਪਰਾਲੀ ਦੀ ਇੱਕ ਨੜ ਤੋਂ ਵੀ ਬਿਨਾਂ ਪੱਥਰ ਦੇ ਫ਼ਰਸ਼ ਉੱਤੇ ਕੱਟਣੀ ਪਈ। ਕਿਸੇ ਕੋਲ ਵੱਡਾ ਕੋਟ ਨਹੀਂ ਸੀ, ਸੋ ਵਿਛਾਉਣ ਲਈ ਕੁੱਝ ਹੈ ਹੀ ਨਹੀਂ ਸੀ।ਕੁੱਝ ਜਵਾਨਾਂ ਕੋਲ ਤਾਂ ਕੁੜਤੀਆਂ ਵੀ ਨਹੀਂ ਸਨ, ਬਸ ਸੂਤੀ ਬੁਨੈਣਾਂ।ਉਹ ਵਧੇਰੇ ਨਾਨ-ਕਮੀਸ਼ਨ ਅਫ਼ਸਰ ਸਨ, ਉਹਨਾਂ ਆਪਣੀਆਂ ਕੁੜਤੀਆਂ ਲਾਹ ਸੁੱਟੀਆਂ ਸਨ ਤਾਂ ਜੋ ਉਹ ਵੀ ਆਮ ਜਵਾਨ ਸਮਝੇ ਜਾਣ। ਤੇ ਤੋਪਾਂ ਦੇ ਅਮਲੇ ਕੋਲ ਵੀ ਕੁੜਤੀਆਂ ਨਹੀਂ ਸਨ।ਉਹਨਾਂ ਤੋਪਾਂ ਚਲਾਉਂਦੇ ਹੋਏ ਉਹ ਲਾਹ ਦਿੱਤੀਆਂ ਸਨ।“ਉਸ ਰਾਤ ਰੱਜ ਕੇ ਮੇਘਲਾ ਵਰਿਆ ਤੇ ਅਸੀਂ ਉਕਾ ਹੀ ਗੜੁੱਚ ਹੋ ਗਏ। ਛੱਤ ਦਾ ਇੱਕ ਹਿੱਸਾ ਇੱਕ ਭਾਰੇ ਗੋਲੇ ਨੇ ਤੋੜ ਦਿੱਤਾ ਸੀ ਤੇ ਬਾਕੀ ਸਰੈਪਨਲ ਨੇ ਉਡਾ ਦਿੱਤੀ ਸੀ ਇਥੋਂ ਤੱਕ ਕਿ ਮਿੰਬਰ ਉੱਤੇ ਵੀ ਉਂਗਲ ਭਰ ਸੁੱਕੀ ਨਹੀਂ ਸੀ। ਹਾਂ, ਅਸੀਂ ਸਾਰੀ ਰਾਤ ਗਿਰਜੇ ਵਿਚ ਖੜੇ ਰਹੇ, ਵਾੜੇ ਵਿੱਚ ਡੱਕੀਆਂ ਭੇਡਾਂ ਵਾਂਗ। ਅੱਧੀ ਰਾਤੀਂ ਕਿਸੇ ਨੇ ਮੇਰੀ ਬਾਂਹ ਛੂਹੀ ਤੇ ਪੁੱਛਿਆ : ਕਿਉਂ ਮਿੱਤਰਾ, ਫੱਟੜ ਹੈਂ ?’ ‘ਮਿੱਤਰਾ, ਤੂੰ ਕਿਉਂ ਪੁੱਛਨੈ ?’ ‘ਮੈਂ ਡਾਕਟਰ ਹਾਂ। ਸ਼ਾਇਦ ਮੈਂ ਤੇਰੀ ਕਿਸੇ ਤਰ੍ਹਾਂ ਮਦਦ ਕਰ ਸਕਾਂ ?' ਮੈਂ ਉਹਨੂੰ ਦੱਸਿਆ ਕਿ ਮੇਰਾ ਖੱਬਾ ਮੋਢਾ ਚੀਕਦਾ ਸੀ, ਸੁੱਜਿਆ ਹੋਇਆ ਸੀ ਤੇ ਬਹੁਤ ਹੀ ਪੀੜ ਕਰਦਾ ਸੀ।ਉਹਨੇ ਪੀਡੀ ਆਵਾਜ਼ ਵਿੱਚ ਕਿਹਾ।‘ਆਪਣੀ ਕੁੜਤੀ ਅਤੇ ਬੁਨੈਣ ਲਾਹ ਦੇ।' ਮੈਂ ਸਭ ਕੁੱਝ ਲਾਹ ਦਿੱਤਾ ਤੇ ਉਹ ਪਤਲੀਆਂ ਉਂਗਲਾਂ ਨਾਲ ਮੇਰੇ ਮੋਢੇ ਨੂੰ ਟੋਹਣ ਲੱਗ ਪਿਆ। ਤੇ ਕੋਈ ਪੀੜ ਹੋਈ ! ਮੈ ਆਪਣੇ ਦੰਦ ਕਰੀਚ ਲਏ ਤੇ ਉਹਨੂੰ ਕਿਹਾ ‘ਤੂੰ ਸਲੋਤਰੀ ਹੋਣੈ, ਡਾਕਟਰ ਨਹੀਂ। ਤੂੰ ਐਨ ਉਥੇ ਕਿਉਂ ਦਬਦੈਂ ਜਿੱਥੇ ਸਭ ਤੋਂ ਵੱਧ ਪੀੜ ਹੁੰਦੀ ਏ, ਨਿਰਦਈ ਭੂਤਨੇ ? ਪਰ ‘ਤੇਰਾ ਕੰਮ ਚੁੱਪ ਰਹਿਣਾ ਹੈ। ਮੈਂ ਤੈਨੂੰ ਅੱਗੋਂ ਇਉਂ ਬੋਲਣ ਦੀ ਇਜਾਜ਼ਤ ਨਹੀਂ ਦੇ ਸਕਦਾ ! ਜ਼ਰਾ ਡੱਟ ਜਾ, ਹੁਣ ਅਸਲੀ ਪੀੜ ਹੋਵੇਗੀ।' ਤੇ ਉਹਨੇ ਮੇਰੀ ਬਾਂਹ ਇਉਂ ਮਰੋੜੀ ਕਿ ਮੇਰੀਆਂ ਅੱਖਾਂ ਸਾਹਮਣੇ ਤਾਰੇ ਨੱਚਣ ਲੱਗ ਪਏ। “ਜਦੋਂ ਮੇਰੀ ਸੁਰਤ ਪਰਤੀ ਤਾਂ ਮੈਂ ਉਹਨੂੰ ਕਿਹਾ : ‘ਕੀ ਪਿਆ ਕਰਨੈਂ, ਉਏ ਗੰਦੇ ਨਾਜ਼ੀ ? ਮੇਰੀ ਬਾਂਹ ਟੋਟੇ-ਟੋਟੇ ਹੋਈ ਹੋਈ ਏ ਤੇ ਤੂੰ ਉਹਨੂੰ ਇਉਂ ਪਿਆ ਖਿੱਚਦੈਂ।' ਮੈਂ ਉਹਨੂੰ ਠਹਾਕਾ ਮਾਰ ਕੇ ਹੱਸਦੇ ਹੋਏ ਸੁਣਿਆ, ਫਿਰ ਉਹਨੇ ਕਿਹਾ : ‘ਮੈਂ ਤਾਂ ਸੋਚਿਆ ਸੀ ਮੇਰੇ ਇਹ ਕੰਮ ਕਰਦੇ ਹੋਏ ਤੂੰ ਸੱਜੇ ਹੱਥ ਨਾਲ ਮੈਨੂੰ ਇੱਕ ਜੜੇਂਗਾ, ਪਰ ਜਾਪਦੈ ਤੂੰ ਚੰਗੇ ਸੁਭਾ ਵਾਲਾ ਜਣਾ ਹੈਂ। ਤੇਰੀ ਬਾਂਹ ਟੁੱਟੀ ਨਹੀਂ, ਤੇਰਾ ਮੋਢਾ ਲਹਿ ਗਿਆ ਸੀ ਤੇ ਮੈਂ ਇਹਨੂੰ ਮੁੜਕੇ ਗੁੱਚੀ ਵਿੱਚ ਟਿੱਕਾ ਦਿੱਤੈ। ਹੁਣ ਪੀੜ ਕੁੱਝ ਘੱਟ ਹੈ ? ਤੇ ਪੱਕੀ ਗੱਲ ਏ ਮੈਨੂੰ ਜਾਪ ਰਿਹਾ ਸੀ, ਜਿਵੇਂ ਪੀੜ ਮੇਰੇ ਅੰਦਰੋਂ ਨਿਕਲਦੀ ਜਾ ਰਹੀ ਹੋਵੇ। ਮੈਂ ਉਹਦਾ ਇਉਂ ਧੰਨਵਾਦ ਕੀਤਾ ਕਿ ਉਹ ਸਮਝ ਲਵੇ ਕਿ ਮੈਂ ਸੱਚੇ ਦਿਲੋਂ ਬੋਲ ਰਿਹਾਂ ਤੇ ਉਹ ਹਨੇਰੇ ਵਿੱਚ ਚਲਦਾ ਗਿਆ, ਹੌਲੀ-ਹੌਲੀ ਪੁੱਛਦਾ : ‘ਕੋਈ ਫੱਟੜ ?' ਉਹ ਸੀ ਅਸਲੀ ਡਾਕਟਰ। ਇਉਂ ਡੱਕੇ ਹੋਏ ਵੀ, ਘੁੱਪ ਹਨੇਰੇ ਵਿੱਚ, ਉਹ ਆਪਣਾ ਵੱਡਾ ਕੰਮ ਕਰੀਂ ਗਿਆ।
“ਉਹ ਬੜੀ ਬੇਚੈਨ ਰਾਤ ਸੀ।ਉਹ ਤਾਂ ਸਾਨੂੰ ਪੇਟ ਖ਼ਾਲੀ ਕਰਨ ਲਈ ਵੀ ਬਾਹਰ ਨਹੀਂ ਸਨ ਕੱਢਦੇ। ਜਦੋਂ ਉਹਨਾਂ ਜੋੜੀਆਂ ਬਣਾਕੇ ਸਾਨੂੰ ਗਿਰਜੇ ਵਿਚ ਹੱਕਿਆ ਤਾਂ ਗਾਰਦ ਦੇ ਅਫ਼ਸਰ ਨੇ ਸਾਨੂੰ ਕਹਿ ਦਿੱਤਾ ਸੀ ਕਿ ਉਹ ਅਜਿਹਾ ਨਹੀਂ ਕਰਨ ਲੱਗੇ।ਤੇ ਕਰਨਾ ਰੱਬ ਦਾ, ਸਾਡੇ ਵਿਚੋਂ ਇਸਾਈਆਂ ਵਿਚੋਂ ਇੱਕ ਨੂੰ ਬਹੁਤ ਜ਼ੋਰ ਦਾ ਪਿਸ਼ਾਬ ਆਇਆ।ਉਹਨੇ ਇਹ ਰੋਕੀਂ ਰੱਖਿਆ ਪਰ ਅਖ਼ੀਰ ਫੁੱਟ-ਫੁੱਟ ਕੇ ਰੋ ਪਿਆ।‘ਮੈਂ ਪਵਿੱਤਰ ਥਾਂ ਨੂੰ ਗੰਦਾ ਨਹੀਂ ਕਰ ਸਕਦਾ ! ਉਹਨੇ ਕਿਹਾ।‘ਮੈਂ ਆਸਤਕ ਵਾਂ, ਮੈਂ ਇਸਾਈ ਵਾਂ। ਦੱਸੋ, ਮੁੰਡਿਓ ਮੈਂ ਕੀ ਕਰਾਂ !' ਤੇ ਪਤਾ ਈ ਅਸੀਂ ਕਿਹੋ ਜਿਹੇ ਜਣੇ ਸਾਂ। ਕੁੱਝ ਹੱਸ ਪਏ, ਕੁੱਝ ਨੇ ਗਾਹਲਾਂ ਕੱਢੀਆਂ ਤੇ ਕੁੱਝ ਹੋਰ ਹਰ ਤਰ੍ਹਾਂ ਦੀ ਸਲਾਹ ਦੇ ਕੇ ਉਹਨੂੰ ਛੇੜਨ ਲੱਗ ਪਏ। ਸਾਡਾ ਸਾਰਿਆਂ ਦਾ ਰੌਂਅ ਠੀਕ, ਉਹਨੇ ਕਰ ਹੀ ਦਿੱਤਾ, ਪਰ ਅੰਤ ਮਾੜਾ ਹੋਇਆ। ਉਹ ਦਰਵਾਜ਼ੇ ਨਾਲ ਟੱਕਰਾਂ ਮਾਰਨ ਲੱਗ ਪਿਆ ਤੇ ਬਾਹਰ ਕੱਢੇ ਜਾਣ ਲਈ ਕਹਿਣ ਲੱਗ ਪਿਆ।ਤੇ ਉਹਨੂੰ ਜਵਾਬ ਮਿਲ ਗਿਆ। ਇੱਕ ਨਾਜ਼ੀ ਨੇ ਦਰਵਾਜ਼ੇ ਵਿੱਚੋਂ ਆਪਣੀ ਸਬ-ਮਸ਼ੀਨਗੰਨ ਨਾਲ ਲੰਬੀ ਬਾੜ੍ਹ ਮਾਰੀ।ਇਹਨੇ ਇਸਾਈ ਤੇ ਤਿੰਨ ਹੋਰਨਾਂ ਨੂੰ ਮਾਰ ਦਿੱਤਾ ਤੇ ਇੱਕ ਹੋਰ ਇੰਨਾ ਸਖ਼ਤ ਫੱਟੜ ਹੋਇਆ ਕਿ ਸਵੇਰ ਹੁੰਦੇ ਹੁੰਦੇ ਉਹ ਮਰ ਗਿਆ।
“ਅਸਾਂ ਮੁਰਦਿਆਂ ਨੂੰ ਖਿੱਚ ਕੇ ਇੱਕ ਨੁੱਕਰੇ ਕਰ ਦਿੱਤਾ ਤੇ ਚੁੱਪ ਕਰਕੇ ਬਹਿ ਗਏ ਤੇ ਦਿਲ ਵਿੱਚ ਸੋਚਣ ਲੱਗ ਪਏ, ਇਹ ਕੋਈ ਚੰਗਾ ਮੁੱਢ ਨਹੀਂ। ਤੇ ਛੇਤੀ ਹੀ ਅਸੀਂ ਘੁਸਰ-ਮੁਸਰ ਸ਼ੁਰੂ ਕਰ ਦਿੱਤੀ, ਇੱਕ ਦੂਜੇ ਤੋਂ ਪੁੱਛਣ ਲੱਗ ਪਏ ਕਿ ਅਸੀਂ ਕਿੱਥੋਂ ਦੇ ਸਾਂ ਤੇ ਕਿਵੇਂ ਕੈਦੀ ਬਣੇ। ਜਿਹੜੇ ਜਣੇ ਇੱਕੋ ਪਲਾਟੂਨ ਜਾਂ ਕੰਪਨੀ ਦੇ ਸਨ ਉਹਨਾਂ ਹਨੇਰੇ ਵਿੱਚ ਹੌਲੀ-ਹੌਲੀ ਇੱਕ ਦੂਜੇ ਨੂੰ ਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਮੈਂ ਆਪਣੇ ਨੇੜੇ ਹੀ ਦੋ ਆਵਾਜ਼ਾਂ ਨੂੰ ਗੱਲਾਂ ਕਰਦੇ ਸੁਣਿਆ।ਉਹਨਾਂ ਵਿੱਚੋਂ ਇੱਕ ਨੇ ਕਿਹਾ : ‘ਕੱਲ ਜੇ ਉਹਨਾਂ ਸਾਨੂੰ ਇੱਥੋਂ ਅੱਗੇ ਲਿਜਾਣ ਤੋਂ ਪਹਿਲਾਂ ਕਤਾਰਾਂ ਬਣਾਈਆਂ ਤੇ ਕੁਮੀਸਾਰਾਂ, ਕਮਿਊਨਿਸਟਾਂ ਤੇ ਯਹੂਦੀਆਂ ਨੂੰ ਬਾਹਰ ਸੱਦਣਾ ਸ਼ੁਰੂ ਕੀਤਾ ਤਾਂ, ਪਲਾਟੂਨ ਕਮਾਂਡਰ, ਲੁਕਣ ਦੀ ਕੋਸ਼ਿਸ਼ ਨਾ ਕਰੀਂ। ਤੂੰ ਇਉਂ ਬਚਣਾ ਨਹੀਂ। ਤੇਰਾ ਖ਼ਿਆਲ ਏ ਤੂੰ ਕੁੜਤੀ ਲਾਹ ਦਿੱਤੀ ਤੇ ਤੂੰ ਆਮ ਜਵਾਨ ਬਣ ਕੇ ਬੱਚ ਜਾਵੇਂਗਾ ? ਇਹ ਗੱਲ ਚੱਲਣੀ ਨਹੀਂ ! ਤੇਰੀ ਖ਼ਾਤਰ ਮੈਂ ਦੁੱਖ ਨਹੀਂ ਸਹਿਣ ਲੱਗਾ। ਮੈਂ ਸਭ ਤੋਂ ਪਹਿਲਾਂ ਤੇਰੇ ਵੱਲ ਇਸ਼ਾਰਾ ਕਰ ਦੇਣੇਂ। ਮੈਨੂੰ ਪਤੈ ਤੂੰ ਕਮਿਊਨਿਸਟ ਏਂ, ਮੈਨੂੰ ਯਾਦ ਏ ਕਿਵੇਂ ਤੂੰ ਮੈਨੂੰ ਪਾਰਟੀ ਵਿਚ ਭਰਤੀ ਕਰਨ ਦਾ ਯਤਨ ਕੀਤਾ ਸੀ। ਤੇ ਹੁਣ ਤੈਨੂੰ ਉਹਦਾ ਮੁੱਲ ਤਾਰਨਾ ਪਵੇਗਾ।' ਇਹ ਮੇਰੇ ਸਭ ਤੋਂ ਨੇੜੇ ਬੈਠੇ ਹੋਏ ਨੇ ਕਿਹਾ, ਮੇਰੇ ਖੱਬੇ, ਤੇ ਉਹਦੇ ਦੂਜੇ ਬੰਨਿਉਂ ਇੱਕ ਜਵਾਨ ਆਵਾਜ਼ ਨੇ ਜਵਾਬ ਦਿੱਤਾ : ‘ਮੈਨੂੰ ਹਮੇਸ਼ਾ ਸ਼ੱਕ ਸੀ ਤੇਰੇ ਵਿੱਚ ਕੁੱਝ ਮਾੜਾ ਏ, ਕ੍ਰਿਜ਼ਨੇਵ। ਖ਼ਾਸ ਤੌਰ ਤੇ ਜਦੋਂ ਤੂੰ ਅਨਪੜ੍ਹ ਹੋਣ ਦਾ ਪੱਜ ਬਣਾ ਕੇ ਪਾਰਟੀ ਵਿੱਚ ਸ਼ਾਮਲ ਹੋਣੋ ਨਾਂਹ ਕਰ ਦਿੱਤੀ। ਪਰ ਮੈਂ ਇਹ ਕਦੀ ਨਹੀਂ ਸੀ ਸੋਚਿਆ ਕਿ ਤੂੰ ਗ਼ੱਦਾਰ ਵੀ ਬਣ ਜਾਵੇਂਗਾ। ਤੂੰ ਚੌਦਾਂ ਵਰ੍ਹਿਆਂ ਦੀ ਉਮਰ ਤੱਕ ਸਕੂਲੇ ਗਿਆ ਸਾਈਂ, ਹੈਂ ਨਾ ?” ਦੂਜੇ ਨੇ ਅਲਗ਼ਰਜ਼ੀ ਜਿਹੀ ਨਾਲ ਜਵਾਬ ਦਿੱਤਾ, ‘ਹਾਂ ਗਿਆ ਸਾਂ। ਤਾਂ ਕੀ ਹੋਇਆ ?' ਉਹ ਕਾਫ਼ੀ ਦੇਰ ਚੁੱਪ ਰਹੇ, ਫਿਰ ਪਲਾਟੂਨ ਕਮਾਂਡਰ ਨੇ – ਮੈਂ ਉਹਦੀ ਆਵਾਜ਼ ਤੋਂ ਉਹਨੂੰ ਪਛਾਣ ਲਿਆ ਸੀ ਨਰਮੀ ਨਾਲ ਕਿਹਾ : ‘ਮੇਰਾ ਭੇਤ ਨਾ ਖੋਹਲੀਂ, ਸਾਥੀ ਕ੍ਰਿਜ਼ਨੇਵ' ਤੇ ਦੂਜਾ ਠਰ੍ਹਮੇਂ ਨਾਲ ਹੱਸਿਆ।‘ਤੇਰੇ ਸਾਥੀ ਪਿੱਛੇ ਰਹਿ ਗਏ ਨੇ, ਮੋਰਚੇ ਦੇ ਦੂਜੇ ਪਾਸੇ,' ਉਹਨੇ ਕਿਹਾ।‘ਮੈਂ ਤੇਰਾ ਕੋਈ ਸਾਥੀ ਨਹੀਂ, ਸੋ ਮੇਰੀਆਂ ਮਿੰਨਤਾਂ ਨਾ ਕਰ। ਇਹਦੇ ਬਾਵਜੂਦ ਮੈਂ ਤੇਰੇ ਵੱਲ ਇਸ਼ਾਰਾ ਕਰ ਈ ਦੇਣੈ।ਮੈਨੂੰ ਆਪਣੀ ਚਮੜੀ ਤੇਰੇ ਨਾਲੋਂ ਪਿਆਰੀ ਏ।”
ਉਹਨਾਂ ਗੱਲਾਂ ਕਰਨੀਆਂ ਬੰਦ ਕਰ ਦਿੱਤੀਆਂ, ਪਰ ਮੈਂ ਜਿਹੜੀ ਨੀਚਤਾ ਸੁਣੀ ਉਹਨੇ ਮੈਨੂੰ ਕੰਬਾ ਦਿੱਤਾ। ‘ਨਹੀਂ,’ ਮੈਂ ਦਿਲ ਵਿੱਚ ਕਿਹਾ, ‘ਕੁੱਤੀ ਦਿਆ ਪੁੱਤਰਾ, ਮੈਂ ਤੈਨੂੰ ਪਲਾਟੂਨ ਕਮਾਂਡਰ ਨਾਲ ਗ਼ੱਦਾਰੀ ਨਹੀਂ ਕਰਨ ਦੇਣ ਲੱਗਾ। ਤੂੰ ਆਪਣੇ ਪੈਰੀਂ ਇਸ ਗਿਰਜੇ ਵਿਚੋਂ ਬਾਹਰ ਨਹੀਂ ਜਾਣ ਲੱਗਾ, ਉਹ ਤਾਂ ਤੈਨੂੰ ਲੱਤਾਂ ਤੋਂ ਧੂਹ ਕੇ ਲਿਜਾਣਗੇ !' ਫਿਰ ਲੋਅ ਹੋਣ ਲੱਗ ਪਈ ਤੇ ਮੈਂ ਇੱਕ ਜਣੇ ਨੂੰ ਵੇਖਿਆ, ਉਹਦਾ ਵੱਡਾ ਮਾਸਲ ਮੂੰਹ ਸੀ, ਉਹ ਆਪਣੇ ਹੱਥ ਸਿਰ ਹੇਠ ਰੱਖ ਕੇ ਪਿੱਠ ਭਾਰ ਲੇਟਿਆ ਹੋਇਆ ਸੀ, ਉਹਦੇ ਕੋਲ ਹੀ ਇੱਕ ਫਿੱਡੇ ਨੱਕ ਵਾਲਾ ਮੁੰਡਾ ਬੈਠਾ ਸੀ, ਜਿਸਨੇ ਆਪਣੀਆਂ ਬਾਹਾਂ ਆਪਣੇ ਗੋਡਿਆਂ ਦੁਆਲੇ ਵਲੀਆਂ ਹੋਈਆਂ ਸਨ ਤੇ ਉਹ ਬਹੁਤ ਪੀਲਾ ਪਿਆ ਹੋਇਆ ਸੀ। ਇਹ ਮੁੰਡਾ ਤਾਂ ਇਸ ਵੱਡੇ ਮੋਟੇ ਵਹਿੜਕੇ ਨਾਲ ਨਿਬੱੜ ਨਹੀਂ ਸਕਣ ਲੱਗਾ,' ਮੈਂ ਸੋਚਿਆ, ‘ਇਹਦੀ ਅਲਖ ਤਾਂ ਮੈਨੂੰ ਹੀ ਮੁਕਾਣੀ ਪਵੇਗੀ।'
“ਮੈਂ ਮੁੰਡੇ ਦੀ ਬਾਂਹ ਛੂਹੀ ਅਤੇ ਉਹਦੇ ਕੰਨ ਵਿੱਚ ਕਿਹਾ : ‘ਤੂੰ ਪਲਾਟੂਨ ਕਮਾਂਡਰ ਏਂ ?' ਉਹਨੇ ਕੁੱਝ ਨਾ ਕਿਹਾ, ਬਸ ਸਿਰ ਹਿਲਾ ਦਿੱਤਾ। ‘ਤੇ ਔਹ ਜਿਹੜੈ, ਉਹ ਤੇਰਾ ਭੇਤ ਖੋਹਲਣਾ ਚਾਹੁੰਦੈ ?' ਮੈਂ ਪਿੱਠ ਭਾਰ ਲੇਟੇ ਬੰਦੇ ਵੱਲ ਇਸ਼ਾਰਾ ਕੀਤਾ। ਉਹਨੇ ਫਿਰ ਸਿਰ ਹਿਲਾਇਆ। ‘ਚੰਗਾ ਫਿਰ,’ ਮੈਂ ਕਿਹਾ, ‘ਉਹਦੀਆਂ ਲੱਤਾਂ ਫੜ ਤਾਂ ਜੋ ਉਹ ਠੋਡੇ ਨਾ ਮਾਰੇ ! ਤੇ ਛੇਤੀ ਕਰ !' ਤੇ ਮੈਂ ਛਾਲ ਮਾਰਕੇ ਉਸ ਬੰਦੇ ਉੱਤੇ ਚੜ੍ਹ ਗਿਆ ਤੇ ਆਪਣੀਆਂ ਉਂਗਲਾਂ ਉਹਦੀ ਗਰਦਨ ਵਿੱਚ ਗੱਡ ਦਿੱਤੀਆਂ।ਉਹਨੂੰ ਤਾਂ ਕੂਕਣ ਦਾ ਸਮਾਂ ਵੀ ਨਾ ਮਿਲਿਆ।ਮੈਂ ਉਹਨੂੰ ਕੁੱਝ ਮਿੰਟ ਦਬਾਈ ਰੱਖਿਆ, ਤੇ ਫਿਰ ਪਕੜ ਕੁੱਝ ਢਿੱਲੀ ਕਰ ਦਿੱਤੀ।ਸੋ, ਜੀਭ ਬਾਹਰ ਕੱਢੀ, ਇੱਕ ਗ਼ੱਦਾਰ ਘੱਟ ਹੋ ਗਿਆ।
“ਪਰ ਪਿਛੋਂ ਜਾ ਕੇ ਮੇਰਾ ਰੌਂਅ ਬਹੁਤ ਖ਼ਰਾਬ ਹੋ ਗਿਆ, ਮੈਂ ਆਪਣੇ ਹੱਥ ਧੋਣਾ ਚਾਹੁੰਦਾ ਸਾਂ, ਬਹੁਤ ਬੁਰੀ ਤਰ੍ਹਾਂ, ਜਿਵੇਂ ਮੈਂ ਕਿਸੇ ਬੰਦੇ ਨੂੰ ਨਹੀਂ ਸਗੋਂ ਰੀਂਗਦੇ ਸੱਪ ਨੂੰ ਮਾਰਿਆ ਸੀ।ਆਪਣੀ ਜ਼ਿੰਦਗੀ ਵਿੱਚ ਮੈਂ ਪਹਿਲੀ ਵਾਰ ਕਿਸੇ ਨੂੰ ਮਾਰਿਆ ਸੀ ਤੇ ਜਿਸ ਬੰਦੇ ਨੂੰ ਮੈਂ ਮਾਰਿਆ ਸੀ, ਉਹ ਸਾਡਾ ਆਪਣਾ ਸੀ।ਉਹ ਤਾਂ ਦੁਸ਼ਮਨ ਨਾਲੋਂ ਵੀ ਭੈੜਾ ਸੀ, ਉਹ ਗ਼ੱਦਾਰ ਸੀ।ਮੈਂ ਉੱਠਿਆ ਤੇ ਪਲਾਟੂਨ ਕਮਾਂਡਰ ਨੂੰ ਕਿਹਾ : ‘ਚੱਲ ਸਾਥੀ ਇੱਥੋਂ ਪਰ੍ਹਾਂ ਹੋ ਜਾਈਏ, ਗਿਰਜਾ ਵੱਡੀ ਥਾਂ ਏ।'
