Uchhar (Punjabi Story) : Tauqeer Chughtai

ਉਛਾੜ (ਕਹਾਣੀ) : ਤੌਕੀਰ ਚੁਗ਼ਤਾਈ

ਲੋਕਾਂ ਦੇ ਸਿਰਾਂ ਹੇਠ ਸਿਰਹਾਣਾ ਨਾ ਹੋਵੇ ਤਾਂ ਉਨ੍ਹਾਂ ਨੂੰ ਨੀਂਦਰ ਨਹੀਂ ਪੈਂਦੀ, ਤੇ ਮੇਰੀਆਂ ਬਾਹਵਾਂ ਵਿਚ ਸਿਰਹਾਣਾ ਨਾ ਹੋਵੇ ਤਾਂ ਮੈਨੂੰ ਨੀਂਦਰ ਨਹੀਂ ਪੈਂਦੀ। ਨੀਂਦਰ ਕੀ ਹੁੰਦੀ ਏ, ਸਾਰੇ ਦਿਨ ਦੇ ਥਕੇਵੇਂ ਤੋਂ ਭੱਜ ਕੇ, ਰਾਤ ਦੀ ਝੋਲੀ ਵਿਚ ਪਨਾਹ। ਤੇ ਸਾਰਿਆਂ ਝੇੜਿਆਂ ਨੂੰ ਵਿਸਾਰ ਕੇ ਹਨ੍ਹੇਰੇ ਦੀਆਂ ਬਾਹਵਾਂ ਵਿਚ ਲੁਕ ਜਾਣ ਦਾ ਨਾਂ ਪਰ ਕਦੀ ਕਦੀ ਇੰਜ ਵੀ ਹੁੰਦਾ ਏ, ਪਈ ਰਾਤ ਤੇ ਹਨ੍ਹੇਰੇ ਦੋਵੇਂ ਰਲ ਕੇ ਵੀ ਨੀਂਦਰ ਨੂੰ ਠੱਗ ਨਹੀਂ ਸਕਦੇ।
ਬਾਰਾਂ ਵਰ੍ਹਿਆਂ ਤੋਂ ਬਾਅਦ ਮਾਂ ਦੀ ਛਾਤੀ ਅਤੇ ਪਿਉ ਦੀ ਗਲਵੱਕੜੀ ਵੀ ਆਪਣੀ ਨਹੀਂ ਰਹਿੰਦੀ। ਗ਼ਲਤੀ ਤਾਂ ਮੇਰੀ ਆਪਣੀ ਸੀ ਜੋ ਮਾਂ ਦੀ ਛਾਤੀ ਅਤੇ ਪਿਉ ਦੀ ਗਲਵੱਕੜੀ ਖੁੱਸ ਜਾਣ ਮਗਰੋਂ ਇਕ ਰਾਤ ਉਹ ਦੇ ਕੋਲ ਸੌਂ ਗਈ। ਸ਼ਾਦੀ ਵਾਲੇ ਘਰ ਐਨੇ ਬਿਸਤਰੇ ਤਾਂ ਨਹੀਂ ਹੁੰਦੇ ਕਿ ਹਰ ਜੀਅ ਆਪਣੇ ਸਿਰ ਹੇਠਾਂ ਵੱਖਰਾ ਸਿਰਹਾਣਾ ਰੱਖ ਸਕੇ। ਢੇਰ ਸਾਰੇ ਕੁੜੀਆਂ ਤੇ ਮੁੰਡਿਆਂ ਨਾਲ ਵਿਆਹ ਦੇ ਗੌਣ ਗਾਉਂਦਿਆਂ ਤੇ ਢੋਲਕ ਵਜਾਉਂਦਿਆਂ ਮੈਂ ਵੀ ਉਸ ਵੱਡੇ ਕਮਰੇ ਵਿਚ ਸੌਂ ਗਈ ਸਾਂ ਜਿਥੇ ਹੋਰ ਸਾਰੇ ਜਣੇ ਵੀ ਥੱਕ ਥੱਕ ਕੇ ਸੌਂਦੇ ਗਏ ਸਨ।
