Titli (Punjabi Story) : Anton Chekhov
ਤਿਤਲੀ (ਕਹਾਣੀ) : ਐਂਤਨ ਚੈਖਵ
(1)
ਓਲਗਾ ਇਵਾਨੋਵਨਾ ਦੇ ਸਾਰੇ ਦੋਸਤ ਅਤੇ ਕਰੀਬੀ ਜਾਣਕਾਰ ਉਸ ਦੇ ਵਿਆਹ ਵਿੱਚ ਸ਼ਰੀਕ ਹੋਏ।
“ਭਈ ਜਰਾ ਇਨ੍ਹਾਂ ਨੂੰ ਵੇਖੋ ਤਾਂ, ਕੋਈ ਗੱਲ ਹੈ ਇਨ੍ਹਾਂ ਵਿੱਚ, ਹੈ ਨਾ? ਉਸਨੇ ਪਤੀ ਦੀ ਤਰਫ਼ ਸਿਰ ਨਾਲ ਇਸ਼ਾਰਾ ਕਰਦੇ ਹੋਏ ਆਪਣੇ ਦੋਸਤਾਂ ਨੂੰ ਕਿਹਾ। ਸਾਫ਼ ਸਪਸ਼ਟ ਹੋ ਰਿਹਾ ਸੀ ਕਿ ਉਸਨੂੰ ਇਹ ਸਮਝਾਉਣ ਦੀ ਵੱਡੀ ਫ਼ਿਕਰ ਸੀ ਕਿ ਉਹ ਅਜਿਹੇ ਸਾਦਾ, ਬਹੁਤ ਹੀ ਮਾਮੂਲੀ ਆਦਮੀ ਨਾਲ, ਜਿਸਦੀ ਕਿਸੇ ਵੀ ਲਿਹਾਜ਼ ਨਾਲ ਜ਼ਿਕਰਯੋਗ ਹੈਸੀਅਤ ਨਹੀਂ , ਵਿਆਹ ਕਰਨ ਲਈ ਰਾਜੀ ਕਿਵੇਂ ਹੋ ਗਈ।
ਉਸ ਦਾ ਪਤੀ ਓਸਿਪ ਸਤੇਪਾਨਿਚ ਦੀਮੋਵ ਡਾਕਟਰ ਸੀ ਅਤੇ ਆਪਣੇ ਰੁਤਬੇ ਪੱਖੋਂ ਟਿਟੂਲਰ ਕੌਂਸਲਰ ਦੇ ਬਰਾਬਰ। ਉਹ ਦੋ ਹਸਪਤਾਲਾਂ ਵਿੱਚ ਕੰਮ ਕਰਦਾ ਸੀ: ਇੱਕ ਜਗ੍ਹਾ ਇਕ ਵਾਰਡ ਸਰਜਨ ਵਜੋਂ ਅਤੇ ਦੂਜੇ ਵਿਚ ਲਾਸ਼ਾਂ ਦੀ ਚੀਰ ਫਾੜ ਕਰਕੇ ਵਿਆਖਿਆ ਕਰਨ ਵਾਲੇ ਦੇ ਤੌਰ ਤੇ। ਰੋਜ਼ਾਨਾ ਨੌਂ ਵਜੇ ਸਵੇਰੇ ਤੋਂ ਦੁਪਹਿਰ ਤੱਕ ਉਹ ਬਾਹਰੀ ਮਰੀਜਾਂ ਨੂੰ ਵੇਖਦਾ, ਆਪਣੇ ਵਾਰਡ ਦਾ ਮੁਆਇਨਾ ਕਰਦਾ ਅਤੇ ਤੀਜੇ ਪਹਿਰ ਨੂੰ ਘੋੜਾ ਗੱਡੀ ਦੇ ਜ਼ਰੀਏ ਦੂਜੇ ਹਸਪਤਾਲ ਜਾ ਕੇ ਉੱਥੇ ਮਰ ਚੁੱਕੇ ਮਰੀਜ਼ਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਦਾ। ਨਿਜੀ ਪ੍ਰੈਕਟਿਸ ਤੋਂ ਉਸ ਦੀ ਆਮਦਨੀ ਨਾ ਹੋਣ ਦੇ ਬਰਾਬਰ ਯਾਨੀ ਕੋਈ ਪੰਜ ਸੌ ਰੂਬਲ ਸਾਲਾਨਾ ਸੀ ਅਤੇ ਬਸ। ਇਸ ਵਿਚਾਰੇ ਦੇ ਬਾਰੇ ਕਹਿਣ ਲਈ ਇਸਦੇ ਸਿਵਾ ਹੋਰ ਸੀ ਹੀ ਕੀ? ਦੂਜੀ ਤਰਫ਼ ਓਲਗਾ ਇਵਾਨੋਵਨਾ ਅਤੇ ਉਸ ਦੇ ਦੋਸਤ ਅਤੇ ਜਾਣਕਾਰ ਕਿਸੇ ਵੀ ਲਿਹਾਜ਼ ਨਾਲ ਮਾਮੂਲੀ ਸੱਜਣ ਨਹੀਂ ਸਨ। ਉਨ੍ਹਾਂ ਵਿੱਚ ਜੋ ਵੀ ਸੀ ਕਿਸੇ ਨਾ ਕਿਸੇ ਮੈਦਾਨ ਵਿੱਚ ਜ਼ਿਕਰਯੋਗ ਅਤੇ ਚੰਗੀ ਖ਼ਾਸੀ ਪੁੱਛ ਪ੍ਰਤੀਤ ਦਾ ਮਾਲਿਕ ਸੀ ਅਤੇ ਜੇਕਰ ਅਜੇ ਤੱਕ ਇਹ ਲੋਕ ਮਸ਼ਹੂਰ ਸ਼ਖ਼ਸੀਅਤ ਨਹੀਂ ਵੀ ਬਣ ਸਕੇ ਸਨ, ਫਿਰ ਵੀ ਉਨ੍ਹਾਂ ਦੀ ਚਾਲ ਢਾਲ ਕਹਿ ਰਹੀ ਸੀ ਕਿ ਸ਼ਾਨਦਾਰ ਭਵਿੱਖ ਯਕੀਨੀ ਹੈ। ਇੱਕ ਥੀਏਟਰ ਐਕਟਰ ਸੀ ਜਿਸਦੀ ਹਕੀਕੀ ਨਾਟਕੀ ਯੋਗਤਾਵਾਂ ਆਪਣਾ ਲੋਹਾ ਮੰਨਵਾ ਚੁੱਕੀਆਂ ਸਨ, ਅਤੇ ਖ਼ੂਬਸੂਰਤ, ਜ਼ਹੀਨ, ਸਨਿਮਰ ਅਤੇ ਮਨਮੋਹਕ ਪਾਠ ਦਾ ਮਾਹਰ ਸੀ, ਉਹ ਓਲਗਾ ਇਵਾਨੋਵਨਾ ਨੂੰ ਉਚਾਰ-ਕਲਾ ਪਾਠ ਪੜ੍ਹਾਇਆ ਕਰਦਾ ਸੀ। ਇੱਕ ਓਪੇਰਾ ਗਾਇਕ ਸੀ, ਖ਼ੁਸ਼ ਰਹਿਣਾ, ਜੋ ਠੰਡੀਆਂ ਆਹਾਂ ਭਰ ਭਰ ਓਲਗਾ ਇਵਾਨੋਵਨਾ ਨੂੰ ਭਰੋਸਾ ਦਵਾਉਂਦਾ ਰਹਿੰਦਾ ਸੀ ਕਿ ਉਹ ਆਪਣੀ ਪ੍ਰਤਿਭਾ ਦਾ ਗਲਾ ਘੁੱਟ ਰਹੀ ਹੈ, ਜੇਕਰ ਉਹ ਇੰਨੀ ਸੁਸਤੀ ਨਾ ਵਰਤੇ ਅਤੇ ਖ਼ੁਦ ਨੂੰ ਕਾਬੂ ਵਿੱਚ ਰੱਖੇ ਤਾਂ ਬਹੁਤ ਚੰਗੀ ਗਾਇਕਾ ਬਣ ਸਕਦੀ ਹੈ। ਇਸ ਮੰਡਲੀ ਵਿੱਚ ਕਈ ਚਿੱਤਰਕਾਰ ਵੀ ਸ਼ਾਮਿਲ ਸਨ ਜਿਨ੍ਹਾਂ ਵਿੱਚ ਰਿਆਬੋਵਸਕੀ ਖਾਸ ਕਰ ਜ਼ਿਕਰਯੋਗ ਸੀ। ਕੋਈ ਪੰਝੀ ਕੁ ਸਾਲ ਦਾ ਇਹ ਨਿਹਾਇਤ ਸੁਹਣਾ ਸੁਨੱਖਾ ਨੌਜਵਾਨ ਆਪਣੀਆਂ ਤਸਵੀਰਾਂ ਵਿੱਚ ਵਭਿੰਨ ਝਲਕੀਆਂ, ਜਾਨਵਰਾਂ ਦੇ ਵੇਰਵੇ ਅਤੇ ਲੈਂਡਸਕੇਪ ਚਿੱਤਰਦਾ ਸੀ ਜਿਨ੍ਹਾਂ ਦੀ ਨੁਮਾਇਸ਼ਾਂ ਵਿੱਚ ਧੁੰਮ ਹੁੰਦੀ ਸੀ। ਉਸ ਦੀ ਤਾਜ਼ਾ-ਤਰੀਨ ਕ੍ਰਿਤੀ ਪੰਜ ਸੌ ਰੂਬਲ ਵਿੱਚ ਵਿਕੀ ਸੀ। ਉਹ ਓਲਗਾ ਇਵਾਨੋਵਨਾ ਦੇ ਬਣਾਏ ਹੋਏ ਅਧੂਰੇ ਖਾਕਿਆਂ ਨੂੰ ਮੁਕੰਮਲ ਕਰਦਾ ਅਤੇ ਹਮੇਸ਼ਾ ਕਿਹਾ ਕਰਦਾ ਸੀ ਕਿ ਓਲਗਾ ਦੀ ਚਿੱਤਰਕਾਰੀ ਕਦੇ ਵੀ ਝੰਡੇ ਝੁਲਾ ਸਕਦੀ ਹੈ। ਅਤੇ ਇੱਕ ਵਾਇਲਿਨ-ਵਾਦਕ ਸੀ ਜੋ ਆਪਣੀ ਵਾਇਲਿਨ ਨੂੰ ਡੁਸਕਣ ਲਾ ਸਕਦਾ ਸੀ ਅਤੇ ਖੁੱਲ੍ਹੇਆਮ ਕਿਹਾ ਕਰਦਾ ਸੀ ਕਿ ਜਿੰਨੀਆਂ ਵੀ ਔਰਤਾਂ ਦਾ ਉਹ ਵਾਕਿਫ ਹੈ ਉਨ੍ਹਾਂ ਵਿੱਚ ਉਸ ਦੇ ਨਾਲ ਸਾਜ਼ ਵਜਾ ਸਕਣ ਦੇ ਯੋਗ ਸਿਰਫ ਇੱਕ ਹੀ ਹੈ … ਓਲਗਾ ਇਵਾਨੋਵਨਾ ਅਤੇ ਇੱਕ ਸਾਹਿਤਕਾਰ ਸੀ, ਨੌਜਵਾਨ ਲੇਕਿਨ ਖ਼ਾਸਾ ਮਸ਼ਹੂਰ ਜੋ ਨਾਵਲਟ, ਡਰਾਮੇ ਅਤੇ ਕਹਾਣੀਆਂ ਲਿਖ ਚੁੱਕਿਆ ਸੀ। ਹੋਰ ਕੌਣ ਹੋਣਾ ਸੀ? ਓਹੀ ਹਾਂ, ਵਸੀਲੀ ਵਸੀਲੀਇਚ ਸੀ, ਜ਼ਿਮੀਦਾਰ, ਕਿਤਾਬਾਂ ਲਈ ਸ਼ੌਕੀਆ ਤੌਰ ਉੱਤੇ ਬਾਤਾਂ ਪਾਉਂਦੀਆਂ ਤਸਵੀਰਾਂ ਬਣਾਉਣ ਵਾਲਾ, ਫੁੱਲ ਬੂਟਿਆਂ ਅਤੇ ਖ਼ਾਕਿਆਂ ਦਾ ਸਿਰਜਣਹਾਰ ਸੀ ਜੋ ਪ੍ਰਾਚੀਨ ਰੂਸੀ ਸ਼ੈਲੀ ਅਤੇ ਵਾਰਾਂ ਅਤੇ ਐਪਿਕਾਂ ਦਾ ਸਹੀ ਮਾਅਨਿਆਂ ਵਿੱਚ ਦੀਵਾਨਾ ਸੀ। ਉਹ ਕਾਗ਼ਜ਼ ਦੀਆਂ ਸ਼ੀਟਾਂ, ਚੀਨੀ ਦੇ ਭਾਡਿਆਂ ਅਤੇ ਮਿੱਟੀ ਦੀਆਂ ਪਲੇਟਾਂ ਉੱਤੇ ਚਮਤਕਾਰ ਵਿਖਾ ਸਕਦਾ ਸੀ। ਕਲਾਕਾਰਾਂ ਅਤੇ ਰੋਸ਼ਨ ਖ਼ਿਆਲ ਸੱਜਣਾਂ ਦੀ ਇਸ ਮੰਡਲੀ ਵਿੱਚ,ਕਿਸਮਤ ਦੇ ਇਨ੍ਹਾਂ ਬਿਗੜੇ ਹੋਏ ਲਾਡਲਿਆਂ ਦੇ ਦਰਮਿਆਨ ਜੋ ਬੇਸ਼ਕ ਬੜੇ ਨਾਜ਼ੁਕ ਅਤੇ ਨਿਰਮਾਣ ਸਨ, ਡਾਕਟਰਾਂ ਦੇ ਵਜੂਦ ਨੂੰ ਸਿਰਫ ਆਪਣੀ ਬੀਮਾਰੀ ਦੇ ਵਕ਼ਤ ਹੀ ਯਾਦ ਕੀਤਾ ਜਾਂਦਾ ਸੀ ਅਤੇ ਇਨ੍ਹਾਂ ਦੇ ਕੰਨਾਂ ਨੂੰ ਦੀਮੋਵ ਦਾ ਨਾਮ ਸਿਦੋਰੋਵ ਜਾਂ ਤਾਰਾਸੋਵ ਵਰਗੇ ਆਮ ਨਾਮਾਂ ਨਾਲੋਂ ਕਿਵੇਂ ਵੀ ਭਿੰਨ ਨਹੀਂ ਸੀ ਲੱਗਦਾ – ਇਸ ਮੰਡਲੀ ਵਿੱਚ ਦੀਮੋਵ ਬਿਲਕੁਲ ਅਜਨਬੀ, ਬੇਲੋੜਾ ਅਤੇ ਨਿੱਕਾ ਜਿਹਾ ਲੱਗਦਾ ਸੀ ਹਾਲਾਂਕਿ ਉਹ ਉੱਚਾ ਲੰਮਾ ਅਤੇ ਚੌੜੇ ਮੋਢਿਆਂ ਵਾਲਾ ਸੀ। ਉਸ ਦਾ ਕੋਟ ਲੱਗਦਾ ਸੀ ਕਿ ਕਿਸੇ ਅਜਨਬੀ ਲਈ ਸਿਲਾਇਆ ਗਿਆ ਹੈ ਅਤੇ ਦਾੜ੍ਹੀ ਕਿਸੇ ਦੁਕਾਨਦਾਰ ਦੀ ਲੱਗਦੀ ਸੀ। ਇਹ ਵੱਖ ਗੱਲ ਕਿ ਅਗਰ ਉਹ ਕੋਈ ਸਾਹਿਤਕਾਰ ਜਾਂ ਚਿੱਤਰਕਾਰ ਹੁੰਦਾ ਤਾਂ ਹਰ ਸ਼ਖਸ ਨੇ ਕਿਹਾ ਹੁੰਦਾ ਕਿ ਉਸਦੀ ਦਾੜ੍ਹੀ ਤਾਂ ਬਿਲਕੁਲ ਜ਼ੋਲਾ ਵਰਗੀ ਲੱਗਦੀ ਹੈ।
ਐਕਟਰ ਨੇ ਓਲਗਾ ਇਵਾਨੋਵਨਾ ਨੂੰ ਕਿਹਾ ਕਿ ਉਹ ਆਪਣੇ ਭੂਰੇ ਭੂਰੇ ਵਾਲਾਂ ਅਤੇ ਵਿਆਹ ਦੇ ਲਿਬਾਸ ਵਿੱਚ ਹੂਬਹੂ ਚੈਰੀ ਦੇ ਕਿਸੇ ਅਜਿਹੇ ਰੁੱਖ ਵਰਗੀ ਲੱਗ ਰਹੀ ਹੈ ਜੋ ਬਹਾਰ ਦੀ ਰੁੱਤ ਵਿੱਚ ਕੋਮਲ ਅਤੇ ਚਿੱਟੇ ਫੁੱਲਾਂ ਨਾਲ ਢੱਕਿਆ ਹੁੰਦਾ ਹੈ।
“ਨਹੀਂ, ਜਰਾ ਸੁਣੋ ਤਾਂ!” ਓਲਗਾ ਇਵਾਨੋਵਨਾ ਨੇ ਉਸ ਦਾ ਹੱਥ ਫੜਦੇ ਹੋਏ ਕਿਹਾ। ”ਆਖ਼ਰ ਇਹ ਸਭ ਹੋਇਆ ਕਿਵੇਂ? ਮੇਰੀ ਗੱਲ ਸੁਣੋ, ਸੁਣੋ ਨਾ … ਦਰਅਸਲ ਮੇਰਾ ਬਾਪ ਅਤੇ ਦੀਮੋਵ ਇੱਕ ਹੀ ਹਸਪਤਾਲ ਵਿੱਚ ਕੰਮ ਕਰਦੇ ਸਨ। ਵਿਚਾਰਾ ਬਾਪ ਬੀਮਾਰ ਹੋ ਗਿਆ, ਤਾਂ ਦੀਮੋਵ ਨੇ ਉਨ੍ਹਾਂ ਦੀ ਅਜਿਹੀ ਵੇਖ-ਭਾਲ ਸ਼ੁਰੂ ਕੀਤੀ ਕਿ ਇਹ ਦਿਨ ਰਾਤ ਹਰ ਵਕਤ ਉਨ੍ਹਾਂ ਦੇ ਬੈੱਡ ਕੋਲ ਬੈਠੇ ਰਹਿੰਦੇ ਸਨ। ਕਿੰਨਾ ਜ਼ਬਰਦਸਤ ਬਲੀਦਾਨ ਸੀ ਇਹ, ਸੁਣੋ ਰਿਆਬੋਵਸਕੀ! …ਅਤੇ ਸਾਹਿਤਕਾਰ ਜੀ, ਤੁਸੀਂ ਵੀ ਸੁਣੋ, ਤੁਹਾਨੂੰ ਇਹ ਵਾਕਿਆ ਬਹੁਤ ਦਿਲਚਸਪ ਲੱਗੇਗਾ ! ਜਰਾ ਕਰੀਬ ਆ ਜਾਓ ਨਾ। ਅਜਿਹਾ ਜ਼ਬਰਦਸਤ ਬਲੀਦਾਨ, ਅਜਿਹੀ ਬੇਗਰਜ਼ ਹਮਦਰਦੀ ! ਮੈਂ ਵੀ ਰਾਤ ਦੇ ਵਕ਼ਤ ਪਲਕ ਤੱਕ ਨਹੀਂ ਝਪਕਦੀ ਸੀ, ਬਾਪ ਦੇ ਕੋਲ ਬੈਠੀ ਰਹਿੰਦੀ ਸੀ ਅਤੇ ਫਿਰ ਅਚਾਨਕ ਮੈਂ ਤਾਕਤਵਰ ਨੌਜਵਾਨ ਦੇ ਦਿਲ ਤੇ ਜਾਦੂ ਜਿਹਾ ਕਰ ਦਿੱਤਾ। ਹਾਂ, ਇਵੇਂ ਹੀ ਹੋਇਆ ਦੀਮੋਵ ਮੇਰੀ ਮੁਹੱਬਤ ਵਿੱਚ ਹੋਸ਼-ਹਵਾਸ ਗੁਆ ਬੈਠੇ। ਕਿੰਨੇ ਅਜੀਬ ਹੁੰਦੇ ਹਨ ਕਿਸਮਤ ਦੇ ਖੇਲ ਵੀ ! ਖੈਰ, ਤਾਂ ਬਾਪ ਦੇ ਚੱਲ ਜਾਣ ਦੇ ਬਾਅਦ ਦੀਮੋਵ ਕਦੇ ਕਦੇ ਮੈਨੂੰ ਮਿਲਣ ਆ ਜਾਂਦੇ ਸੀ ਅਤੇ ਕਈ ਵਾਰ ਅਸੀਂ ਲੋਕ ਘਰ ਦੇ ਬਾਹਰ ਵੀ ਮਿਲ ਪਿਆ ਕਰਦੇ ਸੀ। ਫਿਰ ਇੱਕ ਦਿਨ … ਜਰਾ ਵੇਖੋ ਤਾਂ … ਚਾਣਚੱਕ ਹੀ ਉਨ੍ਹਾਂ ਨੇ ਵਿਆਹ ਦੀ ਤਜਵੀਜ਼ ਪੇਸ਼ ਕਰ ਦਿੱਤੀ। ਸਾਰੀ ਰਾਤ ਮੈਂ ਰੋਂਦੇ-ਰੋਂਦੇ ਕੱਟੀ ਅਤੇ ਮੈਂ ਵੀ ਮੁਹੱਬਤ ਵਿੱਚ ਦੀਵਾਨੀ ਹੋ ਗਈ। ਅਤੇ ਹੁਣ ਮੈਂ ਸ਼ਾਦੀਸ਼ੁਦਾ ਔਰਤ ਹਾਂ। ਦੀਮੋਵ ਵਿੱਚ ਕੋਈ ਵੱਡੀ ਮਜ਼ਬੂਤ, ਵੱਡੀ ਤਾਕਤਵਰ ਚੀਜ਼ ਹੈ, ਰਿੱਛ ਵਰਗੀ ਕੋਈ ਗੱਲ, ਦੱਸੋ, ਹੈ ਨਾ? ਹੁਣ ਤਾਂ ਉਨ੍ਹਾਂ ਦਾ ਸਿਰਫ ਤਿੰਨ-ਚੌਥਾਈ ਚਿਹਰਾ ਹੀ ਸਾਨੂੰ ਵਿਖਾਈ ਦੇ ਰਿਹਾ ਹੈ, ਰੋਸ਼ਨੀ ਠੀਕ ਨਹੀਂ ਪਰ ਜਦੋਂ ਉਹ ਮੁੜਨ ਅਤੇ ਪੂਰਾ ਚਿਹਰਾ ਸਾਹਮਣੇ ਹੋਵੇ ਤਾਂ ਜਰਾ ਉਨ੍ਹਾਂ ਦੇ ਮੱਥੇ ਉੱਤੇ ਨਜ਼ਰ ਮਾਰਨਾ। ਇਸ ਮੱਥੇ ਦੇ ਬਾਰੇ ਤੁਹਾਡਾ ਕੀ ਖਿਆਲ ਹੈ, ਰਿਆਬੋਵਸਕੀ? ਓ ਦੀਮੋਵ, ਅਸੀਂ ਲੋਕ ਤੁਹਾਡੇ ਬਾਰੇ ਗੱਲਾਂ ਕਰ ਰਹੇ ਹਾਂ!” ਉਸਨੇ ਪਤੀ ਨੂੰ ਬੁਲਾਇਆ। “ ਜਰਾ ਇੱਥੇ ਆਓ ਨਾ ਰਿਆਬੋਵਸਕੀ ਦੀ ਤਰਫ਼ ਆਪਣਾ ਸੁਹਿਰਦ ਹੱਥ ਵਧਾਉ… ਇਹ ਦਰੁਸਤ ਹੈ। ਤੁਸੀਂ ਦੋਨੋਂ ਦੋਸਤ ਬਣ ਜਾਓ।”
ਦੀਮੋਵ ਨੇ ਖੁਸ਼ਮਿਜ਼ਾਜੀ ਅਤੇ ਨਿਰਮਲ ਮੁਸਕਰਾਹਟ ਦੇ ਨਾਲ ਰਿਆਬੋਵਸਕੀ ਦੀ ਤਰਫ਼ ਹੱਥ ਵਧਾਇਆ ਅਤੇ ਕਿਹਾ “ਤੁਹਾਨੂੰ ਮਿਲਕੇ ਬੜੀ ਖੁਸ਼ੀ ਹੋਈ। ਇੱਕ ਰਿਆਬੋਵਸਕੀ ਮੇਰੇ ਨਾਲ ਵੀ ਮੈਡੀਕਲ ਪੜ੍ਹਦਾ ਹੁੰਦਾ ਸੀ। ਉਹ ਤੁਹਾਡੇ ਰਿਸ਼ਤੇਦਾਰ ਤਾਂ ਨਹੀਂ?”
( 2 )
ਓਲਗਾ ਇਵਾਨੋਵਨਾ ਬਾਈ ਸਾਲ ਦੀ ਸੀ ਪਰ ਦੀਮੋਵ ਇਕੱਤੀ ਸਾਲ ਦਾ। ਵਿਆਹ ਦੇ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਹਾਰ ਆ ਗਈ। ਓਲਗਾ ਇਵਾਨੋਵਨਾ ਨੇ ਆਪਣੇ ਡਰਾਇੰਗ ਰੂਮ ਦੀਆਂ ਦੀਵਾਰਾਂ ਆਪਣੇ ਅਤੇ ਆਪਣੇ ਦੋਸਤਾਂ ਦੇ ਬਣਾਏ ਹੋਏ ਫਰੇਮ ਵਾਲੇ ਅਤੇ ਬਿਨਾਂ ਫਰੇਮ ਦੇ ਸਕੈਚਾਂ ਅਤੇ ਚਿੱਤਰਾਂ ਨਾਲ ਭਰ ਦਿਤੀਆਂ ਅਤੇ ਪਿਆਨੋ ਅਤੇ ਫਰਨੀਚਰ ਦੇ ਇਰਦਗਿਰਦ ਚੀਨੀ ਛਤਰੀਆਂ, ਈਜ਼ਲ, ਰੰਗ ਬਿਰੰਗੇ ਪਰਦੇ, ਖ਼ੰਜਰ, ਛੋਟੀਆਂ ਛੋਟੀਆਂ ਮੂਰਤੀਆਂ ਅਤੇ ਫੋਟੋਆਂ ਕਲਾਤਮਿਕ ਬੇ-ਤਰਤੀਬੀ ਦੇ ਨਾਲ ਚਿਣ ਦਿੱਤੀਆਂ … ਖਾਣੇ ਵਾਲੇ ਕਮਰੇ ਵਿੱਚ ਉਸਨੇ ਕੰਧ ਉੱਤੇ ਲੋਕ ਕਥਾਵਾਂ ਅਤੇ ਗੀਤਾਂ ਤੇ ਅਧਾਰਿਤ ਤਸਵੀਰਾਂ, ਦਰਖਤਾਂ ਦੀ ਛਾਲ ਦੇ ਜੁੱਤੇ ਅਤੇ ਦਾਤੀਆਂ ਲਟਕਾ ਦਿੱਤੀਆਂ, ਇੱਕ ਕੋਨੇ ਵਿੱਚ ਇੱਕ ਦਾਤ ਅਤੇ ਤੰਗਲੀ ਰੱਖੀ ਅਤੇ ਇਸ ਤਰ੍ਹਾਂ ਉਸਨੂੰ ਰੂਸੀ ਸ਼ੈਲੀ ਦਾ ਖਾਣੇ ਵਾਲਾ ਕਮਰਾ ਬਣਾ ਦਿੱਤਾ। ਬੈੱਡਰੂਮ ਵਿੱਚ ਕਿਸੇ ਗੁਫ਼ਾ ਦਾ ਮਾਹੌਲ ਸਿਰਜਣ ਲਈ ਉਸਨੇ ਉਸ ਦੀ ਛੱਤ ਅਤੇ ਕੰਧਾਂ ਨੂੰ ਕਾਲੇ ਕਪੜਿਆਂ ਨਾਲ ਮੜ੍ਹ ਦਿੱਤਾ, ਬੈੱਡਾਂ ਦੇ ਉੱਤੇ ਵੇਨਿਸ਼ੀ ਸ਼ੈਲੀ ਦਾ ਫ਼ਾਨੂਸ ਲਮਕਾਇਆ ਅਤੇ ਦਰਵਾਜੇ ਉੱਤੇ ਇੱਕ ਮੂਰਤੀ ਖੜੀ ਕਰ ਦਿੱਤੀ ਜੋ ਪ੍ਰਾਚੀਨ ਹਥਿਆਰ ਹਾਲਬਰਾਡ ਨਾਲ ਲੈਸ ਸੀ, ਜਿਸਦੇ ਇੱਕ ਸਿਰੇ ਤੇ ਕੁਹਾੜਾ ਹੁੰਦਾ ਹੈ, ਦੂਜਾ ਤੀਰ। ਅਤੇ ਹਰ ਇੱਕ ਨੇ ਕਿਹਾ ਕਿ ਨੌਜਵਾਨ ਦੰਪਤੀ ਦੀ ਰਿਹਾਇਸ਼ ਬੜੀ ਹੀ ਸੁਹਣੀ ਹੈ।
ਓਲਗਾ ਇਵਾਨੋਵਨਾ ਹਰ ਰੋਜ ਗਿਆਰਾਂ ਵਜੇ ਸੌਂ ਕੇ ਉੱਠਦੀ ਸੀ ਜਿਸਦੇ ਬਾਅਦ ਪਿਆਨੋ ਵਜਾਉਂਦੀ ਜਾਂ ਜੇਕਰ ਧੁੱਪ ਨਿਕਲੀ ਹੁੰਦੀ ਤਾਂ ਕਿਸੇ ਪੇਂਟਿੰਗ ਤੇ ਕੰਮ ਕਰਦੀ। ਘੰਟਾ ਸਵਾ ਘੰਟਾ ਇਵੇਂ ਗੁਜ਼ਾਰ ਕੇ ਬਾਰਾਂ ਅਤੇ ਇੱਕ ਦੇ ਦਰਮਿਆਨ ਉਹ ਆਪਣੀ ਦਰਜ਼ਨ ਦੇ ਜਾਂਦੀ। ਉਸ ਦੇ ਅਤੇ ਦੀਮੋਵ ਦੇ ਕੋਲ ਪੈਸੇ ਬਹੁਤ ਘੱਟ ਹੋਇਆ ਕਰਦੇ ਸਨ, ਖਿੱਚ ਧੂਹ ਕੇ ਆਮ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਸਨ ਤੇ ਬਸ। ਇਸ ਸਥਿਤੀ ਵਿੱਚ ਉਹ ਆਏ ਦਿਨ ਨਵੇਂ ਨਵੇਂ ਪਹਿਰਾਵੇ ਵਿੱਚ ਦਿਖਣ ਅਤੇ ਉਨ੍ਹਾਂ ਨਾਲ ਸਨਸਨੀ ਉਪਜਾਉਣ ਲਈ ਦਰਜ਼ਨ ਨੂੰ ਅਤੇ ਖ਼ੁਦ ਉਸਨੂੰ ਵੀ, ਪਤਾ ਨਹੀਂ ਕੀ ਕੀ ਵੇਲਣ ਵੇਲਣੇ ਪੈਂਦੇ ਸਨ। ਵਾਰ ਵਾਰ ਚਮਤਕਾਰ ਹੁੰਦੇ ਰਹਿੰਦੇ ਸਨ ਅਤੇ ਕਿਸੇ ਡਾਈ ਕੀਤੇ ਪੁਰਾਣੇ ਕੱਪੜੇ ਅਤੇ ਬਰੀਕ ਰੇਸ਼ਮੀ ਜਾਲੀ ਅਤੇ ਲੇਸ ਦੇ ਕੁਝ ਟੁਕੜਿਆਂ ਨਾਲ ਮੁਫ਼ਤੋ ਮੁਫ਼ਤੀ ਬੇਹੱਦ ਸੁਹਣੀ, ਰੰਗੀਨ ਖ਼ਾਬ ਵਰਗੀ ਹੁਸੀਨ ਡਰੈੱਸ ਤਿਆਰ ਹੋ ਜਾਂਦੀ ਸੀ। ਦਰਜ਼ਨ ਦੇ ਹੋ ਕੇ ਓਲਗਾ ਇਵਾਨੋਵਨਾ ਆਮ ਤੌਰ ਤੇ ਆਪਣੀ ਇੱਕ ਐਕਟਰੈਸ ਸਹੇਲੀ ਨੂੰ ਮਿਲਣ ਜਾਇਆ ਕਰਦੀ ਸੀ ਜਿੱਥੇ ਉਹ ਚੀਕਣੀਆਂ ਚੋਪੜੀਆਂ ਗੱਲਾਂ ਨਾਲ ਕਿਸੇ ਨਾਟਕੀ ਪੇਸ਼ਕਾਰੀ ਦੀ ਪਹਿਲੀ ਰਾਤ ਜਾਂ ਕਿਸੇ ਦੀ ਮਾਲੀ ਮਦਦ ਲਈ ਹੋਣ ਵਾਲੇ ਪ੍ਰੋਗਰਾਮ ਦੇ ਟਿਕਟ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਸੀ। ਉਸ ਕੋਲੋਂ ਅੱਗੇ ਉਸਨੇ ਕਿਸੇ ਚਿੱਤਰਕਾਰ ਦੇ ਸਟੂਡੀਓ ਜਾਂ ਤਸਵੀਰਾਂ ਦੀ ਕਿਸੇ ਨੁਮਾਇਸ਼ ਵਿੱਚ ਜਾਣਾ ਹੁੰਦਾ ਸੀ ਅਤੇ ਇਸ ਦੇ ਬਾਅਦ ਕਿਸੇ ਮਸ਼ਹੂਰ ਸ਼ਖ਼ਸੀਅਤ ਦੇ, ਉਸਨੂੰ ਆਪਣੇ ਘਰ ਬੁਲਾਉਣ ਦਾ ਸੱਦਾ ਦੇਣ, ਉਸ ਦੀ ਬੀਤੀ ਫੇਰੀ ਦਾ ਹਿਸਾਬ ਕਰਨ ਜਾਂ ਬਸ ਐਵੇਂ ਹੀ ਏਧਰ ਉੱਧਰ ਦੀਆਂ ਗੱਲਾਂ ਕਰਨ ਦੇ ਲਈ। ਉਹ ਜਿੱਥੇ ਵੀ ਜਾਂਦੀ ਉਸਦਾ ਗਰਮਜੋਸ਼ੀ ਦੇ ਨਾਲ ਸਵਾਗਤ ਹੁੰਦਾ ਅਤੇ ਉਸਨੂੰ ਭਰੋਸਾ ਦਵਾਇਆ ਜਾਂਦਾ ਕਿ ਉਹ ਨੇਕ, ਦਿਲਕਸ਼ ਅਤੇ ਖ਼ਾਸ ਹੈ … ਜਿਨ੍ਹਾਂ ਨੂੰ ਉਹ ਮਸ਼ਹੂਰ ਅਤੇ ਵੱਡੇ ਲੋਕ ਕਿਹਾ ਕਰਦੀ ਸੀ ਉਹ ਉਸ ਦਾ ਆਪਣਿਆਂ ਵਿੱਚੋਂ ਇੱਕ, ਆਪਣੇ ਬਰਾਬਰ ਦੀ ਸਮਝ ਕੇ ਸਵਾਗਤ ਕਰਦੇ ਅਤੇ ਇੱਕ ਆਵਾਜ਼ ਐਲਾਨ ਕਰਦੇ ਕਿ ਉਹ ਆਪਣੀ ਪ੍ਰਤਿਭਾ, ਸੁਹਜ ਸਵਾਦ ਅਤੇ ਬੁੱਧੀਮਤਾ ਦੀ ਬਦੌਲਤ ਇੱਕ ਨਾ ਇੱਕ ਦਿਨ ਕੁਝ ਨਾ ਕੁਝ ਮਹਾਨ ਕਰ ਦਿਖਾਏਗੀ ਸ਼ਰਤ ਇਹ ਕਿ ਉਹ ਆਪਣੀ ਸਿਫ਼ਤਾਂ ਨੂੰ ਇੰਨੀ ਭਾਂਤ ਭਾਂਤ ਦੀਆਂ ਸਰਗਰਮੀਆਂ ਉੱਤੇ ਜ਼ਾਇਆ ਨਾ ਕਰੇ। ਉਹ ਗਾਉਂਦੀ ਸੀ, ਪਿਆਨੋ ਵਜਾਉਂਦੀ ਸੀ, ਪੇਂਟਿੰਗ ਕਰਦੀ ਅਤੇ ਚੀਕਣੀ ਮਿੱਟੀ ਦੀਆਂ ਮੂਰਤੀਆਂ ਬਣਾਉਂਦੀ ਸੀ, ਸ਼ੌਕੀਆ ਨਾਟਕਾਂ ਵਿੱਚ ਐਕਟਿੰਗ ਕਰਦੀ ਸੀ ਅਤੇ ਇਹ ਸਭ ਕੁੱਝ ਮਹਿਜ਼ ਚਲੰਤ ਢੰਗ ਨਾਲ ਨਹੀਂ ਸਗੋਂ ਹਕੀਕੀ ਪ੍ਰਤਿਭਾ ਦਾ ਪ੍ਰਮਾਣ ਦਿੰਦੇ ਹੋਏ। ਚਾਹੇ ਉਹ ਰੋਸ਼ਨੀ ਲਈ ਲਈ ਫ਼ਾਨੂਸ ਬਣਾਉਂਦੀ, ਕੱਪੜੇ ਪਹਿਨਦੀ ਜਾਂ ਕਿਸੇ ਦੀ ਟਾਈ ਬੰਨ੍ਹ ਦਿੰਦੀ। ਜੋ ਕੁੱਝ ਵੀ ਕਰਦੀ ਉਸ ਸਭ ਉੱਤੇ ਇੱਕ ਖਾਸ ਸੁਹੱਪਣ, ਸਲੀਕੇ ਅਤੇ ਮਨਮੋਹਕਤਾ ਦੀ ਛਾਪ ਹੁੰਦੀ ਸੀ। ਪਰ ਉਸ ਦੀਆਂ ਸਿਫ਼ਤਾਂ ਦਾ ਸਭ ਤੋਂ ਵੱਧ ਪ੍ਰਗਟਾ ਵੱਡੇ ਮਸ਼ਹੂਰ ਵਿਅਕਤੀਆਂ ਨਾਲ ਤੱਟਫੱਟ ਦੋਸਤੀ ਕਰਨ ਅਤੇ ਬੇ-ਤਕੱਲੁਫ ਹੋ ਜਾਣ ਵਿੱਚ ਹੁੰਦਾ ਸੀ। ਜਿਵੇਂ ਹੀ ਕੋਈ ਜਰਾ ਵੀ ਮਸ਼ਹੂਰੀ ਖੱਟਦਾ ਜਾਂ ਕਿਸੇ ਦੇ ਚਰਚੇ ਹੋਣ ਲੱਗਦੇ ਉਦੋਂ ਹੀ ਉਹ ਉਸ ਸ਼ਖਸ ਨਾਲ ਜਾਣ ਪਛਾਣ ਕਰ ਲੈਂਦੀ, ਤੁਰਤ ਹੀ ਦੋਸਤੀ ਕਰ ਲੈਂਦੀ ਅਤੇ ਉਸਨੂੰ ਆਪਣੇ ਘਰ ਬੁਲਾਉਂਦੀ। ਇਸ ਕਿਸਮ ਦੀ ਹਰ ਨਵੀਂ ਵਾਕਫ਼ੀਅਤ ਉਸ ਦੀ ਜ਼ਿੰਦਗੀ ਵਿੱਚ ਜਸ਼ਨਾਂ ਦਾ ਦਿਨ ਹੁੰਦੀ ਸੀ। ਮਸ਼ਹੂਰ ਲੋਕਾਂ ਦੀ ਉਹ ਦੀਵਾਨੀ ਸੀ, ਉਨ੍ਹਾਂ ਤੇ ਮਾਣ ਕਰਦੀ ਅਤੇ ਰਾਤਾਂ ਨੂੰ ਉਨ੍ਹਾਂ ਦੇ ਖ਼ਾਬ ਵੇਖਦੀ ਸੀ। ਮਸ਼ਹੂਰ ਲੋਕਾਂ ਨਾਲ ਮੇਲ ਮਿਲਾਪ ਦੀ ਉਸ ਦੀ ਖਾਹਿਸ਼ ਇੱਕ ਅਜਿਹੀ ਪਿਆਸ ਸੀ ਜੋ ਬੁੱਝਣ ਦਾ ਨਾਮ ਹੀ ਨਹੀਂ ਲੈਂਦੀ ਸੀ। ਪੁਰਾਣੇ ਵਾਲੇ ਚਲੇ ਜਾਂਦੇ ਅਤੇ ਭੁੱਲ ਭੁਲਾ ਜਾਂਦੇ ਅਤੇ ਨਵੇਂ ਉਨ੍ਹਾਂ ਦੀ ਥਾਂ ਲੈ ਲੈਂਦੇ। ਲੇਕਿਨ ਛੇਤੀ ਹੀ ਉਨ੍ਹਾਂ ਤੋਂ ਵੀ ਉਸ ਦਾ ਜੀ ਅੱਕ ਜਾਂਦਾ ਜਾਂ ਉਨ੍ਹਾਂ ਕੋਲੋਂ ਉਸਨੂੰ ਨਿਰਾਸ਼ਾ ਹੋਣ ਲੱਗਦੀ ਸੀ ਅਤੇ ਉਹ ਬੜੇ ਉਤਸਾਹ ਦੇ ਨਾਲ ਨਵੇਂ ਮਸ਼ਹੂਰ ਲੋਕਾਂ ਦੀ ਤਲਾਸ਼ ਵਿੱਚ ਜੁਟ ਜਾਂਦੀ ਸੀ। ਅਤੇ ਜਦੋਂ ਅਜਿਹੇ ਨਵੇਂ ਸੱਜਣ ਮਿਲ ਜਾਂਦੇ ਸਨ ਤਾਂ ਫਿਰ ਦੂਸਰਿਆਂ ਦੀ ਤਲਾਸ਼ ਕਰਦੀ ਨਜ਼ਰ ਆਉਂਦੀ ਸੀ। ਆਖਿਰ ਕਿਉਂ?
