Udas Shaair Di Katha (Punjabi Story) : Simran Dhaliwal
ਉਦਾਸ ਸ਼ਾਇਰ ਦੀ ਕਥਾ (ਕਹਾਣੀ) : ਸਿਮਰਨ ਧਾਲੀਵਾਲ
ਲੋਕ ਆਖਦੇ ਨੇ ਸ਼ਾਇਰ ਤਾਂ ਪਾਗਲ ਹੁੰਦੇ ਨੇ।ਐਵੇਂ ਭਾਵੁਕ ਜਿਹਾ ਸੋਚਦੇ।ਪਰ ਤੁਹਾਨੂੰ ਮੈਂ ਸੱਚ ਦੱਸਾਂ।ਮੈਂ ਪਾਗਲ ਨਹੀਂ ਹਾਂ।ਦੱਸੋ…ਜੇਕਰ ਮੈਂ ਪਾਗਲ
ਹੁੰਦਾ , ਇੰਨੀਆਂ ਚੰਗੀਆਂ ਕਵਿਤਾਵਾਂ ਲਿਖਦਾ?...ਹਾਂ ਭਾਵੁਕ ਤਾਂ ਮੈਂ ਹੈਗਾ।ਪਰ ਭਾਵੁਕ ਹੋਣਾ ਕੋਈ ਮਿਹਣਾ ਤਾਂ ਨਹੀਂ ਹੁੰਦਾ।ਸ਼ਾਇਰ ਮੈਂ ਬਣਿਆਂ
ਤਾਂ ਮੁਹੱਬਤ ਦਾ ਮਾਰਿਆ ਹੀ ਸੀ।ਪਰ ਕਮਾਲ ਦੀ ਗੱਲ ਦੇਖੋ…ਮੈਂ ਮੁਹੱਬਤ ਉਪਰ ਇੱਕ ਵੀ ਕਵਿਤਾ ਨਹੀਂ ਲਿਖੀ।ਮੇਰੀਆਂ ਕਵਿਤਾ ਵਿਚ ਤਾਂ ਟੁੱਟ
ਰਹੇ ਘਰਾਂ ਦੀ ਗੱਲ ਹੈ।ਜ਼ਿੰਦਗੀ ਦੇ ਦੁੱਖਾਂ ਦੀ ਗੱਲ ਹੈ।ਪਿੰਡ ਦੀ ਗੱਲ ਹੈ।ਵਿਸ਼ਵ ਪਿੰਡ ਦੀ ਗੱਲ ਹੈ।ਕੀ ਕਿਹਾ? ਵਿਸ਼ਵ ਪਿੰਡ?...ਕਮਾਲ ਏ! ਤੁਸੀਂ
ਇਹ ਸਵਾਲ ਪੁਛ ਰਹੇ ਹੋ।ਤੁਸੀਂ ਜਿੰਨਾਂ ਵਿਸ਼ਵ ਪਿੰਡ ਦੀ ਨੀਹ ਧਰਨ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ।ਹੁਣ ਪੁਛਦੇ ਹੋ ਕਿਵੇਂ?...ਬਸ ਬਜ਼ਾਰ
ਦੇ ਹਾਣੀ ਬਣ ਕੇ।ਪਰ ਇਹ ਕਥਾ ਤਾਂ ਬੜੀ ਸੌਖੀ ਹੈ।ਇਹ ਤਾਂ ਮੈਂ ਤੁਹਾਨੂੰ ਗੱਲੀਂ-ਬਾਤੀਂ ਹੀ ਸਮਝਾ ਦੇਣੀ।ਜ਼ਰਾ ਆਪਣੇ ਹੱਥ ਵਿਚ ਦੇਖੋ।ਆਈ ਫੋਨ
ਦੀ ਸਭ ਤੋਂ ਲੇਟੈਸਟ ਜੰਨਰੇਸ਼ਨ ਦਾ ਫੋਨ ਫੜੀ ਬੈਠੇ।ਅਜੇ ਪੁਛਦੇ ਹੋ ਕਿਵੇਂ?...ਬਸ ਜਦੋਂ ਬੰਦਾ ਬੂਹਾ ਖੋਲ ਕੇ ਬਜ਼ਾਰ ਨੂੰ ਕਹੇ ਆ ਮੇਰੇ ਘਰ ਵੜ
ਆ।ਉਦੋਂ...ਤੁਹਾਡੀ ਇਸ ਕਿਵੇਂ ਦਾ ਸਵਾਲ ਹੱਲ ਹੋ ਜਾਂਦਾ।
ਮੁਹੱਬਤ ਦੀ ਕਵਿਤਾ? ਕਿਉਂ ਨਹੀਂ ਲਿਖੀ ਮੁਹੱਬਤ ਦੀ ਕਵਿਤਾ?ਇਹ ਸਵਾਲ ਬੜਾ ਦੁੱਖ ਦੇਣਾ ਹੈ।ਜਿਵੇਂ ਕਈ ਬੰਦੇ ਦੁਖ ਦੇਣੇ ਹੁੰਦੇ ਨੇ ਉਸੇ ਤਰ੍ਹਾਂ
ਕਈ ਸਵਾਲ ਵੀ ਦੁੱਖ ਦੇਣੇ ਹੁੰਦੇ ਨੇ।ਸਵਾਲ ਮੇਰੇ ਜ਼ਿਹਨ ਵਿਚ ਵੀ ਬਹੁਤ ਉਠਦੇ ਨੇ।ਹੁਣ ਤੁਸੀਂ ਕਹੋਗੇ ਸ਼ਾਇਰਾਂ ਦੀ ਤਾਂ ਇਹ ਆਦਤ
ਹੁੰਦੀ।ਹਾਂ…ਬਸ ਇਸੇ ਆਦਤ ਨੇ ਹੀ ਤਾਂ ਉਜਾੜਿਆ ਮੈਨੂੰ।ਸਵਾਲ ਤਾਂ ਮੈਂ ਅਮਨ ਨੂੰ ਵੀ ਬਹੁਤ ਕਰਦਾ ਸੀ।ਪਰ ਜਦੋਂ ਸਵਾਲ ਉਹਨੇ
ਪਾਇਆ…ਮੇਰੀਆਂ ਨਾੜਾਂ ਵਿਚ ਦੌੜਦਾ ਖੂਨ ਬਰਫ ਬਣ ਕੇ ਜੰਮ ਗਿਆ।…ਤਾਂ ਹੀ ਤਾਂ ਮੈਂ ਕਹਿੰਦਾ ਸੀ ਕਿ ਕਈ ਸਵਾਲ ਬਹੁਤ ਦੁਖ ਦੇਣੇ
ਹੁੰਦੇ।ਇਸੇ ਲਈ ਮੈਂ ਅਮਨ ਬਾਰੇ ਕੋਈ ਕਵਿਤਾ ਨਹੀਂ ਲਿਖੀ।ਉਹ ਬਹੁਤ ਕਿਹਾ ਕਰਦੀ ਸੀ , “ਅਸੀਮ!ਤੂੰ ਕੋਈ ਕਵਿਤਾ ਮੇਰੇ ਬਾਰੇ ਵੀ ਤਾਂ ਲਿਖ
ਨਾ।”
ਮਨ ਤਾਂ ਮੇਰਾ ਵੀ ਬਹੁਤ ਕਰਦਾ ਸੀ।ਪਰ ਜਿਵੇਂ ਲਫਜ਼ ਹੀ ਥੁੜ ਗਏ ਹੋਣ।ਉਹ ਕਵਿਤਾ ਮੇਰੇ ਕੋਲੋਂ ਪੂਰੀ ਨਾ ਕਰ ਹੋਈ।ਬਹੁਤ ਸਾਰੀਆਂ ਕਵਿਤਾਵਾਂ
ਅਕਸਰ ਅਧੂਰੀਆਂ ਰਹਿ ਜਾਂਦੀਆਂ ਨੇ।ਜਿਵੇਂ ਮੈਂ ਇੱਕ ਉਦਾਸ ਪਿੰਡ ਦੀ ਕਵਿਤਾ ਬਹੁਤ ਸਾਲਾਂ ਤੋਂ ਲਿਖਣ ਦੀ ਕੋਸ਼ਿਸ਼ ਕਰ ਰਿਹਾ।ਪਰ ਉਹ
ਕਵਿਤਾ ਮੇਰੇ ਕੋਲੋਂ ਲਿਖ ਹੀ ਨਹੀਂ ਹੋਈ।ਕੀ ਪੁਛਦੇ ਹੋ ਪਿੰਡ ਕਿਵੇਂ ਉਦਾਸ ਹੋ ਸਕਦਾ?...ਬਸ ਆਹੀ ਤਾਂ ਫਰਕ ਏ ਨਾ ਮੇਰਾ ਤੇ ਤੁਹਾਡਾ।ਤੁਹਾਨੂੰ
ਕੁਝ ਹੋਰ ਨਜ਼ਰ ਆਉਂਦਾ ਹੈ ਮੈਨੂੰ ਕੁਝ ਹੋਰ।ਜੋ ਤੁਹਾਨੂੰ ਨਜ਼ਰ ਨਹੀਂ ਆਉਂਦਾ , ਮੈਨੂੰ ਤਾਂ ਉਹ ਵੀ ਨਜ਼ਰ ਆਉਂਦਾ ਹੈ।ਸ਼ਾਇਰ ਹਾਂ ਭਾਈ
ਸਾਹਬ!ਅੱਖਾਂ ਵਿਚ ਲਿਖੀਆਂ ਇਬਾਰਤਾਂ ਵੀ ਪੜ੍ਹ ਸਕਦਾ ਮੈਂ ਤਾਂ।ਤੁਹਾਨੂੰ ਨਜ਼ਰ ਆਉਂਦਾ , ਮਾਡਲ ਪਿੰਡ।ਜਿਸਦੀਆਂ ਗਲੀਆਂ ਪੱਕੀਆਂ
ਨੇ।ਨਾਲੀਆਂ ਵਿੱਚ ਦੀ ਪਾਣੀ ਗੋਲੀ ਵਾਂਗ ਭੱਜਦਾ ਤੁਰਿਆ ਜਾਂਦਾ।ਪਿੰਡ ਦੇ ਵਿਚਕਾਰ ਸੀਮਿੰਟ ਦਾ ਥੜਾਂ ਨਜ਼ਰ ਆਉਂਦਾ ਤੁਹਾਨੂੰ ਜਿਸ ਦੇ ਉਪਰ
ਉਪਕਾਰ ਸਿੰਘ ਮਹਿਲੀਏ ਦੇ ਪੋਤੇ ਨੇ ਪਿਛਲੇ ਸਾਲ ਮਹਿੰਗਾ ਪੱਥਰ ਲਗਵਾਇਆ ਸੀ ਬਾਹਰੋਂ ਆ ਕੇ।ਥੜੇ ਦੇ ਉਪਰ ਪਿਆ ਫਾਈਬਰ ਦਾ ਛੱਪਰ
ਤਾਂ ਮੈਨੂੰ ਵੀ ਦਿੱਸਦਾ ਹੈ।ਪਰ ਜੋ ਮੈਂ ਦੇਖਦਾ ਉਹ ਤੁਸੀਂ ਨਹੀਂ ਦੇਖਦੇ।ਇਸੇ ਲਈ ਤਾਂ ਮੈਂ ਸ਼ਾਇਰ ਹਾਂ।
“ਤੂੰ ਸ਼ਾਇਰ ਨਹੀਂ ਤੂੰ ਤਾਂ ਕਾਇਰ ਹੈ।” ਇਹ ਗੱਲ ਅਮਨ ਨੇ ਕਹੀ ਸੀ ਮੈਨੂੰ।ਇਹ ਉਹਦੀ ਤੇ ਮੇਰੀ ਆਖਰੀ ਗੱਲ ਸੀ।ਉਸ ਦਿਨ ਤਾਂ ਉਹ ਅੰਤਾਂ ਦਾ
ਖਿਝੀ ਸੀ।ਸਾਰੇ ਰਿਸ਼ਤੇ ਤੋੜ ਸੁੱਟੇ ਸੀ ਉਹਨੇ।ਟੁਟੇ ਰਿਸ਼ਤਿਆਂ ਦਾ ਦੁੱਖ ਵੀ ਮੈਂ ਚੰਗੀ ਤਰ੍ਹਾਂ ਜਾਣਦਾ।ਤਾਂਹੀ ਤਾਂ ਮੈਨੂੰ ਮੇਰੀ ਮਾਂ ਦਾ ਦੁੱਖ ਵੀ ਸਮਝ
ਆਉਂਦਾ।ਮੈਂ ਵੀ ਤਾਂ ਤੋੜਿਆਂ ਸੀ ਰਿਸ਼ਤਾ ਫਤਾਹਪੁਰੀਆਂ ਨਾਲ।ਮੇਰੀ ਮਾਂ ਨੇ ਬਹੁਤ ਜ਼ਿੱਦ ਕੀਤੀ ਸੀ ਉਸ ਰਿਸ਼ਤੇ ਲਈ।ਪਰ ਮੈਂ ਪ੍ਰਣ ਕਰ ਲਿਆ।ਜੇ
ਅਮਨ ਨਹੀਂ ਤਾਂ ਮੈਨੂੰ ਵੀ ਚੈਨ ਨਹੀਂ।ਮੈਂ ਆਪਣੇ ਹੱਥੀਂ ਆਪਣੇ ਹੱਥ ਵਿਚੋਂ ਵਿਆਹ ਵਾਲੀ ਲਾਇਨ ਹੀ ਮਿਟਾ ਦਿੱਤੀ।ਰੰਗਾਂ ਨੂੰ ਤਿਆਗ ਦਿੱਤਾ।ਚਿੱਟੇ
