Tinn Buddhe (Story in Punjabi) : Ram Lal

ਤਿੰਨ ਬੁੱਢੇ (ਕਹਾਣੀ) : ਰਾਮ ਲਾਲ

ਬਜ਼ੁਰਗਾਂ ਦੀ ਇਹ ਆਦਤ ਹੁੰਦੀ ਏ ਕਿ ਮਿਲ ਬਹਿੰਦੇ ਨੇ ਤਾਂ ਆਪਣੀ ਜਵਾਨੀ ਦੇ ਕਿੱਸੇ ਤੋਰ ਲੈਂਦੇ ਨੇ, ਉਹਨਾਂ ਵੱਡੇ-ਵੱਡੇ ਕਾਰਨਾਮਿਆਂ ਦੇ ਦਿਲਚਸਪ ਕਿੱਸੇ ਜਿਹੜੇ ਉਹਨਾਂ ਕਦੀ ਪਿਆਰ, ਜੰਗ, ਸ਼ਿਕਾਰ ਜਾਂ ਵਪਾਰ ਵਿਚ ਕੀਤੇ ਹੁੰਦੇ ਨੇ।
ਉਸ ਦਿਨ ਵੀ ਇੰਜ ਹੀ ਹੋਇਆ ਸੀ :
ਦੇਵ ਪ੍ਰਕਾਸ਼ ਲਾਂਬਾ ਨੇ ਆਪਣੇ ਪੋਤੇ ਭੱਪੀ ਦੇ ਵਿਆਹ ਦੇ ਕਾਰਡ ਆਪਣੇ ਦੋ ਦੋਸਤਾਂ ਕਰਮਦਾਦ ਖ਼ਾਂ ਸਾਂਬਾ ਤੇ ਹੈਡਮਾਸਟਰ ਦਯਾ ਰਾਮ ਚਾਵਲਾ ਨੂੰ ਵੀ ਭਿਜਵਾ ਦਿੱਤੇ ਸਨ ਤੇ ਦੋਏ ਆ ਵੀ ਗਏ ਸਨ। ਕਰਮਦਾਦ ਖ਼ਾਂ ਜੰਮੂ ਦੇ ਇਕ ਪਿੰਡ ਸਾਂਬਾ ਤੇ ਚਾਵਲਾ ਫਿਰੋਜ਼ਪਰ ਤੋਂ ਆਇਆ ਸੀ। ਤਿੰਨੇ ਬੁੱਢੇ ਇਕ ਕਮਰੇ ਵਿਚ ਬੈਠੇ ਗੱਲਾਂ-ਗੱਪਾਂ ਮਾਰ ਰਹੇ ਸਨ। ਉਹਨਾਂ ਦੇ ਸਾਹਮਣੇ ਮੇਜ਼ ਉਤੇ ਚਾਹ ਵਾਲੇ ਬਰਤਨ—ਇਕ ਪਲੇਟ ਵਿਚ ਸਕਰਪਾਰੇ, ਦੂਜੀ ਵਿਚ ਕਾਜੂ, ਅਖ਼ਰੋਟ ਤੇ ਚਿਲਗੋਜੇ ਆਦਿ ਰੱਖੇ ਹੋਏ ਸਨ। ਮੇਜ਼ ਦੇ ਇਕ ਪਾਸੇ ਬੜੇ ਹੀ ਪੁਰਾਣੇ ਬਰਾਂਡ ਦੀਆਂ ਸਿਗਰਟਾਂ ਦੀਆਂ ਤਿੰਨ-ਚਾਰ ਡੱਬੀਆਂ ਰੱਖੀਆਂ ਹੋਈਆਂ ਸਨ। ਇਕ ਵਾਰੀ ਇਕੋ ਸਿਗਰਟ ਸੁਲਗਾਈ ਜਾਂਦੀ ਤੇ ਤਿੰਨੇ ਪੋਪਲੇ ਮੂੰਹ ਵਾਰੋ-ਵਾਰੀ ਸੂਟੇ ਲਾਉਂਦੇ। ਇਹ ਉਹਨਾਂ ਦੀ ਪੁਰਾਣੀ ਆਦਤ ਸੀ, ਕਈ ਵਰ੍ਹੇ ਪੁਰਾਣੀ। ਉਹਨਾਂ ਦਾ ਸਿਗਰਟ ਪੀਣ ਦਾ ਢੰਗ ਵੀ ਬੜਾ ਅਜੀਬ ਸੀ ਜਿਵੇਂ ਮੁੱਠੀ ਵਿਚ ਚਿੜੀ ਦਾ ਬੱਚਾ ਫੜ ਲਿਆ ਹੋਵੇ ਤੇ ਉਹਦੇ 'ਫੁਰ-ਰ' ਕਰਕੇ ਉਡ ਜਾਣ ਦਾ ਖ਼ਤਰਾ ਹੋਵੇ।...ਤੇ ਹਰ ਵੇਰ ਗੁੱਲ ਝਾੜਨ ਲਈ ਹਰੇਕ ਚੁਟਕੀ ਜਿਹੀ ਵਜਾਉਂਦਾ ਸੀ। ਉਹਨਾਂ ਦਾ ਇਹ ਤਮਾਸ਼ਾ ਵੇਖਣ ਵਾਸਤੇ ਕੁਝ ਬੱਚੇ ਬਾਰੀ ਕੋਲ ਆਣ ਖਲੋਤੇ ਸਨ। ਉਹ ਹੈਰਾਨੀ ਨਾਲ ਇਕ ਦੂਜੇ ਦੇ ਮੂੰਹ ਵੱਲ ਤੱਕਦੇ ਤੇ ਮੁਸਕਰਾ ਪੈਂਦੇ ਅਚਾਨਕ ਕਿਸੇ ਦਾ ਹਾਸਾ ਨਿਕਲ ਗਿਆ, ਤਿੰਨੇ ਬੁੱਢੇ ਤ੍ਰਬਕ ਪਏ, ਉਹਨਾਂ ਧੌਣਾ ਚੁੱਕ ਕੇ ਬਾਰੀ ਵੱਲ ਵੇਖਿਆ ਤੇ ਕਰਮਦਾਦ ਬਰੜਾਇਆ, “ਬਦਮਾਸ਼...।”
ਚਾਵਲਾ ਉਹਨਾਂ ਵੱਲ ਉਂਗਲ ਸਿੰਨ੍ਹ ਕੇ ਬੋਲਿਆ, “ਓਇ ਲੁੱਚੜੋ, ਨੱਸ ਜਾਓ ਵਰਨਾ...”