ਰਾਤ ਦਾ ਖੌਰੇ ਕਿਹੜਾ ਪਹਿਰ ਸੀ ਜਦ ਮੈਨੂੰ ਤ੍ਰੇਹ ਲੱਗੀ ਤੇ ਮੇਰੀ ਅੱਖ ਖੁੱਲ੍ਹ ਗਈ। ਮੈਨੂੰ ਇੰਜ ਜਾਪਿਆ ਜਿਵੇਂ ਮੇਰੇ ਸਿਰ ਹੇਠਾਂ ਸਿਰਹਾਣੇ ਵਰਗੀ ਕੋਈ ਸ਼ੈਅ ਹੋਵੇ। ਉਹ ਸਿਰਹਾਣਾ ਤਾਂ ਨਹੀਂ ਸੀ ਪਰ ਇੰਜ ਲਗਦਾ ਸੀ ਜਿਵੇਂ ਇੰਜ ਦੇ ਸਿਰਹਾਣੇ ਨਾਲ ਵਰ੍ਹਿਆਂ ਤੋਂ ਮੇਰੇ ਸਿਰ ਦਾ ਵਾਹ ਰਹਿ ਚੁੱਕਾ ਹੋਵੇ। ਮੈਂ ਹੌਲੀ-ਹੌਲੀ ਉਠ ਕੇ ਘੜੇ ਵੱਲ ਤੁਰ ਪਈ। ਉਹ ਕਿਹਾ ਬੇਖ਼ਬਰਾ ਹੋ ਕੇ ਸੁੱਤਾ ਪਿਆ। ਮੈਂ ਇਕ ਵਾਰੀ ਪਾਣੀ ਪੀਤਾ ਪਰ ਮੇਰੀ ਤ੍ਰੇਹ ਨਾ ਲੱਥੀ। ਤੇ ਦੂਜਾ ਗਲਾਸ ਵੀ ਮੈਂ ਭਰ ਕੇ ਪੀ ਲਿਆ।
ਪਰਤ ਕੇ ਆਈ ਤਾਂ ਉਹ ਬੇਖ਼ਬਰਾ ਉਂਜ ਹੀ ਸੁੱਤਾ ਪਿਆ ਸੀ ਤੇ ਆਲੇ-ਦੁਆਲੇ ਹੋਰ ਵੀ ਸਾਰੇ। ਮੈਂ ਆ ਕੇ ਉਹਦੇ ਕੋਲ ਲੇਟ ਗਈ ਪਰ ਨੀਂਦਰ ਨਹੀਂ ਪੈ ਰਹੀ ਸੀ। ਹੌਲੀ ਹੌਲੀ ਮੇਰਾ ਸਿਰ ਉਹਦੀ ਬਾਂਹ ਵੱਲ ਖਿਸਕਣ ਲੱਗ ਪਿਆ, ਤੇ ਕੁਝ ਚਿਰ ਮਗਰੋਂ ਉਹਦੀ ਬਾਂਹ ਮੇਰੇ ਸਿਰ ਹੇਠਾਂ ਸੀ। ਮੈਂ ਪਾਸਾ ਪਰਤਾ ਕੇ ਉਹ ਦੇ ਹੋਰ ਵੀ ਨੇੜੇ ਹੋ ਗਈ। ਇੰਜ ਲੱਗਿਆ, ਜਿਵੇਂ ਮੇਰੇ ਨੱਕ ਦੇ ਲਾਗੇ ਭਿੱਜੀ ਹੋਈ ਮਹਿੰਦੀ ਦੀ ਕੁਨਾਲੀ ਧਰੀ ਹੋਵੇ ਤੇ ਉਹਦੀ ਸੁਗੰਧੀ ਮੇਰੇ ਸਰੀਰ ਨੂੰ ਕੀਲਦੀ ਪਈ ਹੋਵੇ।