ਕੱਪੜੇ ਪਾਉਣ ਲੱਗਿਆ।ਕਿਉਂ ਕਿ ਚਿੱਟਾ ਰੰਗ ਅਮਨ ਨੂੰ ਬਹੁਤ ਪਸੰਦ ਸੀ।ਹੁਣ ਤਾਂ ਮੈਂ ਸਿਰ ਦੇ ਵਾਲ ਵੀ ਨਹੀਂ ਡਾਈ ਕਰਦਾ।ਅੱਧਾ ਸਿਰ ਚਿੱਟੇ
ਵਾਲਾ ਨਾਲ ਭਰ ਗਿਆ।ਪਰ ਮੈਨੂੰ ਇਹ ਰੰਗ ਹੁਣ ਚੰਗਾ ਲੱਗਦਾ।ਚਿੱਟਾ ਰੰਗ ਅਮਨ ਦਾ ਪ੍ਰਤੀਕ ਹੁੰਦਾ।ਹਾਂ…ਸਹੀ ਬੁਝਿਆ ਤੁਸੀਂ।ਅਮਨ ਅਜੇ ਵੀ
ਮੇਰੇ ਦਿਲ ’ਚੋਂ ਨਹੀਂ ਨਿਕਲੀ।ਪਰ ਹੁਣ ਮੇਰੇ ਦਿਲ ਵਿਚੋਂ ਡਰ ਨਿਕਲ ਗਿਆ।….ਤਾਂਹੀ ਤਾਂ ਹੁਣ ਮੇਰੀ ਕਵਿਤਾ ਸੱਚੋ-ਸੱਚ ਬੋਲਦੀ ਹੈ।ਮੈਂ ਲੋਕਾਂ ਦੀ
ਗੱਲ ਕਰਨ ਲੱਗਿਆ।ਉਹਨਾਂ ਦੇ ਦੁੱਖਾਂ ਦੀ ਗੱਲ ਕਰਨ ਲੱਗਿਆ।ਇਹੀ ਤਾਂ ਫਰਜ਼ ਹੁੰਦਾ ਨਾ ਸ਼ਾਇਰ ਦਾ।ਇਸੇ ਫਰਜ਼ ਨੂੰ ਪੂਰਾ ਕਰਨ ਖਾਤਿਰ ਹੀ
ਤਾਂ ਮੈਂ ਉਦਾਸ ਪਿੰਡ ਦੀ ਕਵਿਤਾ ਲਿਖਣੀ ਚਾਹੀ ਸੀ।ਮੈਨੂੰ ਪਿੰਡ ਵਿਚ ਉਸਰੀਆਂ ਆਲੀਸ਼ਾਨ ਕੋਠੀਆਂ ਦਿੱਸੀਆਂ।ਹਾਂ..ਸਹੀ ਕਿਹਾ ਤੁਸੀਂ ਇਹ ਤਾਂ
ਖੁਸ਼ਹਾਲ਼ੀ ਦੀ ਨਿਸ਼ਾਨੀ ਹੈ।ਪਰ ਇਹ ਕੋਠੀਆਂ ਮੇਰੇ ਤੋਂ ਪਹਿਲਾਂ ਅਮਰੀਕੇ ਰੱਬ ਦੇ ਮੁੰਡੇ ਸ਼ੀਰੀ ਨੂੰ ਵੀ ਦਿੱਸ ਗਈਆਂ ਸਨ।ਉਹਨੂੰ ਤਾਂ ਪਤਾ ਨਹੀਂ
ਕਿਵੇਂ ਕੋਠੀਆਂ ਦੇ ਅੰਦਰ ਪਿਆ ਕਈ ਕੁਝ ਹੋਰ ਵੀ ਦਿੱਸਣ ਲੱਗਾ ਸੀ।ਮੈਂ ਚੰਦ ਸਤਰਾਂ ਹੀ ਲਿਖੀਆਂ ਸਨ ਕਿ ਸ਼ੀਰੀ ਨੇ ਆ ਕੇ ਮੇਰੇ ਅਗੇ ਇੱਕ ਹੋਰ
ਸਵਾਲ ਖੜਾ ਕਰ ਦਿੱਤਾ।ਮੈਂ ਪਹਿਲਾਂ ਵੀ ਕਿਹਾ ਸੀ ਨਾ ਕਈ ਸਵਾਲ ਬੜੇ ਦੁੱਖ ਦੇਣੇ ਹੁੰਦੇ।ਮੈਨੂੰ ਸ਼ੀਰੀ ਦੇ ਕਿਸੇ ਸਵਾਲ ਦਾ ਕੋਈ ਜਵਾਬ ਨਾ
ਆਇਆ।
“ਅਸੀਮ ਮੈਨੂੰ ਨੌਕਰੀ ਕਿਉਂ ਨਾ ਮਿਲੀ?...ਜਿਲੇ ਵਿੱਚੋਂ ਪਹਿਲੀ ਪੁਜੀਸ਼ਨ ਆਈ ਸੀ ਮੇਰੀ।” ਉਸਦੇ ਸਵਾਲ ਤੋਂ ਬਚਣ ਲਈ ਮੈਂ ਅਰਥ ਸ਼ਾਸ਼ਤਰ ਦੀ
ਕਿਤਾਬ ਖੋਲ ਲਈ।ਦੇਸ਼ ਦੀ ਆਰਥਿਕਤਾ ਦੀ ਕਥਾ ਛੇੜ ਬੈਠਾ।
“ਸ਼ੀਰੀ…ਸਾਡੇ ਮੁਲਕ ਦੀ ਅਬਾਦੀ ਬਹੁਤ ਹੈ।ਇਹ ਸੰਭਵ ਹੈ ਸਭ ਨੂੰ ਨੌਕਰੀ ਨਾ ਵੀ ਮਿਲੇ।ਤੂੰ ਨਿਰਾਸ਼ ਨਾ ਹੋ।ਕੋਈ ਹੋਰ ਕੰਮ ਲੱਭ ਲੈ।” ਮੈਂ ਉਹਨੂੰ
ਕੰਮ ਲੱਭਣ ਲਈ ਆਖਿਆ।ਪਰ ਉਹ ਦੂਜਾ ਰਾਹ ਲੱਭ ਲਿਆਇਆ।ਮੈਨੂੰ ਪਿੰਡ ਵਿੱਚ ਫਿਰਦਾ।ਉਚੇ ਬੂਹੇ ਵਾਲਿਆ ਦਾ ਤੀਰਥ ਦਿਸਿਆ।ਮੈਂ ਸਮਝ
ਗਿਆ।ਸ਼ੀਰੀ ਨਹੀਂ ਸ਼ੀਰੀ ਅੰਦਰ ਤੀਰਥ ਬੋਲ ਰਿਹਾ ਸੀ।ਮੈਂ ਬਹੁਤ ਸਮਝਾਇਆ।ਪਰ ਸ਼ੀਰੀ ਨਾ ਸਮਝਿਆ।ਉਹ ਮੈਨੂੰ ਬਾਹੋਂ ਫੜ ਕੇ ਆਪਣੇ ਘਰ ਲੈ
ਗਿਆ।ਦੂਰੋਂ ਆਪਣੇ ਘਰ ਵੱਲ ਇਸ਼ਾਰਾ ਕਰਦਿਆਂ।ਉਹਨੇ ਨਵਾਂ ਸਵਾਲ ਛੇੜ ਲਿਆ।
“ਅਸੀਮ ਦੱਸ ਮਹਿਲੀਆਂ ਵਰਗੀ ਜਾਂ ਫਿਰ ਤੀਰਥ ਹੁਣਾਂ ਵਰਗੀ ਕੋਠੀ ਮੈਂ ਕਿਉਂ ਨਹੀਂ ਪਾ ਸਕਦਾ?”
ਮੈਨੂੰ ਜਵਾਬ ਤਾਂ ਆਉਂਦਾ ਸੀ ਪਰ ਮੈਂ ਚੁੱਪ ਰਿਹਾ।ਮੈਨੂੰ ਚੁੱਪ ਦੇਖ ਕੇ ਉਹਨੇ ਹੋਰ ਸਵਾਲ ਛੇੜ ਲਏ।ਉਹੀ ਦੁੱਖ ਦੇਣੇ ਸਵਾਲ ਕਿ ਸਾਧਨਾਂ ਦੀ ਕਾਣੀ
ਵੰਡ ਕਿਉਂ ਹੈ ਇਸ ਮੁਲਕ ਵਿਚ।ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਿਹਾ।…ਤੇ ਜਿਸ ਦਿਨ ਅਮਰੀਕੇ ਰੱਬ ਨੇ ਖੁਦਕੁਸ਼ੀ ਕੀਤੀ।ਮੇਰਾ ਦਿਲ ਕੀਤਾ
ਸੀ ਸ਼ੀਰੀ ਨੂੰ ਉਹਦੇ ਸਵਾਲ ਦਾ ਜਵਾਬ ਦੇਵਾਂ।ਪਰ ਮੈਨੂੰ ਉਹ ਵੇਲਾ ਠੀਕ ਨਾ ਲੱਗਿਆ।ਸ਼ੀਰੀ ਨੇ ਆਪਣੇ ਬਾਪੂ ਲਈ ਕਵਿਤਾ ਲਿਖਣ ਲਈ
ਆਖਿਆ।ਮੈਨੂੰ ਲੱਗਿਆ।ਸ਼ੀਰੀ ਨਹੀਂ ਪੂਰਾ ਪੰਜਾਬ ਮੈਨੂੰ ਐਸੀ ਕਵਿਤਾ ਲਿਖਣ ਲਈ ਆਖ ਰਿਹਾ ਹੋਵੇ।ਮੇਰੀ ਉਦਾਸ ਪਿੰਡ ਵਾਲ਼ੀ ਕਵਿਤਾ ਵਿਚਾਲੇ
ਰੁੱਕ ਗਈ।ਮੇਰਾ ਸਿਰ ਚਕਰਾਉਣ ਲੱਗਿਆ।ਮੈਂ ਡਾਇਰੀ ਬੰਦ ਕਰਕੇ ਬਾਹਰ ਨੂੰ ਨਿਕਲ ਤੁਰਿਆ।ਥੜੇ ’ਤੇ ਪਹੁੰਚਿਆਂ।ਸੋਚਿਆ ਪਿੰਡ ਦੇ ਲੋਕਾਂ ਨਾਲ
ਗੱਲਾਂ ਕਰਾਂਗਾ।ਸ਼ਾਇਦ ਮੇਰੀ ਕਵਿਤਾ ਪੂਰੀ ਹੋ ਜਾਏ।ਪਰ ਥੜਾ ਤਾਂ ਖਾਲੀ ਪਿਆ ਸੀ।ਮਹਿਲੀਆਂ ਦੇ ਲਗਵਾਏ ਮਹਿੰਗੇ ਪੱਥਰ ’ਤੇ ਪੋਟਾ-ਪੋਟਾ ਧੂੜ
ਚੜੀ ਹੋਈ ਸੀ।ਮੈਂ ਜ਼ਮੀਨ ’ਤੇ ਪਿਆ ਅਖਬਾਰ ਦਾ ਟੁਕੜਾ ਚੁਕਿਆ ਤੇ ਧੂੜ ਸਾਫ ਕਰ ਕੇ ਬੈਠ ਗਿਆ।ਮੁੜ ਟਾਈਮ ਪਾਸ ਕਰਨ ਲਈ ਉਸੇ
ਅਖਬਾਰ ਦੇ ਟੁਕੜੇ ਤੋਂ ਖਬਰਾਂ ਪੜਨ ਲੱਗਾ।ਅਗਲੇ ਹੀ ਪਲ ਖਬਰਾਂ ਤੋਂ ਮੇਰਾ ਮਨ ਅੱਕ ਗਿਆ।ਅਖਬਾਰ ਦਾ ਟੁਕੜਾ ਗੋਲ ਕਰਕੇ ਮੈਂ ਦੂਰ ਵਗਾਹ
ਮਾਰਿਆ।ਕਦੇ ਮੈਨੂੰ ਲੱਗਦਾ , ਅਖਬਾਰ ਵਿਚ ਛਪੀਆਂ ਇਹ ਖਬਰਾਂ ਤਾਂ ਨਿੱਤ ਇਸ ਪਿੰਡ ਵਿਚ ਵਾਪਰਦੀਆਂ ਨੇ।ਕਦੀ ਲੱਗਦਾ ਇਹ ਖਬਰ ਇਸ
ਪਿੰਡ ਦੀ ਨਹੀਂ ਹੈ ਸਗੋਂ ਹਰ ਪਿੰਡ ਦੀ ਹੈ।ਇਕ ਖਬਰ ਉਤੇ ਮੇਰੀ ਸੁਰਤੀ ਅਟਕ ਗਈ।ਕਿਸੇ ਟ੍ਰੈਵਲ ਏਜੰਟ ਦੀ ਠੱਗੀ ਦੀ ਖਬਰ ਸੀ।ਨਹੀਂ…ਮੈਨੂੰ
ਲੱਗਿਆ ਜਿਵੇਂ ਉਹ ਸ਼ੀਰੀ ਦੀ ਖਬਰ ਸੀ।ਪਿੰਡ ਦੇ ਵਿਦੇਸ਼ੀਆਂ ਦੀਆਂ ਕੋਠੀਆਂ ਦੇਖ ਕੇ ਸ਼ੀਰੀ ਨੂੰ ਆਪਣਾ ਘਰ ਛੋਟਾ ਲੱਗਣ ਲੱਗ ਗਿਆ
ਸੀ।ਉਹਨੇ ਵੀ ਕਿਸੇ ਏਜੰਟ ਨਾਲ ਵਾਧਾ-ਘਾਟਾ ਕਰ ਲਿਆ।ਅਮਰੀਕੇ ਰੱਬ ਕੋਲੇ ਚਾਰ ਕਿਲੇ ਜ਼ਮੀਨ ਸੀ ਉਹ ਕਿਸੇ ਹੋਰ ਦੇ ਨਾਂ ਬੋਲਣ
ਲੱਗੀ।ਡਾਲਰ ਹੂੰਝਣ ਲਈ ਸ਼ੀਰੀ ਇੰਗਲੈਂਡ ਤੁਰ ਗਿਆ।…ਤੇ ਅਮਰੀਕਾ ਰੱਬ ਸਾਰਾ ਦਿਨ ਵਿਹਲਾ ਗਲੀਆਂ ਵਿਚ ਫਿਰਦਾ ਰਹਿੰਦਾ।ਪਰ ਗਲੀਆਂ
