ਠੀਹਾ (ਕਹਾਣੀ) : ਬਲੀਜੀਤ

''ਆਇਆ ਨੀਂ ਕੋਈ ਰਾਜੂ ਕਿਓਂ?'', ਉੱਚੇ ਬੰਨੇ ਵਾਲੇ ਬਾਰੀਆਂ ਦੇ ਹਜ਼ਾਰਾ ਸਿਓਂ ਨੇ ਅੰਦਰ ਵੜਦੇ ਈ ਪਸ਼ੂਆਂ ਦੇ ਲੰਮੇ ਛੱਪਰ ਵੱਲ ਨਿਗ੍ਹਾ ਮਾਰੀ, ਜਿਸ ਹੇਠ ਅਗੜ੍ਹ-ਦੁਗੜ੍ਹ ਮੱਝੀਆਂ, ਗਊਆਂ ਤੇ ਵੱਛੀਆਂ ਬੰ੍ਹਨੀਆਂ ਖਲੋਤੀਆਂ ਸਨ । ਮੂਹਰਲੀਆਂ ਦੋਵੇਂ ਵੱਡੀਆਂ ਮੱਝਾਂ ਨੇ ਮੋਟੇ ਮੋਟੇ ਡੇਲਿਆਂ ਨਾਲ ਹਜ਼ਾਰੇ ਨੂੰ ਮੁਜ਼ਰਮਾਨਾ ਘੂਰਿਆ ਤਾਂ ਉਸ ਦਾ ਮੱਥਾ ਠਣਕ ਗਿਆ । ਛੱਪਰ ਤੋਂ ਬਾਹਰ ਲੱਕੜ ਦੀ ਛੋਟੀ ਖੁਰਲੀ ਮੂਹਰੇ ਖੁਰਲੀ ਦੀ ਇੱਕ ਲੱਤ ਨਾਲ ਬੱਧੀ ਸਾਲ ਕੁ ਦੀ ਕੱਟੀ ਅੱਖਾਂ ਬੰਦ ਕੀਤੇ ਸੁੱਤੀ ਪਈ ਸੀ ।

''ਉਹ ਆਪੂੰ ਆਇਆ ਕੇ...''

''ਫੇਰ ਕੀ ਆਂਹਦਾ'', ਹਜ਼ਾਰੇ ਨੇ ਮੰਜੀ 'ਤੇ ਬਹਿੰਦਿਆਂ ਭੇਡੀ ਦੀ ਜੁੱਤੀ ਲਾਹ ਦਿੱਤੀ । ਜੁੱਤੀ 'ਚੋਂ ਮਿੱਟੀ ਝਾੜਣ ਲੱਗਾ । ਪਰ ਜੁੱਤੀ ਜਾਂ ਮਿੱਟੀ ਝਾੜਣ 'ਚ ਓਹਦਾ ਧਿਆਨ ਕੋਈ ਨਹੀਂ ਸੀ ।

''ਆਂਹਦਾ ਕੀ?... ਜੋ ਕੱਲ੍ਹ ਆਂਹਦਾ ਹੀਅ''

''ਹੈਂਅ?... ਭੂਤਰਿਆ...''

''ਆਂਹਦਾ ਹਾਲੇ ਨਈਂ... '' , ਉਸ ਦੇ ਘਰੋਂ ਥੋੜ੍ਹੀ ਡਰੀ ਸੀ ।

''ਹਾਲੇ ਨਈਂ?... ਹਾਲੇ ਨਈਂ ਦਾ ਲੱਗਦਾ... ਜੁਆਕਾਂ ਰੋਟੀ ਨੀਂ ਖਾਧੀ... ਚੱਜ ਨਾ'... ਹਾਲੇ ਨਈਂ.....ਮੈਂ ਜਾਨਾਂ... ਬੇ-ਜ਼ਬਾਂ ਪਸੂ ਫਸੇ ਖੜ੍ਹੇ ਆ... ਮੈਂ ਜਾਨਾਂ ਹੁਣੇ । ਕੱਢਦਾਂ ਇਹਨਾਂ ਦੀ ਚਮਲ੍ਹਾਓਟ ।'' ਹਜ਼ਾਰੇ ਨੇ ਝੱਟ ਜੁੱਤੀ ਮੁੜ ਪੈਰਾਂ 'ਚ ਫਸਾ ਲਈ ਤੇ ਘਰੋਂ ਨਿਕਲ ਗਿਆ ।

ਉਤਰਾਈ ਬਹੁਤ ਸੀ । ਰਾਤੀਂ ਮੀਂਹ ਵੀ ਬੜਾ ਵਰ੍ਹਿਆ ਸੀ । ਦਿਨ ਚੜ੍ਹੇ ਜਾ ਕੇ ਕਿਤੇ ਥੰਮਿਆ । ਪਿਛਾਂਹ ਉੱਚੇ ਪਹਾੜਾਂ ਵਿੱਚੋਂ ਬਰਸਾਤੂ ਪਾਣੀ ਨਾਲਿਆਂ ਵਿੱਚੀਂ ਤੇਜੋ ਤੇਜ ਲੰਘ ਕੇ ਦਰਿਆ 'ਚ ਜਾ ਗਿਰਿਆ ਸੀ । ਹਜ਼ਾਰੇ ਦਾ ਘਰ ਦੋ ਸਲੰਘ ਉੱਚੀ ਟਿੱਬੀ 'ਤੇ ਸੀ । ਗਿੱਲੀ ਬਰੀਕ ਬਜਰੀ ਉੱਤੋਂ ਤਿ੍ਹਲਕ ਕੇ ਗਿਰਨ ਦੇ ਡਰੋਂ ਹਜ਼ਾਰਾ ਸਿਓਂ ਭੁੱਲ ਈ ਗਿਆ ਕਿ ਉਸ ਨੂੰ ਗੁੱਸਾ ਕਾਹਤੋਂ ਚੜਿ੍ਹਆ ਸੀ । ਐਵੇਂ ਹੀ ਭੁੱਲਿਆ ਭੁਲਾਇਆ ਉਹ ਪੱਧਰੀ ਪੱਕੀ ਸੜਕ 'ਤੇ ਆ ਗਿਆ ਜਿਹੜੀ ਛੋਟੇ ਵੱਡੇ ਟਿੱਬਿਆਂ, ਪਹਾੜੀਆਂ ਦੇ ਨਾਲ ਨਾਲ ਸੱਪ ਵਾਂਗ ਵਲ ਖਾਂਦੀ ਪੱਛਮ ਵੱਲ ਨੂੰ ਹੋਰ ਉੱਚੀਆਂ ਪਹਾੜੀਆਂ ਵਿੱਚ ਗੁੰਮ ਹੋ ਜਾਂਦੀ ਸੀ । ਸੜਕ 'ਤੇ ਲੋਕੀ ਬਲਦ ਹੱਕੀ ਸ਼ਹਿਰ ਤੋਂ ਟਾਵੇਂ ਟਾਵੇਂ ਮੁੜ ਰਹੇ ਸਨ । ਪਸ਼ੂਆਂ ਦੀ ਮੰਡੀ ਲੱਗੀ ਹੋਣੀ । ਤਿ੍ਹਲਕਣ ਦਾ ਡਰ ਘਟ ਗਿਆ ਤਾਂ ਫੇਰ ਓਹਦੀ ਛਾਤੀ 'ਚ ਰਾਜੂ ਦਾ ਕਲਬੂਤ ਅੜ ਗਿਆ । ਮੁੜ ਤੋਂ ਆਪਣੇ ਆਪ ਨੂੰ ਗੁੱਸਾ ਚੜ੍ਹਾਉਣਾ ਸ਼ੁਰੂ ਕਰ 'ਤਾ:

''ਲੱਗਦਾ ਹਾਲੇ ਨਈਂ ਦਾ''

ਪੱਕੀ ਸੜਕ ਤੋਂ ਹੇਠਾਂ ਦਰਿਆ ਵੱਲ ਨੂੰ ਹੋਰ ਨਿਮਾਣ 'ਚ ਆ ਕੇ ਨਾਲੇ 'ਚ ਉਤਰ ਆਇਆ ਜਿਸ ਵਿੱਚ ਬਰਸਾਤੂ ਪਾਣੀ ਰਾਤੀਂ ਤਾਜੇ ਰੇਤ ਦੀ ਨਦੀ ਵਿਛਾ ਗਿਆ ਸੀ । ਇਹੀ ਨਾਲਾ ਰਾਜੂ ਦੇ ਘਰ ਨੂੰ ਜਾਂਦਾ ਰਾਹ ਸੀ । ਏਸ ਅਜੀਬ ਰਸਤੇ ਦੇ ਦੋਹੀਂ ਪਾਸੀਂ ਹਜ਼ਾਰਾ ਸਿਓਂ ਦੀ ਜ਼ਮੀਨ ਸੀ ਜਿਹੜੀ ਪਾਕਿਸਤਾਨ ਤੋਂ ਉੱਜੜ ਕੇ ਆਇਆਂ ਉਸ ਦੇ ਬਾਪ ਤੇ ਛੜੇ ਤਾਏ ਨੂੰ ਅਲਾਟ ਹੋਈ ਸੀ । ਉਹ ਆਪ ਇਸ ਰਾਹ ਕਦੇ ਘੱਟ ਹੀ ਆਇਆ ਸੀ । ਕਦੇ ਲੋੜ ਈ ਨਹੀਂ ਸੀ ਪਈ । ਪਰ ਜਦੋਂ ਵੀ ਆਉਂਦਾ ਸੀ ਤਾਂ ਇਸ ਰਾਹ ਦਾ ਰੰਗ ਰੂਪ ਨਵਾਂ ਈ ਹੁੰਦਾ ਸੀ । ਚਮਕੀਲੀ ਗਿੱਲੀ ਰੇਤ ਦੀ ਇਹ ਸੜਕ ਕਿਤੇ ਖੁੱਲ੍ਹੀ ਸੋਹਣੀ ਲੱਗਦੀ ਤੇ ਕਿਤੇ ਹਰੇ ਨੜਿਆਂ ਵਿੱਚ ਲੁਕੀ ਹੋਈ ਹੋਰ ਵੀ ਸੋਹਣੀ ਲੱਗਦੀ । ਕਿਤੇ ਕਿਤੇ ਤੰਗ ਰਸਤੇ ਉੱਤੇ ਤੇਜ਼ ਪਾਣੀ ਨੇ ਨੜਿਆਂ ਦੀਆਂ ਛੋਟੀਆਂ ਛੋਟੀਆਂ ਝੁੰਡੀਆਂ ਵਿਛਾ ਕੇ ਰੱਖ ਦਿੱਤੀਆਂ ਸਨ । ਸੱਜਰੀ ਰੇਤ ਉੱਤੇ ਹਜ਼ਾਰੇ ਦੀ ਪੈੜ ਪਿਛਾਂਹ ਨੂੰ ਲੰਬੀ... ਲੰਬੀ ਹੁੰਦੀ ਜਾ ਰਹੀ ਸੀ ਤੇ ਉਸ ਤੋਂ ਵੀ ਲੰਬੀ ਗੁੱਸੇ ਦੀ ਪੈੜ ਉਸ ਦੇ ਅੰਦਰੋ ਅੰਦਰੀ ਫੁਨਕਾਰਦੀ, ਦਿਮਾਗ ਵਿੱਚ ਖੁਰ ਗੱਡਦੀ ਓਹਦੇ ਲੂੰਅ ਖੜ੍ਹੇ ਕਰ ਰਹੀ ਸੀ । ਗੁੱਸੇ ਨਾਲ ਰੇਤ 'ਚ ਧਸਦੇ ਜੁੱਤੀ ਦੇ ਪੰਜੇ ਓਹਦਾ ਮੂੰਹ ਪਾੜ ਰਹੇ ਸਨ:

''ਦੀਂਹਦਾ... ਹੁਣ ਦੀਂਹਦਾ... ਪਹਿਲੋਂ ਨੀਂ ਸੋਚਿਆ ਪਈ... ਵਿਚਾਰਿਆ... ਪਈ ਤੁਹਾਂ ਚਮਲਾਹਤੇ... ਤੀਈਆ ਗੇੜਾ ਈ ।''

