The Merchant of Venice : William Shakespeare

ਵੈਨਿਸ ਦਾ ਬਿਉਪਾਰੀ : ਵਿਲੀਅਮ ਸ਼ੈਕਸਪੀਅਰ

(ਵਿਲੀਅਮ ਸ਼ੈਕਸਪੀਅਰ ਦੇ ਨਾਟਕ 'The Merchant of Venice' ਦਾ ਪੰਜਾਬੀ ਕਹਾਣੀ ਰੂਪ)

੧.
ਪੁਰਾਣੇ ਸਮੇਂ ਦੀ ਗੱਲ ਹੈ, ਯੂਰਪ ਦੇ ਉੱਘੇ ਨਗਰ ਵੈਨਿਸ ਵਿਚ ਇਕ ਵੱਡਾ ਬਿਉਪਾਰੀ ਰਹਿੰਦਾ ਸੀ, ਜਿਸ ਦਾ ਨਾਉਂ ਐਨਤੋਨੀਓ ਸੀ। ਇਹ ਬਿਉਪਾਰੀ ਵੱਡਾ ਭਲਾ ਲੋਕ ਸੀ। ਇਸ ਨੂੰ ਰੁਪਿਆ ਜੋੜਨ ਦਾ ਖ਼ਿਆਲ ਨਹੀਂ ਸੀ, ਸਗੋਂ ਉਸ ਦੀ ਦਿਲੀ ਮਨਸ਼ਾ ਇਸ ਰੁਪਏ ਨੂੰ ਇਹੋ ਜਿਹੇ ਢੰਗ ਨਾਲ ਵਰਤਣ ਦੀ ਸੀ, ਜਿਸ ਦੁਆਰਾ ਗ਼ਰੀਬ ਗੁਰਬੇ ਨੂੰ ਲਾਭ ਪੁਜ ਸਕੇ। ਇਸੇ ਗੱਲ ਨੂੰ ਮੁੱਖ ਰੱਖ ਕੇ ਉਹ ਲੋੜਵੰਦਾਂ ਨੂੰ ਕਰਜ਼ਾ ਦੇਂਦਾ ਸੀ, ਪ੍ਰੰਤੂ ਉਨ੍ਹਾਂ ਕੋਲੋਂ ਵਿਆਜ ਨਹੀਂ ਸੀ ਲਿਆ ਕਰਦਾ। ਇਸ ਭਲਾਈ ਕਾਰਨ ਸਾਰੇ ਸ਼ਹਿਰ ਵਿਚ ਉਸ ਦੀ ਉਪਮਾਂ ਹੁੰਦੀ ਸੀ ਤੇ ਜਦੋਂ ਵੀ ਉਹ ਬਾਜ਼ਾਰ ਵਿਚੋਂ ਲੰਘਦਾ, ਲੋਕੀ ਦੇਵਤਿਆਂ ਵਾਂਗ ਉਸ ਦੇ ਚਰਨ ਪਰਸਦੇ। ਉਸੇ ਨਗਰ ਵਿਚ ਇਕ ਹੋਰ ਯਹੂਦੀ ਸ਼ਾਹੂਕਾਰ ਸ਼ਾਈਲਾਕ ਰਹਿੰਦਾ ਸੀ, ਜਿਹੜਾ ਐਨਤੋਨੀਓ ਨਾਲ ਈਰਖਾ ਕਰਦਾ ਸੀ। ਇਹ ਗੱਲ ਹੈ ਵੀ ਸੀ ਕੁਦਰਤੀ, ਕਿਉਂ ਜੋ ਸ਼ਾਈਲਾਕ ਕਰੜੀ ਵਿਆਜ ਤੇ ਕਰਜ਼ਾ ਦੇਂਦਾ ਸੀ ਤੇ ਜਦੋਂ ਐਨਤੋਨੀਓ ਨੂੰ ਪਤਾ ਲੱਗਦਾ ਕਿ ਕੋਈ ਗ਼ਰੀਬ ਲੋੜਵੰਦ ਸ਼ਾਈਲਾਕ ਕੋਲੋਂ ਕਰਜ਼ਾ ਲੈਣ ਜਾ ਰਿਹਾ ਹੈ ਤਾਂ ਉਹ ਉਸ ਨੂੰ ਆਪਣੇ ਕੋਲ ਸਦਵਾ ਕੇ ਬਿਨਾਂ ਵਿਆਜ ਕਰਜ਼ਾ ਦੇ ਕੇ ਉਸ ਦੀ ਲੋੜ ਨੂੰ ਪੂਰਾ ਕਰ ਦੇਂਦਾ ਸੀ। ਸਿੱਟਾ ਇਹ ਨਿਕਲਿਆ, ਜੋ ਸ਼ਾਈਲਾਕ ਉਸ ਦਾ ਜਾਨੀ ਵੈਰੀ ਬਣ ਗਿਆ, ਉਹ ਸਦਾ ਇਹੋ ਸੋਚਦਾ ਰਹਿੰਦਾ ਸੀ ਕਿ ਕਦੋਂ ਕਿਧਰੇ ਇਹ ਕਾਬੂ ਆਵੇ ਤੇ ਮੈਂ ਇਸ ਨੂੰ ਸਵਾਦ ਚਖਾਵਾਂ, ਜੋ ਕਿਵੇਂ ਕਿਸੇ ਦੇ ਰਾਹ ਵਿਚ ਰੋੜਾ ਅਟਕਾਈਦਾ ਹੈ।

੨.
ਇਕ ਰੋਜ਼ ਐਨਤੋਨੀਓ ਦੇ ਕੋਲ ਉਸ ਦਾ ਪਿਆਰਾ ਮਿੱਤਰ ਬਸੈਨੀਓ ਆਇਆ। ਉਸ ਨੂੰ ਉਦਾਸ ਵੇਖ ਕੇ ਐਨਤੋਨੀਓ ਨੇ ਕਾਰਨ ਪੁਛਿਆ ਤਾਂ ਉਸ ਨੇ ਉੱਤਰ ਦਿੱਤਾ, “ਬੈਲਮੌਂਟ ਨਗਰ ਵਿਚ ਇਕ ਅਮੀਰ ਸੁੰਦਰੀ ਪੋਰਸ਼ੀਆ ਰਹਿੰਦੀ ਹੈ, ਜਿਸ ਦੇ ਮਕਾਨ ਦੇ ਅੰਦਰ ਤਿੰਨ ਸੰਦੂਕਾਂ ਪਈਆਂ ਹਨ, ਜਿਨ੍ਹਾਂ ਵਿਚੋਂ ਇਕ ਵਿਚ ਉਸ ਦੀ ਤਸਵੀਰ ਹੈ।। ਉਸ ਦੇ ਪਿਤਾ ਦੀ ਵਸੀਅਤ ਦੇ ਮੂਜਬ ਉਹ ਪੁਰਸ਼ ਪੋਰਸ਼ੀਆ ਨਾਲ ਵਿਆਹ ਕਰ ਕੇ ਉਸ ਦੀ ਸਾਰੀ ਜਾਇਦਾਦ ਦਾ ਮਾਲਕ ਹੋਵੇਗਾ, ਜੇੜ੍ਹਾ ਉਸ ਸੰਦੂਕ ਨੂੰ ਚੁਣ ਸਕੇਗਾ ਜਿਸ ਦੇ ਅੰਦਰ ਉਸ ਦੀ ਤਸਵੀਰ ਰਖੀ ਹੈ। ਮੈਂ ਚਾਹੁੰਦਾ ਹਾਂਂ ਜੋ ਮੈਂ ਵੀ ਉਥੇ ਜਾ ਕੇ ਕਿਸਮਤ ਅਜ਼ਮਾਵਾਂ, ਕੀ ਪਤਾ ਮੇਰੇ ਹੀ ਸੁਤੇ ਨਸੀਬ ਜਾਗ ਪੈਣ। ਪ੍ਰੰਤੂ ਕਲੇਸ਼ ਇਹ ਹੈ ਜੋ ਮੇਰਾ ਸਾਰਾ ਰੁਪਿਆ ਖ਼ਰਚ ਹੋ ਚੁਕਾ ਹੈ ਤੇ ਇਸ ਵੇਲੇ ਮੇਰੇ ਕੋਲ ਇਕ ਕੌਡੀ ਵੀ ਨਹੀਂ। ਰੁਪਏ ਬਿਨਾਂ ਮੈਂ ਨਾ ਹੀ ਉਥੇ ਪੁਜ ਸਕਦਾ ਹਾਂ ਤੇ ਨਾ ਹੀ ਅਮੀਰੀ ਠਾਠ ਬਿਨਾਂ ਉਸ ਦਰ ਦੇ ਅੰਦਰ ਪੈਰ ਰਖ ਸਕਦਾ ਹਾਂ। ਕੀ ਤੁਸੀਂ ਮੇਰੀ ਕੋਈ ਸਹਾਇਤਾ ਕਰ ਸਕਦੇ ਹੋ?
ਐਨਤੋਨੀਓ- ਕਿਤਨੀ ਕੁ ਰਕਮ ਦੀ ਲੋੜ ਜੇ?
ਬਸੈਨੀਓ- ਤਿੰਨ ਹਜ਼ਾਰ!