ਚਾਰ ਅਤੇ ਪੰਜ ਵਜੇ ਦੇ ਦਰਮਿਆਨ ਉਹ ਘਰ ਵਿੱਚ ਪਤੀ ਦੇ ਨਾਲ ਡਿਨਰ ਖਾਂਦੀ ਸੀ। ਦੀਮੋਵ ਦੀ ਸਾਦਗੀ, ਅਕਲ ਅਤੇ ਜ਼ਿੰਦਾਦਿਲੀ ਉਸਨੂੰ ਆਪਣਾ ਸ਼ੁਦਾਈ ਬਣਾ ਲੈਂਦੀ ਅਤੇ ਉਹ ਠਾਠਾਂ ਮਾਰਦੀ ਖੁਸ਼ੀ ਨਾਲ ਵਾਰ-ਵਾਰ ਉਛਲਣ ਲੱਗ ਪੈਂਦੀ ਅਤੇ ਪਤੀ ਦੀ ਗਰਦਨ ਦੁਆਲੇ ਬਾਂਹਾਂ ਪਾਕੇ ਉਸ ਤੇ ਚੁੰਮਣਾਂ ਦੀ ਝੜੀ ਲਾ ਦਿੰਦੀ ਸੀ।
“ਦੀਮੋਵ, ਤੁਸੀਂ ਬੜੇ ਅਕਲਮੰਦ ਅਤੇ ਬੁਲੰਦ ਖ਼ਿਆਲ ਆਦਮੀ ਹੋ।” ਉਸਨੇ ਪਤੀ ਨੂੰ ਕਿਹਾ। “ਪਰ ਮੁਆਫ਼ ਕਰਨਾ ਜੀ, ਤੁਹਾਡੇ ਵਿੱਚ ਇੱਕ ਬਹੁਤ ਭਿਆਨਕ ਐਬ ਵੀ ਹੈ। ਆਰਟ ਵਿੱਚ ਤੁਸੀਂ ਉੱਕਾ ਦਿਲਚਸਪੀ ਨਹੀਂ ਲੈਂਦੇ। ਸੰਗੀਤ ਅਤੇ ਚਿੱਤਰਕਾਰੀ ਨੂੰ ਬਿਲਕੁਲ ਨਜਰਅੰਦਾਜ ਕਰਦੇ ਹੋ।”
“ਮੈਨੂੰ ਇਹ ਸਮਝ ਨਹੀਂ ਪੈਂਦੇ।“ ਉਸਨੇ ਨਰਮੀ ਨਾਲ ਜਵਾਬ ਦਿੱਤਾ। “ਜ਼ਿੰਦਗੀ ਭਰ ਪ੍ਰਕਿਰਤੀ ਵਿਗਿਆਨਾਂ ਅਤੇ ਮੈਡੀਕਲ ਦੇ ਖੇਤਰ ਵਿੱਚ ਕੰਮ ਕੀਤਾ ਹੈ, ਦਰਅਸਲ ਆਰਟ ਵਿੱਚ ਦਿਲਚਸਪੀ ਲੈਣ ਦਾ ਮੈਨੂੰ ਕਦੇ ਵਕ਼ਤ ਹੀ ਨਹੀਂ ਮਿਲ ਸਕਿਆ।“
“ਮਗਰ ਇਹ ਬਹੁਤ ਬੁਰੀ ਗੱਲ ਹੈ, ਦੀਮੋਵ!”
“ਕਿਉਂ ਭਲਾ? ਤੁਹਾਡੇ ਦੋਸਤ ਵੀ ਤਾਂ ਪ੍ਰਕਿਰਤੀ ਵਿਗਿਆਨਾਂ ਅਤੇ ਮੈਡੀਕਲ ਵਿਗਿਆਨ ਤੋਂ ਬਿਲਕੁਲ ਕੋਰੇ ਹਨ ਅਤੇ ਤੁਸੀਂ ਇਸਨੂੰ ਉਨ੍ਹਾਂ ਦਾ ਐਬ ਤਾਂ ਨਹੀਂ ਸਮਝਦੇ। ਹਰ ਇੱਕ ਦਾ ਆਪਣਾ ਆਪਣਾ ਖੇਤਰ ਹੁੰਦਾ ਹੈ। ਮੈਂ ਕੁਦਰਤੀ ਦ੍ਰਿਸ਼ਾਂ ਦੀਆਂ ਤਸਵੀਰਾਂ ਜਾਂ ਓਪੇਰਿਆਂ ਨੂੰ ਨਹੀਂ ਸਮਝ ਸਕਦਾ ਪਰ ਮੈਂ ਇਸ ਗੱਲ ਨੂੰ ਇਵੇਂ ਵੇਖਦਾ ਹਾਂ, ਜੇਕਰ ਕੁੱਝ ਜ਼ਹੀਨ ਲੋਕ ਉਨ੍ਹਾਂ ਉੱਤੇ ਆਪਣਾ ਜੀਵਨ ਨਿਛਾਵਰ ਕਰ ਦਿੰਦੇ ਹਨ ਅਤੇ ਕੁਝ ਹੋਰ ਸਮਝਦਾਰ ਲੋਕ ਉਨ੍ਹਾਂ ਤੇ ਵੱਡੀਆਂ ਰਕਮਾਂ ਖਰਚ ਕਰਦੇ ਹਨ ਤਾਂ ਇਹ ਚੀਜ਼ਾਂ ਯਕੀਨਨ ਜ਼ਰੂਰੀ ਹੀ ਹੋਣਗੀਆਂ। ਮੈਂ ਨਹੀਂ ਸਮਝਦਾ ਪਰ ਇਸ ਦਾ ਇਹ ਮਤਲਬ ਇਹ ਤਾਂ ਨਹੀਂ ਕਿ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰਦਾ ਹਾਂ।“
“ਲਿਆਓ, ਮੈਂ ਤੁਹਾਡਾ ਨਿਘਾ ਹੱਥ ਘੁੱਟ ਦੇਵਾਂ!”
ਡਿਨਰ ਦੇ ਬਾਅਦ ਓਲਗਾ ਇਵਾਨੋਵਨਾ ਦੋਸਤਾਂ ਨੂੰ ਮਿਲਣ-ਜੁਲਣ ਲਈ ਨਿਕਲ ਪੈਂਦੀ, ਉਸ ਦੇ ਬਾਅਦ ਥੀਏਟਰ ਜਾਂ ਕਿਸੇ ਕਨਸਰਟ ਵਿੱਚ ਚੱਲੀ ਜਾਂਦੀ ਅਤੇ ਅੱਧੀ ਰਾਤ ਦੇ ਬਾਅਦ ਕਿਤੇ ਘਰ ਮੁੜਦੀ ਸੀ। ਅਤੇ ਇਹੀ ਸ੍ਰ੍ਰ ਰੋਜ਼ ਦਾ ਹਾਲ।
ਹਰ ਬੁੱਧ ਦੀ ਸ਼ਾਮ ਨੂੰ ਉਹ ਆਪਣੇ ਘਰ ਵਿੱਚ ਪਾਰਟੀ ਕਰਦੀ ਸੀ। ਇਨ੍ਹਾਂ ਸ਼ਾਮਾਂ ਨੂੰ ਨਾ ਤਾਂ ਤਾਸ਼ ਖੇਡੀ ਜਾਂਦੀ ਸੀ ਨਾ ਹੀ ਨਾਚ ਹੁੰਦਾ ਸੀ। ਲੋਕ ਸਿਰਫ ਆਰਟਸ ਨਾਲ ਪਰਚਦੇ ਸਨ। ਥੀਏਟਰ ਦਾ ਐਕਟਰ ਪੜ੍ਹ ਕੇ ਸੁਣਾਉਂਦਾ ਸੀ, ਗਾਇਕ ਗਾਉਂਦਾ ਸੀ, ਚਿੱਤਰਕਾਰ ਐਲਬਮਾਂ ਵਿੱਚ ਜਿਨ੍ਹਾਂ ਦੀ ਓਲਗਾ ਇਵਾਨੋਵਨਾ ਦੇ ਕੋਲ ਬਹੁਤਾਤ ਸੀ, ਸਕੈੱਚ ਬਣਾਉਂਦਾ ਸੀ, ਵਾਇਲਿਨ ਵਾਦਕ ਆਪਣਾ ਸਾਜ਼ ਵਜਾਉਂਦਾ ਸੀ। ਖ਼ੁਦ ਮੇਜ਼ਬਾਨ ਸਕੈੱਚ ਉਲੀਕਦੀ ਅਤੇ ਮੂਰਤੀਆਂ ਬਣਾਉਂਦੀ, ਗਾਉਂਦੀ ਅਤੇ ਪਿਆਨੋ ਉੱਤੇ ਸੰਗਤ ਕਰਦੀ ਸੀ। ਪੜ੍ਹਨ, ਵਜਾਉਣ ਅਤੇ ਗਾਉਣ ਦੇ ਵਕਫ਼ਿਆਂ ਵਿੱਚ ਇਹ ਲੋਕ ਸਾਹਿਤ, ਥੀਏਟਰ ਅਤੇ ਆਰਟ ਦੇ ਬਾਰੇ ਵਿੱਚ ਗੱਲਾਂ ਅਤੇ ਬਹਿਸਾਂ ਕਰਦੇ ਸਨ। ਮਹਿਮਾਨਾਂ ਵਿੱਚ ਔਰਤਾਂ ਸ਼ਾਮਿਲ ਨਹੀਂ ਹੁੰਦੀਆਂ ਸਨ ਕਿਉਂਕਿ ਓਲਗਾ ਇਵਾਨੋਵਨਾ ਐਕਟਰੈਸਾਂ ਅਤੇ ਆਪਣੀ ਦਰਜ਼ਨ ਦੇ ਸਿਵਾ ਸਭ ਔਰਤਾਂ ਨੂੰ ਘਟੀਆ ਅਤੇ ਬੋਰ ਸਮਝਦੀ ਸੀ। ਬੁੱਧਵਾਰ ਦੀ ਇੱਕ ਵੀ ਸ਼ਾਮ ਅਜਿਹੀ ਨਹੀਂ ਹੁੰਦੀ ਸੀ ਜਦੋਂ ਮੇਜ਼ਬਾਨ ਦਰਵਾਜੇ ਦੀ ਘੰਟੀ ਦੀ ਹਰ ਆਵਾਜ਼ ਉੱਤੇ ਚਿਹਰੇ ਦੇ ਜੇਤੂ ਅੰਦਾਜ਼ ਦੇ ਨਾਲ ਇਹ ਕਹਿੰਦੀ ਹੋਈ ਆਪਣੀ ਜਗ੍ਹਾ ਤੋਂ ਉਛਲ ਨਾ ਪੈਂਦੀ ਹੋਵੇ, “ਆ ਗਏ ਉਹ!” ਇਸ ਪੜਨਾਂਵ ਤੋਂ ਉਸ ਦਾ ਇਸ਼ਾਰਾ ਪਹਿਲੀ ਵਾਰ ਬੁਲਾਏ ਜਾਣ ਵਾਲੇ ਕਿਸੇ ਨਾਮਵਰ ਸ਼ਖਸ ਦੀ ਤਰਫ਼ ਹੁੰਦਾ ਸੀ। ਦੀਮੋਵ ਕਦੇ ਵੀ ਡਰਾਇੰਗ ਰੂਮ ਵਿੱਚ ਮੌਜੂਦ ਨਹੀਂ ਹੁੰਦਾ ਸੀ ਅਤੇ ਕਿਸੇ ਨੂੰ ਉਸ ਦੀ ਹੋਂਦ ਦਾ ਖ਼ਿਆਲ ਤੱਕ ਨਹੀਂ ਆਉਂਦਾ ਸੀ। ਐਪਰ ਠੀਕ ਸਾਢੇ ਗਿਆਰਾਂ ਵਜੇ ਖਾਣੇ ਵਾਲੇ ਕਮਰੇ ਦਾ ਦਰਵਾਜਾ ਖੁਲ੍ਹਦਾ, ਦੀਮੋਵ ਜ਼ਿੰਦਾਦਿਲੀ ਅਤੇ ਨਰਮਾਈ ਨਾਲ ਮੁਸਕਰਾਉਂਦਾ, ਹਥੇਲੀਆਂ ਨੂੰ ਇੱਕ ਦੂਜੇ ਨਾਲ ਰਗੜਦਾ ਹੋਇਆ ਦਰਵਾਜੇ ਵਿੱਚ ਹਾਜ਼ਰ ਹੁੰਦਾ ਅਤੇ ਕਹਿੰਦਾ ਸੀ: “ਤੁਸੀਂ ਲੋਕ ਖਾਣੇ ਲਈ ਤਸ਼ਰੀਫ ਲੈ ਆਓ!”
ਸਭ ਲੋਕ ਖਾਣੇ ਵਾਲੇ ਕਮਰੇ ਵਿੱਚ ਦਾਖ਼ਲ ਹੁੰਦੇ ਅਤੇ ਉਨ੍ਹਾਂ ਦੀ ਨਜ਼ਰਾਂ ਦਾ ਹਰ ਵਾਰ ਉਹੀ ਚੀਜ਼ਾਂ ਸਵਾਗਤ ਕਰਦੀਆਂ: ਓਇਸਟਰ ਦੀ ਇੱਕ ਡਿਸ਼, ਸੂਰ ਦੇ ਪੱਟ ਦੇ ਮਾਸ ਦਾ ਇੱਕ ਵੱਡਾ ਟੁਕੜਾ, ਸਾਰਡੀਨ ਮੱਛੀਆਂ, ਪਨੀਰ, ਸਟਰਜਨ ਮੱਛੀਆਂ ਦੇ ਸਲੂਣੇ ਆਂਡੇ, ਖੁੰਭਾਂ, ਵੋਦਕਾ ਅਤੇ ਸ਼ੀਸ਼ੇ ਦੀਆਂ ਦੋ ਸੁਰਾਹੀਆਂ ਵਾਈਨ ਨਾਲ ਭਰੀਆਂ।
“ਮੇਰੇ ਪਿਆਰੇ ਮੈਤਰੇ ਡੀ ‘ਹੋਟਲ” ਓਲਗਾ ਇਵਾਨੋਵਨਾ ਬੜੀ ਗਰਮਜੋਸ਼ੀ ਨਾਲ ਉਸਦੇ ਹੱਥਾਂ ਨੂੰ ਘੁੱਟ ਕੇ ਕਹਿੰਦੀ ਸੀ। “ਤੁਸੀਂ ਸਚੀਂ ਬੇਹੱਦ ਦਿਲਕਸ਼ ਹੋ! ਮਿੱਤਰੋ, ਤੁਸੀਂ ਲੋਕ ਉਨ੍ਹਾਂ ਦੇ ਮੱਥੇ ਨੂੰ ਤਾਂ ਵੇਖੋ! ਦੀਮੋਵ, ਤੁਸੀਂ ਥੋੜਾ ਇਧਰ ਨੂੰ ਘੁੰਮੋ ਤਾਂ। ਵੇਖੋ ਤੁਸੀਂ, ਬੰਗਾਲ ਦੇ ਸ਼ੇਰ ਵਰਗਾ ਚਿਹਰਾ ਅਤੇ ਉੱਪਰੋਂ ਨਰਮਾਈ ਅਤੇ ਦਿਲ – ਜਿਵੇਂ ਕਿਸੇ ਹਿਰਨੀ ਦਾ ਹੋਵੇ! ਕਿੰਨੇ ਪਿਆਰੇ ਲੱਗਦੇ ਹੋ!”
ਮਹਿਮਾਨ ਖਾਣੇ ਵੱਲ ਧਿਆਨ ਦਿੰਦੇ ਹੋਏ ਅਤੇ ਦੀਮੋਵ ਦੀ ਤਰਫ਼ ਦੇਖ ਕੇ ਸੋਚਦੇ “ਸਚੀਂ ਚੰਗੇ ਆਦਮੀ ਹਨ। ਪਰ ਛੇਤੀ ਹੀ ਉਸਨੂੰ ਭੁੱਲ ਬੈਠਦੇ ਅਤੇ ਥੀਏਟਰ, ਸੰਗੀਤ ਅਤੇ ਆਰਟ ਦੇ ਸੰਬੰਧ ਵਿੱਚ ਆਪਣੀਆਂ ਗੱਲਾਂ ਜਾਰੀ ਰੱਖਦੇ।
ਨੌਜਵਾਨ ਜੋੜੀ ਖ਼ੁਸ਼ ਸੀ, ਜ਼ਿੰਦਗੀ ਸੁਹਣੀ ਬੀਤ ਰਹੀ ਸੀ। ਭਾਵੇਂ ਹਨੀਮੂਨ ਦਾ ਤੀਜਾ ਹਫਤਾ ਕੋਈ ਖਾਸ ਹਾਸੀਆਂ ਖੁਸ਼ੀਆਂ ਨਾਲ ਨਹੀਂ ਸੀ ਬੀਤਿਆ ਸਗੋਂ ਪਰੇਸ਼ਾਨੀ ਭਰਿਆ ਸਾਬਤ ਹੋਇਆ। ਦੀਮੋਵ ਨੂੰ ਹਸਪਤਾਲ ਵਿੱਚ ਏਰੀਸਪਲਾਸ ਰੋਗ ਲੱਗ ਗਿਆ, ਉਸਨੂੰ ਛੇ ਦਿਨਾਂ ਤੱਕ ਬੈੱਡ ਤੇ ਰਹਿਣਾ ਪਿਆ ਅਤੇ ਆਪਣੇ ਖ਼ੂਬਸੂਰਤ ਕਾਲੇ ਕਾਲੇ ਵਾਲਾਂ ਨੂੰ ਬਿਲਕੁਲ ਜੜੋਂ ਕਟਵਾਉਣਾ ਪਿਆ। ਓਲਗਾ ਇਵਾਨੋਵਨਾ ਉਸਦੇ ਬੈੱਡ ਦੇ ਕੋਲ ਬੈਠੀ ਅੱਥਰੂ ਵਹਾਉਂਦੀ ਰਹਿੰਦੀ। ਜਦੋਂ ਦੀਮੋਵ ਦੀ ਹਾਲਤ ਥੋੜੀ ਬਿਹਤਰ ਹੋਈ ਤਾਂ ਉਸਨੇ ਪਤੀ ਦੇ ਸਫਾਚੱਟ ਸਿਰ ਤੇ ਚਿੱਟਾ ਰੁਮਾਲ ਬੰਨ੍ਹ ਦਿੱਤਾ ਅਤੇ ਕਿਸੇ ਅਰਬ ਬੱਦੂ ਦੇ ਰੂਪ ਵਿੱਚ ਉਸ ਦੀ ਤਸਵੀਰ ਬਣਾਉਣ ਬੈਠ ਗਈ। ਸਿਹਤਯਾਬ ਹੋ ਕੇ ਉਹ ਫਿਰ ਹਸਪਤਾਲ ਜਾਣ ਲੱਗਿਆ ਪ੍ਰੰਤੂ ਤਿੰਨ ਦਿਨਾਂ ਦੇ ਬਾਅਦ ਹੀ ਨਵੀਂ ਮੁਸੀਬਤ ਟੁੱਟ ਪਈ।
“ਮੇਰੀ ਕਿਸਮਤ ਹੀ ਖੋਟੀ ਹੈ,” ਓਲਗਾ ਨੂੰ ਉਸ ਨੇ ਇੱਕ ਦਿਨ ਡਿਨਰ ਦੇ ਦੌਰਾਨ ਕਿਹਾ। “ਅੱਜ ਮੈਂ ਚਾਰ ਪੋਸਟਮਾਰਟਮ ਕੀਤੇ ਅਤੇ ਆਪਣੀਆਂ ਦੋ ਉਂਗਲੀਆਂ ਕੱਟਵਾ ਬੈਠਾ। ਮੈਨੂੰ ਉਸ ਦਾ ਪਤਾ ਘਰ ਵਾਪਸ ਪਰਤਣ ਦੇ ਬਾਅਦ ਹੀ ਚੱਲ ਸਕਿਆ।“
ਓਲਗਾ ਇਵਾਨੋਵਨਾ ਡਰ ਗਈ। ਪਰ ਉਹ ਮੁਸਕੁਰਾ ਪਿਆ ਅਤੇ ਕਹਿਣ ਲਗਾ ਕਿ ਇਹ ਤਾਂ ਮਾਮੂਲੀ ਗੱਲ ਹੈ ਅਤੇ ਪੋਸਟਮਾਰਟਮ ਦੇ ਦੌਰਾਨ ਅਕਸਰ ਉਸ ਦੇ ਹੱਥਾਂ ਤੇ ਕਿਤੇ ਨਾ ਕਿਤੇ ਚੀਰਾ ਆ ਜਾਂਦਾ ਹੈ।
“ਮੈਂ ਖ਼ਿਆਲਾਂ ਦੀ ਰੌ ਵਿੱਚ ਵਹਿ ਜਾਂਦਾ ਹਾਂ, ਓਲਗਾ ਅਤੇ ਉਂਜ ਸੁਭਾਵਕ ਵੀ ਖੋਇਆ ਖੋਇਆ ਰਹਿੰਦਾ ਹਾਂ।” ਓਲਗਾ ਇਵਾਨੋਵਨਾ ਖ਼ੂਨ ਵਿੱਚ ਜ਼ਹਿਰ ਫੈਲ ਜਾਣ ਦੇ ਡਰ ਨਾਲ ਬੜੀ ਪਰੇਸ਼ਾਨ ਰਹਿਣ ਲੱਗੀ, ਹਰ ਰਾਤ ਨੂੰ ਦੁਆ ਮੰਗਦੀ ਕਿ ਮੁਸੀਬਤ ਸਿਰੋਂ ਟਲ ਜਾਵੇ ਅਤੇ ਇਹੀ ਹੋਇਆ ਵੀ। ਅਤੇ ਪਹਿਲਾਂ ਵਰਗੀ ਹੀ ਖ਼ੁਸ਼ੀਆਂ ਭਰੀ, ਸ਼ਾਂਤ ਜ਼ਿੰਦਗੀ, ਦੁੱਖਾਂ ਚਿੰਤਾਵਾਂ ਤੋਂ ਰਹਿਤ ਜ਼ਿੰਦਗੀ ਦੁਬਾਰਾ ਰਵਾਂ ਹੋ ਗਈ। ਵਰਤਮਾਨ ਸ਼ਾਨਦਾਰ ਸੀ ਅਤੇ ਛੇਤੀ ਹੀ ਬਹਾਰ ਆਉਣ ਵਾਲੀ ਸੀ, ਇਨ੍ਹਾਂ ਦੋਨਾਂ ਲਈ ਦੂਰੋਂ ਹੀ ਮੁਸਕਰਾਉਂਦੀ ਅਤੇ ਬੇਸ਼ੁਮਾਰ ਖੁਸ਼ੀਆਂ ਦੇ ਇਕਰਾਰਾਂ ਨਾਲ ਟਹਿਕ ਰਹੀ ਬਹਾਰ। ਖੁਸ਼ੀਆਂ ਦਾ ਸਿਲਸਿਲਾ ਅੱਗੇ ਜਾਰੀ ਰਹਿਣਾ ਸੀ। ਅਪ੍ਰੈਲ, ਮਈ ਅਤੇ ਜੂਨ ਤਿੰਨ ਮਹੀਨੇ ਸ਼ਹਿਰ ਤੋਂ ਕਾਫ਼ੀ ਦੂਰ ਹੁਨਾਲ ਵਾਲਾ ਘਰ, ਚਹਿਲ ਕਦਮੀਆਂ, ਚਿੱਤਰਕਾਰੀ, ਮੱਛੀ ਫੜਨਾ ਅਤੇ ਬੁਲਬਲਾਂ ਦੇ ਗੀਤ ਅਤੇ ਜੁਲਾਈ ਤੋਂ ਪੱਤਝੜ ਤੱਕ ਦਾ ਸਮਾਂ ਵੋਲਗਾ ਦੇ ਕੰਢੇ ਕਲਾਕਾਰਾਂ ਦਾ ਟੂਰ ਜਿਸ ਵਿੱਚ ਓਲਗਾ ਇਵਾਨੋਵਨਾ ਨੇ ਕਲਾਕਾਰਾਂ ਦੀ ਮੰਡਲੀ ਦੀ ਇੱਕ ਲਾਜ਼ਮੀ ਮੈਂਬਰ ਵਜੋਂ ਸ਼ਿਰਕਤ ਕਰਨੀ ਸੀ। ਉਸਨੇ ਆਪਣੇ ਲਈ ਮੋਟੇ ਕੱਪੜੇ ਦੀਆਂ ਦੋ ਯਾਤਰੀ ਡਰੈੱਸਾਂ ਸਿਲਵਾਈਆਂ ਸਨ ਅਤੇ ਵੰਨ ਵੰਨ ਦੇ ਰੰਗ, ਢੇਰਾਂ ਬੁਰਸ਼, ਕੈਨਵਸਾਂ ਅਤੇ ਰੰਗ ਮਿਲਾਉਣ ਦੀ ਇੱਕ ਨਵੀਂ ਤਖ਼ਤੀ ਵੀ ਖ਼ਰੀਦ ਲਈ ਸੀ। ਉਸ ਦੀ ਪੇਂਟਿੰਗ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਰਿਆਬੋਵਸਕੀ ਤਕਰੀਬਨ ਹਰ ਦਿਨ ਉਸ ਦੇ ਘਰ ਆਉਂਦਾ ਸੀ। ਉਹ ਰਿਆਬੋਵਸਕੀ ਨੂੰ ਆਪਣੀ ਸਿਰਜਣਾ ਵਿਖਾਂਦੀ ਤਾਂ ਉਹ ਆਪਣੇ ਹੱਥਾਂ ਨੂੰ ਜੇਬਾਂ ਵਿੱਚ ਪਾ ਲੈਂਦਾ, ਬੁੱਲ੍ਹਾਂ ਨੂੰ ਜ਼ੋਰ ਨਾਲ ਮੀਚ ਲੈਂਦਾ, ਨੱਕ ਭੌਂ ਚੜਾਉਂਦਾ ਅਤੇ ਕਹਿੰਦਾ: “ਓ, ਹਾਂ … ਤੇਰਾ ਇਹ ਬੱਦਲ ਤਾਂ ਚੀਖ਼ ਰਿਹਾ ਹੈ। ਇਸ ਤੇ ਸ਼ਾਮ ਦੀ ਰੋਸ਼ਨੀ ਤਾਂ ਨਹੀਂ ਪੈ ਰਹੀ। ਪੇਸ਼ਜ਼ਮੀਨ ਜਿਵੇਂ ਕਿਸੇ ਦੀ ਚਬੋਲੀ ਹੋਵੇ ਅਤੇ ਆਹ ਕੀ ਹੈ? ਸਮਝ ਰਹੀ ਹੈਂ ਨਾ। ਗੱਲ ਨਹੀਂ ਬਣੀ … ਤੇਰੀ ਇਹ ਕੁੱਲੀ ਇਵੇਂ ਲੱਗਦੀ ਹੈ ਜਿਵੇਂ ਆਪਣੇ ਭਾਰ ਨਾਲ ਥੱਲੇ ਨੂੰ ਬਹਿੰਦੀ ਜਾ ਰਹੀ ਹੋਵੇ ਅਤੇ ਵਿਚਾਰੀ ਦਰਦ ਨਾਲ ਉੱਚੀ ਉੱਚੀ ਕੂਕ ਰਹੀ ਹੋਵੇ… ਔਸ ਕੋਨੇ ਨੂੰ ਥੋੜਾ ਹੋਰ ਹਨੇਰਾ ਕਰ ਦਿਓ। ਐਪਰ ਕੁੱਲ ਮਿਲਾ ਕੇ ਇਹ ਤਸਵੀਰ ਮਾੜੀ ਨਹੀਂ ਹੈ … ਮੈਨੂੰ ਚੰਗੀ ਲੱਗੀ ਹੈ।”
ਅਤੇ ਉਸ ਦੀਆਂ ਗੱਲਾਂ ਜਿੰਨੀਆਂ ਵਧੇਰੇ ਊਟਪਟਾਂਗ ਹੁੰਦੀਆਂ ਸੀ ਓਨੀ ਹੀ ਆਸਾਨੀ ਨਾਲ ਓਲਗਾ ਇਵਾਨੋਵਨਾ ਦੀ ਸਮਝ ਪੈ ਜਾਂਦੀਆਂ ਸਨ।
( 3 )
ਟ੍ਰਿੰਨਟੀ ਦੇ ਦੂਜੇ ਦਿਨ ਤੀਜੇ ਪਹਿਰ ਦੀਮੋਵ ਨੇ ਆਪਣੀ ਪਤਨੀ ਦੇ ਦਾਚਾ ਜਾਣ ਦੀ ਖਾਤਰ ਮਿਠਾਈਆਂ ਅਤੇ ਖਾਣ ਦੀਆਂ ਕੁੱਝ ਹੋਰ ਚੀਜ਼ਾਂ ਖਰੀਦੀਆਂ। ਓਲਗਾ ਨੂੰ ਉਸਨੇ ਕੋਈ ਦੋ ਹਫ਼ਤਿਆਂ ਤੋਂ ਨਹੀਂ ਵੇਖਿਆ ਸੀ ਅਤੇ ਉਸ ਦੀ ਯਾਦ ਵਿੱਚ ਬੁਰੀ ਤਰ੍ਹਾਂ ਤੜਫ਼ ਰਿਹਾ ਸੀ। ਟ੍ਰੇਨ ਦੇ ਸਫ਼ਰ ਦੇ ਦੌਰਾਨ ਅਤੇ ਇਸ ਦੇ ਬਾਅਦ ਵਣ ਵਿੱਚ ਉਸਦੇ ਦਾਚੇ ਨੂੰ ਤਲਾਸ਼ ਕਰਦੇ ਵਕ਼ਤ ਖਿੜੀ ਭੁੱਖ ਨਾਲ ਉਸ ਦਾ ਭੈੜਾ ਹਾਲ ਸੀ ਅਤੇ ਉਹ ਆਪਣੀ ਪਤਨੀ ਦੇ ਨਾਲ ਬੈਠ ਕੇ ਨਿਸ਼ਾ ਨਾਲ ਰਾਤ ਦਾ ਖਾਣਾ ਖਾਣ ਅਤੇ ਫਿਰ ਬਿਸਤਰ ਵਿੱਚ ਵੜ ਜਾਣ ਦੇ ਸੁਪਨੇ ਵੇਖ ਰਿਹਾ ਸੀ। ਉਸਨੂੰ ਆਪਣੇ ਬੰਡਲ ਨੂੰ, ਜਿਸ ਵਿੱਚ ਸਟਰਜਨ ਮੱਛੀ ਦੇ ਆਂਡੇ, ਪਨੀਰ ਅਤੇ ਸਫ਼ੈਦ ਸਾਲਮਨ ਮੱਛੀ ਲਪੇਟੇ ਸਨ, ਵੇਖ ਵੇਖਕੇ ਖੁਸ਼ੀ ਹੋ ਰਹੀ ਸੀ।
ਆਖ਼ਰਕਾਰ ਜਦੋਂ ਉਸਨੂੰ ਦਾਚਾ ਤਲਾਸ਼ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਤਾਂ ਸੂਰਜ ਡੁੱਬ ਚੁੱਕਿਆ ਸੀ। ਬੁਢੀ ਨੌਕਰਾਨੀ ਨੇ ਉਸਨੂੰ ਦੱਸਿਆ ਕਿ ਮਾਲਕਣ ਘਰ ਵਿੱਚ ਨਹੀਂ ਲੇਕਿਨ ਸ਼ਾਇਦ ਛੇਤੀ ਹੀ ਵਾਪਸ ਆ ਜਾਵੇਗੀ। ਲਿਖਣ ਦੇ ਕਾਗ਼ਜ਼ ਨਾਲ ਢਕੀਆਂ ਹੋਈਆਂ ਨੀਵੀਆਂ ਛੱਤਾਂ ਅਤੇ ਤ੍ਰੇੜਿਆ ਹੋਏ ਉੱਚੇ ਨੀਵੇਂ ਫ਼ਰਸਾਂ ਵਾਲਾ ਇਹ ਅਤਿਅੰਤ ਰੁੱਖਾ ਜਿਹਾ ਦਾਚਾ, ਸਿਰਫ ਤਿੰਨ ਕਮਰਿਆਂ ਵਾਲੀ ਇਮਾਰਤ ਸੀ। ਇੱਕ ਕਮਰੇ ਵਿੱਚ ਬੈੱਡ ਵਿਛਿਆ ਹੋਇਆ ਸੀ, ਦੂਜੇ ਵਿੱਚ ਕੈਨਵਸ, ਪੇਂਟਿੰਗ ਦੇ ਬੁਰਸ਼, ਗੰਦੇ ਕਾਗ਼ਜ਼ ਦਾ ਇੱਕ ਟੁਕੜਾ ਅਤੇ ਕੁਰਸੀਆਂ ਅਤੇ ਬਾਰੀਆਂ ਦੀਆਂ ਸਿਲਾਂ ਉੱਤੇ ਮਰਦਾਨਾ ਕੋਟ ਅਤੇ ਹੈਟ ਰੱਖੇ ਹੋਏ ਸਨ ਅਤੇ ਤੀਸਰੇ ਵਿੱਚ ਦੀਮੋਵ ਨੂੰ ਤਿੰਨ ਅਜਨਬੀ ਨਜ਼ਰ ਆਏ। ਦੋ ਮਰਦ ਸਾਂਵਲੇ ਅਤੇ ਦਾੜ੍ਹੀ ਵਾਲੇ ਸਨ ਅਤੇ ਤੀਜਾ ਸਾਫ਼ ਸਫ਼ਾਚੱਟ ਦਾੜ੍ਹੀ ਮੁੱਛਾਂ ਵਾਲਾ ਕੋਈ ਐਕਟਰ ਲੱਗ ਰਿਹਾ ਸੀ। ਮੇਜ਼ ਤੇ ਰੱਖੇ ਹੋਏ ਸਮਾਵਾਰ ਵਿੱਚੋਂ ਭਾਫ਼ ਨਿਕਲ ਰਹੀ ਸੀ।
“ਕਹੋ, ਤੁਹਾਨੂੰ ਕੀ ਚਾਹੀਦਾ ਹੈ?” ਐਕਟਰ ਨੇ ਦੀਮੋਵ ਨੂੰ ਗ਼ੈਰ ਦੋਸਤਾਨਾ ਅੰਦਾਜ਼ ਨਾਲ ਵੇਖਦੇ ਹੋਏ ਗਹਿਰੀ ਆਵਾਜ਼ ਵਿੱਚ ਪੁੱਛਿਆ। “ਓਲਗਾ ਇਵਾਨੋਵਨਾ ਨੂੰ ਮਿਲਣਾ ਹੈ?” “ ਜਰਾ ਇੰਤਜ਼ਾਰ ਕਰੋ। ਉਹ ਆਉਂਦੀ ਹੀ ਹੋਵੇਗੀ।”
ਦੀਮੋਵ ਬੈਠ ਗਿਆ ਅਤੇ ਉਡੀਕ ਕਰਨ ਲੱਗਿਆ। ਸਾਂਵਲੇ ਆਦਮੀਆਂ ਵਿੱਚੋਂ ਇੱਕ ਨੇ ਉਸਨੂੰ ਅਲਸਾਈਆਂ ਜਿਹੀਆਂ ਨਿਗਾਹਾਂ ਨਾਲ ਵੇਖਦੇ ਹੋਏ ਚਾਹ ਪਾਈ ਅਤੇ ਪੁੱਛਿਆ:
“ਚਾਹ ਪੀਓਗੇ!”