“ਸਵੇਰੇ, ਜਿਵੇਂ ਕ੍ਰਿਜ਼੍ਹਨੇਵ ਨੇ ਕਿਹਾ ਸੀ, ਗਿਰਜੇ ਤੋਂ ਬਾਹਰ ਸਾਨੂੰ ਸਾਰਿਆਂ ਨੂੰ ਪਾਲਾਂ ਵਿੱਚ ਖੜਾ ਕਰ ਦਿੱਤਾ ਗਿਆ, ਸਬ-ਮਸ਼ੀਨਗੰਨਰਾਂ ਨੇ ਸਾਡੇ ਦੁਆਲੇ ਘੇਰਾ ਪਾ ਲਿਆ ਤੇ ਐਸਐਸ1 ਤੇ ਤਿੰਨ ਅਫ਼ਸਰਾਂ ਨੇ ਸਾਡੇ ਵਿੱਚੋਂ ਉਹਨਾਂ ਨੂੰ ਚੁਣਨ ਦਾ ਯਤਨ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਉਹਨਾਂ ਦੇ ਖ਼ਿਆਲ ਵਿੱਚ ਖ਼ਤਰਨਾਕ ਸਨ – ਕਮਿਊਨਿਸਟ, ਅਫ਼ਸਰ ਤੇ ਕੁਮੀਸਾਰ। ਪਰ ਉਹਨਾਂ ਨੂੰ ਕੋਈ ਅਜਿਹਾ ਬੰਦਾ ਨਾ ਲੱਭਿਆ ਜਿਹੜਾ ਇੰਨਾ ਨੀਚ ਸੂਰ ਹੋਵੇ ਕਿ ਕਿਸੇ ਦਾ ਭੇਤ ਖੋਹਲੇ, ਕਿਉਂਕਿ ਸਾਡੇ ਵਿਚੋਂ ਅਧੇ ਕੁ ਕਮਿਊਨਿਸਟ ਸਨ ਤੇ ਬਹੁਤ ਸਾਰੇ ਅਫ਼ਸਰ ਵੀ ਸਨ ਤੇ ਕੁਮੀਸਾਰ। ਦੋ ਸੌ ਤੋਂ ਵੱਧ ਲੋਕਾਂ ਵਿੱਚੋਂ ਉਹਨਾਂ ਬਸ ਚਾਰ ਹੀ ਚੁਣੇ।ਜਵਾਨਾਂ ਵਿਚੋਂ ਇੱਕ ਯਹੂਦੀ ਤੇ ਤਿੰਨ ਰੂਸੀ ਜਵਾਨ। ਰੂਸੀ ਮੁਸੀਬਤ ਵਿੱਚ ਫਸ ਗਏ ਕਿਉਂਕਿ ਉਹਨਾਂ ਸਭਨਾਂ ਦੇ ਰੰਗ ਸਾਂਵਲੇ ਤੇ ਵਾਲ ਘੁੰਗਰਿਆਲੇ ਸਨ।ਐਸਐਸ ਦੇ ਬੰਦੇ ਬਸ ਉਹਨਾਂ ਕੋਲ ਆਏ ਤੇ ਕਿਹਾ: ‘ਯੂਦੇ ?'2 ਜਿਸ ਤੋਂ ਉਹਨਾਂ ਪੁੱਛਿਆ, ਉਹਨੇ ਕਿਹਾ ਉਹ ਰੂਸੀ ਸੀ, ਪਰ ਉਹ ਤਾਂ ਸੁਣਨ ਹੀ ਨਾ।‘ਪਾਲ ਵਿੱਚੋਂ ਬਾਹਰ ਨਿਕਲ!' ਤੇ ਬਸ ਗੱਲ ਮੁੱਕ ਗਈ।”
1. ਸ਼ਟਡਜ਼ ਸਟਾਫ਼ਲ – ਹਿਟਲਰ ਅਧੀਨ ਜਰਮਨੀ ਵਿੱਚ ਖਾਸ ਦਸਤੇ ਜਿਹੜੇ ਆਪਣੇ ਜੁਲਮਾਂ ਲਈ ਪ੍ਰਸਿੱਧ ਸਨ।- ਅਨੁ:
2. 'ਤੂੰ ਯਹੂਦੀ ਏਂ ?' ਹਿਟਲਰ ਅਧੀਨ ਜਰਮਨੀ ਅਤੇ ਜਰਮਨੀ ਦੇ ਕਬਜ਼ੇ ਹੇਠ ਆਏ ਇਲਾਕਿਆਂ ਵਿੱਚ ਹਰ ਯਹੂਦੀ ਨੂੰ ਸਿਰਫ ਯਹੂਦੀ ਹੋਣ ਕਾਰਨ ਮਾਰ ਦੇਣ ਦਾ ਹੁਕਮ ਸੀ।- ਅਨੁ:
ਉਹਨਾਂ ਨੇ ਉਹਨਾਂ ਵਿਚਾਰਿਆਂ ਨੂੰ ਗੋਲੀ ਮਾਰ ਦਿੱਤੀ ਤੇ ਸਾਨੂੰ ਹੋਰ ਅੱਗੇ ਧੱਕਣ ਲੱਗ ਪਏ। ਜਿਹੜੇ ਕਮਾਂਡਰ ਨੇ ਗ਼ੱਦਾਰ ਦਾ ਗਲਾ ਘੁੱਟਣ ਵਿਚ ਮੇਰਾ ਹੱਥ ਵਟਾਇਆ ਸੀ ਉਹ ਤੋੜ ਪੋਜ਼ਨਾਨ ਤੱਕ ਮੇਰੇ ਨਾਲ ਰਿਹਾ। ਮਾਰਚ ਦੇ ਪਹਿਲੇ ਦਿਨ ਉਹ ਘੜੀ ਮੁੜੀ ਮੇਰੇ ਕੋਲ ਆਉਂਦਾ, ਅਸੀਂ ਚਲਦੇ ਜਾਂਦੇ, ਤੇ ਉਹ ਮੇਰਾ ਹੱਥ ਘੁੱਟਦਾ । ਪੋਜ਼ਨਾਨ ਅੱਪੜ ਕੇ ਅਸੀਂ ਵਿੱਛੜ ਗਏ। ਇਹ ਇਉਂ ਹੋਇਆ।”
“ਵੇਖੇਂ ਨਾ, ਮਿੱਤਰਾ, ਜਿਸ ਦਿਨ ਮੈਂ ਫੜਿਆ ਗਿਆ, ਉਸ ਦਿਨ ਤੋਂ ਮੈਂ ਨੱਠ ਜਾਣ ਬਾਰੇ ਸੋਚਦਾ ਰਿਹਾ ਸਾਂ। ਪਰ ਮੈਂ ਪੱਕੀ ਗੱਲ ਬਣਾਉਣੀ ਚਾਹੁੰਦਾ ਸਾਂ।ਪੋਜ਼ਨਾਨ ਵਿੱਚ ਉਹਨਾਂ ਸਾਨੂੰ ਠੀਕ ਤਰ੍ਹਾਂ ਦੇ ਕੈਂਪ ਵਿੱਚ ਰੱਖਿਆ, ਉੱਥੋਂ ਤੱਕ ਸਾਰਾ ਰਾਹ ਮੇਰਾ ਠੀਕ ਤਰ੍ਹਾਂ ਦਾ ਦਾਅ ਨਾ ਲੱਗਾ। ਪਰ ਪੋਜ਼ਨਾਨ ਦੇ ਕੈਂਪ ਵਿੱਚ ਇਉਂ ਜਾਪਿਆ ਕਿ ਮੇਰੀ ਮਰਜ਼ੀ ਦੀ ਗੱਲ ਬਣ ਗਈ ਏ। ਮਈ ਦੇ ਅਖ਼ੀਰ ਤੇ ਉਹਨਾਂ ਸਾਨੂੰ ਕੈਂਪ ਦੇ ਨੇੜੇ ਮਰ ਗਏ ਕੈਦੀਆਂ ਲਈ ਕਬਰਾਂ ਪੁੱਟਣ ਇੱਕ ਨਿੱਕੇ ਜਿਹੇ ਜੰਗਲ ਦੇ ਕੰਢੇ ਭੇਜਿਆ – ਸਾਡੇ ਬਹੁਤ ਸਾਰੇ ਜਣੇ ਪੇਚਸ਼ ਕਰਕੇ ਮਰ ਗਏ ਸਨ।ਤੇ ਪੋਜ਼ਨਾਨ ਦੀ ਚੀਕਣੀ ਮਿੱਟੀ ਵਿੱਚ ਕਬਰਾਂ ਪੁੱਟਦੇ ਹੋਏ ਮੈਂ ਆਲੇ ਦੁਆਲੇ ਨਿਗਾਹ ਮਾਰੀ ਤੇ ਮੈਂ ਵੇਖਿਆ ਕਿ ਸਾਡੇ ਉੱਤੇ ਪਹਿਰਾ ਦੇ ਰਹੇ ਦੋ ਫ਼ੌਜੀ ਕੁੱਝ ਖਾਣ ਲਈ ਬਹਿ ਗਏ ਸਨ ਤੀਜਾ ਧੁੱਪ ਵਿੱਚ ਊਂਘ ਰਿਹਾ ਸੀ। ਸੋ ਮੈਂ ਆਪਣਾ ਬੇਲਚਾ ਸੁੱਟਿਆ ਤੇ ਕਾਹਲੀ ਕਾਹਲੀ ਇੱਕ ਝਾੜੀ ਪਿੱਛੇ ਚਲਾ ਗਿਆ। ਫਿਰ ਮੈਂ ਵਾਹੋ-ਦਾਹੀ ਨੱਠਿਆ, ਸਿੱਧਾ ਉਗਦੇ ਸੂਰਜ ਵੱਲ ।
ਉਹਨਾਂ ਨੂੰ ਮੇਰੇ ਨੱਠ ਜਾਣ ਦਾ ਕੋਈ ਪਤਾ ਨਾ ਲੱਗਾ, ਉਹਨਾਂ ਪਹਿਰੇਦਾਰਾਂ ਨੂੰ ਪਤਾ ਨਹੀਂ ਮੇਰੇ ਵਿੱਚ ਇੱਕ ਦਿਨ ਵਿੱਚ ਚਾਲ੍ਹੀ ਕਿਲੋਮੀਟਰ ਚੱਲਣ ਦੀ ਤਾਕਤ ਕਿੱਥੋਂ ਆ ਗਈ, ਸੁਕੜੂ ਜਿਹਾ ਤਾਂ ਮੈਂ ਸਾਂ, ਮੈਂ ਆਪ ਨਹੀਂ ਜਾਣਦਾ। ਪਰ ਮੇਰੇ ਯਤਨ ਦਾ ਕੋਈ ਸਿੱਟਾ ਨਾ ਨਿਕਲਿਆ।ਚੌਥੇ ਦਿਨ ਜਦੋਂ ਮੈਂ ਕੈਂਪ ਤੋਂ ਬਹੁਤ ਦੂਰ ਸਾਂ, ਉਹਨਾਂ ਮੈਨੂੰ ਫੜ ਲਿਆ। ਸ਼ਿਕਾਰੀ ਕੁੱਤੇ ਮੇਰੀ ਪੈੜ ਫੜਦੇ ਆ ਰਹੇ ਸਨ ਤੇ ਉਹਨਾਂ ਜਵੀ ਦੇ ਇੱਕ ਖੇਤ ਵਿੱਚ ਮੇਰੀ ਸੂਹ ਕੱਢ ਲਈ।”
“ਪਹੁ-ਫੁਟਾਲੇ ਸਮੇਂ ਮੈਂ ਖੁਲ੍ਹੀ ਥਾਂ ਫਸ ਗਿਆ ਤੇ ਜੰਗਲ ਉੱਥੋਂ ਤਿੰਨ ਕਿਲੋਮੀਟਰ ਦੂਰ ਸੀ। ਮੈਂ ਦਿਨੇ ਚਲਣੋ ਡਰਦਾ ਸਾਂ, ਸੋ ਮੈਂ ਦਿਨ ਲਈ ਜਵੀ ਦੇ ਖੇਤ ਵਿਚ ਲੇਟ ਗਿਆ।ਮੈਂ ਅਨਾਜ ਦੇ ਕੁੱਝ ਸਿੱਟੇ ਆਪਣੀ ਤਲੀ ਉੱਤੇ ਮਲੇ ਅਤੇ ਆਪਣੀਆਂ ਜੇਬਾਂ ਉਹਨਾਂ ਨਾਲ ਭਰ ਰਿਹਾ ਸਾਂ, ਕਿ ਮੈਂ ਕੁੱਤਿਆਂ ਦੇ ਭੌਂਕਣ ਤੇ ਮੋਟਰ ਸਾਈਕਲ ਦੀ ਗੜ੍ਹਕ ਸੁਣੀ। ਮੇਰਾ ਦਿਲ ਡੁੱਬਣ ਲੱਗ ਪਿਆ ਕਿਉਂਕਿ ਸ਼ਿਕਾਰੀ ਕੁੱਤੇ ਨੇੜੇ ਹੀ ਆਉਂਦੇ ਗਏ।ਮੈਂ ਚੁਫਾਲ ਲੇਟ ਗਿਆ ਅਤੇ ਆਪਣੇ ਸਿਰ ਆਪਣੀਆਂ ਬਾਹਾਂ ਨਾਲ ਕੱਜ ਲਿਆ ਤਾਂ ਜੋ ਉਹ ਮੇਰੀ ਗਿੱਚੀ ਤੇ ਨਾ ਵੱਢਣ । ਸੋ, ਉਹ ਮੇਰੇ ਕੋਲ ਆਏ ਤੇ ਉਹਨਾਂ ਨੂੰ ਮੇਰੇ ਲਿੰਗਾਰ ਧੂਹ ਲੈਣ ਵਿੱਚ ਬਸ ਇੱਕ ਮਿੰਟ ਹੀ ਲੱਗਾ।ਮੈਂ ਅਲਫ਼-ਨੰਗਾ ਹੋ ਗਿਆ। ਉਹਨਾਂ ਮੈਨੂੰ ਜਵੀ ਵਿੱਚ ਇੱਧਰ ਉੱਧਰ ਧਰੂਹਿਆ ਤੇ ਫਿਰ ਇੱਕ ਵੱਡੇ ਕੁੱਤੇ ਨੇ ਆਪਣੇ ਅਗਲੇ ਪੰਜੇ ਮੇਰੀ ਛਾਤੀ ਉੱਤੇ ਰੱਖ ਦਿੱਤੇ ਅਤੇ ਝਈਆਂ ਲੈ ਲੈ ਮੇਰੀ ਗਿੱਚੀ ਤੇ ਪੈਣ ਲੱਗਾ, ਪਰ ਉਹਨੇ ਇੱਕ ਦਮ ਨਾ ਵੱਢਿਆ।”
“ਦੋ ਜਰਮਨ ਮੋਟਰ-ਸਾਈਕਲ ਉੱਤੇ ਆਏ। ਪਹਿਲਾਂ ਉਹਨਾਂ ਮੈਨੂੰ ਰੱਜਕੇ ਕੁੱਟਿਆ, ਫਿਰ ਕੁੱਤੇ ਮੇਰੇ ਉੱਤੇ ਛੱਡ ਦਿੱਤੇ। ਤੇ ਕੁਤਿਆਂ ਮੇਰੇ ਲੰਗਾਰ ਲਾਹ ਦਿੱਤੇ। ਤੇ ਉਸੇ ਤਰ੍ਹਾਂ ਨੰਗਾ ਤੇ ਲਹੂ ਲਿਬੜਿਆ, ਉਹ ਮੈਨੂੰ ਵਾਪਸ ਕੈਂਪ ਵਿੱਚ ਲੈ ਗਏ। ਉਹਨਾਂ ਨੱਠਣ ਦਾ ਯਤਨ ਕਰਨ ਲਈ ਮੈਨੂੰ ਇੱਕ ਮਹੀਨਾ ਚੱਕੀ-ਬੰਦ ਕਰ ਦਿੱਤਾ, ਪਰ ਮੈਂ ਅਜੇ ਜਿਊਂਦਾ ਰਿਹਾ।”
“ਮਿੱਤਰਾ, ਤੈਨੂੰ ਦੱਸਣ ਦੀ ਤਾਂ ਗੱਲ ਹੀ ਛੱਡ, ਜੋ ਕੁੱਝ ਕੈਦ ਵਿੱਚ ਮੇਰੇ ਨਾਲ ਵਾਪਰੀ, ਉਹਦੇ ਬਾਰੇ ਸੋਚਣਾ ਹੀ ਬਹੁਤ ਭਿਆਨਕ ਏ। ਜਦੋਂ ਮੈਂ ਸੋਚਦਾਂ ਅਸਾਂ ਉੱਥੇ, ਜਰਮਨੀ ਵਿੱਚ, ਕਿਹੜੇ-ਕਿਹੜੇ ਤਸੀਹੇ ਸਹੇ, ਜਦੋਂ ਮੈਂ ਆਪਣੇ ਉਹਨਾਂ ਸਾਰੇ ਸਾਥੀਆਂ ਨੂੰ ਯਾਦ ਕਰਦਾਂ ਜਿਹੜੇ ਉਹਨਾਂ ਕੈਂਪਾਂ ਵਿੱਚ ਮਾਰੇ ਗਏ ਤਾਂ ਕਲੇਜਾ ਮੂੰਹ ਨੂੰ ਆਉਂਦੈ ਤੇ ਸਾਹ ਲੈਣਾ ਔਖਾ ਹੋ ਜਾਂਦੈ।”
“ਜਦੋਂ ਮੈਂ ਕੈਦੀ ਸਾਂ ਤਾਂ ਕਿਵੇਂ ਉਹ ਮੈਨੂੰ ਥਾਉਂ ਥਾਈਂ ਭੁਵਾਉਂਦੇ ਰਹੇ ! ਮੇਰਾ ਖ਼ਿਆਲ ਏ ਮੈਂ ਅੱਧਾ ਜਰਮਨੀ ਗਾਹ ਮਾਰਿਆ ਹੋਣੈ।ਮੈਂ ਸੈਕਸੋਨੀ ਵਿੱਚ ਰਿਹਾ, ਇੱਕ ਸਿਲੀਕੇਟ ਦੇ ਕਾਰਖ਼ਾਨੇ ਵਿੱਚ, ਰੂਹਰ ਵਿੱਚ, ਇੱਕ ਖਾਣ ਵਿੱਚੋਂ ਕੋਲਾ ਢੋਂਦਾ । ਬਵੇਰੀਆ ਵਿਚ ਮੈਂ ਬੇਲਚਾ ਲੈਕੇ ਹੱਡ ਭੰਨੇ, ਕੁੱਝ ਚਿਰ ਮੈਂ ਯੂਰਿੰਗਨ ਵਿਖੇ ਰਿਹਾ, ਤੇ ਰੱਬ ਹੀ ਜਾਣੇ ਮੈਂ ਜਰਮਨੀ ਦੀ ਕਿਹੜੀ ਭੋਂ ਨਹੀਂ ਗਾਹੀ।ਉਥੇ ਚੋਖੇ ਵੱਖ-ਵੱਖ ਤਰ੍ਹਾਂ ਦੇ ਨਜ਼ਾਰੇ ਨੇ, ਪਰ ਜਿਵੇਂ ਉਹ ਸਾਡੇ ਜਣਿਆਂ ਨੂੰ ਕੁੱਟਦੇ ਤੇ ਗੋਲੀਆਂ ਨਾਲ ਉਡਾਉਂਦੇ ਉਹ ਹਰ ਥਾਂ ਇੱਕੋ ਜਿਹਾ ਸੀ।ਉਹ ਸਰਾਪੇ ਹਰਾਮਜ਼ਾਦੇ ਜਿਵੇਂ ਸਾਨੂੰ ਫੁੰਡਦੇ, ਉਸ ਤਰ੍ਹਾਂ ਕਦੀ ਕਿਸੇ ਨੇ ਕਿਸੇ ਪਸ਼ੂ ਨੂੰ ਵੀ ਨਹੀਂ ਕੁੱਟਿਆ ਹੋਣਾ। ਉਹ ਸਾਨੂੰ ਮੁੱਕੇ ਮਾਰਦੇ, ਠੁੱਡੇ ਮਾਰਦੇ, ਰਬੜ ਦੇ ਹੰਟਰਾਂ ਨਾਲ ਕੁੱਟਦੇ ਜਾਂ ਜੇ ਉਹ ਹੱਥ ਆ ਜਾਂਦੀਆਂ ਲੋਹੇ ਦੀਆਂ ਸੀਖ਼ਾਂ ਨਾਲ, ਰਫ਼ਲਾਂ ਦੇ ਕੁੰਦਿਆਂ ਤੇ ਸੋਟੀਆਂ ਦੀ ਤਾਂ ਗੱਲ ਹੀ ਨਾ ਕਰੋ।"
“ਉਹ ਸਾਨੂੰ ਕੁੱਟਦੇ, ਬਸ ਇਸ ਲਈ ਕਿ ਅਸੀਂ ਰੂਸੀ ਸਾਂ, ਕਿ ਅਸੀਂ ਅਜੇ ਇਸ ਦੁਨੀਆਂ ਵਿੱਚ ਜਿਊਂਦੇ ਸਾਂ, ਬਸ ਇਸ ਲਈ ਕਿ ਅਸੀਂ ਉਹਨਾਂ ਲਈ ਕੰਮ ਕਰਦੇ। ਤੇ ਉਹ ਸਾਨੂੰ ਉਹਨਾਂ ਵੱਲ ਕੈਰੀ ਅੱਖ ਨਾਲ ਵੇਖਣ ਲਈ ਕੁੱਟਦੇ, ਪੈਰ ਪੁੱਠਾ ਧਰਨ ਲਈ ਕੁੱਟਦੇ ਜਾਂ ਜਿਵੇਂ ਉਹ ਚਾਹੁੰਦੇ ਉਸ ਤਰ੍ਹਾਂ ਨਾ ਮੁੜਨ ਲਈ।ਉਹ ਸਾਨੂੰ ਇਸ ਤਰ੍ਹਾਂ ਕੁੱਟਦੇ ਕਿ ਇੱਕ ਦਿਨ ਕੁੱਟ-ਕੁੱਟ ਕੇ ਸਾਡੀ ਜਾਨ ਕੱਢ ਲੈਣ, ਤਾਂ ਜੋ ਸਾਡਾ ਗਲਾ ਸਾਡੇ ਆਪਣੇ ਲਹੂ ਨਾਲ ਹੀ ਘੁੱਟਿਆ ਜਾਵੇ ਤੇ ਅਸੀਂ ਮਾਰ ਕਰਕੇ ਮਰ ਜਾਈਏ।ਸ਼ੈਦ ਜਰਮਨੀ ਵਿੱਚ ਸਾਡੇ ਸਾਰਿਆਂ ਲਈ ਚੋਖੀਆਂ ਭੱਠੀਆਂ ਨਹੀਂ ਸਨ ਹੋਣੀਆਂ”।
“ਤੇ ਜਿਥੇ ਕਿਧਰੇ ਅਸੀਂ ਜਾਂਦੇ ਉਹ ਸਾਨੂੰ ਇੱਕੋ ਜਿਹਾ ਖਾਣਾ ਦੇਂਦੇ-ਡੇਢ ਸੋ ਗ੍ਰਾਮ ਨਕਲੀ ਰੋਟੀ, ਜਿਸ ਵਿੱਚ ਅੱਧਾ ਲਕੜੀ ਦਾ ਬੂਰਾ ਹੁੰਦਾ ਤੇ ਠਿਪਰਾਂ ਦੀ ਪੱਤਲੀ ਜਿਹੀ ਸਬਜ਼ੀ। ਕਈ ਥਾਈਂ ਉਹ ਸਾਨੂੰ ਪੀਣ ਲਈ ਗਰਮ ਪਾਣੀ ਦੇਂਦੇ ਤੇ ਕਈ ਥਾਈਂ ਨਾ ਦੇਂਦੇ। ਪਰ ਗੱਲਾਂ ਕੀਤਿਆਂ ਕੀ ਬਣਦੈ, ਤੂੰ ਆਪੇ ਹਿਸਾਬ ਲਾ ਲੈ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਮੇਰਾ ਭਾਰ ਛਿਆਸੀ ਕਿੱਲੋ ਸੀ ਤੇ ਪੱਤਝੜ ਤੱਕ ਮੇਰਾ ਧੜਾ ਪੰਜਾਹਾਂ ਤੋਂ ਵੱਧ ਨਹੀਂ ਹੋਣ ਲੱਗਾ। ਬਸ ਚਮੜੀ ਤੇ ਹੱਡੀਆਂ ਤੇ ਇੰਨਾ ਬਲ ਵੀ ਨਹੀਂ ਸੀ ਕਿ ਹੱਡੀਆਂ ਚੁੱਕੀ ਫਿਰਾਂ। ਪਰ ਸਾਨੂੰ ਕੰਮ ਕਰਨਾ ਹੀ ਪੈਂਦਾ, ਬਸ ਕੰਮ ਕਰਨਾ ਤੇ ਕੁੱਝ ਨਾ ਕਹਿਣਾ ਤੇ ਮੇਰਾ ਖ਼ਿਆਲ ਏ ਅਸੀਂ ਜਿਹੜਾ ਕੰਮ ਕਰਦੇ ਉਹ ਗਾਡੀ ਘੋੜੇ ਲਈ ਵੀ ਬਹੁਤਾ ਹੁੰਦਾ”।
“ਸਤੰਬਰ ਦੇ ਸ਼ੁਰੂ ਵਿੱਚ ਉਹਨਾਂ ਸਾਡੇ ਸੋਵੀਅਤ ਜੰਗੀ ਕੈਦੀਆਂ ਵਿੱਚੋਂ ਇੱਕ ਸੋ ਬਤਾਲੀ ਨੂੰ ਕੂਸਟਰਿਨ ਦੇ ਨੇੜੇ ਕੈਂਪ ਤੋਂ ਬ-14 ਕੈਂਪ ਵਿੱਚ ਭੇਜ ਦਿੱਤਾ, ਜਿਹੜਾ ਡਰੈਸਡਨ ਤੋਂ ਬਹੁਤਾ ਦੂਰ ਨਹੀਂ ਸੀ।ਉਦੋਂ, ਕੈਂਪ ਵਿੱਚ ਦੋ ਕੁ ਹਜ਼ਾਰ ਸਨ। ਅਸੀਂ ਸਾਰੇ ਇੱਕ ਖੁਣਾਹੀ ਵਿੱਚ ਕੰਮ ਕਰਦੇ, ਉਹਨਾਂ ਦਾ ਜਰਮਨ ਪੱਥਰ ਹੱਥਾਂ ਨਾਲ ਕੱਢਦੇ ਤੇ ਤੋੜਦੇ।ਤੇ ਕੰਮ ਸੀ ਹਰ ਬੰਦੇ ਪਿੱਛੇ ਚਾਰ ਘਣ ਮੀਟਰ ਰੋਜ਼ ਤੇ ਉਸ ਬੰਦੇ ਲਈ, ਯਾਦ ਰੱਖ, ਜਿਹੜਾ ਉਂਞ ਵੀ ਮਸਾਂ ਹੀ ਜਿਊਂ ਰਿਹਾ ਸੀ। ਤੇ ਫਿਰ ਪਰਲੋ ਹੀ ਆ ਗਈ।ਸਾਡੇ ਇੱਕ ਸੌ ਬਤਾਲੀ ਬੰਦਿਆਂ ਵਿਚੋਂ ਬਸ ਸਤਵੰਜਾ ਰਹਿ ਗਏ। ਸਮਝਿਐਂ, ਮਿੱਤਰਾ ? ਜ਼ਿੰਦਗੀ ਔਖੀ ਸੀ, ਹੈ ? ਸਾਨੂੰ ਆਪਣੇ ਮੁਰਦੇ ਦਬਣੋਂ ਹੀ ਵਿਹਲ ਨਾ ਮਿਲਦੀ ਤੇ ਫਿਰ ਕੈਂਪ ਵਿੱਚ ਅਵਾਈ ਫੈਲ ਗਈ ਸੀ ਕਿ ਜਰਮਨਾਂ ਸਟਾਲਿਨਗਰਾਦ ਉੱਤੇ ਕਬਜ਼ਾ ਕਰ ਲਿਐ ਤੇ ਸਾਇਬੇਰੀਆ ਵੱਲ ਵੱਧ ਰਹੇ ਨੇ। ਇਹ ਇੱਕ ਤੋਂ ਪਿੱਛੋਂ ਦੂਜੀ ਪੈਣ ਵਾਂਗ ਸੀ।ਉਹਨਾਂ ਸਾਨੂੰ ਇਉਂ ਦਬਾ ਦਿੱਤਾ ਕਿ ਅਸੀਂ ਅੱਖਾਂ ਭੋਂ ਤੋਂ ਚੁੱਕ ਹੀ ਨਾ ਸਕੀਏ, ਜਿਵੇਂ ਅਸੀਂ ਉਸ ਵਿੱਚ, ਜਰਮਨ ਭੋਂ ਵਿੱਚ ਗੱਡੇ ਜਾਣ ਲਈ ਮਿੰਨਤ ਕਰ ਰਹੇ ਹੋਈਏ।ਤੇ ਹਰ ਰੋਜ਼ ਕੈਂਪ ਦੇ ਪਹਿਰੇਦਾਰ ਪੀਂਦੇ ਤੇ ਆਪਣੇ ਗੀਤ ਭੌਂਕਦੇ, ਪੂਰਾ ਜ਼ੋਰ ਲਾ ਕੇ ਖ਼ੁਸ਼ੀ ਮਨਾਉਂਦੇ”।
“ਇੱਕ ਦਿਨ ਅਸੀਂ ਕੰਮ ਤੋਂ ਆਪਣੇ ਢਾਰੇ ਵਿੱਚ ਵਾਪਸ ਮੁੜੇ। ਸਾਰਾ ਦਿਨ ਮੀਂਹ ਵਰ੍ਹਦਾ ਰਿਹਾ ਸੀ ਤੇ ਸਾਡੀਆਂ ਪਾਟੀਆਂ ਲੀਰਾਂ ਗੜੁੱਚ ਹੋਈਆਂ ਪਈਆਂ ਸਨ ਠੰਡੀ ਹਵਾ ਕਰਕੇ ਅਸੀਂ ਸਾਰੇ ਕੰਬ ਰਹੇ ਸਾਂ ਤੇ ਅਸੀਂ ਦੰਦੋੜਿਕੀ ਨਾ ਰੋਕ ਸਕੇ। ਕਿਧਰੇ ਸੁੱਕੇ ਜਾਂ ਨਿੱਘੇ ਲਈ ਥਾਂ ਨਹੀਂ ਸੀ ਤੇ ਅਸੀਂ ਮੌਤ ਵਾਂਗ ਭੁੱਖੇ ਸਾਂ। ਪਰ ਸ਼ਾਮੀਂ ਸਾਨੂੰ ਕੁੱਝ ਖਾਣ ਲਈ ਦਿੱਤਾ ਹੀ ਨਹੀਂ ਸੀ ਜਾਂਦਾ।
“ਸੋ, ਮੈਂ ਆਪਣੀਆਂ ਗਿੱਲੀਆਂ ਲੀਰਾਂ ਲਾਹੀਆਂ, ਆਪਣੇ ਫੱਟੇ ਉੱਤੇ ਸੁੱਟ ਦਿੱਤੀਆਂ ਤੇ ਕਿਹਾ: ‘ਉਹ ਚਾਹੁੰਦੇ ਨੇ ਅਸੀਂ ਰੋਜ਼ ਚਾਰ ਘਣ ਮੀਟਰ ਕਰੀਏ ਪਰ ਸਾਡੇ ਵਿੱਚੋਂ ਕਿਸੇ ਨੂੰ ਵੀ ਦੱਬਣ ਲਈ ਇੱਕ ਘਣ ਮੀਟਰ ਬਹੁਤਾ ਏ’। ਮੈਂ ਇੰਨਾ ਹੀ ਕਿਹਾ, ਪਰ ਤੂੰ ਪੱਕ ਜਾਣ, ਸਾਡੇ ਆਪਣੇ ਜਣਿਆਂ ਵਿੱਚ ਇੱਕ ਗੰਦਾ ਕੁੱਤਾ ਸੀ ਜਿਹੜਾ ਗਿਆ ਤੇ ਮੇਰੀ ਕੌੜੀ ਗੱਲ ਦੀ ਕੈਂਪ ਦੇ ਕਮਾਂਡੰਟ ਅੱਗੇ ਸ਼ਕਾਇਤ ਕਰ ਦਿੱਤੀ”।
“ਕੈਂਪ ਕਮਾਂਡੈਂਟ ਜਾਂ Lagerfuhrer (ਲੈਗਰਫ਼ਿਊਹਰਰ - ਕੈਂਪ ਦਾ ਮੁੱਖੀ), ਜਿਵੇਂ ਉਹ ਉਹਨੂੰ ਸੱਦਦੇ ਸਨ, ਇੱਕ ਜਰਮਨ ਸੀ ਜਿਸਦਾ ਨਾਂ ਮੂਲਰ ਸੀ। ਬਹੁਤਾ ਲੰਬਾ ਨਹੀਂ, ਭਾਰੇ ਸਰੀਰ ਦਾ, ਸਿਣੀ ਜਿਹੇ ਵਾਲ ਜਿਵੇਂ ਸਾਰੇ ਦਾ ਸਾਰਾ ਖੁੰਬ ਕੀਤਾ ਹੋਵੇ। ਉਹਦੇ ਸਿਰ ਦੇ ਵਾਲ, ਉਹਦੀਆਂ ਝਿੰਮਣੀਆਂ, ਇੱਥੋਂ ਤੱਕ ਕਿ ਉਹਦੀਆਂ ਅੱਖਾਂ ਉੱਡੇ ਹੋਏ ਰੰਗ ਦੀਆਂ ਸਨ ਤੇ ਹੋਰ ਤਾਂ ਹੋਰ ਉਹਦੀਆਂ ਅੱਖਾਂ ਬਾਹਰ ਨਿਕਲੀਆਂ ਹੋਈਆਂ ਸਨ। ਤੇਰੇ ਤੇ ਮੇਰੇ ਵਾਂਗ ਰੂਸੀ ਬੋਲਦਾ, ਇਥੋਂ ਤੱਕ ਕਿ ਕੁੱਝ-ਕੁੱਝ ਵੋਲਗਾ ਦੇ ਲੋਕਾਂ ਵਾਂਗ ਬੋਲਦਾ, ਜਿਵੇਂ ਉਥੋਂ ਦਾ ਹੀ ਜੰਮ ਪਲ ਹੋਵੇ। ਤੇ ਉਹ ਕੋਈ ਗਾਲ੍ਹਾਂ ਕੱਢਦਾ ! ਇਸ ਪੱਖੋਂ ਤਾਂ ਉਹ ਭਿਆਨਕ ਸੀ। ਕਈ ਵਾਰ ਮੈਂ ਹੈਰਾਨ ਹੁੰਨਾਂ ਕਿ ਉਸ ਹਰਾਮੀ ਨੇ ਆਪਣਾ ਇਹ ਕੰਮ ਕਿੱਥੇ ਸਿੱਖਿਆ। ਉਹ ਸਾਨੂੰ ਬਲਾਕ ਦੇ ਸਾਹਮਣੇ ਪਾਲਾਂ ਬੰਨ੍ਹ ਕੇ ਖੜਾ ਕਰ ਲੈਂਦਾ- ਢਾਰੇ ਨੂੰ ਉਹ ਬਲਾਕ ਕਹਿੰਦੇ ਸਨ-ਤੇ ਆਪਣਾ ਸੱਜਾ ਹੱਥ ਪਿੱਠ ਪਿੱਛੇ ਕਰਕੇ ਆਪਣੇ ਐਸਐਸ ਬੰਦਿਆਂ ਦੀ ਢਾਣੀ ਨਾਲ ਘਿਰਿਆ ਉਹ ਪਾਲ ਦੇ ਸਾਹਮਣਿਉਂ ਲੰਘਦਾ।ਉਹਨੇ ਚਮੜੇ ਦਾ ਦਸਤਾਨਾ ਪਾਇਆ ਹੁੰਦਾ ਤੇ ਚਮੜੇ ਦੇ ਹੇਠਾਂ ਉਂਗਲਾਂ ਬਚਾਉਣ ਲਈ ਉਹਨੇ ਸਿੱਕੇ ਦਾ ਇੱਕ ਟੋਟਾ ਰੱਖਿਆ ਹੁੰਦਾ।ਉਹ ਪਾਲ ਦੇ ਨਾਲ- ਨਾਲ ਚਲਦਾ ਤੇ ਹਰ ਦੂਜੇ ਜਣੇ ਦਾ ਨੱਕ ਲਹੂ-ਲੁਹਾਨ ਕਰ ਦੇਂਦਾ।‘ਫ਼ਲੂ ਦਾ ਟੀਕਾ,' ਉਹ ਇਸ ਕੰਮ ਨੂੰ ਕਿਹਾ ਕਰਦਾ। ਕੈਂਪ ਵਿੱਚ ਕੁਲ ਚਾਰ ਬਲਾਕ ਸਨ ਤੇ ਇੱਕ ਦਿਨ ਉਹ ਪਹਿਲੇ ਬਲਾਕ ਨੂੰ ਟੀਕਾ ਲਾਉਂਦਾ, ਅਗਲੇ ਦਿਨ ਦੂਜੇ ਨੂੰ ਅਤੇ ਇਉਂ ਹੀ ਚੱਕਰ ਪੂਰਾ ਕਰਦਾ।ਉਹ ਹਰਾਮੀ ਨੇਮ ਨਾਲ ਕੰਮ ਕਰਦਾ, ਕਦੀ ਛੁੱਟੀ ਨਾ ਕਰਦਾ। ਇੱਕ ਗੱਲ ਸੀ ਜਿਹੜੀ ਉਹ ਨਹੀਂ ਸੀ ਸਮਝਦਾ, ਉਹ ਬੇਵਕੂਫ਼; ਆਪਣਾ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਉਥੇ ਸਾਹਮਣੇ ਖੜਾ ਹੋ ਜਾਂਦਾ ਅਤੇ ਆਪਣੇ ਆਪ ਨੂੰ ਖ਼ੂਬ ਗੁਸਾ ਚਾੜ੍ਹਨ ਲਈ ਗਾਹਲਾਂ ਕੱਢਦਾ ਤੇ ਪਤਾ ਈ ਇਸ ਨਾਲ ਸਾਡਾ ਰੌਂਅ ਚੰਗਾ ਹੋ ਜਾਂਦਾ । ਪਤਾ ਈ, ਉਹ ਬੋਲ ਸਾਡੇ ਆਪਣੇ ਬੋਲਾਂ ਜਿਹੇ ਲਗਦੇ ਤੇ ਇਹ ਵਤਨੋਂ ਆਈ ਪੌਣ ਦੇ ਬੁਲ੍ਹੇ ਜਿਹੇ ਜਾਪਦੇ। ਜੇ ਉਹਨੂੰ ਪਤਾ ਹੁੰਦਾ ਕਿ ਉਹਦੇ ਮੰਦਾ ਚੰਗਾ ਬੋਲਣ ਤੇ ਗਾਲ੍ਹਾਂ ਕੱਢਣ ਤੇ ਸਾਨੂੰ ਖ਼ੁਸ਼ੀ ਹੁੰਦੀ ਏ ਤਾਂ ਉਹ ਰੂਸੀ ਵਿੱਚ ਅਜਿਹਾ ਨਾ ਕਰਦਾ, ਆਪਣੀ ਬੋਲੀ ਹੀ ਬੋਲੀ ਜਾਂਦਾ। ਬਸ ਸਾਡੇ ਜਣਿਆਂ ਵਿਚੋਂ ਇੱਕ, ਮਾਸਕੋ ਤੋਂ ਮੇਰਾ ਇੱਕ ਮਿੱਤਰ ਉਹਨੂੰ ਸੁਣ ਕੇ ਝਲਿਆ ਜਾਂਦਾ। 'ਜਦੋਂ ਉਹ ਇਉਂ ਗਾਲ੍ਹਾਂ ਕੱਢਦੈ', ਉਹ ਕਹਿੰਦਾ, 'ਮੈਂ ਅੱਖਾਂ ਮੀਟ ਲੈਂਦਾਂ ਅਤੇ ਆਪਣੇ ਦਿਲ ਵਿਚ ਸੋਚਦਾ ਮੈਂ ਮਾਸਕੋ ਵਿੱਚ ਹਾਂ, ਤੇ ਗਵਾਂਢਲੇ ਸ਼ਰਾਬਖ਼ਾਨੇ ਵਿੱਚ ਬੈਠਾ ਇੱਕ ਗਲਾਸ ਪੀ ਰਿਹਾਂ ਤੇ ਮੈਨੂੰ ਚੱਕਰ ਆ ਜਾਂਦੇ ਨੇ ਜਿਵੇਂ ਮੈਂ ਬੀਅਰ ਦਾ ਗਿਲਾਸ ਪੀਤਾ ਹੋਵੇ।”
“ਸੋ ਜਿਸ ਦਿਨ ਮੈਂ ਘਣ ਮੀਟਰਾਂ ਬਾਰੇ ਗੱਲ ਕੀਤੀ, ਉਸ ਤੋਂ ਅੱਗਲੇ ਦਿਨ ਕਮਾਂਡੈਂਟ ਨੇ ਮੈਨੂੰ ਤੱਪੜ ਤੇ ਖੜਾ ਕਰ ਲਿਆ। ਸ਼ਾਮੀ ਇੱਕ ਦੁਭਾਸ਼ੀਆ ਤੇ ਦੋ ਪਹਿਰੇਦਾਰ ਆਏ। ‘ਸੋਕੋਲੋਵ ਆਂਦਰੇਈ ?' ਮੈਂ ਜਵਾਬ ਦਿੱਤਾ। ‘ਬਾਹਰ ਚੱਲ ! ਤਿੱਖੀ ਚਾਲ ! Her Lagerfuhrer ਤੇਰੇ ਨਾਲ ਗੱਲ ਕਰਨੀ ਚਾਹੁੰਦੈ। ਮੈਂ ਸਮਝ ਗਿਆ ਉਹਨੇ ਮੈਨੂੰ ਕਿਉਂ ਬੁਲਾਇਐ। ਮੇਰਾ ਤਾਂ ਬਿਸਤਰਾ ਗੋਲ ਹੋ ਗਿਆ ਸੀ। ਸੋ ਮੈਂ ਆਪਣੇ ਮਿੱਤਰਾਂ ਤੋਂ ਵਿੱਦਿਆ ਹੋਇਆ—ਉਹ ਜਾਣਦੇ ਸਨ ਮੈਂ ਮਰਨ ਜਾ ਰਿਹਾਂ। ਫਿਰ ਮੈਂ ਲੰਬਾ ਸਾਹ ਲਿਆ ਤੇ ਪਹਿਰੇਦਾਰਾਂ ਦੇ ਪਿੱਛੇ ਚੱਲ ਪਿਆ। ਮੈਂ ਕੈਂਪ ਦੇ ਵਿਹੜੇ ਦੇ ਪਾਰ ਗਿਆ, ਉੱਪਰ ਤਾਰਿਆਂ ਵੱਲ ਵੇਖਿਆ ਤੇ ਉਹਨਾਂ ਤੋਂ ਵੀ ਵਿਦਿਆ ਹੋਇਆ ਤੇ ਮਨ ਹੀ ਮਨ ਵਿੱਚ ਸੋਚਿਆ: ‘ਲੈ ਭਾਈ ਆਂਦਰੇਈ ਸੋਕੋਲੋਵ, ਨੰ. 331, ਤੂੰ ਜ਼ੁਲਮ ਦਾ ਭਰਿਆ ਪਿਆਲਾ ਪੀ ਲਿਐ।' ਮੈਨੂੰ ਇਰੀਨਾ ਤੇ ਬੱਚਿਆਂ ਉੱਤੇ ਕੁਝ ਕੁੱਝ ਤਰਸ ਆਇਆ, ਫਿਰ ਮੈਂ ਇਸ ਉੱਤੇ ਕਾਬੂ ਪਾ ਲਿਆ ਤੇ ਝੇਪੇ ਬਿਨਾਂ ਪਿਸਤੋਲ ਦੀ ਨਾਲੀ ਦਾ ਸਾਹਮਣਾ ਕਰਨ ਲਈ ਹਿੰਮਤ ਬੰਨ੍ਹਣੀ ਸ਼ੁਰੂ ਕਰ ਦਿੱਤੀ, ਜਿਵੇਂ ਕਿ ਫੌਜੀ ਨੂੰ ਕਰਨਾ ਚਾਹੀਦਾ ਏ ਤਾਂ ਜੋ ਦੁਸ਼ਮਣ ਨੂੰ ਇਹ ਪਤਾ ਨਾ ਲੱਗੇ ਕਿ ਅਖ਼ੀਰੀ ਘੜੀ ਮੇਰੇ ਲਈ ਜ਼ਿੰਦਗੀ ਤੋਂ ਵਿੱਛੜਨਾ ਕਿੰਨਾ ਔਖਾ ਸੀ, ਭਾਵੇਂ ਇਹ ਭੈੜੀ ਹੀ ਸੀ।”
‘ਕਮਾਂਡੰਟ ਦੇ ਕਮਰੇ ਵਿੱਚ ਬਾਰੀ ਦੀ ਮੁਹਾਠ ਉੱਤੇ ਫੁੱਲ ਸਨ। ਇਹ ਸੋਹਣੀ, ਸਾਫ ਥਾਂ ਸੀ, ਸਾਡੇ ਕਲੱਬਾਂ ਜਿਹੀ।ਮੇਜ਼ ਕੋਲ ਕੈਂਪ ਦੇ ਸਾਰੇ ਅਫ਼ਸਰ ਬੈਠੇ ਸਨ। ਪੰਜੇ ਦੇ ਪੰਜੇ, ਉੱਥੇ ਬੈਠੇ, ਉਹ ਸ਼ਨੈਪਸ1 ਚਾੜ੍ਹ ਰਹੇ ਸਨ ਤੇ ਚਰਬੀ ਵਾਲਾ ਬੇਕਨ2 ਚੱਬਦੇ। ਮੇਜ਼ ਉੱਤੇ ਇੱਕ ਵੱਡੀ ਬੋਤਲ ਸੀ, ਪਹਿਲਾਂ ਹੀ ਖੁੱਲ੍ਹੀ, ਢੇਰਾਂ ਡੱਬਲ ਰੋਟੀ, ਚਰਬੀ ਵਾਲ ਬੇਕਨ, ਲੂਣੇ ਸੇਬ, ਤੇ ਕਈ ਤਰ੍ਹਾਂ ਦੀ ਖੁੱਲ੍ਹੇ ਡੱਬੇ। ਮੈਂ ਉਸ ਸਾਰੇ ਖਾਣੇ ਉੱਤੇ ਨਿਗਾਹ ਮਾਰੀ, ਤੂੰ ਮੰਨਣਾ ਨਹੀਂ, ਮੈਨੂੰ ਇੰਨੀ ਘੇਰੀ ਆਈ ਕਿ ਮੈਂ ਲੱਗਭਗ ਕੈ ਕਰ ਦਿੱਤੀ।ਵੇਖੀਂ ਨਾ, ਮੈਂ ਬਘਿਆੜ ਵਾਂਗ ਭੁੱਖਾ ਸਾਂ, ਤੇ ਮੈਨੂੰ ਲੱਗਭਗ ਭੁੱਲ ਹੀ ਗਿਆ ਸੀ ਕਿ ਮਨੁੱਖਾਂ ਦਾ ਖਾਣਾ ਕਿਹੋ ਜਿਹਾ ਹੁੰਦੈ ਇਹ ਸਾਰੇ ਪਦਾਰਥ ਮੇਰੇ ਸਾਹਮਣੇ ਪਏ ਸਨ। ਜ਼ੋਰ ਲਾ ਕੇ ਮੈਂ ਆਪਣੀ ਘੇਰੀ ਰੋਕੀ ਪਰ ਮੇਜ਼ ਤੋਂ ਅੱਖਾਂ ਹਟਾਉਣ ਲਈ ਮੈਨੂੰ ਬਹੁਤ ਯਤਨ ਕਰਨਾ ਪਿਆ”।
1. ਜਰਮਨ ਜਿਨ।—ਅਨੁ:
2. ਸੂਰ ਦੇ ਪਿੱਠ ਤੇ ਪਾਸਿਆਂ ਦਾ ਲੂਣ ਲੱਗਾ ਮਾਸ। —ਅਨੁ:
ਮੇਰੇ ਐਨ ਸਾਹਮਣੇ ਮੂਲਰ ਬੈਠਾ ਸੀ, ਅੱਧਾ ਸ਼ਰਾਬੀ ਹੋਇਆ, ਉਹ ਆਪਣਾ ਪਿਸਤੋਲ ਇੱਕ ਹੱਥ ਤੋਂ ਦੂਜੇ ਵਿੱਚ ਸੁੱਟਦਾ, ਇਹਦੇ ਨਾਲ ਖੇਡ ਰਿਹਾ ਸੀ। ਉਹਦੀਆਂ ਅੱਖਾਂ ਸੱਪ ਵਾਂਗ ਮੇਰੇ ਉੱਤੇ ਗੱਡੀਆਂ ਹੋਈਆਂ ਸਨ। ਸੋ, ਮੈਂ ਤਣ ਕੇ ਖੜਾ ਹੋ ਗਿਆ, ਆਪਣੀਆਂ ਅੱਧੀਆਂ ਟੁੱਟੀਆਂ ਅੱਡੀਆਂ ਵਜਾਈਆਂ ਅਤੇ ਉੱਚੀ ਆਵਾਜ਼ ਵਿੱਚ ਕਿਹਾ: ਜੰਗੀ ਕੈਦੀ ਆਂਦਰੇਈ ਸੋਕੋਲੋਵ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ, Her Kommandant ।1' ਤੇ ਉਹਨੇ ਮੈਨੂੰ ਕਿਹਾ: ‘ਸੋ, ਰੂਸੀ ਈਵਾਨ2, ਚਾਰ ਘਣ ਮੀਟਰ ਪੱਥਰ ਪੁੱਟਣਾ ਤੇਰੇ ਲਈ ਬਹੁਤ ਹੈ, ਹੈ ? ’ ‘ਹਾਂ, Her Kommandant, ਇਹ ਬਹੁਤ ਏ,’ ਮੈਂ ਕਿਹਾ।‘ਤੇ ਇੱਕ ਮੀਟਰ ਤੇਰੀ ਕਬਰ ਲਈ ਕਾਫ਼ੀ ਹੋਵੇਗਾ ? ‘ਹਾਂ, Her Kommandant, ਬਹੁਤ ਕਾਫ਼ੀ, ਤੇ ਥਾਂ ਬੱਚ ਰਹੇਗੀ'।
1. ਸ਼੍ਰੀਮਾਨ ਕਮਾਂਡਰ।-ਸੰਪਾ:
2. ਵਿਅੰਗ ਨਾਲ ਜਰਮਨ ਹਰ ਰੂਸੀ ਨੂੰ ਈਵਾਨ ਸਦਦੇ ਸਨ, ਜਿਵੇਂ ਰੂਸੀ ਹਰ ਜਰਮਨ ਨੂੰ ਫਰਿਟਜ਼ ਆਖਦੇ ਸਨ।—ਅਨੁ:
“ਉਹ ਖੜਾ ਹੋ ਗਿਆ ਤੇ ਕਹਿਣ ਲੱਗਾ, ‘ਮੈਂ ਤੈਨੂੰ ਪਤਾ ਵੱਡਾ ਮਾਣ ਬਖ਼ਸ਼ਾਂਗਾ । ਇਹ ਗੱਲ ਕਹਿਣ ਬਦਲੇ ਮੈਂ ਤੈਨੂੰ ਆਪਣੇ ਹੱਥੀਂ ਗੋਲੀ ਮਾਰਾਂਗਾ। ਇੱਥੇ ਤਾਂ ਗੰਦ ਪੈ ਜਾਵੇਗਾ, ਸੋ ਅਸੀਂ ਬਾਹਰ ਵਿਹੜੇ ਵਿੱਚ ਚੱਲਾਂਗੇ।ਉੱਥੇ ਤੂੰ ਆਪਣਾ ਅਖ਼ੀਰੀ ਗੀਤ ਗਾ ਲਵੀਂ।’ ‘ਜਿਵੇਂ ਤੁਹਾਡੀ ਮਰਜ਼ੀ,' ਮੈਂ ਉਹਨੂੰ ਕਿਹਾ। ਉਹ ਇੱਕ ਮਿੰਟ ਸੋਚਦਾ ਹੋਇਆ ਖੜਾ ਰਿਹਾ, ਫਿਰ ਆਪਣਾ ਪਿਸਤੌਲ ਉਹਨੇ ਮੇਜ਼ ਉੱਤੇ ਸੁੱਟ ਦਿੱਤਾ ਤੇ ਪੂਰਾ ਗਿਲਾਸ ਸ਼ਨੈਪਸ ਦਾ ਭਰ ਦਿੱਤਾ, ਡੱਬਲ ਰੋਟੀ ਦਾ ਇੱਕ ਟੋਟਾ ਲਿਆ, ਚਰਬੀ ਦਾ ਇੱਕ ਟੋਟਾ ਉਹਦੇ ਉੱਤੇ ਰੱਖਿਆ, ਸਭ ਕੁੱਝ ਮੇਰੇ ਵੱਲ ਵਧਾਇਆ ਤੇ ਕਿਹਾ: ‘ਰੂਸੀ ਈਵਾਨ, ਲੈ, ਮਰਨ ਤੋਂ ਪਹਿਲਾਂ ਜਰਮਨ ਹਥਿਆਰਾਂ ਦੀ ਜਿੱਤ ਦਾ ਜਾਮ ਪੀ।'
“ਮੈਂ ਗਲਾਸ ਤੇ ਰੋਟੀ ਉਹਦੇ ਹੱਥੋਂ ਲੈ ਲਈ ਸੀ ਪਰ ਜਦੋਂ ਮੈਂ ਉਹਦੀ ਗੱਲ ਸੁਣੀ ਤਾਂ ਅੰਦਰੋਂ ਅੰਦਰ ਮੈਨੂੰ ਕੁੱਝ ਲੂਹ ਗਿਆ।ਮੈਂ ਸੋਚਿਆ, ਮੈ, ਇੱਕ ਰੂਸੀ ਫੌਜੀ ਜਰਮਨ ਹਥਿਆਰਾਂ ਦੀ ਜਿੱਤ ਦਾ ਜਾਮ ਪੀਵਾਂ। Her Kommandant, ਤੂੰ ਪਤਾ ਨਹੀਂ ਹੋਰ ਕੀ ਮੰਗੇਂਗਾ ? ਮੇਰਾ ਬਿਸਤਰਾ ਤਾਂ ਗੋਲ ਹੋ ਹੀ ਗਿਆ ਸੀ। ਜਹਨਮ ਵਿੱਚ ਜਾਓ, ਤੂੰ ਤੇ ਤੇਰੀ ਸ਼ਨੈਪਸ।