ਦੇਵ ਪ੍ਰਕਾਸ਼ ਲਾਂਬਾ ਆਪਣੀ ਥਾਂ ਤੋਂ ਉਠਿਆ ਤੇ ਜਦੋਂ ਤਕ ਖੂੰਡੀ ਟੇਕਦਾ ਹੋਇਆ ਦਰਵਾਜ਼ੇ ਕੋਲ ਪਹੁੰਚਿਆ ਸਾਰੇ ਨੱਸ ਗਏ ਸਨ। ਉਹਨੇ ਵੇਖਿਆ ਕਿ ਉਹ ਵਿਹੜੇ ਦੇ ਐਨ ਵਿਚਕਾਰ ਖੜ੍ਹੇ ਉਹਨਾਂ ਦੇ ਸਿਗਰਟ ਪੀਣ ਦੇ ਢੰਗ ਦੀਆਂ ਨਕਲਾਂ ਲਾਹ ਰਹੇ ਸਨ ਤੇ ਉਹਨਾਂ ਵਾਂਗ ਹੀ ਵਾਰੀ ਵਾਰੀ ਚੁਟਕੀ ਵਜਾ ਕੇ ਸਵਾਹ ਝਾੜਨ ਦੀ ਐਕਟਿੰਗ ਕਰ ਰਹੇ ਸਨ ਤੇ ਖਿੜ-ਖਿੜ ਕਰਕੇ ਹੱਸ ਰਹੇ ਸਨ। ਉਹ ਕੂਕਿਆ—
“ਪਾਰਵਤੀ—ਹਾਅ ਨਿਆਣਿਆਂ ਨੂੰ ਸਾਂਭੋ ਬਈ, ਸਾਨੂੰ ਡਿਸਟਰਬ ਕਰ ਰਹੇ ਨੇ।”
ਕਿਸੇ ਔਰਤ ਨੇ ਝਿੜਕ ਕੇ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਤੇ ਉਹ 'ਖੀਂ-ਖੀਂ' ਹੱਸਦਾ ਹੋਇਆ ਫੇਰ ਆਪਣੀ ਥਾਂ 'ਤੇ ਆ ਕੇ ਬੈਠ ਗਿਆ। ਕਰਮਦਾਦ ਖ਼ਾਂ ਦੇ ਹੱਥੋਂ ਸਿਗਰਟ ਲੈਂਦਿਆਂ, ਉਂਗਲਾਂ ਵਿਚ ਫਸਾਅ ਕੇ ਬੋਲਿਆ, “ਹਾਂ, ਅਸੀਂ ਕੀ ਗੱਲ ਕਰ ਰਹੇ ਸਾਂ?”
ਕਰਮਦਾਦ ਖ਼ਾਂ ਨੇ ਆਪਣੀ ਹੱਡਲ ਉਂਗਲ ਨਾਲ ਆਪਣੀ ਕਰਾਕਲੀ ਟੋਪੀ ਸਿਰ ਤੋਂ ਜ਼ਰਾ ਉਤਾਂਹ ਚੁੱਕੀ, ਉਸੇ ਦੇ ਕੋਨੇ ਨਾਲ ਆਪਣੀ ਗੰਜੀ ਟਿੰਡ ਨੂੰ ਖੁਰਕਿਆ ਤੇ ਫੇਰ ਟੋਪੀ ਸਿਰ ਉੱਤੇ ਜਚਾ ਲਈ ਤੇ ਕਿਹਾ, “ਤੂੰ ਕਹਿ ਰਿਹਾ ਸੈਂ ਕਿ ਆਪਣੀ ਅੱਸੀ ਸਾਲਾ ਜ਼ਿੰਦਗੀ ਵਿਚ ਤੂੰ ਕਦੇ ਆਪਣੀ ਘਰਵਾਲੀ ਦੀਆਂ ਗੱਲਾਂ ਨੂੰ ਸੱਚ ਨਹੀਂ ਮੰਨਿਆਂ ਤੇ ਏਸੇ ਕਰਕੇ ਤੇਰੀ ਸਿਹਤ ਠੀਕ ਠਾਕ ਐ,” ਤੇ ਫੇਰ ਉਸਨੇ ਇਕ ਵਿਅੰਗਮਈ ਠਹਾਕਾ ਲਾਇਆ ਸੀ, ਜਿਸ ਵਲ ਰਿਟਇਰਡ ਹੈਡਮਾਸਟਰ ਚਾਵਲਾ ਨੇ ਬਹੁਤਾ ਧਿਆਨ ਨਹੀਂ ਸੀ ਦਿੱਤਾ ਤੇ ਆਪਣੇ ਝੁਰੜੀਆਂ ਭਰੇ ਚਿਹਰੇ ਉੱਤੇ ਰੋਅਬ ਪੈਦਾ ਕਰਦਿਆਂ ਹੋਇਆਂ ਕਿਹਾ ਸੀ, “ਯਾਰੋ, ਮਰਦ ਦੀ ਸਿਹਤ ਦਾ ਦਾਰੋਮਦਾਰ ਔਰਤ ਦੀਆਂ ਬਾਤਾਂ ਵਿਚ ਕਿੱਥੇ?...ਯਕੀਨ ਕਰਨਾ ਤਾਂ ਵੱਖ ਰਿਹਾ, ਉਹਦੀ ਸਿਹਤ ਤਾਂ ਉਹਨਾਂ ਦੀ ਭਿਣਕ ਨਾਲ ਹੀ ਖਰਾਬ ਹੋਣ ਲੱਗ ਪੈਂਦੀ ਏ।” ਕਹਿ ਕੇ ਉਹ ਆਪ ਈ ਹੱਸ ਪਿਆ—ਚਿਹਰੇ ਦਾ ਸਾਰਾ ਰੋਅਬ ਝੁਰੜੀਆਂ ਵਿਚ ਅਲੋਪ ਹੋ ਗਿਆ। ਫੇਰ ਰੁਕ ਕੇ ਬੋਲਿਆ, “ਵੈਸੇ, ਤੁਹਾਨੂੰ ਯਾਦ ਦੁਆ ਦਿਆਂ ਮੇਰੀ ਪਤਨੀ ਦਾ ਸੁਭਾਅ ਬੜਾ ਨਿੱਘਾ ਏ, ਏਨਾ ਨਿੱਘਾ ਕਿ ਉਸਦੇ ਵੰਡੇ ਦੀਆਂ ਗੱਲਾਂ ਵੀ ਮੈਨੂੰ ਈ ਕਰਨੀਆਂ ਪੈਂਦੀਆਂ ਨੇ।”