ਦੀਮੋਵ ਭੁੱਖਾ ਵੀ ਸੀ, ਪਿਆਸਾ ਵੀ ਲੇਕਿਨ ਉਸਨੇ ਇਸ ਖ਼ਿਆਲ ਨਾਲ ਕਿ ਭੁੱਖ ਮਰ ਨਾ ਜਾਵੇ, ਚਾਹ ਤੋਂ ਇਨਕਾਰ ਕਰ ਦਿੱਤਾ। ਕੁੱਝ ਹੀ ਦੇਰ ਬਾਅਦ ਕਦਮਾਂ ਦੀ ਆਹਟ ਸੁਣਾਈ ਦਿੱਤੀ ਅਤੇ ਇੱਕ ਜਾਣੀ-ਪਛਾਣੀ ਹਾਸੇ ਦੀ ਆਵਾਜ਼। ਦਰਵਾਜਾ ਪਟਾਕ ਦੇ ਕੇ ਖੁੱਲ੍ਹਿਆ। ਓਲਗਾ ਇਵਾਨੋਵਨਾ ਜਿਸਦੇ ਸਿਰ ਉੱਤੇ ਚੌੜੇ ਛੱਜੇ ਵਾਲਾ ਹੈਟ ਸੀ ਅਤੇ ਹੱਥ ਵਿੱਚ ਡਿੱਬਾ, ਤੇਜ਼ੀ ਨਾਲ ਕਮਰੇ ਵਿੱਚ ਦਾਖ਼ਲ ਹੋਈ। ਰਿਆਬੋਵਸਕੀ ਜਿਸਦਾ ਚਿਹਰਾ ਤਮਤਮਾਇਆ ਹੋਇਆ ਸੀ ਅਤੇ ਉਸਨੂੰ ਜੋਸ਼ ਚੜ੍ਹਿਆ ਲੱਗਦਾ ਸੀ, ਵੱਡੀ ਜਿਹੀ ਛਤਰੀ ਅਤੇ ਫੋਲਡਿੰਗ ਸਟੂਲ ਚੁੱਕੀ ਉਸ ਦੇ ਪਿੱਛੇ ਪਿੱਛੇ ਅੰਦਰ ਆਇਆ।
“ਦੀਮੋਵ!” ਓਲਗਾ ਇਵਾਨੋਵਨਾ ਜਿਸਦਾ ਚਿਹਰਾ ਖੁਸ਼ੀ ਨਾਲ ਚਮਕ ਉਠਿਆ ਸੀ, ਜ਼ੋਰ ਨਾਲ ਚਿੱਲਾਈ। “ਦੀਮੋਵ!” ਉਸਨੇ ਪਤੀ ਦੇ ਸੀਨੇ ਉੱਤੇ ਸਿਰ ਅਤੇ ਦੋਨੋਂ ਹੱਥ ਰੱਖਦੇ ਹੋਏ ਦੁਹਰਾਇਆ। “ਤਾਂ ਇਹ ਤੁਸੀਂ ਹੋ! ਇੰਨੇ ਚਿਰ ਤੋਂ ਤੁਸੀਂ ਆਏ ਕਿਉਂ ਨਹੀਂ? ਕਿਉਂ? ਆਖਿਰ ਕਿਉਂ?”
“ਮੇਰੇ ਕੋਲ ਵਕ਼ਤ ਹੀ ਕਿੱਥੇ ਸੀ? ਹਮੇਸ਼ਾ ਤਾਂ ਮਸਰੂਫ ਰਹਿੰਦਾ ਹਾਂ ਅਤੇ ਕਦੇ ਵਿਹਲ ਵੀ ਮਿਲਦੀ ਹੈ ਤਾਂ ਕੋਈ ਟ੍ਰੇਨ ਫਿੱਟ ਨਹੀਂ ਬਹਿੰਦੀ।”
“ਓਹ, ਕਿੰਨੀ ਖੁਸ਼ੀ ਹੋਈ ਤੁਹਾਨੂੰ ਵੇਖ ਕੇ ਰਾਤ-ਭਰ, ਜੀ ਹਾਂ ਰਾਤ-ਭਰ ਤੁਹਾਡੇ ਹੀ ਸੁਪਨੇ ਵੇਖਦੀ ਰਹੀ, ਡਰ ਰਹੀ ਸੀ ਕਿ ਕਿਤੇ ਤੁਸੀਂ ਬੀਮਾਰ ਨਾ ਹੋਵੋ, ਕੋਈ ਐਸੀ ਵੈਸੀ ਗੱਲ ਨਾ ਹੋ ਗਈ ਹੋਵੇ। ਓਹ, ਕਾਸ਼ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਕਿੰਨੇ ਪਿਆਰੇ ਹੋ, ਕਿੰਨਾ ਅੱਛਾ ਹੋਇਆ ਕਿ ਤੁਸੀਂ ਆ ਗਏ। ਤੁਸੀਂ ਮੈਨੂੰ ਮੁਕਤੀ ਦਿਵਾ ਸਕਦੇ ਹੋ! ਸਿਰਫ ਤੁਸੀਂ ਹੀ ਮੈਨੂੰ ਬਚਾ ਸਕਦੇ ਹੋ! ਕੱਲ ਇੱਥੇ ਨਿਹਾਇਤ ਹੀ ਅਨੋਖੀ ਸ਼ਾਦੀ ਹੋਣ ਜਾ ਰਹੀ ਹੈ। ਉਸਨੇ ਹੱਸਦੇ ਹੱਸਦੇ ਪਤੀ ਦੀ ਟਾਈ ਦੁਬਾਰਾ ਬੰਨ੍ਹਦੇ ਹੋਏ ਗੱਲ ਜਾਰੀ ਰੱਖੀ। ਸਟੇਸ਼ਨ ਦੇ ਟੈਲੀਗਰਾਫ ਆਪ੍ਰੇਟਰ ਦੀ ਸ਼ਾਦੀ ਹੋ ਰਹੀ ਹੈ। ਨਾਮ ਉਸ ਦਾ ਚਿਕਲਦੀਵ ਹੈ। ਸੂਰਤ ਚੰਗੀ ਮਿਲੀ ਹੈ, ਬੇਵਕੂਫ਼ ਨਹੀਂ ਅਤੇ ਤੁਸੀਂ ਜਾਣਦੇ ਹੋ, ਉਸ ਦੇ ਚਿਹਰੇ ਵਿੱਚ ਕੋਈ ਵੱਡੀ ਤਾਕਤਵਰ, ਰਿੱਛ ਵਰਗੀ ਕੋਈ ਗੱਲ ਹੈ … ਉਹ ਕਿਸੇ ਨੌਰਮਾਨ ਦੀ ਤਸਵੀਰ ਲਈ ਮਾਡਲ ਦਾ ਵੀ ਕੰਮ ਦੇ ਸਕਦਾ ਹੈ। ਗਰਮੀਆਂ ਵਿੱਚ ਇੱਥੇ ਆਉਣ ਵਾਲੇ ਅਸੀਂ ਸਭ ਲੋਕ ਉਸ ਵਿੱਚ ਖ਼ੂਬ ਦਿਲਚਸਪੀ ਲੈਂਦੇ ਹਾਂ ਅਤੇ ਅਸੀਂ ਉਸ ਨਾਲ ਇਕਰਾਰ ਕੀਤਾ ਹੈ ਕਿ ਉਸ ਦੇ ਵਿਆਹ ਵਿੱਚ ਸ਼ਰੀਕ ਹੋਵਾਂਗੇ। ਵਿਚਾਰਾ ਗ਼ਰੀਬੀ ਅਤੇ ਇਕੱਲ ਦਾ ਮਾਰਿਆ ਹੋਇਆ ਹੈ, ਸ਼ਰਮੀਲਾ ਹੈ ਅਤੇ ਹਮਦਰਦੀ ਦਾ ਪਾਤਰ। ਉਸਨੂੰ ਨਾਂਹ ਕਰਨਾ ਗੁਨਾਹ ਹੋਵੇਗਾ, ਗੁਨਾਹ। ਜਰਾ ਸੋਚੋ ਅਰਦਾਸ ਦੇ ਤੁਰਤ ਹੀ ਬਾਅਦ ਸ਼ਾਦੀ ਹੋਵੇਗੀ ਅਤੇ ਗਿਰਜੇ ਤੋਂ ਸਾਰੇ ਦੇ ਸਾਰੇ ਲੋਕ ਸਿੱਧੇ ਵਹੁਟੀ ਦੇ ਘਰ ਜਾਣਗੇ। ਰੁੱਖਾਂ ਦੇ ਝੁੰਡ, ਪਰਿੰਦਿਆਂ ਦੇ ਗੀਤ, ਹਰੇ ਘਾਹ ਉੱਤੇ ਧੁੱਪ ਦੇ ਟੱਪੇ ਅਤੇ ਗੂੜ੍ਹੇ ਹਰੇ ਰੰਗ ਦੇ ਪਿਛੋਕੜ ਵਿੱਚ ਅਸੀਂ ਸਭ ਵੱਖ ਵੱਖ ਰੰਗਾਂ ਦੇ ਧੱਬੇ ਹੋਵਾਂਗੇ। ਕਿੰਨਾ ਮੌਲਿਕ ਮਾਹੌਲ ਸਿਰਜਿਆ ਜਾਵੇਗਾ, ਫ਼ਰਾਂਸੀਸੀ ਚਿੱਤਰਕਾਰਾਂ ਦੀ ਕਿਸੇ ਸਿਰਜਣਾ ਵਰਗਾ। ਲੇਕਿਨ ਦੀਮੋਵ, ਜਰਾ ਸੋਚੋ ਤਾਂ, ਮੈਂ ਗਿਰਜੇ ਜਾਵਾਂਗੀ ਤਾਂ ਕੀ ਪਹਿਨ ਕੇ? ਓਲਗਾ ਇਵਾਨੋਵਨਾ ਨੇ ਰੋਣੀ ਸੂਰਤ ਬਣਾਉਂਦੇ ਹੋਏ ਕਿਹਾ। ਇੱਥੇ ਤਾਂ ਮੇਰੇ ਕੋਲ ਕੁੱਝ ਵੀ ਨਹੀਂ, ਸਚੀਂ ਕੁੱਝ ਵੀ ਨਹੀਂ। ਨਾ ਕੋਈ ਖ਼ਾਸ ਡਰੈੱਸ ਹੈ, ਨਾ ਫੁੱਲ, ਨਾ ਦਸਤਾਨੇ … ਤੁਸੀਂ ਹੀ ਮੈਨੂੰ ਇਸ ਹਾਲ ਤੋਂ ਨਜਾਤ ਦਿਲਾਉਣੀ ਹੋਵੇਗੀ। ਇਸ ਵਕ਼ਤ ਤੁਹਾਡੀ ਆਮਦ ਦਾ ਮਤਲਬ ਇਹੀ ਹੈ ਕਿ ਤਕਦੀਰ ਚਾਹੁੰਦੀ ਸੀ ਕਿ ਤੁਸੀਂ ਮੈਨੂੰ ਨਜਾਤ ਦਿਲਾਉਂ। ਮੇਰੀਆਂ ਕੁੰਜੀਆਂ ਲੈ ਲਓ, ਡਾਰਲਿੰਗ ਅਤੇ ਘਰ ਜਾਕੇ ਕੱਪੜਿਆਂ ਵਾਲੀ ਅਲਮਾਰੀ ਵਿੱਚੋਂ ਮੇਰੀ ਗੁਲਾਬੀ ਡਰੈੱਸ ਲੈ ਆਓ … ਤੁਸੀਂ ਤਾਂ ਉਸਨੂੰ ਪਛਾਣਦੇ ਹੋ, ਬਿਲਕੁਲ ਸਾਹਮਣੇ ਹੀ ਲਟਕਦੀ ਹੈ … ਅਤੇ ਸੰਦੂਕਾਂ ਵਾਲੇ ਕਮਰੇ ਵਿੱਚ ਤੁਹਾਨੂੰ ਫ਼ਰਸ਼ ਉੱਤੇ ਸੱਜੇ ਪਾਸੇ ਗੱਤੇ ਦੇ ਦੋ ਡਿੱਬੇ ਨਜ਼ਰ ਆਉਣਗੇ। ਜਦੋਂ ਤੁਸੀਂ ਉੱਪਰ ਵਾਲੇ ਡਿੱਬੇ ਨੂੰ ਖੋਲ੍ਹੋਗੇ ਤਾਂ ਬਸ ਬਰੀਕ ਰੇਸ਼ਮੀ ਜਾਲੀਆਂ, ਜਾਲੀਆਂ, ਜਾਲੀਆਂ ਹੀ ਨਜ਼ਰ ਆਉਣਗੀਆਂ ਜਾਂ ਫਿਰ ਤਰ੍ਹਾਂ ਤਰ੍ਹਾਂ ਦੇ ਕੱਪੜਿਆਂ ਦੇ ਬੱਚੇ ਖੁਚੇ ਟੁਕੜੇ ਅਤੇ ਉਨ੍ਹਾਂ ਦੇ ਹੇਠਾਂ ਫੁੱਲ। ਸਾਰੇ ਫੁੱਲਾਂ ਨੂੰ ਬਹੁਤ ਸਾਵਧਾਨੀ ਦੇ ਨਾਲ ਕੱਢ ਲਿਓ ਅਤੇ ਕੋਸ਼ਿਸ਼ ਕਰਨਾ ਜੀ ਮੇਰੇ ਮਹਿਬੂਬ ਕਿ ਉਨ੍ਹਾਂ ਉੱਤੇ ਸਿਲਵਟਾਂ ਨਾ ਪੈਣ ਪੈ ਜਾਣ। ਬਾਅਦ ਵਿੱਚ ਇਨ੍ਹਾਂ ਵਿੱਚੋਂ ਕੁੱਝ ਛਾਂਟ ਲਵਾਂਗੀ ਅਤੇ ਹਾਂ, ਮੇਰੇ ਲਈ ਇੱਕ ਜੋੜਾ ਦਸਤਾਨੇ ਖ਼ਰੀਦ ਲਿਆਇਓ।”
“ਬਹੁਤ ਅੱਛਾ!” ਦੀਮੋਵ ਨੇ ਕਿਹਾ। “ਮੈਂ ਕੱਲ ਵਾਪਸ ਜਾਵਾਂਗਾ ਅਤੇ ਇਹ ਚੀਜ਼ਾਂ ਭਿਜਵਾ ਦੇਵਾਂਗਾ।”
“ਕੱਲ੍ਹ?” ਓਲਗਾ ਇਵਾਨੋਵਨਾ ਨੇ ਉਸ ਦੀ ਤਰਫ਼ ਘੋਰ ਹੈਰਾਨੀ ਨਾਲ ਤਕਦੇ ਹੋਏ ਕਿਹਾ। “ਕੱਲ੍ਹ ਤਾਂ ਤੁਹਾਡਾ ਵਕ਼ਤ ਉੱਤੇ ਪਹੁੰਚਣਾ ਸੰਭਵ ਹੀ ਨਹੀਂ ਹੋਵੇਗਾ। ਕੱਲ੍ਹ ਪਹਿਲੀ ਟ੍ਰੇਨ ਨੌਂ ਵਜੇ ਰਵਾਨਾ ਹੁੰਦੀ ਹੈ ਅਤੇ ਸ਼ਾਦੀ ਗਿਆਰਾਂ ਵਜੇ ਹੋਵੇਗੀ। ਨਹੀਂ, ਮੇਰੀ ਜਾਨ, ਤੁਹਾਨੂੰ ਅੱਜ ਹੀ ਜਾਣਾ ਪਵੇਗਾ, ਜਾਣਾ ਹੀ ਹੋਵੇਗਾ। ਕੱਲ ਤੁਸੀਂ ਖ਼ੁਦ ਨਾ ਆ ਸਕੋ ਤਾਂ ਕਿਸੇ ਦੇ ਹੱਥ ਸਾਰੀਆਂ ਚੀਜ਼ਾਂ ਭਿਜਵਾ ਦਿਓ। ਅੱਛਾ ਤਾਂ ਹੁਣ ਜਾਓ … ਟ੍ਰੇਨ ਇੱਥੇ ਬਸ ਪੁੱਜਣ ਹੀ ਵਾਲੀ ਹੈ। ਦੇਰ ਨਾ ਕਰੋ, ਪਿਆਰੇ।”
“ਬਹੁਤ ਅੱਛਾ।”
“ਹਾਏ ਹਾਏ.. ਮੈਨੂੰ ਤੁਹਾਨੂੰ ਭੇਜਣ ਨਾਲ ਕਿੰਨਾ ਦੁੱਖ ਹੋ ਰਿਹਾ ਹੈ!” ਓਲਗਾ ਇਵਾਨੋਵਨਾ ਨੇ ਕਿਹਾ ਅਤੇ ਉਸ ਦੀਆਂ ਅੱਖਾਂ ਵਿੱਚ ਅੱਥਰੂ ਭਰ ਆਏ। “ਮੈਂ ਵੀ ਕਿਹਿ ਜਿਹੀ ਅਹਿਮਕ ਨਿਕਲੀ ਕਿ ਟੈਲੀਗਰਾਫ ਆਪ੍ਰੇਟਰ ਨਾਲ ਵਾਅਦਾ ਕਰ ਲਿਆ!”
ਦੀਮੋਵ ਨੇ ਇੱਕ ਗਲਾਸ ਚਾਹ ਜਲਦੀ ਜਲਦੀ ਅੰਦਰ ਸੁੱਟਿਆ, ਇੱਕ ਬਿਸਕੁਟ ਉਠਾ ਕੇ ਨਿਮਾਣਾ ਜਿਹਾ ਮੁਸਕੁਰਾਇਆ ਅਤੇ ਸਟੇਸ਼ਨ ਲਈ ਚੱਲ ਪਿਆ। ਸਟਰਜਨ ਮੱਛੀ ਦੇ ਆਂਡੇ, ਪਨੀਰ ਅਤੇ ਸਫ਼ੈਦ ਸਾਲਮਨ ਮੱਛੀ ਦੋਨੋਂ ਸਾਂਵਲੇ ਆਦਮੀਆਂ ਅਤੇ ਮੋਟੇ ਐਕਟਰ ਨੇ ਛੱਕ ਗਏ।
( 4 )
ਜੁਲਾਈ ਦੀ ਇੱਕ ਖ਼ਾਮੋਸ਼ ਚਾਂਦਨੀ-ਰਾਤ ਵਿੱਚ ਓਲਗਾ ਇਵਾਨੋਵਨਾ ਵੋਲਗਾ ਦੇ ਇੱਕ ਸਟੀਮਰ ਦੇ ਡੈੱਕ ਉੱਤੇ ਬੈਠੀ ਪਾਣੀ ਅਤੇ ਦਰਿਆ ਦੇ ਖ਼ੂਬਸੂਰਤ ਕੰਢੇ ਨੂੰ ਵੇਖ ਰਹੀ ਸੀ। ਉਸ ਦੇ ਨਾਲ ਖੜਾ ਰਿਆਬੋਵਸਕੀ ਉਸਨੂੰ ਦੱਸ ਰਿਹਾ ਸੀ ਕਿ ਪਾਣੀ ਦੀ ਸਤ੍ਹਾ ਉੱਤੇ ਜੋ ਕਾਲੀਆਂ ਕਾਲੀਆਂ ਪਰਛਾਈਆਂ ਨਜ਼ਰ ਆ ਰਹੀਆਂ ਹਨ ਇਹ ਪਰਛਾਈਆਂ ਨਹੀਂ ਸਗੋਂ ਇੱਕ ਸੁਪਨਾ ਹਨ, ਕਿ ਸ਼ਾਨਦਾਰ ਲਿਸ਼ਕਦੇ ਇਸ ਜਾਦੂਮਈ ਪਾਣੀ ਨੂੰ ਧਿਆਨ ਵਿਚ ਰੱਖਦੇ ਹੋਏ, ਤਲਹੀਣ ਅਸਮਾਨ ਅਤੇ ਉਦਾਸ, ਸੋਚ-ਮਗਨ ਕੰਢਿਆਂ ਦੇ ਮੱਦੇਨਜ਼ਰ, ਇਸ ਮਾਹੌਲ ਵਿੱਚ ਜਿੱਥੇ ਇਹ ਸਾਰੀਆਂ ਚੀਜ਼ਾਂ ਸਾਡੇ ਤੋਂ ਸਾਡੀਆਂ ਜ਼ਿੰਦਗੀਆਂ ਦੇ ਹੇਚ ਹੋਣ ਦੀ ਅਤੇ ਕਿਸੇ ਹੋਰ ਉਚੇਰੇ, ਕਿਸੇ ਸਦੀਵੀ ਅਤੇ ਵਰੋਸਾਏ ਸਾਏ ਦੀ ਹੋਂਦ ਦੀਆਂ ਗੱਲਾਂ ਕਰ ਰਹੀਆਂ ਹਨ, ਸਭ ਕੁੱਝ ਭੁੱਲ ਜਾਣਾ, ਮਰ ਜਾਣਾ ਅਤੇ ਇੱਕ ਯਾਦ ਬਣ ਕੇ ਰਹਿ ਜਾਣਾ ਕਿਤੇ ਬਿਹਤਰ ਹੋਵੇਗਾ। ਉਹ ਕਹਿ ਰਿਹਾ ਸੀ ਕਿ ਅਤੀਤ ਬੀਤ ਗਿਆ ਸੀ ਅਤੇ ਰੁੱਖਾ ਸੀ, ਭਵਿੱਖ ਕੋਰਾ ਹੋਵੇਗਾ ਅਤੇ ਇਹ ਦੁਬਾਰਾ ਕਦੇ ਨਾ ਆਉਣ ਵਾਲੀ ਅਨੋਖੀ ਰਾਤ ਵੀ ਛੇਤੀ ਹੀ ਖ਼ਤਮ ਹੋ ਜਾਵੇਗੀ, ਸਦੀਵਤਾ ਦਾ ਅੰਗ ਬਣ ਜਾਵੇਗੀ ਤਾਂ ਫਿਰ ਆਖਿਰ ਜ਼ਿੰਦਾ ਕਿਉਂ ਰਿਹਾ ਜਾਵੇ। ਤੇ ਓਲਗਾ ਇਵਾਨੋਵਨਾ ਨੇ ਰਿਆਬੋਵਸਕੀ ਦੀ ਆਵਾਜ਼ ਅਤੇ ਰਾਤ ਦੇ ਸੰਨਾਟੇ ਨੂੰ ਸੁਣਿਆ ਅਤੇ ਆਪਣੇ ਆਪ ਨੂੰ ਕਿਹਾ ਕਿ ਉਹ ਸਦੀਵੀ ਹੈ, ਕਿ ਉਹ ਕਦੇ ਨਹੀਂ ਮਰੇਗੀ। ਫ਼ਿਰੋਜ਼ੀ ਰੰਗ ਦਾ ਪਾਣੀ ਜਿਹੋ ਜਿਹਾ ਉਸਨੇ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਵੇਖਿਆ ਸੀ, ਆਸਮਾਨ, ਦਰਿਆ ਦੇ ਕੰਢੇ, ਸਿਆਹ ਪਰਛਾਈਆਂ ਅਤੇ ਉਸ ਦੀ ਰੂਹ ਨੂੰ ਰਜਾਉਂਦਾ ਹੋਇਆ ਬੇਪਨਾਹ ਅਨੰਦ। ਸਾਰੀਆਂ ਚੀਜ਼ਾਂ ਉਸ ਨੂੰ ਕਹਿ ਰਹੀਆਂ ਸਨ ਕਿ ਉਹ ਇੱਕ ਦਿਨ ਮਹਾਨ ਕਲਾਕਾਰ ਹੋਵੇਗੀ ਅਤੇ ਇਹ ਕਿ ਦੂਰੀ ਕਿਤੇ, ਚੰਨ ਚਾਨਣੀ ਤੋਂ ਪਾਰ ਕਿਤੇ ਅਨੰਤ ਪੁਲਾੜ ਵਿੱਚ ਉਸ ਦੀ ਕਾਮਯਾਬੀ, ਮਹਿਮਾ ਅਤੇ ਲੋਕਾਂ ਦੀ ਮੁਹੱਬਤ ਉਸ ਨੂੰ ਉਡੀਕ ਰਹੀ ਸੀ … ਫਿਰ ਜਦੋਂ ਉਹ ਜਰਾ ਦੇਰ ਤੱਕ ਪਲਕਾਂ ਝਪਕਾਏ ਬਿਨਾਂ ਦੂਰ ਪੁਲਾੜ ਵਿੱਚ ਝਾਕਦੀ ਰਹੀ ਤਾਂ ਉਸਨੂੰ ਇਵੇਂ ਲੱਗਿਆ ਕਿ ਉਹ ਲੋਕਾਂ ਦੀਆਂ ਭੀੜਾਂ ਅਤੇ ਰੋਸ਼ਨੀਆਂ ਨੂੰ ਵੇਖ ਰਹੀ ਸੀ, ਸੰਗੀਤ ਦੇ ਜੇਤੂ ਤਾਨ ਅਤੇ ਜੋਸ਼ ਭਰੇ ਨਾਹਰਿਆਂ ਨੂੰ ਸੁਣ ਰਹੀ ਸੀ, ਉਸਨੇ ਖ਼ੁਦ ਸਫੈਦ ਡਰੈੱਸ ਪਹਿਨੀ ਹੋਈ ਸੀ ਅਤੇ ਉਸ ਉੱਤੇ ਚਾਰੇ ਪਾਸਿਓਂ ਫੁੱਲਾਂ ਦਾ ਮੀਂਹ ਵਰ ਰਿਹਾ ਸੀ। ਉਸਨੇ ਆਪਣੇ ਆਪ ਨੂੰ ਇਹ ਵੀ ਕਿਹਾ ਕਿ ਉਸ ਦੇ ਨਾਲ ਡੈੱਕ ਦੀ ਰੇਲਿੰਗ ਉੱਤੇ ਕੂਹਣੀਆਂ ਭਾਰ ਝੁੱਕਿਆ ਹੋਇਆ ਇੱਕ ਹਕੀਕੀ ਮਹਾਨ ਸ਼ਖਸ, ਇੱਕ ਪ੍ਰਤਿਭਾ, ਖ਼ੁਦ ਰੱਬ ਦੀ ਪਸੰਦ, ਇੱਕ ਬੰਦਾ ਖੜਾ ਸੀ… ਉਸ ਦੀਆਂ ਹੁਣ ਤੱਕ ਦੀ ਸਭ ਕ੍ਰਿਤੀਆਂ ਸ਼ਾਨਦਾਰ, ਨਵੀਆਂ-ਨੁੱਕ ਅਤੇ ਅਸਾਧਾਰਨ ਸਨ ਅਤੇ ਵਕਤ ਬੀਤਣ ਦੇ ਨਾਲ ਨਾਲ ਜਦੋਂ ਉਸ ਦੀ ਅਸਾਧਾਰਨ ਯੋਗਤਾ ਵਿੱਚ ਪੁਖ਼ਤਗੀ ਆ ਜਾਵੇਗੀ ਉਦੋਂ ਉਹ ਜੋ ਕੁੱਝ ਰਚੇਗਾ ਉਹ ਹੋਰ ਵੀ ਜ਼ਿਆਦਾ ਸ਼ਾਨਦਾਰ ਅਤੇ ਹੱਦੋਂ ਵੱਧ ਸ਼ਿਰੋਮਣੀ ਹੋਵੇਗਾ ਅਤੇ ਇਹ ਸਭ ਕੁੱਝ ਉਸ ਦੇ ਚਿਹਰੇ ਵਿੱਚ, ਉਸ ਦੇ ਆਪਣੇ ਪ੍ਰਗਟਾ ਦੇ ਅੰਦਾਜ਼ ਵਿੱਚ ਅਤੇ ਪ੍ਰਕਿਰਤੀ ਪ੍ਰਤੀ ਉਸ ਦੇ ਰਵਈਏ ਵਿੱਚ ਵੇਖਿਆ ਜਾ ਸਕਦਾ ਸੀ। ਪਰਛਾਈਆਂ, ਸ਼ਾਮ ਦੇ ਰੰਗਾਂ ਅਤੇ ਚੰਨ ਚਾਨਣੀ ਨੂੰ ਬਿਆਨ ਕਰਨ ਦੀ ਉਸ ਦੀ ਆਪਣੀ ਇੱਕ ਵਿਸ਼ੇਸ਼ ਭਾਸ਼ਾ ਸੀ ਅਤੇ ਪ੍ਰਕਿਰਤੀ ਉੱਤੇ ਉਸ ਦੇ ਅਖ਼ਤਿਆਰ ਦੀ ਮਨਮੋਹਕਤਾ ਨੂੰ ਬੰਦਾ ਮੱਲੋਮੱਲੀ ਮਹਿਸੂਸ ਕਰਦਾ ਸੀ ਅਤੇ ਉਹ ਖ਼ੂਬਸੂਰਤ ਵੀ ਸੀ, ਉਸ ਵਿੱਚ ਮੌਲਿਕਤਾ ਵੀ ਲੋਹੜੇ ਦੀ ਸੀ ਅਤੇ ਉਸ ਦੀ ਆਜ਼ਾਦ, ਬੇਫ਼ਿਕਰ ਅਤੇ ਦੁਨਿਆਵੀ ਬੰਧਨਾਂ ਤੋਂ ਪਾਕ ਜ਼ਿੰਦਗੀ ਕਿਸੇ ਪਰਿੰਦੇ ਦੀ ਜ਼ਿੰਦਗੀ ਦੀ ਭਾਂਤੀ ਸੀ।
“ਸਰਦੀ ਵੱਧ ਚੱਲੀ ਹੈ,” ਓਲਗਾ ਇਵਾਨੋਵਨਾ ਨੇ ਕਿਹਾ ਅਤੇ ਕੰਬ ਉੱਠੀ। ਰਿਆਬੋਵਸਕੀ ਨੇ ਉਸਨੂੰ ਆਪਣੀ ਬਰਸਾਤੀ ਪਹਿਨਾਉਂਦੇ ਹੋਏ ਉਦਾਸ ਲਹਿਜੇ ਵਿੱਚ ਕਿਹਾ:
“ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਪੂਰੀ ਤਰ੍ਹਾਂ ਤੁਹਾਡੇ ਵੱਸ ਵਿੱਚ ਹਾਂ। ਗ਼ੁਲਾਮ ਵਰਗੀ ਹਾਲਤ ਹੋ ਰਹੀ ਹੈ ਮੇਰੀ ਤਾਂ। ਤੁਹਾਡੀ ਮਨਮੋਹਕਤਾ ਅਤੇ ਦਿਲਰੁਬਾਈ ਅੱਜ ਏਨੀ ਜ਼ਿਆਦਾ ਕਿਵੇਂ ਵਧ ਗਈ?”
ਉਹ ਓਲਗਾ ਇਵਾਨੋਵਨਾ ਨੂੰ ਇੱਕਟੱਕ ਘੂਰੀ ਜਾ ਰਿਹਾ ਸੀ, ਚਿਹਰੇ ਤੋਂ ਨਜ਼ਰਾਂ ਹੀ ਨਹੀਂ ਹਟਾ ਰਿਹਾ ਸੀ ਅਤੇ ਉਸ ਦੀ ਝਾਕਣੀ ਵਿੱਚ ਕੁੱਝ ਅਜਿਹੀ ਵਹਿਸ਼ਤ ਸੀ ਕਿ ਓਲਗਾ ਇਵਾਨੋਵਨਾ ਨੂੰ ਉਸ ਦੀ ਤਰਫ਼ ਦੇਖਣ ਦੀ ਹਿੰਮਤ ਹੀ ਨਹੀਂ ਪੈ ਰਹੀ ਸੀ।
“ਮੈਂ ਤੁਹਾਡੀ ਮੁਹੱਬਤ ਵਿੱਚ ਪਾਗਲ ਹੋਇਆ ਜਾ ਰਿਹਾ ਹਾਂ…,” ਉਸਨੇ ਧੀਮੀ ਆਵਾਜ਼ ਵਿੱਚ ਕਿਹਾ ਅਤੇ ਉਸ ਦੇ ਸਾਹਾਂ ਨੂੰ ਓਲਗਾ ਇਵਾਨੋਵਨਾ ਨੇ ਆਪਣੀ ਗੱਲ੍ਹ ਉੱਤੇ ਮਹਿਸੂਸ ਕੀਤਾ। ” ਤੁਹਾਡੇ ਕਹਿਣ ਦੀ ਦੇਰ ਹੈ ਕਿ ਮੈਂ ਜਾਨ ਦੇ ਦੇਵਾਂਗਾ, ਚਿੱਤਰਕਾਰੀ ਛੱਡ ਦੇਵਾਂਗਾ।” ਉਸਨੇ ਜਜ਼ਬਾਤ ਦੀ ਸ਼ਿੱਦਤ ਵਿੱਚ ਪਿਘਲੀ ਜਿਹੀ ਆਵਾਜ਼ ਨਾਲ ਕਿਹਾ। “ਮੈਨੂੰ ਪਿਆਰ ਕਰੋ, ਪਿਆਰ ਕਰੋ …!!!”
“ਅਜਿਹੀਆਂ ਗੱਲਾਂ ਨਾ ਕਰੋ,” ਓਲਗਾ ਇਵਾਨੋਵਨਾ ਨੇ ਆਪਣੀਆਂ ਅੱਖਾਂ ਢੱਕਦੇ ਹੋਏ ਕਿਹਾ। “ਮੈਨੂੰ ਡਰ ਲੱਗਦਾ ਹੈ। ਤੇ ਫਿਰ ਦੀਮੋਵ?”
“ਦੀਮੋਵ ਤੋਂ ਕੀ ਮਤਲਬ? ਆਖਿਰ ਦੀਮੋਵ ਕਿਉਂ? ਦੀਮੋਵ ਨਾਲ ਮੈਨੂੰ ਕੀ ਮਤਲਬ? ਵੋਲਗਾ, ਚੰਦਰਮਾ, ਹੁਸਨ, ਮੇਰੀ ਮੁਹੱਬਤ, ਮੇਰਾ ਵਿਸਮਾਦ। ਇਸ ਸਭ ਵਿੱਚ ਦੀਮੋਵ ਕੌਣ? … ਓਹ, ਮੈਨੂੰ ਕੁੱਝ ਵੀ ਨਹੀਂ ਪਤਾ … ਮੈਨੂੰ ਬੀਤੇ ਦੀ ਪਰਵਾਹ ਨਹੀਂ, ਮੈਨੂੰ ਸਿਰਫ ਇੱਕ ਪਲ ਦੇ ਦਿਓ … ਬਸ ਇੱਕ ਸੰਖੇਪ ਜਿਹਾ ਪਲ!”
ਓਲਗਾ ਇਵਾਨੋਵਨਾ ਦੇ ਦਿਲ ਦੀ ਧੜਕਨ ਅਚਾਨਕ ਤੇਜ਼ ਹੋ ਗਈ। ਉਸਨੇ ਆਪਣੇ ਪਤੀ ਦੇ ਸੰਬੰਧ ਵਿੱਚ ਸੋਚਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਆਪਣਾ ਸਾਰਾ ਅਤੀਤ, ਆਪਣੀ ਸ਼ਾਦੀ, ਦੀਮੋਵ, ਪਾਰਟੀਆਂ। ਸਭ ਕੁੱਝ ਐਵੇਂ, ਮਾਮੂਲੀ, ਬਦਮਜ਼ਾ, ਨਿਗੂਣਾ ਅਤੇ ਦੂਰ, ਬਹੁਤ ਦੂਰ ਲੱਗਿਆ … ਉਸਨੇ ਸੋਚਿਆ ਠੀਕ ਹੀ ਤਾਂ ਹੈ, ਦੀਮੋਵ ਨਾਲ ਕੀ ਮਤਲਬ? ਆਖਿਰ ਦੀਮੋਵ ਕਿਉਂ? ਦੀਮੋਵ ਨਾਲ ਉਸਨੂੰ ਕੀ ਸਰੋਕਾਰ? ਕੀ ਹਕੀਕਤ ਵਿੱਚ ਉਸਦਾ ਕਿਤੇ ਵਜੂਦ ਵੀ ਹੈ? ਜਾਂ ਕੀ ਉਹ ਮਹਿਜ਼ ਇੱਕ ਸੁਪਨਾ ਹੀ ਹੈ? “ਦੀਮੋਵ ਨੂੰ ਜੋ ਖੁਸ਼ੀਆਂ ਮਿਲ ਚੁੱਕੀਆਂ ਹਨ, ਉਹ ਉਸ ਵਰਗੇ ਕਿਸੇ ਮਾਮੂਲੀ ਆਦਮੀ ਲਈ ਬਥੇਰੀਆਂ ਹਨ,” ਉਸਨੇ ਹੱਥਾਂ ਨਾਲ ਚਿਹਰੇ ਨੂੰ ਢੱਕਦੇ ਹੋਏ ਆਪਣੇ ਆਪ ਨੂੰ ਕਿਹਾ। “ਲੋਕ ਮੈਨੂੰ ਬੁਰਾ ਭਲਾ ਕਹਿਣ, ਮੈਨੂੰ ਲਾਹਨਤਾਂ ਪਾਉਣ, ਉਨ੍ਹਾਂ ਸਭਨਾਂ ਦੇ ਬਾਵਜੂਦ ਮੈਂ ਖ਼ੁਦ ਨੂੰ ਬਰਬਾਦ ਕਰ ਲਵਾਂਗੀ, ਹਾਂ! ਖ਼ੁਦ ਨੂੰ ਤਬਾਹ ਕਰ ਲਵਾਂਗੀ। ਇਨਸਾਨ ਨੂੰ ਇੱਕ ਵਾਰ ਹਰ ਚੀਜ਼ ਦਾ ਸੁਆਦ ਚੱਖਣਾ ਚਾਹੀਦਾ ਹੈ। ਓਹ ਖ਼ੁਦਾ, ਕਿੰਨਾ ਡਰਾਉਣਾ ਹੈ ਅਤੇ ਕਿੰਨਾ ਖ਼ੂਬਸੂਰਤ ਹੈ ਇਹ!”
“ਅੱਛਾ ਤਾਂ? ਅੱਛਾ ਤਾਂ?” ਚਿੱਤਰਕਾਰ ਨੇ ਉਸਨੂੰ ਆਪਣੀਆਂ ਬਾਂਹਾਂ ਵਿੱਚ ਲੈਣ ਅਤੇ ਉਸ ਦੇ ਹੱਥਾਂ ਨੂੰ ਜਿਨ੍ਹਾਂ ਤੋਂ ਉਹ ਉਸਨੂੰ ਵੱਖ ਕਰਨ ਦੀ ਹਲਕੀ ਜਿਹੀ ਕੋਸ਼ਿਸ਼ ਕਰ ਰਹੀ ਸੀ, ਬੇਸਬਰੀ ਨਾਲ ਚੁੰਮਦੇ ਹੋਏ ਨੀਵੀਂ ਆਵਾਜ਼ ਵਿੱਚ ਕਿਹਾ। “ਤੂੰ ਮੈਨੂੰ ਮੁਹੱਬਤ ਕਰਦੀ ਹੈਂ? ਸੱਚੀਂ? ਆਹ, ਕਿੰਨੀ ਸ਼ਾਨਦਾਰ ਰਾਤ ਹੈ! ਕਿੰਨੀ ਖ਼ੂਬਸੂਰਤ ਰਾਤ!!”
“ਹਾਂ, ਕਿੰਨੀ ਸ਼ਾਨਦਾਰ ਰਾਤ ਹੈ!” ਓਲਗਾ ਇਵਾਨੋਵਨਾ ਨੇ ਉਸ ਦੀਆਂ ਅੱਥਰੂਆਂ ਨਾਲ ਚਮਕ ਰਹੀਆਂ ਅੱਖਾਂ ਵਿੱਚ ਝਾਕਦੇ ਹੋਏ ਹੌਲੀ ਦੇ ਕੇ ਕਿਹਾ ਅਤੇ ਫਿਰ ਤੇਜ਼ੀ ਨਾਲ ਨਜ਼ਰਾਂ ਘੁਮਾ ਕੇ ਦੇਖਿਆ ਅਤੇ ਉਸਨੂੰ ਆਪਣੀਆਂ ਬਾਂਹਾਂ ਵਿੱਚ ਜਕੜ ਲਿਆ ਅਤੇ ਉਸ ਦੇ ਹੋਠਾਂ ਨਾਲ ਆਪਣੇ ਹੋਠ ਜੋੜ ਦਿੱਤੇ।
“ਅਸੀਂ ਕਿਨੇਸ਼ਮੋ ਪਹੁੰਚਣ ਵਾਲੇ ਹਾਂ!” ਡੈੱਕ ਦੇ ਦੂਜੇ ਪਾਸੇ ਕਿਸੇ ਨੇ ਕਿਹਾ। ਉਨ੍ਹਾਂ ਨੂੰ ਭਾਰੀ ਕਦਮਾਂ ਦੀ ਆਵਾਜ਼ ਸੁਣਾਈ ਦਿੱਤੀ; ਇਹ ਰਿਫ੍ਰੈਸ਼ਮੈਂਟ-ਬਾਰ ਦਾ ਇੱਕ ਵੇਟਰ ਉਧਰ ਆ ਰਿਹਾ ਸੀ।
“ਜਰਾ ਸੁਣੋ,” ਓਲਗਾ ਇਵਾਨੋਵਨਾ ਨੇ ਖ਼ੁਸ਼ੀ ਨਾਲ ਹੱਸਦੇ ਹੋਏ ਉੱਚੀ ਆਵਾਜ਼ ਵਿੱਚ ਕਿਹਾ। “ਸਾਨੂੰ ਵਾਈਨ ਲਿਆਓ।”
ਚਿੱਤਰਕਾਰ ਦਾ ਚਿਹਰਾ ਭਾਵਨਾਵਾਂ ਦੇ ਕਾਰਨ ਜ਼ਰਦ ਪੈ ਗਿਆ ਸੀ, ਉਹ ਇੱਕ ਬੈਂਚ ਉੱਤੇ ਬੈਠ ਕੇ ਓਲਗਾ ਇਵਾਨੋਵਨਾ ਨੂੰ ਮੁਹੱਬਤ ਭਰੀਆਂ, ਸ਼ੁਕਰਗੁਜ਼ਾਰ ਨਿਗਾਹਾਂ ਨਾਲ ਵੇਖਣ ਲੱਗ ਪਿਆ। ਫਿਰ ਅੱਖਾਂ ਬੰਦ ਕਰ ਲਈਆਂ ਅਤੇ ਅਲਸਾਈ ਜਿਹੀ ਮੁਸਕਰਾਹਟ ਦੇ ਨਾਲ ਕਿਹਾ:
“ਮੈਂ ਥੱਕ ਗਿਆ ਹਾਂ।” ਅਤੇ ਉਸਨੇ ਆਪਣਾ ਸਿਰ ਰੇਲਿੰਗ ਉੱਤੇ ਰੱਖ ਦਿੱਤਾ।
( 5 )
ਦੋ ਸਤੰਬਰ ਨੂੰ ਹਵਾ ਟਿਕੀ ਹੋਈ ਸੀ, ਦਿਨ ਨਿਘਾ ਪਰ ਬੱਦਲਵਾਈ ਵਾਲਾ ਸੀ। ਸਵੇਰ ਵੇਲੇ ਵੋਲਗਾ ਉੱਤੇ ਹਲਕਾ ਕੋਹਰਾ ਮੰਡਰਾ ਰਿਹਾ ਸੀ ਅਤੇ ਨੌਂ ਵਜੇ ਦੇ ਬਾਅਦ ਬੂੰਦਾ-ਬਾਂਦੀ ਸ਼ੁਰੂ ਹੋ ਗਈ। ਆਸਮਾਨ ਸਾਫ਼ ਹੋ ਜਾਣ ਦੀ ਜਰਾ ਵੀ ਉਮੀਦ ਨਹੀਂ ਸੀ। ਨਾਸ਼ਤੇ ਉੱਤੇ ਰਿਆਬੋਵਸਕੀ ਨੇ ਓਲਗਾ ਨੂੰ ਕਿਹਾ ਕਿ ਚਿੱਤਰਕਲਾ ਸਭ ਤੋਂ ਜ਼ਿਆਦਾ ਧੀਰਜ ਦੀ ਮੰਗ ਕਰਨ ਵਾਲੀ ਅਤੇ ਥੱਕਾ ਮਾਰਨ ਵਾਲੀ ਕਲਾ ਹੈ, ਕਿ ਉਹ ਚਿੱਤਰਕਾਰ ਨਹੀਂ ਹੈ ਕਿ ਸਿਰਫ ਅਕਲ ਦੇ ਅੰਨ੍ਹੇ ਹੀ ਉਸਨੂੰ ਪ੍ਰਤਿਭਾਸ਼ੀਲ ਮੰਨਦੇ ਹਨ ਅਤੇ ਉਸਨੇ ਜਰਾ ਜਿੰਨਾ ਵੀ ਇਸ਼ਾਰਾ ਕੀਤੇ ਬਿਨਾਂ ਹੀ ਅਚਾਨਕ ਚਾਕੂ ਚੁੱਕਿਆ ਆਪਣੇ ਬਣਾਏ ਹੋਏ ਨਿਹਾਇਤ ਕਾਮਯਾਬ ਸਕੈੱਚ ਦੇ ਟੁਕੜੇ ਟੁਕੜੇ ਕਰ ਦਿੱਤੇ। ਨਾਸ਼ਤੇ ਦੇ ਬਾਅਦ ਉਹ ਖੋਇਆ ਖੋਇਆ ਖਿੜਕੀ ਦੇ ਕੋਲ ਬੈਠ ਕੇ ਬਾਹਰ ਦਰਿਆ ਨੂੰ ਦੇਖਣ ਲੱਗ ਪਿਆ। ਵੋਲਗਾ ਆਪਣੀ ਚਮਕ ਦਮਕ ਬੁਝ ਜਾਣ ਦੇ ਬਾਅਦ ਹੁਣ ਧੁੰਦਲਾ, ਬਦਰੰਗ ਅਤੇ ਠੰਡਾ ਜਿਹਾ ਲੱਗ ਰਿਹਾ ਸੀ। ਹਰ ਚੀਜ, ਹਰ ਚੀਜ਼ ਖੁਸ਼ਕ, ਦਿਲਗੀਰ ਪਤਝੜ ਦੀ ਆਮਦ ਦਾ ਸੰਦੇਸ਼ ਦੇ ਰਹੀ ਸੀ। ਅਜਿਹਾ ਲੱਗਦਾ ਸੀ ਜਿਵੇਂ ਕੁਦਰਤ ਨੇ ਦੋਨਾਂ ਕਿਨਾਰਿਆਂ ਦੇ ਹਰਿਆਲੀ ਦੇ ਕਾਲੀਨ, ਸੂਰਜ ਦੀਆਂ ਕਿਰਨਾਂ ਦੇ ਹੀਰਿਆਂ ਵਰਗੇ ਝਲਕਾਰੇ, ਦੂਰ ਸਾਫ਼ ਨੀਲੇ ਦਿਸਹੱਦੇ ਅਤੇ ਸਭ ਸ਼ਾਨਦਾਰ ਨਜ਼ਾਰੇ ਵੋਲਗਾ ਕੋਲੋਂ ਲੈ ਕੇ ਅਗਲੇ ਬਹਾਰ ਦੇ ਮੌਸਮ ਤੱਕ ਲਈ ਕਿਸੇ ਸੰਦੂਕ ਵਿੱਚ ਬੰਦ ਕਰ ਦਿੱਤੇ ਹੋਣ ਅਤੇ ਇਸ ਦੇ ਉੱਪਰ ਉੱਡਦੇ ਹੋਏ ਕਾਂ ਇਸ ਨਾਲ ਛੇੜਖ਼ਾਨੀ ਕਰ ਰਹੇ ਸੀ: “ਨੰਗੀ ਧੜੰਗੀ”। ਰਿਆਬੋਵਸਕੀ ਨੇ ਉਨ੍ਹਾਂ ਦੀ ਕਾਂ ਕਾਂ ਸੁਣੀ ਅਤੇ ਆਪਣੇ ਆਪ ਨੂੰ ਕਿਹਾ ਕਿ ਉਹ ਖਤਮ ਹੈ, ਆਪਣੀ ਪ੍ਰਤਿਭਾ ਖੋ ਚੁੱਕਿਆ ਹੈ ਅਤੇ ਇਹ ਕਿ ਦੁਨੀਆ ਦੀ ਹਰ ਸ਼ੈ ਸਾਪੇਖਕ, ਸ਼ਰਤਾਂ-ਜੁੜੀ ਅਤੇ ਮੂਰਖ਼ਾਨਾ ਹੈ। ਅਤੇ ਇਹ ਕਿ ਉਸਨੂੰ ਇਸ ਔਰਤ ਦੇ ਚੱਕਰ ਵਿੱਚ ਪੈਣਾ ਹੀ ਨਹੀਂ ਚਾਹੀਦਾ ਸੀ… ਸੰਖੇਪ ਵਿੱਚ ਇਹ ਕਿ ਉਹ ਬੁਰੀ ਤਰ੍ਹਾਂ ਮਾਯੂਸ ਅਤੇ ਦਿਲਗੀਰ ਸੀ …।
ਓਲਗਾ ਇਵਾਨੋਵਨਾ ਬੈੱਡ ਦੀ ਪਾਰਟੀਸ਼ਨ ਦੇ ਦੂਜੀ ਤਰਫ਼ ਬੈਠੀ ਸੀ ਅਤੇ ਆਪਣੇ ਖ਼ੂਬਸੂਰਤ ਸੁਨਹਿਰੀ ਵਾਲਾਂ ਵਿੱਚ ਉਂਗਲੀਆਂ ਨਾਲ ਕੰਘੀ ਕਰ ਰਹੀ ਸੀ। ਖ਼ਿਆਲਾਂ ਹੀ ਖ਼ਿਆਲਾਂ ਵਿੱਚ ਖ਼ੁਦ ਨੂੰ ਆਪਣੇ ਡਰਾਇੰਗਰੂਮ, ਫਿਰ ਬੈੱਡਰੂਮ ਅਤੇ ਪਤੀ ਦੇ ਅਧਿਅਨ ਦੇ ਕਮਰੇ ਵਿੱਚ ਵੇਖ ਰਹੀ ਸੀ। ਫਿਰ ਉਸਦੇ ਖ਼ਿਆਲਾਂ ਨੇ ਉਸਨੂੰ ਥੀਏਟਰ ਪਹੁੰਚਾ ਦਿੱਤਾ, ਦਰਜ਼ਨ ਦੀ ਦੁਕਾਨ ਅਤੇ ਉਸਦੇ ਮਸ਼ਹੂਰ ਦੋਸਤਾਂ ਦੀ ਸੰਗਤ ਵਿੱਚ ਲੈ ਗਏ। ਇਸ ਪਲ ਉਹ ਲੋਕ ਕੀ ਕਰ ਰਹੇ ਹੋਣਗੇ? ਉਨ੍ਹਾਂ ਨੂੰ ਕਦੇ ਉਸ ਦਾ ਖ਼ਿਆਲ ਵੀ ਆਉਂਦਾ ਹੋਵੇਗਾ? ਸੀਜਨ ਸ਼ੁਰੂ ਹੋ ਚੁੱਕਿਆ ਸੀ ਅਤੇ ਇਹ ਉਸ ਦੀਆਂ ਹਰ ਬੁੱਧ ਦੀ ਸ਼ਾਮ ਨੂੰ ਹੋਣ ਵਾਲੀਆਂ ਪਾਰਟੀਆਂ ਸੰਬੰਧੀ ਸੋਚਣ ਦਾ ਵਕਤ ਸੀ ਅਤੇ ਦੀਮੋਵ? ਪਿਆਰਾ ਦੀਮੋਵ ! ਬੇਚਾਰਾ ਕਿੰਨੇ ਮਸਕੀਨ, ਬੱਚਿਆਂ ਵਰਗੇ ਉਦਰੇਵੇਂ ਦੇ ਨਾਲ ਆਪਣੇ ਖ਼ਤਾਂ ਵਿੱਚ ਉਸਨੂੰ ਘਰ ਪਰਤ ਆਉਣ ਦੀਆਂ ਮਿੰਨਤਾਂ ਕਰਦਾ ਸੀ। ਉਹ ਹਰ ਮਹੀਨੇ ਪਝੰਤਰ ਰੂਬਲ ਭੇਜਦਾ ਸੀ ਅਤੇ ਜਦੋਂ ਉਹ ਲਿਖ਼ਦੀ ਸੀ ਕਿ ਉਸਨੇ ਕਲਾਕਾਰਾਂ ਕੋਲੋਂ ਸੌ ਰੂਬਲ ਉਧਾਰ ਲੈ ਲਿਆ ਹੈ ਤਾਂ ਹੋਰ ਸੌ ਰੂਬਲ ਭੇਜ ਦਿੰਦਾ ਸੀ। ਕਿੰਨਾ ਨੇਕ ਅਤੇ ਦਰਿਆ-ਦਿਲ ਆਦਮੀ ਸੀ! ਸਫ਼ਰ ਤੋਂ ਓਲਗਾ ਥੱਕ ਚੁੱਕੀ ਸੀ, ਹੁਣ ਉਸ ਦਾ ਜੀ ਨਹੀਂ ਲੱਗ ਰਿਹਾ ਸੀ, ਉਹ ਕਿਸਾਨਾਂ ਅਤੇ ਦਰਿਆ ਤੋਂ ਉੱਠਦੀਆਂ ਭਾਫਾਂ ਦੀ ਬੂ ਤੋਂ ਦੂਰ ਭੱਜ ਜਾਣ ਅਤੇ ਸਰੀਰਕ ਗੰਦਗੀ ਦੇ ਉਸ ਅਹਿਸਾਸ ਤੋਂ ਛੁਟਕਾਰਾ ਪਾਉਣ ਲਈ ਬੁਰੀ ਤਰ੍ਹਾਂ ਤੜਫ਼ ਰਹੀ ਸੀ ਜੋ ਕਿਸਾਨਾਂ ਦੀਆਂ ਦੇ ਝੁੱਗੀਆਂ ਵਿਚ ਰਹਿੰਦੇ ਸਮੇਂ ਅਤੇ ਪਿੰਡ ਤੋਂ ਪਿੰਡ ਵਿਚ ਘੁੰਮਦੇ ਸਮੇਂ ਹਰ ਪਲ ਉਸਦੇ ਨਾਲ ਸੀ। ਅਗਰ ਰਿਆਬੋਵਸਕੀ ਨੇ ਕਲਾਕਾਰਾਂ ਵਲੋਂ ਕਿਸਾਨਾਂ ਨਾਲ ਵੀਹ ਸਤੰਬਰ ਤੱਕ ਠਹਿਰੇ ਰਹਿਣ ਦਾ ਪੱਕਾ ਵਾਅਦਾ ਨਾ ਕਰ ਲਿਆ ਹੁੰਦਾ ਤਾਂ ਉਹ ਦੋਨੋਂ ਅੱਜ ਹੀ ਉਥੋਂ ਚੱਲ ਪਏ ਹੁੰਦੇ ਅਤੇ ਕਿੰਨਾ ਅੱਛਾ ਹੁੰਦਾ।
“ਹਾਇਓ ਮੇਰਿਆ ਰੱਬਾ,” ਰਿਆਬੋਵਸਕੀ ਨੇ ਹੌਕਾ ਭਰਿਆ। “ਆਖਿਰ ਸੂਰਜ ਕਦੋਂ ਦਿਖਾਈ ਦੇਵੇਗਾ? ਜਰਾ ਵੀ ਧੁੱਪ ਨਹੀਂ, ਅਜਿਹੇ ਮੌਸਮ ਵਿੱਚ ਮੈਂ ਆਪਣੇ ਧੁੱਪਿਆਲੇ ਲੈਂਡਸਕੇਪ ਨੂੰ ਪੂਰਾ ਨਹੀਂ ਕਰ ਸਕਦਾ।”
“ਇੱਕ ਅਧੂਰੀ ਤਸਵੀਰ ਬੱਦਲਾਂ ਅੱਟੇ ਅਸਮਾਨ ਦੀ ਵੀ ਤਾਂ ਹੈ,” ਓਲਗਾ ਇਵਾਨੋਵਨਾ ਨੇ ਪਰਦੇ ਦੇ ਪਿੱਛੋਂ ਬਾਹਰ ਆਉਂਦੇ ਹੋਏ ਕਿਹਾ। “ਯਾਦ ਨਹੀਂ ਕੀ? ਉਹੀ ਜਿਸਦੇ ਮੂਹਰੇ ਸੱਜੀ ਤਰਫ਼ ਜੰਗਲ ਹੈ ਅਤੇ ਖੱਬੇ ਗਊਆਂ ਦਾ ਵੱਗ ਅਤੇ ਰਾਜਹੰਸ। ਉਸਨੂੰ ਹੁਣ ਮੁਕੰਮਲ ਕਰ ਸਕਦੇ ਹੋ।”
“ਹੂੰ!” ਚਿੱਤਰਕਾਰ ਨੇ ਭੈੜਾ ਜਿਹਾ ਮੂੰਹ ਬਣਾਇਆ। “ਮੁਕੰਮਲ ਕਰ ਲਵਾਂ! ਕੀ ਤੂੰ ਮੈਨੂੰ ਅਜਿਹਾ ਗਧਾ ਸਮਝਦੀ ਹੈਂ ਜਿਸਨੂੰ ਦੱਸਿਆ ਜਾਵੇ ਕਿ ਕੀ ਕਰਨਾ ਚਾਹੀਦਾ ਹੈ?”
“ਮੇਰੇ ਪ੍ਰਤੀ ਤੁਹਾਡਾ ਵਰਤਾਓ ਕਿੰਨਾ ਬਦਲ ਗਿਆ!” ਓਲਗਾ ਇਵਾਨੋਵਨਾ ਨੇ ਠੰਡਾ ਸਾਹ ਲਿਆ। “ਤੇ ਚੰਗਾ ਹੀ ਹੋਇਆ!”
ਓਲਗਾ ਇਵਾਨੋਵਨਾ ਦਾ ਚਿਹਰਾ ਕੰਬ ਗਿਆ। ਉਹ ਸਟੋਵ ਦੇ ਸਾਹਮਣੇ ਜਾ ਖੜੀ ਹੋਈ ਅਤੇ ਰੋਣ ਲੱਗੀ। “ਅਤੇ ਹੁਣ ਅੱਥਰੂ – ਜਿਵੇਂ ਇਹੀ ਕਸਰ ਰਹਿ ਗਈ ਸੀ — ਬੰਦ ਵੀ ਕਰ ਇਹ ਸਿਲਸਿਲਾ ! ਮੇਰੇ ਰੋਣ ਲਈ ਤਾਂ ਹਜ਼ਾਰ ਕਾਰਨ ਹਨ! ਫਿਰ ਵੀ ਮੈਂ ਨਹੀਂ ਰੋਂਦਾ।”
“ਹਜ਼ਾਰ ਕਾਰਨ!” ਓਲਗਾ ਇਵਾਨੋਵਨਾ ਨੇ ਸਿਸਕੀ ਭਰੀ। “ਖ਼ਾਸ ਕਾਰਨ ਸਿਰਫ ਇਹ ਹੈ ਕਿ ਮੈਥੋਂ ਤੁਹਾਡਾ ਜੀ ਭਰ ਗਿਆ ਹੈ। ਜੀ ਹਾਂ, ਜੀ ਭਰ ਗਿਆ!” ਅਤੇ ਉਹ ਰੋਣ ਲੱਗੀ। “ਸੱਚ ਪੁੱਛੋ ਤਾਂ ਸਾਡੀ ਮੁਹੱਬਤ ਤੋਂ ਤੁਹਾਨੂੰ ਸ਼ਰਮ ਮਹਿਸੂਸ ਹੁੰਦੀ ਹੈ। ਤੁਸੀਂ ਡਰਦੇ ਹੋ ਕਿ ਕਿਤੇ ਕਲਾਕਾਰਾਂ ਨੂੰ ਭਿਣਕ ਨਾ ਲੱਗ ਜਾਵੇ, ਹਾਲਾਂਕਿ ਇਸ ਗੱਲ ਨੂੰ ਛੁਪਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਲੋਕਾਂ ਨੂੰ ਤਾਂ ਪਤਾ ਨਹੀਂ ਕਦੋਂ ਤੋਂ ਇਸ ਦਾ ਪਤਾ ਹੈ।”
“ਸੁਣ ਓਲਗਾ, ਤੈਨੂੰ ਮੇਰੀ ਸਿਰਫ ਇੱਕ ਬੇਨਤੀਹੈ,” ਚਿੱਤਰਕਾਰ ਨੇ ਆਪਣੇ ਦਿਲ ਉੱਪਰ ਹੱਥ ਰੱਖਕੇ ਮਿੰਨਤ ਦੇ ਲਹਿਜੇ ਵਿੱਚ ਕਿਹਾ। “ਸਿਰਫ ਇੱਕ ਬੇਨਤੀ … ਮੈਨੂੰ ਇਕੱਲਾ ਛੱਡ ਦੇ, ਇਸ ਦੇ ਸਿਵਾ ਮੈਂ ਤੇਰੇ ਕੋਲੋਂ ਹੋਰ ਕੁੱਝ ਵੀ ਨਹੀਂ ਚਾਹੁੰਦਾ!”
“ਚਲੋ ਸਹੁੰ ਖਾ ਕੇ ਕਹੋ ਕਿ ਤੁਸੀਂ ਹੁਣ ਵੀ ਮੈਨੂੰ ਮੁਹੱਬਤ ਕਰਦੇ ਹੋ!”
“ਕਿੰਨੀ ਜ਼ਿਆਦਤੀ ਹੈ ਇਹ!” ਚਿੱਤਰਕਾਰ ਨੇ ਦੰਦ ਕਰੀਚਦੇ ਹੋਏ ਕਿਹਾ ਅਤੇ ਉਛਲ ਕੇ ਖੜਾ ਹੋ ਗਿਆ। “ਇਸ ਦਾ ਨਤੀਜਾ ਇਹ ਹੋਵੇਗਾ ਕਿ ਮੈਂ ਵੋਲਗਾ ਵਿੱਚ ਡੁੱਬ ਮਰਾਂਗਾ ਜਾਂ ਪਾਗਲ ਹੋ ਜਾਵਾਂਗਾ! ਮੈਨੂੰ ਮੇਰੇ ਹਾਲ ਤੇ ਛੱਡ ਦਿਓ!”
“ਤਾਂ ਮੈਨੂੰ ਮਾਰ ਛੱਡੋ, ਮਾਰ ਛੱਡੋ!” ਓਲਗਾ ਇਵਾਨੋਵਨਾ ਚੀਖ਼ ਉੱਠੀ। “ਮਾਰ ਛੱਡੋ ਨਾ!”
