Tuladan (Story in Punjabi) : Rajinder Singh Bedi
ਤੁਲਾਦਾਨ (ਕਹਾਣੀ) : ਰਾਜਿੰਦਰ ਸਿੰਘ ਬੇਦੀ
ਧੋਬੀਆਂ ਦੇ ਘਰ ਜੇ ਗੋਰਾ-ਚਿੱਟਾ ਬਾਲ ਜੰਮ ਪਵੇ ਤਾਂ ਉਸਦਾ ਨਾਂ 'ਬਾਊ' ਰੱਖ ਦਿੱਤਾ ਜਾਂਦਾ ਹੈ। ਸਾਧੂਰਾਮ ਦੇ ਘਰ ਬਾਊ ਨੇ ਜਨਮ ਲਿਆ ਤੇ ਉਹ ਸਿਰਫ ਬਾਊ ਦੀ ਸ਼ਕਲ-ਸੂਰਤ ਤਾਈਂ ਹੀ ਸੀਮਿਤ ਨਹੀਂ ਸੀ ਰਿਹਾ, ਜਦੋਂ ਵੱਡਾ ਹੋਇਆ ਤਾਂ ਉਸਦੀਆਂ ਸਾਰੀਆਂ ਆਦਤਾਂ ਬਾਊਆਂ ਵਰਗੀਆਂ ਹੀ ਸਨ। ਮਾਂ ਨੂੰ ਨਫ਼ਰਤ ਨਾਲ 'ਏ ਯੂ' ਤੇ ਪਿਓ ਨੂੰ 'ਚੱਲ ਓਇ' ਕਹਿਣਾ ਉਸਨੇ ਪਤਾ ਨਹੀਂ ਕਿੱਥੋਂ ਸਿਖ ਲਿਆ ਸੀ। ਉਹ, ਉਸਦੀ ਆਕੜ ਭਰੀ ਆਵਾਜ਼, ਮੜਕ ਨਾਲ ਤੁਰਨਾ, ਬੂਟਾਂ ਸਮੇਤ ਚੌਂਕੇ ਵਿਚ ਵੜ ਜਾਣਾ, ਦੁੱਧ ਨਾਲ ਮਲਾਈ ਨਾ ਖਾਣਾ—ਸਾਰੀਆਂ ਸਿਫਤਾਂ ਬਊਆਂ ਵਾਲੀਆਂ ਹੀ ਤਾਂ ਸਨ। ਜਦੋਂ ਉਹ ਹੁਕਮ ਦੇਣ ਵਾਲੀ ਆਵਾਜ਼ ਵਿਚ ਬੋਲਦਾ ਤੇ 'ਚੱਲ ਓਇ' ਕਹਿੰਦਾ ਤਾਂ ਸਾਧੂਰਾਮ 'ਖ਼ੀਂ ਖ਼ੀਂ...' ਕਰਕੇ ਪੀਲੇ ਦੰਦ ਕੱਢ ਵਿਖਾਉਂਦਾ ਤੇ—“ਪੂਰਾ ਬਾਊ ਐ।” ਕਹਿ ਕੇ ਚੁੱਪ ਹੋ ਜਾਂਦਾ।
ਬਾਊ ਜਦੋਂ ਸੁਖਨੰਦਨ, ਅਮ੍ਰਿਤ ਤੇ ਹੋਰ ਅਮੀਰ-ਜ਼ਾਦਿਆਂ ਨਾਲ ਖੇਡਦਾ ਤਾਂ ਕਿਸੇ ਨੂੰ ਪਤਾ ਨਾ ਲੱਗਦਾ ਕਿ ਉਹ ਉਸ ਮਾਲਾ ਦਾ ਮਣਕਾ ਨਹੀਂ। ਸੱਚ ਤਾਂ ਇਹ ਹੈ ਕਿ ਈਸ਼ਵਰ ਸਭ ਜੀਵ-ਜੰਤੂ ਨੰਗੇ ਕਰਕੇ ਇਸ ਦੁਨੀਆਂ ਵਿਚ ਭੇਜ ਦੇਂਦਾ ਹੈ। ਕੋਈ ਬੋਲੀ-ਪਾੜ੍ਹਤ ਨਹੀਂ ਸਿਖਾਉਂਦਾ। ਇਹ ਨਾਦਾਰ, ਲਖਪਤੀ, ਮਹਾ ਬ੍ਰਾਹਮਣ, ਭਨੋਟ, ਹਰੀਜਨ, ਲੰਗੁਵਾ, ਫ਼ਰਨੀਕਾ-ਸਾਰੀਆਂ ਲੋਕਾਂ ਦੀਆਂ ਬਾਅਦ ਦੀਆਂ ਕੱਢੀਆਂ ਕਾਢਾਂ ਨੇ।
ਬੁਧਈ ਦੇ ਪੁਰਵਾ ਵਾਸੀਆਂ ਵਿਚ ਸੁਖਾਨੰਦਨ ਦੇ ਮਾਂ-ਪਿਓ ਖਾਂਦੇ ਪੀਂਦੇ ਆਦਮੀ ਸਨ ਤੇ ਸਾਧੂਰਾਮ ਤੇ ਦੂਜੇ ਆਦਮੀ ਉਹਨਾਂ ਨੂੰ ਖਾਂਦੇ-ਪੀਂਦੇ ਵੇਖਣ ਵਾਲੇ। ਸੁਖਨੰਦਨ ਦਾ ਜਨਮ ਦਿਨ ਆਇਆ ਤਾਂ ਪੁਰਵਾ ਦੇ ਵੱਡੇ-ਵੱਡੇ ਨੇਤਾਗਣ, ਦੇਵ–ਭੰਡਾਰੀ, ਗਣਪਤ ਮਹਾ ਬ੍ਰਾਹਮਣ ਵਗ਼ੈਰਾ ਖਾਣੇ 'ਤੇ ਬੁਲਾਏ ਗਏ। ਡਾਲਚੰਦ ਤੇ ਗਣਪਤ ਮਹਾ ਬ੍ਰਾਹਮਣ ਦੋਵੇਂ ਮੋਟੇ-ਮੋਟੇ ਆਦਮੀ ਸਨ ਤੇ ਲਗਭਗ ਹਰੇਕ ਦਾਅਵਤ ਵਿਚ ਵੇਖੇ ਜਾਂਦੇ ਸਨ। ਉਹਨਾਂ ਦੇ ਵਧੇ ਹੋਏ ਢਿੱਡ ਹੇਠਾਂ ਪਤਲੀ ਜਿਹੀ ਧੋਤੀ, ਧੋਤੀ ਹੇਠ ਲੰਗੋਟ, ਮੋਟੇ ਤਾਜ਼ੇ ਜਿਸਮ ਉੱਤੇ ਜਨੇਊ, ਵੱਡਾ ਸਾਰਾ ਚੰਦਨ ਦਾ ਟਿੱਕਾ ਵੇਖ ਕੇ ਬਾਊ ਨੂੰ ਈਰਖਾ ਹੁੰਦੀ ਸੀ...ਤੇ ਭਲਾ ਇਹ ਵੀ ਕੋਈ ਈਰਖਾ ਕਰਨ ਵਾਲੀ ਗੱਲ ਸੀ। ਸ਼ਾਇਦ ਇਕ ਨਿੱਕਾ ਜਿਹਾ ਮਲੂਕ ਸਰੀਰ ਬਾਊ ਬਣਨ ਤੋਂ ਪਿੱਛੋਂ ਮਨੁੱਖਾਂ ਵਿਚ ਥੁਲਥੁਲਾ, ਬੇਡੌਲ ਪੰਡਿਤ ਬਣਨਾ ਚਾਹੁੰਦਾ ਹੈ...ਤੇ ਪੰਡਿਤ ਬਣਨ ਪਿੱਛੋਂ ਇਕ ਮੋਈ ਜ਼ਮੀਰ ਵਾਲਾ ਗੁਨਾਹਗਾਰ ਇਨਸਾਨ ਤੇ ਅਛੂਤ ਵੀ। ਡਾਲਚੰਦ ਤੇ ਗਣਪਤ ਮਹਾ ਬ੍ਰਾਹਮਣ ਦੇ ਚਰਿੱਤਰ ਬਾਰੇ ਬਹੁਤ ਸਾਰੀਆਂ ਗੱਲਾਂ ਮਸ਼ਹੂਰ ਸਨ। ਇਹ ਇਨਸਾਨੀ ਸੁਭਾਅ ਦੀ ਤਾਸੀਰ ਹਰ ਜਗ੍ਹਾ ਰੰਗ ਵਿਖਾਉਂਦੀ ਹੈ।
ਬਾਊ ਨੇ ਵੇਖਿਆ-ਜਿੱਥੇ ਭੰਡਾਰੀ, ਮਹਾ ਬ੍ਰਾਹਮਣ, ਭਨੋਟ ਆਏ ਹੋਏ ਸਨ ਉੱਥੇ ਹੀ ਉਮਦਾਂ ਮੀਰਾਸਨ, ਹਰਖੂ, ਜੜੀ ਦਾਦਾ ਕਰਿੰਦਾ ਤੇ ਦੋ ਤਿੰਨ ਜੂਠੀਆਂ ਪਤਲਾਂ ਤੇ ਡੂਨੇ ਚੁੱਕਣ ਵਾਲੇ ਝਿਊਰ ਵੀ ਨਜ਼ਰ ਆ ਰਹੇ ਸਨ। ਜਦੋਂ ਦਸ ਪੰਦਰਾਂ ਆਦਮੀ ਖਾ ਕੇ ਵਿਹਲੇ ਹੋ ਜਾਂਦੇ ਤਾਂ ਝਿਊਰ ਪਤਲਾਂ ਤੇ ਡੂਨਿਆਂ ਵਿਚ ਬਚੀਆਂ ਖੁਚੀਆਂ ਚੀਜ਼ਾਂ ਇਕ ਜਗ੍ਹਾ ਇਕੱਠੀਆਂ ਕਰਦੇ। ਜਮਾਦਾਰਨੀ ਵਿਹੜੇ ਵਿਚ ਚਾਦਰ ਦਾ ਇਕ ਪੱਲਾ ਵਿਛਾਈ ਬੈਠੀ ਸੀ। ਉਹ ਸਾਰੀਆਂ ਬਚੀਆਂ ਖੁਚੀਆਂ ਚੀਜ਼ਾਂ, ਹਲਵਾ, ਦਾਲ, ਤੋੜੀਆਂ ਹੋਈਆਂ ਬੁਰਕੀਆਂ, ਪਕੌੜਿਆਂ ਰਲੇ ਆਲੂ-ਮਟਰ ਤੇ ਚੌਲ ਉਸਦੀ ਵਿਛੀ ਹੋਈ ਚਾਦਰ ਜਾਂ ਅਲਮੀਨੀਅਮ ਦੇ ਇਕ ਵੱਡੇ ਸਾਰੇ ਭੱਦੇ ਜਿਹੇ ਤਸਲੇ ਵਿਚ ਪਾ ਦੇਂਦੇ। ਉਸਦੇ ਸਾਹਮਣੇ ਸਾਰੀਆਂ ਚੀਜ਼ਾਂ ਦੀ ਖਿਚੜੀ ਦੇਖ ਕੇ ਬਾਊ ਤੋਂ ਰਿਹਾ ਨਾ ਗਿਆ। ਬੋਲਿਆ—
“ਜਮਾਦਾਰਨੀ, ਕਿਵੇਂ ਖਾਵੇਂਗੀ ਇਹ ਚੀਜ਼ਾਂ?”