ਸੁਣ ਕੇ ਕਰਮਦਾਦ ਖ਼ਾਂ ਠਹਾਕਾ ਮਾਰ ਕੇ ਹੱਸਿਆ ਸੀ, ਤੇ ਝੱਟ ਹੈਡਮਾਸਟਰ ਦੇ ਹੱਥੋਂ ਸਿਗਰਟ ਝਪਟ ਲਈ ਸੀ ਉਸਨੇ...ਤੇ ਉਸਨੂੰ ਉਂਗਲਾਂ ਵਿਚ ਘੁਮਾਉਂਦਾ ਹੋਇਆ ਬੋਲਿਆ ਸੀ, “ਤੁਸੀਂ ਔਰਤ ਦੀਆਂ ਗੱਲਾਂ ਤੇ ਮਰਦ ਦੀ ਸਿਹਤ—ਦੋ ਵੱਖ-ਵੱਖ ਕਿੱਸੇ ਛੇੜੀ ਬੈਠੇ ਹੋ ਭਰਾਵੋ। ਪਹਿਲਾਂ ਇਕ ਵਿਸ਼ੇ 'ਤੇ ਗੱਲ ਕਰੋ, ਫੇਰ ਦੂਜਾ ਸ਼ੁਰੂ ਕਰਨਾ। ਇੰਜ ਕੋਈ ਫੈਸਲਾ ਵੀ ਹੋ ਜਾਵੇਗਾ ਤੇ ਵਕਤ ਵੀ ਚੰਗਾ ਲੰਘ ਜਾਵੇਗਾ...” ਉਹ ਤਿੰਨੇ ਹੱਸ ਪਏ, ਹੱਸਦਿਆਂ ਨੂੰ ਖੰਘ ਛਿੜ ਪਈ। ਖੰਘਦੇ ਤੇ ਉਗਲਦਾਨ ਵਿਚ ਥੁੱਕਦੇ ਰਹੇ। ਜਦੋਂ ਖੰਘ ਦਾ ਦੌਰਾ ਕੁਝ ਸ਼ਾਂਤ ਹੋਇਆ ਫੇਰ ਇਕ ਸਿਗਰਟ ਸੁਲਗਾ ਲਈ ਗਈ। ਤਿੰਨੇ ਇਸ ਗੱਲ ਨਾਲ ਸਹਿਮਤ ਹੋ ਗਏ ਸਨ ਕਿ ਅਸਲ ਵਿਚ ਹੁਣ ਉਹਨਾਂ ਨੂੰ ਕਿਸੇ ਵੀ ਵਿਸ਼ੇ ਵਿਚ ਦਿਲਚਸਪੀ ਨਹੀਂ ਸੀ ਰਹੀ। ਸਿਰਫ ਵਕਤ ਕਟੀ ਕਰਨ ਖਾਤਰ ਸ਼ਬਦਾਂ ਦੀ ਧੂ-ਘਸੀਟ ਕਰ ਰਹੇ ਸਨ। ਜੇ ਇੰਜ ਨਾ ਕਰਦੇ ਤਾਂ ਉਹਨਾਂ ਨੂੰ ਵਿਹਲੇ ਬੈਠੇ ਵੇਖ ਕੇ ਨਿਆਣੇ ਆ ਘੇਰਦੇ—ਕੋਈ ਬੁੱਕਲ ਵਿਚ ਵੜ ਜਾਂਦਾ, ਕੋਈ ਮੋਢੇ 'ਤੇ ਚੜ੍ਹ ਜਾਂਦਾ।
ਉਦੋਂ ਹੀ ਉਹਨਾਂ ਦੇ ਵਾਲਾਂ ਭਰੇ ਕੰਨਾਂ ਨੇ ਕ੍ਰਿਕਟ ਕਮੈਂਟਰੀ ਦੀਆਂ ਆਵਾਜ਼ਾਂ ਸੁਣੀਆਂ। ਛੇ ਦੇ ਛੇ ਕੰਨ ਖੜ੍ਹੇ ਹੋ ਗਏ। ਬੁੱਢੇ ਵਿਹੜੇ ਵਲ ਵੇਖਣ ਲੱਗ ਪਏ। ਕੁਝ ਚਿਰ ਪਹਿਲਾਂ ਬੱਚਿਆਂ ਤੋਂ ਵਿਹੜਾ ਖਾਲੀ ਕਰਵਾਇਆ ਗਿਆ ਸੀ ਹੁਣ ਉੱਥੇ ਉਹਨਾਂ ਨਾਲੋਂ ਕੁਝ ਵੱਡੀ ਉਮਰ ਦੇ ਛੇ ਸੱਤ ਮੁੰਡੇ ਕੁੜੀਆਂ ਇਕ ਟਰਾਂਜਿਸਟਰ ਦੁਆਲੇ ਘੇਰਾ ਘੱਤੀ ਖੜ੍ਹੇ ਸਨ। ਕਿਸੇ ਖਿਲਾੜੀ ਦੇ ਆਊਟ ਹੋ ਜਾਣ ਦੀ ਖ਼ੁਸ਼ੀ ਵਿਚ ਕਿਲਕਾਰੀਆਂ ਵੱਜਣ ਲੱਗੀਆਂ; ਮੁੰਡੇ ਕੁੜੀਆਂ 'ਟਵਿਸਟ' ਕਰਨ ਲੱਗ ਪਏ।
ਦੇਵ ਪ੍ਰਕਾਸ਼ ਲਾਂਬਾ ਫੇਰ ਖੂੰਡੀ ਦਾ ਸਹਾਰਾ ਲੈ ਕੇ ਉਠ ਖੜ੍ਹਾ ਹੋਇਆ। ਭਾਵੇਂ ਉਹਦੀਆਂ ਲੱਤਾਂ ਕੰਬ ਰਹੀਆਂ ਸਨ ਪਰ ਉਹ ਬੜੇ ਮਜਬੂਤ ਇਰਾਦੇ ਨਾਲ ਵਰਾਂਡੇ ਵੱਲ ਅਹੁਲਿਆ ਸੀ। ਉਹਨਾਂ ਨੂੰ ਝਿੜਕਣ ਵਾਸਤੇ ਉਹ ਹਾਲੇ ਸ਼ਬਦ ਈ ਟੋਲ ਰਿਹਾ ਸੀ ਕਿ ਕਰਮਦਾਦ ਖ਼ਾਂ ਤੇ ਚਾਵਲਾ ਸਾਹਿਬ ਵੀ ਉਹਦੇ ਪਿੱਛੇ ਆਣ ਖੜ੍ਹੇ ਹੋਏ ਸਨ। ਤਿੰਨਾਂ ਨੇ ਇਕ ਦੂਜੇ ਵੱਲ ਅਤਿ ਭੇਤ ਭਰੀਆਂ ਨਜ਼ਰਾਂ ਨਾਲ ਤੱਕਿਆ।
ਲਾਂਬਾ ਬੋਲਿਆ, “ਸਾਡੇ ਜ਼ਮਾਨੇ ਵਿਚ ਚੌਗਾਨ ਖੇਡੀ ਜਾਂਦੀ ਸੀ, ਘੋੜਿਆਂ 'ਤੇ ਸਵਾਰ ਹੋ ਕੇ। ਅੰਗਰੇਜ਼ ਲੋਕ ਵੀ ਸਾਡੇ ਨਾਲ ਖੇਡਦੇ ਹੁੰਦੇ ਸਨ। ਖਾਲਸ ਮਰਦਾਵੀਂ ਗੇਮ ਸੀ ਉਹ।”
ਕਰਮਦਾਦ ਨੇ ਕਿਹਾ, “ਯਾਦ ਐ ਨਾ...ਇਕ ਵਾਰੀ ਮੈਂ ਆਪਣੇ ਜ਼ਿਲੇ ਦੇ ਕਪਤਾਨ ਨੂੰ ਹਰਾਇਆ ਸੀ ਤੇ ਉਸ ਨੇ ਡਿਪਟੀ ਕਮਿਸ਼ਨਰ ਨੂੰ ਸਿਫਾਰਸ਼ ਕੀਤੀ ਸੀ ਕਿ ਮੈਨੂੰ ਇਕ ਪਲਾਟ ਇਨਾਮ ਵਜੋਂ ਮਿਲਣਾ ਚਾਹੀਦਾ ਹੈ...?”