“ਉਹ ਫੁੱਟ ਫੁੱਟ ਕੇ ਰੋਣ ਲੱਗੀ ਅਤੇ ਦੁਬਾਰਾ ਪਰਦੇ ਦੇ ਪਿੱਛੇ ਚੱਲੀ ਗਈ। ਮੀਂਹ ਝੌਪੜੀ ਦੀ ਸਰਕੰਡੇ ਛੱਤ ਉੱਤੇ ਖੜਕਾਰ ਕਰ ਰਿਹਾ ਸੀ। ਰਿਆਬੋਵਸਕੀ ਕੁੱਝ ਦੇਰ ਤੱਕ ਦੋਨੋਂ ਹੱਥਾਂ ਨਾਲ ਸਿਰ ਫੜੀ ਕਮਰੇ ਵਿੱਚ ਲੰਬੇ ਲੰਬੇ ਕਦਮ ਭਰਦਾ ਰਿਹਾ। ਫਿਰ ਚਿਹਰੇ ਤੇ ਕੁੱਝ ਅਜਿਹੀ ਦ੍ਰਿੜਤਾ ਦੇ ਨਾਲ ਜਿਵੇਂ ਕਿਸੇ ਨੂੰ ਕੁਝ ਸਿੱਧ ਕਰ ਦਿਖਾਉਣਾ ਹੋਵੇ, ਟੋਪੀ ਪਹਿਨ ਕੇ ਬੰਦੂਕ ਮੋਢੇ ਤੇ ਲਮਕਾਈ ਅਤੇ ਬਾਹਰ ਨਿਕਲ ਗਿਆ।
ਉਸ ਦੇ ਚਲੇ ਜਾਣ ਦੇ ਬਾਅਦ ਓਲਗਾ ਇਵਾਨੋਵਨਾ ਦੇਰ ਤੱਕ ਆਪਣੇ ਬੈੱਡ ਉੱਤੇ ਲੇਟੀ ਅੱਥਰੂ ਕੇਰਦੀ ਰਹੀ। ਪਹਿਲਾਂ ਉਸਨੇ ਸੋਚਿਆ ਕਿੰਨੀ ਸ਼ਾਨਦਾਰ ਗੱਲ ਹੋਵੇਗੀ ਜੇਕਰ ਉਹ ਜ਼ਹਿਰ ਖਾ ਲਵੇ ਅਤੇ ਰਿਆਬੋਵਸਕੀ ਆਪਣੀ ਵਾਪਸੀ ਉੱਤੇ ਉਸਨੂੰ ਮੁਰਦਾ ਦੇਖੇ। ਲੇਕਿਨ ਛੇਤੀ ਹੀ ਉਸ ਦੇ ਖ਼ਿਆਲ ਆਪਣੇ ਡਰਾਇੰਗਰੂਮ ਅਤੇ ਪਤੀ ਦੇ ਅਧਿਅਨ ਦੇ ਕਮਰੇ ਦੀ ਤਰਫ਼ ਚਲੇ ਗਏ ਅਤੇ ਉਸਨੇ ਵੇਖਿਆ ਕਿ ਉਹ ਦੀਮੋਵ ਦੇ ਕੋਲ ਸ਼ਾਂਤ ਬੈਠੀ ਸੀ ਅਤੇ ਸਰੀਰਕ ਸ਼ਾਂਤੀ ਅਤੇ ਸਫਾਈ ਦੇ ਪੁਰਜੋਸ਼ ਅਹਿਸਾਸ ਦਾ ਲੁਤਫ ਲੈ ਰਹੀ ਸੀ ਅਤੇ ਫਿਰ ਥੀਏਟਰ ਵਿੱਚ ਬੈਠੀ ਮਾਜ਼ੀਨੀ ਦਾ ਗਾਣਾ ਸੁਣ ਰਹੀ ਸੀ। ਇਸ ਖ਼ਿਆਲ ਦੇ ਨਾਲ ਹੀ ਸਭਿਆ ਦੁਨੀਆ ਨਾਲ, ਸ਼ਹਿਰ ਦੇ ਰਲੇ ਰੱਪੇ ਨਾਲ, ਮਸ਼ਹੂਰ ਅਤੇ ਅਨੋਖੇ ਲੋਕਾਂ ਨਾਲ ਨੇੜਤਾ ਦੀ ਉਸਦੀ ਆਰਜੂ ਨੇ ਉਸ ਨੂੰ ਦਿਲਗੀਰ ਕਰ ਦਿੱਤਾ। ਇੰਨੇ ਨੂੰ ਇੱਕ ਕਿਸਾਨ ਔਰਤ ਘਰ ਵਿੱਚ ਆਈ ਅਤੇ ਦੁਪਹਿਰ ਦਾ ਖਾਣਾ ਪਕਾਉਣ ਲਈ ਆਰਾਮ ਦੇ ਨਾਲ ਚੁੱਲ੍ਹਾ ਬਾਲਣ ਲੱਗ ਪਈ। ਸੁਲਗਦੀਆਂ ਲੱਕੜੀਆਂ ਦੀ ਬੂ ਚਾਰੇ ਤਰਫ਼ ਫੈਲ ਗਈ ਅਤੇ ਹਵਾ ਨੀਲੇ ਧੂੰਏਂ ਨਾਲ ਭਰ ਗਈ। ਚਿੱਤਰਕਾਰ, ਜਿਨ੍ਹਾਂ ਦੇ ਉੱਚੇ ਬੂਟ ਚਿੱਕੜ ਨਾਲ ਲਿਬੜੇ ਸਨ ਅਤੇ ਚਿਹਰੇ ਮੀਂਹ ਵਿੱਚ ਭਿੱਜੇ ਸਨ, ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਆਪਣੇ ਸਕੈਚਾਂ ਉੱਤੇ ਨਜ਼ਰਾਂ ਦੌੜਾਈਆਂ ਅਤੇ ਇਸ ਖ਼ਿਆਲ ਨਾਲ ਖ਼ੁਦ ਨੂੰ ਦਿਲਾਸਾ ਦੇਣ ਲੱਗੇ ਕਿ ਵੋਲਗਾ ਖ਼ਰਾਬ ਮੌਸਮ ਵਿੱਚ ਵੀ ਆਪਣੀ ਮਨਮੋਹਕਤਾ ਕਾਇਮ ਰੱਖਦਾ ਹੈ। ਕੰਧ ਉੱਤੇ ਲਟਕਦੇ ਸਸਤੇ ਜਿਹੇ ਕਲੌਕ ਦੀ ਟਿੱਕ ਟਿੱਕ ਜਾਰੀ ਸੀ … ਸਰਦੀ ਨਾਲ ਠੁਰ ਠੁਰ ਕਰਦੀਆਂ ਮੱਖੀਆਂ ਕੋਨੇ ਵਿਚ ਪਈ ਮੂਰਤੀ ਦੇ ਦੁਆਲੇ ਇਕੱਤਰ ਹੋਈਆਂ ਹੌਲੀ ਹੌਲੀ ਭਿਣਭਿਣਾ ਰਹੀਆਂ ਸਨ ਅਤੇ ਸੀਟਾਂ ਦੇ ਹੇਠਾਂ ਮੋਟੀਆਂ ਫ਼ਾਈਲਾਂ ਦੀਆਂ ਕਤਾਰਾਂ ਦੇ ਦਰਮਿਆਨ ਕਾਕਰੋਚਾਂ ਦੀਆਂ ਪਤੀੜਾਂ ਦੀ ਸਰਸਰਾਹਟ ਸੁਣੀ ਜਾ ਸਕਦੀ ਸੀ…।
ਰਿਆਬੋਵਸਕੀ ਸੂਰਜ ਛਿਪਣ ਦੇ ਵਕਤ ਵਾਪਸ ਪਰਤਿਆ। ਉਸਨੇ ਟੋਪੀ ਮੇਜ਼ ਉੱਤੇ ਸੁੱਟ ਦਿੱਤੀ, ਚਿੱਕੜ ਨਾਲ ਲਿਬੜੇ ਬੂਟ ਉਤਾਰੇ ਬਿਨਾਂ ਥਕਾਵਟ ਨਾਲ ਚੂਰ ਆਪਣਾ ਆਪ ਬੈਂਚ ਉੱਤੇ ਢੇਰੀ ਕਰ ਦਿੱਤਾ ਅਤੇ ਅੱਖਾਂ ਬੰਦ ਕਰ ਲਈਆਂ।
“ਮੈਂ ਥੱਕ ਗਿਆ …,” ਉਸਨੇ ਕਿਹਾ ਅਤੇ ਪਲਕਾਂ ਉਠਾਉਣ ਦੀ ਕੋਸ਼ਿਸ਼ ਵਿੱਚ ਉਸ ਦੀਆਂ ਭਵਾਂ ਫਰਕਣ ਲੱਗੀਆਂ।
ਓਲਗਾ ਇਵਾਨੋਵਨਾ ਨੇ ਇਹ ਵਿਖਾਉਣ ਦੀ ਫ਼ਿਕਰ ਵਿੱਚ ਕਿ ਉਹ ਨਾਰਾਜ਼ ਨਹੀਂ ਹੈ, ਉਸ ਦੇ ਕੋਲ ਜਾ ਕੇ ਖ਼ਾਮੋਸ਼ੀ ਨਾਲ ਉਸ ਦਾ ਚੁੰਮਣ ਲਿਆ ਅਤੇ ਉਸ ਦੇ ਭੂਰੇ ਭੂਰੇ ਵਾਲਾਂ ਵਿੱਚ ਕੰਘੀ ਫੇਰੀ। ਕੰਘੀ ਕਰਨ ਨੂੰ ਐਵੇਂ ਹੀ ਉਸਦਾ ਦਿਲ ਕਰ ਆਇਆ ਸੀ।
“ਇਹ ਕੀ,” ਰਿਆਬੋਵਸਕੀ ਨੇ ਇਵੇਂ ਚੌਂਕ ਕੇ ਜਿਵੇਂ ਕਿਸੇ ਠੰਡੀ ਜਿਹੀ ਚੀਜ਼ ਨੇ ਉਸਨੂੰ ਛੂਹ ਲਿਆ ਹੋਵੇ, ਅੱਖਾਂ ਖੋਲ੍ਹਦੇ ਹੋਏ ਕਿਹਾ। “ਇਹ ਕੀ ਹੈ? ਮੈਨੂੰ ਮੇਰੇ ਹਾਲ ਉੱਤੇ ਛੱਡ ਦਿਓ, ਬੜੀ ਕਿਰਪਾ ਹੋਵੇਗੀ!” ਉਹ ਓਲਗਾ ਇਵਾਨੋਵਨਾ ਨੂੰ ਪਾਸੇ ਹਟਾ ਕੇ ਉਸ ਕੋਲੋਂ ਕੁੱਝ ਦੂਰ ਹੱਟ ਗਿਆ ਅਤੇ ਓਲਗਾ ਇਵਾਨੋਵਨਾ ਨੂੰ ਉਸ ਦੇ ਚਿਹਰੇ ਉੱਤੇ ਨਫ਼ਰਤ ਅਤੇ ਪਰੇਸ਼ਾਨੀ ਦੀ ਝਲਕ ਨਜ਼ਰ ਪਈ। ਠੀਕ ਉਸੀ ਵਕਤ ਔਰਤ ਬੰਦ ਗੋਭੀ ਦੀ ਤਰੀ ਦੀ ਪਲੇਟ ਸਾਵਧਾਨੀ ਦੇ ਨਾਲ ਦੋਨਾਂ ਹੱਥਾਂ ਨਾਲ ਫੜੀ ਰਿਆਬੋਵਸਕੀ ਦੇ ਕੋਲ ਆਈ ਅਤੇ ਓਲਗਾ ਇਵਾਨੋਵਨਾ ਨੇ ਵੇਖਿਆ ਕਿ ਔਰਤ ਦੇ ਦੋਨਾਂ ਮੋਟੇ ਮੋਟੇ ਅੰਗੂਠੇ ਤਰੀ ਵਿੱਚ ਭਿੱਜੇ ਹੋਏ ਸਨ। ਤੱਦ ਉਸਨੂੰ ਉਹ ਗੰਦੀ ਔਰਤ ਜਿਸਦਾ ਢਿੱਡ ਅੱਗੇ ਨੂੰ ਲਮਕਿਆ ਹੋਇਆ ਸੀ, ਬੰਦ ਗੋਭੀ ਦੀ ਉਹ ਤਰੀ ਜਿਸ ਨੂੰ ਰਿਆਬੋਵਸਕੀ ਭੁੱਖੜਾਂ ਦੀ ਤਰ੍ਹਾਂ ਟੁੱਟ ਪਿਆ ਸੀ, ਉਹ ਕੱਚਾ ਘਰ ਅਤੇ ਉਹ ਸਾਰੀ ਜ਼ਿੰਦਗੀ, ਜਿਸ ਨੂੰ ਪਹਿਲਾਂ ਉਸਦੀ ਸਾਦਗੀ ਅਤੇ ਕਲਾਤਮਕ ਉਘੜਦੁਘੜਪੁਣੇ ਦੇ ਲਈ ਇੰਨਾ ਪਿਆਰ ਕਰਦੀ ਸੀ, ਹੁਣ ਉਸ ਨੂੰ ਡਰਾਉਣਾ ਲੱਗਣ ਲੱਗ ਪਿਆ ਸੀ। ਉਸਨੂੰ ਅਚਾਨਕ ਆਪਣੀ ਕੀਤੀ ਗਈ ਬੇਇੱਜ਼ਤੀ ਦਾ ਅਹਿਸਾਸ ਹੋਇਆ ਅਤੇ ਠੰਡਾ ਜਿਹਾ ਬੋਲੀ: “ਸਾਨੂੰ ਕੁੱਝ ਦਿਨਾਂ ਲਈ ਜੁਦਾ ਹੋਣਾ ਪਵੇਗਾ, ਵਰਨਾ ਇਹ ਅਕੇਵਾਂ ਤੇ ਆਪਣਾ ਜ਼ਰੂਰ ਝਗੜਾ ਹੋ ਜਾਵੇਗਾ। ਮੈਂ ਇਸ ਸਭ ਤੋਂ ਬੇਜ਼ਾਰ ਹੋ ਚੁੱਕੀ ਹਾਂ। ਮੈਨੂੰ ਇੱਥੋਂ ਅੱਜ ਹੀ ਚੱਲ ਪੈਣਾ ਚਾਹੀਦਾ ਹੈ।”
“ਕਿਵੇਂ ਜਾ ਰਹੀ ਹੋ? ਝਾੜੂ ਤੇ ਸਵਾਰ ਹੋ ਕੇ? ”
“ਅੱਜ ਵੀਰਵਾਰ ਹੈ, ਇਸ ਲਈ ਸਟੀਮਰ ਸਾਢੇ ਨੌਂ ਆਏਗਾ।.”
“ਸੱਚੀ? ਓ ਹਾਂ … ਬਹੁਤ ਖ਼ੂਬ, ਤਾਂ ਫਿਰ ਚੱਲੀ ਜਾ…,” ਰਿਆਬੋਵਸਕੀ ਨੇ ਨੈਪਕਿਨ ਦੀ ਥਾਂ ਤੋਲੀਏ ਨਾਲ ਮੂੰਹ ਪੂੰਝਦੇ ਹੋਏ ਪੋਲੇ ਜਿਹੇ ਲਹਿਜੇ ਵਿੱਚ ਕਿਹਾ। “ਤੇਰੇ ਲਈ ਇਹ ਜਗ੍ਹਾ ਬੇਰੌਣਕ ਹੈ ਅਤੇ ਕਰਨ ਵਾਲਾ ਕੁਝ ਵੀ ਨਹੀਂ। ਮੈਂ ਇੰਨਾ ਵੱਡਾ ਖ਼ੁਦਗਰਜ ਨਹੀਂ ਹਾਂ ਕਿ ਤੈਨੂੰ ਰੋਕਣ ਦੀ ਕੋਸ਼ਿਸ਼ ਕਰਾਂ। ਚਲੀ ਜਾ, ਵੀਹ ਸਤੰਬਰ ਦੇ ਬਾਅਦ ਫਿਰ ਮੁਲਾਕ਼ਾਤ ਹੋਵੇਗੀ।”
“ਓਲਗਾ ਇਵਾਨੋਵਨਾ ਨੇ ਸਾਮਾਨ ਬੰਨ੍ਹਣਾ ਸ਼ੁਰੂ ਕੀਤਾ। ਉਸ ਦੇ ਦਿਲ ਦਾ ਬੋਝ ਹਲਕਾ ਹੋ ਚੁੱਕਿਆ ਸੀ ਅਤੇ ਖੁਸ਼ੀ ਦੀ ਵਜ੍ਹਾ ਨਾਲ ਉਸਦੀਆਂ ਗੱਲ੍ਹਾਂ ਭਖਣ ਲੱਗੀਆਂ ਸਨ। “ਕੀ ਸਚਮੁਚ ਇਹ ਹੋਵੇਗਾ?” ਉਸਨੇ ਆਪਣੇ ਆਪ ਨੂੰ ਸਵਾਲ ਕੀਤਾ, ਕਿ ਮੈਂ ਛੇਤੀ ਹੀ ਆਪਣੇ ਡਰਾਇੰਗਰੂਮ ਵਿੱਚ ਬੈਠੀ ਹੋਵਾਂਗੀ, ਤਸਵੀਰਾਂ ਬਣਾਵਾਂਗੀ, ਬੈੱਡਰੂਮ ਵਿੱਚ ਸੋਵਾਂਗੀ ਅਤੇ ਮੇਜ਼ ਪੋਸ਼ ਵਿਛੇ ਮੇਜ਼ ਉੱਤੇ ਖਾਣਾ ਖਾਵਾਂਗੀ?” ਉਸਦੇ ਦਿਲ ਤੋਂ ਕੋਈ ਭਾਰੀ ਬੋਝ ਲਹਿ ਗਿਆ ਅਤੇ ਹੁਣ ਉਸਨੂੰ ਚਿੱਤਰਕਾਰ ਉੱਤੇ ਜਰਾ ਵੀ ਗੁੱਸਾ ਨਹੀਂ ਆ ਰਿਹਾ ਸੀ।
“ਓ ਰਿਆਬੂਸ਼ਿਕਾ, ਮੈਂ ਆਪਣੇ ਪੇਂਟ ਅਤੇ ਬੁਰਸ਼ ਤੇਰੇ ਕੋਲ ਛੱਡ ਕੇ ਜਾ ਰਹੀ ਹਾਂ।“ ਉਸਨੇ ਕਿਹਾ। ਵਰਤ ਲਵੀਂ ਅਤੇ ਕੋਈ ਚੀਜ਼ ਬੱਚ ਗਈ ਤਾਂ ਨਾਲ ਲੈਂਦੇ ਆਉਣਾ… ਅਤੇ ਹਾਂ, ਕੰਨ ਖੋਲ੍ਹ ਕੇ ਸੁਣ ਲਓ, ਮੇਰੇ ਜਾਣ ਤੋਂ ਬਾਅਦ ਸੁਸਤੀ ਅਤੇ ਮਾਯੂਸੀ ਦੇ ਆਲਮ ਵਿੱਚ ਗੋਤੇ ਨਾ ਲਾਉਣ ਲੱਗ ਪੈਣਾ ਸਗੋਂ ਕੰਮ ਕਰਨਾ। ਤੁਸੀਂ ਕਿੰਨੇ ਕਮਾਲ ਦੇ ਆਦਮੀ ਹੋ, ਰਿਆਬੂਸ਼ਿਕਾ!”
ਨੌਂ ਵਜੇ ਰਿਆਬੋਵਸਕੀ ਨੂੰ ਉਸ ਨੇ ਵਿਦਾਈ ਚੁੰਮਣ ਦਿੱਤਾ ਤਾਂ ਜੋ ਉਸਨੂੰ ਸਟੀਮਰ ਉੱਤੇ ਕਲਾਕਾਰਾਂ ਦੀ ਹਾਜ਼ਰੀ ਵਿੱਚ ਚੁੰਮਣ ਨਾ ਲੈਣਾ ਪਏ ਅਤੇ ਉਹ ਉਸਨੂੰ ਵਿਦਾ ਕਰਨ ਲਈ ਸਟੀਮਰ ਉੱਤੇ ਚੜ੍ਹਨ ਉੱਤਰਨ ਵਾਲੇ ਧੜੇ ਤੱਕ ਗਿਆ। ਸਟੀਮਰ ਜਲਦ ਹੀ ਆ ਗਿਆ ਅਤੇ ਉਸਨੂੰ ਚੜ੍ਹਾ ਕੇ ਰਵਾਨਾ ਹੋ ਗਿਆ।
ਢਾਈ ਦਿਨਾਂ ਦੇ ਬਾਅਦ ਉਹ ਆਪਣੇ ਘਰ ਪਹੁੰਚ ਗਈ। ਹੈਟ ਅਤੇ ਬਰਸਾਤੀ ਉਤਾਰੇ ਬਿਨਾਂ ਹੀ ਸਾਹੋਸਾਹ ਹੋਈ ਉਹ ਡਰਾਇੰਗਰੂਮ ਵਿੱਚ ਦਾਖ਼ਲ ਹੋਈ ਅਤੇ ਉੱਥੋਂ ਖਾਣੇ ਵਾਲੇ ਕਮਰੇ ਵਿੱਚ। ਦੀਮੋਵ ਕੋਟ ਉਤਾਰ, ਵਾਸਕਟ ਦੇ ਬਟਨ ਖੋਲ੍ਹ ਮੇਜ਼ ਦੇ ਕੋਲ ਬੈਠਾ ਕਾਂਟੇ ਉੱਤੇ ਰਗੜ ਰਗੜ ਚਾਕੂ ਨੂੰ ਤੇਜ਼ ਕਰ ਰਿਹਾ ਸੀ ਅਤੇ ਉਸ ਦੇ ਸਾਹਮਣੇ ਪਲੇਟ ਵਿੱਚ ਭੁੰਨਿਆ ਹੋਇਆ ਇੱਕ ਮੋਟਾ ਤਿੱਤਰ ਰੱਖਿਆ ਸੀ। ਓਲਗਾ ਇਵਾਨੋਵਨਾ ਇਸ ਖ਼ਿਆਲ ਨਾਲ ਆਪਣੇ ਫਲੈਟ ਵਿੱਚ ਦਾਖ਼ਲ ਹੋਈ ਸੀ ਕਿ ਉਹ ਪਤੀ ਨੂੰ ਇਸ ਸਾਰੇ ਕ਼ਿੱਸੇ ਦੀ ਭਿਣਕ ਵੀ ਨਾ ਪੈਣ ਦੇਵੇਗੀ ਅਤੇ ਇਹ ਕਿ ਅਜਿਹਾ ਕਰਨ ਦੀ ਲਿਆਕਤ ਅਤੇ ਤਾਕਤ ਉਸ ਹੈ। ਪਰ ਜਦੋਂ ਉਸਨੇ ਦੀਮੋਵ ਦੇ ਚਿਹਰੇ ਤੇ ਭਰਵੀਂ, ਕੋਮਲ ਅਤੇ ਖਿੜੀ ਮੁਸਕਰਾਹਟ ਅਤੇ ਉਸ ਦੀਆਂ ਅੱਖਾਂ ਵਿੱਚ ਚਮਕਦੀ ਮੁਹੱਬਤ ਅਤੇ ਖੁਸ਼ੀ ਦੇਖਿ ਤਾਂ ਉਸਨੇ ਸੋਚਿਆ ਕਿ ਅਜਿਹੇ ਆਦਮੀ ਨੂੰ ਧੋਖਾ ਦੇਣਾ ਉਸ ਲਈ ਓਨਾ ਹੀ ਜ਼ਲੀਲ, ਨਫਰਤਯੋਗ ਅਤੇ ਅਸੰਭਵ ਹੋਵੇਗਾ ਜਿੰਨਾ ਕਿ ਝੂਠੀ ਗਵਾਹੀ ਦੇਣਾ, ਚੋਰੀ ਜਾਂ ਕਤਲ ਕਰਨਾ। ਅਤੇ ਉਸਨੇ ਉਸੇ ਪਲ ਫੈਸਲਾ ਕਰ ਲਿਆ ਕਿ ਜੋ ਕੁੱਝ ਹੋਇਆ ਹੈ ਉਸਨੂੰ ਇੰਨ ਬਿੰਨ ਬਿਆਨ ਕਰ ਦੇਵੇਗੀ। ਇਸ ਲਈ ਜਦੋਂ ਦੀਮੋਵ ਨੇ ਉਸਨੂੰ ਗਲੇ ਲਗਾ ਕੇ ਚੁੰਮ ਲਿਆ ਤਾਂ ਉਹ ਉਸ ਦੇ ਸਾਹਮਣੇ ਗੋਡਿਆਂ ਪਰਨੇ ਬੈਠ ਗਈ ਅਤੇ ਆਪਣੇ ਚਿਹਰੇ ਨੂੰ ਹੱਥਾਂ ਨਾਲ ਢੱਕ ਲਿਆ।
“ਇਹ ਕੀ ਕਰ ਰਹੀ ਹੋ? ਕੀ ਹੋਇਆ, ਓਲਗਾ?” ਉਸਨੇ ਮੁਹੱਬਤ ਭਰੇ ਲਹਿਜੇ ਵਿੱਚ ਪੁੱਛਿਆ।
“ਮੇਰੀ ਯਾਦ ਬਹੁਤ ਤੜਫ਼ਾ ਰਹੀ ਸੀ ਕੀ?”
ਉਸਨੇ ਸ਼ਰਮ ਦੇ ਅਹਿਸਾਸ ਨਾਲ ਲਾਲ ਹੋ ਗਏ ਚਿਹਰੇ ਨੂੰ ਉਠਾਇਆ ਅਤੇ ਦੀਮੋਵ ਵੱਲ ਗੁਨਾਹਗਾਰ ਅਤੇ ਤਰਲੇ ਭਿੱਜੀਆਂ ਨਿਗਾਹਾਂ ਨਾਲ ਵੇਖਿਆ ਮਗਰ ਡਰ ਅਤੇ ਸ਼ਰਮ ਹਿਆ ਨੇ ਹਕੀਕਤ ਨੂੰ ਬੁੱਲ੍ਹਾਂ ਤੱਕ ਆਉਣ ਨਾ ਦਿੱਤਾ।
“ਕੋਈ ਗੱਲ ਨਹੀਂ …,,” ਉਸਨੇ ਕਿਹਾ। “ਮੈਂ.. ਬਸ ਐਵੇਂ ਹੀ!”
“ਆਓ, ਉੱਪਰ ਬੈਠੋ ਨਾ,” ਦੀਮੋਵ ਨੇ ਪਤਨੀ ਨੂੰ ਉਠਾਇਆ ਅਤੇ ਮੇਜ਼ ਦੇ ਕੋਲ ਬਿਠਾਉਂਦੇ ਹੋਏ ਕਿਹਾ। “ਹਾਂ ਹੁਣ ਠੀਕ ਹੈ … ਲਓ ਤਿੱਤਰ ਖਾਓ, ਭੁੱਖ ਲੱਗੀ ਹੋਵੇਗੀ, ਮੇਰੀ ਜਾਨ।”
ਉਸਨੇ ਘਰੇਲੂ ਮਾਹੌਲ ਵਿੱਚ ਸੁੱਖ ਦਾ ਸਾਹ ਲੈਂਦੇ ਹੋਏ ਥੋੜ੍ਹਾ ਜਿਹਾ ਗੋਸ਼ਤ ਖਾਧਾ ਜਦੋਂ ਕਿ ਦੀਮੋਵ ਖੁਸ਼ੀ ਨਾਲ ਖਿੜਿਆ ਅਤੇ ਮੁਹੱਬਤ ਭਰੀਆਂ ਨਜ਼ਰਾਂ ਨਾਲ ਉਸਨੂੰ ਨਿਹਾਰਦਾ ਰਿਹਾ।
( 6 )
ਸਰਦੀਆਂ ਕੋਈ ਅੱਧੀਆਂ ਲੰਘ ਚੁੱਕੀਆਂ ਸਨ ਤੱਦ ਕਿਤੇ ਜਾਕੇ ਦੀਮੋਵ ਦੀਆਂ ਨਿਗਾਹਾਂ ਵਿੱਚ ਪਤਨੀ ਦੇ ਰੰਗ-ਢੰਗ ਖਟਕਣ ਲੱਗੇ। ਹੁਣ ਉਸ ਕੋਲੋਂ ਪਤਨੀ ਨਾਲ ਅੱਖਾਂ ਚਾਰ ਹੀ ਨਹੀਂ ਸੀ ਕਰ ਹੁੰਦੀਆਂ ਜਿਵੇਂ ਖ਼ੁਦ ਉਸ ਦੀ ਜ਼ਮੀਰ ਪਲੀਤ ਹੋਵੇ। ਪਤਨੀ ਨਾਲ ਮਿਲਣ ਦੇ ਵਕਤ ਹੁਣ ਉਹ ਖੁਸ਼ੀ ਨਾਲ ਮੁਸਕਰਾਉਂਦਾ ਵੀ ਨਹੀਂ ਸੀ ਅਤੇ ਇਸ ਖ਼ਿਆਲ ਨਾਲ ਕਿ ਉਸ ਦੇ ਨਾਲ ਘੱਟ ਤੋਂ ਘੱਟ ਵਕਤ ਇਕੱਲ ਵਿੱਚ ਗੁਜ਼ਾਰਨਾ ਪਏ, ਉਹ ਆਪਣੇ ਦੋਸਤ ਕਰੋਸਤੀਲੇਵ ਨੂੰ ਡਿਨਰ ਲਈ ਘਰ ਲੈ ਆਉਂਦਾ ਸੀ। ਛੋਟੇ ਛੋਟੇ ਵਾਲਾਂ ਵਾਲਾ ਇਹ ਮਧਰਾ ਆਦਮੀ ਜਿਸਦੇ ਚਿਹਰੇ ਉੱਤੇ ਝੁਰੜੀਆਂ ਸਨ, ਓਲਗਾ ਇਵਾਨੋਵਨਾ ਨਾਲ ਗੱਲ ਹੁੰਦੇ ਹੀ ਬੇਹੱਦ ਬੇਚੈਨੀ ਦੇ ਆਲਮ ਵਿੱਚ ਕੋਟ ਦੇ ਬਟਨਾਂ ਨੂੰ ਬੰਦ ਕਰਨ ਅਤੇ ਖੋਲ੍ਹਣ ਲੱਗ ਪੈਂਦਾ ਸੀ ਅਤੇ ਫਿਰ ਆਪਣੀ ਮੁੱਛਾਂ ਦੇ ਖੱਬੇ ਹਿੱਸੇ ਨੂੰ ਸੱਜੇ ਹੱਥ ਨਾਲ ਛੇੜਨ ਲੱਗਦਾ ਸੀ। ਡਿਨਰ ਦੇ ਦੌਰਾਨ ਦੋਨੋਂ ਡਾਕਟਰ ਗੱਲਾਂ ਕਰਦੇ ਕਿ ਡਾਇਆਫਰਾਮ ਬਹੁਤ ਉੱਚਾ ਹੋ ਜਾਂਦਾ ਹੈ ਤਾਂ ਕਈ ਵਾਰ ਦਿਲ ਦੀ ਗੜਬੜ ਦੀ ਸ਼ਿਕਾਇਤ ਹੋ ਸਕਦੀ ਹੈ ਜਾਂ ਇਹ ਕਿ ਕੁੱਝ ਦਿਨਾਂ ਤੋਂ ਦਿਮਾਗ਼ ਦੀਆਂ ਬਿਮਾਰੀਆਂ ਵਿੱਚ ਉਲਝੇ ਹੋਣ ਵਾਲਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ ਜਾਂ ਇਹ ਕਿ ਦੀਮੋਵ ਨੂੰ ਇੱਕ ਅਜਿਹੇ ਮਰੀਜ਼ ਦੀ ਲਾਸ਼ ਦਾ, ਜਿਸਦੀ ਮੌਤ ਦਾ ਕਾਰਨ ਘਾਤਕ ਅਨੀਮੀਆ ਦੱਸਿਆ ਗਿਆ ਸੀ, ਬੀਤੀ ਸ਼ਾਮ ਨੂੰ ਪੋਸਟਮਾਰਟਮ ਕਰਨ ਦੇ ਦੌਰਾਨ ਪਤਾ ਚੱਲਿਆ ਕਿ ਉਹ ਤਾਂ ਦਰਅਸਲ ਮਿਹਦੇ ਦੀ ਕੈਂਸਰ ਦਾ ਮਰੀਜ਼ ਸੀ। ਅਜਿਹਾ ਲੱਗਦਾ ਸੀ ਕਿ ਉਹ ਦੋਨੋਂ ਇਹ ਡਾਕਟਰੀ ਖ਼ਿਆਲਾਂ ਦਾ ਵਟਾਂਦਰਾ ਮਹਿਜ਼ ਇਸ ਲਈ ਜਾਰੀ ਰੱਖ ਰਹੇ ਹੁੰਦੇ ਕਿ ਓਲਗਾ ਇਵਾਨੋਵਨਾ ਨੂੰ ਗੱਲ ਨਾ ਕਰਨ ਯਾਨੀ ਝੂਠ ਨਾ ਬੋਲਣ ਦਾ ਬਹਾਨਾ ਹੱਥ ਆ ਜਾਵੇ। ਡਿਨਰ ਦੇ ਬਾਅਦ ਕਰੋਸਤੀਲੇਵ ਪਿਆਨੋ ਦੇ ਸਾਹਮਣੇ ਬੈਠ ਜਾਂਦਾ ਅਤੇ ਦੀਮੋਵ ਠੰਡੀ ਸਾਹ ਭਰ ਕੇ ਕਹਿੰਦਾ:
“ਭਈ ਕੁੱਝ ਸੁਣਾਓ ਨਾ ਆਖ਼ਰ ਇੰਤਜ਼ਾਰ ਕਾਹਦਾ ਹੈ? ਜਰਾ ਸਾਨੂੰ ਕੋਈ ਅੱਛਾ ਜਿਹਾ ਦਰਦ ਭਰਿਆ ਗੀਤ ਸੁਣਾਓ ਨਾ।”
ਕਰੋਸਤੀਲੇਵ ਪਿਆਨੋਂ ਨੂੰ ਉਲਾਰ ਕੇ ਉਂਗਲੀਆਂ ਅੱਗੇ ਫੈਲਾਉਂਦਾ, ਪਿਆਨੋਂ ਵਿੱਚੋਂ ਸੁਰ ਬੁਲੰਦ ਹੁੰਦੇ ਅਤੇ ਉਹ ਉੱਚੀ ਮਰਦਾਨੀ ਆਵਾਜ਼ ਵਿੱਚ ਗਾਉਣ ਲੱਗਦਾ “ਦੱਸੋ ਵਤਨ ਵਿੱਚ ਕੋਈ ਐਸੀ ਜਗ੍ਹਾ ਜਿੱਥੇ ਰੂਸੀ ਕਿਸਾਨ ਦਰਦ ਨਾਲ ਨਹੀਂ ਰਿਹਾ ਕਰਾਹ!” ਅਤੇ ਦੀਮੋਵ ਇੱਕ ਵਾਰ ਫਿਰ ਠੰਡੀ ਸਾਹ ਭਰ ਕੇ ਆਪਣੀ ਮੁੱਠੀ ਉੱਤੇ ਸਿਰ ਟਿਕਾਂਦਾ ਅਤੇ ਖ਼ਿਆਲਾਂ ਵਿੱਚ ਗੁੰਮ ਹੋ ਜਾਂਦਾ।
