Toon Mainu Munhon Kaddh, Main Tainu Pindon Kadhaaun (Punjabi Article): Amrit Kaur
ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਾਊਂ (ਲੇਖ) : ਅੰਮ੍ਰਿਤ ਕੌਰ
ਪੁਰਾਣੇ ਸਮਿਆਂ ਤੋਂ ਬੜੀ ਪ੍ਰਚੱਲਿਤ ਗੱਲ ਜਾਂ ਕਹਾਣੀ ਹੈ ਕਹਿੰਦੇ ...ਇੱਕ ਵਾਰ ਇੱਕ ਮੁਸਾਫਰ ਸਾਧੂ ਕਿਸੇ ਬੀਬੀ ਦੇ ਘਰੇ ਦੁਪਹਿਰਾ ਕੱਟਣ ਲਈ ਰੁਕ ਗਿਆ। ਭਲੇ ਵੇਲੇ ਸਨ ਬੀਬੀ ਨੇ ਸਾਧੂ ਨੂੰ ਰੱਬ ਵੱਲੋਂ ਭੇਜਿਆ ਫਰਿਸ਼ਤਾ ਅਤੇ ਉਸ ਦੀ ਸੇਵਾ ਕਰਨ ਨੂੰ ਆਪਣੇ ਵੱਡੇ ਭਾਗ ਸਮਝਿਆ। ਜਲ-ਪਾਣੀ ਛਕਾ ਸਾਧੂ ਵਾਸਤੇ ਚੌਲ ਬਣਾਉਣ ਲੱਗੀ। ਉਹ ਬੀਬੀ ਨੂੰ ਬਹੁਤ ਸਾਰੀਆਂ ਗੱਲਾਂ ਪੁੱਛਣ ਲੱਗਿਆ। ਬੀਬੀ ਨੂੰ ਖਿਝ ਚੜ੍ਹਨ ਲੱਗੀ। ਹੱਦ ਤਾਂ ਉਦੋਂ ਹੋ ਗਈ ਜਦੋਂ ਉਹਨੇ ਵਿਹੜੇ ਵਿੱਚ ਬੰਨ੍ਹੀ ਮੱਝ ਵੇਖ ਕੇ ਆਖਿਆ,"ਤੁਸੀਂ ਘਰ ਦਾ ਬੂਹਾ ਛੋਟਾ ਰੱਖਿਆ ਹੋਇਆ ਜੇ ਭਲਾਂ ਤੁਹਾਡੀ ਮੱਝ ਮਰ ਗਈ ਇਸ ਨੂੰ ਬਾਹਰ ਕਿਵੇਂ ਕੱਢੋਗੇ?" ਭਾਵੇਂ ਉਸ ਸਮੇਂ ਬੀਬੀ ਦਾ ਜੀਅ ਕੀਤਾ ਹੋਊ ਕਿ ਖੁਰਚਣਾ ਤੱਤਾ ਕਰਕੇ ਉਸ ਦੀ ਜ਼ੁਬਾਨ (ਜੀਭ) 'ਤੇ ਲਾ ਦੇਵੇ ਪਰ ਉਸ ਨੇ ਆਪਣੇ ਗੁੱਸੇ 'ਤੇ ਕਾਬੂ ਰੱਖਦਿਆਂ ਚੌਲਾਂ ਦਾ ਪਤੀਲਾ ਉਸ ਆਪਣੇ ਆਪ ਨੂੰ ਫਕੀਰ ਕਹਾਉਣ ਵਾਲੇ ਬੋਲ-ਬਾਣੀ 'ਤੇ ਕਾਬੂ ਨਾ ਰੱਖ ਸਕਣ ਵਾਲੇ ਦੀ ਬਗਲੀ ਵਿੱਚ ਉਲੱਦ ਕੇ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਜਦੋਂ ਉਹ ਪਿੰਡ ਵਿੱਚੋਂ ਲੰਘ ਰਿਹਾ ਸੀ ਤਾਂ ਕਿਸੇ ਨੇ ਪੁੱਛਿਆ, "ਮਹਾਰਾਜ ਇਹ ਬਗਲੀ ਵਿੱਚੋਂ ਕੀ ਡੁੱਲ੍ਹ ਰਿਹਾ ਹੈ। " ਹੁਣ ਤੱਕ ਉਸ ਨੂੰ ਵੀ ਸਮਝ ਲੱਗ ਚੁੱਕੀ ਸੀ ਕਿ ਇਹ ਸਭ ਕਿਉਂ ਹੋਇਆ , ਉਸ ਨੇ ਆਖਿਆ, " ਇਹ ਮੇਰੀ ਜ਼ੁਬਾਨ ਦਾ ਰਸ ਹੈ। " ਇਹ ਜ਼ੁਬਾਨ ਬਹੁਤ ਕਾਰੇ ਕਰਾ ਦਿੰਦੀ ਹੈ। ਮਹਾਂਭਾਰਤ ਦਾ ਯੁੱਧ ਵੀ ਇੱਕ ਜ਼ੁਬਾਨ ਵੱਲੋਂ ਛੱਡੇ ਤੀਰ ਨਾਲ ਹੀ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ।
ਚੋਣਾਂ ਦਾ ਮੌਕਾ ਹੋਣ ਕਰਕੇ ਅੱਜ ਕੱਲ੍ਹ ਕਈ ਨੇਤਾਵਾਂ ਦੀ ਜ਼ੁਬਾਨ ਦਾ ਰਸ ਵੀ ਡੁੱਲ੍ਹਣ ਲੱਗ ਪਿਆ ਹੈ । ਕਈ ਵਾਰ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਕੀ ਬੋਲ ਗਏ। ਜਦੋਂ ਥੋੜ੍ਹੇ ਕੁ ਮਿੰਟਾਂ ਵਿੱਚ ਉਹਨਾਂ ਵੱਲੋਂ ਦਿੱਤੇ ਬਿਆਨਾਂ ਦੀ ਸ਼ੋਸ਼ਲ ਮੀਡੀਆ 'ਤੇ ਹਨੇਰੀ ਚੱਲ ਪੈਂਦੀ ਹੈ ਤਾਂ ਉਹ ਮੱਥੇ 'ਤੇ ਹੱਥ ਮਾਰਦੇ ਹਨ ਕਿ ਆਹ ਕੀ ਹੋ ਗਿਆ। ਉਹਨਾਂ ਤਾਂ ਇਹ ਸੋਚਿਆ ਵੀ ਨਹੀਂ ਹੁੰਦਾ ਸਿਆਣੇ ਦਿਮਾਗਾਂ ਨੇ ਜੋ ਜੋ ਪ੍ਰਤੀਕਿਰਿਆ ਦੇ ਕੇ ਉਹਨਾਂ ਦੀ ਵੀਡੀਓ ਵਾਇਰਲ ਕੀਤੀ ਹੁੰਦੀ ਹੈ। ਤਾਂ ਹੀ ਤਾਂ ਕਿਹਾ ਜਾਂਦਾ ਹੈ... ਪਹਿਲਾਂ ਤੋਲੋ, ਫਿਰ ਬੋਲੋ। ਪਰ ਐਨਾ ਸਮਾਂ ਤੂਫ਼ਾਨੀ ਪ੍ਰਚਾਰ ਵਿੱਚ ਨਹੀਂ ਹੁੰਦਾ। ਜਿੰਨੇ ਨੂੰ ਅਗਲਾ ਆਪਣੇ ਵੱਲੋਂ ਦਿੱਤੇ ਬਿਆਨਾਂ ਨੂੰ ਤੋਲਣ ਲਈ ਅੰਦਰ ਪਈ ਤੱਕੜੀ ਦੀਆਂ ਉਲਝੀਆਂ ਤੜਾਵਾਂ ਖੋਲ੍ਹਣ ਲੱਗਦਾ ਹੈ ਓਨੇ ਨੂੰ ਗੱਲ ਨਿਕਲ ਕੇ ਪਤਾ ਨਹੀਂ ਕਿੰਨਿਆਂ ਕੁ ਵੋਟਰਾਂ 'ਤੇ ਆਪਣਾ ਅਸਰ ਕਰ ਦਿੰਦੀ ਹੈ। ਸੁਣ ਕੇ ਕਈ ਹੱਸਦੇ ਨੇ, ਕਈ ਮੱਥੇ 'ਤੇ ਹੱਥ ਮਾਰਦੇ ਨੇ, ਕਈ ਬਿਨਾਂ ਸਮਝਿਆਂ ਨੇਤਾ ਦੀ ਜੈ ਜੈ ਕਾਰ ਕਰਦੇ ਨੇ।