“ਮੈਂ ਗਲਾਸ ਮੇਜ਼ ਉੱਤੇ ਰੱਖ ਦਿੱਤਾ ਤੇ ਉਹਦੇ ਨਾਲ ਹੀ ਰੋਟੀ ਵੀ, ਤੇ ਮੈਂ ਕਿਹਾ: 'ਪ੍ਰਾਹੁਣਚਾਰੀ ਤੁਹਾਡੀ ਮਿਹਰਬਾਨੀ, ਪਰ ਮੈਂ ਪੀਂਦਾ ਨਹੀਂ। ਉਹ ਮੁਸਕਰਾਇਆ ਤੇ ਕਹਿਣ ਲੱਗਾ: ‘ਸੋ ਤੂੰ ਸਾਡੀ ਜਿੱਤ ਦਾ ਜਾਮ ਨਹੀਂ ਪੀਂਦਾ ? ਤਾਂ ਫਿਰ ਆਪਣੀ ਮੌਤ ਦਾ ਜਾਮ ਪੀ ਲੈ। ਇਹਦੇ ਵਿੱਚ ਮੇਰਾ ਕੀ ਜਾਣਾ ਸੀ।‘ਮੇਰੀ ਮੌਤ ਤੇ ਇੱਥੋਂ ਦੇ ਤਸੀਹਿਆਂ ਤੋਂ ਛੁਟਕਾਰੇ ਦੇ ਨਾਂ,' ਮੈਂ ਕਿਹਾ। ਇਹ ਕਹਿ ਕੇ ਮੈਂ ਗਿਲਾਸ ਲਿਆ ਤੇ ਦੋ ਘੁੱਟਾਂ ਵਿੱਚ ਅੰਦਰ ਸੁੱਟ ਲਿਆ । ਪਰ ਮੈਂ ਰੋਟੀ ਨਾ ਛੂਹੀ, ਮੈਂ ਬੜੀ ਸੁਲਗਤਾ ਨਾਲ ਆਪਣੇ ਬੁੱਲ੍ਹ ਆਪਣੇ ਹੱਥ ਨਾਲ ਪੂੰਝੇ ਤੇ ਕਿਹਾ: 'ਪ੍ਰਾਹੁਣਾਚਾਰੀ ਲਈ ਤੁਹਾਡੀ ਮਿਹਰਬਾਨੀ।ਮੈਂ ਤਿਆਰ ਹਾਂ, Herr Kommandant, ਹੁਣ ਤੁਸੀਂ ਮੇਰਾ ਫਸਤਾ ਵੱਢ ਸਕਦੇ ਹੋ।'
“ਪਰ ਉਹ ਬੜੀ ਤਿੱਖੀ ਤਰ੍ਹਾਂ ਮੇਰੇ ਵੱਲ ਵੇਖ ਰਿਹਾ ਸੀ: ‘ਮਰਨ ਤੋਂ ਪਹਿਲਾਂ ਥੋੜ੍ਹੀ ਰੋਟੀ ਖਾ ਲੈ,” ਉਹਨੇ ਕਿਹਾ। ਪਰ ਮੈਂ ਕਿਹਾ: ‘ਮੈਂ ਪਹਿਲੇ ਗਿਲਾਸ ਤੋਂ ਪਿੱਛੋਂ ਕੁੱਝ ਨਹੀਂ ਖਾਂਦਾ। ਉਹਨੇ ਇੱਕ ਵਾਰ ਫਿਰ ਗਿਲਾਸ ਭਰਿਆ ਤੇ ਮੇਰੇ ਵੱਲ ਵਧਾਇਆ।ਮੈਂ ਦੂਜਾ ਗਿਲਾਸ ਪੀ ਗਿਆ ਪਰ ਮੈਂ ਖਾਧਾ ਕੁੱਝ ਨਾ। ਵੇਖੀਂ ਨਾ, ਮੈਂ ਪੂਰਾ ਦਾਅ ਦਲੇਰੀ ਉੱਤੇ ਲਾ ਰਿਹਾ ਸਾਂ। ਮੈਂ ਸੋਚਿਆ, ਕੁੱਝ ਵੀ ਹੋਵੇ, ਵਿਹੜੇ ਵਿੱਚ ਜਾ ਕੇ ਮਰਨ ਤੋਂ ਪਹਿਲਾਂ ਮੈਂ ਧੁੱਤ ਹੋ ਜਾਵਾਂਗਾ। ਕਮਾਂਡੈਂਟ ਦੇ ਬੱਗੇ ਭਰਵਟੇ ਉੱਠੇ। ‘ਤੂੰ ਖਾਂਦਾ ਕਿਉਂ ਨਹੀਂ, ਰੂਸੀ ਈਵਾਨ ? ਸ਼ਰਮਾ ਨਹੀਂ। ਪਰ ਮੈਂ ਡਟਿਆ ਰਿਹਾ: ਮਾਫ਼ ਕਰਨਾ, Herr Kommandant ਪਰ ਮੈਂ ਦੂਜੇ ਗਿਲਾਸ ਪਿਛੋਂ ਵੀ ਕੁੱਝ ਨਹੀਂ ਖਾਂਦਾ। ਉਹਨੇ ਆਪਣੀਆਂ ਗੱਲ੍ਹਾਂ ਫੁਲਾ ਲਈਆਂ ਤੇ ਥੁਣਕਿਆ ਤੇ ਫਿਰ ਇੰਨੇ ਜ਼ੋਰ ਦਾ ਠਹਾਕਾ ਮਾਰਕੇ ਹੱਸਿਆ ਤੇ ਹੱਸਦੇ ਹੋਏ ਉਹਨੇ ਕਾਹਲੀ ਕਾਹਲੀ ਜਰਮਨ ਵਿੱਚ ਕੁੱਝ ਕਿਹਾ, ਜ਼ਰੂਰ ਮੇਰੀ ਗੱਲ ਸਮਝਾ ਰਿਹਾ ਹੋਣੈ। ਬਾਕੀ ਦੇ ਵੀ ਹੱਸੇ, ਆਪਣੀਆਂ ਕੁਰਸੀਆਂ ਪਿੱਛੇ ਹਟਾਈਆਂ ਤੇ ਆਪਣੇ ਵੱਡੇ ਬੂਥੇ ਮੇਰੇ ਵੱਲ ਮੋੜੇ ਤੇ ਮੈਂ ਉਹਨਾਂ ਦੀਆਂ ਅੱਖਾਂ ਵਿੱਚ ਕੁਝ ਹੋਰ ਤੱਕਿਆ, ਕੁੱਝ ਕੁ ਨਰਮ।
“ਕਮਾਂਡੰਟ ਨੇ ਮੈਨੂੰ ਤੀਜੀ ਵਾਰ ਗਿਲਾਸ ਭਰ ਦਿੱਤਾ ਤੇ ਉਹਦੇ ਹੱਥ ਹਾਸੇ ਕਰਕੇ ਕੰਬ ਰਹੇ ਸਨ। ਮੈਂ ਗਿਲਾਸ ਹੌਲੀ-ਹੌਲੀ ਪੀਤਾ, ਰੋਟੀ ਨੂੰ ਇੱਕ ਚੱਕ ਮਾਰਿਆ ਤੇ ਬਾਕੀ ਦੀ ਮੇਜ਼ ਉੱਤੇ ਰੱਖ ਦਿੱਤੀ। ਮੈਂ ਉਹਨਾਂ ਹਰਾਮੀਆਂ ਨੂੰ ਵਿਖਾਉਣਾ ਚਾਹੁੰਦਾ ਸੀ ਕਿ ਭਾਵੇਂ ਮੈਂ ਭੁੱਖ ਨਾਲ ਅਧ-ਮੋਇਆ ਹੋਇਆ ਪਿਆ ਸਾਂ, ਮੈਂ ਉਹਨਾਂ ਵਲੋਂ ਸੁੱਟੇ ਟੁਕੜੇ ਡੱਫਣ ਨਹੀਂ ਸਾਂ ਲੱਗਾ, ਕਿ ਮੇਰਾ ਆਪਣਾ, ਰੂਸੀ ਕੁਰਬ ਤੇ ਸ਼ਾਨ ਸੀ ਤੇ ਉਹਨਾਂ ਉਸ ਤਰ੍ਹਾਂ ਮੈਨੂੰ ਪਸ਼ੂ ਨਹੀਂ ਸੀ ਬਣਾ ਦਿੱਤਾ, ਜਿਵੇਂ ਉਹ ਬਣਾਉਣਾ ਚਾਹੁੰਦੇ ਸਨ।
“ਇਸ ਪਿੱਛੋਂ ਕਮਾਂਡੰਟ ਦੇ ਮੂੰਹ ਉੱਤੇ ਗੰਭੀਰ ਦਿੱਖ ਆ ਗਈ, ਉਹਨੇ ਆਪਣੇ ਸੀਨੇ ਤੇ ਲੱਗੇ ਦੋ ਆਇਰਨ ਕਰਾਸ ਤਮਗੇ ਸਿੱਧੇ ਕੀਤੇ ਤੇ ਨਿਹੱਥਾ ਮੇਜ਼ ਪਿੱਛੋਂ ਅੱਗੇ ਆ ਗਿਆ ਤੇ ਕਹਿਣ ਲੱਗਾ: ‘ਵੇਖ ਸੋਕੋਲੋਵ, ਤੂੰ ਇੱਕ ਅਸਲੀ ਰੂਸੀ ਫੌਜੀ ਹੈਂ। ਤੂੰ ਸ਼ਾਨਦਾਰ ਫੌਜੀ ਹੈਂ। ਮੈਂ ਵੀ ਫੌਜੀ ਹਾਂ ਤੇ ਮੈਂ ਯੋਗ ਦੁਸ਼ਮਣ ਦੀ ਕਦਰ ਕਰਦਾਂ। ਮੈਂ ਤੈਨੂੰ ਗੋਲੀ ਨਹੀਂ ਮਾਰਾਂਗਾ। ਨਾਲੇ ਇੱਕ ਹੋਰ ਗੱਲ ਹੈ, ਅੱਜ ਸਾਡੀਆਂ ਬਹਾਦਰ ਫ਼ੌਜਾਂ ਵੋਲਗਾ ਤੱਕ ਅੱਪੜ ਗਈਆਂ ਨੇ ਤੇ ਉਹਨਾਂ ਸਟਾਲਿਨਗਰਾਦ ਉੱਤੇ ਪੂਰਾ ਕਬਜ਼ਾ ਕਰ ਲਿਐ। ਇਹ ਸਾਡੇ ਲਈ ਮਹਾਨ ਖੁਸ਼ੀ ਹੈ, ਸੋ ਮੈਂ ਮਿਹਰਬਾਨੀ ਕਰਕੇ ਤੇਰੀ ਜਾਨ ਬਖ਼ਸ਼ਦਾਂ। ਵਾਪਸ ਆਪਣੇ ਬਲਾਕ ਵਿੱਚ ਮੁੜ ਜਾ ਤੇ ਆਪਣੀ ਦਲੇਰੀ ਲਈ ਐਹ ਲੈ ਜਾ।' ਉਹਨੇ ਮੇਜ਼ ਤੋਂ ਮੈਨੂੰ ਇੱਕ ਨਿੱਕੀ ਡਬਲ ਰੋਟੀ ਅਤੇ ਚਰਬੀ ਵਾਲੇ ਬੇਕਨ ਦਾ ਇੱਕ ਟੋਟਾ ਦਿੱਤਾ।
“ਮੈਂ ਰੋਟੀ ਪੂਰੀ ਤਰ੍ਹਾਂ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਈ ਤੇ ਚਰਬੀ ਆਪਣੇ ਖੱਬੇ ਹੱਥ ਨਾਲ ਘੁੱਟ ਕੇ ਫੜ ਲਈ। ਮੈਂ ਘਟਨਾਵਾਂ ਦੇ ਇਉਂ ਆਸੋਂ ਉਲਟ ਮੋੜ ਕੱਟਣ ਤੇ ਇੰਨਾ ਸ਼ੀਸ਼ਦਾਰ ਰਹਿ ਗਿਆ ਕਿ ਮੈਂ ਇਹ ਵੀ ਨਾ ਕਿਹਾ, ਤੁਹਾਡੀ ਮਿਹਰਬਾਨੀ, ਬਸ ਖੱਬੇ ਦਾਅ ਮੁੜਿਆ ਤੇ ਦਰਵਾਜ਼ੇ ਵੱਲ ਚੱਲ ਪਿਆ। ਤੇ ਸਾਰਾ ਵਕਤ ਮੈਂ ਸੋਚਦਾ ਰਿਹਾ ਕਿ ਹੁਣ ਉਹਨੇ ਹੁਣ ਮੲਰੇ ਗੋਲੀ ਮਾਰੀ ਕਿ ਮਾਰੀ ਤੇ ਮੈਂ ਇਹ ਖਾਣ ਵਾਲੀਆਂ ਚੀਜ਼ਾਂ ਮੇਰੇ ਸਾਥੀਆਂ ਤੱਕ ਨਹੀਂ ਪੁਚਾ ਸਕਣ ਲੱਗਾ। ਪਰ ਨਹੀਂ, ਕੁੱਝ ਨਾ ਹੋਇਆ। ਇੱਕ ਵਾਰ ਫਿਰ ਮੌਤ ਮੇਰੇ ਕੋਲੋਂ ਲੰਘ ਗਈ ਤੇ ਮੈਨੂੰ ਬਸ ਉਹਦਾ ਠੰਡਾ ਸਾਹ ਹੀ ਲੱਗਾ।
“ਮੈਂ ਪੈਰ ਥਿੜਕਾਏ ਬਿਨਾਂ ਕਮਾਂਡੰਟ ਦੇ ਦਫ਼ਤਰੋਂ ਬਾਹਰ ਆ ਗਿਆ ਪਰ ਬਾਹਰ ਆ ਕੇ ਮੈਂ ਹਰ ਪਾਸੇ ਰਿੜ੍ਹ ਰਿਹਾਂ ਸਾਂ। ਮੈਂ ਝੱਫ ਖਾ ਕੇ ਢਾਰੇ ਵਿੱਚ ਵੜਿਆ ਤੇ ਚੁਫ਼ਾਲ ਸੀਮਿੰਟ ਦੇ ਫਰਸ਼ ਉੱਤੇ ਡਿੱਗ ਪਿਆ, ਬੇਹੋਸ਼। ਅਗਲੇ ਦਿਨ ਜਵਾਨਾਂ ਮੈਨੂੰ ਜਗਾਇਆ, ਅਜੇ ਹਨੇਰਾ ਹੀ ਸੀ ‘ਸਾਨੂੰ ਦੱਸ ਕੀ ਹੋਇਆ !' ਤਾਂ ਮੈਨੂੰ ਯਾਦ ਆਇਆ ਕਮਾਂਡੰਟ ਦੇ ਦਫ਼ਤਰ ਵਿੱਚ ਕੀ ਹੋਇਆ ਸੀ ਤੇ ਮੈਂ ਉਹਨਾਂ ਨੂੰ ਦੱਸਿਆ। ‘ਅਸੀਂ ਇਹ ਖਾਣਾ ਕਿਵੇਂ ਵੰਡਾਂਗੇ ?' ਮੇਰੇ ਨਾਲ ਦੇ ਫੱਟੇ ਉੱਤੇ ਲੇਟੇ ਬੰਦੇ ਨੇ ਕਿਹਾ ਤੇ ਉਹਦੀ ਆਵਾਜ਼ ਕੰਬ ਰਹੀ ਸੀ। ‘ਸਭ ਲਈ ਬਰਾਬਰ ਹਿੱਸੇ,' ਮੈਂ ਕਿਹਾ। ਅਸਾਂ ਲੋਅ ਹੋਣ ਤੱਕ ਉਡੀਕਿਆ। ਅਸਾਂ ਰੋਟੀ ਇੱਕ ਧਾਗੇ ਨਾਲ ਕਟੀ। ਸਾਡੇ ਵਿੱਚੋਂ ਹਰ ਇੱਕ ਨੂੰ ਮਾਚਸ ਦੀ ਡੱਬੀ ਜਿੰਨਾ ਟੋਟਾ ਮਿਲਿਆ, ਇੱਕ ਭੋਰਾ ਵੀ ਅਜਾਈਂ ਨਾ ਗੁਆਇਆ ਗਿਆ। ਤੇ ਜਿੱਥੋਂ ਤੱਕ ਚਰਬੀ ਦੀ ਗੱਲ ਏ— ਹਾਂ, ਪੱਕੀ ਗੱਲ ਏ, ਬਸ ਬੁੱਲ੍ਹ ਥਿੰਧੇ ਕਰਨ ਜੋਗੀ ਹੀ ਸੀ ਇਹ, ਪਰ ਅਸਾਂ ਇਹ ਵੀ ਵੰਡੀ, ਸਭ ਲਈ ਸਾਵੇਂ ਹਿੱਸੇ।
“ਛੇਤੀ ਹੀ ਸਾਡੇ ਵਿੱਚੋਂ ਤਿੰਨ ਸੌ ਸਭ ਤੋਂ ਤਕੜਿਆਂ ਨੂੰ ਇੱਕ ਜਿੱਲ੍ਹਣ ਸੁਕਾਉਣ ਦੇ ਕੰਮ ਲਾ ਦਿੱਤਾ, ਫਿਰ ਅਸੀਂ ਰੂਹਰ ਦੇ ਇਲਾਕੇ ਵਿੱਚ ਚਲੇ ਗਏ, ਖਾਣਾਂ ਵਿੱਚ ਕੰਮ ਕਰਨ। ਤੇ ਚੁਤਾਲੀ ਤੱਕ ਮੈਂ ਉੱਥੇ ਰਿਹਾ। ਉਦੋਂ ਤੱਕ ਸਾਡੇ ਜਵਾਨਾਂ ਨੇ ਜਰਮਨੀ ਦੀ ਆਕੜ ਚੋਖੀ ਭੰਨ ਦਿੱਤੀ ਸੀ ਤੇ ਨਾਜ਼ੀਆਂ ਨੇ ਸਾਡੇ ਵੱਲ ਘਿਰਣਾ ਨਾਲ ਵੇਖਣਾ ਬੰਦ ਕਰ ਦਿੱਤਾ ਸੀ। ਇੱਕ ਦਿਨ ਉਹਨਾਂ ਸਾਨੂੰ ਪਾਲਾਂ ਵਿੱਚ ਖੜਾ ਕੀਤਾ, ਦਿਨ ਦੀ ਸਾਰੀ ਸ਼ਿਫ਼ਟ ਨੂੰ, ਤੇ ਇੱਕ ਬਾਹਰੋਂ ਆਏ Oberleutenant1 ਨੇ ਇੱਕ ਦੁਭਾਸ਼ੀਏ ਰਾਹੀਂ ਕਿਹਾ: ‘ਜਿਸ ਕਿਸੇ ਨੇ ਫ਼ੌਜ ਵਿੱਚ ਜਾਂ ਜੰਗ ਤੋਂ ਪਹਿਲਾਂ ਡਰਾਈਵਰ ਦਾ ਕੰਮ ਕੀਤਾ ਹੋਵੇ— ਇੱਕ ਕਦਮ ਅੱਗੇ ਹੋ ਜਾਵੇ। ਸਾਡੇ ਵਿਚੋਂ ਸੱਤ ਕੁ, ਜਿਹੜੇ ਪਹਿਲਾਂ ਡਰਾਈਵਰ ਰਹੇ ਸਨ ਅੱਗੇ ਵਧੇ। ਉਹਨਾਂ ਸਾਨੂੰ ਕੁੱਝ ਪੁਰਾਣੇ ਉਤੇਰਨ ਦਿੱਤੇ ਤੇ ਪਹਿਰੇ ਹੇਠ ਸਾਨੂੰ ਪੋਸਟਡਾਮ ਲੈ ਗਏ। ਜਦੋਂ ਅਸੀਂ ਉਥੇ ਗਏ ਤਾਂ ਸਾਨੂੰ ਵੱਖ-ਵੱਖ ਕਰ ਦਿੱਤਾ ਗਿਆ। ਮੈਨੂੰ ‘ਟੋਡਟ’ ਵਿੱਚ ਕੰਮ ਕਰਨ ਲਾ ਦਿੱਤਾ ਗਿਆ। ਜਰਮਨਾਂ ਨੇ ਸੜਕਾਂ ਤੇ ਮੋਰਚੇ ਬਣਾਉਣ ਲਈ ਜਿਹੜਾ ਬੰਦੋਬਸਤ ਖੜਾ ਕੀਤਾ ਸੀ, ਉਹਦਾ ਉਹਨਾਂ ਇਹ ਨਾਂ ਰੱਖਿਆ ਸੀ।
1. ਵੱਡਾ (ਫ਼ਰਸਟ) ਲੈਫ਼ਟੀਨੈਂਟ।—ਅਨੁ:
ਮੈਂ ਇੰਜੀਨੀਅਰਾਂ ਦੇ ਇੱਕ ਮੇਜਰ ਨੂੰ ਇੱਕ ‘ਓਪਲ-ਐਡਮਿਰਲ' ਗੱਡੀ ਵਿੱਚ ਇੱਧਰ ਉੱਧਰ ਲਿਜਾਂਦਾ।ਉਹ ਅਸਲੀ ਨਾਜ਼ੀ ਸੂਰ ਸੀ।ਨਿੱਕਾ ਜਿਹਾ, ਮੋਟੇ ਢਿੱਡ ਵਾਲਾ, ਜਿੰਨਾ ਉੱਚਾ ਉਨਾ ਹੀ ਚੌੜਾ ਅਤੇ ਚਿੱਤੜ, ਜ਼ਨਾਨੀਆਂ ਵਾਂਗਰ ਭਾਰੇ । ਸਾਹਮਣੇ ਉਹਦੇ ਕਾਲਰ ਉਤੇ ਤਿੰਨ ਠੋਡੀਆਂ ਲਟਕਦੀਆਂ ਸਨ ਤੇ ਉਹਦੀ ਪਿੱਠ ਵੱਲ ਗਰਦਨ ਉਤੇ ਮਾਸ ਦੇ ਤਿੰਨ ਬਹੁਤ ਮੋਟੇ ਵੱਲ ਪੈਂਦੇ।ਉਹਦੀ ਦੇਹ ਤੇ ਘੱਟੋ ਘੱਟ ਸਵਾ ਮਣ ਪੱਕਾ ਖ਼ਾਲਸ ਚਰਬੀ ਹੋਣੀ ਏ। ਟੁਰਦਿਆਂ ਉਹ ਰੇਲ ਇੰਜਣ ਵਾਂਗ ਚੂੰ ਚੂੰ ਕਰਦਾ ਤੇ ਜਦੋਂ ਉਹ ਖਾਣ ਬਹਿੰਦਾ—ਤਾਂ ਕੁਝ ਨਾ ਪੁੱਛੋ ! ਉਹ ਸਾਰਾ ਦਿਨ ਚਰੀ ਜਾਂਦਾ, ਚੱਬਦਾ ਤੇ ਆਪਣੀ ਬਰਾਂਡੀ ਦੀ ਬੋਤਲ ਵਿਚੋਂ ਘੁੱਟ ਭਰਦਾ। ਕਦੀ ਕਦੀ ਮੈਨੂੰ ਵੀ ਕੁੱਝ ਨਾ ਕੁੱਝ ਮਿਲ ਜਾਂਦਾ। ਉਹ ਸੜਕ ਕੰਢੇ ਰੁਕਦਾ, ਕੁੱਝ ਸਾਸੇਜ ਜਾਂ ਪਨੀਰ ਕੱਟਦਾ ਤੇ ਘੁੱਟ ਕੁ ਪੀਂਦਾ ਤੇ ਜਦੋਂ ਉਹਦਾ ਰੌ ਚੰਗਾ ਹੁੰਦਾ ਤਾਂ ਇੱਕ ਅੱਧ ਬੁਰਕੀ ਮੈਨੂੰ ਵੀ ਸੁੱਟ ਦੇਂਦਾ, ਜਿਵੇਂ ਕੁੱਤੇ ਨੂੰ ਸੁੱਟੀਂਦੀ ਏ। ਉਹ ਮੈਨੂੰ ਕਦੀ ਹੱਥ ਵਿੱਚ ਨਾ ਫੜਾਉਂਦਾ। ਨਹੀਂ, ਇਹਨੂੰ ਉਹ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦਾ। ਪਰ ਭਾਵੇਂ ਕੁੱਝ ਹੋਵੇ, ਇਹ ਕੈਂਪ ਦੀ ਜ਼ਿੰਦਗੀ ਨਾਲੋਂ ਤਾਂ ਚੰਗੀ ਸੀ, ਤੇ ਹੌਲੀ ਹੌਲੀ ਇੱਕ ਵਾਰ ਫਿਰ ਮੇਰੀ ਸ਼ਕਲ ਮਨੁੱਖਾਂ ਜਿਹੀ ਜਾਪਣ ਲੱਗ ਪਈ। ਇੱਥੋਂ ਤੱਕ ਕਿ ਮੇਰਾ ਭਾਰ ਵੱਧਣ ਲੱਗ ਪਿਆ।
“ਦੋ ਕੁ ਹਫ਼ਤੇ ਮੈਂ ਮੇਜਰ ਨੂੰ ਪੋਸਟਡਾਮ ਤੋਂ ਬਰਲਿਨ ਲਿਜਾਂਦਾ ਲਿਔਂਦਾ ਰਿਹਾ, ਫਿਰ ਉਹਨੂੰ ਲੜਾਈ ਦੇ ਇਲਾਕੇ ਵਿੱਚ ਫ਼ੌਜਾਂ ਲਈ ਮੋਰਚੇ ਬਣਾਉਣ ਭੇਜ ਦਿੱਤਾ ਗਿਆ।ਤੇ ਫਿਰ ਮੈਨੂੰ ਨੀਂਦ ਭੁੱਲ ਗਈ। ਸਾਰੀ ਰਾਤ ਮੈਂ ਸੋਚਦਾ ਰਹਿੰਦਾ ਆਪਣੀ ਧਿਰ ਵੱਲ ਕਿਵੇਂ ਨੱਠ ਜਾਵਾਂ, ਆਪਣੇ ਦੇਸ।
“ਅਸੀਂ ਪੋਲੋਤਸਕ ਦੇ ਸ਼ਹਿਰ ਅੱਪੜੇ। ਪਹੁ ਫੁਟਦਿਆਂ, ਦੋ ਵਰ੍ਹਿਆਂ ਵਿੱਚ ਪਹਿਲੀ ਵਾਰ ਮੈਂ ਆਪਣੇ ਤੋਪਖ਼ਾਨੇ ਦੀ ਗੂੰਜ ਸੁਣੀ, ਤੇ ਤੂੰ ਅੰਦਾਜ਼ਾ ਲਾ ਸਕਦੈਂ ਕਿ ਮੇਰਾ ਦਿਲ ਕਿਵੇਂ ਧੜਕਣ ਲੱਗ ਪਿਆ। ਲੈ, ਮਿੱਤਰਾ, ਜਦੋਂ ਮੈਂ ਪਹਿਲਾਂ ਪਹਿਲ ਇਰੀਨਾ ਨੂੰ ਰਿਝਾਉਣਾ ਸ਼ੁਰੂ ਕੀਤਾ ਤਾਂ ਵੀ ਇਹ ਇਉਂ ਨਹੀਂ ਸੀ ਧੜਕਿਆ ! ਲੜਾਈ ਪੋਲੋਤਸਕ ਤੋਂ ਚੜ੍ਹਦੇ ਵਲ ਹੋ ਰਹੀ ਸੀ, ਅਠਾਰਾਂ ਕੁ ਕਿਲੋਮੀਟਰ ਦੂਰ। ਸ਼ਹਿਰ ਵਿਚਲੇ ਜਰਮਨ ਦੁਖੀ ਸਨ ਤੇ ਘਾਬਰੇ ਹੋਏ ਤੇ ਮੇਰੇ ਢਿੱਡਲ ਨੇ ਹੋਰ ਤੇ ਹੋਰ ਪੀਣੀ ਸ਼ੁਰੂ ਕਰ ਦਿੱਤੀ। ਦਿਨੇ ਉਹ ਮੋਟਰ ਉੱਤੇ ਇੱਧਰ ਉੱਧਰ ਜਾਂਦਾ ਤੇ ਮੋਰਚੇ ਬਣਾਉਣ ਬਾਰੇ ਹਦਾਇਤਾਂ ਦੇਂਦਾ ਤੇ ਰਾਤੀਂ ਉਹ ਇੱਕਲਾ ਬਹਿ ਕੇ ਪੀਂਦਾ।ਉਹ ਤਾਂ ਫੁੱਲ ਗਿਆ ਤੇ ਉਹਦੀਆਂ ਅੱਖਾਂ ਹੇਠ ਵੱਡੇ-ਵੱਡੇ ਕਾਲੇ ਘੇਰੇ ਆ ਗਏ।
“ਸੋ ਮੈਂ ਸੋਚਿਆ ਹੋਰ ਉਡੀਕਣ ਦੀ ਲੋੜ ਨਹੀਂ, ਇਹ ਮੇਰੇ ਲਈ ਮੌਕਾ ਏ। ਤੇ ਮੈਂ ਇੱਕਲਾ ਨਹੀਂ ਨੱਠਣ ਲੱਗਾ, ਮੈਂ ਢਿਡਲ ਨੂੰ ਆਪਣੇ ਨਾਲ ਲਿਜਾਵਾਂਗਾ, ਉੱਥੇ ਉਹ ਕੰਮ ਆਵੇਗਾ !
