The Foal (Russian Story in Punjabi) : Mikhail Sholokhov
ਵਛੇਰਾ (ਰੂਸੀ ਕਹਾਣੀ) : ਮਿਖ਼ਾਈਲ ਸ਼ੋਲੋਖ਼ੋਵ
ਤੌਫ਼ੀਮ ਘਰੋਂ ਬਾਹਰ ਆਇਆ, ਤੇ ਕਾੜ ਕਰਦਾ ਦਰਵਾਜ਼ਾ ਬੰਦ ਕਰਦੇ, ਅਸਤਬਲ ਵਲ ਤੁਰ ਪਿਆ।
ਵਛੇਰੇ ਨੂੰ ਵੇਖਕੇ, ਜਿਹੜਾ ਕਿ ਸਾਰਾ ਕੰਬ ਰਿਹਾ ਸੀ, ਤੇ ਉਸਦੀ ਬਦਾਮੀ ਘੋੜੀ ਦੇ ਥਣ ਖਿਚ ਰਿਹਾ ਸੀ, ਬਦਹਵਾਸੀ ਵਿਚ ਉਸਨੇ ਆਪਣੀਆਂ ਜੇਬਾਂ ਫੋਲੀਆਂ, ਕੰਬਦੇ ਹੋਏ ਹਥ ਨਾਲ ਆਪਣੀ ਤਮਾਕੂ ਵਾਲੀ ਥੈਲੀ ਕਢੀ, ਇਕ ਸਿਗਰਟ ਵਟਿਆ, ਤੇ ਫੇਰ ਜਾ ਕੇ ਕਿਤੇ ਉਸਦੀ ਜ਼ਬਾਨ ਹਿੱਲੀ।
‘ਤਾਂ ਤੂੰ ਸੂ ਪਈ ਏਂ, ਹੈਂ ਨਾ ? ਤੂੰ ਸਚਮੁਚ ਬੜਾ ਸੁਹਣਾ ਵੇਲਾ ਲਭਿਐ । ਉਸਦੀ ਆਵਾਜ਼ ਵਿਚ ਗੁੱਸਾ ਤੇ ਪੀੜ ਸੀ।
ਜਦੋਂ ਘੋੜੀ ਨੂੰ ਅਸਤਬਲ ਵਿਚ ਬੰਦ ਕੀਤਾ ਗਿਆ, ਤਾਂ ਉਸਨੇ ਫੁੰਕਾਰਿਆਂ ਨਾਲ ਆਪਣੇ ਜਵੀ ਵਾਲੇ ਥੈਲੇ ਨੂੰ ਏਧਰ ਓਧਰ ਪਟਕਣਾ ਸ਼ੁਰੂ ਕਰ ਦਿੱਤਾ । ਤੌਫ਼ੀਮ ਨੇ, ਦਰਵਾਜ਼ੇ ਨਾਲ ਢੋਹ ਲਾ ਕੇ, ਵੈਰ ਭਰੀ ਨਜ਼ਰ ਨਾਲ ਵਛੇਰੇ ਵਲ ਵੇਖਿਆ ।
'ਮੈਂ ਇਸਨੂੰ ਕੀ ਕਰਾਂਗਾ ?'
ਵਛੇਰਾ, ਆਪਣੀਆਂ ਪਤਲੀਆਂ ਤੇ ਮਖ਼ਮਲ ਵਰਗੀਆਂ ਲੱਤਾਂ ਤੇ ਖਲੋਤਾ, ਇਕ ਖਡੌਣਾ ਜਾਪ ਰਿਹਾ ਸੀ ।
ਤੌਫ਼ੀਮ ਨੇ ਤਮਾਕੂ ਦੇ ਦਾਗ਼ ਵਾਲੇ ਆਪਣੇ ਅੰਗੂਠੇ ਨਾਲ ਵਛੇਰੇ ਵਲ ਇਸ਼ਾਰਾ ਕੀਤਾ : 'ਮੈਂ ਏਸ ਨੂੰ ਮਾਰ ਦਿਆਂ ?'
