The Miraculous Pitcher (Story in Punjabi) : Nathaniel Hawthorne

ਕਰਾਮਾਤੀ ਸੁਰਾਹੀ (ਕਹਾਣੀ) : ਨੇਥੇਨੀਅਲ ਹਾਥੌਰਨ

ਸੈਂਕੜੇ ਵਰ੍ਹੇ ਹੋਏ ਹਨ ਕਿ ਇਕ ਰੋਜ਼ ਸੰਧਿਆ ਕੁ ਵੇਲੇ ਬੁੱਢਾ ਫੂਲਾ ਸਿੰਘ ਤੇ ਉਸ ਦੀ ਬੁੱਢੀ ਵਹੁਟੀ ਬਿਸ਼ਨੀ ਅਪਣੀ ਕੁੱਟੀਆ ਦੇ ਦਰਵਾਜ਼ੇ ਦੇ ਸਾਹਮਣੇ ਬੈਠੇ ਸੂਰਜ ਦੇ ਡੁਬਣ ਦੇ ਸ਼ਾਂਤਮਈ ਤੇ ਮਨੋਰੰਜਕ ਦਰਿਸ਼ ਨੂੰ ਵੇਖ ਰਹੇ ਸਨ। ਥੋੜ੍ਹਾ ਬਹੁਤਾ ਪ੍ਰਸ਼ਾਦ ਜਿਹੜਾ ਉਹਨਾਂ ਨੂੰ ਜੁੜਿਆ ਸੀ, ਉਹ ਖਾ ਬੈਠੇ ਸਨ ਤੇ ਸੌਣ ਤੋਂ ਪਹਿਲਾਂ ਇਕ ਦੋ ਘੰਟੇ ਅਮਨ ਨਾਲ ਗੁਜ਼ਾਰਨਾ ਚਾਹੁੰਦੇ ਸਨ। ਇਸ ਲਈ ਆਪਣੀ ਗਊ, ਆਪਣੇ ਬਾਗ, ਆਪਣੀਆਂ ਸ਼ਹਿਦ ਦੀਆਂ ਮੱਖੀਆਂ, ਆਪਣੀਆਂ ਅੰਗੂਰ ਦੀਆਂ ਵੇਲਾਂ ਜਿਹੜੀਆਂ ਕੰਧਾਂ ਤੇ ਚੜ੍ਹੀਆਂ ਹੋਈਆਂ ਸਨ ਤੇ ਜਿਨ੍ਹਾਂ ਨਾਲ ਦਾਖ ਦੇ ਗੁੱਛੇ ਪੱਕਣ ਵਾਲੇ ਹੀ ਸਨ, ਦੀਆਂ ਗੱਲਾਂ ਕਰ ਰਹੇ ਸਨ। ਪ੍ਰੰਤੂ ਨੇੜੇ ਦੇ ਪਿੰਡ ਤੋਂ ਬੱਚਿਆਂ ਦੀ ਚੀਕ ਪੁਕਾਰ ਤੇ ਕੁੱਤਿਆਂ ਦੇ ਜ਼ੋਰ ਨਾਲ ਭੌਂਕਣ ਦਾ ਰੌਲਾ ਇਥੋਂ ਤੋੜੀ ਵਧੀਕ ਹੋ ਗਿਆ ਕਿ ਉਨ੍ਹਾਂ ਲਈ ਇਕ ਦੂਜੇ ਦੀ ਗਲ ਸੁਣਨੀ ਵੀ ਮੁਸ਼ਕਲ ਹੋ ਗਈ।
ਫੂਲਾ ਸਿੰਘ ਨੇ ਜੋਸ਼ ਨਾਲ ਉੱਚੀ ਜਿਹੀ ਆਖਿਆ, "ਆਹ ਪਿਆਰੀ ! ਮੈਨੂੰ ਡਰ ਹੈ ਜੋ ਕਿਸੇ ਵਿਚਾਰੇ ਰਾਹ ਗੁਜ਼ਰੂ ਨੇ ਰਾਤ ਕੱਟਣ ਲਈ ਪਿੰਡ ਵਿਚ ਕਿਸੇ ਨੂੰ ਆਖਿਆ ਹੋਣਾ ਹੈ ਤੇ ਲੋਕਾਂ ਨੇ ਆਪਣੀ ਵਾਦੀ ਅਨੁਸਾਰ, ਪ੍ਰਸ਼ਾਦ ਛਕਾਣ ਜਾਂ ਸੇਵਾ ਕਰਨ ਦੀ ਥਾਂ ਉਸ ਦੇ ਪਿਛੇ ਕੁੱਤੇ ਲਾ ਛਡੇ ਹਨ।"
ਬਿਸ਼ਨੀ ਨੇ ਇਕ ਹਾਹੁਕਾ ਭਰ ਕੇ ਆਖਿਆ, “ਅਫ਼ਸੋਸ, ਕਿਹਾ ਹੀ ਚੰਗਾ ਹੁੰਦਾ ਜੋ ਸਾਡੇ ਗੁਵਾਂਢੀ ਆਪਣੇ ਦੁਖੀ ਭਰਾਵਾਂ ਤੇ ਰਤੀ ਕੁ ਤਰਸ ਕਰਦੇ। ਵੇਖੋ ਖਾਂ, ਉਹ ਆਪਣੇ ਬੱਚਿਆਂ ਨੂੰ ਕੇਹੜੀਆਂ ਭੈੜੀਆਂ ਮੱਤਾਂ ਦੇਂਦੇ ਹਨ ਤੇ ਜਦੋਂ ਰਾਹ ਗੁਜ਼ਰੂਆਂ ਨੂੰ ਉਹ ਵਟੇ ਮਾਰਦੇ ਹਨ ਤਾਂ ਉਹ ਪਰਸੰਨ ਹੁੰਦੇ ਹਨ ਤੇ ਉਨ੍ਹਾਂ ਨੂੰ ਥਾਪੜੀ ਦੇਂਦੇ ਹਨ।"
ਫੂਲਾ ਸਿੰਘ ਨੇ ਆਪਣੇ ਚਿੱਟੇ ਦੁਧ ਵਰਗੇ ਸਿਰ ਨੂੰ ਹਿਲਾਂਦਿਆਂ ਹੋਇਆਂ ਆਖਿਆ, "ਇਨ੍ਹਾਂ ਬੱਚਿਆਂ ਦਾ ਅੰਤ ਮਾੜਾ ਹੀ ਹੋਵੇਗਾ। ਪਿਆਰੀ, ਜੇ ਸਚ ਪੁਛਨੀ ਹੈਂ ਤਾਂ ਮੈਨੂੰ ਤਾਂ ਡਰ ਹੈ, ਜੋ ਕਦੇ ਇਨ੍ਹਾਂ ਆਪਣੀਆਂ ਆਦਤਾਂ ਨੂੰ ਨਾ ਬਦਲਿਆ ਤੇ ਪਿੰਡ ਤੇ ਕਿਧਰੇ ਕੋਈ ਅਚਨਚੇਤ ਬਲਾ ਆ ਪਈ ਤਾਂ ਫਿਰ ਉਸ ਦੇ ਅਗੇ ਕੀ ਪੇਸ਼ ਚਲੇਗੀ।
ਸਾਡੇ ਲਈ ਤਾਂ ਇਹੋ ਹੀ ਚੰਗਾ ਹੈ ਕਿ ਜਦ ਤੋੜੀ ਰੱਬ ਸਾਨੂੰ ਖਾਣ ਲਈ ਇਕ ਰੋਟੀ ਦਾ ਟੁਕੜਾ ਵੀ ਦਿੰਦਾ ਹੈ, ਅਸੀਂਂ ਅਧਾ ਕਿਸੇ ਲੋੜਵੰਦ ਮੁਸਾਫ਼ਰ ਨਾਲ ਵੰਡ ਕੇ ਖਾਈਏ।"
ਬਿਸ਼ਨੀ ਨੇ ਆਖਿਆ, “ਹਾਂ ਜੀ ਠੀਕ ਹੈ, ਅਸੀਂ ਤਾਂ ਇਹੋ ਹੀ ਕਰਾਂਗੇ ।" ਇਹ ਬੱਚਾ ਜੋੜਾ ਵੱਡਾ ਗ਼ਰੀਬ ਸੀ ਤੇ ਪੇਟ ਭਰਨ ਲਈ ਇਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਸੀ। ਫੂਲਾ ਸਿੰਘ ਸਾਰਾ ਦਿਨ ਆਪਣੇ ਬਗ਼ੀਚੇ ਵਿਚ ਕੰਮ ਕਰਦਾ ਰਹਿੰਦਾ ਸੀ ਤੇ ਬਿਸ਼ਨੀ ਹਰ ਵੇਲੇ ਚਰਖਾ ਕੱਤਦੀ ਰਹਿੰਦੀ ਜਾਂ ਆਪਣੀ ਗਊ ਦੇ ਦੁਧ ਤੋਂ ਮੱਖਣ ਜਾਂ ਪਨੀਰ ਬਣਾਂਦੀ ਜਾਂ ਕਿਸੇ ਹੋਰ ਕੰਮ ਵਿਚ ਰੁੱਝੀ ਰਹਿੰਦੀ। ਉਨ੍ਹਾਂ ਨੂੰ ਖਾਣ ਲਈ ਰੋਟੀ, ਦੁੱਧ, ਸਬਜ਼ੀ ਤੋਂ ਛੁਟ ਕੁਝ ਨਹੀਂ ਸੀ ਜੁੜਦਾ। ਹਾਂ ਕਦੇ ਕਦੇ ਆਪਣੀਆਂ ਮੱਖੀਆਂ ਦੇ ਛੱਤੇ ਤੋਂ ਸ਼ਹਿਤ ਤੇ ਆਪਣੀਆਂ ਵੇਲਾਂ ਤੋਂ ਪੱਕੇ ਹੋਏ ਅੰਗੂਰ ਵੀ ਮਿਲ ਮਿਲਾ ਜਾਂਦੇ ਸਨ। ਦੋਵੇਂ ਵੱਡੇ ਦਿਆਵਾਨ ਤੇ ਦਿਲ ਵਿਚ ਦੁਖੀਆਂ ਲਈ ਦਰਦ ਰੱਖਣ ਵਾਲੇ ਸਨ। ਉਹ ਖ਼ੁਸ਼ੀ ਨਾਲ ਭੁੱਖੇ ਪੇਟ ਸਾਰਾ ਦਿਨ ਗੁਜ਼ਾਰ ਦਿੰਦੇ ਤੇ ਆਪਣੀ ਰੋਟੀ, ਤਾਜ਼ਾ ਦੁਧ ਦਾ ਗਲਾਸ ਜਾਂ ਸ਼ਹਿਤ ਦਾ ਚਮਚਾ ਉਸ ਥੱਕੇ ਟੁੱਟੇ ਮੁਸਾਫ਼ਰ ਨੂੰ ਦੇ ਦੇਂਦੇ, ਜਿਹੜਾ ਉਨ੍ਹਾਂ ਦੇ ਦਰ ਤੇ ਆ ਕੇ ਸਵਾਲ ਕਰਦਾ। ਉਨ੍ਹਾਂ ਦਾ ਖ਼ਿਆਲ ਸੀ ਜੋ ਪ੍ਰਾਹੁਣੇ ਰੱਬ ਦੇ ਭੇਜੇ ਹੋਏ ਹੁੰਦੇ ਹਨ, ਇਸ ਲਈ ਆਪਣੇ ਕੋਲੋਂ ਵਧੀਕ ਉਨ੍ਹਾਂ ਦੀ ਖ਼ਾਤਰ ਕਰਨੀ ਚਾਹੀਦੀ ਹੈ।

+++

ਉਨ੍ਹਾਂ ਦੀ ਕੁਟੀਆ ਪਿੰਡ ਤੋਂ ਕੁਝ ਵਿੱਥ ਤੇ ਇਕ ਖੁਲ੍ਹੇ ਮੈਦਾਨ ਵਿਚ ਜਿਹੜਾ ਅੱਧਾ ਕੁ ਮੀਲ ਚੌੜਾ ਸੀ, ਇਕ ਟਿੱਲੇ ਉਤੇ ਬਣੀ ਹੋਈ ਸੀ। ਜਦੋਂ ਸੰਸਾਰ ਨਵਾਂ ਨਵਾਂ ਬਣਿਆ ਸੀ, ਉਸ ਮੈਦਾਨ ਵਾਲੀ ਸਾਰੀ ਥਾਂ ਤੇ ਇਕ ਛੰਭ ਸੀ, ਜਿਥੇ ਮੱਛੀਆਂ ਪਾਣੀ ਵਿਚ ਇਧਰ ਉਧਰ ਪਈਆਂ ਉੱਛਲਦੀਆਂ ਕੁੱੱਦਦੀਆਂ ਸਨ। ਪਾਣੀ ਦੇ ਕੰਢੇ ਤੇ ਲੰਮਾ ਲੰਮਾ ਘਾਹ ਜੰਮਿਆ ਹੋਇਆ ਤੇ ਬ੍ਰਿਛਾਂ ਤੇ ਪਹਾੜੀਆਂ ਦਾ ਪਰਛਾਵਾਂ ਛੰਭ ਦੇ ਨਿਰਮਲ ਜਲ ਵਿਚ ਸਦਾ ਵਿਖਾਈ ਦਿੰਦਾ ਸੀ, ਪਰ ਕਰਤਾਰ ਦੇ ਰੰਗ ਪਾਣੀ ਹੌਲੇ ਹੌਲੇ ਸੁਕ ਗਿਆ, ਲੋਕੀ ਥਾਂ ਨੂੰ ਵਾਹੁਣ ਲੱਗ ਪਏ, ਕਈਆਂ ਨੇ ਆ ਕੇ ਮਕਾਨ ਬਣਾ ਲੀਤੇ ਤੇ ਹੁਣ ਇਹ ਜ਼ਿਮੀਂਦਾਰਾਂ ਲਈ ਕੀਮਤੀ ਭੋਂ ਬਣ ਗਈ, ਜਿਸ ਵਿਚ ਛੰਭ ਦਾ ਕੋਈ ਨਾਉਂ ਨਿਸ਼ਾਨ ਤਕ ਵੀ ਨਹੀਂ ਸੀ। ਹਾਂ ਇਕ ਨਿੱਕੀ ਜਿਹੀ ਨਦੀ ਪਿੰਡ ਦੇ ਵਿਚਕਾਰ ਅਜੇ ਵੀ ਵਗਦੀ ਸੀ, ਜਿਸ ਤੋਂ ਪਿੰਡ ਨਿਵਾਸੀ ਪਾਣੀ ਲੈਂਦੇ ਸਨ। ਇਤਨੇ ਵਰ੍ਹਿਆਂ ਤੋਂ ਇਥੇ ਮੈਦਾਨ ਪਿਆ ਸੀ, ਜੋ ਕਿਸੇ ਦੇ ਚਿਤ ਚੇਤੇ ਵਿਚ ਵੀ ਇਹ ਗੱਲ ਨਹੀਂ ਸੀ ਕਿ ਕਦੇ ਇਥੇ ਛੰਭ ਹੋਇਆ ਹੈ। ਬੋਹੜਾਂ ਦੇ ਬੂਟੇ ਜੰਮੇ, ਵੱਡੇ ਹੋਏ ਤੇ ਆਪਣੀ ਉਮਰ ਭੋਗ ਕੇ ਸੁਕ ਗਏ, ਉਨ੍ਹਾਂ ਦੀ ਥਾਂ ਹੋਰ ਜੰਮੇ ਤੇ ਉਹ ਵੀ ਹੁਣ ਇਤਨੇ ਵੱਡੇ ਹੋ ਪਏ ਸਨ ਜਿਤਨੇ ਕੁ ਪਹਿਲੇ। ਇਹੋ ਜਿਹੀ ਚੰਗੀ ਪੈਦਾਵਾਰ ਵਾਲੀ ਧਰਤੀ ਹੋਰ ਨੇੜੇ ਤੇੜੇ ਕਿਧਰੇ ਨਹੀਂ ਸੀ। ਚਾਹੀਦਾ ਤਾਂ ਇਹ ਸੀ ਜੋ ਇਸ ਧਰਤੀ ਦੇ ਵਸਨੀਕ ਆਪਣੇ ਚੰਗੇ ਭਾਗਾਂ ਲਈ ਰੱਬ ਦਾ ਸ਼ੁਕਰ ਕਰਦੇ ਤੇ ਉਸ ਦੇ ਬੰਦਿਆਂ ਨਾਲ ਚੰਗਾ ਸਲੂਕ ਕਰਦੇ, ਪਰ ਸ਼ੋਕ ਇਹ ਲੋਕ ਇਹੋ ਜਿਹੀ ਸੁੰਦਰ ਧਰਤੀ ਉਤੇ ਜਿਸ ਤੇ ਰੱਬ ਮਿਹਰਬਾਨ ਹੋਇਆ ਪਿਆ ਸੀ, ਰਹਿਣ ਦੇ ਕਦਾਚਿਤ ਲਾਇਕ ਨਹੀਂ ਸਨ। ਉਹ ਲੋਕੀ ਵੱਡੇ ਮਤਲਬੀ ਤੇ ਪੱਥਰ ਦਿਲ ਸਨ। ਨਾ ਹੀ ਗ਼ਰੀਬਾਂ ਲਈ ਉਨ੍ਹਾਂ ਨੂੰ ਤਰਸ ਸੀ ਤੇ ਨਾ ਹੀ ਰਾਹ ਗੁਜ਼ਰੂ ਮੁਸਾਫ਼ਰਾਂ ਲਈ ਦਿਆ। ਜੇ ਕਦੇ ਕੋਈ ਉਨ੍ਹਾਂ ਨੂੰ ਇਹ ਦੱਸਦਾ ਜੋ ਰੱਬ ਦੀ ਮਿਹਰ ਤੇ ਉਸ ਦੇ ਪਿਆਰ ਦਾ ਥੋੜ੍ਹਾ ਜਿਹਾ ਬਦਲਾ ਅਸੀਂ ਇਹੋ ਦੇ ਸਕਦੇ ਹਾਂ ਜੋ ਉਸ ਦੇ ਬੰਦਿਆਂ ਨਾਲ ਪਿਆਰ ਕਰੀਏ ਤਾਂ ਉਹ ਹੱਸ ਕੇ ਉਸ ਦੀ ਗੱਲ ਨੂੰ ਮਖੌਲ ਵਿਚ ਹੀ ਉਡਾ ਦੇਂਦੇ। ਜੋ ਕੁਝ ਮੈਂ ਤੁਹਾਨੂੰ ਦੱਸਣ ਲੱਗਾ ਹਾਂ, ਸ਼ੈਤ ਤੁਸੀਂ ਉਸ ਨੂੰ ਮੰਨੋ ਹੀ ਨਾ। ਇਨ੍ਹਾਂ ਗੁੰਡੇ ਲੋਕਾਂ ਨੇ ਆਪਣੇ ਬਾਲਾਂ ਨੂੰ ਵੀ ਆਪਣੇ ਵਰਗੀਆਂ ਭੈੜੀਆਂ ਆਦਤਾਂ ਸਿਖਾਈਆਂ। ਜਦੋਂ ਉਹ ਆਪਣੇ ਨਿੱਕੇ ਮੁੰਡੇ ਕੁੜੀਆਂ ਨੂੰ ਕਿਸੇ ਪੰਧਾਊ ਦੇ ਪਿਛੇ ਰੌਲਾ ਪਾਂਦੇ ਤੇ ਪੱਥਰ ਮਾਰਦੇ ਵੇਖਦੇ ਤਾਂ ਉਹ ਤਾੜੀਆਂ ਮਾਰ ਮਾਰ ਕੇ ਉਨ੍ਹਾਂ ਦੇ ਹੌਸਲੇ ਵਧਾਂਦੇ। ਉਨ੍ਹਾਂ ਵੱਡੇ ਵੱਡੇ ਲੜਾਕੇ ਕੁੱਤੇ ਰੱਖੇ ਹੋਏ ਹਨ ਤੇ ਜਦੋਂ ਕਦੀ ਕੋਈ ਭੁਲਿਆ ਭਟਕਿਆ ਮੁਸਾਫ਼ਰ ਪਿੰਡ ਵਿਚ ਆ ਵੜਦਾ ਤਾਂ ਉਹ ਭੌਂਕਦੇ ਭੌਂਕਦੇ ਟੁੱਟ ਕੇ ਉਸ ਦੇ ਮਗਰ ਲੱਗ ਜਾਂਦੇ। ਕੋਈ ਲੱਤ ਨੂੰ ਜਾ ਫੜਦਾ, ਕੋਈ ਕੱਪੜੇ ਲੀਰਾਂ ਕਰ ਸੁਟਦਾ। ਮੁੱਕਦੀ ਗੱਲ, ਜੇ ਕਦੇ ਕੋਈ ਕਿਸਮਤ ਦਾ ਮਾਰਿਆ ਗ਼ਰੀਬ ਪੁਰਾਣੇ ਕਪੜਿਆਂ ਵਾਲਾ ਇਥੋਂ ਦੀ ਲੰਘਦਾ ਤਾਂ ਉਹ ਨੰਗਾ ਹੋ ਕੇ ਹੀ ਪਿੰਡ ਵਿਚੋਂ ਨਿਕਲਦਾ। ਤੁਸੀਂ ਸਮਝ ਹੀ ਸਕਦੇ ਹੋ ਕਿ ਜੇ ਕਦੇ ਕੋਈ ਬੀਮਾਰ, ਕਮਜ਼ੋਰ, ਲੰਗੜਾ ਜਾਂ ਬੁੱਢਾ ਰੱਬ ਸਬੱਬੀ ਇਧਰੋਂ ਆ ਲੰਘਦਾ ਤਾਂ ਉਸ ਦਾ ਰੱਬ ਹੀ ਰਾਖਾ ਸੀ। ਜਿਨ੍ਹਾਂ ਲੋਕਾਂ ਨੂੰ ਇਨ੍ਹਾਂ ਕਠੋਰ ਚਿੱਤ ਪੁਰਸ਼ਾਂ ਜਾਂ ਉਨ੍ਹਾਂ ਦੇ ਗੁੰਡੇ ਬਾਲਾਂ ਜਾਂ ਕੁੱਤਿਆਂ ਦਾ ਪਤਾ ਹੁੰਦਾ, ਉਹ ਤਾਂ ਮੀਲਾਂ ਦਾ ਵਲਾ ਮਾਰ ਪਿੰਡ ਤੋਂ ਬਾਹਰੋ ਬਾਹਰ ਹੀ ਲੰਘਦੇ। ਇਸ ਤੋਂ ਵਧੀਕ ਭੈੜੀ ਗੱਲ ਇਹ ਸੀ ਕਿ ਜਦ ਕਦੇ ਕੋਈ ਧਨਾਢ ਪੁਰਸ਼ ਆਪਣੇ ਰਥ ਤੇ ਚੜ੍ਹਿਆ ਹੋਇਆ ਜਾਂ ਘੋੜੇ ਤੇ ਸਵਾਰ, ਨੌਕਰਾਂ ਚਾਕਰਾਂ ਸਮੇਤ ਗੁਜ਼ਰਦਾ ਤਾਂ ਉਸ ਪਿੰਡ ਦੇ ਵਸਨੀਕਾਂ ਕੋਲੋਂ ਵਧ ਕੇ ਉਸ ਨੂੰ ਸਲਾਮਾਂ ਕਰਨ ਵਾਲੇ ਕਿਸੇ ਹੋਰ ਥਾਂ ਨਾ ਮਿਲਦੇ। ਜੇ ਕਦੇ ਉਨਾਂ ਦੇ ਸਾਹਮਣੇ ਕੋਈ ਬਾਲ ਕੁਸਕ ਵੀ ਜਾਂਦਾ ਤਾਂ ਮਾਂ ਪਿਉ ਥੱਪੜ ਮਾਰ ਮਾਰ ਕੇ ਉਸ ਦਾ ਬੂਥਾ ਸੁਜਾ ਦੇਂਦੇ ਤੇ ਜੇ ਕਦੇ ਕੋਈ ਇਕ ਕਤੂਰਾ ਵੀ ਭੌਂਕ ਜਾਂਦਾ ਤਾਂ ਉਸ ਦਾ ਮਾਲਕ ਉਸੇ ਵੇਲੇ ਸੋਟੇ ਨਾਲ ਉਸ ਦੀ ਮੁਰੰਮਤ ਕਰਦਾ ਤੇ ਭੁੱਖਾ ਹੀ ਬੰਨ੍ਹ ਦਿੰਦਾ। ਇਹ ਗੱਲ ਚੰਗੀ ਸੀ, ਪਰ ਇਸ ਤੋਂ ਸਾਫ਼ ਇਹ ਪਰਤੀਤ ਹੁੰਦਾ ਸੀ ਜੋ ਉਨ੍ਹਾਂ ਲੋਕਾਂ ਨੂੰ ਧਨਾਢਾਂ ਦੇ ਰੁਪਿਆਂ ਦਾ ਵਧੀਕ ਖ਼ਿਆਲ ਸੀ ਤੇ ਜੀਵ ਆਤਮਾ ਦੀ ਜਿਹੜੀ ਸ਼ਾਹ ਗਦਾ ਸਾਰਿਆਂ ਵਿਚ ਇਕੋ ਜਿਹੀ ਹੈ, ਰਤਾ ਕੁ ਵੀ ਪਰਵਾਹ ਨਹੀਂ ਸੀ।

+++

ਪਾਠਕਾਂ ਨੂੰ ਪਤਾ ਲੱਗ ਗਿਆ ਹੋਣਾ ਹੈ ਕਿ ਜਦੋਂ ਪਿੰਡ ਦੇ ਦੂਜੇ ਸਿਰੇ ਵਾਲੀ ਗਲੀ ਵਿਚੋਂ ਫੂਲਾ ਸਿੰਘ ਨੇ ਬਾਲਾਂ ਦੀ ਚੀਕ ਪੁਕਾਰ ਤੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਨੂੰ ਸੁਣਿਆ ਸੀ ਤਾਂ ਕਿਉਂ ਇਤਨਾ ਉਦਾਸ ਹੋ ਕੇ ਬੋਲਿਆ ਸੀ। ਇਹ ਰੌਲਾ ਰੱਪਾ ਢੇਰ ਚਿਰ ਪਿਆ ਰਿਹਾ ਤੇ ਇਉਂਂ ਭਾਸਦਾ ਸੀ ਜੋ ਸਾਰਾ ਮੈਦਾਨ ਹੀ ਇਸ ਦੇ ਨਾਲ ਗੂੰਜ ਰਿਹਾ ਹੈ।
ਨੇਕ ਦਿਲ ਬੁੱਢੇ ਨੇ ਕਿਹਾ, “ਮੈਂ ਅਜ ਤੋੜੀ ਕਦੇ ਕੁੱਤਿਆਂ ਦਾ ਇਤਨਾ ਭੌਂਕਣਾ ਨਹੀਂ ਸੁਣਿਆ।”
ਵਹੁਟੀ ਨੇ ਉੱਤਰ ਦਿਤਾ, "ਨਾ ਹੀ ਕਦੇ ਮੁੰਡਿਆਂ ਦਾ ਇਹੋ ਜਿਹਾ ਰੌਲਾ ਮੈਂ ਸੁਣਿਆ ਹੈ। ਉਹ ਸਿਰ ਹਲਾ ਹਲਾ ਕੇ ਇਹੋ ਜਿਹੀਆਂ ਗੱਲਾਂ ਕਰ ਹੀ ਰਹੇ ਸਨ ਜੋ ਰੌਲਾ ਨੇੜੇ ਹੀ ਨੇੜੇ ਆਉਂਦਾ ਗਿਆ। ਹੁਣ ਉਹ ਲਾਗੇ ਦੀ ਕੁੱਟੀਆ ਵਲ ਆ ਰਹੇ ਸਨ ਤੇ ਇਨ੍ਹਾਂ ਦੀਆਂ ਲੱਤਾਂ ਨੂੰ ਕੁੱਤੇ ਭੌਂਂਕ ਭੌਂਕ ਕੇ ਪੈ ਰਹੇ ਸਨ ਤੇ ਕੁਝ ਥੋੜ੍ਹੀ ਵਿੱਥ ਤੇ ਮੁੰਡਿਆਂ ਦੀ ਹੇੜ੍ਹ ਚੀਕਾਂ ਮਾਰਦੀ ਪੱਥਰ ਵਗਾਹ ਰਹੀ ਸੀ। ਉਨ੍ਹਾਂ ਦੋਹਾਂ ਮੁਸਾਫ਼ਰਾਂ ਵਿਚੋਂ ਨਿੱਕੇ ਨੂੰ ਜਿਹੜਾ ਵੱਡਾ ਫੁਰਤੀਲਾ ਸੀ, ਇਕ ਦੋ ਵਾਰੀ ਮੁੜ ਕੇ ਆਪਣੀ ਸੋਟੀ ਨਾਲ ਕੁੱਤਿਆਂ ਨੂੰ ਮੋੜਦਿਆਂ ਵੀ ਉਨ੍ਹਾਂ ਨੇ ਵੇਖਿਆ। ਉਸ ਦਾ ਸਾਥੀ ਜਿਹੜਾ ਚੰਗਾ ਲੰਮਾ ਜਵਾਨ ਸੀ, ਚੁਪ ਚੁਪੀਤਾ ਸ਼ਾਂਤੀ ਨਾਲ ਟੁਰਿਆ ਜਾਂਦਾ ਸੀ, ਮਾਨੋ ਉਸ ਨੂੰ ਕੁੱਤਿਆਂ ਦਾ ਜਾਂ ਮੁੰਡਿਆ ਦਾ ਜਿਹੜੇ ਕੁੱਤਿਆਂ ਦੀ ਹੀ ਨਕਲਾਂ ਕਰ ਰਹੇ ਸਨ,ਰਤੀ ਭਰ ਵੀ ਪਤਾ ਨਹੀਂ।
ਦੋਵੇਂ ਮੁਸਾਫ਼ਰਾਂ ਨੇ ਫਟੇ ਪੁਰਾਣੇ ਕਪੜੇ ਪਾਏ ਹੋਏ ਸਨ, ਜਿਸ ਤੋਂ ਪਰਤੀਤ ਹੁੰਦਾ ਸੀ ਕਿ ਰਾਤ ਦੀ ਰੋਟੀ ਜੋਗੇ ਵੀ ਉਨ੍ਹਾਂ ਦੀਆਂ ਜੇਬਾਂ ਵਿਚ ਪੈਸੇ ਨਹੀਂ। ਮੈਨੂੰ ਨਿਸਚਾ ਹੈ ਕਿ ਇਹੋ ਹੀ ਕਾਰਨ ਸੀ ਜਿਸ ਕਰਕੇ ਪਿੰਡ ਵਾਲਿਆਂ ਨੇ ਆਪਣੇ ਮੁੰਡੇ ਤੇ ਕੁਤੇ ਉਨ੍ਹਾਂ ਦੇ ਮਗਰ ਛੱਡੇ ਸਨ।
ਉਨ੍ਹਾਂ ਨੂੰ ਵੇਖਦਿਆਂ ਹੀ ਫੂਲਾ ਸਿੰਘ ਨੇ ਬਿਸ਼ਨੀ ਨੂੰ ਆਖਿਆ, “ਵੇਖ ਖਾਂ, ਪਿਆਰੀ ਉਹ ਆਉਂਦੇ ਪਏ ਹਨ, ਆਉ ਅਗੋਂ ਹੋ ਕੇ ਉਨ੍ਹਾਂ ਨੂੰ "ਜੀ ਆਇਆਂ" ਆਖੀਏ। ਇਉਂ ਭਾਸਦਾ ਹੈ ਜੋ ਉਹ ਇਤਨੇ ਉਦਾਸ ਹੋਏ ਹਨ ਕਿ ਪਹਾੜੀ ਤੇ ਚੜ੍ਹਨਾ ਵੀ ਉਨ੍ਹਾਂ ਲਈ ਕਠਨ ਹੋ ਗਿਆ ਹੈ" ਬਿਸ਼ਨੀ ਨੇ ਉਤਰ ਦਿਤਾ, "ਤੁਸੀਂ ਅਗੇ ਜਾਉ, ਮੈਂ ਛੇਤੀ ਛੇਤੀ ਅੰਦਰ ਜਾਂਦੀ ਹਾਂ ਤਾਂ ਜੁ ਉਨ੍ਹਾਂ ਦੇ ਪਰਸ਼ਾਦ ਪਾਣੀ ਦਾ ਕੋਈ ਪ੍ਰਬੰਧ ਕਰਾਂ, ਮੈਨੂੰ ਆਸ ਹੈ ਕਿ ਛੰਨਾਂ ਦੁੱਧ ਤੇ ਥੋੜ੍ਹਾ ਪ੍ਰਸ਼ਾਦ ਛਕਣ ਨਾਲ ਉਨ੍ਹਾਂ ਦੀ ਸਾਰੀ ਉਦਾਸੀ ਦੂਰ ਹੋ ਜਾਏਗੀ।”
ਇਹ ਆਖਦਿਆਂ ਹੀ ਉਹ ਤਾਂ ਅੰਦਰ ਚਲੀ ਗਈ ਤੇ ਫੂਲਾ ਸਿੰਘ ਨੇ ਅਗੇ ਜਾ ਕੇ ਵੱਡੇ ਪਿਆਰ ਤੇ ਚਾਉ ਨਾਲ ਉਨ੍ਹਾਂ ਨੂੰ "ਜੀ ਆਇਆਂ" ਆਖਿਆ।
ਰਾਹ ਦੇ ਦੁੱਖ ਤੇ ਥਕਾਵਟ ਦੇ ਹੁੰਦਿਆਂ ਵੀ ਨਿੱਕੇ ਮਸਾਫ਼ਰ ਨੇ ਹੱਸਦੇ ਹੱਸਦੇ ਆਖਿਆ, “ਤੁਹਾਡੇ ਪਿੰਡ ਵਾਲਿਆਂ ਨੇ ਤਾਂ ਹੋਰ ਤਰ੍ਹਾਂ ਹੀ ਸਾਡੀ ਆਉ ਭਗਤ ਕੀਤੀ ਹੈ। ਤੁਸੀਂ ਇਹੋ ਜਿਹੇ ਗੁਵਾਂਢ ਵਿਚ ਰਹਿੰਦੇ ਹੀ ਕਿਉਂ ਹੋ ? ਫੂਲਾ ਸਿੰਘ ਨੇ ਹੱਸ ਕੇ ਆਖਿਆ, “ਮੇਰਾ ਖ਼ਿਆਲ ਹੈ, ਜੋ ਰੱਬ ਦੇ ਮੈਨੂੰ ਇਥੇ ਰਖਣ ਦਾ ਇਕ ਇਹ ਵੀ ਕਾਰਨ ਹੋਵੇਗਾ ਕਿ ਗਵਾਂਢੀਆਂ ਦੇ ਭੈੜੇ ਵਰਤਾਉ ਨੂੰ ਮੈਂ ਆਪਣੀ ਸੇਵਾ ਨਾਲ ਜਿਥੋਂ ਤੀਕ ਹੋਵੇ ਧੋਵਾਂ।"
ਮੁਸਾਫ਼ਰ ਨੇ ਖਿੜ ਖਿੜ ਹੱਸਦੇ ਆਖਿਆ, “ਠੀਕ ਆਖਿਆ ਜੇ ਬਾਬਾ ਜੀ, ਸਚ ਪੁੱਛੋ ਤਾਂ ਮੈਨੂੰ ਤੇ ਮੇਰੇ ਸਾਥੀ ਨੂੰ ਇਸ ਗਲ ਦੀ ਲੋੜ ਵੀ ਹੈ। ਉਨ੍ਹਾਂ ਨਿੱਕਿਆਂ ਸ਼ੈਤਾਨਾਂ ਨੇ ਢੀਮਾਂ ਰੋੜੇ ਮਾਰ ਮਾਰ ਕੇ ਸਾਡੇ ਕਪੜਿਆਂ ਦੇ ਬੁੜੇ ਉੱਡਾ ਦਿਤੇ ਹਨ ਤੇ ਇਕ ਕੁੱਤੇ ਨੇ ਮੇਰੇ ਚੋਗੇ ਨੂੰ ਜਿਹੜਾ ਅਗੇ ਹੀ ਕੋਈ ਨਵਾਂ ਨਹੀਂ ਸੀ, ਨਿਰਾ ਲੀਰਾਂ ਹੀ ਕਰ ਦਿਤਾ ਹੈ। ਪਰ ਮੈਂ ਵੀ ਉਸ ਦੇ ਮੂੰਹ ਤੇ ਇਸ ਸੋਟੀ ਨਾਲ ਇਕ ਇਹੋ ਜਿਹੀ ਟਿਕਾਈ ਹੈ, ਜੋ ਉਸ ਦੀਆਂ ਚਾਂਗਰਾਂ ਨੂੰ ਤੁਸਾਂ ਵੀ ਇਤਨੇ ਦੂਰ ਸੁਣ ਲੀਤਾ ਹੋਣਾ ਹੈ।" ਉਸ ਨੂੰ ਇਹੋ ਜਿਹਾ ਹਸਮੁਖ ਵੇਖ ਕੇ ਫੁਲਾ ਸਿੰਘ ਨੂੰ ਪ੍ਰਸੰਨਤਾ ਹੋਈ।
ਹਸਮੁਖ ਦੇ ਰੰਗ ਢੰਗ ਤੋਂ ਇਹ ਪਤਾ ਵੀ ਨਹੀਂ ਲਗਦਾ ਸੀ, ਜੋ ਸਾਰਾ ਦਿਨ ਸਫ਼ਰ ਕਰ ਕੇ ਥੱਕੇ ਟੁੱਟੇ ਹੋਏ ਹਨ ਜਾਂ ਪਿੰਡ ਵਾਲਿਆਂ ਦੇ ਭੈੜੇ ਵਰਤਾਉ ਕਰ ਕੇ ਨਿਰਾਸ਼ ਹੋਏ ਪਏ ਹਨ।