ਤੇ ਜਦੋਂ ਹੈਡਮਾਸਟਰ ਸਾਹਬ ਨੇ ਬੜੇ ਮਾਣ ਨਾਲ ਛਾਤੀ ਠੋਕ ਕੇ ਕੁਝ ਕਹਿਣਾ ਚਾਹਿਆ ਤਾਂ ਅਚਾਨਕ ਅੰਦਰੋਂ ਖਾਂਸੀ ਦੇ ਫੁਆਰੇ ਫੁੱਟ ਨਿਕਲੇ ਸਨ। ਖੰਘਦਿਆਂ-ਖੰਘਦਿਆਂ ਉਹ ਵਾਪਸ ਕਮਰੇ ਵਿਚ ਮੁੜ ਆਏ ਤੇ ਨਾਲ ਹੀ ਕਰਮਦਾਦ ਤੇ ਲਾਂਬਾ ਵੀ ਆ ਗਏ ਉਦੋਂ ਹੀ ਇਕ ਪੱਕੀ ਉਮਰ ਦੀ ਔਰਤ ਵੀ ਲੁੜਕਦੀ ਹੋਈ, ਅੰਦਰ ਆ ਵੜੀ ਸੀ। ਉਸਨੇ ਲਾਂਬਾ ਸਾਹਬ ਨੂੰ ਬਾਹੋਂ ਫੜ ਕੇ ਕੁਰਸੀ ਉੱਤੇ ਬਿਠਾ ਦਿੱਤਾ ਤੇ ਆਪ ਸਾਹਮਣੀ ਕੁਰਸੀ ਉੱਤੇ ਬਹਿੰਦੀ ਹੋਈ ਬੋਲੀ, “ਪਾਪਾ ਜੀ ਤੁਸੀਂ ਅੰਮ੍ਰਿਤਸਰ ਵਾਲੇ ਮਾਮਾ ਜੀ ਨੂੰ ਇਨਵੀਟੇਸ਼ਨ ਕਾਰਡ ਭੇਜਿਆ ਸੀ ਨਾ...ਮੈਂ ਮਨ੍ਹਾਂ ਕਰਦੀ ਰਹਿ ਗਈ ਸਾਂ ਬਈ ਨਾ ਭੇਜੋ, ਨਾ ਭੇਜੋ। ਉਹਨਾਂ ਨਹੀਂ ਆਉਣਾ। ਅੰਮ੍ਰਿਤਸਰ ਵਾਲੇ ਮਾਸੀ ਜੀ ਆਏ ਨੇ—ਕਹਿੰਦੇ ਨੇ ਪਹਿਲਾਂ ਤਾਂ ਕਾਰਡ ਵੇਖ ਕੇ ਮਾਮਾ ਜੀ ਨੇ ਖਾਸੀ ਬੁੜ-ਬੁੜ ਕੀਤੀ, ਫੇਰ ਸ਼ਗਨ ਦੇ ਇੱਕੀ ਰੁਪਏ ਭੇਜ ਦਿੱਤੇ। ਦੱਸੋ ਰੱਖ ਲਈਏ ਕਿ ਵਾਪਸ ਮੋੜ ਦੇਈਏ?”
ਲਾਂਬਾ ਸਾਹਬ ਨੇ ਸਵਾਲੀਆ ਨਜ਼ਰਾਂ ਨਾਲ ਆਪਣੀ ਧੀ ਦੇ ਚਿਹਰੇ ਵੱਲ ਤੱਕਿਆ ਜਿਵੇਂ ਪੁੱਛ ਰਹੇ ਹੋਣ, 'ਤੇਰਾ ਕੀ ਖਿਆਲ ਏ?'
ਅਚਾਨਕ ਇਕ ਸੱਜ ਵਿਆਹੀ ਕੁੜੀ ਅੰਦਰ ਆ ਵੜੀ—ਉਹਦੇ ਹੱਥ ਵਿਚ ਕਈ ਟੈਲੀਗ੍ਰਾਮ ਸਨ।
“ਦਾਦਾ ਜੀ! ਅਹਿ ਵੇਖੋ ਕਿੰਨੇ ਸਾਰੇ ਟੈਲੀਗ੍ਰਾਮ—ਸਭ ਨੇ ਤੁਹਾਨੂੰ ਮੁਬਾਰਕਬਾਦ ਭੇਜੀ ਏ। ਆਖੋ ਤਾਂ ਪੜ੍ਹ ਕੇ ਸੁਣਾਵਾਂ?”
ਉਹ ਕੁਰਸੀ ਦੇ ਪਿੱਛੇ ਪਾਸੇ ਆਪਣੇ ਦਾਦੇ ਹੁਰਾਂ ਦੇ ਗਲ਼ ਵਿਚ ਬਾਹਾਂ ਪਾਈ ਖੜ੍ਹੀ ਸੀ ਤੇ ਤਾਰਾਂ ਦਾ ਪੁਲੰਦਾ ਲਾਂਬਾ ਸਾਹਬ ਦੀਆਂ ਧੁੰਦਲੀਆਂ ਅੱਖਾਂ ਸਾਹਮਣੇ ਨਚਾ ਰਹੀ ਸੀ—“ਵੇਖੋ ਦਾਦਾ ਜੀ...ਸਰਦਾਰ ਅਮਰਜੀਤ ਸਿੰਘ ਮਜੇਠੀਆ, ਸਰਫਰਾਜ਼ ਅਹਿਮਦ, ਮਧੁਰ ਤੇ ਅਹਿ...”