ਐਨਤੋਨੀਓ- ਮੈਂ ਇਕ ਬਿਉਪਾਰੀ ਹਾਂ, ਕਦੇ ਤਾਂ ਸਾਡੇ ਘਰ ਰੁਪਿਆਂ ਦੇ ਢੇਰ ਲਗੇ ਰਹਿੰਦੇ ਹਨ ਤੇ ਕਦੇ ਦੇਗਾਂ ਉਕੀਆਂ ਹੀ ਮਸਤਾਨੀਆਂ ਹੁੰਦੀਆਂ ਹਨ। ਰੱਬ ਦੀ ਕੁਦਰਤ, ਇਸ ਵੇਲੇ ਘਰ ਵਿਚ ਰਕਮ ਮੌਜੂਦ ਨਹੀਂ। ਨਹੀਂ ਤਾਂ, ਰੁਪਿਆ ਕੀ, ਜਾਨ ਤੋਂ ਵੀ ਦਰੇਗ ਨਹੀਂ! ਖੈਰ ਨਗਰ ਵਿਚ ਸ਼ਾਹੂਕਾਰਾਂ ਕੋਲੋਂ ਪਤਾ ਕਰਦੇ ਹਾਂ ਜੇ ਰੁਪਿਆ ਮਿਲ ਸਕੇ ਤਾਂ ਮੈਂ ਤੁਹਾਡੀ ਖ਼ਾਤਰ ਕਰਜ਼ਾ ਚੁਕਣ ਨੂੰ ਵੀ ਤਿਆਰ ਹਾਂ।
ਇਸ ਗਲ ਦੇ ਮਗਰੋਂ ਉਹ ਕਿਤਨੇ ਹੀ ਸ਼ਾਹੂਕਾਰਾਂ ਕੋਲ ਗਿਆ, ਪ੍ਰੰਤੂ ਰੁਪਿਆ ਨਾ ਮਿਲ ਸਕਿਆ। ਇਕੋ ਹੀ ਪੁਰਸ਼ ਬਾਕੀ ਰਹਿੰਦਾ ਸੀ, ਜਿਸ ਕੋਲੋਂ ਰੁਪਿਆ ਮਿਲ ਸਕਦਾ ਸੀ ਤੇ ਉਹ ਸ਼ਾਈਲਾਕ ਸੀ। ਇਸ ਦੇ ਅਗੇ ਐਨਤੋਨੀਓ ਹੱਥ ਨਹੀਂ ਪਸਾਰਨਾ ਚਾਹੁੰਦਾ ਸੀ, ਪ੍ਰੰਤੂ ਮਤਲਬ ਬੁਰੀ ਬਲਾ ਹੈ। ਪਿਆਰੇ ਮਿੱਤਰ ਦੀ ਖ਼ਾਤਰ ਉਹ ਸ਼ਾਈਲਾਕ ਕੋਲ ਵੀ ਗਿਆ। ਜਦੋਂ ਤਿੰਨ ਹਜ਼ਾਰ ਰੁਪਿਆ ਤਿੰਨਾਂ ਮਹੀਨਿਆਂ ਲਈ ਕਰਜ਼ਾ ਮੰਗਿਆ, ਤਾਂ ਉਸ ਨੇ ਹਸਦੇ ਹਸਦੇ ਆਖਿਆ, "ਜਿਤਨਾ ਰੁਪਿਆ ਲੋੜ ਜੇ ਲੈ ਜਾਓ, ਜਿਤਨਾ ਚਿਰ ਦਿਲ ਕਰੇ ਵਰਤ ਲਓ। ਤੁਸੀਂ ਇਕ ਭਲੇ ਪੁਰਸ਼ ਹੋ ਤੇ ਦੂਜਿਆਂ ਕੋਲੋਂ ਵਿਆਜ ਨਹੀਂ ਲੈਂਦੇ, ਇਸ ਕਰਕੇ ਮੈਨੂੰ ਵੀ ਇਹ ਨਹੀਂ ਸੋਭਦਾ ਜੋ ਤੁਹਾਡੇ ਕੋਲੋਂ ਸੂਦ ਲਵਾਂ। ਹਾਂ ਇਸ ਮਿਤ੍ਰਤਾ ਦੀ ਗੰਢ ਨੂੰ ਪੱਕਾ ਰੱਖਣ ਲਈ ਕੇਵਲ ਠੱਠੇ ਮਖੌਲ ਵਿਚ ਇਕ ਰੁਕਾ ਲਿਖ ਦਿਓ ਕਿ ਜੇ ਕਦੇ ਇਹ ਰਕਮ ਤਿੰਨਾਂ ਮਹੀਨਿਆਂ ਵਿਚ ਵਾਪਸ ਨਾ ਹੋਈ ਤਾਂ ਮੈਨੂੰ ਹੱਕ ਹੋਵੇਗਾ ਜੋ ਤੁਹਾਡੀ ਛਾਤੀ ਤੋਂ ਅਧ ਸੇਰ ਮਾਸ ਦਾ ਟੋਟਾ ਵਢ ਲਵਾਂ।"
ਬਸੈਨੀਓ ਇਹ ਸੁਣ ਕੇ ਕੰਬ ਗਿਆ। ਪ੍ਰੰਤੂ ਸ਼ਾਈਲਾਕ ਨੇ ਆਖਿਆ, "ਸੋਚੋ ਤਾਂ ਸਹੀ ਮੈਂ ਮਨੁਖੀ ਮਾਸ ਨੂੰ ਕੀ ਕਰਨਾ ਹੈ, ਇਹ ਤਾਂ ਕੇਵਲ ਠੱਠੇ ਦੀ ਗੱਲ ਹੈ।" ਐਨਤੋਨੀਓ ਨੇ ਵੀ ਮਿੱਤਰ ਨੂੰ ਆਖਿਆ, "ਡਰੋ ਨਹੀਂ, ਮਾਮੂਲੀ ਗੱਲ ਹੈ। ਮੈਂ ਇਹ ਸ਼ਰਤ ਹੁਣੇ ਹੀ ਲਿਖ ਦੇਂਦਾ ਹਾਂ। ਮੇਰੇ ਜ਼ਹਾਜ਼ ਦੋ ਮਹੀਨਿਆਂ ਦੇ ਅੰਦਰ ਅੰਦਰ ਵੈਨਿਸ ਪੁਜ ਜਾਣਗੇ ਤੇ ਫਿਰ ਤਿੰਨ ਹਜ਼ਾਰ ਕੀ ਤੀਹ ਹਜ਼ਾਰ ਦਾ ਪ੍ਰਬੰਧ ਕਰਨਾ ਵੀ ਕੋਈ ਔਖਾ ਨਹੀਂ ਹੋਵੇਗਾ।" ਮੁਕਦੀ ਗੱਲ ਇਹ ਕਿ ਰੁੱਕੇ ਵਿਚ ਐਨਤੋਨੀਓ ਨੇ ਇਹ ਸ਼ਰਤ ਲਿਖ ਦਿਤੀ ਤੇ ਤਿੰਨ ਹਜ਼ਾਰ ਰੁਪਿਆ ਲੈ ਕੇ ਆਪਣੇ ਮਿੱਤਰ ਦੇ ਹਵਾਲੇ ਕੀਤਾ।

੩.
ਹੁਣ ਪੋਰਸ਼ੀਆ ਦੀ ਸੁਣੋ। ਉਸ ਦੇ ਨਗਰ ਬੈਲਮੌਂਟ ਵਿਚ, ਉਸ ਦੇ ਨਾਲ ਵਿਆਹ ਕਰਨ ਦੀ ਨੀਤ ਧਾਰਨ ਕਰ ਕੇ ਕਿਤਨੇ ਹੀ ਰਾਜ-ਕੁਮਾਰ ਤੇ ਅਮੀਰਜ਼ਾਦੇ ਆਏ, ਪ੍ਰੰਤੂ ਖਾਲੀ ਹੱਥ ਮੁੜ ਗਏ। ਕੋਈ ਵੀ ਉਹ ਸੰਦੂਕ ਨਾ ਚੁਣ ਸਕਿਆ, ਜਿਸ ਵਿਚ ਉਸਦੀ ਮੂਰਤ ਸੀ। ਇਕ ਰਾਜ-ਕੁਮਾਰ ਨੇ ਸੋਨੇ ਦਾ ਸੰਦੂਕ ਚੁਣਿਆ ਤੇ ਆਖਣ ਲਗਾ ਇਸ ਵਿਚ ਮੇਰੀ ਪਿਆਰੀ ਦੀ ਮੂਰਤ ਹੈ। ਪ੍ਰੰਤੂ ਜਦੋਂ ਖੋਲ੍ਹ ਕੇ ਵੇਖਿਆ ਤਾਂ ਉਸ ਵਿਚੋਂ ਇਕ ਕਾਗਜ਼ ਦਾ ਪੁਰਜ਼ਾ ਨਿਕਲਿਆ ਜਿਸ ਉਤੇ ਲਿਖਿਆ ਹੋਇਆ ਸੀ:-
ਦੁਨੀਆਂ ਇਕ ਜ਼ਾਹਿਰਦਾਰੀ ਏ, ਸੰਭਲ ਕੇ ਪੈਰ ਟਿਕਾਇਆ ਕਰ!
ਇਹ ਚੋਪੜ ਚਾਪੜ ਝੂਠੀ ਏ, ਕੋਈ ਸੋਚ ਵਿਚਾਰ ਦੁੜਾਇਆ ਕਰ!
ਹਰ ਚਮਕਣ ਵਾਲੀ ਸ਼ੈ ਬੀਬਾ, ਕੁੰਦਨ ਹੀ ਹੋਇਆ ਕਰਦੀ ਨਹੀਂ,
ਤਕ ਪੋਚਾ ਪਾਚੀ ਦੁਨੀਆਂ ਦੀ, ਐਵੇਂ ਨਾ ਜੀ ਭਰਮਾਇਆ ਕਰ!
ਬਸ ਉਸ ਵਿਚਾਰੇ ਨੂੰ ਮੁੜਨਾ ਹੀ ਪਿਆ। ਇਕ ਹੋਰ ਨੇ ਚਾਂਦੀ ਦੀ ਸੰਦੂਕ ਚੁਣੀ, ਪ੍ਰੰਤੂ ਜਦ ਖੋਲ੍ਹ ਕੇ ਵੇਖੀ ਤਾਂ ਉਸ ਵਿਚ ਇਕ ਮੁਰਦੇ ਦੀ ਖੋਪਰੀ ਨਿਕਲੀ, ਇਸ ਲਈ ਉਹ ਵੀ ਆਪਣਾ ਮੂੰਹ ਲੈ ਕੇ ਚੁਪ ਚਪੀਤਾ ਮੁੜ ਗਿਆ। ਇਸ ਪਰਕਾਰ ਕਿਤਨੇ ਹੀ ਹੋਰ ਰਾਜਕੁਮਾਰ ਤੇ ਅਮੀਰਜ਼ਾਦੇ ਆਏ, ਪ੍ਰੰਤੂ ਉਨ੍ਹਾਂ ਸਾਰਿਆਂ ਨੇ ਜਾਂ ਸੋਨੇ ਦੀ ਸੰਦੂਕ ਤੇ ਹੱਥ ਰਖਿਆ ਜਾਂ ਚਾਂਦੀ ਤੇ ਤੀਸਰੀ ਸੰਦੂਕ ਵਲ ਜਿਹੜੀ ਸਿਕੇ ਦੀ ਸੀ, ਕਿਸੇ ਨੇ ਤਕਿਆ ਵੀ ਨਾ, ਭਾਵੇਂ ਪੋਰਸ਼ੀਆ ਦੀ ਮੂਰਤ ਉਸੇ ਵਿਚ ਰਖੀ ਪਈ ਸੀ।
ਬਸੈਨੀਓ ਨੇ ਤਿੰਨ ਹਜ਼ਾਰ ਰੁਪਿਆ ਲੈ ਕੇ ਚੰਗੇ ਸਾਫ਼ ਸੁਥਰੇ ਕਪੜੇ ਬਣਵਾਏ। ਵਧੀਆ ਸਾਮਾਨ ਖਰੀਦਿਆ ਤੇ ਨੌਕਰ ਚਾਕਰ ਨਾਲ ਲੈ ਕੇ ਪੂਰੀ ਅਮੀਰੀ ਠਾਠ ਵਿਚ ਬੈਲਮੌਂਟ ਪੁਜਿਆ ਜਿਥੇ ਆ ਕੇ ਉਸਨੇ ਝਟ ਪਟ ਪੋਰਸ਼ੀਆ ਨੂੰ ਸੁਨੇਹਾ ਭੇਜਿਆ ਜੋ ਮੈਂ ਵੈਨਿਸ ਦਾ ਵਸਨੀਕ ਹਾਂ ਤੇ ਤੁਹਾਡੇ ਨਾਲ ਵਿਆਹ ਕਰਨ ਆਇਆ ਹਾਂ। ਪੋਰਸ਼ੀਆ ਨੇ ਉਸਨੂੰ ਆਪਣੇ ਮਹਲ ਅੰਦਰ ਸਦਵਾ ਆਖਿਆ, "ਤੁਹਾਨੂੰ ਤਿੰਨ ਗਲਾਂ ਦਾ ਇਕਰਾਰ ਕਰਨਾ ਪਵੇਗਾ, ਪਹਿਲੀ ਗਲ ਤਾਂ ਇਹ ਜੇ ਕਦੇ ਉਹ ਸੰਦੂਕ ਨਾ ਚੁਣ ਸਕੋ ਜਿਸ ਵਿਚ ਮੇਰੀ ਤਸਵੀਰ ਪਈ ਹੈ ਤਾਂ ਚੁਪ ਚਾਪ ਚਲੇ ਜਾਓਗੇ ਤੇ ਕਿਸੇ ਪਰਕਾਰ ਦਾ ਰੌਲਾ ਰੱਪਾ ਨਹੀਂ ਪਾਓਗੇ। ਦੂਜੀ ਗੱਲ ਇਹ ਕਿ ਕਿਸੇ ਨੂੰ ਦਸੋਗੇ ਨਹੀਂ ਕਿ ਤੁਸਾਂ ਨੇ ਕਿਹੜੀ ਸੰਦੂਕ ਚੁਣੀ ਸੀ ਤੇ ਇਹ ਜੋ ਠੀਕ ਸੰਦੂਕ ਚੁਣ ਲਈ ਤਾਂ ਜੀਉਂਦੇ ਜੀ ਕਿਸੇ ਹੋਰ ਤੀਂਵੀ ਨਾਲ ਵਿਆਹ ਨਹੀਂ ਕਰੋਗੇ।" ਬਸੈਨੀਓ ਨੇ ਇਨ੍ਹਾਂ ਤਿੰੰਨਾਂ ਸ਼ਰਤਾਂ ਨੂੰ ਮਨਜ਼ੂਰ ਕਰ ਲੀਤਾ ਤੇ ਕਾਹਲੀ ਕਾਹਲੀ ਉਸ ਕਮਰੇ ਵਲ ਹੋਇਆ ਜਿਥੇ ਇਹ ਸੰਦੂਕਾਂ ਪਈਆਂ ਸਨ। ਪੋਰਸ਼ੀਆ ਨੇ ਬਸੈਨੀਓ ਨੂੰ ਆਖਿਆ, "ਵੇਖੋ ਜੀ ਇਹ ਤਿੰਨ ਸੰਦੂਕਾਂ ਹਨ- ਇਕ ਸੋਨੇ ਦੀ ਹੈ, ਇਕ ਚਾਂਦੀ ਦੀ ਤੇ ਇਕ ਸਿਕੇ ਦੀ। ਇਨ੍ਹਾਂ ਵਿਚੋਂ ਇਕ ਅੰਦਰ ਮੇਰੀ ਮੂਰਤ ਪਈ ਹੈ, ਸੋ ਜੇ ਤੁਸਾਂ ਨੇ ਠੀਕ ਉਸ ਨੂੰ ਚੁਣ ਲਿਆ ਤਾਂ ਸਵਰਗਵਾਸੀ ਪਿਤਾ ਜੀ ਦੀ ਵਸੀਅਤ ਮੂਜਬ ਮੈਂ ਤੁਹਾਡੇ ਨਾਲ ਵਿਆਹ ਕਰ ਲਵਾਂਗੀ ਤੇ ਮੇਰੇ ਸਾਰੇ ਮਾਲ ਅਸਬਾਬ ਧਨ ਦੌਲਤ, ਜਾਇਦਾਦ ਜਗੀਰ ਤੇ ਤੁਹਾਡਾ ਕਬਜ਼ਾ ਹੋ ਜਾਵੇਗਾ।"
ਬਸੈਨੀਓ ਹੈਰਾਨ ਸੀ ਜੋ ਕਿਵੇਂ ਫੈਸਲਾ ਕਰੇ ਕਿ ਕਿਹੜੀ ਸੰਦੂਕ ਵਿਚ ਪਿਆਰੀ ਦੀ ਤਸਵੀਰ ਪਈ ਹੈ। ਇਸ ਕਰਕੇ ਕੰਬਦਾ ਕੰਬਦਾ ਪਹਿਲਾਂ ਸੋਨੇ ਦੀ ਸੰਦੂਕ ਵਲ ਗਿਆ ਪ੍ਰੰਤੂ ਝਟ ਹੀ ਉਸਨੂੰ ਫੁਰਨਾ ਫੁਰੀ ਜੋ ਇਹ ਸੋਨਾ ਹੀ ਸੰਸਾਰ ਵਿਚ ਸਾਰੇ ਫ਼ਸਾਦਾਂ ਦੀ ਜੜ੍ਹ ਹੈ। ਪੋਰਸ਼ੀਆ ਦੇਵੀ ਦੀ ਤਸਵੀਰ ਇਸ ਵਿਚ ਨਹੀਂ ਹੋਣੀ ਇਹ ਸੋਚ ਉਸ ਨੇ ਸੰਦੂਕ ਤੋਂ ਆਪਣਾ ਹੱਥ ਚੁਕ ਲਿਤਾ ਤੇ ਦੂਜੇ ਸੰਦੂਕ ਕੋਲ ਪੁਜਿਆ ਜਿਹੜਾ ਚਾਂਦੀ ਦਾ ਸੀ। ਦਿਲ ਵਿਚ ਆਖਣ ਲਗਾ, ਇਹ ਚਾਂਦੀ ਵੀ ਸੋਨੇ ਦੀ ਨਿਕੀ ਭੈਣ ਹੈ, ਇਸ ਵਿਚ ਵੀ ਉਹ ਸਾਰੇ ਔਗਣ ਹਨ, ਜਿਹੜੇ ਸੋਨੇ ਵਿਚ ਹਨ। ਜਿਸ ਕਿਸੇ ਨੇ ਇਸ ਨਾਲ ਨਿਹੁੰ ਲਾਇਆ, ਰਜ ਕੇ ਖਵਾਰ ਹੋਇਆ ਇਸਨੂੰ ਵੀ ਮੈਂ ਨਹੀਂ ਚੁਣਦਾ। ਇਸਦੇ ਅਗੇ ਸਿਕੇ ਦਾ ਸੰਦੂਕ ਪਿਆ ਸੀ, ਆਖਣ ਲਗਾ, ਹੋਵੇ, ਪਿਆਰੀ ਦੀ ਮੂਰਤ ਇਸੇ ਵਿਚ ਹੋਵੇ। ਕਈ ਵਾਰੀ ਲਾਲ ਗੋਦੜੀਆਂ ਵਿਚੋਂ ਹੀ ਹੱਥ ਆ ਜਾਂਦੇ ਹਨ। ਇਸ ਪਰਕਾਰ ਦਿਲ ਨਾਲ ਪਕਾ ਫ਼ੈਸਲਾ ਕਰ ਕੇ ਬਸੈਨੀਓ ਬੋਲਿਆ, "ਲਓ ਜੀ, ਮੈਂ ਇਸਨੂੰ ਚੁਣਦਾ ਹਾਂ, ਰਬ ਮੇਰੀ ਲਾਜ ਰਖੇ, ਚਾਬੀ ਲਿਆ ਕੇ ਇਸ ਨੂੰ ਖੋਲ੍ਹ ਦਿਓ।”
ਵਾਹ! ਵਾਹ! ਰਬ ਦੀ ਕੁਦਰਤ, ਜਦੋਂ ਉਸਨੂੰ ਖੋਲ੍ਹਿਆ ਗਿਆ, ਉਸੇ ਵਿਚ ਪੋਰਸ਼ੀਆ ਦੀ ਮੂਰਤ ਸੀ। ਬਸੈਨੀਓ ਨੇ ਜਦੋਂ ਉਹ ਮੂਰਤ ਵੇਖੀ, ਬਾਗ਼ ਬਾਗ਼ ਹੋ ਗਿਆ ਤੇ ਰਬ ਦਾ ਧੰਨਵਾਦ ਕੀਤਾ।
ਕੁਝ ਦਿਨਾਂ ਮਗਰੋਂ ਉਸਦਾ ਵਿਆਹ ਵਡੀ ਧੂਮ ਧਾਮ ਨਾਲ ਪੋਰਸ਼ੀਆ ਨਾਲ ਹੋ ਗਿਆ ਤੇ ਹੁਣ ਉਹ ਬੈਲਮੌਂਟ ਦਾ ਸਭ ਤੋਂ ਧਨਾਢ ਪੁਰਸ਼ ਗਿਣਿਆ ਜਾਣ ਲਗਾ।

੪.
