ਉੱਚੀਆਂ ਆਵਾਜ਼ਾਂ (ਕਹਾਣੀ) : ਬਲੀਜੀਤ

ਪਿਓ ਪੁੱਤ ਨੂੰ ਅੱਖਾਂ ਦੇ ਪ੍ਰਾਈਵੇਟ... ਚੈਰੀਟੇਬਲ ਹਸਪਤਾਲ ਦੇ ਆਲੇ ਦੁਆਲੇ ਕਿਤੇ ਕੋਈ ਥਾਂ ਨਹੀਂ ਸੀ ਲੱਭਦੀ ਕਾਰ ਪਾਰਕ ਕਰਨ ਵਾਸਤੇ । ਮਰੀਜ਼... ਹੋਰ ਅੰਗ ਸਾਕ ਜਿੱਥੇ ਵੀ ਕੋਈ ਥਾਂ ਲੋਟ ਲਗਦੀ ਆਪਣੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਡੀਆਂ ਫਸਾ ਕੇ ਖੜ੍ਹਾਈ ਜਾਂਦੇ । ਐਂਜ ਲਗਦਾ ਹਸਪਤਾਲ ਨਾ ਹੋਵੇ; ਕੋਈ ਕਾਰ ਬਜ਼ਾਰ ਹੋਵੇ । ਧਰਤੀ ਉੱਤੇ ਕਾਰਾਂ ਦਾ ਬੋਝ ਲਾਵੇ ਵਾਂਗ...ਅੱਗੇ ਪਿੱਛੇ... ਖੱਬੇ ਸੱਜੇ ਵਿਛੀ ਜਾਂਦਾ । ਪਿਓ ਨੇ ਸਮਝਿਆ ਕਿ ਬੇਟੇ ਨੂੰ ਕਾਰ ਪਾਰਕ ਕਰਨ ਲਈ ਦੇਰ ਹੋ ਰਹੀ ਹੈ ਤਾਂ ਉਹ ਕਾਰ ਵਿੱਚੋਂ ਨਿਕਲ ਕੇ ਹਸਪਤਾਲ ਦੀ ਕਿਸੇ ਲਿਫ਼ਟ ਵਿੱਚ ਚੜ੍ਹਕੇ ਹਸਪਤਾਲ ਵਿੱਚ ਜਾ ਵੜਿ੍ਹਆ । ਹਸਪਤਾਲ ਅੰਦਰ ਮਰੀਜ਼ ਮੰਜ਼ਲ ਮੰਜ਼ਲ ਚੜ੍ਹਦੇ ਅਸਮਾਨ ਵੱਲ ਨੂੰ ਚਿਣ ਹੋਈ ਜਾਂਦੇ... ਮਰੀਜ਼ਾਂ ਦੀਆਂ ਲਾਇਨਾਂ ਪਿਛਾਂਹ ਨੂੰ ਲੰਬੀਆਂ ਹੋਈ ਜਾਂਦੀਆਂ... ਔਰਤਾਂ ਮਰਦਾਂ ਦੀਆਂ ਅਲੱਗ ਅਲੱਗ । ਉਹ ਤੀਸਰੀ ਮੰਜ਼ਲ 'ਤੇ ਵੱਡੇ ਸਾਰੇ 'ਆਈ ਵਾਰਡ' ਵਿੱਚ ਜਾ ਖੜਿ੍ਹਆ ਜਿੱਥੇ ਉਸਨੂੰ ਪਿਛਲੇ ਹਫ਼ਤੇ ਨੌਂ ਵਜੇ ਪੁੱਜ ਜਾਣ ਦੀ ਹਿਦਾਇਤ ਹੋਈ ਸੀ । ਆਪਣੀ ਫ਼ਾਇਲ ਉਸਨੇ ਕਾਊਂਟਰ 'ਤੇ ਉਨਾਭੀ ਰੰਗ ਦੀ ਡਰੈੱਸ ਪਾਈ ਉੱਚੀ ਕੁਰਸੀ 'ਤੇ ਬੈਠੀ ਵਾਰਡ ਸੁਪਰਵਾਈਜ਼ਰ ਔਰਤ ਨੂੰ ਦੇ ਦਿੱਤੀ ।

"ਰਾਮ ਮੂਰਤੀ?"

"ਜੀ... ਮੈਂ ਈ ਆਂ ਰਾਮ ਮੂਰਤੀ"

"ਤੁਹਾਡਾ ਓਪਰੇਸ਼ਨ ਹੋਣਾ... ਨਾ ਅੱਜ?"

"ਜੀ ..."

"ਤੁਹਾਨੂੰ ਪਤਾ ਕਿਹੜੀ ਅੱਖ ਦਾ...?"

"ਸੱਜੀ ਅੱਖ ਦਾ ।"

"ਦੁਆਈ ਪਾਈ ਸੀ ਅੱਖ 'ਚ?"

"ਹਾਂ ਜੀ । ਲਗਾਤਾਰ... ਅੱਜ ਤੀਸਰਾ ਦਿਨ ਐ ।"

"ਸਾਹਮਣੇ ਕੁਰਸੀਆਂ 'ਤੇ ਬੈਠੋ ਅਰਾਮ ਨਾਲ ।"

ਬੈਠਦਿਆਂ ਸਾਰ ਹੀ ਉਸਨੇ ਆਪਣੇ ਬੇਟੇ ਨੂੰ ਫੋਨ ਕਰਕੇ ਆਪਣੀ ਲੋਕੇਸ਼ਨ ਸਮਝਾ ਦਿੱਤੀ । ਦਸ ਕੁ ਮਿੰਟਾਂ ਬਾਅਦ ਇੱਕ ਨਰਸ ਨੇ ਇਸ਼ਾਰੇ ਨਾਲ ਉਸਨੂੰ ਦੂਸਰੀ ਕੁਰਸੀ ਉੱਤੇ ਬਹਿਣ ਨੂੰ ਕਿਹਾ । ਉਸਦੇ ਸੱਜੇ ਭਰਵੱਟੇ ਉੱਤੇ ਨੀਲਾ ਲਿਖਦੇ ਬਾਲ ਪੈੱਨ ਨਾਲ ਮੋਟੀ ਲਕੀਰ ਮਾਰ ਦਿੱਤੀ । ਬਲੱਡ ਪ੍ਰਸ਼ੈਰ ਚੈੱਕ ਕੀਤਾ । ਪਲਸ ਚੈੱਕ ਕੀਤੀ । ਇੱਕ ਗੋਲੀ ਪਾਣੀ ਨਾਲ ਨਿਘਾਰਨ ਨੂੰ ਦੇ ਦਿੱਤੀ । ਸੱਜੀ ਬਾਂਹ ਦੀ ਖੱਲ ਵਿੱਚ ਟੀਕਾ ਲਗਾ ਦਿੱਤਾ । ਟੀਕੇ ਵਾਲੀ ਥਾਂ ਦੁਆਲੇ ਗੋਲਦਾਇਰਾ ਵਾਹ ਦਿੱਤਾ । ਅੱਜ ਦੀ ਤਰੀਕ ਅਤੇ ਸਮਾਂ ਗਿਆਰਾਂ ਪੰਦਰਾਂ ਏ.ਐੱਮ. ਲਿਖ ਦਿੱਤਾ ।

"ਕਿਹੜੀ ਮੈਡੀਸਨ ਲੈ ਰਹੇ ਓ ਹੁਣ? ਬਲੱਡ ਪ੍ਰੈਸ਼ਰ ਹੈਗਾ? ਸ਼ੂਗਰ?" ਰਾਮ ਮੂਰਤੀ ਨੇ ਸੈਮਸੰਗ ਦੇ ਮੋਬਾਇਲ ਵਿੱਚ ਲਿਖੀਆਂ ਉਹ ਗੋਲੀਆਂ ਬੱਟੀਆਂ ਨਰਸ ਨੂੰ ਪੜ੍ਹਾ ਦਿੱਤੀਆਂ ਜੋ ਉਹ ਪਿਛਲੇ ਸਾਢੇ ਛੇ ਸਾਲ ਤੋਂ ਖਾ ਰਿਹਾ ਸੀ । ਬੇਨਾਮ ਨਰਸ ਨੇ ਸਾਰਾ ਕੁਝ ਖ਼ੂਬਸੂਰਤ ਫ਼ਾਇਲ ਵਿੱਚ ਕਿਤੇ ਨੋਟ ਕੀਤਾ... ਤੇ ਚਮਕਦੇ ਪੀਲੇ ਸੁਹਣੇ ਮਜ਼ਬੂਤ ਕਾਗਜ਼ ਦਾ ਹੈਂਡ-ਬੈਂਡ ਉਸ ਦੀ ਸੱਜੀ ਕਲਾਈ ਵਿੱਚ ਪਾ ਦਿੱਤਾ । ਰਾਮ ਮੂਰਤੀ ਆਪਣੇ ਜ਼ਮਾਨੇ ਦਾ ਹਾਇਰ ਸੈਕੰਡਰੀ... ਗਿਆਰਾਂ ਪਾਸ ਸੀ । ਨਗਰ ਕੌਂਸਲ ਦੀ ਚੁੰਗੀ 'ਤੇ ਮੁਹਰਰ(ਕਲਰਕ) ਭਰਤੀ ਹੋਇਆ ਸੀ... ਹੁਣ ਇੰਸਪੈਕਟਰ ਪ੍ਰਮੋਟ ਹੋ ਚੁੱਕਾ ਸੀ । ਬਲੱਡ ਸ਼ੂਗਰ ਵਧੀ ਤਾਂ ਅੱਖਾਂ 'ਚ ਮੋਤੀਆ ਵੀ ਵੱਧਣ ਲੱਗਿਆ । ਕਾਗਜ਼ ਦੇ ਕੜੇ ਉੱਤੇ ਉਸ ਦਾ... ਤੇ ਬਾਹਰ ਵੇਟਿੰਗ ਰੂਮ 'ਚ ਬੈਠੇ ਉਸਦੇ ਬੇਟੇ ਹਰਿਬਲਾਸ ਦੇ ਨਾਮ ਅੰਗਰੇਜ਼ੀ 'ਚ ਲਿਖੇ ਹੋਏ ਸਨ । ਦੋਵਾਂ ਦੇ ਮੋਬਾਇਲ ਨੰਬਰ, ਬਲੱਡ ਏ ਬੀ ਪੌਜ਼ੇਟਿਵ, ਡਾਕਟਰ ਦਾ ਨਾਂ ਤੇ ਆਈ ਡੀ ਨੰਬਰ ਜੋ ਕਈ ਹਿੰਦਸਿਆਂ ਦਾ ਸੀ ਲਿਖੇ ਹੋਏ ਸਨ । ਕੁਝ ਹੋਰ ਹਿਸਾਬ ਵੀ ਲਿਖਿਆ ਹੋਇਆ ਸੀ ਜੋ ਉਸਦੀ ਸਮਝ ਤੋਂ ਬਾਹਰ ਸੀ । ਉਸਦੀ ਐਨਕ ਦੇ ਸ਼ੀਸ਼ਿਆਂ ਵਿੱਚੀਂ ਹੋਰ ਨੀਝ ਨਾਲ ਦੇਖਣ ਦੀ ਕੋਸ਼ਿਸ਼ ਅੱਖਾਂ ਵਿੱਚ ਉੱਗੇ ਚਿੱਟੇ ਮੋਤੀਏ ਨੇ ਬੇਕਾਰ ਕਰ ਦਿੱਤੀ । ਅੱਖਾਂ ਵਿੱਚ ਅੜੇ ਇਸ ਮੋਤੀਏ ਦਾ ਫਸਾਇਆ ਤਾਂ ਉਹ ਅੱਜ ਇੱਥੇ ਤੀਸਰੀ ਮੰਜ਼ਲ ਉੱਤੇ ਟੰਗਿਆ ਹੋਇਆ ਸੀ । ਸੱਜੀ ਬਾਂਹ ਵਿੱਚ ਲਟਕਦਾ ਇਹ ਪੀਲਾ ਕਾਗਜ਼ੀ ਹੈਂਡ-ਬੈਂਡ ਉਸਨੂੰ ਬੜਾ ਅਜੀਬ ਲੱਗਿਆ । ਇਹ ਸਾਰੀਆਂ ਘਟਨਾਵਾਂ ਉਸਦੇ ਸਰੀਰ ਉੱਤੇ ਸੱਜੇ ਪਾਸੇ ਹੀ ਵਾਪਰ ਰਹੀਆਂ ਸਨ । ਨਾਲ ਦੇ ਦੋ ਮਰੀਜ਼ਾਂ ਦਾ ਸਭ ਕੁਝ ਖੱਬੇ ਪਾਸੇ ਹੋ ਰਿਹਾ ਸੀ । ਥੋੜ੍ਹਾ ਡਰ ਮਹਿਸੂਸ ਕਰਦੇ ਉਸਨੇ ਆਈ ਵਾਰਡ ਦੇ ਬਾਹਰ ਨਿਗ੍ਹਾ ਮਾਰੀ... ਵੇਟਿੰਗ ਰੂਮ ਵਿੱਚ ਉਸਦਾ ਬੇਟਾ ਮੋਬਾਇਲ 'ਤੇ ਬਿਜ਼ੀ ਸੀ । ਕਾਲਜ ਪੜ੍ਹਦੇ ਮੁੰਡੇ ਕੁੜੀਆਂ ਨੂੰ ਤਾਂ ਸਵੇਰੇ ਜਾਗਣ ਤੋਂ ਲੈ ਕੇ ਸੌਣ ਤੱਕ ਫੋਨ ਉੱਤੇ ਸ਼ੋਸ਼ਲ ਮੀਡੀਆ ਈ ਨਹੀਂ ਟਿਕਣ ਦੇਂਦਾ ।