ਜਮਾਦਾਰਨੀ ਹੱਸ ਪਈ। ਨੱਕ ਚੜ੍ਹਾ ਕੇ ਬੋਲੀ, “ਜਿਵੇਂ ਤੂੰ ਰੋਟੀਆਂ ਖਾਂਦਾ ਐਂ।”
ਇਸ ਅਜੀਬ ਤੇ ਸਦੀਵੀਂ ਜਵਾਬ ਨੇ ਬਾਊ ਦੀ ਠੁਕ ਨੂੰ ਠੋਕਰ ਮਾਰੀ। ਬੋਲਿਆ, “ਕੇਡੀ ਨਾ ਸਮਝ ਏਂ ਤੂੰ, ਏਨੀ ਗੱਲ ਵੀ ਨਹੀਂ ਸਮਝੀ। ਤਾਂਹੀਏਂ ਤਾਂ ਤੁਸੀਂ ਲੋਕ ਜੁੱਤੀਆਂ ਜੋੜਿਆਂ ਕੋਲ ਬੈਠਣ ਲਾਇਕ ਓ।”
ਹਲਾਲਖ਼ੋਰੀ ਦੀ ਆਕੜ ਲੋਕਾਂ ਨੂੰ ਵਿਰਸੇ ਵਿਚ ਮਿਲੀ ਹੁੰਦੀ ਹੈ। ਮੱਥੇ ਵੱਟ ਪਾ ਕੇ ਜਮਾਦਾਰਨੀ ਬੋਲੀ—
“ਤੇ ਤੁਸੀਂ ਤਾਂ ਅਰਸ਼ਾਂ 'ਤੇ ਬੈਠਣ ਲਾਇਕ ਓਂ; ਹੈ ਨਾ?”
“ਐਵੇਂ ਈ ਨਾਰਾਜ਼ ਹੋ ਗਈ ਏਂ ਤੂੰ ਤਾਂ।” ਬਾਊ ਬੋਲਿਆ, “ਮੇਰਾ ਮਤਲਬ ਸੀ ਸਬਜ਼ੀ ਵਿਚ ਹਲਵਾ, ਤੇ ਪਕੌੜਿਆਂ ਵਿਚ, ਆਲੂ-ਮਟਰ; ਪੁਲਾਅ ਵਿਚ ਫਿਰਨੀ, ਇਹ ਸਾਰੀਆਂ ਚੀਜ਼ਾਂ ਖਿਚੜੀ ਨਹੀਂ ਬਣ ਗਈਆਂ ਕਿ?”
ਜਮਾਦਾਰਨੀ ਨੇ ਕੋਈ ਉਤਰ ਨਾ ਦਿੱਤਾ।
ਭੰਡਾਰੀ ਤੇ ਮਹਾ ਬ੍ਰਾਹਮਣ ਨੂੰ ਚੰਗੇ ਥਾਂ ਬਿਠਾਇਆ ਗਿਆ। ਉਹ ਸਾਧੂਆਂ ਵਰਗੀ ਰੂਦਰਾਕਸ਼ ਦੀ ਮਾਲਾ ਗਲੇ ਵਿਚ ਪਾਈ ਕੁਣੱਖਾ ਜਿਹਾ ਵਾਰੀ ਵਾਰੀ ਉਮਦਾਂ ਤੇ ਜਮਾਦਾਰਨੀ ਵੱਲ ਝਾਕਦੇ ਰਹੇ। ਉਮਦਾਂ, ਜਮਾਦਾਰਨੀ ਦੇ ਕੋਲ ਹੀ ਬੈਠੀ ਸੀ। ਹਰਖੂ ਤੇ ਜੜੀ ਦਾਦਾ ਧੁੱਪ ਵਿਚ ਬੈਠੇ, ਖਾ ਰਹੇ ਆਦਮੀਆਂ ਦੇ ਮੂੰਹਾਂ ਵੱਲ ਵੇਖ ਰਹੇ ਸਨ ਕਿ ਕਦੋਂ ਉਹ ਸਾਰੇ ਖਾ ਹਟਣ ਤਾਂ ਉਹਨਾਂ ਨੂੰ ਵੀ ਕੁਝ ਨਸੀਬ ਹੋਵੇ। ਬਾਊ ਨੇ ਦੇਖਿਆ, ਉਮਦਾਂ ਦੇ ਨੇੜੇ ਹੀ ਬਾਲਣ ਦੀ ਓਟ ਵਿਚ ਉਸਦੀ ਆਪਣੀ ਮਾਂ ਬੈਠੀ ਹੋਈ ਸੀ। ਉਸਦੇ ਨੇੜੇ ਭਾਂਡੇ ਮਾਂਜਣ ਲਈ ਸਵਾਹ ਤੇ ਅੱਧ ਸੁੱਕੀਆਂ ਪਾਥੀਆਂ ਪਈਆਂ ਸਨ ਤੇ ਸਵਾਹ ਨਾਲ ਉਸਦਾ ਲਹਿੰਗਾ ਖਰਾਬ ਹੋ ਗਿਆ ਸੀ। ਕਮੀਜ਼ ਵੀ ਖਰਾਬ ਹੋ ਰਹੀ ਸੀ। ਖ਼ੈਰ ਕਮੀਜ਼ ਦੀ ਤਾਂ ਕੋਈ ਗੱਲ ਨਹੀਂ ਸੀ, ਉਹ ਤਾਂ ਕਿਸੇ ਦੀ ਸੀ ਤੇ ਧੋਣ ਲਈ ਆਈ ਸੀ। ਇਕ ਵਾਰੀ ਧੋ ਕੇ ਬਾਊ ਦੀ ਮਾਂ ਨੇ ਪਾ ਲਈ ਤਾਂ ਕੁਝ ਘਸ ਨਹੀਂ ਗਿਆ। ਪਰਮਾਤਮਾ ਭਲਾ ਕਰੇ ਬੱਦਲਾਂ ਦਾ ਕਿ ਉਹਨਾਂ ਦੀ ਮਿਹਰਬਾਨੀ ਨਾਲ ਇਹ ਮੌਕਾ ਭਿੜਿਆ ਸੀ।
ਜਦੋਂ ਆਪਣੇ ਦੋਸਤ ਸੁਖਨੰਦਨ ਨੂੰ ਮਿਲਣ ਲਈ ਬਾਊ ਨੇ ਅੱਗੇ ਵਧਣਾ ਚਾਹਿਆ ਤਾਂ ਇਕ ਆਦਮੀ ਨੇ ਉਸਨੂੰ ਚਪੇੜ ਵਿਖਾਅ ਕੇ ਥਾਵੇਂ ਹੀ ਰੋਕ ਦਿੱਤਾ ਤੇ ਕਿਹਾ, “ਖ਼ਬਰਦਾਰ! ਧੋਬੀ ਦੇ ਬੱਚੇ...ਦਿਸਦਾ ਨਹੀਂ ਕਿੱਧਰ ਵੜਿਆ ਜਾ ਰਿਹੈਂ?” ਬਾਊ ਰੁਕ ਗਿਆ। ਸੋਚਣ ਲੱਗਿਆ ਉਸ ਨਾਲ ਲੜੇ ਜਾਂ ਨਾ ਲੜੇ। ਝਿਊਰ ਦਾ ਕਮਾਇਆ ਹੋਇਆ ਸਰੀਰ ਵੇਖ ਕੇ ਉਸਨੂੰ ਥਾਵੇਂ ਰੁਕਣਾ ਪਿਆ ਤੇ ਉਂਜ ਵੀ ਉਹ ਅਜੇ ਬੱਚਾ ਸੀ; ਭਲਾ ਏਡੇ ਵੱਡੇ ਆਦਮੀ ਦਾ ਮੁਕਾਬਲਾ ਕਿੰਜ ਕਰ ਸਕਦਾ ਸੀ। ਉਸਨੇ ਇਕ ਉਦਾਸ ਟੁੱਟਵੀਂ ਜਿਹੀ ਨਿਗਾਹ ਚੰਗੀ ਥਾਵੇਂ ਬੈਠ ਕੇ ਖਾਣ ਵਾਲਿਆਂ ਤੇ ਪਾਥੀਆਂ ਦੀ ਗਿੱਲੀ ਸੁੱਕੀ ਸਵਾਹ ਤੇ ਜੁੱਤੀਆਂ ਕੋਲ ਬੈਠੇ ਮਾਨਸਾਂ ਵੱਲ ਦੇਖਿਆ ਤੇ ਮਨ ਹੀ ਮਨ ਕਿਹਾ—'ਭਾਵੇਂ ਸਾਰੇ ਨੰਗੇ ਪੈਦਾ ਹੋਏ ਨੇ, ਪਰ ਇਕ ਕਾਮੇਂ ਤੇ ਇਕ ਬ੍ਰਾਹਮਣ ਵਿਚ ਕਿੰਨਾ ਫਰਕ ਏ!'