ਐਨਤੋਨੀਓ ਇਸ ਆਸ ਵਿਚ ਸੀ ਜੋ ਉਸਦੇ ਜਹਾਜ਼ ਜਲਦੀ ਆਉਣਗੇ ਤੇ ਉਹ ਯਹੂਦੀ ਸ਼ਾਹੂਕਾਰ ਦਾ ਸਾਰਾ ਕਰਜ਼ਾ ਚੁਕਾ ਦਵੇਗਾ, ਪ੍ਰੰਤੂ ਦੋ ਮਹੀਨੇ ਗੁਜ਼ਰ ਗਏ ਪਰ ਜਹਾਜ਼ ਨਾ ਆਏ। ਢਾਈ ਮਹੀਨੇ ਬੀਤ ਗਏ, ਫਿਰ ਵੀ ਕੋਈ ਥਹੁ ਪਤਾ ਨਾ ਲਗਾ ਕਿ ਜਹਾਜ਼ ਕਿਥੇ ਹਨ ਤੇ ਕਦੋਂ ਆਉਣਗੇ? ਇਥੋਂ ਤੋੜੀ ਜੋ ਤਿੰਨ ਮਹੀਨੇ ਪੂਰੇ ਹੋ ਗਏ, ਪ੍ਰੰਤੂ ਜਹਾਜ਼ ਨਾ ਮੁੜੇ ਤੇ ਸ਼ਾਈਲਾਕ ਨੂੰ ਰਕਮ ਦੇਣ ਦੀ ਮਿਆਦ ਗੁਜ਼ਰ ਗਈ।
ਹੁਣ ਤਾਂ ਸ਼ਾਈਲਾਕ ਇਹੋ ਜਿਹਾ ਪ੍ਰਸੰਨ ਸੀ, ਜਿਵੇਂ ਕੋਈ ਖਜ਼ਾਨਾ ਉਸ ਦੇ ਹੱਥ ਆ ਗਿਆ ਹੈ। ਝਟ ਪਟ ਭਲੇ ਲੋਕ ਐਨਤੋਨੀਓ ਨੂੰ ਪਕੜਵਾ ਕੇ ਅਦਾਲਤ ਵਿਚ ਪੇਸ਼ ਕਰ ਦਿਤਾ ਤੇ ਬੇਨਤੀ ਕੀਤੀ ਕਿ ਰੁੱਕੇ ਦੀ ਸ਼ਰਤ ਮੂਜਬ ਇਸਦੀ ਛਾਤੀ ਤੋਂ ਅੱਧ ਸੇਰ ਮਾਸ ਕਟਣ ਦੀ ਆਗਿਆ ਮਿਲੇ। ਐਨਤੋਨੀਓ ਨੇ ਇਕ ਚਿੱਠੀ ਵਿਚ ਆਪਣਾ ਸਾਰਾ ਸਮਾਚਾਰ ਲਿਖ ਕੇ ਬਸੈਨੀਓ ਨੂੰ ਭੇਜਿਆ ਜਿਸ ਨੂੰ ਪੜ੍ਹਦਿਆਂ ਸਾਰ ਉਹ ਬੇਸੁਧ ਹੋ ਢਠਾ। ਜਦੋਂ ਪੋਰਸ਼ੀਆ ਨੂੰ ਸਾਰੀ ਗੱਲ ਦਾ ਪਤਾ ਲਗਾ ਤਾਂ ਉਸ ਨੇ ਆਪਣੇ ਪਤੀ ਨੂੰ ਆਖਿਆ, “ਘਬਰਾਉਣ ਨਾਲ ਕੀ ਬਣਦਾ ਹੈ, ਜਿਤਨੇ ਰੁਪਏ ਲੋੜ ਹਨ ਲਵੋ ਤੇ ਛੇਤੀ ਜਾ ਕੇ ਆਪਣੇ ਮਿੱਤਰ ਨੂੰ ਛੁੜਾ ਲਿਆਓ।"
ਬਸੈਨੀਓ ਢੇਰ ਰਕਮ ਲੈ ਕੇ ਵੈਨਿਸ ਵਲ ਤੁਰ ਪਿਆ। ਉਸ ਦੇ ਤੁਰਨ ਮਗਰੋਂ ਪੋਰਸ਼ੀਆ ਨੇ ਸੋਚਿਆ ਕਿ ਪਤੀ ਦੇ ਇਹੋ ਜਿਹੇ ਮਿੱਤਰ ਦੀ ਸਹਾਇਤਾ ਕਰਨਾ ਮੇਰਾ ਵੀ ਧਰਮ ਹੈ। ਉਹ ਸ਼ਾਹੂਕਾਰ ਡਾਢਾ ਕਠੋਰ ਚਿਤ ਹੈ ਤੇ ਐਨਤੋਨੀਓ ਨਾਲ ਵੈਰ ਰਖਦਾ ਹੈ, ਕਿਧਰੇ ਉਸ ਦੀ ਜਾਨ ਦੇ ਪਿਛੇ ਹੀ ਨਾ ਪੈ ਜਾਏ। ਇਸ ਗਲ ਨੂੰ ਮੁਖ ਰੱਖਦਿਆਂ ਹੋਇਆਂ ਉਸ ਨੇ ਇਕ ਆਪਣੇ ਸਬੰਧੀ ਵਕੀਲ ਨਾਲ ਸਲਾਹ ਕੀਤੀ ਤੇ ਵਕੀਲ ਦੇ ਮਰਦਾਵੇਂ ਭੇਸ ਵਿਚ ਵੈਨਿਸ ਵਲ ਚਲ ਪਈ ਅਤੇ ਠੀਕ ਉਸ ਸਮੇਂ ਅਦਾਲਤ ਵਿਚ ਪੁਜੀ ਜਦੋਂ ਅਦਾਲਤ ਵਿਚ ਐਨਤੋਨੀਓ ਦਾ ਮੁਕੱਦਮਾ ਪੇਸ਼ ਹੋਣ ਲਗਾ ਸੀ।
ਪੋਰਸ਼ੀਆ ਨੇ ਪੁੱਜਦੇ ਹੀ ਜੱਜ ਨੂੰ ਆਪਣੇ ਸੰਬੰਧੀ ਦੀ ਚਿੱਠੀ ਦਿਤੀ, ਜਿਸ ਵਿਚ ਲਿਖਿਆ ਹੋਇਆ ਸੀ ਕਿ ਐਨਤੋਨੀਓ ਵਲੋਂ ਮੈਂ ਆਪ ਪੈਰਵੀ ਕਰਨਾ ਚਾਹੁੰਦਾ ਸਾਂ, ਪ੍ਰੰਤੂ ਇਕ ਜ਼ਰੂਰੀ ਕੰਮ ਕਰਕੇ ਹਾਜ਼ਰ ਨਹੀਂ ਹੋ ਸਕਦਾ, ਇਸ ਲਈ ਆਪਣੀ ਥਾਂ ਬੈਲਮੌਂਟ ਦੇ ਇਕ ਨੌਜਵਾਨ ਵਕੀਲ ਨੂੰ ਭੇਜਦਾ ਹਾਂ, ਜਿਹੜਾ ਵੱਡਾ ਹੀ ਸਿਆਣਾ ਹੈ।
ਜੱਜ ਪੋਰਸ਼ੀਆ ਦੀ ਉਮਰ ਨੂੰ ਵੇਖ ਕੇ ਵਡਾ ਹੈਰਾਨ ਹੋਇਆ, ਪ੍ਰੰਤੂ ਉਸ ਨੂੰ ਰਤੀ ਵੀ ਸ਼ੁਭਾ ਨਾ ਹੋਇਆ ਜੋ ਇਹ ਵਕੀਲ ਇਕ ਤੀਵੀਂ ਹੈ ਤੇ ਨਾ ਹੀ ਬਸੈਨੀਓ ਆਪਣੀ ਇਸਤ੍ਰੀ ਨੂੰ ਪਹਿਚਾਣ ਸਕਿਆ। ਮਿੱਤਰ ਦੀ ਮੁਸੀਬਤ ਤੇ ਕਲੇਸ਼ ਨੇ ਉਸ ਦੀ ਹੋਸ਼ ਹੀ ਭੁਲਾ ਛਡੀ ਸੀ।

੫.