ਉਸ ਨੇ ਇਕ ਓਪਰੀ ਪੁਸ਼ਾਕ ਪਾਈ ਹੋਈ ਸੀ। ਸਿਰ ਉੱਤੇ ਇਕ ਨਵੇਂ ਨਮੂਨੇ ਦੀ ਟੋਪੀ ਸੀ, ਜਿਸ ਨਾਲ ਕੰਨ ਵੀ ਢਕੇ ਹੋਏ ਸਨ। ਭਾਵੇਂ ਗਰਮੀ ਦੀ ਰੁੱਤ ਸੀ, ਪਰ ਉਸ ਨੇ ਇਕ ਚੋਗਾ ਬਣਾਇਆ ਹੋਇਆ ਸੀ, ਜਿਸ ਨੂੰ ਚੰਗੀ ਤਰ੍ਹਾਂ ਉਸ ਨੇ ਬੰਦ ਕੀਤਾ ਹੋਇਆ ਸੀ। ਸ਼ਾਇਦ ਇਸ ਲਈ ਕਿ ਉਸ ਦੇ ਅੰਦਰਲੇ ਕੱਪੜੇ ਫਟੇ ਹੋਏ ਸਨ। ਫੂਲਾ ਸਿੰਘ ਨੇ ਇਹ ਵੀ ਵੇਖਿਆ ਜੋ ਉਸ ਦੇ ਪੈਰਾਂ ਵਿੱਚ ਜੁੱਤੀ ਵੀ ਓਪਰੀ ਜਿਹੀ ਹੈ। ਪਰ ਹੁਣ ਹਨੇਰਾ ਹੋ ਚੁਕਿਆ ਸੀ ਤੇ ਵੱਡੀ ਉਮਰ ਦੇ ਕਾਰਣ ਉਸ ਦੀ ਨਜ਼ਰ ਵੀ ਇੰਨੀ ਤੇਜ਼ ਨਹੀਂ ਸੀ, ਇਸ ਲਈ ਠੀਕ ਠੀਕ ਉਹ ਨਹੀਂ ਆਖ ਸਕਦਾ ਸੀ ਕਿ ਜੁੱਤੀ ਕਿਹੋ ਜਿਹੀ ਸੀ, ਹਾਂ ਇਕ ਗਲ ਨੇ ਜ਼ਰੂਰ ਉਸਨੂੰ ਹੈਰਾਨ ਕਰ ਦਿਤਾ, ਮੁਸਾਫ਼ਰ ਇਹੋ ਜਿਹਾ ਹੌਲਾ ਫੁੱਲ ਤੇ ਫੁਰਤੀਲਾ ਸੀ ਜੋ ਇਉਂ ਭਾਸਦਾ ਸੀ ਕਿ ਉਸ ਦੇ ਪੈਰ ਆਪੇ ਹੀ ਧਰਤੀ ਤੋਂ ਪਏ ਉਠਦੇ ਹਨ ਤੇ ਉਨ੍ਹਾਂ ਨੂੰ ਰੋਕਣ ਲਈ ਉਸ ਨੂੰ ਜਤਨ ਕਰਨਾ ਪੈਂਦਾ ਹੈ।
ਫੂਲਾ ਸਿੰਘ ਨੇ ਮੁਸਾਫ਼ਰ ਨੂੰ ਆਖਿਆ, 'ਜਵਾਨੀ ਵੇਲੇ ਟੁਰਨ ਵਿਚ ਮੈਂ ਵੀ ਵੱਡਾ ਬਹਾਦਰ ਸਾਂ,ਪਰ ਤਾਂ ਵੀ ਸੰਧਿਆ ਪੈਂਦੇ ਪੈਰ ਅਗੇ ਟੁਰਨ ਤੋਂ ਰਹਿ ਜਾਂਦੇ ਸਨ।"
ਪੰਧਾਊ ਨੇ ਆਖਿਆ, "ਟੁਰਨ ਵੇਲੇ ਚੰਗੀ ਸੋਟੀ ਵਰਗੀ ਹੋਰ ਕੋਈ ਸਹਾਇਕ ਨਹੀਂ ਤੇ ਰੱਬ ਸਬੱਬੀ, ਮੈਨੂੰ ਇਕ ਚੰਗੀ ਖੂੰਡੀ ਜੋ ਤੁਸੀਂ ਵੇਖਦੇ ਹੋ, ਹੱਥ ਆ ਗਈ ਹੈ।"
ਸਚ ਮੁਚ ਫੂਲਾ ਸਿੰਘ ਨੇ ਇਹੋ ਜਿਹੀ ਸੋਟੀ ਕਦੇ ਨਹੀਂ ਵੇਖੀ ਸੀ। ਇਹ ਕਾਹੂ ਦੀ ਲੱਕੜ ਸੀ ਤੇ ਸਿਰੇ ਉਤੇ ਦੋ ਖੰਭ ਲਗੇ ਹੋਏ ਸਨ। ਇਸ ਦੇ ਦੁਆਲੇ ਇਹੋ ਜਿਹੀ ਕਾਰੀਗਰੀ ਨਾਲ ਦੋ ਸਪ ਲਪੇਟੇ ਹੋਏ ਸਨ,ਜੋ ਫੂਲਾ ਸਿੰਘ ਨੇ (ਜਿਸ ਦੀ ਨਜ਼ਰ ਕੁਝ ਕੁ ਘੱਟ ਸੀ) ਸਮਝਿਆ ਜੋ ਉਹ ਜੀਉਂਦੇ ਜਾਗਦੇ ਸਪ ਹਨ, ਜਿਹੜੇ ਕੁੰਡਲ ਮਾਰੀ ਬੈਠੇ ਹਨ।
ਉਸ ਨੇ ਆਖਿਆ, “ਸਚ ਮੁਚ ਇਹ ਅਲੌਕਿਕ ਹੀ ਹੈ, ਖੰਭਾਂ ਵਾਲੀ ਸੋਟੀ। ਨਿੱਕੇ ਮੁੰਡਿਆਂ ਦੀ ਸਵਾਰੀ ਲਈ ਡਾਢਾ ਸੋਹਣਾ ਘੋੜਾ ਹੈ।"
ਇਸ ਵੇਲੇ ਫੂਲਾ ਸਿੰਘ ਤੇ ਉਸ ਦੇ ਦੋਵੇਂ ਪਰਾਹੁਣੇ ਕੁਟੀਆ ਦੇ ਦਰ ਤੇ ਪੁੱਜ ਚੁੱਕੇ ਸਨ।
ਬੁੱਢੇ ਨੇ ਆਖਿਆ, "ਮਿੱਤ੍ਰ ਇਸ ਬੈਂਚ ਤੇ ਬਹਿ ਕੇ ਜ਼ਰਾ ਕੁ ਦਮ ਲੈ ਲਵੋ, ਮੇਰੀ ਇਸਤ੍ਰੀ ਬਿਸ਼ਨੀ ਅੰਦਰ ਪ੍ਰਸ਼ਾਦ ਪਾਣੀ ਦੇ ਆਹਰ ਲਗੀ ਹੋਈ ਹੈ, ਅਸੀਂ ਅਤੀ ਗ਼ਰੀਬ ਹਾਂ ਪਰ ਜੋ ਕੁਝ ਘਰ ਵਿਚ ਹੈ, ਹਾਜ਼ਰ ਹੈ।”
ਨਿੱਕਾ ਮੁਸਾਫ਼ਰ ਵੱਡੀ ਬੇਫ਼ਿਕਰੀ ਨਾਲ ਬੈਂਚ ਤੇ ਲੇਟ ਗਿਆ ਤੇ ਉਸ ਦੀ ਸੋਟੀ ਤਲੇ ਡਿਗ ਪਈ। ਹੁਣ ਇਕ ਨਿੱਕੀ ਜਿਹੀ ਪਰ ਡਾਢੀ ਹੈਰਾਨ ਕਰਨ ਵਾਲੀ ਗਲ ਹੋਈ। ਫੂਲਾ ਸਿੰਘ ਨੂੰ ਇਉਂ ਮਾਲੂਮ ਹੋਇਆ ਕਿ ਸੋਟੀ ਆਪ ਹੀ ਧਰਤੀ ਤੋਂ ਉਠ ਖਲੋਤੀ ਹੈ ਤੇ ਖੰਭ ਖਿਲਾਰ ਕੇ, ਕੁਝ ਉਛਲ ਕੇ,ਕੁਝ ਉਡਾਰੀ ਮਾਰ ਕੇ ਕੋਠੇ ਦੀਆਂ ਕੰਧਾਂ ਦੇ ਨਾਲ ਚੁਪ ਚਪੀਤੀ ਜਾ ਟਿੱਕੀ ਹੈ। ਹਾਂ ਸੱਪਾਂ ਨੇ ਅਜੇ ਵੀ ਕੁੰਡਲ ਮਾਰਿਆ ਹੋਇਆ ਸੀ, ਪਰ ਮੇਰੀ ਸਮਝ ਵਿਚ ਤਾਂ ਬੁੱਢੇ ਫੂਲਾ ਸਿੰਘ ਦੀ ਨਜ਼ਰ ਨੇ ਹੀ ਉਸ ਨੂੰ ਧੋਖਾ ਦਿਤਾ ਹੋਣਾ ਹੈ। ਇਸ ਤੋਂ ਪਹਿਲਾਂ ਜੋ ਉਹ ਕੁਝ ਪੁੱਛਦਾ, ਵੱਡੇ ਮੁਸਾਫ਼ਰ ਨੇ ਉਸ ਦੇ ਨਾਲ ਗੱਲਾਂ ਕਰ ਕੇ ਉਸ ਦਾ ਧਿਆਨ ਸੋਟੀ ਵਲੋਂ ਦੂਜੇ ਪਾਸੇ ਮੋੜ ਦਿੱਤਾ। ਮੁਸਾਫ਼ਰ ਨੇ ਗੰਭੀਰਤਾ ਭਰੀ ਆਵਾਜ਼ ਵਿਚ ਪੁੱਛਿਆ, “ਕੀ ਪੁਰਾਣੇ ਸਮੇਂ ਇਸ ਥਾਂ ਜਿਥੇ ਹੁਣ ਇਹ ਪਿੰਡ ਹੈ, ਇਕ ਛੰਭ ਵੀ ਹੁੰਦਾ ਸੀ?"
ਫੂਲਾ ਸਿੰਘ ਨੇ ਉੱਤਰ ਦਿਤਾ--
ਮਿੱਤ੍ਰ ਜੀ ! ਤੁਸੀਂ ਦੇਖਦੇ ਹੋ ਮੇਰਾ ਸਿਰ ਚਿੱਟਾ ਹੋਇਆ ਪਿਆ ਹੈ ਪਰ ਮੈਂ ਆਪਣੀ ਉਮਰ ਵਿਚ ਇਥੇ ਕੋਈ ਛੰਭ ਨਹੀਂ ਵੇਖਿਆ। ਮੇਰੇ ਤੋਂ ਪਹਿਲਾਂ ਦੀ ਗੱਲ ਹੋਵੇ ਤਾਂ ਰੱਬ ਜਾਣੇ। ਮੈਂ ਤਾਂ ਸਦਾ ਇਥੇ ਮੈਦਾਨ ਹੀ ਦੇਖਦਾ ਹਾਂ। ਜੂਹਾਂ, ਪੁਰਾਣੇ ਬ੍ਰਿਛ ਤੇ ਇਹ ਵੱਗਦੀ ਹੋਈ ਨੱਦੀ ਹੀ ਵੇਖਦਾ ਆਇਆ ਹਾਂ, ਤੇ ਜਿਥੇ ਤੋੜੀ ਮੈਨੂੰ ਯਾਦ ਹੈ ਮੇਰਾ ਪਿਤਾ ਤੇ ਦਾਦਾ ਵੀ ਇਹੋ ਹੀ ਵੇਖਦੇ ਰਹੇ ਹਨ ਤੇ ਮੈਨੂੰ ਨਿਸ਼ਚਾ ਹੈ ਜੋ ਜਦੋਂ ਬਾਬਾ ਫੂਲਾ ਸਿੰਘ ਨਹੀਂ ਹੋਵੇਗਾ ਤਦੋਂ ਵੀ ਇਸ ਥਾਂ ਇਹੋ ਹੀ ਕੁਝ ਹੋਵੇਗਾ।"
ਮੁਸਾਫ਼ਰ ਨੇ ਆਖਿਆ, “ਭਈ ਇਹ ਗਲ ਤਾਂ ਨਹੀਂ ਆਖੀ ਜਾਂਦੀ।" ਇਸ ਗਲ ਦੇ ਆਖਣ ਵੇਲੇ ਉਸ ਦੀ ਅਵਾਜ਼ ਵੀ ਕੁਝ ਡਾਢੀ ਦੁੱਖੀ ਸੀ। ਉਸ ਨੇ ਆਪਣਾ ਸਿਰ ਫੇਰਦੇ ਹੋਏ ਮੁੜ ਆਖਿਆ, "ਇਸ ਪਿੰਡ ਦੇ ਵਸਨੀਕਾਂ ਦੇ ਦਿਲ ਵਿਚ ਜਦੋਂ ਕਿਸੇ ਰੱਬ ਦੇ ਬੰਦੇ ਲਈ ਪਿਆਰ ਜਾਂ ਮਿਹਰ ਹੀ ਨਹੀਂ ਰਹੀ, ਚੰਗਾ ਹੋਵੇ ਜੇ ਉਨ੍ਹਾਂ ਦੇ ਘਰਾਂ ਉਤੇ ਪਾਣੀ ਹੀ ਫਿਰ ਜਾਵੇ।"
ਇਹ ਗੱਲਾਂ ਕਰਨ ਵੇਲੇ ਮੁਸਾਫ਼ਰ ਦਾ ਮੂੰਹ ਇਤਨਾ ਵੱਟਿਆ ਹੋਇਆ ਸੀ ਜੋ ਫੂਲਾ ਸਿੰਘ ਡਰ ਗਿਆ, ਪਰ ਛੇਤੀ ਹੀ ਉਹ ਫਿਰ ਉਸੇ ਤਰ੍ਹਾਂ ਹੀ ਹੱਸੂ ਹੱਸੂ ਕਰਨ ਲਗ ਪਿਆ, ਜਿਸ ਕਰਕੇ ਫੂਲਾ ਸਿੰਘ ਨੂੰ ਉਹ ਡਰ ਉੱਕਾ ਹੀ ਭੁਲ ਗਿਆ। ਤਾਂ ਵੀ ਇਸ ਗੱਲ ਦਾ ਤਾਂ ਉਸ ਨੂੰ ਨਿਸਚਾ ਹੋ ਗਿਆ ਜੋ ਇਹ ਵੱਡਾ ਮੁਸਾਫ਼ਰ ਕੋਈ ਮਾਮੂਲੀ ਪੁਰਸ਼ ਨਹੀਂ ਹੈ, ਭਾਵੇਂ ਉਸ ਨੇ ਗਰੀਬਾਂ ਵਾਲੇ ਕੱਪੜੇ ਪਾਏ ਹੋਏ ਹਨ ਤੇ ਪੈਦਲ ਸਫਰ ਕਰ ਰਿਹਾ ਹੈ। ਫੂਲਾ ਸਿੰਘ ਨੇ ਇਹ ਨਹੀਂ ਸਮਝਿਆ ਜੋ ਇਹ ਕੋਈ ਰਾਜਾ ਹੈ, ਜਿਸ ਨੇ ਭੇਸ ਵਟਾਇਆ ਹੋਇਆ ਹੈ, ਜਾਂ ਇਹੋ ਜਿਹਾ ਕੋਈ ਧਨਾਢ ਪੁਰਸ਼ ਹੈ, ਪਰ ਉਸ ਨੂੰ ਇਸ ਗੱਲ ਦਾ ਜ਼ਰੂਰ ਫੁਰਨਾ ਫੁਰਿਆ ਕਿ ਇਹ ਕੋਈ ਵੱਡਾ ਸਿਆਣਾ, ਦਾਨਾ ਪੁਰਸ਼ ਹੈ, ਜਿਹੜਾ ਧਨ, ਦੌਲਤ ਤੇ ਪਦਾਰਥਾਂ ਨੂੰ ਲੱਤ ਮਾਰ ਕੇ, ਇਸ ਭੇਸ਼ ਅੰਦਰ ਸੰਸਾਰ ਵਿਚ ਆਪਣੀ ਅਕਲ ਤੇ ਤਜਰਬਾ ਵਧਾਉਣ ਲਈ ਪਿਆ ਫਿਰਦਾ ਹੈ। ਉਸ ਦਾ ਇਹ ਫੁਰਨਾ ਇਸ ਲਈ ਹੋਰ ਵੀ ਪੱਕਾ ਹੋ ਗਿਆ ਕਿਉਂ ਜੁ ਜਦੋਂ ਫੂਲਾ ਸਿੰਘ ਨੇ ਮੁਸਾਫ਼ਰ ਦੇ ਮੁਖ ਨੂੰ ਵੇਖਣ ਲਈ ਅੱਖਾਂ ਉਤੇ ਕੀਤੀਆਂ, ਉਸ ਨੂੰ ਇਹੋ ਭਾਸਿਆ ਕਿ ਇਕ ਨਜ਼ਰ ਵਿਚ ਉਸ ਨੂੰ ਇਤਨਾ ਗਿਆਨ ਹੋ ਗਿਆ ਹੈ, ਜਿਤਨਾ ਕੁ ਸਾਰੀ ਉਮਰ ਪੜ੍ਹਨ ਨਾਲ ਨਹੀਂ ਸੀ ਹੋਇਆ।
ਜਿਸ ਵੇਲੇ ਬਿਸ਼ਨੀ ਪ੍ਰਸ਼ਾਦ ਤਿਆਰ ਕਰ ਰਹੀ ਸੀ, ਮੁਸਾਫ਼ਰ ਫੂਲਾ ਸਿੰਘ ਨਾਲ ਖੁਲ੍ਹੀਆਂ ਗੱਪਾਂ ਮਾਰ ਰਹੇ ਸਨ। ਨਿੱਕਾ ਤਾਂ ਵੱਡਾ ਹੀ ਗੱਪੀ ਸੀ। ਉਸ ਨੇ ਇਹੋ ਜਿਹੀਆਂ ਹਾਸੇ ਮਖੌਲ ਦੀਆਂ ਗੱਲਾਂ ਕੀਤੀਆਂ, ਜੋ ਹੱਸ ਹੱਸ ਕੇ ਬਾਬੇ ਹੋਰਾਂ ਦੇ ਪੇਟ ਵਿਚ ਵਲ ਪੈ ਗਏ ਤੇ ਉਨ੍ਹਾਂ ਨੇ ਆਖ ਦਿਤਾ ਕਿ ਇਹੋ ਜਿਹਾ ਖੁਸ਼ ਰਹਿਣਾ ਬੰਦਾ ਕਿਤਨੀਆਂ ਮੁੱਦਤਾਂ ਮਗਰੋਂ ਉਨ੍ਹਾਂ ਨੇ ਵੇਖਿਆ ਹੈ।
ਜਦੋਂ ਆਪੋ ਵਿਚ ਹੋਰ ਵੀ ਖੁਲ੍ਹ ਗਏ ਤਾਂ ਉਸ ਨੇ ਆਖਿਆ, “ਮਿਤ੍ਰ ਜੀਉ, ਮੈਂ ਤੁਹਾਨੂੰ ਕਿਸ ਨਾਉਂ ਨਾਲ ਬੁਲਾਵਾਂ ?"