ਰੇਤ ਦਾ ਸਫ਼ਰ ਮੁੱਕਿਆ ਤਾਂ ਅੱਗੇ ਵੱਡੇ ਵੱਡੇ ਪਹਾੜੀ ਪੱਥਰਾਂ ਦੇ ਝੁੰਡ ਸਨ । ਓਦੂੰ ਦੂਰ ਪਰ੍ਹਾਂ ਦਰਿਆ ਵਗਦਾ ਸੀ । ਜੀਹਦਾ ਪਾਣੀ ਨੀਲਾ ਹੁੰਦਾ ਸੀ । ਜੀਹਦੇ ਵਿੱਚ ਰਾਤ ਦੀ ਬਰਸਾਤ ਨੇ ਮਿੱਟੀ ਦਾ ਰੰਗ ਘੋਲ ਦਿੱਤਾ ਸੀ । ਹਜ਼ਾਰੇ ਦੇ ਦੇਖਦੇ ਦੇਖਦੇ ਸੂਰਜ ਪਤਲੇ ਬੱਦਲਾਂ ਵਿੱਚੀਂ ਡੰਡੋਤ ਕਰਦਾ ਸਿਖਰਲੀਆਂ ਪਹਾੜੀਆਂ ਓਹਲੇ ਖਿਸਕ ਗਿਆ । ਨਾਲੇ ਦੇ ਸੱਜੇ ਖੱਬੇ ਥੋੜ੍ਹੀ ਵਿੱਥ 'ਤੇ ਦਿੱਭ, ਕਾਹੀ ਤੇ ਨੜਿਆਂ ਦੀਆਂ ਹੋਰ ਸੰਘਣੀਆਂ ਝੁੰਡੀਆਂ ਆ ਗਈਆਂ ਜਿਹਨਾਂ ਦੀ ਹਰੀ ਭਾਅ ਨੇ ਉਸ ਦੀਆਂ ਅੱਖਾਂ ਅੱਗੇ ਕੋਰਾ ਨੇਰ੍ਹਾ ਈ ਕਰ ਛੱਡਿਆ । ਸ਼ਾਮ ਦੀ ਬਦਲਦੀ ਰੋਸ਼ਨੀ ਵਿੱਚ ਦੂਰ ਦਰਿਆ ਦਾ ਰੰਗ ਫੇਰ ਬਦਲ ਗਿਆ । ਕਿੰਨਾ ਕੁੱਝ ਬਦਲ ਗਿਆ ਸੀ । ਕਿੰਨਾ ਕੁੱਝ ਵਧ ਫੁੱਲ ਗਿਆ ਸੀ ਤੇ ਬੜਾ ਕੁੱਝ ਖ਼ਤਮ ਹੀ ਹੋ ਗਿਆ ਸੀ । ਜਦੋਂ ਉਹ 'ਬਾਡਰ' ਟੱਪ ਕੇ ਇੱਧਰ ਆਏ ਤਾਂ ਉਹਨਾਂ ਦੀ ਕਿਹੜਾ ਇੱਧਰ ਕੋਈ 'ਅਪਰੋਚ' ਸੀ । ਅਗਲਿਆਂ ਵਧੀਆ ਜ਼ਮੀਨਾਂ ਆਪਣਿਆਂ 'ਚ ਵੰਡ ਦਿੱਤੀਆਂ ਤੇ ਉਹਨਾਂ ਨੂੰ ਐਈਥੇ ਆਹ ਟੋਏ ਟਿੱਬੇ ਅਲਾਟ ਕਰ ਦਿੱਤੇ ਸਨ । ਪਈ ਮਰੀ ਜਾਓ । ਦੋ ਪੀੜ੍ਹੀਆਂ ਦੀ ਜੁਆਨੀ ਪਹਾੜੀ ਪੱਥਰਾਂ ਤੇ ਦਿੱਭ ਕਾਹੀ ਦੇ ਝੁੰਡ ਪੁੱਟਦੇ ਈ ਨਿਕਲ ਗਈ । ਪਹਿਲੋਂ ਥੋੜ੍ਹੀ ਭੋਇੰ ਪੱਧਰ ਕੀਤੀ । ਬੀਜੀ । ਹੋਰ ਰੋਟੀ ਕਿਨ...ਕਿੱਥੋਂ ਦੇਣੀ ਸੀ । ਫੇਰ ਸਾਲ ਦਰ ਸਾਲ ਹਲਾਂ ਹੇਠ ਜ਼ਮੀਨ ਵਧੀ ਗਈ ।

'ਧਰਤੀ ਗੋਲ਼ ਅੰਡਾਕਾਰ ਹੈ'

ਹਜ਼ਾਰਾ ਦੋ ਵਾਰ ਦਸਵੀਂ 'ਚੋਂ ਫੇਲ੍ਹ ਹੋਇਆ ਤਾਂ ਉਸ ਨੂੰ ਕਿਤਾਬਾਂ ਝੂਠੀਆਂ ਜਾਪਦੀਆਂ । ਗੋਲ਼ ਕਿੱਥੇ ਆ? ਧਰਤੀ ਤੇ ਚਪਟੀ ਪਈ ਆ । ਫੇਰ ਖ਼ਿਆਲ ਆਉਂਦਾ ਪਈ ਗੋਲ਼... ਨਾ ਕੇ... ਚਪਟੀ ਧਰਤੀ ਦੀ ਮਿੱਟੀ, ਪੱਥਰਾਂ ਤੇ ਪਾਣੀਆਂ ਉੱਤੇ ਕਬਜ਼ਾ ਕਰਨ ਲਈ ਦੁਨੀਆ ਦੀ ਹਰ ਸ਼ੈਅ ਤਰਲੋ ਮੱਛੀ ਹੋ ਰਹੀ ਆ । ਓਹਦੇ ਵਿਆਹ ਤੋਂ ਯਕਦਮ ਬਾਅਦ ਓਹਦੇ ਪਿਓ ਨੇ ਟਰੈਕਟਰ ਲੈ ਆਂਦਾ ਤੇ ਇੱਕ ਸਾਲ 'ਚ ਈ ਸਾਰੀ ਭੋਇੰ ਲੋਟ ਕਰ ਦਿੱਤੀ । ਟਿੱਬੇ ਘੜੀਸ ਦਿੱਤੇ । ਟੋਏ ਪੂਰ ਦਿੱਤੇ । ਰਾਤਾਂ ਲਾਈਆਂ । ਸਰਕੜੇ, ਦਿੱਬ, ਕਾਹੀ, ਨੜੇ ਸਭ ਰਗੜ 'ਤੇ । ਫਲਾਹੀਆਂ, ਟਾਹਲੀਆਂ, ਕਿੱਕਰਾਂ । ਮੁੰਜ, ਮਾਹਲਾ, ਮਰੂਨਾ । ਮਸ਼ੀਨਰੀ ਦੇ ਜ਼ੋਰ ਪੂਰੇ ਪੱਚੀ ਕਿੱਲੇ ਭੋਇੰ ਪੈਰ ਦੀ ਜੁੱਤੀ ਹੇਠ ਕਰ ਲਈ । ਪੂਰੇ ਬੇਲੇ ਦੀ ਮਿੱਟੀ ਤਾਸ਼ ਦੇ ਪੱਤਿਆਂ ਵਾਂਗ ਫੈਂਟ ਕੇ ਰੱਖ ਦਿੱਤੀ । ਇੱਕ ਪਾਸੇ ਦਰਿਆ । ਦੂਜੇ ਬੰਨੇ ਪਹਾੜੀਆਂ ਉਹਨਾਂ ਦੀ ਮਾਲਕੀ ਦੀਆਂ ਝੰਡੀਆਂ ਸਨ । ਬਾਕੀ ਦੋਏਾ ਪਾਸੀਂ ਬਨਵਾਸੀ ਜਿਹੇ ਪਾਪੂਲਰ ਤੇ ਸਫ਼ੈਦੇ ਲਾ 'ਤੇ । ਸ਼ਾਮਲਾਤ ਤੇ ਵਕਫ਼ ਦੀ ਜ਼ਮੀਨ ਵੀ ਬਿਨਾਂ ਜਰੀਬ ਤੋਂ ਈ ਦੱਬ ਲਈ... ਤਾਂ ਵੀ ਆਹ ਨੜਿਆਂ ਦੀਆਂ 'ਬਸਤੀਆਂ' ਧਰਤੀ 'ਚੋਂ ਫੇਰ ਪਤਾ ਨਈਂ ਕਿੱਥੋਂ.... ਕਦੋਂ ਨਿਕਲ ਪਈਆਂ ਤੇ ਹਜ਼ਾਰੇ ਦਾ ਰਾਹ ਰੋਕ ਰਹੀਆਂ ਲੱਗੀਆਂ । ਹਰ ਦਮ ਇਹ ਕੁਦਰਤੀ ਸਮਾਨ ਉਸ ਦੀਆਂ ਡੋਲਾਂ ਤੋਂ ਸੂਤ ਸੂਤ ਵਧਦਾ ਤੁਰਿਆ ਆਉਂਦਾ... ਪਤਾ ਨਹੀਂ ਕਦੋਂ ਚਮਰੋਹੜ ਜਾਂ ਪਰਦੇਸੀ ਰੁੱਖਾਂ ਦੇ ਗਲ਼ ਲੱਗ ਚਿ੍ਹੱਬੜਾਂ ਤੇ ਕਤੂਰੀਆਂ ਦੀਆਂ ਵੇਲਾਂ ਉਤਾਂਹ ਸਿਖਰ ਚੜ੍ਹ ਜਾਂਦੀਆਂ...

... ਓਹਦੀ ਜੁੱਤੀ ਅੰਦਰ ਪਾਣੀ ਚਲੇ ਗਿਆ ਸੀ । ਪੈਰਾਂ ਨੂੰ ਠੰਢ ਲੱਗੀ । ਮੁੱਕਦੀ ਸ਼ਾਮ ਠੰਢ ਉਸ ਦੇ ਗਿੱਟਿਆਂ ਤੋਂ ਉਤਾਂਹ ਨੂੰ ਤੁਰਨ ਲੱਗੀ... ਤੇ ਇਹ ਠੰਢ ਹਰ ਕਦਮ ਉਸ ਦੀ ਸੋਚ ਦਾ ਲਹਿਜ਼ਾ ਬਦਲੀ ਜਾਂਦੀ... ਰਾਜੂ... ਉਸ ਦੀਆਂ ਝੂੰਗੀਆਂ... ਘੂਰਦੀਆਂ ਮੱਝੀਆਂ... ਕੱਟੀ... ਹਾਲੇ ਨਈਂ...

''ਦੋ ਵਾਰੀ ਸੁਨੇਹਾ ਦਿੱਤਾ ਬੱਚਿਆਂ ਘਰੋਂ । ਘਰੇ ਜਾ ਕੇ । ਆਹ ਤੀਈਆ ਗੇੜਾ ਈ । ਸਾਲੇ ਅੱਖਾਂ ਦੇ... ਹੁੰਦਾ ਮੈਂ ਘਰੇ ।''

ਚੜ੍ਹੇ ਸਾਹ ਨੂੰ ਸੂਤ ਕਰਨ ਲਈ ਉਹ ਬੋਲਦਾ ਗਿਆ । ਜੇ ਉਸ ਨੂੰ ਰਾਜੂ ਜਾਂ ਉਸ ਦੀਆਂ ਝੂੰਗੀਆਂ ਹੁਣ ਤੱਕ ਨਾ ਦਿਸਦੀਆਂ ਤਾਂ ਭਾਵੇਂ ਉਸ ਨੂੰ ਦਿਲ ਦਾ ਦੌਰਾ ਈ ਪੈ ਜਾਂਦਾ । ਲੜਨਾ ਤਾਂ ਕੀ ਉਹ ਉਂਜ ਰਾਜੂ ਦੇ ਮੂੰਹ ਵੀ ਨਹੀਂ ਲੱਗਣਾ ਚਾਹੁੰਦਾ ਸੀ । ਕਿੰਨਾ ਸਮਾਂ ਲੰਘ ਗਿਆ । ਮੂੰਹ ਲੱਗਣ ਦਾ ਐਂਤਰਾਂ ਦਾ ਕੋਈ ਮੌਕਾ ਈ ਨਈਂ ਸੀ ਬਣਿਆ । ਗੱਲ ਵੀ ਕੋਈ ਨਹੀਂ ਹੋਈ ਕਦੇ ਐਂਜ ਦੀ ।

''ਖਬਰੇ ਸਹੁਰਿਆਂ ਨੂੰ ਆਹ ਕਿਹੜਾ ਭੂਤ ਚੰਬੜ ਗਿਆ । ਉਦੋਂ ਚੱਕ ਦਿੰਦੇ ਤਾਂ ਠੀਕ ਹੀਅ । ਇਹ ਕਿਹੜੇ ਮਾਲਕ ਹੀਅ । ...ਪਰ ਮਜਬੂਰੀ ਵੀ ਆਪਣੀ ਹੀਅ । ਵਕਫ਼ ਸੀ ਸਾਰਾ । ਚਲੋ । ... ਇੱਕੋ ਝੂੰਗੀ ਹੀਅ ਉਦੋਂ ।'' ਓਹਦੀ ਨਿਗ੍ਹਾ ਦੇ ਫੇਰ 'ਚ ਸ੍ਹਾਮਣੇ ਰਾਜੂ ਬੁੜ੍ਹੇ ਦੀਆਂ ਛੇ ਝੂੰਗੀਆਂ ਆ ਗਈਆਂ ।

''ਪਹਿਲੋਂ ਇੱਕੋ ਹੁੰਦੀ ਹੀਅ । ਕਿੰਨਾ ਵਾਧਰਾ ਹੋ ਗਿਆ ਕੇ ... ਟਿੱਡ ਦਾ ।''

ਦਰਿਆ ਤੋਂ ਦੋ ਘੁਮਾਂ ਉਰ੍ਹਾਂ ਹਟਵੀਆਂ ਛੇ ਵੱਖੋ ਵੱਖਰੇ ਲਿਬਾਸ ਦੀਆਂ ਝੂੰਗੀਆਂ ਕਿੰਨਾ ਕੁਝ ਆਪਣੇ ਅੰਦਰ ਲਕੋਈ ਖਲੋਤੀਆਂ ਸਨ...