ਭਾਵੇਂ ਸਾਡੇ ਬੁੱਧੀਜੀਵੀ ਵਰਗ ਦੇ ਵਿਦਵਾਨ ਜਿੰਨਾ ਮਰਜ਼ੀ ਕਹੀ ਜਾਣ ਕਿ ਨੇਤਾਵਾਂ ਨੂੰ ਇਸ ਤਰ੍ਹਾਂ ਬੋਲਣਾ ਸ਼ੋਭਾ ਨਹੀਂ ਦਿੰਦਾ ਪਰ ਅਗਲਿਆਂ ਕੋਲ ਬੁੱਧੀਜੀਵੀਆਂ ਦੀਆਂ ਕਹੀਆਂ ਲਿਖੀਆਂ ਗੱਲਾਂ ਨੂੰ ਸੁਣਨ ਪੜ੍ਹਨ ਦਾ ਸਮਾਂ ਨਹੀਂ ਹੁੰਦਾ। ਹੋਰ ਤਾਂ ਹੋਰ ਦੇਸ਼ ਦੀ ਸੱਤਾਧਾਰੀ ਪਾਰਟੀ ਦਾ ਮੁਖੀ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਿਆ ਕਿ ਸਾਡੇ ਮਨੋਵਿਗਿਆਨੀਆਂ ਨੂੰ ਫ਼ਿਕਰ ਹੋ ਗਿਆ ਕਿ ਏਦਾਂ ਦੀਆਂ ਗੱਲਾਂ ਤਿੰਨ ਚਾਰ ਸਾਲ ਦੇ ਬੱਚੇ ਕਰਦੇ ਹੁੰਦੇ ਨੇ। ਜਿਵੇਂ ਕੋਈ ਵੀ ਵਸਤੂ ਅੱਖਾਂ ਸਾਹਮਣੇ ਜਾਂ ਦਿਮਾਗ਼ ਵਿੱਚ ਆ ਜਾਵੇ ਤਾਂ ਉਸ ਦੀਆਂ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ। ਜਿਵੇਂ ਉਸ ਨੇ ਸਾਹਮਣੇ ਬੈਠੀਆਂ ਬੀਬੀਆਂ ਦੇ ਗਲ਼ਾਂ ਵਿੱਚ ਪਾਏ ਮੰਗਲਸੂਤਰਾਂ ਦੀ ਕਹਾਣੀ ਘੜ ਲਈ। ਮੁੱਖੀ ਦੀਆਂ ਗੱਲਾਂ ਨੇ ਲੋਕਮਨਾਂ ਤੇ ਤਾਂ ਪਤਾ ਨਹੀਂ ਕਿੰਨਾ ਕੁ ਅਸਰ ਪਾਇਆ ਹੋਊ ਪਰ ਸੁਣਨ ਵਾਲਿਆਂ ਦੇ ਕੰਨ ਹੱਸਣ ਲੱਗ ਪਏ ਹਨ। ਇੱਕ ਦਿਨ ਤਾਈ ਭਾਨੋ ਹਫ਼ੀ ਹੋਈ ਆਖਣ ਲੱਗੀ, " ਸਾਡੇ ਦੋ ਮੈਸ੍ਹਾਂ (ਮੱਝਾਂ) ਨੇ। ਦੋਵੇਂ ਅਸੀਂ ਬੱਚਿਆਂ ਵਾਂਗ ਪਾਲੀਆਂ ਨੇ ਪਰ ਥੋੜ੍ਹੇ ਦਿਨਾਂ ਤੋਂ ਦੋਵੇਂ ਉਦਾਸ ਨੇ ਕੱਖ ਨੀ ਖਾਂਦੀਆਂ।" ਮੈਂ ਕਿਹਾ, "ਡਾਕਟਰ ਨੂੰ ਦਿਖਾਓ।" ਕਹਿੰਦੀ, " ਦਿਖਾਈਆਂ ਸਨ ਕੋਈ ਬਿਮਾਰੀ ਨਹੀਂ ਐ। ਡਾਕਟਰ ਕਹਿੰਦਾ ਮੇਰੀ ਸਮਝ ਤੋਂ ਬਾਹਰ ਐ। ਜਦੋਂ ਅਸੀਂ ਉਹਨਾਂ ਦੇ ਸਿਰ 'ਤੇ ਹੱਥ ਫੇਰਦੇ ਆਂ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਐ।" ਮੇਰੇ ਦਿਮਾਗ਼ ਦੀ ਬੱਤੀ ਜਗਬੁੱਝ ਹੋਣ ਲੱਗੀ। ਮੈਂ ਉਸ ਨੂੰ ਇੱਕ ਉਪਾਅ ਦੱਸਿਆ। ਤਾਈ ਦੂਜੇ ਦਿਨ ਭੱਜੀ ਆਈ ਮੈਨੂੰ ਸੌ ਸੌ ਦੁਆਵਾਂ ਦੇਣ ਲੱਗੀ। ਉਹ ਆਖਣ ਲੱਗੀ ਕਿ ਜਿਵੇਂ ਤੁਸੀਂ ਕਿਹਾ ਸੀ ਮੈਂ ਓਵੇਂ ਕੀਤਾ। ਦਰਅਸਲ ਜਿੱਥੇ ਤਾਈ ਹੁਰਾਂ ਦਾ ਟੀ ਵੀ ਪਿਆ ਹੈ ਬੂਹੇ ਦੇ ਸਾਹਮਣੇ ਮੱਝਾਂ ਬੰਨ੍ਹੀਆਂ ਹੁੰਦੀਆਂ ਹਨ। ਥੋੜ੍ਹੇ ਦਿਨਾਂ ਪਹਿਲਾਂ ਕਿਸੇ ਪਾਰਟੀ ਵਾਲਿਆਂ ਆਖਿਆ ਸੀ ਕਿ ਜੇਕਰ ਫਲਾਣੀ ਪਾਰਟੀ ਜਿੱਤ ਗਈ ਤੁਹਾਡੀਆਂ ਦੋ ਮੱਝਾਂ ਵਿੱਚੋਂ ਇੱਕ ਮੱਝ ਖੋਲ੍ਹ ਕੇ ਲੈ ਜਾਣਗੇ ਸ਼ਾਇਦ ਮੱਝਾਂ ਨੇ ਵੀ ਇਹ ਗੱਲ ਸੁਣ ਲੲੀ ਹੋਊ। ਮੈਂ ਸਿਰਫ਼ ਤਾਈ ਨੂੰ ਬੈਠਕ ਦਾ ਬੂਹਾ ਬੰਦ ਕਰ ਕੇ ਟੀ ਵੀ ਵੇਖਣ ਲਈ ਆਖਿਆ ਸੀ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਬਹੁਤੀ ਵਸੋਂ ਪਿੰਡਾਂ ਵਿੱਚ ਰਹਿੰਦੀ ਹੈ। ਪਿੰਡਾਂ ਦੇ ਲੋਕ ਕਿਸਾਨੀ ਨਾਲ ਜੁੜੇ ਹੋਏ ਹਨ। ਪਿਛਲੇ ਸਾਲਾਂ ਵਿੱਚ ਕਿਸਾਨੀ ਧਰਨੇ ਵੇਲੇ ਸਰਕਾਰ ਨੇ ਜੋ ਕੁੱਝ ਇਹਨਾਂ ਕਿਰਤੀ ਅੰਦੋਲਨਕਾਰੀਆਂ ਲਈ ਸ਼ਬਦ ਵਰਤੇ ਹਨ ਉਹ ਕਿਸੇ ਤੋਂ ਵੀ ਛੁਪੇ ਨਹੀਂ। ਕਿਸਾਨੀ ਸੰਘਰਸ਼ ਵੇਲੇ ਹੀ ਇਹ ਗੱਲਾਂ ਜੱਗ ਜ਼ਾਹਰ ਹੋਈਆਂ ਸਨ ਕਿ ਦੋ ਕੁ ਕਾਰਪੋਰੇਟ ਘਰਾਣਿਆਂ ਦੀ ਭਲਾਈ ਲਈ ਹੀ ਸਰਕਾਰ ਜਨਤਾ ਨਾਲ ਧੱਕਾ ਕਰਦੀ ਹੈ। ਇਹਨਾਂ ਦੋ ਅਮੀਰ ਬੰਦਿਆਂ ਦੇ ਨਾਂ ਬੱਚਾ ਬੱਚਾ ਜਾਣਦਾ ਹੈ।