ਫੇਰ ਦਿਲ ਵਿਚ ਕਹਿਣ ਲੱਗਾ—-'ਸੁਖਨੰਦਨ ਤੇ ਬਾਊ ਵਿਚ ਕਿੰਨਾ ਫਰਕ ਏ!' ਤੇ ਹਲਕੀ ਜਿਹੀ ਇਕ ਪੀੜ ਉਸਦੇ ਕਾਲਜੇ ਵਿਚ ਉਠੀ। ਅਸਲੀਅਤ ਤਾਂ ਬਾਊ ਦੇ ਸਾਹਮਣੇ ਸੀ। ਪਰ ਉਸਦੇ ਅਸਲੀ ਰੂਪ ਨੂੰ ਦੇਖਣ ਤੋਂ ਉਹ ਖ਼ੁਦ ਹੀ ਘਬਰਾਂਦਾ ਸੀ। ਬਾਊ ਦਿਲ ਹੀ ਦਿਲ ਵਿਚ ਕਹਿਣ ਲੱਗਾ—'ਸਾਡੇ ਲੋਕਾਂ ਕਰਕੇ ਹੀ ਤਾਂ ਇਹ ਜਿਉਂਦੇ ਨੇ। ਦਿਨ ਵਰਗੇ ਚਿੱਟੇ ਕੱਪੜੇ ਪਾਉਂਦੇ ਨੇ।...' ਦਰਅਸਲ ਬਾਊ ਨੂੰ ਭੁੱਖ ਲੱਗੀ ਹੋਈ ਸੀ। ਉਹਨਾਂ ਪਕੌੜਿਆਂ ਤੇ ਹਲਵੇ ਪੂਰੀਆਂ ਦੇ ਖ਼ਿਆਲਾਂ ਵਿਚ...ਸੱਚਾਈ ਦੇ ਇਸ ਮਕਰੂ ਰੂਪ ਨੂੰ ਤਾਂ ਕੀ ਉਹ ਆਪਣੇ ਆਪ ਨੂੰ ਵੀ ਭੁੱਲ ਗਿਆ ਸੀ। ਗਰਮਾ-ਗਰਮ ਪੂਰੀਆਂ ਦੀ ਸਬਰ ਹਿਲਾਅ ਦੇਣ ਵਾਲੀ ਖ਼ੁਸ਼ਬੂ ਉਸਦੇ ਦਿਮਾਗ਼ ਵਿਚ ਘੁਸੜਦੀ ਜਾ ਰਹੀ ਸੀ। ਅਚਾਨਕ ਉਸਦੀ ਨਜ਼ਰ ਉਮਦਾਂ ਉੱਤੇ ਪਈ। ਉਮਦਾਂ ਦੀ ਨਜ਼ਰ ਟੋਕਰੀ ਵਿਚ ਘੀ ਨਾਲ ਗੜੂੱਚ ਪੂਰੀਆਂ ਦੇ ਨਾਲ-ਨਾਲ ਤੁਰੀ ਫਿਰਦੀ ਸੀ। ਜਦੋਂ ਸੁਖਨੰਦਨ ਦੀ ਮਾਂ ਨੇੜਿਓਂ ਲੰਘੀ ਤਾਂ ਉਸਦਾ ਧਿਆਨ ਖਿੱਚਣ ਲਈ ਉਮਦਾਂ ਬੋਲੀ—
“ਜਿਜਮਾਨੀ, ਜ਼ਰਾ ਹਲਵਾਈ ਨੂੰ ਤਾੜ ਖਾਂ...ਇਹ ਦੇਖਦੀ ਨਹੀਂ ਕਿੰਨਾਂ ਘਿਓ ਚੋਂਦਾ ਜਾ ਰਿਹੈ ਜ਼ਮੀਨ ਉੱਤੇ।”
ਜਿਜਮਾਨੀ ਕੜਕ ਕੇ ਬੋਲੀ—“ਓਇ ਕਿਸ਼ਨੂੰ, ਹਲਵਾਈ ਨੂੰ ਕਹਿ ਜ਼ਰਾ ਪੂਰੀਆਂ ਕੜਾਹੀ ਵਿਚ ਦਬਾਅ ਦੇ ਕੱਢੇ।”
ਬਾਊ ਹੱਸ ਪਿਆ। ਉਮਦਾਂ ਸ਼ਰਮਿੰਦੀ ਜਿਹੀ ਹੋ ਗਈ। ਬਾਊ ਜਾਣਦਾ ਸੀ ਉਮਦਾਂ ਇਹ ਸਭ ਸਿਰਫ ਇਸ ਕਰਕੇ ਕਹਿ ਰਹੀ ਹੈ ਕਿ ਉਸਦਾ ਆਪਣਾ ਜੀਅ ਪੂਰੀਆਂ ਖਾਣ ਨੂੰ ਕਰ ਰਿਹਾ ਹੈ। ਭਾਵੇਂ ਜਿਜਮਾਨੀ ਦਾ ਧਿਆਨ ਖਿੱਚਣ ਵਾਲੇ ਇਸ ਵਾਕ ਤੋਂ ਉਸਦੀ ਇੱਛਾ ਦਾ ਪਤਾ ਨਹੀਂ ਸੀ ਲੱਗ ਰਿਹਾ। ਉਹ ਹੈਰਾਨ ਸੀ ਤੇ ਸੋਚ ਰਿਹਾ ਸੀ ਕਿ ਜਿਸ ਤਰ੍ਹਾਂ ਉਸਨੇ ਉਮਦਾਂ ਦੇ ਉਹਨਾਂ ਅਰਥਹੀਣ ਸ਼ਬਦਾਂ ਵਿਚ ਲੁਕੇ ਹੋਏ ਅਸਲੀ ਅਰਥਾਂ ਨੂੰ ਸਮਝ ਲਿਆ ਸੀ, ਕੀ ਇਹ ਵੀ ਸੰਭਵ ਹੈ ਕਿ ਉਸਦੀ ਚੁੱਪ ਤੋਂ ਕੋਈ ਉਸਦੇ ਅੰਦਰ ਦੀ ਗੱਲ ਵੀ ਸਮਝ ਲਵੇ—ਆਖ਼ਰ ਚੁੱਪ ਬੋਲਾਂ ਨਾਲੋਂ ਵੱਧ ਅਰਥ ਭਰਪੂਰ ਹੁੰਦੀ ਹੈ।
ਉਸ ਵੇਲੇ ਸੁਖਨੰਦਨ ਤੁਲ ਰਿਹਾ ਸੀ। ਸਜਾਈ ਹੋਏ ਕੰਡੇ (ਵੱਡਾ ਤੱਕੜ) ਦੇ ਇਕ ਪਾਲੜੇ ਵਿਚ ਬੈਠਾ ਚਾਰੇ ਪਾਸੇ ਦੇਖ ਕੇ ਮੁਸਕਰਾਈ ਜਾ ਰਿਹਾ ਸੀ। ਦੂਜੇ ਪਾਸੇ ਕਣਕ ਦਾ ਢੇਰ ਲੱਗਿਆ ਸੀ। ਕਣਕ ਦੇ ਇਲਾਵਾ ਚੌਲ ਬਾਸਮਤੀ, ਛੋਲੇ, ਮਾਂਹ, ਰਾਜਮਾਂਹ ਤੇ ਹੋਰ ਕਈ ਭਾਂਤ ਦੇ ਆਨਾਜ ਸਨ। ਸੁਖਨੰਦਨ ਨੂੰ ਤੋਲ-ਤੋਲ ਕੇ ਲੋਕਾਂ ਨੂੰ ਆਨਾਜ਼ ਵੰਡਿਆ ਜਾ ਰਿਹਾ ਸੀ। ਬਾਊ ਦੀ ਮਾਂ ਨੇ ਵੀ ਪੱਲਾ ਵਿਛਾਅ ਦਿੱਤਾ। ਉਸਨੂੰ ਕਣਕ ਦੀ ਧੜੀ ਮਿਲ ਗਈ। ਉਹ ਸੁਖਨੰਦਨ ਦੀ ਲੰਮੀ ਉਮਰ ਦੀਆਂ ਦੁਆਵਾਂ ਮੰਗਦੀ ਹੋਈ ਉਠ ਖੜ੍ਹੀ ਹੋਈ। ਬਾਊ ਨੇ ਨਫ਼ਰਤ ਨਾਲ ਆਪਣੀ ਮਾਂ ਵੱਲ ਵੇਖਿਆ। ਜਿਵੇਂ ਕਹਿ ਰਿਹਾ ਹੋਵੇ—'ਤੈਨੂੰ ਕੱਪੜਿਆਂ ਦੀ ਧੁਆਈ ਨਾਲ ਸਬਰ ਨਹੀਂ ਆਉਂਦਾ, ਤਾਂਹੀਏਂ ਤਾਂ ਹਰੇਕ ਦੀ ਮੈਲ ਧੋਣ ਦਾ ਕੰਮ ਦਿੱਤੈ ਰੱਬ ਨੇ ਤੈਨੂੰ।...ਤੇ ਤੂੰ ਵੀ ਜਮਾਦਾਰਨੀ ਵਾਂਗ ਜੁੱਤੀਆਂ ਵਿਚ ਬੈਠਣ ਲਾਇਕ ਈ ਐਂ। ਤੇਰੀ ਕੁੱਖ ਵਿਚੋਂ ਪੈਦਾ ਹੋਣ ਵਾਲੇ ਬਾਊ ਨੂੰ ਕੜਕਦੀ ਧੁੱਪ ਵਿਚ ਖੜ੍ਹਾ ਰਹਿਣਾ ਪੈਂਦੈ। ਅੱਗੇ ਵਧਣ 'ਤੇ ਉਹ ਲੋਕ ਉਸਨੂੰ ਚਪੇੜਾਂ ਵਿਖਾਉਂਦੇ ਐ। ਹਾਏ ਓਇ!...ਤੇਰੀਆਂ ਇਹ ਪਾਟੀਆਂ ਬੇਸ਼ਰਮ ਅੱਖਾਂ ਕਣਕ ਨਾਲ ਨਹੀਂ, ਕਬਰ ਦੀ ਮਿੱਟੀ ਨਾਲ ਭਰਨਗੀਆਂ।' ਮਾਂ ਜਦੋਂ ਕੋਲੋਂ ਦੀ ਲੰਘੀ ਤਾਂ ਬਾਊ ਬੋਲਿਆ—“ਏ ਯੂ!”
