Tirke Ghare Da Pani (Punjabi Story) : Shahida Dilawar Shah
ਤਿੜਕੇ ਘੜੇ ਦਾ ਪਾਣੀ (ਕਹਾਣੀ) : ਸ਼ਾਹਿਦਾ ਦਿਲਾਵਰ ਸ਼ਾਹ
ਬਦੀ-ਉਲ-ਜਮਾਲ ਪੜ੍ਹੀ ਲਿਖੀ ਮੁਟਿਆਰ ਸੀ ਪਰ ਸਿਫ਼ਾਰਸ਼ ਨਾ ਹੋਣ ਪਾਰੋਂ ਜਿਥੇ ਨੌਕਰੀ ਲਈ ਜਾਂਦੀ ਨਾਕਾਮੀ ਉਹਦਾ ਮੂੰਹ ਚਿੜਾਂਦੀ। ਪਿਛਲ਼ੇ ਦੋ ਵਰ੍ਹਿਆਂ ਤੋਂ ਉਹ ਮੁਸਲਸਲ ਸ਼ਸੋਪੰਜ ਵਿਚ ਪਈ ਸੀ। ਇਹ ਨਹੀਂ ਸੀ ਪਈ ਉਹਨੂੰ ਨਿੱਕੀਆਂ ਮੋਟੀਆਂ ਤੇ ਨੌਕਰੀਆਂ ਦੀ ਆਫ਼ਰ ਹੁੰਦੀਆਂ ਈ ਨਹੀਂ ਸਨ ਪਰ ਉਹਦੇ ਦਿਮਾਗ਼ ਵਿਚ ਮਹਿਰੂਮੀਆਂ ਬੇਬਸੀਆਂ ਦੇ ਚੋਮਪਲਇਣ ਵੜੇ ਹੋਏ ਸਨ ਉਹ ਉਨ੍ਹਾਂ ਨੂੰ ਮੁਢੋਂ ਧੋ ਦੇਣਾ ਚਾਹੁੰਦੀ ਸੀ। ਉਹਨੇ ਆਪਣਾ ਬਾਲ ਪਣ ਘਿਉ ਦੀਆਂ ਚੂਰੀਆਂ ਵਿਚ ਲੰਘਾਇਆ ਹੋਇਆ ਸੀ। ਉਹ ਨਾਂਵੀਂ ਕਲਾਸ ਵਿੱਚ ਸੀ ਜਦੋਂ ਘਰ ਦੇ ਵਡਕਿਆਂ ਦੇ ਚਿਹਰਿਆਂ ਦੀ ਰੌਨਕ ਉਦੋਂ ਗ਼ਾਇਬ ਹੋਗਈ ਜਦੋਂ ਉਹਦੇ ਦਾਦੇ ਨੇ ਡਾਕਟਰ ਦਾ ਇਹ ਸੁਨੇਹੜਾ ਚਾਚੇ ਅਤੇ ਮਾਂ ਨੂੰ ਸੁਣਾਇਆ ਪਈ ਬਦੀ-ਉਲ-ਜਮਾਲ ਦੇ ਨਿੱਕੇ ਵੀਰ ਆਸਫ਼ ਕਮਾਲ ਦੇ ਦਿਲ ਅੰਦਰ ਸੁਰਾਖ਼ ਏ। ਛੋਟੇ ਮੋਟੇ ਦੇਸੀ ਡਾਕਟਰਾਂ ਤੋਂ ਲੈ ਕੇ ਮੁਲਕ ਦੇ ਵੱਡੇ ਵੱਡੇ ਡਾਕਟਰਾਂ ਦੇ ਇਲਾਜ ਨਾਲ ਵੀ ਦਾਲ ਨਾ ਗਲੀ ਤੇ ਸਕਾਲਰਾਂ ਦੀ ਟੀਮ ਨੇ ਆਸਫ਼ ਕਮਾਲ ਦੇ ਦਾਦੇ ਚਾਚੇ ਨੂੰ ਮਸ਼ਵਰਾ ਦਿੱਤਾ ਪਈ ਇਹਦਾ ਇਲਾਜ ਵਿਦੇਸ਼ੀ ਦਵਾ ਖਾਨੇ ਵਿਚ ਮੁਮਕਿਨ ਹੈ। ਆਸਫ਼ ਕਮਾਲ ਦਾ ਅੱਬਾ ਚਾਰ ਪੰਜ ਵਰ੍ਹੇ ਪਹਿਲੋਂ ਰੋਡ ਐਕਸੀਡੈਂਟ ਵਿੱਚ ਹਲਾਕ ਹੋਗਿਆ ਹੋਇਆ ਸੀ। ਬੇਵਾ ਤੇ ਉਹਦੇ ਯਤੀਮ ਬਾਲਾਂ ਦੀ ਜ਼ਿਮੇਵਾਰੀ ਬਦੀ-ਉਲ-ਜਮਾਲ ਦੇ ਦਾਦੇ ਤੇ ਚਾਚੇ ਦੇ ਮੋਢਿਆਂ ਉਤੇ ਆਣ ਪਈ ਜਵਾਨ ਨੂੰਹ ਤੇ ਨਿੱਕੇ ਨਿੱਕੇ ਪੋਤਰੀਆਂ ਤੇ ਪੋਤਰੇ ਦੇ ਮੂੰਹ ਵੇਖਦਿਆਂ ਦਾਦੇ ਨੇ ਆਪਣੇ ਨਿੱਕੇ ਪੁੱਤਰ ਨਾਲ ਵਿਚਾਰ ਸਾਂਝੇ ਕੀਤੇ ਤੇ ਇਲਮ ਦੀਨ ਦਾ ਵਿਆਹ ਆਪਣੀ ਬੇਵਾ ਨੂੰਹ ਨਾਲ ਪੜ੍ਹਾ ਦਿੱਤਾ। ਦੂਜੇ ਵਿਆਹ ਮਗਰੋਂ ਚਰਾਗ਼ ਦੀਨ ਦੇ ਪੋਤਰੇ ਇਲਮ ਦੀਨ ਨੂੰ ਚਾਚਾ ਈ ਆਖਦੇ ਰਹੇ ਕਿਉਂ ਜੇ ਚਾਚਾ ਉਨ੍ਹਾਂ ਦੇ ਮੂੰਹ ਤੇ ਚੜ੍ਹਿਆ ਹੋਇਆ ਸੀ ਤੇ ਫਬਦਾ ਵੀ ਸੀ। ਚਾਚੇ ਨੂੰ ਅੱਬਾ ਕਹਿਣ ਲਗਿਆਂ ਉਹ ਸੰਗਦੇ ਸਨ ਤੇ ਨਾਲੇ ਚਾਚੇ ਨੂੰ ਵੀ ਇਸ ਗੱਲ਼ ਉਤੇ ਏਤਿਰਾਜ਼ ਨਹੀਂ ਸੀ ਪਈ ਬਾਲ ਚਾਚਾ ਆਖਣ ਜਾਂ ਅੱਬਾ ਬਸ ਦਾਦੇ ਦੀ ਸੱਧਰ ਸੀ ਪਈ ਉਹਦੇ ਪੋਤਰੇ ਇਲਮ ਦੀਨ ਨੂੰ ਅੱਬਾ ਆਖਣ। ਆਸਫ਼ ਦੇ ਘਰ ਬਾਹਰ ਦੀ ਜਾਨ ਤੇ ਦਾਦੇ ਦਾ ਇੱਕੋ ਨਰੀਨਾ ਨਸਲ਼ ਦਾ ਕਾਰਨ ਸੀ। ਉਹਦੇ ਇਲਾਜ ਲਈ ਵਿਦੇਸ਼ੀ ਖਰਚਾ ਵਾਹਵਾ ਔਖਾ ਸੀ। ਭੋਂ ਘਰ ਕੁੱਲਾ ਵੇਚਣ ਮਗਰੋਂ ਕੁਝ ਉਧਾਰ ਵੀ ਲੈਣਾ ਪਿਆ ਪਰ ਅਸਫ਼ ਕਮਾਲ ਦੀ ਹਯਾਤੀ ਖ਼ਰੀਦ ਲਈ ਗਈ। ਮੁੰਡਾ ਤੇ ਬੱਚ ਗਿਆ ਪਰ ਚਾਚੇ ਤੋਂ ਘਰ ਦਾ ਚੁੱਲ੍ਹਾ ਗਰਮ ਰਖਣਾ ਔਖਾ ਹੋਗਿਆ। ਚਾਚੇ ਨੇ ਬੜੀ ਮੁਸ਼ਕਲ਼ ਨਾਲ ਬਦੀ-ਉਲ-ਜਮਾਲ ਨੂੰ ਯੂਨੀਵਰਸਿਟੀ ਤੀਕ ਪੜ੍ਹਾਇਆ ਪਰ ਉਹਦੀ ਨੌਕਰੀ ਲਈ ਉਹਦੇ ਕੋਲ ਨਾ ਤੇ ਸਿਫ਼ਾਰਸ਼ ਸੀ ਤੇ ਨਾ ਈ ਵੱਢੀ ਦੇਣ ਲਈ ਵਾਹਵਾ ਪੈਸਾ ਧੇਲ਼ਾ। ਬਦੀ-ਉਲ-ਜਮਾਲ ਦਾ ਵੀ ਨੱਕ ਜ਼ਰਾ ਉਚਾ ਈ ਸੀ ਉਹਨੂੰ ਦੋ ਚਾਰ ਹਜ਼ਾਰ ਦੀ ਨੌਕਰੀ ਪੁਜਦੀ ਈ ਨਹੀਂ ਸੀ, ਹਾਲਾਂ ਜੇ ਮਾਂ ਨੇ ਕਿੰਨੀ ਵਾਰ ਸਮਝਾਇਆ ਪਈ ਧੀਏ ਦਾਲ ਦਲੀਏ ਲਈ ਪਹਿਲਾਂ ਥੋੜੇ ਵਿੱਚ ਈ ਡੰਗ ਟਪਾਣੇ ਪੈਂਦੇ ਨੇ ਪਰ ਬਦੀ-ਉਲ-ਜਮਾਲ ਨੂੰ ਕੌਣ ਸਮਝਾਵੇ। ਮਾਂ ਨੂੰ ਜਵਾਬ ਵਿੱਚ ਕਹਿੰਦੀ "ਮਾਂ ਤੁਸੀ ਪੁਰਾਣੇ ਜ਼ਮਾਨੇ ਦੇ ਦਿਮਾਗ਼ ਓ ਤੁਹਾਨੂੰ ਨਹੀਂ ਪਤਾ ਕਿ ਨਿੱਕੀ ਨੌਕਰੀ ਨਾਲ ਬੰਦੇ ਦੀ ਇੱਜ਼ਤ ਨਹੀਂ ਬਣਦੀ, ਖਾਈਏ ਤੇ ਰੱਜ ਕੇ ਨਹੀਂ ਤੇ ਬਹੀਏ ਮੂੰਹ ਕੱਜ ਕੇ"।
"ਬਸ ਫੇਰ ਮੂੰਹ ਕੱਜ ਕੇ ਈ ਬਹਿਣਾ ਪਵੇਗਾ, ਪੁੱਤਰ ਤੈਨੂੰ ਕਿੰਨੀ ਵਾਰ ਆਖਿਆ ਏ ਅੱਲ਼੍ਹਾ ਥੋੜੇ ਵਿੱਚ ਬਹੁਤਾ ਬਣਾਉਂਦਾ ਏ"।
ਬੜੀ ਵਾਰ ਗੱਲ਼ ਬਹਿਸ ਤੋਂ ਟੁਰ ਕੇ ਝੇੜੇ ਰਫੜ ਤੀਕ ਆ ਜਾਂਦੀ ਔੜ੍ਹਕ ਚਾਚੇ ਨੂੰ ਵਿਚਾਲੇ ਪੈ ਕੇ ਗੱਲ਼ ਮੁਕਾਣੀ ਪੈਂਦੀ। ਬਦੀ-ਉਲ-ਜਮਾਲ ਦਾ ਦੋਸਤਾਂ ਦਾ ਦ੍ਰਿਸ਼ ਕੋਈ ਬਹੁਤਾ ਮੋਕਲਾ ਨਹੀਂ ਸੀ ਬਸ ਇੱਕ ਦੋ ਪੁਰਾਣੀਆਂ ਸਕੂਲ ਦੀਆਂ ਸਹੇਲੀਆਂ ਸਨ ਤੇ ਬਹੁਤੀ ਸਾਂਝ ਉਹ ਆਪਣੇ ਮਾਲ਼ਕ ਮਕਾਨ ਦੀ ਵਹੁਟੀ ਜਿਹੜੀ ਆਪਣੇ ਘਰ ਵਾਲੇ ਤੋਂ ਪੂਰੇ ਯਾਰਾਂ ਵਰ੍ਹੇ ਛੋਟੀ ਸੀ ਤੇ ਬਦੀ-ਉਲ-ਜਮਾਲ ਤੋਂ ਇੱਕ ਦੋ ਵਰ੍ਹੇ ਵੱਡੀ ਸੀ। ਉਮਰਾਂ ਦਾ ਫਰਕ ਨਾ ਹੋਣ ਪਾਰੋਂ ਉਹਦੀ ਦੋਸਤੀ ਮਾਲਕ ਮਕਾਨ ਅਮਜਦ ਇਫ਼ਤਖ਼ਾਰ ਦੀ ਵਹੁਟੀ ਨਾਲ ਵਾਹਵਾ ਵੱਧ ਗਈ। ਉਹ ਆਪਣੀ ਹਰ ਗੱਲ਼ ਅਫ਼ਸ਼ਾਂ ਨਾਲ ਕਰ ਲੈਂਦੀ ਇਥੋਂ ਤੀਕ ਕਿ ਆਪਣੀ ਮਾਂ ਦੀਆਂ ਚੁਗ਼ਲੀਆਂ ਵੀ ਅਫ਼ਸ਼ਾਂ ਨਾਲ ਸਾਂਝੀਆਂ ਕਰਦੀ।
ਅਮਜਦ ਇਫ਼ਤਖਾਰ ਤਬੀਅਤ ਠੀਕ ਨਾ ਹੋਣ ਪਾਰੋਂ ਘਰ ਛੇਤੀ ਆ ਗਿਆ ਤੇ ਵਹੁਟੀ ਦੇ ਸੱਜੇ ਗੋਡੇ ਨਾਲ ਬੈਠੀ ਬਦੀ-ਉਲ-ਜਮਾਲ ਨੇ ਅਮਜਦ ਨੂੰ ਸਲਾਮ ਆਖਿਆ ਤੇ ਨਾਲ ਈ ਆਪਣੀ ਚੁੰਨੀ ਸਿੱਧੀ ਕਰਦਿਆਂ ਹੋਇਆਂ ਉਠ ਖਲੋਤੀ। ਬਦੀ-ਉਲ-ਜਮਾਲ ਬਰੂਹੋਂ ਨਿਕਲੀ ਤੇ ਅਮਜਦ ਇਫ਼ਤਖ਼ਾਰ ਨੇ ਆਪਣੀ ਵਹੁਟੀ ਨੂੰ ਆਖਿਆ "ਬਦੀ-ਉਲ-ਜਮਾਲ ਅੱਜਕਲ਼੍ਹ ਸਾਡੇ ਘਰ ਬਹੁਤਾ ਨਹੀਂ ਆਉਣ ਜਾਣ ਲਗ ਪਈ?"
