Tote Di Sianap (Punjabi Story) : Iqbal Singh Hamjapur

ਤੋਤੇ ਦੀ ਸਿਆਣਪ (ਕਹਾਣੀ) : ਇਕਬਾਲ ਸਿੰਘ ਹਮਜਾਪੁਰ

ਇਕ ਦਰੱਖਤ ਉੱਪਰ ਕੁਝ ਪੰਛੀ ਰਹਿੰਦੇ ਸਨ। ਇਨ੍ਹਾਂ ਪੰਛੀਆਂ ਦਾ ਆਪਸ ਵਿਚ ਬਹੁਤ ਪਿਆਰ ਸੀ। ਸਾਰੇ ਪੰਛੀ ਸਵੇਰੇ ਚੋਗਾ ਲੈਣ ਚਲੇ ਜਾਂਦੇ ਤੇ ਸ਼ਾਮ ਨੂੰ ਮੁੜਦੇ ਸਨ। ਉਹ ਆਪ ਰੱਜ ਆਉਂਦੇ ਸਨ ਤੇ ਆਪਣੇ ਬੱਚਿਆਂ ਲਈ ਚੋਗਾ ਲੈ ਆਉਂਦੇ ਸਨ। ਇਸ ਤਰ੍ਹਾਂ ਸਾਰੇ ਪੰਛੀ ਵਧੀਆ ਦਿਨ ਬਤੀਤ ਕਰ ਰਹੇ ਸਨ, ਪਰ ਹੁਣ ਕੁਝ ਦਿਨਾਂ ਤੋਂ ਸਾਰੇ ਪੰਛੀ ਬਹੁਤ ਪਰੇਸ਼ਾਨ ਸਨ। ਹੁਣ ਜਦੋਂ ਉਹ ਚੋਗਾ ਚੁਗਣ ਜਾਂਦੇ ਸਨ ਤਾਂ ਮਗਰੋਂ ਕੋਈ ਉਨ੍ਹਾਂ ਦੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਜ਼ਖ਼ਮੀ ਕਰ ਜਾਂਦਾ ਸੀ। ਕੋਈ ਉਨ੍ਹਾਂ ਦੇ ਆਂਡੇ ਵੀ ਭੰਨ ਜਾਂਦਾ ਸੀ। ਪਤਾ ਨਹੀਂ ਲੱਗਦਾ ਸੀ ਕਿ ਇਹ ਕੰਮ ਕੌਣ ਕਰਦਾ ਹੈ। ਸਾਰੇ ਪੰਛੀ ਬੇਹੱਦ ਦੁਖੀ ਹੋ ਗਏ ਸਨ। ਉਸ ਦਰੱਖਤ ਦੇ ਕੋਲ ਇਕ ਹੋਰ ਦਰੱਖਤ ਸੀ। ਉਸ ਦਰੱਖਤ ਉੱਪਰ ਇਕ ਘੁੱਗੀ ਰਹਿੰਦੀ ਸੀ। ਪੰਛੀ ਇਕੱਠੇ ਹੋ ਕੇ ਘੁੱਗੀ ਕੋਲ ਪਹੁੰਚ ਗਏ।

‘ਘੁੱਗੀ ਭੈਣ! ਤੈਨੂੰ ਪਤਾ ਸਾਡੇ ਆਂਡੇ ਕੌਣ ਭੰਨਦਾ ਤੇ ਸਾਡੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਜ਼ਖ਼ਮੀ ਕੌਣ ਕਰਦਾ?’ ਪੰਛੀਆਂ ਨੇ ਘੁੱਗੀ ਨੂੰ ਪੁੱਛਿਆ।

‘ਮੈਂ ਤੇ ਆਪ ਸਵੇਰੇ ਚੋਗਾ ਲੈਣ ਚਲੀ ਜਾਂਦੀ ਹਾਂ, ਸ਼ਾਮ ਨੂੰ ਮੁੜਦੀ ਹਾਂ। ਮੈਨੂੰ ਕੁਝ ਨਹੀਂ ਪਤਾ।’ ਘੁੱਗੀ ਨੇ ਦੱਸਿਆ।