ਘੋੜੀ ਨੇ ਆਪਣੇ ਲਹੂ-ਰੱਤੇ ਆਨੇ ਘੁਮਾਏ, ਅੱਖਾਂ ਝਮਕੀਆਂ ਤੇ ਕੈਰੀ ਨਜ਼ਰ ਨਾਲ ਆਪਣੇ ਮਾਲਕ ਵਲ ਦੇਖਿਆ।
ਰਸਾਲੇ ਦੇ ਕਮਾਂਡਰ ਨੇ, ਇਕ ਚਾਹ ਦਾ ਮੱਗ ਹੱਥ ਵਿਚ ਫੜਿਆ, ਐਨ ਉਸੇ ਤਰ੍ਹਾਂ ਜਿਵੇਂ ਉਹ ਹਮਲਾ ਕਰਨ ਤੋਂ ਪਹਿਲਾਂ ਆਪਣੀ ਤਲਵਾਰ ਦੀ ਮੁਠ ਉਤੇ ਹੱਥ ਪਾਉਂਦਾ ਸੀ......ਤੇ ਨਿੰਦਰਾਈਆਂ ਅੱਖਾਂ ਨਾਲ ਲੈਂਪ ਵਲ ਵੇਖਿਆ।
'....ਕੁਮੈਤ ਜਾਂ ਮੁਸ਼ਕੀ, ....ਮੈਨੂੰ ਇਸਨੂੰ ਗੋਲੀ ਮਾਰਨੀ ਪਏਗੀ, ਬਸ । ਇਕ ਵਛੇਰੇ ਨਾਲ, ਅਸੀਂ ਟੱਪਰੀਵਾਸਾਂ ਦਾ ਇਕ ਡੇਰਾ ਨਜ਼ਰ ਆਵਾਂਗੇ,' ਤੌਫ਼ੀਮ ਨੇ ਜ਼ੋਰ ਨਾਲ ਕਿਹਾ ।
'ਕਿਉਂ ? ਮੈਂ ਏਹੋ ਈ ਆਖਿਐ। ਟੱਪਰੀਵਾਸਾਂ ਵਾਂਗ। ਤੇ ਜੇ ਕਮਾਨ ਅਫ਼ਸਰ ਆ ਜਾਏ ਤਾਂ ਕੀ ਬਣੇਗਾ ?'
‘ਜੇ ਉਹ ਰੈਜਮੰਟ ਦਾ ਮੁਆਇਨਾ ਕਰਨ ਲਈ ਆ ਜਾਏ, ਤੇ ਇਹ ਵਛੇਰਾ ਸਾਰਿਆਂ ਦੇ ਸਾਹਮਣੇ, ਪੂਛ ਖੜੀ ਕਰਕੇ ਪਛੰਡੇ ਮਾਰਦਾ ਟੱਪਦਾ ਫਿਰੇ, ਤਾਂ ਕੀ ਹੋਏਗਾ। ਕਿਉਂ ? ਇਹ ਸਾਰੀ ਲਾਲ ਫ਼ੌਜ ਸਾਹਮਣੇ ਸਾਨੂੰ ਸ਼ਰਮਸਾਰ ਕਰੇਗਾ।'
ਅਗਲੇ ਦਿਨ, ਤੌਫ਼ੀਮ, ਰਾਈਫਲ ਲੈ ਕੇ ਘਰੋਂ ਨਿਕਲਿਆ ।
‘ਇਹਨੂੰ ਗੋਲੀ ਮਾਰਨ ਲਗੈਂ,' ਕਮਾਂਡਰ ਨੇ ਪੁਛਿਆ ।
ਤੌਫ਼ੀਮ ਨੇ ਕੇਵਲ ਨਿਰਾਸਤਾ ਵਿਚ ਸਿਰ ਹਿਲਾਇਆ ਅਤੇ ਅਸਤਬਲ ਵਲ ਤੁਰ ਗਿਆ। ਕਮਾਂਡਰ ਆਪਣਾ ਸਿਰ ਨੀਵਾਂ ਕਰਕੇ, ਗੋਲੀ ਦੀ ਅਵਾਜ਼ ਉਡੀਕਣ ਲੱਗ ਪਿਆ। ਇਕ ਮਿੰਟ ਬੀਤ ਗਿਆ, ਦੋ ਮਿੰਟ ਬੀਤ ਗਏ, ਪਰ ਗੋਲੀ ਚੱਲਣ ਦੀ ਕੋਈ ਆਵਾਜ਼ ਨਾ ਆਈ । ਨਿਮੋਝੂਣ ਤੌਫ਼ੀਮ ਅਸਤਬਲ ਦੀ ਗੁਠ ਕੋਲ ਆ ਰਿਹਾ ਸੀ।