ਫੇਰ ਸੋਚਣ ਲੱਗਾ, ਰਾਮ ਜਾਣੇ ਮੇਰਾ ਜਨਮ ਦਿਨ ਕਿਉਂ ਨਹੀਂ ਆਉਂਦਾ? ਮੇਰੀ ਮਾਂ ਮੈਨੂੰ ਕਦੀ ਨਹੀਂ ਤੋਲਦੀ। ਜਦੋਂ ਸੁਖਾਨੰਦਨ ਨੂੰ ਉਸਦੇ ਜਨਮ ਦਿਨ ਉੱਤੇ ਤੋਲ ਕੇ ਆਨਾਜ ਦਾਨ ਕੀਤਾ ਜਾਂਦਾ ਹੈ ਤਾਂ ਉਸਦੀਆਂ ਸਾਰੀਆਂ ਮੁਸੀਬਤਾਂ ਟਲ ਜਾਂਦੀਆਂ ਨੇ। ਉਸਨੂੰ ਸਰਦੀ ਵਿਚ ਬਰਫ਼ ਨਾਲੋਂ ਵੱਧ ਠੰਡੇ ਪਾਣੀ ਤੇ ਗਰਮੀਆਂ ਵਿਚ ਸਿਰ ਸਾੜ ਦੇਣ ਵਾਲੀ ਧੁੱਪ ਵਿਚ ਖੜ੍ਹਾ ਨਹੀਂ ਹੋਣਾ ਪੈਂਦਾ। ਵਾਲਾਂ ਵਿਚ ਲਾਉਣ ਲਈ ਖਾਸ ਲਖ਼ਨਊ ਤੋਂ ਮੰਗਵਾਇਆ ਹੋਇਆ ਔਲੇ ਦਾ ਤੇਲ ਮਿਲਦਾ ਹੈ। ਜੇਬ ਪੈਸਿਆਂ ਨਾਲ ਭਰੀ ਰਹਿੰਦੀ ਹੈ। ਇਸਦੇ ਉਲਟ ਮੈਂ ਸਾਰਾ ਦਿਨ ਸਾਬਨ ਦੀ ਝੱਗ ਬਨਾਉਂਦਾ ਰਹਿੰਦਾ ਹਾਂ। ਸੁਖਾਨੰਦਨ ਇਸ ਲਈ ਪਾਣੀ ਦੇ ਬੁਲਬੁਲਿਆਂ ਨੂੰ ਪਸੰਦ ਕਰਦਾ ਹੈ ਕਿ ਉਹ ਬੁਲਬੁਲੇ ਤੇ ਉਹਨਾਂ ਵਿਚ ਚਮਕਣ ਵਾਲੇ ਰੰਗ ਉਹਨੂੰ ਹਰ ਰੋਜ਼ ਨਹੀਂ ਦੇਖਣੇ ਪੈਂਦੇ। ਇੰਜ ਕੱਪੜੇ ਨਹੀਂ ਧੋਣੇ ਪੈਂਦੇ...ਸੁਖੀ ਦੀ ਦੁਨੀਆਂ ਨੂੰ ਕਿੰਨੀ ਲੋੜ ਹੈ। ਖਾਸ ਕਰਕੇ ਉਸਦੇ ਮਾਂ ਪਿਓ ਨੂੰ...ਮੇਰੇ ਮਾਂ ਪਿਓ ਨੂੰ ਮੇਰੀ ਜ਼ਰਾ ਵੀ ਲੋੜ ਨਹੀਂ। ਨਹੀਂ ਤਾਂ ਉਹ ਮੈਨੂੰ ਵੀ ਜਨਮ ਦਿਨ ਦੇ ਮੌਕੇ 'ਤੇ ਇੰਜ ਹੀ ਤੋਲਦੇ। ਤੇ ਜਦੋਂ ਦੀ ਨਿੱਕੀ ਪੈਦਾ ਹੋਈ ਹੈ...ਕਹਿੰਦੇ ਨੇ ਕਿ 'ਬਿਨਾਂ ਲੋੜ ਦੇ ਦੁਨੀਆਂ ਵਿਚ ਕੋਈ ਪੈਦਾ ਨਹੀਂ ਹੁੰਦਾ। ਇਹ ਬਾਥੂ ਜਿਹੜਾ ਨਾਲ ਦੀ ਨਾਲ ਨਾਲ ਉੱਗਿਆ ਹੋਇਆ ਏ, ਦੇਖਣ ਨੂੰ ਇਕ ਫਜ਼ੂਲ ਜਿਹੀ ਬੂਟੀ ਏ, ਜਦੋਂ ਇਸਦੀ ਭੁਰਜੀ ਬਣਦੀ ਏ ਤਾਂ ਮਜ਼ਾ ਈ ਆ ਜਾਂਦਾ ਏ'...ਤੇ ਪੂਰੀਆਂ!
ਬਾਊ ਦੀ ਮਾਂ ਨੇ ਆਵਾਜ਼ ਮਾਰੀ—
“ਬਾਊ...ਓ ਬਾਊ ਓਇ!”
ਉਸ ਵੇਲੇ ਸੁਖਾਨੰਦਨ ਬਾਊ ਵਲ ਵੇਖ ਕੇ ਮੁਸਕਰਾ ਰਿਹਾ ਸੀ। ਹੁਣ ਬਾਊ ਨੂੰ ਉਮੀਦ ਹੋਈ ਕਿ ਉਹ ਰੱਜ ਕੇ ਦਾਅਵਤ ਖਾ ਸਕੇਗਾ। ਬਾਊ ਉਸ ਚੁਭਣ ਵਾਲੀ ਧੁੱਪ ਨੂੰ ਵੀ ਭੁੱਲ ਗਿਆ ਜਿਹੜੀ ਮੀਂਹ ਪਿੱਛੋਂ ਥੋੜ੍ਹੇ ਸਮੇਂ ਲਈ ਨਿਕਲਦੀ ਹੈ ਤੇ ਓਨੇ ਚਿਰ ਵਿਚ ਹੀ ਆਪਣੀ ਸਾਰੀ ਗਰਮੀ ਵਿਖਾਅ ਦੇਣਾ ਚਾਹੁੰਦੀ ਹੈ। ਉਸਨੇ ਮਾਂ ਦੀ ਆਵਾਜ਼ ਉੱਤੇ ਕੰਨ ਨਾ ਧਰਿਆ।...ਤੇ ਕੰਨ ਧਰਦਾ ਵੀ ਕਿਉਂ? ਮਾਂ ਨੂੰ ਉਸਦੀ ਕੀ ਲੋੜ ਸੀ? ਲੋੜ ਹੁੰਦੀ ਤਾਂ ਉਹ ਉਸਦਾ ਜਨਮ ਦਿਨ ਨਾ ਮਨਾਉਂਦੀ? ਉਹ ਤਾਂ ਸ਼ਾਇਦ ਉਸ ਦਿਨ ਨੂੰ ਰੋਂਦੀ ਹੋਵੇਗੀ ਜਿਸ ਦਿਨ ਉਹ ਜੰਮ ਪਿਆ ਸੀ...ਵੈਸੇ ਬਾਥੂ ਦੀ ਭੁਰਜੀ ਖਾਸੀ ਸਵਾਦ ਹੁੰਦੀ ਹੈ।
“ਬਾਊ...ਓਇ ਓ ਬਾਊ ਦੇ ਬੱਚੇ! ਸੁਣਦਾ ਕਿਉਂ ਨਹੀਂ?” ਬਾਊ ਦੀ ਮਾਂ ਦੀ ਆਵਾਜ਼ ਆਈ।
“ਬਾਊ ਜਾਹ, ਅਜੇ ਮੈਂ ਨਹੀਂ ਆ ਸਕਦਾ” ਸੁਖਨੰਦਨ ਨੇ ਕਿਹਾ ਤੇ ਫੇਰ ਇਕ ਦੰਭੀ ਅੰਦਾਜ਼ ਵਿਚ ਆਪਣੇ ਸੁਰਖ ਸੂਹੇ ਕੋਟ ਤੇ ਬਾਊ ਵੱਲ ਦੇਖਦਾ ਹੋਇਆ ਬੋਲਿਆ—“ਕੱਲ੍ਹ ਆਵੀਂ ਭਰਾ, ਵੇਖਦਾ ਨਹੀਂ ਪਿਆ, ਅੱਜ ਮੈਨੂੰ ਵਿਹਲ ਨਹੀਂ? ਜਾਹ!”
ਉਮਦਾਂ ਨੂੰ ਪੂਰੀਆਂ ਮਿਲ ਗਈਆਂ ਸਨ। ਉਹ ਜਿਜਮਾਨੀ ਨੂੰ ਫਰਸ਼ੀ-ਸਲਾਮ ਕਰ ਰਹੀ ਸੀ। ਬਾਊ ਨੇ ਸੋਚਿਆ ਸੀ, ਸ਼ਾਇਦ ਮੁਸਕਰਾਉਂਦਾ ਹੋਇਆ ਸੁਖਨੰਦਨ ਉਸਦੀ ਚੁੱਪ ਵਿਚੋਂ ਉਸਦੇ ਮਨ ਦੀ ਗੱਲ ਤਾੜ ਲਵੇਗਾ। ਪਰ ਸੁਖਨੰਦਨ ਨੂੰ ਅੱਜ ਬਾਊ ਦਾ ਧਿਆਨ ਕਿੰਜ ਆ ਸਕਦਾ ਸੀ। ਅੱਜ ਹਰ ਛੋਟੇ-ਵੱਡੇ ਨੂੰ ਸੁਖੀ ਦੀ ਲੋੜ ਸੀ, ਪਰ ਸੁਖੀ ਨੂੰ ਕਿਸੇ ਦੀ ਲੋੜ ਨਹੀਂ ਸੀ। ਆਪਣਾ ਵੱਡਪਣ ਤੇ ਬਾਊ ਦੇ ਸਾਦੇ ਸੜੇ ਟਾਟ ਵਰਗੇ ਕੱਪੜਿਆਂ ਨੂੰ ਦੇਖ ਕੇ ਸ਼ਾਇਦ ਉਹ ਉਸਨੂੰ ਨਫ਼ਰਤ ਕਰਨ ਲੱਗਾ ਸੀ। ਆਪਣੇ ਆਦੀ ਸੁਭਾਅ ਦਾ ਪ੍ਰਦਰਸ਼ਨ ਕਰਕੇ ਉਸਨੇ ਜਿਵੇਂ ਬਾਊ ਦੀ ਰਹੀ ਸਹੀ ਹਿੰਮਤ ਵੀ ਮਿੱਟੀ ਵਿਚ ਮਿਲਾਅ ਦਿੱਤਾ ਸੀ। ਫੇਰ ਬਾਊ ਦੀ ਮਾਂ ਦੀ ਕੁਰਖ਼ਤ ਆਵਾਜ਼ ਆਈ—
“ਬਾਊ ਤੇਰਾ ਸਤਿਆਨਾਸ...ਵੇ, ਮੌਤੜੀ ਮਾਰਿਆ...ਨਿਕਲ ਆਏ ਤੇਰੇ ਮਾਤਾ ਕਾਲੀ...ਆਉਂਦਾ ਕਿਉਂ ਨਹੀਂ? ਦੋ ਸੌ ਕੱਪੜੇ ਪਏ ਐ ਲੰਬਰ ਲਾਉਣ ਵਾਲੇ—ਤਾਂ ਰੋ ਰਹੀ ਹਾਂ ਤੇਰੀ ਜਾਨ ਨੂੰ...”