ਫ਼ਾਇਲ ਅੱਗੇ ਅੱਗੇ ... ਰਾਮ ਮੂਰਤੀ ਪਿੱਛੇ ਪਿੱਛੇ । ਜਦੋਂ ਫ਼ਾਇਲ ਸੀਨੀਅਰ ਨਰਸ ਕੋਲੇ ਪਹੁੰਚੀ ਤਾਂ ਉਹ ਉੱਠ ਕੇ ਆ ਗਈ । ਛੋਟੀ ਨਰਸ ਨੂੰ ਗਿਣਵੇ ਲਫ਼ਜਾਂ 'ਚ ਕਿਹਾ;

"ਡਾਇਬੈਟਿਕ ਐ । ਬਲੱਡ ਸ਼ੂਗਰ ਵੀ ਚੈੱਕ ਕਰੋ ।" ਤੇ ਫ਼ਾਇਲ ਚੁੱਕ ਕੇ ਗਾਇਬ ਹੋ ਗਈ । ਛੋਟੀ ਨਰਸ ਨੇ ਕੂਹਣੀ ਕੋਲੋਂ ਮੋਟੀ ਨਾੜ ਵਿੱਚੋਂ ਖ਼ੂਨ ਦੀ ਸਰਿੰਜ ਭਰ ਲਈ । ਫੇਰ ਉਸਨੇ ਸੱਜੀ ਅੱਖ ਵਿੱਚ ਇੱਕ ਡਰੌਪ ਦੁਆਈ ਦਾ ਟਪਕਾ ਦਿੱਤਾ ਜੋ ਉਸਦੀ ਅੱਖ ਵਿੱਚ ਲੜ ਰਿਹਾ ਸੀ । ਅੱਖ ਵਿੱਚ ਪਾਣੀ ਭਰ ਗਿਆ । ਪੰਜ ਛੇ ਮਿੰਟ ਬਾਅਦ ਵਾਰਡ ਸੁਪਰਵਾਈਜ਼ਰ ਫੇਰ ਆ ਗਈ,"ਰਾਮ ਮੂਰਤੀ ਜੀ, ਤੁਹਾਡਾ ਓਪਰੇਸ਼ਨ ਸ਼ਾਮ ਤੱਕ... ਕਾਫੀ ਲੇਟ ਹੋਏਗਾ । ਓਪਰੇਸ਼ਨਾਂ ਦੀ ਅੱਜ ਡਿਊਟੀ ਡੌਕਟਰ ਨਿਖਿਲ ਪ੍ਰਮਾਰ ਦੀ ਏ । ਡੌਕਟਰ ਮਨਿੰਦਰ ਬਰਾੜ ਨੇ ਓ ਪੀ ਡੀ ਤੋਂ ਫਰੀ ਹੋ ਕੇ ਸ਼ਾਮੀਂ ਪੰਜ ਤੋਂ ਬਾਅਦ ਈ ਆਉਣਾ । ਤੁਹਾਨੂੰ ਵੇਟ ਕਰਨੀ ਪੈਣੀ । ਉਹਨਾਂ ਕੋਲ ਅੱਜ ਅਜੇ ਤੱਕ ਤੁਹਾਡਾ ਹੀ ਇੱਕ ਕੇਸ ਐ । ਕੋਈ ਦਿੱਕਤ ਤਾਂ ਨਹੀਂ?"

"ਨਾ । ਦਿੱਕਤ ਕੀ ਹੋਣੀ । ਅਸੀਂ ਤਾਂ ਲੋਕਲ ਆਂ ।"

"ਠੀਕ ਐ । ਮੈਂ ਤੁਹਾਨੂੰ ਉੱਪਰ ਛੇਵੀਂ ਫਲੋਰ 'ਤੇ ਵਾਰਡ ਵਿੱਚ ਬੈੱਡ ਦੁਆ ਦੇਂਦੀ ਆਂ । ਜਾਣਾ ਨਹੀਂ ਕਿਤੇ ਬਾਹਰ । ਇੰਜੈਕਸ਼ਨ ਲੱਗਾ ਹੋਇਐ ।"

"ਜੀ...ਅਅ..." ਰਾਮ ਮੂਰਤੀ ਨੂੰ ਲੱਗਿਆ ਕਿ ਭਾਵੇਂ ਘੜੀ ਦੀ ਘੜੀ ਹੀ ਸਹੀ... ਉਹ ਕਿਸੇ ਦੇ ਕਬਜ਼ੇ ਹੇਠ ਆ ਗਿਆ ਸੀ । ਉਸਦੇ ਅੰਦਰ ਕਿਸੇ ਡਰ ਦੇ ਅਹਿਸਾਸ ਨੇ ਹਲਕੀ ਜਹੀ ਦਸਤਕ ਦੁਬਾਰਾ ਦੇ ਦਿੱਤੀ । ਇੱਕ ਹੋਰ ਔਰਤ... ਜਿਸ ਦੀ ਡਰੈੱਸ ਸਫ਼ੈਦ ਰੰਗ ਦੀ ਸੀ, ਜਿਸ ਦੇ ਇੱਕ ਹੱਥ 'ਚ ਫ਼ਾਇਲ ਸੀ... ਨੇ ਦੂਸਰੇ ਹੱਥ ਨਾਲ ਉਸਦੀ ਬਾਂਹ ਫੜ ਲਈ... "ਆਓ" ਉਸਨੂੰ ਫੜੀ ਇਸ ਵਾਰਡ 'ਚੋਂ ਬਾਹਰ ਨਿਕਲ ਗਈ । ਹਰਿਬਲਾਸ ਨਾਲ ਤੁਰਨ ਲਈ ਉੱਠਿਆ ਤਾਂ ਬੇਨਾਮ ਔਰਤ ਨੇ ਨਾਲ ਆਉਣ ਤੋਂ ਮਨ੍ਹਾ ਕਰ ਦਿੱਤਾ । ਨਾਲ ਹੀ ਹਰਿਬਲਾਸ ਦਾ ਫੋਨ ਵੱਜ ਗਿਆ ਤੇ ਉਹ 'ਜੀ ਜੀ' ਕਰਦਾ ਪੌੜੀਆਂ ਉਤਰ ਗਿਆ ।

***

ਹਰਿਬਲਾਸ ਨੂੰ ਡਾਕਟਰ ਮਨਿੰਦਰ ਬਰਾੜ ਦੀ ਓ ਪੀ ਡੀ ਵਿੱਚੋਂ ਮੈਡਮ ਫਰਮਾਸਿਸਟ ਦਾ ਫੋਨ ਸੀ;

"ਤੁਸੀਂ ਟੀ ਪੀ ਏ ਤੋਂ ਆਪਣਾ ਕੇਸ ਕਲੀਅਰ ਨਹੀਂ ਕਰਾਇਆ?" ਹਿÐਰÑਬਲਾਸ ਕੁਝ ਬੌਂਦਲਿਆ ਚੁੱਪ ਚਾਪ ਮੈਡਮ ਦੀਆਂ ਜੇਬਾਂ ਨੂੰ ਲੱਗੇ ਕਈ ਪੈੱਨ ਦੇਖਦਾ ਰਿਹਾ ਸੀ । ਮੈਡਮ ਨੇ ਉਸਨੂੰ ਡਾਕਟਰ ਸਾਹਿਬ ਦੇ ਫਰੀ ਹੋਣ ਤੱਕ ਵੇਟ ਕਰਨ ਨੂੰ ਕਿਹਾ... ...