ਤਾਂ ਸੁੰਨੀਆਂ ਪਈਆਂ ਸਨ।
“ਗਲੀਆਂ ਹੋ ਜਾਣ ਸੁੰਨੀਆਂ ਵਿਚ ਮਿਰਜ਼ਾ ਯਾਰ ਫਿਰੇ।” ਉਹ ਮੈਨੂੰ ਕੋਈ ਐਸੀ ਕਵਿਤਾ ਜੋੜਨ ਲਈ ਆਖਦਾ।ਆਖਿਆ ਤਾਂ ਮੈਂ ਸ਼ੀਰੀ ਨੂੰ ਵੀ ਬਹੁਤ
ਕੁਝ ਸੀ।ਪਰ ਉਹਨੇ ਮੇਰੀ ਕੋਈ ਗੱਲ ਨਹੀਂ ਸੀ ਸਮਝੀ।ਮੈਂ ਉਹਨੂੰ ਉਹ ਦਿਖਾ ਰਿਹਾ ਸੀ ਜੋ ਮੈਨੂੰ ਦਿਸਦਾ।ਮੈਨੂੰ ਪਤਾ ਏ।ਤੁਸੀਂ ਕਹੋਗੇ ਮੈਂ ਸ਼ੀਰੀ ਨਾਲ
ਵੀ ਆਪਣੀ ਕਵੀਆਂ ਵਾਲੀ ਤੀਜੀ ਅੱਖ ਦੀਆਂ ਗੱਲਾਂ ਕੀਤੀਆਂ ਹੋਣੀਆਂ।ਪਰ ਨਹੀਂ…ਮੈਂ ਤਾਂ ਸਿੱਧੀ ਜਿਹੀ ਗੱਲ ਦੱਸੀ ਸੀ।ਜਿਵੇਂ ਅਮਨ ਨੇ ਸਿੱਧੀ
ਗੱਲ ਮੈਨੂੰ ਦੱਸੀ ਸੀ।
“ਮੇਰੇ ਘਰੇ ਮੇਰੇ ਵਿਆਹ ਦੀ ਗੱਲ ਚੱਲਦੀ।ਆਪਣੇ ਘਰੇ ਮੇਰੀ ਗੱਲ ਕਰ ਲੈ।” ਪਰ ਸਾਡੀ ਗੱਲ ਹੋਰ ਪਾਸੇ ਤੁਰ ਗਈ।
“ਅਮਨ ਤੂੰ ਜੱਟਾਂ ਨੂੰ ਨਹੀਂ ਜਾਣਦੀ।ਗੱਲ ਤਾਂ ਕੁੜੀ ਵਾਲੇ ਹੀ ਕਰਦੇ ਹੁੰਦੇ।ਤੂੰ ਆਪਣੇ ਘਰਦਿਆਂ ਨੂੰ ਮੇਰੇ ਵੱਲ ਭੇਜ।ਸਿਆਣੇ ਕਹਿੰਦੇ ਕਿ ਧੀ ਵਾਲੇ
ਤਾਂ ਨੀਵੇਂ ਹੁੰਦੇ।” ਮੇਰੀ ਭਾਵਨਾਂ ਤਾਂ ਸਿੱਧੀ ਸੀ।ਪਰ ਗੱਲ ਮੈਂ ਪੁਠੇ ਢੰਗ ਨਾਲ ਕਰ ਬੈਠਾ।ਅਮਨ ਤੜਫ਼ ਉਠੀ।ਕਹਿਣ ਲੱਗੀ , “ਤੂੰ ਤਾਂ ਸ਼ਾਇਰ ਹੋਣ ਦੇ
ਨਾਮ ’ਤੇ ਕਲੰਕ ਹੈ।ਅਜੇ ਵੀ ਜਾਤਾਂ-ਪਾਤਾਂ ਵਿੱਚ ਫਸਿਆਂ ਫਿਰਦਾ।”
ਫਸ ਤਾਂ ਸ਼ੀਰੀ ਵੀ ਗਿਆ ਸੀ।ਤੀਰਥ ਦੇ ਗਲੇ ਵਿੱਚ ਪਾਇਆ ਅੱਧਾ ਕਿਲੋ ਸੋਨਾ ਦੇਖ ਕੇ।ਤੀਰਥ ਹੁਣਾਂ ਦੀ ਨਵੀਂ ਬਣੀ ਕੋਠੀ ਦੇਖ ਕੇ।ਚਾਰ ਦਿਨ
ਤੀਰਥ ਨਾਲ ਬੁਲੇਟ ’ਤੇ ਝੂਟੇ ਲੈ ਕੇ ਉਹਦਾ ਵੀ ਜਹਾਜ ਦਾ ਝੂਟਾ ਲੈਣ ਨੂੰ ਜੀਅ ਕਰ ਆਇਆ।ਉਹ ਭੱਜਾ ਆਇਆ ਸੀ ਮੇਰੇ ਕੋਲ।
“ਤੂੰ ਇੰਗਲੈਡ ਬਾਰੇ ਵੀ ਕੋਈ ਕਵਿਤਾ ਲਿਖੀ।ਹੁਣ ਮੈਂ ਵੀ ਇੰਗਲੈਡ ਚਲੇ ਜਾਣਾ।ਤੈਨੂੰ ਉਥੋਂ ਦੀਆਂ ਫੋਟੋਆਂ ਭੇਜੂ ਵਟਸਐਪ ’ਤੇ।”
ਮੈਂ ਉੇਹਨੂੰ ਸਮਝਾਉਣ ਲੱਗਿਆ।ਦੱਸਿਆ ਕਿ ਪ੍ਰਦੇਸਾਂ ਦੀ ਜ਼ਿੰਦਗੀ ਕਿਤੇ ਸੌਖੀ ਨਹੀਂ ਹੁੰਦੀ।ਇਹ ਅਮੀਰ ਦਿਸਦੇ ਵਲੈਤੀਏ ਉਥੇ ਵੀਹ-ਵੀਹ ਘੰਟੇ
ਹੱਡ ਰਗੜਦੇ ਨੇ।ਜੇ ਤੂੰ ਉਥੇ ਜਾ ਕੇ ਹੱਡ ਈ ਰਗੜਨੇ ਤਾਂ ਇੱਥੇ ਕਿਉਂ ਨਹੀਂ ਕੰਮ ਕਰਦਾ।ਪਰ ਉਹ ਮੰਨਿਆਂ ਨਹੀਂ।ਦੇਖੋ…ਇੱਥੇ ਕੋਈ ਨਹੀਂ ਮੰਨਦਾ
ਕਿਸੇ ਦੀ।ਮੈਂ ਅਮਨ ਦੀ ਨਹੀਂ ਸੀ ਮੰਨੀ।ਸਾਡਾ ਗੱਡਾ ਛੇ ਮਹੀਨੇ ਇਸੇ ਗੱਲ ’ਤੇ ਫਸਿਆ ਰਿਹਾ।ਉਹ ਚਾਹੰਦੀ ਸੀ ਮੈਂ ਆਪਣੇ ਘਰਦਿਆਂ ਨੂੰ ਰਿਸ਼ਤਾ
ਮੰਗਣ ਲਈ ਭੇਜਾ।ਮੈਂ ਕਹਿੰਦਾ ਸੀ ਰਿਸ਼ਤੇ ਦੀ ਗੱਲ ਉਹਦੇ ਘਰਦੇ ਆ ਕੇ ਕਰਨ।ਹੁਣ ਤੁਸੀਂ ਏਸ ਗੱਲ ਦੀ ਵਜਾਹ ਪੁਛੋਗੇ।
ਵਜਾਹ ਸੀ ਮੇਰਾ ਬਾਪ।ਮੈਂ ਆਪਣੇ ਬਾਪ ਦੇ ਰੁੱਖੇ ਸੁਭਾਅ ਤੋਂ ਡਰ ਗਿਆ।ਸੋਚਿਆ ਬਾਪੂ ਨੇ ਮਿਸਤਰੀਆਂ ਦੀ ਕੁੜੀ ਨੂੰ ਨੂੰਹ ਬਣਾਉਣ ਨੂੰ ਮੰਨਣਾ
ਨਹੀਂ।ਉਹ ਤਾਂ ‘ਬਚੀਆਂ-ਖੁਚੀਆਂ’ ਜਾਤਾਂ ਨੂੰ ਸਮਝਦਾ ਹੀ ਕੁਝ ਨਹੀਂ।ਮੈਂ ਤਾਂ ਸੋਚ ਹੀ ਲਿਆ ਸੀ।ਅਮਨ ਬਾਰੇ ਕੁਝ ਸੋਚਣਾ ਹੀ ਨਹੀਂ।ਪਰ ਕਦੇ-ਕਦੇ
ਮੇਰੇ ਅੰਦਰੋਂ ਕੋਈ ਹੋਰ ਬੋਲਣ ਲੱਗਦਾ।ਉਹ ਮੈਨੂੰ ਫਿਟਕਾਰਾ ਪਾਉਂਦਾ।
“ਤੂੰ ਕੀ ਲੜਨਾਂ ਹੱਕਾਂ ਲਈ।ਆਪਣੇ ਪਿਆਰ ਖਾਤਰ ਤੈਥੋਂ ਲੜ ਨਹੀਂ ਹੋਇਆ।ਸ਼ਾਇਰ ਬਣਿਆ ਫਿਰਦਾ ਵੱਡਾ।” ਜਦੋਂ ਮੇਰੇ ਅੰਦਰੋਂ ਐਸੀਆਂ
ਅਵਾਜ਼ਾਂ ਆਉਂਦੀਆਂ। ਮੈਂ ਸੁਰਤੀ ਨੂੰ ਖੰਡਾਉਣ ਦੀ ਕੋਸ਼ਿਸ ਕਰਦਾ।
“ਕੋਸ਼ਿਸ਼ ਤਾਂ ਭਾਈ ਹਰੇਕ ਬੰਦਾ ਕਰਦਾ।ਕੀ ਕਰੀਏ ਜਦੋਂ ਕਿਸਮਤ ਈ ਖੋਟੀ ਹੋਵੇ।” ਨਿਰਾਸ਼ ਹੋਇਆ ਅਮਰੀਕਾ ਰੱਬ ਲੋਕਾਂ ਨੂੰ ਆਖਦਾ
ਫਿਰਦਾ।ਸ਼ੀਰੀ ਨੂੰ ਇੰਗਲੈਂਡ ਦਾ ਕਹਿ ਕੇ ਏਜੰਟ ਨੇ ਮਲੇਸ਼ੀਆ ਉਤਾਰ ਦਿੱਤਾ।ਮਹੀਨਾ ਭਰ ਮਲੇਸ਼ੀਆ ਧੱਕੇ ਖਾ ਕੇ ਸ਼ੀਰੀ ਪਿੰਡ ਮੁੜ ਆਇਆ।
“ਸ਼ੀਰੀ ਪੁੱਤ ਆਪਾਂ ਤਾਂ ਸੀਰੀ ਰਲਣ ਜੋਗੇ ਵੀ ਨਾ ਰਹੇ।” ਅਮਰੀਕਾ ਰੱਬ ਕਦੇ ਸ਼ੀਰੀ ਵੱਲ ਝਾਕਦਾ ਕਦੇ ਉਜੜੇ ਘਰ ਵੱਲ।ਅਗਲੇ ਦਿਨ ਸਵੇਰ ਦੀ
ਪਹਿਲੀ ਗੱਡੀ ਉਹਨੇ ਮਾਡਲਾਂ ਵਾਲੇ ਸ਼ਟੇਸ਼ਨ ’ਤੇ ਜਾ ਕੇ ਗੱਡੀ ਥੱਲੇ ਸਿਰ ਦੇ ਲਿਆ।ਸਿਵਿਆਂ ਤੋਂ ਘਰ ਤੀਕ ਆਉਦਿਆਂ।ਮੈਂ ਤੇ ਸ਼ੀਰੀ ਆਪਸ
ਵਿੱਚ ਕੁਝ ਨਾ ਬੋਲੇ।ਪਰ ਘਰ ਆ ਕੇ।ਸੁੰਨਾ ਘਰ ਦੇਖ ਕੇ ਸ਼ੀਰੀ ਨੇ ਹੋਰ ਸਵਾਲ ਪਾ ਦਿੱਤਾ।
“ਮੇਰੇ ਬਾਪੂ ਦੇ ਦੁੱਖ ਦੀ ਕਵਿਤਾ ਲਿਖੇਗਾ ਨਾ ਤੂੰ?” ਮੇਰੇ ਕੋਲੋਂ ਉਥੇ ਖੜਨਾ ਮੁਸ਼ਕਲ ਹੋ ਗਿਆ।ਮੈਂ ਜ਼ਰੂਰੀ ਕੰਮ ਦਾ ਬਹਾਨਾ ਬਣਾ ਕੇ ਘਰ ਮੁੜ
ਆਇਆ।ਕੁਝ ਲਿਖਣ ਲਈ ਡਾਇਰੀ ਖੋਲ਼ੀ ਤਾਂ ਪਿੰਡ ਵਾਲ਼ੀ ਕਵਿਤਾ ਦਾ ਸਫਾ ਖੁਲ ਗਿਆ।ਮੈਂ ਲਿਖਣ ਲਈ ਕਲਮ ਚੁਕੀ ਸੀ ਕਿ ਮੇਰੇ ਚਾਚੇ ਦੇ
ਪੁੱਤ ਜੱਗੀ ਨੇ ਪਿਛੋਂ ਆ ਕੇ ਮੇਰੀ ਸੁਰਤੀ ਤੋੜ ਦਿੱਤੀ।
“ਤੂੰ ਅਜੇ ਤੀਕ ਵੀ ਕਾਗਜ਼ ਕਾਲੇ ਕਰੀ ਜਾਂਦਾ।ਫੋਰ ਜੀ ਦਾ ਜ਼ਮਾਨਾਂ ਯਾਰ।ਆ ਤੈਨੂੰ ਕੁਝ ਦਿਖਾਵਾ।” ਉਹ ਯੂ ਟਿਊਬ ’ਤੇ ਕੋਈ ਫੈਸ਼ਨ ਸ਼ੋਅ ਖੋਲ ਕੇ
ਬੈਠ ਗਿਆ।ਮੈਂ ਲਿਖਣਾ ਛੱਡ ਕੇ ਮੋਬਾਈਲ ’ਤੇ ਨਜ਼ਰਾਂ ਗੱਡ ਲਈਆਂ।ਅਗਲੇ ਹੀ ਪਲ ਮੈਨੂੰ ਨਾ ਸ਼ੀਰੀ ਦੀ ਕਵਿਤਾ ਯਾਦ ਰਹੀ ਨਾ ਪਿੰਡ ਦੀ।
“ਲੈ ਲਾ ਇਹੋ ਜਿਹਾ ਫੋਨ। ਦੇਖ ਲਾ ਕਿੰਨਾ ਨਜ਼ਾਰਾ।ਬਹੁਤ ਕੁਝ ਆਉਂਦਾ ਇਹਦੇ ’ਚ।ਦੂਜਾ ਜੁਗਾੜ ਵੀ।” ਜੱਗੀ ਨੇ ਮੇਰੇ ਵੱਲ ਦੇਖ ਅੱਖ ਦੱਬੀ।ਮੈਂ
ਜੇਬ ਵਿੱਚ ਹੱਥ ਮਾਰਿਆ ।ਆਪਣਾ ਬਲੈਕ ਐਂਡ ਵਾਈਟ ਫੋਨ ਕੱਢਿਆ।ਜੱਗੀ ਦੇ ਫੋਨ ਅੱਗੇ ਮੈਨੂੰ ਆਪਣਾ ਫੋਨ ਬੜਾ ਨਕਲੀ ਜਿਹਾ ਲੱਗਿਆ।ਮੈਂ
ਅਲਮਾਰੀ ਖੋਲੀ।ਕਿਤਾਬਾਂ ਦੇ ਪਿਛੇ ਪੈਸੇ ਪਏ ਸਨ।
“ਮੈਂ ਤਾਂ ਯਾਰ ਕਾਗਜ਼ ਤੇ ਕਿਤਾਬਾਂ ਖ੍ਰੀਦਣ ਲਈ ਰੱਖੇ ਸਨ।” ਮੈਂ ਨੋਟ ਗਿਣਦਿਆਂ ਜੱਗੀ ਨੂੰ ਆਖਿਆ।
“ਕਿਤਾਬਾਂ ਪੜ੍ਹ-ਪੜ੍ਹ ਤਾਂ ਤੂੰ ਮਗਜ਼ ਖਰਾਬ ਕਰ ਲੈਣਾ।ਆਜਾ ਆਪਾਂ ਗਣੇਸ਼ ਟੈਲੀਕਾਮ ’ਤੇ ਚੱਲੀਏ।”
ਮੈਂ ਵੀ ਜੱਗੀ ਵਰਗਾ ਮੋਬਾਈਲ ਲੈ ਲਿਆ।ਨੈੱਟ ਪਵਾ ਕੇ ਮੈਂ ਕਈ ਦਿਨ ਉਸੇ ਵਿਚ ਗੁਆਚਿਆ ਰਿਹਾ।ਮੈਨੂੰ ਕਵਿਤਾ ਭੁਲ ਗਈ।ਡਾਇਰੀ ਕਈ
ਦਿਨ ਮੇਜ਼ ਉਤੇ ਪਈ ਰਹੀ।ਜਿਸ ਦਿਨ ਮੇਰਾ ਧਿਆਨ ਪਿਆ।ਮੇਜ਼ ਤੇ ਡਾਇਰੀ ਦੋਨਾਂ ਉਤੇ ਧੂੜ ਜੰਮੀ ਪਈ ਸੀ।
“ਸ਼ੇਰਾ ਜਿਹੜੀਆਂ ਚੀਜ਼ਾਂ ਦੀ ਵਰਤੋਂ ਨਾ ਹੋਵੇ ਉਨਾਂ ’ਤੇ ਧੂੜ ਹੀ ਜੰਮਣੀ ਹੁੰਦੀ।” ਥੜੇ ’ਤੇ ਜੰਮੀ ਧੂੜ ਦੇਖ ਕੇ ਸੈਣੀਆਂ ਦੇ ਬੁੜੇ ਨੇ ਆਖਿਆ।ਉਹ
ਮੇਰੇ ਪਿਛੇ ਹੀ ਖੜਾ ਸੀ।
“ਮਹਿਲੀਆਂ ਨੇ ਥੜਾ ਤਾਂ ਚੰਗਾ ਸੋਹਣਾ ਬਣਾ ’ਤਾਂ ਸਹੁਰੀ ਦੇ ਚਾਰ ਬੰਦੇ ਵੀ ਇੱਥੇ ਬੈਠਣ ਨੂੰ ਬਾਹਰੋਂ ਭੇਜ ਦਿੰਦੇ।”
ਬੁੜਾ ਵੀ ਜੁੱਤੀ ਲਾਹ ਕੇ ਥੜੇ ’ਤੇ ਆ ਬੈਠਾ।ਨਹੀਂ…ਨਹੀਂ ਗਿਆਨ ਗੋਸ਼ਟਿ ਮੈਂ ਨਹੀਂ ਸੀ ਘੋਟੀ ਬੁੜੇ ਨਾਲ।ਗੱਲਾਂ ਤਾਂ ਸਗੋਂ ਉਹਨੇ ਦੱਸੀਆਂ ਸੀ
ਮੈਨੂੰ।ਅਗਲੇ ਪਾਰ ਦੀਆਂ।ਜਿਵੇਂ ਕਹਿੰਦੇ ਨਾ ਮੱਕਿਓ ਅੱਗੇ ਉਜਾੜ ਹੁੰਦਾ।ਉਹਦੀਆਂ ਗੱਲਾਂ ਤੋਂ ਮੈਂ ਆਹੀ ਸਿੱਟਾ ਕੱਢਿਆ।
“ਬਾਹਰ ਤੋਂ ਯਾਦ ਆਇਆ ਤਾਇਆ ਬਾਹਰ ਤਾਂ ਕਹਿੰਦੇ ਤੂੰ ਵੀ ਗਿਆ ਸੀ।” ਇਸ ਤੋਂ ਪਹਿਲਾਂ ਕਿ ਬੁੜਾ ਕੋਈ ਸਵਾਲ ਪਾਉਂਦਾ।ਮੈਂ ਬੁੜੇ ਨੂੰ ਸਵਾਲ
ਪਾ ਦਿੱਤਾ।ਪਰ ਸਹੀ ਦੱਸਾਂ ਬੁੜਾ ਤਾਂ ਜਿਵੇਂ ਤਪਿਆ ਹੀ ਬੈਠਾ ਸੀ।ਕਹਿਣ ਲੱਗਾ-
“ਬਾਹਰ ਮੈਂ ਕਿਹੜੀਆਂ ਧਾਰਾ ਲੈਣ ਗਿਆ ਸੀ।ਮੁੰਡਾ ਲੈ ਗਿਆ ਸੀ ਮੱਲੋਜ਼ੋਰੀ।ਉਹਨੂੰ ਆਪਣੀ ਤਮਾ ਸੀ।ਜਵਾਕ ਸਾਂਭਣ ਦੀ।ਆਪ ਦੋਹੇਂ ਜੀਅ ਕੰਮ
’ਤੇ ਤੁਰ ਜਾਂਦੇ।ਮੈਂ ਪਿਛੋਂ ਜਵਾਕ ਸਾਂਭਦਾ।ਪਹਿਲਾਂ ਸਾਰੀ ਉਮਰ ਇਹਨਾਂ ਨੂੰ ਸਾਂਭਿਆ।ਤਾਈ ਤਾਂ ਤੇਰੀ ਸ਼ੇਰਾ ਤੀਹ ਸਾਲ ਹੋਗੇ ਗੁਜ਼ਰੀ ਨੂੰ।ਜਵਾਕ ਮੈਥੋਂ
ਸੂਤ ਨਾ ਆਉਣ।ਕੰਮ ਕੋਈ ਹੈ ਨਾ।ਨਾ ਬੰਦਾ ਮਿਲਦਾ ਨਾ ਪਰਿੰਦਾ।ਮੈਂ ਤਾਂ ਅੱਕ ਗਿਆ।ਚੜ ਆਇਆ ਜਹਾਜ਼ੇ।ਜਿੱਥੇ ਇੰਨੇ ਸਾਲ ’ਕੱਲਿਆਂ ਕੱਟੇ।ਆਹ ਬਚੇ ਬਚਾਏ ਵੀ ਕੱਟ ਜਾਣੇ।”
ਬੁੜੇ ਨੇ ਆਪਣੀ ਕਥਾ ਛੇੜ ਲਈ।
“ਆਪ ਮਾਸਟਰ ਸੀ ਸਾਡੇ ਵਾਲਾ ਤੇ ਘਰ ਵਾਲੀ ਬੈਂਕ ’ਚ ਸਰਵਿਸ ਕਰਦੀ ਸੀ।ਨਾ ਘਾਟਾ ਸੀ ਕੋਈ? ਜ਼ਮੀਨ ਵੀ ਹੈਗੀ ਥੋੜੀ-ਘਣੀ।ਪਰ ਸਬਰ
ਹੈਨੀ ਬੰਦੇ ਨੂੰ।ਘਰ ਛੱਤ ਗਏ ਕਿਲ੍ਹੇ ਵਰਗਾ।ਵਿਚ ਮੈਂ ’ਕੱਲਾ ਵਹਾਂਕਦਾ ਫਿਰਦਾ।ਤੈ ਕੋਈ ਕਵਿਤਾ ਲਿਖਣੀ ਤਾਂ ਇਹਨਾਂ ਖਾਲੀ ਘਰਾਂ ਦੀ
ਲਿਖ।ਗਿਣ ਪਿੰਡ ਦੇ ਕਿੰਨੇ ਘਰ ਖਾਲੀ ਪਏ।ਆਪਣਾ ਤਾਂ ਪਿੰਡ ਤਾਂ ਬੱਲਿਆ ਐਨ.ਆਰ.ਆਈਆਂ ਦਾ ਵੱਜਦਾ ਇਲਾਕੇ ’ਚ।ਹਰੇਕ ਤੀਜਾ ਬੰਦਾ
ਵਿਦੇਸ਼ ਬੈਠਾ ਜਾ ਕੇ।ਨੰਬਰਦਾਰਾਂ ਦੇ ਤਾਂ ਹੁਣ ਨੱਥੂ ਭਈਆ ਰਹਿੰਦਾ ਪੱਕਾ ਈ।ਤੂੰ ਜਾਣ ਬਈ।ਉਹਨੂੰ ਵੀ ਪੀ.ਆਰ ਮਿਲ ਗਈ।” ਏਸ ਗੱਲ ’ਤੇ ਮੈਂ ਤੇ
ਬੁੜਾ ਦੋਵੇਂ ਹੱਸ ਪਏ।ਪਰ ਖਾਲੀ-ਖਾਲੀ ਉਜੜਿਆ-ਉਦਾਸ ਪਿੰਡ ਪਿੱਛੇ ਖੜਾ ਸੀ।ਅੱਡੇ ਵਾਲੇ ਇਸ ਥੜੇ ਤੋਂ ਪਿਛੇ ਨੂੰ ਪੂਰਾ ਪਿੰਡ ਨਜ਼ਰ ਆਉਂਦਾ।
ਨਜ਼ਰ ਤਾਂ ਮੈਨੂੰ ਅਮਨ ਦੀ ਮੁਹੱਬਤ ਵੀ ਆਉਂਦੀ ਸੀ।ਪਰ …!!ਚਲੋ ਪਹਿਲਾ ਮੇਰੀ ਤੇ ਉਹਦੀ ਮੁਹੱਬਤ ਦੀ ਕਥਾ ਦੱਸਦਾ।ਅਸੀਂ ਦੋਵੇਂ ਕਾਲਜ
ਪੜਦੇ ਸਾਂ।ਅਮਨ ਨੂੰ ਮੇਰੀ ਕਵਿਤਾ ਚੰਗੀ ਲੱਗਦੀ ਸੀ।ਉਹ ਕਵਿਤਾ ਦੀਆਂ ਗੱਲਾਂ ਕਰਨ ਲਈ ਮੇਰੇ ਕੋਲ ਆ ਜਾਂਦੀ।ਅਸੀਂ ਲਾਇਬ੍ਰੇਰੀ ਬੈਠੇ
ਕਵਿਤਾ ਦੀਆਂ ਗੱਲਾਂ ਕਰਦੇ। ਕਿਤਾਬਾਂ ਦੀਆਂ ਗੱਲਾਂ ਕਰਦੇ।ਕਵਿਤਾ ਦੀਆਂ ਗੱਲਾਂ ਕਰਦਿਆਂ-ਕਰਦਿਆਂ ਸਾਡੀਆਂ ਦੋਵਾਂ ਦੀਆਂ ਅੱਖਾਂ ਵਿੱਚ
ਮੁਹੱਬਤ ਦੀ ਕਵਿਤਾ ਲਿਖੀ ਗਈ।ਚਾਰ ਸਾਲ ਦੇ ਮੁਹੱਬਤ ਦੇ ਰਿਸ਼ਤੇ ਵਿਚ ਅਸੀਂ ਜ਼ਿੰਦਗੀ ਨੂੰ ਰੱਜ ਕੇ ਜੀਅ ਲਿਆ।ਮੇਰੀ ਕਵਿਤਾ ਵਿਚ ਹੋਰ
ਨਿਖਾਰ ਆ ਗਿਆ।
“ਮੁਹੱਬਤ ਬੰਦੇ ਨੂੰ ਬੰਦਾ ਹੋਣਾ ਸਿਖਾਉਂਦੀ।” ਕਿਸੇ ਸ਼ਾਇਰ ਦੀ ਕਹੀ ਗੱਲ ਮੈਨੂੰ ਚੰਗੀ ਲੱਗਦੀ।ਇਹ ਗੱਲ ਮੈਂ ਡਾਇਰੀ ’ਤੇ ਲਿਖ ਲਈ।ਪਰ ਜਦੋਂ
ਜ਼ਿੰਦਗੀ ਇੱਕਠਿਆਂ ਕੱਟਣ ਦੀ ਵਾਰੀ ਆਈ।ਮੇਰੇ ਅੰਦਰੋਂ ਜਿਵੇਂ ਬੰਦਾ ਹੀ ਮਨਫ਼ੀ ਹੋ ਗਿਆ।ਮੈਨੂੰ ਲੱਗਿਆ , ਸਾਡੀ ਜਾਤ ਇੱਕ ਨਹੀਂ ਹੈ।ਏਸ
ਵਿਆਹ ਨੂੰ ਕਿਵੇਂ ਮੰਨਣਾ ਮੇਰੇ ਮਾਪਿਆ।ਜਿਸ ਦਿਨ ਮੈਂ ਇਹ ਗੱਲ ਸੋਚ ਲਈ।ਉਸ ਦਿਨ ਤੋਂ ਮੁਹੱਬਤ ਦਾ ਰੰਗ ਮੇਰੇ ਮਨ ਵਿੱਚੋਂ ਫਿੱਕਾ ਪੈਣਾ ਸ਼ੁਰੂ ਹੋ
ਗਿਆ।…ਤੇ ਉਸ ਰਾਤ ਮੇਰੀ ਆਪਣੀ ਹੀ ਲ਼ਿਖੀ ਕਵਿਤਾ ‘ ਘੀਚਰ ਦੇ ਭਾਂਡੇ ’ ਮੇਰੇ ਸੁਪਨੇ ਵਿਚ ਗੂੰਜ਼ਦੀ ਰਹੀ।
ਮੈਨੂੰ ਮੁੜ ਸਾਰੀ ਰਾਤ ਨੀਂਦ ਨਾ ਆਈ।ਲੱਗਿਆ ਜਾਤ-ਪਾਤ ਦਾ ਵਿਰੋਧ ਬਸ ਇੱਕ ਕਵਿਤਾ ਹੀ ਲਿਖ ਕੇ ਨਹੀਂ ਹੋ ਸਕਦਾ।
ਇਹੀ ਗੱਲ ਮੇਰਾ ਜੀਅ ਕੀਤਾ ਸੀ ਸੈਣੀਆਂ ਦੇ ਬੁੜੇ ਨੂੰ ਵੀ ਕਹਾਂ।ਆਖਾਂ ਕਿ ਤਾਇਆ ਮੇਰੀ ਲਿਖੀ ਕਵਿਤਾ ਖਾਲੀ ਘਰਾਂ ਦੇ ਵਾਰਸਾਂ ਨੂੰ ਮੋੜ ਨਹੀਂ
ਸਕਦੀ।ਪਰ ਮੈਂ ਇਹ ਸਭ ਕਹਿਣ ਦੀ ਥਾਂ ਘਰ ਜਾਣ ਦੀ ਇਜ਼ਾਜਤ ਮੰਗਕੇ ਉਥੋਂ ਉਠ ਤੁਰਿਆਂ।ਵੱਡੀ ਗਲੀ ਦਾ ਮੋੜ ਮੁੜਨ ਤੀਕ ਮੈਂ ਪਿਛਾਂਹ ਮੁੜ-
ਮੁੜ ਦੇਖਦਾ ਰਿਹਾ।ਖਾਲੀ ਥੜਾ ਤੇ ਇੱਕਲਾ ਬੈਠਾ ਬੁੜਾ ਮੈਨੂੰ ਮੁੜ ਕਵਿਤਾ ਲਿਖਣ ਲਈ ਪ੍ਰੇਰਨ ਲੱਗੇ।ਘਰ ਆ ਕੇ ਅਜੇ ਡਾਇਰੀ ਖੋਲੀ ਹੀ ਕਿ
ਜੱਗੀ ਦਾ ਫੋਨ ਆ ਗਿਆ।
“ਵਟਸਐਪ ਦੇਖ ਪੱਟੂਆ!ਬੋਦੀ ਵਾਲੇ ਬਾਬੇ ਦਾ ਕਾਂਡ ਭੇਜਿਆ ਤੈਨੂੰ।”
ਮੈਂ ਇੰਟਰਨੈਟ ਆਨ ਕਰਕੇ ਵਟਸਐਪ ਚਲਾਇਆ।ਵੀਡੀਓ ਡਾਊਨਲੋਡ ਕਰਕੇ ਦੇਖਣ ਲੱਗਾ।ਬਾਬੇ ਦੀ ਕਰਤੂਤ ਦੇਖ ਕੇ ਮੇਰਾ ਮਨ ਖਰਾਬ ਹੋ
ਗਿਆ।
“ਇਹਨੂੰ ਤਾਂ ਮੈਂ ਚੰਗਾ ਸਮਝਦਾ ਸੀ।”-ਸੋਚ ਕੇ ਮਨ ਵਿੱਚ ਮੋਟੀ ਸਾਰੀ ਗਾਹਲ ਬੋਦੀ ਵਾਲੇ ਸਾਧ ਨੂੰ ਕੱਢੀ।ਚੈਨਲਾਂ ਵਾਲਿਆਂ ਨੂੰ ਮਸਾਲਾ ਮਿਲ
ਗਿਆ।ਹਫਤਾ ਭਰ ਟੀ.ਵੀ ਉਤੇ ਬੋਦੀ ਵਾਲੇ ਬਾਬੇ ਦੀ ਚਰਚਾ ਹੀ ਛਿੜੀ ਰਹੀ।ਇਲਾਕਾ ਭਰਿਆ ਪਿਆ ਸੀ ਬਾਬੇ ਦੇ ਸੇਵਕਾਂ ਨਾਲ।ਪਰ ਵੀਡੀਓ
ਲੀਕ ਹੋਣ ਨਾਲ ਚਾਰੇ ਪਾਸੇ ਹਾਹਾਕਾਰ ਮੱਚ ਗਈ।
“ਸਾਧ ਨਹੀਂ!ਉਹ ਤਾਂ ਸਾਲਾ ਸਾਨ੍ਹ ਸੀ।” ਸਾਡੇ ਪਿੰਡ ਵਾਲਾ ਰਵੇਲ ਕਾਮਰੇਡ ਕਈ ਦਿਨ ’ਕੱਲੇ-’ਕੱਲੇ ਕੋਲ ਸਾਧ ਨੂੰ ਗਾਹਲਾਂ ਕਢਦਾ ਰਿਹਾ।ਮੈਂ ਵੀ
ਗਿਆ ਸੀ ਬੋਦੀ ਵਾਲੇ ਸਾਧ ਦੇ ਡੇਰੇ।ਹਰਜੀਤ ਨੂੰ ਲੈ ਕੇ।…ਮੈਨੂੰ ਪਤਾ ਸੀ ਤੁਸੀਂ ਆਹੀ ਕਹਿਣਾ ਸੀ ਕਿ ਚੰਗੇ-ਭਲੇ ਬੰਦੇ ਵੀ ਸਾਧਾ ਦੇ ਤੁਰੇ
ਫਿਰਦੇ।ਇਹਤੋਂ ਵੱਧ ਹਨੇਰ ਹੋ ਸਕਦਾ ਕੋਈ।ਪਰ ਮੇਰੀ ਸਮੱਸਿਆ ਹੀ ਹੋਰ ਸੀ।ਹਰਜੀਤ…।ਹਰਜੀਤ ਕੌਣ ਸੀ?...ਜਿਸ ਨਾਲ ਮਾਪਿਆਂ ਮੇਰੇ ਫੇਰੇ
ਕਰਵਾਏ ਸੀ ਉਹ ਕੁੜੀ ਸੀ ਹਰਜੀਤ।ਫਤਾਹਪੁਰ ਦੀ।ਘਰ ਦਿਆਂ ਵਿਆਹ ਵੇਲੇ ਰਾਤੋਂ ਦਿਨ ਸੀ ਚੜਨ ਦਿੱਤਾ।ਪਰ ਸਿਆਣੇ ਕਹਿੰਦੇ ਕਾਹਲੀ ਅੱਗੇ
ਟੋਏ ਹੁੰਦੇ।ਉਹੀ ਕਾਹਲੀ ਟੋਆ ਬਣ ਕੇ ਮੇਰੇ ਅੱਗੇ ਆ ਗਈ।ਸਾਡੇ ਵਿਚਾਲੇ ਵਿਚਾਰਾਂ ਦਾ ਯੁੱਧ ਪਹਿਲੇ ਦਿਨੋਂ ਹੀ ਛਿੜ ਪਿਆ ਸੀ।ਪਰ ਢਾਈਆਂ ਕੁ
ਸਾਲਾਂ ’ਚ ਇਹ ਯੁੱਧ ਮਹਾਂ-ਯੁੱਧ ਵਿਚ ਬਦਲ ਗਿਆ।ਉਹ ਸੁੱਤੀ ਪਈ ਉਠ ਕੇ ਚੀਕਾਂ ਮਾਰਨ ਲੱਗਦੀ।ਆਪਣੇ ਸਿਰ ਦੇ ਵਾਲ ਖੋਹਣ ਲੱਗਦੀ।ਘਰ
ਦੀਆਂ ਚੀਜ਼ਾਂ ਭੰਨਣ ਲੱਗਦੀ।ਪੁਛਿਆਂ ਦੁੱਖ ਨਾ ਦੱਸਦੀ।ਨਿਕੀ-ਨਿਕੀ ਗੱਲੋਂ ਅਸੀਂ ਖਹਿਬੜਨ ਲੱਗਦੇ।ਕਦੀ ਉਹ ਮੇਰੀਆਂ ਲਿਖੀਆਂ ਕਵਿਤਾਵਾਂ
ਪਾੜ ਦਿੰਦੀ।
“ਮੈਨੂੰ ਪਤਾ ਕਵੀਆਂ ਦਾ ਕਈ ਤੀਵੀਆਂ ਨਾਲ ਚੱਕਰ ਹੁੰਦਾ।” ਮੈਂ ਲਿਖਣ ਬੈਠਦਾ ਤਾਂ ਉਹ ਝਗੜਨ ਲੱਗਦੀ।ਬਥੇਰਾ ਚਿਰ ਮੈਂ ਅੰਦਰ ਵੜ-ਵੜ
ਜਰਦਾ ਰਿਹਾ।ਅਖੀਰੀ ਜਦੋਂ ਉਹਦਾ ਪਾਗਲਪਣ ਹੋਰ ਵੱਧ ਗਿਆ।ਮੈਂ ਮਾਪਿਆ ਅੱਗੇ ਹਾਲ-ਪਾਰਿਆ ’ਲਾ ਦਿੱਤਾ।
ਫਤਾਹਪੁਰੀਏ ਬਾਬੇ ਦੇ ਜਾਂਦੇ ਸਨ।ਘਰਦਿਆਂ ਮੱਲੋ-ਜ਼ੋਰੀ ਮੈਨੂੰ ਤੇ ਹਰਜੀਤ ਨੂੰ ਨਾਲ ਤੋਰ ਦਿੱਤਾ।ਮਹਿਲ ਵਰਗਾ ਬਾਬੇ ਦਾ ਡੇਰਾ।ਕਈ ਬੰਦੇ-ਬੁੜੀਆਂ,
ਜਵਾਨ ਮੁੰਡੇ ਕੁੜੀਆਂ ਡੇਰੇ ਫਿਰਦੇ।ਬਾਬੇ ਦੇ ਵੱਡੇ ਸੇਵਾਦਾਰ ਨੂੰ ਮੁਸ਼ਕਲ ਦੱਸੀ।ਉਹਨੇ ਕਿਹਾ ਕੁੜੀ ਨੂੰ ਇੱਥੇ ਛੱਡ ਜਾਓ।ਦੋ ਦਿਨਾਂ ਨੂੰ ਆਇਓ।
“ਕਿਸੇ ਦਿਮਾਗ ਵਾਲੇ ਡਾਕਟਰ ਕੋਲੇ ਚਲਦੇ।” ਹਰਜੀਤ ਨੂੰ ਡੇਰੇ ਛੱਡਣ ਤੋਂ ਮੈਂ ਨਾਂਹ ਨੁਕਰ ਕੀਤੀ।ਪਰ ਮੇਰੀ ਸੱਸ ਨਾ ਮੰਨੀ।ਆਖੀਰੀ ਮੈਂ
ਸੋਚਿਆ।ਕੋਈ ਫਾਇਦਾ ਨਹੀਂ ਇਹਨਾਂ ਨੂੰ ਸਮਝਾਉਣ ਦਾ।ਮੈਂ ਬੱਸੇ ਚੜਕੇ ਪਿੰਡ ਮੁੜ ਆਇਆ।ਦੂਜੇ ਦਿਨ ਢਲੇ ਦਿਨ ਮੇਰਾ ਸਹੁਰਾ ਹਰਜੀਤ ਨੂੰ ਘਰ
ਛੱਡ ਗਿਆ।ਮੇਰਾ ਜੀਅ ਤਾਂ ਕੀਤਾ ਪੁਛਾ ਉਹਨੂੰ ਨੂੰ ਕਿ ਕੀ ਕਹਿੰਦਾ ਥੋਡਾ ਬਾਬਾ।ਪਰ ਮੈਂ ਚੁੱਪ ਰਿਹਾ।ਦੋ ਤਿੰਨ ਦਿਨ ਬਥੇਰੇ ਸੌਖੇ ਲੰਘੇ।ਘਰਦਿਆਂ
ਅੰਬਰਸਰ ਨੂੰ ਤੋਰ ਦਿੱਤਾ।ਦਰਬਾਰ ਸਾਹਬ ਮੱਥਾ ਟੇਕਣ ਲਈ।ਮੈਂ ਵੀ ਸ਼ੁਕਰ ਮਨਾਇਆ।ਬੜੀ ਦੇਰ ਬਾਅਦ ਗੂੜੀ ਨੀਂਦ ਆਉਣ ਲੱਗੀ ਸੀ।ਪਰ ਫੇਰ
ਇਕ ਦਿਨ ਉਹੀ ਕਹਾਣੀ ਸ਼ੂਰੂ ਹੋ ਗਈ।ਮੈਂ ਉਹਦੇ ਕੋਲੋਂ ਰੋਟੀ ਮੰਗੀ।ਕਮਰੇ ਵਿਚੋਂ ਜਾ ਕੇ ਉਹ ਰਸੋਈ ਵਿਚ ਭਾਂਡੇ ਭੰਨਣ ਲੱਗੀ।ਅਵਾਜ਼ ਸੁਣ ਕੇ ਮੈਂ