ਵਹੁਟੀ ਨੇ ਦੱਸਿਆ ਪਈ ਐਸੀ ਕੋਈ ਗੱਲ਼ ਨਹੀਂ, ਕੰਮਕਾਰ ਤੋਂ ਵਿਹਲਿਆਂ ਹੋ ਕੇ ਕਦੀ ਆ ਜਾਂਦੀ ਏ। ਅਮਜਦ ਇਫ਼ਤਖ਼ਾਰ ਬੋਲਿਆ ਜਦੋਂ ਵੀ ਵੇਖਣਾ ਲੀਖ ਧੱਖ ਵਾਂਗ ਤੇਰੇ ਨਾਲ ਬੱਝੀ ਹੁੰਦੀ ਏ। ਵਹੁਟੀ ਬੋਲੀ ਨਹੀਂ ਵਿਚਾਰੀ ਆਪਣੇ ਘਰ ਵਾਲਿਆਂ ਤੇ ਗ਼ੁਰਬਤ ਦੇ ਰੋਣੇ ਰੋਂਦੀ ਰਹਿੰਦੀ ਏ। ਅੱਜਕਲ਼੍ਹ ਕਿਸੇ ਚੰਗੀ ਨੌਕਰੀ ਦੀ ਤਾਂਘ ਵਿੱਚ ਏ। ਅਮਜਦ ਇਫ਼ਤਖ਼ਾਰ ਨੇ ਉਹਦਾ ਜਾਇਜ਼ਾ ਲੈਂਦਿਆਂ ਹੋਇਆਂ ਆਖਿਆ ਪਈ ਜਾਨ ਆਲ਼ਮ (ਰੇਡੀਓ ਪ੍ਰੋਡੂਸਰ) ਇੱਕ ਦਿਨ ਆਖ ਰਿਹਾ ਸੀ ਪਈ ਰੇਡੀਓ ਚੈਨਲ਼ ਨੂੰ ਇੱਕ ਨਿਊਜ਼ ਰੀਡਰ ਦੀ ਲੋੜ ਏ ਜਿਹਡੀ ਚੰਗੇ ਸੁਭਾ ਵਿੱਚ ਖ਼ਬਰਾਂ ਪੜ੍ਹ ਸਕੇ। ਉਹਨੇ ਮੈਨੂੰ ਤੇਰੇ ਬਾਰੇ ਪੁੱਛਿਆ ਪਰ ਮੈਂ ਉਥੇ ਇਨਕਾਰ ਕਰ ਦਿੱਤਾ……… "ਇਨਕਾਰ ਕਿਉਂ ਕੀਤਾ?"
ਵਹੁਟੀ ਨੇ ਬੁਰਾ ਜਿਹਾ ਮੂੰਹ ਬਣਾ ਕੇ ਪੁੱਛਿਆ ਚੰਗਾ ਨਹੀਂ ਸੀ ਸਗੋਂ……ਅੱਜੇ ਉਹ ਬੋਲ ਈ ਰਹੀ ਸੀ ਕੇ ਅਮਜਦ ਇਫ਼ਤਖ਼ਾਰ ਨੇ ਮਸਕਾਂਦਿਆਂ ਹੋਇਆਂ ਆਖਿਆ "ਭਈ ਜੇ ਤੂੰ ਖ਼ਬਰਾਂ ਪੜ੍ਹਨ ਚਲੀ ਜਾਇਆ ਕਰੇਂ ਗੀ ਤੇ ਸਾਨੂੰ ਵੱਣ ਸਵੱਣੇ ਖਾਣੇ ਕੌਣ ਬਣਾ ਕੇ ਖਵਾਇਆ ਕਰੇਗਾ, ਸਾਡਾ ਖ਼ਿਆਲ ਫੇਰ ਕੌਣ ਰਖੇ ਗਾ, ਤੈਨੂੰ ਤੇ ਆਪਣੀ ਸੁਰਖੀ ਪੋਡਰ ਦੀ ਪੈ ਜਾਵੇਗੀ"।
ਅਮਜਦ ਇਫ਼ਤਖ਼ਾਰ ਨੇ ਵਹੁਟੀ ਨੂੰ ਛੇੜਦਿਆਂ ਹੋਇਆਂ ਆਖਿਆ।
"ਤੁਸੀ ਆਪਣਾ ਨਫਾ ਨੁਕਸਾਨ ਈ ਸੋਚਣਾ"
"ਨਹੀਂ ਤੇਰਾ ਵੀ ਨਫਾ ਸੋਚਿਆ ਏ"
"ਮੇਰਾ ਕੀ ਨਫਾ ਸੋਚਿਆ ਏ"
"ਇਹੋ ਈ ਪਈ ਤੇਰੇ ਉਤੇ ਦੋ ਦੋ ਡਿਉਟੀਆਂ ਲਗ ਜਾਂਦੀਆਂ ਜਿਹਦੇ ਨਾਲ ਤੇਰੀ ਸਿਹਤ ਤੇ ਮੁਹਾਂਦਰੇ ਦਾ ਕਮਪਲੈਕਸ਼ਨ ਵੀ ਖਰਾਬ ਹੁੰਦਾ ਫੇਰ ਤੂੰ ਹਫ਼ਤੇ ਅਠਾਂ ਦਿਨਾਂ ਦੀ ਬਜਾਏ ਹਰ ਰੋਜ਼ ਬਿਉਟੀ ਪਾਰਲਰਾਂ ਦੇ ਫੇਰੇ ਲਾਂਦੀ।ਇੱਕ ਬੰਨੇਂ ਘਰ ਦੇ ਕੰਮ ਦੂਜੇ ਬੰਨੇਂ ਨੌਕਰੀ ਤੀਜੇ ਬੰਨੇਂ ਆਪਣੇ ਕਮਪਲੈਕਸ਼ਨ ਦੀ ਪਰੇਸ਼ਾਨੀ।
"ਜਾਓ ਜਾਓ ਤੁਸੀ ਬੜੇ ਤੇਜ਼ ਓ"
ਉਹ ਅਮਜਦ ਇਫ਼ਤਖ਼ਾਰ ਦੇ ਬੂਟ ਜੁਰਾਬਾਂ ਸਮੇਟ ਕੇ ਉਹਦੇ ਰਫ਼ ਸਲ਼ੀਪਰ ਉਹਦੇ ਸਾਹਮਣੇ ਕਰਦਿਆਂ ਹੋਇਆਂ ਬੋਲੀ।
"ਅਛਾ ਦੱਸ ਇਹ ਤੇਰੀ ਚੰਮਚੀ ਖ਼ਬਰਾਂ ਚੰਗੀਆਂ ਪੜ੍ਹ ਸਕਦੀ ਏ।"