ਮੁਸਾਫ਼ਰ ਨੇ ਕਿਹਾ, "ਤੁਸੀਂ ਵੇਖਦੇ ਹੋ ਮੈਂ ਹਰ ਗੱਲ ਵਿਚ ਫੁਰਤੀ ਕਰਦਾ ਹਾਂ, ਸੋ ਜੇ ਕਦੇ ਤੁਸੀਂ ਮੈਨੂੰ 'ਪਾਰਾ’ ਸੱਦੋ ਤਾਂ ਇਹ ਨਾਉਂ ਠੀਕ ਫੱਬੇਗਾ।"
ਫੂਲਾ ਸਿੰਘ ਨੇ ਮੁਸਾਫ਼ਰ ਦੇ ਚਿਹਰੇ ਵਲ ਵੇਖਦੇ ਹੋਏ, ਜੋ ਕਿਧਰੇ ਮਖੌਲ ਹੀ ਤਾਂ ਨਹੀਂ ਪਿਆ ਕਰਦਾ, ਦੁਹਰਾ ਕੇ ਆਖਿਆ, "ਪਾਰਾ ! ਪਾਰਾ ! ਇਹ ਡਾਢਾ ਓਪਰਾ ਨਾਉਂ ਹੈ ਤੇ ਤੁਹਾਡੇ ਸਾਥੀ ਦਾ ਕੀ ਨਾਉਂ ਹੈ ? ਕੀ ਉਨ੍ਹਾਂ ਦਾ ਨਾਉਂ ਵੀ ਇਹੋ ਜਿਹਾ ਹੀ ਓਪਰਾ ਹੈ।"
ਪਾਰਾ ਨੇ ਗੰਭੀਰਤਾ ਨਾਲ ਆਖਿਆ ਜਿਵੇਂ ਕੋਈ ਭੇਤ ਦੱਸ ਰਿਹਾ ਹੈ, "ਜੇ ਉਸ ਦਾ ਨਾਉਂ ਪੁੱਛਣਾ ਜੇ ਤਾਂ ਬੱਦਲਾਂ ਦੀ ਗਰਜ ਨੂੰ ਪੁੱਛੋ, ਹੋਰ ਤਾਂ ਕੋਈ ਆਵਾਜ਼ ਇਤਨੀ ਉਚੀ ਨਹੀਂ ਹੋ ਸਕਦੀ ਹੈ।"
ਰੱਬ ਜਾਣੇ ਮੁਸਾਫ਼ਰ ਨੇ ਇਹ ਗੱਲ ਹਾਸੇ ਵਿਚ ਆਖੀ ਜਾਂ ਸੱਚ ਮੁੱਚ, ਪਰ ਫੂਲਾ ਸਿੰਘ ਦਾ ਦਿਲ ਜ਼ਰੂਰ ਸਹਿਮ ਜਾਂਦਾ, ਜੇ ਕਦੇ ਉਸ ਦੇ ਮੁਖੜੇ ਤੋਂ ਉਸ ਨੂੰ ਇਹ ਨਾ ਪਰਤੀਤ ਹੁੰਦਾ ਕਿ ਇਹ ਕੋਈ ਨੇਕ ਤੇ ਭਲਾ ਪੁਰਸ਼ ਹੈ। ਹਾਂ, ਇਸ ਵਿਚ ਕੋਈ ਸੰਦੇਹ ਨਹੀਂ ਸੀ ਜੋ ਉਸ ਦੇ ਖ਼ਿਆਲ ਵਿਚ ਇਹ ਕੋਈ ਮਹਾਤਮਾ ਸੀ, ਜਿਸ ਨੇ ਇਸ ਭੇਸ ਵਿਚ ਉਨ੍ਹਾਂ ਦੇ ਘਰ ਚਰਨ ਪਾਏ ਸਨ। ਜਦੋਂ ਇਹ ਮੁਸਾਫ਼ਰ ਗੱਲ ਕਰਦਾ ਸੀ, ਇਹੋ ਜਿਹੀ ਗਹਿਰ ਗੰਭੀਰਤਾ ਨਾਲ ਬੋਲਦਾ ਸੀ ਕਿ ਫੂਲਾ ਸਿੰਘ ਆਪ ਮੁਹਾਰੇ ਹੀ ਉਸ ਨੂੰ ਆਪਣਾ ਦਿਲ ਦਾ ਸਾਰਾ ਭੇਤ ਦੱਸਣ ਤੇ ਮਜਬੂਰ ਹੋ ਜਾਂਦਾ ਸੀ। ਗੱਲ ਵੀ ਠੀਕ ਹੈ, ਜਦੋਂ ਕੋਈ ਪੁਰਸ਼ ਕਿਸੇ ਆਪਣੇ ਤੋਂ ਸਿਆਣੇ ਨੂੰ ਮਿਲਦਾ ਹੈ, ਜਿਹੜਾ ਉਸ ਦੀ ਨੇਕੀ ਬਦੀ ਨੂੰ ਸਮਝ ਸਕਦਾ ਹੈ ਤੇ ਉਸ ਨਾਲ ਘ੍ਰਿਣਾ ਨਹੀਂ ਕਰਦਾ ਤਾਂ ਉਹ ਜ਼ਰੂਰ ਆਪਣੇ ਸਾਰੇ ਭੇਤ ਉਸ ਨੂੰ ਦੱਸਣ ਲੱਗ ਪੈਂਦਾ ਹੈ; ਪਰ ਸਿੱਧੇ ਸਾਦੇ ਬਾਬਾ ਫੂਲਾ ਸਿੰਘ ਕੋਲ ਕਿਹੜੇ ਭੇਤ ਪਏ ਹੋਏ ਸਨ।
ਆਪਣੀ ਸਾਰੀ ਉਮਰ ਵਿਚ ਘਰ ਤੋਂ ਵੀਹ ਮੀਲ ਦੂਰ ਤਾਂ ਉਹ ਕਿਧਰੇ ਗਿਆ ਹੀ ਨਹੀਂ ਸੀ, ਜੋ ਆਪਣੇ ਜੀਵਨ ਦਾ ਹਾਲ ਖੁਲ੍ਹਾ ਡੁਲ੍ਹਾ ਸੁਣਾਉਣ ਲੱਗਾ। ਉਸ ਦੀ ਵਹੁਟੀ ਬਿਸ਼ਨੀ ਤੇ ਉਹ ਨਿੱਕੇ ਹੁੰਦਿਆਂ ਤੋਂ ਹੀ ਇਸੇ ਕੁੱੱਟੀਆ ਵਿਚ ਰਹਿੰਦੇ ਆਏ ਹਨ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰ ਕੇ ਰੋਟੀ ਕਮਾਂਦੇ ਰਹੇ ਹਨ; ਭਾਵੇਂ ਸਦਾ ਗ਼ਰੀਬ ਰਹੇ ਹਨ, ਪਰ ਫਿਰ ਭੀ ਹਰ ਹਾਲਤ ਅੰਦਰ ਖੁਸ਼ ਰਹੇ ਹਨ। ਉਸ ਨੇ ਇਹ ਵੀ ਦੱਸਿਆ ਕਿ ਉਸ ਦੀ ਵਹੁਟੀ ਕਿਹਾ ਚੰਗਾ ਮੱਖਣ ਤੇ ਪਨੀਰ ਬਣਾਂਦੀ ਹੈ ਤੇ ਉਸ ਦੇ ਬਗ਼ੀਚੇ ਵਿਚ ਕਿਹੀਆਂ ਸੋਹਣੀਆਂ ਸਬਜ਼ੀਆਂ ਪੈਦਾ ਹੁੰਦੀਆਂ ਹਨ ਅਤੇ ਉਨ੍ਹਾਂ ਦੋਹਾਂ ਮਰਦ ਤੀਵੀਂ ਦਾ ਆਪੋ ਵਿਚ ਪਿਆਰ ਸੱਚਾ ਤੇ ਸੁੱਚਾ ਹੈ, ਇਸ ਲਈ ਉਨਾਂ ਦੀ ਦਿਲੀ ਚਾਹ ਹੈ ਜੋ ਮੌਤ ਵੀ ਉਨ੍ਹਾਂ ਨੂੰ ਨਾ ਨਖੇੜੇ, ਸਗੋਂਂ ਜਿਵੇਂ ਉਨ੍ਹਾਂ ਨੇ ਕੱਠਿਆਂ ਉਮਰ ਬਿਤਾਈ ਹੈ ਤਿਵੇਂ ਹੀ ਅਕੱਠੇ ਉਹ ਪ੍ਰਾਣ ਛੋੜਨ। ਜਦੋਂ ਮੁਸਾਫ਼ਰ ਨੇ ਇਹ ਗੱਲ ਸੁਣੀ ਉਸ ਦਾ ਮੁੱਖੜਾ ਖ਼ੁਸ਼ੀ ਨਾਲ ਖਿੜ ਗਿਆ। ਉਸ ਨੇ ਫੂਲਾ ਸਿੰਘ ਨੂੰ ਆਖਿਆ, "ਤੂੰ ਭਲਾ ਪੁਰਸ਼ ਹੈਂ ਤੇ ਤੇਰੀ ਵਹੁਟੀ ਵੀ ਨੇਕ ਹੈ, ਇਸ ਲਈ ਤੁਹਾਡਾ ਹੱਕ ਹੈ ਜੋ ਤੁਹਾਡੀ ਇਹ ਦਿਲ ਦੀ ਚਾਹ ਪੂਰੀ ਹੋ ਜਾਵੇ। ਉਸ ਵੇਲੇ ਫੂਲਾ ਸਿੰਘ ਨੂੰ ਇਉਂ ਪਰਤੀਤ ਹੋਇਆ, ਜੋ ਭਾਵੇਂ ਸੂਰਜ ਡੁੱਬਣ ਹੀ ਲੱਗਾ ਸੀ ਤਾਂ ਵੀ ਪੱਛਮ ਵਲੋਂ ਬੱਦਲਾਂ ਨੇ ਇਕ ਲਿਸ਼ਕ ਮਾਰੀ ਹੈ ਤੇ ਉਸ ਅਚਨਚੇਤ ਚਾਨਣ ਨਾਲ ਆਕਾਸ਼ ਜਗ ਮਗ ਹੋ ਗਿਆ ਹੈ।
ਬਿਸ਼ਨੀ ਨੇ ਇਸ ਵੇਲੇ ਤੋੜੀ ਪ੍ਰਸ਼ਾਦ ਤਿਆਰ ਕਰ ਲੀਤਾ ਸੀ ਤੇ ਉਹ ਦਰਵਾਜ਼ੇ ਵਿਚ ਆ ਕੇ ਅਧੀਨਗੀ ਨਾਲ ਖਿਮਾਂ ਦੀ ਜਾਚਕ ਹੋਈ ਕਿ ਪ੍ਰਾਹੁਣਿਆਂ ਦੇ ਲਾਇਕ ਭੋਜਨ ਤਿਆਰ ਨਹੀਂ ਕਰ ਸਕੀ। ਬਿਸ਼ਨੀ ਨੇ ਹੱਥ ਜੋੜ ਕੇ ਬੇਨਤੀ ਕੀਤੀ:-
"ਜੇ ਕਦੇ ਸਾਨੂੰ ਪਤਾ ਹੁੰਦਾ ਕਿ ਤੁਸਾਂ ਨੇ ਚਰਨ ਪਾਵਣੇ ਹਨ ਤਾਂ ਮੈਂ ਜਾਂ ਮੇਰੇ ਪਤੀ ਹੋਰੀ ਆਪ ਇਕ ਬੁਰਕੀ ਵੀ ਮੂੰਹ ਵਿਚ ਨਾ ਪਾਂਦੇ ਤੇ ਤੁਹਾਡੇ ਲਈ ਚੰਗਾ ਭੋਜਨ ਤਿਆਰ ਰੱਖਦੇ। ਹੁਣ ਤਾਂ ਬਹੁਤ ਸਾਰਾ ਦੁਧ ਪਨੀਰ ਬਣਾਉਣ ਵਿਚ ਮੈਂ ਖ਼ਰਚ ਕਰ ਬੈਠੀ ਹਾਂ ਤੇ ਅਖ਼ੀਰੀ ਰੋਟੀ ਵੀ ਅਸੀਂ ਖਾ ਚੁਕੇ ਹਾਂ। ਸਾਨੂੰ ਆਪਣੀ ਗ਼ਰੀਬੀ ਦੀ ਕਦੇ ਚਿੰਤਾ ਨਹੀਂ ਹੋਈ, ਪਰ ਜਦ ਕੋਈ ਮੁਸਾਫ਼ਰ ਸਾਡੇ ਦਰਵਾਜ਼ੇ ਤੋਂ ਨਿਰਾਸ਼ ਜਾਂਦਾ ਹੈ, ਤਦ ਸਾਨੂੰ ਗ਼ਰੀਬ ਹੋਣ ਦਾ ਦੁਖ ਤੜਫਾ ਦਿੰਦਾ ਹੈ।"
ਵੱਡੇ ਮੁਸਾਫ਼ਰ ਨੇ ਹੌਸਲਾ ਦੇ ਕੇ ਆਖਿਆ, “ਮਾਤਾ ਜੀ ਤੁਸੀਂ ਕੋਈ ਤੌਖ਼ਲਾ ਨਾ ਕਰੋ, ਰੱਬ ਭਲਾ ਕਰਸੀ। ਪ੍ਰਾਹੁਣੇ ਨੂੰ ਦਿਲੋਂ ਜਾਨੋਂ "ਜੀ ਆਇਆਂ ਨੂੰ" ਆਖਣ ਵਿਚ ਹੀ ਸਭ ਕੁਝ ਆ ਜਾਂਦਾ ਹੈ । ਖਿੜੇ ਮੱਥੇ ਨਾਲ ਜੇ ਸੁੱਕੀ ਰੋਟੀ ਦਾ ਟੁੱਕੜਾ ਵੀ ਖੁਵਾਇਆ ਜਾਏ ਤਾਂ ਉਹ ਵੀ ਕੜਾਹ ਪਰਸ਼ਾਦ ਤੇ ਅੰਮ੍ਰਿਤ ਦਾ ਸਵਾਦ ਦਿੰਦਾ ਹੈ।"
ਬਿਸ਼ਨੀ ਨੇ ਉੱਛਲ ਕੇ ਆਖਿਆ, "ਸਾਡੇ ਧੰਨ ਭਾਗ ਜੋ ਤੁਹਾਡੇ ਦਰਸ਼ਨ ਹੋਏ। ਘਰ ਵਿਚ ਇਸ ਸਮੇਂ ਕੁਝ ਸ਼ਹਿਤ ਤੇ ਅੰਗੂਰਾਂ ਦਾ ਇਕ ਗੁੱਛਾ ਪਏ ਹਨ, ਸੋ ਉਹ ਹਾਜ਼ਰ ਹਨ।"
ਪਾਰੇ ਨੇ ਹੱਸ ਕੇ ਆਖਿਆ, "ਫਿਰ ਤਾਂ ਮਾਤਾ ਜੀ ਸਭ ਕੁਝ ਹੈ, ਤੁਸੀਂ ਵੇਖੋਗੇ ਜੋ ਮੈਂ ਕਿਵੇਂ ਇਨ੍ਹਾਂ ਨੂੰ ਛਕਦਾ ਹਾਂ, ਸਾਰੀ ਉਮਰ ਵਿਚ ਮੈਨੂੰ ਵੀ ਕਦੇ ਇਹੋ ਜਿਹੀ ਭੁੱਖ ਨਹੀਂ ਲੱਗੀ ਸੀ।"
ਬਿਸ਼ਨੀ ਨੇ ਆਪਣੇ ਪਤੀ ਦੇ ਕੰਨਾਂ ਵਿਚ ਆਖਿਆ, "ਰੱਬ ਰੱਖੇ, ਜੇ ਇਹ ਨੌਜਵਾਨ ਇਹੋ ਜਿਹਾ ਭੁੱਖਾ ਹੈ, ਤਾਂ ਉਸ ਨੇ ਇਸ ਪਰਸ਼ਾਦ ਨਾਲ ਕਦੋਂ ਰੱਜਣਾ ਹੋਇਆ?"
ਉਹ ਸਾਰੇ ਅੰਦਰ ਚਲੇ ਗਏ।

ਹੁਣ ਪਾਠਕੋ ! ਕੀ ਮੈਂ ਤੁਹਾਨੂੰ ਉਹ ਗੱਲ ਦੱਸਾਂ ਜਿਸ ਨੂੰ ਸੁਣ ਕੇ ਤੁਸੀਂ ਸਾਰੇ ਹੈਰਾਨ ਹੋ ਜਾਉਗੇ? ਸਾਰੀ ਕਹਾਣੀ ਵਿਚ ਸੱਚ ਮੁੱਚ ਇਹ ਇਕ ਅਸਚਰਜ ਗਲ ਹੈ। ਤੁਹਾਨੂੰ ਚੇਤੇ ਹੋਵੇਗਾ, ਪਾਰੇ ਦੀ ਸੋਟੀ ਕੁਟੀਆ ਦੀ ਕੰਧ ਨਾਲ ਆ ਖਲੋਤੀ ਸੀ। ਹੁਣ ਜਦੋਂ ਇਸ ਦਾ ਮਾਲਕ ਇਸ ਨੂੰ ਆਪਣੇ ਪਿਛੇ ਬਾਹਰ ਹੀ ਛੱਡ ਕੇ ਅੰਦਰ ਚਲਾ ਗਿਆ ਤਾਂ ਤੁਸੀਂ ਕੀ ਸਮਝਦੇ ਹੋ ਇਸ ਨੇ ਕੀ ਕੀਤਾ। ਝਟ ਪਟ ਇਹ ਆਪਣੇ ਖੰਭ ਖਿਲਾਰ ਕੇ ਟਿਕ ਟਿਕ ਕਰਦੀ ਫਰਸ਼ ਤੇ ਛਾਲਾਂ ਮਾਰਦੀ ਤੇ ਉਡਾਰੀਆਂ ਲਾਉਂਦੀ ਮਾਲਕ ਦੇ ਪਿਛੇ ਵਗ ਟੁਰੀ ਤੇ ਪਾਰੇ ਦੇ ਮੂੜ੍ਹੇ ਨਾਲ ਖਲੋ ਕੇ ਹੀ ਸਾਹ ਲੀਤਾ।ਬਾਬਾ ਫੂਲਾ ਸਿੰਘ ਤੇ ਉਸ ਦੀ ਧਰਮ ਪਤਨੀ ਪਰਾਹੁਣਿਆਂ ਦੀ ਖ਼ਾਤਰਦਾਰੀ ਵਿਚ ਇਹੋ ਜਿਹੇ ਜੁਟੇ ਹੋਏ ਸਨ ਕਿ ਉਨ੍ਹਾਂ ਨੂੰ ਸੋਟੀ ਦੇ ਇਸ ਕੰਮ ਦਾ ਪਤਾ ਵੀ ਨਾ ਲੱਗਾ। ਜਿਸ ਤਰ੍ਹਾਂ ਅਸੀਂ ਅੱਗੇ ਦੱਸ ਆਏ ਹਾਂ, ਜਿਹੜਾ ਪਰਸ਼ਾਦ ਘਰ ਵਿਚ ਮੌਜੂਦ ਸੀ ਉਹ ਦੋ ਭੁੱਖੇ ਮੁਸਾਫ਼ਰਾਂ ਲਈ ਥੋੜ੍ਹਾ ਸੀ। ਮੇਜ਼ ਦੇ ਵਿਚਕਾਰ ਡਬਲ ਰੋਟੀ ਦਾ ਇਕ ਬਚਿਆ ਹੋਇਆ ਟੋਟਾ ਸੀ, ਇਸ ਦੇ ਇਕ ਪਾਸੇ ਪਨੀਰ ਦਾ ਇਕ ਨਿੱਕਾ ਜਿਹਾ ਟੋਟਾ ਪਿਆ ਸੀ ਤੇ ਦੂਜੇ ਪਾਸੇ ਸ਼ਹਿਤ ਦੀ ਰਕੇਬੀ ਸੀ; ਹਾਂ, ਦੋਹਾਂ ਲਈ ਅੰਗੂਰਾਂ ਦੇ ਚੰਗੇ ਗੁੱਛੇ ਧਰੇ ਹੋਏ ਸਨ। ਇਕ ਕੋਨੇ ਵਿਚ ਦੁਧ ਦੀ ਭਰੀ ਹੋਈ ਸੁਰਾਹੀ ਰੱਖੀ ਪਈ ਸੀ, ਪਰ ਜਦੋਂ ਬਿਸ਼ਨੀ ਨੇ ਉਸ ਵਿਚੋਂ ਦੋ ਛੰਨੇ ਭਰ ਕੇ ਮੁਸਾਫ਼ਰਾਂ ਅਗੇ ਰੱਖ ਦਿਤੇ, ਉਸ ਵੇਲੇ ਸੁਰਾਹੀ ਦਾ ਥੱਲਾ ਨੰਗਾ ਹੋ ਗਿਆ ਸੀ। ਗ਼ਰੀਬੀ ਤੇ ਨਾਦਾਰੀ ਦੇ ਕਾਰਨ ਉਨ੍ਹਾਂ ਦਾ ਦਿਲ ਢਹਿੰਦਾ ਜਾਂਦਾ ਸੀ ਤੇ ਬਿਸ਼ਨੀ ਤਾਂ ਦਿਲ ਵਿਚ ਅਰਦਾਸਾਂ ਪਈ ਕਰਦੀ ਸੀ ਜੋ ਰਬ ਉਸ ਨੂੰ ਬੇਸ਼ਕ ਅਗਲੇ ਸਾਤੇ ਭਰ ਲਈ ਭੁੱਖਾ ਰਖੇ ਪਰ ਹਾਲ ਦੀ ਘੜੀ ਉਨ੍ਹਾਂ ਕੋਲੋਂ ਇਤਨਾ ਪ੍ਰਸ਼ਾਦ ਨਿਕਲ ਆਵੇ, ਜਿਸ ਨਾਲ ਇਹ ਦੋ ਭੁੱਖੇ ਮੁਸਾਫ਼ਰ ਰੱਜ ਸੱਕਣ। ਇਸ ਵਿਚ ਜਦੋਂ ਉਸ ਨੂੰ ਕੋਈ ਸਫਲਤਾ ਨਾ ਹੋਈ ਤਾਂ ਉਸ ਨੇ ਇਹ ਮੁਰਾਦ ਮੰਗੀ ਜੋ ਇਨ੍ਹਾਂ ਮੁਸਾਫ਼ਰਾਂ ਨੂੰ ਇਤਨੀ ਭੁੱਖ ਹੀ ਨਾ ਲਗੇ, ਪਰ ਉਸ ਦੇ ਵੇਖਦੇ ਵੇਖਦੇ ਹੀ ਬੈਠਦਿਆਂ ਸਾਰ ਹੀ ਇਕੋ ਡੀਕ ਨਾਲ ਹੀ ਦੋਹਾਂ ਮੁਸਾਫ਼ਰਾਂ ਨੇ ਦੁੱਧ ਦੇ ਛੰਨੇ ਖਾਲੀ ਕਰ ਦਿਤੇ। ਉਪਰੰਤ ਪਾਰੇ ਨੇ ਆਖਿਆ, “ਕਿਰਪਾ ਕਰ ਕੇ ਥੋੜ੍ਹਾ ਜਿਹਾ ਹੋਰ ਦੁੱਧ ਦੇਵੋ, ਦਿਨੇ ਬੜੀ ਗਰਮੀ ਰਹੀ ਹੈ ਤੇ ਮੈਨੂੰ ਵਡੀ ਤ੍ਰਿਖਾ ਲਗੀ ਹੋਈ ਹੈ ।” ਬਿਸ਼ਨੀ ਨੇ ਘਬਰਾ ਕੇ ਉੱਤਰ ਦਿੱਤਾ, "ਵੀਰ ਜੀ, ਮੈਨੂੰ ਬੜੀ ਸ਼ਰਮ ਆਉਂਦੀ ਹੈ, ਪਰ ਅਫ਼ਸੋਸ ਸੁਰਾਹੀ ਵਿਚ ਤਾਂ ਬੂੰਦ ਵੀ ਦੁੱਧ ਦੀ ਹੋਰ ਨਹੀਂ। ਪਤੀ ਜੀ! ਅਸੀਂ ਪਹਿਲਾਂ ਕਿਉਂ ਪਰਸ਼ਾਦ ਛਕ ਲੀਤਾ?"