“ਮਲਬੇ ਦੇ ਇੱਕ ਢੇਰ ਵਿੱਚੋਂ ਮੈਨੂੰ ਲੋਹੇ ਦਾ ਇੱਕ ਭਾਰਾ ਵੱਟਾ ਲੱਭਿਆ ਤੇ ਮੈਂ ਇਹਦੇ ਦੁਆਲੇ ਕੱਪੜਾ ਲਪੇਟ ਦਿੱਤਾ ਤਾਂ ਜੋ ਜਦੋਂ ਮੈਂ ਉਹਨੂੰ ਮਾਰਾਂ ਤਾਂ ਲਹੂ ਨਾ ਵਗੇ। ਮੈਂ ਥੋੜ੍ਹੀ ਜਿਹੀ ਟੈਲੀਫ਼ੋਨ ਦੀ ਤਾਰ ਸੜਕ ਦੇ ਕੰਢਿਉਂ ਚੁੱਕ ਲਈ, ਮੈਂ ਹਰ ਲੋੜੀਂਦੀ ਸ਼ੈ ਤਿਆਰ ਕਰ ਲਈ ਤੇ ਅਗਲੀ ਸੀਟ ਹੇਠ ਲੁਕਾ ਦਿੱਤੀ। ਜਰਮਨਾਂ ਤੋਂ ਵਿਦਿਆ ਹੋਣ ਤੋਂ ਦੋ ਦਿਨ ਪਹਿਲਾਂ ਇੱਕ ਸ਼ਾਮ ਮੈਂ ਪੈਟਰੋਲ ਪੰਪ ਤੋਂ ਮੁੜ ਰਿਹਾ ਸਾਂ ਤੇ ਮੈਂ ਇੱਕ Under1 ਨੂੰ ਧੁੱਤ ਲੜਖੜਾਉਂਦੇ, ਕੰਧ ਦਾ ਸਹਾਰਾ ਲੈਂਦਿਆਂ ਵੇਖਿਆ। ਮੈਂ ਗੱਡੀ ਰੋਕੀ, ਉਹਨੂੰ ਇੱਕ ਟੁੱਟੇ ਮਕਾਨ ਵਿੱਚ ਲੈ ਗਿਆ, ਉਹਦੀ ਵਰਦੀ ਉਹਦੇ ਤੋਂ ਫੰਡ ਲਈ ਤੇ ਉਹਦੀ ਟੋਪੀ ਉਹਦੇ ਸਿਰ ਤੋਂ ਲਾਹੀ। ਫਿਰ ਮੈਂ ਸਭ ਕੁੱਝ ਸੀਟ ਹੇਠ ਲੁਕਾ ਦਿੱਤਾ ਤੇ ਹੁਣ ਮੈਂ ਤਿਆਰ ਸਾਂ।
1. ਨਾਨ-ਕਮੀਸ਼ਨਡ ਅਫ਼ਸਰ।-ਅਨੁ:
"29 ਜੂਨ ਦੀ ਸਵੇਰ ਨੂੰ ਮੇਰੇ ਮੇਜਰ ਨੇ ਮੈਨੂੰ ਕਿਹਾ ਮੈਂ ਉਹਨੂੰ ਸ਼ਹਿਰੋਂ ਬਾਹਰ ਤਰੋਸਤਨੀਤਸਾ ਵੱਲ ਲੈ ਚੱਲਾਂ। ਉਹ ਉੱਥੇ ਬਣਾਏ ਜਾ ਰਹੇ ਕੁੱਝ ਮੋਰਚਿਆਂ ਦਾ ਇੰਚਾਰਜ ਸੀ। ਅਸੀਂ ਚੱਲ ਪਏ। ਮੇਜਰ ਪਿਛਲੀ ਸੀਟ ਉੱਤੇ ਬੈਠਾ ਠੌਂਕਾ ਲਾ ਰਿਹਾ ਸੀ ਤੇ ਮੈਂ ਅਗਲੀ ਸੀਟ ਉੱਤੇ ਬੈਠਾ ਸਾਂ, ਮੇਰਾ ਦਿਲ ਉੱਛਲ ਕੇ ਮੇਰੇ ਮੂੰਹ ਵਿੱਚ ਆਈਂ ਜਾ ਰਿਹਾ ਸੀ। ਮੈਂ ਤੇਜ਼ ਤੇਜ਼ ਗੱਡੀ ਚਲਾਈ ਪਰ ਸ਼ਹਿਰੋਂ ਬਾਹਰ ਆ ਕੇ ਮੈਂ ਰਫ਼ਤਾਰ ਧੀਮੀ ਕਰ ਦਿੱਤੀ, ਫਿਰ ਮੈਂ ਰੁਕ ਗਿਆ ਤੇ ਬਾਹਰ ਨਿਕਲਿਆ ਤੇ ਆਲੇ ਦੁਆਲੇ ਵੇਖਿਆ ਬਹੁਤ ਦੂਰ ਪਿੱਛੇ ਦੋ ਲਾਰੀਆਂ ਹੌਲੀ-ਹੌਲੀ ਆ ਰਹੀਆਂ ਸਨ। ਮੈਂ ਆਪਣਾ ਲੋਹੇ ਦਾ ਵੱਟਾ ਕੱਢਿਆ ਤੇ ਦਰਵਾਜ਼ਾ ਪੂਰਾ ਖੋਲ੍ਹ ਦਿੱਤਾ।ਢਿੱਡਲ ਸੀਟ ਉੱਤੇ ਨਿਸਲਿਆ ਹੋਇਆ ਸੀ, ਇਉਂ ਘੁਰਾੜੇ ਮਾਰ ਰਿਹਾ ਸੀ ਜਿਵੇਂ ਉਹਦੀ ਘਰਵਾਲੀ ਉਹਦੇ ਨਾਲ ਲੇਟੀ ਹੋਵੇ। ਸੋ,ਮੈਂ ਆਪਣੇ ਵੱਟੇ ਨਾਲ ਉਹਦੀ ਖੱਬੀ ਪੁੜਪੁੜੀ ਉੱਤੇ ਇੱਕ ਜੜੀ।ਉਹਦਾ ਸਿਰ ਉਹਦੀ ਛਾਤੀ ਉੱਤੇ ਡਿੱਗ ਪਿਆ। ਮੈਂ ਉਹਨੂੰ ਇੱਕ ਹੋਰ ਜੜੀ, ਬਸ ਪੱਕ ਕਰਨ ਲਈ, ਪਰ ਮੈਂ ਉਹਨੂੰ ਜਾਨੋਂ ਮਾਰਨਾ ਨਹੀਂ ਸਾਂ ਚਾਹੁੰਦਾ। ਮੈਂ ਉਹਨੂੰ ਉੱਧਰ ਜਿਊਂਦਾ ਲਿਜਾਣਾ ਚਾਹੁੰਦਾ ਸਾਂ। ਉਹਨੇ ਸਾਡੇ ਜਵਾਨਾਂ ਨੂੰ ਬਹੁਤ ਕੁੱਝ ਦੱਸਣ ਜੋਗਾ ਹੋਣਾ ਸੀ। ਸੋ ਮੈਂ ਉਹਦੇ ਪਿਸਤੌਲ ਦੇ ਖ਼ਾਨੇ ਵਿਚੋਂ ਉਹਦਾ ਪਿਸਤੌਲ ਕੱਢਿਆ ਤੇ ਆਪਣੀ ਜੇਬ ਵਿੱਚ ਪਾ ਲਿਆ। ਫਿਰ ਮੈਂ ਇੱਕ ਕਮਾਨੀ ਪਿੱਛਲੀ ਸੀਟ ਦੇ ਪਿੱਛੇ ਅੜਾਈ, ਟੈਲੀਫ਼ੋਨ ਦੀ ਤਾਰ ਮੇਜਰ ਦੀ ਗਰਦਨ ਦੁਆਲੇ ਵਲੀ ਤੇ ਕਮੀਨੀ ਨਾਲ ਬੰਨ੍ਹ ਦਿੱਤੀ। ਇਹ ਇਸ ਲਈ ਕਿ ਜਦੋਂ ਮੈਂ ਗੱਡੀ ਤੇਜ਼ ਚਲਾਵਾਂ ਤਾਂ ਉਹ ਇੱਕ ਪਾਸੇ ਢਿਲਕ ਨਾ ਜਾਵੇ। ਮੈਂ ਜਰਮਨ ਵਰਦੀ ਤੇ ਟੋਪੀ ਪਹਿਨ ਲਈ ਤੇ ਕਾਰ ਸਿੱਧੀ ਉਧਰ ਲੈ ਟੁਰਿਆ ਜਿੱਥੇ ਧਰਤੀ ਦਹਿਲ ਰਹੀ ਸੀ, ਜਿੱਥੇ ਲੜਾਈ ਹੋ ਰਹੀ ਸੀ।
“ਮੈਂ ਦੋ ਸੀਮਿੰਟੀ ਮੋਰਚਿਆਂ ਵਿਚਕਾਰੋਂ ਜਰਮਨਾਂ ਦੀ ਮੂਹਰਲੀ ਸਫ਼ ਪਾਰ ਕੀਤੀ। ਸਬ- ਮਸ਼ੀਨਗੰਨਾਂ ਚਲਾਉਣ ਵਾਲਿਆਂ ਦੀ ਇੱਕ ਟੋਲੀ ਭੁੜਕ ਕੇ ਇੱਕ ਭੋਂ ਹੇਠਲੇ ਮੋਰਚੇ ਵਿੱਚੋਂ ਨਿੱਕਲੀ ਤੇ ਮੈਂ ਜਾਣ ਕੇ ਧੀਮਾ ਹੋ ਗਿਆ ਤਾਂ ਜੋ ਉਹ ਵੇਖ ਲੈਣ ਕਿ ਮੇਰੇ ਨਾਲ ਇੱਕ ਮੇਜਰ ਸੀ।ਉਹਨਾਂ ਖੱਪ ਪਾਉਣੀ ਤੇ ਆਪਣੇ ਹੱਥ ਹਿਲਾਉਣੇ ਸ਼ੁਰੂ ਕਰ ਦਿੱਤੇ ਤਾਂ ਜੋ ਮੈਨੂੰ ਵਿਖਾ ਸਕਣ ਕਿ ਮੈਂ ਅੱਗੇ ਨਹੀਂ ਜਾਣਾ, ਪਰ ਮੈਂ ਨਾ ਸਮਝਣ ਦਾ ਪੱਜ ਬਣਾਇਆ ਤੇ ਅੱਸੀਆਂ ਦੀ ਰਫ਼ਤਾਰ ਤੇ ਗਰਜਦਾ ਗਿਆ।ਉਹਨਾਂ ਦੇ ਇਹ ਸਮਝਣ ਤੋਂ ਪਹਿਲੋਂ ਕਿ ਕੀ ਹੋ ਰਿਹਾ ਹੈ। ਮੈਂ ਮੋਰਚਿਆਂ ਦੇ ਵਿਚਕਾਰਲੀ ਥਾਂ ਅੱਪੜ ਗਿਆ ਸਾਂ ਤੇ ਗੋਲੇ ਫੁੱਟਣ ਕਾਰਨ ਪਏ ਟੋਇਆਂ ਦੁਆਲੇ ਕਿਸੇ ਖ਼ਰਗੋਸ਼ ਨਾਲੋਂ ਘੱਟ ਚੁਸਤੀ ਨਾਲ ਵਲੇਵੇਂ ਨਹੀਂ ਸਾਂ ਕੱਟ ਰਿਹਾ।
"ਜਰਮਨ ਪਿੱਛੋਂ ਗੋਲੀ ਚਲਾ ਰਹੇ ਸਨ, ਫਿਰ ਸਾਡੇ ਆਪਣੇ ਬਹੁਤ ਗੁੱਸੇ ਵਿੱਚ ਆ ਗਏ ਤੇ ਉਹਨਾਂ ਸਾਹਮਣਿਉਂ ਮੇਰੇ ਉੱਤੇ ਦੋ ਹੱਥ ਮਾਰੇ। ਉਹਨਾਂ ਸਾਹਮਣੇ ਦੇ ਸ਼ੀਸ਼ੇ ਵਿੱਚੋਂ ਚਾਰ ਗੋਲੀਆਂ ਲੰਘਾ ਦਿੱਤੀਆਂ ਤੇ ਰੇਡੀਏਟਰ ਨੂੰ ਛੇਕੋ ਛੇਕ ਕਰ ਦਿੱਤਾ। ਪਰ ਮੈਂ ਨੇੜੇ ਹੀ ਇੱਕ ਛੰਭ ਕੋਲ ਇੱਕ ਨਿੱਕਾ ਜੰਗਲ ਵੇਖਿਆ ਤੇ ਕੁੱਝ ਆਪਣੇ ਜਵਾਨ ਕਾਰ ਵੱਲ ਨੱਠਦੇ ਆਉਂਦੇ ਵੇਖੇ, ਸੋ ਮੈਂ ਕਾਰ ਜੰਗਲ ਵਿੱਚ ਲੈ ਗਿਆ ਤੇ ਬਾਹਰ ਨਿਕਲਿਆ। ਫਿਰ ਮੈਂ ਭੋਂ ਉੱਤੇ ਡਿੱਗ ਪਿਆ ਤੇ ਇਹਨੂੰ ਚੁੰਮਿਆ।
“ਇੱਕ ਜਵਾਨ, ਜਿਸ ਦੀ ਕੁੜਤੀ ਉੱਤੇ ਖ਼ਾਕੀ ਕੰਨ੍ਹ-ਪੱਟੀਆਂ ਸਨ, ਜਿਹੜੀਆਂ ਮੈਂ ਪਹਿਲਾਂ ਕਦੀ ਨਹੀਂ ਸਨ ਵੇਖੀਆਂ ਸਭ ਤੋਂ ਪਹਿਲਾਂ ਮੇਰੇ ਤੱਕ ਅੱਪੜਿਆ ਤੇ ਕਹਿਣ ਲੱਗਾ: ‘ਅਹਾ, ਸਾਲੇ ਗੰਦੇ ਫ਼ਰਿਟਜ਼, ਰਾਹ ਭੁਲ ਗਿਐ, ਹੈਂ ?' ਮੈਂ ਆਪਣੀ ਜਰਮਨ ਕੁੜਤੀ ਲਾਹੀ, ਜਰਮਨ ਟੋਪੀ ਆਪਣੇ ਪੈਰਾਂ ਵਿੱਚ ਸੁੱਟੀ ਤੇ ਉਹਨੂੰ ਕਿਹਾ: ‘ਉਏ ਮੇਰੇ ਸੋਹਣੇ ਜਵਾਨ ! ਮੇਰੇ ਰਾਜੇ ਬੇਟੇ ! ਮੈਂ ਫ਼ਰਿਟਜ਼ ਨਹੀਂ ਹਾਂ, ਮੈਂ ਵੋਰੋਨੇਜ਼ ਵਿੱਚ ਜੰਮਿਆਂ ਪਲਿਆ ! ਮੈਂ ਜੰਗੀ ਕੈਦੀ ਸਾਂ, ਸਮਝਿਐਂ ? ਤੇ ਹੁਣ ਕਾਰ ਵਿੱਚ ਬੈਠੇ ਉਸ ਮੋਟੇ ਸੂਰ ਨੂੰ ਖੋਹਲੋ, ਉਹਦਾ ਥੈਲਾ ਸਾਂਭ ਲਓ ਤੇ ਮੈਨੂੰ ਆਪਣੇ ਕਮਾਂਡਰ ਕੋਲ ਲੈ ਚੱਲੋ। ਮੈਂ ਆਪਣਾ ਪਿਸਤੌਲ ਉਹਦੇ ਹਵਾਲੇ ਕਰ ਦਿੱਤਾ ਤੇ ਹੱਥੋਂ ਹੱਥ ਲੰਘਦਾ ਅਖ਼ੀਰ ਸ਼ਾਮ ਨੂੰ ਡਵੀਯਨ ਦੀ ਕਮਾਨ ਕਰਨ ਵਾਲੇ ਕਰਨਲ ਸਾਹਮਣੇ ਪੇਸ਼ ਹੋਇਆ। ਉਦੋਂ ਤੱਕ ਮੈਨੂੰ ਖਾਣਾ ਖੁਆਇਆ ਤੇ ਹਮਾਮ ਲਿਜਾਇਆ ਗਿਆ ਸੀ ਤੇ ਪੁੱਛ ਪੜਤਾਲ ਕੀਤੀ ਗਈ ਸੀ ਤੇ ਨਵੀਂ ਯੂਨੀਫ਼ਾਰਮ ਦਿੱਤੀ ਗਈ ਸੀ, ਸੋ ਮੈਂ ਬਿਲਕੁਲ ਠੀਕ ਠਾਕ ਹਾਲਤ ਵਿੱਚ ਕਰਨਲ ਦੇ ਭੋਰੇ ਵਿੱਚ ਗਿਆ, ਰੂਹ ਤੇ ਦੇਹ ਵਿੱਚ ਸਾਫ਼ ਤੇ ਠੀਕ ਤਰ੍ਹਾਂ ਕੱਪੜੇ ਪਹਿਨਕੇ। ਕਰਨਲ ਆਪਣੇ ਮੇਜ਼ ਤੋਂ ਉਠਿਆ ਤੇ ਮੇਰੇ ਕੋਲ ਆਇਆ ਤੇ ਉਥੇ ਖੜੇ ਸਾਰੇ ਅਫ਼ਸਰਾਂ ਦੇ ਸਾਹਮਣੇ ਮੈਨੂੰ ਚੁੰਮਿਆਂ ਤੇ ਕਿਹਾ: ‘ਜਵਾਨ, ਤੂੰ ਜਿਹੜੀ ਇੰਨੀ ਸੋਹਣੀ ਸੁਗ਼ਾਤ ਲਿਆਇਐਂ ਉਹਦੇ ਲਈ ਧੰਨਵਾਦ।ਤੇਰੇ ਮੇਜਰ ਤੇ ਉਹਦੇ ਥੈਲੇ ਨੇ ਸਾਨੂੰ ਜੋ ਕੁੱਝ ਦੱਸਿਐ ਜੇ ਅਸੀਂ ਮੋਰਚੇ ਤੇ ਵੀਹ ਬੰਦੇ ਵੀ ਫੜ ਲੈਂਦੇ ਤਾਂ ਇੰਨਾ ਪਤਾ ਨਾ ਚੱਲਦਾ। ਮੈਂ ਤੇਰੀ ਤਮਗੇ ਲਈ ਸਿਫ਼ਾਰਸ਼ ਕਰਾਂਗਾ'।ਉਹਨੇ ਜਿਹੜੀ ਗੱਲ ਕਹੀ ਸੀ ਤੇ ਉਹਨੇ ਜਿਹੜਾ ਹੇਜ ਵਿਖਾਇਆ, ਉਹਨੇ ਮੇਰੇ ਤੇ ਇੰਨਾ ਅਸਰ ਕੀਤਾ ਕਿ ਮੈਂ ਆਪਣੇ ਬੁਲ੍ਹ ਫਰਕਣੋ ਨਾ ਰੋਕ ਸਕਿਆ ਤੇ ਬਸ ਮੈਂ ਇੰਨਾ ਹੀ ਕਹਿ ਸਕਿਆ: ‘ਸਾਥੀ ਕਰਨੈਲ, ਮੇਰੀ ਅਰਜ਼ ਏ ਮੈਨੂੰ ਕਿਸੇ ਪੈਦਲ ਦਸਤੇ ਵਿੱਚ ਭਰਤੀ ਕਰ ਲਓ।
“ਪਰ ਕਰਨੈਲ ਹੱਸਿਆ ਤੇ ਮੇਰੇ ਮੋਢੇ ਉੱਤੇ ਥਾਪੀ ਦਿੱਤੀ।‘ਤੂੰ ਕਿਹੋ ਜਿਹਾ ਫ਼ੌਜੀ ਬਣੇਂਗਾ, ਜਦੋਂ ਤੇਰੇ ਕੋਲੋਂ ਖੜਾ ਤਾਂ ਹੋਇਆ ਨਹੀਂ ਜਾਂਦਾ ? ਮੈਂ ਤੈਨੂੰ ਸਿੱਧਾ ਹਸਪਤਾਲ ਭੇਜ ਰਿਹਾਂ। ਉਥੇ ਉਹ ਤੇਰੀ ਮੁਰੰਮਤ ਕਰ ਦੇਣਗੇ ਤੇ ਤੇਰੇ ਅੰਦਰ ਕੁੱਝ ਖ਼ੁਰਾਕ ਪਾਉਣਗੇ, ਫਿਰ ਤੂੰ ਇੱਕ ਮਹੀਨੇ ਦੀ ਛੁੱਟੀ ਲੈ ਆਪਣੇ ਟੱਬਰ ਨੂੰ ਮਿਲਣ ਜਾਈਂ, ਤੇ ਜਦੋਂ ਤੂੰ ਮੁੜ ਕੇ ਆਵੇਂਗਾ, ਤਾਂ ਅਸੀਂ ਸੋਚਾਂਗੇ ਤੈਨੂੰ ਕਿਥੇ ਰੱਖੀਏ।'
“ਕਰਨਲ ਨੇ ਤੇ ਉਹਦੇ ਨਾਲ ਭੋਰੇ ਵਿੱਚ ਮੌਜੂਦ ਸਾਰੇ ਅਫ਼ਸਰਾਂ ਨੇ ਮੇਰੇ ਨਾਲ ਹੱਥ ਮਿਲਾਏ ਤੇ ਮੈਨੂੰ ਵਿਦਿਆ ਕੀਤਾ ਤੇ ਮੈਂ ਬਾਹਰ ਆਇਆ ਤਾਂ ਮੇਰਾ ਸਿਰ ਚਕਰਾ ਰਿਹਾ ਸੀ ਕਿਉਂਕਿ ਦੋ ਵਰ੍ਹਿਆਂ ਵਿੱਚ ਮੈਨੂੰ ਇਹ ਭੁੱਲ ਹੀ ਗਿਆ ਸੀ ਕਿ ਮਨੁੱਖ ਵਾਂਗ ਵਰਤਿਆ ਜਾਣਾ ਕੀ ਹੁੰਦੈ।ਤੇ, ਮਿੱਤਰਾ, ਪਤਾ ਈ, ਬੜਾ ਚਿਰ ਪਿੱਛੋਂ ਹੀ ਮੇਰੀ ਅਫ਼ਸਰਾਂ ਨਾਲ ਗੱਲ ਕਰਦੇ ਹੋਏ ਆਪਣਾ ਸਿਰ ਮੋਢਿਆਂ ਵਿੱਚ ਨਿਵਾ ਲੈਣ ਦੀ ਆਦਤ ਹੱਟੀ, ਕਿਉਂਕਿ ਮੈਨੂੰ ਅਜੇ ਵੀ ਕੁੱਟ ਪੈਣ ਦਾ ਡਰ ਰਹਿੰਦਾ । ਨਾਜ਼ੀ ਕੈਂਪਾਂ ਵਿੱਚ ਸਾਨੂੰ ਅਜਿਹੀ ਸਿਖਲਾਈ ਮਿਲੀ।
“ਜਿਉਂ ਹੀ ਮੈਂ ਹਸਪਤਾਲ ਅੱਪੜਿਆ, ਮੈਂ ਇਰੀਨਾ ਨੂੰ ਖ਼ਤ ਲਿਖਿਆ। ਮੈਂ ਉਹਨੂੰ ਦੱਸਿਆ ਕਿਵੇਂ ਮੈਂ ਜੰਗੀ ਕੈਦੀ ਬਣ ਗਿਆ ਸਾਂ ਤੇ ਕਿਵੇਂ ਮੈਂ ਇੱਕ ਜਰਮਨ ਮੇਜਰ ਨੂੰ ਫੜ ਕੇ ਨੱਠ ਆਇਆ ਸਾਂ। ਮੈਂ ਕਿਸੇ ਬੱਚੇ ਵਾਂਗ ਫੜ ਕਿਉਂ ਮਾਰੀ, ਮੈਂ ਤੈਨੂੰ ਦੱਸ ਨਹੀਂ ਸਕਦਾ। ਲੈ, ਮੈਂ ਤਾਂ ਇਹ ਵੀ ਕਹਿਣੋ ਨਾ ਰਹਿ ਸਕਿਆ ਕਿ ਕਰਨਲ ਨੇ ਤਮਗ਼ੇ ਲਈ ਮੇਰੀ ਸਿਫਾਰਸ਼ ਕਰਨ ਦਾ ਇਕਰਾਰ ਕੀਤੈ।...