'ਕਿਉਂ, ਕੀ ਗੱਲ ਹੋਈ।'
'ਮੇਰੇ ਖਿਆਲ ਵਿਚ ਇਹ ਜਾਮ ਹੋ ਗਈ ।'
'ਲਿਆ ਖਾਂ ਭਲਾ ਤੇਰੀ ਬੰਦੂਕ ਵੇਖੀਏ ।'
ਤੌਫ਼ੀਮ ਨੇ, ਝਿਜਕਦਿਆਂ ਹੋਇਆਂ ਬੰਦੂਕ ਫੜਾ ਦਿੱਤੀ । ਸਕੂਆਡਰਨ ਕਮਾਂਡਰ ਨੇ ਬੰਦੂਕ ਖੋਲ੍ਹੀ ਤੇ ਨਾਲੀ ਵਿਚ ਵੇਖਿਆ।
'ਇਸ ਵਿਚ ਤਾਂ ਕੋਈ ਕਾਰਤੂਸ ਨਹੀਂ ।'
‘ਅਸੰਭਵ' ਤੌਫ਼ੀਮ ਤ੍ਰਭਕਕੇ ਬੋਲਿਆ।
'ਮੈਂ ਤੈਨੂੰ ਦੱਸਿਆ ਏ ਨਾ, ਏਸ ਵਿਚ ਤਾਂ ਕੁਝ ਵੀ ਨਹੀਂ ।'
'ਸੁੱਟ ਦਿੱਤੇ ਸਨ... ਅਸਤਬਲ ਦੇ ਪਿਛਲੇ ਪਾਸੇ।'
ਕਮਾਂਡਰ ਨੇ ਰਾਈਫਲ ਇਕ ਪਾਸੇ ਰਖ ਦਿੱਤੀ । ‘ਉਹ ਠੀਕ ਹੈ । ਜਹੱਨਮ ਵਿਚ ਜਾਏ। ਜਿਉਂਦਾ ਰਹਿਣ ਦੇ । ਹਾਲ ਦੀ ਘੜੀ ਇੰਜ ਹੀ ਸਹੀ ।'
ਇਕ ਮਹੀਨਾ ਮਗਰੋਂ ਦੀ ਗੱਲ ਹੈ । ਤੌਫ਼ੀਮ ਦੀ ਯੂਨਿਟ ਪਿੰਡ ਦੇ ਨੇੜੇ, ਇਕ ਕਸਕ ਪਲਟਣ ਨਾਲ ਲੜ ਰਹੀ ਸੀ । ਲੜਾਈ, ਸੰਧਿਆ ਤੋਂ ਰਤਾ ਕੁ ਪਹਿਲਾਂ ਸ਼ੁਰੂ ਹੋਈ ।
ਰਾਹ ਵਿਚ, ਤੌਫ਼ੀਮ ਆਪਣੀ ਪਲਟਣ ਤੋਂ ਬਹੁਤ ਪਿਛੇ ਰਹਿ ਗਿਆ। ਉਸਨੇ ਚਾਬੁਕ ਮਾਰੇ, ਲਗਾਮ ਨੂੰ ਖਿਚਾਂ ਮਾਰੀਆਂ, ਘੋੜੀ ਦੇ ਮੂੰਹ ਵਿਚੋਂ ਲਹੂ ਨਿਕਲਣ ਲਗ ਪਿਆ, ਪਰ ਉਹ ਸਰਪਟ ਨਾ ਹੋਈ ।
ਜਦੋਂ ਤਕ ਵਛੇਰਾ ਉਸਦੇ ਨਾਲ ਨਾ ਆ ਰਲਿਆ, ਉਹ ਸਿਰ ਉਚਾ ਕਰਕੇ, ਘੱਗੀ ਆਵਾਜ਼ ਵਿਚ ਹਿਣਕਦੀ ਰਹੀ।