ਉਦੋਂ ਹੀ ਇਕ ਹੋਰ ਕੁੜੀ ਅੰਦਰ ਆਣ ਵੜੀ। ਉਹ ਵੀ ਸੱਜ ਵਿਆਹੀ ਹੀ ਜਾਪਦੀ ਸੀ। ਪਰ ਉਹ ਆਪਣੀ ਮਾਂ ਨੂੰ ਕੁਝ ਕਹਿਣ ਆਈ ਸੀ, ਉਸ ਪੱਕੀ ਉਮਰ ਦੀ ਤੀਵੀਂ ਨੂੰ ਜਿਹੜੀ ਹਾਲੇ ਉੱਥੇ ਹੀ ਬੈਠੀ ਹੋਈ ਸੀ।
“ਮੰਮੀ ਤੁਹਾਡੇ ਕਹਿਣ 'ਤੇ ਮੈਂ ਉਹਨਾਂ ਨਾਲ ਮਾਰਕੀਟ ਚਲੀ ਗਈ ਸਾਂ...ਉਹੀ ਹੋਇਆ, ਮੈਂ ਪਹਿਲਾਂ ਈ ਕਿਹਾ ਸੀ—ਕੱਪੜੇ ਦੀ ਬਿਲਕੁਲ ਪਛਾਣ ਨਹੀਂ ਉਹਨਾਂ ਨੂੰ। ਕਹਿਣ ਲੱਗੇ—'ਅਹਿ ਸਸਤੀਆਂ ਜਿਹੀਆਂ ਛੇ ਸਾੜ੍ਹੀਆਂ ਲੈ ਲੈ'—ਪਰ ਮੈਂ ਸਿਰਫ ਚਾਰ ਹੀ ਖਰੀਦੀਆਂ ਨੇ, ਜਰਾ ਸਟੈਂਡਰਡ ਦੀਆਂ ਵਿਖਾਵਾਂ ਤੁਹਾਨੂੰ ਲਿਆ ਕੇ? ਨਾਲੇ ਨਾਨਾ ਜੀ ਤੁਸੀਂ ਵੀ ਵੇਖ ਲਈਓ।”
ਸੁਣ ਕੇ ਦੇਵ ਪ੍ਰਕਾਸ਼ ਲਾਂਬਾ ਹੱਸਿਆ 'ਖੀਂ-ਖੀਂ' ਤੇ ਬੋਲਿਆ, “ਬਈ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਏ ਕਿ ਮੈਨੂੰ ਅਜਿਹੀਆਂ ਗੱਲਾਂ 'ਚ ਕੋਈ ਦਿਲਚਸਪੀ ਨਹੀਂ—ਕੌਣ ਆ ਗਿਐ, ਕੌਣ ਨਹੀਂ ਆਇਆ ਤੇ ਕੌਣ ਕੀ ਖਰੀਦਦਾ ਫਿਰਦੈ—ਬਈ ਮੈਨੂੰ ਤਾਂ ਬਖ਼ਸ਼ਿਆ ਕਰੋ। ਜਾਓ ਨੱਸ ਜਾਓ।”
ਔਰਤਾਂ ਮੁਸਕਰਾਂਦੀਆਂ ਹੋਈਆਂ ਉਠ ਕੇ ਬਾਹਰ ਵੱਲ ਤੁਰ ਪਈਆਂ। ਲਾਂਬੇ ਨੇ ਪਿੱਛੋਂ ਆਵਾਜ਼ ਦਿੱਤੀ, “ਹੁਣ ਸਾਨੂੰ ਕੋਈ ਡਿਸਟਰਸ ਨਾ ਕਰੇ। ਹਾਂ ਸੱਚ, ਚਾਹ ਹੋਰ ਭਿਜਵਾ ਦਿਓ ਸਾਡੀ ਖਾਤਰ। ਜਦੋਂ ਬਾਰਾਤ ਚੱਲਣ ਵਾਲੀ ਹੋ ਜਾਏ, ਸਾਨੂੰ ਸੱਦ ਲਿਓ—ਸਮਝ ਗਈਆਂ ਨਾ?”
ਚਾਹ ਹੋਰ ਆ ਗਈ ਪਰ ਆਲੇ ਦੁਆਲੇ ਦੀ ਭਿਣਭਿਣਾਹਟ ਨਾ ਮੁੱਕੀ। ਜਾਪਦਾ ਸੀ ਹਰ ਜਗ੍ਹਾ, ਹਰ ਕਮਰੇ ਵਿਚ, ਜਿੱਥੇ ਦੋ ਜਣੇ ਇੱਕਠੇ ਹੁੰਦੇ ਨੇ...ਕੱਪੜਿਆਂ, ਗਹਿਣਿਆਂ ਤੇ ਵਿਆਹ ਸੰਬੰਧੀ ਹੋਰ ਗੱਲਾਂ ਛੇੜ ਬਹਿੰਦੇ ਨੇ।
ਸ਼ਾਮ ਹੋਣ ਸਾਰ ਬੈਂਡ ਵੱਜਣ ਲੱਗ ਪਿਆ। ਮਹਿਮਾਨ ਆਉਣੇ ਸ਼ੁਰੂ ਹੋ ਗਏ। ਨਵੇਂ ਆਏ ਬੰਦੇ ਨੂੰ ਉਹਨਾਂ ਦੇ ਕਮਰੇ ਵਿਚ ਘਸੀਟ ਲਿਆਂਦਾ ਜਾਂਦਾ। ਕੁਝ ਰਸਮੀਂ ਜਿਹੀਆਂ ਗੱਲਾਂ ਕਰਨ ਤੋਂ ਬਾਅਦ ਉਹ ਫੇਰ ਆਪਣੀਆਂ ਗੱਲਾਂ ਵਿਚ ਉਲਝ ਜਾਂਦੇ—
ਲਾਂਬਾ ਸਾਹਬ ਨੇ ਕਿਹਾ, “ਕਈ ਲੋਕ ਬੁਢਾਪੇ ਨੂੰ ਸਰਾਪ ਸਮਝੇ ਨੇ, ਪਰ ਅਸੀਂ ਬੁੱਢੇ ਕਿੰਨੇ ਖ਼ੁਸ਼ ਆਂ! ਤੇ ਸੰਤੁਸ਼ਟ ਵੀ!”
ਹੈਡਮਾਸਟਰ ਚਾਵਲਾ ਨੇ ਉਤਰ ਦਿੱਤਾ, “ਬੇਕਰ ਨੇ ਇਕ ਜਗ੍ਹਾ ਲਿਖਿਆ ਐ, 'ਬਾਲਣ ਲਈ ਪੁਰਾਣੀ ਲੱਕੜ, ਪੀਣ ਲਈ ਪੁਰਾਣੀ ਸ਼ਰਾਬ, ਵਿਸ਼ਵਾਸ ਕਰਨ ਲਈ ਪੁਰਾਣੇ ਮਿੱਤਰ ਤੇ ਪੜ੍ਹਨ ਲਈ ਪੁਰਾਣੇ ਲੇਖਕ ਹੀ ਚੰਗੇ ਹੁੰਦੇ ਨੇ'।”