ਬਾਊ ਨੂੰ ਇੰਜ ਮਹਿਸੂਸ ਹੋਇਆ ਕਿ ਨਾ ਸਿਰਫ—ਸੁਖਨੰਦਨ ਨੇ ਹੀ ਉਸਦੇ ਜਜ਼ਬਾਤ ਨੂੰ ਠੇਸ ਪਹੁੰਚਾਈ ਹੈ ਤੇ ਉਹ ਉਸ ਨਾਲ ਕਦੀ ਨਹੀਂ ਖੇਡੇਗਾ; ਬਲਕਿ ਉਸਦੀ ਮਾਂ ਵੀ, ਜਿਸਦੇ ਪੇਟੋਂ ਉਹ ਐਵੇਂ ਹੀ ਪੈਦਾ ਹੋਇਆ ਸੀ...ਜਿਸ ਤੋਂ ਉਸਨੂੰ ਦੁਨੀਆਂ ਵਿਚ ਸਭ ਤੋਂ ਵੱਧ ਪਿਆਰ ਦੀ ਉਮੀਦਾ ਸੀ, ਉਸ ਨਾਲ ਅਜਿਹਾ ਸਲੂਕ ਕਰ ਰਹੀ ਹੈ! ਕਾਸ਼! ਮੈਂ ਇਸ ਦੁਨੀਆਂ ਵਿਚ ਪੈਦਾ ਹੀ ਨਾ ਹੋਇਆ ਹੁੰਦਾ। ਜੇ ਹੁੰਦਾ ਤਾਂ ਇੰਜ ਬਾਊ ਨਾ ਹੁੰਦਾ ਤੇ ਮੇਰੀ ਮਿੱਟੀ ਇੰਜ ਨਾ ਖਰਾਬ ਹੁੰਦੀ। ਕੀ ਮੈਂ ਸੁਖੀ ਨਾਲੋਂ ਅਕਲ ਤੇ ਸ਼ਕਲ ਵਿਚ ਵਧ-ਚੜ੍ਹ ਕੇ ਨਹੀਂ?
ooo
ਸੁਖਨੰਦਨ ਦੇ ਜਨਮ ਦਿਨ ਨੂੰ ਇਕ ਮਹੀਨਾ ਹੋ ਗਿਆ। ਤੁਲਾਦਾਨ ਵਿਚ ਆਈ ਹੋਈ ਕਣਕ ਪਿਸੀ। ਪਿਸ ਕੇ ਉਸਦੀ ਰੋਟੀ ਬਣੀ। ਬਾਊ ਦੇ ਮਾਂ-ਬਾਪ ਨੇ ਖਾਧੀ। ਪਰ ਬਾਊ ਨੇ ਉਹ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ। ਜਿੰਨੀ ਦੇਰ ਤੁਲਾਦਾਨ ਦਾ ਆਟਾ ਘਰੇ ਰਿਹਾ, ਉਹ ਰੋਟੀ ਆਪਣੇ ਚਾਚੇ ਕੇ ਖਾਂਦਾ ਰਿਹਾ। ਉਹ ਨਹੀਂ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਮੰਗੀਆਂ-ਤੰਗੀਆਂ ਚੀਜਾਂ ਖਾ ਕੇ ਉਸਦੇ ਮਾਂ-ਪਿਓ ਦੀ ਸੋਚ ਗੁਲਾਮਾਂ ਵਰਗੀ ਹੋਈ ਹੋਈ ਹੈ, ਉਸ ਵਿਚ ਵੀ ਉਹ ਰੋਟੀ ਖਾ ਕੇ ਉਹ ਅੰਸ਼ ਪੈਦਾ ਹੋ ਜਾਵੇ। ਗਾੜ੍ਹੇ ਪਸੀਨੇ ਦੀ ਕਮਾਈ ਹੋਈ ਰੋਟੀ ਵਿਚੋਂ ਤਾਂ ਦੁਧ ਚੋਂਦਾ ਹੈ, ਪਰ ਹਰਾਮ ਦੀ ਕਮਾਈ ਵਿਚੋਂ ਲਹੂ—ਤੇ ਗੁਲਾਮੀ ਲਹੂ ਬਣ ਕੇ ਉਹ ਦੀਆਂ ਰਗਾਂ ਵਿਚ ਸਮਾਅ ਜਾਏ; ਇਹ ਕਦੀ ਨਹੀਂ ਹੋਵੇਗਾ। ਸਾਧੂਰਾਮ ਹੈਰਾਨ ਸੀ। ਬਾਊ ਦੀ ਮਾਂ ਹੈਰਾਨ ਸੀ। ਚਾਚਾ, ਜਿਸ ਉੱਤੇ ਉਸਦੀ ਰੋਟੀ ਦਾ ਜਬਰੀ ਬੋਝ ਪੈ ਗਿਆ ਸੀ, ਵੀ ਹੈਰਾਨ ਸੀ। ਚਾਚੀ ਨੱਕ-ਬੁੱਲ੍ਹ ਵੱਟਦੀ ਸੀ। ਤੇ ਜਦੋਂ ਘਰੇ ਇਸ ਅਨੋਖੇ ਬਾਈਕਾਟ ਦਾ ਚਰਚਾ ਹੁੰਦਾ ਤਾਂ ਸਾਧੂਰਾਮ ਯਕਦਮ ਕੱਪੜਿਆਂ ਉੱਤੇ ਨੰਬਰ ਲਾਉਣੇ ਛੱਡ ਦੇਂਦਾ ਦੇ ਪੀਲੇ-ਪੀਲੇ ਦੰਦ ਕੱਢਦਾ ਹੋਇਆ ਕਹਿੰਦਾ—
“ਖ਼ੀਂ-ਖ਼ੀਂ, ਬਾਊ ਐ ਨਾ!”
ਸੁਖਨੰਦਨ ਨੇ ਹੁਣ ਬਾਊ ਵਿਚ ਇਕ ਸਪਸ਼ਟ ਤਬਦੀਲੀ ਵੇਖੀ। ਬਾਊ ਜਿਸਦਾ ਕੰਮ ਤੋਂ ਜੀਅ ਅੱਕਿਆ ਰਹਿੰਦਾ ਸੀ; ਹੁਣ ਸਾਰਾ ਸਾਰਾ ਦਿਨ ਘਾਟ ਉੱਤੇ ਆਪਣੇ ਪਿਓ ਦਾ ਹੱਥ ਵੰਡਾਉਂਦਾ। ਬਾਊ ਹੁਣ ਉਸਦੇ ਨਾਲ ਨਹੀਂ ਸੀ ਖੇਡਦਾ। ਹਰੀਏ ਕੇ ਤਲਾਅ ਦੇ ਕਿਨਾਰੇ ਇਕ ਵੱਡੀ ਸਾਰੀ ਕਰੋਟਨ ਚੀਲ ਹੇਠ ਸਕੂਲੋਂ ਵਾਪਸ ਆਉਣ ਪਿੱਛੋਂ ਉਹ ਤੇ ਉਸਦੇ ਦੋ ਇਕ ਸਾਥੀ ਪੱਤਾ-ਮੰਗ ਖੇਡਦੇ ਹੁੰਦੇ ਸਨ। ਹੁਣ ਉਹ ਜਗ੍ਹਾ ਬਿਲਕੁਲ ਖ਼ਾਲੀ ਰਹਿੰਦੀ ਸੀ। ਨੇੜੇ ਬੈਠਾ ਇਕ ਸਾਧੂ, ਜਿਸਦੀ ਕੁਟੀਆਂ ਵਿਚ ਬੱਚੇ ਆਪਣੇ ਬਸਤੇ ਰੱਖ ਦਿੰਦੇ ਸਨ, ਕਦੀ ਕਦੀ ਚਰਸ ਦਾ ਇਕ ਲੰਮਾ ਸੂਟਾ ਖਿਚਦਿਆਂ ਪੁੱਛ ਲੈਂਦਾ—“ਬੇਟਾ, ਹੁਣ ਕਿਉਂ ਨਹੀਂ ਆਉਂਦੇ ਖੇਡਣ?” ਤੇ ਸੁਖਨੰਦਨ ਕਹਿੰਦਾ—“ਬਾਊ ਗੁੱਸੇ ਹੋ ਗਿਆ ਏ ਬਾਬਾ!” ਫੇਰ ਮਹਾਤਮਾ ਜੀ ਹੱਸਦੇ ਤੇ ਚਰਸ ਦਾ ਉਲਟਾ ਦੇਣ ਵਾਲਾ ਸੂਟਾ ਲਾਉਂਦੇ ਤੇ ਖੰਘਦੇ ਹੋਏ ਕਹਿੰਦੇ—
“ਓ-ਹੂੰ...ਹੂੰ...ਵਾਹ ਓਇ ਪੱਠਿਆ...ਆਖ਼ਰ ਖ਼ਰਾ ਬਾਊ ਜੋ ਹੋਇਆ ਤੂੰ!”
ਉਸ ਸਮੇਂ ਸੁਖਨੰਦਨ ਗਰੂਰ ਨਾਲ ਕਹਿੰਦਾ—“ਆਕੜਿਆ ਏ ਬਾਊ ਤਾਂ ਆਕੜਿਆ ਰਹੇ...ਉਸਦੀ ਔਕਾਤ ਕੀ ਏ, ਧੋਬੀ ਦੇ ਬੱਚੇ ਦੀ?”
