Tournament (Punjabi Story) : Kuldeep Sirsa
ਟੂਰਨਾਮੈਂਟ (ਕਹਾਣੀ) : ਕੁਲਦੀਪ ਸਿਰਸਾ
ਇੱਕ ਵੱਡੇ ਸਾਰੇ ਪਿੰਡ ਵਿੱਚ ਸੈਂਕੜੇ ਏਕੜ ਪੰਚਾਇਤੀ ਜਮੀਨ ਸੀ।ਉਸ ਪੰਚਾਇਤੀ ਜਮੀਨ ਦੀ ਠੇਕੇ ਲਈ ਹਰ ਸਾਲ ਬੋਲੀ ਹੁੰਦੀ ਜਾਂ ਕਹਿ ਲਵੋ ਬੋਲੀ ਦਾ ਡਰਾਮਾ ਹੁੰਦਾ।ਉਸ ਜਮੀਨ 'ਤੇ ਵਾਹੀ ਕਈ ਸਾਲਾਂ ਤੋਂ ਘੜੰਮ ਚੌਧਰੀ ਹੀ ਕਰ ਰਿਹਾ ਸੀ।ਸਰਪੰਚ ਵੀ ਉਸ ਡਰਾਮੇ ਵਿੱਚ ਸ਼ਾਮਿਲ ਹੁੰਦਾ ਜਾਂ ਕਹਿ ਲਵੋ ਸਰਪੰਚ...ਖੈਰ ਛੱਡੋ।
ਉਸ ਪਿੰਡ ਦੇ ਨੌਜਵਾਨਾਂ ਨੂੰ ਵਾਲੀਬਾਲ ਖੇਡਣ ਦਾ ਸ਼ੌਂਕ ਸੀ ਪਰ ਨਾ ਉਹਨਾਂ ਕੋਲ ਵਾਲੀਬਾਲ ਹੁੰਦੀ ਨਾ ਗਰਾਉਂਡ।ਫਿਰ ਵੀ ਉਹ ਇੱਥੇ-ਉੱਥੇ ਲੱਗੇ ਰਹਿੰਦੇ।ਸਰਪੰਚ ਨੇ ਕਦੇ ਉਹਨਾਂ ਨੂੰ ਬਾਲ ਵੀ ਲੈਕੇ ਨਾ ਦਿੱਤੀ।ਮੁੰਡਿਆਂ ਨੇ ਖੇਡਣ ਲਈ ਪੰਚਾਇਤੀ ਜ਼ਮੀਨ ਵਿਚੋਂ ਦੋ ਕਨਾਲ ਥਾਂ ਗਰਾਉਂਡ ਲਈ ਮੰਗੀ।ਸਰਪੰਚ ਦੇ ਕੰਨਾਂ 'ਤੇ ਜੂੰ ਨਾ ਸਰਕੀ।
ਨਾਲ ਦੇ ਪਿੰਡ ਵਿਚ ਵਾਲੀਬਾਲ ਦਾ ਟੂਰਨਾਮੈਂਟ ਹੋਇਆ।ਇਸ ਪਿੰਡ ਦੇ ਖਿਡਾਰੀ ਵੀ ਪਹੁੰਚੇ।ਫ਼ਾਈਨਲ ਵਿੱਚ ਪਹੁੰਚ ਗਏ।ਮਹੌਲ ਇਸ ਤਰ੍ਹਾਂ ਦਾ ਬਣਿਆ ਕਿ ਅੱਧਾ ਪਿੰਡ ਵਾਲੀਵਾਲ ਦਾ ਮੈਚ ਦੇਖਣ ਪਹੁੰਚਿਆ।ਸਰਪੰਚ ਵੀ ਪਹੁੰਚ ਗਿਆ।ਖਿਡਾਰੀਆਂ ਦੀ ਹੌਂਸਲਾ-ਅਫ਼ਜ਼ਾਈ ਕੀਤੀ।ਸਰਪੰਚ ਦੀ ਖਿਡਾਰੀਆਂ ਨਾਲ ਅਖਬਾਰਾਂ ਵਿੱਚ ਫੋਟੋ ਵੀ ਛਪੀ।ਸਰਪੰਚ ਨੇ ਆਪਣੀ ਖੁੱਲੀ ਜੀਪ ਵਿੱਚ ਖਿਡਾਰੀਆਂ ਨੂੰ ਪਿੰਡ ਦਾ ਗੇੜਾ ਲੁਆਇਆ।ਲੋਕਾਂ ਨੇ ਸਰਪੰਚ ਅਤੇ ਖਿਡਾਰੀਆਂ ਦੇ ਗਲਾਂ ਵਿਚ ਹਾਰ ਪਏ।ਬੜਾ ਉਤਸ਼ਾਹਿਤ ਮਹੌਲ ਸੀ।
ਸਾਰਾ ਪਿੰਡ ਖੁਸ਼ ਸੀ।
ਅੱਜ ਇਸ ਘਟਨਾ ਨੂੰ ਪੰਜ ਸਾਲ ਹੋ ਗਏ ਹਨ।ਸਰਪੰਚ ਦੁਬਾਰਾ ਸਰਪੰਚ ਚੁਣਿਆ ਗਿਆ।ਅੱਜ ਵੀ ਖਿਡਾਰੀ ਬਿਨਾਂ ਵਾਲੀਬਾਲ ਅਤੇ ਗਰਾਉਂਡ ਦੇ ਗੁਜ਼ਾਰਾ ਕਰ ਰਹੇ ਹਨ ਅਤੇ ਫਿਰ ਨਾਲ ਦੇ ਪਿੰਡ ਹੋਣ ਜਾ ਰਹੇ ਵਾਲੀਬਾਲ ਦੇ ਟੂਰਨਾਮੈਂਟ ਦੀ ਤਿਆਰੀ ਕਰ ਰਹੇ ਹਨ।