ਇਹਨਾਂ ਨੂੰ ਦੇਸ਼ ਦੇ ਮੁੱਖੀ ਦੀ ਸੱਜੀ ਖੱਬੀ ਬਾਂਹ ਮੰਨਿਆ ਜਾਂਦਾ ਹੈ। ਥੋੜ੍ਹੇ ਦਿਨ ਪਹਿਲਾਂ ਮੁੱਖੀ ਜੀ ਨੇ ਜੋ ਬਿਆਨ ਦਿੱਤੇ ਲੋਕਾਂ ਮੂੰਹ ਵਿੱਚ ਉਂਗਲਾਂ ਪਾ ਲਈਆਂ। ਇਹਦਾ ਮਤਲਬ ਉਹਨਾਂ ਅਮੀਰਾਂ ਕੋਲ ਕਾਲ਼ਾ ਧਨ ਅਤੇ ਚੋਰੀ ਦਾ ਮਾਲ ਹੈ ਅਤੇ ਮੁੱਖੀ ਨੂੰ ਇਸ ਗੱਲ ਦਾ ਪਤਾ ਹੈ। ਜਦੋਂ ਕਿਸਾਨ ਇਹ ਗੱਲ ਆਖਦੇ ਸਨ ਤਾਂ ਉਹਨਾਂ ਨੂੰ ਅੱਖਾਂ ਦਿਖਾਈਆਂ ਜਾਂਦੀਆਂ ਸਨ। ਮੂੰਹੋਂ ਨਿਕਲੀ ਗੱਲ ਕਦੇ ਦੁਬਾਰਾ ਮੂੰਹ ਵਿੱਚ ਨਹੀਂ ਪੈਂਦੀ। ਸੱਤਾਧਾਰੀ ਪਾਰਟੀ ਵਾਲਿਆਂ ਆਪਣੀ ਪਾਰਟੀ ਦੇ ਕਈ ਨੇਤਾ ਇਸ ਲਈ ਲਾਂਭੇ ਕਰ ਦਿੱਤੇ ਸਨ ਕਿ ਵੱਡੀ ਉਮਰ ਵਿੱਚ ਜਾ ਕੇ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ। ਇਹ ਗੱਲ ਲੋਕਮਨਾਂ 'ਤੇ ਬਿਠਾਉਣ ਲਈ ਬਹੁਤਾ ਜ਼ੋਰ ਨਹੀਂ ਲਾਉਣਾ ਪਿਆ। ਪਰ ਹੁਣ ਉਹੀ ਗੱਲ ਦੇਸ਼ ਦੇ ਪ੍ਰਧਾਨ ਮੁੱਖੀ 'ਤੇ ਲਾਗੂ ਕਰਨ ਨੂੰ ਨਾਂਹ ਕੀਤੀ ਜਾ ਰਹੀ ਐ। ਪਰ ਅੱਜ ਕੱਲ੍ਹ ਤਕਨੀਕੀ ਯੁੱਗ ਹੈ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ। ਵਿਰੋਧੀ ਪੁਰਾਣੇ ਭਾਸ਼ਣਾਂ ਦੇ ਕਲਿੱਪ ਕੱਢ ਕੇ ਵਾਇਰਲ ਕਰ ਰਹੇ ਹਨ। ਸਿਆਣੇ ਤਾਂ ਹੀ ਤੋਲ ਕੇ ਬੋਲਣ ਲਈ ਆਖਦੇ ਸਨ। ਨਹੀਂ ਤਾਂ ਇਹ ਵੀ ਆਖਿਆ ਜਾਂਦਾ ਹੈ...ਗੱਲ ਕਹਿੰਦੀ, 'ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾਊਂ।' ਹੁਣ ਦੇਖਦੇ ਹਾਂ ਕਿਹੜੇ ਕਿਹੜੇ ਨੇਤਾਵਾਂ ਦੀਆਂ ਕਹੀਆਂ ਗੱਲਾਂ ਉਹਨਾਂ ਨੂੰ ਕਿੱਧਰ ਨੂੰ ਧੱਕਦੀਆਂ ਹਨ।