... ... ਪਿਛਲੇ ਹਫ਼ਤੇ ਜਦੋਂ ਉਹ ਤੇ ਓਹਦਾ ਪਿਓ ਅੱਖਾਂ ਚੈੱਕ ਕਰਾਉਣ ਇਸ ਹਸਪਤਾਲ ਆਏ ਤਾਂ ਉਹਨੇ ਸਮਝਿਆ ਸੀ ਕਿ ਉਸਦਾ ਪਿਓ ਹੱਥ ਵਿੱਚ ਫੜੀ ਪਰਚੀ ਮੁਤਾਬਿਕ ਇੱਕ ਦਮ ਆਦਮੀ ਤੋਂ ਕਿਸੇ ਅੰਕੜੇ... 111, 112, 113 ਵਿੱਚ ਤਬਦੀਲ ਹੋ ਗਿਆ ਸੀ । ਉਸ ਨੂੰ ਲੱਗਿਆ ਸੀ ਜਿਵੇਂ ਕੁਰਸੀ 'ਤੇ ਬੈਠਾ ਬੰਦਾ ਉਸ ਦਾ ਬਾਪ ਨਹੀਂ... ਬਲਕਿ ਮੰਡੀ 'ਚ ਪਿਆ ਝੋਨੇ ਦਾ ਕੱਟਾ ਸੀ ਜਿਸਨੂੰ ਕਰਿੰਦਿਆਂ ਨੇ ਨਗ ਸਮਝ ਕੇ ਆਪਣੀ ਸਹੂਲਤ ਲਈ ਕੋਈ ਨੰਬਰ ਲਾ ਕੇ ਟਿਕਾ ਦਿੱਤਾ ਸੀ । ਕੰਪਿਊਟਰਾਂ... ਮੋਨੀਟਰਾਂ... ਸਕਰੀਨਾਂ ਉੱਤੇ ਹਿੰਦਸੇ ਨੱਚਦੇ... ਟਨ ਟਨ... ਟਣ ਟਣ ਘੰਟੀਆਂ ਦੀਆਂ ਆਵਾਜ਼ਾਂ ਆਉਂਦੀਆਂ;

"ਵਨ ਹੰਡਰਡ ਫ਼ਿਫ਼ਟੀਨ... ਇੱਕ ਸੌ ਪੰਦਰਾਂ...", ਦੀ ਆਵਾਜ਼ ਪਈ ਤਾਂ ਕੋਈ ਲੜਕੀ ਆਪਣੀ ਬੁੱਢੀ ਮਾਂ ਨੂੰ ਲੈ ਕੇ ਉੱਠ ਖੜ੍ਹੀ ਹੁੰਦੀ ਖੁਸ਼ ਹੋਈ... ਓਦਣ ਰਾਮ ਮੂਰਤੀ ਨੂੰ 204 ਨੰਬਰ ਮਿਲਿਆ ਸੀ । ਓਦਣ ਵੀ ਉਹਨਾਂ ਨੂੰ ਇਹਨਾਂ ਕੁਰਸੀਆਂ ਵਿੱਚ ਹੀ ਵੇਟ ਕਰਨ ਲਈ ਕਿਹਾ ਗਿਆ ਸੀ । ਪਿਓ ਦੀਆਂ ਅੱਖਾਂ 'ਚ ਦੁਆਈ ਪਾ ਕੇ ਉਸ ਦੇ ਕੋਲ ਬਿਠਾ ਦਿੱਤਾ ਸੀ । ਉਸੇ ਦਿਨ ਦੂਸਰੀ ਵਾਰੀ ਉਹ ਪਿਓ ਦੇ ਨਾਲ ਅੰਦਰ ਸਰਦਾਰ ਡਾਕਟਰ ਦੇ ਸਾਹਮਣੇ ਖੜ੍ਹਾ ਉਸਦੀ ਸਲਾਹ ਸੁਣ ਰਿਹਾ ਸੀ । ਡਾਕਟਰ ਮਸ਼ੀਨ ਵਿੱਚੀਂ ਅੱਖਾਂ ਚੈੱਕ ਕਰਦਾ ਮਰਜ਼ ਪੜ੍ਹਦਾ ਪੜ੍ਹਦਾ ਬੋਲੀ ਜਾ ਰਿਹਾ ਸੀ;

"ਐਨਕਾਂ ਲਾਹ ਦਿਓ... ਐਥੇ ਠੋਡੀ ਟਿਕਾ ਲਓ, ਹਾਂ... ਅੱਖਾਂ ਪੂਰੀਆਂ ਅੱਡ ਕੇ ਰੱਖੋ... ਮੇਰੇ ਵੱਲ ਸਿੱਧਾ ਦੇਖੋ... ਅਰਲੀ ਕੈਟਾਰੈਕਟ ਐ । ਚਿੱਟਾ ਮੋਤੀਆ ਐ । ਸੱਜੀ ਅੱਖ 'ਚ ਖੱਬੀ ਨਾਲੋਂ ਜ਼ਿਆਦੈ । ਆਹ ਦੁਆਈ ਪਾਓ ਰੋਜ਼ ਤਿੰਨ ਵਾਰ... ਕਿੰਨੀ ਕੁ ਪ੍ਰੌਬਲਮ ਐ?"

"ਕੀ ਦੱਸਾਂ... ਕਾਫ਼ੀ ਦਿੱਕਤ ਐ ਜਨਾਬ ।" ਉਮਰ ਦਰਾਜ਼ ਰਾਮ ਮੂਰਤੀ ਆਪਣੇ ਸਰੀਰ ਅੰਦਰ ਰੋਜ਼ ਵਾਪਰਦੀਆਂ ਇਹਨਾਂ ਦੁਰਘਟਨਾਵਾਂ ਨੂੰ ਜਣੇ ਖਣੇ ਨੂੰ ਦੱਸਦਾ ਅੱਕਿਆ ਪਿਆ ਸੀ ।

"ਫੇਰ ਤਾਂ ਓਪਰੇਸ਼ਨ ਕਰਨਾ ਪਏਗਾ । ਜਦੋਂ ਮਰਜ਼ੀ ਕਰਾ ਲਓ ... ਬਹੁਤੀ ਦਿੱਕਤ ਐ ਤਾਂ ਹੁਣੇ ਕਰ ਦਿੰਦੇ ਆਂ... ਨਹੀਂ ਤਾਂ ਇਹ ਦੁਆਈ ਪਾਈ ਜਾਓ ।"

"ਨਹੀਂ ਸਰ, ਡੈਡੀ ਜੀ ਦੀਆਂ ਦੋਵੇਂ ਅੱਖਾਂ ਦਾ ਹੁਣੇ ਕਰਾਉਣਾ । ਡੈਡੀ ਨੇ ਕੈਲੀਫੋਰਨੀਆ ਜਾਣਾ ਵੱਡੇ ਬਰੱਦਰ ਕੋਲ ।"

"ਇਹਨਾਂ ਦਾ ਬੀਮਾ ਹੋਇਆ?"

"ਹਾਂ ਜੀ ਹੋਇਆ । ਬਰੱਦਰ ਬਾਹਰ ਜਾਣ ਲੱਗੇ ਮੰਮੀ ਡੈਡੀ ਦੋਹਾਂ ਦਾ ਬੀਮਾ ਕਰਾ ਕੇ ਗਿਆ ਸੀ ।"

"ਕਿੰਨੇ ਸਾਲ ਹੋ ਗਏ?"

"ਛੇ ਸਾਲ" ਉਹ ਇੱਕ ਦਮ ਉੱਚੀ ਬੋਲ ਪਿਆ ਸੀ ।

"ਓ ਕੇ…... ਪਹਿਲਾਂ ਸੱਜੀ ਅੱਖ ਦਾ ਕਰਦੇ ਆਂ ਜਿਸ ਵਿੱਚ ਜ਼ਿਆਦੈ ।" ਮਾਸਕ ਪਹਿਨੇ ਸਰਦਾਰ ਡਾਕਟਰ ਨੇ ਉਹਨਾਂ ਨੂੰ ਪੁੱਛ ਪੁੱਛਕੇ ਕੰਪਿਊਟਰ ਵਿੱਚ ਕੁਝ ਐਂਟਰੀਆਂ ਕੀਤੀਆਂ ਸਨ;

"ਤੁਹਾਡਾ ਕੈਸ਼ਲੈੱਸ ਓਪਰੇਸ਼ਨ ਹੋਏਗਾ । ਕੋਈ ਖਰਚਾ ਨਹੀਂ ਹੋਏਗਾ ਤੁਹਾਡਾ । ਅਗਲੇ ਸ਼ੁਕਰਵਾਰ ਆ ਜਾਓ... ਕਿਹੜੀ ਇਨਸ਼ੋਰੈਂਸ਼ ਕੰਪਨੀ ਐ... ਪਾਲਿਸੀ ਨੰਬਰ ਬੋਲੋ... ਇਹਨਾਂ ਨੂੰ ਟੀ ਪੀ ਏ ਵਿੱਚ ਆਪ ਛੱਡ ਕੇ ਆਓ ।"...ਤੇ ਡਾਕਟਰ ਨੇ ਕਈ ਕੁਝ ਫ਼ਾਇਲ ਵਿੱਚ ਹੋਰ ਲਿਖਿਆ... ਤੇ ਫ਼ਾਇਲ ਫਰਮਾਸਿਸਟ ਮੈਡਮ ਨੂੰ ਫੜਾ ਦਿੱਤੀ । ਮੈਡਮ ਨੇ ਰਾਮ ਮੂਰਤੀ ਦਾ ਹੱਥ ਫੜ੍ਹ ਲਿਆ;

"ਅੰਕਲ ਠੀਕ ਲੱਗ ਰਿਹਾ... ਅੱਖਾਂ 'ਚ ਦੁਆਈ ਪਾਈ ਹੋਈ ਐ ਨਾ ।"

"ਕਾਫ਼ੀ ਚਿੱਟਾ ਚਿੱਟਾ ਦਿਸਦਾ । ਖਾਸਾ ਓਪਰਾ ਲੱਗਦਾ । ਹਰਿਬਲਾਸ ਪੁੱਤ ਤੂੰ ਮੇਰੇ ਨਾਲ ਰਹੀਂ ।" ਤਿੰਨੋਂ ਲਿਫ਼ਟ ਵਿੱਚ ਵੜ ਕੇ ਦੂਸਰੀ ਮੰਜ਼ਲ ਉੱਪਰ ਜਾ ਉਤਰੇ ਸਨ । ਖਾਲੀ ਕੁਰਸੀ 'ਤੇ ਬਹਿ ਹÐਰÑਬਲਾਸ ਨੇ ਸਾਰੇ ਕਮਰੇ ਨੂੰ ਧਿਆਨ ਨਾਲ ਦੇਖਿਆ ਜਿਸ ਵਿੱਚ ਟੀ ਪੀ ਏ ਭਰੀ ਹੋਈ ਸੀ । ਚਾਰ ਸੱਜ-ਵਿਆਹੀਆਂ ਲੜਕੀਆਂ ਚੂੜੇ ਛਣਕਾਉਂਦੀਆਂ ਲੰਚ ਕਰ ਹਟੀਆਂ, ਆਪਣੇ ਟਿਫ਼ਨ ਸੰਭਾਲ ਰਹੀਆਂ ਸਨ । ਉਹਨਾਂ ਦੇ ਸਾਈਲੈਂਟ ਕੀਤੇ ਮੋਬਾਇਲਾਂ ਵਿੱਚ ਰੋਸ਼ਨੀਆਂ ਆ ਜਾ ਰਹੀਆਂ ਸਨ । ਹੌਲੀ ਹੌਲੀ ਉਹ ਸਾਰੀਆਂ ਕੰਪਿਊਟਰਾਂ ਮੂਹਰੇ ਸਥਾਪਿਤ ਹੋ ਗਈਆਂ । ਬਾਹਰੋਂ ਇੱਕ ਪੈਂਤੀ ਕੁ ਸਾਲ ਦੀ ਅਫ਼ਸਰੀ ਮੜੰਗੇ ਦੀ ਔਰਤ ਉਹਨਾਂ ਦੇ ਸਾਹਮਣੇ ਖਾਲੀ ਕੁਰਸੀ 'ਤੇ ਬਹਿ ਕੇ ਰਾਮ ਮੂਰਤੀ ਦੀ ਫ਼ਾਇਲ ਦੇਖਣ ਲੱਗ ਪਈ ਸੀ;

"ਰਾਮ ਮੂਰਤੀ ਜੀ... ਕਿਹੜੇ ਲੈਨਜ਼ ਪੁਆਉਣੇ ਐ?"

