The Tempest : William Shakespeare

ਤੂਫ਼ਾਨ : ਵਿਲੀਅਮ ਸ਼ੈਕਸਪੀਅਰ

(ਵਿਲੀਅਮ ਸ਼ੈਕਸਪੀਅਰ ਦੇ ਨਾਟਕ 'The Tempest ' ਦਾ ਪੰਜਾਬੀ ਕਹਾਣੀ ਰੂਪ)

ਸ਼ਾਂਤ ਮਹਾਂ ਸਾਗਰ ਦੇ ਅੰਦਰ ਇਕ ਉਜਾੜ ਟਾਪੂ ਨੂੰ ਸ਼ਾਹੋ ਬੁੱਢੀ ਚੁੜੇਲ ਨੇ ਆਪਣੇ ਕਬਜ਼ੇ ਵਿਚ ਕੀਤਾ ਹੋਇਆ ਸੀ। ਉਸ ਚੁੜੇਲ ਦੇ ਮਰ ਜਾਣ ਮਗਰੋਂ ਉਥੇ ਦੋ ਪੁਰਸ਼ ਇਕ ਸਫੈਦ ਦਾੜ੍ਹੀਆ ਮਹਾਤਮਾ ਪ੍ਰਹਿਲਾਦ ਤੇ ਦੂਜੀ ਉਸ ਦੀ ਤਿੰਨ ਚਾਰ ਵਰ੍ਹਿਆਂ ਦੀ ਬਾਲ-ਕੁੜੀ ਮੋਹਿਨੀ ਆ ਕੇ ਵਸਨੀਕ ਹੋਏ।
ਪ੍ਰਹਿਲਾਦ ਪਹਲੇ ਦਰਜੇ ਦਾ ਹਿੰਮਤੀ ਤੇ ਉਦਮੀ ਸੀ। ਭਾਵੇਂ ਉਹ ਉਮਰੋਂ ਤਾਂ ਪਕੇਰਾ ਹੀ ਸੀ, ਪਰ ਫਿਰ ਭੀ ਘਰ ਬਾਰ ਦਾ ਸਾਰਾ ਕੰਮ ਚੰਗੀ ਤਰ੍ਹਾਂ ਨਜਿੱਠਦਾ ਸੀ, ਉਸ ਦੇ ਚਿਹਰੇ ਤੋਂ ਸਦਾ ਖ਼ੁਸ਼ੀ ਦੇ ਚਿੰਨ੍ਹ ਪ੍ਰਗਟ ਹੁੰਦੇ ਸਨ। ਕਰੜੀ ਤੋਂ ਕਰੜੀ ਮੁਸ਼ੱੱਕਤ ਕਰਦਿਆਂ ਹੋਇਆਂ ਭੀ ਘਬਰਾਂਦਾ ਨਹੀਂ ਸੀ।
ਉਸ ਦੀਆਂ ਮੋਟੀਆਂ ਮੋਟੀਆਂ ਪਰ ਹਿਸੀਆਂ ਹੋਈਆਂ ਅੱਖੀਆਂ ਤੋਂ ਉਦਾਸੀ ਝਲਕਦੀ ਸੀ, ਭਾਵੇਂ ਉਹ ਉਸ ਨੂੰ ਛੁਪਾਉਣ ਦੀ ਵਾਹ ਲਗਦਾ ਟਿੱਲ ਲਾ ਰਿਹਾ ਸੀ। ਕਦੀ ਕਦੀ ਉਸ ਦੀ ਕੁਟੀਆ ਵਿਚੋਂ ਇਹ ਗੀਤ ਇਕ ਭਰਵੀਂ ਜਿਹੀ ਆਵਾਜ਼ ਨਾਲ ਨਿਕਲਦਾ ਤੇ ਗੂੰਜਦਾ ਹੋਇਆ ਲਾਗੇ ਦੇ ਰੁੱਖਾਂ ਥਾਣੀਂ ਡੂੰਘੀਆਂ ਸ਼ਾਮਾਂ ਵਿਚ ਅਲੋਪ ਹੋ ਜਾਂਦਾ।

ਨਿੱਘਰ ਗਈ ਮੇਰੇ ਦਿਲ ਦੀ ਵਸਤੀ।
ਉਜੜ ਗਏ ਮੇਰੇ ਦਿਲ ਦੇ ਖੇੜੇ।
ਰੌ ਵਤਨਾਂ ਦੀ ਪਰ ਨ ਰੁਮਕੀ,
ਰੁਮਕ ਗਏ ਸਭ ਸਾਕ ਅੰਮੇੜੇ।
ਨਾ ਦਿਸਿਆ ਮੁੜ ਵਤਨ ਪਿਆਰਾ।
ਨਾ ਆਈ ਫਿਰ , ਵਾ ਵਤਨਾਂ ਦੀ।
ਤੜਫ ਰਿਹਾ ਮੇਰਾ ਜੀਓ ਵਿਚਾਰਾ,
ਹਾਏ ! ਨਿਹਫਲ ਮੇਰੀ ਜਿੰਦੜੀ ਜਾਂਦੀ।

ਮੋਹਿਨੀ ਹੀ ਪ੍ਰਹਿਲਾਦ ਦੇ ਉਜੜੇ ਹੋਏ ਦਿਲ ਦੀ ਨਿਸ਼ਾਨੀ ਤੇ ਜੀਵਨ ਦਾ ਸਹਾਰਾ ਸੀ। ਸੱਚ ਪੁੱਛੋ ਤਾਂ ਮੋਹਿਨੀ ਹੀ ਉਸ ਦੇ ਸੁੱਕੇ ਹੋਏ ਪਿੰਜਰ ਵਿਚ ਜਾਨ ਸੀ।
ਪ੍ਰਹਿਲਾਦ ਦੀ ਕੁੱਲੀ ਦੇ ਲਾਗੇ ਹੀ ਇਕ ਘਣੀ ਰੱਖ ਵਿਚ ਇਕ ਹੋਰ ਜੀਵ ਰਹਿੰਦਾ ਸੀ, ਜਿਹੜਾ ਸਦਾਉਂਦਾ ਤੇ ਆਪਣੇ ਆਪ ਨੂੰ ਮਨੁੱਖ ਹੀ ਸੀ, ਪਰ ਇਹੋ ਜਹੇ ਕਰੂਪ ਤੇ ਡਰਾਉਣੇ ਭੂਤ ਨੂੰ ਮਨੁੱਖ ਸੱਦਣਾ ਮਨੁੱਖ ਜਾਤੀ ਦੀ ਹੇਠੀ ਹੈ। ਇਸ ਦਾ ਨਾਉਂ ਕਾਲਾ ਸੀ ਤੇ ਇਹ ਉਸੇ ਬੁੱਢੀ ਚੁੜੇਲ ਦਾ ਪੁੱਤਰ ਸੀ ਜੋ ਪ੍ਰਹਿਲਾਦ ਦੇ ਇਸ ਟਾਪੂ ਵਿਚ ਪੁਜਣ ਤੋਂ ਪਹਿਲਾਂ ਹੀ ਮਰ ਚੁਕੀ ਸੀ। ਇਕ ਰੋਜ਼ ਪ੍ਰਹਿਲਾਦ ਦੀ ਨਜ਼ਰ ਉਸ ਤੇ ਪਈ ਤੇ ਉਹ ਉਸ ਨੂੰ ਘਰ ਲੈ ਆਏ ਤੇ ਉਸ ਨੂੰ ਪੜ੍ਹਾਉਣ ਦਾ ਬੜਾ ਜਤਨ ਕੀਤਾ, ਪਰ ਇਸ ਕੰਮ ਵਿੱਚ ਸਫ਼ਲਤਾ ਨਾ ਵੇਖ ਕੇ ਉਸ ਤੋਂ ਨੌਕਰਾਂ ਦਾ ਕੰਮ ਲੈਣ ਲੱਗ ਪਏ। ਸੱਚੀ ਗੱਲ ਤਾਂ ਇਹ ਹੈ ਕਿ ਉਹ ਲਾਇਕ ਭੀ ਨੌਕਰੀ ਚਾਕਰੀ ਦੇ ਹੀ ਸੀ।