ਤੌਫ਼ੀਮ, ਛਾਲ ਮਾਰਕੇ ਹੇਠਾਂ ਗੁੱਸੇ ਵਿਚ ਲਾਲ ਪੀਲਾ ਹੋ ਕੇ ਉਤਰ ਆਇਆ, ਆਪਣੀ ਤਲਵਾਰ ਮਿਆਨ ਵਿਚ ਪਾ, ਝਟਕੇ ਨਾਲ ਉਸਨੇ ਮੋਢੇ ਤੋਂ ਰਾਈਫਲ ਲਾਹੀ ।
ਸੱਜਾ ਪਾਸਾ, ਸਫ਼ੈਦ ਗਾਰਦਾਂ ਵਿਚ ਜਾ ਰਲਿਆ ਸੀ। ਢਾਲਵੇਂ ਕੰਢੇ ਦੇ ਨੇੜੇ, ਆਦਮੀਆਂ ਦਾ ਦਲ ਇਸ ਤਰਾਂ ਅੱਗੇ ਪਿਛੇ ਝੂਲਦਾ ਨਜ਼ਰ ਆ ਰਿਹਾ ਸੀ, ਜਿਵੇਂ ਹਵਾ ਉਸ ਨੂੰ ਹਿਲਾ ਰਹੀ ਹੋਵੇ।
ਉਹ ਚੁਪ ਚਾਪ ਲੜ ਰਹੇ ਸਨ । ਧਰਤੀ, ਘੋੜਿਆਂ ਦੇ ਪੌੜਾਂ ਹੇਠ ਗਰਜ ਰਹੀ ਸੀ।
ਤੌਫ਼ੀਮ ਨੇ ਇਕ ਵਾਰ ਉਸ ਵਲ ਵੇਖਿਆ, ਤੇ ਫੇਰ, ਆਪਣੀ ਰਾਈਫਲ ਨਾਲ ਵਛੇਰੇ ਦੇ ਸਿਰ ਦੀ ਸ਼ਿਸਤ ਲਈ । ਪਤਾ ਨਹੀਂ ਘਬਰਾਹਟ ਵਿਚ ਉਸਦਾ ਹੱਥ ਹਿੱਲ ਗਿਆ, ਜਾਂ ਕਿਸੇ ਹੋਰ ਕਾਰਨ, ਨਿਸ਼ਾਨਾ ਖੁੰਝ ਗਿਆ।
ਵਛੇਰਾ, ਕੋਝੇ ਢੰਗ ਨਾਲ ਦੁਲੱਤੀਆਂ ਮਾਰਦਾ ਹੋਇਆ ਹਿਣਕਿਆ, ਤੇ ਆਪਣੇ ਖੁਰਾਂ ਨਾਲ ਧੂੜ ਉਡਾਉਂਦਾ, ਇਕ ਚੱਕਰ ਲਾ ਕੇ, ਥੋਹੜੀ ਦੂਰ ਜਾ ਖਲੋਤਾ।
ਉਸ ਰਾਤ, ਪਲਟਣ ਨੇ, ਤੰਗ ਘਾਟੀ ਦੇ ਨੇੜੇ, ਮੈਦਾਨ ਵਿਚ ਪੜਾਅ ਕੀਤਾ । ਜਵਾਨਾਂ ਨੇ ਘਟ ਤੋਂ ਘਟ ਸਿਗਰਟ ਪੀਤੇ ਤੇ ਘੋੜਿਆਂ ਤੋਂ ਕਾਠੀਆਂ ਨਾ ਲਾਹੀਆਂ।
ਡਾਨ ਤੋਂ ਪਰਤ ਕੇ ਆਏ ਇਕ ਗਸ਼ਤੀ ਦਸਤੇ ਨੇ ਖਬਰ ਦਿੱਤੀ, ਕਿ ਵੱਡੀ ਗਿਣਤੀ ਵਿਚ ਦੁਸ਼ਮਣ ਦੀ ਫ਼ੌਜ ਦਰਿਆ ਦੇ ਲਾਂਘੇ ਤਕ ਲਿਆਂਦੀ ਜਾ ਰਹੀ ਹੈ ।
ਪਹੁ ਫੁੱਟਣ ਤੋਂ ਪਹਿਲਾਂ, ਹਨੇਰੇ ਵਿਚ, ਸਕੁਆਡਰਨ ਕਮਾਂਡਰ ਤੌਫ਼ੀਮ ਕੋਲ ਆਣ ਬੈਠਾ, ‘ਸੁੱਤਾ ਹੋਇਐਂ, ਤੌਫ਼ੀਮ ?'