ਪੋਰਸ਼ੀਆ ਨੇ ਮੁਕੱਦਮੇ ਦੀ ਮਿਸਲ ਨੂੰ ਵੇਖ ਕੇ ਆਖਿਆ, "ਮੁਕੱਦਮਾ ਸਾਫ਼ ਹੈ, ਇਸ ਰੁੱਕੇ ਮੂਜਬ ਸ਼ਾਈਲਾਕ ਨੂੰ ਪੂਰਾ ਪੂਰਾ ਹੱਕ ਹੈ ਕਿ ਈਸਾਈ ਬਿਉਪਾਰੀ ਦੀ ਛਾਤੀ ਤੋਂ ਅੱਧ ਸੇਰ ਮਾਸ ਕਟ ਲਵੇ, ਪ੍ਰੰਤੂ ਇਹ ਮਾਸ ਉਸ ਦੇ ਕਿਸੇ ਕੰਮ ਦਾ ਨਹੀਂ, ਇਸ ਲਈ ਮੈਂ ਬਿਨੇ ਕਰਦਾ ਹਾਂ ਜੋ ਉਹ ਐਨਤੋਨੀਓ ਤੇ ਦਇਆ ਕਰੇ ਤੇ ਆਪਣੀ ਪੂਰੀ ਰਕਮ ਵਸੂਲ ਕਰਕੇ ਉਸ ਦੀ ਜਾਨ ਬਖਸ਼ ਦੇਵੇ।”
ਬਸੈਨੀਓ ਨੇ ਝਟ ਪਟ ਆਖਿਆ, "ਮੈਂ ਦੂਣੀ ਰਕਮ ਭਰਨ ਨੂੰ ਤਿਆਰ ਹਾਂ", ਪਰ ਸ਼ਾਈਲਾਕ ਗੱਲ ਟੁਕ ਕੇ ਬੋਲਿਆਂ, "ਸਿਵਾਏ ਅੱਧ ਸੇਰ ਮਾਸ ਦੇ ਮੈਂ ਤਾਂ ਹੋਰ ਕੁਝ ਵੀ ਨਹੀਂ ਲੈਣਾ।"
ਪੋਰਸ਼ੀਆ ਨੇ ਸ਼ਾਈਲਾਕ ਨੂੰ ਸੰਬੋਧਨ ਕਰ ਕੇ ਆਖਿਆ :-
ਜੇ ਕੌਸਰ ਤੇ ਜ਼ਮਜ਼ਮ ਦੇ ਚਾਹਵੇਂ ਫਵਾਰੇ!
ਜੇ ਚਾਹਵੇਂ ਸ੍ਵਰਗਾਂ ਦੇ ਖੁਲ੍ਹੇ ਦਵਾਰੇ!
ਜੇ ਚਾਹਵੇਂ ਕਿ ਚਰਨਾਂ ਨੂੰ ਪੂਜਣ ਫ਼ਰਿਸ਼ਤੇ!
ਤੇ ਅੰਮ੍ਰਿਤ ਵਸਾ ਦੇਣ ਅੰਬਰ ਦੇ ਤਾਰੇ!
ਤਾਂ ਟੁਟੇ ਦਿਲਾਂ ਨੂੰ ਸਹਾਰਾ ਦਿਆ ਕਰ!
ਦਇਆ ਕਰ! ਦਇਆ ਕਰ! ਦਇਆ ਕਰ!

ਇਸ ਦੇ ਮਗਰੋਂ ਪੋਰਸ਼ੀਆ ਨੇ ਡਾਢੇ ਦਿਲ ਚੀਰਵੇਂ ਸ਼ਬਦਾਂ ਵਿਚ ਦਇਆ ਦੀ ਵਿਆਖਿਆ ਕੀਤੀ ਤੇ ਦਸਿਆ ਜੋ ਦਇਆਵਾਨ ਨੂੰ ਦਇਆ ਕਰਨ ਨਾਲ ਕਿਤਨੀ ਕੁ ਆਤਮਕ ਪ੍ਰਸੰਨਤਾ ਹੁੰਦੀ ਹੈ ਤੇ ਰਬ ਉਸ ਉਤੇ ਕਿਤਨਾ ਕੁ ਰਾਜ਼ੀ ਹੁੰਦਾ ਹੈ, ਪ੍ਰੰਤੂ ਭਾਵੇਂ ਉਸ ਦੇ ਲਫ਼ਜ਼ਾਂ ਨੇ ਅਦਾਲਤ ਦੇ ਸਾਰੇ ਕਰਮਚਾਰੀਆਂ ਦੇ ਦਿਲ ਵਿੰਨ੍ਹ ਸੁਟੇ, ਪਰ ਉਸ ਕਠੋਰ ਚਿਤ ਯਹੂਦੀ ਉਤੇ ਰਾਈ ਭਰ ਵੀ ਅਸਰ ਨਾ ਹੋਇਆ ਤੇ ਉਹ ਆਪਣੀ ਜ਼ਿਦ ਤੇ ਉਸੇ ਪ੍ਰਕਾਰ ਡਟਿਆ ਰਿਹਾ। ਅਖ਼ੀਰ ਕੋਈ ਵਾਹ ਨਾ ਲਗਦੀ ਵੇਖ ਕੇ ਪੋਰਸ਼ੀਆ ਨੇ ਆਖਿਆ, “ਜੇ ਕਦੇ ਇਹੋ ਗੱਲ ਹੈ ਤਾਂ ਅਦਾਲਤ ਤੇਰਾ ਹੱਥ ਨਹੀਂ ਫੜ ਸਕਦੀ ਤੇ ਨਾ ਹੀ ਕਨੂੰਨ ਇਸ ਨੂੰ ਬਚਾ ਸਕਦਾ ਹੈ। ਕੀ ਤੇਰੇ ਕੋਲ ਮਾਸ ਤੋਲਣ ਨੂੰ ਤੱਕੜੀ ਹੈ?"