ਪ੍ਰਹਿਲਾਦ ਤੇ ਉਸ ਦੀ ਧੀ ਦੋਵੇਂ ਹੀ ਇਕ ਗੁਫ਼ਾ ਅੰਦਰ ਰਹਿੰਦੇ ਸਨ। ਪਿਤਾ ਦਾ ਬਹੁਤ ਸਾਰਾ ਸਮਾਂ ਜਾਦੂ-ਗਰੀ ਦੀਆਂ ਕਿਤਾਬਾਂ ਦੇ ਪੜ੍ਹਨ ਵਿਚ ਬੀਤਦਾ ਸੀ ਅਤੇ ਇਹ ਵਿਦਿਆ ਉਸ ਟਾਪੂ ਵਿਚ ਉਸ ਦੇ ਚੰਗੇ ਕੰਮ ਆਈ। ਇਸ ਦੇ ਤੁਫੈਲ ਹੀ ਉਸ ਨੇ ਬਹੁਤ ਸਾਰੇ ਉਨ੍ਹਾਂ ਸੂਖਮ ਜੀਵਾਂ ਦੀ ਬੰਦ-ਖਲਾਸੀ ਕੀਤੀ, ਜਿਨ੍ਹਾਂ ਨੂੰ ਉਸ ਦੇ ਉਥੇ ਆਉਣ ਤੋਂ ਪਹਿਲਾਂ ਆਪਣੇ ਹੁਕਮਾਂ ਦੇ ਭੰਗ ਕਰਨ ਦੇ ਦੋਸ਼ ਵਿਚ ਸ਼ਾਹੋ ਨੇ ਬ੍ਰਿਛਾਂ ਦੇ ਮੁੱਢਾਂ ਵਿਚ ਕੈਦ ਕੀਤਾ ਹੋਇਆ ਸੀ।
ਉਸ ਦੇ ਇਸ ਪਰਉਪਕਾਰ ਦੇ ਕਾਰਨ ਉਹ ਸਾਰੇ ਜੀਵ ਇਸ ਦੇ ਧੰਨਵਾਦੀ ਸਨ ਤੇ ਉਸ ਨਾਲ ਦਿਲੋਂ ਹਿੱਤ ਕਰਦੇ ਸਨ। ਇਨ੍ਹਾਂ ਸਾਰਿਆਂ ਦਾ ਸਰਦਾਰ ਅਰਬੇਲ ਸੀ, ਜਿਹੜਾ ਸਦਾ ਉਸ ਦੇ ਹੁਕਮ ਵਿਚ ਤਿਆਰ ਬਰ ਤਿਆਰ ਰਹਿੰਦਾ ਸੀ। ਇਸ ਜੀਵ ਵਿਚ ਦੂਜਿਆਂ ਤੋਂ ਲੋਪ ਹੋ ਕੇ ਹਵਾ ਵਿਚ ਉਡਣ ਦੀ ਸ਼ਕਤੀ ਤੋਂ ਸਿਵਾ ਬਹੁਤੇਰੇ ਹੋਰ ਭੀ ਗੁਣ ਸਨ। ਜਦੋਂ ਉਹ ਚਾਹੁੰਦਾ ਕਿਤਨੇ ਹੀ ਰੂਪ ਵਟਾ ਲੈਂਦਾ ਤੇ ਕਿਸੇ ਨੂੰ ਪਤਾ ਹੀ ਨਾ ਲਗਦਾ ਕਿ ਉਹ ਕੌਣ ਹੈ। ਜਦ ਕਦੇ ਕਾਲਾ ਪ੍ਰਹਿਲਾਦ ਦੇ ਕੰਮ ਵਿਚ ਢਿੱਲ ਮੱਠ ਕਰਦਾ ਤਾਂ ਉਸ ਦੀ ਖ਼ਬਰ ਲੈਣ ਲਈ ਅਰਬੇਲ ਨੂੰ ਹੀ ਭੇਜਿਆ ਜਾਂਦਾ ਹੈ।
ਜੇ ਸੁਖਾਂ ਦੇ ਦਿਨ ਸਦਾ ਨਹੀਂ ਰਹਿੰਦੇ ਤਾਂ ਦੁਖਾਂ ਦੇ ਦਿਨ ਭੀ ਗੁਜ਼ਰ ਜਾਂਦੇ ਹਨ। ਏਸੇ ਤਰਾਂ ਹੀ ਸਮਾਂ ਬੀਤਦਾ ਗਿਆ। ਪ੍ਰਹਿਲਾਦ ਭਾਵੇਂ ਇਕੱਲਾ ਹੀ ਸੀ, ਪਰ ਫਿਰ ਭੀ ਅੱਗੇ ਨਾਲੋਂ ਵਧੇਰੇ ਕੰਮ ਕਰਦਾ ਤੇ ਦਿਨ ਕਟੀ ਕਰਦਾ ਰਿਹਾ। ਮੋਹਿਨੀ ਪੂਰੇ ਸੋਲ੍ਹਾਂ ਵਰ੍ਹਿਆਂ ਦੀ ਹੋ ਚੁੱਕੀ ਸੀ। ਯਾਰਾਂ ਵਰ੍ਹੇ ਪ੍ਰਹਿਲਾਦ ਦੇ ਸ਼ਾਂਤ ਚਿੱੱਤ ਹੋਣ ਦੇ ਕਾਰਨ ਲੰਘਦੇ ਨਜ਼ਰ ਨਾ ਆਏ।
ਇਕ ਦਿਨ ਬੁੱਢਾ ਪ੍ਰਹਿਲਾਦ ਸਮੁੰਦਰ ਦੇ ਕੰਢੇ ਬੈਠਾ ਹੋਇਆ ਧਰਤੀ ਤੇ ਕੋਈ ਜਾਦੂਗਰੀ ਦੇ ਚਿਤ੍ਰ ਲੀਕ ਰਿਹਾ ਸੀ। ਮੋਹਿਨੀ ਨਾਲ ਦੇ ਇਕ ਵੱਡੇ ਸਾਰੇ, ਕਾਲੇ ਜਹੇ ਪੱਥਰ ਤੇ ਬੈਠੀ ਪਿਤਾ ਵਲ ਨੀਝ ਲਾ ਕੇ ਤੱਕ ਰਹੀ ਸੀ। ਪੌਣ ਦੇ ਇਕੋ ਫਰਾਟੇ ਨੇ ਉਸ ਦੇ ਸਿਰ ਤੋਂ ਪੱਲੇ ਦੀ ਕੰਨੀ ਖਿਸਕਾ ਦਿਤੀ, ਪਰ ਮੋਹਨੀ ਨੂੰ ਕੁਝ ਪਤਾ ਨਾ ਲੱਗਾ, ਉਹ ਧਰਤੀ ਵਾਲੇ ਚਿਤ੍ਰ ਨੂੰ ਧਿਆਨ ਨਾਲ ਵੇਖ ਰਹੀ ਸੀ।
ਸਮੁੰਦਰ ਵਿਚ ਜ਼ੋਰ ਦਾ ਤੂਫ਼ਾਨ ਵਗ ਰਿਹਾ ਸੀ; ਪਾਣੀ ਦੀਆਂ ਲਹਿਰਾਂ ਉੱਚੀਆਂ ਉੱਚੀਆਂ ਉਠ ਕੇ ਸਮੁੰਦਰ ਦੇ ਪਾਣੀ ਨੂੰ ਝੱਗੋ ਝੱਗ ਕਰ ਰਹੀਆਂ ਸਨ। ਇਸ ਭਿਆਨਕ ਸਮੇਂ ਅਚਾਨਕ ਹੀ ਲਹਿਰਾਂ ਦੇ ਵਿਚਕਾਰ ਇਕ ਜਹਾਜ਼ ਨੂੰ ਡੱਕੋ ਡੋਲੇ ਖਾਂਦਿਆਂ ਵੇਖ ਕੇ ਮੋਹਿਨੀ ਦਾ ਦਿਲ ਕੰਬ ਉਠਿਆ। ਉਹ ਤ੍ਰਬਕ ਉੱਠੀ ਤੇ ਕੰਬਦੀ ਹੋਈ ਆਵਾਜ਼ ਨਾਲ ਆਖਣ ਲੱਗੀ,- "ਹੇ ਪਿਤਾ ਜੀਓ ! ਆਪਣੀ ਵਿਦਿਆ ਦੀ ਸ਼ਕਤੀ ਨਾਲ ਕਿਰਪਾ ਕਰਕੇ ਇਸ ਤੂਫ਼ਾਨ ਨੂੰ ਬੰਦ ਕਰੋ ਤੇ ਉਸ ਜਹਾਜ਼ ਦੇ ਬੰਦਿਆਂ ਨੂੰ ਬਚਾ ਲਵੋ ! ਮੈਨੂੰ ਉਨ੍ਹਾਂ ਤੇ ਡਾਢਾ ਤਰਸ ਆਉਂਦਾ ਹੈ। ਪਿਤਾ ਜੀ ! ਮੇਰੇ ਚੰਗੇ ਪਿਤਾ ਜੀ !"
