Udaari (Punjabi Story) : Muhammad Imtiaz

ਉਡਾਰੀ (ਕਹਾਣੀ) : ਮੁਹੰਮਦ ਇਮਤਿਆਜ਼

ਕੁਲਦੀਪ ਦੇ ਬ੍ਰੇਕ ਲਾਉਂਦਿਆਂ ਹੀ ਮੇਰੀਆਂ ਸੋਚਾਂ ਦੀ ਲੜੀ ਟੁੱਟ ਗਈ। ''ਆ ਗਿਆ ਤੇਰਾ ਬਾਡਰ'', ਕਹਿ ਕੇ ਉਹ ਗੱਡੀ ਵਿੱਚੋਂ ਉਤਰ ਗਿਆ। ਮੇਰੀ ਨਿਗ੍ਹਾ ਆਸਮਾਨ ਵੱਲ ਪਈ—ਪੰਛੀਆਂ ਦੀਆਂ ਡਾਰਾਂ ਹਾਲੀਂ ਵੀ ਉੱਡ ਰਹੀਆਂ ਸਨ।

ਸਾਰਾ ਕੁਝ ਇਕ ਵਾਰ ਫਿਰ ਮੇਰੀਆਂ ਅੱਖਾਂ ਸਾਹਮਣੇ ਉਭਰ ਆਇਆ—ਬੇਬੇ ਦੇ ਗੀਤ...... ਉਸਦੀਆਂ ਸਹੇਲੀਆਂ......ਸਦੀਕਨ!!
''........ ਲੋਕੀਂ ਬੜੀ ਦੂਰੋਂ-ਦੂਰੋਂ ਆਉਂਦੇ ਨੇ ਪ੍ਰੇਡ ਵੇਖਣ ਲਈ......,'' ਪਾਰਕਿੰਗ 'ਚੋਂ ਨਿਕਲਦਿਆਂ ਕੁਲਦੀਪ ਦੱਸਦਾ ਜਾ ਰਿਹਾ ਸੀ। ਯੂਨੀਵਰਸਿਟੀ 'ਚ ਉਹ ਮੈਨੂੰ ਅੰਮ੍ਰਿਤਸਰ ਆਉਣ ਲਈ ਵਾਰ-ਵਾਰ ਕਹਿ ਚੁੱਕਿਆ ਸੀ। ''ਚਲ, ਤੈਨੂੰ ਤੇਰਾ ਬਾਡਰ ਵੀ ਵਖਾ ਦੇਉਂ,'' ਉਸਨੇ ਬਹਾਨਾ ਵੀ ਕੀਤਾ ਸੀ।

ਅੱਜ ਜਦੋਂ ਮੈਂ ਬੇਬੇ ਨੂੰ ਦੱਸਿਆ ਕਿ ਮੈਂ ਬਾਡਰ ਵੇਖਣ ਜਾ ਰਿਹਾ ਸਾਂ ਤਾਂ ਉਸਦੇ ਚਿਹਰੇ ਦਾ ਰੰਗ ਬਦਲ ਗਿਆ ਸੀ।
''ਬੇਬੇ, ਹੁਣ ਤੂੰ ਆਰਾਮ ਕਰਿਆ ਕਰ। ਸ਼ਹਿਰਾਂ 'ਚ, ਦੱਸ, ਚਰਖੇ ਕੌਣ ਕੱਤਦੈ!'' ਡੈਡੀ ਉਸਨੂੰ ਟੋਕਦੇ ਰਹਿੰਦੇ।
''ਬੇਬੇ ਤਾਂ ਐਂ ਲੱਗੀ ਰਹਿੰਦੀ ਐ ਜਿਵੇਂ ਕੁੜੀ ਦਾ ਦਹੇਜ ਬਣਾਉਣਾ ਹੋਵੇ!'' ਕੰਮ ਕਰਦਿਆਂ ਮੰਮੀ ਵੀ ਕਹਿ ਦਿੰਦੀ।
ਪਰ ਉਹ ਕੱਤੇ ਬਿਨਾ ਨਹੀਂ ਸੀ ਰਹਿ ਸਕਦੀ।