... ਪਹਾੜੀਆਂ ਦੇ ਨਾਲ ਨਾਲ ਰਾਜੂ ਵਰਗਿਆਂ ਦੀਆਂ ਬਹੁਤ ਸੰਘਣੀਆਂ ਅਬਾਦੀਆਂ ਸਨ । ਪਿੰਡਾਂ ਦੇ ਪਿੰਡ । ਪਰ ਉਸ ਦਾ ਆਪਣਾ ਟੱਬਰ, ਪੁੱਤ, ਪੋਤੇ ਇਹਨਾਂ ਝੂੰਗੀਆਂ ਵਿੱਚ ਸਾਰੀਆਂ ਅਬਾਦੀਆਂ ਤੋਂ ਦੂਰ ਉਸ ਦੀ ਸਮਝ ਤੋਂ ਕਿਤੇ ਪਹਿਲਾਂ ਸਦੀਆਂ... ਸਦੀਆਂ... ਤੋਂ ਜਿਓਂਦੇ ਮਰਦੇ ਚਲੇ ਆ ਰਹੇ ਸਨ । ਕਦੇ ਇੱਕੋ ਝੂੰਗੀ ਹੁੰਦੀ ਸੀ ਜਿਹੜੀ ਬਾਰ ਬਾਰ ਢਾਹੀ ਤੇ ਫੇਰ ਓਹੀ ਬਣਾਂ ਦੀ ਲੱਕੜ ਨਾਲ ਬਣਾਈ ਤੇ ਉੱਤੇ ਫੂਸ, ਕਾਨਿਆਂ ਦੀ ਛੱਤ ਪਾਈ ਸੀ । 'ਟਿੱਡ' । ਹੁਣ ਛੇ ਝੂੰਗੀਆਂ ਸਨ । ਭਾਵੇਂ ਇਹ ਅਬਾਦੀਆਂ ਤੋਂ ਪਰ੍ਹੇ ਸਨ ਤਾਂ ਵੀ ਇਹ ਰਫ਼ੂਜੀਆਂ ਦੀ ਪੰਚਾਇਤ 'ਚ ਬੋਲਦੀਆਂ ਸਨ । ਪਾਕਿਸਤਾਨੀ ਜਿਮੀਂਦਾਰਾਂ ਦੇ ਛਿੱਦਰੇ ਛਿੱਦਰੇ ਪੰਜ ਸੱਤ ਮੀਲਾਂ 'ਚ ਫੈਲੇ ਘਰਾਂ ਨੂੰ ਜੋੜ ਕੇ ਬਣਾਈ ਪੰਚਾਇਤ ਦਾ ਨਾਂਓ ਗੜ੍ਹੀਵਾਲ ਰੱਖਿਆ ਹੋਇਆ ਸੀ । ਪਰ ਅਸਲੀ ਅਰਥਾਂ ਵਿੱਚ ਇਹ ਝੂੰਗੀਆਂ ਪੰਚਾਇਤ ਵਿੱਚ ਆਉਂਦੀਆਂ ਹੀ ਨਹੀਂ ਸਨ । ਪੰਚਾਇਤ ਦਾ ਅਸਰ ਇਹਨਾਂ ਝੂੰਗੀਆਂ ਤੱਕ ਕਦੇ ਗਿਆ ਹੀ ਨਹੀਂ ਸੀ । ਉਂਜ ਰਾਜੂ ਨੂੰ ਇੱਕ ਵਾਰ ਪਿੰਡ ਵਾਲਿਆਂ ਨੇ ਪੈਂਚ ਬਣਾ ਲਿਆ ਸੀ । ਉਪਰੋਂ ਕੋਈ ਹੁਕਮ ਜਿਹਾ ਆ ਗਿਆ ਸੀ । ਕਿਤੇ 'ਕਾਗਤਾਂ' ਵਿੱਚ ਉਸ ਦਾ ਨਾਂਓ ਤੇ 'ਗੂਠਾ ਸੀ । ਪਰ ਕਿਸੇ ਨੇ ਕਦੇ ਉਸ ਨੂੰ ਪੰਚਾਇਤ ਵਿੱਚ ਬੁਲਾਇਆ ਨਹੀਂ ਸੀ । ਐਹੋ ਜਿਹੀਆਂ ਪੰਚਾਇਤਾਂ ਤੋਂ ਉਹ ਆਪ ਵੀ ਦੂਰ ਹੀ ਰਹਿਣਾ ਠੀਕ ਸਮਝਦਾ । ਪੰਚਾਇਤ ਦੇ ਉਸ ਲਈ ਹੋਰ ਈ ਅਰਥ ਸਨ । ਉਸ ਦੀ ਸੋਝੀ ਵਿੱਚ ਇੱਕੋ ਵਾਰ ਪੰਚਾਇਤ ਜੁੜੀ ਸੀ । ਉਦੋਂ ਉਸ ਦੇ ਭਾਈ ਬਾਜੂ ਜਿਸ ਨੂੰ ਉਹ ਛੋਟਾ ਸਮਝਦਾ ਸੀ, ਦੀ ਕੁੜੀ ਦਾ ਰੁਪੱਈਆ ਮੁੜਾਉਣ ਜਾਣਾ ਸੀ । ਰਾਜੂ ਤੇ ਬਾਜੂ ਉਂਜ ਜੌੜੇ ਜੰਮੇ ਸਨ ਤਾਂ ਵੀ ਦੋ ਪਲ ਪਹਿਲਾਂ ਜੰਮਣ ਕਰਕੇ, ਬਾਜੂ ਦੇ ਨਿਆਣੇ ਉਸ ਨੂੰ ਤਾਇਆ ਕਹਿ ਕੇ ਬੁਲਾਉਂਦੇ ਸਨ । ਇਨਸਾਫ਼ ਦੀ ਗੱਲ ਸੀ ।

''ਜਿੰਨੇ ਬੰਦਿਆਂ, ਰਿਸ਼ਤੇਦਾਰਾਂ, ਨਾਤੀਆਂ, ਗੋਤੀਆਂ ਸ੍ਹਾਮਣੇ ਰੁਪੱਈਆ ਫੜਿਆ ਓਨਿਆਂ ਦੀ ਹਾਜ਼ਰੀ ਵਿੱਚ ਰੁਪੱਈਆ ਮੋੜਣਾ ਪਊ'', ਵਿਚੋਲਾ ਇਸ ਅਚਾਨਕ ਜੁੜੀ ਪੰਚਾਇਤ ਦਾ ਮੂਹਰਲਾ ਬਣਿਆ ਹੋਇਆ ਸੀ । ਮੁੰਡੇ ਵਾਲਿਆਂ ਤੋਂ ਸ਼ਗਨਾਂ ਦਾ ਰੁਪੱਈਆ ਮੁੜਾ ਕੇ, ਅਵਾ ਤਵਾ ਬੋਲ ਕੇ, ਚਾਹ ਪਾਣੀ ਉਹਨਾਂ ਆਪਣੀਆਂ ਝੂੰਗੀਆਂ ਵਿੱਚ ਆ ਕੇ ਹੀ ਪੀਤਾ ਸੀ । ਪੰਚਾਇਤ ਦੇ ਰਾਜੂ ਲਈ ਕੋਈ ਚੰਗੇ ਅਰਥ ਨਹੀਂ ਸਨ । ‘ਕੁੱਤਾ ਕੰਮ’ । ਤਾਂ ਵੀ ਮਜਬੂਰਨ ਉਦੋਂ ਜਦੋਂ ਉਹ ਪੈਂਚ ਬਣਿਆ ਸੀ, ਜਿੰਦਗੀ 'ਚ ਪਹਿਲੀ ਵਾਰੀ ਉਸ ਦਾ 'ਗੂਠਾ ਲਵਾਇਆ ਗਿਆ ਸੀ । 'ਗੂਠੇ 'ਤੇ ਸੁੱਕੀ ਜਾਮਣੀ ਰੰਗ ਦੀ ਸਿਆਹੀ ਉਸੇ ਦਿਨ ਸ਼ਾਮ ਤੱਕ ਕੰਮ ਕਰਦੇ ਕਰਦੇ ਘਸ ਕੇ ਭੁੱਲ ਗਈ ਸੀ... ਕੰਮ... ਕੰਮ... ਬਸ ਕੰਮ...

ਕੰਮ ਤਾਂ ਰਾਜੂ ਕੋਲੇ ਬਥੇਰਾ ਸੀ ।

ਦਰਿਆ ਦੇ ਵੱਡੇ ਪੁਲ ਤੋਂ ਲੈ ਕੇ ਵੱਡੀ ਪਹਾੜੀ ਤੱਕ ਵਿਚਾਲੜੇ ਚੌਵੀ ਪਿੰਡਾਂ ਦੀਆਂ ਉਹ ਜੁੱਤੀਆਂ ਗੰਢਦਾ ਹੁੰਦਾ ਸੀ । ਝੂੰਗੀਆਂ ਤੋਂ ਦਰਿਆ ਦੇ ਰੁਖ਼ ਸੰਘਣੀ ਡੇਕ ਥੱਲੇ ਛੋਟੀ ਜਹੀ ਖੂਹੀ ਦੇ ਨਾਲ ਟੁੱਟੇ ਛਿੱਤਰਾਂ ਦਾ ਢੇਰ ਲੱਗਿਆ ਹੁੰਦਾ । ਏਸ ਡੇਕ ਦੀ ਛਾਂ ਵਿੱਚ ਉਸ ਦਾ ਅੱਡਾ ਸੀ । ਲੱਕੜ ਦੀ ਪੁਰਾਣੀ ਮਸਾਲੇਦਾਨੀ ਵਿੱਚ ਮੇਖਾਂ, ਬਰੰਜੀਆਂ ਤੇ ਸੂਤ ਪਿਆ ਹੁੰਦਾ । ਕੱਪੜੇ 'ਚ ਲਪੇਟੀਆਂ ਆਰਾਂ, ਕੰਡਿਆਰੀਆਂ, ਰੰਬੀਆਂ... ਜਮੂਰ... ਤੇ ਨਿੱਕ ਸੁੱਕ ਵਿੱਚ ਝੱਟ ਗੁੰਮ ਜਾਂਦੀਆਂ ਮੋਮ ਦੀਆਂ ਫਿੰਡਾਂ ਜਿਹਨਾਂ ਨੂੰ ਸਭ ਤੋਂ ਵੱਧ ਗਾਲ਼ਾਂ ਪੈਂਦੀਆਂ ।