‘ਐਵੇਂ ਉਂਘਲਾ ਰਿਹਾ ਹਾਂ।'
ਕਮਾਂਡਰ ਨੇ, ਡੁੱਬ ਰਹੇ ਤਾਰਿਆਂ ਵੱਲ ਵੇਖਿਆ। ‘ਆਪਣੇ ਵਛੇਰੇ ਨੂੰ ਬਿਲੇ ਲਾ ਦੇ, ਤੌਫ਼ੀਮ ! ਇਹ ਲੜਾਈ ਵਿਚ ਡਰ ਪੈਦਾ ਕਰਦੈ।'
'ਇਸਨੂੰ ਵੇਖਦਿਆਂ ਹੀ ਮੇਰਾ ਹੱਥ ਕੰਬ ਜਾਂਦੈ, ਤੇ ਮੈਂ ਆਪਣੀ ਤਲਵਾਰ ਠੀਕ ਤਰ੍ਹਾਂ ਨਹੀਂ ਚਲਾ ਸਕਦਾ । ਇਹ ਸਭ ਕੁਝ ਇਸ ਲਈ ਹੁੰਦੈ, ਕਿ ਨਜ਼ਾਰਾ ਬਿਲਕੁਲ ਘਰੋਗੀ ਜਿਹਾ ਜਾਪਦੈ ।'
‘ਏਥੇ ਲੜਾਈ ਵਿਚ, ਇਸਦੀ ਕੋਈ ਥਾਂ ਨਹੀਂ। ਮੇਰਾ ਦਿਲ ਪੰਘਰ ਜਾਂਦੈ । ਇਹ ਹਮਲੇ ਵਿਚ ਘੋੜਿਆਂ ਦੇ ਖੁਰਾਂ ਹੇਠ ਮਿੱਧਿਆ ਵੀ ਨਹੀਂ ਗਿਆ, ਹਰਾਮੀ ।’
ਇਕ ਸੁਪਨਮਈ ਮੁਸਕਾਨ ਉਸਦੇ ਬੁਲ੍ਹਾਂ ਤੇ ਆਈ, ਪਰ ਤੌਫ਼ੀਮ ਨੇ ਉਹ ਮੁਸਕਾਨ ਨਾ ਵੇਖੀ।
ਤੌਫ਼ੀਮ ਕੁਝ ਨਾ ਬੋਲਿਆ। ਆਪਣੇ ਵੱਡੇ ਕੋਟ ਨਾਲ ਆਪਣਾ ਸਿਰ ਢਕਕੇ, ਸਿਲ੍ਹੀ ਤਰੇਲ ਵਿਚ ਕੰਬਦਾ, ਉਹ ਝਟ ਪਟ ਹੀ ਸੌਂ ਗਿਆ ।
ਦੁਪਿਹਰ ਵੇਲੇ, ਪਲਟਣ ਨੇ ਦਰਿਆ ਲੰਘਣਾ ਸ਼ੁਰੂ ਕੀਤਾ ।
ਸਕੁਐਡਰਨ ਕਮਾਂਡਰ, ਆਪਣੇ ਹਲਕੇ ਕੁਮੈਤ ਘੋੜੇ ਨੂੰ ਦੁੜੱਕੀ ਪਾ ਕੇ ਦਰਿਆ ਦੇ ਕੰਢੇ ਤੇ ਲੈ ਲਾਇਆ, ਤੇ ਸਭ ਤੋਂ ਪਹਿਲਾਂ ਦਰਿਆ ਵਿਚ ਕੁਦ ਪਿਆ।
ਇਕ ਤੂਫ਼ਾਨ ਵਾਂਗ ਪਾਣੀ ਨੂੰ ਉਡਾਉਂਦਾ ਤੇ ਰਿੜਕਦਾ ਹੋਇਆ ਸਾਰਾ ਰਸਾਲਾ ਉਸ ਦੇ ਪਿੱਛੇ ਠਿਲ੍ਹ ਪਿਆ...