ਭੱਜਾ ਗਿਆ।ਰੋਕਿਆ ਤਾਂ ਕੰਧਾਂ ਨਾਲ ਸਿਰ ਮਾਰਨ ਲਗੀ।ਪਲਾਂ ਵਿਚ ਅਜੀਬ ਜਿਹਾ ਮਾਹੌਲ ਬਣ ਗਿਆ।ਫਤਾਹਪੁਰੀਏ ਵੀ ਆ ਗਏ।ਉਹਨਾਂ ਮੁੜ
ਬਾਬੇ ਦੇ ਜਾਣ ਦੀ ਗਲ ਕੀਤੀ।ਪਰ ਮੈਂ ਨਾ ਮੰਨਿਆਂ।ਡਾਕਟਰ ਦੇ ਜਾਣ ਨੂੰ ਉਹ ਨਾ ਮੰਨਦੇ।ਆਖੀਰੀ ਉਹ ਹਰਜੀਤ ਨੂੰ ਆਪਣੇ ਨਾਲ ਲੈ ਗਏ।ਛੇ
ਮਹੀਂਨੇ ਚੁੱਪ ਵਿਚ ਹੀ ਬੀਤ ਗਏ।ਮੁੜ ਮੈਂ ਘਰਦਿਆਂ ਨਾਲ ਦੋ ਹਰਫ਼ੀ ਗੱਲ ਮੁਕਾ ਲਈ।ਉਸ ਪਾਗਲ ਔਰਤ ਨਾਲ ਰਹਿਣ ਨੂੰ ਮੈਂ ਨਹੀਂ ਸੀ
ਰਾਜ਼ੀ।ਕਈ ਵਾਰ ਪੰਚਾਇਤਾ ਹੋਈਆਂ।ਅੰਤ ਨੂੰ ਸਾਡਾ ਲਿਖ-ਲਿਖਾ ਹੋ ਗਿਆ।ਉਸ ਤੋਂ ਮਗਰੋਂ ਮੈਂ ਜ਼ਿੰਦਗੀ ਅਮਨ ਦੇ ਲੇਖੇ ਲਾ ਦਿੱਤੀ।
“ਮੁੜ ਲੇਖੇ ਲਾਈ ਦਾ ਕੀ ਭਾਅ ਜਦ ਸਹੀ ਵੇਲੇ ਤੈਂ ਹਿੰਮਤ ਨਾ ਕੀਤੀ।”-ਮੈਂ ਜਾਣਦਾ ਅਮਨ ਨੇ ਆਹੀ ਗੱਲ ਕਹਿਣੀ ਮੈਨੂੰ। ਹੁਣ ਜੇ ਮੈਂ ਆਪਣਾ
ਫੈਸਲਾਂ ਉਹਨੂੰ ਦੱਸਾਂ।ਪਰ ਹੁਣ ਤਾਂ ਖਬਰੇ ਉਹ ਕਿੱਥੇ ਹੋਵੇ।
“ਕਿੱਥੇ ਜਾਣਾ ਇਹਨੇ ਸਾਧ ਨੇ।ਜੇਲ ਕੱਟ ਆਕੇ ਮੁੜ ਸੰਤਸੰਗ ਸ਼ੁਰੂ ਕਰ ਲਉ।ਇਹਨਾਂ ਦਾ ਬੀਅ ਨਾਸ ਕਰਨਾ ਤਾਂ ਫਾਹੇ ਟੰਗੋ ਇਹਨਾਂ ਨੂੰ ਫਾਹੇ।”
ਕਾਮਰੇਡ ਗਰਮ ਹੋਣ ਲੱਗਦਾ।ਕਈ ਵਾਰ ਜਦ ਮੈਂ ਬੇਹੱਦ ਉਦਾਸ ਹੋ ਜਾਂਦਾ।ਮੇਰਾ ਜੀਅ ਕਰਦਾ ਮੈਂ ਵੀ ਸਾਧ ਹੋ ਜਾਵਾਂ।ਸਾਰਾ ਕੁਝ ਛੱਡ ਕੇ ਕਿਸੇ ਡੇਰੇ
ਜਾ ਬੈਠਾ।
“ਡੇਰੇ ਤਾਂ ਭਾਈ ਸਾਹਬ ਖੁੰਬਾਂ ਵਾਂਗੂ ਪੈਦਾ ਹੋਗੇ ਪੰਜਾਬ ’ਚ।ਇੱਕ ਪਿੰਡ ਵਿਚ ਦੋ-ਦੋ ਬਾਬੇ ਬੈਠੇ।” ਕਾਮਰੇਡ ਬਾਬਿਆਂ ਦੇ ਪਿਛੇ ਪਿਆ ਰਹਿੰਦਾ।ਜਿਵੇਂ
ਮੈਂ ਉਦਾਸ ਪਿੰਡ ਵਾਲੀ ਕਵਿਤਾ ਦੇ ਪਿਛੇ ਪਿਆ।ਪਰ ਜਿਸ ਦਿਨ ਦਾ ਮੈਂ ਨਵਾਂ ਫੋਨ ਲਿਆ ਸੀ।ਲਿਖਣ ਪੜਨ ਵਾਲਾ ਕੰਮ ਮੱਠਾ ਪੈ ਗਿਆ।ਜਦੋਂ ਵੀ
ਵਹਿਲ ਮਿਲਦੀ ਮੈਂ ਨੈੱਟ ਖੋਲ ਕੇ ਬੈਠ ਜਾਂਦਾ।ਅੱਗੇ ਹੀ ਅੱਗੇ ਕੁਝ ਖੁਲਦਾ ਤੁਰਿਆ ਜਾਂਦਾ।ਕਿਤਾਬ ਖੁਲੀ ਪਈ ਰਹਿੰਦੀ।ਮੈਂ ਕਿਤੇ ਹੋਰ ਚਲਿਆ
ਜਾਂਦਾ।ਮੈਂ ਜੱਗੀ ਨੂੰ ਮਜ਼ਾਕ ਕਰਦਾ।ਆਖਦਾ-ਇਹ ਤਾਂ ਪੈਸੇ ਦੇ ਕੇ ਤੂੰ ਮੁਸੀਬਤ ਮੁੱਲ ਲੈ ਦਿੱਤੀ।ਜੱਗੀ ਆਪਣੀ ਫੇਸਬੁੱਕ ਖੋਲ ਕੇ ਦਿਖਾਉਣ
ਲੱਗਦਾ।ਆਪਣੀਆਂ ਪੋਸਟਾਂ ’ਤੇ ਹੋਏ ਲਾਈਕ ਤੇ ਕੁਮੈਟ ਗਿਣਨ ਲੱਗਦਾ।
“ਤੂੰ ਆਪਣੀਆਂ ਕਵਿਤਾਵਾਂ ਫੇਸਬੁਕ ’ਤੇ ਪਾਇਆ ਕਰ।ਅਜ ਕੱਲ ਲੋਕ ਕਿਤਾਬਾਂ ਨਹੀਂ ਪੜਦੇ।” ਜੱਗੀ ਨੇ ਮੇਰਾ ਫੇਸਬੁੱਕ ਅਕਾਊਂਟ ਬਣਾ
ਦਿੱਤਾ।ਮੇਰੀਆਂ ਕਈ ਕਵਿਤਾਵਾਂ ਫੇਸਬੁਕ ਉਪਰ ਪਾ ਦਿੱਤੀਆਂ।ਧੜਾ-ਧੜ ਲਾਈਕ ਤੇ ਕੁਮੈਂਟ ਆਉਂਣ ਲੱਗੇ।ਕੋਈ ਕਵਿਤਾ ਨੂੰ ਸਿਰਾ ਆਖਦਾ।ਕੋਈ
ਕੋਕਾ।ਕੋਈ ਅੱਤ।ਮੈਂ ਇਹੋ ਜਿਹੇ ਕੁਮੈਂਟ ਪੜ-ਪੜ ਅੱਕ ਗਿਆ।ਇਹ ਅਸਾਹਿਤਕ ਜਿਹੀ ਭਾਸ਼ਾ ਕਵਿਤਾ ਲਈ ਨਹੀਂ ਹੋ ਸਕਦੀ।ਸੋਚ ਕੇ ਮੈਂ ਫੇਸਬੁੱਕ
ਉਪਰ ਕਵਿਤਾਵਾਂ ਪਾਉਣੀਆਂ ਬੰਦ ਕਰ ਦਿੱਤੀਆਂ।
ਸ਼ੀਰੀ ਕਈ ਚਿਰ ਪਿਛੇ ਪਿਆ ਰਿਹਾ।ਉਹ ਆਖਦਾ-ਮੇਰੇ ਬਾਪੂ ਦੇ ਦੁੱਖ ਦੀ ਕਵਿਤਾ ਲਿਖ ਕੇ ਫੇਸਬੁੱਕ ’ਤੇ ਪਾ।ਮੈਂ ਤੇਰੀ ਪੋਸਟ ਨੂੰ ਸ਼ੇਅਰ ਕਰਾਂਗਾ।ਮੈਂ
ਉਹਨੂੰ ਹਰ ਵਾਰ ਬਹਾਨਾ ਬਣਾ ਕੇ ਟਾਲ ਦਿੰਦਾ।ਮੈਨੂੰ ਕਵਿਤਾ ਨਾ ਸੁਝਦੀ।ਮੈਂ ਡਾਇਰੀ ਦੇ ਕਈ ਸਫ਼ੇ ਖਰਾਬ ਕਰ ਦਿੱਤੇ।ਦੋ ਚਾਰ ਸਤਰਾਂ ਲਿਖਦਾ ਤੇ
ਮੁੜ ਖੁਦ ਦੀ ਕੱਟ ਦਿੰਦਾ।
“ਲਿਖੀਆਂ ਕਿਤੇ ਕੱਟ ਹੁੰਦੀਆਂ।ਪਤਾ ਈ ਨਹੀਂ ਲੱਗਾ।ਦੁੱਖ ਅੰਦਰੋਂ ਈ ਕਿਤੇ ਪੈਦਾ ਹੋ ਜਾਂਦੇ।”-ਸਾਰਾ ਪਿੰਡ ਗਿਆਨੀ ਦੀ ਖ਼ਬਰ ਲੈਣ ਨੂੰ ਦੌੜ
ਗਿਆ।ਗਿਆਨੀ ਨੂੰ ਡਾਕਟਰਾਂ ਨੇ ਕੈਂਸਰ ਦੱਸਿਆ ਸੀ।ਪਰ ਪਤਾ ਉਦੋਂ ਲੱਗਿਆ, ਜਦੋਂ ਇਲਾਜ ਵੀ ਨਹੀ ਸੀਂ ਹੋ ਸਕਦਾ।ਗਿਆਨੀ ਦੀ ਘਰਵਾਲੀ
ਪਤਾ ਲੈਣ ਗਏ ਲੋਕਾਂ ਕੋਲੇ ਰੋਂਦੀ।ਅਗਲਾ ਦੋ ਚਾਰ ਮਿੰਟ ਉਦਾਸ ਜਿਹੀਆਂ ਗੱਲਾਂ ਕਰਕੇ ਘਰ ਮੁੜ ਆਉਂਦਾ।ਜਦੋਂ ਦਾ ਗਿਆਨੀ ਮੰਜੇ ’ਤੇ ਪਿਆ
ਸੀ।ਸਵੇਰੇ ਸ਼ਾਮ ਗੁਰਦੁਆਰੇ ਵੱਜਣ ਵਾਲਾ ਸਪੀਕਰ ਬੰਦ ਹੋ ਗਿਆ ।ਡੀਪੂ ਵਾਲਿਆਂ ਦਾ ਮੁੰਡਾ ਦੋਵੇਂ ਵੇਲੇ ਮਾੜੀ-ਚੰਗੀ ਸੇਵਾ ਕਰ ਆਉਂਦਾ।ਬਿਨਾਂ
ਸਪੀਕਰ ਤੋਂ ਪਾਠ ਕਰਦਾ।ਲੋਕ ਗੱਲਾਂ ਕਰਦੇ।ਗਿਆਨੀ ਵਿਚਾਰਾ ਅਗਿਆਨੀ ਬਣਿਆ ਰਿਹਾ।ਜਾਂਚ ਕਰਾ ਲੈਂਦਾ ਵੇਲੇ ਸਿਰ ਤਾਂ ਦੁੱਖ ਫੜਿਆ
ਜਾਂਦਾ।ਦੇਖਿਆ…ਕਿੰਨੇ ਭੋਲੇ ਹੁੰਦੇ ਲੋਕ!ਜੋ ਲੋਕ ਸੋਚਦੇ ਮੈਂ ਉਸਤੋਂ ਅਗਲੀ ਗੱਲ ਸੋਚਦਾ।ਕਿਹਾ ਸੀ ਨਾ ਮੈਂ…ਜੋ ਮੈਨੂੰ ਦਿਸਦਾ..ਉਹ ਤੁਹਾਨੂੰ ਨਹੀਂ
ਦਿਸਦਾ।ਮੈਨੂੰ ਦਿਸਦੀਆਂ…ਗਿਆਨੀ ਦੀਆਂ ਚਾਰ ਕੁੜੀਆਂ।ਤਿੰਨ ਵਿਆਹੀਆਂ ਹੋਈਆਂ ਤੇ ਚੌਥੀ ਵਿਆਹ ਦੇ ਯੋਗ ਹੋਈ।ਗਿਆਨੀ ਦਾ ਇਕੋ ਇੱਕ
ਮੁੰਡਾ…ਜਿਨੂੰ ਸਾਰਾ ਪਿੰਡ ਸਤ-ਮਾਹਿਆ ਕਹਿ ਕੇ ਛੇੜਦਾ।ਦਸ ਜਮਾਤਾਂ ਪੜ੍ਹ ਕੇ ਅੱਜ ਕੱਲ ਅੱਡੇ ਵਾਲੇ ਡਾਕਟਰ ਨਾਲ ਲੱਗਿਆ ਹੋਇਆ।ਮੈਨੂੰ ਜੇਬ
ਨਜ਼ਰ ਆਉਂਦੀ ਗਿਆਨੀ ਦੀ।ਸਾਰੀ ਉਮਰ ਪਾਠਾਂ ’ਤੇ ਬਹਿ-ਬਹਿ ਉਹਦੇ ਗੋਡੇ ਤਾਂ ਖੜ ਗਏ ਪਰ ਘਰ ਨਹੀਂ ਚੱਜ ਨਾਲ ਚਲਿਆ ।…ਤੁਸੀਂ