ਦੂਜੀ ਵਾਰ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰਾ ਸਿਰ ਉਹਦੀ ਬਾਂਹ ਤੋਂ ਵਧ ਕੇ ਮੋਢੇ 'ਤੇ ਅੱਪੜ ਗਿਆ ਸੀ। ਮੈਂ ਅਚਨਚੇਤ ਉਠ ਖੜੋਤੀ ਸਾਂ। ਏਸ ਫੇਰੇ ਤਾਂ ਉਹ ਵੀ ਉਠ ਕੇ ਬਹਿ ਗਿਆ। ਮੈਂ ਫੇਰ ਜਾ ਕੇ ਪਾਣੀ ਪੀਤਾ, ਤੇ ਜਦੋਂ ਪਰਤ ਕੇ ਆਈ, ਉਹ ਡੌਰ ਭੌਰ ਬੈਠਾ ਹੋਇਆ ਸੀ।
"ਕੀ ਹੋਇਆ ਏ?" ਮੈਂ ਪੁੱਛਿਆ।
"ਤ੍ਰੇਹ ਲੱਗੀ ਏ...।"
"ਮੈਂ ਲਿਆਉਨੀ ਆਂ ਪਾਣੀ ਤੇਰੇ ਲਈ...।"
ਪਾਣੀ ਪੀਣ ਮਗਰੋਂ ਉਹ ਲੇਟ ਗਿਆ। ਮੈਂ ਗਲਾਸ ਰੱਖ ਕੇ ਆਈ ਤੇ ਮੈਂ ਵੀ ਲੇਟ ਗਈ। ਅਸੀਂ ਇੱਕ ਦੂਜੇ ਨਾਲ ਗੱਲਾਂ ਕਰਨਾ ਚਾਹੁੰਦੇ ਸਾਂ ਪਰ ਸਮਝ ਨਹੀਂ ਸੀ ਆਉਂਦੀ ਕਿ ਕੀ ਗੱਲਾਂ ਕਰੀਏ। ਕਿੰਨਾ ਚਿਰ ਇੱਕ ਦੂਜੇ ਨੂੰ ਅੱਖੀਆਂ ਨਾਲ ਟੋਂਹਦੇ ਰਹੇ। ਛੇਕੜ ਉਹਨੇ ਆਪਣੀ ਬਾਂਹ ਲੰਮੀ ਕਰ ਦਿੱਤੀ ਤੇ ਮੇਰਾ ਸਿਰ ਵੀ ਜਿਵੇਂ ਉਹਦੀ ਬਾਂਹ ਨੂੰ ਉਡੀਕ ਰਿਹਾ ਸੀ।
"ਤੂੰ ਕਿੱਥੋਂ ਆਇਆ ਏਂ?" ਮੈਂ ਉਹਦੇ ਕੋਲੋਂ ਪੁੱਛਿਆ।
"ਪਿੰਡੀਉਂ।"
"ਪਿੰਡੀ ਤਾਂ ਬਹੁੰ ਦੂਰ ਏ।"
"ਚਕਵਾਲ ਵੀ ਤਾਂ ਦੂਰ ਹੀ ਏ ਨਾ।"
"ਹਾਂ ਦੂਰ ਤਾਂ ਹੈ ਪਰ ਹੁਣ ਕਿੱਥੇ ਰਹਿ ਗਿਆ।" ਮੈਂ ਹੌਲੀ ਜਿਹੀ ਆਖਿਆ। ਮੈਨੂੰ ਫਿਰ ਨੀਂਦਰ ਆਉਣ ਲੱਗ ਪਈ ਸੀ। ਅੱਬੇ ਨੂੰ ਮਰਿਆਂ ਦੋ ਵਰ੍ਹੇ ਹੋ ਚਲੇ ਸਨ ਤੇ ਉਹਦੀ ਗਲਵੱਕੜੀ ਨੂੰ ਖੁੱਸਿਆਂ ਕਿੰਨੇ ਹੀ ਵਰ੍ਹੇ ਹੋ ਗਏ ਸਨ ਪਰ ਲਗਦਾ ਸੀ ਜਿਵੇਂ ਅੱਜ ਅੱਬਾ ਫੇਰ ਜਿਊਂਦਾ ਹੋ ਗਿਆ ਹੋਵੇ।