ਇਕ ਸੌ ਅਠ ਅਧ ਨੰਗੇ ਆਦਮੀ ਤੇ ਓਨੇ ਹੀ ਵਖ ਵਖ ਰੰਗਾਂ ਦੇ ਘੋੜੇ । ਕਾਠੀਆਂ ਤਿੰਨਾਂ ਬੇੜੀਆਂ ਵਿਚ ਲੱਦੀਆਂ ਗਈਆਂ। ਇਕ ਬੇੜੀ ਤੌਫ਼ੀਮ ਠੇਲ੍ਹ ਰਿਹਾ ਸੀ । ਆਪਣੀ ਘੋੜੀ ਉਸਨੇ, ਪਲਟਣ ਕਮਾਂਡਰ ਨੇਚੇਪੂਰੈਂਕੋ ਨੂੰ ਫੜਾ ਦਿੱਤੀ ਸੀ। ਆਪਣਾ ਚੱਪੂ ਬੇੜੀ ਵਿਚ ਸੁੱਟਕੇ, ਤੌਫ਼ੀਮ ਖੜਾ ਹੋ ਗਿਆ ਤੇ ਧੂਪ ਵਿਚ ਅੱਖਾਂ ਝਮਕਦਿਆਂ, ਉਸਨੇ ਤਰਦੇ ਹੋਏ ਘੋੜਿਆਂ ਤੇ ਬੰਦਿਆਂ ਦੇ ਸਮੂਹ ਵਿਚੋਂ ਆਪਣੀ ਬਦਾਮੀ ਘੋੜੀ ਦਾ ਸਿਰ ਵੇਖਣ ਲਈ, ਬੜੇ ਧਿਆਨ ਨਾਲ ਦਰਿਆ ਵਿਚ ਨਜ਼ਰ ਮਾਰੀ ।
ਬੜੀ ਨੀਝ ਲਾ ਕੇ ਵੇਖਣ ਮਗਰੋਂ, ਤੌਫ਼ੀਮ ਨੂੰ, ਵਛੇਰਾ ਵੀ ਦਿਸ ਪਿਆ । ਉਹ ਝਟਕਿਆਂ ਨਾਲ ਤਰ ਰਿਹਾ ਸੀ, ਕਦੇ ਪਾਣੀ ਤੋਂ ਉਚਾ ਉਭਰਿਆ ਹੋਇਆ ਨਜ਼ਰ ਆਉਂਦਾ ਤੇ ਕਦੇ ਏਨਾ ਹੇਠਾਂ ਚਲਿਆ ਜਾਂਦਾ, ਕਿ ਉਸਦੀਆਂ ਨਾਸਾਂ ਵੀ ਮੁਸ਼ਕਲ ਨਾਲ ਨਜ਼ਰ ਆਉਂਦੀਆਂ।
ਐਨ ਉਸ ਵੇਲੇ ਹਵਾ ਦਾ ਇਕ ਬੁੱਲਾ ਆਇਆ, ਤੇ ਤੌਫ਼ੀਮ ਨੂੰ, ਮਕੜੀ ਦੇ ਜਾਲੇ ਦੀ ਤਾਰ ਵਰਗੀ ਮਹੀਨ ਹਿਣਕ ਸੁਣਾਈ ਦਿੱਤੀ : ‘ਹੀ ਈ –ਈ ।'
ਇਹ ਹਿਰਦੇ ਵੇਧਕ ਆਵਾਜ਼ ਤੌਫ਼ੀਮ ਦੇ ਦਿਲ ਵਿਚ ਲਹਿ ਗਈ । ਪਿਛਲੇ ਪੰਜ ਸਾਲ ਉਹ ਲੜਾਈ ਵਿਚ ਕਦੇ ਨਹੀਂ ਸੀ ਡੋਲਿਆ। ਕਈ ਵਾਰ ਨਿਧੜਕ ਹੋ ਕੇ, ਉਸਨੇ ਮੌਤ ਦੀਆਂ ਅੱਖਾਂ ਵਿਚ ਵੇਖਿਆ ਸੀ, ਪਰ ਹੁਣ, ਉਸਦੀ ਖਸਖ਼ਾਸੀ ਦਾੜ੍ਹੀ ਹੇਠਾਂ, ਉਸਦਾ ਰੰਗ, ਚਿੱਟਾ ਪੂਣੀ ਹੋ ਗਿਆ ਸੀ।
ਚੱਪੂ ਫੜਕੇ, ਚੜ੍ਹਦੇ ਪਾਣੀ, ਉਹ ਬੇੜੀ ਨੂੰ ਉਸ ਪਾਸੇ ਵਲ ਲੈ ਤੁਰਿਆ, ਜਿਧਰ ਵਛੇਰਾ ਇਕ ਘੁੰਮਣਘੇਰੀ ਵਿਚ ਫਸਿਆ ਹੋਇਆ ਸੀ।