ਦੱਸੋ…ਕਿਵੇਂ ਕਰਾ ਲੈਂਦਾ ਗਿਆਨੀ ਇਲਾਜ?...ਉਹਨੇ ਤਾਂ ਅਖੀਰੀ ਮਰਨਾ ਈ ਸੀ।ਪਿਛਲੇ ਵਰੇ੍ਹ ਦੋਧੀਆਂ ਦਾ ਵੱਡਾ ਮੁੰਡਾ ਨਹੀਂ ਸੀ ਮਰਿਆ ਇਸੇ
ਰੋਗ ਨਾਲ…?...ਅਜੇ ਤਾਂ ਖਬਰੇ ਕੀਹਦੇ ਅੰਦਰੋਂ ਕੀ-ਕੀ ਨਿਲਕਣਾ।ਇਹ ਨਵਾਂ ਪੰਜਾਬ ਏ ਜਨਾਬ…ਜਿੱਥੇ ਖੇਤਾਂ ਵਿਚ ਫਸਲਾਂ ਨਹੀਂ ਜ਼ਹਿਰ
ਉਗਦਾ।ਮੈਂ ਜਦੋਂ ਇਹ ਗੱਲਾਂ ਸੋਚਦਾ।ਫਿਰ ਮੈਨੂੰ ਲੱਗਦਾ।ਪਿੰਡ ਦੀ ਨਹੀਂ…ਸਗੋਂ ਮੈਨੂੰ ਪੂਰੇ ਪੰਜਾਬ ਦੀ ਕਵਿਤਾ ਲਿਖਣੀ ਚਾਹੀਦੀ।ਇਕ ਬੰਦੇ ਨੂੰ
ਬਿਮਾਰੀ ਖਾਂਦੀ ਏ ਦੂਜਾ ਹਸਪਤਾਲ।
“ਖਾ ਤਾਂ ਬੰਦੇ ਨੂੰ ਚਿੰਤਾ ਵੀ ਜਾਂਦੀ ਬੱਲਿਆ!ਬਾਣੀ ਵੀ ਦੱਸਦੀ ਚਿੰਤਾ,ਚਿਤਾ ਸਮਾਨ ਹੁੰਦੀ।ਅੰਦਰੋਂ ਅੰਦਰੀ ਧੁਖਣਾ ਕੋਈ ਮਾਮੂਲੀ ਗੱਲ ਨਈ ਹੁੰਦੀ।”
ਹੱਟੀ ਵਾਲ ਚਾਚਾ ਆਪਣਾ ਦੁੱਖ ਦੱਸਣ ਲਗਦਾ।ਮੈਂ ਜਾਣਦਾ ਸਾਂ ਉਹਦੇ ਅੰਦਰ ਕੀ ਸੁਲ਼ਘਦਾ ਪਿਆ।
“ਚਾਚਾ ਗਰਮੀ ਬਹੁਤ ਏ।ਕੇਰਾ ਖੜ ਤੂੰ ।ਨਿਬੂੰ ਪਾਣੀ ਲਿਆਉਂਦਾ ਮੈਂ ਬਣਾ ਕੇ।” ਮੈਂ ਘਰ ਆ ਕੇ ਸਾਡੇ ਦੋਹਾਂ ਜੋਗਾ ਨਿੰਬੂ ਪਾਣੀ ਬਣਾ ਕੇ
ਲਿਜਾਂਦਾ।ਸੋਚਦਾ-ਠੰਡਾ ਪਾਣੀ ਚਾਚੇ ਦੇ ਤਪਦੇ ਹਿਰਦੇ ਨੂੰ ਵੀ ਠਾਰ ਦੇਊ।ਪਰ ਮੈਂ ਇਹ ਵੀ ਤਾਂ ਜਾਣਦਾ ਸੀ।ਚਾਚੇ ਦੇ ਅੰਦਰ ਦੀ ਤਪਸ਼ ਇਉਂ
ਮਿਟਣ ਵਾਲ਼ੀ ਨਹੀਂ।ਚਾਚੇ ਨੂੰ ਤਪਸ਼ ਉਹਦੇ ਆਪਣੇ ਪੁੱਤ ਨੇ ਲਾਈ ਸੀ।ਚਾਚੀ ਤੇ ਉਹਦਾ ਨੂੰਹ ਪੁੱਤ ਸਾਰੇ ਸ਼ਹਿਰ ਰਹਿੰਦੇ।ਚਾਚਾ ਪਿੰਡ ਬੈਠਾ ਇਕੱਲਾ
ਹੱਟੀ ਕਰਦਾ।ਸਵੇਰੇ ਸ਼ਹਿਰ ਜਾਂਦਾ।ਰੋਟੀ ਖਾਂਦਾ ਤੇ ਰਾਤ ਜੋਗੀ ਪੱਲੇ ਬੰਨ ਲਿਆਉਂਦਾ।
“ਚਾਚਾ ਜਦ ਪਿੰਡ ਰਹਿਣਾ ਈ ਨਹੀਂ ਤਾਂ ਵੇਚ ਦੇ ਘਰ।ਤੂੰ ਵੀ ਚਲਾ ਜਾ ਸ਼ਹਿਰ।ਇੰਨੇ ਪੈਸੇ ਉਥੇ ਰਹਿਣ ਨੂੰ ਈ ਲਾਏ।ਹੱਟੀ ਦਾ ਛੱਡ ਖਹਿੜਾ।” ਮੈਂ
ਉਸਦੀਆਂ ਉਦਾਸ ਅੱਖਾਂ ਵਿਚ ਝਾਕਦਾ।ਖਾਲੀ ਘਰ ਦੇਖ ਕੇ ਮੈਨੂੰ ਸੈਣੀਆਂ ਦਾ ਬੁੜਾ ਯਾਦ ਆ ਜਾਂਦਾ।ਕੰਧ ਉਹਲੇ ਵੀ ਪ੍ਰਦੇਸ ਹੁੰਦਾ।ਮੈਂ ਮਨ ਵਿਚ
ਸੋਚਦਾ।ਚਾਚੇ ਦਾ ਭਾਅ ਦਾ ਤਾਂ ਬਾਕੀ ਟੱਬਰ ਵਲੈਤ ਈ ਬੈਠਾ ਸੀ ਜਿੱਦਾਂ।
“ਬੱਲਿਆ! ਮੇਰਾ ਕਿਹੜਾ ਚਿੱਤ ਨਹੀਂ ਕਰਦਾ।ਪਰ ਢਿੱਡ ਲਾਹ ਕੇ ਤਾਂ ਰੱਖ ਨ੍ਹੀ ਦੇਣਾ।ਐਸੇ ਹੱਟੀ ਸਿਰੋਂ ਤਾਂ ਘਰ ਚੱਲਦਾ।ਉਹ ਦੋਵੇਂ ਜੀ ਕਿਤੇ ਪੱਕੀਆਂ
ਨੌਕਰੀਆਂ ਲੱਗ ਜਾਣ ਤਾਂ ਮੈਂ ਵੀ ਖਹਿੜਾ ਛੱਡ ਦਿਆਂ।ਮੈਂ ਜ਼ਰੂਰ ਠੰਡੀਆਂ ਰੋਟੀਆਂ ਰੋਟੀਆਂ ਖਾਣੀਆਂ।”
ਮੇਰੇ ਮਨ ਵਿਚ ਕਈ ਸਵਾਲ ਉਠਣ ਲੱਗੇ।ਪਰ ਜਾਣਦਾ ਸਾਂ।ਇਹਨਾਂ ਸਵਾਲਾਂ ਨੇ ਚਾਚੇ ਨੂੰ ਦੁੱਖ ਦੇਣਾ।ਇਸ ਲਈ ਮੈਂ ਚੁੱਪ ਰਿਹਾ।ਪਰ ਮੈਂ ਮਨ ਵਿਚ
ਸੋਚਿਆ ਚਾਚੇ ਦੀ ਉਦਾਸੀ ਨੂੰ ਕਵਿਤਾ ਵਿਚ ਬਿਆਨ ਜ਼ਰੂਰ ਕਰਨਾ।ਮੈਂ ਆਪਣੀ ਡਾਇਰੀ ਵਿਚ ਨੋਟ ਕਰ ਲਿਆ।ਉਸ ਤੋਂ ਅਗਲੇ ਸਫ਼ੇ ’ਤੇ ਅਮਨ
ਦੀ ਜਨਮ ਤਰੀਕ ਨੋਟ ਸੀ।ਭੁਲ ਜਾਣ ਦੇ ਡਰੋਂ ਮੈਂ ਖਾਸ-ਖਾਸ ਤਰੀਕਾ ਨੋਟ ਕਰਕੇ ਰੱਖਦਾ।ਜਨਮ ਤਰੀਕ ਦੇਖ ਕੇ ਮੈਨੂੰ ਕਈ ਕੁਝ ਯਾਦ ਆ
ਗਿਆ।ਅਸੀਂ ਦੋਵੇਂ ਇਕ ਦੂਜੇ ਦਾ ਜਨਮ ਦਿਨ ਮਨਾਉਂਦੇ ਹੁੰਦੇ ਸਾਂ।ਅਮਨ ਨੇ ਮੇਰੇ ਕੋਲੋ ਵਾਅਦਾ ਲਿਆ ਸੀ ਕਿ ਅਸੀਂ ਆਪਣੇ ਜਨਮ ਦਿਨ ਵਾਲੇ
ਦਿਨ ਰੁੱਖ ਲਗਾਇਆ ਕਰਾਂਗੇ।ਚਾਰ ਸਾਲ ਅਸੀਂ ਰੁੱਖ ਲਗਾਉਂਦੇ ਰਹੇ।ਫਿਰ ਜਦੋਂ ਅਮਨ ਤੇ ਮੇਰਾ ਰਿਸ਼ਤਾ ਨਾ ਰਿਹਾ।ਉਸ ਸਾਲ ਮੈਂ ਇੱਕ ਵੀ ਰੁੱਖ
ਨਾ ਲਗਾਇਆ।ਪਰ ਫਤਾਹਪੁਰੀਆਂ ਨਾਲ ਰਿਸ਼ਤਾ ਟੁੱਟਣ ਤੋਂ ਮਗਰੋਂ ਉਸੇ ਸਾਲ ਮੈਂ ਆਪਣੇ ਤੇ ਅਮਨ ਦੇ ਨਾਮ ਦੇ ਬੂਟੇ ਲਗਾਏ।ਉਹ ਸ਼ਿਵ ਦੀ
ਕਵਿਤਾ ਗਾਇਆ ਕਰਦੀ ਸੀ-‘ਕੁਝ ਰੁੱਖ ਲੱਗਦੇ ਮਹਿਬੂਬ ਜਿਹੇ ਚੁੰਮਾਂ ਤੇ ਮਰ ਜਾਵਾਂ…’ ਮੈਂ ਕਵਿਤਾ ਦੀਆਂ ਸਤਰਾਂ ਬਦਲ ਦਿੰਦਾ।ਆਖਦਾ-‘ਚੁੰਮਾਂ
ਤੇ ਰੁੱਖਾਂ ਵਾਂਗੂ ਸਦਾ ਲਈ ਕਾਇਮ ਰਹਾਂ ਇਸ ਰਿਸ਼ਤੇ ਵਿਚ।’…ਅਮਨ ਨੂੰ ਯਾਦ ਕਰਦਿਆਂ ਮੈਨੂੰ ਉਹਦਾ ਰੁੱਖਾਂ ਪ੍ਰਤੀ ਮੋਹ ਯਾਦ ਆ ਜਾਂਦਾ।ਮੇਰਾ
ਮਨ ਕਰਦਾ।ਇੱਕ ਕਵਿਤਾ ਰੁੱਖਾਂ ਬਾਰੇ ਵੀ ਲਿਖਾਂ।ਰੁੱਖਾਂ ਤੇ ਕੁਦਰਤ ਬਾਰੇ।ਕੁਦਰਤ ਤਾਂ ਅਧਾਰ ਹੈ ਸਾਡੀ ਜ਼ਿੰਦਗੀ ਦਾ।ਅਮਨ ਆਖਿਆ ਕਰਦੀ
ਸੀ।ਵਿਆਹ ਤੋਂ ਬਾਅਦ ਆਪਾਂ ਸੰਸਥਾ ਬਣਾਵਾਂਗੇ।ਰੁੱਖਾਂ ਤੇ ਪਾਣੀਆਂ ਦੀ ਸੰਭਾਲ ਲਈ ਯਤਨ ਕਰਾਂਗੇ।ਦੋਨਾਂ ਬਿਨਾਂ ਹੀ ਜ਼ਿੰਦਗੀ ਕਲਪੀ ਨਹੀਂ ਜਾ
ਸਕਦੀ।
“ਪਾਣੀ ਪਹਿਲਾਂ ਅਧਾਰ ਹੁੰਦਾ ਸੀ ਜ਼ਿੰਦਗੀ ਦਾ।ਹੁਣ ਤਾਂ ਛੱਤੀ ਪ੍ਰਕਾਰ ਦੇ ਰੋਗ ਲਾਉਂਦਾ।ਕਮਾਲ ਦੇਖਲੋ ਬੰਦੇ ਦਾ…ਧਰਤੀ ਦੇ ਐਨ ਹੇਠਾਂ ਵੀ
ਪਾਣੀ ਨੂੰ ਦੂਸ਼ਿਤ ਕਰ ਦਿੱਤਾ।” ਇਕ ਦਿਨ ਕੋਈ ਟੀ.ਵੀ ਉਤੇ ਬੋਲ ਰਿਹਾ ਸੀ।ਮੈਂ ਝਾਤ ਮਾਰੀ।ਪਿੰਡ ਦਾ ਪਾਣੀ ਸੱਚੀਂ ਪੀਣ ਲਾਇਕ ਨਹੀਂ ਸੀ
ਰਿਹਾ।ਮੈਨੂੰ ਅਮਨ ਦਾ ਫਿਕਰ ਜਾਇਜ਼ ਲੱਗਿਆ ਸੀ।ਪਾਣੀ ਬਚਾਉਣਾ ਬੇਹੱਦ ਲਾਜ਼ਮੀ ਸੀ।ਮੈਂ ਸਰਪੰਚ ਵੱਲ ਚਲਾ ਗਿਆ।ਪੀਣ ਵਾਲੇ ਪਾਣੀ ਦੀ