ਓਲਗਾ ਇਵਾਨੋਵਨਾ ਹੁਣ ਕੁਝ ਸਮੇਂ ਤੋਂ ਉੱਕਾ ਲਾਪਰਵਾਹ ਹੋ ਗਈ ਸੀ। ਉਹ ਹਰ ਸਵੇਰੇ ਕਾਫੀ ਬੇਦਿੱਲੀ ਦੇ ਨਾਲ ਜਾਗਦੀ ਅਤੇ ਸੋਚਦੀ ਕਿ ਹੁਣ ਉਹ ਰਿਆਬੋਵਸਕੀ ਨਾਲ ਜਰਾ ਵੀ ਮੁਹੱਬਤ ਨਹੀਂ ਕਰਦੀ ਅਤੇ ਰੱਬ ਦਾ ਸ਼ੁਕਰ ਹੈ ਕਿ ਉਨ੍ਹਾਂ ਦੋਨਾਂ ਦੇ ਸੰਬੰਧ ਬੀਤੇ ਦਾ ਕ਼ਿੱਸਾ ਬਣ ਚੁੱਕੇ ਹਨ। ਪਰ ਇੱਕ ਪਿਆਲੀ ਕੌਫ਼ੀ ਪੀਣ ਦੇ ਬਾਅਦ ਉਹ ਚੇਤੇ ਕਰਨ ਲੱਗਦੀ ਕਿ ਰਿਆਬੋਵਸਕੀ ਨੇ ਉਸ ਦੇ ਪਤੀ ਨੂੰ ਖੋਹ ਲਿਆ ਅਤੇ ਹੁਣ ਉਸ ਦੀ ਜ਼ਿੰਦਗੀ ਵਿੱਚ ਨਾ ਪਤੀ ਰਿਹਾ ਨਾ ਰਿਆਬੋਵਸਕੀ। ਤੱਦ ਉਸਨੂੰ ਖ਼ਿਆਲ ਆਉਂਦਾ ਕਿ ਉਸ ਦੇ ਵਾਕਫ਼ ਕਹਿ ਰਹੇ ਸਨ ਕਿ ਰਿਆਬੋਵਸਕੀ ਕਿਸੇ ਨੁਮਾਇਸ਼ ਲਈ ਕੋਈ ਸ਼ਾਨਦਾਰ ਤਸਵੀਰ ਮੁਕੰਮਲ ਕਰ ਰਿਹਾ ਸੀ ਜੋ ਪੋਲੀਏਨੋਵ ਦੀ ਸ਼ੈਲੀ ਵਿੱਚ ਵਿਧਾ ਅਤੇ ਲੈਂਡਸਕੇਪ ਦੇ ਮਿਸ਼ਰਣ ਦਾ ਨਮੂਨਾ ਸੀ ਅਤੇ ਜੋ ਵੀ ਉਸ ਦੇ ਸਟੂਡੀਓ ਜਾਂਦਾ, ਉਹ ਵਿਸ਼ਮਾਦੀ ਅਵਸਥਾ ਵਿੱਚ ਚਲਾ ਜਾਂਦਾ। ਉਹ ਆਪਣੇ ਆਪ ਨੂੰ ਕਹਿੰਦੀ ਕਿ ਰਿਆਬੋਵਸਕੀ ਨੇ ਇਸ ਤਸਵੀਰ ਦੀ ਸਿਰਜਣਾ ਤਾਂ ਖ਼ੁਦ ਮੇਰੀ ਪਰੇਰਨਾ ਹੇਠ ਕੀਤੀ ਸੀ, ਮੇਰੇ ਅਸਰ ਹੇਠ ਹੋਣ ਦੀ ਬਦੌਲਤ ਹੀ ਉਸ ਦੀ ਕਲਾ ਏਨੀ ਬੁਲੰਦ ਹੋ ਸਕੀ। ਉਸ ਦੀ ਕਲਾ ਉੱਤੇ ਮੇਰੀ ਸ਼ਖ਼ਸੀਅਤ ਦੀ ਛਾਪ ਇੰਨੀ ਲਾਹੇਵੰਦ ਅਤੇ ਗਹਿਰੀ ਸੀ ਕਿ ਜੇਕਰ ਉਹ ਉਸ ਕੋਲੋਂ ਕਿਨਾਰਾ ਕਰ ਲੈਂਦੀ ਤਾਂ ਉਹ ਕਿਤੇ ਦਾ ਨਾ ਰਹਿੰਦਾ। ਉਹ ਇਹ ਵੀ ਯਾਦ ਕਰਦੀ ਕਿ ਪਿਛਲੀ ਵਾਰ ਰਿਆਬੋਵਸਕੀ ਜਦੋਂ ਉਸ ਦੇ ਕੋਲ ਆਇਆ ਸੀ ਤਾਂ ਉਸ ਨੇ ਟਿਮਕਣਿਆਂ ਵਾਲਾ ਭੂਰਾ ਕੋਟ ਪਹਿਨਿਆ ਸੀ ਅਤੇ ਨਵੀਂ ਟਾਈ ਬੰਨ੍ਹੀ ਹੋਈ ਸੀ ਅਤੇ ਉਸਨੇ ਵੱਡੀ ਦਿਲਰੁਬਾਈ ਦੇ ਨਾਲ ਪੁੱਛਿਆ ਸੀ:
“ਮੈਂ ਜਚ ਰਿਹਾ ਹਾਂ ਨਾ?” ਲੰਬੇ ਲੰਬੇ ਘੁੰਗਰਾਲੇ ਵਾਲ, ਨੀਲੀਆਂ ਨੀਲੀਆਂ ਅੱਖਾਂ ਅਤੇ ਫਿਰ ਉਹ ਸ਼ਾਨਦਾਰ ਕੋਟ, ਠੀਕ ਹੀ ਉਹ ਬਹੁਤ ਜਚ ਰਿਹਾ ਸੀ (ਜਾਂ ਘੱਟ ਤੋਂ ਘੱਟ ਲੱਗਦਾ ਅਜਿਹਾ ਹੀ ਸੀ) ਅਤੇ ਉਸ ਦੀ ਗੱਲ ਗੱਲ ਵਿੱਚੋਂ ਮੁਹੱਬਤ ਟਪਕਦੀ ਸੀ। ਇਹ ਸਭ ਅਤੇ ਕੁੱਝ ਹੋਰ ਵੀ ਯਾਦ ਕਰਨ ਅਤੇ ਖ਼ੁਦ ਆਪਣੇ ਨਤੀਜੇ ਕਢਣ ਦੇ ਬਾਅਦ ਓਲਗਾ ਇਵਾਨੋਵਨਾ ਬਣ-ਸੰਵਰ ਕੇ ਆਪਣੇ ਵੱਡੇ ਜਜ਼ਬਾਤੀ ਵੇਗ ਤੇ ਸਵਾਰ ਰਿਆਬੋਵਸਕੀ ਦੇ ਸਟੂਡੀਓ ਚੱਲੀ ਜਾਂਦੀ ਸੀ। ਉਹ ਆਮ ਤੌਰ ਤੇ ਬਹੁਤ ਹੀ ਚੜ੍ਹਦੀ ਕਲਾ ਵਿੱਚ ਅਤੇ ਆਪਣੀ ਤਸਵੀਰ ਦੇ ਇਸ਼ਕ ਵਿੱਚ ਦੀਵਾਨਾ ਹੋਇਆ ਹੁੰਦਾ ਸੀ ਜੋ ਅਸਲ ਵਿੱਚ ਬਹੁਤ ਵਧੀਆ ਸੀ। ਉਹ ਨੱਚ ਰਿਹਾ ਹੁੰਦਾ ਅਤੇ ਚੌੜ ਕਰਨ ਲੱਗ ਜਾਂਦਾ ਅਤੇ ਗੰਭੀਰ ਸਵਾਲਾਂ ਨੂੰ ਹਾਸੇ ਵਿੱਚ ਟਾਲ ਦਿੰਦਾ। ਓਲਗਾ ਇਵਾਨੋਵਨਾ ਇਸ ਤਸਵੀਰ ਨਾਲ ਈਰਖਾ ਅਤੇ ਨਫਰਤ ਕਰਦੀ ਸੀ, ਪਰ ਉਸ ਦੇ ਸਾਹਮਣੇ ਨਿਰਮਾਣ ਖ਼ਾਮੋਸ਼ੀ ਦੇ ਨਾਲ ਪੰਜ ਮਿੰਟ ਖੜੀ ਰਹਿੰਦੀ ਅਤੇ ਫਿਰ ਜਿਸ ਤਰ੍ਹਾਂ ਉਹ ਕਿਸੇ ਇਬਾਦਤਗਾਹ ਵਿੱਚ ਠੰਡੀ ਸਾਹ ਭਰ ਹੌਲੀ ਜਿਹੀ ਕਹਿੰਦੀ:
“ਹਾਂ, ਅਜਿਹੀ ਤਸਵੀਰ ਤੁਸੀਂ ਪਹਿਲਾਂ ਕਦੇ ਵੀ ਨਹੀਂ ਬਣਾਈ ਸੀ। ਮੈਨੂੰ ਤਾਂ ਇਹ ਅਰਸੀ ਮੰਡਲਾਂ ਵਿੱਚ ਲੈ ਜਾਂਦੀ ਹੈ।”
ਫਿਰ ਉਹ ਰਿਆਬੋਵਸਕੀ ਦੀਆਂ ਮਿੰਨਤਾਂ ਕਰਨ ਲੱਗ ਪੈਂਦੀ, “ਮੈਨੂੰ ਮੁਹੱਬਤ ਕਰੋ, ਮੈਨੂੰ ਠੁਕਰਾਓ ਨਹੀਂ, ਮੇਰੇ ਨਸੀਬਾਂ ਜਲੀ, ਦੁਖਿਆਰੀ ਉੱਤੇ ਤਰਸ ਖਾਓ।” ਉਹ ਰੋਣ ਲੱਗ ਪਈ, ਉਸ ਦੇ ਹੱਥਾਂ ਨੂੰ ਚੁੰਮਦੀ, ਅਤੇ ਇਸ ਤਰ੍ਹਾਂ ਉਸ ਦੇ ਮੂੰਹੋਂ ਇਹ ਕਹਾਉਣ ਦੀ ਕੋਸ਼ਿਸ਼ ਕਰਦੀ ਸੀ ਕਿ ਉਹ ਮੁਹੱਬਤ ਕਰਦਾ ਰਹੇਗਾ ਅਤੇ ਕਹਿੰਦੀ ਕਿ ਤੁਹਾਡੇ ਸਿਰ ਤੋਂ ਅਗਰ ਮੇਰੀ ਪਰੇਰਨਾ ਦਾ ਸਾਇਆ ਉਠ ਜਾਵੇ ਤਾਂ ਤੁਸੀਂ ਭਟਕ ਜਾਓਗੇ । ਫਿਰ ਉਹ ਰਿਆਬੋਵਸਕੀ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰ ਦਿੰਦੀ ਅਤੇ ਖ਼ੁਦ ਬੁਰੀ ਤਰ੍ਹਾਂ ਜ਼ਲੀਲ ਹੋਕੇ ਆਪਣੀ ਦਰਜ਼ਨ ਦੇ ਜਾਂ ਥੀਏਟਰ ਦਾ ਟਿਕਟ ਹਾਸਲ ਕਰਨ ਲਈ ਆਪਣੀ ਐਕਟਰਸ ਸਹੇਲੀ ਦੇ ਘਰ ਚਲੀ ਜਾਂਦੀ ਸੀ।
ਅਗਰ ਰਿਆਬੋਵਸਕੀ ਕਦੇ ਆਪਣੇ ਸਟੂਡੀਓ ਵਿੱਚ ਨਹੀਂ ਹੁੰਦਾ ਸੀ ਤਾਂ ਉਹ ਉਸ ਲਈ ਚਿੱਠੀ ਛੱਡ ਆਉਂਦੀ ਸੀ, ਜਿਸ ਵਿੱਚ ਧਮਕੀ ਦਿੱਤੀ ਹੁੰਦੀ ਸੀ ਕਿ ਜੇ ਉਹ ਅੱਜ ਹੀ ਉਸ ਨੂੰ ਮਿਲਣ ਨਾ ਆਏ ਤਾਂ ਉਹ ਜ਼ਹਿਰ ਖਾ ਲਵੇਗੀ। ਰਿਆਬੋਵਸਕੀ ਡਰ ਜਾਂਦਾ ਅਤੇ ਉਸ ਦੇ ਘਰ ਚਲਿਆ ਜਾਂਦਾ ਅਤੇ ਡਿਨਰ ਲਈ ਰੁੱਕ ਜਾਂਦਾ। ਪਤੀ ਦੀ ਮੌਜੂਦਗੀ ਦਾ ਕੋਈ ਲਿਹਾਜ਼ ਕੀਤੇ ਬਿਨਾਂ ਉਹ ਓਲਗਾ ਇਵਾਨੋਵਨਾ ਨੂੰ ਬੜੀਆਂ ਦੁਖਾਵੀਆਂ ਗੱਲਾਂ ਕਹਿੰਦਾ ਅਤੇ ਉਹ ਵੀ ਅੱਗੋਂ ਉਸੇ ਲਹਿਜੇ ਵਿੱਚ ਜਵਾਬ ਦਿੰਦੀ। ਉਨ੍ਹਾਂ ਦੋਨਾਂ ਨੂੰ ਲੱਗਦਾ ਕਿ ਉਹ ਇੱਕ ਦੂਜੇ ਦੀ ਰਾਹ ਵਿੱਚ ਰੋੜਾ ਹਨ, ਜਾਲਮ ਅਤੇ ਵੈਰੀ ਹਨ ਅਤੇ ਇਸ ਅਹਿਸਾਸ ਨਾਲ ਉਹ ਆਪੇ ਤੋਂ ਬਾਹਰ ਹੋ ਜਾਂਦੇ, ਇਸ ਝੱਲਪੁਣੇ ਵਿੱਚ ਉਨ੍ਹਾਂ ਨੂੰ ਜਰਾ ਵੀ ਖ਼ਿਆਲ ਨਾ ਆਉਂਦਾ ਕਿ ਉਨ੍ਹਾਂ ਦਾ ਵਰਤਾਓ ਕਿੰਨਾ ਗੰਦਾ ਹੋ ਗਿਆ ਹੈ ਅਤੇ ਇਹ ਕਿ ਛੋਟੇ ਛੋਟੇ ਵਾਲਾਂ ਵਾਲੇ ਕਰੋਸਤੀਲੇਵ ਤੱਕ ਨੂੰ ਵੀ ਸਭ ਕੁੱਝ ਸਮਝ ਆਉਣ ਲੱਗ ਪਿਆ ਸੀ। ਡਿਨਰ ਦੇ ਬਾਅਦ ਰਿਆਬੋਵਸਕੀ ਉਨ੍ਹਾਂ ਲੋਕਾਂ ਨੂੰ ਅਲਵਿਦਾ ਕਹਿ ਜਲਦੀ ਜਲਦੀ ਚੱਲ ਪੈਂਦਾ।
“ਹੁਣ ਤੁਸੀਂ ਕਿੱਥੇ ਜਾ ਰਹੇ ਹੋ?” ਓਲਗਾ ਇਵਾਨੋਵਨਾ ਡਰਾਇੰਗਰੂਮ ਵਿੱਚੋਂ ਉਸ ਦੀ ਤਰਫ਼ ਨਫਰਤ ਭਰੀਆਂ ਨਿਗਾਹਾਂ ਨਾਲ ਵੇਖਦੇ ਹੋਏ ਪੁੱਛਦੀ।
ਉਹ ਤਿਓੜੀਆਂ ਚਾੜ੍ਹ ਕੇ ਅਤੇ ਅੱਖਾਂ ਨੂੰ ਜਰਾ ਕੁ ਮੀਚਦਿਆਂ ਕਿਸੇ ਅਜਿਹੀ ਔਰਤ ਦਾ ਨਾਮ ਲੈ ਦਿੰਦਾ ਜਿਸਦੇ ਨਾਲ ਦੋਨਾਂ ਦੀ ਵਾਕਿਫ਼ੀ ਹੁੰਦੀ ਅਤੇ ਸਾਫ਼ ਸਾਫ਼ ਓਲਗਾ ਇਵਾਨੋਵਨਾ ਦੀ ਈਰਖਾ ਦਾ ਮਜ਼ਾਕ ਉੱਡਾ ਰਿਹਾ ਹੁੰਦਾ ਅਤੇ ਉਸਨੂੰ ਪਰੇਸ਼ਾਨ ਕਰਨਾ ਚਾਹੁੰਦਾ ਹੁੰਦਾ। ਉਹ ਆਪਣੇ ਬੈੱਡਰੂਮ ਵਿੱਚ ਜਾਕੇ ਲੇਟ ਜਾਂਦੀ, ਗੁੱਸੇ, ਤੌਹੀਨ ਅਤੇ ਸ਼ਰਮ ਦੇ ਮਾਰੇ ਤਕੀਏ ਨੂੰ ਦੰਦੀਆਂ ਵੱਢਣ ਲੱਗਦੀ ਅਤੇ ਜ਼ੋਰ ਜ਼ੋਰ ਨਾਲ ਰੋਣ ਲੱਗਦੀ। ਤੱਦ ਦੀਮੋਵ ਡਰਾਇੰਗਰੂਮ ਵਿੱਚ ਕਰੋਸਤੀਲੇਵ ਨੂੰ ਛੱਡਕੇ ਸ਼ਰਮਾਇਆ ਘਬਰਾਇਆ ਹੋਇਆ ਬੈੱਡਰੂਮ ਵਿੱਚ ਆਉਂਦਾ ਅਤੇ ਹੌਲੀ-ਹੌਲੀ ਕਹਿੰਦਾ:
“ਰੋਣਾ ਨਹੀਂ, ਓਲਗਾ! … ਇਸ ਨਾਲ ਭਲਾ ਕੀ ਮਿਲੇਗਾ? ਤੈਨੂੰ ਤਾਂ ਇਸ ਮਾਮਲੇ ਵਿੱਚ ਚੁੱਪ ਹੀ ਰਹਿਣਾ ਚਾਹੀਦਾ … ਖ਼ਿਆਲ ਰੱਖ ਕਿ ਗੱਲ ਫੈਲੇ ਨਾ … ਜੋ ਕੁੱਝ ਹੋ ਚੁੱਕਿਆ ਹੈ ਉਸਨੂੰ ਹੋਣ ਤੋਂ ਰੋਕਿਆ ਤਾਂ ਜਾ ਨਹੀਂ ਸਕਦਾ।”
ਉਹ ਈਰਖਾ ਦੇ ਉਬਾਲ ਉੱਤੇ, ਜਿਸਦੀ ਤੀਖਣਤਾ ਨਾਲ ਪੁੜਪੁੜੀਆਂ ਫੜਕਣ ਲੱਗਦੀਆਂ ਸਨ, ਕਾਬੂ ਪਾਉਣ ਵਿੱਚ ਨਾਕਾਮ ਰਹਿੰਦੀ। ਅਤੇ ਖ਼ੁਦ ਨੂੰ ਕਹਿੰਦੀ ਕਿ ਅਜੇ ਇੰਨੀ ਦੇਰ ਨਹੀਂ ਹੋਈ ਕਿ ਮਾਮਲੇ ਨੂੰ ਸੁਲਝਾਇਆ ਹੀ ਨਾ ਜਾ ਸਕੇ, ਅੱਥਰੂਆਂ ਨਾਲ ਭਿੱਜੇ ਹੋਏ ਚਿਹਰੇ ਨੂੰ ਧੋਂਦੀ, ਪਾਊਡਰ ਲਗਾਉਂਦੀ ਅਤੇ ਜਲਦੀ ਜਲਦੀ ਉਸ ਔਰਤ ਦੇ ਜਾ ਬਹੁੜਦੀ ਜਿਸਦਾ ਰਿਆਬੋਵਸਕੀ ਨੇ ਨਾਮ ਲਿਆ ਸੀ। ਉੱਥੇ ਉਹ ਨਾ ਮਿਲਦਾ ਤਾਂ ਬੱਘੀ ਵਿੱਚ ਦੂਜੀ ਔਰਤ ਦੇ ਚਲੀ ਜਾਂਦੀ ਫਿਰ ਕਿਸੇ ਤੀਜੀ ਦੇ… ਪਹਿਲਾਂ ਉਸਨੂੰ ਦੂਸਰਿਆਂ ਦੇ ਘਰਾਂ ਦਾ ਇਵੇਂ ਚੱਕਰ ਲਗਾਉਣ ਵਿੱਚ ਸ਼ਰਮ ਮਹਿਸੂਸ ਹੁੰਦੀ ਸੀ, ਲੇਕਿਨ ਛੇਤੀ ਹੀ ਇਸ ਦੀ ਆਦੀ ਹੋ ਗਈ ਅਤੇ ਕਦੇ ਕਦੇ ਤਾਂ ਇੱਕ ਹੀ ਸ਼ਾਮ ਨੂੰ ਰਿਆਬੋਵਸਕੀ ਦੀ ਤਲਾਸ਼ ਵਿੱਚ ਜਾਣ ਪਛਾਣ ਵਾਲੀਆਂ ਸਾਰੀਆਂ ਦੀਆਂ ਔਰਤਾਂ ਦੇ ਹੋ ਆਉਂਦੀ … ਅਤੇ ਉਹ ਸਮਝ ਜਾਂਦੀ ਕਿ ਕ਼ਿੱਸਾ ਕੀ ਹੈ।
ਇੱਕ ਵਾਰ ਉਸਨੇ ਰਿਆਬੋਵਸਕੀ ਨੂੰ ਆਪਣੇ ਪਤੀ ਦੇ ਬਾਰੇ ਕਿਹਾ। “ਇਸ ਸ਼ਖਸ ਦੀ ਵਡੱਤਣ ਮੇਰੇ ਲਈ ਤਸੀਹਾ ਹੈ।”
ਉਨ੍ਹਾਂ ਦੀ ਜ਼ਿੰਦਗੀ ਬੀਤੇ ਸਾਲ ਦੀ ਤਰ੍ਹਾਂ ਹੀ ਚੱਲਦੀ ਰਹੀ। ਹਰ ਬੁੱਧਵਾਰ ਦੀ ਸ਼ਾਮ ਨੂੰ ਉਸੇ ਤਰ੍ਹਾਂ ਪਾਰਟੀਆਂ ਹੁੰਦੀਆਂ ਸਨ। ਉਸੇ ਤਰ੍ਹਾਂ ਐਕਟਰ ਪੜ੍ਹ ਕੇ ਸੁਣਾਉਂਦਾ, ਚਿੱਤਰਕਾਰ ਸਕੈੱਚ ਬਣਾਉਂਦੇ, ਵਾਇਲਨ ਵਾਦਕ ਆਪਣਾ ਸਾਜ਼ ਛੇੜਦਾ, ਗਾਇਕ ਗਾਉਂਦਾ ਅਤੇ ਉਸੇ ਤਰ੍ਹਾਂ ਠੀਕ ਸਾਢੇ ਗਿਆਰਾਂ ਵਜੇ ਖਾਣੇ ਦੇ ਕਮਰੇ ਵਿੱਚ ਜਾਣ ਦਾ ਦਰਵਾਜਾ ਖੁਲਦਾ ਅਤੇ ਦੀਮੋਵ ਮੁਸਕੁਰਾਉਂਦਾ ਹੋਇਆ ਕਹਿੰਦਾ ਸੀ:
“ਤੁਸੀਂ ਲੋਕ ਖਾਣੇ ਲਈ ਤਸ਼ਰੀਫ ਲੈ ਆਓ!”
ਅਤੇ ਓਲਗਾ ਇਵਾਨੋਵਨਾ ਪਹਿਲਾਂ ਹੀ ਦੀ ਤਰ੍ਹਾਂ ਹੁਣ ਵੀ ਵੱਡੇ ਆਦਮੀਆਂ ਨੂੰ ਢੂੰਢਦੀ ਰਹਿੰਦੀ, ਉਨ੍ਹਾਂ ਨੂੰ ਪਾ ਲੈਂਦੀ, ਉਨ੍ਹਾਂ ਤੋਂ ਤਸੱਲੀ ਨਾ ਹੁੰਦੀ ਅਤੇ ਦੂਜੇ ਵੱਡੇ ਆਦਮੀਆਂ ਦੀ ਤਲਾਸ਼ ਦੇ ਆਹਰ ਲੱਗ ਪੈਂਦੀ ਸੀ। ਪਹਿਲਾਂ ਹੀ ਦੀ ਤਰ੍ਹਾਂ ਉਹ ਹੁਣ ਵੀ ਹਰ ਰੋਜ਼ ਦੇਰ ਰਾਤ ਘਰ ਪਰਤਦੀ ਸੀ ਅਤੇ ਬੀਤੇ ਸਾਲ ਹੀ ਦੀ ਤਰ੍ਹਾਂ ਦੀਮੋਵ ਹੁਣ ਵੀ ਉਸ ਦੀ ਵਾਪਸੀ ਦੇ ਵਕਤ ਸੁੱਤਾ ਨਹੀਂ ਹੁੰਦਾ ਸੀ, ਸਗੋਂ ਆਪਣੇ ਅਧਿਅਨ ਦੇ ਕਮਰੇ ਵਿੱਚ ਬੈਠਾ ਕੰਮ ਕਰਦਾ ਮਿਲਦਾ ਸੀ। ਉਹ ਤਿੰਨ ਵਜੇ ਸੌਣ ਲਈ ਪੈਂਦਾ ਅਤੇ ਸਵੇਰੇ ਅੱਠ ਵਜੇ ਜਾਗ ਜਾਂਦਾ ਸੀ।
ਇੱਕ ਸ਼ਾਮ ਨੂੰ ਉਹ ਥੀਏਟਰ ਜਾਣ ਤੋਂ ਪਹਿਲਾਂ ਆਦਮਕੱਦ ਸ਼ੀਸ਼ੇ ਦੇ ਸਾਹਮਣੇ ਆਪਣੇ ਹਾਰ ਸ਼ਿੰਗਾਰ ਦਾ ਆਖ਼ਿਰੀ ਜਾਇਜ਼ਾ ਲੈ ਰਹੀ ਸੀ ਤਾਂ ਡਰੈੱਸ ਕੋਟ ਅਤੇ ਸਫੈਦ ਟਾਈ ਪਹਿਨੀਂ ਦੀਮੋਵ ਬੈੱਡਰੂਮ ਵਿੱਚ ਦਾਖ਼ਲ ਹੋਇਆ। ਉਸਨੇ ਹਲਕਾ ਜਿਹਾ ਮੁਸਕਰਾਂਦੇ ਹੋਏ ਬੀਤੇ ਵਕਤਾਂ ਦੀ ਤਰ੍ਹਾਂ ਖੁਸ਼ੀ ਖੁਸ਼ੀ ਪਤਨੀ ਦੇ ਚਿਹਰੇ ਤੇ ਝਾਤ ਪਾਈ। ਉਸ ਦਾ ਚਿਹਰਾ ਚਮਕ ਰਿਹਾ ਸੀ।
“ਮੈਂ ਆਪਣਾ ਥੀਸਿਸ ਡਿਫੈਂਡ ਕਰਕੇ ਆ ਰਿਹਾ ਹਾਂ।” ਉਸਨੇ ਬੈਠ ਕੇ ਗੋਡੇ ਥਾਪੜਦੇ ਹੋਏ ਕਿਹਾ।
“ਡਿਫੈਂਡ ਕਰਕੇ?”
“ਬਸ ਨਾ ਪੁੱਛ!” ਉਸਨੇ ਹੱਸਦੇ ਹੋਏ ਪਤਨੀ ਦੇ ਚਿਹਰੇ ਦੀ ਝਲਕ ਸ਼ੀਸ਼ੇ ਵਿੱਚ ਦੇਖਣ ਲਈ ਗਰਦਨ ਅੱਗੇ ਕੱਢੀ ਕਿਉਂਕਿ ਉਹ ਹੁਣ ਵੀ ਉਸ ਵੱਲ ਪਿੱਠ ਕੀਤੇ ਖੜੀ ਆਪਣੇ ਵਾਲ ਸੰਵਾਰ ਰਹੀ ਸੀ। “ਬਸ ਨਾ ਪੁੱਛ! ਉਸਨੇ ਇੱਕ ਵਾਰ ਫਿਰ ਕਿਹਾ। “ਕੀ ਤੈਨੂ ਪਤਾ ਹੈ ਕਿ ਬਹੁਤ ਸੰਭਵ ਹੈ ਉਹ ਮੈਨੂੰ ਜਨਰਲ ਪੈਥੋਲੋਜੀ ਵਿਚ ਰੀਡਰਸ਼ਿਪ ਦੀ ਪੇਸ਼ਕਸ਼ ਕਰਨ? ਇਸ ਤਰ੍ਹਾਂ ਜਾਪਦਾ ਹੈ।”
ਦੀਮੋਵ ਦਾ ਖੁਸ਼ੀ ਨਾਲ ਦਮਕਦਾ ਹੋਇਆ ਚਿਹਰਾ ਕਹਿ ਰਿਹਾ ਸੀ ਕਿ ਓਲਗਾ ਇਵਾਨੋਵਨਾ ਅਗਰ ਉਸ ਦੀ ਇਸ ਖੁਸ਼ੀ ਅਤੇ ਸ਼ਾਨਦਾਰ ਕਾਮਯਾਬੀ ਉੱਤੇ ਉਸ ਨਾਲ ਖੁਸ਼ੀ ਮਨਾਏ ਤਾਂ ਉਹ ਉਸ ਦੀਆਂ ਹਾਲ ਦੀਆਂ ਹੀ ਨਹੀਂ ਸਗੋਂ ਭਵਿੱਖ ਦੀਆਂ ਕੋਤਾਹੀਆਂ ਨੂੰ ਵੀ ਮੁਆਫ਼ ਕਰਨ ਨੂੰ, ਸਭ ਕੁੱਝ ਭੁੱਲ ਜਾਣ ਨੂੰ ਤਿਆਰ ਸੀ। ਲੇਕਿਨ ਉਸ ਦੀ ਪਤਨੀ ਨਾ ਰੀਡਰਸ਼ਿਪ ਨੂੰ ਸਮਝ ਸਕੀ ਨਾ ਜਨਰਲ ਪੈਥੋਲੋਜੀ ਨੂੰ ਅਤੇ ਉਂਜ ਵੀ ਉਸਨੂੰ ਡਰ ਸੀ ਕਿ ਥੀਏਟਰ ਜਾਣ ਵਿੱਚ ਦੇਰੀ ਨਾ ਹੋ ਜਾਵੇ। ਇਸ ਲਈ ਉਹ ਚੁੱਪ ਹੀ ਰਹੀ।
ਦੀਮੋਵ ਦੋ ਮਿੰਟ ਹੋਰ ਬੈਠਾ ਰਿਹਾ ਅਤੇ ਫਿਰ ਅਪਰਾਧੀ ਜਿਹੇ ਅੰਦਾਜ਼ ਵਿੱਚ ਮੁਸਕਰਾਉਂਦਾ ਹੋਇਆ ਉੱਥੋਂ ਚਲਾ ਗਿਆ।
( 7 )
ਕਿੰਨਾ ਪਰੇਸ਼ਾਨ ਕਰਨ ਵਾਲਾ ਦਿਨ ਸੀ ਇਹ!
ਦੀਮੋਵ ਦੇ ਸਿਰ ਵਿੱਚ ਤੇਜ਼ ਦਰਦ ਸੀ। ਉਸਨੇ ਨਾ ਨਾਸ਼ਤਾ ਕੀਤਾ ਨਾ ਹਸਪਤਾਲ ਗਿਆ, ਦਿਨ ਭਰ ਆਪਣੇ ਅਧਿਅਨ ਕਮਰੇ ਵਿੱਚ ਸੋਫੇ ਉੱਤੇ ਲਿਟਿਆ ਰਿਹਾ। ਓਲਗਾ ਇਵਾਨੋਵਨਾ ਆਪਣੇ ਰੁਟੀਨ ਦੇ ਮੁਤਾਬਕ ਦੁਪਹਿਰ ਦੇ ਫ਼ੌਰਨ ਹੀ ਬਾਅਦ ਰਿਆਬੋਵਸਕੀ ਦੇ ਸਟੂਡੀਓ ਗਈ ਜਿਸਨੂੰ ਉਸ ਨੇ ਆਪਣਾ ਇੱਕ ਬੇਜਾਨ ਕੁਦਰਤ ਦੇ ਸਿਲਸਿਲੇ ਵਿੱਚ ਬਣਾਇਆ ਹੋਇਆ ਸਕੈੱਚ ਦਿਖਾਉਣਾ ਸੀ ਅਤੇ ਪੁੱਛਣਾ ਸੀ ਕਿ ਉਹ ਬੀਤੇ ਰੋਜ਼ ਉਸ ਦੇ ਘਰ ਕਿਉਂ ਨਹੀਂ ਆਇਆ ਸੀ। ਉਹ ਜਾਣਦੀ ਸੀ ਕਿ ਸਕੈੱਚ ਬਸ ਐਵੇਂ ਜਿਹਾ ਹੈ ਜਿਸਨੂੰ ਉਸਨੇ ਚਿੱਤਰਕਾਰ ਕੋਲ ਜਾਣ ਦੇ ਮਹਿਜ਼ ਬਹਾਨੇ ਦੇ ਤੌਰ ਉੱਤੇ ਬਣਾਇਆ ਸੀ।
ਉਹ ਘੰਟੀ ਬਜਾਏ ਬਿਨਾਂ ਹੀ ਅੰਦਰ ਚਲੀ ਗਈ ਅਤੇ ਅਗਲੇ ਹਿੱਸੇ ਵਿੱਚ ਜਦੋਂ ਜੁੱਤੀਆਂ ਦੇ ਉੱਤੇ ਪਹਿਨਣ ਵਾਲੇ ਰਬੜ ਦੇ ਜੁੱਤੇ (ਗਲੋਸ਼ੇ) ਉਤਾਰ ਰਹੀ ਸੀ ਤਾਂ ਉਸਨੂੰ ਸਟੂਡੀਓ ਵਿੱਚ ਕਦਮਾਂ ਦੀਆਂ ਦੱਬੀਆਂ ਦੱਬੀਆਂ ਆਹਟਾਂ ਅਤੇ ਕਿਸੇ ਔਰਤ ਦੀ ਡਰੈੱਸ ਦੀ ਸਰਸਰਾਹਾਟ ਸੁਣਾਈ ਦਿੱਤੀ। ਉਸਨੇ ਜਲਦੀ ਨਾਲ ਅੰਦਰ ਦੇਖਿਆ ਤਾਂ ਉਸਨੂੰ ਇੱਕ ਭੂਰਾ ਸਾਇਆ ਆਪਣੀ ਹਲਕੀ ਜਿਹੀ ਝਲਕ ਵਿਖਾ ਦੂਜੇ ਹੀ ਪਲ ਇੱਕ ਵੱਡੇ ਸਾਰੇ ਕੈਨਵਸ ਦੇ ਪਿੱਛੇ ਗਾਇਬ ਹੋ ਗਿਆ ਜਿਸ ਉੱਪਰ ਪਈ ਸਿਆਹ ਸੂਤੀ ਚਾਦਰ ਈਜ਼ਲ ਨੂੰ ਢਕਦੀ ਹੋਈ ਫ਼ਰਸ਼ ਤੱਕ ਲਟਕ ਰਹੀ ਸੀ। ਯਕੀਨਨ ਕੋਈ ਔਰਤ ਉੱਥੇ ਜਾ ਕੇ ਲੁੱਕ ਗਈ ਸੀ। ਇਹੀ ਤਾਂ ਉਹ ਜਗ੍ਹਾ ਸੀ ਜਿਸਨੇ ਕਿੰਨੀ ਹੀ ਵਾਰ ਖ਼ੁਦ ਓਲਗਾ ਇਵਾਨੋਵਨਾ ਨੂੰ ਹੋਰਾਂ ਦੀਆਂ ਨਿਗਾਹਾਂ ਤੋਂ ਬਚਣ ਲਈ ਪਨਾਹ ਦਿੱਤੀ ਸੀ।
ਰਿਆਬੋਵਸਕੀ ਨੇ ਜਿਸਦੀ ਬਦਹਵਾਸੀ ਉਸ ਦੇ ਚਿਹਰੇ ਉੱਤੇ ਲਿਖੀ ਹੋਈ ਸੀ, ਆਪਣੇ ਦੋਨੋਂ ਹੱਥ ਉਸ ਦੀ ਤਰਫ਼ ਇਵੇਂ ਫੈਲਾ ਦਿੱਤੇ ਜਿਵੇਂ ਉਸਨੂੰ ਵੇਖਕੇ ਵੱਡੀ ਹੈਰਤ ਹੋਈ ਹੋਵੇ ਅਤੇ ਜਬਰਦਸਤੀ ਮੁਸਕਰਾਂਦੇ ਹੋਏ ਕਿਹਾ:
“ਆ …ਅਹਾ। ਤੁਹਾਡੇ ਆਉਣ ਨਾਲ ਬੜੀ ਖੁਸ਼ੀ ਹੋਈ। ਸੁਣਾ ਕੋਈ ਨਵੀਂ ਵਧੀਆ ਗੱਲ?”
ਓਲਗਾ ਇਵਾਨੋਵਨਾ ਦੀਆਂ ਅੱਖਾਂ ਵਿੱਚ ਅੱਥਰੂਆਂ ਉਮੜ ਆਏ। ਉਹ ਸ਼ਰਮਿੰਦਗੀ ਅਤੇ ਕੁੜੱਤਣ ਮਹਿਸੂਸ ਕਰਦੀ ਅਤੇ ਇਸ ਦੂਜੀ ਔਰਤ ਦੀ, ਇਸ ਆਪਣੀ ਰਕੀਬ ਅਤੇ ਫ਼ਰੇਬੀ ਔਰਤ ਦੀ ਹਾਜ਼ਰੀ ਵਿੱਚ ਜੋ ਉਸ ਵਕਤ ਕੈਨਵਸ ਦੇ ਪਿੱਛੇ ਖੜੀ ਹੋਈ ਯਕੀਨਨ ਚੁਪਕੇ ਚੁਪਕੇ ਹੱਸ ਰਹੀ ਸੀ, ਗੱਲ ਕਰਨ ਨੂੰ ਰਾਜੀ ਨਹੀਂ ਹੋ ਸਕਦੀ ਸੀ ਚਾਹੇ ਉਸਨੂੰ ਕਰੋੜਾਂ ਡਾਲਰ ਦੌਲਤ ਹੀ ਕਿਉਂ ਨੇ ਦੇ ਦਿੱਤੀ ਜਾਂਦੀ।
“ਮੈਂ ਤੁਹਾਨੂੰ ਮਹਿਜ਼ ਆਪਣਾ ਇਹ ਸਕੈੱਚ ਵਿਖਾਉਣ ਲਈ ਆਈ ਹਾਂ …,” ਉਸਨੇ ਕੰਬਦੇ ਹੋਏ ਬੁੱਲ੍ਹਾਂ ਨਾਲ ਤਿੱਖੀ ਸ਼ਰਮੀਲੀ ਆਵਾਜ਼ ਵਿੱਚ ਕਿਹਾ। “ਇਹ ਇੱਕ ਨੇਚਰਮੋਰਟ ਹੈ।”
“ਆ … ਅਹਾ!… ਸਕੈੱਚ?”