ਮੋਹਿਨੀ ਦੇ ਭੋਲੇਪਣ ਨੂੰ ਵੇਖ ਕੇ ਬੁੱਢਾ ਕੁਝ ਖਿੜਿਆ ਤੇ ਇਕ ਉਦਾਸ ਹਾਸਾ ਹੱਸਿਆ। ਮੋਹਿਨੀ ਦਾ ਸਿਰ ਚੁਮ ਕੇ ਬੋਲਿਆ,- “ਪੁਤ੍ਰੀ ! ਨਿਸਚੇ ਰਖ, ਘਬਰਾਉਣ ਦੀ ਲੋੜ ਨਹੀਂ ਰਬ ਭਲੀ ਕਰੇਗਾ। ਮੇਰੀ ਸਮਝ ਵਿਚ ਹੁਣ ਉਹ ਸਮਾਂ ਆ ਗਿਆ ਹੈ ਕਿ ਮੈਂ ਤੈਨੂੰ ਦਸਾਂ ਜੋ ਕਿਵੇਂ ਯਾਰਾਂ ਵਰ੍ਹੇ ਹੋਏ ਮੈਂ ਤੇ ਤੂੰ ਇਸ ਟਾਪੂ ਵਿਚ ਪੁੱਜੇ ਸਾਂ ।"
ਮੋਹਿਨੀ ਉਸੇ ਪੱਥਰ ਪੁਰ ਬੈਠ ਗਈ ਤੇ ਵਡੇ ਧਿਆਨ ਨਾਲ ਪਿਤਾ ਦੀ ਵਾਰਤਾ ਸੁਣਨ ਲਗੀ।
"ਪੁਤ੍ਰੀ ! ਬਾਰਾਂ ਵਰ੍ਹੇ ਬੀਤੇ ਹਨ, ਜਦੋਂ ਮੈਂ ਮਾਹੀ ਪੁਰ ਦੇਸ ਦਾ ਰਾਜਾ ਸਾਂ ਤੇ ਲੱਖਾਂ ਬੰਦੇ ਮੇਰੀ ਪਰਜਾ ਸਨ, ਪਰੰਤੂ ਮੇਰੀ ਰੁਚੀ ਜਾਦੂ ਦੀ ਵਿਦਿਆ ਵਲ ਵਧੇਰੇ ਸੀ। ਇਸੇ ਲਈ ਰਾਜ ਦਾ ਸਾਰਾ ਕੰਮ ਮੈਂ ਆਪਣੇ ਨਿਕੇ ਭਰਾ ਅਨੰਤ ਦੇ ਹਵਾਲੇ ਕੀਤਾ ਹੋਇਆ ਸੀ। ਉਫ ! ਅਨੰਤ ਨੇ ਮੇਰੇ ਨਾਲ ਧਰੋਹ ਕੀਤਾ ਤੇ ਆਪ ਤਖ਼ਤ ਲੈਣ ਦੀਆਂ ਗੋਂਦਾਂ ਗੁੰਦਣ ਲਗਾ। ਗਵਾਂਢੀ ਦੇਸ ਨੀਲਾ ਬਾਦ ਦੇ ਰਾਜੇ ਅਰਜਨ ਤੋਂ ਸਹਾਇਤਾ ਲੈ ਕੇ ਇਕ ਹਨੇਰੀ ਰਾਤ ਨੂੰ ਵੈਰੀਆਂ ਨੇ ਮੈਨੂੰ ਤੇ ਤੈਨੂੰ ਇਕ ਟੁਟੀ ਫੁਟੀ ਬੇੜੀ ਵਿਚ ਪਾ ਕੇ ਸਮੁੰਦਰ ਵਿਚ ਠੇਹਲ ਦੇਣ ਦਾ ਮਨਸੂਬਾ ਕੀਤਾ ਤਾਂ ਜੋ ਅਸੀਂ ਸਾਗਰ ਦੀ ਭੇਟ ਹੋ ਜਾਈਏ।"

ਏਨਾ ਕਹਿ ਕੇ ਬੁੱਢੇ ਨੂੰ ਗਚ ਆ ਗਿਆ, ਕਿਸੇ ਪੁਰਾਣੀ ਯਾਦ ਨੇ ਦਿਲ ਨੂੰ ਠੀਸ ਲਈ। ਅੱਖੀਆਂ ਨੇ ਦੋ ਮੋਟੇ ੨ ਅਥਰੂ ਉਸ ਸੁਹਾਵੇ ਵਤਨ ਦੀ ਯਾਦ ਤੇ ਨਿਛਾਵਰ ਕਰ ਦਿਤੇ। ਅੱਖੀਆਂ ਮੀਟੀਆਂ ਗਈਆਂ ਤੇ ਕਿਸੇ ਅਰਸ਼ੀ ਤਾਕਤ ਨੇ ਪਿਆਰੇ ਵਤਨ ਦਾ ਸਾਰਾ ਨਕਸ਼ਾ ਅੱਖੀਆਂ ਅਗੇ ਪੇਸ਼ ਕਰ ਦਿਤ। ਪ੍ਰਹਿਲਾਦ ਇਕ ਵਾਰੀ ਫੇਰ ਕੰਬ ਉਠਿਆ ਤੇ ਇਕ ਲੰਮਾ ਸਾਹ ਲੈ ਬੋਲਿਆ, "ਅਰਜਨ ਦੇ ਇਕ ਵਜ਼ੀਰ ਗਨਪਤ ਦੇ ਜ਼ੁਮੇ ਏਹ ਕੰਮ ਲਗਾ ਪਰ ਉਸ ਨੇ ਤਰਸ ਖਾ ਕੇ ਬੇੜੀ ਵਿਚ ਕੁਝ ਰਸਦ ਪਾਣੀ, ਕਪੜੇ ਤੇ ਕੁਝਕੁ ਪੁਸਤਕ ਜਿਹੜੇ ਮੈਨੂੰ ਦੁਨੀਆਂ ਦੀਆਂ ਸਭ ਵਸਤਾਂ ਤੋਂ ਪਿਆਰੇ ਸਨ, ਰਖ ਦਿਤੇ। ਦੇਵਨੇਤ ਬੇੜੀ ਇਸ ਟਾਪੂ ਦੇ ਕੰਢੇ ਆ ਲਗੀ ਤੇ ਅਸੀਂ ਇਸ ਉਜਾੜ ਟਾਪੂ ਵਿਚ ਕਦਮ ਰਖੇ। ਇਸ ਗੱਲ ਨੂੰ ਬਾਰਾਂ ਸਾਲ ਹੋ ਗਏ ਹਨ ਤੇ ਉਸ ਦਿਨ ਤੋਂ ਮੈਂ ਤੇਰੇ ਪਾਲਣ ਪੋਸ਼ਣ ਤੇ ਪੜ੍ਹਾਉਣ ਦੇ ਕੰਮ ਵਿਚ ਲੱਗਾ ਹੋਇਆ ਹਾਂ ਤੇ ਉਨ੍ਹਾਂ ਪੁਸਤਕਾਂ ਦੀ ਸਹਾਇਤਾ ਨਾਲ ਜਿਹੜੀਆਂ ਇਸ ਵੇਲੇ ਮੇਰੇ ਕੋਲ ਹਨ, ਮੈਂ ਜਾਦੂ ਦੀ ਵਿਦਿਆ ਵਿਚ ਨਿਪੁੰਨ ਹੋ ਗਿਆ ਹਾਂ। ਹੁਣ ਉਹ ਬੰਦੇ ਜੋ ਉਸ ਡਕੇ ਡੋਲੇ ਖਾਂਦੇ ਜਹਾਜ਼ ਵਿਚ ਹਨ, ਮੇਰੇ ਪੁਰਾਣੇ ਵੈਰੀ ਹਨ ਤੇ ਅਜ ਰੱਬ ਸਬੱਬੀ ਮੇਰੇ ਅੜਿਕੇ ਚੜ੍ਹੇ ਹਨ ਨੀਲਾ ਬਾਦ ਦੇ ਰਾਜੇ ਅਰਜਨ ਨੇ ਆਪਣੀ ਧੀ ਦਾ ਨਾਤਾ ਸਮੁੰਦਰੋਂ ਪਾਰ ਇਕ ਸ਼ਹਿਜ਼ਾਦੇ ਨਾਲ ਕੀਤਾ ਸੀ ਤੇ ਹੁਣ ਉਸ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਮੁੜ ਰਿਹਾ ਹੈ ਉਸ ਦੇ ਨਾਲ ਮੇਰਾ ਲੂਣ ਭਰਾ ਹਰਾਮੀ ਅਨੰਤ, ਸ਼ਿਵ ਦੱਤ, ਨੀਲਾ ਬਾਦ ਦਾ ਰਾਜ ਕੁਮਾਰ ਪਰਮਾ ਨੰਦ ਤੇ ਮੇਰੇ ਉਪਰ ਤਰਸ ਖਾਣ ਵਾਲਾ ਵਜ਼ੀਰ ਗਨਪਤ ਹਨ। ਮੈਂ ਹੀ ਆਪਣੀ ਵਿਦਿਆ ਦੀ ਸ਼ਕਤੀ ਨਾਲ ਸਮੁੰਦਰ ਵਿਚ ਤੂਫ਼ਾਨ ਖੜਾ ਕਰ ਕੇ ਇਸ ਜਹਾਜ਼ ਨੂੰ ਇਸ ਪਾਸੇ ਵਲ ਲਿਆਂਦਾ ਹੈ।"