ਉਸੇ ਦਰੱਖਤ ਦੇ ਹੇਠਾਂ ਇਕ ਲੂੰਬੜੀ ਰਹਿੰਦੀ ਸੀ। ਸਾਰੇ ਪੰਛੀ ਲੂੰਬੜੀ ਕੋਲ ਪਹੁੰਚ ਗਏ।

‘ਲੂੰਬੜੀ ਭੈਣ! ਤੈਨੂੰ ਪਤਾ ਸਾਡੇ ਆਂਡੇ ਕੌਣ ਭੰਨਦਾ ਤੇ ਸਾਡੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਜ਼ਖ਼ਮੀ ਕੌਣ ਕਰਦਾ।’ ਇਕ ਸਿਆਣੀ ਜਿਹੀ ਚਿੜੀ ਨੇ ਪੁੱਛਿਆ।

‘ਮੈਂ ਆਪ ਦਿਨੇਂ ਅੰਗੂਰਾਂ ਦੇ ਬਾਗ਼ ਵਿਚ ਚਲੀ ਜਾਂਦੀ ਹਾਂ। ਸ਼ਾਮ ਨੂੰ ਮੁੜਦੀ ਹਾਂ। ਉਂਜ ਉਸ ਨਿੰਮ ਉੱਪਰ ਇਕ ਕਾਂ ਰਹਿੰਦੈ। ਉਹ ਬੇਹੱਦ ਨਿਕੰਮਾ ਤੇ ਚਲਾਕ ਐ। ਇਹ ਕੰਮ ਉਸੇ ਦਾ ਹੋ ਸਕਦਾ।’ ਲੂੰਬੜੀ ਨੇ ਦੂਰ ਦਿਸਦੀ ਨਿੰਮ ਵੱਲ ਇਸ਼ਾਰਾ ਕਰਦਿਆਂ ਕਿਹਾ। ਲੂੰਬੜੀ ਦੀ ਗੱਲ ਸੁਣ ਕੇ ਸਾਰੇ ਪੰਛੀਆਂ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਇਹ ਕੰਮ ਉਸੇ ਕਾਂ ਦਾ ਹੈ। ਉਸ ਕਾਂ ਨੇ ਪਹਿਲਾਂ ਵੀ ਇਕ ਵਾਰ ਉਨ੍ਹਾਂ ਦੇ ਆਲ੍ਹਣੇ ਤੋੜ ਦਿੱਤੇ ਸਨ।

ਸਾਰੇ ਪੰਛੀ ਉੱਡਦੇ ਉੱਡਦੇ ਨਿੰਮ ਕੋਲ ਪਹੁੰਚ ਗਏ। ਕਾਂ ਨਿੰਮ ਉੱਪਰ ਹੀ ਬੈਠਾ ਸੀ।

‘ਕਾਂ ਭਰਾਵਾ! ਤੈਨੂੰ ਪਤਾ, ਸਾਡੇ ਆਂਡੇ ਕੌਣ ਭੰਨਦਾ ਤੇ ਸਾਡੇ ਬੱਚਿਆਂ ਨੂੰ ਠੂੰਗੇ ਮਾਰ-ਮਾਰ ਜ਼ਖ਼ਮੀ ਕੌਣ ਕਰਦਾ ਹੈ।’ ਚਿੜੀ ਨੇ ਪੁੱਛਿਆ।

‘ਮੈਨੂੰ ਕੀ ਪਤਾ, ਤੁਹਾਡੇ ਆਂਡੇ ਕੌਣ ਭੰਨ੍ਹ ਜਾਂਦਾ ਤੇ ਤੁਹਾਡੇ ਬੱਚਿਆਂ ਨੂੰ ਜ਼ਖ਼ਮੀ ਕੌਣ ਕਰ ਜਾਂਦਾ।’

ਕਾਂ ਨੇ ਝੂਠ ਬੋਲਿਆ। ਕਾਂ ਨਾਲੇ ਚੋਰ ਸੀ ਤੇ ਨਾਲੇ ਚਤੁਰ ਸੀ।

‘ਮੈਂ ਬਜ਼ੁਰਗ ਹਾਂ। ਕਿਧਰੇ ਬਾਹਰ ਨਹੀਂ ਜਾ ਸਕਦਾ। ਤੁਸੀਂ ਵਾਰੀ ਸਿਰ ਮੇਰੇ ਖਾਣ ਵਾਸਤੇ ਕੁਝ ਨਾ ਕੁਝ ਲੈ ਆਇਆ ਕਰੋ। ਮੈਂ ਦਿਨ ਵਿਚ ਤੁਹਾਡੇ ਬੱਚਿਆਂ ਤੇ ਆਂਡਿਆਂ ਦੀ ਰਾਖੀ ਰੱਖਿਆ ਕਰਾਂਗਾ।’ ਕਾਂ ਨੇ ਪੰਛੀਆਂ ਨੂੰ ਸੁਝਾਅ ਦਿੱਤਾ।