ਹਰ ਮੁੰਡੇ ਦੇ ਅੰਦਰ ਕੋਈ ਕੁੜੀ ਹੋਵੇ ਜਾਂ ਨਾ ਹੋਵੇ ਪਰ ਕੁੜੀ ਅੰਦਰ ਇਕ ਮੁੰਡਾ ਲੁਕਿਆ ਹੁੰਦਾ ਏ। ਉਹ ਕਦੀ ਪਿਉ ਅਤੇ ਕਦੀ ਯਾਰ ਬਣ ਜਾਂਦਾ ਏ ਪਰ ਅਖੀਰ ਵਿਚ ਦੋਵੇਂ ਕਿਤੇ ਤੁਰ ਜਾਂਦੇ ਨੇ। ਦੂਜੇ ਦਿਨ ਉਹ ਵੀ ਤੁਰ ਗਿਆ ਸੀ ਤੇ ਮੇਰੀਆਂ ਨੀਂਦਰਾਂ ਨੂੰ ਵੀ ਜਿਵੇਂ ਉਧਾਲ ਕੇ ਲੈ ਗਿਆ ਸੀ।
ਵਿਆਹ ਮੁੱਕ ਗਿਆ ਸੀ ਤੇ ਦੂਜੀ ਰਾਤ ਜਿਵੇਂ ਕਾਲਿਆਂ ਬੱਦਲਾਂ ਵਾਂਗੂੰ ਚੜ੍ਹੀ ਆਉਂਦੀ ਸੀ। ਜਦੋਂ ਸੌਣ ਦਾ ਵੇਲਾ ਹੋਇਆ ਤਾਂ ਮੈਂ ਬੇਬੇ ਨੂੰ ਆਖਿਆ, "ਬੇਬੇ ਅੱਜ ਮੈਂ ਤੇਰੇ ਕੋਲ ਸੌਣਾ ਏ।"
"ਕਿਉਂ? ਖ਼ੈਰ ਸੱਲਾ ਏ, ਤੂੰ ਕੋਈ ਕਾਕੀ ਤੇ ਨਹੀਂ ਏ ਨਾ। ਮੈਂ ਵਿਆਹ ਦੇ ਸਿਆਪੇ ਕਰ ਕਰ ਕੇ ਟੁੱਟੀ ਪਈ ਆਂ। ਤੇਰੇ ਮਾਮੇ ਦੇ ਪੁੱਤਰ ਦੀ ਸ਼ਾਦੀ ਨੇ ਤਾਂ ਮੇਰੇ ਪਿੰਡੇ ਨੂੰ ਜਿਵੇਂ ਭੋਰ ਛੱਡਿਆ ਹੋਵੇ।" ਬੇਬੇ ਨੇ ਆਖਿਆ।
ਮੈਂ ਸਿਰਹਾਣਾ ਚੁੱਕਿਆ ਤੇ ਚੁੱਪਚਾਪ ਜ਼ਮੀਨ 'ਤੇ ਵਿਛੀ ਦਰੀ ਉਤੇ ਲੇਟ ਗਈ ਪਰ ਨੀਂਦਰ ਨਹੀਂ ਪੈ ਰਹੀ ਸੀ। ਮੇਰਾ ਸਿਰ ਕੋਈ ਸਿਰਹਾਣਾ ਅਤੇ ਨੱਕ ਕੋਈ ਸੁਗੰਧ ਪਿਆ ਲਭਦਾ ਸੀ। ਮੈਂ ਸਿਰਹਾਣੇ ਨੂੰ ਗਲਵੱਕੜੀ ਪਾ ਲਈ ਅਤੇ ਹੌਲੀ ਹੌਲੀ ਨੀਂਦਰ ਵਿਚ ਡੁੱਬਦੀ ਚਲੀ ਗਈ। ਸਵੇਰੇ ਜਦੋਂ ਅੰਮਾ ਨੇ ਮੈਨੂੰ ਉਠਾਇਆ ਤਾਂ ਸਿਰਹਾਣਾ ਮੇਰੀਆਂ ਬਾਹਵਾਂ ਵਿਚ ਦੱਬਿਆ ਹੋਇਆ ਸੀ ਅਤੇ ਸਿਰ ਜ਼ਮੀਨ 'ਤੇ। ਇਕਦਮ ਮੇਰੀਆਂ ਚੀਕਾਂ ਨਿਕਲ ਗਈਆਂ।
"ਬੇਬੇ ਮੇਰੀ ਧੌਣ...।"
"ਧੀਏ! ਸਿਰਹਾਣਾ ਸਿਰ ਹੇਠਾਂ ਰੱਖਣ ਲਈ ਹੁੰਦਾ ਏ। ਤੂੰ ਇਹਨੂੰ ਗਲਵੱਕੜੀ ਪਾ ਕੇ ਸੌਂ ਗਈ ਸੈਂ। ਧੌਣ ਨੇ ਤਾਂ ਆਕੜਨਾ ਹੀ ਸੀ। ਨਾਲੇ ਵੇਖ! ਤੂੰ ਸਿਰਹਾਣੇ ਦਾ ਉਛਾੜ ਵੀ ਪਾੜ ਛੱਡਿਆ ਏ।"
ਹੁਣ ਤੱਕ ਤਾਂ ਮੈਨੂੰ ਵੀ ਪਤਾ ਲੱਗ ਗਿਆ ਸੀ, ਪਈ ਕਿਹੜੀ ਸ਼ੈਅ ਨੂੰ ਸਿਰਹਾਣੇ ਥੱਲੇ ਰਖਦੇ ਨੇ ਅਤੇ ਕਿਹੜੀ ਸ਼ੈਅ ਨੂੰ ਗਲਵੱਕੜੀ ਪਾਂਦੇ ਨੇ ਪਰ ਪੀੜ ਮਾਰੇ ਮੈਂ ਚੁੱਪ ਕਰ ਗਈ। ਦਿਲ ਵਿਚ ਸੋਚਿਆ, ਜੇ ਉਹ ਨਾ ਮਿਲਦਾ ਤਾਂ ਚੰਗਾ ਸੀ। ਹਾਲੀ ਹੋਰ ਖ਼ੌਰੇ ਕੀ ਕੀ ਹੋਵੇਗਾ। ਉਹ ਦੂਰੋਂ ਪਾਰੋਂ ਸਾਡਾ ਸਾਕ ਲਗਦਾ ਸੀ ਪਰ ਏਸ ਤੋਂ ਪਹਿਲਾਂ ਕਦੀ ਨਹੀਂ ਸੀ ਆਇਆ। ਖ਼ਾਲਦਾ ਮਮੇਰੀ ਦੱਸ ਰਹੀ ਸੀ, ਪਈ ਉਹਦੇ ਮਾਪੇ ਮਰ ਗਏ ਹੋਏ ਸਨ। ਬਸ ਇਕ ਵੱਡੀ ਭੈਣ ਸੀ ਤੇ ਇਕ ਉਹ ਆਪ। ਉਹ ਪਿੰਡੀ ਦੇ ਰਾਜਾ ਬਾਜ਼ਾਰ ਵਿਚ ਆਟੇ ਦੀ ਮਸ਼ੀਨ 'ਤੇ ਕੰਮ ਕਰਦਾ ਸੀ।