ਸ਼ਾਈਲਾਕ ਨੇ ਡਾਢੇ ਪ੍ਰਸੰਨ ਹੋ ਕੇ ਆਖਿਆ, "ਤੁਸੀਂ ਤਾਂ ਕੋਈ ਇਨਸਾਫ਼ ਦੇ ਦੇਵਤੇ ਹੋ! ਤੁਹਾਡੇ ਕੋਲੋਂ ਅਗੇ ਹੀ ਇਹੋ ਆਸ ਸੀ, ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਵਖਾਉਗੇ! ਇਹ ਲਉ ਜੀ ਤੱਕੜੀ ਹਾਜ਼ਰ ਹੈ!" ਇਹ ਆਖ ਕੇ ਆਪਣੀ ਛੁਰੀ ਤੇਜ਼ ਕਰਨ ਲਗ ਪਿਆ। ਇਹ ਵੇਖ ਕੇ ਬਸੈਨੀਓ ਦੇ ਨੇਤਰਾਂ ਵਿਚੋਂ ਅਥਰੂ ਵਗਣ ਲਗ ਪਏ, ਪ੍ਰੰਤੂ ਐਨਤੋਨੀਓ ਨੇ ਤਸੱਲੀ ਦੇਂਦਿਆਂ ਆਖਿਆ, "ਮਿਤਰ ਜੀ! ਕਿਉਂ ਰੁਦਨ ਪਏ ਕਰਦੇ ਹੋ? ਜਿਹੜੀ ਵਾਹ ਤੁਸੀਂ ਲਾ ਸਕਦੇ ਸੀ ਤੁਸਾਂ ਲਾ ਲਈ, ਪ੍ਰੰਤੂ ਜਦੋਂ ਇਸ ਕਸਾਈ ਸ਼ਾਹੂਕਾਰ ਅਗੇ ਕੋਈ ਪੇਸ਼ ਨਾ ਚਲੇ ਤਾਂ ਤੁਹਾਡੇ ਕੀ ਵਸ ਹੈ? ਆਪਣੀ ਵਹੁਟੀ ਨੂੰ ਜਾਕੇ ਸਾਰਾ ਸਮਾਚਾਰ ਦਸਣਾ ਜੋ ਕਿਵੇਂ ਐਨਤੋਨੀਓ ਨੇ ਮਿੱਤਰ ਦੀ ਖ਼ਾਤਰ ਹਸਦਿਆਂ ਹਸਦਿਆਂ ਜਾਨ ਕੁਰਬਾਨ ਕੀਤੀ ਹੈ।"
ਬਸੈਨੀਓ ਨੇ ਡੁਸਕਾਰੇ ਭਰਦਿਆਂ ਆਖਿਆ, “ਹਾਏ! ਜੇ ਮੈਨੂੰ ਇਹ ਪਤਾ ਹੁੰਦਾ ਤਾਂ ਮੈਂ ਵਿਆਹ ਹੀ ਨਾ ਕਰਦਾ! ਇਸ ਕਸਾਈ ਦੇ ਹਥੋਂ ਤੁਹਾਨੂੰ ਬਚਾਉਣ ਲਈ ਮੈਂ ਆਪਣਾ ਸਭ ਕੁਝ, ਘਰ ਘਾਟ ਧਨ ਦੌਲਤ, ਵਹੁਟੀ ਵੀ ਦੇਣ ਨੂੰ ਤਿਆਰ ਹਾਂ’’।
ਪੋਰਸ਼ੀਆ ਨੇ ਦਬੀ ਹੋਈ ਜ਼ਬਾਨ ਵਿਚ ਆਖਿਆ, "ਅਛਾ! ਜੇ ਕਿਧਰੇ ਵਹੁਟੀ ਦੇ ਕੰਨਾਂ ਤੋੜੀ ਇਹ ਗਲ ਪੁਜ ਗਈ, ਤਾਂ ਇਕ ਹੋਰ ਝਗੜਾ ਖੜਾ ਹੋ ਜਾਇਗਾ।”
ਹੁਣ ਪੋਰਸ਼ੀਆ ਨੇ ਸ਼ਾਈਲਾਕ ਵਲ ਮੁੜ ਕੇ ਆਖਿਆ, "ਸ਼ਾਈਲਾਕ! ਕੀ ਤੂੰ ਕਿਸੇ ਲਾਇਕ ਡਾਕਟਰ ਦਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਜੁ ਮਾਸ ਕਟਣ ਵੇਲੇ ਵਧੇਰੇ ਲਹੂ ਵਗਣ ਕਰ ਕੇ ਕਿਧਰੇ ਇਹ ਗ਼ਰੀਬ ਮਰ ਹੀ ਨਾ ਜਾਏ।"
ਸ਼ਾਈਲਾਕ ਨੇ ਆਖਿਆ, “ਇਹ ਸ਼ਰਤ ਕਿਥੇ ਲਿਖੀ ਹੋਈ ਹੈ?"
ਪੋਰਸ਼ੀਆ- "ਸ਼ਰਤ ਤਾਂ ਨਹੀਂ ਲਿਖੀ ਹੋਈ, ਪ੍ਰੰਤੂ ਇਤਨਾ ਰਬ ਵਾਸਤੇ ਹੀ ਸਹੀ।"
ਸ਼ਾਈਲਾਕ- "ਉਹ ਕੀ ਹੁੰਦਾ ਹੈ?"
ਅਦਾਲਤ ਅੰਦਰ ਜਿਤਨੇ ਲੋਕੀ ਸਨ, ਸਾਰੇ ਸ਼ਾਈਲਾਕ ਦੀ ਕਠੋਰਤਾ ਤੇ ਦੰਦ ਪਏ ਪੀਂਹਦੇ ਸਨ, ਪ੍ਰੰਤੂ ਕਾਨੂੰਨ ਕਿਸੇ ਨੂੰ ਕੁਝ ਕਰਨ ਨਹੀਂ ਸੀ ਦੇਂਦਾ। ਪੋਰਸ਼ੀਆ ਨੇ ਅਖ਼ੀਰ ਆਖਿਆ, "ਐਨਤੋਨੀਓ! ਤੂੰ ਆਪਣੀ ਛਾਤੀ ਨੰਗੀ ਕਰ ਦੇਹ। ਸ਼ਾਈਲਾਕ ਤੂੰ ਆਪਣਾ ਅੱਧ ਸੇਰ ਮਾਸ ਕਟ ਲੈ।"
ਸ਼ਾਈਲਾਕ ਦਾ ਲੂੰ ਲੂੰ ਖ਼ੁਸ਼ੀ ਵਿਚ ਖਿੜ ਗਿਆ ਤੇ ਛੁਰੀ ਹੱਥ ਵਿਚ ਲਈ ਕਾਹਲੀ ਕਾਹਲੀ ਅਗੇ ਵਧਿਆ। ਪ੍ਰੰਤੂ ਅਜੇ ਐਨਤੋਨੀਓ ਕੋਲ ਪੁਜਿਆ ਵੀ ਨਹੀਂ ਸੀ, ਜੋ ਪੋਰਸ਼ੀਆ ਨੇ ਗਰਜ ਕੇ ਆਖਿਆ, “ਸ਼ਾਈਲਾਕ, ਰਤੀ ਕੁ ਠਹਿਰ ਜਾ।" ਸ਼ਾਈਲਾਕ ਠਹਿਰ ਗਿਆ। ਐਨਤੋਨੀਓ ਹੈਰਾਨ ਹੋ ਉਸਦਾ ਮੂੰਹ ਤਕਣ ਲਗਾ ਤੇ ਅਦਾਲਤ ਅੰਦਰ ਚੁਪ ਵਰਤ ਗਈ।
ਪੋਰਸ਼ੀਆ- "ਇਸ ਰੁੱਕੇ ਮੂਜਬ ਤੇਰਾ ਕੇਵਲ ਅੱਧ ਸੇਰ ਮਾਸ ਤੇ ਹੱਕ ਹੈ, ਲਹੂ ਦੀ ਇਕ ਬੂੰਦ ਤੇ ਵੀ ਨਹੀਂ। ਸੋ ਚੇਤੇ ਰਖ, ਜੇ ਕਦੀ ਇਸ ਬਿਉਪਾਰੀ ਦੀ ਛਾਤੀ ਤੋਂ ਲਹੂ ਦਾ ਇਕ ਕਤਰਾ ਵੀ ਤੂੰ ਵੀਟਿਆ ਤਾਂ ਵੈਨਿਸ ਦੇ ਕਾਨੂੰਨ ਦੇ ਸ਼ਕੰਜੇ ਵਿਚ ਤੂੰ ਬੁਰੀ ਤਰ੍ਹਾਂ ਫਸ ਜਾਵੇਂਗਾ।"
ਇਹ ਕਾਨੂੰਨੀ ਨੁਕਤਾ ਸੁਣ ਕੇ ਸ਼ਾਈਲਾਕ ਦੀਆਂ ਅੱਖਾਂ ਤੋਂ ਪਟੀ ਲਹਿ ਗਈ, ਤੇ ਉਸ ਨੇ ਡਾਢੀ ਬੇ-ਵਸੀ ਵਿਚ ਆਖਿਆ, "ਤਾਂ ਮਾਸ ਨੂੰ ਰਹਿਣ ਹੀ ਦਿਉ, ਮੇਰੀ ਰਕਮ ਹੀ ਮੇਰੇ ਹਵਾਲੇ ਕਰ ਦਿਉ।"
ਬਸੈਨੀਓ ਨੇ ਛੇਤੀ ਛੇਤੀ ਆਖਿਆ, “ਮੈਂ ਰਕਮ ਭਰਨ ਨੂੰ ਤਿਆਰ ਹਾਂ, ਇਹ ਲਉ ਜੀ ਰੁਪਿਆ।" ਪ੍ਰੰਤੂ ਪੋਰਸ਼ੀਆ ਨੇ ਬਸੈਨੀਓ ਨੂੰ ਰੋਕ ਕੇ ਆਖਿਆ, “ਰਤੀ ਸਬਰ ਕਰੋ, ਇਸ ਨੂੰ ਆਪਣਾ ਮਾਸ ਲੈਣ ਦਿਉ, ਹੁਣ ਤਾਂ ਅਸੀਂ ਇਕ ਕੌਡੀ ਵੀ ਦੇਣ ਨੂੰ ਤਿਆਰ ਨਹੀਂ।"
ਸ਼ਾਈਲਾਕ ਹੈਰਾਨ ਸੀ ਜੋ ਕੀ ਕਰੇ, ਅਖ਼ੀਰ ਸੋਚ ਸੋਚ ਕੇ ਬੋਲਿਆ, "ਮੈਂ ਰੁਪਿਆ ਤੇ ਮਾਸ ਦੋਵੇਂ ਛਡੇ, ਹੁਣ ਤਾਂ ਰਾਜ਼ੀ ਹੋ?"