ਪੰਛੀ ਕਾਂ ਦੀ ਗੱਲ ਝਟ ਮੰਨ ਗਏ। ਉਹ ਕਿਸੇ ਵੀ ਕੀਮਤ ’ਤੇ ਆਪਣੇ ਆਂਡੇ ਤੇ ਬੱਚੇ ਬਚਾਉਣੇ ਚਾਹੁੰਦੇ ਸਨ। ਅਗਲੇ ਹੀ ਦਿਨ ਤੋਂ ਕਾਂ ਲਈ ਰਾਸ਼ਨ ਆਉਣ ਲੱਗ ਪਿਆ। ਪੰਛੀਆਂ ਨੇ ਆਪਸ ਵਿਚ ਵਾਰੀ ਬੰਨ੍ਹ ਲਈ। ਜਿਸ ਵੀ ਪੰਛੀ ਦੀ ਕਾਂ ਲਈ ਰਾਸ਼ਨ ਲਿਆਉਣ ਦੀ ਵਾਰੀ ਹੁੰਦੀ, ਉਸ ਨੂੰ ਬਹੁਤ ਮਿਹਨਤ ਕਰਨੀ ਪੈਂਦੀ। ਕਾਂ ਦੀ ਖੁਰਾਕ ਵੀ ਵਾਹਵਾ ਸੀ। ਉਂਜ ਵੀ ਕਾਂ ਵੰਨ-ਸੁਵੰਨੀਆਂ ਚੀਜ਼ਾਂ ਖਾਣ ਦੀ ਮੰਗ ਕਰਨ ਲੱਗ ਪਿਆ ਸੀ। ਦਿਨੇਂ ਜਿਸ ਪੰਛੀ ਦੀ ਵਾਰੀ ਹੁੰਦੀ, ਉਸ ਨੂੰ ਕਾਂ ਰਾਤ ਨੂੰ ਹੀ ਸਮਝਾ ਦਿੰਦਾ।

‘ਸਵੇਰੇ ਡਬਲ ਰੋਟੀ ਤੇ ਮੱਖਣ ਖਾਣ ਨੂੰ ਦਿਲ ਕਰਦਾ।’

‘ਮੈਂ ਕੁਝ ਢਿੱਲਾ ਜਿਹਾ ਹਾਂ। ਸਵੇਰੇ ਖਿਚੜੀ ਵੀ ਚਾਹੀਦੀ ਹੈ।’

‘ਅੱਜ ਮੌਸਮ ਸੁਹਾਵਣਾ ਹੈ। ਮੈਂ ਪੀਜ਼ਾ ਖਾਵਾਂਗਾ।’

ਪੰਛੀ ਫਸੇ ਕਾਂ ਦੀਆਂ ਮੰਗਾਂ ਪੂਰੀਆਂ ਕਰਦੇ। ਉਹ ਦੂਰੋਂ ਦੂਰੋਂ ਕਾਂ ਦੀ ਪਸੰਦ ਦਾ ਰਾਸ਼ਨ ਲੱਭ ਕੇ ਲਿਆਉਂਦੇ। ਉਂਜ ਹੁਣ ਉਨ੍ਹਾਂ ਦੇ ਆਂਡੇ ਕੋਈ ਨਹੀਂ ਭੰਨਦਾ ਸੀ। ਨਾ ਹੀ ਉਨ੍ਹਾਂ ਦੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਕੋਈ ਜ਼ਖ਼ਮੀ ਕਰਦਾ ਸੀ। ਇਸ ਤਰ੍ਹਾਂ ਉਹ ਬੁੱਢੇ ਕਾਂ ਦੀ ਚਾਕਰੀ ਕਰਦੇ ਵੀ ਖ਼ੁਸ਼ ਸਨ।

ਉਨ੍ਹਾਂ ਪੰਛੀਆਂ ਵਿਚ ਇਕ ਤੋਤਾ ਵੀ ਸੀ। ਤੋਤਾ ਬਹੁਤ ਸਿਆਣਾ ਸੀ। ਕਾਂ ਦੀ ਚਾਕਰੀ ਕਰਨ ਦੀ ਇਕ ਦਿਨ ਤੋਤੇ ਦੀ ਵੀ ਵਾਰੀ ਆ ਗਈ। ਕਾਂ ਰਾਤ ਨੂੰ ਹੀ ਤੋਤੇ ਕੋਲ ਪਹੁੰਚ ਗਿਆ।