"ਸਾਨੂੰ ਕੀ ਪਤਾ ।" ਉਹ ਇੱਧਰ ਉੱਧਰ ਝਾਕਣ ਲੱਗਿਆ ।

"ਦੇਖੋ... ਇੱਥੇ ਚਾਰ ਕਿਸਮ ਦੇ ਲੈਨਜ਼ ਪੈਂਦੇ ਐ ।", ਇਹ ਮੁਲਾਜ਼ਮ ਕੋਈ ਐੱਮ ਬੀ ਬੀ ਐੱਸ ਅੱਖਾਂ ਦੇ ਇਲਾਜ ਦੀ ਮਾਹਿਰ ਡਾਕਟਰ ਨਹੀਂ ਸੀ... ਜਿਸ ਕੋਲ ਪੜ੍ਹਾਈ ਦੀ ਕੋਈ ਹੋਰ... ਸ਼ਾਇਦ ਕੋਈ ਐੱਮ ਬੀ ਏ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਸੀ... ਬੋਲਦੀ ਬੋਲਦੀ ਨਾਲ ਦੀ ਨਾਲ ਫ਼ਾਇਲ ਵਿੱਚ ਲਿਖਦੀ ਵੀ ਗਈ, "ਚਾਰਾਂ ਦੀ ਕੀਮਤ... ਅਠਾਈ, ਬੱਤੀ, ਛੱਤੀ... ਸਭ ਤੋਂ ਵਧੀਆ ਬਿਆਲੀ ਹਜ਼ਾਰ ਐ । ਇੱਕ ਅੱਖ ਦਾ । ਬਿਆਲੀ ਹਜ਼ਾਰ ਵਾਲਾ ਲੈਨਜ਼ ਅਮੂਮਨ ਬੀਮੇ ਵਾਲੇ ਲਗਵਾਉਂਦੇ ਨੇ ।"

"ਟੀ ਪੀ ਏ ਦਾ ਕੀ ਮਤਲਬ ਹੁੰਦਾ ।" ਹਰਿਬਲਾਸ ਨੇ ਬੀ ਏ ਸੈਕਿੰਡ ਈਅਰ ਦੇ ਸਿਲੇਬਸ ਵਿੱਚ ਇਕਨੌਮਿਕਸ ਵੀ ਲਈ ਹੋਈ ਸੀ ।

"ਥਰਡ ਪਾਰਟੀ ਐੱਡਮਨਿਸਟਰੇਟਰ । ਇਹ ਬਰਾਂਚ ਮਤਲਬ ਅਸੀਂ ਤੁਹਾਡੇ ਬੀਮੇ ਦੇ ਪੈਸੇ ਵਸੂਲ ਕਰਦੇ ਆਂ ।"

"ਸਾਰੇ ਪੈਸੇ ਬੀਮਾ ਕੰਪਨੀ ਦਏਗੀ?"

"ਡੀਪੈਂਡ ਕਰਦਾ ਕਿ ਤੁਹਾਡੀ ਪਾਲਿਸੀ ਵਿੱਚ ਕੀ ਕੀ ਟਰਮਜ਼ ਐਂਡ ਕੰਡੀਸ਼ਨਜ਼ ਲਿਖੀਆਂ ਨੇ ।"

"ਕਿਹੜੇ ਮੁਲਖ ਦੇ ਲੈਨਜ਼ ਨੇ...?" ਇਹ ਸੁਆਲ ਉਸ ਦੇ ਦਿਮਾਗ ਵਿੱਚ ਕਦੋਂ ਦਾ ਅੜਿਆ ਖੜਾ ਸੀ ।

"ਯੂ ਐੱਸ ਏ ਤੋਂ... "

"ਸਭ ਤੋਂ ਵਧੀਆ ਪਾਓ ਜੀ ।" ਰਾਮ ਮੂਰਤੀ ਨੇ ਗੱਲ ਨਬੇੜ ਦਿੱਤੀ ਸੀ । ਐੱਮ ਬੀ ਏ ਔਰਤ ਨੇ ਪਹਿਲਾਂ ਇੱਕ ਕੰਪਿਊਟਰ ਉੱਤੇ ਜਾ ਕੇ ਬੈਠੀ ਲੜਕੀ ਨੂੰ ਕੁਝ ਸਮਝਾਇਆ । ਕੀ ਬੋਰਡ 'ਤੇ ਟਿੱਪ ਟਿੱਪ ਹੋਈ । ਫੇਰ ਦੂਸਰੇ ਕੰਪਿਊਟਰ ਤੋਂ ਟਿੱਪ ਟਿੱਪ ਦੀ ਤਿੱਖੀ ਆਵਾਜ਼ ਆਈ... ਤੇ ਦੋਵੇਂ ਪੇ-ਪੁੱਤ ਹੈਰਾਨ ਹੋਏ ਇੱਕ ਦੂਸਰੇ ਨੂੰ ਸੁਆਲੀਆ ਦੇਖਣ ਲੱਗੇ ਕੇ ਇਹ ਘੂੰ…ਅ... ਘੂੰਅ ਦੀਆਂ ਹੋਰ ਉੱਚੀਆਂ ਆਵਾਜ਼ਾਂ ਕਿੱਥੋਂ ਆਉਣ ਲੱਗ ਪਈਆਂ ਸਨ । ਅਸਲ ਵਿੱਚ ਆਖ਼ਰੀ ਖੂੰਜੇ ਵਿੱਚ ਬੈਠੀ ਲੜਕੀ ਨੇ ਕੰਪਿਊਟਰ ਉੱਤੇ ਪਰਿੰਟ ਦੀ ਕਮਾਂਡ ਦੇ ਦਿੱਤੀ ਸੀ । ਜਿਸ ਨਾਲ ਉਹਨਾਂ ਦੇ ਸਾਹਮਣੇ ਮੇਜ਼ 'ਤੇ ਪਿਆ ਪਰਿੰਟਰ ਆਪਣੇ ਅੰਦਰੋਂ ਕਾਗਜ਼ ਛਾਪਕੇ ਬਾਹਰ ਸੁੱਟਦਾ ਆਵਾਜ਼ਾਂ ਵੀ ਕੱਢੀ ਜਾ ਰਿਹਾ ਸੀ । ਐੱਮ ਬੀ ਏ ਔਰਤ ਨੇ ਵਾਪਸ ਆ ਕੇ ਇਹ ਕਾਗਜ਼ ਦੋ ਹਿੱਸਿਆਂ ਵਿੱਚ ਵੰਡ ਕੇ ਸਿੱਧੇ ਕੀਤੇ । ਸਟੈੱਪਲਰ ਨਾਲ 'ਕੜਿੱਚ' ਕਰਕੇ ਦੋ ਸੈੱਟ ਜੋੜ ਦਿੱਤੇ । ਸਾਰੇ ਕਾਗਜ਼ ਰਾਮ ਮੂਰਤੀ ਵੱਲ ਨੂੰ ਵਧਾ ਦਿੱਤੇ ਸਨ;

"ਇਹ ਜੋ ਮੈ ਤੁਹਾਨੂੰ ਦੱਸਿਆ... ਸਾਰਾ ਸਮਝ ਆ ਗਿਐ?"

"ਹਾਂ ਜੀ ।"

"ਕੁਝ ਹੋਰ ਪੁੱਛਣਾ ਹੋਵੇ?"

"ਨਾ । ਹੁਣ ਕੀ ਪੁੱਛਣਾ ।" ਬੇਨਾਮ ਔਰਤ ਨੇ ਉਸਦੇ ਹੱਥ ਪੈੱਨ ਫੜਾ ਦਿੱਤਾ ।

" ਐਥੇ ਸਾਇਨ ਕਰੋ..." ਉਹ ਥੁੱਕ ਲਾ ਕੇ ਵਰਕੇ ਥੱਲਦੀ ਦਸਤਖਤ ਕਰਨ ਨੂੰ ਉਕਸਾਉਂਦੀ ਚੌਰਸ ਡੱਬੀਆਂ ਵਿੱਚ ਆਪਣੀ ਪਹਿਲੀ ਉਂਗਲ ਦਾ ਨਾਖ਼ੂਨ ਟਿਕਾਈ ਗਈ,"ਐਥੇ... ਐਥੇ... ਐਥੇ ।" ਇਹ ਕੰਮ ਮੁੱਕਿਆ ਤਾਂ ਦੋਵਾਂ ਨੂੰ ਸਾਹਮਣੇ ਲੈਬ ਵਿੱਚ ਖ਼ੂਨ... ਪਿਸ਼ਾਬ ਦੇ ਟੈਸਟ ਕਰਾਉਣ ਲਈ ਭੇਜ ਦਿੱਤਾ ਗਿਆ ਸੀ । ਈ ਸੀ ਜੀ ਤੋਂ ਬਾਅਦ ਲੈਬ ਅਟੈਂਡੈਂਟ ਨੇ ਇੱਕ ਪੀਲੀ ਪਰਚੀ ਉੱਤੇ ਅੱਖਾਂ 'ਚ ਪਾਉਣ ਵਾਲੀ ਦੁਆਈ ਦਾ ਨਾਂ ਲਿਖਿਆ । ਹੇਠਾਂ ਚਾਰ ਛੋਟੇ ਗੋਲਦਾਇਰੇ ਵਾਹਕੇ ਦੋਵਾਂ ਦਾ ਧਿਆਨ ਖਿੱਚਿਆ;