''ਸਹੁਰਾ, ਕਿੱਥੇ ਘੁਸ ਗਿਆ ਮੋਮ...'' ਤੇ ਮੋਮ ਦੇ ਕਾਲੇ ਗੋਲਿਆਂ ਉੱਤੇ ਵੱਟਿਆ ਸੂਤ ਖਿੱਚ ਖਿੱਚ ਕੇ ਲਾਸਾਂ ਪਈਆਂ ਹੁੰਦੀਆਂ । ਨਾਲ ਹੀ ਵੱਡੇ ਫੌਜੀ ਬਕਸੇ ਵਿੱਚ ਪੁਰਾਣੀਆਂ ਬੁੱਤਾ ਸਾਰਨ ਵਾਲੀਆਂ ਕੁਰਮ, ਨਰੀ, ਭੇਡੀ, ਧੌੜੀ ਦੀਆਂ ਟਾਕੀਆਂ, ਪੱਚਰਾਂ, ਜਿਹੜੀਆਂ ਕੰਡਮ ਜੁੱਤੀਆਂ ਉਧੇੜ ਕੇ ਇਕੱਠੀਆਂ ਕੀਤੀਆਂ ਹੁੰਦੀਆਂ । ਉਸ ਦੇ ਬਿਲਕੁੱਲ ਸ੍ਹਾਮਣੇ ਪੱਥਰ ਉੱਚਾ ਕਰ ਕੇ ਟਿਕਾਇਆ ਹੁੰਦਾ ਜਿਹੜਾ ਚੌਰਸ ਨਹੀਂ ਸੀ । ਪਾਣੀ ਦਾ ਠ੍ਹੀਕਰਾ । ਜਿਸ ਦਾ ਪਾਣੀ ਪੁਰਾਣੀ ਸ਼ਰਾਬ ਦੇ ਰੰਗ ਦਾ ਹੁੰਦਾ । ਬੁਰਸ਼ । ਮੋਗਰਾ । ਕੁਆਈ । ਟਾਕਣੇ... ਤੇ ਫਲ੍ਹੀ ਜਿਸ ਨੂੰ ਕਦੇ ਹੱਥ 'ਚ ਲੰਬੀ ਫੜ ਕੇ ਬੱਚਿਆਂ ਨੂੰ ਮਜ਼ਾਕ 'ਚ ਡਰਾ ਦਿੰਦਾ ਸੀ । ਤੇ ਪਿੱਤਲ ਦਾ ਹੁੱਕਾ ਚੁੰਘਦਾ ਗੰਢ ਤੁੱਪ ਕਰੀ ਜਾਂਦਾ । ਦਿਹਾੜੀ 'ਚ ਕਈ ਵਾਰੀ ਚਿਲਮ ਭਰਨ ਲਈ ਅੱਗ ਪਿੱਛੇ ਆਪਣੀ ਤੀਮੀਂ ਨਾਲ ਖਹਿਬੜਦਾ...

''ਤੂੰ ਖ਼ਿਆਲ ਰੱਖੀਂ ਮੇਰੀ ਇੱਕ ਗੱਲ ਦਾ... ਸੁਣਦੀ ਐਂ । ਬੁੜ੍ਹੀ ਹੱਡੀ ਟੁੱਟੀ ਜੁੜਦੀ ਨੀਂ ਹੁੰਦੀ ।''

ਹਰ ਵੇਲੇ ਕੋਈ ਨਾ ਕੋਈ ਟੁੱਟੀ ਜੁੱਤੀ ਹੱਥ ਵਿੱਚ ਫੜੀ ਉਸ ਦੇ ਸਿਰ੍ਹਾਣੇ ਖੜ੍ਹਾ ਹੁੰਦਾ । ਛੇਈਂ ਮਹੀਨੀਂ ਗੇੜਾ ਲਾਉਣ ਵਾਲਾ ਕਦੇ ਕੋਈ ਮੌਜੀ ਬੰਦਾ ਗੁਰਕਾਬੀਆਂ, ਖੁੱਸਿਆਂ ਤੇ ਮੌਜਿਆਂ ਦਾ ਝੋਲਾ ਭਰ ਕੇ ਛੱਡ ਜਾਦਾ:

''... ਸ਼ਾਮਾਂ ਤੱਕ?''

''ਟੈਮ ਲੱਗ ਜਾਣਾ ਸਰਦਾਰ, ਤੂੰ ਨਾ ਆਈਂ । ਮੈਂ ਆਪੇ ਭੇਜੂੰ ਮੁੰਡੇ ਨੂੰ '' ਤਾਂ ਵੀ ਉਸ ਨੂੰ ਪਤਾ ਹੁੰਦਾ ਕਿ ਐਹੋ ਜਿਹੇ ਸ਼ਕੀਨਾਂ ਨੂੰ ਉਸ ਦੀ ਕਾਰੀਗਰੀ ਰਾਸ ਨਹੀਂ ਆਉਂਦੀ । ਉਸ ਦਾ ਕਸਬ ਟੌਹਰੀ ਜੁੱਤੀਆਂ ਦਾ ਕੀ ਸਵਾਰ ਸਕਦਾ ਸੀ । ਝਾੜ ਝੂੜ ਕੇ ਝੋਲਾ ਉਵੇਂ ਈ ਮੋੜ ਦਿੰਦਾ । ਜੀਹਦਾ ਉਲਾਂਭਾ ਦੇਰ ਸਵੇਰ ਉਸ ਦੇ ਠੀਹੇ 'ਤੇ ਆ ਵੱਜਦਾ....

''ਕੀਤਾ ਤੇ ਕੁੱਝ ਹੈ ਨਈਂ । ਜੁੱਤੀ ਦੀ ਕੋਰ ਉਵੇਂ ਈ ਲਗਦੀ ਆ ਬਾਬਿਆ'', ਪਰ ਰਾਜੂ ਦੀ ਹੋਰ ਗਾਹਕੀ ਕਿਤੇ ਥੋੜ੍ਹੀ ਸੀ । ਹਲਾਂ ਮਗਰ, ਬਣਾਂ ਵਿੱਚ ਘੁਮੰਣ ਵਾਲਿਆਂ ਦੀਆਂ ਜੁੱਤੀਆਂ ਕਿਤੇ ਖੜ੍ਹਦੀਆਂ । ਉਸ ਦਾ ਆਪਣੀ ਕਿਸਮ ਦਾ ਕਸਬ ਸੀ, ਜੀਹਦਾ ਉਹ ਚੋਰ ਵੀ ਸੀ । ਬਣਾਂ ਵਿੱਚੋਂ ਡੂਮਣਿਆਂ ਦੇ ਛੱਤੇ ਲੱਭ ਜਾਂਦੇ । ਮੁਖ਼ਤ ਦਾ ਮੋਮ ਬਣ ਜਾਂਦਾ । ਹੋਰ ਪੱਲਿਓਂ ਉਹ ਲਾਉਂਦਾ ਕੀ ਸੀ? ਰੰਗ, ਬਦਰੰਗ ਟਾਕੀਆਂ ਅਗਲੇ ਦਾ ਮੂੰਹ ਦੇਖ ਕੇ ਜੜੀ ਜਾਂਦਾ । ਬਸ ਸ਼ਹਿਰ ਤੋਂ ਦੋ ਤਿੰਨ ਚੀਜ਼ਾਂ ਮੁੰਡੇ ਤੋਂ ਮੰਗਵਾਉਂਦਾ । ਬਰੰਜੀਆਂ, ਮੇਖਾਂ, ਸੂਤ । ਜੇ ਉਹ ਆਪ ਸ਼ਹਿਰ ਜਾਂਦਾ ਤਾਂ ਬਾਹਰੋ ਬਾਹਰੀ ਚੰਦੇਲ ਨਾਈ ਤੋਂ ਹਜਾਮਤ ਕਰਾ ਕੇ ਮੁੜ ਆਉਂਦਾ । ਦੋ ਢਾਈ ਮਹੀਨੇ ਪਿੱਛੋਂ ਵੀ ਨਾਈ ਦੇ ਖੋਖੇ ਤੋਂ ਬਾਹਰ ਪਹਿਲਾਂ ਭਾਅ ਜਰੂਰ ਕਰਦਾ:

...ਓ ਤੂੰ ਮੰਨ ਜਾ । ਮੇਰੇ ਕੋਲ ਆਹੀ ਡੂਢ ਰਪੱਈਆ ।

... ਐਨੇ ਨੀਂ ਮੈਂ ਦੇਣੇ । ਤੂੰ 'ਕੱਲਾ ਹੀ ਨਾਈ ਐਂ ਕਿਤੇ ਐਥੇ?

... ਕਰਦੇ...ਕਰਦੇ... ਤੂੰ ਮੇਰਾ ਸ਼ੇਰ, ਊਂ ਵੀ ਤੂੰ ਵਿਹਲਾ ਬੈਠਾ ।

... ਤੈਂ ਕਿਹੜਾ ਕੁਛ ਲਾਉਣਾ...