“ਦੋ ਹਫ਼ਤੇ ਮੈਂ ਬਸ ਸੌਂਦਾ ਤੇ ਖਾਂਦਾ ਰਿਹਾ।ਉਹ ਮੈਨੂੰ ਥੋੜ੍ਹਾ-ਥੋੜ੍ਹਾ, ਪਰ ਅਕਸਰ ਖਾਣ ਲਈ ਦੇਂਦੇ ਡਾਕਟਰ ਨੇ ਕਿਹਾ ਕਿ ਜੇ ਉਹ ਮੈਨੂੰ ਓਨਾ ਖਾਣਾ ਦੇਂਦੇ ਜਿੰਨਾ ਮੈਂ ਖਾਣਾ ਚਾਹੁੰਦਾ ਸਾਂ ਤਾਂ ਮੇਰੀ ਮੌਤ ਹੀ ਹੋ ਜਾਂਦੀ। ਪਰ ਜਦੋਂ ਦੋ ਹਫ਼ਤੇ ਲੰਘ ਗਏ ਤਾਂ ਮੇਰਾ ਖਾਣੇ ਵੱਲ ਵੇਖਣ ਨੂੰ ਜੀਅ ਹੀ ਨਾ ਕਰੇ। ਘਰੋਂ ਕੋਈ ਜਵਾਬ ਨਹੀਂ ਸੀ ਆਇਆ ਤੇ, ਮੈਂ ਮੰਨਦਾਂ, ਮੈਂ ਉਦਾਸ ਰਹਿਣ ਲੱਗ ਪਿਆ।ਖਾਣ ਨੂੰ ਜੀਅ ਨਾ ਕਰੇ, ਨੀਂਦ ਮੇਰੇ ਨੇੜੇ ਨਾ ਆਵੇ ਤੇ ਹਰ ਤਰ੍ਹਾਂ ਦੇ ਭੈੜੇ ਖ਼ਿਆਲ ਮੇਰੇ ਮਨ ਵਿੱਚ ਚੱਕਰ ਕੱਟਦੇ ਰਹਿਣ। ਤੀਜੇ ਹਫ਼ਤੇ ਮੈਨੂੰ ਵੋਰੋਨੇਜ਼ ਤੋਂ ਖ਼ਤ ਆਇਆ। ਪਰ ਇਹ ਇਰੀਨਾ ਦਾ ਨਹੀਂ ਸੀ, ਇਹ ਮੇਰੇ ਇੱਕ ਗੁਆਂਢੀ ਦਾ ਸੀ। ਇੱਕ ਖਾਤੀ ਵੱਲੋਂ ਸੀ। ਰੱਬ ਨਾ ਕਰੇ ਕਿਸੇ ਨੂੰ ਅਜਿਹਾ ਖ਼ਤ ਮਿਲੇ। ਉਹਨੇ ਲਿਖਿਆ ਕਿ ਜਰਮਨਾਂ ਨੇ ਹਵਾਈ ਜਹਾਜ਼ਾਂ ਦੇ ਕਾਰਖ਼ਾਨੇ ਉੱਤੇ ਬੰਬਾਰੀ ਕੀਤੀ ਸੀ ਤੇ ਮੇਰੇ ਘਰ ਉੱਤੇ ਇੱਕ ਭਾਰਾ ਬੰਬ ਸਿੱਧਾ ਡਿੱਗਾ ਸੀ।ਜਿਸ ਸਮੇਂ ਬੰਬ ਡਿੱਗਾ ਇਰੀਨਾ ਤੇ ਕੁੜੀਆਂ ਘਰੇ ਸਨ।... ਜਿੱਥੇ ਮਕਾਨ ਸੀ, ਉੱਥੇ ਇੱਕ ਡੂੰਘੇ ਟੋਏ ਤੋਂ ਬਿਨਾਂ ਕੁੱਝ ਨਹੀਂ ਸੀ ਰਹਿ ਗਿਆ।...ਪਹਿਲਾਂ ਤਾਂ ਮੈਂ ਖ਼ਤ ਪੜ੍ਹ ਹੀ ਨਾ ਸਕਿਆ।ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਮੇਰਾ ਦਿਲ ਸੁਕੜ ਕੇ ਨਿੱਕਾ ਜਿਹਾ ਗੋਲਾ ਬਣ ਗਿਆ ਤੇ ਮੈਂ ਸੋਚਿਆ ਕਿ ਹੁਣ ਇਹ ਕਦੀ ਖੁੱਲ੍ਹਣ ਹੀ ਨਹੀਂ ਲੱਗਾ। ਮੈਂ ਬਿਸਤਰੇ ਉੱਤੇ ਲੇਟ ਗਿਆ ਤੇ ਜਦੋਂ ਕੁੱਝ ਜਾਨ ਪਈ ਤਾਂ ਖ਼ਤ ਅਖ਼ੀਰ ਤੱਕ ਪੜ੍ਹਿਆ। ਮੇਰੇ ਗੁਆਂਢੀ ਨੇ ਲਿਖਿਆ ਸੀ ਕਿ ਬੰਬ ਪੈਣ ਸਮੇਂ ਅਨਾਤੋਲੀ ਸ਼ਹਿਰ ਗਿਆ ਹੋਇਆ ਸੀ। ਉਹ ਸ਼ਾਮੀਂ ਮੁੜਿਆ, ਉਹਨੇ ਉਸ ਟੋਏ ਤੇ ਇੱਕ ਨਿਗਾਹ ਮਾਰੀ ਜਿਹੜਾ ਉਸ ਥਾਂ ਸੀ ਜਿੱਥੇ ਪਹਿਲਾਂ ਮਕਾਨ ਹੁੰਦਾ ਸੀ ਤੇ ਉਸੇ ਰਾਤ ਸ਼ਹਿਰ ਮੁੜ ਗਿਆ। ਜਾਣ ਤੋਂ ਪਹਿਲਾਂ ਮੇਰੇ ਗੁਆਂਢੀ ਨੂੰ ਉਹਨੇ ਇੰਨਾ ਹੀ ਕਿਹਾ ਕਿ ਉਹ ਮੋਰਚੇ ਲਈ ਭਰਤੀ ਹੋਣ ਸ਼ਹਿਰ ਚੱਲਿਐ।
“ਜਦੋਂ ਮੇਰੇ ਦਿਲ ਤੋਂ ਭਾਰ ਕੁੱਝ ਹੌਲਾ ਹੋਇਆ ਤੇ ਖ਼ੂਨ ਨੱਠਦਾ ਹੋਇਆ ਮੇਰੇ ਕੰਨਾਂ ਤੱਕ ਆਇਆ ਤਾਂ ਮੈਨੂੰ ਚੇਤੇ ਆਇਆ ਕਿ ਜਦੋਂ ਅਸੀਂ ਸਟੇਸ਼ਨ ਉੱਤੇ ਵੱਖ ਹੋਏ ਸਾਂ ਤਾਂ ਇਰੀਨਾ ਕਿਵੇਂ ਮੈਨੂੰ ਚੰਬੜੀ ਰਹੀ ਸੀ। ਉਹਦੇ ਤੀਵੀਂ ਦੇ ਦਿਲ ਨੂੰ ਸਾਰਾ ਸਮਾਂ ਪਤਾ ਹੋਣੈ ਕਿ ਅਸਾਂ ਇਸ ਦੁਨੀਆਂ ਵਿੱਚ ਮੁੜ ਨਹੀਂ ਮਿਲਣਾ। ਤੇ ਮੈਂ ਉਹਨੂੰ ਧੱਕਾ ਦੇ ਦਿੱਤਾ ਸੀ।...ਇੱਕ ਸਮਾਂ ਸੀ ਜਦੋਂ ਮੇਰਾ ਟੱਬਰ ਸੀ, ਮੇਰਾ ਆਪਣਾ ਘਰ ਸੀ, ਇਹਨੂੰ ਉਸਾਰਨ ਵਿੱਚ ਕਦੀ ਵਰ੍ਹੇ ਲੱਗੇ ਸਨ ਤੇ ਇਹ ਅੱਖ ਦੇ ਫੋਰ ਵਿੱਚ ਤਬਾਹ ਹੋ ਗਿਆ ਸੀ ਤੇ ਮੈਂ ਹੁਣ ਇੱਕਲਾ ਰਹਿ ਗਿਆ ਸਾਂ। ਮੈਂ ਸੋਚਿਆ ਇਹ ਜ਼ਰੂਰ ਹੀ ਸੁਪਨਾ ਹੋਣੈ, ਇਹ ਮੇਰੀ ਮਰੂੰਡੀ ਜ਼ਿੰਦਗੀ।ਕਿਉਂ, ਜਦੋਂ ਮੈਂ ਕੈਦੀ ਸਾਂ, ਲੱਗਭਗ ਹਰ ਰਾਤ, ਭਾਵੇਂ ਆਪਣੇ ਮਨ ਵਿੱਚ ਹੀ ਸਹੀ, ਮੈਂ ਇਰੀਨਾ ਤੇ ਬੱਚਿਆਂ ਨਾਲ ਗੱਲਾਂ ਕਰਦਾ, ਉਹਨਾਂ ਦਾ ਹੌਸਲਾ ਵਧਾਉਣ ਦਾ ਯਤਨ ਕਰਦਾ, ਉਹਨਾਂ ਨਾਲ ਇਹ ਇਕਰਾਰ ਕਰਕੇ ਕਿ ਮੈਂ ਘਰ ਮੁੜ ਆਵਾਂਗਾ, ਤੇ ਉਹ ਰੋਣ ਨਹੀਂ।ਮੈਂ ਕਰੜਾ ਆਂ, ਮੈਂ ਕਿਹਾ, ਮੈਂ ਇਹ ਸਹਾਰ ਸਕਦਾਂ, ਅਸੀਂ ਇੱਕ ਦਿਨ ਫਿਰ ਇੱਕਠੇ ਹੋਵਾਂਗੇ। ਦੋ ਸਾਲ ਮੈਂ ਮੁਰਦਿਆਂ ਨਾਲ ਗੱਲਾਂ ਕਰਦਾ ਰਿਹਾ ਸਾਂ!”
ਉਹ ਵੱਡਾ ਸਾਰਾ ਬੰਦਾ ਚੁੱਪ ਕਰ ਗਿਆ। ਜਦੋਂ ਉਹ ਫਿਰ ਬੋਲਿਆ ਤਾਂ ਉਹਦੀ ਆਵਾਜ਼ ਕੰਬ ਰਹੀ ਸੀ।
“ਚੱਲ, ਮਿੱਤਰਾ, ਦੋ ਸੂਟੇ ਨਾ ਲਈਏ, ਮੈਨੂੰ ਇੰਞ ਜਾਪਦੈ ਜਿਵੇਂ ਮੇਰਾ ਗਲਾ ਘੁੱਟਿਆ ਜਾ ਰਿਹਾ ਹੋਵੇ।”
ਅਸਾਂ ਸਿਗਰਟਾਂ ਲਾ ਲਈਆਂ। ਹੜ੍ਹੇ ਜੰਗਲ ਵਿੱਚ ਚੱਕੀਰਾਹੇ ਦੀ ਆਵਾਜ਼ ਬੜੀ ਉੱਚੀ ਆ ਰਹੀ ਸੀ।ਨਿੱਘੀ ਸਮੀਰ ਅਜੇ ਵੀ ਆਲਡਰ ਦੇ ਸੁੱਕੇ ਫੁੱਲਾਂ ਦੇ ਗੁੱਛਿਆਂ ਨੂੰ ਹਿਲਾ ਰਹੀ ਸੀ, ਬਦਲ ਅਜੇ ਵੀ ਉੱਚੇ ਨੀਲੇ ਆਕਾਸ਼ ਵਿੱਚ ਤੈਰ ਰਹੇ ਸਨ, ਜਿਵੇਂ ਤਣੇ ਪਾਲਾਂ ਹੇਠ ਹੋਣ, ਪਰ ਉਹਨਾਂ ਮਿੰਟਾਂ ਵਿੱਚ ਬਸੰਤ ਦੀ ਮਹਾਨ ਪੂਰਨਤਾ ਲਈ ਤਿਆਰੀ ਕਰਦੀ, ਜਿਊਂਦੀ ਜ਼ਿੰਦਗੀ ਦੇ ਸਦੀਵੀ ਦ੍ਰਿੜ੍ਹਾਉਣ ਲਈ ਤਿਆਰੀ ਕਰਦੀ ਇਹ ਅਸੀਮ ਦੁਨੀਆਂ, ਮੈਨੂੰ ਉੱਕਾ ਹੀ ਵਖਰੀ ਜਾਪਦੀ।
ਚੁੱਪ ਰਹਿਣਾ ਬਹੁਤ ਸੰਤਾਪਣ ਵਾਲੀ ਗੱਲ ਸੀ ਤੇ ਮੈਂ ਪੁਛਿਆ:
“ਫਿਰ ਕੀ ਹੋਇਆ ? ”
“ਫਿਰ ਕੀ ਹੋਇਆ ? ” ਬ੍ਰਿਤਾਂਤ ਦੱਸਣ ਵਾਲੇ ਨੇ ਅਰੁਚੀ ਨਾਲ ਹੁੰਗਾਰਾ ਭਰਿਆ। “ਫਿਰ ਮੈਂ ਕਰਨਲ ਤੋਂ ਇੱਕ ਮਹੀਨੇ ਦੀ ਛੁੱਟੀ ਲਈ ਤੇ ਇੱਕ ਹਫ਼ਤਾ ਪਿੱਛੋਂ ਮੈਂ ਵੋਰੋਨੇਜ਼ ਅੱਪੜ ਗਿਆ।ਮੈਂ ਪੈਦਲ ਉਸ ਥਾਂ ਗਿਆ ਜਿੱਥੇ ਮੈਂ ਆਪਣੇ ਟੱਬਰ ਨਾਲ ਰਹਿੰਦਾ ਸਾਂ। ਉੱਥੇ ਗੰਧਲੇ ਪਾਣੀ ਦਾ ਭਰਿਆ ਇੱਕ ਡੂੰਘਾ ਟੋਆ ਸੀ। ਸਾਰੇ ਪਾਸੇ ਉੱਗਿਆ ਝਾੜ ਬੂਟ ਲਕ-ਲਕ ਉੱਚਾ ਸੀ।ਉਹ ਥਾਂ ਕਬਰਿਸਤਾਨ ਵਾਂਗ ਸੱਖਣੀ ਤੇ ਚੁੱਪ ਸੀ। ਮਿੱਤਰਾ, ਉਦੋਂ ਮੇਰਾ ਹਾਲ ਬਹੁਤ ਬੁਰਾ ਹੋਇਆ, ਤੈਨੂੰ ਸੱਚ ਦਸਾਂ ! ਮੈਂ ਗ਼ਮ ਦਾ ਮਾਰਿਆ ਉੱਥੇ ਖੜਾ ਸਾਂ, ਫਿਰ ਮੈਂ ਸਟੇਸ਼ਨ ਵੱਲ ਮੁੜ ਗਿਆ।ਮੈਂ ਕੁੱਲ ਮਿਲਾਕੇ ਉੱਥੇ ਇੱਕ ਘੰਟੇ ਤੋਂ ਵੱਧ ਨਾ ਰਿਹਾ। ਮੈਂ ਉਸੇ ਦਿਨ ਡਵੀਯਨ ਵਿੱਚ ਮੁੜ ਗਿਆ।
“ਪਰ ਤਿੰਨ ਕੁ ਮਹੀਨੇ ਪਿੱਛੋਂ ਮੈਨੂੰ ਖੁਸ਼ੀ ਦਾ ਇੱਕ ਝਲਕਾਰਾ ਮਿਲਿਆ, ਬੱਦਲਾਂ ਵਿੱਚੋਂ ਆਈ ਸੂਰਜ ਦੀ ਕਿਰਨ ਵਾਂਗ। ਮੈਨੂੰ ਅਨਾਤੋਲੀ ਦੀ ਖ਼ਬਰ ਮਿਲ ਗਈ। ਉਹਨੇ ਮੈਨੂੰ ਇੱਕ ਹੋਰ ਮੋਰਚੇ ਤੋਂ ਖ਼ਤ ਲਿਖਿਆ।ਉਹਨੇ ਮੇਰੇ ਉਸ ਗੁਆਂਢੀ ਤੋਂ ਮੇਰਾ ਪਤਾ ਲੈ ਲਿਆ ਸੀ।ਪਤਾ ਲੱਗਾ ਕਿ ਮੁੱਢ ਵਿੱਚ ਉਹ ਤੋਪਖ਼ਾਨੇ ਦੇ ਇੱਕ ਸਕੂਲ ਗਿਆ ਸੀ ਹਿਸਾਬ ਦੀ ਉਹਦੀ ਲਿਆਕਤ ਉਹਦੇ ਕੰਮ ਆਈ ਸੀ। ਸਾਲ ਪਿਛੋਂ ਉਹਨੇ ਬੜੇ ਚੰਗੇ ਨੰਬਰ ਲੈ ਕੇ ਇਮਤਿਹਾਨ ਪਾਸ ਕੀਤਾ ਤੇ ਮੋਰਚੇ ਤੇ ਚਲਾ ਗਿਆ ਤੇ ਹੁਣ ਉਹਨੇ ਲਿਖਿਆ ਸੀ ਕਿ ਉਹਨੂੰ ਤਰੱਕੀ ਦੇ ਕੇ ਕਪਤਾਨ ਬਣਾ ਦਿੱਤਾ ਗਿਐ, ਉਹ “ਪੰਜਤਾਲੀਆਂ"1 ਦੀ ਇੱਕ ਬਾਹਤਰੀ ਦਾ ਕਮਾਂਡਰ ਸੀ, ਤੇ ਉਹਨੂੰ ਛੇ ਤਮਗੇ ਮਿਲ ਚੁੱਕੇ ਸਨ। ਮੁੱਕਦੀ ਗੱਲ ਉਹ ਆਪਣੇ ਬੁੱਢੇ ਪਿਉ ਨੂੰ ਬਹੁਤ ਪਿੱਛੇ ਛੱਡ ਗਿਆ ਸੀ।ਤੇ ਮੈਂ ਸੱਚਮੁੱਚ ਉਹਦੇ ਤੇ ਮਾਣ ਕਰਦਾ ਸਾਂ। ਭਾਵੇਂ ਕੁੱਝ ਕਹੋ, ਪਰ ਮੇਰਾ ਆਪਣਾ ਪੁੱਤਰ ਕਪਤਾਨ ਸੀ ਤੇ ਇੱਕ ਬਾਹਤਰੀ ਦੀ ਕਮਾਨ ਕਰ ਰਿਹਾ ਸੀ। ਇਹ ਗੱਲ ਕੁੱਝ ਹੈ ਸੀ ! ਤੇ ਉਹ ਸਾਰੇ ਤਮਗੇ ਵੀ।ਇਹਦੇ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ ਕਿ ਉਹਦਾ ਪਿਉ ਸਟੁਡੀਬੇਕਰ ਵਿੱਚ ਗੋਲੇ ਤੇ ਹੋਰ ਸਾਮਾਨ ਇੱਧਰ ਉੱਧਰ ਲਿਜਾ ਰਿਹਾ ਸੀ। ਉਹਦੇ ਅੱਬਾ ਦਾ ਸਮਾਂ ਵਿਹਾ ਚੁੱਕਾ ਸੀ, ਪਰ ਉਹਦੇ ਲਈ, ਇੱਕ ਕਪਤਾਨ ਲਈ, ਸਭ ਕੁੱਝ ਅਜੇ ਭਵਿੱਖ ਵਿੱਚ ਸੀ ।
1. ਪੰਜਤਾਲੀ ਮਿਲੀਮੀਟਰ ਮੂੰਹ ਵਾਲ਼ੀਆਂ ਤੋਪਾਂ।—ਅਨੁ:
“ਰਾਤਾਂ ਨੂੰ ਹੁਣ ਮੈਂ ਬੁੱਢਿਆਂ ਵਾਲੇ ਸੁਪਨੇ ਗੁੰਦਣੇ ਸ਼ੁਰੂ ਕਰ ਦਿੱਤੇ। ਜੰਗ ਮੁੱਕਣ ਤੇ ਮੈਂ ਆਪਣੇ ਪੁੱਤਰ ਨੂੰ ਵਿਆਹ ਦਿਆਂਗਾ ਤੇ ਉਹਨਾਂ ਨਾਲ ਰਹਾਂਗਾ। ਮੈਂ ਕੁੱਝ ਤਰਖਾਣਾ ਕੰਮ ਕਰਾਂਗਾ ਤੇ ਬੱਚਿਆਂ ਦਾ ਧਿਆਨ ਰਖਾਂਗਾ।ਮੈਂ ਉਹ ਸਾਰੇ ਕੰਮ ਕਰਾਂਗਾ ਜਿਹੜੇ ਬੁੱਢੇ ਕਰਦੇ ਨੇ। ਪਰ ਇਹ ਸਭ ਕੁੱਝ ਵੀ ਫਟ ਹੋ ਗਿਆ।ਸਿਆਲੇ ਅਸੀਂ ਬਿਨਾਂ ਰੁੱਕੇ ਵੱਧਦੇ ਗਏ ਤੇ ਇੱਕ ਦੂਜੇ ਨੂੰ ਬਹੁਤ ਵਾਰ ਖ਼ਤ ਲਿਖਣ ਦਾ ਸਮਾਂ ਵੀ ਨਾ ਮਿਲਿਆ, ਪਰ ਜੰਗ ਮੁੱਕਣ ਦੇ ਨੇੜੇ, ਐਨ ਬਰਲਿਨ ਦੇ ਕੋਲ ਅੱਪੜ ਕੇ ਮੈਂ ਇੱਕ ਸਵੇਰ ਅਨਾਤੋਲੀ ਨੂੰ ਖ਼ਤ ਲਿਖਿਆ ਤੇ ਐਨ ਅਗਲੇ ਦਿਨ ਮੈਨੂੰ ਜਵਾਬ ਮਿਲ ਗਿਆ। ਪਤਾ ਲੱਗਾ ਕਿ ਉਹ ਤੇ ਮੈਂ ਵੱਖ ਵੱਖ ਰਾਹਾਂ ਤੋਂ ਜਰਮਨੀ ਦੀ ਰਾਜਧਾਨੀ ਅਪੜੇ ਸਾਂ ਤੇ ਹੁਣ ਇੱਕ ਦੂਜੇ ਦੇ ਬਹੁਤ ਨੇੜੇ ਸਾਂ। ਮੈਂ ਉਸ ਛਿਣ ਦੀ ਉਡੀਕ ਵਿੱਚ ਉਤਾਵਲਾ ਹੋ ਗਿਆ ਜਦੋਂ ਅਸੀਂ ਆਪੋ ਵਿੱਚ ਮਿਲਦੇ। ਸੋ, ਸਮਾਂ ਆ ਗਿਆ।... ਐਨ ਨੌ ਮਈ ਨੂੰ, ਜਿੱਤ ਦਿਵਸ ਦੀ ਸਵੇਰੇ, ਇੱਕ ਛਹਿੜ ਕੇ ਗੋਲੀ ਚਲਾਉਣ ਵਾਲੇ ਜਰਮਨ ਨੇ ਮੇਰੇ ਅਨਾਤੋਲੀ ਨੂੰ ਕਤਲ ਕਰ ਦਿੱਤਾ।
“ਤਿਪਹਿਰੇ ਕੰਪਨੀ ਕਮਾਂਡਰ ਨੇ ਮੈਨੂੰ ਬੁਲਾਇਆ। ਮੈਂ ਵੇਖਿਆ ਉਹਦੇ ਨਾਲ ਤੋਪਖ਼ਾਨੇ ਦਾ ਇੱਕ ਓਪਰਾ ਅਫ਼ਸਰ ਬੈਠਾ ਸੀ। ਮੈਂ ਕਮਰੇ ਵਿੱਚ ਗਿਆ ਤੇ ਉਹ ਇਉਂ ਖੜਾ ਹੋਇਆ ਜਿਵੇਂ ਕਿਸੇ ਆਪਣੇ ਤੋਂ ਵੱਡੇ ਅਫ਼ਸਰ ਨੂੰ ਮਿਲ ਰਿਹਾ ਹੋਵੇ। ਮੇਰੇ ਕਮਾਨ ਅਫ਼ਸਰ ਨੇ ਕਿਹਾ: ‘ਸੋਕੋਲੋਵ, ਕਰਨਲ ਤੈਨੂੰ ਮਿਲਣ ਆਇਐ,' ਤੇ ਮੂੰਹ ਬਾਰੀ ਵੱਲ ਮੋੜ ਲਿਆ।ਬਿਜਲੀ ਦੇ ਝੱਟਕੇ ਦੀ ਤੇਜ਼ੀ ਨਾਲ ਕੁੱਝ ਮੇਰੇ ਵਿਚੋਂ ਲੰਘ ਗਿਆ।ਮੈਨੂੰ ਪਤਾ ਸੀ ਮੁਸੀਬਤ ਆਉਣ ਵਾਲੀ ਏ। ਛੋਟਾ ਕਰਨਲ ਮੇਰੇ ਕੋਲ ਆਇਆ ਤੇ ਕਹਿਣ ਲੱਗਾ: ‘ਅੱਬਾ ਹੌਸਲਾ ਕਰੀਂ। ਤੇਰਾ ਪੁੱਤਰ, ਕਪਤਾਨ ਸੋਕੋਲੋਵ ਅੱਜ ਆਪਣੀ ਬਾਹਤਰੀ ਤੇ ਮਾਰਿਆ ਗਿਆ। ਚੱਲ ਮੇਰੇ ਨਾਲ।
ਮੈਂ ਝੂਲ ਗਿਆ ਪਰ ਆਪਣੇ ਪੈਰਾਂ ਉੱਤੇ ਖੜਾ ਰਿਹਾ। ਜਿਵੇਂ ਛੋਟਾ ਕਰਨਲ ਤੇ ਮੈਂ ਮਲਬਾ ਖਿੱਲਰੀਆਂ ਉਹਨਾਂ ਸੜਕਾਂ ਤੋਂ ਵੱਡੀ ਕਾਰ ਵਿੱਚ ਗਏ ਉਹ ਹੁਣ ਵੀ ਗ਼ੈਰ-ਅਸਲੀ ਜਾਪਦੈ। ਮੇਰੇ ਮਨ ਵਿੱਚ ਪਾਲ ਬਣਾ ਕੇ ਖੜੇ ਫ਼ੌਜੀਆਂ ਕੋਲ ਮਖ਼ਮਲ ਨਾਲ ਕੱਜੇ ਤਾਬੂਤ ਦੀ ਧੁੰਦਲੀ ਜਿਹੀ ਯਾਦ ਏ । ਪਰ ਆਪਣੇ ਅਨਾਤੋਲੀ ਨੂੰ ਮੈਂ ਇਉਂ ਸਾਫ਼ ਤਰ੍ਹਾਂ ਵੇਖਿਆ, ਮਿੱਤਰਾ, ਜਿਵੇਂ ਮੈਂ ਤੈਨੂੰ ਵੇਖ ਸਕਦਾਂ। ਮੈਂ ਤਾਬੂਤ ਤੱਕ ਗਿਆ ਹਾਂ, ਉੱਥੇ ਮੇਰਾ ਪੁੱਤਰ ਹੀ ਲੇਟਿਆ ਹੋਇਆ ਸੀ, ਤੇ ਨਹੀਂ ਵੀ ਸੀ। ਮੇਰਾ ਪੁੱਤਰ ਤਾਂ ਮੁੰਡਾ ਸੀ, ਸਦਾ ਹੰਸੂ-ਹੰਸੂ ਕਰਦਾ, ਤੰਗ ਮੋਢਿਆਂ ਵਾਲਾ ਜਿਸਦੀ ਤਿੱਖੀ ਘੰਡੀ ਉਹਦੀ ਪਤਲੀ ਗਰਦਨ ਵਿੱਚੋਂ ਬਾਹਰ ਨਿਕਲੀ ਹੁੰਦੀ, ਪਰ ਇੱਥੇ ਤਾਂ ਜਵਾਨ, ਚੌੜਿਆਂ ਮੋਢਿਆਂ ਵਾਲਾ, ਭਰ ਜਵਾਨ ਬੰਦਾ ਸੀ ਤੇ ਸੋਹਣਾ ਵੀ। ਉਹਦੀਆਂ ਅੱਖਾਂ ਅੱਧੀਆਂ ਬੰਦ ਸਨ ਜਿਵੇਂ ਉਹ ਮੈਥੋਂ ਪਰ੍ਹਾਂ ਦੂਰ ਵੇਖ ਰਿਹਾ ਹੋਵੇ। ਬਸ ਉਹਦੇ ਬੁੱਲ੍ਹਾਂ ਦੀਆਂ ਨੁੱਕਰਾਂ ਉੱਤੇ ਉਸ ਮੁਸਕਾਨ ਦਾ ਇੱਕ ਟੋਟਾ ਸੀ ਜਿਹੜੀ ਮੇਰਾ ਪੁੱਤਰ ਮੁਸਕਰਾਇਆ ਕਰਦਾ ਸੀ। ਜਿਹੜੇ ਅਨਾਤੋਲੀ ਨੂੰ ਮੈਂ ਕਦੀ ਜਾਣਦਾ ਸਾਂ, ਮੈਂ ਉਹਨੂੰ ਚੁੰਮਿਆਂ ਤੇ ਇੱਕ ਪਾਸੇ ਹੋ ਗਿਆ। ਛੋਟੇ ਕਰਨਲ ਨੇ ਤਕਰੀਰ ਕੀਤੀ। ਮੇਰੇ ਅਨਾਤੋਲੀ ਦੇ ਯਾਰ ਆਪਣੇ ਹੰਝੂ ਪੂੰਝ ਰਹੇ ਸਨ, ਪਰ ਮੈਂ ਰੋ ਨਾ ਸਕਿਆ। ਜਾਪਦੈ ਹੰਝੂ ਮੇਰੇ ਦਿਲ ਵਿੱਚ ਸੁੱਕ ਗਏ ਸਨ। ਸ਼ੈਦ ਇਸੇ ਲਈ ਉਹ ਇੰਞ ਦਰਦ ਕਰਦਾ ਹੈ।