" ਓਪਰੇਸ਼ਨ ਤੋਂ ਦੋ ਦਿਨ ਪਹਿਲਾਂ ਇਹ ਦੁਆਈ ਸੱਜੀ ਅੱਖ ਵਿੱਚ ਚਾਰ ਵਾਰ ਇੱਕ ਇੱਕ ਡਰੌਪ ਪਾਉਣੀ । ਅਗਲੇ ਦਿਨ ਫੇਰ ਚਾਰ ਵਾਰ", ਚਾਰ ਗੋਲਦਾਇਰੇ ਹੋਰ ਵਾਹ ਦਿੱਤੇ,"ਜਿਸ ਦਿਨ ਓਪਰੇਸ਼ਨ ਲਈ ਆਉਣਾ ਤਾਂ ਦੋ ਵਾਰ ਦੁਆਈ ਪਾ ਕੇ ਆਉਣਾ ।" ਫ਼ਾਇਲ ਰਾਮ ਮੂਰਤੀ ਨੂੰ ਫੜਾ ਦਿੱਤੀ,"ਸ਼ੁਕਰਵਾਰ ਨੌਂ ਵਜੇ ਉੱਪਰ ਤੀਸਰੀ ਮੰਜ਼ਲ... ਆਈ ਵਾਰਡ ਵਿੱਚ ਪਹੁੰਚ ਜਾਣਾ ।"

ਹੇਠਾਂ ਹਸਪਤਾਲ ਦੇ ਬਾਹਰ ਰਾਮ ਮੂਰਤੀ ਨੇ ਮੋਬਾਇਲ 'ਤੇ ਟਾਇਮ ਦੇਖਿਆ ।

"ਬੇਟਾ, ਪੌਣੇ ਪੰਜ ਵੱਜ ਗਏ । ਜਦੋਂ ਸਵੇਰੇ ਨੌਂ ਵਜੇ ਤੋਂ ਬਾਅਦ ਤੈਨੂੰ ਕਾਰ ਵਿੱਚ-ਏ ਛੱਡ ਕੇ ਹਸਪਤਾਲ ਵਿੱਚ ਆਇਆ... ਤਾਂ ਆਹ ਫ਼ਾਇਲ ਉਦੋਂ ਦੀ ਇਹਨਾਂ ਮੁਲਾਜ਼ਮਾਂ ਦੇ ਹੱਥਾਂ ਵਿੱਚ ਹੀ ਰਹੀ । ਮੁੜ ਕੇ ਹੁਣ ਤੱਕ ਕਿਸੇ ਨੇ ਮੈਨੂੰ ਫ਼ਾਇਲ ਨੂੰ ਹੱਥ ਨੀਂ ਲਾਉਣ ਦਿੱਤਾ । ਸ਼ਾਇਦ ਇਹ ਪਹਿਲਾਂ ਨਾਲੋਂ ਭਾਰੀ ਹੋ ਗਈ... ਪਤਾ ਨਹੀਂ ਮੇਰੀਆਂ ਬਾਹਾਂ ਹੀ ਥੱਕ ਗਈਆਂ... ਆਹ ਸੰਭਾਲ ਲੈ ਫ਼ਾਇਲ ਤੇ ਮੋਬਾਇਲ ਦੋਵੇਂ? "

ਓਪਰੇਸ਼ਨ ਤੋਂ ਇੱਕ ਦਿਨ ਪਹਿਲਾਂ ਇਨਸ਼ੋਰੈਂਸ ਕੰਪਨੀ ਤੋਂ ਐੱਸ ਐੱਮ ਐੱਸ ਆਇਆ ਕਿ ਕੰਪਨੀ ਨੇ ਹਸਪਤਾਲ ਕੋਲ ਸਤਾਈ ਹਜ਼ਾਰ ਰੁਪਏ ਜਮਾਂ ਕਰਾ ਦਿੱਤੇ ਹਨ... ...

... ... ਹਰਿਬਲਾਸ ਹੁਣ ਸੋਚਦਾ ਕਿ ਜਦੋਂ ਕੰਪਨੀ ਨੇ ਪੈਸੇ ਜਮਾਂ ਕਰਾ ਦਿੱਤੇ ਹਨ ਤਾਂ ਅੱਜ ਟੀ ਪੀ ਏ ਨੂੰ ਕੀ ਹੋ ਗਿਆ । ਹੁਣ ਕੀ ਰਹਿ ਗਿਆ ।

"ਰਾਮ ਮੂਰਤੀ ਨਾਲ ਕੌਣ ਐ?" ਅੰਦਰੋਂ ਆਵਾਜ਼ ਆਈ... ਤਾਂ ਉਹ ਉੱਠਕੇ ਡਾਕਟਰ ਦੇ ਕਮਰੇ ਵਿੱਚ ਜਾ ਵੜਿਆ; "ਤੁਸੀਂ ਰਾਮ ਮੂਰਤੀ ਨਾਲ ਓ... ਅੱਛਿਆ... ਓਪਰੇਸ਼ਨ ਕਰਨ ਦੀ ਇਜਾਜ਼ਤ... ਫਾਈਨਲ ਅਪਰੂਵਲ ਟੀ ਪੀ ਏ ਨੇ ਦੇਣੀ ਹੁੰਦੀ ਐ । ਸਤਾਈ ਹਜ਼ਾਰ ਤੁਹਾਡਾ ਆ ਗਿਆ । ਪੰਦਰਾਂ ਹਜ਼ਾਰ ਕੈਸ਼ ਰੀਸੈਪਸ਼ਨ 'ਤੇ ਦੇ ਕੇ ਕੱਚੀ ਰਸੀਦ ਟੀ ਪੀ ਏ ਨੂੰ ਦੇ ਦਿਓ । ਓਪਰੇਸ਼ਨ ਤੋਂ ਬਾਅਦ ਜਦੋਂ ਸਾਰੇ ਬਿਲ ਇਨਸ਼ੋਰੈਂਸ ਕੰਪਨੀ ਨੂੰ ਭੇਜਾਂਗੇ ਤਾਂ... ਜਿੰਨਾ ਕੰਪਨੀ ਪਾਸ ਕਰੇਗੀ... ਜੋ ਵੀ ਵਾਧਾ ਘਾਟਾ ਹੋਏਗਾ... ਵਾਪਸ ਕਰ ਦਿੱਤਾ ਜਾਏਗਾ ।"

***

"ਪਹਿਲਾਂ ਸਾਹਮਣੇ ਰੂਮ ਵਿੱਚ ਕੱਪੜੇ ਚੇਂਜ ਕਰਕੇ ਆਓ", ਉੱਪਰ ਛੇਵੀਂ ਫਲੋਰ 'ਤੇ ਨਵੇਂ ਵਾਰਡ ਅੰਦਰ ਵੜਦੇ ਸਾਰ ਨਰਸ ਨੇ ਰਾਮ ਮੂਰਤੀ ਨੂੰ ਹਸਪਤਾਲ ਦੀ ਆਪਣੀ ਮਰੀਜ਼ਾਂ ਵਾਲੀ ਡਰੈੱਸ... ਕਮੀਜ਼ ਪਜਾਮਾ ਫੜਾ ਦਿੱਤਾ । ਮਰੀਜ਼ਾਂ ਵਾਲੇ ਕੱਪੜੇ ਦੇਖ ਕੇ ਉਸ ਨੂੰ ਝਟਕਾ ਜਿਹਾ ਲੱਗਿਆ । ਜਿਵੇਂ ਜੇਲ 'ਚ ਕੈਦੀਆਂ ਨੂੰ ਇੱਕੋ ਸਾਰ ਦੀਆਂ ਵਰਦੀਆਂ ਪੁਆਉਂਦੇ ਹਨ । ਉਸਦੇ ਆਪਣੇ ਕੱਪੜਿਆਂ ਨੂੰ ਕੀ ਹੋਇਆ ਸੀ । ਸਾਫ਼ ਸੁਥਰਾ ਪਰੈੱਸ ਕੀਤਾ ਫੜ ਫੜ ਕਰਦਾ ਚਿੱਟਾ ਕੁੜਤਾ ਪਜਾਮਾ । ਚੇਂਜਿੰਗ ਰੂਮ ਵਿੱਚੋਂ ਹਸਪਤਾਲ ਦੇ ਕੱਪੜੇ ਪਾਈ ਅਤੇ ਆਪਣੇ ਕੱਪੜੇ ਸੰਭਾਲਦਾ ਜਦੋਂ ਉਹ ਵਾਰਡ ਵਿੱਚ ਚੌਵੀ ਨੰਬਰ ਬੈੱਡ 'ਤੇ ਬੈਠਿਆ ਤਾਂ ਉਸਨੂੰ ਲੱਗਿਆ ਕਿ ਉਹ ਰਾਮ ਮੂਰਤੀ ਨਹੀਂ ਕੋਈ ਹੋਰ ਹੈ । ਹਰਿਬਲਾਸ ਦੋ ਵਾਰੀ ਵਾਰਡ ਦੇ ਦਰਵਾਜ਼ੇ ਸਾਹਮਣੇ ਖਲੋ ਕੇ ਨਿਗ੍ਹਾ ਮਾਰਕੇ ਗਿਆ... ਪਹਿਲਾਂ ਉਹ ਇਹਨਾਂ ਇੱਕੋ ਜਹੇ ਕੱਪੜਿਆਂ ਵਿੱਚ ਆਪਣੇ ਮਰੀਜ਼ ਨੂੰ ਪਛਾਣ ਹੀ ਨਹੀਂ ਸਕਿਆ । ਉਵੇਂ ਦੇ ਕੱਪੜੇ ਪਾਈ ਕਈ ਮਰੀਜ਼, ਇੱਕ ਅੱਖ ਉੱਤੇ ਚਿੱਟੀ ਪੱਟੀ ਬੰਨ੍ਹੀ, ਬੇਨਾਮ... ਬੇਪਛਾਣ ਉਸਦੇ ਸਾਹਮਣਿਓਂ ਨਿਕਲੀ... ਆਈ ਜਾਈ ਜਾਂਦੇ, ਕਿਸੇ ਦਾ ਹੱਥ ਫੜ੍ਹੀ ਤੁਰੀ ਜਾਂਦੇ... ਇਹ ਕਿਹੋ ਜਹੇ ਕੱਪੜੇ ਪੁਆ ਦਿੱਤੇ ਉਹਦੇ ਪਿਓ ਨੂੰ , ਇਲਾਸਟਿਕ ਵਾਲਾ ਪਜਾਮਾ, ਜੇਬਾਂ ਦੋਵੇਂ ਪਾਸੇ... ਅਜੀਬ ਕਿਸਮ ਦਾ ਖੁੱਲਾ ਕਮੀਜ਼... ਜੋ ਡਾਕਟਰਾਂ, ਨਰਸਾਂ ਨੇ ਆਪਣੀ ਸਹੂਲਤ ਲਈ ਤੇ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਹੋਇਆ ਸੀ । ਨਰਸ ਨੂੰ ਖਿਆਲ ਆਇਆ ਕਿ ਚੌਵੀ ਨੰਬਰ ਬੈੱਡ 'ਤੇ ਬੈਠਾ ਮਰੀਜ਼... ਜਦੋਂ ਦਾ ਆਇਆ ਲੇਟਿਆ ਨਹੀਂ... ਬੈਠਾ ਬੈਠਾ ਮੋਬਾਇਲ ਵਿੱਚ ਕੁਝ ਲੱਭੀ ਜਾ ਰਿਹਾ... "ਲੇਟੋ", ਉਹ ਹੱਥ ਵਿੱਚ ਛੋਟੀ ਜਹੀ ਤੇਜ ਰੌਸ਼ਨੀ ਵਾਲੀ ਟਾਰਚ ਬਾਲੀ ਉਸਦੀ ਸੱਜੀ ਅੱਖ ਦੇਖਣ ਲੱਗੀ ।