ਤੇ ਨਾਈ ਮੰਨ ਜਾਂਦਾ ।

ਰਾਜੂ ਉਸ ਦਾ ਪੱਕਾ ਗਾਹਕ ਸੀ । ਉਹ ਵੀ ਆਪਣੇ ਕਸਬ ਦਾ ਚੋਰ ਸੀ । ਇਹ ਗੱਲ ਰਾਜੂ ਨੂੰ ਪਤਾ ਈ ਸੀ । ਜੀਵਨ ਮਜਬੂਰੀਆਂ ਦਾ ਸਫ਼ਰ ਸੀ । ਇਹ ਮਜਬੂਰੀਆਂ, ਮੁਥਾਜੀਆਂ ਦੀ ਗੱਲ ਬੜੀ ਵਾਰ ਕੜਕਦੀ ਉਸ ਦੇ ਬੁੜ੍ਹੇ ਸਰੀਰ 'ਚੋਂ ਗੁਜ਼ਰ ਜਾਂਦੀ ... ਤੇ ਦਿਮਾਗ਼ ਨੂੰ ਬੇਸੁਰਾ ਕਰ ਜਾਂਦੀ... ਤਾਂ ਵੀ ਹਜ਼ਾਮਤ ਕਰਾ ਕੇ, ਨਵਾਂ ਨਕੋਰ ਬਣਿਆ ਉਹ ਆਪਣੇ ਠੀਹੇ ਉੱਤੇ ਬੈਠਾ ਚੁਸਕੀਆ ਲੈਂਦਾ ਜੀਵਨ ਦਾ ਅਸਲ ਭੁੱਲ ਜਾਂਦਾ...ਤੇ ਕਦੇ ਉਸ ਨੂੰ ਲਗਦਾ ਕਿ ਓਹਦੇ ਵਰਗਾ ਕੌਣ? ਓਹ ਸਾਰਾ ਇਲਾਕਾ, ਚੌਵੀ ਪਿੰਡਾਂ ਦੀ ਅਜੀਬ ਕਿਸਮ ਦੀ ਓਹਦੀ ਰਿਆਸਤ, ਓਹਦੇ ਜਿਹਨ 'ਚ ਘੁੰਮ ਜਾਂਦੀ ਜਿਹੜੀ ਓਹਦੇ ਠੀਹੇ ਵਿੱਚ ਸਮੋਈ ਹੋਈ ਸੀ । ਸਵੇਰੇ ਜਦ ਉਹ ਆਪਣੇ ਠੀਹੇ ਵੱਲ ਨੂੰ ਆਉਂਦਾ ਤਾਂ ਬਹਿਣ ਤੋਂ ਪਹਿਲਾਂ ਕਿਸੇ ਅਗਿਆਤ ਸ਼ਕਤੀ ਨੂੰ ਹੱਥ ਜੋੜ ਕੇ, ਨਿਊਂ ਕੇ ਨਮਸਕਾਰ ਕਰਦਾ । ਆਪਣੇ ਮਨ ਵਿੱਚ ਕਿਸੇ ਦਾ ਡਰ ਭੈਅ ਪੈਦਾ ਕਰਦਾ । ਚੌਵੀ ਪਿੰਡਾਂ ਦੇ ਬਹੁਤੇ ਬਸ਼ਿੰਦਿਆਂ ਦੇ ਪੈਰਾਂ ਦੇ ਨਾਪ ਉਸ ਨੂੰ ਜ਼ਬਾਨੀ ਯਾਦ ਸਨ ਤੇ ਇਹ ਵੀ ਪਤਾ ਸੀ ਕਿ ਕਿਹੜੇ ਜੱਟ ਦੀ ਜੁੱਤੀ ਕਿੱਧਰੋਂ ਟੁੱਟਦੀ ਐ । ਜੁੱਤੀ ਦਾ ਤਲਾ ਘਸਣ ਦੇ ਹਿਸਾਬ ਤੋਂ ਪੈਰਾਂ ਵਾਲੇ ਦੇ ਸੁਭਾਅ ਬਾਰੇ ਕਿਆਫ਼ੇ ਲਾਉਣਾ ਉਸ ਦਾ ਸ਼ੁਗਲ ਸੀ । ਉਸ ਦੇ ਅੰਦਰ ਟੁੱਟੀਆਂ ਜੁੱਤੀਆਂ ਦੀ ਜ਼ੁਬਾਨੀ ਬਹੁਤ ਸਾਰੀ ਅਣਲਿਖੀ ਸਮੱਗਰੀ ਦਾ ਮਣਾਂ ਦੇ ਮਣ ਮਾਇਆ ਜਾਲ਼ ਸੀ... ਇਹਨਾਂ ਜੁੱਤੀਆਂ ਦੇ ਸਿਰ ਉਸ ਨੇ, ਉਸ ਦੇ ਬਾਪ, ਦਾਦੇ ਤੇ ਪਤਾ ਨਹੀਂ ਕਿਹੜੇ ਕਿਹੜੇ ਨਕੜ ਦਾਦੇ, ਫਕੜ ਦਾਦੇ ਨੇ ਰੋਟੀਆਂ ਖਾਧੀਆਂ ਸਨ... ਅਸਲ ਵਿੱਚ ਉਹ ਨੀਵਾਂ ਹੋ ਕੇ ਹੱਥ ਜੋੜ ਕੇ ਆਪਣੇ ਸਰੀਰ ਦੇ ਉਸ ਹਿੱਸੇ ਨੂੰ ਨਮਸਕਾਰ ਕਰਦਾ, ਯਾਦ ਰੱਖਦਾ ਤੇ ਭੁੱਲਦਾ ਨਹੀਂ ਸੀ, ਜਿੱਥੇ ਕਿ ਸਭ ਦੇ ਢਿੱਡ ਲੱਗਿਆ ਹੁੰਦਾ ਐ... ਤੇ ਜਿਊਂਦੇ ਰਹਿਣ ਦੀ ਲਾਲਸਾ ਨਾ ਉਸ ਨੇ ਕਦੇ ਤਿਆਗੀ ਸੀ... ਤੇ ਨਾ ਸਦੀਆਂ... ਸਦੀਆਂ ਪਹਿਲਾਂ ਜੰਗਲਾਂ ਪਹਾੜਾਂ 'ਚ ਨੰਗ ਧੜੰਗ ਫਿਰਦੇ ਉਸ ਦੇ ਪੁਰਾਣੇ ਪੁਰਖਿਆਂ ਨੇ ... ਤੇ ਨਾ ਹੀ ਚੌਵੀ ਪਿੰਡਾਂ ਦੇ ਕਿਸੇ ਉਸ ਬਸ਼ਿੰਦੇ ਨੇ, ਜਿਹਨਾਂ ਦੀਆਂ ਟੁੱਟੀਆਂ ਜੁੱਤੀਆਂ ਵਿੱਚੋਂ ਉਸ ਦੀ ਜੀਵਨ ਧਾਰਾ ਗੁਜਰਦੀ ਸੀ । ਜਿਹਨਾਂ ਦਾ ਕੰਮ ਉਸ ਦੇ ਪੱਥਰ ਵਰਗੇ ਹੱਥਾਂ ਨੂੰ ਵੀ ਥਕਾ ਦਿੰਦਾ ਸੀ... ਤੇ ਕਦੇ ਬਹੁਤੀਆਂ 'ਕੱਠੀਆਂ ਹੋਈਆਂ ਜੁੱਤੀਆਂ ਦਾ ਫਾਹਾ ਵੱਢਣ ਲਈ ਆਪਣੇ ਮੁੰਡੇ ਨਾਲ ਗੁੱਸੇ ਹੋ ਜਾਂਦਾ ਸੀ: ''ਬੈਠਾ ਗੋਡਿਆਂ 'ਚ ਸਿਰ ਦਈ । ਮਰਿਆਂ, ਮਰੀਜਾਂ ਮਾਂਗਣ । ਜੀਊਂਦਿਆਂ 'ਚ ਹੋਅ... ਜੀਊਂਦਿਆਂ 'ਚ ''

ਚੌਵੀ ਪਿੰਡਾਂ ਦਾ ਕੰਮ ਕਿਤੇ ਮੁੱਕਦਾ? ਜਿਸ ਨੂੰ ਨਬੇੜਦੇ ਉਹ ਦਿਹਾੜੀ 'ਚ ਕਈ ਵਾਰ ਮਰਦਾ... ਤੇ ਫੇਰ ਜਿਊ ਪੈਂਦਾ ਸੀ... ਤੇ ਇਸ ਦੇ ਬਦਲੇ ਉਸ ਨੂੰ ਮਿਲਦਾ ਕੀ ਸੀ? ਨਕਦ ਪੈਸਾ ਕੋਈ ਕੌਡੀ ਨਹੀਂ ਸੀ ਦਿੰਦਾ ਫੁੱਟੀ । ਹਾੜ੍ਹੀ ਨੂੰ ਘਰ 'ਪਰਤੀ' ਕਣਕ ਦੀ ਇੱਕ ਭਰੀ ਤੇ ਅੱਠ ਕਿੱਲੋ ਕਣਕ ਦੇ ਦਾਣੇ । ਸਾਉਣੀ ਨੂੰ ਇੱਕ ਬੰਦ ਮੱਕੀ ਤੇ ਅੱਠ ਕਿੱਲੋ ਦਾਣੇ । ਦਾਣੇ ਪਹਿਲਾਂ ਪੰਜ ਕਿੱਲੋ ਹੀ ਸਨ... ਤੇ ਜਿਹੜਾ ਡੰਗਰ ਪਸ਼ੂ ਮਰੇ ਉਸ ਦਾ ਠੇਕੇਦਾਰ... ਮਾਲਕ ਵੀ ਰਾਜੂ, ਜੀਹਦੀਆਂ ਖੱਲਾਂ ਦੀ ਖਰੀਦੋ ਫਰੋਖ਼ਤ ਸਮੇਂ ਵੱਡੇ ਠੇਕੇਦਾਰਾਂ, ਵਪਾਰੀਆਂ ਦੀ ਚੁਸਤੀ, ਠੱਗੀ ਤੋਂ ਉਸ ਨੂੰ ਕੋਈ ਨਹੀਂ ਬਚਾ ਸਕਦਾ ਸੀ । ਵੱਡੇ ਕਾਰਖ਼ਾਨੇ ਵਾਲਿਆਂ, ਦੁਆਬੀਆਂ ਨਾਲ ਰੇਟਾਂ ਦੀ ਲੜਾਈ ਵਿੱਚ ਉਹ ਸਦਾ ਹਾਰਦਾ ਆਇਆ ਸੀ । ਨਾ ਇਹ ਲੜਾਈ ਕਦੇ ਮੁੱਕਣੀ ਸੀ । ਮੁਰਦੇ ਪਸ਼ੂਆਂ ਦੇ ਸੁਨੇਹੇ, ਫੜੱਕ ਉਸ ਦੀ ਝੂੰਗੀ ਜਾ ਪੁੱਜਦੇ । ਕੱਟੇ, ਕੱਟੀਆਂ, ਬਲਦ, ਮੱਝਾਂ, ਗਊਆਂ, ਬੱਕਰੀਆਂ, ਊਂਟ । ਤਾਂ ਵੀ ਕਦੇ ਚੌਵੀ ਪਿੰਡਾਂ ਦੇ ਕਿਸੇ ਜ਼ਿਮੀਦਾਰ ਨੂੰ ਰਾਜੂ ਉਲਾਂਭਾ ਭੇਜਦਾ ਜਿਸ ਨੇ ਉਸ ਨੂੰ ਦੂਰ ਉੱਚੀ ਪਹਾੜ੍ਹੀ 'ਤੇ ਘਾਹ ਚੁੱਗਦੇ ਡੰਗਰ ਦੇ ਤਿ੍ਹਲਕ ਕੇ ਡਿੱਗਣ, ਮਰਨ ਦਾ ਰੁੱਕਾ ਨਹੀਂ ਭੇਜਿਆ ਸੀ ।

''ਉਸ ਨੂੰ ਕਹੀਂ । ਮੀਂਹ ਜਾਓ । ਸਿਆਲ ਜਾਓ । ਚੌਵੀ ਘੰਟੇ ਮੈਂ ਠੀਹੇ ਪਰ ਬੈਠਦਾਂ । ਕਿਉਂ ਨਹੀਂ ਦਿੱਤਾ ਸੁਨੇਹਾ । ਭਮਾਂ ਕੌਂ ਹੱਥ ਸੁਨੇਹਾ ਭੇਜਦਾ.... ਜਰੂਰ ਕਹੀਂ । ਯਾਦ ਨਾਲ... ਗਰੀਬ ਦਾ ਊਈਂ ਨਾ ਕਰੀ ਜਾਓ ਕੂੰਡਾ ।''

ਓਧਰ ਤੀਮੀਂ ਓਹਦੀ ਪੈਸੇ ਪੈਸੇ ਦਾ ਹਿਸਾਬ ਲਾਉਂਦੀ । ਪੱਲੇ ਨਾ ਹੁੰਦਾ ਧੇਲਾ, ਤੇ ਵੱਧ ਰੇਟ 'ਤੇ ਉਧਾਰ ਦਿੱਤੇ ਮਾਲ ਦੇ ਪੈਸੇ ਨਾ ਮੁੜਦੇ ਜਾਂ ਦੇਰ ਹੋ ਜਾਂਦੀ ਤਾਂ ਉਹ ਛੋਟੀ ਜ਼ਨਾਨਾ ਹੁੱਕੀ ਚੁੰਘਦੀ ਜ਼ੋਰ ਨਾਲ ਖੰਘਦੀ:

''ਤੇਰੇ ਪਰ ਕਹੇ ਦਾ ਕਿਹੜਾ ਅਸਰ ਹੁੰਦਾ । ਜਿੰਨਾ ਮਰਜੀ ਭੌਂਕੀ ਜਮਾਂ । ਫਸਣਾ ਤੈਂ ਫੇਰ ਦੁਆਬੀਆਂ ਕੋਲੇ ।''

ਉਂਜ ਰਾਜੂ ਆਪਣੇ ਕਸਬ ਦਾ ਇਸ ਪਾਸੇ ਦਾ ਵੀ ਚੋਰ ਸੀ । ਜੇ ਮੌਕੇ ਦੇ ਮੌਕੇ ਉਸ ਦੇ ਮਨ 'ਚ ਮਾਲ ਦੇ ਘੱਟ ਪੈਸੇ ਮਿਲਣ ਦੀ ਗੱਲ ਟਿਕੀ ਹੁੰਦੀ ਜਾਂ ਤੀਮੀਂ ਤੋਂ ਤਾਜ਼ੀ ਤਾਜ਼ੀ ਕੁਪੱਤ ਹੋਈ ਹੁੰਦੀ ਤਾਂ ਵਪਾਰੀ ਨੂੰ ਝੂੰਗੀਆਂ ਦੇ ਬਾਹਰੋਂ ਈ ਮੋੜ ਦਿੰਦਾ । ਬਹਿਣ ਨੂੰ ਵੀ ਨਾ ਕਹਿੰਦਾ:

''ਨਾ ਬਈ, ਹੈ ਨੀਂ ਮਾਲ'' ਤੇ ਉਮੀਦ ਕਰਦਾ ਕਿ ਦੁਪਹਿਰ ਤਾਈਂ ਕੋਈ ਕਲਾਹੇ ਪਿੰਡ ਦਾ ਉਹ ਲੰਬੇ ਲੜੂਏ ਵਾਲਾ ਆ ਜਾਵੇ । ਤੇਜੀ ਦਾ ਕੁੱਟਿਆ । ਜੀਹਨੂੰ ਮੰਜਾ ਡਾਹ ਕੇ, ਪਾਣੀ ਪਿਲਾ ਕੇ, ਘਰ ਬੱਚਿਆਂ ਦੀ ਸੁੱਖ ਸਾਂਦ ਪੁੱਛ ਕੇ ਤੇ ਆਪਣੀ ਤੀਮੀਂ ਨੂੰ ਚਾਹ ਧਰਨ ਲਈ ਕਹਿ ਕੇ, ਮਲ੍ਹਕ ਦੇ ਕੇ ਪੁੱਛੇ:

''ਕਟਾਹਲ ਦਾ ਕੀ ਰੇਟ ਐ ਹੁਣ''