ਪ੍ਰਹਿਲਾਦ ਆਪਣੀ ਦਰਦ ਕਹਾਣੀ ਸੁਣਾਂਦਾ ਰਿਹਾ, ਪ੍ਰੰਤੂ ਮੋਹਿਨੀ ਦੀਆਂ ਅੱਖੀਆਂ ਲਹਿਰਾਂ ਦੇ ਥਪੜ ਖਾਂਦੇ ਜਹਾਜ਼ ਵਲ ਹੀ ਲਗੀਆਂ ਰਹੀਆਂ। ਭਾਵੇਂ ਇਹ ਤੂਫ਼ਾਨ ਪ੍ਰਹਿਲਾਦ ਨੇ ਆਪ ਹੀ ਲਿਆਂਦਾ ਸੀ, ਪਰ ਉਹ ਵੀ ਵੈਰੀਆਂ ਨੂੰ ਜਾਨੋਂ ਮੁਕਾਣਾ ਨਹੀਂ ਸੀ ਚਾਹੁੰਦਾ।
ਉਸ ਦਾ ਭਾਵ ਇਹ ਸੀ ਜੋ ਵੈਰੀਆਂ ਨੂੰ ਆਪਣੀ ਕਰਤੂਤ ਚੇਤੇ ਆ ਜਾਏ, ਤੇ ਆਪਣੇ ਕੁਕਰਮ ਦੀ ਤੋਬਾ ਕਰਨ ਤੇ ਉਹ ਉਨ੍ਹਾਂ ਨੂੰ ਖਿਮਾ ਕਰ ਦੇਵੇ। ਇਸ ਨੂੰ ਸਿਰੇ ਚੜ੍ਹਾਨ ਲਈ ਜਿੱੱਨਾਂ ਦੇ ਸਰਦਾਰ ਅਰਬੇਲ ਨੂੰ ਉਸ ਨੇ ਨੀਯਤ ਕੀਤਾ ਸੀ ਤੇ ਉਸ ਨੇ ਹੀ ਤੂਫ਼ਾਨ ਤੇ ਹਨੇਰੀ ਵਗਾਈ ਸੀ। ਇਥੇ ਹੀ ਬਸ ਨਹੀਂ, ਮਾਲਕ ਦੇ ਹੁਕਮ ਅਨੁਸਾਰ ਉਸ ਨੇ ਜਹਾਜ਼ ਵਿਚ ਰਾਜੇ ਤੇ ਉਸ ਦੇ ਸਾਥੀਆਂ ਨੂੰ ਇਉਂ ਡਰਾਇਆ ਜੋ ਉਨ੍ਹਾਂ ਨੂੰ ਸਮੁੰਦਰ ਵਿਚ ਛਾਲਾਂ ਮਾਰਨੀਆਂ ਪਈਆਂ, ਪਰ ਇਸੇ ਅਰਬੇਲ ਦੇ ਸਦਕੇ ਉਹ ਅੱਡ ਅੱਡ ਥਾਵਾਂ ਤੇ ਕੰਢੇ ਜਾ ਲਗੇ ਤੇ ਉਨ੍ਹਾਂ ਦਾ ਵਾਲ ਵੀ ਵਿੰਗਾ ਨਾ ਹੋਇਆ।
ਨੀਲਾ ਬਾਦ ਦਾ ਰਾਜ ਕੁਮਾਰ ਪਰਮਾਨੰਦ ਜਦ ਕੰਢੇ ਲਗਾ ਤਾਂ ਉਸ ਦੇ ਕੰਨਾਂ ਵਿਚ ਕਿਸੇ ਦੇ ਗੀਤ ਗਾਣ ਦੀ ਆਵਾਜ਼ ਪਈ। ਇਧਰ ਉਧਰ ਵੇਖਣ ਤੇ ਭੀ ਉਸ ਨੂੰ ਗਾਣ ਵਾਲੇ ਦਾ ਪਤਾ ਤਾਂ ਨਾ ਲਗਾ, ਪਰ ਮਿੱਠਾ ਮਿੱਠਾ ਰਾਗ ਸੁਣਾਈ ਦੇਂਦਾ ਹੀ ਰਿਹਾ।
ਉਸੇ ਆਵਾਜ਼ ਦੇ ਪਿਛੇ ਪਿਛੇ ਟੁਰਦਿਆਂ ਉਹ ਉਸ ਥਾਂ ਤੇ ਪੁੱਜਾ, ਜਿਥੇ ਪ੍ਰਹਿਲਾਦ ਤੇ ਮੋਹਿਨੀ ਬੈਠੇ ਗਲਾਂ ਕਰਦੇ ਸਨ। ਛੁਪ ਕੇ ਉਸ ਪੱਥਰ ਦੇ ਪਿਛੇ ਬੈਠ ਗਿਆ, ਜਿਸ ਪੁਰ ਮੋਹਿਨੀ ਬੈਠੀ ਹੋਈ ਸੀ। ਡਾਢੇ ਧਿਆਨ ਨਾਲ ਮਿੱਠੇ ਤੇ ਦਿਲ-ਖਿਚਵੇਂ ਗੀਤ ਨੂੰ ਸੁਣਨ ਲਗਾ।
ਆਵਾਜ਼ ਐਸੀ ਮਧੁਰ ਤੇ ਮਨਮੋਹਣੀ ਸੀ, ਜੋ ਪਰਮਾ ਨੰਦ ਵਜਦ ਵਿਚ ਆ ਗਿਆ। ਕੋਈ ਜਾਦੂ ਫਿਰ ਗਿਆ। ਪਰਮਾਨੰਦ ਨੇ ਸਾਰੀ ਉਮਰ ਵਿਚ ਇਹੋ ਜਿਹਾ ਪਰਮਾ ਅਨੰਦ ਨਹੀਂ ਲਿਆ, ਜੋ ਉਸਨੂੰ ਇਕ ਘੜੀ ਵਿਚ ਉਸ ਪ੍ਰੇਮ ਸਰੋਵਰ ਦੇ ਕੰਢੇ ਬਹਿ ਕੇ ਪ੍ਰਾਪਤ ਹੋਇਆ। ਆਵਾਜ਼ ਥੰਮੀ, ਪਰਮਾਨੰਦ ਤ੍ਰਬਕ ਉਠਿਆ, ਜਿਵੇਂ ਕੋਈ ਡੂੰਘੀ ਨੀਂਦ ਵਿਚੋਂ ਸਵਰਗ ਦੇ ਸੁਪਨੇ ਲੈਂਦਾ ਹੋਇਆ ਉੱੱਠਦਾ ਹੈ। ਫਿਰ ਅੱਖੀਆਂ ਮੀਟੀਆਂ ਪਰ ਕੋਈ ਆਵਾਜ਼ ਨਾ ਆਈ। ਚਕ੍ਰਿਤ ਹੋ ਕੇ ਉੱਠਿਆ ਤੇ ਮੋਹਿਨੀ ਦੀ ਨਜ਼ਰ ਅਚਾਨਕ ਪਰਮਾ ਨੰਦ ਤੇ ਆ ਪਈ ਦਿਲ ਵਿਚ ਇਕ ਡਾਢੀ ਚਸਕ ਉੱਠੀ ਸੂਲੀ ਵਾਗੂੰ ਸੀਨੇ ਵਿਚ ਖੁਭ ਗਈ। ਇਕ ਨਜ਼ਰ ਨੇ ਹਾਂ ! ਹਾਂ ! ਇਕੋ ਨਜ਼ਰ ਨੇ ਦਿਲ ਖੋਹ ਲੀਤਾ।
ਦਿਲ ਦਿਲਾਂ ਦੇ ਸਾਖੀ ਹੁੰਦੇ ਹਨ। ਮੋਹਿਨੀ ਦੀ ਮਨ-ਮੋਹਿਨੀ ਸੂਰਤ ਨੇ ਪਰਮਾ ਨੰਦ ਦੇ ਦਿਲ ਉਤੇ ਵੀ ਜਾਦੂ ਦਾ ਅਸਰ ਕੀਤਾ ਅਤੇ ਉਹ ਵੀ ਦਿਲ ਦੇ ਬੈਠਾ। ਅੱਖਾਂ ਹੀ ਅੱਖਾਂ ਵਿਚ ਦਿਲਾਂ ਦੇ ਭੇਦ ਦਸ ਦਿਤੇ ਗਏ। ਪ੍ਰੇਮ ਦੇਵਤਾ ਦੀ ਦਰਗਾਹ ਵਿਚ ਦੋਵੇਂ ਦਿਲ ਕੁਰਬਾਨੀ ਲਈ ਹਾਜ਼ਰ ਹੋ ਗਏ। ਪ੍ਰਹਿਲਾਦ ਦਿਲੋਂ ਚਾਹੁੰਦਾ ਤਾਂ ਸੀ ਜੋ ਮੋਹਿਨੀ ਤੇ ਪਰਮਾ ਨੰਦ ਦਾ ਆਪੋ ਵਿਚ ਪਿਆਰ ਪੈ ਜਾਵੇਂ ਤੇ ਉਹਨਾਂ ਦਾ ਵਿਆਹ ਹੋ ਜਾਵੇ, ਪ੍ਰੰਤੂ ਨੌਜਵਾਨ ਦੇ ਸਚੇ ਪ੍ਰੇਮ ਦੀ ਪ੍ਰੀਖਿਆ ਕਰਨ ਲਈ ਉਸ ਨੇ ਉਨ੍ਹਾਂ ਦੇ ਰਾਹ ਵਿਚ ਰੋੜੇ ਅਟਕਾਏ।
ਮੋਹਿਨੀ ਦੇ ਅਗੇ ਉਸ ਨੇ ਪਰਮਾ ਨੰਦ ਦੀ ਹੇਠੀ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਕੁੜੀ ਦੇ ਦਿਲ ਦੀ ਬੁਝ ਕੇ ਘੂਰ ਕੇ ਆਖਣ ਲਗਾ- "ਤੈਨੂੰ ਇਹ ਰਾਜਕੁਮਾਰ ਤਦ ਹੀ ਚੰਗਾ ਹੀਦਾ ਹੈ ਜੇ ਤੂੰ ਕੋਈ ਹੋਰ ਇਸ ਤੋਂ ਚੰਗਾ ਪੁਰਸ਼ ਵੇਖਿਆ ਨਹੀਂ। ਨਹੀਂ ਤਾਂ ਇਹ ਤਾਂ ਕੋਈ ਚੀਜ਼ ਹੀ ਨਹੀਂ।" ਇਸ ਦੇ ਉਪਰੰਤ ਆਪਣੇ ਜਾਦੂ ਦੇ ਬਲ ਨਾਲ ਪਰਮਾਨੰਦ ਨੂੰ ਗੁੱਫਾ ਵਿਚ ਕੈਦ ਕਰ ਕੇ ਭਾਰੀਆਂ ੨ ਲਕੜੀਆਂ ਢੋਣ ਦੇ ਕੰਮ ਤੇ ਲਾ ਦਿਤਾ। ਉਨ੍ਹਾਂ ਦੋਹਾਂ ਨੂੰ ਉੱਤੇ ਛਡ ਕੇ ਉਹ ਆਪ ਦੂਜੇ ਕਮਰੇ ਵਿਚ ਚਲਾ ਗਿਆ, ਜਿਥੋਂ ਛੁਪ ਕੇ ਉਹ ਉਨ੍ਹਾਂ ਨੂੰ ਵੇਖ ਸਕਦਾ ਸੀ ਤੇ ਉਨ੍ਹਾਂ ਦੀ ਸਾਰੀ ਗਲ ਬਾਤ ਸੁਣ ਸਕਦਾ ਸੀ।

ਰਾਜਿਆਂ ਦੇ ਪੁੱਤਰਾਂ ਨੇ ਭਲਾ ਇਹੋ ਜਿਹੇ ਕੰਮ ਕਦ ਕੀਤੇ ਹੁੰਦੇ ਨੇ। ਛੇਤੀ ਹੀ ਉਹ ਥੱਕ ਗਿਆ। ਉਸ ਨੂੰ ਹਫਦੇ ਵੇਖ ਕੇ ਮੋਹਿਨੀ ਨੇ ਆਖਿਆ- "ਪਿਤਾ ਹੋਰੀਂ ਪੜ੍ਹਨ ਦੇ ਕੰਮ ਵਿਚ ਰੁੱਝੇ ਹੋਏ ਹਨ, ਤਿੰਨ ਘੰਟੇ ਉਥੇ ਹੀ ਰਹਿਣਗੇ ਤੁਸੀਂ ਰਤੀ ਕੁ ਬੈਠ ਕੇ ਸਾਹ ਕਢ ਲਓ। ਪ੍ਰੰਤੂ ਪਰਮਾ ਨੰਦ ਡਰਦਾ ਸੀ ਕਿ ਜੇ ਕਦੇ ਪ੍ਰਹਿਲਾਦ ਨੇ ਉਸ ਨੂੰ ਬੈਠਿਆਂ ਵੇਖ ਲਿਆ, ਤਾਂ ਉਸ ਦੀ ਖੈਰ ਨਹੀਂ ਹੋਵੇਗੀ, ਜਾਂ ਜੇ ਕਦੇ ਨੀਅਤ ਸਮੇਂ ਵਿਚ ਉਹ ਕੰਮ ਨਾ ਮੁਕਾ ਸਕਿਆ ਤਾਂ ਉਸ ਦੀ ਚੰਗੀ ਖੁੰਬ ਠਪੀ ਜਾਵੇਗੀ, ਇਸ ਲਈ ਉਸ ਨੇ ਕੰਮ ਨਾ ਛਡਿਆ। ਇਸ ਤੇ ਮੋਹਿਨੀ ਨੇ ਪਿਆਰ ਨਾਲ ਆਖਿਆ, “ਜੇ ਤੁਸੀਂ ਕੰਮ ਦੇ ਨਾ ਮੁੱਕਣ ਤੋਂ ਡਰਦੇ ਹੋ ਤਾਂ ਤੁਸੀਂ ਘੜੀ ਕੁ ਆਰਾਮ ਕਰ ਲਓ, ਤੁਹਾਡੀ ਥਾਂ ਮੈਂ ਲੱਕੜਾਂ ਢੋਂਦੀ ਹਾਂ।" ਦਿਲਾਂ ਦੀ ਖਿਚ ਕਿੰਨੀ ਡਾਢੀ ਹੁੰਦੀ ਏ। ਮੋਹਿਨੀ ਨੇ ਪਰਮਾ ਨੰਦ ਦੀ ਪੀੜਾ ਨੂੰ ਜਾਣ ਲਿਆ, ਕਿਉਂ ਜੋ ਉਹ ਉਸ ਨੂੰ ਅਪਣਾ ਮੰਨ ਚੁਕੀ ਸੀ, ਜੋਤ ਇਕ ਹੋ ਚੁੱਕੀ ਸੀ, ਭਾਵੇਂ ਸਰੀਰ ਦੋ ਵਖੋ ਵਖ ਹੀ ਸਨ। ਮੁਹੱਬਤ, ਮੁਹੱਬਤ ਦੀ ਖਾਹੜੂ ਹੁੰਦੀ ਹੈ। ਪ੍ਰੇਮ, ਪ੍ਰੇਮ ਦਾ ਮਤਵਾਲਾ ਹੁੰਦਾ ਹੈ। ਪ੍ਰੇਮ ਦੀ ਇਕੋ ਚਿਣਗ ਦਿਲ ਨੂੰ ਚਮਕਾ ਸਕਦੀ ਹੈ, ਨੂਰ ਪੈਦਾ ਕਰ ਸਕਦੀ ਹੈ, ਪਰ ਇਸ ਨੂਰ ਨੂੰ ਵੇਖਣ ਲਈ ਭੀ ਇਕ ਪ੍ਰੇਮ ਭਰਿਆ ਦਿਲ ਲੋੜੀਦਾ ਹੁੰਦਾ ਹੈ। ਅੱਖੀਆਂ ਇਸ ਨੂੰ ਨਹੀਂ ਵੇਖ ਸਕਦੀਆਂ, ਹਥ ਇਸ ਨੂੰ ਨਹੀਂ ਛੋਹ ਸਕਦੇ, ਪੈਰਾਂ ਦੀ ਰਸਾਈ ਭੀ ਇਥੋਂ ਤਕ ਔਖੀ ਹੈ। ਇਸ ਵਾਯੂ ਮੰਡਲ ਵਿਚ ਰੂਹਾਂ ਖੇਡਦੀਆਂ ਹਨ, ਸਰੀਰ ਨਹੀਂ। ਦਰਦ ਤੜਫਦੇ ਹਨ ਅੰਗ ਨਹੀਂ। ਇਹ ਇਕ ਪਾਰਸ ਛੋਹ ਹੈ ਕਾਯਾਂ ਪਲਟ ਸਕਦੀ ਹੈ, ਇਹ ਇਕ ਦਰਦ ਹੈ, ਜੋ ਪੱਥਰ ਦਿਲ ਨੂੰ ਮੋਮ ਕਰ ਦਿੰਦਾ ਹੈ।

ਮੁਹੱਬਤ ਖਿਚ ਦੇ ਨਗਮੇ ਦੀ, ਇਕ ਸੋਹਣੀ ਕਹਾਨੀ ਏ।
ਮੁਹੱਬਤ ਜ਼ਿੰਦਗੀ ਦੇ ਬਾਗ ਦੀ, ਕੋਮਲ ਨਿਸ਼ਾਨੀ ਏ।
ਜਦੋਂ ਕੋਈ ਪ੍ਰੇਮ ਦਾ ਤਿਣਕਾ,ਦਿਲਾਂ ਵਿਚ ਰੰਗ ਭਰਦਾ ਏ।
ਤਾਂ ਹਰ ਇਕ ਬਾਗ ਦਾ ਜ਼ਰਾ, ਖ਼ੁਸ਼ੀ ਵਿਚ ਨਾਚ ਕਰਦਾ ਏ।
ਮੁਹੱਬਤ ਆ ਕੇ ਜੋਬਨ ਤੇ, ਜਦੋਂ ਬੇ-ਤਾਬ ਹੋ ਜਾਵੇ।
ਕਦੀ ਆਵਾਜ਼ ਹੋ ਜਾਵੇ, ਕਦੀ ਮਿਜ਼ਰਾਬ ਹੋ ਜਾਵੇ।
ਜਦੋਂ ਇਸ ਸਾਜ਼ ਦੇ ਨਗਮੇ, ਹਵਾ ਵਿਚ ਥਰਥਰਾਂਦੇ ਨੇ।
ਤਾਂ ਜੀਵਨ ਪਲਟ ਜਾਂਦੇ ਨੇ, ਕਲੇਜੇ ਫੜਕ ਜਾਂਦੇ ਨੇ।
ਪੱਥਰ ਦਿਲ ਪ੍ਰੇਮ ਦੇ ਅੰਦਰ, ਪਿਘਲ ਕੇ ਨੀਰ ਹੋ ਜਾਵੇ।
ਦਿਲਾਂ ਦੇ ਕੈਦ ਖਾਨੇ ਦੀ, ਕੜੀ ਜ਼ੰਜੀਰ ਹੋ ਜਾਵੇ।

ਮੋਹਨੀ ਨੇ ਜ਼ਰਾ ਸ਼ਰਮਾਂਦਿਆਂ ਹੋਇਆਂ ਮਧੁਰ ਜਿਹੀ ਅਵਾਜ਼ ਵਿਚ ਫਿਰ ਆਖਿਆ, ਪ੍ਰਿਆ! ਥਕ ਜਾਉਗੇ।"
ਪਰਮਾ ਨੰਦ ਨੇ ਮਜਬੂਰ ਤੇ ਸਧਰਾਈਆਂ ਹੋਈਆਂ ਅੱਖਾਂ ਨਾਲ ਮੋਹਿਨੀ ਵਲ ਵੇਖਿਆ, ਮੁਸਕ੍ਰਾਇਆ ਤੇ ਆਪਣੇ ਕੰਮ ਵਿਚ ਜੁਟ ਪਿਆ।