"ਅੱਖ ਖੁੱਲ੍ਹੀ ਰੱਖੋ... ਦੁਆਈ ਪੁਆ ਲਓ । ਹਾਂ ਆ…... ਫੋਨ ਬੰਦ ਕਰ ਦਿਓ । ਅੱਖਾਂ ਬੰਦ ਕਰਕੇ ਲੇਟੇ ਰਹੋ । ਤੁਸੀਂ ਖੁੱਲ੍ਹੀਆਂ ਅੱਖਾਂ ਬੈਠੇ ਰਹੇ…... ਤੁਹਾਡੀ ਡਾਇਲੇਸ਼ਨ ਬਹੁਤ ਸਲੋਅ ਹੋ ਰਹੀ ਐ ।" ਰਾਮ ਮੂਰਤੀ ਨੂੰ ਹੁਣ ਕੇਵਲ ਸੁਣਦਾ ਸੀ । ਨਵੇਂ ਪੇਸ਼ੈਂਟ ਆਈ ਜਾ ਰਹੇ ਸਨ ।

"ਕਿਸੇ ਦੇ ਨਕਲੀ ਦੰਦ... ਬੀੜੀ ਹੋਵੇ ਤਾਂ ਦੱਸ ਦਿਓ ।"

"ਮਾਤਾ ਜੀ ਜਦੋਂ ਸ਼ੂਗਰ ਦੋ ਸੌ ਤੋਂ ਵੱਧ ਹੋਵੇ ਤਾਂ ਓਪਰੇਸ਼ਨ ਨਹੀਂ ਹੋ ਸਕਦਾ ।"

"ਮੇਰੀ ਸ਼ੂਗਰ ਹੁਣ ਚੈੱਕ ਕਰੋ ਜੇ ਡੇਢ ਸੌ ਤੋਂ ਵੱਧ ਜੇ..."

"ਮੈਡਮ ਆਹ ਲਓ ... ਜੁੱਤੀ ਉਤਾਰ ਦਿਓ... ਸਾਰੇ ਕੱਪੜੇ ਸਾਹਮਣੇ ਰੂਮ ਵਿੱਚ ਚੇਂਜ ਕਰਕੇ ਆਓ ।"

"ਇਹ ਵੀ ਉਤਾਰਨਾ?"

"ਨਾ ਨਾ... ਇਹਦੀ ਲੋੜ ਨਹੀਂ ।"

"ਡੌਕ ਪ੍ਰਮਾਰ ਸਾਹਿਬ ਦੇ ਪੇਸ਼ੈਂਟ ਜਿਵੇਂ ਰੈਡੀ ਹੋਈ ਜਾਣਗੇ... ਓ ਟੀ ਵਿੱਚ ਭੇਜੀ ਜਾਣਾ । ਡੌਕ ਸਾਹਿਬ ਆ ਰਹੇ ਨੇ ਉੱਪਰ ।"

ਵਾਰਡ ਅੰਦਰ ਨਰਸ ਇੱਕ ਵਾਰ ਫੇਰ ਲੜਦੀ ਦੁਆਈ ਮਰੀਜ਼ਾਂ ਦੀਆਂ ਅੱਖਾਂ 'ਚ ਪਾ ਰਹੀ ਸੀ । ਉਹ ਸਭ ਮਰੀਜ਼ਾਂ ਦੀਆਂ ਖੱਬੀਆਂ, ਸੱਜੀਆਂ ਅੱਖਾਂ 'ਚ ਬੈਟਰੀ ਮਾਰ ਰਹੀ ਸੀ । ਰਾਮ ਮੂਰਤੀ ਨੂੰ ਉਸਦੇ ਬੈਂਕ ਵਿੱਚੋਂ ਪੰਦਰਾਂ ਹਜ਼ਾਰ ਨਿਕਲ ਜਾਣ ਦਾ ਐੱਸ ਐੱਮ ਐੱਸ ਆ ਚੁੱਕਾ ਸੀ । ਉਸਦੇ ਖੱਬੇ ਸੱਜੇ ਹੋਰ ਵੀ ਇੱਕੜ ਦੁੱਕੜ ਮਰੀਜ਼ ਬੈੱਡ ਮੱਲ ਰਹੇ ਸਨ । ਕੋਈ ਜਨਾਨਾ ਆਵਾਜ਼ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਬਾਹਰ ਬੈਠ ਕੇ ਇੰਤਜ਼ਾਰ ਕਰਨ ਨੂੰ ਕਹਿ ਰਹੀ ਸੀ ।

" ਮਿੱਠੀ ਕਿ ਫਿੱਕੀ", ਕੋਈ ਆਵਾਜ਼ ਉਸਦੇ ਸਾਹਮਣੇ ਸਾਇਡ ਟੇਬਲ 'ਤੇ ਚਾਹ ਦਾ ਡਿਸਪੋਜੇਬਲ ਗਿਲਾਸ ਰੱਖ ਰਹੀ ਸੀ । "ਫਿੱਕੀ... ਜਮਾਂ ਫਿੱਕੀ ।" ਉਸ ਦੀ ਪਲੇਟ ਵਿੱਚ ਮੈਰੀਗੋਲਡ ਦੇ ਪੈਕ ਕੀਤੇ ਦੋ ਬਿਸਕੁੱਟ ਰੱਖ ਦਿੱਤੇ, "ਸ਼ੂਗਰ ਫਰੀ ਨੇ ।"

***

ਇੱਕ ਔਰਤ ਜਿਸ ਦੀ ਡਰੈੱਸ ਭੂਰੇ ਰੰਗ ਦੀ ਸੀ ਇੱਕ ਵਜੇ ਲੰਚ ਵਾਲੀ ਟਰੌਲੀ ਧੱਕਦੀ ਵਾਰਡ ਵਿੱਚ ਵੜ ਗਈ । ਆਵਾਜ਼ ਸੁਣੀ;

"ਇਸ ਵਾਰਡ ਵਿੱਚ ਛੇ ਨੇ ।" ਰਾਮ ਮੂਰਤੀ ਵਾਲੀ ਲਾਇਨ ਵਿੱਚ ਸਣੇ ਉਸਦੇ ਪੰਜ ਮਰੀਜ਼ ਟੇਢੇ ਮੇਢੇ ਲਿਟੇ ਪਏ । ਉਸਦੇ ਨਾਲ ਦੇ ਬੈੱਡ 'ਤੇ ਇੱਕ ਨੌਜੁਆਨ ਸ਼ਹਿਰੀ ਲੜਕੀ ਕਾਲਾ ਚਸ਼ਮਾ ਪਹਿਨੇ ਲੇਟੀ ਹੋਈ ਸੀ... ਤੇ ਅੱਗੇ ਤਿੰਨ ਹੋਰ ਮਿਲੇ ਜੁਲੇ ਮਰੀਜ਼... ਸਭ ਵਾਰਡ ਦੀ ਵਰਦੀ 'ਚ । ਉਸਦੇ ਸਾਹਮਣੇ ਦਸ ਮਰੀਜ਼ ਬੈੱਡਾਂ ਵਿੱਚ ਫਸੇ ਹੋਏ ਸਨ । ਲੰਚ ਦਾ ਖਾਣਾ ਪਲਾਸਟਿਕ ਦੀਆਂ ਕੜਕ ਦੀ ਆਵਾਜ਼ ਕਰਕੇ ਬੰਦ ਹੋਣ ਵਾਲੇ ਡੱਬਿਆਂ ਵਿੱਚ ਸੀ । ਕੋਈ ਬੀਬੀ ਲੰਚ ਦਾ ਡੱਬਾ ਉਸਦੇ ਸਾਈਡ ਟੇਬਲ 'ਤੇ ਵੀ ਰੱਖ ਗਈ ਤਾਂ ਰਾਮ ਮੂਰਤੀ ਨੂੰ ਬੜੀ ਖੁਸ਼ੀ ਹੋਈ । ਵਾਹ... ਵਾਹ ਕਿਆ ਪ੍ਰਬੰਧ ਸੀ । ਉਸ ਦੀ ਭੁੱਖ ਨਿੱਖਰ ਆਈ ਸੀ । ਉਹ ਮੁੰਡੇ ਨੂੰ ਕਿਤੋਂ ਖਾਣ ਲਈ ਕੁਝ ਲਿਆਉਣ ਲਈ ਸੋਚਣ ਹੀ ਲੱਗਾ ਸੀ । ਪਰ ਆਹ ਤਾਂ ਕਮਾਲ... ਆਹ ਤਾਂ ਲੰਗਰ ਵਰਗਾ ਈ ਕੰਮ ਹੋ ਗਿਆ । ਉਸਨੂੰ ਹਸਪਤਾਲ ਵਿੱਚ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਵੱਡੀ ਫੋਟੋ ਲੱਗੀ ਦੇਖੀ ਯਾਦ ਆਈ । ਉਸਨੇ ਮਨ ਹੀ ਮਨ ਕਿਸੇ ਅਗਿਆਤ ਸ਼ਕਤੀ ਨੂੰ ਨਮਸਕਾਰ ਕੀਤੀ ਤੇ ਡੱਬਾ ਖੋਹਲ ਲਿਆ ।

"ਰਾਮ ਮੂਰਤੀ ਜੀ ਤੁਸੀਂ ਚਾਵਲ ਨਹੀਂ ਖਾਣੇ । ਤੁਹਾਨੂੰ ਸ਼ੂਗਰ ਐ । ਓਪਰੇਸ਼ਨ ਤੋਂ ਪਹਿਲਾਂ ਤੁਹਾਡਾ ਬਲੱਡ ਸ਼ੂਗਰ ਫੇਰ ਚੈੱਕ ਹੋਏਗਾ"