ਪਰ ਵਪਾਰੀ ਜਿਹੜੇ ਮਰਜ਼ੀ ਹੋਣ, ਉਹ ਠੱਗੇ ਜਾਣ ਲਈ ਹੀ ਜੰਮਿਆ ਸੀ । ਹਲੇ ਤੱਕ ਤਾਂ ਉਸ ਨੂੰ ਕਿਤੋਂ, ਕਦੇ ਵੀ ਇਨਸਾਫ਼, ਮਿਹਨਤ ਮੁਸ਼ੱਕਤ ਦਾ ਪੂਰਾ ਮੁੱਲ ਨਹੀਂ ਸੀ ਮਿਲਿਆ । ਭਾਵੇਂ ਕਿ ਉਸ ਨੇ ਆਪਣੇ ਹੱਕ ਦੇ ਜ਼ੁਬਾਨੀ ਕਈ ਸਮਝੌਤੇ ਵਪਾਰੀਆਂ ਨਾਲ ਕੀਤੇ ਸਨ । ਤਿੰਨ ਸਾਲ ਤੋਂ ਉਸ ਨੇ ਇੱਕ ਵਪਾਰੀ ਨਾਲ ਸਾਲ ਦੇ ਸਿਆਲੂ ਮਹੀਨੇ ਮੱਘਰ, ਪੋਹ, ਮਾਘ, ਫੱਗਣ ਚਾਰ ਮਹੀਨੇ ਦੇ ਕੱਟੇ ਕੱਟੀਆਂ ਦਾ ਰੇਟ ਮੁਕੱਰਰ ਕਰ ਲਿਆ ਸੀ ।

''ਸੱਠ ਦੀ ਹੁਣ ਤੇਰੇ ਨਾਲ ਗੱਲ ਹੋ ਗੀ ਪੱਕੀ, ਆਈ ਜਾ, ਜਾਈ ਜਾ । ਪੈਸੇ ਨਕਦ, ਉਧਾਰ ਕੋਈ ਨੀਂ ।''

'ਸੱਠ ਦੀ ਹੋ ਗੀ ਜਬਾਨ ਨਕਦ ਦੀ '', ਆਪਣੀ ਤੀਮੀਂ ਨੂੰ ਵੀ ਉੱਚੀ ਬਾਂਗ ਦੇ ਦਿੰਦਾ, ''ਲੈ ਬਈ, ਤੇਰੇ ਭਾਗ ਤੇਰੇ, ਮੇਰੇ ਭਾਗ ਮੇਰੇ । ਰੇਟ ਵਧੇ ਘਟੇ... ਸੱਠ ਨੂੰ ... '' ਵਪਾਰੀ ਨੂੰ ਦੋ ਤਿੰਨ ਵਾਰ ਕਹਿ ਕੇ ਸਮਝੌਤੇ ਨੂੰ ਹੋਰ ਪੱਕਾ ਕਰ ਦਿੰਦਾ । ਅੱਗੋਂ ਵਪਾਰੀ ਵੀ ਕਿਹੜਾ ਘੱਟ ਸੀ । ਉਹ ਉਂਗਲਾਂ 'ਤੇ ਮਹੀਨੇ ਗਿਣ ਦਿੰਦਾ:

''ਮੱਘਰ ਇੱਕ, ਪੋਹ ਦੋ, ਮਾਘ ਤਿੰਨ ਤੇ ਫੱਗਣ ਚਾਰ''

''ਸੋਲਾਂ ਆਨੇ''

''ਪਰ ਮਾਲ ਹੋਰ ਨੂੰ ਨਾ ਦਈਂ । ਨਾ ਹੁਣ, ਨਾ ਫੇਰ... '', ਰਾਜੂ ਧਰਤੀ ਤੋਂ ਤੇ ਵਪਾਰੀ ਮੰਜੇ ਤੋਂ ਉੱਠ, ਆਪੋ ਆਪਣੀਆਂ ਕਿਸਮਤਾਂ, ਲੇਖਾਂ ਦਾ ਭਾਰ ਚੁੱਕੀ ਤੁਰ ਪੈਂਦੇ । ਪਰ ਨਾ ਰਾਜੂ ਨੂੰ , ਨਾ ਵਪਾਰੀ ਨੂੰ ਦਿਲੋਂ ਇੱਕ ਦੂਏ 'ਤੇੇ ਇਤਬਾਰ ਸੀ, ਭਾਵੇਂ ਕਿ ਦੋਹਾਂ ਨੇ:

''ਆਹ ਮੈਂ ਸੁੱਕੀ ਮੰਜੀ 'ਤੇ ਬੈਠਾਂ...''

''ਆਹ ਮੈਂ ਅਪਣੇ ਠੀਹੇ 'ਤੇ ਬੈਠਾਂ...'' ਵਰਗੀਆਂ ਸਹੁੰਆਂ ਦੀਆਂ ਬਾਂਗਾਂ ਦੇ ਦਿੱਤੀਆਂ ਸਨ । ਤੇ ਹੋਰਾਂ ਨੂੰ ਪਰ੍ਹੇ ਰੱਖਣ ਲਈ, ਸਮਝੋ ਕੁੱਲ ਦੁਨੀਆ ਦੇ ਖਿਲਾਫ਼ ਸਮਝੌਤਾ ਕੀਤਾ ਹੋਵੇ । ਤਾਂ ਵੀ ਜੇ ਚਾਰ ਮਹੀਨੇ 'ਚ ਕਿਸੇ ਦਿਨ, ਕਿਸੇ ਹਫ਼ਤੇ ਰੇਟ ਵਧ ਜਾਂਦਾ ਤਾਂ ਰਾਜੂ ਦੂਸਰੇ ਵਪਾਰੀ ਨੂੰ , ਚੋਰੀਓਂ ਚਾਹ ਪਿਲਾ ਕੇ ਮਾਲ ਵੇਚ ਦਿੰਦਾ:

''ਗੱਲ ਨਾ ਕਰੀਂ ਕਿਸੇ ਹੋਰ ਕੋਲ... ।''

ਜੇ ਰੇਟ ਘਟ ਜਾਂਦਾ ਤਾਂ ਵਪਾਰੀ ਪੰਦਰਾਂ ਦਿਨਾਂ 'ਚ ਇੱਕ ਵੀ ਗੇੜਾ ਨਾ ਮਾਰਦਾ । ਜਦ ਰੇਟ ਸੁਰ ਹੋ ਜਾਂਦਾ ਤਾਂ ਉਹ ਮੂੰਹ ਨ੍ਹੇਰੇ ਰਾਜੂ ਦੀ ਝੂੰਗੀ ਹਾਜ਼ਰੀ ਲੁਆਉਂਦਾ । ਕਦੇ ਸੁੱਤਿਆਂ ਨੂੰ ਉਠਾਉਂਦਾ ਤੇ ਇਕਰਾਰਨਾਮੇ ਦੀ ਯਾਦ ਦੁਆਉਂਦਾ:

''ਗੇੜਾ ਨੀਂ ਮਾਰਿਆ'' ਅਨਪੜ੍ਹ ਰਾਜੂ ਵਪਾਰੀ ਨੂੰ ਪੜ੍ਹਣ ਦੀ ਕੋਸ਼ਿਸ਼ ਕਰਦਾ ।

''ਤੈਨੂੰ ਪਤਾ ਨੀਂ ਲੱਗਿਆ । ਮੈਂ ਤਾਂ ਮਰਨ ਤੋਂ ਬਚਿਆ । ਨਮੂਨੀਆ ਹੋ ਗਿਆ... ਬਈ ਠੰਢ ਵੀ ਬਹੁਤ ਪੈਣ ਲੱਗ ਪੀ ''

ਫਿਰ ਦੋਵੇਂ ਇੱਕ ਦੂਸਰੇ ਨਾਲ ਇੰਜ ਗੱਲਾਂ ਕਰਦੇ ਜਿਵੇਂ ਕਿਸੇ ਤੀਸਰੇ ਦੇ ਨੁਕਸ, ਗੁਣ ਫੜਦੇ ਹੋਣ । ਪਰ ਗੱਲਾਂ ਸਾਰੀਆਂ ਇੱਕ ਦੂਜੇ ਦੀ ਵਾਅਦਾ ਖਿਲਾਫ਼ੀ ਦੇ ਬਰਖਿਲਾਫ਼ ਹੁੰਦੀਆਂ । ਫਿਰ ਹਲਕਾ ਜਿਹਾ ਨਵਾਂ ਸਮਝੌਤਾ ਹੋ ਜਾਂਦਾ । ਮਾਲ ਵਿਕ ਜਾਂਦਾ । ਪੈਸੇ ਉਂਗਲਾਂ ਨੂੰ ਥੁੱਕ ਲਾ-ਲਾ ਕੇ ਗਿਣੇ ਜਾਂਦੇ । ਬੋਦੇ ਫਟੇ ਘਸੇ ਨੋਟ ਮੋੜੇ ਜਾਂਦੇ । ਨਵੇਂ ਇਕਰਾਰਨਾਮੇ ਨੂੰ ਬੰਗਾਲਣ ਦੀ ਘੱਗਰੀ ਵਾਂਗ ਹੋਰ ਰੰਗ ਬਰੰਗੀਆਂ ਟਾਕੀਆਂ ਲੱਗ ਜਾਂਦੀਆਂ । ਘੱਗਰੀ ਦੇ ਰੰਗਾਂ ਵਿੱਚ ਵਪਾਰੀ ਤੇ ਰਾਜੂ ਨੂੰ ਆਪਣੇ ਆਪਣੇ ਹਿੱਸੇ ਦੇ ਰੰਗ ਚੰਗੇ ਚੰਗੇ ਲੱਗਦੇ...

***

... ਓਦਣ ਜਦ ਰਾਜੂ ਨੂੰ ਹਜ਼ਾਰਾ ਝੂੰਗੀਆਂ ਵੱਲ ਨੂੰ ਆਉਂਦਾ ਦਿਸਿਆ ਤਾਂ ਉਸ ਦਾ ਵੀ ਮੱਥਾ ਠਣਕ ਗਿਆ । ਰਾਜੂ ਝੂੰਗੀਆਂ ਤੋਂ ਦੋ ਕਿੱਲਿਆਂ ਦੀ ਵਾਟ 'ਤੇ ਦਿੱਬ ਓਹਲੇ ਦਰਿਆ ਦੇ ਕੰਢੇ ਚੋਰੀਓਂ ਬੀਜਿਆ ਤਮਾਖ਼ੂ ਪੁੱਟ ਰਿਹਾ ਸੀ । ਉਸ ਨੇ ਘਬਰਾ ਕੇ ਥਾਏਾ ਖੁਰਪਾ ਛੱਡ ਦਿੱਤਾ । ਤਮਾਖ਼ੂ ਦੇ ਬੂਟਿਆਂ ਦੀਆਂ ਢੇਰੀਆਂ ਲਾ ਦਿੱਤੀਆਂ । ਤੰਬੇ ਦਾ ਲੜ ਫੜ ਕੇ ਮੱਥਾ ਪੂੰਝਿਆ । ਓਹਦਾ ਮੱਥਾ ਬਾਰ ਬਾਰ ਠਣਕ ਰਿਹਾ ਸੀ । ਉਹ ਵੀ ਐਸ ਵੇਲੇ ਹਜ਼ਾਰੇ ਦੇ ਮੱਥੇ ਨਹੀਂ ਸੀ ਲੱਗਣਾ ਚਾਹੁੰਦਾ । ਫੇਰ ਵੀ ਦਰਿਆ ਦੀ ਨਿਵਾਣ ਤੋਂ ਹਜ਼ਾਰੇ ਵੱਲ ਤੁਰਨ ਤੋਂ ਸਿਵਾ ਉਸ ਕੋਲ ਕੋਈ ਚਾਰਾ ਨਹੀਂ ਸੀ । ਤੰਬੇ ਦੇ ਲੜ ਨਾਲ ਸੁੱਕੇ ਹੱਥਾਂ ਤੋਂ ਮਿੱਟੀ ਝਾੜੀ । ਮੱਥੇ 'ਤੇ ਕਈ ਵਾਰ ਹੱਥ ਫੇਰਿਆ । ਗੱਲ ਉਸ ਨੂੰ ਪਤਾ ਸੀ । ਪਰ ਉਹ ਕਰ ਕੁੱਝ ਨਹੀਂ ਸੀ ਸਕਦਾ । ਸੱਠ ਬਰਸ ਦੇ ਏੜ ਗੇੜ ਲੰਘਾਈ ਉਮਰ 'ਚ ਮਾਂ-ਬਾਪ ਮਰ ਗਏ, ਤਿੰਨ ਬੱਚਿਆਂ ਦੀ ਸੁਆਹ ਆਪਣੇ ਹੱਥੀਂ ਹੂੰਝੀ ਤੇ ਸਤਲੁੱਜ 'ਚ ਵਹਾਈ ਸੀ ... ਪਰ ਤਾਂ ਵੀ ਐਨਾ ਸਖ਼ਤ ਸਮਾਂ ਓਹਦੇ 'ਤੇ ਕਦੇ ਨਹੀਂ ਆਇਆ ਸੀ । ਐਨਾ ਲੰਮਾ ਸਮਾਂ, ਇੱਕ ਲੰਬੀ ਦੂਰੀ ਤੋਂ ਪਰ ਫੇਰ ਵੀ ਇਨ੍ਹਾਂ ਵੱਡੇ ਜ਼ਮੀਨਾਂ ਵਾਲਿਆਂ ਨਾਲ ਵਿਚਰਦਿਆਂ ਲੰਘਾ ਦਿੱਤਾ । ਕਦੇ ਕਿਸੇ ਨਾਲ ਅੜਨ ਬਾਰੇ ਬਰੀਕ ਗੱਲ ਵੀ ਮਨ 'ਚੋਂ ਨਹੀਂ ਸੀ ਲੰਘੀ ।