ਪੋਰਸ਼ੀਆ ਨੇ ਤਦ ਆਖਿਆ, "ਅਜੇ ਤਾਂ ਕਾਨੂੰਨ ਦੇ ਪੰਜੇ ਵਿਚ ਤੂੰ ਹੈਂ, ਤੂੰ ਵੈਨਿਸ ਦੇ ਇਕ ਵਸਨੀਕ ਦੀ ਜਾਨ ਲੈਣ ਦਾ ਜਤਨ ਕੀਤਾ ਹੈ, ਇਸ ਲਈ ਕਾਨੂੰਨ ਦੁਆਰਾ ਤੇਰੀ ਅੱਧੀ ਜਾਇਦਾਦ ਤੇ ਐਨਤੋਨੀਓ ਦਾ ਹਕ ਹੈ ਤੇ ਅੱੱਧੀ ਸਰਕਾਰੇ ਜ਼ਬਤ ਹੋ ਜਾਏਗੀ।"
ਇਹ ਸੁਣ ਕੇ ਅਦਾਲਤ ਅੰਦਰ ਜਿਤਨੇ ਪੁਰਸ਼ ਬੈਠੇ ਸਨ, ਸਾਰੇ ਖ਼ੁਸ਼ੀ ਨਾਲ ਟੱਪਣ ਲਗ ਪਏ ਤੇ ਬਸੈਨੀਓ ਨੇ ਉੱਚੀ ਜਿਹੀ ਆਖਿਆ, “ਸ਼ਾਈਲਾਕ, ਵੇਖ ਖਾਂ, ਸਚ ਮੁਚ ਇਨਸਾਫ਼ ਦਾ ਦੇਵਤਾ ਅਕਾਸ਼ੋਂ ਧਰਤੀ ਤੇ ਆ ਉਤਰਿਆ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ!" ਐਨਤੋਨੀਓ ਮੁੜ ਮੁੜ ਵਕੀਲ ਵਲ ਤਕਦਾ ਸੀ ਜਿਸ ਨੇ ਉਸ ਦੀ ਜਾਨ ਬਚਾਈ ਸੀ, ਪ੍ਰੰਤੂ ਸ਼ਾਈਲਾਕ ਦੀ ਕੁਛ ਨਾ ਪੁਛੋ, ਡਾਢਾ ਦੁਖੀ ਤੇ ਹੈਰਾਨ ਸੀ, ਸ਼ਾਇਦ ਪਿਆ ਸੋਚਦਾ ਸੀ ਹੁਣ ਕੀ ਕਰੇਗਾ? ਭੁਖਾ ਮਰਨਾ ਪਵੇਗਾ, ਐਨਤੋਨੀਓ ਨੂੰ ਮਾਰਨਾ ਚਾਹੁੰਦਾ ਸੀ ਪਰ ਇਹ ਪਤਾ ਨਹੀਂ ਸੀ ਜੋ ਆਪਣੀ ਬਰਬਾਦੀ ਦੇ ਦਿਨ ਹੀ ਆ ਗਏ ਹਨ। ਸਚ ਹੈ ਜੇਹੜਾ ਕਿਸੇ ਲਈ ਟੋਆ ਪੁਟਦਾ ਹੈ ਉਸ ਲਈ ਖੂਹ ਤਿਆਰ ਹੁੰਦਾ ਹੈ, ਪ੍ਰੰਤੂ ਐਨਤੋਨੀਓ ਨੇ ਤਰਸ ਖਾ ਕੇ ਆਖਿਆ, “ਤੇਰੀ ਅੱਧੀ ਜਾਇਦਾਦ ਜਿਹੜੀ ਕਾਨੂੰਨ ਨੇ ਮੈਨੂੰ ਦਿਵਾਈ ਹੈ ਮੈਂ ਤੈਨੂੰ ਇਸ ਸ਼ਰਤ ਤੇ ਦੇਣ ਨੂੰ ਤਿਆਰ ਹਾਂ ਜੋ ਤੇਰੇ ਮਰਨ ਮਗਰੋਂ ਸਾਰੀ ਜਾਇਦਾਦ ਤੇ ਤੇਰੀ ਧੀ ਤੇ ਜਵਾਈ ਦਾ ਹੱਕ ਹੋਵੇ।"
ਇਹ ਸੁਣ ਕੇ ਸ਼ਾਈਲਾਕ ਵਡਾ ਘਾਬਰਿਆ, ਕਿਉਂ ਜੋ ਉਸ ਦੀ ਧੀ ਨੇ ਉਸ ਤੋਂ ਚੋਰੀ ਇਕ ਈਸਾਈ ਨਾਲ ਵਿਆਹ ਕਰ ਲੀਤਾ ਸੀ, ਜਿਸ ਲਈ ਸ਼ਾਈਲਾਕ ਨੇ ਫ਼ੈਸਲਾ ਕੀਤਾ ਹੋਇਆ ਸੀ, ਕਿ ਆਪਣੀ ਜਾਇਦਾਦ ਵਿਚੋਂ ਇਕ ਫੁਟੀ ਕੌਡੀ ਵੀ ਧੀ ਨੂੰ ਨਹੀਂ ਦੇਵਾਂਗਾ। ਪ੍ਰੰਤੂ ਹੁਣ ਮਰਦਾ ਕੀ ਨਾ ਕਰਦਾ, ਕਾਨੂੰਨ ਦੀ ਫੇਟ ਵਿਚ ਆ ਗਿਆ ਸੀ ਤੇ ਉਸ ਨੂੰ ਬਚਾਉਣ ਦੀ ਹੁਣ ਕਿਸੇ ਵਿਚ ਵੀ ਤਾਕਤ ਨਹੀਂ ਸੀ। ਲਾਚਾਰ ਉਸ ਨੇ ਇਹ ਸ਼ਰਤ ਮੰਨ ਲਈ ਤੇ ਲਹੂ ਦੇ ਹੰਝੂ ਕੇਰਦਾ ਘਰ ਮੁੜਿਆ।

੬.
ਇਸ ਦੇ ਮਗਰੋਂ ਐਨਤੋਨੀਓ ਨੇ ਤੇ ਬਸੈਨੀਓ ਨੇ ਪੋਰਸ਼ੀਆਂ ਨੂੰ ਜਿਸ ਨੂੰ ਅਜੇ ਤੋੜੀ ਉਨ੍ਹਾਂ ਨੇ ਪਛਾਣਿਆ ਨਹੀਂ ਸੀ, ਫ਼ੀਸ ਦੇਣੀ ਚਾਹੀ, ਪ੍ਰੰਤੂ ਉਸ ਨੇ ਆਖਿਆ, “ਮੈਂ ਤਾਂ ਇਕ ਪੈਸਾ ਵੀ ਨਹੀਂ ਲਵਾਂਗਾ, ਮੇਰੀ ਫ਼ੀਸ ਆ ਗਈ ਜਦ ਮੈਂ ਇਕ ਬੇਗੁਨਾਹ ਛੁਡਾ ਲੀਤਾ ਹੈ।" ਜਦੋਂ ਉਨ੍ਹਾਂ ਨੇ ਬਹੁਤ ਹੀ ਹਠ ਕੀਤਾ ਤਾਂ ਪੋਰਸ਼ੀਆ ਨੇ ਆਖਿਆ, “ਜੇ ਕਦੀ ਤੁਸੀਂ ਨਹੀਂ ਛਡਦੇ ਤਾਂ ਇਹ ਆਪਣੇ ਹਥ ਦੀ ਅੰਗੂਠੀ ਆਪਣੀ ਨਿਸ਼ਾਨੀ ਵਜੋਂ ਦੇ ਦਿਓ, ਹੋਰ ਕੋਈ ਫ਼ੀਸ ਮੈਂ ਨਹੀਂ ਲੈਣੀ।”
ਬਸੈਨੀਓ ਹੋਰ ਸਭ ਕੁਝ ਤਾਂ ਦੇ ਸਕਦਾ ਸੀ ਪਰ ਇਹ ਅੰਗੂਠੀ ਉਸ ਦੀ ਵਹੁਟੀ ਦੀ ਨਿਸ਼ਾਨੀ ਸੀ ਤੇ ਉਸ ਨੇ ਵਿਆਹ ਵੇਲੇ ਇਕਰਾਰ ਕੀਤਾ ਸੀ ਜੋ ਇਸ ਤੋਂ ਕਦੇ ਨਹੀਂ ਵਿਛੜੇਗਾ, ਇਸ ਲਈ ਉਸ ਦਾ ਦਿਲ ਡੋਲ ਗਿਆ ਤੇ ਉਸ ਨੇ ਨੌਜਵਾਨ ਵਕੀਲ ਨੂੰ ਆਖਿਆ, “ਤੁਸੀਂ ਇਹ ਨਾ ਮੰਗੋ, ਇਹ ਮੇਰੀ ਵਹੁਟੀ ਦੀ ਨਿਸ਼ਾਨੀ ਹੈ, ਵੈਨਿਸ ਵਿਚੋਂ ਵਧੀਆ ਤੋਂ ਵਧੀਆ ਅੰਗੂਠੀ ਖ਼ਰੀਦ ਕੇ ਦੇ ਸਕਦਾ ਹਾਂ, ਹੋਰ ਜੋ ਕੁਝ ਚਾਹੋ, ਤੁਹਾਡੀ ਭੇਟਾ ਕਰਨ ਨੂੰ ਤਿਆਰ ਹਾਂ, ਪਰ ਇਸ ਤੋਂ ਖਿਮਾ ਕਰੋ।"