ਕਰਮਦਾਦ ਖ਼ਾਂ ਨੇ ਰਤਾ ਹਿਰਖ ਕੇ ਪੁੱਛਿਆ, “ਤੁਹਾਨੂੰ ਲੋਕਾਂ ਨੂੰ ਆਪਣਾ ਬੁਢਾਪਾ ਕਿਉਂ ਤੰਗ ਕਰ ਰਿਹੈ ਬਈ? ਹਰੇਕ ਗੱਲ ਦੀ ਤਾਣ ਬੁਢਾਪੇ ਤੇ ਈ ਤੋੜੀ ਜਾ ਰਹੀ ਜਾ ਰਹੀ ਐ। ਬੰਦ ਕਰੋ ਏਸ ਕਿੱਸੇ ਨੂੰ ਤੇ ਜਵਾਨੀ ਵੇਲੇ ਦੀਆਂ ਗੱਲਾਂ ਕਰੋ—ਸਿਰਫ ਜਵਾਨੀ ਦੀਆਂ ਗੱਲਾਂ, ਕੁਝ ਹੋਰ ਨਹੀਂ। ਆਓ ਗਾਈਏ।' ਤੇ ਉਹ ਆਪ ਹੀ ਕੰਨ 'ਤੇ ਹੱਥ ਧਰ ਕੇ ਉੱਚੀ-ਉੱਚੀ ਗਾਉਣ ਲੱਗ ਪਿਆ—
'ਦਰਦੋਂ ਕੀ ਮਾਰੀ ਹੁਈ
ਜ਼ਿੰਦਗੀ ਅਲੀਲ ਹੈ
ਦਿਲਰੁਬਾ ਤਵੱਜੋ ਨਹੀਂ ਦੇਤਾ
ਹਮਾਰੇ ਦੁੱਖੋਂ ਦੀ ਅਪੀਲ ਸੁਣਤਾ ਹੀ ਨਹੀਂ।'
ਬੂਹੇ ਸਾਹਮਣੇ ਵੱਜ ਰਹੇ ਬੈਂਡ ਦੀ ਆਵਾਜ਼ ਉੱਚੀ ਹੋ ਗਈ। ਇਕ ਦੂਜੇ ਦੀ ਗੱਲ ਸੁਣਨਾ ਮੁਸ਼ਕਿਲ ਹੋ ਗਿਆ। ਸਾਰੇ ਬਰਾਤੀ ਕੱਪੜੇ ਬਦਲ ਕੇ ਤਿਆਰ ਹੋ ਚੁੱਕੇ ਸਨ। ਮੁੰਡੇ ਨਵੇਂ ਸੂਟਾਂ-ਬੂਟਾਂ ਵਿਚ ਥਿਰਕਦੇ ਫਿਰਦੇ ਸਨ। ਕੁੜੀਆਂ ਇਕ ਦੂਜੀ ਤੋਂ ਵਾਲ ਵਹਾਉਣ ਲਈ ਏਧਰ ਉਧਰ ਨੱਸੀਆਂ ਫਿਰਦੀਆਂ ਸਨ। ਉਹਨਾਂ ਨੂੰ ਵੀ ਕੋਈ ਬਾਹਰ ਆ ਜਾਣ ਲਈ ਕਹਿ ਗਿਆ ਸੀ—ਉਹਨਾਂ ਆਪ ਵੀ ਇਹੀ ਠੀਕ ਸਮਝਿਆ ਤੇ ਕੱਪੜੇ ਬਦਲ ਕੇ ਬਾਹਰ ਆ ਬੈਠੇ, ਜਿੱਥੇ ਹੋਰ ਮਹਿਮਾਨ ਬੈਠੇ ਹੋਏ ਸਨ।
ਕਰਮਦਾਦ ਆਪਣੇ ਦੋਸਤਾਂ ਖਾਤਰ ਦੋ ਕਸ਼ਮੀਰੀ ਕਰਾਕਲੀ ਟੋਪੀਆਂ ਲੈ ਕੇ ਆਇਆ ਸੀ, ਸੋ ਤਿੰਨਾਂ ਦੇ ਸਿਰਾਂ ਉੱਤੇ ਇਕੋ ਜਿਹੀਆਂ ਟੋਪੀਆਂ ਦਿਸ ਰਹੀਆਂ ਸਨ। ਭਾਵੇਂ ਉਹਨਾਂ ਨੇ ਵੀ ਕੱਪੜੇ ਬਦਲ ਲਏ ਸਨ ਪਰ ਉਹਨਾਂ ਵਿਚ ਕੋਈ ਖਾਸ ਤਬਦੀਲੀ ਨਹੀਂ ਸੀ ਦਿਸ ਰਹੀ। ਉਮਰ ਉਹਨਾਂ ਦੇ ਵਿਆਕਤੀਤਵ ਉੱਤੇ ਹਾਵੀ ਹੋਈ ਹੋਈ ਸੀ। ਜਿੰਨੇ ਵਕਾਰ, ਜਿੰਨੀ ਸੰਜੀਦਗੀ ਜਾਂ ਜਿੰਨੀ ਵੀ ਦਿਲਕਸ਼ੀ ਦੀ ਉਹਨਾਂ ਨੂੰ ਲੋੜ ਸੀ—ਉਹ ਪਹਿਲਾਂ ਹੀ ਹੰਡਾਅ ਚੁੱਕੇ ਸਨ। ਨੌਜਵਾਨ ਜਿਹੜੇ ਨਵੇਂ ਕੱਪੜਿਆਂ ਵਿਚ ਪਹਿਲਾਂ ਨਾਲੋਂ ਵਧੇਰੇ ਸਮਾਰਟ ਲੱਗ ਰਹੇ ਸਨ...ਬਜ਼ੂਰਗਾਂ ਨੂੰ ਵੇਖ ਕੇ ਸਤਿਕਾਰ ਵਜੋਂ ਰਤਾ ਕੁ ਝੁਕਦੇ ਤੇ ਏਧਰ-ਉਧਰ ਖਿਸਕ ਜਾਂਦੇ, ਉਹਨਾਂ ਨੂੰ ਆਪਣੇ ਹਾਣ-ਪ੍ਰਵਾਨ ਵਿਚ ਖਲੋ ਕੇ ਗੱਲਾਂ ਕਰਨਾ ਹੀ ਚੰਗਾ ਲੱਗਦਾ ਸੀ। ਪਰ ਬੱਚੇ, ਜਿਹੜੇ ਨਵੇਂ ਕੱਪੜਿਆਂ ਵਿਚ ਫੁੱਲੇ ਨਹੀਂ ਸਨ ਸਮਾਅ ਰਹੇ, ਹੁਣ ਤਕ ਉਹਨਾਂ ਤਿੰਨਾਂ ਬੁੱਢਿਆਂ ਵਿਚ ਦਿਲਚਸਪੀ ਲੈ ਰਹੇ ਸਨ। ਜਿੱਥੇ ਉਹ ਬੈਠਦੇ ਬੱਚੇ ਉਹਨਾਂ ਦੇ ਆਲੇ-ਦੁਆਲੇ ਆਣ ਇੱਕਠੇ ਹੁੰਦੇ , ਕੰਨ ਲਾ ਕੇ ਉਹਨਾਂ ਦੀਆਂ ਗੱਲਾਂ ਸੁਣਦੇ, ਨੀਝ ਲਾ ਕੇ ਉਹਨਾਂ ਦੀਆਂ ਹਰਕਤਾਂ ਵਿੰਹਦੇ ਤੇ ਜਦੋਂ ਉਹ ਉਹਨਾਂ ਨੂੰ ਨੱਸ ਜਾਣ ਦਾ ਇਸ਼ਾਰਾ ਕਰਦੇ ਤਾਂ ਦੂਰ ਜਾ ਕੇ ਦੰਦੀਆਂ ਕੱਢਣ ਲੱਗ ਪੈਂਦੇ ਤੇ ਉਹਨਾਂ ਦੀ ਮੁੱਠੀ ਘੁੱਟ ਦੇ ਸਿਗਰਟ ਪੀਣ ਦੀ ਆਦਤ ਦੀਆਂ ਨਕਲਾਂ ਲਾਉਣ ਲੱਗ ਜਾਂਦੇ ਸਨ।