ਉਹ ਜਦੋਂ ਵੀ ਕੱਤਦੀ ਤਾਂ ਗੀਤ ਗੁਣਗੁਣਾਉਣ ਲੱਗ ਪੈਂਦੀ। ''ਥੋਨੂੰ ਪਤੈ, ਇਹ ਗੀਤ ਮੈਂ ਤੇ ਸਦੀਕਨ ਗਾਉਂਦੀਆਂ ਹੁੰਦੀਆਂ ਤੀ!'' ਛੋਟੇ ਹੁੰਦਿਆਂ ਜਦੋਂ ਵੀ ਅਸੀਂ ਉਸ ਕੋਲ ਬੈਠਦੇ ਤਾਂ ਉਹ ਸਾਡੇ ਵੱਲ ਵੇਖ ਕੇ ਮੁਸਕੁਰਾਉਂਦੀ, ਤੇ ਉਸਦੇ ਚਰਖੇ ਤੇ ਆਵਾਜ਼ ਦਾ ਤਾਲਮੇਲ ਹੋਰ ਵੱਧ ਜਾਂਦਾ। ''ਜਦੋਂ ਅਸੀਂ ਥੋਡੇ ਵਰਗੀਆਂ ਤੀ, ਸਾਰੀਆਂ ਸਹੇਲੀਆਂ ਸਦੀਕਨ ਦੇ ਵਿਹੜੇ 'ਚ ਚਰਖੇ ਲੈ ਕੇ ਬਹਿ ਜਾਂਦੀਆਂ— ਨਾਲੇ ਕੱਤੀ ਜਾਂਦੀਆਂ, ਨਾਲੇ ਗਾਈ ਜਾਂਦੀਆਂ!''

ਬਾਪੂ ਵੀ ਕਈ ਵਾਰ ਆਪਣੀ ਜਵਾਨੀ ਦੀਆਂ ਗੱਲਾਂ ਕਰਦਾ ਸੀ—ਉੱਧਰ ਰਹਿ ਗਈ ਆਪਣੀ ਜਾਇਦਾਦ ਦੀਆਂ ਤੇ ਆਪਣੇ ਯਾਰਾਂ-ਬੇਲੀਆਂ ਦੀਆਂ। ਪਰ ਗੱਲਾਂ ਕਰਦਿਆਂ ਉਸਦੇ ਚਿਹਰੇ ਤੇ ਕੋਈ ਉਤਰਾਅ-ਚੜਾਅ ਨਹੀਂ ਸੀ ਆਉਂਦਾ— ਰਾਜੇ-ਰਾਣੀਆਂ ਦੀਆਂ ਕਹਾਣੀਆਂ ਵਾਂਗ ਉਹ ਸੁਭਾਵਕ ਹੀ ਸੁਣਾ ਜਾਂਦਾ। ਬੇਬੇ ਦੇ ਤਾਂ ਅੱਖਾਂ ਵਿੱਚ ਅੱਥਰੂ ਉੱਭਰ ਆਉਂਦੇ ਸਨ।
''...... ਆਹ ਖੇਤ ਪਾਕਿਸਤਾਨ ਦੇ ਨੇ।'' ਕੁਲਦੀਪ ਨੇ ਸਾਈਡ ਤੇ ਲੱਗੀਆਂ ਤਾਰਾਂ ਦੇ ਪਰਲੇ ਪਾਸੇ ਵੱਲ ਇਸ਼ਾਰਾ ਕੀਤਾ। ਦਿਲ ਵਿੱਚੋਂ ਬਿਜਲੀ ਦੀ ਇੱਕ ਤਰੰਗ ਲੰਘ ਗਈ ਤੇ ਮੈਂ ਆਸਮਾਨ ਵਿੱਚ ਉੱਡ ਰਹੇ ਪੰਡੀਆਂ ਵੱਲ ਵੇਖਿਆ, ''...... ਜੇ ਭਾਰਤ-ਪਾਕਿਸਤਾਨ, ਦੁਬਾਰਾ ਇੱਕ........!''
ਜਦੋਂ ਵੀ ਪਾਕਿਸਤਾਨ ਦੀ ਗੱਲ ਚੱਲਦੀ ਤਾਂ ਮੈਨੂੰ ਕੁਲਦੀਪ ਦੇ ਚਿਹਰੇ ਤੇ ਓਪਰਾਪਣ ਨਜ਼ਰ ਆਉਣ ਲੱਗ ਪੈਂਦਾ। ਯੂਨੀਵਰਸਿਟੀ ਦੇ ਬਾਕੀ ਦੋਸਤ ਵੀ ਕਈ ਵਾਰ ਉਸਦਾ ਸਾਥ ਦੇਣਾ ਸ਼ੁਰੂ ਕਰ ਦਿੰਦੇ।
''ਮਿਲਟਰੀ ਜੁਆਇਨ ਕਰਦਿਆਂ ਹੀ ਸਭ ਤੋਂ ਪਹਿਲਾਂ ਮੈਂ ਦੋ-ਤਿੰਨ ਪਾਕਿਸਤਾਨੀ ਮਾਰੂੰ!'' ਉਹ ਅਕਸਰ ਮੈਨੂੰ ਛੇੜਦਾ ਰਹਿੰਦਾ। ਪਰ ਮੈਨੂੰ ਉਸਦੇ ਹਾਸੇ ਵਿੱਚੋਂ ਕੁੱੜਤਣ ਦਾ ਝਲਕਾਰਾ ਪੈਂਦਾ ਸੀ।
''ਬੇਬੇ, ਸਦੀਕਨ ਤਾਂ ਨਾਲੇ ਮੁਸਲਮਾਨ ਤੀ, ਫੇਰ ਉਹ ਤੇਰੀ ਸਹੇਲੀ ਕਿਮੇਂ ਬਣ-ਗੀ?'' ਛੋਟੇ ਹੁੰਦਿਆਂ ਸਾਡੇ ਵਿੱਚੋਂ ਕੋਈ ਪੁੱਛ ਲੈਂਦਾ। ਬੇਬੇ ਠੰਢੀ ਆਹ ਭਰਦੀ,
''ਓਦੋਂ ਤਾਂ, ਪੁੱਤ, ਜਮਾਨੇ ਈ ਹੋਰ ਤੇ! ਜਦ ਕਿਹਨੂੰ ਪਤਾ ਹੁੰਦਾ ਤੀ ਸਿੱਖ- ਮੁਸਲਮਾਨ ਦਾ!''
''ਫੇਰ, ਬੇਬੇ, ਤੁਸੀਂ ਪਾਕਿਸਤਾਨ ਤੋਂ ਕਿਮੇਂ ਆ-ਗੇ?''
''ਬੱਸ, ਪੁੱਤ, ਕੀ ਦੱਸਾਂ!.......''
ਬੂਟਾਂ ਦੀ ਠਕ-ਠਕ ਤੇ ਰੁਹਬਦਾਰ ਆਵਾਜ਼ਾਂ! ਬਾਡਰ ਦੇ ਦੋਹੀਂ ਪਾਸੀਂ ਫ਼ੌਜੀ ਇੱਕ-ਦੂਜੇ ਨਾਲੋਂ ਵਧ ਕੇ ਪੈਰ ਮਾਰ ਰਹੇ ਸਨ।

ਪਾਕਿਸਤਾਨ ਵਾਲੇ ਪਾਸੇ ਖੜ੍ਹੇ ਲੋਕਾਂ ਨੂੰ ਵੇਖ ਕੇ ਹੈਰਾਨੀ ਹੋ ਰਹੀ ਸੀ—ਉਹ ਵੀ ਆਪਣੇ ਵਰਗੇ ਹੀ ਨਜ਼ਰ ਆਉਂਦੇ ਸਨ। ਛੋਟੇ ਹੁੰਦਿਆਂ ਮੈਂ ਪਾਕਿਸਤਾਨੀਆਂ ਦੇ ਭਿਆਨਕ ਜਿਹੇ ਚਿਹਰੇ ਕਲਪਦਾ ਰਿਹਾ ਸਾਂ। ਜੇ ਭਾਰਤ ਪਾਕਿਸਤਾਨ ਤੋਂ ਕ੍ਰਿਕੇਟ ਮੈਚ ਜਿੱਤ ਜਾਂਦਾ ਤਾਂ ਕਈ-ਕਈ ਦਿਨ ਕਲਾਸ 'ਚ ਖ਼ੁਸ਼ੀ ਦੀ ਲਹਿਰ ਦੌੜੀ ਰਹਿੰਦੀ, ਤੇ ਜੇ ਹਾਰ ਜਾਂਦਾ ਤਾਂ ਅਸੀਂ ਆਪਣਾ ਗੁੱਸਾ ਪਾਕਿਸਤਾਨੀ ਖਿਡਾਰੀਆਂ ਨੂੰ ਗਾਲ੍ਹਾਂ ਕੱਢ ਕੇ ਠੰਢਾ ਕਰ ਲੈਂਦੇ। 'ਜੰਗ-ਜੰਗ' ਖੇਡਦੇ ਸਮੇਂ ਕਮਜ਼ੋਰ ਜਿਹੇ ਮੁੰਡਿਆਂ ਨੂੰ 'ਪਾਕਿਸਤਾਨੀ ਫ਼ੌਜੀ' ਬਣਾ ਕੇ ਉਹਨਾਂ ਦਾ ਕੁਟਾਪਾ ਕਰ ਦਿੰਦੇ।