ਪੋਰਸ਼ੀਆ ਨੇ ਵਿਗੜ ਕੇ ਆਖਿਆ, "ਸੁਥਰੀ ਕੀਤੀ ਜੇ, ਜਦੋਂ ਮੈ ਕੁਝ ਨਹੀਂ ਲੈਂਦਾ ਸੀ ਤਾਂ ਤੁਸੀਂ ਮੇਰੇ ਪਿਛੇ ਹੀ ਪੈ ਗਏ ਸੀ, ਹੁਣ ਜਦੋਂ ਮੈਨੂੰ ਮੰਗਤਾ ਬਣਾ ਚੁੱਕੇ ਹੋ ਤਾਂ ਬਹਾਨੇ ਕਰਨ ਲਗ ਪਏ ਹੋ। ਜੇ ਕੁਝ ਦੇਣਾ ਜੇ ਤਾਂ ਇਹ ਅੰਗੂਠੀ ਦੇ ਜਾਓ, ਨਹੀਂ ਤਾਂ ਮੈਂ ਕੁਝ ਵੀ ਨਹੀਂ ਲੈਂਦਾ।" ਇਹ ਆਖ ਪੋਰਸ਼ੀਆ ਅਗੇ ਟੁਰ ਪਈ। ਅਖ਼ੀਰ ਐਨਤੋਨੀਓ ਨੇ ਬਸੈਨੀਓ ਨੂੰ ਆਖਿਆ, "ਮਾਮੂਲੀ ਗਲ ਹੈ, ਜੇ ਉਹ ਜ਼ਿਦ ਕਰ ਹੀ ਬੈਠਾ ਹੈ ਤਾਂ ਇਹੋ ਹੀ ਦੇ ਦਿਓ। ਵਹੁਟੀ ਨੂੰ ਜਦੋਂ ਦਸੋਗੇ ਜੋ ਤੁਸਾਂ ਨੇ ਕਿਸ ਪੁਰਸ਼ ਨੂੰ ਕਿਸ ਸੇਵਾ ਬਦਲੇ ਦਿਤੀ ਹੈ, ਤਾਂ ਉਹ ਕਦਾਚਿਤ ਨਾਰਾਜ਼ ਨਹੀਂ ਹੋਵੇਗੀ।"
ਲਾਚਾਰ ਬਸੈਨੀਓ ਨੇ ਉਹ ਅੰਗੂਠੀ ਪੋਰਸ਼ੀਆ ਨੂੰ ਦੇ ਦਿਤੀ ਤੇ ਉਸ ਨੇ ਖ਼ੁਸ਼ੀ ਖ਼ੁਸ਼ੀ ਬਲਮੌਂਟ ਵਲ ਕੂਚ ਕੀਤਾ, ਜਿਥੇ ਪੁਜ ਕੇ ਵਕੀਲਾਂ ਦੀ ਪੁਸ਼ਾਕ ਉਤਾਰ ਉਹ ਮੁੜ ਨੌਜਵਾਨ ਪੋਰਸ਼ੀਆਂ ਬਣ ਗਈ। ਇਕ ਰੋਜ਼ ਮਗਰੋਂ ਐਨਤੋਨੀਓ ਤੇ ਬਸੈਨੀਓ ਵੀ ਬਲਮੌਂਟ ਪੁਜ ਗਏ ਤੇ ਪੋਰਸ਼ੀਆ ਨੇ ਬੜੇ ਪਿਆਰ ਨਾਲ ਉਨ੍ਹਾਂ ਦੀ ਆਉ ਭਗਤ ਕੀਤੀ, ਪ੍ਰੰਤੂ ਬਸੈਨੀਓ ਦਿਲੋਂ ਡਰਦਾ ਸੀ ਜੋ ਜੇ ਕਦੇ ਪੋਰਸ਼ੀਆ ਨੇ ਅੰਗੂਠੀ ਸਬੰਧੀ ਪੁਛ ਗਿਛ ਕੀਤੀ, ਤਾਂ ਕੀ ਉੱਤਰ ਦੇਵੇਗਾ?
ਦੋਵੇਂ ਮਿੱਤਰ ਤੇ ਪੋਰਸ਼ੀਆ ਬੈਠੇ ਹੋਏ ਗਲਾਂ ਕਰ ਰਹੇ ਸਨ ਜੋ ਅਚਨਚੇਤ ਪੋਰਸ਼ੀਆ ਦੀ ਨਜ਼ਰ ਆਪਣੇ ਪਤੀ ਦੀ ਉਂਗਲੀ ਤੇ ਜਾ ਪਈ। ਘਬਰਾ ਕੇ ਪੁਛਿਆ, “ਪ੍ਰਾਨ ਨਾਥ ਉਹ ਅੰਗੂਠੀ ਕਿਥੇ ਜੇ?"
ਬਸੈਨੀਓ ਸਹਿਮ ਗਿਆ, ਪ੍ਰੰਤੂ ਐਨਤੋਨੀਓ ਨੇ ਉੱਤਰ ਦਿਤਾ, "ਉਸ ਵਕੀਲ ਨੇ ਮੰਗ ਲੀਤੀ, ਇਹ ਤਾਂ ਦੇਣੀ ਨਹੀਂ ਸੀ ਚਾਹੁੰਦਾ ਪ੍ਰੰਤੂ ਉਹ ਨਰਾਜ਼ ਹੋ ਕੇ ਟੁਰ ਪਿਆ ਸੀ ਤੇ ਉਸ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਮੈਂ ਹੀ ਜ਼ੋਰ ਪਾ ਕੇ ਉਹ ਉਨ੍ਹਾਂ ਨੂੰ ਦਿਵਾ ਦਿਤੀ ਸੀ।" ਪੋਰਸ਼ੀਆ ਨੇ ਲਾਲ ਹੋ ਕੇ ਆਖਿਆ, "ਕਿਤਨੇ ਸ਼ੌਕ ਦੀ ਗੱਲ ਹੈ, ਜੋ ਮੇਰੇ ਕੋਲ ਜੀਂਂਵਦੇ ਜੀ ਇਸ ਤੋਂ ਨਾ ਵਿਛੜਨ ਦਾ ਪ੍ਰਣ ਕਰ ਗਏ ਸਨ, ਇਕ ਸਾਲ ਵੀ ਪੂਰਾ ਨਾ ਕੀਤਾ।"
ਬਸੈਨੀਓ ਦਾ ਦਿਲ ਭਰ ਆਇਆ, ਪ੍ਰੰਤੂ ਐਨਤੋਨੀਓ ਨੇ ਆਖਿਆ, “ਇਨ੍ਹਾਂ ਦਾ ਨਹੀਂ ਮੇਰਾ ਕਸੂਰ ਹੈ।”
ਇਹ ਸੁਣ ਕੇ ਪੋਰਸ਼ੀਆ ਨੇ ਇਕ ਅੰਗੂਠੀ ਐਨਤੋਨੀਓ ਨੂੰ ਦੇਂਦੇ ਹੋਏ ਆਖਿਆ, “ਲਓ ਜੀ, ਇਹ ਹੋਰ ਜੇ, ਆਪਣੇ ਮਿੱਤਰ ਨੂੰ ਦੇ ਕੇ ਸਮਝਾ ਛਡੋ ਕਿ ਸੰਭਾਲ ਕੇ ਰਖੇ। ਫਿਰ ਕਿਸੇ ਵਕੀਲ ਨੂੰ ਨਾ ਦੇ ਬੈਠੇ, ਇਹ ਵਕੀਲ ਲੋਕ ਬੜੇ ਚਲਾਕ ਹੁੰਦੇ ਹਨ!"
ਬਸੈਨੀਓ ਨੇ ਧਿਆਨ ਨਾਲ ਤਕ ਕੇ ਆਖਿਆ, "ਇਹ ਅੰਗੂਠੀ ਤਾਂ ਉਹ ਹੀ ਹੈ।"
ਪੋਰਸ਼ੀਆ ਨੇ ਆਖਿਆ, "ਤੇ ਫਿਰ ਉਹ ਵਕੀਲ ਕੌਣ ਸੀ?" ਹੁਣ ਤਾਂ ਵੇਖਣ ਤੇ ਉਨ੍ਹਾਂ ਨੂੰ ਸਾਫ ਮਲੂਮ ਹੋ ਗਿਆ ਜੋ ਇਹ ਪੋਰਸ਼ੀਆ ਹੀ ਸੀ, ਜੋ ਵਕੀਲ ਦੇ ਭੇਸ ਵਿਚ ਵੈਨਸ ਪੁਜ ਐਨਤੋਨੀਓ ਨੂੰ ਬਚਾ ਲਿਆਈ ਹੈ। ਇਸ ਭੇਤ ਦੇ ਖੁਲ੍ਹਣ ਤੇ ਦੋਹਾਂ ਮਿਤਰਾਂ ਦੀ ਖ਼ੁਸ਼ੀ ਦਾ ਅਨੁਮਾਨ ਹੋ ਸਕਦਾ ਹੈ। ਇਹ ਗਲਾਂ ਅਜੇ ਪਈਆਂ ਹੁੰਦੀਆਂ ਹੀ ਸਨ ਜੋ ਖਬਰ ਆ ਗਈ ਕਿ ਐਨਤੋਨੀਓ ਦੇ ਜਹਾਜ਼ ਸੁਖੀ ਸਾਂਦੀ ਪੁਜ ਗਏ ਹਨ ਤੇ ਬਿਉਪਾਰ ਵਿਚ ਉਸ ਨੂੰ ਢੇਰ ਲਾਭ ਹੋਇਆ ਹੈ।

(ਅਨੁਵਾਦਕ: ਬਲਵੰਤ ਸਿੰਘ ਚਤਰਥ)

  • ਮੁੱਖ ਪੰਨਾ : ਵਿਲੀਅਮ ਸ਼ੈਕਸਪੀਅਰ ਦੀਆਂ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