ਚਿੱਤਰਕਾਰ ਨੇ ਸਕੈੱਚ ਨੂੰ ਹੱਥ ਵਿੱਚ ਲਿਆ, ਇਸ ਉੱਤੇ ਨਜ਼ਰਾਂ ਗੱਡ ਦਿੱਤੀਆਂ ਅਤੇ ਜਿਵੇਂ ਬਿਲਕੁਲ ਮਕਾਨਕੀ ਤੌਰ ਤੇ ਟਹਿਲਦਾ ਹੋਇਆ ਦੂਜੇ ਕਮਰੇ ਵਿੱਚ ਚਲਾ ਗਿਆ। ਓਲਗਾ ਇਵਾਨੋਵਨਾ ਵੱਡੀ ਆਗਿਆਕਾਰਤਾ ਦੇ ਨਾਲ ਉਸ ਦੇ ਪਿੱਛੇ ਹੋ ਲਈ।
“ਨੇਚਰ ਮੋਰਟ, ਇੱਕ ਨੰਬਰ ਆਹਲਾ!” ਉਹ ਤੁਕਾਂਤ ਮਿਲਾਉਂਦੇ ਹੋਏ ਬੋਲੀ ਗਿਆ, “ਮਾਹਲਾ, … ਗਾਹਲਾ, …ਸਿਹਾਲਾ …”
ਸਟੂਡੀਓ ਦੀ ਤਰਫ਼ ਤੋਂ ਤੇਜ਼ ਤੇਜ਼ ਕਦਮਾਂ ਦੀ ਆਹਟ ਅਤੇ ਸਕਰਟ ਦੀ ਸਰਸਰਾਹਟ ਸੁਣਾਈ ਦਿੱਤੀ। ਇਸ ਦਾ ਮਤਲਬ ਇਹ ਸੀ ਕਿ ਦੂਜੀ ਔਰਤ ਚਲੀ ਗਈ। ਓਲਗਾ ਇਵਾਨੋਵਨਾ ਦਾ ਜੀ ਕੀਤਾ ਕਿ ਉਹ ਜ਼ੋਰ ਜ਼ੋਰ ਨਾਲ ਚੀਖ਼ੇ, ਕੋਈ ਭਾਰੀ ਚੀਜ਼ ਉਠਾ ਕੇ ਰਿਆਬੋਵਸਕੀ ਦੇ ਸਿਰ ਤੇ ਮਾਰੇ ਅਤੇਉਥੋਂ ਭੱਜ ਜਾਵੇ। ਲੇਕਿਨ ਅੱਥਰੂਆਂ ਨੇ ਉਸਨੂੰ ਕੁਝ ਨਾ ਦਿੱਸਣ ਦਿੱਤਾ ਅਤੇ ਸ਼ਰਮ ਨੇ ਉਸਨੂੰ ਬਿਲਕੁਲ ਨਿਢਾਲ ਕਰ ਦਿੱਤਾ ਸੀ ਅਤੇ ਉਸਨੂੰ ਇਵੇਂ ਲੱਗਿਆ ਜਿਵੇਂ ਉਹ ਚਿੱਤਰਕਾਰ ਓਲਗਾ ਇਵਾਨੋਵਨਾ ਨਹੀਂ ਸਗੋਂ ਕੋਈ ਨਿੱਕਾ ਜਿਹਾ ਕੀੜਾ ਮਕੌੜਾ ਹੋਵੇ।
“ਮੈਂ ਥੱਕ ਗਿਆ ਹਾਂ …,” ਚਿੱਤਰਕਾਰ ਨੇ ਸਕੈੱਚ ਨੂੰ ਵੇਖਦੇ ਹੋਏ ਅਤੇ ਆਪਣੀ ਥਕਾਵਟ ਨੂੰ ਸਿਰ ਦੇ ਝਟਕੇ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਲਸਾਏ ਜਿਹੇ ਲਹਿਜੇ ਵਿੱਚ ਕਿਹਾ। “ਬੇਸ਼ੱਕ ਇਹ ਬੜਾ ਵਧੀਆ ਹੈ ਲੇਕਿਨ ਇੱਕ ਇਹ ਸਕੈੱਚ ਅੱਜ ਹੈ, ਇੱਕ ਬੀਤੇ ਸਾਲ ਸੀ ਅਤੇ ਮਹੀਨੇ ਭਰ ਬਾਅਦ ਇੱਕ ਹੋਰ ਤਿਆਰ ਹੋ ਜਾਵੇਗਾ। ਇਨ੍ਹਾਂ ਤੋਂ ਤੈਨੂੰ ਅਕੇਵਾਂ ਨਹੀਂ ਮਹਿਸੂਸ ਹੁੰਦਾ?” ਤੁਹਾਡੀ ਜਗ੍ਹਾ ਮੈਂ ਹੁੰਦਾ ਤਾਂ ਚਿੱਤਰਕਾਰੀ ਨੂੰ ਲੱਤ ਮਾਰ ਕੇ ਸੰਗੀਤ ਜਾਂ ਹੋਰ ਕਿਸੇ ਚੀਜ਼ ਨੂੰ ਗੰਭੀਰਤਾ ਨਾਲ ਆਪਣਾ ਲੈਂਦਾ। ਦਰਅਸਲ ਤੁਸੀਂ ਚਿੱਤਰਕਾਰ ਨਹੀਂ ਹੋ, ਤੁਸੀਂ ਤਾਂ ਸੰਗੀਤਕਾਰ ਹੋ। ਖੈਰ, ਕਾਸ਼ ਤੁਹਾਨੂੰ ਪਤਾ ਹੁੰਦਾ ਕਿ ਮੈਂ ਕਿੰਨਾ ਥੱਕ ਚੁੱਕਿਆ ਹਾਂ। ਮੈਂ ਚਾਹ ਲਈ ਕਹਿੰਦਾ ਹਾਂ … ਠੀਕ ਹੈ ਨਾ?”
ਉਹ ਕਮਰੇ ਤੋਂ ਬਾਹਰ ਨਿਕਲ ਗਿਆ ਅਤੇ ਓਲਗਾ ਇਵਾਨੋਵਨਾ ਨੇ ਸੁਣਿਆ ਕਿ ਉਹ ਆਪਣੇ ਨੌਕਰ ਨੂੰ ਕੁੱਝ ਕਹਿ ਰਿਹਾ ਹੈ। ਉਹ ਵਿਦਾਇਗੀ ਲੈਣ ਤੋਂ, ਤੂੰ ਤਾਂ ਮੈਂ ਮੈਂ ਦੀ ਨੌਬਤ ਆਉਣ ਤੋਂ ਅਤੇ ਖਾਸ ਤੌਰ ਤੇ ਖ਼ੁਦ ਆਪਣੇ ਫੁੱਟ ਫੁੱਟ ਕੇ ਰੋ ਪੈਣ ਤੋਂ ਬਚਣ ਲਈ ਕਮਰੇ ਵਿੱਚੋਂ ਭੱਜਦੀ ਹੋਈ ਘਰ ਦੇ ਅਗਲੇ ਹਿੱਸੇ ਵਿੱਚ ਪਹੁੰਚੀ ਅਤੇ ਰਿਆਬੋਵਸਕੀ ਦੇ ਵਾਪਸ ਪਰਤਣ ਤੋਂ ਪਹਿਲਾਂ, ਗਲੋਸ਼ੇ ਚੜ੍ਹਾ ਕੇ ਬਾਹਰ ਨਿਕਲ ਆਈ।
ਸੜਕ ਉੱਤੇ ਪਹੁੰਚਦੇ ਹੀ ਉਸਨੇ ਇਹ ਮਹਿਸੂਸ ਕਰਦੇ ਹੋਏ ਵੱਧ ਮੋਕਲੀ ਅਜ਼ਾਦੀ ਦੇ ਨਾਲ ਸਾਹ ਲਿਆ ਕਿ ਉਹ ਰਿਆਬੋਵਸਕੀ ਤੋਂ, ਚਿੱਤਰਕਾਰੀ ਤੋਂ ਅਤੇ ਉਸ ਬਰਦਾਸ਼ਤ ਤੋਂ ਪਰੇ ਸ਼ਰਮਿੰਦਗੀ ਤੋਂ ਜੋ ਉਸ ਨੂੰ ਸਟੂਡੀਓ ਵਿੱਚ ਝਲਣੀ ਪਈ ਸੀ, ਛੁਟਕਾਰਾ ਪਾ ਚੁੱਕੀ ਸੀ, ਹਮੇਸ਼ਾ ਹਮੇਸ਼ਾ ਦੇ ਲਈ। ਸਾਰਾ ਕ਼ਿੱਸਾ ਖ਼ਤਮ ਹੋ ਚੁੱਕਿਆ ਸੀ।
ਉਹ ਆਪਣੀ ਦਰਜ਼ਨ ਦੇ ਗਈ, ਫਿਰ ਬਾਰਨਾਏ (ਲੁਡਵਿਗ ਬਾਰਨਾਏ ਇੱਕ ਜਰਮਨ ਕਲਾਕਾਰ ਸੀ) ਦੇ ਜੋ ਬੀਤੇ ਰੋਜ ਹੀ ਵਾਪਸ ਪਰਤਿਆ ਸੀ ਅਤੇ ਬਾਰਨਾਏ ਦੇ ਕੋਲੋਂ ਸਾਜ਼ਾਂ ਦੀ ਇੱਕ ਦੁਕਾਨ ਵਿੱਚ। ਇਸ ਦੌਰਾਨ ਉਹ ਲਗਾਤਾਰ ਰਿਆਬੋਵਸਕੀ ਦੇ ਨਾਮ ਨਿੱਜੀ ਗੌਰਵ ਨਾਲ ਭਰੇ ਆਪਣੇ ਖ਼ਤ ਦੇ ਬਾਰੇ ਵਿੱਚ ਸੋਚਦੀ ਰਹੀ ਜਿਸ ਵਿੱਚ ਉਸਨੇ ਸਖ਼ਤ ਅਤੇ ਬੇਕਿਰਕ ਅੰਦਾਜ਼ ਵਿੱਚ ਖਰੀਆਂ ਖਰੀਆਂ ਸੁਨਾਣ ਦਾ ਫੈਸਲਾ ਕੀਤਾ ਸੀ। ਦੀਮੋਵ ਦੇ ਨਾਲ ਕਰੀਮਿਆ ਜਾਣ ਦਾ ਖ਼ਿਆਲ ਵੀ ਉਸ ਦੇ ਮਨ ਵਿੱਚ ਮੰਡਲਾਉਂਦਾ ਰਿਹਾ ਜਿੱਥੇ ਉਹ ਅਤੀਤ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਇਰਾਦਾ ਰੱਖਦੀ ਸੀ।
ਰਾਤ ਨੂੰ ਉਹ ਕਾਫ਼ੀ ਦੇਰ ਨਾਲ ਘਰ ਮੁੜੀ ਲੇਕਿਨ ਡਰੈੱਸ ਤਬਦੀਲ ਕਰਨ ਲਈ ਆਪਣੇ ਕਮਰੇ ਵਿੱਚ ਜਾਣ ਦੀ ਬਜਾਏ ਖ਼ਤ ਲਿਖਣ ਲਈ ਸਿੱਧੀ ਡਰਾਇੰਗਰੂਮ ਵਿੱਚ ਚਲੀ ਗਈ। ਉਸਨੇ ਸੋਚਿਆ ਕਿ ਰਿਆਬੋਵਸਕੀ ਨੇ ਕਿਹਾ ਸੀ ਕਿ ਉਹ ਚਿੱਤਰਕਾਰ ਨਹੀਂ ਹੈ ਤਾਂ ਹੁਣ ਉਹ ਉਸਨੂੰ ਮੁੰਹ ਤੋੜ ਜਵਾਬ ਦਿੰਦੇ ਹੋਏ ਲਿਖੇਗੀ ਕਿ ਉਹ ਖ਼ੁਦ ਇੱਕ ਹੀ ਤਸਵੀਰ ਹਰ ਸਾਲ ਬਣਾਉਂਦਾ ਹੈ, ਕੁਝ ਘਸੀਆਂ ਪਿਟੀਆਂ ਗੱਲਾਂ ਹਨ ਜਿਨ੍ਹਾਂ ਦੀ ਹਰ ਰੋਜ਼ ਰੱਟ ਲਾਉਂਦਾ ਰਹਿੰਦਾ ਹੈ, ਉਹ ਖੜੋਤ ਦਾ ਸ਼ਿਕਾਰ ਹੋ ਚੁੱਕਿਆ ਹੈ ਅਤੇ ਹੁਣ ਉਸ ਦੀ ਕਿਸੇ ਹੋਰ ਕਾਮਯਾਬੀ ਦਾ ਸਵਾਲ ਹੀ ਨਹੀਂ ਉੱਠਦਾ। ਉਹ ਇਹ ਵਾਧਾ ਕਰਨ ਦਾ ਵੀ ਮਨ ਬਣਾ ਰਹੀ ਸੀ ਕਿ ਇਹ ਖ਼ੁਦ ਉਸ ਦੀ ਖ਼ਾਸੀਅਤ ਦੀ ਸ਼ਾਨਦਾਰ ਪਰੇਰਨਾ ਸੀ ਜਿਸਨੇ ਰਿਆਬੋਵਸਕੀ ਨੂੰ ਰਿਆਬੋਵਸਕੀ ਬਣਾਇਆ ਅਤੇ ਇਸ ਸ਼ਾਨਦਾਰ ਪਰੇਰਨਾ ਨੂੰ ਤਰ੍ਹਾਂ ਤਰ੍ਹਾਂ ਦੇ ਸ਼ੱਕੀ ਵਿਅਕਤੀਆਂ ਨੇ ਜਿਹੋ ਜਿਹੀ ਇੱਕ ਅੱਜ ਕੈਨਵਸ ਦੇ ਪਿੱਛੇ ਛੁਪ ਗਈ ਸੀ, ਮਨਫ਼ੀ ਕਰ ਦਿੱਤਾ ਸੀ।
“ਓਲਗਾ!” ਦੀਮੋਵ ਨੇ ਆਪਣੇ ਅਧਿਅਨ ਕਮਰੇ ਵਲੋਂ ਦਰਵਾਜਾ ਖੋਲ੍ਹੇ ਬਿਨਾਂ ਆਵਾਜ਼ ਦਿੱਤੀ।
“ਓਲਗਾ!”
“ਕੀ ਹੈ!”
“ਮੇਰੇ ਨੇੜੇ ਨਾ ਆਉਣਾ, ਓਲਗਾ, ਬਸ ਦਰਵਾਜੇ ਦੇ ਕੋਲ ਆ ਜਾ۔ ਇਹ ਠੀਕ ਹੈ … ਅੱਜ ਤੀਜਾ ਦਿਨ ਹੈ ਕਿ ਮੈਨੂੰ ਹਸਪਤਾਲ ਵਿੱਚ ਡਿਫਥੀਰੀਆ ਲੱਗ ਗਿਆ ਅਤੇ … ਮੇਰੀ ਤਬੀਅਤ ਬਹੁਤ ਖ਼ਰਾਬ ਹੋ ਰਹੀ ਹੈ। ਕਰੋਸਤੀਲੇਵ ਨੂੰ ਬੁਲਾ ਲੈ।”
ਓਲਗਾ ਇਵਾਨੋਵਨਾ ਆਪਣੇ ਸਾਰੇ ਮਰਦ ਦੋਸਤਾਂ ਦੀ ਤਰ੍ਹਾਂ ਪਤੀ ਨੂੰ ਵੀ ਉਸ ਦੇ ਖ਼ਾਨਦਾਨੀ ਨਾਮ ਨਾਲ ਬੁਲਾਇਆ ਕਰਦੀ ਸੀ। ਉਸ ਦੇ ਪਤੀ ਦਾ ਨਾਮ ਓਸਿਪ ਸੀ ਜਿਸਨੂੰ ਉਹ ਉੱਕਾ ਪਸੰਦ ਨਹੀਂ ਕਰਦੀ ਸੀ ਕਿਉਂਕਿ ਇਹ ਨਾਮ ਉਸਨੂੰ ਗੋਗੋਲ ਦੇ ਪਾਤਰ ਓਸਿਪ ਦੀ ਯਾਦ ਦਵਾਉਂਦਾ ਸੀ ਜਿਸਦਾ ਸ਼ਬਦੀ ਅਰਥ ਖਰਵਾ ਵੀ ਹੁੰਦਾ ਹੈ। ਲੇਕਿਨ ਇਸ ਵਕਤ ਉਹ ਕਹਿ ਉੱਠੀ:
“ਨਹੀਂ ਓਸਿਪ, ਇਹ ਸੱਚ ਨਹੀਂ ਹੋ ਸਕਦਾ!”
“ਤੂੰ ਉਨ੍ਹਾਂ ਨੂੰ ਬੁਲਾ ਲੈ ਮੇਰੀ ਹਾਲਤ ਠੀਕ ਨਹੀਂ … “ ਦੀਮੋਵ ਨੇ ਕਮਰੇ ਦੇ ਅੰਦਰੋਂ ਕਿਹਾ ਅਤੇ ਓਲਗਾ ਇਵਾਨੋਵਨਾ ਨੂੰ ਉਸ ਦੇ ਸੋਫੇ ਤੱਕ ਜਾਣ ਅਤੇ ਉਸ ਉੱਤੇ ਲਿਟਣ ਦੀਆਂ ਆਵਾਜਾਂ ਸੁਣਾਈ ਦਿੱਤੀਆਂ। “ਉਨ੍ਹਾਂ ਨੂੰ ਬੁਲਾ ਲੈ!” ਦੀਮੋਵ ਦੀ ਆਵਾਜ਼ ਉਸਨੂੰ ਖੋਖਲੀ ਜਿਹੀ ਲੱਗੀ।
“ਕੀ ਇਹ ਘਾਤਕ ਹੋ ਸਕਦਾ ਹੈ?” ਇਹ ਸੋਚਦਿਆਂ ਓਲਗਾ ਇਵਾਨੋਵਨਾ ਤੇ ਹੌਲ ਜਿਹਾ ਪੈ ਗਿਆ। “ਓਏ ਰੱਬਾ!”
ਉਹ ਬਿਨਾਂ ਇਹ ਜਾਣਦੇ ਹੋਏ ਕਿ ਅਜਿਹਾ ਕਿਓਂ ਕਰ ਰਹੀ ਹੈ, ਮੋਮਬੱਤੀ ਬਾਲ ਕੇ ਆਪਣੀ ਬੈੱਡਰੂਮ ਵਿੱਚ ਲੈ ਗਈ ਅਤੇ ਸੋਚਣ ਲੱਗੀ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ। ਇੰਨੇ ਵਿੱਚ ਉਸ ਦੀ ਨਜ਼ਰ ਸ਼ੀਸ਼ੇ ਵਿੱਚ ਆਪਣੀ ਸ਼ਕਲ ਉੱਤੇ ਪਈ। ਪੀਲਾ ਪੀਲਾ ਸਹਿਮਿਆ-ਸਹਿਮਿਆ ਜਿਹਾ ਚਿਹਰਾ, ਉੱਚੀਆਂ ਫੁੱਲੀਆਂ ਫੁੱਲੀਆਂ ਜਿਹੀਆਂ ਆਸਤੀਨਾਂ ਅਤੇ ਹਿੱਕ ਉੱਤੇ ਪੀਲੇ ਕੱਪੜੇ ਦੇ ਫੂੰਦੇ ਅਤੇ ਕਾਟੀਦਾਰ ਪੱਟੀਆਂ ਵਾਲੀ ਸਕਰਟ। ਉਸਨੇ ਖ਼ੁਦ ਨੂੰ ਅਜਿਹੇ ਭਿਆਨਕ ਅਤੇ ਖੌਫਨਾਕ ਚਿਹਰੇ ਵਾਲੇ ਜਣੇ ਦੇ ਰੂਪ ਵਿੱਚ ਵੇਖਿਆ ਜਿਸ ਨਾਲ ਨਫ਼ਰਤ ਆਉਂਦੀ ਹੋਵੇ। ਉਸਨੇ ਆਪਣੇ ਸੀਨੇ ਵਿੱਚ ਦੀਮੋਵ ਦੇ ਲਈ, ਉਸ ਬੇਪਨਾਹ ਮੁਹੱਬਤ ਲਈ ਜੋ ਦੀਮੋਵ ਉਸ ਨਾਲ ਕਰਦਾ ਸੀ, ਦੀਮੋਵ ਦੀ ਜਵਾਨ ਜ਼ਿੰਦਗੀ ਲਈ ਅਤੇ ਇਥੋਂ ਤੱਕ ਕਿ ਉਸ ਦੇ ਖ਼ਾਲੀ ਬੈੱਡ ਲਈ ਜਿਸ ਉੱਤੇ ਉਹ ਪਤਾ ਨਹੀਂ ਕਦੋਂ ਤੋਂ ਨਹੀਂ ਸੁੱਤਾ ਸੀ, ਬੇਪਨਾਹ ਹਮਦਰਦੀ ਅਤੇ ਅਫ਼ਸੋਸ ਦੇ ਜਜ਼ਬਾਤ ਉਮੜਦੇ ਮਹਿਸੂਸ ਕੀਤੇ। ਅਤੇ ਉਸ ਨੂੰ ਉਸ ਦੀ ਆਦਤਨ, ਕੋਮਲ ਅਤੇ ਸਮਰਪਿਤ ਮੁਸਕਰਾਹਟ ਦੀ ਯਾਦ ਆਈ ਜੋ ਹਮੇਸ਼ਾ ਦੀਮੋਵ ਦੇ ਹੋਠਾਂ ਉੱਤੇ ਤਾਰੀ ਰਹਿੰਦੀ ਸੀ। ਉਹ ਫੁੱਟ ਫੁੱਟ ਕੇ ਰੋਣ ਲੱਗੀ। ਫਿਰ ਉਸਨੇ ਕਰੋਸਤੀਲੇਵ ਨੂੰ ਬੁਲਾਣ ਲਈ ਮਿੰਨਤ ਭਰੀ ਚਿੱਠੀ ਲਿਖੀ। ਹੁਣ ਰਾਤ ਦੇ ਦੋ ਵਜ ਚੁੱਕੇ ਸਨ।
( 8 )
ਸਵੇਰ ਦੇ ਸੱਤ ਵਜੇ ਦੇ ਫ਼ੌਰਨ ਹੀ ਬਾਅਦ ਉਹ ਉਨੀਂਦੀ ਹੋਣ ਕਰਕੇ ਬੋਝਲ ਜਿਹੇ ਸਿਰ, ਉਲਝੇ ਵਾਲਾਂ ਅਤੇ ਚਿਹਰੇ ਉੱਤੇ ਅਪਰਾਧੀ ਅਹਿਸਾਸ ਦੀ ਛਾਪ ਦੇ ਨਾਲ ਖ਼ਾਸੀ ਰੁੱਖੀ ਰੁੱਖੀ ਜਿਹੀ ਲੱਗਦੀ ਸੀ। ਉਹ ਆਪਣੇ ਬੈੱਡਰੂਮ ਵਿੱਚੋਂ ਨਿਕਲੀ ਤਾਂ ਫਲੈਟ ਦੇ ਅਗਲੇ ਹਿੱਸੇ ਵਿੱਚ ਕਾਲੀ ਦਾੜ੍ਹੀ ਵਾਲਾ ਸ਼ਖਸ ਜੋ ਨਿਰਸੰਦੇਹ ਕੋਈ ਡਾਕਟਰ ਸੀ, ਉਸ ਦੇ ਕੋਲੋਂ ਲੰਘਿਆ। ਚਾਰੇ ਪਾਸੇ ਦਵਾਈਆਂ ਦੀ ਬੂ ਫੈਲੀ ਹੋਈ ਸੀ। ਕਰੋਸਤੀਲੇਵ ਅਧਿਅਨ ਦੇ ਕਮਰੇ ਦੇ ਦਰਵਾਜੇ ਦੇ ਕੋਲ ਖੜਾ ਆਪਣੀ ਖੱਬੀ ਮੁੱਛ ਨੂੰ ਸੱਜੇ ਹੱਥ ਨਾਲ ਨੋਚ ਰਿਹਾ ਸੀ।
“ਮੁਆਫ਼ ਕਰਨਾ ਜੀ, ਮੈਂ ਤੁਹਾਨੂੰ ਉਨ੍ਹਾਂ ਦੇ ਕੋਲ ਨਹੀਂ ਜਾਣ ਦੇਵਾਂਗਾ,” ਉਸਨੇ ਓਲਗਾ ਇਵਾਨੋਵਨਾ ਨੂੰ ਰੁਖਾਈ ਦੇ ਨਾਲ ਕਿਹਾ। “ਰੋਗ ਲੱਗ ਜਾਣ ਦਾ ਖਤਰਾ ਹੈ। ਉਂਜ ਵੀ ਤੁਹਾਡਾ ਉਨ੍ਹਾਂ ਦੇ ਕੋਲ ਜਾਣਾ ਬੇਕਾਰ ਹੋਵੇਗਾ। ਉਹ ਆਪਣੇ ਹੋਸ਼ ਵਿੱਚ ਨਹੀਂ ਹਨ।“
“ਤਾਂ ਕੀ ਇਹ ਡਿਫਥੀਰਿਆ ਹੀ ਹੈ?” ਓਲਗਾ ਇਵਾਨੋਵਨਾ ਨੇ ਚੁਪਕੇ ਜਿਹੇ ਪੁੱਛਿਆ।
“ਮੇਰੀ ਵਾਹ ਚਲੇ ਤਾਂ ਇਨ੍ਹਾਂ ਸਭਨਾਂ ਨੂੰ ਅੰਦਰ ਕਰਾ ਦੇਵਾਂ ਜਿਹੜੇ ਮੱਲੋਮੱਲੀ ਖ਼ਤਰਾ ਮੁੱਲ ਲੈਂਦੇ ਹਨ।“ ਕਰੋਸਤੀਲੇਵ ਉਸ ਦੇ ਸਵਾਲ ਦਾ ਜਵਾਬ ਨਾ ਦਿੰਦੇ ਹੋਏ ਬੜਬੜਾਇਆ। “ਤੁਹਾਨੂੰ ਪਤਾ ਹੈ ਕਿ ਉਨ੍ਹਾਂ ਨੂੰ ਇਹ ਰੋਗ ਕਿਵੇਂ ਲੱਗਿਆ? ਉਨ੍ਹਾਂ ਨੇ ਮੰਗਲਵਾਰ ਨੂੰ ਡਿਫਥੀਰਿਆ ਨਾਲ ਪੀੜਿਤ ਇੱਕ ਛੋਟੇ ਮੁੰਡੇ ਦੇ ਹਲਕ ਵਿੱਚੋਂ ਪਿਪਟ ਰਾਹੀਂ ਬਲਗਮ ਚੂਸ ਰਿਹਾ ਸੀ। ਅਤੇ ਭਲਾ ਕਾਹਦੇ ਲਈ? ਸਰਾਸਰ ਹਿਮਾਕਤ, ਨਿਰੀ ਬੇਅਕਲੀ!”