ਦੋ ਤਿੰਨ ਦਿਨ ਇੰਜ ਹੀ ਲੰਘ ਗਏ। ਇਕ ਦਿਨ ਮਾਮੀ ਦਾ ਸੁਨੇਹਾ ਆਇਆ, ਪਈ ਸਾਰੀਆਂ ਕੁੜੀਆਂ ਰਲ ਕੇ ਵਿਆਹ ਦੀ ਸੰਭਾਲ ਕਰੋ। ਮੈਲੇ ਲੀੜੇ ਅਤੇ ਭਾਂਡੇ ਧੋਤੇ ਜਾ ਰਹੇ ਸਨ। ਘਰ ਦੀਆਂ ਦੂਜੀਆਂ ਚੀਜ਼ਾਂ ਵਸਤਾਂ ਨੂੰ ਆਪਣੇ ਆਪਣੇ ਟਿਕਾਣੇ ਕੀਤਾ ਜਾ ਰਿਹਾ ਸੀ। ਮੈਂ ਹੱਥ ਧੋਣ ਵਾਸਤੇ ਗੁਸਲਖ਼ਾਨੇ ਵਿਚ ਚਲੀ ਗਈ ਤਾਂ ਇੰਜ ਜਾਪਿਆ, ਜਿਵੇਂ ਕੋਈ ਜਾਣੀ-ਪਛਾਣੀ ਸੁਗੰਧ ਅੰਦਰ ਘੁੰਮਦੀ ਪਈ ਹੋਵੇ। ਮੈਂ ਛੇਤੀ ਨਾਲ ਬੂਹਾ ਬੰਦ ਕਰਕੇ ਕੁੰਡੀ ਲਾ ਲਈ ਅਤੇ ਉਸ ਸੁਗੰਧ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਵੱਡੇ ਸਾਰੇ ਗੁਸਲਖ਼ਾਨੇ ਵਿਚ ਕੰਧ 'ਤੇ ਟੰਗੇ ਹੈਂਗਰ ਨਾਲ ਚੋਖੇ ਸਾਰੇ ਮੈਲੇ ਲੀੜੇ ਟੰਗੇ ਹੋਏ ਸਨ।
ਮੈਂ ਇਕ-ਇਕ ਲੀੜੇ ਨੂੰ ਸੁੰਘਦੀ ਫਿਰੀ। ਝੱਗੇ, ਸੁੱਥਣਾਂ, ਧੋਤੀਆਂ, ਬਨੈਣਾਂ ਅਤੇ ਖੌਰੇ ਕੀ ਕੀ! ਅਚਨਚੇਤ ਇਕ ਜੋੜੇ ਦੀ ਸੁਗੰਧ ਨੇ ਮੈਨੂੰ ਇੰਜ ਕੀਲਿਆ ਕਿ ਮੈਂ ਅੱਗੇ ਵਧ ਕੇ ਉਹਨੂੰ ਗਲਵੱਕੜੀ ਪਾ ਲਈ ਅਤੇ ਖੌਰੇ ਕਿੰਨਾ ਚਿਰ ਤਕ ਇੰਜ ਹੀ ਖਲੋਤੀ ਰਹੀ। ਮੈਨੂੰ ਤਦ ਹੋਸ਼ ਆਇਆ, ਜਦ ਬੂਹੇ 'ਤੇ ਠੱਕਠੱਕ ਹੋਈ।
"ਨੀ ਹੁਣ ਬਾਹਰ ਵੀ ਆ ਜਾ। ਮਰ ਤੇ ਨਹੀਂ ਗਈ ਏਂ?" ਇਹ ਖ਼ਾਲਦਾ ਦੀ ਆਵਾਜ਼ ਸੀ। ਮੈਂ ਬੂਹਾ ਖੋਲ੍ਹ ਕੇ ਬਾਹਰ ਆ ਗਈ। ਫੇਰ ਖ਼ੌਰੇ ਕਿੰਨੀ ਵਾਰ ਪੱਜ ਬਣਾ ਕੇ ਅੰਦਰ ਗਈ ਤੇ ਆਈ।