ਪਰ ਬੱਚਿਆਂ ਨੂੰ ਆਪਣੇ ਨਾਲ ਖੇਡਣ ਲਈ ਕੋਈ ਤਾਂ ਚਾਹੀਦਾ ਹੀ ਹੈ। ਖੇਡ ਵਿਚ ਕਿਸੇ ਵੀ ਜਾਤ ਪਾਤ ਤੇ ਦਰਜੇ ਦੀ ਸ਼ਰਤ ਨਹੀਂ ਹੁੰਦੀ। ਅਸਲੀਅਤ ਵਿਚ ਕੁਝ ਸਾਲਾਂ ਦੀ ਹੀ ਤਾਂ ਗੱਲ ਸੀ ਕਿਉਂਕਿ ਇਕੋ ਜਿਹੇ ਨੰਗੇ ਪੈਦਾ ਹੋਏ ਸਨ ਉਹ ਦੋਵੇਂ ਤੇ ਉਸ ਵੇਲੇ ਤਾਈਂ ਉਹਨਾਂ ਵਿਚ ਨਾਦਾਰ, ਲਖਪਤੀ, ਮਹਾ ਬ੍ਰਾਹਮਣ, ਭਨੋਟ, ਹਰੀਜਨ ਤੇ ਇਸ ਕਿਸਮ ਦੀਆਂ ਫਜ਼ੂਲ ਗੱਲਾਂ ਬਾਰੇ ਸੋਚਣ ਤੇ ਬਹਿਸ ਕਰਨ ਦਾ 'ਗੁਣ' ਵੀ ਨਹੀਂ ਸੀ ਪੈਦਾ ਹੋਇਆ।
ਸੁਖਨੰਦਨ ਆਪਣੀ ਸਾਰੀ ਨਕਲੀ ਆਕੜ ਦੀ ਕੁੰਜ ਲਾਹ ਕੇ ਬਾਊ ਕੇ ਘਰ ਗਿਆ। ਬਾਊ ਉਸ ਸਮੇਂ ਸਾਰਾ ਦਿਨ ਕੰਮ ਕਰਕੇ ਥੱਕਿਆ ਤੇ ਸੁੱਤਾ ਪਿਆ ਸੀ। ਮਾਂ ਨੇ ਝੰਜੋੜ ਕੇ ਉਠਾਇਆ, “ਉਠ ਬੇਟਾ! ਹੁਣ ਖੇਡਨ ਕਦੀ ਨਹੀਂ ਜਾਣਾ ਕਿ? ਸੁੱਖੀ ਆਇਆ ਐ।” ਬਾਊ ਅੱਖਾਂ ਮਲਦਾ ਹੋਇਆ ਉਠਿਆ। ਮੰਜੇ ਦੇ ਹੇਠਾਂ ਉਸਨੇ ਬਹੁਤ ਸਾਰੇ ਮੈਲੇ-ਕੁਚੈਲੇ ਤੇ ਸਾਫ-ਸੁਥਰੇ ਕੱਪੜੇ ਦੇਖੇ। ਕੱਪੜੇ ਜਿਹੜੇ ਜਨਮ ਤੋਂ ਹੀ ਹਰੇਕ ਸੁਖਨੰਦਨ ਤੇ ਬਾਊ ਦੇ ਵਿਚਕਾਰ ਇਕ ਫਰਕ ਤੇ ਫਿਰਕਾ ਪੈਦਾ ਕਰ ਦਿੰਦੇ ਨੇ।...ਬਾਊ ਮੰਜੀ ਤੋਂ ਹੇਠਾਂ ਫਰਸ਼ ਉੱਤੇ ਖਿੱਲਰੇ ਹੋਏ ਕੱਪੜਿਆਂ ਉਪਰ ਖੜ੍ਹਾ ਹੋ ਗਿਆ। ਦਿਲ ਵਿਚ ਇਕ ਆਨੰਦਮਈ ਗੁਦਗੁਦੀ ਜਿਹੀ ਹੋਈ। ਕਈ ਦਿਨਾਂ ਦਾ ਉਹ ਖੇਡਨ ਨਹੀਂ ਸੀ ਗਿਆ ਤੇ ਹੁਣ ਸ਼ਾਇਦ ਆਪਣੀ ਇਸੇ ਹੈਂਕੜ ਕਾਰਕੇ ਪਛਤਾਅ ਰਿਹਾ ਸੀ। ਬਾਊ ਦਾ ਦਿਲ ਕੀਤਾ ਕਿ ਛਾਲ ਮਾਰ ਕੇ ਵਰਾਂਡੇ ਵਿਚੋਂ ਬਾਹਰ ਨਿਕਲ ਜਾਏ ਤੇ ਸੁਖੀ ਨੂੰ ਜਾ ਜੱਫੀ ਪਾਏ...ਕੀ ਕਦੀਇਨਸਾਨ ਲਈ ਇਨਸਾਨ ਦੀ ਮੁਹੱਬਤ ਕੱਪੜਿਆਂ ਦੀ ਹੱਦ ਤੋਂ ਬਾਹਰ ਨਹੀਂ ਜਾਂਦੀ? ਕੀ ਸੁਖੀ ਕੁੰਜ ਨਹੀਂ ਲਾਹ ਆਇਆ ਸੀ? ਕੀ ਬਾਊ ਚਾਹੁੰਦਾ ਸੀ ਕਿ ਦੋਵੇਂ ਭਰਾ ਰਹੇ ਸਹੇ ਕੱਪੜੇ ਵੀ ਲਾਹ ਕੇ ਇਕ ਸਾਰ ਹੋ ਜਾਣ ਤੇ ਖ਼ੂਬ ਖੇਡਨ, ਖ਼ੂਬ...। ਵਰਾਂਡੇ ਵਿਚ ਕਬੂਤਰਾਂ ਦੇ ਖੁੱਡੇ ਦੇ ਪਿੱਛੇ ਲੱਗੀ ਜਾਲੀ ਵਿਚੋਂ ਹੁੰਦੀ ਹੋਈ ਬਾਊ ਦੀ ਨਿਗਾਹ ਸੁਖੀ ਉੱਤੇ ਜਾ ਪਈ, ਜਿਹੜਾ ਉਮੀਦ ਭਰੀਆਂ ਨਿਗਾਹਾਂ ਉਹਨਾਂ ਦੇ ਘਰ ਦੇ ਦਰਵਾਜ਼ੇ ਉੱਤੇ ਗੱਡੀ ਖੜ੍ਹਾ ਸੀ। ਯਕਦਮ ਬਾਊ ਨੂੰ ਸੁਖੀ ਦੇ ਜਨਮ ਦਿਨ ਵਾਲੀ ਗੱਲ ਯਾਦ ਆ ਗਈ। ਉਹ ਮਨ ਮਸੋਸ ਕੇ ਰਹਿ ਗਿਆ। ਕਬੂਤਰਾਂ ਦੇ ਖੁੱਡੇ ਵਿਚ ਉਹਨੂੰ ਬਹੁਤ ਸਾਰੀਆਂ ਬਿੱਠਾਂ ਨਜ਼ਰ ਆ ਰਹੀਆਂ ਸਨ, ਬਹੁਤ ਸਾਰੇ ਸਿਰਾਜ, ਲੱਕੇ ਤੇ ਦੇਸੀ ਨਸਲ ਦੇ ਕਬੂਤਰ ਘੂੰ-ਘੂੰ ਕਰਦੇ ਹੋਏ ਆਪਣੀਆਂ ਧੌਣਾ ਫੁਲਾਅ ਰਹੇ ਸਨ। ਇਕ ਨਰ ਫੁਲ-ਫੁਲ ਕੇ ਇਕ ਮਾਦਾ ਨੂੰ ਰਿਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਊ ਨੇ ਵੀ ਆਪਣੀ ਗਰਦਨ ਫੁਲਾਅ ਲਈ ਤੇ ਘੂੰ-ਘੂੰ ਦੀ ਆਵਾਜ਼ ਪੈਦਾ ਕਰਦਾ ਹੋਇਆ ਵਾਪਸ ਮੰਜੀ ਉੱਤੇ ਜਾ ਲੇਟਿਆ। ਫੇਰ ਉਸਨੂੰ ਖ਼ਿਆਲ ਆਇਆ ਸੁਖੀ ਧੁੱਪ ਵਿਚ ਖੜ੍ਹਾ ਭੁੱਜ ਰਿਹਾ ਹੈ। ਫੇਰ ਉਹਨੇ ਮਨ ਹੀ ਮਨ ਇਕ ਪੱਕਾ ਫੈਸਲਾ ਕੀਤਾ ਤੇ ਅੱਖਾਂ ਬੰਦ ਕਰਕੇ ਪੈ ਗਿਆ। ਆਖ਼ਰ ਉਹ ਵੀ ਤਾਂ ਕਿੰਨਾ ਹੀ ਚਿਰ ਉਹਨਾਂ ਦੇ ਵਿਹੜੇ ਵਿਚ ਬਰਸਾਤ ਪਿੱਛੋਂ ਨਿਕਲੀ ਤਿੱਖੀ ਧੁੱਪ ਵਿਚ ਖੜ੍ਹਾ ਰਿਹਾ ਸੀ ਤੇ ਉਸਨੇ ਉਸਦੀ ਕੋਈ ਪ੍ਰਵਾਹ ਨਹੀਂ ਸੀ ਕੀਤੀ...ਅਮੀਰਜ਼ਾਦ ਹੋਏਗਾ ਤਾਂ ਆਪਣੇ ਘਰੇ।
“ਉਸਨੂੰ ਕਹਿ ਦੇਅ ਮਾਂ...ਉਹ ਨਹੀਂ ਆਉਂਦਾ...ਕਹਿ ਦੇ ਉਸਨੂੰ ਵਿਹਲ ਨਹੀਂ।” ਬਾਊ ਨੇ ਕਿਹਾ।
“ਸ਼ਰਮ ਤਾਂ ਨਹੀਂ ਆਉਂਦੀ ਤੈਨੂੰ!” ਮਾਂ ਨੇ ਕਿਹਾ, “ਏਡੇ ਵੱਡੇ ਸੇਠਾਂ ਦਾ ਮੁੰਡਾ ਤੈਨੂੰ ਬੁਲਾਉਣ ਆਇਐ ਤੇ ਤੂੰ ਐਂ ਪਿਐਂ...ਗਧੇ ਆਂਗੂੰ!”