“ਕੀ ਇਹ ਬਹੁਤ ਖਤਰਨਾਕ ਹੈ?” ਓਲਗਾ ਇਵਾਨੋਵਨਾ ਨੇ ਪੁੱਛਿਆ।
“ਹਾਂ, ਇਹ ਲੋਕ ਕਹਿੰਦੇ ਹਨ ਕਿ ਹਾਲਤ ਬਹੁਤ ਖ਼ਰਾਬ ਹੈ। ਹੁਣ ਸਾਨੂੰ ਸ਼ਿਰਕ ਨੂੰ ਬੁਲਵਾਉਣਾ ਚਾਹੀਦਾ ਹੈ।”
ਲਾਲ ਵਾਲਾਂ, ਲੰਮੀ ਜਿਹੀ ਨੱਕ ਅਤੇ ਯਹੂਦੀ ਲਹਿਜੇ ਦਾ ਇੱਕ ਮਧਰਾ ਆਦਮੀ ਅੰਦਰ ਆਇਆ, ਉਸ ਦੇ ਬਾਅਦ ਉਲਝੇ ਹੋਏ ਵਾਲਾਂ ਵਾਲਾ ਇੱਕ ਲੰਮਾ ਅਤੇ ਕੁੱਬਾ ਜਿਹਾ ਸ਼ਖਸ ਜੋ ਕੋਈ ਆਰਚ ਡੇੱਕਨ ਲੱਗਦਾ ਸੀ ਅਤੇ ਫਿਰ ਲਾਲ ਚਿਹਰੇ ਅਤੇ ਗਠੇ ਹੋਏ ਜਿਸਮ ਦਾ ਇੱਕ ਮੁਕਾਬਲਤਨ ਜਵਾਨ ਆਦਮੀ ਜਿਸਨੇ ਐਨਕ ਲਗਾਈ ਹੋਈ ਸੀ। ਇਹ ਤਿੰਨੋਂ ਡਾਕਟਰ ਸਨ ਜੋ ਆਪਣੇ ਸਾਥੀ ਦੇ ਬੈੱਡ ਦੇ ਕੋਲ ਵਾਰੀ ਵਾਰੀ ਬੈਠਣ ਲਈ ਆਏ ਸਨ। ਕਰੋਸਤੀਲੇਵ ਜੋ ਆਪਣੀ ਵਾਰੀ ਖ਼ਤਮ ਹੋਣ ਦੇ ਬਾਅਦ ਘਰ ਨਹੀਂ ਗਿਆ ਸੀ, ਕਮਰਿਆਂ ਵਿੱਚ ਭੂਤ ਦੀ ਤਰ੍ਹਾਂ ਮੰਡਲਾ ਰਿਹਾ ਸੀ। ਨੌਕਰਾਣੀ ਡਾਕਟਰਾਂ ਲਈ ਚਾਹ ਬਣਾਉਂਦੀ ਅਤੇ ਜਲਦੀ ਜਲਦੀ ਦਵਾਈਆਂ ਦੀ ਦੁਕਾਨ ਤੇ ਜਾਂਦੀ ਰਹਿੰਦੀ ਸੀ। ਇਸ ਲਈ ਕਮਰਿਆਂ ਦੀ ਸਫਾਈ ਕਰਨ ਵਾਲਾ ਕੋਈ ਨਹੀਂ ਸੀ। ਫ਼ਲੈਟ ਵਿੱਚ ਬੇਚੈਨੀ-ਭਰਿਆ ਸੰਨਾਟਾ ਛਾਇਆ ਹੋਇਆ ਸੀ।
ਓਲਗਾ ਇਵਾਨੋਵਨਾ ਆਪਣੇ ਬੈੱਡਰੂਮ ਵਿੱਚ ਬੈਠ ਕੇ ਸੋਚਣ ਲੱਗੀ ਕਿ ਖ਼ੁਦ ਉਸਨੂੰ ਪਤੀ ਨਾਲ ਬੇਵਫ਼ਾਈ ਕਰਨ ਦਾ ਡੰਨ ਦੇ ਰਿਹਾ ਸੀ। ਉਹ ਚੁੱਪਚਾਪ, ਕਦੇ ਸ਼ਿਕਾਇਤ ਜ਼ਬਾਨ ਉੱਤੇ ਨਾ ਲਿਆਉਣ ਵਾਲਾ, ਹਰ ਗੱਲ ਨੂੰ ਸੌਖ ਨਾਲ ਮੰਨ ਲੈਣ ਵਾਲਾ, ਨਾ ਸਮਝਿਆ ਗਿਆ ਇਹ ਸ਼ਖਸ ਜਿਸਦੀ ਸਾਰੀ ਸ਼ਖ਼ਸੀਅਤ ਉਸਦੀ ਨਰਮਾਈ ਨੇ ਲੁੱਟ ਲਈ ਸੀ ਅਤੇ ਬਹੁਤ ਜ਼ਿਆਦਾ ਦਿਆਲਤਾ ਦੇ ਕਾਰਨ ਉਸਦੀ ਆਪਣੀ ਮਰਜ਼ੀ ਬਹੁਤ ਕਮਜ਼ੋਰ ਹੋ ਗਈ ਸੀ, ਉਸ ਵਕਤ ਸੋਫੇ ਉੱਤੇ ਲਿਟਿਆ ਹੋਇਆ ਸਾਰੀਆਂ ਵਧੀਕੀਆਂ ਨੂੰ ਬਿਨਾਂ ਕਿਸੇ ਸ਼ਿਕਾਇਤ ਦੇ ਖ਼ਾਮੋਸ਼ੀ ਨਾਲ ਭੁਗਤ ਰਿਹਾ ਸੀ। ਜੇਕਰ ਉਸਨੇ ਬੇਹੋਸ਼ੀ ਵਿੱਚ ਵੀ ਸ਼ਿਕਵਾ ਕੀਤਾ ਹੁੰਦਾ ਤਾਂ ਉਸ ਦੀ ਹਾਲਤ ਉੱਤੇ ਨਜ਼ਰ ਰੱਖਣ ਵਾਲੇ ਇਹ ਡਾਕਟਰ ਝੱਟ ਤਾੜ ਲੈਂਦੇ ਕਿ ਕਸੂਰ ਸਿਰਫ ਡਿਫਥੀਰਿਆ ਦਾ ਹੀ ਨਹੀਂ ਸੀ। ਉਨ੍ਹਾਂ ਨੇ ਜਰੂਰ ਕਰੋਸਤੀਲੇਵ ਨੂੰ ਪੁੱਛਿਆ ਹੁੰਦਾ ਜਿਸ ਕੋਲੋਂ ਕੁੱਝ ਲੁੱਕਿਆ ਨਹੀਂ ਸੀ ਅਤੇ ਜੋ ਆਪਣੇ ਦੋਸਤ ਦੀ ਪਤਨੀ ਨੂੰ ਅਜਿਹੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਜੋ ਕਹਿ ਰਹੀਆਂ ਜਾਪਦੀਆਂ ਸਨ ਕਿ ਸਭ ਕੁੱਝ ਪਤਨੀ ਹੀ ਦਾ ਕੀਤਾ ਕਰਿਆ ਹੈ। ਡਿਫਥੀਰਿਆ ਨੇ ਤਾਂ ਜੁਰਮ ਵਿੱਚ ਮਹਿਜ਼ ਉਸਦਾ ਸਾਥ ਹੀ ਦਿੱਤਾ ਸੀ। ਉਹ ਵੋਲਗਾ ਦੇ ਕੰਢੇ ਦੀ ਚਾਂਦਨੀ ਰਾਤ ਨੂੰ,ਮੁਹੱਬਤ ਦੀਆਂ ਗੱਲਾਂ ਨੂੰ ਅਤੇ ਸਰਕੰਡੇ ਦੇ ਕੱਚੇ ਘਰ ਵਿੱਚ ਗੁਜ਼ਾਰੀ ਹੋਈ ਰੋਮਾਂਟਿਕ ਜ਼ਿੰਦਗੀ ਨੂੰ ਯਾਦ ਨਹੀਂ ਸੀ ਕਰ ਰਹੀ। ਹੁਣ ਤਾਂ ਉਸਨੂੰ ਸਿਰਫ ਇਹ ਯਾਦ ਆ ਰਿਹਾ ਸੀ ਕਿ ਉਸਨੇ ਐਵੇਂ ਹੀ ਮਹਿਜ਼ ਮਨਮੌਜੀਪਣੇ ਅਤੇ ਆਪਣੀ ਹਵਸ ਖ਼ਾਤਰ ਕਿਸੇ ਗੰਦੇ ਅਤੇ ਚਿਪਚਿਪੇ ਚਿੱਕੜ ਵਿੱਚ ਛਾਲ ਮਾਰ ਦਿੱਤੀ ਸੀ ਅਤੇ ਲੱਖ ਧੋਣ ਤੇ ਵੀ ਹੁਣ ਕਦੇ ਆਪਣੇ ਆਪ ਨੂੰ ਪਾਕ ਸਾਫ਼ ਨਹੀਂ ਕਰ ਸਕੇਗੀ।
“ਮੈਂ ਵੀ ਕੈਸੀ ਖੌਫਨਾਕ ਝੂਠੀ ਨਿਕਲੀ!” ਉਸਨੇ ਆਪਣੀ ਅਤੇ ਰਿਆਬੋਵਸਕੀ ਦੀ ਪਰੇਸ਼ਾਨ ਮੁਹੱਬਤ ਨੂੰ ਯਾਦ ਕਰਦੇ ਹੋਏ ਖ਼ੁਦ ਨੂੰ ਕਿਹਾ। “ਲਾਹਨਤ ਪਏ ਇਸ ਸਭ ਨੂੰ!…”
ਚਾਰ ਵਜੇ ਉਹ ਕਰੋਸਤੀਲੇਵ ਦੇ ਨਾਲ ਡਿਨਰ ਲਈ ਬੈਠੀ। ਡਾਕਟਰ ਨੇ ਖਾਣੇ ਨੂੰ ਹੱਥ ਤੱਕ ਨਾ ਲਗਾਇਆ, ਸਿਰਫ ਹਲਕੀ ਲਾਲ ਸ਼ਰਾਬ ਪੀਤੀ ਅਤੇ ਨੱਕ ਬੁੱਲ੍ਹ ਅਟੇਰਦਾ ਰਿਹਾ। ਉਹ ਵੀ ਕੁੱਝ ਖਾ ਨਾ ਸਕੀ। ਬੈਠੀ ਹੋਈ ਚੁੱਪਚਾਪ ਦੁਆ ਮੰਗਦੀ ਅਤੇ ਖ਼ੁਦਾ ਨਾਲ ਵਾਅਦਾ ਕਰਦੀ ਰਹੀ ਕਿ ਦੀਮੋਵ ਜੇਕਰ ਅੱਛਾ ਹੋ ਗਿਆ ਤਾਂ ਦੁਬਾਰਾ ਉਸ ਨਾਲ ਮੁਹੱਬਤ ਕਰੇਗੀ ਅਤੇ ਵਫ਼ਾਦਾਰ ਪਤਨੀ ਸਾਬਤ ਹੋਵੇਗੀ। ਫਿਰ ਉਹ ਆਪਣੇ ਸਿਰ ਉੱਤੇ ਮੰਡਲਾਉਂਦੀ ਹੋਈ ਮੁਸੀਬਤ ਨੂੰ ਪਲ ਭਰ ਲਈ ਭੁੱਲ ਕੇ ਕਰੋਸਤੀਲੇਵ ਨੂੰ ਵੇਖਦੀ ਅਤੇ ਹੈਰਤ ਵਿੱਚ ਪੈ ਜਾਂਦੀ, “ਅਜਿਹਾ ਮਾਮੂਲੀ, ਅਜਿਹਾ ਗੁੰਮ ਜਿਹਾ ਆਦਮੀ, ਉਤੋਂ ਝੁਰੜਾਏ ਚਿਹਰੇ ਵਾਲਾ ਕੁਚੱਜਾ ਬੰਦਾ ਵੀ ਕੀ ਬਦਮਜ਼ਾ ਨਹੀਂ ਹੁੰਦਾ ਹੋਵੇਗਾ!” ਦੂਜੇ ਹੀ ਪਲ ਉਸਨੂੰ ਫਿਰ ਅਜਿਹਾ ਲੱਗਦਾ ਜਿਵੇਂ ਖ਼ੁਦਾ ਉਸ ਤੇ ਤੁਰਤ ਆਪਣੇ ਕਹਿਰ ਦੀ ਬਿਜਲੀ ਗਿਰਾ ਦੇਵੇਗਾ ਕਿਉਂਕਿ ਉਹ ਛੂਤ ਲੱਗ ਜਾਣ ਦੇ ਡਰੋਂ ਇੱਕ ਵਾਰ ਵੀ ਆਪਣੇ ਪਤੀ ਦੇ ਅਧਿਅਨ ਕਮਰੇ ਵਿੱਚ ਨਹੀਂ ਗਈ ਸੀ। ਕੁੱਲ ਮਿਲਾ ਕੇ ਉਸ ਉੱਤੇ ਜੋ ਅਹਿਸਾਸ ਹਾਵੀ ਸੀ ਉਹ ਪਰੇਸ਼ਾਨੀ ਅਤੇ ਘੋਰ ਉਦਾਸੀ ਦਾ ਸੀ ਅਤੇ ਇਹ ਖਦਸ਼ਾ ਕਿ ਉਹ ਤਬਾਹ ਹੋ ਚੁੱਕੀ ਹੈ, ਇਸ ਹੱਦ ਤੱਕ ਜ਼ਿੰਦਗੀ ਵਿਗੜ ਚੁੱਕੀ ਸੀ ਕਿ ਦੁਬਾਰਾ ਸਹੀ ਕਰ ਲੈਣ ਦਾ ਸਵਾਲ ਹੀ ਨਹੀਂ ਸੀ ਉੱਠਦਾ …।
ਡਿਨਰ ਦੇ ਕੁੱਝ ਹੀ ਦੇਰ ਬਾਅਦ ਸ਼ਾਮ ਦਾ ਘੁਸਮੁਸਾ ਫੈਲਣ ਲਗਾ, ਓਲਗਾ ਇਵਾਨੋਵਨਾ ਡਰਾਇੰਗਰੂਮ ਵਿੱਚ ਗਈ ਤਾਂ ਉਸ ਨੂੰ ਕਰੋਸਤੀਲੇਵ ਸੋਫੇ ਉੱਤੇ ਸੁੱਤਾ ਪਿਆ ਮਿਲਿਆ। ਉਸ ਦਾ ਸਿਰ ਸੁਨਹਿਰੇ ਧਾਗਿਆਂ ਨਾਲ ਮੜ੍ਹੇ ਹੋਏ ਰੇਸ਼ਮੀ ਤਕੀਏ ਉੱਤੇ ਰੱਖਿਆ ਹੋਇਆ ਸੀ ਅਤੇ ਉਹ ਘੁਰਾੜੇ ਮਾਰ ਰਿਹਾ ਸੀ “ਖ਼ਰ.. ਰ.. ਰ, ਖ਼ਰ..ਰ..ਰ।” ਰੋਗੀ ਦੇ ਬੈੱਡ ਦੇ ਕੋਲ ਆਉਂਦੇ ਜਾਂਦੇ ਹੋਏ ਡਾਕਟਰਾਂ ਨੂੰ ਇਸ ਸਾਰੀ ਗੜਬੜ ਦਾ ਜਰਾ ਵੀ ਅਹਿਸਾਸ ਨਹੀਂ ਸੀ। ਡਰਾਇੰਗਰੂਮ ਵਿੱਚ ਘੁਰਾੜੇ ਮਾਰਦਾ ਹੋਇਆ ਅਜੀਬ ਅਨੋਖਾ ਆਦਮੀ, ਕੰਧਾਂ ਉੱਤੇ ਟੰਗੀਆਂ ਤਸਵੀਰਾਂ, ਕਮਾਲ ਸਜਾਇਆ ਕਮਰਾ, ਉਘੜ-ਦੁਘੜਾ ਫਰਨੀਚਰ, ਬਿਨਾਂ ਕੰਘੀ ਕੀਤੇ ਹੋਏ ਵਾਲਾਂ ਅਤੇ ਵੱਟ ਪਏ ਡਰੈੱਸ ਵਿੱਚ ਏਧਰ ਉੱਧਰ ਫਿਰਦੀ ਹੋਈ ਘਰ ਦੀ ਮਾਲਕਣ … ਇਹ ਸਾਰੀਆਂ ਚੀਜ਼ਾਂ ਹੁਣ ਜਰਾ ਜਿੰਨੀ ਦਿਲਚਸਪੀ ਵੀ ਨਹੀਂ ਪੈਦਾ ਕਰ ਰਹੀਆਂ ਸਨ। ਇੱਕ ਡਾਕਟਰ ਕਿਸੇ ਗੱਲ ਉੱਤੇ ਹਸ ਪਿਆ ਤਾਂ ਇਹ ਹਾਸੀ ਅਜਬ ਸਹਿਮੀ ਸਹਿਮੀ ਜਿਹੀ ਲੱਗਦੀ ਸੀ ਅਤੇ ਹਰ ਸ਼ਖਸ ਬੇਚੈਨ ਹੋ ਉੱਠਿਆ। ਅਗਲੀ ਵਾਰ ਓਲਗਾ ਇਵਾਨੋਵਨਾ ਡਰਾਇੰਗਰੂਮ ਵਿੱਚ ਦਾਖ਼ਲ ਹੋਈ ਤਾਂ ਕਰੋਸਤੀਲੇਵ ਜਾਗ ਚੁੱਕਿਆ ਸੀ ਅਤੇ ਸੋਫੇ ਉੱਤੇ ਬੈਠਾ ਸਿਗਰਟ ਪੀ ਰਿਹਾ ਸੀ।
“ਡਿਫਥੀਰਿਆ ਨਾਸਾਂ ਦੇ ਅੰਦਰ ਚਲਾ ਗਿਆ ਹੈ।“ ਉਸਨੇ ਦੱਬੀ ਜ਼ਬਾਨ ਨਾਲ ਕਿਹਾ। “ਉਨ੍ਹਾਂ ਦੇ ਦਿਲ ਉੱਤੇ ਵੀ ਅਸਰ ਹੋ ਚੱਲਿਆ ਹੈ। ਹਾਲਤ ਖ਼ਰਾਬ ਨਜ਼ਰ ਆ ਰਹੀ ਹੈ, ਬਹੁਤ ਖ਼ਰਾਬ।“
“ਤੁਸੀਂ ਸ਼ਿਰਕ ਨੂੰ ਕਿਉਂ ਨਹੀਂ ਬੁਲਵਾ ਲੈਂਦੇ?” ਓਲਗਾ ਇਵਾਨੋਵਨਾ ਨੇ ਪੁੱਛਿਆ “ਉਹ ਆਏ ਤਾਂ ਸਨ। ਉਨ੍ਹਾਂ ਨੇ ਹੀ ਤਾਂ ਵੇਖਿਆ ਕਿ ਡਿਫਥੀਰਿਆ ਨਾਲ ਨੱਕ ਵੀ ਪ੍ਰਭਾਵਿਤ ਹੋ ਚੁੱਕਿਆ ਹੈ। ਅਤੇ ਉਂਜ ਸ਼ਿਰਕ ਹੈਂ ਵੀ ਕੀ? ਕੁਝ ਵੀ ਨਹੀਂ। ਉਹ ਸ਼ਿਰਕ ਹੈ, ਮੈਂ ਕਰੋਸਤੀਲੇਵ ਹਾਂ ਤੇ ਬਸ।“
ਵਕਤ ਭਿਅੰਕਰ ਸੁਸਤ ਰਫ਼ਤਾਰੀ ਨਾਲ ਬੀਤ ਰਿਹਾ ਸੀ। ਓਲਗਾ ਇਵਾਨੋਵਨਾ ਸਾਰੇ ਕੱਪੜੇ ਪਹਿਨੇ ਹੀ ਆਪਣੇ ਬੈੱਡ ਉੱਤੇ ਜਿਸਦਾ ਬਿਸਤਰਾ ਸਵੇਰ ਹੀ ਤੋਂ ਦਰੁਸਤ ਨਹੀਂ ਕੀਤਾ ਗਿਆ ਸੀ, ਲੇਟੀ ਹੋਈ ਊਂਘ ਰਹੀ ਸੀ। ਲੱਗਦਾ ਸੀ ਕਿ ਸਾਰੇ ਫਲੈਟ ਵਿੱਚ ਫ਼ਰਸ਼ ਤੋਂ ਛੱਤ ਤੱਕ ਲੋਹੇ ਦਾ ਕੋਈ ਵਿਸ਼ਾਲ ਟੁਕੜਾ ਠੋਕਿਆ ਹੋਇਆ ਸੀ ਅਤੇ ਉਸਨੇ ਸੋਚਿਆ ਕਿ ਜੇਕਰ ਕਿਸੇ ਨਾ ਕਿਸੇ ਤਰ੍ਹਾਂ ਇਸ ਜ਼ਬਰਦਸਤ ਟੁਕੜੇ ਨੂੰ ਕਢ ਦਿੱਤਾ ਜਾਵੇ ਤਾਂ ਸਭ ਦੇ ਦਿਲਾਂ ਤੋਂ ਭਾਰ ਲਹਿ ਜਾਵੇਗਾ। ਉਹ ਚੌਂਕ ਕੇ ਜਾਗ ਪਈ ਅਤੇ ਉਸ ਦੀ ਸਮਝ ਵਿੱਚ ਆ ਗਿਆ ਕਿ ਇਹ ਲੋਹੇ ਦਾ ਜ਼ਬਰਦਸਤ ਟੁਕੜਾ ਨਹੀਂ ਸਗੋਂ ਦੀਮੋਵ ਦੀ ਅਲਾਲਤ ਸੀ ਜਿਸ ਨੇ ਉਸਨੂੰ ਦੱਬ ਰੱਖਿਆ ਸੀ।
“ਨੇਚਰ ਮੋਰਟ, ਇੱਕ ਨੰਬਰ ਆਹਲਾ!” ਉਸਨੇ ਦੁਬਾਰਾ ਊਂਘਦੇ ਹੋਏ ਸੋਚਿਆ, “ਮਾਹਲਾ, … ਗਾਹਲਾ, …ਸਿਹਾਲਾ ..”.
ਅਤੇ ਸ਼ਿਰਕ ਵੀ ਹਨ ਕੀ? ਸ਼ਿਰਕ, ਕਿਰਚ … ਫੜਕ … ਭੜਕ। ਅਤੇ ਮੇਰੇ ਸਾਰੇ ਦੋਸਤ ਕਿੱਥੇ ਹਨ? ਸਾਡੀਆਂ ਪਰੇਸ਼ਾਨੀਆਂ ਦੀ ਉਨ੍ਹਾਂ ਨੂੰ ਖ਼ਬਰ ਵੀ ਹੈ? ਓਹ ਰੱਬਾ, ਸਾਨੂੰ ਮਹਫ਼ੂਜ਼ ਰੱਖ, ਸਾਡੇ ਤੇ ਰਹਿਮ ਕਰ … ਸ਼ਿਰਕ … ਕਿਰਚ … ”
ਅਤੇ ਇੱਕ ਵਾਰ ਫਿਰ ਲੋਹੇ ਦਾ ਉਹੀ ਜ਼ਬਰਦਸਤ ਟੁਕੜਾ … ਵਕਤ ਬੁਰੀ ਤਰ੍ਹਾਂ ਹੌਲੀ ਹੌਲੀ ਬੀਤ ਰਿਹਾ ਸੀ ਹਾਲਾਂਕਿ ਹੇਠਲੀ ਮੰਜ਼ਿਲ ਦੀ ਕੰਧ ਘੜੀ ਹਰ ਘੰਟੇ ਦੀ ਆਮਦ ਦਾ ਐਲਾਨ ਟਨ ਟਨ ਨਾਲ ਕਰਦੀ ਸੀ ਅਤੇ ਥੋੜ੍ਹੀ ਥੋੜ੍ਹੀ ਦੇਰ ਦੇ ਬਾਅਦ ਦਰਵਾਜੇ ਦੀ ਘੰਟੀ ਖੜਕਦੀ ਰਹੀ ਸੀ। ਦੀਮੋਵ ਦੇ ਕੋਲ ਡਾਕਟਰ ਆਉਂਦੇ ਰਹਿੰਦੇ ਸਨ … ਨੌਕਰਾਣੀ ਟਰੇ ਚੁਕੀਂ, ਜਿਸ ਉੱਤੇ ਇੱਕ ਖ਼ਾਲੀ ਗਲਾਸ ਰੱਖਿਆ ਹੋਇਆ ਸੀ, ਬੈੱਡਰੂਮ ਵਿੱਚ ਆਈ। “ਮੈਂ ਤੁਹਾਡਾ ਬਿਸਤਰਾ ਦਰੁਸਤ ਕਰ ਦੇਵਾਂ, ਮੈਡਮ?” ਉਸਨੇ ਪੁੱਛਿਆ।
ਜਵਾਬ ਨਾ ਮਿਲਿਆ ਤਾਂ ਉਹ ਚੁਪਚਾਪ ਪਰਤ ਗਈ। ਹੇਠਲੀ ਮੰਜ਼ਿਲ ਦੀ ਕੰਧ ਘੜੀ ਨੇ ਵਕਤ ਦਾ ਐਲਾਨ ਕੀਤਾ, ਓਲਗਾ ਇਵਾਨੋਵਨਾ ਨੇ ਸੁਪਨੇ ਵਿੱਚ ਵੇਖਿਆ ਕਿ ਵੋਲਗਾ ਦੇ ਕੰਢੇ ਮੀਂਹ ਪੈ ਰਿਹਾ ਸੀ ਅਤੇ ਇੱਕ ਵਾਰ ਫਿਰ ਕੋਈ ਸ਼ਖਸ, ਕੋਈ ਅਜਨਬੀ ਉਸ ਦੇ ਬੈੱਡਰੂਮ ਵਿੱਚ ਦਾਖ਼ਲ ਹੋਇਆ। ਲੇਕਿਨ ਦੂਜੇ ਹੀ ਪਲ ਉਸਨੇ ਕਰੋਸਤੀਲੇਵ ਨੂੰ ਪਛਾਣ ਲਿਆ ਅਤੇ ਉਹ ਉਠ ਕੇ ਬੈੱਡ ਉੱਤੇ ਬੈਠ ਗਈ।
“ਕੀ ਟਾਈਮ ਹੈ?” ਉਸਨੇ ਪੁੱਛਿਆ।
“ਤਿੰਨ ਵੱਜਣ ਨੂੰ ਹਨ।”
“ਉਨ੍ਹਾਂ ਦਾ ਕੀ ਹਾਲ ਹੈ?”
“ ਮੈਂ ਤੁਹਾਨੂੰ ਇਹ ਦੱਸਣ ਆਇਆ ਹਾਂ ਕਿ ਉਹ ਜਾ ਰਹੇ ਹਨ।”
ਉਸਨੇ ਆਹ ਭਰੀ ਅਤੇ ਬੈੱਡ ਉੱਤੇ ਓਲਗਾ ਇਵਾਨੋਵਨਾ ਦੇ ਕੋਲ ਬੈਠ ਗਿਆ ਅਤੇ ਕਮੀਜ਼ ਦੀ ਬਾਂਹ ਨਾਲ ਉਸਨੇ ਅੱਥਰੂ ਪੂੰਝ ਲਏ। ਫ਼ੌਰੀ ਤੌਰ ਉੱਤੇ ਜਿਵੇਂ ਉਹ ਕੁੱਝ ਸਮਝ ਹੀ ਨਾ ਸਕੀ ਫਿਰ ਅਚਾਨਕ ਸਾਰੀ ਠੰਡੀ ਜਿਹੀ ਹੋ ਗਈ ਅਤੇ ਹੌਲੀ ਹੌਲੀ ਸੀਨੇ ਉੱਤੇ ਸਲੀਬ ਦਾ ਨਿਸ਼ਾਨ ਬਣਾਇਆ।
“ਉਹ ਜਾ ਰਹੇ ਹਨ…” ਕਰੋਸਤੀਲੇਵ ਨੇ ਬੁਲੰਦ ਆਵਾਜ਼ ਵਿੱਚ ਕਿਹਾ ਅਤੇ ਦੁਬਾਰਾ ਆਹ ਭਰੀ। “ਉਹ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੇ ਖ਼ੁਦ ਨੂੰ ਕੁਰਬਾਨ ਕਰ ਦਿੱਤਾ … ਸਾਇੰਸ ਦਾ ਕਿੰਨਾ ਨੁਕਸਾਨ ਹੋਇਆ!” ਉਸਨੇ ਤਲਖੀ ਨਾਲ ਜ਼ੋਰ ਦਿੰਦੇ ਹੋਏ ਕਿਹਾ। “ਸਾਡੇ ਸਭਨਾਂ ਦੇ ਮੁਕ਼ਾਬਲੇ ਉਹ ਇੱਕ ਅਜ਼ੀਮ, ਇੱਕ ਜ਼ਿਕਰਯੋਗ ਇਨਸਾਨ ਸਨ। ਕਿੰਨੇ ਗੁਣਾਂ ਦੇ ਮਾਲਿਕ ਸਨ।“ ਉਸਨੇ ਹੱਥ ਮਲ਼ਦੇ ਹੋਏ ਗੱਲ ਜਾਰੀ ਰੱਖੀ।
“ਓ ਮੇਰੇ ਖ਼ੁਦਾ, ਉਹ ਕਿੰਨੇ ਸ਼ਾਨਦਾਰ ਸਾਇੰਸਦਾਨ ਬਣ ਸਕਦੇ ਸਨ, ਕਿੰਨੇ ਬੇਮਿਸਾਲ ਸਾਇੰਸਦਾਨ! ਓਸਿਪ ਦੀਮੋਵ, ਦੀਮੋਵ, ਆਖਿਰ ਤੁਸੀਂ ਇਹ ਕੀ ਕੀਤਾ? ਓਹ ਮੇਰੇ ਖ਼ੁਦਾ!”
ਕਰੋਸਤੀਲੇਵ ਨੇ ਨਿਰਾਸ਼ਾ ਨਾਲ ਆਪਣਾ ਚਿਹਰਾ ਹੱਥਾਂ ਨਾਲ ਢਕ ਲਿਆ ਅਤੇ ਸਿਰ ਹਿਲਾਇਆ।
“ਅਤੇ ਕਿੰਨੀ ਜ਼ਬਰਦਸਤ ਇਖ਼ਲਾਕੀ ਸ਼ਕਤੀ ਸੀ ਉਸ ਕੋਲ!” ਉਸਨੇ ਆਪਣੀ ਗੱਲ ਕਿਸੇ ਸ਼ਖਸ ਉੱਤੇ ਜ਼ਿਆਦਾ ਤੋਂ ਜ਼ਿਆਦਾ ਖਫ਼ਾ ਹੁੰਦੇ ਹੋਏ ਜਾਰੀ ਰੱਖੀ। “ਕੈਸਾ ਆਦਮੀ ਸੀ, ਨੇਕ, ਖ਼ਾਲਸ, ਨਿਰੀ ਮੁਹੱਬਤ ਨਾਲ ਭਿੱਜੀ ਆਤਮਾ … ਬਿਲੌਰ ਦੀ ਤਰ੍ਹਾਂ ਸਾਫ਼। ਉਨ੍ਹਾਂ ਨੇ ਸਾਇੰਸ ਦੀ ਸੇਵਾ ਕੀਤੀ ਅਤੇ ਸਾਇੰਸ ਦੇ ਵਿਕਾਸ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ। ਉਹ ਦਿਨ ਰਾਤ ਜਾਨ ਤੋੜ ਮਿਹਨਤ ਕਰਦੇ ਸਨ, ਕੋਈ ਉਨ੍ਹਾਂ ਦਾ ਖ਼ਿਆਲ ਨਹੀਂ ਸੀ ਕਰਦਾ ਅਤੇ ਉਨ੍ਹਾਂ ਨੂੰ, ਆਪਣੀ ਜਵਾਨੀ ਅਤੇ ਭਵਿੱਖ ਦੇ ਪ੍ਰੋਫੈਸਰ ਨੂੰ ਨਿਜੀ ਪ੍ਰੈਕਟਿਸ ਉੱਤੇ ਵਕਤ ਜ਼ਾਇਆ ਕਰਨਾ ਪੈਂਦਾ ਸੀ, ਰਾਤਾਂ ਨੂੰ ਜਾਗ ਜਾਗ ਕੇ ਅਨੁਵਾਦ ਕਰਨਾ ਪੈਂਦਾ ਸੀ ਤਾਂ ਕਿ ਇਨ੍ਹਾਂ … ਗੰਦੇ ਚੀਥੜਿਆਂ ਦੀ ਕ਼ੀਮਤ ਅਦਾ ਕੀਤੀ ਜਾ ਸਕੇ!”
ਕਰੋਸਤੀਲੇਵ ਨੇ ਓਲਗਾ ਇਵਾਨੋਵਨਾ ਨੂੰ ਘਿਰਣਾ ਭਰੀਆਂ ਨਿਗਾਹਾਂ ਨਾਲ ਵੇਖਿਆ ਅਤੇ ਬਿਸਤਰ ਦੀ ਚਾਦਰ ਦੋਨਾਂ ਹੱਥਾਂ ਨਾਲ ਫੜ ਕੇ ਗੁੱਸੇ ਨਾਲ ਪਾੜ ਸੁੱਟੀ ਜਿਵੇਂ ਸਾਰਾ ਕਸੂਰ ਚਾਦਰ ਹੀ ਦਾ ਹੋਵੇ।”
“ਉਨ੍ਹਾਂ ਨੇ ਨਾ ਖ਼ੁਦ ਆਪਣਾ ਖ਼ਿਆਲ ਰੱਖਿਆ ਨਾ ਕਿਸੇ ਦੂਜੇ ਨੇ। ਲੇਕਿਨ ਹੁਣ ਇਨ੍ਹਾਂ ਗੱਲਾਂ ਵਿੱਚ ਰੱਖਿਆ ਹੀ ਕੀ ਹੈ!”
“ਜੀ ਹਾਂ, ਉਹ ਵੱਡੇ ਸ਼ਾਨਦਾਰ ਇਨਸਾਨ ਸਨ!” ਡਰਾਇੰਗਰੂਮ ਵਲੋਂ ਗਹਿਰੀ ਆਵਾਜ਼ ਸੁਣਾਈ ਦਿੱਤੀ।
ਓਲਗਾ ਇਵਾਨੋਵਨਾ ਨੇ ਦੀਮੋਵ ਦੇ ਨਾਲ ਗੁਜ਼ਾਰੀ ਹੋਈ ਆਪਣੀ ਜ਼ਿੰਦਗੀ ਨੂੰ ਸ਼ੁਰੂ ਤੋਂ ਅੰਤ ਤੱਕ ਪੂਰੇ ਵੇਰਵੇ ਦੇ ਨਾਲ ਯਾਦ ਕੀਤਾ ਅਤੇ ਚਾਣਚੱਕ ਉਹ ਇਸ ਨਤੀਜੇ ਉੱਤੇ ਪੁੱਜ ਗਈ ਕਿ ਉਹ ਵਾਕਈ ਬਹੁਤ ਸ਼ਾਨਦਾਰ, ਨਿਹਾਇਤ ਹੀ ਅਸਾਧਾਰਨ ਅਤੇ ਉਨ੍ਹਾਂ ਸਭਨਾਂ ਦੇ ਮੁਕ਼ਾਬਲੇ ਵਿੱਚ ਜਿਨ੍ਹਾਂ ਤੋਂ ਉਹ ਵਾਕਿਫ ਸਨ, ਬਹੁਤ ਹੀ ਵੱਡਾ ਇਨਸਾਨ ਸੀ। ਫਿਰ ਉਸਨੂੰ ਯਾਦ ਆਇਆ ਕਿ ਉਸ ਦਾ ਮਰਹੂਮ ਬਾਪ ਦੀਮੋਵ ਦੀ ਕਿੰਨੀ ਇੱਜ਼ਤ ਕਰਦਾ ਸੀ। ਖ਼ੁਦ ਦੀਮੋਵ ਦੇ ਸਾਥੀ ਡਾਕਟਰ ਉਸ ਨਾਲ ਕਿੰਨੀ ਮੁਹੱਬਤ ਨਾਲ ਪੇਸ਼ ਆਉਂਦੇ ਸਨ ਅਤੇ ਉਹ ਇਸ ਨਤੀਜੇ ਉੱਤੇ ਪਹੁੰਚੀ ਕਿ ਇਸ ਸਭ ਲੋਕਾਂ ਨੇ ਦੀਮੋਵ ਦੀ ਸ਼ਖ਼ਸੀਅਤ ਵਿੱਚ ਭਵਿੱਖ ਦੇ ਮਸ਼ਹੂਰ ਸ਼ਖਸ ਦੀ ਝਲਕ ਵੇਖ ਲਈ ਸੀ। ਕੰਧਾਂ, ਛੱਤ, ਲੈਂਪ ਅਤੇ ਫ਼ਰਸ਼ ਉੱਤੇ ਵਿਛਿਆ ਹੋਇਆ ਕਾਲੀਨ ਸਾਰੀਆਂ ਚੀਜ਼ਾਂ ਮਜ਼ਾਕ ਉਡਾਉਣ ਵਾਲੇ ਅੰਦਾਜ਼ ਵਿੱਚ ਅੱਖਾਂ ਉਸ ਵੱਲ ਝਾਕਣ ਲੱਗੀਆਂ ਜਿਵੇਂ ਕਹਿ ਰਹੀਆਂ ਹੋਣ, “ਤੈਨੂੰ ਦਿੱਸਦਾ ਨਹੀਂ ਸੀ, ਤੂੰ ਮੌਕ਼ਾ ਖੁੰਝਾ ਦਿੱਤਾ!”
ਉਹ ਰੋਦੀ ਹੋਈ ਬੜੀ ਤੇਜ਼ੀ ਨਾਲ ਆਪਣੇ ਬੈੱਡਰੂਮ ਵਿੱਚੋਂ ਨਿਕਲੀ, ਡਰਾਇੰਗਰੂਮ ਵਿੱਚ ਕਿਸੇ ਅਜਨਬੀ ਨਾਲ ਟਕਰਾਉਂਦੇ ਟਕਰਾਉਂਦੇ ਬਚੀ ਅਤੇ ਆਪਣੇ ਪਤੀ ਦੇ ਅਧਿਅਨ ਕਮਰੇ ਵਿੱਚ ਪਹੁੰਚ ਗਈ। ਉਹ ਸੋਫੇ ਉੱਤੇ ਸ਼ਾਂਤ ਅਹਿੱਲ ਲਿਟਿਆ ਹੋਇਆ ਸੀ ਅਤੇ ਉਸ ਦਾ ਜਿਸਮ ਲੱਕ ਤੱਕ ਕੰਬਲ ਨਾਲ ਢਕਿਆ ਹੋਇਆ ਸੀ। ਚਿਹਰਾ ਬੁਰੀ ਤਰ੍ਹਾਂ ਸੁੰਗੜ ਅਤੇ ਸੁੱਕ ਜਿਹਾ ਗਿਆ ਸੀ ਅਤੇ ਇਸ ਉੱਤੇ ਅਜਿਹੀ ਮਟਿਆਲੀ ਮੁਰਦੇਹਾਣੀ ਪੀਲੱਤਣ ਛਾ ਗਈ ਸੀ, ਜੋਹੋ ਜਿਹੀ ਜ਼ਿੰਦਾ ਲੋਕਾਂ ਦੇ ਚੇਹਰਿਆਂ ਉੱਤੇ ਕਦੇ ਨਜ਼ਰ ਨਹੀਂ ਆਉਂਦੀ। ਕੇਵਲ ਮੱਥੇ ਤੋਂ, ਕਾਲੀਆਂ ਅੱਖਾਂ ਤੋਂ ਅਤੇ ਜਾਣੀ ਪਛਾਣੀ ਮੁਸਕਰਾਹਟ ਤੋਂ,ਹੀ ਅੰਦਾਜ਼ਾ ਹੁੰਦਾ ਸੀ ਕਿ ਇਹ ਦੀਮੋਵ ਹੈ। ਓਲਗਾ ਇਵਾਨੋਵਨਾ ਨੇ ਜਲਦੀ ਜਲਦੀ ਉਸ ਦੀ ਹਿੱਕ, ਮੱਥੇ ਅਤੇ ਹੱਥਾਂ ਨੂੰ ਛੂਹਿਆ। ਹਿੱਕ ਤਾਂ ਅਜੇ ਵੀ ਗਰਮ ਸੀ ਲੇਕਿਨ ਮੱਥਾ ਅਤੇ ਹੱਥ ਬਰਫ ਹੋ ਚੁੱਕੇ ਸਨ। ਅਤੇ ਉਸ ਦੀ ਅੱਧ ਖੁੱਲ੍ਹੀਆ ਅੱਖਾਂ ਓਲਗਾ ਇਵਾਨੋਵਨਾ ਨੂੰ ਨਹੀਂ ਸਗੋਂ ਕੰਬਲ ਨੂੰ ਤੱਕ ਰਹੀਆਂ ਸਨ।
“ਦੀਮੋਵ!” ਉਸਨੇ ਜ਼ੋਰ ਨਾਲ ਬੁਲਾਇਆ … “ਦੀਮੋਵ!”
ਉਹ ਉਸ ਨੂੰ ਇਹ ਕਹਿਣ ਨੂੰ ਬੇਤਾਬ ਸੀ ਕਿ ਜੋ ਕੁੱਝ ਹੋਇਆ ਉਹ ਸਭ ਗ਼ਲਤ ਸੀ, ਪਾਣੀ ਅਜੇ ਵੀ ਸਿਰ ਤੋਂ ਉੱਚਾ ਨਹੀਂ ਹੋਇਆ ਸੀ, ਜ਼ਿੰਦਗੀ ਵਿੱਚ ਅਜੇ ਵੀ ਬਹਾਰ ਆ ਸਕਦੀ ਸੀ ਅਤੇ ਇਹ ਕਿ ਦੀਮੋਵ ਇੱਕ ਅਸਾਧਾਰਨ, ਅਨੋਖਾ ਅਤੇ ਅਜ਼ੀਮ ਇਨਸਾਨ ਸੀ, ਕਿ ਉਹ ਉਮਰ ਭਰ ਉਸ ਦੀ ਪੂਜਾ ਕਰੇਗੀ, ਉਸ ਦੇ ਸਾਹਮਣੇ ਸ਼ਰਧਾਂਜਲੀ ਵਜੋਂ ਅਤੇ ਪਵਿੱਤਰ ਖੌਫ ਨਾਲ ਸਿਰ ਝੁਕਾਏਗੀ।
“ਦੀਮੋਵ!” ਓਲਗਾ ਇਵਾਨੋਵਨਾ ਨੇ ਉਸ ਦਾ ਮੋਢਾ ਹਿਲਾਂਦੇ ਹੋਏ ਪੁਕਾਰਿਆ। ਉਸਨੂੰ ਭਰੋਸਾ ਹੀ ਨਹੀਂ ਆ ਰਿਹਾ ਸੀ ਕਿ ਦੀਮੋਵ ਹੁਣ ਕਦੇ ਵੀ ਨਹੀਂ ਜਾਗੇਗਾ। “ਦੀਮੋਵ, ਦੀਮੋਵ, ਮੈਂ ਪੁਕਾਰ ਰਹੀ ਹਾਂ!”
ਅਤੇ ਡਰਾਇੰਗਰੂਮ ਵਿੱਚ ਕਰੋਸਤੀਲੇਵ ਨੌਕਰਾਣੀ ਨੂੰ ਕਹਿ ਰਿਹਾ ਸੀ:
“ਇਸ ਵਿੱਚ ਸਲਾਹ ਕਰਨ ਵਾਲੀ ਕਿਹੜੀ ਗੱਲ ਹੈ? ਗਿਰਜੇ ਵਿੱਚ ਜਾ ਕੇ ਪੁੱਛ ਲਓ ਕਿ ਖ਼ੈਰਾਤ ਲੈਣ ਵਾਲੀਆਂ ਔਰਤਾਂ ਕਿੱਥੇ ਰਹਿੰਦੀਆਂ ਹਨ। ਉਹ ਆਕੇ ਮੁਰਦਾ ਦੇਹ ਨੂੰ ਨਹਾ ਦੇਣਗੀਆਂ ਅਤੇ ਸਭ ਕੁੱਝ ਠੀਕ ਕਰ ਦੇਣਗੀਆਂ, ਜੋ ਕੁੱਝ ਜਰੂਰੀ ਹੈ ਸਭ ਕਰ ਦੇਣਗੀਆਂ।”
(ਅਨੁਵਾਦ: ਚਰਨ ਗਿੱਲ)