ਪਤਾ ਨਹੀਂ ਇਹ ਆਵਾਜ਼ ਕਿੱਥੋਂ ਆਈ ਸੀ । ਚਾਵਲ ਤਾਂ ਉਹ ਘਰੇ ਵੀ ਘੱਟ ਹੀ ਖਾਂਦਾ ਸੀ । ਹੋਰ ਬਹੁਤ ਕੁਝ ਸੀ ਲੰਚ ਵਿੱਚ । ਕਣਕ ਦੇ ਆਟੇ ਦੀਆਂ ਤਿੰਨ ਪਤਲੀਆਂ ਰੋਟੀਆਂ ਹਲਕੇ ਅਲਮਿਊਨਿਅਮ ਫੁਆਇਅਲ ਵਿੱਚ ਲਪੇਟੀਆਂ ਹੋਈਆਂ । ਡੱਬੇ ਅੰਦਰ ਲੰਗਰ ਹਾਲ ਵਰਗੀ ਪਲੇਟ ਦੇ ਕਈ ਖਾਨੇ ਸਨ । ਦੋ ਵੱਡੇ ਖਾਨਿਆਂ ਵਿੱਚ ਚਮਚ... ਚੌਲ ਰੋਟੀ ਤੋਂ ਇਲਾਵਾ ਇੱਕ ਛੋਟੇ ਖਾਨੇ 'ਚ ਦਹੀਂ ਸੀ । ਇਸ ਤੋਂ ਅੱਗੇ ਬਿਨਾਂ ਟਮਾਟਰਾਂ 'ਤੋਂ ਬਣੀ ਮਾਂਹ ਛੋਲਿਆਂ ਦੀ ਦਾਲ ਸੀ । ਅੱਗੇ ਬੇਸਣ ਦੇ ਗੱਟੇ ਦੀ ਬੇਹੱਦ ਪੀਲੀ ਸਬਜ਼ੀ ਸੀ । ਰਾਮ ਮੂਰਤੀ ਖਾਣ ਲੱਗ ਪਿਆ । ਉਸਦੇ ਸਾਹਮਣੇ ਬੈੱਡਾਂ ਦੀ ਲਾਇਨ ਵਿੱਚ ਭਾਰੀ ਅਧਖੜ ਔਰਤ ਦਬਾਦਬ ਖਾ ਰਹੀ ਸੀ... ਉਸ ਤੋਂ ਅਗਲੇ ਬੈੱਡ 'ਤੇ ਪਤਲਾ ਜਿਹਾ ਬੁੱਢਾ... ਅੱਗੇ ਕਲੀਨ ਸ਼ੇਵਡ ਅੱਖ 'ਤੇ ਪੱਟੀ ਬੱਧੀ ਚੰਗਾ ਬਾਬੂ । ਰੋਟੀ ਦੀ ਬੁਰਕੀ ਮੂੰਹ 'ਚ ਪਾਉਂਦਾ ਉਹ ਆਪਣੇ ਮਰੀਜ਼ ਸੰਗਤੀਆਂ ਨੂੰ ਖਾਂਦੇ ਦੇਖੀ ਜਾਂਦਾ... ਸਰਦਾਰਨੀ ਵੀ ਲੱਗੀ ਹੋਈ ਸੀ ਪ੍ਰਸ਼ਾਦਾ ਛਕਣ । ਪਰੇ ਮਾਤਾ ਤੋਂ ਖਾ ਨਹੀਂ ਸੀ ਹੋ ਰਿਹਾ ਚੱਜ ਨਾਲ... ਬਹੁਤ ਥੋੜ੍ਹਾ ਖਾਧਾ ਸੀ । ਨਾਲ ਆਇਆ ਉਸ ਦਾ ਮੁੰਡਾ ਬਾਕੀ ਖਾਣੇ ਨੂੰ ਚਿੰਬੜਿਆ ਹੋਇਆ ਸੀ ।

"ਮਾਤਾ ਜੀ ਤੁਹਾਡੀ ਰੋਟੀ ਆ ਰਹੀ ਏ ।"

ਸਾਹਮਣੇ ਸਭ ਤੋਂ ਪਹਿਲੇ ਬੈੱਡ 'ਤੇ ਲੇਟੀ ਬਹੁਤ ਬਿਰਧ ਮਾਤਾ ਨੂੰ ਕੋਈ ਸਟਾਫ਼ ਮੈਂਬਰ ਕਹਿ ਕੇ ਮੁੜ ਕੁਰਸੀ 'ਤੇ ਬੈਠ ਗਈ । ਰਾਮ ਮੂਰਤੀ ਦਾ ਧਿਆਨ ਬਿਰਧ ਮਾਤਾ 'ਤੇ ਟਿਕ ਗਿਆ ਜੋ ਹੁਣ ਬੈੱਡ ਉੱਪਰ ਬੈਠੀ ਹੋ ਗਈ ਸੀ । ਉਸਨੂੰ ਪਹਿਲਾਂ ਰੋਟੀ ਦੇਣੀ ਇਹ ਮੁਲਾਜ਼ਮ ਲੋਕ ਸ਼ਾਇਦ ਭੁੱਲ ਗਏ । ਉਸ ਨੇ ਆਪਣੀ ਲਾਇਨ ਵਿੱਚ ਦੇਖਿਆ । ਆਪਣੀ ਲਾਇਨ ਵਿੱਚ ਉਹ ਇਕੱਲਾ ਖਾ ਰਿਹਾ ਸੀ । ਸਭ ਨੂੰ ਰੋਟੀ ਕਿਉਂ ਨਹੀਂ ਦਿੱਤੀ । ਸ਼ਾਇਦ ਪਿੱਛੋਂ ਹੋਰ ਰੋਟੀ ਆਉਂਦੀ ਹੋਵੇ... ਪਰ ਰੋਟੀ ਲਿਆਉਣ ਵਾਲੀ ਤਾਂ ਵਾਰਡ ਦੇ ਵਿੱਚ ਹੀ ਕੁਰਸੀ ਉੱਤੇ ਢਿਲਕੀ ਪਈ ਸੀ । ਰਾਮ ਮੂਰਤੀ ਨੂੰ ਲੱਗਿਆ ਕਿ ਉਹ ਰੋਟੀ ਖਾਂਦਾ ਕਾਫ਼ੀ ਆਵਾਜ਼ ਪੈਦਾ ਕਰ ਰਿਹਾ ਸੀ । ਉਸ ਦੇ ਧੁਰ ਅੰਦਰ ਘਸਮਾਣ ਜਿਹਾ ਪੈਣਾ ਸ਼ੁਰੂ ਹੋ ਗਿਆ । ਉਸ ਨੇ ਬਹੁਤ ਪੋਲੇ ਪੋਲੇ ਖਾਣਾ ਸ਼ੁਰੂ ਕਰ ਦਿੱਤਾ । ਉਹਦਾ ਚਮਚਾ ਦਾਲ ਸਬਜ਼ੀ ਦੇ ਖਾਨਿਆਂ ਵਿੱਚ ਬਹੁਤ ਖੜਾਕ ਪੈਦਾ ਕਰ ਰਿਹਾ ਸੀ । ਬਿਰਧ ਮਾਤਾ ਦੇ ਬੈੱਡ ਤੋਂ ਵੀ ਚਮਚਾ ਖੜਕਾਉਣ ਦੀ ਉੱਚੀ ਆਵਾਜ਼ ਸੁਣਨ ਲੱਗ ਪਈ ਸੀ । ਹੋਰ ਸਾਰੀਆਂ ਆਵਾਜ਼ਾਂ ਮੱਧਮ ਪੈ ਗਈਆਂ । ਰਾਮ ਮੂਰਤੀ ਨੂੰ ਬੜੀ ਸ਼ਰਮ ਆਈ । ਪੰਦਰਾਂ 'ਚੋਂ ਛੇ ਨੂੰ ਰੋਟੀ ਦਿੱਤੀ । ਸੱਤਵੀਂ ਬਿਰਧ ਮਾਤਾ ਨੂੰ ਵੀ ਮਾਣ ਤਾਣ ਨਾਲ ਰੋਟੀ ਨਹੀਂ ਦਿੱਤੀ । ਬਾਅਦ 'ਚ ਦਿੱਤੀ । ਉਸ ਦੇ ਸਾਹਮਣੇ ਛੇ ਬੈੱਡਾਂ ਤੋਂ ਰੋਟੀ ਖਾਣ ਦੀਆਂ ਆਵਾਜ਼ਾਂ ਆ ਰਹੀਆਂ ਸਨ । ਬਾਕੀ ਉਹਨਾਂ ਨੂੰ ਖਾਂਦੇ ਦੇਖ ਰਹੇ ਸਨ । ਉਸਨੂੰ ਲੱਗਿਆ ਜਿਵੇਂ ਉਹ ਰੋਟੀ ਨਹੀਂ ਸਰਾਧ ਖਾ ਰਿਹਾ ਹੋਵੇ ।

"ਭਾਅ ਜੀ, ਖਾਣਾ ਹਾਲੇ ਹੋਰ ਕਿ ਚੁੱਕ ਲਵਾਂ? " ਉਹ ਔਰਤ ਲੰਚ ਦੇ ਖਾਲੀ ਡੱਬੇ ਆਪਣੀ ਟਰੌਲੀ ਵਿੱਚ ਕਿਤਾਬਾਂ ਵਾਗੂੰ ਇੱਕ ਦੂਜੇ ਉੱਤੇ ਚਿਣ ਚੁੱਕੀ ਸੀ ।

"ਚੁੱਕ ਲਓ । ਰੱਜ ਗਏ ।"

"ਰਾਮ ਮੂਰਤੀ ਜੀ, ਤੁਹਾਡਾ ਓਪਰੇਸ਼ਨ ਡਾਕਟਰ ਮਨਿੰਦਰ ਬਰਾੜ ਨੇ ਸਾਰਿਆਂ ਤੋਂ ਆਖ਼ਰ ਵਿੱਚ ਕਰਨਾ । ਅੱਖ 'ਚ ਦੁਆਈ ਇੱਕ ਵਾਰ ਹੋਰ ਪੁਆ ਲਓ... ਠੀਕ ਐ... ਅੱਖਾਂ ਬੰਦ ਕਰਕੇ ਲੇਟ ਜਾਓ ਅਰਾਮ ਨਾਲ । ਕਾਫੀ ਟਾਇਮ ਪਿਆ ਅਜੇ । ਸੌਂ ਜਾਓ ਭਾਵੇਂ ।"

ਰਾਮ ਮੂਰਤੀ ਨੇ ਖਿਸਕਦੀ ਨਰਸ ਨੂੰ ਰੋਕਕੇ ਕਿਹਾ,"ਠੀਕ ਐ ਬੇਟਾ... ਬਾਹਰ ਮੇਰਾ ਮੁੰਡਾ ਹਰਿਬਲਾਸ ਬੈਠਾ, ਉਸਨੂੰ ਵੀ ਦੱਸ ਦਿਓ ।"

"ਕੋਈ ਨਾ । ਦੱਸ ਦਿੰਨੇ ਆਂ ਜੀ ।"

ਹਰਿਬਲਾਸ ਬਾਹਰ ਬੈਠਾ... ਫੋਨ ਚਲਾਉਂਦਾ ਬੋਰ ਹੋ ਗਿਆ ਸੀ । ਪ੍ਰੇਸ਼ਾਨੀ 'ਚ ਉਸਨੂੰ ਭੁੱਖ ਲੱਗ ਗਈ ਸੀ । ਲੰਚ ਦਾ ਟਾਈਮ ਤਾਂ ਹੋ ਹੀ ਗਿਆ ਸੀ । ਹਵਾ ਵਿੱਚ ਭਿੰਨ ਭਿੰਨ ਪ੍ਰਕਾਰ ਦੇ ਖਾਣਿਆਂ ਦੀਆਂ ਖੁਸ਼ਬੂਆਂ ਉਸਦੇ ਨੱਕ ਕੋਲ ਇਕੱਠੀਆਂ ਹੋ ਕੇ ਇੱਕ ਜਬਰਦਸਤ ਸ਼ਬਦ ਬਣ ਗਈਆਂ ਜਿਸ ਦਾ ਮਾਇਨਾ ਸੀ: 'ਭੁੱਖ' । ਉਹ ਕੰਨਟੀਨ ਵੱਲ ਕੁਝ ਖਾਣ ਤੁਰ ਪਿਆ ।