ਜਦੋਂ ਬਾਰਾਤ ਰਵਾਨਾ ਹੋਈ ਤਾਂ ਉਹਨਾਂ ਨੂੰ ਸਭ ਤੋਂ ਮਗਰਲੀ ਇਕ ਓਪਨ ਕਾਰ ਵਿਚ ਬਿਠਾਅ ਦਿੱਤਾ ਗਿਆ। ਭਾਵੇਂ ਲੜਕੀ ਵਾਲਿਆਂ ਦਾ ਘਰ ਬਹੁਤੀ ਦੂਰ ਨਹੀਂ ਸੀ ਤੇ ਉਹਨਾਂ ਨੂੰ ਬਾਰਾਤ ਦੇ ਨਾਲ ਨਾਲ ਪੈਦਲ ਤੁਰਨ ਦੀ ਇੱਛਾ ਵੀ ਸੀ ਪਰ ਉਹਨਾਂ ਦੀ ਸਿਹਤ ਦਾ ਖ਼ਿਆਲ ਕਰਦਿਆਂ ਹੋਇਆਂ ਪੈਦਲ ਤੁਰਨ ਤੋਂ ਰੋਕ ਦਿੱਤਾ ਗਿਆ ਸੀ।
...ਅੱਗੇ ਬਾਰਾਤੀ ਨੱਚਦੇ ਜਾ ਰਹੇ ਸਨ। ਕਈਆਂ ਨੇ ਸ਼ਰਾਬ ਵੀ ਪੀਤੀ ਹੋਈ ਸੀ। ਵਿਚਾਰੇ ਬੁੱਢੇ ਉੱਕੜ-ਉੱਕੜ ਕੇ ਨੱਚਣ ਵਾਲਿਆਂ ਨੂੰ ਵੇਖ ਰਹੇ ਸਨ—ਉਹਨਾਂ ਦੇ ਮਨ ਭਰ ਆਏ, ਅੱਖਾਂ ਸਿਲ੍ਹੀਆਂ ਹੋ ਗਈਆਂ।
“'ਇਹ ਨਲਾਇਕ ਕੀ ਜਾਣਨ ਕਿ ਅਸੀਂ ਅੱਜ ਵੀ ਇਹਨਾਂ ਤੋਂ ਚੰਗਾ ਨੱਚ ਸਕਦੇ ਆਂ।”
“ਜਵਾਨੀ ਵਿਚ ਕਈ ਕਈ ਘੰਟੇ ਲਗਾਤਾਰ ਨੱਚਦੇ ਰਹੇ ਹਾਂ।”
“ਨੱਚਣ ਵਾਲੀ ਕੌਮ ਹੀ, ਜ਼ਿੰਦਾ ਦਿਲ ਕੌਮ ਅਖਵਾਉਣ ਦੀ ਹੱਕਦਾਰ ਹੁੰਦੀ ਐ।”
ਉਹ ਆਪਣੇ ਯਾਰਾਂ-ਦੋਸਤਾਂ ਤੇ ਰਿਸ਼ਤੇਦਾਰਾਂ ਦੇ ਵਿਆਹ-ਸ਼ਾਦੀਆਂ ਤੇ ਮੇਲਿਆਂ-ਠੇਲਿਆਂ ਦੇ ਉਹਨਾਂ ਯਾਦਗਾਰੀ ਮੌਕਿਆਂ ਦਾ ਜ਼ਿਕਰ ਕਰਦੇ ਰਹੇ ਜਿਹਨਾਂ ਵਿਚ ਕਦੇ ਸੱਚਮੁਚ ਹੀ ਉਹਨਾਂ ਨੇ ਆਪਣੇ ਜੋਸ਼ ਦੇ ਜੌਹਰ ਵਿਖਾਏ ਸਨ। ਉਹ ਆਪਣੇ ਉਹਨਾਂ ਦੋਸਤਾਂ ਨੂੰ ਯਾਦ ਕਰਨਾ ਵੀ ਨਹੀਂ ਸਨ ਭੁੱਲੇ ਜਿਹੜੇ ਹੁਣ ਇਸ ਦੁਨੀਆਂ ਵਿਚ ਨਹੀ ਸਨ—ਪਰ ਨੱਚਣ ਵਿਚ ਪੂਰੇ ਮਾਹਰ ਸਨ।
ਦੇਵ ਪ੍ਰਕਾਸ਼ ਲਾਂਬਾ ਨੇ ਇਕ ਵਾਰੀ ਫੇਰ ਉਚਕ ਕੇ ਨੱਚਣ ਵਾਲਿਆਂ ਵੱਲ ਵੇਖਿਆ। ਉਸਦੇ ਮੁੰਡੇ, ਪੋਤੇ, ਰਿਸ਼ਤੇਦਾਰ ਤੇ ਮਿੱਤਰ ਸਾਰੇ ਹੀ ਨੱਚ ਰਹੇ ਸਨ। ਉਹ ਕਾਰ ਵਿਚ ਹੀ ਉਠ ਕੇ ਖੜ੍ਹਾ ਹੋ ਗਿਆ ਤਾਂ ਕਰਮਦਾਦ ਨੇ ਕਿਹਾ, “ਕੀ ਵੇਖ ਰਹੇ ਓ ਲਾਂਬਾ ਸਾਹਬ? ਬੈਠ ਜਾਓ ਇਹ ਨੌਜਵਾਨਾਂ ਦਾ ਜ਼ਮਾਨਾ ਏਂ।”
ਲਾਂਬੇ ਨੇ ਆਪਣੇ ਕੋਟ ਦੀ ਜੇਬ ਟਟੋਲ ਕੇ ਸਿਗਰਟਾਂ ਦੀ ਡੱਬੀ ਕੱਢੀ ਤੇ ਡਰਾਈਵਰ ਵੱਲ ਵਧਾ ਕੇ ਬੋਲਿਆ, “ਲੈ ਭਾਈ ਸਾਹਿਬ ਤੂੰ ਵੀ ਪੀ—ਪਰ ਸਾਨੂੰ ਹੇਠਾਂ ਉਤਾਰ ਦੇ। ਅਸੀਂ ਤੇਰੀ ਕਾਰ ਦੇ ਪਿੱਛੇ-ਪਿੱਛੇ ਨੱਚਦੇ ਹੋਏ ਆਵਾਂਗੇ, ਕੋਈ ਸਾਨੂੰ ਵੇਖੇਗਾ ਵੀ ਨਹੀਂ। ਜਦੋਂ ਥੱਕ ਗਏ ਫੇਰ ਬੈਠ ਜਾਵਾਂਗੇ। ਤੂੰ ਕਾਰ ਜ਼ਰਾ ਹੌਲੀ-ਹੌਲੀ ਲਚੱਲੀਂ, ਬਾਰਾਤ ਭਾਵੇਂ ਅਗਾਂਹ ਹੀ ਲੰਘ ਜਾਏ...”