‘ਸਵੇਰੇ ਮੱਖਣ ਤੇ ਡਬਲ ਰੋਟੀ ਖਾਣ ਨੂੰ ਦਿਲ ਕਰਦਾ।’ ਕਾਂ ਨੇ ਆਖਿਆ।

‘ਚੰਗਾ ਮੈਂ ਮੱਖਣ ਤੇ ਡਬਲ ਰੋਟੀ ਲੈ ਆਵਾਂਗਾ।’ ਤੋਤੇ ਨੇ ਕਾਂ ਨਾਲ ਵਾਅਦਾ ਕੀਤਾ, ਪਰ ਦਿਲੋਂ ਉਹ ਕੁਝ ਵੀ ਨਹੀਂ ਲਿਆਉਣਾ ਚਾਹੁੰਦਾ ਸੀ। ਉਹ, ਕਾਂ ਤੋਂ ਸਾਰੇ ਪੰਛੀਆਂ ਦਾ ਖਹਿੜਾ ਛੁਡਾਉਣਾ ਚਾਹੁੰਦਾ ਸੀ।

ਤੋਤਾ, ਕਾਂ ਤੋਂ ਖਹਿੜਾ ਛੁਡਾਉਣ ਦੀ ਸਕੀਮ ਸੋਚਣ ਲੱਗਾ। ਉਹ ਸਾਰੀ ਰਾਤ ਸੋਚਦਾ ਰਿਹਾ ਤੇ ਦਿਨ ਚੜ੍ਹਨ ਤਕ ਉਸ ਨੇ ਸਕੀਮ ਬਣਾ ਲਈ।

ਤੋਤਾ ਸਵੇਰੇ ਚੋਗਾ ਚੁਗਣ ਗਿਆ, ਦੁਪਹਿਰ ਨੂੰ ਮੁੜਿਆ। ਉਹ ਕਾਂ ਲਈ ਡਬਲ ਰੋਟੀ ਲੈ ਆਇਆ, ਪਰ ਮੱਖਣ ਨਾ ਲੈ ਕੇ ਆਇਆ। ਸੁੱਕੀ ਡਬਲ ਰੋਟੀ ਵੇਖ ਕੇ ਕਾਂ ਨੂੰ ਗੁੱਸਾ ਚੜ੍ਹ ਗਿਆ।

‘ਮੂਰਖਾ! ਤੈਨੂੰ ਮੱਖਣ ਵੀ ਕਿਹਾ ਸੀ। ਸੁੱਕੀ ਡਬਲ ਰੋਟੀ ਮੈਂ ਕਿਵੇਂ ਖਾਵਾਂਗਾ?’ ਕਾਂ ਨੇ ਆਖਿਆ।

‘ਕਾਂ ਭਰਾਵਾ! ਮੈਂ ਕੀ ਕਰਾਂ? ਤੇਰੀ ਖਾਤਰ ਮੱਖਣ ਕਈ ਵਾਰ ਲੈ ਕੇ ਆਇਆਂ। ਗਰਮੀ ਬਹੁਤ ਹੈ। ਮੱਖਣ ਹਰ ਵਾਰ ਰਾਹ ਵਿਚ ਹੀ ਪਿਘਲ ਜਾਂਦਾ ਰਿਹਾ। ਤੂੰ ਮੇਰੇ ਨਾਲ ਚੱਲ ਤੇ ਉੱਥੇ ਹੀ ਬਹਿ ਕੇ ਮੱਖਣ ਖਾ ਲਵੀਂ।’ ਤੋਤੇ ਨੇ ਆਪਣੀ ਮਜਬੂਰੀ ਦੱਸੀ।