"ਉਹ ਪੜ੍ਹੀ ਲਿਖੀ ਏ ਬੋਲਦੀ ਚਾਲਦੀ ਵੀ ਚੰਗਾ ਏ ਪਰ ਮੈਨੂੰ ਨਹੀਂ ਪਤਾ ਉਹ ਮੰਨਦੀ ਏ ਜਾਂ ਨਹੀਂ"
"ਤੂੰ ਉਹਨੂੰ ਬੁਲਵਾ ਮੈਂ ਪੁੱਛ ਲੈਨਾ ਵਾਂ"
"ਬਸ ਬਸ ਰਹਿਣ ਦਿਓ, ਤੁਹਾਨੂੰ ਤੇ ਬਹਾਨਾ ਚਾਹੈਦਾ ਏ ਕਿਸੇ ਮੁਟਿਆਰ ਨਾਲ ਗੱਲ਼ ਕਰਨ ਦਾ ਮੈਂ ਆਪੇ ਈ ਪੁੱਛ ਕੇ ਤੁਹਾਨੂੰ ਦੱਸ ਦਿਵਾਂਗੀ"
"ਮੈਨੂੰ ਕੀ ਬਹਾਨਾ ਚਾਹੀਦੈ ਏ" ਅਮਜਦ ਇਫ਼ਤਖ਼ਾਰ ਨੇ ਮੂੰਹ ਵਟੇਰਦਿਆਂ ਹੋਇਆਂ ਕਿਹਾ।
"ਮੈਨੂੰ ਪਤਾ ਏ ਜਦੋਂ ਤੁਹਾਡੀ ਮੇਰੇ ਉਤੇ ਅੱਖ ਸੀ ਤੁਸੀ ਮੇਰੇ ਨਾਲ ਵੀ ਗੱਲ਼ਾਂ ਕਰਨ ਦੇ ਬਹਾਨੇ ਲਭਦੇ ਰਹਿੰਦੇ ਸੋ"
"ਅਛਾ! ਅਛਾ! ਮਜ਼ਾਕ ਛਡ, ਬਦੀ-ਉਲ-ਜਮਾਲ ਤੋਂ ਜਲਦੀ ਪੁੱਛ ਕੇ ਦੱਸ ਉਦੀ ਕੀ ਰਾਅ ਏ"
ਬਦੀ-ਉਲ-ਜਾਮਲ ਇਹ ਖ਼ਬਰ ਸੁਣ ਕੇ ਨਿਮੂਝਾਣੀ ਜਿਹੀ ਹੋਗਈ, ਉਹਦੇ ਲਈ ਇਹ ਇੱਕ ਨਵਾਂ ਤਜਰਬਾ ਸੀ……………………
ਨਿਊਜ਼ ਰੀਡਿੰਗ ਰੂਮ ਅੰਦਰ ਜਾਣ ਤੋਂ ਪਹਿਲਾਂ ਪ੍ਰੋਡੂਸਰ ਜਾਨ ਆਲ਼ਮ ਦਾ ਆਫ਼ਸ ਵੀ ਆਉਂਦਾ ਸੀ ਤੇ ਨਿਊਜ਼ ਰੂਮ ਅੰਦਰ ਜਾਣ ਤੋਂ ਪਹਿਲਾਂ ਬਦੀ-ਉਲ-ਜਮਾਲ ਪ੍ਰੋਡੂਸਰ ਜਾਨ ਆਲਮ ਨੂੰ ਸਲਾਮ ਪਾਣ ਜ਼ਰੂਰ ਆਉਂਦੀ, ਕਦੀ ਚਾਹ ਪਾਣੀ ਵੀ ਕਰ ਲੈਂਦੀ। ਹਯਾਤੀ ਦੇ ਹਰ ਖੇਤਰ ਉਤੇ ਡਿਸਕਸ਼ਨ ਹੁੰਦੀ। ਜਾਨ ਆਲਮ ਇੱਕ ਚੰਗਾ, ਸੁਲ਼ਝਿਆ ਹੋਇਆ ਪੜ੍ਹਿਆ ਲਿਖਿਆ ਅੱਧਕੜ ਉਮਰ ਦਾ ਆਦਮੀ ਸੀ। ਬਦੀ-ਉਲ-ਜਮਾਲ ਨੇ ਦੋ ਡੇੜ੍ਹ ਸਾਲ ਦੇ ਅਰਸੇ ਵਿੱਚ ਚੰਗੀ ਕਾਰਕ੍ਰਦਗੀ ਵਿਖਾਈ ਤੇ ਰਿਡੀਉ ਫ਼ੀਲਡ ਵਿੱਚ ਉਹਦਾ ਵਾਹਵਾ ਨਾਂਅ ਹੋਗਿਆ। ਉਹ ਭਾਵੇਂ ਕੋਈ ਸੀਨੀਅਰ ਤੇ ਨਹੀਂ ਸੀ ਪਰ ਉਹਦਾ ਸ਼ੁਮਾਰ ਸੀਨੀਅਰ ਲੋਕਾਂ ਵਿੱਚ ਹੋਣ ਲਗਾ। ਇੰਜ ਲਗਦਾ ਦੀ ਪਈ ਐਫ਼ ਐਮ ਰੇਡੀਉ ਉਹਦੀ ਆਵਾਜ਼ ਤੋਂ ਅੱਡ ਬੇਕਾਰ ਏ। ਉਹਦੀ ਫ਼ੀਲਡ ਵਿੱਚ ਕਾਮਯਾਬੀ ਦੇ ਪਿਛੇ ਜਾਨ ਆਲਮ ਦਾ ਹੱਥ ਸੀ। ਜਾਨ ਆਲਮ ਨੇ Aਹਨੂੰ ਫ਼ੀਲਡ ਵਿੱਚ ਮੁਤੱਅਰਫ਼ ਵੀ ਕਰਾਇਆ ਤੇ ਘਰੋਂ ਬਾਹਰ ਨਿਕਲ਼ ਕੇ ਸਮਾਜ ਵਿੱਚ ਮਿਲ਼ ਵਰਤਣ ਦੀਆਂ ਡੂੰਘੀਆਂ ਰਮਜ਼ਾਂ ਤੋਂ ਵੀ ਜਾਣੂ ਕਰਾਇਆ। ਉਹਦੀ ਸੋਚ ਫ਼ਿਕਰ, ਉਹਦੇ ਕੱਦ ਤੇ ਜੀਵਤ ਨੂੰ ਵੀ ਉਚਾ ਕਰ ਦਿੱਤਾ। ਅਮਜਦ ਇਫ਼ਤਖ਼ਾਰ ਦੇ ਨਾਲ ਰਿਡੀਉ ਸਟੇਸ਼ਨ ਆਈ ਹੋਈ ਪਹਿਲੇ ਦਿਨ ਸ਼ਰਮਾਈ ਲਝਾਈ ਕੁੜੀ ਤੇ ਅੱਜ ਦੀ ਬਦੀ-ਉਲ-ਜਮਾਲ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਸੀ। ਰਿਡੀਉ ਸਟੇਸ਼ਨ ਦੇ ਕੋਲੀਗਜ਼ ਤੇ ਬਾਹਰੋਂ ਆਉਣ ਵਾਲੇ ਲੋਕਾਂ ਦੀ ਪਹਿਲੀ ਨਜ਼ਰ ਤੋਂ ਈ ਉਹਨੂੰ ਉਨ੍ਹਾਂ ਦੇ ਅੰਦਰ ਦੀ ਗਵੇੜ ਲਗ ਜਾਂਦੀ। ਜਾਨ ਆਲਮ ਨੂੰ ਉਹ ਆਲਮ ਸਾਹਿਬ ਆਖਦੀ ਅਤ ਉੇਹ ਹਮੇਸ਼ ਮੈਡਮ ਕਹਿ ਕੇ ਬੁਲਾਂਦਾ ਸੀ।
ਜਦੋਂ ਉਹ ਮੈਡਮ ਕਹਿੰਦਾ ਉਹਨੂੰ ਜਾਪਦਾ ਜਿਵੇਂ ਉਹ ਸਾਜ਼ ਏ ਤੇ ਆਲਮ ਉਹਦਾ ਗੀਤ। ਕਿਉਂ ਜੇ ਉਹਦੇ ਹਰ ਕੰਮ ਦੀ ਰਾਹਨੁਮਾਈ ਵਿੱਚ ਐਸੇ ਗੀਤ ਦਾ ਅਸਰ ਹੁੰਦਾ। ਆਲ ਦੁਆਲੇ ਨੌਕਰੀ ਕਰਨ ਵਾਲਿਆ ਤੋਂ ਲੈ ਕੇ ਘਰ ਦੇ ਮਸਲਿਆਂ ਬਾਰੇ ਵੀ ਉਹਦੇ ਤੋਂ ਹੱਲ਼ ਮੰਗਦੀ ਤੇ ਉਹ ਆਪਣੇ ਕੰਮ ਵਿੱਚ ਜੁਪਿਆਂ ਜੁਪਿਆਂ ਈ ਉਸ ਨੂੰ ਗਾਈਡ ਕਰ ਦਿੰਦਾ ਕਦੀ ਉਹਦੇ ਉਤੇ ਭੈੜੀ ਅੱਖ ਨਾ ਰਖੀ ਪਰ ਬਦੀ-ਉਲ-ਜਮਾਲ ਕਈ ਵਾਰ ਜਾਨ ਆਲਮ ਨੂੰ ਆਖ ਚੁੱਕੀ ਸੀ ਪਈ "ਆਲਮ ਸਾਹਿਬ! ਜੇ ਕਲ੍ਹ ਨੂੰ ਤੁਸੀ ਐਥੋਂ ਚਲੇ ਗਏ ਤੇ ਮੈਨੂੰ ਅਕਲ ਕੌਣ ਦਿਆ ਕਰੇਗਾ ਜਾਂ ਮੈਨੂੰ (ਅੱਲ਼੍ਹਾ ਨਾ ਕਰੇ) ਐਥੋਂ ਜਾਣਾ ਪਿਆ ਤੇ ਮੈਂ ਕਿਦਰੇ ਵੀ ਐਡਜਸਟ ਨਹੀਂ ਹੋ ਪਾਵਾਂਗੀ।
ਇੱਕ ਦਿਨ ਅਚਨਚੇਤ ਅਮਜਦ ਇਫ਼ਤਖ਼ਾਰ ਦੀ ਵਹੁਟੀ ਅਫ਼ਸ਼ਾਂ ਦੀ ਬਦੀ-ਉਲ-ਜਮਾਲ ਦੀ ਮਾਂ ਨਾਲ ਕੋਈ ਉਚੀ ਨੀਵੀਂ ਹੋਗਈ। ਜਦੋਂ ਗੱਲ਼ ਵੱਧ ਗਈ ਤੇ ਬਦੀ-ਉਲ-ਜਮਾਲ ਦੇ ਚਾਚੇ ਤੀਕ ਅਪੜ ਗਈ। ਬਦੀ-ਉਲ-ਜਮਾਲ ਦੇ ਚਾਚੇ ਨੇ ਘਰ ਬਦਲੀ ਦਾ ਫ਼ੈਸਲਾ ਕੀਤਾ। ਉੰਜ ਵੀ ਕਦੀ ਮਾਲਕ ਮਕਾਨ ਤੇ ਕਰਾਏਦਾਰ ਦੀ ਲੰਮੇ ਚਿਰ ਤਕ ਨਿਭੀ ਵੀ ਨਹੀਂ ਦੋਵੇਂ ਧਰਾਂ ਜਿਨ੍ਹਾਂ ਮਰਜ਼ੀ ਇੱਕ ਦੂਜੇ ਦੇ ਚਾਹਵਾਨ ਹੋਣ ਦਾ ਦਾਵਾ ਕਰਨ ਕਿਸੇ ਨਾ ਕਿਸੇ ਦਿਨ ਉਪਰ ਨੀਵਾਂ ਸਾਹਮਣੇ ਆ ਈ ਜਾਂਦਾ ਏ। ਝੇੜਾ ਦਾ ਮੁਢ ਨਿੱਕੀਆਂ ਨਿੱਕੀਆਂ ਗੱਲ਼ਾ ਤੋਂ ਬਝਿਆ ਤੇ ਕਰਦਾਰ ਕੁਸ਼ੀ ਤੀਕ ਅਪੜ ਗਿਆ। ਅਮਜਦ ਇਫ਼ਤਖ਼ਾਰ ਦੇ ਸਾਹਮਣੇ ਜਦੋਂ ਬਦੀ-ਉਲ-ਜਮਾਲ ਦੀ ਮਾਂ ਉਹਦੀ ਵਹੁਟੀ ਨੂੰ ਆਖਿਆ "ਜਾ ਨੀ ਤੇਰਾ ਕੰਮ ਈ ਲਾਣੀਆਂ ਅਤੇ ਬੁਝਾਣੀਆਂ ਹੁੰਦਾ ਏ। ਤੂੰ ਅਪਣੇ ਭ੍ਰਾਉਂਜਾ! ਵੇਹੜੇ ਵਾੜ ਕੇ ਸਾਰ ਸਾਰ ਦਿਨ ਫ਼ਰਾ ਨੂੰ ਉਹਦੇ ਨਾਲ ਬੈਠਕੇ ਬਿਠਾਈ ਰਖਣੀ ਐਂ ਜਿਵੇਂ ਆਪ ਉਧਲ ਕੇ ਆਈ ਸੀਂ ਦੂਜੀਆਂ ਲਈ ਵੀ ਚਕਲੇ ਖੋਲੇ ਹੋਏ ਨੇ" ਫ਼ਰਾ ਅਮਜਦ ਇਫ਼ਤਖ਼ਾਰ ਦੀ ਨਿੱਕੀ ਭੈਣ ਸੀ। ਅਮਜਦ ਇਫ਼ਤਖ਼ਾਰ ਨੂੰ ਪਹਿਲੀ ਵਾਰ ਅੰਤਾਂ ਦਾ ਗ਼ੁੱਸਾ ਆਇਆ। ਉਹਨੇ ਤਾਹ ਨਾ ਸਹੀ ਤੇ ਬੋਲਿਆ " ਤੇ ਫ਼ੇਰ ਆਪਣੀ ਛੋਕਰੀ ਨੂੰ ਇਸ ਚਕਲੇ ਲਈ ਤੇ ਕਈ ਕਈ ਘੰਟੇ ਘਲੀ ਰਖਣੀ ਐਂ।"
ਅਮਜਦ ਇਖ਼ਤਖ਼ਾਰ ਆਪਣੀ ਭੈਣ ਦੀ ਇੱਜ਼ਤ ਉਤ ਚੀਕੜ ਪੈਂਦਿਆਂ ਸੁਣ ਕੇ ਇਹ ਭੁੱਲ ਗਿਆ ਪਈ ਬਦੀ-ਉਲ-ਜਮਾਲ ਦਾ ਇਹਦੇ ਵਿੱਚ ਕੀ ਕਸੂਰ ਏ।
ਵੇਖ ਭਾਲ ਕੇ ਇੱਕ ਦਿਨ ਮਗਰੋਂ ਬਦੀ-ਉਲ-ਜਮਾਲ ਦੇ ਚਾਚੇ ਨੇ ਕਰਾਏ ਲਈ ਘਰ ਵੇਖ ਲਿਆ, ਸਾਮਾਨ ਚੁੱਕਿਆ ਤੇ ਇਸੇ ਮਹੱਲੇ ਦੀ ਚੌਥੀ ਗਲੀ ਵਿੱਚ ਜਾ ਵਸੇ।
ਪੂਰਾ ਹਫ਼ਤਾ ਲੰਘ ਗਿਆ ਪਰ ਅਮਜਦ ਇਫ਼ਤਖ਼ਾਰ ਦੀ ਵਹੁਟੀ ਦਾ ਗ਼ੁੱਸਾ ਠੰਡਾ ਈ ਨਹੀਂ ਸੀ ਹੋ ਰਿਹਾ। ਆਖ਼ਰ ਇੱਕ ਦਿਨ ਅਮਜਦ ਇਫ਼ਤਖ਼ਾਰ ਦੀ ਘਰ ਵਾਲੀ ਨੇ ਜਾਨ ਆਲਮ ਦੇ ਘਰ ਦਾ ਫੋਨ ਕਰ ਦਿੱਤਾ। ਉਨ੍ਹੇ ਅਮਜਦ ਇਫ਼ਤਖ਼ਾਰ ਦੇ ਮੂੰਹੋਂ ਜਾਨ ਆਲਮ ਤੇ ਬਦੀ-ਉਲ-ਜਮਾਲ ਦੇ ਬਾਰੇ ਸੁਣੇ ਹੋਏ ਅੱਖਰਾਂ ਵੀ ਕਈ ਗੁਣਾ ਵਾਧੇ ਨਾਲ ਲਾ ਕੇ ਦੱਸਿਆ। ਹਾਲਾਂ ਜੇ ਅਮਜਦ ਇਫ਼ਤਖ਼ਾਰ ਜੇ ਕਦੀ ਜਾਨ ਆਲਮ ਦੇ ਦਫ਼ਤਰ ਜਾਂਦਾ ਤੇ ਹਮੇਸ਼ ਬਦੀ-ਉਲ-ਜਾਮਾਲ ਤੇ ਜਾਨ ਆਲਮ ਵਿਚਾਲੇ ਫਕਰ ਤੇ ਫ਼ਿਕਰ ਬਾਰੇ ਈ ਬਹਿਸ ਹੋਰ ਰਹੀ ਹੁੰਦੀ। ਉਸ ਕਦੀ ਕੋਈ ਭੈੜਾ ਕੰਮ ਨਾ ਵੇਖਿਆ, ਅਮਜਦ ਇਫ਼ਤਖ਼ਾਰ ਨੇ ਵੀ ਉਨ੍ਹਾਂ ਦੀ ਆਮ ਜਿਹੇ ਸੰੰਬੰਧ ਦੀ ਗੱਲ਼ ਕੀਤੀ ਸੀ, ਪਰ ਔਰਤ ਜਾਤ ਜਦੋਂ ਇਨਤਕਾਮ ਉਤੇ ਉਤਰ ਆਵੇ ਤਾਂ ਉਹਨੂੰ ਚੰਗੇ ਭੈੜੇ ਦੀ ਵੰਡ ਉਕਾ ਈ ਭੁੱਲ ਜਾਂਦੀ ਏ। ਅਮਜਦ ਇਫ਼ਤਖ਼ਾਰ ਦੀ ਵਹੁਟੀ ਨੇ ਜਾਨ ਆਲਮ ਦੀ ਘਰ ਵਾਲੀ ਨੂੰ ਉਹਦੀਆਂ ਧੀਆਂ ਦੇ ਸਾਹਮਣੇ ਬਦੀ-ਉਲ਼-ਜਮਾਲ ਤੇ ਜਾਨ ਆਲਮ ਬਾਰੇ ਉਹ ਉਹ ਇਲਜ਼ਾਮ ਲਾਏ ਜਿਨ੍ਹਾਂ ਦਾ ਬਦੀ-ਉਲ-ਜਮਾਲ ਤੇ ਜਾਨ ਆਲਮ ਦੀ ਹਯਾਤੀ ਵਿਚ ਕੋਈ ਵਜੂਦ ਈ ਨਹੀਂ ਸੀ। ਜਾਨ ਆਲਮ ਦੀ ਬੀਵੀ ਨੇ ਅਮਜਦ ਇਫ਼ਤਖ਼ਾਰ ਦੀ ਵਹੁਟੀ ਨੂੰ ਆਖਿਆ ਭੈਣ! ਤੇਰਾ ਭਲ਼ਾ ਹੋਵੇ ਮੈਨੂੰ ਤੇ ਦੁਨੀਆ ਦੀ ਕੋਈ ਸੁੱਧ ਬੁੱਧ ਈ ਨਹੀਂ। ਜਾਨ ਆਲਮ ਸਾਰਾ ਦਿਨ ਘਰੋਂ ਬਾਹਰ ਰਹਿਣਾ, ਆਪਣੇ ਘਰ ਦੀ ਉਹਨੂੰ ਸੋਚਣਾ ਕਿੰਜ ਆਵੇ ਜਦੋਂ ਉਨ੍ਹੇ ਆਪਣ ਮਨ ਪ੍ਰਚਾਉਣ ਲਈ ਬਾਹਰ ਕਾਰਨ ਰਖੇ ਹੋਏ ਨੇ। ਘਰ ਵਿੱਚ ਧੀਆਂ ਜਵਾਨੀ ਵੱਲ ਉਲਰ ਗਈਆਂ ਪਰ ਮੈਨੂੰ ਕੀ ਪਤਾ ਉਹਦੇ ਚਾਲੇ ਈ ਵੱਖਰੇ ਹੋ ਰਹੇ ਨੇ। ਅਮਜਦ ਇਫ਼ਤਖ਼ਾਰ ਦੀ ਵਹੁਟੀ ਨੇ ਅਥਰੂ ਕੇਰਦੀ ਜਾਨ ਆਲਮ ਦੀ ਬੀਵੀ ਨੂੰ ਸ਼ਹਿ ਦਿੱਤੀ ਪਈ ਉਹਨੂੰ ਧਿਆਨ ਕਿੰਜ ਆਵੇਗਾ ਜਦ ਉਹਨੇ ਬਦੀ-ਉਲ-ਜਮਾਲ ਨਾਲ ਆਪਣੇ ਵਿਆਹ ਦੀਆਂ ਪੀਂਘਾਂ ਪਾਈਆਂ ਹੋਈਆਂ ਨੇ।
ਜਾਨ ਆਲਮ ਦੇ ਘਰ ਇਹਨਾਂ ਗੱਲ਼ਾਂ ਦਾ ਚੋਖਾ ਰਫਡਾ ਪੈ ਗਿਆ। ਜਾਨ ਆਲਮ ਦੇ ਰਿਟਾਇਰਡ ਹੋਣ ਵਿੱਚ ਅੱਜੇ ਪੰਜ ਸਾਲ ਬਾਕੀ ਸਨ। ਘਰ ਵੱਲੋਂ ਫ਼ੈਸਲਾ ਇਹ ਸੀ ਪਈ ਜਾਂ ਤੇ ਉਹ ਵੇਲੇ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਵੇ ਜਾਂ ਬਦੀ-ਉਲ-ਜਮਾਲ ਨੂੰ ਰੇਡੀਉ ਸਟੇਸ਼ਨ ਤੋਂ ਕੱਢਵਾ ਦੇਵੇ। ਜਾਨ ਆਲਮ ਨੇ ਘਰ ਵਾਲਿਆਂ ਨੂੰ ਲੱਖ ਸਮਝਾਇਆ ਪਈ ਐਸੀ ਕੋਈ ਗੱਲ਼ ਨਹੀਂ ਤੇ ਨਾਲ਼ੇ ਬਦੀ-ਉਲ਼-ਜਮਾਲ ਨੂੰ ਕੱਢਵਾਣਾ ਮੁਸ਼ਕਲ ਏ ਤੇ ਜੇ ਉਹ ਨੌਕਰੀ ਪਹਿਲਾਂ ਛਡ ਦੇਵੇ ਤੇ ਨਮੋਸ਼ੀ ਏ।
ਜਾਨ ਆਲਮ ਦੇ ਘਰ ਵਾਲਿਆ ਦੇ ਪਿਛੇ ਅਮਜਦ ਇਫ਼ਤਖ਼ਾਰ ਤੇ ਉਹਦੀ ਵਹੁਟੀ ਦਾ ਚੁੱਕਣਾ ਸੀ। ਬਦੀ-ਉਲ-ਜਮਾਲ ਜਾਨ ਆਲਮ ਦੀ ਮਜਬੂਰੀਆਂ ਤੋਂ ਪੱਲ਼ ਪੱਲ਼ ਵਾਕਫ਼ ਸੀ ਉਨ੍ਹੇ ਨੌਕਰੀ ਛਡਣ ਦਾ ਫ਼ੈਸਲਾ ਕੀਤਾ ਪਰ ਜਾਨ ਆਲਮ ਨੂੰ ਉਹਦਾ ਅਹਿਸਾਸ ਹੋਰ ਵੱਧਦਾ ਜਾ ਰਿਹਾ ਸੀ। ਬਦੀ-ਉਲ-ਜਮਾਲ ਨੂੰ ਵੀ ਜਾਨ ਆਲਮ ਦੀ ਇੱਜ਼ਤ ਦਾ ਉਨਾ ਈ ਖ਼ਿਆਲ ਸੀ। ਜਾਨ ਆਲਮ ਦੀ ਘਰ ਬੇਇੱਜ਼ਤੀ ਹੜ੍ਹ ਵਾਂਗ ਵੱਧ ਰਹੀ ਅਤੇ ਪ੍ਰੋਫ਼ੈਸ਼ਨਲ ਇਖ਼ਤਲਾਫ਼ ਰਖਣ ਵਾਲਿਆ ਵੱਲੋਂ ਪੱਗ ਉਛਾਲੀ ਜਾ ਰਹੀ ਸੀ। ਬਦੀ-ਉਲ-ਜਮਾਲ ਦੇ ਅਹਿਸਾਸ ਵਿੱਚ ਵਾਧਾ ਪਈ ਜਾ ਰਿਹਾ ਸੀ। ਸੋਮਵਾਰ ਸੁਬਹ ਨੌਂ ਵਜੇ ਦੀਆਂ ਖ਼ਬਰਾਂ ਪੜ੍ਹਨ ਦੀ ਰੀਹ੍ਰਸਲ਼ ਹੋਣ ਵਾਲੀ ਸੀ। ਬਦੀ-ਉਲ-ਜਮਾਲ ਨਿਊਜ਼ ਰੀਡਿੰਗ ਰੂਮ ਵਿੱਚ ਤੇਜ਼ ਤੇਜ਼ ਪੈਰ ਪੁਟ ਕੇ ਜਾ ਰਹੀ ਸੀ। ਜਦੋਂ ਉਹ ਜਾਨ ਆਲਮ ਦੇ ਕਮਰੇ ਕੋਲੋਂ ਲੰਘਣ ਲਗੀ ਤੇ ਚੌਕੀਦਾਰ ਨੇ ਉਹਨੂੰ ਦੂਰੋਂ ਆਉਂਦਾ ਵੇਖ ਕੇ ਅੱਗਲ਼ ਵਾਂਢੀ ਸਲਾਮ ਕੀਤਾ ਤੇ ਨਾਲ ਈ ਇੱਕ ਲਫ਼ਾਫਾ ਉਹਨੂੰ ਦਿੰਦਿਆਂ ਹੋਇਆਂ ਆਖਿਆ ਪਈ "ਬੀਬੀ ਜੀ ਇਹ ਸਾਹਿਬ ਦੀ ਚਿੱਠੀ ਤੁਹਾਡੇ ਨਾਂਅ"