ਚੋਖੇ ਸਾਰੇ ਲੀੜੇ ਧੋਣ ਮਗਰੋਂ ਮਾਮੀ ਨੇ ਖ਼ਾਲਦਾ ਨੂੰ ਆਖਿਆ, "ਗੁਸਲਖ਼ਾਨੇ ਵਿਚੋਂ ਬਾਕੀ ਦੇ ਮੈਲੇ ਲੀੜੇ ਵੀ ਕੱਢ ਲਿਆ। ਉਹ ਵੀ ਧੋ ਲਈਏ। ਖ਼ਾਲਦਾ ਸਾਰੇ ਲੀੜੇ ਚੁੱਕ ਕੇ ਬਾਹਰ ਲੈ ਆਈ ਤੇ ਕਹਿਣ ਲੱਗੀ, "ਹਾਏ ਹਾਏ! ਬੇਬੇ, ਸਲਮਾਨ ਭਾਈ ਆਪਣੀ ਕਮੀਜ਼ ਤੇ ਸਲਵਾਰ ਏਥੇ ਹੀ ਭੁੱਲ ਗਿਆ ਏ। ਹੁਣ ਖ਼ੌਰੇ ਕਦੋਂ ਆਏਗਾ।"
"ਉਸ ਵਿਚਾਰੇ ਨੇ ਹੁਣ ਕੀ ਆਉਣਾ ਏਂ। ਮਜੂਰੀਆਂ ਕਰੇ ਜਾਂ ਲੋਕਾਂ ਨੂੰ ਮਿਲਦਾ ਫਿਰੇ। ਉਸ ਦੇ ਲੀੜੇ ਇਕ ਪਾਸੇ ਧਰ ਦੇ। ਹੋਰਨਾਂ ਪੁਰਾਣਿਆਂ ਲੀੜਿਆਂ ਨਾਲ ਜੋੜ ਕੇ ਰਿੱਲੀ ਬਣਾ ਲਵਾਂਗੇ, ਜਾਂ ਕਿਸੇ ਨਿੱਕੇ ਮੁੰਡੇ ਦੇ ਲੀੜੇ ਬਣ ਜਾਣਗੇ।"
ਮੈਨੂੰ ਖ਼ੌਰੇ ਕੀ ਹੋਇਆ। ਛੇਤੀ ਨਾਲ ਉਠੀ, ਸਲਮਾਨ ਦੇ ਲੀੜੇ ਇੰਜ ਫੜੇ ਜਿਵੇਂ ਮੇਰੇ ਕੋਲੋਂ ਕੋਈ ਖੋਹ ਲਵੇਗਾ ਅਤੇ ਮਾਮੀ ਨੂੰ ਆਖਿਆ, "ਇਹ ਲੀੜੇ ਮੈਂ ਲੈ ਕੇ ਜਾਵਾਂਗੀ।"
"ਤੂੰ ਕੀ ਕਰੇਂਗੀ ਇਨ੍ਹਾਂ ਦਾ?" ਮਾਮੀ ਨੇ ਹੈਰਾਨ ਹੋ ਕੇ ਪੁੱਛਿਆ।
"ਮੇਰੇ ਸਿਰਹਾਣੇ ਦਾ ਉਛਾੜ ਫਟ ਗਿਆ ਏ। ਇਨ੍ਹਾਂ ਦਾ ਉਛਾੜ ਬਣਾਵਾਂਗੀ।" ਤੇ ਲੀੜਿਆਂ ਨੂੰ ਕੱਛੇ ਮਾਰ ਕੇ ਮੈਂ ਆਪਣੇ ਘਰ ਵੱਲ ਟੁਰ ਪਈ।

  • ਮੁੱਖ ਪੰਨਾ : ਕਹਾਣੀਆਂ, ਤੌਕੀਰ ਚੁਗ਼ਤਾਈ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