‘ਮੈਂ ਤੇਰੇ ਨਾਲ ਚੱਲਦਾ ਹਾਂ। ਮੈਂ ਉੱਥੇ ਬਹਿ ਕੇ ਹੀ ਮੱਖਣ ਖਾ ਲਵਾਂਗਾ।’ ਕਾਂ ਨੇ ਆਖਿਆ। ਉਸ ਦੇ ਮੂੰਹ ਵਿਚ ਪਾਣੀ ਆ ਗਿਆ ਸੀ। ਤੋਤਾ ਤੇ ਕਾਂ ਮੱਖਣ ਖਾਣ ਤੁਰ ਪਏ। ਤੋਤਾ ਅੱਗੇ ਅੱਗੇ ਤੇ ਕਾਂ ਪਿੱਛੇ ਪਿੱਛੇ ਉੱਡਦੇ ਗਏ। ਤੋਤਾ ਉਸ ਨੂੰ ਇਕ ਘਰ ਵਿਚ ਲੈ ਗਿਆ। ਘਰ ਦੀ ਰਸੋਈ ਖੁੱਲ੍ਹੀ ਪਈ ਸੀ। ਰਸੋਈ ਵਿਚ ਫਰਿਜ ਦਾ ਲੌਕ ਨਹੀਂ ਲੱਗਾ ਹੋਇਆ ਸੀ।

‘ਕਾਂ ਭਰਾਵਾ! ਇਸ ਫਰਿਜ ਵਿਚ ਮੱਖਣ ਪਿਆ। ਮੈਂ ਖੋਲ੍ਹਦਾਂ ਤੇ ਤੂੰ ਅੰਦਰ ਵੜ ਕੇ ਰੱਜ ਕੇ ਮੱਖਣ ਖਾ ਲਵੀਂ।’

ਤੋਤੇ ਨੇ ਪੰਜਾ ਮਾਰ ਕੇ ਫਰਿਜ ਖੋਲ੍ਹ ਦਿੱਤੀ। ਕਾਂ ਟਪੂਸੀ ਮਾਰ ਕੇ ਫਰਿਜ ਵਿਚ ਵੜ ਗਿਆ। ਕਾਂ ਦੇ ਅੰਦਰ ਜਾਣ ਦੀ ਦੇਰ ਸੀ ਕਿ ਤੋਤੇ ਨੇ ਫਰਿਜ ਦਾ ਦਰਵਾਜ਼ਾ ਛੱਡ ਦਿੱਤਾ।। ਫਰਿਜ ਬੰਦ ਹੋ ਗਈ। ਕਾਂ ਵੀ ਅੰਦਰ ਬੰਦ ਹੋ ਗਿਆ।

ਕਾਂ ਨੂੰ ਅੰਦਰ ਬੰਦ ਕਰਕੇ ਤੋਤਾ ਬਹੁਤ ਖ਼ੁਸ਼ ਹੋਇਆ। ਇਕ ਠੰਢ ਤੇ ਦੂਸਰਾ ਸਾਹ ਘੁੱਟਣ ਕਰਕੇ ਕਾਂ ਫਰਿਜ ਵਿਚ ਹੀ ਮਰ ਗਿਆ ਸੀ। ਤੋਤਾ ਉੱਡਦਾ ਉੱਡਦਾ ਦੂਸਰੇ ਪੰਛੀਆਂ ਕੋਲ ਗਿਆ। ਤੋਤੇ ਨੇ ਕਾਂ ਤੋਂ ਛੁਟਕਾਰਾ ਪਾਉਣ ਦੀ ਸਾਰੀ ਕਹਾਣੀ ਜਾ ਸੁਣਾਈ। ਸਾਰੇ ਪੰਛੀ ਤੋਤੇ ਦੀ ਸਿਆਣਪ ’ਤੇ ਬਹੁਤ ਖ਼ੁਸ਼ ਹੋਏ। ਹੁਣ ਉਨ੍ਹਾਂ ਨੂੰ ਵਾਰੀ ਸਿਰ ਕਾਂ ਲਈ ਰਾਸ਼ਨ ਨਹੀਂ ਲੈ ਕੇ ਆਉਣਾ ਪੈਂਦਾ ਸੀ। ਉਨ੍ਹਾਂ ਦੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਕੇ ਜ਼ਖ਼ਮੀ ਵੀ ਕੋਈ ਨਹੀਂ ਕਰਦਾ ਸੀ। ਨਾ ਹੀ ਕੋਈ ਉਨ੍ਹਾਂ ਦੇ ਆਂਡੇ ਭੰਨਦਾ ਸੀ। ਸਾਰੇ ਪੰਛੀ ਤੋਤੇ ਦੀ ਸਿਆਣਪ ਤੋਂ ਬਹੁਤ ਖ਼ੁਸ਼ ਸਨ।

  • ਮੁੱਖ ਪੰਨਾ : ਕਹਾਣੀਆਂ, ਇਕਬਾਲ ਸਿੰਘ ਹਮਜਾਪੁਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