ਪਾਰੇ ਨੇ ਮੇਜ਼ ਤੋਂ ਉਠ ਕੇ ਤੇ ਸੁਰਾਹੀ ਹੱਥ ਨਾਲ ਫੜ ਕੇ ਆਖਿਆ, “ਮੈਨੂੰ ਮਾਲੂਮ ਹੈ, ਦਸ਼ਾ ਉਹ ਨਹੀਂ ਜਿਹੜੀ ਤੁਸੀਂ ਦਸਦੇ ਹੋ, ਸੁਰਾਹੀ ਵਿਚ ਤਾਂ ਅਜੇ ਬਹੁਤੇਰਾ ਦੁੱਧ ਪਿਆ ਹੋਇਆ ਹੈ।" ਇਹ ਆਖਦਿਆਂ ਉਸ ਨੇ ਉਸ ਸੁਰਾਹੀ ਵਿਚੋਂ ਜਿਹੜੀ ਬਿਸ਼ਨੀ ਦੀ ਸਮਝੇ ਖਾਲੀ ਪਈ ਸੀ, ਨਾ ਕੇਵਲ ਆਪਣਾ ਸਗੋਂ ਆਪਣੇ ਸਾਥੀ ਦਾ ਛੰਨਾ ਭੀ ਭਰ ਦਿੱਤਾ। ਇਸ ਕੌਤਕ ਨੂੰ ਵੇਖ ਕੇ ਬਿਸ਼ਨੀ ਅਸਚਰਜ ਹੋ ਗਈ। ਸਚ ਮੁਚ ਸੁਰਾਹੀ ਵਿਚੋਂ ਸਾਰਾ ਦੁੱਧ ਛੰਨਿਆਂ ਵਿਚ ਲੁੱਧ ਕੇ ਉਸ ਨੇ ਮੇਜ਼ ਤੇ ਰੱਖਣ ਤੋਂ ਪਹਿਲਾਂ ਇਸ ਵਿਚ ਝਾਤੀ ਮਾਰ ਕੇ ਆਪਣੀ ਤਸੱਲੀ ਕਰ ਲਈ ਸੀ, ਇਸ ਲਈ ਹੁਣ ਤਾਂ ਉਸ ਭਲੀ ਲੋਕ ਨੂੰ ਆਪਣੀਆਂ ਅੱਖਾਂ ਉਤੇ ਕੋਈ ਨਿਸ਼ਚਾ ਨਾ ਰਹਿਆ ਤੇ ਦਿਲ ਵਿਚ ਆਖਣ ਲਗੀ, "ਮੈਂ ਬੁੱਢੀ ਹਾਂ, ਤੇ ਭੁਲ ਜਾਂਦੀ ਹਾਂ, ਮੇਰਾ ਖ਼ਿਆਲ ਹੈ ਮੈਨੂੰ ਧੋਖਾ ਲਗ ਗਿਆ ਹੋਣਾ ਹੈ। ਖੈਰ ਭਾਵੇਂ, ਕੁਝ ਵੀ ਹੋਵੇ, ਦੋ ਛੰਨੇ ਹੋਰ ਭਰਨ ਮਗਰੋਂ ਹੁਣ ਤਾਂ ਸੁਰਾਹੀ ਜ਼ਰੂਰ ਖਾਲੀ ਹੋ ਗਈ ਹੈ। "ਕਿਹਾ ਹੀ ਮਿੱਠਾ ਦੁੱਧ ਹੈ, ਖਿਮਾ ਕਰਨੀ ਮੈਂ ਘੜੀ ਮੁੜੀ ਪਿਆ ਮੰਗਦਾ ਹਾਂ, ਪਰ ਕ੍ਰਿਪਾ ਕਰ ਕੇ ਕੁਝ ਥੋੜ੍ਹਾ ਜਿਹਾ ਹੋਰ ਦੁਧ ਪਾ ਦੇਵੋ।"
ਹੁਣ ਤਾਂ ਬਿਸ਼ਨੀ ਨੇ ਸਾਫ਼ ਸਾਫ਼ ਵੇਖ ਲੀਤਾ ਸੀ ਕਿ ਅਖ਼ੀਰਲੇ ਛੰਨੇ ਦੇ ਭਰਨ ਵੇਲੇ ਪਾਰੇ ਨੇ ਸੁਰਾਹੀ ਨੂੰ ਮੂਧਾ ਕਰ ਕੇ ਇਕ ਬੂੰਦ ਵੀ ਵਿਚ ਨਹੀਂ ਛਡੀ ਸੀ, ਇਸ ਲਈ ਦੁੱਧ ਕਿਥੋਂ ਹੋਣਾ ਸੀ ?
ਭਾਵੇਂ ਉਸ ਦੇ ਆਪਣੇ ਦਿਲ ਵਿਚ ਤਾਂ ਰਤੀ ਭਰ ਵੀ ਸ਼ਕ ਨਹੀਂ ਸੀ ਤਾਂ ਵੀ ਉਸ ਦੀ ਤਸੱਲੀ ਕਰਨ ਲਈ ਉਸ ਨੇ ਸੁਰਾਹੀ ਨੂੰ ਚੁਕ ਇਉਂ ਉਲਧਿਆ ਜਿਵੇਂ ਛੰਨੇ ਵਿਚ ਦੁੱਧ ਪਾ ਰਹੀ ਹੈ। ਪਰ ਉਸਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਦੁੱਧ ਦੀ ਧਾਰ ਸੁਰਾਹੀ ਵਿਚੋਂ ਬੁਘ ੨ ਕਰਦੀ ਨਿਕਲ ਪਈ, ਜਿਸ ਦੇ ਨਾਲ ਨ ਕੇਵਲ ਉਸ ਦਾ ਛੰਨਾ ਹੀ ਭਰ ਗਿਆ ਸਗੋਂ ਕੁਝ ਕੁ ਦੁਧ ਮੇਜ਼ ਤੇ ਵੀ ਵੀਟ ਪਿਆ। ਇਸ ਤੇ ਝਟ ਪਾਰੇ ਦੀ ਸੋਟੀ ਤੇ ਲਪੇਟੇ ਹੋਏ ਸੱਪ ਆਪਣੀਆਂ ਸਿਰੀਆਂ ਚੁਕ ਕੇ ਵੀਟੇ ਹੋਏ ਦੁਧ ਨੂੰ ਚਟਣ ਲਗ ਪਏ, ਪਰ ਇਸ ਗਲ ਨੂੰ ਨਾ ਹੀ ਬਿਸ਼ਨੀ ਨੇ ਵੇਖਿਆ ਤੇ ਨਾ ਹੀ ਫੂਲਾ ਸਿੰਘ ਨੇ। ਫਿਰ ਉਸ ਦੁੱਧ ਵਿਚੋਂ ਹੀ ਸੁੰਦਰ ਸੁਗੰਧੀ ਆ ਰਹੀ ਸੀ, ਇਉਂ ਮਲੂਮ ਹੁੰਦਾ ਸੀ ਕਿ ਫੂਲਾ ਸਿੰਘ ਦੀ ਗਊ ਨੇ ਉਸ ਦਿਨ ਕੋਈ ਸੁਗੰਧੀ ਦੇਣ ਵਾਲੀਆਂ ਕੀਮਤੀ ਬੂਟੀਆਂ ਚਰੀਆਂ ਸਨ। ਪਿਆਰੇ ਪਾਠਕੋ ! ਮੈਂ ਚਾਹੁੰਦਾ ਹਾਂ ਜੋ ਤੁਹਾਨੂੰ ਸਾਰਿਆਂ ਨੂੰ ਵੀ ਪਰਸ਼ਾਦ ਨਾਲ ਇਹੋ ਜਿਹੇ ਸੋਹਣੇ ਦੁਧ ਦਾ ਇਕ ਇਕ ਛੰਨਾ ਮਿਲ ਜਾਏ।

ਪਾਰੇ ਨੇ ਆਖਿਆ, “ਮਾਤਾ ਬਿਸ਼ਨੀ ਜੀ, ਹੁਣ ਆਪਣੀ ਰੋਟੀ ਦਾ ਇਕ ਟੁੱਕੜਾ ਤੇ ਥੋੜਾ ਜਿਹਾ ਸ਼ਹਿਤ ਵੀ ਦੇ ਦਿਓ। ਬਿਸ਼ਨੀ ਨੇ ਟੋਟਾ ਕਟ ਕੇ ਦਿਤਾ। ਜਦੋਂ ਉਸ ਨੇ ਤੇ ਉਸ ਦੇ ਪਤੀ ਨੇ ਪਰਸ਼ਾਦ ਛਕਿਆ ਸੀ ਤਾਂ ਇਹ ਰੋਟੀ ਇਤਨੀ ਸੁੱਕੀ ਹੋਈ ਤੇ ਸਖਤ ਸੀ; ਜੋ ਸੰਘੋਂ ਨਹੀਂ ਸੀ ਲੰਘਦੀ, ਪਰ ਹੁਣ ਇਹੋ ਜਿਹੀ ਨਰਮ ਹੋ ਗਈ ਸੀ, ਜਿਵੇਂ ਹੁਣੇ ਹੀ ਤੰਦੂਰ ਵਿਚੋਂ ਕੱਢੀ ਹੈ। ਉਹ ਭੋਰੇ ਜਿਹੜੇ ਕਟਣ ਵੇਲੇ ਮੇਜ਼ ਤੇ ਡਿਗ ਪਏ ਸਨ; ਬਿਸ਼ਨੀ ਨੇ ਮੂੰਹ ਵਿਚ ਪਾਏ ਤਾਂ ਉਹ ਸਵਾਦ ਆਇਆ ਜਿਹੜਾ ਅਗੇ ਕਦੇ ਵੀ ਰੋਟੀ ਦਾ ਨਹੀਂ ਆਇਆ ਸੀ। ਉਸ ਦਾ ਦਿਲ ਇਹ ਮੰਨਦਾ ਹੀ ਨਹੀਂ ਸੀ ਜੋ ਇਹ ਉਹੀ ਰੋਟੀ ਹੈ, ਜਿਹੜੀ ਉਸ ਨੇ ਆਪਣੀ ਹੱਥੀਂ ਪਕਾਈ ਹੈ, ਪਰ ਹੋਰ ਹੋ ਵੀ ਕੇਹੜੀ ਸਕਦੀ ਸੀ ? ਰਹੀ ਸ਼ੈਹਤ ਦੀ ਗਲ, ਮੈਂ ਇਹ ਦਸ ਨਹੀਂ ਸਕਦਾ ਸੋ ਉਹ ਕਿਤਨਾ ਚੰਗਾ ਸੀ ਤੇ ਕਿਹੋ ਜਿਹੀ ਸੁਗੰਧੀ ਦੇਂਦਾ ਸੀ। ਉਸ ਦਾ ਰੰਗ ਪਾਸੇ ਦੇ ਸੋਨੇ ਵਾਂਗ ਚਮਕਦਾ ਸੀ ਤੇ ਹਜ਼ਾਰਾਂ ਫੁੱਲਾਂ ਦੀ ਸੁਗੰਧੀ ਉਸ ਵਿਚ ਭਰੀ ਪਈ ਸੀ, ਪਰ ਇਨ੍ਹਾਂ ਫੁਲਾਂ ਦੀ ਨਹੀਂ ਜਿਹੜੇ ਇਸ ਧਰਤੀ ਦੇ ਬਾਗਾਂ ਵਿਚ ਪੈਂਦਾ ਹੁੰਦੇ ਹਨ, ਸਗੋਂ ਸੁਵਰਗ ਦੇ ਫੁਲਾਂ ਦੀ ਜਿਨ੍ਹਾਂ ਦੀ ਭਾਲ ਵਿਚ ਮੱਖੀਆਂ ਨੂੰ ਜ਼ਰੂਰ ਬਦਲਾਂ ਤੋਂ ਉਤੇ ਅਸਮਾਨ ਤੇ ਜਾਣਾ ਪਿਆ ਹੋਵੇਗਾ। ਹੈਰਾਨੀ ਤਾਂ ਇਸ ਗਲ ਦੀ ਹੈ ਜੋ ਮੱਖੀਆਂ ਉਨ੍ਹਾਂ ਸਦਾ ਖਿੜੇ ਰਹਿਣ ਵਾਲੇ ਸੁੰਦਰ ਤੇ ਇਹੋ ਜਿਹੇ ਸੁਗੰਧਿਤ ਫੁੱੱਲਾਂ ਨੂੰ ਛਡ ਕੇ ਮੁੜ ਕਿਉਂ ਫੂਲਾ ਸਿੰਘ ਦੇ ਬਗ਼ੀਚੇ ਵਿਚ ਆ ਜਾਂਦੀਆਂ ਹਨ । ਇਹੋ ਜਿਹਾ ਸ਼ੈਹਤ ਨ ਕਦੇ ਕਿਸੇ ਨੇ ਚਖਿਆ ਸੀ,ਨਾ ਵੇਖਿਆ ਸੀ ਤੇ ਨ ਸੁੰਘਿਆ ਸੀ। ਸਾਰੀ ਰਸੋਈ ਉਸ ਦੀ ਸੁਗੰਧੀ ਨਾਲ ਮਹਿਕ ਰਹੀ ਸੀ ਤੇ ਸੁਗੰਧੀ ਵੀ ਇਹੋ ਜਿਹੀ ਤੇਜ਼ ਤੇ ਦਿਲ ਖਿਚਵੀਂ ਸੀ ਕਿ ਜੇ ਕਦੇ ਕੋਈ ਪੁਰਸ਼ ਉਥੇ ਖਲੋ ਕੇ ਨੇਤਰ ਮੀਟ ਲੈਂਦਾ ਤਾਂ ਇਹ ਭੁੱਲ ਜਾਂਦਾ ਜੋ ਉਹ ਉਸ ਕੁਟੀਆ ਵਿਚ ਖਲੋਤਾ ਹੋਇਆ ਹੈ, ਜਿਸ ਦੀ ਨੀਵੀਂ ਛਤ ਉਸ ਦੇ ਸਿਰ ਨਾਲ ਪਈ ਲਗਦੀ ਹੈ ਤੇ ਜਿਸ ਦੀਆਂ ਕੰਧਾਂ ਧੂੰਏਂ ਨਾਲ ਕਾਲੀਆਂ ਹੋਈਆਂ ਪਈਆਂ ਹਨ, ਸਗੋਂ ਉਹ ਇਹੋ ਹੀ ਖ਼ਿਆਲ ਕਰਦਾ ਜੋ ਉਹ ਕਿਸੇ ਸਵਰਗ ਦੇ ਬਾਗ਼ ਵਿਚ ਹੈ ਜਿਥੇ ਚਾਰੇ ਪਾਸੇ ਸਵਰਗੀ ਸ਼ਹਿਤ ਦੇ ਛੱਤੇ ਲਗੇ ਹੋਏ ਹਨ। ਭਾਵੇਂ ਬਿਸ਼ਨੀ ਇਕ ਸਿਧੀ ਸਾਦੀ ਬੁੱਢੀ ਤੀਵੀਂ ਸੀ ਤਾਂ ਵੀ ਉਸ ਦੇ ਦਿਲ ਵਿਚ ਇਹ ਖਿਆਲ ਆ ਹੀ ਗਿਆ। ਇਹ ਜੋ ਕੁਝ ਹੋ ਰਿਹਾ ਹੈ ਸਾਧਾਰਨ ਨਹੀਂ ਇਸ ਲਈ ਪਰਾਹੁਣਿਆਂ ਨੂੰ ਰੋਟੀ ਤੇ ਸ਼ਹਿਤ ਦੇ ਕੇ ਤੇ ਉਨ੍ਹਾਂ ਅਗੇ ਅੰਗੂਰਾਂ ਦਾ ਇਕ ਇਕ ਗੁੱਛਾ ਰਖ ਕੇ ਉਹ ਫੂਲਾ ਸਿੰਘ ਦੇ ਕੋਲ ਬੈਠ ਗਈ ਤੇ ਜੋ ਕੁਝ ਉਸ ਨੇ ਆਪ ਦੇਖਿਆ ਸੀ, ਉਸ ਨੂੰ ਕੰਨਾਂ ਵਿਚ ਦਸਦੇ ਹੋਏ ਪੁਛਣ ਲਗੀ, "ਕੀ ਤੁਸਾਂ ਨੇ ਇਹੋ ਜਿਹੀ ਗੱਲ ਅਗੇ ਕਦੇ ਸੁਣੀ ਹੈ ?" ਫੂਲਾ ਸਿੰਘ ਨੇ ਮੁਸਕਰਾ ਕੇ ਆਖਿਆ, "ਨਹੀਂ ਕਦੇ ਵੀ ਨਹੀਂ, ਪਰ ਪਿਆਰੀ, ਮੇਰੀ ਸਮਝ ਵਿਚ ਤਾਂ ਤੈਨੂੰ ਐਵੇਂ ਹੀ ਇਹ ਭਰਮ ਹੋ ਗਿਆ ਹੈ, ਜੇ ਕਦੇ ਮੈਂ ਦੁੱਧ ਪਾਇਆ ਹੁੰਦਾ ਤਾਂ ਜ਼ਰੂਰ ਪਤਾ ਲਗ ਜਾਂਦਾ ਜੋ ਗਲ ਕੀ ਹੈ।" ਕੁਝ ਦੁੱਧ ਥਲੇ ਰਹਿ ਗਿਆ ਹੋਣਾ ਹੈ ਜੇਹੜਾ ਤੂੰ ਵੇਖਿਆ ਨਹੀਂ ਹੋਣਾ, ਬਸ ਹੋਰ ਕੋਈ ਗਲ ਨਹੀਂ।” "ਮੇਰੇ ਸਿਰਤਾਜ, ਜੋ ਮਰਜ਼ੀ ਜੇ ਆਖੋ।" ਬਿਸ਼ਨੀ ਨੇ ਆਖਿਆ, "ਪਰ ਇਹ ਮਾਮੂਲੀ ਪੁਰਸ਼ ਨਹੀਂ ਜੇ।"