“ਮੈਂ ਆਪਣੀ ਅਖ਼ੀਰੀ ਖ਼ੁਸ਼ੀ ਤੇ ਆਸ ਨੂੰ ਬਦੇਸੀ ਜਰਮਨ ਧਰਤੀ ਵਿੱਚ ਦੱਬਿਆ ਬਾਹਤਰੀ ਨੇ ਆਪਣੇ ਕਮਾਂਡਰ ਨੂੰ ਵਿਦਿਆ ਕਰਨ ਲਈ ਇੱਕ ਬਾੜ੍ਹ ਚਲਾਈ ਤੇ ਮੇਰੇ ਅੰਦਰ ਕੁੱਝ ਟੁੱਟ ਗਿਆ ਜਾਪਿਆ। ਜਦੋਂ ਮੈਂ ਆਪਣੇ ਦਸਤੇ ਵਿੱਚ ਮੁੜਿਆ ਤਾਂ ਮੈਂ ਹੋਰ ਹੀ ਬੰਦਾ ਸਾਂ। ਉਸ ਤੋਂ ਛੇਤੀ ਹੀ ਪਿੱਛੋਂ ਮੈਨੂੰ ਛੁੱਟੀ ਮਿਲ ਗਈ। ਹੁਣ ਮੈਂ ਕਿੱਥੇ ਜਾਵਾਂ ? ਵੋਰੋਨੇਜ਼ ? ਉੱਕਾ ਹੀ ਨਹੀਂ ! ਮੈਨੂੰ ਯਾਦ ਆਇਆ ਕਿ ਮੇਰਾ ਇੱਕ ਯਾਰ ਸੀ, ਜਿਸਨੂੰ ਫੱਟੜ ਹੋਣ ਕਰਕੇ ਪਿੱਛਲੇ ਸਿਆਲ ਫ਼ੌਜ ਵਿੱਚੋਂ ਛੁੱਟੀ ਦੇ ਦਿੱਤੀ ਗਈ ਸੀ ਤੇ ਉਹ ਉਰੀਊਪਿੰਸਕ ਵਿਖੇ ਰਹਿ ਰਿਹਾ ਸੀ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਜਾ ਕੇ ਉਹਦੇ ਕੋਲ ਰਹਾਂ। ਸੋ ਮੈਂ ਚਲਾ ਗਿਆ।
“ਮੇਰੇ ਯਾਰ ਤੇ ਉਹਦੀ ਘਰਵਾਲੀ ਦਾ ਕੋਈ ਬੱਚਾ ਨਹੀਂ ਸੀ। ਉਹ ਸ਼ਹਿਰ ਦੇ ਬਾਹਰਲੇ ਹਿੱਸੇ ਵਿੱਚ ਆਪਣੇ ਇੱਕ ਮਕਾਨ ਵਿੱਚ ਰਹਿੰਦੇ ਸਨ। ਉਹਨੂੰ ਨਿਰਯੋਗਤਾ ਦੀ ਪੈਨਸ਼ਨ ਮਿਲਦੀ ਸੀ ਪਰ ਉਹ ਲਾਰੀਆਂ ਦੇ ਇੱਕ ਡੀਪੂ ਵਿੱਚ ਡਰਾਈਵਰ ਦਾ ਕੰਮ ਕਰਦਾ ਸੀ ਤੇ ਮੈਂ ਵੀ ਉੱਥੇ ਹੀ ਨੌਕਰੀ ਕਰ ਲਈ।ਮੈਂ ਆਪਣੇ ਯਾਰ ਨਾਲ ਰਹਿਣ ਲੱਗ ਪਿਆ ਤੇ ਉਹਨਾਂ ਮੈਨੂੰ ਘਰ ਦਿੱਤਾ। ਅਸੀਂ ਹਰ ਤਰ੍ਹਾਂ ਦਾ ਭਾਰ ਆਲੇ ਦੁਆਲੇ ਦੇ ਇਲਾਕੇ ਵਿੱਚ ਲਿਜਾਇਆ ਕਰਦੇ ਸਾਂ ਤੇ ਪੱਤਝੜ ਦੀ ਰੁੱਤੇ ਅਸੀਂ ਅਨਾਜ ਪੁਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ।ਉਦੋਂ ਹੀ ਮੈਂ ਆਪਣੇ ਨਵੇਂ ਪੁੱਤਰ ਦਾ ਜਾਣੂ ਹੋਇਆ, ਔਹ ਜਿਹੜਾ ਉਥੇ ਬਰੇਤੀ ਵਿੱਚ ਖੇਡ ਰਿਹੈ।
“ਲੰਬੇ ਪੰਧ ਪਿੱਛੋਂ ਬੰਦਾ ਜਿਹੜਾ ਪਹਿਲਾ ਕੰਮ ਕਰਦਾ ਉਹ ਹੁੰਦਾ ਕੁੱਝ ਖਾਣ ਲਈ ਕੈਫ਼ੇ ਵਿੱਚ ਜਾਣਾ ਤੇ ਜ਼ਰੂਰ ਹੀ, ਬੰਦਾ ਥਕਾਵਟ ਦੂਰ ਕਰਨ ਲਈ ਵੋਦਕਾ ਦਾ ਇੱਕ ਅੱਧ ਗਿਲਾਸ ਮਾਰ ਲੈਂਦਾ।ਇਹ ਮਾੜੀ ਆਦਤ ਏ, ਪਰ ਮੈਂ ਮੰਨਦਾਂ ਉਦੋਂ ਤੱਕ ਮੈਨੂੰ ਇਹ ਚੋਖੀ ਚੰਗੀ ਲੱਗਣ ਲੱਗ ਪਈ ਸੀ। ਸੋ ਇੱਕ ਦਿਨ ਮੈਂ ਇਸ ਮੁੰਡੇ ਨੂੰ ਕੈਫ਼ੇ ਦੇ ਨੇੜੇ ਵੇਖਿਆ ਤੇ ਅਗਲੇ ਦਿਨ ਫਿਰ ਵੇਖਿਆ।ਕਿਆ ਲੀਰਾਂ ਲਪੇਟਿਆ ਸੀ ਉਹ ! ਉਹਦੇ ਸਾਰੇ ਮੂੰਹ ਉੱਤੇ ਹਦਵਾਣੇ ਦਾ ਰਸ ਤੇ ਮਿੱਟੀ ਲਿਬੜੀ ਹੋਈ ਸੀ, ਬੇਅੰਤ ਗੰਦਾ, ਵਾਲ ਝਾਟਾ ਬਣੇ ਹੋਏ, ਪਰ ਉਹਦੀਆਂ ਅੱਖਾਂ ਇਉਂ ਸਨ ਜਿਉਂ ਮੀਂਹ ਵਰ੍ਹ ਕੇ ਹੱਟਣ ਪਿੱਛੋਂ ਰਾਤ ਦੇ ਅਸਮਾਨ ਵਿੱਚ ਤਾਰੇ ! ਤੇ ਉਹ ਮੈਨੂੰ ਇੰਨਾ ਚੰਗਾ ਲੱਗਣ ਲੱਗ ਪਿਆ ਕਿ ਜੇ ਉਹ ਉੱਥੇ ਨਾ ਹੁੰਦਾ ਤਾਂ ਮੈਂ ਔਖਾ ਹੁੰਦਾ ਤੇ ਮੈਂ ਆਪਣਾ ਪੈਂਡਾ ਛੇਤੀ ਛੇਤੀ ਕਰਨ ਲੱਗ ਪਿਆ ਤਾਂ ਜੋ ਕੈਫ਼ੇ ਵਿੱਚ ਛੇਤੀ ਅੱਪੜ ਕੇ ਉਹਨੂੰ ਜਲਦੀ ਵੇਖਾਂ।ਉੱਥੇ ਉਹ ਖਾਣਾ ਖਾਂਦਾ ਸੀ-ਜੋ ਕੁੱਝ ਲੋਕ ਉਹਨੂੰ ਦੇਂਦੇ।
“ਚੌਥੇ ਦਿਨ ਮੈਂ ਆਪਣੀ ਲਾਰੀ ਵਿੱਚ ਦਾਣੇ ਲੱਦੀ ਰਿਆਸਤੀ ਫ਼ਾਰਮ ਤੋਂ ਸਿੱਧਾ ਉੱਥੇ ਆਇਆ ਤੇ ਕੈਫ਼ੇ ਦੇ ਸਾਹਮਣੇ ਲਾਰੀ ਖੜੀ ਕੀਤੀ।ਮੇਰਾ ਚੂਆਂ ਉੱਥੇ ਪੌੜੀਆਂ ਤੇ ਬੈਠਾ ਲੱਤਾਂ ਹਿਲਾ ਰਿਹਾ ਸੀ ਤੇ ਬਹੁਤ ਭੁੱਖਾ ਦਿੱਸਦਾ ਸੀ। ਮੈਂ ਆਪਣਾ ਸਿਰ ਬਾਰੀ ਵਿੱਚੋਂ ਬਾਹਰ ਕੱਢਿਆ ਤੇ ਉਹਨੂੰ ਉੱਚੀ ਜਿਹੀ ਕਿਹਾ: ‘ਹੇ ਵਾਨੀਆ ! ਚੱਲ, ਛਾਲ ਮਾਰ ਕੇ ਉਪਰ ਚੜ੍ਹ ਆ, ਮੈਂ ਤੈਨੂੰ ਐਲੀਵੇਟਰ ਤੱਕ ਹੂਟਾ ਦਿਆਂਗਾ ਤੇ ਫਿਰ ਅਸੀਂ ਇਥੇ ਮੁੜ ਕੇ ਖਾਣਾ ਖਾਵਾਂਗੇ।' ਮੇਰੇ ਉੱਚੇ ਬੋਲ ਨੇ ਉਹਨੂੰ ਤ੍ਰਭਕਾ ਦਿੱਤਾ ਸੀ, ਪਰ ਉਹ ਛਾਲ ਮਾਰਕੇ ਪੌੜੀਆਂ ਤੋਂ ਹੇਠਾਂ ਆਇਆ, ਮਡਗਾਰਡ ਉੱਤੇ ਚੜ੍ਹ ਗਿਆ ਤੇ ਬਾਰੀ ਸਾਹਮਣੇ ਖੜ੍ਹਾ ਹੋ ਗਿਆ। ‘ਤੈਨੂੰ ਕਿਵੇਂ ਪਤੈ ਮੇਰਾ ਨਾ ਵਾਨੀਆ ਏ ?' ਉਹਨੇ ਠਰੰਮੇ ਨਾਲ ਕਿਹਾ ਤੇ ਜਵਾਬ ਉਡੀਕਦੇ ਹੋਏ ਆਪਣੀਆਂ ਉਹ ਅੱਖਾਂ ਚੁਪੱਟ ਖੋਹਲੀਆਂ। ਸੋ ਮੈਂ ਉਹਨੂੰ ਕਿਹਾ ਕਿ ਮੈਂ ਉਹਨਾਂ ਲੋਕਾਂ ਵਿੱਚੋਂ ਇੱਕ ਆਂ ਜਿਹੜੇ ਸਭ ਕੁੱਝ ਜਾਣਦੇ ਨੇ।
“ਉਹ ਸੱਜੇ ਪਾਸੇ ਆ ਗਿਆ।ਮੈਂ ਦਰਵਾਜ਼ਾ ਖੋਹਲਿਆ ਤੇ ਉਹਨੂੰ ਆਪਣੇ ਕੋਲ ਬਿਠਾ ਲਿਆ ਤੇ ਅਸੀਂ ਚੱਲ ਪਏ। ਉਹ ਬੜਾ ਚੁਲਬੁਲਾ ਮੁੰਡਾ ਸੀ, ਪਰ ਉਹ ਅਚਾਨਕ ਚੁੱਪ ਹੋ ਗਿਆ ਤੇ ਆਪਣੀਆਂ ਮੁੜੀਆਂ ਝਿਮਣੀਆਂ ਹੇਠੋਂ ਮੇਰੇ ਵੱਲ ਵੇਖਣ ਤੇ ਹਊਕੇ ਭਰਨ ਲੱਗ ਪਿਆ। ਇੰਨਾ ਨਿੱਕਾ ਬੱਚਾ ਤੇ ਉਹਨੇ ਹਊਕੇ ਭਰਨੇ ਸਿੱਖ ਵੀ ਲਏ ਸਨ। ਕੀ ਇਹ ਉਹਦੇ ਕਰਨ ਦਾ ਕੰਮ ਸੀ ? ‘ਤੇਰਾ ਅੱਬਾ ਕਿੱਥੇ ਏ ?' ਮੈਂ ਪੁੱਛਿਆ। ‘ਉਹ ਮੋਰਚੇ ਤੇ ਮਾਰਿਆ ਗਿਆ ਸੀ,’ਉਹਨੇ ਨਿੰਮ੍ਹੀ ਆਵਾਜ਼ ਵਿੱਚ ਕਿਹਾ।‘ਤੇ ਤੇਰੀ ਅੰਮਾਂ ?’ ‘ਜਦੋਂ ਅਸੀਂ ਗੱਡੀ ਵਿੱਚ ਸਾਂ ਤਾਂ ਅੰਮੀ ਇੱਕ ਬੰਬ ਨਾਲ ਮਾਰੀ ਗਈ।’ ‘ਤੁਸੀਂ ਗੱਡੀ ਵਿੱਚ ਕਿਥੋਂ ਆ ਰਹੇ ਸੌ ?' ‘ਮੈਨੂੰ ਪਤਾ ਨਹੀਂ, ਮੈਨੂੰ ਚੇਤੇ ਨਹੀਂ।...’ ‘ਤੇ ਤੇਰਾ ਉੱਕਾ ਹੀ ਟੱਬਰ ਨਹੀਂ ?' 'ਨਹੀਂ ਕੋਈ ਵੀ ਨਹੀਂ।’ ‘ਪਰ ਤੂੰ ਰਾਤੀਂ ਕਿਥੇ ਸੌਂਦੈਂ ?’ ‘ਜਿੱਥੇ ਮੈਨੂੰ ਥਾਂ ਲੱਭ ਜਾਵੇ।'
“ਮੈਨੂੰ ਜਾਪਿਆ ਮੇਰੇ ਅੰਦਰ ਹੰਝੂ ਉੱਬਲ ਰਹੇ ਨੇ ਤੇ ਮੈਂ ਇੱਕ ਦਮ ਮਨ ਬਣਾ ਲਿਆ। ਅਸੀਂ ਇਉਂ ਇੱਕਲੇ-ਇੱਕਲੇ ਤੇ ਵੱਖੋ ਵੱਖ ਤਸੀਹੇ ਕਿਉਂ ਝੱਲੀਏ ! ਮੈਂ ਉਹਨੂੰ ਆਪਣਾ ਪੁੱਤਰ ਬਣਾ ਲਵਾਂਗਾ । ਤੇ ਇੱਕ ਦਮ ਮੇਰਾ ਮਨ ਹੌਲਾ ਹੋ ਗਿਆ ਤੇ ਉੱਥੇ ਇੱਕ ਤਰ੍ਹਾਂ ਦੀ ਲੋਅ ਹੋ ਗਈ। ਮੈਂ ਉਹਦੇ ਵੱਲ ਝੁਕਿਆ ਤੇ ਬੜੀ ਹੌਲੀ ਜਿਹੀ ਪੁੱਛਿਆ, ‘ਵਾਨੀਆ, ਜਾਣਦੈਂ ਮੈਂ ਕੌਣ ਆਂ ?' ਤੇ ਉਹਨੇ ਮਸਾਂ ਸਾਹ ਲੈਂਦੇ ਹੋਏ ਬਹੁਤ ਨਿੰਮ੍ਹੀ ਆਵਾਜ਼ ਵਿੱਚ ਪੁੱਛਿਆ: ‘ਕੌਣ ?’ ਤੇ ਉਸੇ ਤਰ੍ਹਾਂ ਠਰੰਮੇ ਨਾਲ ਮੈਂ ਉਹਨੂੰ ਕਿਹਾ: ‘ਮੈਂ ਤੇਰਾ ਅੱਬਾ ਆਂ।'
“ਉਏ ਰੱਬਾ, ਉਸ ਤੋਂ ਪਿੱਛੋਂ ਕੀ ਹੋਇਆ ! ਉਹਨੇ ਆਪਣੀਆਂ ਬਾਂਹਾਂ ਮੇਰੇ ਗਲੇ ਦੁਆਲੇ ਵਲ ਲਈਆਂ, ਉਹਨੇ ਮੇਰੀਆਂ ਗਲ੍ਹਾਂ, ਮੇਰੇ ਬੁੱਲ੍ਹ, ਮੇਰਾ ਮੱਥਾ ਚੁੰਮਿਆ ਅਤੇ ਕਿਸੇ ਨਿੱਕੇ ਪੰਛੀ ਵਾਂਗ ਖੱਪ ਪਾਉਣ ਲੱਗ ਪਿਆ।ਕੰਨ ਪਾਟਦੇ ਜਾ ਰਹੇ ਸਨ। ‘ਪਿਆਰੇ ਅੱਬਾ ! ਮੈਂ ਜਾਣਦਾ ਸਾਂ ! ਮੈਂ ਜਾਣਦਾ ਸਾਂ ਤੂੰ ਮੈਨੂੰ ਲੱਭ ਲਵੇਂਗਾ ! ਮੈਂ ਜਾਣਦਾ ਸਾਂ ਭਾਵੇਂ ਕੁੱਝ ਹੋਵੇ ਤੂੰ ਮੈਨੂੰ ਲੱਭ ਲਵੇਂਗਾ ! ਮੈਂ ਬੜਾ ਚਿਰ ਉਡੀਕਦਾ ਰਿਹਾਂ, ਕਿ ਤੂੰ ਮੈਨੂੰ ਲੱਭ ਲਵੇਂ !' ਉਹ ਮੇਰੇ ਨਾਲ ਚੰਬੜ ਗਿਆ ਤੇ ਕੰਬੀ ਜਾਵੇ, ਹਵਾ ਵਿੱਚ ਘਾਹ ਦੀ ਕਿਸੇ ਤਿੜ ਵਾਂਗ। ਮੇਰੀਆਂ ਅੱਖਾਂ ਧੁੰਦਲਾ ਗਈਆਂ ਤੇ ਮੈਂ ਵੀ ਕੰਬ ਰਿਹਾ ਸਾਂ, ਮੇਰੇ ਹੱਥ ਕੰਬ ਰਹੇ ਸਨ।... ਮੈਂ ਚੱਕਾ ਕਿਵੇਂ ਫੜੀ ਰੱਖਿਆ, ਮੈਂ ਨਹੀਂ ਜਾਣਦਾ।ਤਾਂ ਵੀ ਮੈਂ ਲਾਰੀ ਇੱਕ ਟੋਏ ਵਿੱਚ ਲੈ ਗਿਆ ਤੇ ਇੰਜਣ ਬੰਦ ਕਰ ਦਿੱਤਾ। ਇੰਨੀਆਂ ਧੁੰਦਲੀਆਂ ਅੱਖਾਂ ਨਾਲ ਗੱਡੀ ਚਲਾਉਂਦਿਆਂ ਮੈਨੂੰ ਡਰ ਲੱਗਦਾ ਸੀ, ਮਤੇ ਮੈਂ ਕਿਸੇ ਨੂੰ ਹੇਠਾਂ ਲੈ ਲਵਾਂ।ਅਸੀਂ ਉੱਥੇ ਪੰਜ ਮਿੰਟ ਬੈਠੇ ਰਹੇ ਤੇ ਮੇਰਾ ਨਿੱਕਾ ਪੁੱਤਰ ਆਪਣੇ ਪੂਰੇ ਬਲ ਨਾਲ ਮੈਨੂੰ ਚੰਬੜਿਆ ਹੋਇਆ ਸੀ ਤੇ ਸਿਰ ਤੋਂ ਪੈਰ ਤੱਕ ਕੰਬ ਰਿਹਾ ਸੀ।ਮੈਂ ਆਪਣੀ ਸੱਜੀ ਬਾਂਹ ਉਹਦੇ ਦੁਆਲੇ ਵਲ ਲਈ ਤੇ ਪਿਆਰ ਨਾਲ ਉਹਨੂੰ ਜੱਫੀ ਪਾਈ।ਖੱਬੇ ਹੱਥ ਨਾਲ ਲਾਰੀ ਵਾਪਸ ਮੋੜੀ ਤੇ ਉਸ ਘਰ ਤੱਕ ਗਿਆ ਜਿਥੇ ਮੈਂ ਰਹਿੰਦਾ ਸਾਂ। ਉਸ ਪਿੱਛੋਂ ਮੈਂ ਐਲੀਵੇਟਰ ਤੱਕ ਨਹੀਂ ਸਾਂ ਜਾ ਸਕਦਾ।
“ਮੈਂ ਲਾਰੀ ਫਾਟਕ ਤੇ ਛੱਡੀ, ਆਪਣੇ ਨਵੇਂ ਪੁੱਤਰ ਨੂੰ ਬਾਹਾਂ ਵਿੱਚ ਚੁੱਕਿਆ ਤੇ ਉਹਨੂੰ ਅੰਦਰ ਲੈ ਗਿਆ। ਤੇ ਉਹਨੇ ਆਪਣੀਆਂ ਨਿੱਕੀਆਂ ਬਾਹਾਂ ਮੇਰੇ ਗਲੇ ਦੁਆਲੇ ਵਲੀਆਂ ਹੋਈਆਂ ਸਨ ਤੇ ਮੇਰੇ ਨਾਲ ਚੰਬੜਿਆ ਹੋਇਆ ਸੀ। ਇਉਂ ਮੈਂ ਉਹਨੂੰ ਅੰਦਰ ਲੈ ਗਿਆ।ਮੇਰਾ ਮਿੱਤਰ ਤੇ ਉਹਦੀ ਘਰਵਾਲੀ ਦੋਵੇਂ ਘਰੇ ਸਨ। ਮੈਂ ਅੰਦਰ ਆਇਆ ਤੇ ਦੋਵੇਂ ਅੱਖਾਂ ਮੀਚ ਕੇ ਉਹਨਾਂ ਨੂੰ ਇਸ਼ਾਰਾ ਕੀਤਾ। ਫਿਰ ਦਲੇਰੀ ਨਾਲ ਅਤੇ ਖ਼ੁਸ਼ ਖ਼ੁਸ਼ ਮੈਂ ਕਿਹਾ: ‘ਲਓ, ਅਖ਼ੀਰ ਮੈਂ ਆਪਣੇ ਵਾਨੀਆ ਨੂੰ ਲੱਭ ਲਿਐ।ਤੇ ਅਸੀਂ ਆ ਗਏ ਜੇ, ਭਲੇ ਲੋਕੋ।' ਉਹਨਾਂ ਦੇ ਆਪਣੇ ਬੱਚੇ ਨਹੀਂ ਸਨ, ਸੋ ਉਹ ਇੱਕ ਦਮ ਸਮਝ ਗਏ ਕਿ ਮਾਮਲਾ ਕੀ ਏ ਤੇ ਇਧਰ ਉਧਰ ਫਿਰਨ ਲੱਗ ਪਏ।ਤੇ ਬਾਲ ਤਾਂ ਮੈਨੂੰ ਗਲੋਂ ਲਾਹੁਣ ਹੀ ਨਾ ਦੇਵੇ। ਪਰ ਅਖ਼ੀਰ ਕਿਸੇ ਨਾ ਕਿਸੇ ਤਰ੍ਹਾਂ ਮੈਂ ਉਹਨੂੰ ਲਾਹ ਦਿੱਤਾ। ਮੇਰੇ ਮਿੱਤਰ ਦੀ ਘਰਵਾਲੀ ਨੇ ਸ਼ੋਰਬੇ ਦੀ ਪਲੇਟ ਭਰ ਕੇ ਮੇਜ਼ ਉੱਤੇ ਰੱਖੀ ਤੇ ਜਦੋਂ ਉਹਨੇ ਵੇਖਿਆ ਕਿ ਕਿਵੇਂ ਹੜੱਪੀ ਜਾ ਰਿਹਾ ਏਂ, ਤਾਂ ਉਹ ਫੁੱਟ ਕੇ ਰੋ ਪਈ।ਉਹ ਆਪਣੇ ਉਤੇਰਨ ਨਾਲ ਮੂੰਹ ਲੁਕਾ ਕੇ ਰੋਂਦੀ ਸਟੋਵ ਕੋਲ ਖੜੀ ਰਹੀ।ਤੇ ਮੇਰਾ ਵਾਨੀਆ, ਉਹਨੇ ਉਹਨੂੰ ਰੋਦਿਆਂ ਤੱਕਿਆ ਤੇ ਨੱਠ ਕੇ ਉਹਦੇ ਵਲ ਗਿਆ, ਉਹਦੀ ਘਗਰੀ ਖਿੱਚੀ ਤੇ ਕਹਿਣ ਲੱਗਾ: ‘ਰੋਂਦੀ ਕਿਉਂ ਏਂ, ਚਾਚੀ ? ਅੱਬਾ ਨੇ ਮੈਨੂੰ ਕੈਫ਼ੇ ਕੋਲ ਲੱਭ ਲਿਆ। ਸਾਰਿਆਂ ਨੂੰ ਖ਼ੁਸ਼ ਹੋਣਾ ਚਾਹੀਦੈ ਤੇ ਤੂੰ ਸਗੋਂ ਰੋਈ ਜਾਂਦੀ ਏਂ।' ਤੇ ਉਹ ਬਸ ਹੋਰ ਜ਼ੋਰ ਦੀ ਰੋਣ ਲੱਗ ਪਈ।
“ਖਾਣੇ ਤੋਂ ਪਿੱਛੋਂ ਮੈਂ ਉਹਨੂੰ ਨਾਈ ਕੋਲ ਲੈ ਗਿਆ, ਹਜ਼ਾਮਤ ਬਣਵਾਉਣ ਤੇ ਘਰੇ ਮੈਂ ਉਹਨੂੰ ਇੱਕ ਟੱਬ ਵਿੱਚ ਨਵ੍ਹਾਇਆ ਤੇ ਇੱਕ ਸਾਫ਼ ਚਾਦਰ ਵਿੱਚ ਲਪੇਟ ਦਿੱਤਾ। ਉਹਨੇ ਮੈਨੂੰ ਘੁੱਟ ਕੇ ਜੱਫ਼ੀ ਪਾ ਲਈ ਤੇ ਮੇਰੀਆਂ ਬਾਹਾਂ ਵਿੱਚ ਸੌਂ ਗਿਆ। ਮੈਂ ਉਹਨੂੰ ਹੌਲੀ ਜਿਹੇ ਬਿਸਤਰੇ ਵਿੱਚ ਲਿਟਾ ਦਿੱਤਾ ਤੇ ਲਾਰੀ ਲੈ-ਕੇ ਐਲੀਵੇਟਰ ਵੱਲ ਚੱਲ ਪਿਆ, ਅਨਾਜ ਲਾਹਿਆ ਤੇ ਲਾਰੀ ਵਾਪਸ ਡੀਪੂ ਲੈ ਗਿਆ। ਫਿਰ ਮੈਂ ਬਾਜ਼ਾਰ ਗਿਆ।ਮੈਂ ਉਹਦੇ ਲਈ ਇੱਕ ਸਰਜ ਦੀ ਪਤਲੂਨ, ਇੱਕ ਕਮੀਜ਼, ਸੈਂਡਲਾਂ ਦੀ ਜੋੜੀ ਤੇ ਪਰੀਲੀ ਦੀ ਇੱਕ ਟੋਪੀ ਖ਼ਰੀਦੀ। ਪੱਕੀ ਗੱਲ ਏ ਸਾਰੀਆਂ ਸ਼ੈਆਂ ਗ਼ਲਤ ਨਾਪ ਦੀਆਂ ਨਿਕਲੀਆਂ ਤੇ ਉੱਕਾ ਹੀ ਚੰਗੀਆਂ ਨਹੀਂ ਸਨ। ਮੇਰੇ ਮਿੱਤਰ ਦੀ ਘਰਵਾਲੀ ਨੇ ਮੈਨੂੰ ਝਾੜਿਆ : ‘ਪਾਗਲ ਹੋ ਗਿਐਂ,’ ਉਹ ਕਹਿਣ ਲੱਗੀ, ‘ਐਹੋ ਜਿਹੀ ਗਰਮੀ ਵਿੱਚ ਮੁੰਡੇ ਨੂੰ ਸਰਜ ਦੀ ਪਤਲੂਨ ਪਵਾਉਣ ਲੱਗੈਂ !' ਤੇ ਅਗਲੀ ਘੜੀ ਉਹਨੇ ਆਪਣੀ ਮਸ਼ੀਨ ਮੇਜ਼ ਉੱਤੇ ਰੱਖ ਲਈ ਤੇ ਪੇਟੀ ਵਿੱਚ ਹੱਥ ਪੈਰ ਮਾਰਨ ਲੱਗ ਪਈ ਤੇ ਇੱਕ ਘੰਟੇ ਵਿੱਚ ਉਹਨੇ ਮੇਰੇ ਵਾਨੀਆ ਲਈ ਇੱਕ ਸੂਤੀ ਨਿੱਕਰ ਤੇ ਇੱਕ ਚਿੱਟੀ ਕਮੀਜ਼ ਤਿਆਰ ਕਰ ਦਿੱਤੀ। ਮੈਂ ਉਹਨੂੰ ਆਪਣੇ ਨਾਲ ਸੰਵਾਇਆ ਅਤੇ ਬੜੀਆਂ ਰਾਤਾਂ ਜਾਗਿਆ। ਤੇ ਉਹ ਉੱਥੇ ਪਿਆ ਸੀ, ਮੇਰੀ ਮੁੜੀ ਹੋਈ ਬਾਂਹ ਵਿੱਚ ਨਿੱਘਾ ਹੋਇਆ, ਜਿਵੇਂ ਬਨੇਰੇ ਹੇਠ ਕੋਈ ਚਿੜੀ, ਬੜੇ ਆਰਾਮ ਨਾਲ ਸਾਹ ਲੈਂਦਾ। ਮੈਨੂੰ ਕਿੰਨੀ ਖ਼ੁਸ਼ੀ ਹੋਈ ਇਹ ਮੈਂ ਤੈਨੂੰ ਦੱਸ ਨਹੀਂ ਸਕਦਾ। ਮੈਂ ਯਤਨ ਕੀਤਾ ਕਿ ਮੈਂ ਹਿੱਲਾਂ ਨਾ ਤਾਂ ਜੋ ਉਹਦੀ ਨੀਂਦ ਨਾ ਉੱਖੜ ਜਾਵੇ, ਪਰ ਪਤਾ ਈ, ਫਿਰ ਮੈਂ ਬਹੁਤ ਅਛੋਪਲੇ ਜਿਹੇ ਉੱਠਦਾ, ਮਾਚਸ ਬਾਲਦਾ ਤੇ ਉੱਥੇ ਖੜਾ ਰਹਿੰਦਾ, ਉਹਨੂੰ ਵੇਖ-ਵੇਖ ਖ਼ੁਸ਼ ਹੁੰਦਾ।...