... ਪਰ ਗੱਲ ਹੁਣ ਨੁਕਤੇ ਦੀ ਸੀ । ਕਸਬ ਦੀ । ਆਪਣੇ ਧਰਮ ਦੀ... ਜੀਹਦਾ ਉਸ ਨੂੰ ਭੂਤ ਚਿੰਬੜ ਗਿਆ ਸੀ । ਹਜ਼ਾਰੇ ਦਾ ਭੂਤ । ਹਜ਼ਾਰੇ ਦੀਆਂ ਅੱਡੀਆਂ ਅੱਖਾਂ ... ਦੋ ਚੌੜੀਆਂ ਅੱਖਾਂ ... ਚਾਰ ਅੱਖਾਂ ... ਹਜ਼ਾਰੇ ਦੀਆਂ ਹਜ਼ਾਰ ਅੱਖਾਂ...

ਕੱਲ ਜਦੋਂ ਹਜ਼ਾਰੇ ਦਾ ਮੁੰਡਾ ਆਇਆ ਸੀ ਤਾਂ ਉਸ ਨੇ ਆਪਣੇ ਮੁੰਡੇ ਪਖੀਰੀਏ ਨੂੰ ਦਿਨੇ ਦੋ ਵਾਰ ਭੇਜਿਆ । ਦੂਸਰੀ ਵਾਰ ਜਦੋਂ ਪਖੀਰੀਆ ਹਜ਼ਾਰੇ ਦੇ ਘਰੋਂ ਉਵੇਂ ਹੀ ਮੁੜ ਆਇਆ ਤਾਂ ਉਸ ਨੇ ਮੁੰਡੇ ਨੂੰ ਸੌ ਗਾਲ਼ ਕੱਢੀ ਹੋਣੀ । ਵਿਆਹੇ ਵਰ੍ਹੇ ਮੁੰਡੇ ਨੇ ਅੱਖਾਂ ਨੀਵੀਂਆਂ ਪਾਈ ਰੱਖੀਆਂ । ਗੱਲ ਨੂੰ ਟਾਲ਼ੀ ਰੱਖਿਆ । ਕਿਸੇ ਦੀ ਕਰੀ ਰਾਜੂ ਭੁੱਲਣ ਵਾਲਾ ਨਹੀਂ ਸੀ । ਭਾਵੇਂ ਹੱਡ ਵਾਹ ਕੇ ਹੀ ਰੋਟੀ ਖਾਧੀ ਸੀ, ਤਾਂ ਵੀ ਉਹ ਇਹਨਾਂ ਹਜ਼ਾਰੇ ਵਰਗੇ ਜ਼ਿਮੀਦਾਰਾਂ ਦੇ ਨੂਣ ਦਾ ਬੋਝ ਡਾਹੇ ਵਾਂਗ ਗਲ਼ ਪਿਆ ਮਹਿਸੂਸ ਕਰਦਾ ਸੀ । ਨੂਣ ਦੇ ਬੋਝ ਨੇ ਮੁੰਡੇ ਨੂੰ ਗਾਲ਼ਾਂ ਪੁਆਈਆਂ । ਉਂਜ ਰਾਜੂ ਨੂੰ ਪਤਾ ਸੀ ਕਿ ਮੁੰਡੇ ਨੇ ਕੋਈ ਗਲਤੀ ਨਹੀਂ ਕੀਤੀ । ਅੱਜ ਸਾਝਰੇ ਹਜ਼ਾਰੇ ਦਾ ਭੱਈਆ ਆਇਆ:

''ਬਾਬੇ ... ਚੱਲ ... ਅ ''

''ਅੱਛਾ''

''ਸ਼ਹਰ ਜਾਤੇ ਸਰਦਾਰ ਬੋਲੇ, ਜਲਦੀ ਆਵੇ । ਔਰ ਕਹਤੇ ਰੇੜੀ ਮੇ ਲੇ ਜਾਮੇ ''

ਹਜ਼ਾਰੇ ਦੀ ਮਰੀ ਕੱਟੀ ਦਾ ਸੁਨੇਹਾ ਆਇਆ ਤਾਂ ਰਾਜੂ ਆਪ ਬੋਰੀ, ਰੰਬੀ, ਛੁਰੀ ਲੈ ਕੇ ਤੁਰ ਪਿਆ ਸੀ । ਪਰ...

'' ... ਮੇਰੇ ਮਾਲਕ... ਮਾਲਕ ਤੂੰਹੀਂ ।''

ਹਜ਼ਾਰਾ ਸ੍ਹਾਮਣੇ ਫਰਾਟੇ ਮਾਰਦਾ ਆ ਰਿਹਾ ਸੀ । ਘੋਰ ਸੰਕਟ । ਰਾਜੂ ਦੀਆਂ ਲੱਤਾਂ ਥਿ੍ਹੜਕ ਗਈਆਂ । ਜੀਵਨ ਦੇ, ਆਪਣੇ ਕਸਬਾਂ ਦੇ ਕਿੰਨੇ ਈ ਗੁਰ ਉਹ ਜਾਣਦਾ ਸੀ, ਪਰ ਇਸ ਮੌਕੇ ਕੱਖ ਵੀ ਉਸ ਦੀ ਸਮਝ ਵਿੱਚ ਨਹੀਂ ਸੀ ਆਉਂਦਾ ।

''ਮ੍ਹਾਰਾਜ । ਮ੍ਹਾਰਾਜ''

''ਕੀ ਕਰਦੇ ਓ ਤੁਹੀਂ, ਰਾਜੂਆ, ਸੁਣਦੇ ਨੀਂ ਗੱਲ ਕੱਖ ਕਿਹੇ ਦੀ... ਐਤਰਾਂ?? ''

''ਓ ਮ੍ਹਾਰਾਜ, ਮੈਂ ਮੁੰਡਾ ਭੇਜਿਆ''

''ਮੁੰਡਾ ਭੇਜਿਆ ਤੂੰ... ਤੇ ਕੀ ਸੁਆਹ ਉੜਾਈ... ਮੁੰਡਾ ਭੇਜਿਆ ... ਜੁਆਕਾਂ ਰੋਟੀ ਨੀਂ ਖਾਧੀ ... ਤੂੰ ਆਂਹਦਾ ਮੁੰਡਾ ਭੇਜਿਆ ... ਚਲ... ਆਹ ਤੀਈਆ ਗੇੜਾ ਈ ।''

''ਸਰਦਾਰ, ਕੱਲ ਮੈਂ ਮੁੰਡਾ ਦੋ ਵਾਰ ਭੇਜਿਆ''

''ਦੋ ਵਾਰ ਭੇਜਿਆ ਮੁੰਡਾ ਤੂੰ!! ''

''ਮੈਂ ਆਪ ਸਬ੍ਹੇਰੀਓਂ ਜਾ ਕੇ ਆਇਆਂ''

''ਗੱਲ ਤੇ ਓਥੇ ਈ ਰਈ । ਦੋ ਦਿਨ ਹੋ ਗਏ ਆ ਕੱਟੀ ਮਰੀ ਨੂੰ । ... ਤੇ ਤੁਹਾਂ ਗੱਲ ਈ ਨੀਂ ਕੱਖ ਸੁਣਦੇ ਕਿਹੇ ਕੰਜਰ ਦੀ ...''

''ਕੰਜਰ ਦੀ ਕਾਹਨੂੰ ਸਰਦਾਰਾ, ਕੱਟੀ ਹਲੇ ਪੂਰੀ ਨੀਂ ਹੋਈ । ਤੂੰ ਅਪਣੇ ਭੱਈਏ ਨੂੰ ਪੁੱਛ । ਜਦ ਪਿਛਲੀਆਂ ਲੱਤਾਂ ਖਿੱਚਣ ਲੱਗੇ ਤਾਂ ਕੱਟੀ ਅੱਖਾਂ ਝੱਪਕਣ ਲੱਗ ਪੀ ।''

''ਓਹ ਤੇ ਮਰੀ ਪਈ ਆ''

'' ਕਾਹਨੂੰ???!!!!''

''ਦੂਸਰੇ ਪਸ਼ੂ ਵੀ ਕੱਖ ਖਾਣੋਂ ਹਟ ਗਏ ਆ... ਚਲ ਛੇਤੀ ਨੇਰ੍ਹਾ ਹੁੰਦਾ''

''ਸਰਦਾਰ ਤੇਰੀ ਕੱਟੀ ਜਿਉਂਦੀ ਆ ਹਲੇ । ਪਿਛਲਾ ਪਾਸਾ ਮਰ ਗਿਆ ... ਪਰ ਮੂਹਰੇ ਅਜੇ ਜਾਨ ਹੈਗੀ''

''ਓਏ ਹੁਣ ਮਰੀ ਪਈ ਆ । ਤੁਰ ਤੂੰ । ਭੱਈਏ ਨਾ' ਰੇਹੜੀ 'ਤੇ ਲੱਦ ਲਜੱਵੀਂ ... ਤੁਰਿਆ ਤੂੰ ... ਧ੍ਹਾਡੇ ਹੁਣ ਖੇਖਣ ਈ ਨੀਂ ਮੁੱਕਦੇ'', ਪਖੀਰੀਆ ਬਾਪ ਦੀ ਮਦਦ ਲਈ ਝੂੰਗੀਆਂ 'ਚੋਂ ਨਿਕਲ ਆਇਆ ਸੀ ।

''ਚਲ ਮੈਂ ਮੁੰਡੇ ਨੂੰ ਭੇਜਦਾਂ ... ਤੇਰੇ ਮਗਰੇ ਮਗਰ''

'' ਛੱਡ ਓਹਨੂੰ ... ਆਪੂੰ ਤੁਰ ਤੂੰ ''

''ਮੁੰਡਾ ਈ ਜਾਊਗਾ ... ਨੇਰ੍ਹੇ 'ਚ ਮੇਤੇ ਕਿਆ ਹੋਣਾ''

''ਚਲ ਮੁੰਡਾ ਈ ਭੇਜ, ਛੇਤੀ ... ਕਿੱਤਰਾਂ ਨਖਰੇ ਕਰਦੇ । ਤੁਹਾਂ ਨੀਂ ਲੋੜ ਪੈਣੀ ਸ੍ਹਾਡੀ... ਦੇਖ ਲਿਓ ਫੇਰ ਜੇ ਮਰਜੀਆਂ ਕਰਨੀਆਂ ਐਤਰਾਂ...''