ਫੂਲਾ ਸਿੰਘ ਨੇ ਮੁਸਕਰਾਂਦਿਆਂ ਆਖਿਆ, “ਚੰਗਾ ਵਾਹ, ਵਾਹ, ਸ਼ਾਇਦ ਇਹੋ ਹੀ ਗਲ ਹੋਵੇ, ਇਹ ਗੱਲ ਤਾਂ ਜ਼ਰੂਰ ਪਰਤੀਤ ਹੁੰਦੀ ਹੈ ਜੋ ਇਹਨਾਂ ਨੇ ਚੰਗੇ ਦਿਹਾੜੇ ਵੇਖੇ ਹੋਏ ਹਨ ਤੇ ਮੈਨੂੰ ਇਹ ਵੇਖ ਕੇ ਵੱਡੀ ਖੁਸ਼ੀ ਹੋ ਰਹੀ ਹੈ ਕਿ ਇਹ ਵੱਡੀ ਪ੍ਰਸੰਨਤਾ ਨਾਲ ਪਰਸ਼ਾਦ ਛੱਕ ਰਹੇ ਹਨ।" ਦੋਹਾਂ ਪਰਾਹੁਣਿਆਂ ਨੇ ਹੁਣ ਅੰਗੂਰਾਂ ਦੇ ਗੁੱਛੇ ਚੁਕ ਲੀਤੇ ਸਨ। ਬਿਸ਼ਨੀ (ਜਿਸ ਨੇ ਆਪਣੀਆਂ ਅੱਖਾਂ ਮਲੀਆਂ ਸਨ ਤਾਕਿ ਸਾਫ਼ ਸਾਫ਼ ਵੇਖ ਸਕੇ) ਦੀ ਰਾਏ ਵਿਚ ਗੁੱਛੇ ਅਗੇ ਕੋਲੋਂ ਵੱਡੇ ਤੇ ਚੰਗੇ ਹੋ ਗਏ ਸਨ ਤੇ ਹਰ ਇਕ ਦਾਣੇ ਵਿਚ ਰਸ ਚੋ ਚੋ ਕੇ ਪਿਆ ਨਿਕਲਦਾ ਸੀ। ਉਹ ਹੈਰਾਨ ਸੀ ਜੋ ਉਸ ਦੀਆਂ ਨਿੱਕੀਆਂ ਨਿੱਕੀਆਂ ਵੇਲਾਂ ਤੇ ਇਹੋ ਜਹੇ ਅੰਗੂਰ ਕਿਵੇਂ ਪੈ ਗਏ।
ਪਾਰਾ ਇਕ ਇਕ ਕਰ ਕੇ ਛੇਤੀ ਛੇਤੀ ਅੰਗੂਰਾਂ ਦੇ ਦਾਣੇ ਮੂੰਹ ਵਿਚ ਪਾਈ ਜਾਂਦਾ ਸੀ, ਪਰ ਗੁੱਛਾ ਜਿਉਂ ਦਾ ਤਿਉਂ ਵਿਖਾਈ ਦੇਂਦਾ ਸੀ। ਅਖੀਰ ਪਾਰੇ ਨੇ ਆਖਿਆ, “ਕਿਹੇ ਚੰਗੇ ਅੰਗੂਰ ਹਨ, ਇਹ ਕਿਥੋਂ ਮੰਗਵਾਏ ਜੇ।" ਫੂਲਾ ਸਿੰਘ ਨੇ ਉੱਤਰ ਦਿੱਤਾ, "ਇਹ ਸਾਡੀਆਂ ਆਪਣੀਆਂ ਵੇਲਾਂ ਨਾਲ ਲਗੇ ਸਨ, ਉਹ ਬਾਰੀ ਵਿਚੋਂ ਵੇਖੋ ਖਾਂ, ਵੇਲਾਂ ਪਈਆਂ ਦਿਸਦੀਆਂ ਹਨ, ਪਰ ਅਸਾਂ ਨੇ ਤਾਂ ਕਦੇ ਇਹ ਅੰਗੂਰ ਚੰਗੇ ਨਹੀਂ ਸਮਝੇ।"
ਮੈਂ ਤਾਂ ਇਨ੍ਹਾਂ ਕੋਲੋਂ ਚੰਗੇ ਅੰਗੂਰ ਨਹੀਂ ਖਾਧੇ," ਪਰਾਹੁਣੇ ਨੇ ਆਖਿਆ, “ਕਿਰਪਾ ਕਰਕੇ ਆਪਣੇ ਮਿੱਠੇ ਦੁੱਧ ਦਾ ਇਕ ਹੋਰਾ ਛੰਨਾ ਦੇਵੋ ਖਾਂ ਫਿਰ ਤਾਂ ਕਦੇ ਕਿਸੇ ਰਾਜੇ ਨੇ ਵੀ ਮੇਰੇ ਵਰਗਾ ਪਰਸ਼ਾਦ ਨਹੀਂ ਛਕਿਆ ਹੋਣਾ।"
ਇਸ ਵਾਰੀ ਫੂਲਾ ਸਿੰਘ ਆਪ ਅਗੇ ਵਧਿਆ। ਉਹ ਉਨ੍ਹਾਂ ਗੱਲਾਂ ਦੀ ਤਹਿ ਤੇ ਪੁੱਜਣਾ ਚਾਹੁੰਦਾ ਸੀ, ਜਿਹੜੀਆਂ ਬਿਸ਼ਨੀ ਨੇ ਉਸ ਨੂੰ ਦੱਸੀਆਂ ਸਨ। ਭਾਵੇਂ ਉਸ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਜੋ ਉਸ ਦੀ ਇਸਤ੍ਰੀ ਕਦੇ ਝੂਠ ਨਹੀਂ ਬੋਲਦੀ ਤੇ ਜਿਸ ਗੱਲ ਨੂੰ ਉਹ ਇਕ ਵਾਰੀ ਸੱਚ ਮੰਨ ਲਵੇ, ਉਹ ਕਦੇ ਗ਼ਲਤ ਨਹੀਂ ਹੁੰਦੀ, ਪਰ ਇਹ ਗੱਲ ਇਹੋ ਜਿਹੀ ਹੈਰਾਨ ਕਰਨ ਵਾਲੀ ਸੀ ਜੋ ਉਹ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦਾ ਸੀ। ਸੁਰਾਹੀ ਨੂੰ ਚੁੱਕ ਕੇ ਉਸ ਨੇ ਚੰਗੀ ਤਰ੍ਹਾਂ ਉਸ ਵਿਚ ਝਾਤੀ ਮਾਰ ਕੇ ਆਪਣੀ ਤਸੱਲੀ ਕਰ ਲੀਤੀ ਕਿ ਉਸ ਵਿਚ ਇਕ ਬੂੰਦ ਦੁੱਧ ਨਹੀਂ, ਪਰ ਉਸ ਦੇ ਵੇਖਦਿਆਂ ਹੀ ਝਟ ਪਟ ਸੁਰਾਹੀ ਦੇ ਤਲਿਉਂ ਇਕ ਨਿੱਕਾ ਦੁੱਧ ਦਾ ਚੋਹਾ ਫੁਟ ਨਿਕਲਿਆ ਤੇ ਮਿਠੇ ਸਵਾਦਲੇ ਝਗ ਵਾਲੇ ਦੁੱਧ ਨਾਲ ਸੁਰਾਹੀ ਮੂੰਹੋਂ ਮੂੰਹ ਭਰ ਗਈ। ਚੰਗੀ ਗੱਲ ਤਾਂ ਇਹ ਹੋਈ ਜੋ ਇਸ ਅਸਚਰਜਤਾ ਵਿਚ ਇਹ ਕਰਾਮਾਤੀ ਸੁਰਾਹੀ ਉਸ ਦੇ ਹੱਥੋਂ ਨਾ ਡਿਗ ਪਈ। ਆਪਣੀ ਇਸਤ੍ਰੀ ਤੋਂ ਵੀ ਵਧੀਕ ਹੈਰਾਨ ਹੋ ਕੇ ਉਸ ਨੇ ਪੁੱਛਿਆ, “ਹੇ ਕਰਾਮਾਤਾਂ ਦਿਖਾਉਣ ਵਾਲਿਓ ਲੋਕੋ ! ਤੁਸੀਂ ਕੌਣ ਹੋ ?"
"ਤੁਹਾਡੇ ਮਿੱਤਰ ਤੇ ਪਰਾਹੁਣੇ, ਨੇਕ ਦਿਲ ਫੂਲਾ ਸਿੰਘ !" ਵੱਡੇ ਮੁਸਾਫ਼ਰ ਨੇ ਆਪਣੀ ਸੁਭਾਵਕ ਮਿੱਠੀ ਤੇ ਗੰਭੀਰਤਾ ਭਰੀ ਆਵਾਜ਼ ਵਿਚ ਉੱਤਰ ਦਿੱਤਾ, “ਮੈਨੂੰ ਵੀ ਇਕ ਹੋਰ ਛੰਨਾ ਦੁੱਧ ਦਾ ਦੇਵੋ ਤੇ ਰੱਬ ਕਰੇ ਤੁਹਾਡੀ ਸੁਰਾਹੀ ਸਦਾ ਤੁਹਾਡੇ ਆਪਣੇ ਲਈ ਅਤੇ ਹਰ ਕਿਸੇ ਲੋੜਵੰਦੇ ਮੁਸਾਫ਼ਰ ਲਈ, ਦੁੱਧ ਦੇ ਨਾਲ ਭਰਪੂਰ ਰਹੇ ?"
ਪਰਸ਼ਾਦ ਛਕਣ ਦੇ ਮਗਰੋਂ ਮੁਸਾਫ਼ਰਾਂ ਨੇ ਆਰਾਮ ਕਰਨ ਦੀ ਥਾਂ ਪੁੱਛੀ। ਫੂਲਾ ਸਿੰਘ ਤੇ ਬਿਸ਼ਨੀ ਦਿਲੋਂ ਤਾਂ ਕੁਝ ਦੇਰ ਹੋਰ ਉਨ੍ਹਾਂ ਨਾਲ ਗੱਲਾਂ ਬਾਤਾਂ ਕਰ ਕੇ ਉਨ੍ਹਾਂ ਕੌਤਕਾਂ ਸੰਬੰਧੀ ਜਿਹੜੇ ਉਨ੍ਹਾਂ ਨੇ ਵੇਖੇ ਸਨ, ਪੁਛ ਗਿਛ ਕਰਨੀ ਚਾਹੁੰਦੇ ਸਨ, ਪਰ ਵੱਡੇ ਮੁਸਾਫ਼ਰ ਦਾ ਕੁਝ ਇਹੋ ਜਿਹਾ ਪ੍ਰਭਾਵ ਬੈਠ ਚੁਕਾ ਸੀ ਜੋ ਉਹ ਮੂੰਹੋਂ ਕੁਝ ਵੀ ਨ ਬੋਲ ਸਕੇ। ਜਦੋਂ ਫੂਲਾ ਸਿੰਘ ਨੇ ਪਾਰੇ ਨੂੰ ਇਕ ਪਾਸੇ ਲਿਜਾ ਕੇ ਉਸ ਤੋਂ ਪੁੱਛਿਆ ਕਿ ਸੰਸਾਰ ਵਿਚ ਇਹ ਕਿਵੇਂ ਹੋ ਸਕਦਾ ਹੈ ਜੋ ਇਕ ਪੁਰਾਣੀ ਸੁਰਾਹੀ ਵਿਚੋਂ ਦੁੱਧ ਦਾ ਚੋਹਾ ਫੁਟ ਨਿਕਲੇ, ਤਾਂ ਉਸ ਨੇ ਆਪਣੀ ਸੋਟੀ ਵਲ ਇਸ਼ਾਰਾ ਕਰਦਿਆਂ ਆਖਿਆ, "ਇਹ ਸਾਰਾ ਭੇਤ ਇਸੇ ਵਿਚ ਹੀ ਹੈ, ਜੇ ਤੁਹਾਨੂੰ ਕੁਝ ਸਮਝ ਪੈ ਜਾਵੇ ਤਾਂ ਕਿਰਪਾ ਕਰ ਕੇ ਮੈਨੂੰ ਵੀ ਦੱਸਣਾ, ਧੰਨਵਾਦੀ ਹੋਵਾਂਗਾ। ਮੈਨੂੰ ਨਹੀਂ ਪਤਾ ਇਸ ਸੋਟੀ ਵਿਚ ਕੀ ਭੇਤ ਹੈ। ਇਹ ਸਦਾ ਇਹੋ ਜਿਹੇ ਕੌਤਕ ਵਿਖਾਂਦੀ ਰਹਿੰਦੀ ਹੈ। ਕਦੇ ਤਾਂ ਮੇਰੇ ਲਈ ਪ੍ਰਸ਼ਾਦ ਮੰਗਾ ਦੇਂਦੀ ਹੈ ਤੇ ਕਦੇ ਪਏ ਹੋਏ ਨੂੰ ਚੁਕਾ ਕੇ ਲੈ ਜਾਂਂਦੀ ਹੈ।" ਜੇ ਕਦੇ ਮੈਨੂੰ ਇਹੋ ਜਿਹੀ ਅਲ ਪਲੱਲੀ ਗੱਲ ਤੇ ਨਿਸ਼ਚਾ ਹੁੰਦਾ ਤਾਂ ਇਹੋ ਹੀ ਆਖਦਾ ਜੋ ਇਹ ਜਾਦੂ ਦੀ ਸੋਟੀ ਹੈ।"
ਉਸ ਨੇ ਹੋਰ ਤੇ ਕੁਝ ਨ ਆਖਿਆ ਪਰ ਉਨ੍ਹਾਂ ਦੀਆਂ ਅੱਖਾਂ ਵਿਚ ਇਉਂ ਅੱਖਾਂ ਮਿਲਾਕੇ ਉਸਨੇ ਆਖਿਆ ਕਿ ਉਨ੍ਹਾਂ ਨੇ ਖ਼ਿਆਲ ਕੀਤਾ ਜੋ ਉਹ ਮਖੌਲ ਕਰ ਰਿਹਾ ਹੈ। ਜਦੋਂ ਪਾਰਾ ਕੋਠੀ ਵਿਚੋਂ ਬਾਹਰ ਨਿਕਲਿਆ, ਸੋਟੀ ਵੀ ਉਸ ਦੇ ਨਾਲ ਹੀ ਛਾਲਾਂ ਮਾਰਦੀ ਬਾਹਰ ਨਿਕਲ ਗਈ।
ਫੂਲਾ ਸਿੰਘ ਤੇ ਬਿਸ਼ਨੀ ਕੁਝ ਦੇਰ ਬੈਠੇ ਸੰਧਿਆ ਦੇ ਅਸਚਰਜ ਕੌਤਕਾਂ ਸੰਬੰਧੀ ਗੱਲਾਂ ਕਰਦੇ ਰਹੇ ਤੇ ਫਿਰ ਫ਼ਰਸ਼ ਤੇ ਲੇਟ ਗਏ ਤੇ ਡੂੰਘੀ ਨੀਂਦ ਸੌਂ ਗਏ। ਜਿਨ੍ਹਾਂ ਬਿਸਤਰਿਆਂ ਤੇ ਉਹ ਆਪ ਸੌਂਦੇ ਹੁੰਦੇ ਸਨ, ਉਹ ਤਾਂ ਉਨ੍ਹਾਂ ਨੇ ਪਰਾਹੁਣਿਆਂ ਨੂੰ ਦੇ ਦਿਤੇ ਸਨ ਇਸ ਲਈ ਆਪ ਰਸੋਈ ਵਿਚ ਹੀ ਲਕੜੀ ਤੇ ਫੱਟਿਆਂ ਤੇ ਲੇਟ ਗਏ। ਰਬ ਕਰੇ ਜੋ ਉਹ ਫੱਟੇ ਇਹੋ ਜਿਹੇ ਨਰਮ ਹੋ ਗਏ ਹੋਣ ਜਿਹੋ ਜਿਹੇ ਉਨ੍ਹਾਂ ਦੇ ਦਿਲ ਸਨ।