ਪਾਣੀ ਦਾ ਰੋੜ੍ਹ ਵਛੇਰੇ ਨੂੰ ਉਸ ਥਾਂ ਤੋਂ ਬੜੀ ਦੂਰ ਲੈ ਗਿਆ, ਜਿਥੋਂ ਕਿ ਰਸਾਲਾ ਦਰਿਆ ਪਾਰ ਕਰ ਰਿਹਾ ਸੀ । ਛੋਟੀ ਜਿਹੀ ਘੁੰਮਣਘੇਰੀ, ਪੋਲੇ ਭਾ ਉਸਨੂੰ ਘੁਮਾ ਰਹੀ ਸੀ ਤੇ ਉਸਦੀ ਪਿਠ ਹਰੀਆਂ ਲਹਿਰਾਂ ਵਿਚ ਕੱਜੀ ਹੋਈ ਸੀ।
ਤੌਫ਼ੀਮ ਬਹੁਤ ਕਾਹਲੇ ਕਾਹਲੇ ਚੱਪੂ ਮਾਰ ਰਿਹਾ ਸੀ ਤੇ ਬੇੜੀ ਹਝੋਕਿਆਂ ਨਾਲ ਅੱਗੇ ਵਧ ਰਹੀ ਸੀ।
ਇਕ ਮਸ਼ੀਨਗੰਨ ਦੇ ਚੱਲਣ ਦੀ ਮਧਮ ਜਿਹੀ ਆਵਾਜ਼ ਆ ਰਹੀ ਸੀ, ਤੇ ਗੋਲੀਆਂ ਤੜ ਤਾੜ ਸ਼ੂਕਦੀਆਂ ਹੋਈਆਂ, ਆ ਕੇ ਪਾਣੀ ਵਿਚ ਡਿਗ ਰਹੀਆਂ ਸਨ । ਪਾਟੀ ਹੋਈ ਕੈਨਵਸ ਦੀ ਕਮੀਜ਼, ਪਾਈ ਇਕ ਅਫ਼ਸਰ ਜ਼ੋਰ ਜ਼ੋਰ ਦੀ ਬੋਲ ਰਿਹਾ ਸੀ, ਤੇ ਆਪਣਾ ਰਿਵਾਲਵਰ ਘੁਮਾ ਰਿਹਾ ਸੀ ।
ਵਛੇਰਾ ਹੁਣ ਮੁਸ਼ਕਲ ਨਾਲ ਹਿਣਕਦਾ ਸੀ, ਉਸਦੀ ਦਿਲ ਚੀਰਵੀਂ ਛੋਟੀ ਜਿਹੀ ਆਵਾਜ਼, ਦੀ ਪਲੋ ਪਲ ਕਮਜ਼ੋਰ ਹੁੰਦੀ ਜਾ ਰਹੀ ਸੀ। ਇਹ ਆਵਾਜ਼ ਇਕ ਬੱਚੇ ਮਾਸੂਮ ਆਵਾਜ਼ ਵਰਗੀ ਸੀ।
ਤੌਫ਼ੀਮ ਨੇ, ਕੰਬਦੇ ਹੱਥਾਂ ਨਾਲ ਆਪਣੀ ਰਾਈਫ਼ਲ ਚੁੱਕੀ, ਤੇ ਸਿਰ ਤੋਂ ਹੇਠਾਂ, ਜਿਹੜਾ ਕਿ ਘੁੰਮਣਘੇਰੀ ਵਿਚ ਡੁੱਬਾ ਹੋਇਆ ਸੀ, ਸ਼ਿਸਤ ਬੰਨ੍ਹਕੇ ਫ਼ਾਇਰ ਕੀਤਾ। ਫੇਰ ਹੌਂਕਦਿਆਂ ਤੇ ਬੁੜਬੜਾਂਦਿਆਂ, ਅਪਣੇ ਬੂਟ ਲਾਹਕੇ, ਉਸਨੇ ਪਾਣੀ ਵਿਚ ਛਾਲ ਮਾਰ ਦਿੱਤੀ ।
ਸੱਜੇ ਕੰਢੇ ਤੇ ਕੈਨਵਸ ਦੀ ਕਮੀਜ਼ ਵਾਲਾ ਅਫ਼ਸਰ ਭੌਂਕਿਆ :
‘ਫ਼ਾਇਰ ਬੰਦ ਕਰੋ !'
ਤੌਫ਼ੀਮ ਨੂੰ, ਵਛੇਰੇ ਤਕ ਪਹੁੰਚਣ ਵਿਚ ਪੰਜ ਮਿੰਟ ਲੱਗੇ । ਖਬੇ ਹੱਥ ਨਾਲ ਉਸਨੂੰ ਆਪਣੇ ਠਰੇ ਹੋਏ ਢਿੱਡ ਨਾਲ ਘੁੱਟਕੇ, ਗੋਤੇ ਖਾਂਦਾ, ਹਿਚਕੀਆਂ ਲੈਂਦਾ, ਤੇ ਕੜਵਲਾਂ ਨਾਲ ਨਿਢਾਲ ਹੋਇਆ, ਉਹ ਖੱਬੇ ਕੰਢੇ ਵਲ ਵੱਧਿਆ । ਸਾਰੇ ਤਾਣ ਨਾਲ ਉਸਨੇ ਅੰਤਿਮ ਹੰਭਲਾ ਮਾਰਿਆ, ਉਸਦੇ ਪੈਰ ਪਾਣੀ ਤੋਂ ਹੇਠਾਂ ਜ਼ਮੀਨ ਤੇ ਜਾ ਲੱਗੇ ।
ਉਹ ਵਛੇਰੇ ਦੀ ਲਾਸ਼ ਨੂੰ ਧੂਹਕੇ ਬੰਨੇ ਤੇ ਲੈ ਗਿਆ ਤੇ ਹੌਕੇ ਲੈਂਦਿਆਂ, ਉਸਨੇ ਹਰੇ ਪਾਣੀ ਦੀ ਉਲਟੀ ਕੀਤੀ । ਉਸ ਦੇ ਹੱਥ ਬੇਚੈਨੀ ਵਿਚ, ਰੇਤ ਉਤੇ ਏਧਰ ਓਧਰ ਹਿੱਲ ਰਹੇ ਸਨ।
ਤੌਫ਼ੀਮ ਲੜਖੜਾਉਂਦਾ ਹੋਇਆ ਉਠਿਆ, ਰੇਤ ਉਤੇ ਦੋ ਪੈਰ ਤੁਰਿਆ, ਤੇ ਕੰਬਕੇ ਇਕ ਪਾਸੇ ਡਿਗ ਪਿਆ। ਉਸਨੂੰ ਇੰਜ ਲਗਾ, ਜਿਵੇਂ ਕੋਈ ਤਪਦਾ ਛੁਰਾ ਉਸਦੀ ਛਾਤੀ ਵਿਚ ਆਣ ਵੱਜਾ ਹੋਵੇ । ਡਿਗਦਿਆਂ ਉਸਨੂੰ ਗੋਲੀ ਦੀ ਅਵਾਜ਼ ਸੁਣੀ ।
ਬਸ ਪਿਠ ਵਿਚ ਇਕ ਗੋਲੀ ...ਸੱਜੇ ਕੰਢੇ ਤੋਂ ।
ਸੱਜੇ ਕੰਢੇ ਤੇ, ਪਾਟੀ ਹੋਈ ਕੈਨਵਸ ਦੀ ਕਮੀਜ਼ ਵਾਲੇ ਅਫ਼ਸਰ ਨੇ ਤਾਜ਼ਾ ਚੱਲਿਆ ਕਾਰਤੂਸ ਕਢਕੇ ਸੁੱਟਿਆ, ਤੇ ਵਛੇਰੇ ਤੋਂ ਦੋਂਹ ਪੈਰਾਂ ਦੀ ਵਿਥ ਤੇ, ਰੇਤ ਉਤੇ ਤੌਫ਼ੀਮ ਤੜਫ ਰਿਹਾ ਸੀ ।
ਉਸਦੇ ਨੀਲੇ ਬੁਲ੍ਹ, ਜਿਨ੍ਹਾਂ ਨੇ ਪਿਛਲੇ ਪੰਜ ਸਾਲ ਤੋਂ ਕਿਸੇ ਬੱਚੇ ਦਾ ਮੂੰਹ ਨਹੀਂ ਸੀ ਚੁੰਮਿਆਂ, ਮੁਸਕਰਾਏ, ਤੇ ਉਸਦੇ ਮੂੰਹ ਵਿਚੋਂ ਲਹੂ ਵਹਿ ਤੁਰਿਆ।