ਦੂਜੇ ਦੋਹਾਂ ਬੁੱਢਿਆਂ ਨੂੰ ਵੀ ਇਹ ਗੱਲ ਪਸੰਦ ਆਈ। ਉਹ ਕਾਰ ਵਿਚੋਂ ਉਤਰ ਗਏ। ਪਿੱਛੇ ਰੋਸ਼ਨੀ ਨਹੀਂ ਸੀ। ਉਹ ਇਕ ਦੂਜੇ ਵੱਲ ਮੂੰਹ ਕਰਕੇ ਖੜ੍ਹੇ ਹੋ ਗਏ ਤੇ ਫੇਰ ਆਪਣੀਆਂ ਲੰਮੀਆਂ-ਲੰਮੀਆਂ ਬਾਹਾਂ ਉਤਾਂਹ ਚੁੱਕ ਕੇ ਨੱਚਣ ਲੱਗ ਪਏ। ਬੈਂਡ ਦੀ ਆਵਾਜ਼ ਉਹਨਾਂ ਤਕ ਪਹੁੰਚ ਰਹੀ ਸੀ। ਉਸ ਦੀਆਂ ਧੁਨਾਂ ਉੱਤੇ ਉਹ ਹੱਥ ਪੈਰ ਚਲਾ ਰਹੇ ਸਨ। ਡਰਾਈਵਰ ਵੀ ਹੈਰਾਨੀ ਨਾਲ ਵਾਰੀ-ਵਾਰੀ ਪਿਛਾਂਹ ਭੌਂ ਕੇ ਉਹਨਾਂ ਵੱਲ ਵੇਖ ਲੈਂਦਾ ਸੀ। ਹਨੇਰੇ ਵਿਚ ਉਹ ਪਰਛਾਵਿਆਂ ਵਾਂਗ ਹੀ ਦਿਸ ਰਹੇ ਸਨ।
ਨੱਚਦਿਆਂ-ਨੱਚਦਿਆਂ ਲਾਂਬੇ ਦੀ ਛਾਤੀ ਵਿਚ ਪੀੜ ਹੋਣ ਲੱਗ ਪਈ। ਉਹ ਥਾਵੇਂ ਬੈਠ ਗਿਆ ਤੇ ਕਰਾਹੁਣ ਲੱਗ ਪਿਆ। ਉਸਦੇ ਸਾਥੀਆਂ ਦੇ ਪੈਰ ਵੀ ਰੁਕ ਗਏ। ਉਹਨਾਂ ਝੁਕ ਕੇ ਉਸਨੂੰ ਟਟੋਲਿਆ ਤੇ ਕੰਬਦੀ ਹੋਈ ਆਵਾਜ਼ ਵਿਚ ਡਰਾਈਵਰ ਨੂੰ ਆਵਾਜ਼ ਮਾਰੀ। ਉਸਦੀ ਮਦਦ ਨਾਲ ਲਾਂਬੇ ਨੂੰ ਕਾਰ ਵਿਚ ਲਿਟਾਅ ਕੇ ਘਰ ਲੈ ਆਏ। ਡਰਾਈਵਰ ਨੇ ਕਿਹਾ ਸੀ ਕਿ ਅੱਗੇ ਚੱਲ ਕੇ ਲਾਂਬਾ ਸਾਹਬ ਦੇ ਮੁੰਡਿਆਂ ਨੂੰ ਖ਼ਬਰ ਦੇ ਆਈਏ, ਪਰ ਉਹਨਾਂ ਮਨ੍ਹਾਂ ਕਰ ਦਿੱਤਾ ਸੀ।
ਘਰ ਪਹੁੰਚ ਕੇ ਦੇਵ ਪ੍ਰਕਾਸ਼ ਲਾਂਬਾ ਨੂੰ ਉਸੇ ਕਮਰੇ ਵਿਚ ਲਿਟਾਅ ਦਿੱਤਾ ਗਿਆ ਜਿਸ ਵਿਚ ਬੈਠੇ ਉਹ ਸਾਰਾ ਦਿਨ ਗੱਲਾਂ ਕਰਦੇ ਰਹੇ ਸਨ। ਉਸਦਾ ਸਾਹ ਰੁਕ ਚੁੱਕਿਆ ਸੀ ਤੇ ਸਰੀਰ ਹੌਲੀ-ਹੌਲੀ ਠੰਡਾ ਹੋ ਚੱਲਿਆ ਸੀ। ਫੇਰ ਉਸ ਉੱਤੇ ਚਾਦਰ ਪਾ ਦਿੱਤੀ ਗਈ। ਬਾਰਾਤੀਆਂ ਨੂੰ ਇਸ ਘਟਨਾ ਦੀ ਖ਼ਬਰ ਵੀ ਨਹੀਂ ਭੇਜੀ ਗਈ। ਡਰਾਈਵਰ ਨੂੰ ਇਹ ਸਮਝਾ ਕੇ ਭੇਜ ਦਿੱਤਾ ਗਿਆ ਕਿ ਉਹ ਆਰਾਮ ਕਰ ਰਹੇ ਨੇ। ਖਾਣਾ ਵਗ਼ੈਰਾ ਵੀ ਨਹੀਂ ਖਾਣਗੇ।
ਘਰ ਵਿਚ ਚੁੱਪ ਵਰਤੀ ਹੋਈ ਸੀ। ਜੇ ਉਹ ਗੱਲਾਂ ਕਰ ਰਹੇ ਹੁੰਦੇ ਤਾਂ ਕੋਈ ਡਿਸਟਰਬ ਵੀ ਨਾ ਕਰਦਾ। ਪਰ ਉਹ ਬਿਲਕੁਲ ਚੁੱਪ ਸਨ। ਬਾਰਾਤੀ ਦੋ ਵਜੇ ਤਕ ਡੋਲੀ ਲੈ ਕੇ ਵਾਪਸ ਪਰਤ ਆਉਣਗੇ।...ਤੇ ਉਦੋਂ ਤਕ ਉਹ ਜਾਗਦੇ ਹੀ ਰਹਿਣਗੇ। ਕਰਮਦਾਦ ਖ਼ਾਂ ਤੇ ਹੈਡਮਾਸਟਰ ਚਾਵਲਾ ਆਪਣੇ ਦੋਸਤ ਦੇ ਨੇੜੇ ਹੀ ਕੁਰਸੀਆਂ ਉੱਤੇ ਬੈਠੇ ਸਨ, ਧੁੰਦਲੀਆਂ ਅੱਖਾਂ ਵਿਚ ਅੱਥਰੂ ਤੈਰ ਰਹੇ ਸਨ। ਪਰ ਉਹ ਲਗਾਤਾਰ ਸਿਗਰਟਾਂ ਪੀ ਰਹੇ ਸਨ—ਓਵੇਂ ਹੀ ਇਕ ਸਿਗਰਟ ਸੁਲਗਾਈ ਜਾਂਦੀ, ਵਾਰੀ-ਵਾਰੀ ਸੂਟੇ ਲਗਦੇ ਤੇ ਜਦੋਂ ਮੁੱਕ ਜਾਂਦੀ, ਫਰਸ਼ ਉੱਤੇ ਸੁੱਟ ਦਿੱਤੀ ਜਾਂਦੀ, ਜਿੱਥੇ ਸੈਂਕੜੇ ਟੋਟੇ ਪਏ ਹੋਏ ਸਨ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