ਬਾਬਾ ਫੂਲਾ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਦੀ ਅੱਖ ਸਵੇਰੇ ਹੀ ਖੁਲ੍ਹ ਗਈ, ਮੁਸਾਫ਼ਰ ਵੀ ਉਠ ਬੈਠੇ ਤੇ ਟੁਰਨ ਦੀ ਤਿਆਰੀ ਕਰਨ ਲਗੇ। ਫੂਲਾ ਸਿੰਘ ਨੇ ਦਿਲੋਂ ਪਰਾਹੁਣਚਾਰੀ ਅਨੁਸਾਰ ਆਖਿਆ, “ਥੋੜੀ ਕੁ ਦੇਰ ਠਹਿਰ ਜਾਓ, ਬਿਸ਼ਨੀ ਗਊ ਦਾ ਦੁੱਧ ਪਈ ਚੋਂਦੀ ਹੈ, ਉਹ ਆ ਕੇ ਤੁਹਾਡੇ ਲਈ ਪਰਸ਼ਾਦ ਤਿਆਰ ਕਰ ਲਵੇਗੀ ਤੇ ਸ਼ਾਇਦ ਇਕ ਦੋ ਤਾਜ਼ੇ ਅੰਡੇ ਵੀ ਛਾਹ ਵੇਲਾ ਛਕਣ ਲਈ ਮਿਲ ਜਾਣ।" ਪਰੰਤੂ ਉਨ੍ਹਾਂ ਦੋਹਾਂ ਨੇ ਸੂਰਜ ਦੀ ਗਰਮੀ ਤੋਂ ਪਹਿਲਾਂ ਕੁਝ ਕੁ ਪੈਂਡਾ ਨਜਿਠ ਲੈਣ ਦੇ ਖਿਆਲ ਨਾਲ ਉਸ ਵੇਲੇ ਟੁਰਨ ਲਈ ਆਗਿਆ ਮੰਗੀ ਤੇ ਫੂਲਾ ਸਿੰਘ ਤੇ ਬਿਸ਼ਨੀ ਉਨ੍ਹਾਂ ਨੂੰ ਅਗੇ ਕੁਝ ਦੂਰ ਉਨ੍ਹਾਂ ਨਾਲ ਚਲ ਕੇ ਰਾਹ ਪਾਣ ਲਈ ਬੇਨਤੀ ਕੀਤੀ।
ਬਸ ਉਹ ਚਾਰੇ ਪੁਰਾਣੇ ਮਿੱਤ੍ਰਾਂ ਵਾਂਗ ਗਪਾਂ ਮਾਰਦੇ ਘਰੋਂ ਬਾਹਰ ਨਿਕਲ ਤੁਰੇ। ਹੈਰਾਨੀ ਹੈ ਜੋ ਬੁੱਢਾ ਜੋੜਾ ਵਡੇ ਮੁਸਾਫ਼ਰ ਨਾਲ ਵੀ ਖੁਲ੍ਹ ਪਿਆ ਸੀ ਤੇ ਉਨਾਂ ਦੀਆਂ ਆਤਮਾਵਾਂ ਉਸ ਦੀ ਆਤਮਾ ਵਿਚ ਇਉਂ ਰਲ ਮਿਲ ਗਈਆਂ ਸਨ, ਜਿਵੇਂ ਪਾਣੀ ਦੀਆਂ ਦੋ ਬੂੰਦਾਂ ਅਥਾਹ ਸਮੁੰਦਰ ਵਿਚ ਮਿਲ ਜਾਂਦੀਆਂ ਹਨ। ਪਾਰੇ ਦੀ ਤਾਂ ਗਲ ਹੀ ਨਾ ਪੁਛੋ। ਉਹ ਆਪਣੀ ਤੇਜ਼ ਸਮਝ ਤੇ ਮਖੌਲੀ ਸੁਭਾਵ ਨਾਲ ਉਨ੍ਹਾਂ ਦੇ ਦਿਲ ਦੀਆਂ ਗਲਾਂ ਵੀ ਮਲੂਮ ਕਰ ਲੈਂਦਾ ਸੀ। ਉਹ ਚਾਹੁੰਦੇ ਸਨ ਜੋ ਇਸ ਪਾਰੇ ਦੀ ਅਕਲ ਇਤਨੀ ਤੇਜ਼ ਨਾ ਹੁੰਦੀ ਤੇ ਉਹ ਆਪਣੀ ਭੇਤ ਭਰੀ ਸੋਟੀ ਨੂੰ, ਜਿਸ ਤੇ ਸੱਪ ਲਪੇਟੇ ਹੋਏ ਸਨ, ਕਿਧਰੇ ਦੂਰ ਸੁੱਟ ਆਉਂਦਾ, ਪਰ ਫਿਰ ਉਹ ਕੋਈ ਇਹੋ ਜਿਹੇ ਹਾਸੇ ਦੀ ਗਲ ਕਰ ਦੇਂਦਾ ਜੋ ਉਹ ਉਸ ਨੂੰ ਤੇ ਉਸ ਦੀ ਸੱਪਾਂ ਵਾਲੀ ਸੋਟੀ ਨੂੰ ਸਦਾ ਲਈ ਆਪਣੇ ਘਰ ਦੇ ਅੰਦਰ ਰਖਣ ਨੂੰ ਤਿਆਰ ਹੋ ਜਾਂਦੇ।
ਜਦੋਂ ਦਰਵਾਜ਼ੇ ਤੋਂ ਥੋੜੀ ਵਿਥ ਨਿਕਲ ਗਏ ਤਾਂ ਇਕ ਲੰਮਾ ਹਾਉਕਾ ਭਰਦਿਆਂ ਫੂਲਾ ਸਿੰਘ ਨੇ ਆਖਿਆ, “ਆਹ, ਕਿਹਾ ਹੀ ਚੰਗਾ ਹੋਵੇ ਜੇ ਕਦੇ ਸਾਡੇ ਗਵਾਂਢੀਆਂ ਨੂੰ ਵੀ ਪਤਾ ਲਗ ਜਾਏ ਕਿ ਮੁਸਾਫ਼ਰਾਂ ਦੀ ਆਗਤ ਭਾਗਤ ਕਰਨ ਨਾਲ ਕਿਤਨੀ ਕੁ ਖੁਸ਼ੀ ਪਰਾਪਤ ਹੁੰਦੀ ਹੈ, ਫਿਰ ਤਾਂ ਉਹ ਜ਼ਰੂਰ ਆਪਣੇ ਕੁੱਤਿਆਂ ਨੂੰ ਬੰਨ੍ਹ ਰਖਣ ਤੇ ਬਾਲਾਂ ਨੂੰ ਪੱਥਰ ਮਾਰਨ ਤੋਂ ਵਰਜ ਦੇਵਣ। ਬਿਸ਼ਨੀ ਨੇ ਛੇਤੀ ਛੇਤੀ ਜੋਸ਼ ਵਿਚ ਆ ਕੇ ਆਖਿਆ, “ਇਹ ਨਾ ਕੇਵਲ ਸ਼ਰਮ ਦੀ ਗਲ ਹੈ, ਸਗੋਂ ਪਾਪ ਵੀ ਹੈ। ਮੇਰਾ ਜੀ ਕਰਦਾ ਹੈ ਜੋ ਅਜ ਹੀ ਜਾ ਕੇ ਉਨ੍ਹਾਂ ਨੂੰ ਦਸਾਂ ਜੋ ਉਹ ਕੇਹੇ ਭੈੜੇ ਕੰਮ ਕਰਦੇ ਹਨ।"
ਪਾਰੇ ਨੇ ਮੁਸਕਰਾਂਦੇ ਹੋਏ ਆਖਿਆ, “ਮੈਨੂੰ ਡਰ ਹੈ, ਤੁਹਾਨੂੰ ਉਨ੍ਹਾਂ ਵਿਚੋਂ ਇਕ ਵੀ ਨਹੀਂ ਲਭੇਗਾ।"
ਉਸ ਵੇਲੇ ਵੱਡੇ ਮੁਸਾਫ਼ਰ ਦੇ ਮੱਥੇ ਤੇ ਵੱਟ ਪੈ ਗਏ ਤੇ ਉਸ ਦਾ ਚਿਹਰਾ ਇਉਂ ਲਾਲ ਹੋ ਗਿਆ ਕਿ ਫੂਲਾ ਸਿੰਘ ਤੇ ਬਿਸ਼ਨੀ ਡਰ ਨਾਲ ਕੰਬਣ ਲਗ ਪਏ ਤੇ ਉਨ੍ਹਾਂ ਦੇ ਮੂੰਹ ਵਿਚੋਂ ਕੋਈ ਗਲ ਵੀ ਨਾ ਨਿਕਲ ਸਕੀ। ਕੇਵਲ ਹੈਰਾਨੀ ਨਾਲ ਉਸ ਦੇ ਮੂੰਹ ਵਲ ਹੀ ਦੇਖਦੇ ਰਹੇ।
ਵੱਡੇ ਮੁਸਾਫ਼ਰ ਨੇ ਗਰਜ ਕੇ ਆਖਿਆ, “ਜੇਹੜੇ ਪੁਰਸ਼ ਗਰੀਬ ਮੁਸਾਫ਼ਰਾਂ ਨਾਲ ਭਰਾਵਾਂ ਵਾਲਾ ਸਲੂਕ ਕਰਨ ਨੂੰ ਤਿਆਰ ਨਹੀਂ ਹਨ, ਉਨ੍ਹਾਂ ਦਾ ਕੋਈ ਹੱਕ ਨਹੀਂ ਕਿ ਉਹ ਇਸ ਧਰਤੀ ਉਤੇ ਰਹਿਣ, ਜਿਸ ਨੂੰ ਰੱਬ ਨੇ ਮਨੁੱਖਾਂ ਦੇ ਆਪੋ ਵਿਚ ਪਰੇਮ ਤੇ ਪਿਆਰ ਕਰਨ ਦੀ ਥਾਂ ਬਣਾਇਆ ਹੈ।"
‘‘ਚੰਗਾ ਮੇਰੇ ਮਿੱਤਰ ਜੀਉ, ਇਹ ਤਾਂ ਦਸੋ", ਪਾਰੇ ਨੇ ਮਖੌਲ ਵਿਚ ਆਖਿਆ ਤੇ ਉਸ ਦੀਆਂ ਅੱਖਾਂ ਵਿਚੋਂ ਸ਼ਰਾਰਤ ਪਈ ਟਪਕਦੀ ਸੀ, "ਕਿ ਜਿਸ ਪਿੰਡ ਸੰਬੰਧੀ ਤੁਸੀਂ ਗੱਲਾਂ ਕਰਦੇ ਹੋ ਉਹ ਹੈ ਕਿਥੇ ? ਸਾਡੇ ਕਿਸ ਪਾਸੇ ਹੈ ? ਮੈਨੂੰ ਤਾਂ ਕਿਧਰੇ ਵਿਖਾਈ ਨਹੀਂ ਦੇਂਦਾ।"
ਫੂਲਾ ਸਿੰਘ ਤੇ ਬਿਸ਼ਨੀ ਨੇ ਮੈਦਾਨ ਵਲ ਮੁੜ ਕੇ ਤਕਿਆ, ਜਿਥੇ ਇਕ ਰੋਜ਼ ਪਹਿਲਾਂ, ਹਾਂ ਕੇਵਲ ਇਕ ਰੋਜ਼ ਪਹਿਲਾਂ, ਸੁਰਜ ਡੁੱਬਣ ਵੇਲੇ ਉਨ੍ਹਾਂ ਨੇ ਸਾਵੇ ਘਾਹ ਵਾਲੀ ਰਖ ਵੇਖੀ ਸੀ, ਮੈਦਾਨ ਵੀ, ਬਾਗ਼ ਵੀ, ਬ੍ਰਿਛਾਂ ਦੇ ਝੁੰਡ ਤੇ ਖੁਲ੍ਹੀਆਂ ਗਲੀਆਂ ਵੀ, ਖੇਡਦੇ ਬਾਲ ਤੇ ਤੁਰਦੇ ਫਿਰਦੇ ਪੇਂਡੂ, ਮੌਜ ਮੇਲੇ ਤੇ ਰੌਣਕਾਂ ਵੀ ਵੇਖੀਆਂ ਸਨ, ਪਰ ਹੁਣ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਨੂੰ ਪਿੰਡ ਦਾ ਕੋਈ ਨਿਸ਼ਾਨ ਵੀ ਨ ਦਿਸਿਆ। ਇਥੋਂ ਤੋੜੀ ਕਿ ਉਹ ਹਰਿਆ ਭਰਿਆ ਮੈਦਾਨ, ਜਿਸ ਵਿਚ ਪਿੰਡ ਆਬਾਦ ਸੀ, ਹੁਣ ਗੁੰਮ ਸੀ। ਇਸ ਦੀ ਥਾਂ ਚਾਰੇ ਪਾਸੇ ਛੰਭ ਦਾ ਪਾਣੀ ਹੀ ਪਾਣੀ ਨਜ਼ਰ ਆਉਂਦਾ ਸੀ ਤੇ ਉਸ ਨਿਰਮਲ ਜਲ ਵਿਚ ਆਸ ਪਾਸ ਦੀਆਂ ਪਹਾੜੀਆਂ ਦਾ ਪਰਛਾਵਾਂ ਇਉਂ ਪੈ ਰਿਹਾ ਸੀ, ਜਿਵੇਂ ਸੰਸਾਰ ਬਣਨ ਦੇ ਵੇਲੇ ਤੋਂ ਹੀ ਇਸੇ ਪਰਕਾਰ ਇਥੇ ਪੈਂਦਾ ਰਿਹਾ ਹੈ। ਇਕ ਪਲ ਕੁ ਤਾਂ ਛੰਭ ਦਾ ਜਲ ਅਡੋਲ ਰਿਹਾ, ਫਿਰ ਇਕ ਲਹਿਰ ਜਿਹੀ ਉਠੀ ਜਿਸਤੋਂ ਵੇਖਦਿਆਂ ਵੇਖਦਿਆਂ ਹੀ ਪਾਣੀ ਕੰਢੇ ਵਲ ਉਛਲਣ ਤੇ ਢਲਕਣ ਲਗ ਪਿਆ ਤੇ ਸੂਰਜ ਦੀਆਂ ਕਿਰਨਾਂ ਨਾਲ ਉਸ ਵਿਚ ਇਕ ਖਾਸ ਪਰਕਾਰ ਦੀ ਚਮਕ ਜੇਹੀ ਪੈਦਾ ਹੋ ਗਈ।
ਬੁੱਢੇ ਜੋੜੇ ਨੂੰ ਉਸ ਵੇਲੇ ਇਉਂ ਜਾਪਿਆ ਕਿ ਉਹ ਸਦਾ ਇਸੇ ਪਰਕਾਰ ਇਹ ਛੰਭ ਵੇਖਦੇ ਰਹੇ ਹਨ ਤੇ ਪਿੰਡ ਸੰਬੰਧੀ ਸਾਰੀਆਂ ਗੱਲਾਂ ਸੁਪਨਾ ਹੀ ਸਨ, ਪਰੰਤੂ ਝਟ ਹੀ ਉਨ੍ਹਾਂ ਨੂੰ ਉਹ ਗੁੰੰਮ ਹੋਏ ਮੈਦਾਨ, ਉਥੇ ਦੇ ਵਸਨੀਕਾਂ ਦੀਆਂ ਸ਼ਕਲਾਂ ਸੂਰਤਾਂ, ਆਦਤਾਂ ਤੇ ਸੁਭਾਵ ਇਉਂ ਸਾਫ਼ ਸਾਫ਼ ਚੇਤੇ ਆ ਗਏ ਜੋ ਉਹ ਸਮਝਣ ਲਗ ਪਏ ਜੋ ਇਹ ਕੋਈ ਸੁਪਨਾ ਨਹੀਂ ਸੀ, ਕਲ੍ਹ ਸੰਧਿਆ ਵੇਲੇ ਸਚ ਮੁਚ ਉਥੇ ਪਿੰਡ ਵੀ ਸੀ ਤੇ ਪਿੰਡ ਵਾਲੇ ਵੀ, ਪਰ ਹੁਣ ਕੁਝ ਵੀ ਨਹੀਂ ਰਿਹਾ ਸੀ।
ਨਰਮ ਦਿਲ ਫੂਲਾ ਸਿੰਘ ਤੇ ਬਿਸ਼ਨੀ ਨੇ ਠੰਢਾ ਹਾਹੁਕਾ ਭਰ ਕੇ ਆਖਿਆ, “ਵਿਚਾਰੇ ਸਾਡੇ ਗਵਾਂਢੀਆਂ ਦਾ ਕੀ ਬਣਿਆ?"