"ਸਹਿਬ ਦੀ ਚਿੱਠੀ ਮੇਰੇ ਨਾਂਅ"
ਉਨ੍ਹੇ ਹੈਰਾਨੀ ਦਾ ਅਜ਼ਹਾਰ ਕੀਤਾ ਤੇ ਨਿਊਜ਼ ਰੂਮ ਅੰਦਰ ਜਾਣ ਤੋਂ ਪਹਿਲਾਂ ਈ ਲਫ਼ਾਫੇ ਅੰਦਰੋਂ ਕਾਗ਼ਜ਼ ਕੱਢ ਕੇ ਵੇਖਣ ਲਗ ਪਈ ਵਰਕੇ ਦੇ ਅੱਖਰਾਂ ਉਤੇ ਨਜ਼ਰ ਪਈ ਤੇ ਲਿਖਿਆ ਸੀ।
"ਉਸਕੋ ਸਮਝਾਣਾ ਔਰ ਬੁਝਾਣਾ ਥਾ
ਅਪਣਾ ਘਰ ਭੀ ਮੁਝੇ ਬਚਾਣਾ ਥਾ"
ਬਾਕੀ ਵਰਕਾ ਖ਼ਾਲੀ ਸੀ।
ਉਹਨੇ ਛੇਤੀ ਨਾਲ ਦੂਜਾ ਵਰਕਾ ਵੇਖਿਆ ਉਹ ਜਾਨ ਆਲਮ ਦੇ ਇਸਤੀਫੇ ਦੀ ਫੋਟੋ ਕਾਪੀ ਸੀ। ਆਪਣੇ ਤਾਸੁਰਾਤ ਚੌਕੀਦਾਰ ਤੋਂ ਲੁਕਾਉਂਦੀ ਲੁਕਾਉਂਦੀ ਨਿਊਜ਼ ਰੀਡਿੰਗ ਰੂਮ ਦੇ ਟੇਬਲ਼ ਕੋਲ ਆ ਗਈ। ਵਰਕੇ ਲਫ਼ਾਫੇ ਸਮੇਤ ਗੁਛੂਮੁਛੂ ਕਰ ਕੇ ਪ੍ਰਸ ਵਿੱਚ ਪਾ ਲਿਆ। ਖ਼ਬਰਾਂ ਦਾ ਵੇਲਾ ਨੇੜੇ ਸੀ। ਔਖੀ ਸੋਖੀ ਹੋਕੇ ਖ਼ਬਰਾਂ ਪੜ੍ਹੀਆਂ ਤੇ ਭੋਂਦੀ ਪੈਰੀਂ ਘਰ ਆ ਗਈ। ਘਰ ਆ ਕੇ ਸਿੱਧੀ ਆਪਣੇ ਕਮਰੇ ਵਿੱਚ ਵੜ ਗਈ। ਕਮਰੇ ਦੀ ਕੁੰਡੀ ਬੰਦ ਕਰ ਕੇ ਪ੍ਰਸ ਵਿੱਚੋਂ ਜਾਨ ਆਲਮ ਦੀ ਚਿੱਠੀ ਮੁੜ ਮੁੜ ਪੜ੍ਹਦੀ ਰਹੀ। ਇਸਤੀਫਾ ਤੇ ਉਹ ਪ੍ਰਸੋਂ ਦਾ ਈ ਦੇ ਗਿਆ ਸੀ ਪਰ ਬਦੀ-ਉਲ-ਜਮਾਲ ਨੂੰ ਆਪਣੇ ਨਾਂਅ ਚਿੱਠੀ ਪੜ੍ਹ ਕੇ ਅੱਜ ਪਤਾ ਲਗਾ।
ਅੱਠਾਂ ਦਸਾਂ ਦਿਨਾਂ ਮਗਰੋਂ ਆਪਣੇ ਕਿਸੇ ਕੰਮ ਦੇ ਸਿਲਸਲੇ ਵਿੱਚ ਜਾਨ ਆਲਮ ਦਾ ਚੌਕੀਦਾਰ ਨਾਲ ਫੋਨ ਉਤੇ ਸੰਪ੍ਰਕ ਹੋਇਆ ਤੇ ਉਹਨੇ ਦੱਸਿਆ ਪਈ ਸਾਹਿਬ ਜੀ ਮੈਡਮ ਸਾਹਿਬਾ ਤਿੰਨ ਚਾਰ ਦਿਨਾਂ ਆਫਸ ਨਹੀਂ ਆਈਆਂ ਖ਼ੋਰੇ ਕੰਮ ਛਡ ਗਈਆਂ ਨੇ ਪਰ ਤੁਹਾਡੇ ਨਾਂਅ ਇੱਕ ਪਤਰ ਮੈਨੂੰ ਦੇ ਕੇ ਕਹਿੰਦੀਆਂ ਸਨ ਕਿ ਸ੍ਰਿਫ ਤੁਹਾਨੂੰ ਪਹੁੰਚਾਂਵਾਂ। ਦੱਸੋ ਕਿਸ ਤਰ੍ਹਾਂ ਘਲਾਂ?
ਜਾਨ ਆਲਮ ਨੇ ਘਰ ਦਾ ਸ੍ਰਨਾਵਾਂ ਲਿਖਵਾਂਦਿਆਂ ਹੋਇਆਂ ਆਖਿਆ ਭਾਵੇਂ ਹੁਣੇ ਈ ਆ ਜਾ। ਮੈਂ ਚੋਕ ਉਤੋਂ ਤੈਨੂੰ ਪਿਕ ਕਰ ਲਵਾਂਗਾ।
ਜਾਨ ਆਲਮ ਨੇ ਬੇਚੈਨੀ ਨਾਲ ਕੰਬਦੇ ਹੱਥਾਂ ਨਾਲ ਹਾਉਲਾ ਜਿਹਾ ਲਫ਼ਾਫਾ ਖੋਲਿਆ ਸਾਰਾ ਕਾਗ਼ਜ਼ ਖ਼ਾਲੀ ਸੀ ਬਸ ਵਰਕੇ ਉਤੇ ਇਨਾ ਈ ਲਿਖਿਆ ਸੀ।
"ਅਸੀਂ ਤਿੜਕੇ ਘੜੇ ਦਾ ਪਾਣੀ
ਤੇ ਕੱਲ੍ਹ ਤਕ ਨਹੀਂ ਰਹਿਣਾ"