***

ਰਾਮ ਮੂਰਤੀ ਹਨੇਰਾ ਪਏ ਸੱਜੀ ਅੱਖ 'ਤੇ ਚਿੱਟੀ ਪੱਟੀ ਬੱਧੀ ਅਮਰੀਕਣ ਲੈਨਜ਼ ਪੁਆ ਕੇ ਓਪਰੇਸ਼ਨ ਥੀਏਟਰ ਵਿੱਚੋ ਬਾਹਰ ਨਿਕਲਿਆ । ਉਸਦੀ ਬਾਂਹ ਫੇਰ ਕਿਸੇ ਬੇਨਾਮ ਲੜਕੀ ਮੁਲਾਜ਼ਮ ਨੇ ਘੁੱਟ ਕੇ ਫੜੀ ਹੋਈ ਸੀ;

"ਬੇਟਾ ਐਥੇ ਸਾਰੇ ਮਰੀਜ਼ਾਂ ਨੂੰ ਰੋਟੀ ਨਹੀਂ ਖਲਾਉਂਦੇ?"

"ਸਭ ਨੂੰ ਖਿਲਾਉਂਦੇ ਐ ।" ਰਾਮ ਮੂਰਤੀ ਨੂੰ ਖੱਬੀ ਨੰਗੀ ਅੱਖ ਚੋਂ ਮੁਲਾਜ਼ਮ ਲੜਕੀ ਬੇਚੈਨ ਹੋ ਕੇ ਮੁਸਕਰਾਉਂਦੀ ਦਿਸੀ ।

"ਝੂਠ । ਕਿੱਥੇ ਖਲਾਉਂਦੇ ਐ? ਜਿਹੜੇ ਇਨਸ਼ੋ-ਅ-ਰੈਂਸ ਵਾਲੇ ਐ... ਉਹਨਾਂ ਨੂੰ ਖਲਾਉਂਦੇ ਐ । ਆਹ ਵਾਰਡ 'ਚ ਪੰਦਰਾਂ 'ਚੋਂ ਸੱਤ ਨੂੰ ਖਲਾਈ ।" ਉਸ ਲੜਕੀ ਨੇ ਇਹ ਗੱਲ ਵਾਰਡ ਵਿੱਚ ਵੜਦੇ ਸਾਰ ਦੂਸਰੇ ਮੁਲਾਜ਼ਮਾਂ ਨੂੰ ਸੁਣਾ ਦਿੱਤੀ । ਸਾਰੇ ਮੁਲਾਜ਼ਮ ਰਾਮ ਮੂਰਤੀ ਦੇ ਬੈੱਡ ਨੰਬਰ ਚੌਵੀ ਵੱਲ ਵੇਖਣ ਲੱਗ ਪਏ... ਪਰ ਉਹਦਾ ਧਿਆਨ ਓਪਰੇਸ਼ਨ ਕਰਾ ਚੁੱਕੇ ਮਰੀਜ਼ਾਂ ਵਿੱਚ ਸੀ... ਜਿਹੜੇ ਮੁਰਦਾ ਪਸ਼ੂ ਦੇ ਖੱਲ ਲੁਹਾਉਣ ਵਾਂਗ ਹਸਪਤਾਲ ਦੇ ਕੱਪੜੇ ਫੇਰ 'ਚੇਂਜ' ਕਰਕੇ... ਅੱਖਾਂ 'ਤੇ ਮੋਟੀ 'ਪੱਟੀ' ਬੰਨ੍ਹੀ ਆਪਣੇ ਕੱਪੜੇ ਪਾਈ ਡਰੇ ਬੈਠੇ ਸਨ । ਫੇਰ ਇੱਕ ਆਵਾਜ਼ ਉੱਚੀ ਹੋਈ;

" ਘਰ ਜਾ ਕੇ ਦੋਵੇਂ ਦੁਆਈਆਂ... ਦੋ ਦੋ ਘੰਟੇ ਬਾਅਦ ਅੱਖ 'ਚ ਪਾਓ । ਅੱਖ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ । ਠੋਡੀ ਤੋਂ ਥੱਲੇ ਥੱਲੇ ਨਹਾਓ । ਖਾਣ ਦਾ ਕੋਈ ਪ੍ਰਹੇਜ਼ ਨਹੀਂ । ਜੋ ਪਹਿਲਾਂ ਖਾਂਦੇ ਓ... ਉਵੇਂ ਈ ਖਾਓ... ਪੀਓ । ਅਗਲੇ ਹਫ਼ਤੇ ਵੀਰਵਾਰ ਡੌਕ ਸਾਹਿਬ ਚੈੱਕ ਕਰਨਗੇ । ਠੀਕ ਨੌਂ ਵਜੇ । ਕੋਈ ਫੀਸ ਨਹੀਂ ਲੱਗੇਗੀ ।"

***

"ਰਾਮ ਮੂਰਤੀ ਜੀ... ਅੱਖਾਂ ਖੋਲੋ । ਦੋਵੇਂ । ਮੇਰੇ ਵੱਲ ਦੇਖੋ । ਬਿਲਕੁਲ ਠੀਕ ਐ ।"

"ਡਾਕਟਰ ਸਾਹਿਬ...?"

"ਖੱਬੀ ਅੱਖ 'ਤੇ ਹੱਥ ਰੱਖਕੇ ਸਾਹਮਣੇ ਸਕਰੀਨ 'ਤੇ ਪੜ੍ਹੋ ।"

"ਏ ਐਕਸ..."

"ਪੜ੍ਹੀ ਚਲੋ..."

"ਜ਼ੈੱਡ ਆਰ ਓ ਐੱਨ... ਵਨ ਨਾਇਨ ਫ਼ਾਈਵ ਥ੍ਰੀ... ਟੂ ਸਿਕਸ ਫੋਰ ਸੈਵਨ ਜ਼ੀਰੋ ਏਟ..."

"ਦੂਰ ਦੀ ਨਿਗ੍ਹਾ ਬਿਲਕੁਲ ਠੀਕ ਐ । ਦੋਵੇਂ ਦੁਆਈਆਂ ਪਾਈ ਜਾਓ"

"ਮੈਂ ਨਹਾ ਸਕਦਾਂ?"

"ਨਾਹ ਲਓ... ਪਰ ਅੱਖਾਂ 'ਚ ਪਾਣੀ ਨੀਂ ਮਾਰਨਾ ।" ਡਾਕਟਰ ਨੇ ਅੱਖਾਂ 'ਚ ਪਾਣੀ ਮਾਰਨ ਦਾ ਸੁਆਂਗ ਕਰਕੇ ਦਿਖਾਇਆ ।

"ਦੂਸਰੀ ਦਾ ਕਦ ਕਰੋਂਗੇ?"

"ਅਗਲੇ ਬੁੱਧਵਾਰ । ਠੀਕ ਐ?"

"ਜੀ... ਇਹ ਲੈਨਜ਼ ਕਿਹੜੀ ਕੰਪਣੀ ਦਾ ਪਾਇਐ…...?"

"ਰਾਮ ਮੂਰਤੀ ਤੇਰੇ ਐਨ ਫਿੱਟ ਆਇਆ... ਚਿੰਤਾ 'ਚ ਨੀਂ ਪਈਦਾ ਹੁੰਦਾ । ਇਹ ਦੱਸ ਠੀਕ ਦਿੱਖਦਾ ਕਿ ਨਹੀਂ?"

"ਜੀ ਐਨ ਸਾਫ਼ ਦਿਸਦਾ ।"

"ਹੋਰ ਕਿਆ ਚਾਹੀਦਾ... ਦੂਸਰੀ ਦਾ ਹੋਣ ਦਿਓ... ਫੇਰ ਦੇਖਿਓ..."

***

ਅਗਲੇ ਬੁੱਧਵਾਰ ਦੂਸਰਾ ਲੈਨਜ਼ ਪਤਾ ਨਹੀਂ ਕਿਹੜੀ ਕੰਪਨੀ ਦਾ ਖੱਬੀ ਅੱਖ ਵਿੱਚ ਵੀ ਪੈ ਗਿਆ । ਪਹਿਲਾਂ ਵਾਂਗ ਤੁਪਕਾ ਤੁਪਕਾ ਦੁਆਈ ਦੋਵੇਂ ਸ਼ੀਸ਼ੀਆਂ ਚੋਂ ਵਾਰੋ ਵਾਰੀ ਅੱਖਾਂ 'ਚ ਦੋ ਦੋ ਘੰਟੇ ਬਾਅਦ ਟਪਕਾਉਂਦੇ ਰਹੇ । ਸੋਜਸ ਉਤਰ ਗਈ । ਅੱਖਾਂ ਨਵੀਆਂ ਬਣ ਗਈਆਂ ।

"ਡੈਡੀ ਜੀ ਹੁਣ ਤਾਂ ਸਾਫ਼ ਦਿੱਖਦਾ?"

"ਹਾਂ ਬੇਟਾ... ਬਿਲਕੁਲ ਸਾਫ਼...ਨੰਗਾ ਚਿੱਟਾ... ਸਾਫ਼ ਚਮਕਦਾ!!"

"ਸਾਰਾ ਮੋਤੀਆ ਉਤਰ ਗਿਆ ।"

"ਲੈਨਜ਼ ਤਾਂ ਅਮਰੀਕਾ ਤੋਂ ਆਏ । ਬੀਮਾ ਕੰਪਨੀ ਕਿਹੜੇ ਮੁਲਖ ਦੀ?"

"ਬੀਮਾ ਕੰਪਨੀ ਵੀ ਉਹਨਾਂ ਦੀਓ ਈ ਐ ।"

"... ਤੇ ਆਹ ਜਿਹੜੀਆਂ ਦੁਆਈਆਂ ਮੈਂ ਅੱਖਾਂ 'ਚ ਪੁਆਈ ਜਾਂਦਾਂ?"

"ਇਹ ਵੀ ਉਹਨਾਂ ਦੀਆਂ ਈ ਐ ।"

"ਅੱਛਿਆ... ਅੱਛਿਆ... ਤਾਂ ਹੀ ਏਨਾ ਸਾਫ਼ ਦਿਸਦਾ... ਦੋਵੇਂ ਅੱਖਾਂ 'ਚੋਂ ਦੂਸਰਾ ਮੋਤੀਆ ਵੀ ਤਾਂ ਉਤਰ ਗਿਆ ।"

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