“ਪਹੁ-ਫੁੱਟਣ ਤੋਂ ਐਨ ਪਹਿਲਾਂ ਮੈਂ ਜਾਗਿਆ। ਮੈਨੂੰ ਸਮਝ ਨਾ ਆਈ ਇੰਨਾ ਹੁੱਸੜ ਕਿਉਂ ਸੀ। ਇਹ ਤਾਂ ਮੇਰਾ ਨਿੱਕਾ ਪੁੱਤਰ ਸੀ।ਉਹ ਆਪਣੀ ਚਾਦਰ ਵਿਚੋਂ ਨਿਕਲ ਆਇਆ ਸੀ ਤੇ ਮੇਰੀ ਛਾਤੀ ਦੇ ਆਰ ਪਾਰ ਲੇਟਿਆ ਹੋਇਆ ਸੀ, ਉਹਦੇ ਨਿੱਕੇ ਪੈਰ ਮੇਰੀ ਗਰਦਨ ਤੇ ਰੱਖੇ ਹੋਏ ਸਨ।ਉਸ ਨਾਲ ਸੌਣ ਲਈ ਬੜਾ ਹੀ ਉਚੜ-ਪੈੜਾ ਏ, ਸੱਚੀਂ; ਪਰ ਮੈਂ ਉਹਦਾ ਆਦੀ ਹੋ ਗਿਆਂ।ਜੇ ਉਹ ਉੱਥੇ ਨਾ ਹੋਵੇ ਤਾਂ ਮੈਨੂੰ ਕੁੱਝ ਓਪਰਾ ਜਾਪਦੈ। ਰਾਤੀਂ ਉਹਨੂੰ ਸੁੱਤੇ-ਸੁੱਤੇ ਨੂੰ ਮੈਂ ਥਪਕ ਸਕਦਾਂ, ਮੈਂ ਤਾਂ ਉਹਦੇ ਘੁੰਗਰ ਸੁੰਘ ਸਕਦਾਂ। ਇਹਦੇ ਨਾਲ ਮੇਰੇ ਦਿਲ ਦੀ ਪੀੜ ਕੁੱਝ ਘੱਟ ਜਾਂਦੀ ਏ, ਇਹ ਦਰਦ ਨੂੰ ਕੁੱਝ ਨਰਮ ਕਰ ਦੇਂਦੈ। ਪਤਾ ਈ, ਮੈਂ ਤਾਂ ਉੱਕਾ ਪੱਥਰ ਬਣ ਗਿਆ ਸੀ।
“ਪਹਿਲਾਂ ਪਹਿਲ ਉਹ ਲਾਰੀ ਵਿੱਚ ਮੇਰੇ ਨਾਲ ਜਾਇਆ ਕਰਦਾ ਸੀ, ਪਰ ਫਿਰ ਮੈਂ ਮਹਿਸੂਸ ਕੀਤਾ ਇਉਂ ਗੱਲ ਨਹੀਂ ਬਣਨੀ। ਅਖ਼ੀਰ ਜਦੋਂ ਮੈਂ ਇਕੱਲਾ ਹੋਵਾਂ ਤਾਂ ਮੈਨੂੰ ਕਿਸ ਸ਼ੈ ਦੀ ਲੋੜ ਏ ? ਰੋਟੀ ਦਾ ਇੱਕ ਟੋਟਾ, ਇੱਕ ਪਿਆਜ਼ ਤੇ ਚੁੱਟਕੀ ਭਰ ਲੂਣ ਨਾਲ ਫ਼ੌਜੀ ਦਾ ਸਾਰਾ ਦਿਨ ਲੰਘ ਜਾਂਦੈ।ਪਰ ਉਹਦੀ ਗੱਲ ਹੋਰ ਸੀ। ਹੁਣ ਉਹਦੇ ਲਈ ਥੋੜ੍ਹਾ ਦੁੱਧ ਖ਼ਰੀਦਣਾ ਪੈਂਦੈ, ਹੁਣ ਉਹਦੇ ਲਈ ਅੰਡਾ ਉਬਾਲੋ ਤੇ ਕਿਸੇ ਗਰਮ ਖਾਣੇ ਤੋਂ ਬਿਨਾਂ ਉਹਦਾ ਗੁਜ਼ਾਰਾ ਨਹੀਂ ਹੁੰਦਾ। ਪਰ ਮੈਂ ਤਾਂ ਕੰਮ ਕਰਨਾ ਹੁੰਦਾ। ਸੋ ਮੈਂ ਹਿੰਮਤ ਕੀਤੀ ਤੇ ਉਹਨੂੰ ਆਪਣੇ ਮਿੱਤਰ ਦੀ ਘਰਵਾਲੀ ਦੇ ਕੋਲ ਛੱਡ ਗਿਆ। ਸੋ, ਉਹ ਸਾਰਾ ਦਿਨ ਰੋਂਦਾ ਰਿਹਾ ਤੇ ਸ਼ਾਮੀਂ ਮੈਨੂੰ ਮਿਲਣ ਐਲੀਵੇਟਰ ਵੱਲ ਨੱਠ ਗਿਆ।ਉੱਥੇ ਰਾਤੀਂ ਦੇਰ ਤੱਕ ਮੈਨੂੰ ਉਡੀਕਦਾ ਰਿਹਾ।
“ਪਹਿਲਾਂ ਪਹਿਲ ਮੈਨੂੰ ਉਹਦੇ ਨਾਲ ਬਹੁਤ ਔਖ ਹੋਈ। ਇੱਕ ਬਹੁਤ ਥਕਾਉਣੇ ਦਿਨ ਪਿਛੋਂ ਜਦੋਂ ਅਸੀਂ ਬਿਸਤਰੇ ਤੇ ਲੇਟੇ ਤਾਂ ਅਜੇ ਲੋਅ ਸੀ।ਉਹ ਸਦਾ ਕਿਸੇ ਚਿੜੀ ਵਾਂਗ ਚਹਿਕਦਾ ਰਹਿੰਦਾ ਪਰ ਇਸ ਵਾਰ ਉਹ ਬਹੁਤ ਚੁੱਪ ਸੀ।‘ਕੀ ਸੋਚਦਾ ਪਿਐਂ, ਪੁੱਤਰ ?' ਮੈਂ ਪੁੱਛਿਆ।ਉਹ ਬਸ ਛੱਤ ਵੱਲ ਵੇਖੀ ਗਿਆ। ‘ਅੱਬਾ ਤੇਰਾ ਚਮੜੇ ਦਾ ਕੋਟ ਕਿੱਥੇ ਗਿਆ ? ' ਤੇ ਮੇਰੇ ਕੋਲ ਸਾਰੀ ਉਮਰ ਚਮੜੇ ਦਾ ਕੋਟ ਨਹੀਂ ਸੀ ਰਿਹਾ ! ਮੈਂ ਕਿਸੇ ਨਾ ਕਿਸੇ ਤਰ੍ਹਾਂ ਗੱਲ ਬਣਾਉਣੀ ਹੀ ਸੀ। ਉਹ ਵੋਰੋਨੇਜ਼ ਵਿੱਚ ਰਹਿ ਗਿਆ, ‘ਮੈਂ ਉਹਨੂੰ ਕਿਹਾ।‘ਤੇ ਤੂੰ ਮੈਨੂੰ ਲੱਭਦਿਆਂ ਇੰਨੀ ਦੇਰ ਕਿਉਂ ਲਾ ਦਿੱਤੀ ?' ਸੋ ਮੈਂ ਕਿਹਾ, ‘ਪੁੱਤਰ, ਮੈਂ ਤੈਨੂੰ ਜਰਮਨੀ ਵਿੱਚ ਲੱਭਿਆ, ਪੋਲੈਂਡ ਵਿੱਚ ਲੱਭਿਆ, ਸਾਰੇ ਬੇਲੋਰੂਸ ਵਿੱਚ ਢੂੰਡਿਆ ਤੇ ਤੂੰ ਇੱਥੇ ਉਰੀਊਪਿੰਸਕ ਵਿੱਚ ਲੱਭ ਪਿਆ।’ ‘ਕੀ ਉਰੀਊਪਿੰਸਕ ਜਰਮਨੀ ਨਾਲੋਂ ਨੇੜੇ ਏ ? ਕੀ ਸਾਡੇ ਘਰ ਤੋਂ ਪੋਲੈਂਡ ਬਹੁਤ ਦੂਰ ਏ ?' ਅਸੀਂ ਗੱਲਾਂ ਕਰੀ ਗਏ ਇੱਥੋਂ ਤੱਕ ਕਿ ਅਸੀਂ ਸੌ ਗਏ।
“ਪਰ, ਮਿੱਤਰਾ, ਕੀ ਉਹਨੇ ਚਮੜੇ ਦੇ ਕੋਟ ਬਾਰੇ ਸਵਾਲ ਐਵੇਂ ਹੀ ਪੁੱਛਿਆ ਸੀ ? ਨਹੀਂ, ਇਸ ਸਭ ਕੁੱਝ ਪਿੱਛੇ ਕਾਰਨ ਸੀ। ਇਹਦਾ ਮਤਲਬ ਏ ਕਦੀ ਨਾ ਕਦੀ ਉਹਦੇ ਅਸਲੀ ਪਿਉ ਨੇ ਉਹੋ ਜਿਹਾ ਕੋਟ ਪਹਿਨਿਆ ਹੋਣੈ ਤੇ ਉਹਨੂੰ ਐਨ ਉਦੋਂ ਯਾਦ ਆ ਗਿਆ। ਬੱਚੇ ਦੀ ਯਾਦ ਹੁਨਾਲ ਦੀ ਬਿਜਲੀ ਵਾਂਗ ਹੁੰਦੀ ਏ; ਉਹ ਚਮਕਦੀ ਏ, ਹਰ ਸ਼ੈ ਨੂੰ ਥੋੜ੍ਹੀ ਦੇਰ ਲਈ ਰੁਸ਼ਨਾ ਦੇਂਦੀ ਏ ਤੇ ਮੁੱਕ ਜਾਂਦੀ ਏ। ਤੇ ਉਹਦੀ ਯਾਦ ਨੇ ਇਉਂ ਹੀ ਕੰਮ ਕੀਤਾ, ਹੁਨਾਲ ਦੀ ਬਿਜਲੀ ਦੇ ਲਿਸ਼ਕਾਰਿਆਂ ਵਾਂਗ।
“ਅਸੀਂ ਉਰੀਊਪਿੰਸਕ ਵਿਖੇ ਸਾਲ ਭਰ ਹੋਰ ਰਹੀ ਜਾਂਦੇ ਪਰ ਨਵੰਬਰ ਵਿੱਚ ਮੇਰਾ ਇੱਕ ਐਕਸੀਡੈਂਟ ਹੋ ਗਿਆ।ਮੈਂ ਇੱਕ ਪਿੰਡ ਵਿੱਚ ਇੱਕ ਚਿੱਕੜ ਵਾਲੀ ਸੜਕ ਉੱਤੇ ਲਾਰੀ ਚਲਾ ਰਿਹਾ ਸਾਂ ਤੇ ਲਾਰੀ ਤਿਲਕ ਗਈ। ਰਾਹ ਵਿੱਚ ਇੱਕ ਗਊ ਖੜੀ ਸੀ ਤੇ ਮੈਂ ਉਹਨੂੰ ਡੇਗ ਦਿੱਤਾ। ਤੂੰ ਜਾਣਦੈਂ ਗੱਲ ਕਿਵੇਂ ਹੁੰਦੀ ਏ—ਤੀਵੀਂਆਂ ਡੰਡ ਪਾਉਣ ਲੱਗ ਪਈਆਂ, ਭੀੜ ਇੱਕਠੀ ਹੋ ਗਈ ਤੇ ਛੇਤੀ ਹੀ ਮੌਕੇ ਤੇ ਟਰੈਫ਼ਿਕ ਦਾ ਇੱਕ ਇੰਸਪੈਕਟਰ ਆ ਗਿਆ।ਮੈਂ ਉਹਨੂੰ ਕਿਹਾ ਉਹ ਕੁੱਝ ਲਿਹਾਜ਼ ਕਰੇ ਪਰ ਉਹਨੇ ਮੇਰਾ ਲਾਇਸੰਸ ਖੋਹ ਲਿਆ। ਗਊ ਉੱਠੀ, ਆਪਣੀ ਪੁੱਛ ਚੁੱਕੀ ਅਤੇ ਦੁੜੰਗੇ ਮਾਰਦੀ ਉੱਥੋਂ ਚਲੀ ਗਈ, ਪਰ ਮੇਰਾ ਲਾਇਸੈਂਸ ਜਾਂਦਾ ਰਿਹਾ।ਸਿਆਲ ਮੈਂ ਖਾਤੀ ਦਾ ਕੰਮ ਕਰਕੇ ਬਿਤਾਇਆ ਤੇ ਫਿਰ ਫੌਜ ਦੇ ਇੱਕ ਪੁਰਾਣੇ ਮਿੱਤਰ ਨੂੰ ਖ਼ਤ ਲਿਖਿਆ—ਉਹ ਤੁਹਾਡੇ ਜ਼ਿਲੇ ਵਿਚ ਡਰਾਈਵਰ ਦਾ ਕੰਮ ਕਰਦੈ—ਤੇ ਉਹਨੇ ਮੈਨੂੰ ਕਿਹਾ ਕਿ ਮੈਂ ਆਕੇ ਉਹਦੇ ਕੋਲ ਰਹਾਂ।ਉਹਨੇ ਲਿਖਿਆ ਕਿ ਸਾਲ ਕੁ ਮੈਂ ਖਾਤੀ ਦਾ ਕੰਮ ਕਰਾਂ ਤੇ ਫਿਰ ਮੈਨੂੰ ਇਸੇ ਜ਼ਿਲੇ ਵਿੱਚ ਨਵਾਂ ਲਾਇਸੈਂਸ ਮਿਲ ਸਕਦੈ। ਸੋ, ਮੇਰਾ ਪੁੱਤਰ ਤੇ ਮੈਂ, ਅਸੀਂ ਕਾਸ਼ਾਰੀ ਦੇ ਰਾਹ ਪੈ ਗਏ ਵਾਂ।
“ਪਰ ਪਤਾ ਈ, ਜੇ ਗਊ ਨਾਲ ਐਕਸੀਡੈਂਟ ਨਾ ਵੀ ਹੋਇਆ ਹੁੰਦਾ ਤਾਂ ਵੀ ਮੈਂ ਉਰੀਊਪਿੰਸਕ ਤੋਂ ਚਲਾ ਹੀ ਜਾਣਾ ਸੀ। ਮੈਂ ਇੱਕ ਥਾਂ ਬਹੁਤਾ ਚਿਰ ਨਹੀਂ ਰਹਿ ਸਕਦਾ। ਜਦੋਂ ਮੇਰਾ ਵਾਨੀਆ ਵੱਡਾ ਹੋ ਗਿਆ ਤੇ ਉਹਨੇ ਸਕੂਲ ਜਾਣਾ ਹੋਇਆ ਤਾਂ ਮੇਰਾ ਖ਼ਿਆਲ ਏ ਮੈਂ ਇੱਕ ਥਾਂ ਟਿੱਕ ਜਾਵਾਂਗਾ। ਪਰ ਅਜੇ ਤਾਂ ਅਸੀਂ ਇੱਕਠੇ ਰੂਸੀ ਧਰਤੀ ਗਾਹ ਰਹੇ ਆਂ।”
“ਉਹ ਥੱਕ ਜਾਂਦੈ ?” ਮੈਂ ਪੁੱਛਿਆ।
“ਵੇਖੇਂ ਨਾ, ਉਹ ਆਪਣੇ ਪੈਰੀਂ ਤਾਂ ਬਹੁਤਾ ਟੁਰਦਾ ਨਹੀਂ ਬਹੁਤਾ ਚਿਰ ਤਾਂ ਉਹ ਮੇਰੇ ਉੱਤੇ ਸਵਾਰੀ ਕਰਦੈ, ਮੈਂ ਉਹਨੂੰ ਆਪਣੇ ਮੋਢੇ ਤੇ ਬਿਠਾ ਲੈਨਾਂ ਤੇ ਚੁੱਕੀ ਫਿਰਦਾਂ। ਜਦੋਂ ਉਹ ਲੱਤਾਂ ਪਸਾਰਨਾ ਚਾਹੁੰਦੈ ਤਾਂ ਉਹ ਛਾਲ ਮਾਰਕੇ ਹੇਠਾਂ ਉੱਤਰ ਆਉਂਦੈ, ਸੜਕ ਦੇ ਕੰਢੇ ਕੰਢੇ ਨੱਠਦੈ, ਕਿਸੇ ਬਕਰੋਚੇ ਵਾਂਗ ਦੁੜੰਗੇ ਮਾਰਦਾ। ਨਹੀਂ, ਮਿੱਤਰਾ, ਇਹ ਗੱਲ ਨਹੀਂ, ਸਾਡੀ ਵਾਹ ਵਾਹ ਗੁਜ਼ਰ ਜਾਏਗੀ। ਮੁਸ਼ਕਲ ਇਹ ਏ ਕਿ ਮੇਰੇ ਦਿਲ ਵਿੱਚ ਕਿਧਰੇ ਕੁਝ ਗੜਬੜ ਏ, ਇੱਕ ਅੱਧ ਪਿਸਟਨ ਬਦਲਣ ਦੀ ਲੋੜ ਏ। ਕਈ ਵਾਰ ਤਾਂ ਇਹਦੇ ਵਿੱਚ ਇੰਨੀ ਪੀੜ ਹੁੰਦੀ ਏ ਕਿ ਮੇਰੀਆਂ ਅੱਖਾਂ ਅੱਗੇ ਹਨੇਰਾ ਹੋ ਜਾਂਦੈ। ਮੈਨੂੰ ਡਰ ਏ ਕਿਸੇ ਦਿਨ ਮੈਂ ਸੁੱਤਿਆਂ-ਸੁੱਤਿਆਂ ਮਰ ਜਾਣੈ ਤੇ ਆਪਣੇ ਪੁੱਤਰ ਨੂੰ ਡਰਾ ਦੇਣੈ। ਤੇ ਇਹ ਇੱਕੋ ਇੱਕ ਗੱਲ ਨਹੀਂ। ਲੱਗਭਗ ਹਰ ਰਾਤ ਮੇਰੇ ਵਿੱਛੜ ਗਏ ਪਿਆਰੇ ਮੇਰੇ ਸੁਪਨਿਆਂ ਵਿੱਚ ਆਉਂਦੇ ਨੇ।ਤੇ ਅਕਸਰ ਇਉਂ ਹੁੰਦੈ ਕਿ ਮੈਂ ਕੰਡਿਆਲੀ ਤਾਰ ਦੇ ਪਿੱਛੇ ਹੁੰਦਾਂ ਤੇ ਉਹ ਦੂਜੇ ਪਾਸੇ ਆਜ਼ਾਦ ਹੁੰਦੇ ਨੇ। ਮੈਂ ਇਰੀਨਾ ਤੇ ਬੱਚਿਆਂ ਨਾਲ ਹਰ ਸ਼ੈਅ ਬਾਰੇ ਗੱਲਾਂ ਕਰਦਾਂ ਪਰ ਜਿਉਂ ਹੀ ਮੈਂ ਤਾਰਾਂ ਹਟਾਉਣ ਦਾ ਯਤਨ ਕਰਦਾ, ਉਹ ਚਲੇ ਜਾਂਦੇ ਨੇ, ਮੇਰੀਆਂ ਅੱਖਾਂ ਸਾਹਮਣੇ ਅਲੋਪ ਹੋ ਜਾਂਦੇ ਨੇ।ਤੇ ਇੱਕ ਹੋਰ ਅਜੀਬ ਗੱਲ ਵੀ ਏ। ਦਿਨੇ ਮੇਰਾ ਆਪਣੇ ਆਪ ਉੱਤੇ ਕਾਬੂ ਰਹਿੰਦੈ, ਤੇ ਮੈਂ ਹਉਂਕਾ ਤੱਕ ਨਹੀਂ ਭਰਦਾ। ਪਰ ਕਦੀ ਕਦੀ ਮੈਂ ਰਾਤੀਂ ਜਾਗਦਾਂ ਤੇ ਮੇਰਾ ਸਿਰਹਾਣਾ ਬੁਰੀ ਤਰ੍ਹਾਂ ਭਿੱਜਾ ਹੁੰਦੈ।”
ਦਰਿਆ ਵੱਲੋਂ ਮੇਰੇ ਮਿੱਤਰ ਦੀ ਆਵਾਜ਼ ਤੇ ਚੱਪੂਆਂ ਦੀ ਛੱਪ-ਛੱਪ ਆਈ।
ਓਪਰੇ ਬੰਦੇ ਨੇ, ਜਿਹੜਾ ਹੁਣ ਮੇਰਾ ਨਜ਼ਦੀਕੀ ਮਿੱਤਰ ਜਾਪਦਾ ਸੀ, ਆਪਣਾ ਵੱਡਾ ਹੱਥ ਵਧਾਇਆ, ਲੱਕੜੀ ਤੇ ਟੋਟੇ ਵਾਂਗ ਨਿੱਗਰ ।
“ਰੱਬ ਰਾਖਾ, ਮਿੱਤਰਾ, ਤੇਰੇ ਭਾਗ ਚੰਗੇ ਹੋਣ !”
“ਤੇਰੇ ਭਾਗ ਚੰਗੇ ਹੋਣ ਤੇ ਕਾਜ਼ਾਰੀ ਤੱਕ ਪੈਂਡਾ ਹੌਲਾ ਹੋਵੀ!”
“ਮਿਹਰਬਾਨੀ। ਓਏ, ਪੁੱਤਰ, ਚੱਲ ਬੇੜੀ ਵੱਲ ਚਲੀਏ।”
ਮੁੰਡਾ ਨੱਠ ਕੇ ਉਹਦੇ ਵੱਲ ਆਇਆ, ਉਹਦੇ ਕੋਟ ਦੀ ਨੁੱਕਰ ਫੜ ਲਈ ਤੇ ਆਪਣੇ ਤਿੱਖੇ ਚੱਲਦੇ ਪਿਉ ਨਾਲ ਨਿੱਕੇ ਨਿੱਕ ਕਦਮ ਪੁੱਟਦਾ ਚੱਲ ਪਿਆ।
ਦੋ ਯਤੀਮ, ਰੇਤ ਦੇ ਦੋ ਕਿਣਕੇ ਜਿਨ੍ਹਾਂ ਨੂੰ ਜੰਗ ਦੇ ਮਹਾਨ ਝੱਖੜ ਨੇ ਓਪਰੇ ਇਲਾਕਿਆਂ ਵਿੱਚ ਹੂੰਝ ਸੁੱਟਿਆ ਸੀ।... ਭਵਿੱਖ ਵਿੱਚ ਉਹਨਾਂ ਲਈ ਕੀ ਸੀ ? ਮੈਂ ਇਹ ਯਕੀਨ ਕਰਨਾ ਚਾਹੁੰਦਾ ਸਾਂ ਕਿ ਇਹ ਰੂਸੀ, ਇਹ ਅਟੁੱਟ ਇੱਛਾ ਵਾਲਾ ਮਨੁੱਖ, ਡਟਿਆ ਰਹੇਗਾ, ਕਿ ਆਪਣੇ ਪਿਉ ਦੇ ਅੰਗ ਸੰਗ ਮੁੰਡਾ ਜਵਾਨ ਹੋ ਕੇ ਇੱਕ ਅਜਿਹਾ ਮਰਦ ਬਣੇਗਾ ਜਿਹੜਾ ਕੁੱਝ ਵੀ ਸਹਾਰ ਸਕੇਗਾ, ਜੇ ਉਹਦਾ ਦੇਸ ਸੱਦਾ ਦੇਵੇ ਤਾਂ ਕਿਸੇ ਔਕੜ ਉੱਤੇ ਕਾਬੂ ਪਾ ਲਵੇਗਾ।
ਉਹਨਾਂ ਨੂੰ ਵੇਖਦੇ-ਵੇਖਦੇ ਮੈਂ ਉਦਾਸ ਹੋ ਗਿਆ। ਸ਼ਾਇਦ ਸਾਡੇ ਵਿਛੜਨ ਸਮੇਂ ਸਭ ਕੁੱਝ ਠੀਕ ਠਾਕ ਹੁੰਦਾ ਜੇ ਕੁੱਝ ਕਦਮ ਜਾਕੇ ਵਾਨੀਆ ਆਪਣੀਆਂ ਠਿੱਬੀਆਂ ਲੱਤਾਂ ਉੱਤੇ ਮੁੜਿਆ ਨਾ ਹੁੰਦਾ ਅਤੇ ਆਪਣਾ ਨਿੱਕਾ ਗੁਲਾਬੀ ਹੱਥ ਮੇਰੇ ਵਲ ਨਾ ਹਿਲਾਇਆ ਹੁੰਦਾ।ਅਤੇ ਅਚਾਨਕ ਇੱਕ ਨਰਮ ਪਰ ਨਹੁੰਦਰਾਂ ਵਾਲੇ ਹੱਥ ਨੇ ਮੇਰੇ ਦਿਲ ਨੂੰ ਆਪਣੀ ਪਕੜ ਵਿੱਚ ਲੈ ਲਿਆ ਜਾਪਿਆ ਤੇ ਮੈਂ ਕਾਹਲ ਨਾਲ ਮੂੰਹ ਮੋੜ ਲਿਆ। ਨਹੀਂ, ਉਹ ਸੁੱਤੇ ਹੋਏ ਹੀ ਨਹੀਂ ਰੋਂਦੇ, ਇਹ ਬੁਢੇਰੇ ਲੋਕ, ਜਿਨ੍ਹਾਂ ਦੇ ਵਾਲ ਜੰਗ ਦੇ ਵਰ੍ਹਿਆਂ ਵਿੱਚ ਬੱਗੇ ਹੋ ਗਏ ਹਨ।ਉਹ ਆਪਣੀਆਂ ਜਾਗਦੀਆਂ ਘੜੀਆਂ ਵਿੱਚ ਵੀ ਰੋਂਦੇ ਹਨ। ਅਸਲ ਮਾਮਲਾ ਹੈ ਸਮੇਂ ਸਿਰ ਪਰ੍ਹਾਂ ਹੋ ਜਾਣਾ। ਅਸਲ ਗੱਲ ਹੈ ਕਿਸੇ ਬੱਚੇ ਦਾ ਦਿਲ ਨਾ ਦੁਖਾਉਣਾ, ਉਹਨੂੰ ਉਹ ਅਣਚਾਹੇ ਹੰਝੂ ਨਾ ਵੇਖਣ ਦੇਣਾ ਜਿਹੜੇ ਮਰਦ ਦੀਆਂ ਗੱਲ੍ਹਾਂ ਲੂੰਹਦੇ ਹਨ।