ਭਾਵੇਂ ਪ੍ਰਹਿਲਾਦ ਉਨ੍ਹਾਂ ਨੂੰ ਵਿਖਾਈ ਨਹੀਂ ਸੀ ਦੇਂਦਾ, ਪ੍ਰੰਤੂ ਉਹ ਵੇਖ ਜ਼ਰੂਰ ਰਿਹਾ ਸੀ ਤੇ ਉਨ੍ਹਾਂ ਦੀਆਂ ਇਹ ਪ੍ਰੇਮ ਭਰੀਆਂ ਗਲਾਂ ਸੁਣ ਕੇ ਉਸਨੂੰ ਨਿਸਚੇ ਹੋ ਰਿਹਾ ਸੀ ਜੋ ਉਨ੍ਹਾਂ ਦਾ ਪ੍ਰੇਮ ਸਚਾ ਹੈ, ਲਈ ਉਹ ਪ੍ਰਸੰਨ ਹੋ ਰਿਹਾ ਸੀ। ਜਦੋਂ ਦੋਵੇਂ ਪ੍ਰੇਮ ਦੀ ਤਕੜੀ ਤੇ ਤੁਲ ਚੁਕੇ, ਇਮਤਿਹਾਨ ਵਿਚੋਂ ਪਾਸ ਹੋ ਚੁਕੇ ਤਾਂ ਪ੍ਰਹਿਲਾਦ ਨੇ ਪ੍ਰੇਮ ਨਾਲ ਆਖਿਆ, "ਬਚਿਓ! ਡਰੋ ਨਹੀਂ ਭਾਵੇਂ ਮੈਂ ਤੁਹਾਡੇ ਨਾਲ ਕਰੜਾ ਸਲੂਕ ਕੀਤਾ ਹੈ, ਪਰ ਉਸ ਦਾ ਬਦਲਾ ਭੀ ਮੈਂ ਦੇ ਸਕਦਾ ਹਾਂ।
ਪੁੱਤਰ ਪਰਮਾ ਨੰਦ! ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲੀਤੀਆਂ ਹਨ ਤੇ ਪਰਸੰਨ ਹੋ ਕੇ ਮੈਂ ਪਿਆਰੀ ਮੋਹਿਨੀ ਤੇਰੇ ਲੜ ਲਾਉਂਦਾ ਹਾਂ। ਜਿਹੜੀ ਵਡਿਆਈ ਤੇ ਉਪਮਾਂ ਤੂੰ ਉਸ ਦੀ ਕਰਦਾ ਰਿਹਾ ਹੈਂ , ਸਚ ਮੁਚ ਮੇਰੀ ਮੋਹਿਨੀ ਉਸ ਦੀ ਹਕਦਾਰ ਹੈ, ਸਗੋਂ ਉਸ ਤੋਂ ਵੀ ਵਧੀਕ ਸ਼ਲਾਘਾ ਯੋਗ ਹੈ। ਇਸ ਲਈ ਹੇ ਪੁੱਤਰ! ਉਸ ਨਾਲ ਸਚੇ ਪਤੀ ਵਾਲਾ ਪ੍ਰੇਮ ਕਰਨਾ ਤੇਰਾ ਪਰਮ ਧਰਮ ਹੋਵੇਗਾ। ਤੁਹਾਡਾ ਵਿਵਾਹ ਮੈਂ ਛੇਤੀ ਹੀ ਕਰ ਦਿਆਂਗਾ। ਹੁਣ ਇਥੇ ਬੈਠ ਕੇ ਤੁਸੀਂ ਆਪੋ ਵਿਚ ਹਸੋ ਖੇਡੋ ਗਲਾਂ ਕਰੋ, ਮੈਂ ਇਕ ਜ਼ਰੂਰੀ ਕੰਮ ਲਈ ਜਾਂਦਾ ਹਾਂ।"
ਜਿਸ ਜ਼ਰੂਰੀ ਕੰਮ ਦਾ ਉਸ ਨੇ ਜ਼ਿਕਰ ਕੀਤਾ ਸੀ, ਉਹ ਨੀਲਾਬਾਦ ਦੇ ਰਾਜੇ ਤੇ ਉਸ ਦੇ ਸਾਥੀਆਂ ਨੂੰ ਜੇਹੜੇ ਟਾਪੂ ਦੇ ਕਿਸੇ ਹੋਰ ਹਿੱਸੇ ਵਿਚ ਕੰਢੇ ਲਗੇ ਸਨ, ਬਚਾਣ ਦਾ ਸੀ। ਨੀਲਾਬਾਦ ਦੇ ਰਾਜੇ ਅਰਜਨ ਤੇ ਮਾਹੀ ਪੁਰ ਦੇ ਧਿੰਗੋਂ ਜੋਰੀ ਬਣੇ ਰਾਜੇ ਅਨੰਤ ਤੋਂ ਛੁਟ ਅਨੰਤ ਦਾ ਭਰਾ ਸ਼ਿਵਦਿਤ ਤੇ ਬੁੱਢਾ ਵਜ਼ੀਰ ਗਨਪਤ ਉਦਾਸ ਚਿਤ ਭੁੱਖੇ ਭਾਣੇ ਕਿਸੇ ਖਾਣ ਪੀਣ ਦੀ ਚੀਜ਼ ਜਾਂ ਬੈਠਣ ਦੀ ਥਾਂ ਦੀ ਭਾਲ ਵਿਚ ਟਾਪੂ ਅੰਦਰ ਏਧਰ ਓਧਰ ਫਿਰ ਰਹੇ ਸਨ। ਆਪਣੇ ਪੁੱਤਰ ਪਰਮਾਨੰਦ ਦੇ ਵਿਜੋਗ ਵਿਚ ਜਿਸ ਨੂੰ ਉਹ ਡੁਬ ਕੇ ਮਰ ਗਿਆ ਸਮਝਦਾ ਸੀ, ਰਾਜਾ ਅਰਜਨ ਵਿਰਲਾਪ ਕਰ ਰਿਹਾ ਸੀ ਤੇ ਬਾਕੀ ਦੇ ਸਾਰੇ ਸਾਥੀ ਉਸ ਨੂੰ ਢਾਰਸ ਦੇ ਰਹੇ ਸਨ ਕਿ ਉਨ੍ਹਾਂ ਨੇ ਉਸ ਨੂੰ ਸਮੁੰਦਰ ਵਿਚ ਤਰਦਿਆਂ ਵੇਖਿਆ ਹੈ, ਇਸ ਲਈ ਉਹ ਕਿਧਰੇ ਕੰਢੇ ਲਗ ਗਿਆ ਹੋਣਾ ਹੈ। ਅਖ਼ੀਰ ਥੱਕ ਟੁਟ ਕੇ ਇਕ ਮੈਦਾਨ ਤੇ ਜਿਥੇ ਸਾਵਾ ਸਾਵਾ ਘਾਹ ਉਗਿਆ ਹੋਇਆ ਸੀ ਉਹ ਲੰਮੇ ਜੋ ਪਏ ਤਾਂ ਉਨ੍ਹਾਂ ਦੀ ਅੱਖ ਲਗ ਗਈ।
ਪ੍ਰਹਿਲਾਦ ਨੂੰ ਉਨ੍ਹਾਂ ਦੇ ਬਚਾਉਣ ਦਾ ਕੰਮ ਭੁਲਿਆ ਨਹੀਂ ਸੀ। ਅਰਬੇਲ ਦੀ ਨੌਕਰੀ ਇਸੇ ਕੰਮ ਤੇ ਲਗੀ ਹੋਈ ਸੀ, ਪ੍ਰੰਤੂ ਜਿਸ ਤਰ੍ਹਾਂ ਪ੍ਰੀਖਿਆ ਤੋਂ ਬਿਨਾਂ ਉਹ ਪਰਮਾ ਨੰਦ ਤੇ ਮੋਹਿਨੀ ਦੇ ਵਿਵਾਹ ਤੇ ਰਾਜ਼ੀ ਨਹੀਂ ਸੀ ਹੋਇਆ, ਇਸੇ ਤਰ੍ਹਾਂ ਉਹ ਉਨ੍ਹਾਂ ਨੂੰ ਭੀ ਆਪਣੀ ਕਰਤੂਤ ਦਾ ਚੇਤਾ ਕਰਾਉਣਾ ਚਾਹੁੰਦਾ ਸੀ।

ਛੇਤੀ ਹੀ ਉਨ੍ਹਾਂ ਦੀ ਅੱਖ ਖੁਲ੍ਹ ਗਈ ਤੇ ਭਾਵੇਂ ਉਹ ਥਕੇ ਹੋਏ ਸਨ, ਪਰ ਫਿਰ ਭੀ ਇਕ ਵਾਰੀ ਮੁੜ ਖੁਰਾਕ ਦੀ ਭਾਲ ਵਿਚ ਗਸ਼ਤ ਕਰਨ ਲਗੇ। ਠੀਕ ਜਿਸ ਵੇਲੇ ਉਹ ਕਿਸੇ ਪਰਕਾਰ ਦੀ ਖਾਣ ਪੀਣ ਦੀ ਵਸਤ ਤੋਂ ਨਿਰਾਸ਼ ਹੋ ਚੁਕੇ ਸਨ, ਅਰਬੇਲ ਤੇ ਉਸ ਦੇ ਨਾਲ ਦੇ ਜਿੱੱਨ ਕਈ ਪ੍ਰਕਾਰ ਦੇ ਸਵਾਦਲੇ ਭੋਜਨਾਂ ਦੇ ਭਰੇ ਹੋਏ ਥਾਲ ਅਚਨਚੇਤ ਉਨ੍ਹਾਂ ਦੇ ਸਾਹਮਣੇ ਰੱਖ ਕੇ ਆਪ ਅਲੋਪ ਹੋ ਗਏ। ਇਹ ਕੌਤਕ ਵੇਖ ਕੇ ਉਹ ਹੈਰਾਨ ਤਾਂ ਬੜੇ ਹੋਏ, ਪਰ ਭੁੱਖੇ ਜੋ ਸਨ, ਝਟ ਉਨ੍ਹਾਂ ਨੇ ਪ੍ਰਸ਼ਾਦ ਛਕਣ ਲਈ ਥਾਲਾਂ ਵਲ ਹਥ ਵਧਾਏ। ਪਰ ਅਜੇ ਗਰਾਹੀਆਂ ਤੋੜੀਆਂ ਨਹੀਂ ਸਨ, ਜੋ ਅਰਬੇਲ ਇਕ ਵਡੇ ਸਾਰੇ ਭਿਆਨਕ ਪੰਖੇਰੂ ਦੀ ਸ਼ਕਲ ਵਿਚ ਉਨ੍ਹਾਂ ਦੇ ਸਾਹਮਣੇ ਆ ਖਲੋਤਾ। ਉਸ ਦੇ ਖੰਭਾਂ ਦੇ ਮਾਰਨ ਦੀ ਹੀ ਢਿਲ ਸੀ, ਜੋ ਪ੍ਰਸ਼ਾਦ ਦੀ ਸਾਰੀ ਸਮਿਗਰੀ ਨਜ਼ਰੋਂ ਅਲੋਪ ਹੋ ਗਈ। ਫੇਰ ਅਰਬੇਲ ਨੇ ਉਨ੍ਹਾਂ ਨੂੰ ਸੰਬੋਧਨ ਕਰ ਕੇ ਆਖਿਆ, “ਤੁਸੀਂ ਇਤਨੇ ਵਡੇ ਗੁਨਾਹ-ਗਾਰ ਹੋ, ਜੋ ਇਸ ਸੰਸਾਰ ਤੇ ਰਹਿਣ ਦੇ ਯੋਗ ਨਹੀਂ ਹੋ। ਕੀ ਤਹਾਨੂੰ ਭੁੱਲ ਗਿਆ ਹੈ ਜੋ ਕਿਵੇਂ ਤੁਸਾਂ ਨੇ ਵਿਚਾਰੇ ਰਾਜੇ ਪ੍ਰਹਿਲਾਦ ਦਾ ਰਾਜ ਭਾਗ ਧੋਖੇ ਨਾਲ ਖੋਹ ਕੇ ਉਸ ਨੂੰ ਉਸ ਦੀ ਮਾਸੂਮ ਬੱਚੀ ਸਮੇਤ ਸਮੁੰਦਰ ਵਿਚ ਠੇਲ੍ਹਿਆ ਸੀ? ਹੁਣ ਤੁਸੀਂ ਭੀ ਉਸੇ ਤਰ੍ਹਾਂ 'ਚ ਹਵਾ ਤੇ ਲਹਿਰਾਂ ਦੇ ਹਥੋਂ ਡਕੋ ਡੋਲੇ ਖਾ ਰਹੇ ਹੋ। ਇਸ ਟਾਪੂ ਵਿਚ ਸਿਵਾਏ ਪਸ਼ਚਾਤਾਪ ਦੇ ਹੋਰ ਕੋਈ ਚੀਜ਼ ਤੁਹਾਨੂੰ ਭੁੱਖ ਪਿਆਸ ਤੇ ਮੌਤ ਤੋਂ ਨਹੀਂ ਬਚਾ ਸਕਦੀ। ਆਪਣੇ ਗੁਨਾਹ ਦੀ ਤੋਬਾ ਕਰੋ ਤੇ ਅਗੇ ਲਈ ਕੰਨਾਂ ਨੂੰ ਹੱਥ ਲਾਉ। ਸ਼ਾਇਦ ਤੁਹਾਡੇ ਉਤੇ ਰੱਬ ਮੇਹਰ ਕਰ ਦੇਵੇ।” ਇਹ ਸੁਨੇਹਾ ਦੇ ਕੇ ਤੇ ਸ੍ਰੋਤਿਆਂ ਨੂੰ ਇਸ ਤਰ੍ਹਾਂ ਹੈਰਾਨ ਪਰੇਸ਼ਾਨ ਕਰ ਕੇ ਅਰਬੇਲ ਆਪ ਨਜ਼ਰੋਂ ਅਲੋਪ ਹੋ ਗਿਆ।

ਜਦ ਇਸ ਪ੍ਰਕਾਰ ਅਨੰਤ ਤੇ ਅਰਜਨ ਦੀਆਂ ਅੱਖਾਂ ਅਗੇ ਉਨ੍ਹਾਂ ਦੇ ਪਾਪਾਂ ਦੀਆਂ ਮੂਰਤਾਂ ਲਿਆਂਦੀਆਂ ਗਈਆਂ, ਤਾਂ ਉਹ ਡਾਢੇ ਘਬਰਾਏ ਤੇ ਨੀਮ-ਪਾਗਲ ਹੋ ਕੇ ਇਧਰ ਉਧਰ ਭੱਜਣ ਲਗ ਪਏ ਤੇ ਗਿੜ ਗਿੜਾ ਕੇ ਮਾਫ਼ੀਆਂ ਮੰਗਣ ਅਰ ਪਛਤਾਵੇ ਕਰਨ ਲਗੇ। ਅਰਬੇਲ ਨੇ ਹੁਣ ਪ੍ਰਹਿਲਾਦ ਕੋਲ ਪੁਜ ਕੇ ਇਸ ਸਾਰੀ ਗਲ ਦੀ ਖਬਰ ਕੀਤੀ। ਜਦ ਉਸ ਨੇ ਦੇਖਿਆ ਜੋ ਉਹ ਆਪਣੇ ਪਾਪ ਉਤੇ ਸਚੇ ਦਿਲੋਂ ਅਫ਼ਸੋਸ ਕਰਦੇ ਹਨ, ਤਾਂ ਅਰਬੇਲ ਨੂੰ ਹੁਕਮ ਦਿਤਾ, ਜੋ ਉਨ੍ਹਾਂ ਨੂੰ ਉਸ ਦੇ ਸਾਹਮਣੇ ਹਾਜ਼ਰ ਕਰੇ।
ਅਰਬੇਲ ਨੂੰ ਰੱਬ ਦੇਵੇ ਇਹ ਗਲਾਂ। ਝਟ ਆਪਣੇ ਢੰਗ ਨਾਲ ਉਨ੍ਹਾਂ ਨੂੰ ਉਥੇ ਲੈ ਆਇਆ। ਪ੍ਰੰਤੂ ਉਨ੍ਹਾਂ ਵਿਚੋਂ ਕਿਸੇ ਨੇ ਭੀ ਪ੍ਰਹਿਲਾਦ ਨੂੰ ਨਾ ਪਛਾਣਿਆ। ਜਿਸ ਵੇਲੇ ਉਸ ਨੇ ਆਪਣਾ ਆਪ ਦਸਿਆ ਤੇ ਉਨ੍ਹਾਂ ਦੇ ਕੁਕਰਮ ਚੇਤੇ ਕਰਾਏ ਤਾਂ ਉਹ ਸਾਰੇ ਉਸ ਦੇ ਪੈਰਾਂ ਤੇ ਡਿਗੇ ਤੇ ਹਥ ਜੋੜ ਖਿਮਾਂ ਮੰਗਣ ਲਗੇ। ਪ੍ਰਹਿਲਾਦ ਅਗੇ ਹੀ ਇਹੋ ਚਾਹੁੰਦਾ ਸੀ ਤੇ ਉਨ੍ਹਾਂ ਨੂੰ ਜੀਉ ਆਇਆਂਂ ਆਖ ਕੇ ਸਾਰੇ ਕਸੂਰ ਬਖਸ਼ ਦਿਤੇ। ਇਸ ਉਪਰੋਕਤ ਘਟਨਾ ਨਾਲ ਬਾਕੀਆਂ ਨੂੰ ਸ਼ਾਂਤ ਹੋ ਗਈ, ਪ੍ਰੰਤੂ ਅਰਜਨ ਦੇ ਦਿਲ ਵਿੱਚ ਅਜੇ ਠੰਢ ਨਹੀਂ ਪਈ ਸੀ ਤੇ ਉਹ ਆਪਣੇ ਪੁੱਤਰ ਪਰਮਾ ਨੰਦ ਦੇ ਵਿਛੋੜੇ ਵਿਚ ਡਾਢਾ ਦੁਖੀ ਹੋ ਰਿਹਾ ਸੀ।
ਵਿਛੜਿਆਂ ਨੂੰ ਮਿਲਾਣ ਦਾ ਸਮਾਂ ਆਇਆ ਜਾਣ ਕੇ ਪ੍ਰਹਿਲਾਦ ਨੇ ਅਰਜਨ ਨੂੰ ਕਿਹਾ, “ਤੁਸਾਂ ਮੇਰਾ ਰਾਜ ਮੈਨੂੰ ਮੋੜ ਕੇ ਪ੍ਰਸੰਨ ਕੀਤਾ ਹੈ, ਇਸ ਲਈ ਮੇਰੇ ਵਾਸਤੇ ਤੁਹਾਨੂੰ ਓਨਾ ਹੀ ਪ੍ਰਸੰਨ ਕਰਨਾ ਜੋਗ ਹੈ।" ਇਹ ਆਖ ਕੇ ਉਸ ਨੇ ਗੁੱਫਾ ਦਾ ਦਰਵਾਜ਼ਾ ਖੋਲ੍ਹ ਦਿਤਾ, ਜਿਸ ਦੇ ਅੰਦਰ ਅਰਜਨ ਆਪਣੇ ਪੁੱਤ੍ਰ ਇਕ ਸੁੰਦਰ ਇਸਤ੍ਰੀ ਨਾਲ ਚੌਪਟ ਖੇਡਦਿਆਂ ਵੇਖ ਕੇ ਗੱਦ ਗੱਦ ਹੋ ਗਿਆ। ਪਿਉ ਪੁੱਤਰ ਦੀ ਖ਼ੁਸ਼ੀ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ, ਜਦ ਕਿ ਦੋਵੇਂ ਇਕ ਦੂਜੇ ਨੂੰ ਮੋਇਆ ਸਮਝੀ ਬੈਠੇ ਸਨ।