''ਦੇਖ ਸਰਦਾਰ, ਗੁੱਸੇ ਨਾ ਹੋ ... ਸਾਰੇ ਅਲਾਕੇ ਨੂੰ ਪਤਾ ... ਕਦੇ ਕੋਈ ਗੱਲ ਹੋਈ ... ਕੁਸਕਿਆ ਕੋਈ ਕਦੇ ... ਜਦ ਗੱਲੇ ਹੋਰ ਹੋ ਗੀ ... ਮਜਬੂਰੀ ਹੋ ਗੀ ... ਉਮਰਾਂ ਲੰਘ ਗੀਆਂ ਥੁਆੜੇ ... ਮੈਂ ਜਾਵਾਂ ... ਭਮਾਂ ਮੁੰਡਾ ਜਾਵੇ... ਸਰਦਾਰਾ ਅਸੀਂ ਮਰੀ ਦੇ ਗਾਹਕ ਐਂ.... ਜਿਉਂਦੀ ਦਾ ਤੂੰ ।''

ਹਜ਼ਾਰਾ ਕੱਟੀ ਦੀ ਅਜਿਹੀ ਮਾਲਕੀ ਤੋਂ ਠਠੰਬਰ ਗਿਆ । ਉਸ ਦੀ ਜੁੱਤੀ 'ਚ ਹੋਰ ਠੰਡ ਵੜ ਗਈ ।

''ਭੇਜਦਾਂ ਮੈਂ ਮੁੰਡੇ ਨੂੰ । ਜਾ ਓਏ'', ਪਰ ਪਖੀਰੀਏ ਨੇ ਪਰ੍ਹਾਂ ਉੱਚੀਆਂ ਪਹਾੜੀਆਂ ਦੇ ਨਕਸ਼ਿਆਂ ਵੱਲ ਨਿਗ੍ਹਾ ਮੋੜ ਲਈ । ਉਹ ਅਜੇ ਵੀ ਟਲਦਾ ਸੀ ।

''ਭੇਜ ਦਈਂ ਮੁੰਡੇ ਨੂੰ ਹੁਣ, ਝੱਟ... ਚੁੱਲ੍ਹਾ ਚੌਂਕਾ ਕਰਨੋਂ ਬੈਈਠੇ ਆਂ...''

ਹਜ਼ਾਰਾ ਭਾਵੇਂ ਤੁਰ ਗਿਆ ਪਰ ਰਾਜੂ ਦਾ ਸੰਕਟ ਨਹੀਂ ਟਲਿਆ । ਡੂਢਾ ਹੋ ਗਿਆ । ''ਮ੍ਹਾਰਾਜ, ... ਰਹਿਮ ਕਰੀਂ ... ਰਹਿਮ ਕਰੀ, ਮੇਰੇ ਦਾਤਾ, ਦੀਨ ਦਿਆਲ '', ਉਹ ਅਰਦਾਸ ਕਰਨ ਲੱਗਿਆ ਕਿ ਉਸ ਦੀ ਉਮਰਾਂ ਦੀ ਬਣੀ ਬਣਾਈ, ਰੱਖੀ ਰੱਖਾਈ ਰਹਿ ਜਾਵੇ । ਉਸ ਦੀ 'ਇੱਜ਼ਤ' ਬਚ ਜਾਵੇ । ਪਰ ਕਰੇ ਕੀ ... ਬਾਪ ਪੁੱਤ ਇੱਕ ਦੂਏ ਤੋਂ ਸੰਗਦੇ, ਡਰਦੇ, ਚੁੱਪ ਚਾਪ ਝੂੰਗੀਆਂ 'ਚ ਆ ਗਏ । ਰਾਜੂ ਦੀਆਂ ਲੱਤਾਂ ਜੁਆਬ ਦੇ ਗਈਆਂ । ਜੀਅ ਕਰੇ ਥਾਏਾ ਈ ਬਹਿ ਜਾਵੇ । ਉਸ ਦੇ ਸਰੀਰ ਦੇ ਧੁੰਨੀ ਤੋਂ ਹੇਠਲੇ ਹਿੱਸਿਆਂ 'ਚ ਜਿਵੇਂ ਜਾਨ ਨਹੀਂ ਸੀ ।

''ਪੁੱਤ ਜਾ ਦੇਖ ਕੇ ਆ'', ਪਰ ਪਖੀਰੀਏ ਨੂੰ ਸਮਝ ਨਾ ਲੱਗੇ ਕਿ ਬਾਪੂ ਕਹਿੰਦਾ ਕੀ ... ਤੇ ਜਾਣਾ ਕਿੱਥੇ, ... ਤੇ ਉੱਥੇ ਜਾ ਕੇ ਕਰਨਾ ਕੀ...

''ਹਾਂਅ?'' ਅੱਧੇ ਮਰੇ ਰਾਜੂ ਨੂੰ ਉਸ ਦੀ ਤੀਮੀਂ ਨੇ ਟਟੋਲਿਆ ।

''ਕੁਸ ਨੀਂ'' ਉਸ ਦਾ ਹੇਠਲਾ ਹਿੱਸਾ ਹੋਰ ਸੁੰਨ ਹੋ ਗਿਆ ।

''ਘਰ ਦੁਆਨੀ ਨੀਂ ''

''ਮੈਂ ਠੇਕਾ ਲਿਆ । ਤੇਰੀ ਦੁਆਨੀ ਦਾ । ਨਾਲੇ ਕਿਸੇ ਹੋਰ ਦਾ ।'' ਤੀਮੀਂ ਦੀਆਂ ਹੱਡੀਆਂ ਤੋੜਦਾ ਵੀ ਉਹ ਉਸ ਨੂੰ ਫੁੱਲਾਂ ਵਾਂਗ ਰੱਖਦਾ ਸੀ । ਪਰ ਮੋਹ 'ਚ ਹੱਡੀਆਂ ਤੋੜਨ ਤੇ ਤੁੜਾਉਣ ਦਾ ਵੀ ਕੋਈ ਸਮਾਂ ਹੁੰਦਾ ।

''ਕਟਾਹਲ ਦਾ ਰੇਟ ਹੁਣ ਪਝੱਤਰ ਹੋ ਗਿਆ । ਕਲਾਹੇ ਆਲਾ ਆਇਆ ਤਾ''

''ਪਝੱਤਰ ਛੱਡ ਭਮਾਂ ਡੂਢ ਸੌ ਹੋ ਜਵੇ ।''

ਰਾਜੂ ਮੰਜੇ 'ਤੇ ਢਹਿ ਪਿਆ । ਅੱਖਾਂ ਮੀਚ ਲਈਆਂ । ਕੋਇਆਂ 'ਚ ਹੁਲਾਸ ਨਾਲ ਪਾਣੀ ਇਕੱਠਾ ਹੋ ਗਿਆ । ਫੇਰ ਕਿਸੇ ਮਿਹਰਬਾਨ ਅੱਗੇ ਉਮੀਦ 'ਚ ਹੱਥ ਜੋੜ ਅਰਦਾਸ ਕਰਨ ਲੱਗਿਆ । ਅਰਦਾਸ ਜੋ ਹੋਰ ਕੋਈ ਸੁਣ ਨਹੀਂ ਸੀ ਸਕਦਾ ।

... ਮੇਰੇ ਮਿਹਰਬਾਨ ... ਮਿਹਰਬਾਨ, ਦਾਤਾ ਦੋ ਰੋਟੀਆਂ ਖਾਤਰ ਤੈਂ ਦੋ ਕਸਬ ਮੈਨੂੰ ਸਿਖਾਏ... ਦੋ ..ਅ ... ਜੁੱਤੀਆਂ ਗੱਠਣਾ... ਅਰ ਮਰੇ ਡੰਗਰਾਂ ਦੀਆਂ ਖੱਲਾਂ ਲ੍ਹਾਉਣਾ ... ਹੁਣ ਕਸਾਈ ਨਾ ਬਣਾਈ...

ਮੂਕ ਅਰਦਾਸ ਨੇ ਉਸ ਅੱਧ ਮਰੇ ਨੂੰ ਹੌਲਾ ਫੁੱਲ ਕਰ ਦਿੱਤਾ । ਮੀਚੀਆਂ ਅੱਖਾਂ ਨੇ ਦੁਨੀਆ ਦਾ ਸਾਰਾ ਮਾਇਆ ਜਾਲ਼ ਉਸ ਦੇ ਵਜੂਦ ਤੋਂ ਹਟਾ ਦਿੱਤਾ । ਅਜੀਬ ਡੂੰਘੇ ਰੌਸ਼ਨੀਆਂ ਦੇ ਰਾਹ ਤੁਰਦਾ ਉਹ ਆਪਣੇ ਧੁਰ ਅੰਦਰ ਲਹਿ ਗਿਆ । ਬਿਨਾਂ ਖੜਾਕ । ਨੰਗੇ ਪੈਰੀਂ । ਇਸ ਰਸਤੇ ਉਹ ਪਹਿਲਾਂ ਕਦੇ ਨਹੀਂ ਸੀ ਗਿਆ । ਆਪਣੀ ਖੱਲ ਦੇ ਅੰਦਰ, ਪੈਰਾਂ ਤੋਂ ਸਿਰ ਤੱਕ ਦਾ ਸਫ਼ਰ, ਜਿੱਥੇ ਕੋਈ ਹੋਰ ਧਰਤੀ, ਪਹਾੜ, ਪੱਥਰ ਨਹੀਂ ਸਨ । ਕੁਝ ਵੀ ਨਹੀਂ ਸੀ । ਨਾ ਡਰ । ਨਾ ਭੈਅ । ਨਾ ਮੌਤ... ਕੇਵਲ ਉਹ ਰੰਗ ਤੇ ਰੌਸ਼ਨੀਆਂ ਸਨ ਜਿਹਨਾਂ ਦੇ ਅਜੇ ਤੱਕ ਨਾਂਓ ਨਹੀਂ ਪਤਾ... ਸਾਰੀਆਂ ਇੰਦਰੀਆਂ ਚੁੱਪ । ਸਾਰਾ ਵਜੂਦ ਇੱਕ ਜਾਨ ਜਿਵੇਂ ਠੰਡੇ ਮੋਮ ਦਾ ਬਣਿਆ ਹੋਵੇ । ਜਾਂ ਬੇਵਜ਼ਨ ਪੱਥਰ ਦਾ । ਡੂੰਘੀ ਬੇਸੁਰਤ ਨੀਂਦ ਪਿੱਛੋਂ ਉੱਠਣ ਦਾ ਅਹਿਸਾਸ ...

ਉਸ ਦੀ ਸੁਰਤ ਜਦੋਂ ਉਸ ਦੇ ਬੱਜਰ ਸਰੀਰ 'ਚੋਂ ਮੁੜੀ ਤਾਂ ਲੱਗਿਆ ਲੱਤਾਂ 'ਚ ਜਾਨ ਇੱਕ ਵਾਰ ਫੇਰ ਮੁੜ ਆਈ । ਉਸ ਨੇ ਹੱਥ ਜੋੜੀ ਰੱਖੇ । ਅੱਖਾਂ ਖੋਲ੍ਹੀਆਂ । ਝਪਕੀਆਂ । ਦੀਵੇ ਦੀ ਲੋਅ 'ਚ, ਅੱਖਾਂ ਦੇ ਪਾਣੀ ਨਾਲ ਧੋਤੀਆਂ, ਅੱਖਾਂ ਚਮਕ ਪਈਆਂ । ਟਿਕ ਟਿਕੀ ਲਾ ਕੇ ਝੂੰਗੀ ਦੀ ਛੱਤ ਦੇ ਕਾਨੇ ਦੇਖਦਾ ਰਿਹਾ । ਕਾਨੇ ਅੱਖਾਂ ਅੱਗੇ ਰੰਗ ਬਦਲਣ ਲੱਗ ਪਏ । ਲੇਟਿਆ ਰਿਹਾ... ਸ਼ਾਂਤ ... ਅਹਿੱਲ । ਹਿੱਲ ਕੇ ਕਿਤੇ ਰੰਗਾਂ-ਰੌਸ਼ਨੀਆਂ ਦੀ ਯਾਤਰਾ ਦਾ ਅਕਸ਼ ਨਾ ਤਿੜਕ ਜਾਵੇ । ਫੇਰ ਉਵੇਂ ਈ ਲੇਟੇ ਪਏ ਪਏ ਆਪਣਾ ਆਲਾ ਦੁਆਲਾ ਸਮਝਣ ਦੀ ਕੋਸ਼ਿਸ਼ ਕੀਤੀ । ਰਾਤ...?? ਰਾਤ ਦਾ ਕਿਹੜਾ ਪਹਿਰ...?? ਕੁਝ ਪਤਾ ਨਹੀਂ ਲੱਗਦਾ... ਤਾਂ ਵੀ ਉਸ ਨੂੰ ਪੂਰਾ ਯਕੀਨ ਸੀ ਕਿ ਉਸ ਦਾ ਮੁੰਡਾ, ਪਖੀਰੀਆ ਉਸ ਵੇਲੇ ਝੂੰਗੀਆਂ ਵਿੱਚ ਨਹੀਂ ਸੀ...

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