ਬਾਊ ਨੇ ਮੋਢੇ ਮਾਰਦਿਆਂ ਕਿਹਾ, “ਸੱਚ ਆਖਾਂ ਮਾਂ, ਮੈਂ ਜਾਣਦਾਂ, ਮੇਰੀ ਕਿਸੇ ਨੂੰ ਵੀ ਲੋੜ ਨਹੀਂ...ਬਹੁਤਾ ਬੋਲੇਂਗੀ ਤਾਂ ਮੈਂ ਕਿਧਰੇ ਨਿਕਲ ਜਾਵਾਂਗਾ।”
ਮਾਂ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਉਦੋਂ ਹੀ ਨਿੱਕੀ ਉੱਚੀ-ਉੱਚੀ ਰੋਣ ਲੱਗ ਪਈ ਤੇ ਮਾਂ ਉਸਨੂੰ ਦੁੱਧ ਪਿਆਉਣ ਵਿਚ ਰੁੱਝ ਗਈ।
ooo
ਬੁਧਈ ਤੇ ਪੁਰਵਾ ਵਿਚ ਸੀਤਲਾ (ਚੇਚਕ) ਦਾ ਜ਼ੋਰ ਸੀ। ਪੁਰਵਾ ਦੀਆਂ ਔਰਤਾਂ ਬਾਂਦਰੀਆਂ ਵਾਂਗ ਆਪੋ-ਆਪਣੇ ਬੱਚਿਆਂ ਨੂੰ ਕਾਲਜੇ ਨਾਲ ਲਾਈ ਫਿਰਦੀਆਂ ਸਨ। ਕਿਤੇ ਪ੍ਰਛਾਵਾਂ ਨਾ ਪੈ ਜਾਏ ਤੇ ਸੀਤਲਾ ਮਾਤਾ ਤਾਂ ਉਂਜ ਵੀ ਬੜੀ ਗੁਸੈਲ ਹੈ...ਡਾਲਚੰਦ ਕੀ ਕੁੜੀ, ਮਹਾ ਬ੍ਰਾਹਮਣ ਦੇ ਦੋ ਭਤੀਜੇ, ਸਾਰਿਆਂ ਨੂੰ ਸੀਤਲਾ ਮਾਤਾ ਨੇ ਦਰਸ਼ਨ ਦਿੱਤੇ। ਇਹਨਾਂ ਦੀਆਂ ਮਾਵਾਂ ਘੰਟਿਆਂ ਬੱਧੀ ਉਹਨਾਂ ਦੇ ਸਿਰਹਾਣੇ ਸੁੱਚੇ-ਮੋਤੀਏ ਦੇ ਹਾਰ ਰੱਖ ਕੇ ਬੈਠੀਆਂ ਗੋਰੀ ਮਈਆ ਗਾਉਂਦੀਆਂ ਰਹੀਆਂ ਸੀ ਤੇ ਦੇਵੀ ਮਾਤਾ ਨੂੰ ਪ੍ਰਾਰਥਨਾ ਕਰਦੀਆਂ ਰਹੀਆਂ ਸੀ ਕਿ ਉਹਨਾਂ ਉੱਤੇ ਆਪਣਾ ਗੁੱਸਾ ਨਾ ਕੱਢੇ। ਜਦੋਂ ਬੱਚੇ ਰਾਜ਼ੀ ਹੋ ਗਏ ਤਾਂ ਮੰਦਰ ਵਿਚ ਮੱਥਾ ਟਿਕਾਉਣ ਲੈ ਗਈਆਂ। ਮਾਤਾ ਤਾਂ ਹਰੇਕ ਇੱਛਾ ਪੂਰੀ ਕਰਦੀ ਸੀ। ਜਦੋਂ ਸੀਤਲਾ ਦਾ ਗੁੱਸਾ ਟਲਿਆ ਤੇ ਹਵਾ ਕੁਝ ਘਟ ਹੋਈ ਤਾਂ ਪੁਰਵਾ ਵਾਲਿਆਂ ਨੇ ਸੀਤਲਾ ਦੀ ਮੂਰਤੀ ਬਣਵਾਈ। ਉਸਨੂੰ ਖ਼ੂਬ ਸਜਾਇਆ। ਸੁਖਨੰਦਨ ਦੇ ਪਿਓ ਨੇ ਮੂੰਗੇ ਦੀ ਮਾਲਾ ਸੀਤਲਾ ਮਾਤਾ ਦੇ ਗਲੇ ਵਿਚ ਪਾਈ। ਸਭਨਾਂ ਨੇ ਮਿਲ ਕੇ ਇੱਜ਼ਤ-ਮਾਣ ਨਾਲ ਮਾਤਾ ਨੂੰ ਮੰਦਰ ਵਿਚੋਂ ਕੱਢਿਆ ਤੇ ਇਕ ਸਜੀ ਹੋਈ ਬਹਲੀ ਵਿਚ ਬਿਰਾਮਾਨ ਕੀਤਾ ਤੇ ਬਹਲੀ ਨੂੰ ਧਰੀਕਦੇ ਘਸੀਟਦੇ ਹੋਏ ਪਿੰਡੋਂ ਬਾਹਰ ਛੱਡਣ ਲਈ ਲੈ ਗਏ। ਪੁਰਵਾ ਦੇ ਸਾਰੇ ਬੱਚੇ, ਬੁੱਢੇ ਜਲੂਸ ਵਿਚ ਸ਼ਾਮਿਲ ਹੋਏ ਸਨ। ਪਿੱਤਲ ਦੀਆਂ ਖੜਤਾਲਾਂ, ਢੋਲ, ਟਮਕਾਂ ਵੱਜਦੇ ਜਾ ਰਹੇ ਸਨ। ਲੋਕ ਚਾਹੁੰਦੇ ਸਨ ਕਰੋਧੀ ਮਾਤਾ ਨੂੰ ਹਰੀਏ ਕੇ ਤਲਾਅ ਕੋਲ ਮਹਾਤਮਾ ਜੀ ਦੀ ਕੁਟੀਆ ਦੇ ਨੇੜੇ ਉਹਨਾਂ ਦੀ ਨਿਗਰਾਨੀ ਵਿਚ ਛੱਡ ਦਿੱਤਾ ਜਾਏ, ਤਾਂ ਕਿ ਮਾਤਾ ਇਸ ਪਿੰਡ 'ਚੋਂ ਕਿਸੇ ਹੋਰ ਪਿੰਡ ਵੱਲ ਮੂੰਹ ਨਾ ਕਰੇ। ਉਹ ਮਾਤਾ ਨੂੰ ਖੁਸ਼ੀ-ਖੁਸ਼ੀ ਰਵਾਨਾ ਕਰਨਾ ਚਾਹੁੰਦੇ ਸਨ, ਤਾਂਕਿ ਉਹਨਾਂ ਉੱਤੇ ਉਲਟੀ ਨਾ ਆਣ ਪਵੇ। ਸੁਖੀ ਵੀ ਜਲੁਸ ਦੇ ਨਾਲ ਗਿਆ। ਬਾਊ ਵੀ ਸ਼ਾਮਿਲ ਹੋਇਆ। ਨਾ ਬਾਊ ਦੀ ਸੁਖੀ ਨੂੰ ਬੁਲਾਉਣ ਦੀ ਹਿੰਮਤ ਹੋਈ, ਨਾ ਸੁਖ ਦੀ ਬਾਊ ਨੂੰ—ਹਾਂ, ਕਦੀ ਕਦੀ ਉਹ ਇਕ ਦੂਜੇ ਵੱਲ ਚੋਰ ਅੱਖ ਨਾਲ ਦੇਖ ਜ਼ਰੂਰ ਲੈਂਦੇ ਸਨ।
ਹਰੀਏ ਕੇ ਤਲਾਅ ਦੇ ਨੇੜੇ ਹੀ ਧੋਬੀਘਾਟ ਸੀ। ਇਕ ਛੋਟੀ ਜਿਹੀ ਨਹਿਰ ਰਾਹੀਂ ਤਲਾਅ ਦਾ ਪਾਣੀ ਘਾਟ ਵੱਲ ਖਿੱਚ ਲਿਆ ਜਾਂਦਾ ਸੀ। ਘਾਟ ਸੀ ਬੜਾ ਲੰਮਾ ਚੌੜਾ। ਨੇੜੇ ਤੇੜੇ ਦੇ ਕਈ ਪਿੰਡਾਂ ਦੇ ਧੋਬੀ ਉੱਥੇ ਕੱਪੜੇ ਧੋਣ ਆਉਂਦੇ ਸਨ। ਉਸੇ ਘਾਟ ਉੱਤੇ ਬਾਊ ਤੇ ਉਹਨਾਂ ਦਾ ਓੜਮਾ-ਕੋੜਮਾ ਆਉਂਦਾ ਸੀ। ਉੱਥੇ ਹੀ ਉਹ ਸਾਰੇ ਇਕ ਗਾਣਾ, ਉਸੇ ਪੁਰਾਣੀ ਸੁਰ-ਤਾਲ ਵਿਚ ਗਾਉਂਦੇ ਹੋਏ ਕੱਪੜੇ ਧੋਈ ਜਾਂਦੇ। ਇਕ ਦਿਨ ਘਾਟ ਉੱਤੇ ਸਾਰਾ ਦਿਨ ਬਾਊ ਸੁਖੀ ਦੇ ਬਗ਼ੈਰ ਬੜਾ ਸੁੰਨਾ-ਸੁੰਨਾ ਜਿਹਾ ਮਹਿਸੂਸ ਕਰਦਾ ਰਿਹਾ। ਕਦੀ ਕਦੀ ਇਕੱਲਾ ਹੀ ਕਰੋਟਨ ਚੀਲ ਦੇ ਵਲ ਖਾਂਦੇ ਟਾਹਣਿਆਂ ਉੱਤੇ ਚੜ੍ਹ ਜਾਂਦਾ। ਜਿਵੇਂ ਸੁਖੀ ਨਾਲ ਫੜ੍ਹਨ-ਫੜਾਈ ਖੇਡ ਰਿਹਾ ਹੋਵੇ। ਖੇਡ ਵਿਚ ਮਜ਼ਾ ਨਾ ਆਇਆ ਤਾਂ ਉਹ ਇੱਟਾਂ ਦੇ ਢੇਰ ਵਿਚ ਰੱਖੀ ਸੀਤਲਾ ਮਾਤਾ ਦੀ ਮੂਰਤੀ ਨੂੰ ਦੇਖਣ ਲੱਗਾ ਤੇ ਪੁੱਛਣ ਲੱਗਾ ਕਿ ਉਹ ਇਸ ਪਿੰਡ ਵਿਚੋਂ ਚਲੀ ਗਈ ਹੈ ਜਾਂ ਨਹੀਂ? ਮਾਤਾ ਕੁਝ ਗੁੱਸੇ ਵਿਚ ਦਿਖਾਈ ਦਿੱਤੀ। ਸ਼ਾਮ ਨੂੰ ਬਾਊ ਘਰ ਆਇਆ ਤਾਂ ਉਸਨੂੰ ਹਲਕਾ-ਹਲਕਾ ਬੁਖ਼ਾਰ ਸੀ ਜਿਹੜਾ ਵਧ ਗਿਆ। ਬਾਊ ਨੂੰ ਆਪਣੀ ਸੁਧ ਨਾ ਰਹੀ। ਇਕ ਵਾਰੀ ਬਾਊ ਨੂੰ ਹੋਸ਼ ਆਇਆ ਤਾਂ ਦੇਖਿਆ, ਮਾਂ ਨੇ ਮੋਤੀਏ ਦਾ ਇਕ ਹਾਰ ਉਸਦੇ ਮੰਜੇ ਉੱਤੇ ਰੱਖਿਆ ਹੋਇਆ ਸੀ। ਨੇੜੇ ਹੀ ਠੰਡੇ ਪਾਣੀ ਦਾ ਭਰਿਆ ਹੋਇਆ ਕੋਰਾ ਘੜਾ ਪਿਆ ਸੀ। ਘੜੇ ਉੱਤੇ ਵੀ ਮੋਤੀਏ ਦੇ ਹਾਰ ਰੱਖੇ ਸਨ। ਤੇ ਮਾਂ ਇਕ ਨਵਾਂ ਖ਼ਰੀਦਿਆ ਹੋਇਆ ਪੱਖਾ ਹੌਲੀ-ਹੌਲੀ ਹਿਲਾਅ ਕੇ ਗੋਰੀ ਮਈਆ ਗੁਣਗੁਣਾ ਰਹੀ ਸੀ। ਪੱਖਾ ਮਰਦੇ ਹੋਏ ਆਦਮੀ ਦੀ ਨਬਜ਼ ਵਾਂਗ ਹੌਲੀ-ਹੌਲੀ ਹਿੱਲ ਰਿਹਾ ਸੀ ਤੇ ਟੰਗਣੀ 'ਤੇ ਸੂਹੀਆਂ ਫੁਲਕਾਰੀਆਂ ਦੇ ਪਰਦੇ ਬਾਊ ਦੀ ਬੁੱਢੀ ਦਾਦੀ ਦੀਆਂ ਝੁਰੜੀਆਂ ਵਾਂਗ ਲਟਕ ਰਹੇ ਸਨ ਤੇ ਇਸ ਸਭ ਮਾਤਾ ਦੀ ਸ਼ਾਨ ਵਿਚ ਉਸਨੂੰ ਖੁਸ਼ ਕਰਨ ਲਈ ਕੀਤਾ ਗਿਆ ਸੀ। ਬਾਊ ਨੂੰ ਆਪਣੀਆਂ ਪਲਕਾਂ ਭਾਰੀਆਂ ਭਾਰੀਆਂ ਜਿਹੀਆਂ ਮਹਿਸੂਸ ਹੋਈਆਂ। ਉਸਦੇ ਸਾਰੇ ਸਰੀਰ ਵਿਚ ਸੂਲਾਂ ਜਿਹੀਆਂ ਚੁਭ ਰਹੀਆਂ ਸਨ। ਇੰਜ ਮਹਿਸੂਸ ਹੋਇਆ ਜਿਵੇਂ ਉਸਨੂੰ ਕਿਸੇ ਭੱਠੀ ਵਿਚ ਧਕ ਦਿੱਤਾ ਗਿਆ ਹੋਵੇ।
ਦੋ ਤਿੰਨ ਦਿਨ ਤਾਂ ਬਾਊ ਨੇ ਪਾਸਾ ਵੀ ਨਹੀਂ ਸੀ ਪਰਤਿਆ। ਇਕ ਦਿਨ ਜ਼ਰਾ ਆਰਾਮ ਜਿਹਾ ਮਹਿਸੂਸ ਹੋਇਆ। ਸਿਰਫ ਏਨਾ ਕਿ ਉਹ ਅੱਖਾਂ ਖੋਲ੍ਹ ਕੇ ਵੇਖ ਸਕਦਾ ਸੀ। ਅੱਖਾਂ ਖੋਲ੍ਹੀਆਂ ਤਾਂ ਉਸਨੇ ਦੇਖਿਆ, ਸੁਖੀ ਤੇ ਉਸਦੀ ਮਾਂ ਦਰਵਾਜ਼ੇ ਕੋਲ ਬੈਠੇ ਸਨ। ਸੇਠਾਣੀ ਨੇ ਨੱਕ ਉੱਤੇ ਦੁਪੱਟਾ ਲਿਆ ਹੋਇਆ ਸੀ। ਦਰਅਸਲ ਉਹ ਦਰਵਾਜ਼ੇ ਕੋਲ ਇਸ ਲਈ ਬੈਠੇ ਸਨ ਕਿ ਕਿਤੇ ਹਵਾ ਨਾ ਫੜ੍ਹ ਲਵੇ। ਪਰ ਬਾਊ ਨੇ ਸਮਝਿਆ, ਅੱਜ ਉਹਨਾਂ ਲੋਕਾਂ ਦਾ ਗਰੂਰ ਟੁੱਟ ਗਿਆ ਹੈ। ਉਸਨੇ ਦਿਲ ਵਿਚ ਇਕ ਖੁਸ਼ੀ ਦੀ ਲਹਿਰ ਮਹਿਸੂਸ ਕੀਤੀ। ਇਕ ਜੋਤਸ਼ੀ ਜੀ ਸਾਧੂਰਾਮ ਨੂੰ ਬਹੁਤ ਸਾਰੀਆਂ ਗੱਲਾਂ ਦੱਸ ਰਹੇ ਸਨ। ਉਹਨਾਂ ਨੇ ਨਾਰੀਅਲ, ਪਤਾਸੇ, ਖੱਮਣੀਂ ਮੰਗਵਾਈ। ਸਾਧੂਰਾਮ ਕਦੀ ਕਦੀ ਆਪਣਾ ਹੱਥ ਬਾਊ ਦੇ ਤਪਦੇ ਹੋਏ ਮੱਥੇ ਉੱਤੇ ਰੱਖ ਦੇਂਦਾ ਤੇ ਕਹਿੰਦਾ-“ਬਾਊ...ਓ ਬਾਊ...ਬੇਟਾ ਬਾਊ!”
ਜਵਾਬ ਨਾ ਮਿਲਦਾ ਤਾਂ ਉਸਦੇ ਕਾਲਜੇ ਵਿਚੋਂ ਰੁੱਗ ਭਰਿਆ ਜਾਂਦਾ ਤੇ ਉਹ ਚੁੱਪ ਕਰ ਜਾਂਦਾ।
ਬਾਊ ਨੇ ਬੜੀ ਮਸ਼ਕਿਲ ਨਾਲ ਕੰਡਿਆਂ ਦੇ ਬਿਸਤਰੇ ਉੱਤੇ ਪਾਸਾ ਪਰਤਿਆ। ਫੁੱਲ ਹੱਥ ਨਾਲ ਸਰਕਾਅ ਕੇ ਸਿਰਹਾਣੇ ਵੱਲ ਕਰ ਦਿੱਤੇ। ਗਲੇ ਵਿਚ ਤਲਖ਼ੀ ਜਿਹੀ ਮਹਿਸੂਸ ਕੀਤੀ। ਹੱਥ ਵਧਾ ਕੇ ਮਾਂ ਨੇ ਪਾਣੀ ਦਿੱਤਾ। ਬਾਊ ਨੇ ਦੇਖਿਆ, ਉਸਦੇ ਇਕ ਪਾਸੇ ਕਣਕ ਦਾ ਢੇਰ ਲੱਗਿਆ ਹੋਇਆ ਸੀ। ਜੋਤਸ਼ੀ ਜੀ ਦੇ ਕਹਿਣ 'ਤੇ ਬਾਊ ਦੀ ਮਾਂ ਨੇ ਉਸਨੂੰ ਹੌਲੀ ਜਿਹੀ ਉਠਾਇਆ ਤੇ ਇਕ ਪਾਸੇ ਲਾਏ ਹੋਏ ਕੰਡੇ ਦੇ ਇਕ ਪਾਲੜੇ ਵਿਚ ਬਿਠਾਲ ਦਿੱਤਾ। ਕੰਡੇ ਦੇ ਦੂਜੇ ਪਾਲੜੇ ਵਿਚ ਕਣਕ ਤੇ ਹੋਰ ਆਨਾਜ਼ ਪਾਉਣੇ ਸ਼ੁਰੂ ਕੀਤੇ। ਬਾਊ ਨੇ ਆਪਣੇ ਆਪ ਨੂੰ ਤੁਲਦਾ ਹੋਇਆ ਦੇਖਿਆ ਤਾਂ ਮਨ ਵਿਚ ਇਕ ਖਾਸ ਕਿਸਮ ਦੀ ਆਤਮਕ ਸ਼ਾਂਤੀ ਮਹਿਸੂਸ ਕੀਤੀ। ਚਾਰ ਦਿਨਾਂ ਬਾਅਦ ਅੱਜ ਉਸਨੇ ਪਹਿਲੀ ਵਾਰੀ ਕੁਝ ਕਹਿਣ ਲਈ ਜ਼ਬਾਨ ਖੋਲ੍ਹੀ ਸੀ ਤੇ ਏਨਾ ਕਿਹਾ ਸੀ—
“ਅੰਮਾਂ...ਕੁਛ ਕਣਕ ਤੇ ਮਾਹਾਂ ਦੀ ਦਾਲ ਦੇ-ਦੇ ਸੁਖੀ ਦੀ ਮਾਂ ਨੂੰ...ਕਦੋਂ ਦੀ ਬੈਠੀ ਐ ਵਿਚਾਰੀ!”
ਸਾਧੂਰਾਮ ਨੇ ਫੇਰ ਆਪਣਾ ਹੱਥ ਬਾਊ ਦੇ ਤਪਦੇ ਹੋਏ ਮੱਥੇ ਉੱਤੇ ਰੱਖ ਦਿੱਤਾ। ਉਸਦੀਆਂ ਅੱਖਾਂ ਵਿਚੋਂ ਅੱਥਰੂਆਂ ਦੀਆਂ ਕੁਝ ਬੁੰਦਾਂ ਝਿਰ ਕੇ ਫਰਸ਼ ਉੱਤੇ ਖਿੱਲਰੇ ਕੱਪੜਿਆਂ ਵਿਚ ਅਲੋਪ ਹੋ ਗਈਆਂ। ਸਾਧੂਰਾਮ ਨੇ ਕੱਪੜਿਆਂ ਨੂੰ ਇਕ ਪਾਸੇ ਸਰਕਾਇਆ ਤੇ ਬੋਲਿਆ—
“ਪੰਡਿਤ ਜੀ...ਦਾਨ ਨਾਲ ਭਾਰ ਲੱਥ ਜੂ-ਗਾ ਨਾ? ਮੈਂ ਤਾਂ ਘਰ ਬਾਰ ਵੇਚ ਦਿਆਂ ਇਸ ਲਈ ਪੰਡਿਤ ਜੀ...”
ਬਾਊ ਦੀ ਮਾਂ ਹੁਭਕੀਂ ਰੋਂਦੀ ਹੋਈ ਸੇਠਾਣੀ ਨੂੰ ਕਹਿਣ ਲੱਗੀ—
“ਮਾਲਕਿਨ ਕੱਲ੍ਹ ਨੈਨੀਤਾਲ ਜਾਓਗੇ। ਕੱਲ੍ਹ ਨਹੀਂ ਪਰਸੋਂ ਮਿਲਨਗੇ ਕੱਪੜੇ ਹਾਏ, ਮਾਲਕਿਨ! ਤੁਹਾਨੂੰ ਕੱਪੜਿਆਂ ਦੀ ਪਈ ਐ।”
ਬਾਊ ਨੂੰ ਕੁਝ ਸ਼ੱਕ ਜਿਹਾ ਹੋਇਆ। ਉਸਨੇ ਫੇਰ ਤਕਲੀਫ਼ ਸਹਿੰਦਿਆਂ ਪਾਸਾ ਪਰਤਿਆ ਤੇ ਬੋਲਿਆ—
“ਅੰਮਾਂ...ਅੰਮਾਂ...ਅੱਜ ਮੇਰਾ ਜਨਮ ਦਿਨ ਐ ਨਾ?”
ਹੁਣ ਸਾਧੂ ਰਾਮ ਦੇ ਸੋਤੇ ਫੁੱਟ ਪਏ। ਉਹ ਹੱਥ ਨਾਲ ਗਲੇ ਨੂੰ ਦੱਬਦਾ ਹੋਇਆ ਭਰੜਾਈ ਆਵਾਜ਼ ਵਿਚ ਬੋਲਿਆ—
“ਹਾਂ ਬਾਊ ਪੁੱਤ...ਅੱਜ ਜਨਮ ਦਿਨ ਐ ਤੇਰਾ...ਬਾਊ ਬੱਚੜਾ!”
ਬਾਊ ਨੇ ਆਪਣੇ ਤਪਦੇ ਹੋਏ ਸਰੀਰ ਤੇ ਰੂਹ ਦੇ ਸਾਰੇ ਕੱਪੜੇ ਲਾਹ ਸੁੱਟੇ, ਜਿਵੇਂ ਨੰਗਾ ਹੋ ਕੇ ਸੁਖੀ ਹੋ ਗਿਆ; ਤੇ ਭਾਰ ਮਹਿਸੂਸ ਕਰਦੀਆਂ ਹੋਈਆਂ ਅੱਖਾਂ ਹੌਲੀ ਹੌਲੀ ਬੰਦ ਕਰ ਲਈਆਂ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)