ਮੋਹਿਨੀ ਦੀ ਸੁੰਦਰ ਮੂਰਤ ਵੇਖ ਕੇ ਪਰਮਾ ਨੰਦ ਵਾਂਗ ਅਰਜਨ ਦੇ ਦਿਲ ਵਿਚ ਵੀ ਇਹੋ ਫੁਰਨਾ ਫੁਰਿਆ ਜੋ ਇਹ ਕੋਈ ਇਸ ਟਾਪੂ ਦੀ ਪਰੀ ਹੈ ਜਿਸ ਨੇ ਪਹਿਲਾਂ ਪਿਉ ਪੁੱਤਰ ਨੂੰ ਵਿਛੋੜੇ ਦਾ ਸਲ ਦਿਤਾ ਸੀ, ਪਰ ਹੁਣ ਤਰਸ ਖਾ ਕੇ ਉਨ੍ਹਾਂ ਨੂੰ ਮੇਲ ਰਹੀ ਹੈ। ਪਰ ਪਰਮਾ ਨੰਦ ਨੇ ਪਿਤਾ ਦੇ ਦਿਲ ਦੀ ਬੁਝ ਕੇ ਆਖਿਆ, "ਪਿਤਾ ਜੀ! ਤੁਹਾਨੂੰ ਭੁਲੇਖਾ ਲਗ ਗਿਆ ਹੈ। ਇਹ ਪਰੀ ਨਹੀਂ ਹੈ, ਸਗੋਂ ਸਾਡੇ ਵਾਂਗ ਮਨੁੱਖ ਹੀ ਹੈ। ਹਾਂ! ਦੇਵਤਿਆਂ ਨੇ ਮੇਹਰ ਕਰ ਕੇ ਇਹ ਦੇਵੀ ਮੈਨੂੰ ਬਖ਼ਸ਼ ਦਿੱਤੀ ਹੈ, ਇਹ ਇਸੇ ਮਾਹੀ ਪੁਰ ਦੇ ਰਾਜੇ ਦੀ ਪੁੱਤ੍ਰੀ ਹੈ, ਜੇਹੜਾ ਹੁਣ ਇਸ ਦੇ ਨਾਲ ਮੇਰਾ ਵਿਆਹ ਕਰ ਕੇ ਮੇਰਾ ਦੂਜਾ ਪਿਤਾ ਹੋ ਜਾਵੇਗਾ।"
ਅਰਜਨ ਨੇ ਪਰਸੰਨ ਹੋ ਕੇ ਉੱਤਰ ਦਿਤਾ "ਜੇ ਇਹੋ ਗਲ ਹੈ ਤਾਂ ਇਸ ਦਾ ਵਿਆਹ ਕਰ ਕੇ ਮੈਂ ਭੀ ਇਸ ਦੇਵੀ ਦਾ ਪਿਤਾ ਬਣ ਜਾਵਾਂਗਾ। ਹਾਂ ਹੁਣ ਮੇਰੇ ਲਈ ਜ਼ਰੂਰੀ ਹੈ ਜੋ ਇਸ ਆਪਣੀ ਪੁੱਤ੍ਰੀ ਕੋਲੋਂ ਉਸ ਕਲੇਸ਼ ਦੀ ਮੁਆਫ਼ੀ ਮੰਗਾਂ, ਜੇਹੜਾ ਮੈਂ ਇਸ ਨੂੰ ਤੇ ਇਸ ਦੇ ਪਿਤਾ ਨੂੰ ਦਿਤਾ ਹੈ।"
ਹੁਣ ਇਹ ਮਿੱਤਰਾਂ ਦੀ ਟੋਲੀ ਇਸ ਟਾਪੂ ਤੋਂ ਆਪਣੇ ਦੇਸ ਕਿਵੇਂ ਪੁਜੀ। ਉਨ੍ਹਾਂ ਦਾ ਨਿਸਚਾ ਸੀ ਕਿ ਜਹਾਜ਼ ਗ਼ਰਕ ਹੋ ਗਿਆ ਹੈ ਤੇ ਸਾਰੇ ਮਲਾਹ ਡੁੱਬ ਗਏ ਹਨ,ਪੰਤੁ ਨਿਮਕ ਹਲਾਲ ਅਰਬੇਲ ਨੂੰ ਉਨ੍ਹਾਂ ਦੇ ਬਚਾਉਣ ਦਾ ਭੀ ਫ਼ਿਕਰ ਸੀ। ਇਸੇ ਦੀ ਹਿੰਮਤ ਤੇ ਅਕਲ ਦੇ ਸਦਕੇ ਉਹ ਸਾਰੇ ਰਾਜ਼ੀ ਖ਼ੁਸ਼ੀ ਕੰਢੇ ਲਗੇ ਪਏ ਸਨ ਤੇ ਫਿਰਦੇ ਫਿਰਾਂਦੇ ਉਹ ਵੀ ਹੁਣ ਇਥੇ ਹੀ ਪੁਜ ਗਏ। ਇਨ੍ਹਾਂ ਨੂੰ ਵੇਖਕੇ ਤੇ ਜਹਾਜ਼ ਦੇ ਬਚ ਜਾਣ ਦੀ ਖ਼ਬਰ ਸੁਣ ਕੇ ਰਾਜਾ ਤੇ ਉਸ ਦੇ ਸਾਥੀ ਅਤੀ ਪ੍ਰਸੰਨ ਹੋਏ।
ਪ੍ਰਹਿਲਾਦ ਨੇ ਆਪਣੇ ਪ੍ਰਾਹੁਣਿਆਂ ਨੂੰ ਆਖਿਆ, “ਅੱਜ ਰਾਤ ਇਸ ਮੇਰੀ ਗੁੱੱਫਾ ਵਿਚ ਆਰਾਮ ਕਰਨ ਲਈ ਮੈਂ ਤੁਹਾਨੂੰ ਬੇਨਤੀ ਕਰਾਂਗਾ ਤੇ ਦੇਸ਼ ਛੱਡਣ ਤੋਂ ਲੈ ਕੇ ਅਜ ਤੋੜੀ ਦੇ ਆਪਣੇ ਸਾਰੇ ਸਮਾਂਂਚਾਰ ਸੁਣਾ ਕੇ ਮੈਂ ਤੁਹਾਡਾ ਜੀ ਪਰਚਾਵਾਂਗਾ। ਭਲਕੇ ਸਵੇਰੇ ਜਹਾਜ਼ ਵਿਚ ਬੈਠ ਕੇ ਅਸੀਂ ਨੀਲਾਬਾਦ ਵਲ ਤੁਰ ਪਵਾਂਗੇ, ਜਿਥੇ ਪਰਮਾ ਨੰਦ ਤੇ ਮੋਹਿਨੀ ਦੇ ਵਿਵਾਹ ਦੀ ਖ਼ੁਸ਼ੀ ਭਰੀ ਰਸਮ ਪੂਰੀ ਕੀਤੀ ਜਾਵੇਗੀ। ਇਸ ਦੇ ਉਪਰੰਤ ਮੈਂ ਚਾਹੁੰਦਾ ਹਾਂ ਜੇ ਮਾਹੀ ਪੁਰ ਪੁਜ ਕੇ ਆਪਣੇ ਜੀਵਣ ਦੀ ਬਾਕੀ ਆਯੂ ਓਥੇ ਹੀ ਬਤੀਤ ਕਰਾਂ।"
ਠੀਕ ਇਵੇਂ ਹੀ ਹੋਇਆ। ਦੂਜੇ ਭਲਕ ਉਹ ਟਾਪੂ ਤੋਂ ਵਿਦਾ ਹੋਏ, ਪਰ ਟੁਰਨ ਤੋਂ ਪਹਿਲਾਂ ਪ੍ਰਹਿਲਾਦ ਨੇ ਸਾਰੇ ਜਿੱੱਨਾਂ ਨੂੰ ਤੇ ਖ਼ਾਸ ਕਰ ਕੇ ਪਿਆਰੇ ਅਰਬੇਲ ਨੂੰ ਰਾਮ ਸੱਤ ਆਖ ਕੇ ਪੂਰੀ ਅਜ਼ਾਦੀ-ਜਿਸ ਲਈ ਉਹ ਕਿਤਨੀਆਂ ਮੁੱਦਤਾਂ ਤੋਂ ਲੋਚਦੇ ਸਨ- ਬਖ਼ਸ਼ੀ ਤਾਂਜੁ ਉਹ ਜ਼ਮੀਨ ਅਸਮਾਨ, ਸਮੁੰਦਰ, ਜਿੱਥੇ ਦੀ ਚਾਹੁਣ ਸੈਰ ਕਰਦੇ ਫਿਰਨ। ਪਰ ਅਰਬੇਲ ਨੇ-ਜੋ ਕਿ ਮਾਲਕ ਲਈ ਜਾਨ ਦੇਣ ਨੂੰ ਤਿਆਰ ਸੀ-ਉਸ ਵੇਲੇ ਤੋੜੀ ਸਾਥ ਨਾ ਛਡਿਆ ਜਦ ਤੋੜੀ ਜਹਾਜ਼ ਸਹੀ ਸਲਾਮਤ ਨੀਲਾ ਬਾਦ ਨਾ ਪੁੱਜ ਗਿਆ। ਉਥੇ ਪੁੱਜ ਕੇ ਪਰਮਾ ਨੰਦ ਤੇ ਮੋਹਿਨੀ ਦਾ ਵਿਵਾਹ ਐਸੀ ਧੂਮ ਧਾਮ ਨਾਲ ਹੋਇਆ, ਜਿਸ ਦੀਆਂ ਧੁੰਮਾਂ ਸਾਰੇ ਸੰਸਾਰ ਵਿੱਚ ਪੈ ਗਈਆਂ ਤੇ ਰੱਬ ਨੇ ਸਾਰਿਆਂ ਨੂੰ ਦੁਖ ਪਿਛੋਂ ਪਰਮ ਸੁਖ ਬਖਸ਼ਿਆ।

(ਅਨੁਵਾਦਕ: ਬਲਵੰਤ ਸਿੰਘ ਚਤਰਥ)

  • ਮੁੱਖ ਪੰਨਾ : ਵਿਲੀਅਮ ਸ਼ੈਕਸਪੀਅਰ ਦੀਆਂ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