"ਹੁਣ ਉਹ ਮਨੁੱਖਾ ਜੂਨ ਵਿਚ ਨਹੀਂ ਰਹੇ," ਵਡੇ ਮੁਸਾਫ਼ਰ ਨੇ ਗਰਜ ਕੇ ਆਖਿਆ ਤੇ ਉਸ ਦੀ ਆਵਾਜ਼ ਦੂਰ ਤੋੜੀ ਬਦਲਾਂ ਦੀ ਗਰਜ ਵਾਂਗ ਗੂੰਜ ਉਠੀ। "ਉਨ੍ਹਾਂ ਦੇ ਜੀਵਣ ਤੋਂ ਨਾ ਕੋਈ ਲਾਭ ਸੀ ਤੇ ਨਾ ਭਲਾਈ, ਉਨ੍ਹਾਂ ਦੇ ਦਿਲ ਆਪਣੇ ਭਰਾਵਾਂ ਦੇ ਦੁੱਖਾਂ ਤੋਂ ਵੀ ਕਦੇ ਨਹੀਂ ਪਸੀਜਦੇ ਸਨ ਤੇ ਨਾ ਹੀ ਕਦੇ ਉਨ੍ਹਾਂ ਨੂੰ ਆਪਣੇ ਜੀਵਨ ਦੇ ਸੁਧਾਰਨ ਦਾ ਖਿਆਲ ਹੀ ਆਇਆ ਸੀ, ਇਸ ਕਰਕੇ ਉਹੋ ਹੀ ਪਹਿਲਾਂ ਛੰਭ ਜੇਹੜਾ ਕਿਸੇ ਸਮੇਂ ਇਥੇ ਹੁੰਦਾ ਸੀ, ਫਿਰ ਫੈਲਿਆ ਹੈ ਤਾਂ ਜੋ ਉਸ ਦੇ ਨਿਰਮਲ ਜਲ ਵਿਚ ਅਸਮਾਨ ਆਪਣਾ ਮੂੰਹ ਪਿਆ ਤਕਿਆ ਕਰੇ।"
ਸ਼ਰਾਰਤ ਭਰੀ ਮੁਸਕਰਾਹਟ ਵਿਚ ਪਾਰੇ ਨੇ ਆਖਿਆ, "ਤੇ ਜੇ ਉਨ੍ਹਾਂ ਮੂਰਖਾਂ ਸਬੰਧੀ ਪੁਛਦੇ ਹੋ ਤਾਂ ਉਹ ਸਾਰੇ ਮੱਛੀਆਂ ਬਣ ਗਏ ਹਨ, ਥੋੜੀ ਹੀ ਬਦਲੀ ਦੀ ਲੋੜ ਸੀ ਕਿਉਂ ਜੋ ਅਗੇ ਹੀ ਉਨ੍ਹਾਂ ਦੇ ਖੂਨ ਠੰਡੇ ਹੋਏ ਪਏ ਸਨ ਤੇ ਦਿਲ ਇਉਂ ਸਖਤ ਸਨ ਜਿਵੇਂ ਮੱਛੀ ਦੀ ਖਲੜੀ। ਬਸ ਮਾਤਾ ਬਿਸ਼ਨੀ ਜੀ, ਜਦੋਂ ਤੁਹਾਨੂੰ ਜਾਂ ਤੁਹਾਡੇ ਪਤੀ ਜੀ ਨੂੰ ਮਾਸ ਖਾਣ ਦੀ ਇਛਿਆ ਹੋਵੇ ਤਾਂ ਝਟ ਕੁੰਡੀ ਸੁਟਕੇ ਅਧਕੁ ਦਰਜਨ ਗਵਾਂਢੀਆਂ ਨੂੰ ਖਿਚ ਲਿਆ ਕਰਨਾ।
ਬਿਸ਼ਨੀ ਨੇ ਕੰਬਦੇ ਹੋਏ ਆਖਿਆ, “ਵਾਹਿਗੁਰੂ ਵਾਹਿਗੁਰੂ ਭਾਵੇਂ ਸਾਰੇ ਸੰਸਾਰ ਦਾ ਧਨ ਮੈਨੂੰ ਕੋਈ ਦੇਵੇ ਮੈਂ ਤਾਂ ਕਦੇ ਉਨ੍ਹਾਂ ਨੂੰ ਭੁੰਨ ਕੇ ਨਹੀਂ ਖਾਵਾਂਗੀ।"
ਫੂਲਾ ਸਿੰਘ ਨੇ ਵੀ ਮੂੰਹ ਵਟ ਕੇ ਆਖਿਆ, "ਨਹੀਂ ਅਸੀਂ ਕਦੇ ਇਹ ਕੰਮ ਨਹੀਂ ਕਰਾਂਗੇ।”
ਵੱਡੇ ਮੁਸਾਫ਼ਰ ਨੇ ਗੱਲ ਨੂੰ ਜਾਰੀ ਰੱਖਦੇ ਹੋਏ ਆਖਿਆ, "ਨੇਕ ਦਿਲ ਫੂਲਾ ਸਿੰਘ ਤੇ ਭਲੀ ਲੋਕ ਬਿਸ਼ਨੀ ਤੁਸਾਂ ਨੇ ਗ਼ਰੀਬ ਹੁੰਦਿਆਂ ਵੀ ਨਿਥਾਵੇਂ ਮੁਸਾਫ਼ਰਾਂ ਦੀ ਖਾਤਰ ਤੇ ਪਰਾਹੁਣਾਚਾਰੀ ਵਿਚ ਰਤੀ ਭਰ ਵੀ ਕਸਰ ਨਹੀਂ ਰੱਖੀ, ਤੁਹਾਡੀ ਇਸ ਨੇਕ ਨੀਤੀ ਦੇ ਸਦਕੇ ਹੀ ਦੁੱਧ-ਅੰਮ੍ਰਿਤ ਦਾ ਇਕ ਅਤੁਟ ਚੋਹਾ ਬਣ ਗਿਆ ਤੇ ਤੁਹਾਡੀ ਸੁੱਕੀ ਰੋਟੀ ਤੇ ਸ਼ਹਿਤ ਨੇ ਕੜਾਹ ਪ੍ਰਸ਼ਾਦ ਦਾ ਸੁਵਾਦ ਦਿਤਾ। ਤੁਹਾਡੇ ਘਰੋਂ ਸਾਨੂੰ ਉਹੋ ਹੀ ਭੋਜਨ ਮਿਲਿਆ ਹੈ, ਜਿਹੜਾ ਦੇਵਤਿਆਂ ਨੂੰ ਸੁਵਰਗ ਵਿਚ ਪਰਾਪਤ ਹੁੰਦਾ ਹੈ। ਤੁਸਾਂ ਨੇ ਮਹਾਨ ਪੁੰਨ ਕੀਤਾ ਹੈ, ਇਸ ਕਰਕੇ ਜਿਸ ਚੀਜ਼ ਦੀ ਚਾਹ ਤੁਹਾਡੇ ਦਿਲ ਵਿਚ ਹੈ, ਦਸ ਦੇਵੋ, ਜੋ ਮੰਗੋਗੇ ਸੋ ਮਿਲ ਜਾਏਗਾ।"
ਫੂਲਾ ਸਿੰਘ ਤੇ ਬਿਸ਼ਨੀ ਇਕ ਦੂਜੇ ਦਾ ਮੂੰਹ ਤੱਕਣ ਲੱਗ ਪਏ, ਮੈਂ ਨਹੀਂ ਆਖ ਸਕਦਾ ਉਨ੍ਹਾਂ ਵਿਚੋਂ ਪਹਿਲਾਂ ਕੌਣ ਬੋਲਿਆਂ, ਪਰ ਉਸ ਇਕ ਨੇ ਹੀ ਦੋਹਾਂ ਦਾ ਦਿਲੀ ਭਾਵ ਪਰਗਟ ਕਰ ਦਿਤਾ।
"ਅਖੀਰ ਸਵਾਸਾਂ ਤੋੜੀ ਅਸੀਂ ਇਕ ਦੂਸਰੇ ਕੋਲੋਂ ਨਾ ਵਿਛੜੀਏ, ਤੇ ਜਦੋਂ ਮੌਤ ਆਵੇ ਇਕੱਠੇ ਹੀ ਪ੍ਰਾਣ ਛੋੜੀਏ ਤਾਂ ਜੁ ਸਾਡਾ ਆਪੋ ਵਿਚ ਦਾ ਸਚਾ ਪਿਆਰ ਤੋੜ ਤਕ ਨਿਭੇ।
ਮੁਸਾਫ਼ਰ ਨੇ ਪ੍ਰਸੰਨਤਾ ਨਾਲ ਆਖਿਆ, “ਇਹੋ ਹੀ ਹੋਵੇਗਾ, ਹੁਣ ਆਪਣੀ ਕੁਟੀਆ ਵਲ ਵੇਖੋ ਖਾਂ।" ਉਨ੍ਹਾਂ ਨੇ ਨਜ਼ਰ ਚੁੱਕ ਕੇ ਜੋ ਤਕਿਆ, ਆਪਣੀ ਕੁਟੀਆ ਦੀ ਥਾਂ ਸੰਗਮਰਮਰ ਦਾ ਸੁੰਦਰ ਤੇ ਵੱਡਾ ਸਾਰਾ ਮਹੱਲ ਵੇਖਕੇ ਅਸਚਰਜ ਹੋ ਗਏ। ਦੋਹਾਂ ਨੂੰ ਇਸ ਪਰਕਾਰ ਹੈਰਾਨ ਵੇਖਕੇ ਮੁਸਾਫ਼ਰ ਨੇ ਮੁਸਕਰਾ ਕੇ ਆਖਿਆ, “ਉਹ ਤੁਹਾਡਾ ਮਕਾਨ ਹੈ, ਇਸ ਮਹੱਲ ਵਿਚ ਵੀ ਇਸੇ ਪਰਕਾਰ ਖਿੜੇ ਮੱਥੇ ਪਰਾਹੁਣਚਾਰੀ ਕਰਨੀ, ਜਿਵੇਂ ਕਲ੍ਹ ਉਸ ਕੁਟੀਆ ਵਿਚ ਕੀਤੀ ਸਾਜੇ।" ਬਾਬਾ ਫੂਲਾ ਸਿੰਘ ਤੇ ਉਸਦੀ ਧਰਮ ਪਤਨੀ ਧੰਨਵਾਦ ਕਰਨ ਲਈ ਉਸਦੇ ਚਰਨੀਂ ਡਿਗ ਪਏ, ਪਰ ਰਬ ਦੀ ਕੁਦਰਤ ! ਨਾ ਉਥੇ ਉਹ ਸੀ ਤੇ ਨਾ ਪਾਰਾ।
ਫੂਲਾ ਸਿੰਘ ਤੇ ਬਿਸ਼ਨੀ ਉਸ ਸੰਗਮਰਮਰ ਦੇ ਮਹੱਲ ਵਿਚ ਰਹਿਣ ਲਗ ਪਏ। ਉਨ੍ਹਾਂ ਦਾ ਸਾਰਾ ਸਮਾਂ ਹਾਸੀ ਖ਼ੁਸ਼ੀ ਵਿਚ ਲੰਘਦਾ ਸੀ, ਤੇ ਜੇਹੜਾ ਮੁਸਾਫ਼ਰ ਉਸ ਪਾਸੇ ਆ ਲੰਘਦਾ ਉਹ ਤਨੋਂ ਮਨੋਂ ਉਸ ਦੀ ਖਾਤਰ ਕਰਦੇ ਤੇ ਉਸ ਨੂੰ ਰਤੀ ਵੀ ਤਕਲੀਫ਼ ਨਾ ਹੋਣ ਦੇਂਦੇ। ਇਹ ਗਲ ਦਸਣੀ ਮੈਨੂੰ ਭੁੱਲ ਨਾ ਜਾਏ, ਉਸ ਦੁੱਧ ਦੀ ਸੁਰਾਹੀ ਵਿਚ ਇਹ ਗੁਣ ਰਿਹਾ ਜੋ ਉਹ ਕਦੇ ਵੀ ਖਾਲੀ ਨਹੀ ਹੁੰਦੀ ਸੀ। ਜਦ ਕਦੇ ਕੋਈ ਭਲਾ ਸ਼ਰੀਫ਼ ਤੇ ਨੇਕਨੀਤ ਪੁਰਸ਼ ਉਸ ਸੁਰਾਹੀ ਵਿਚੋਂ ਦੁੱਧ ਪੀਂਦਾ ਤਾਂ ਉਸ ਨੂੰ ਤਾਂ ਇਹੋ ਹੀ ਭਾਸਦਾ ਜੋ ਉਸ ਨੇ ਅਗੇ ਇਹੋ ਜਿਹਾ ਸਵਾਦਲਾ ਤੇ ਤਾਕਤ ਦੇਣ ਵਾਲਾ ਦੁੱਧ ਕਦੇ ਨਹੀਂ ਪੀਤਾ ਪਰ ਜੇ ਕਦੇ ਕੋਈ ਲਾਲਚੀ ਤੇ ਖੋਟਾ ਆਦਮੀ ਪੀਂਦਾ ਤਾਂ ਉਹ ਜ਼ਰੂਰ ਚੀਕ ਉਠਦਾ ਜੋ ਦੁੱਧ ਵੱਡਾ ਕੌੜਾ ਤੇ ਖਰਾਬ ਹੈ।
ਇਹ ਸੁਭਾਗ ਜੋੜੀ ਬੜੀ ਆਯੂ ਤੋੜੀ ਆਪਣੇ ਸੰਗਮਰਮਰ ਦੇ ਮਹੱਲ ਵਿਚ ਰਹੀ, ਅਖੀਰ ਉਹ ਬਹੁਤ ਹੀ ਬ੍ਰਿਧ ਹੋ ਗਏ। ਇਕ ਰੋਜ਼ ਉਨ੍ਹਾਂ ਦੀਆਂ ਉਹ ਸੂਰਤਾਂ ਜਿਹੜੀਆਂ ਸਦਾ ਰਾਤ ਦੇ ਥਕੇ ਮਾਂਦੇ ਮੁਸਾਫ਼ਰਾਂ ਨੂੰ ਹਸੂ ਹਸੂ ਕਰਦਿਆਂ ਸਵੇਰ ਸਾਰ ਹੀ "ਜੀ ਆਇਉਂ" ਆਖਿਆ ਕਰਦੀਆਂ ਸਨ, ਕਿਧਰੇ ਨਾ ਵਿਖਾਈ ਦਿਤੀਆਂ। ਉਸ ਰੋਜ਼ ਮੁਸਾਫਰਾਂ ਨੇ ਇਧਰ ਉਧਰ ਮਕਾਨ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੋੜੀ ਹਰ ਥਾਂ ਭਾਲ ਕੀਤੀ, ਪਰ ਉਹ ਨਾ ਲਭੇ। ਬਹੁਤ ਘਬਰਾਹਟ ਮਗਰੋਂ ਦਰਵਾਜ਼ੇ ਦੇ ਸਾਹਮਣੇ ਉਨ੍ਹਾਂ ਨੇ ਦੋ ਵੱਡੇ ਵੱਡੇ ਬ੍ਰਿਛ ਵੇਖੇ, ਪਰ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਇਹ ਚੇਤੇ ਨਹੀਂ ਸੀ ਪੈਂਦਾ ਜੋ ਇਕ ਰੋਜ਼ ਪਹਿਲੇ ਉਹ ਉਥੇ ਹੈਸਨ। ਪਰ ਅਜ ਉਥੇ ਉਹ ਮੌਜੂਦ ਸਨ, ਉਨ੍ਹਾਂ ਦੀਆਂ ਜੜ੍ਹਾਂ ਧਰਤੀ ਵਿਚ ਬਹੁਤ ਡੂੰਘੀਆਂ ਗਈਆਂ ਹੋਈਆਂ ਸਨ ਤੇ ਕੋਮਲ ਟਾਹਣੀਆਂ ਤੇ ਨਿੱਕੇ ੨ ਪੱਤਰਾਂ ਦੀ ਛਾਂ ਸਾਰੇ ਮਹੱਲ ਦੇ ਸਾਹਮਣੇ ਹਿੱਸੇ ਤੇ ਪਸਰੀ ਹੋਈ ਸੀ। ਇਕ ਬੂਟਾ ਪਿਪਲ ਦਾ ਸੀ ਤੇ ਦੂਸਰਾ ਪਿਪਲੀ ਦਾ।
ਹੈਰਾਨੀ ਦੀ ਗਲ ਇਹ ਹੈ ਜੋ ਉਨ੍ਹਾਂ ਦੀਆਂ ਟਾਹਣੀਆਂ ਆਪੋ ਵਿਚ ਰਲੀਆਂ ਮਿਲੀਆਂ ਹੋਈਆਂ ਸਨ ਤੇ ਇਹੋ ਜਹੀਆਂ ਅੜੀਆਂ ਹੋਈਆਂ ਸਨ, ਜਿਵੇਂ ਗਲਵਕੜੀ ਪਾ ਕੇ ਇਕ ਦੂਜੇ ਨੂੰ ਮਿਲ ਰਹੀਆਂ ਹਨ। ਮੁਸਾਫ਼ਰ ਉਨ੍ਹਾਂ ਬ੍ਰਿਛਾਂ ਦੇ ਤਲੇ ਖਲੋ ਕੇ ਹੈਰਾਨ ਹੋ ਰਹੇ ਸਨ, ਜੋ ਇਹ ਬ੍ਰਿਛ ਜਿਨ੍ਹਾਂ ਦੇ ਉਗਣ ਤੇ ਇਤਨਾ ਵੱਡਾ ਹੋਣ ਲਈ ਘਟ ਤੋਂ ਘਟ ਸੌ ਵਰ੍ਹੇ ਲੋੜੀਂਦੇ ਸਨ, ਕਿਵੇਂ ਇਕ ਰਾਤ ਵਿਚ ਹੀ ਉਗੇ, ਵਧੇ ਫਲੇ ਫੁਲੇ ਤੇ ਇਤਨੇ ਵੱਡੇ ਹੋ ਗਏ। ਠੰਡੀ ਹਵਾ ਦਾ ਬੁਲ੍ਹਾ ਆਇਆ ਤੇ ਬਿਰਛਾਂ ਦੀਆਂ ਮਿਲੀਆਂ ਜੁਲੀਆਂ ਟਾਹਣੀਆਂ ਝੂਮਣ ਲਗ ਪਈਆਂ। ਇਕ ਮਧਮ ਜਿਹੀ ਆਵਾਜ਼ ਸੁਣਾਈ ਦਿੱਤੀ ਜਿਵੇਂ ਦੋਵੇਂ ਬਿਰਛ ਹੌਲੇ ਹੌਲੇ ਗੱਲਾਂ ਕਰ ਰਹੇ ਹਨ।
ਪਿਪਲ ਨੇ ਆਖਿਆ, “ ਮੈਂ ਬੁੱਢਾ ਫੂਲਾ ਸਿੰਘ ਹਾਂ।” ਪਿਪਲੀ ਵਿਚੋਂ ਆਵਾਜ਼ ਆਈ, "ਤੇ ਮੈਂ ਬੁੱਢੀ ਬਿਸ਼ਨੀ ਹਾਂ।
ਪਰ ਹਵਾ ਤੇਜ਼ ਹੋਣ ਲਗ ਪਈ, ਇਸ ਲਈ ਦੋਵੇਂ ਬਿਰਛ ਇਕ ਸਾਥ ਹੀ ਬੋਲ ਉਠੇ, “ਫੂਲਾ ਸਿੰਘ ਬਿਸ਼ਨੀ, ਬਿਸ਼ਨੀ ਫੂਲਾ ਸਿੰਘ।" ਜਿਵੇਂ ਇਕ ਵਿਚ ਹੀ ਦੋਵੇਂ ਸਨ ਤੇ ਦੋਹਾਂ ਵਿਚ ਹੀ ਇਕ, ਜਾਂ ਦੂਜੇ ਅਰਥਾਂ ਵਿਚ ਉਹ ਇਕ ਜੋਤ ਤੇ ਦੋ ਮੂਰਤੀਆਂ ਸਨ ਤੇ ਦਿਲ ਦੀ ਡੂੰਘਾਈ ਵਿਚ ਪਏ ਗੱਲਾਂ ਕਰਦੇ ਸਨ।
ਹੁਣ ਤਾਂ ਸਾਫ਼ ਪਤਾ ਲਗ ਗਿਆ ਜੋ ਬੁੱਢੀ ਜੋੜੀ ਨੇ ਇਕ ਨਵਾਂ ਜਾਮਾ ਬਦਲ ਲਿਆ ਹੈ ਤੇ ਇਸੇ ਪਰਕਾਰ ਫੂਲਾ ਸਿੰਘ ਨੂੰ ਪਿਪਲ ਦੀ ਤੇ ਬਿਸ਼ਨੀ ਨੂੰ ਪਿਪਲੀ ਦੀ ਸ਼ਕਲ ਵਿਚ ਖੁਸ਼ੀ ਖੁਸ਼ੀ ਸੌ ਵਰ੍ਹਾ ਹੋਰ ਬਤੀਤ ਕਰਨਾ ਹੈ। ਉਨ੍ਹਾਂ ਦੀ ਛਾਂ ਵੀ ਡਾਢੀ ਸੰਘਣੀ ਤੇ ਥਕੇ ਟੁਟੇ ਮੁਸਾਫ਼ਰਾਂ ਨੂੰ ਆਰਾਮ ਦੇਣ ਵਾਲੀ ਸੀ। ਜਦ ਕਦੇ ਕੋਈ ਰਾਹ ਗੁਜ਼ਰੂ ਉਨ੍ਹਾਂ ਦੇ ਤਲੇ ਆ ਕੇ ਬੈਠਦਾ ਤਾਂ ਉਨ੍ਹਾਂ ਦੇ ਪੱਤਰਾਂ ਵਿਚੋਂ ਉਸ ਦੇ ਕੰਨ ਵਿਚ ਉਹ ਆਵਾਜ਼ ਪੈਂਦੀ,ਜਿਹੜੀ ਫੂਲਾ ਸਿੰਘ ਤੇ ਬਿਸ਼ਨੀ ਦੀ ਆਵਾਜ਼ ਨਾਲ ਸੋਲਾਂ ਆਨੇ ਮਿਲਦੀ ਜੁਲਦੀ ਸੀ- "ਜੀ ਆਇਓ ਜੀ ਆਇਓ! ਸਤਕਾਰ ਜੋਗ ਪਰਾਹੁਣੇ ਜੀ-ਆਇਓ।"
ਕਿਸੇ ਭਲੇ ਲੋਕ ਨੇ ਉਨ੍ਹਾਂ ਬਿਰਛਾਂ ਦੇ ਇਰਦ ਗਿਰਦ ਇਕ ਪੱਕਾ ਥੜ੍ਹਾ ਬਣਵਾ ਦਿੱਤਾ, ਜਿਸ ਕਰਕੇ ਬੁੱਢੇ ਫੂਲਾ ਸਿੰਘ ਤੇ ਬਿਸ਼ਨੀ ਦੀਆਂ ਆਤਮਾਵਾਂ ਬਹੁਤ ਪ੍ਰਸੰਨ ਹੋਈਆਂ। ਕਿਤਨੀਆਂ ਮੁਦਤਾਂ ਥਕੇ ਟੁਟੇ, ਭੁੱਖੇ ਪਿਆਸੇ ਮੁਸਾਫ਼ਰ ਉਥੇ ਆ ਕੇ ਆਰਾਮ ਕਰਦੇ ਰਹੇ ਤੇ ਕਰਾਮਾਤੀ ਸੁਰਾਹੀ ਵਿਚੋਂ ਦੁੱਧ ਪੀਂਦੇ ਰਹੇ।
ਰੱਬ ਕਰੇ ਇਹੋ ਜਿਹੀ ਸੁਰਾਹੀ ਕਿਧਰੇ ਸਾਡੇ ਹਥ ਵੀ ਆ ਜਾਵੇ।

(ਅਨੁਵਾਦਕ: ਬਲਵੰਤ ਸਿੰਘ ਚਤਰਥ)

  • ਮੁੱਖ ਪੰਨਾ : ਨੇਥੇਨੀਅਲ ਹਾਥੌਰਨ ਦੀਆਂ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