''ਭਾਰਤ-ਮਾਤਾ ਦੀ—ਜੈ!'' ਅਚਾਨਕ ਨਾਅਰੇ ਗੂੰਜਣ ਲੱਗੇ। ਪਰਲੇ ਪਾਸਿਓਂ ਵੀ ਕੁਝ ਜੋਸ਼ ਭਰੀਆਂ ਅਵਾਜ਼ਾਂ ਆ ਰਹੀਆਂ ਸਨ, ''ਪਾਕਿਸਤਾਨ ਜ਼ਿੰਦਾਬਾਦ!...''
ਬੇਬੇ ਦੀਆਂ ਸਹੇਲੀਆਂ ਸਾਕਾਰ ਹੋ ਕੇ ਸਾਹਮਣੇ ਆ ਗਈਆਂ...... ਉਹਨਾਂ ਦੇ ਚਰਖੇ....... ਗੀਤ....... ਬਾਪੂ-ਇੱਕ ਮੁੱਛ-ਫੁੱਟ ਗੱਭਰੂ! ਮੈਂ ਸਦੀਕਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।
''ਚੱਲੀਏ?........,'' ਕੁਲਦੀਪ ਮੇਰੇ ਵੱਲ ਸੰਬੋਧਿਤ ਸੀ। ਲੋਕ ਵਾਪਿਸ ਜਾ ਰਹੇ ਸਨ, ਪ੍ਰੇਡ ਖ਼ਤਮ ਹੋ ਚੁੱਕੀ ਸੀ।
ਪਾਕਿਸਤਾਨ ਦੇ ਇੰਨਾ ਨੇੜਿਉਂ ਮੁੜਨ ਦੀ ਹਿੰਮਤ ਨਹੀਂ ਸੀ ਪੈ ਰਹੀ। '' ਆਪਾਂ ਉੱਥੇ ਨਹੀਂ ਜਾ ਸਕਦੇ?'' ਕੁਝ ਲੋਕਾਂ ਨੂੰ ਬਾਡਰ ਦੇ ਕੋਲ ਵੇਖਕੇ ਮੈਂ ਬਹਾਨਾ ਕੀਤਾ।
''ਉੱਥੇ ਲਈ ਸਪੈਸ਼ਲ ਪ੍ਰਮਿਸ਼ਨ ਲੈਣੀ ਪੈਂਦੀ ਐ,'' ਕੁਲਦੀਪ ਨੇ ਮੇਰੀਆਂ ਅੱਖਾਂ ਵਿੱਚ ਵੇਖਿਆ। ਫਿਰ ਉਹ ਮੇਰਾ ਮੋਢਾ ਥਾਪੜਦਿਆਂ ਮੁਸਕੁਰਾਇਆ, ''ਬੱਸ, ਸਾਲ ਕੁ ਰੁਕ, ਲੈਫਟੀਨੈਂਟ ਲੱਗਦਿਆਂ ਈ ਤੈਨੂੰ ਨੇੜਿਉਂ ਵਖਾ ਕੇ ਲਿਆਊਂ!''
ਮੁੜਦਿਆਂ ਮੈਂ ਆਸਮਾਨ ਵੱਲ ਵੇਖਿਆ। ਪੰਛੀਆਂ ਦੀਆਂ ਕੁਝ ਡਾਰਾਂ ਬਾਡਰ ਦੇ ਪਰਲੇ ਪਾਸੇ ਉੱਡੀਆਂ ਜਾ ਰਹੀਆਂ ਸਨ।

(ਕਹਾਣੀ-ਸੰਗ੍ਰਹਿ 'ਪਾਕਿਸਤਾਨੀ' ਵਿੱਚੋਂ)

  • ਮੁੱਖ ਪੰਨਾ : ਕਹਾਣੀਆਂ, ਮੁਹੰਮਦ ਇਮਤਿਆਜ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