ਟੈਂਕੀ ਦੀ ਸਫਾਈ ਕਰਵਾਉਣ ਦੀ ਖਾਤਰ।ਪਿੰਡ ਵਿਚ ਆਰ.ਓ ਸਿਸਟਮ ਲਗਾਉਣ ਖਾਤਰ।
“ਉਹ ਤਾਂ ਬੰਦ ਹੋਈ ਨੂੰ ਛੇ ਮਹੀਨੇ ਹੋਗੇ ਭਤੀਜ! ਪੜੁੱਲ ਬਿੱਲ ਦਾ ਬੱਝਾ।ਲੋਕ ਬਿੱਲ ਭਰਦੇ ਨਹੀਂ।ਪਾਣੀ ਖੂਹ ਗੇੜ ਕੇ ਦਈਏ।ਤੂੰ ਆਰ.ਓ ਭਾਲਦਾ”
ਸਰਪੰਚ ਦੀਆਂ ਰੁੱਖੀਆਂ ਜਿਹੀਆਂ ਗੱਲਾਂ ਸੁਣਕੇ ਮੈਂ ਪੈਰ ਮਲਦਾ ਘਰ ਮੁੜ ਆਇਆ।ਬਾਣੀ ਵਿਚ ਪਾਣੀ ਨੂੰ ਮਹਾਨ ਦੱਸਿਆ ਗਿਆ।ਪੁਰਾਣੇ ਲੋਕ
ਦੁੱਧ ਵੇਚਣਾ ਪਾਪ ਮੰਨਦੇ ਸੀ, ਪਰ ਅੱਜ ਕੱਲ ਤਾਂ ਪਾਣੀ ਵੀ ਮੁੱਲ ਵਿਕਣ ਲੱਗਿਆ।ਅੱਡੇ ਵਾਲੀ ਦੁਕਾਨ ਤੋਂ ਪਾਣੀ ਦੀਆਂ ਬੋਤਲਾਂ ਖ੍ਰੀਦੀ ਜਾਂਦਾ,
ਰੌਣੀ ਕਾ ਸੀਰੀ ਮੇਰੇ ਨਜ਼ਰੀ ਪਿਆ।
“ਕੀ ਗੱਲ ਪਿੰਡ ਵਿਚ ਕਾਲ ਪੈ ਗਿਆ ਪਾਣੀ ਦਾ।”-ਮੈਂ ਉਹਨੂੰ ਟਿਚਰ ਕੀਤੀ।ਪਰ ਉਹ ਅੱਗਿਓ ਟਿੱਚਰ ਮੈਨੂੰ ਕਰ ਗਿਆ।
“ਬਈ ਲਿਖਾਰੀ ਸਾਬ ਕਾਲ ਈ ਸਮਝੋ।ਹੋਰ ਸਾਲ ਖੰਡ ਖੜ ਜਾ ਬੋਰ ਦੇ ਵਿਚ ਵੜ ਕੇ ਕੱਢਿਆ ਕਰਨਾ ਤੇਰੇ ਵਰਗਿਆ ਪਾਣੀ।ਲਿਖ ਦੇ ਕਵਿਤਾ
ਪਾਣੀ ’ਤੇ।” ਸੀਰੀ ਅੱਖ ਦੱਬ ਕੇ ਤੁਰਦਾ ਬਣਿਆ।
“ਕਵਿਤਾ ਨਾਲ ਨਹੀਂ ਹੁੰਦਾ ਕੁਝ।ਬਥੇਰੀਆਂ ਲਿਖੀਆਂ ਪਹਿਲਾਂ।” ਮੈਂ ਨਿਰਾਸ਼ ਜਿਹਾ ਹੋਇਆ ਬੁੜਬੁੜਾਉਣ ਲੱਗਾ।ਮੇਰਾ ਸਿਰ ਫੱਟਣ ਲੱਗਾ।ਮੈਂ ਅੰਦਰ
ਆ ਕੇ ਪੈ ਗਿਆ।ਫੋਨ ’ਤੇ ਟੀਂ-ਟੀਂ ਹੋਈ।ਵਟਸਐਪ ’ਤੇ ਕਿਸੇ ਕੋਈ ਵੀਡੀਓ ਭੇਜੀ ਸੀ।ਡਾਊਨਲੋਡ ਕਰਕੇ ਮੈਂ ਵੇਖਣ ਲੱਗਾ।ਬੱਚੇ ਦੀ ਮਾਂ ਬੱਚੇ ਨੂੰ
ਡਾਂਟ ਰਹੀ ਹੁੰਦੀ।
“ਪਿਛਲੇ ਹਫਤੇ ਅਜੇ ਆਕਸੀਜਨ ਦਾ ਸਿਲ਼ੰਡਰ ਦਿੱਤਾ ਸੀ ਤੈਨੂੰ।ਏਨੀ ਜਲਦੀ ਕਿਵੇਂ ਮੁਕ ਗਈ?”
“ਖੇਡਦਿਆਂ ਵੱਧ ਖਰਚ ਹੋਗੀ ਮੰਮਾ।ਕੁਝ ਮੇਰੇ ਦੋਸਤ ਨੇ ਉਧਾਰੀ ਲੈ ਲਈ।” ਬੱਚਾ ਨਵੇਂ ਸਿਲੰਡਰ ਲਈ ਤਰਲਾ ਲੈਂਦਾ।ਮੈਂ ਵੀਡੀਓ ਦੇਖ ਕੇ ਹੈਰਾਨ
ਹੋ ਜਾਂਦਾ।ਕੀ ਪੁਛਦੇ ਹੋ…ਐਸੇ ਦਿਨ ਵੀ ਆਉਣਗੇ?...ਹਾਂ…ਯਕੀਨਣ ਆਉਣਗੇ।ਜਦੋਂ ਪੀਣ ਨੂੰ ਸਾਫ ਪਾਣੀ , ਸਾਹ ਲੈਣ ਨੂੰ ਹਵਾ ਤੇ ਖਾਣ ਨੂੰ
ਸ਼ੁੱਧ ਅਨਾਜ਼ ਨਹੀਂ ਲੱਭਿਆ ਕਰਨਾ।ਮੈਂ ਇਹ ਗੱੱੱਲਾਂ ਆਪਣੀ ਕਵਿਤਾ ਵਿਚ ਵੀ ਲ਼ਿਖਾਗਾਂ।ਮੋਬਾਈਲ ਪਾਸੇ ਰੱਖ ਕੇ ਮੈਂ ਮੁੜ ਆਪਣੀ ਕਵਿਤਾ ਬਾਰੇ
ਸੋਚਣ ਲੱਗਾ। ਡਾਇਰੀ ਖੋਲੀ।ਕਵਿਤਾ ਦਾ ਸਿਰਲੇਖ ਸੀ- ‘ਪਿੰਡ ਉਦਾਸ ਖੜਾ ਹੈ’! ਮਨ ਵਿਚ ਸੋਚਦਿਆਂ ਮੈਂ ਸਿਰਲੇਖ ਉਪਰ ਲੀਕ ਮਾਰ
ਦਿੱਤੀ।ਪਿੰਡ ਦੀ ਥਾਂ ਪੰਜਾਬ ਲਿਖ ਦਿੱਤਾ।ਪਹਿਲਾਂ ਲਿਖੀਆਂ ਸਤਰਾਂ ਪੜਨੀਆਂ ਸ਼ੁਰੂ ਹੀ ਕੀਤੀਆਂ ਸਨ ਕਿ ਬੇਬੇ ਨੇ ਆ ਕੇ ਮੇਰੀ ਸੁਰਤੀ ਤੋੜ
ਦਿੱਤੀ।
“ਅਸੀਮ ਵੇ ਤੇਰੀ ਮਾਸੀ ਨੇ ਆਉਣਾ।ਜਾ ਕੇ ਅੱਡੇ ਤੋਂ ਲੈ ਆ ਮੇਰਾ ਪੁੱਤ ਭੱਜਕੇ।”
“ਕਾਂ ਤਾਂ ਬੋਲਦਾ ਸਣਿਆ ਨ੍ਹੀ ਸਵੇਰ ਦਾ ਮਾਸੀ ਕਿੱਥੋਂ ਆ ਗਈ।” ਮੈਂ ਬੇਬੇ ਨੂੰ ਮਜ਼ਾਕ ਕੀਤਾ।ਫਿਰ ਖੁਦ ਹੀ ਇਸ ਗੱਲ ਦਾ ਜਵਾਬ ਖੁਦ ਨੂੰ ਦਿੱਤਾ।
“ਹੁਣ ਕਾਂ ਨਹੀਂ ਮੋਬਾਇਲ ਬੋਲਦਾ।”-ਮਾਸੀ ਦਾ ਵੀ ਫੋਨ ਆਇਆ ਹੋਣਾ।ਬੇਬੇ ਵੀ ਅਜ ਕੱਲ ਸਭ ਕੁਝ ਸਿਖ ਗਈ।ਝੱਟ ਬਟਨ ਜਿਹਾ ਦੱਬ ਕੇ ਕੰਨ
ਨੂੰ ਲਗਾ ਲੈਂਦੀ।ਮੈਂ ਮਨ ਹੀ ਮਨ ਮੁਸਕੁਰਾਉਂਦਾ। ਮੋਟਰ ਸਾਈਕਲ ਸਟਾਰਟ ਕਰਕੇ ਅੱਡੇ ਨੂੰ ਤੁਰ ਪਿਆ।ਅੱਡੇ ਵਾਲ਼ੀ ਟਾਹਲੀ ਹੇਠ ਖੜਕੇ ਮੈਂ ਮਾਸੀ
ਦੀ ਬੱਸ ਉਡੀਕਣ ਲੱਗਾ।ਮੇਰਾ ਧਿਆਨ ਟਾਹਲੀ ਉਪਰ ਪਿਆ ਤਾਂ ਉੱਤੇ ਇੱਕ ਵੀ ਪੰਛੀ ਨਹੀਂ ਸੀ।ਮਾਸੀ ਦੀ ਬੱਸ ਆਈ ਤਾਂ ਮੈਂ ਮਾਸੀ ਨੂੰ ਬਿਠਾ ਕੇ
ਘਰ ਲੈ ਆਇਆ।ਬੇਬੇ ਤੇ ਮਾਸੀ ਗੱਲਾਂ ਕਰਨ ਲੱਗੀਆਂ।ਮੈਂ ਮੁੜ ਜਾ ਕੇ ਕਵਿਤਾ ਵਾਲੀ ਡਾਇਰੀ ਖੋਲ ਲਈ।ਅਗਲੀਆਂ ਸਤਰਾਂ ਫੇਰ ਪੜਨ
ਲੱਗਾ।ਇਸ ਤੋਂ ਪਹਿਲਾਂ ਕਿ ਅੱਗੇ ਕੁਝ ਲਿਖਦਾ।ਮੋਬਾਈਲ ’ਤੇ ਫੇਰ ਟੀਂ-ਟੀਂ ਹੋਣ ਲੱਗੀ।ਮੈਂ ਡਾਇਰੀ ਬੰਦ ਕਰ ਕੇ ਮੋਬਾਇਲ ਫੜ ਲਿਆ।ਮੁੜ ਕਈ
ਦਿਨ ਹੋ ਗਏ ਕਵਿਤਾ ਦਾ ਧਿਆਨ ਹੀ ਨਾ ਆਇਆ।ਸੈਣੀਆਂ ਦਾ ਬੁੜਾ ਰਾਹ ਗਲੀ ਮਿਲਦਾ ਤਾਂ ਖਾਲ਼ੀ ਘਰਾਂ ਦੀ ਕਵਿਤਾ ਲਿਖਣ ਨੂੰ
ਆਖਦਾ।ਸ਼ੀਰੀ ਮਿਲਦਾ ਤਾਂ ਉਹ ਆਪਣੇ ਬਾਪੂ ਲਈ ਕਵਿਤਾ ਲਿਖਣ ਲਈ ਆਖਦਾ।ਮੈਂ ਦੋਨਾਂ ਨੂੰ ਲਿਖਣ ਦਾ ਵਾਅਦਾ ਕਰ ਟਾਲ ਦਿੰਦਾ।ਕਈ
ਦਿਨ ਹੋਗੇ ਮੈਂ ਕਵਿਤਾ ਬਾਰੇ ਸੋਚਿਆ ਵੀ ਨਹੀਂ।ਮੈਨੂੰ ਜੱਗੀ ਦੀ ਗੱਲ ਸੱਚੀ ਲੱਗਣ ਲੱਗ ਜਾਂਦੀ ਕਿ ਹੁਣ ਕੋਈ ਨਹੀਂ ਪੜਦਾ।ਤੁਸੀਂ ਦੱਸੋ…ਜਦ ਕੋਈ
ਪੜਦਾ ਹੀ ਨਹੀਂ ਤਾਂ ਮੈਂ ਕਵਿਤਾ ਕਿਸਦੇ ਲਈ ਲਿਖਾਂ?...ਮੈਂ ਜੱਗੀ ਨੂੰ ਆਖਦਾ।ਆ ਆਪਾਂ ਪਿੰਡ ’ਚ ਰੁੱਖ ਲਗਾਈਏ।ਪੰਛੀ ਰੁੱਖਾਂ ’ਤੇ ਆਲ੍ਹਣੇ
ਬਣਾਉਣਗੇ।ਆਲਾ-ਦੁਆਲਾ ਚਹਿਕ ਉਠੇਗਾ।ਮੈਨੂੰ ਪੰਛੀ ਬਹੁਤ ਚੰਗੇ ਲੱਗਦੇ ਨੇ…।ਅਗਲੀ ਪੀੜ੍ਹੀ ਰੁੱਖਾਂ ਦੀ ਛਾਂ ਮਾਣੇਗੀ।ਕੋਈ ਬੇਸ਼ੱਕ ਕਵਿਤਾ ਨਾ
ਪੜ੍ਹੇ।ਪਰ ਛਾਂ ਤਾਂ ਹਰ ਇੱਕ ਨੂੰ ਚਾਹੀਦੀ।ਜਿਊਂਦਾ ਬੰਦਾ ਸਾਹ ਵੀ ਤਾਂ ਰੁੱਖਾਂ ਕਰਕੇ ਲੈਂਦਾ।ਆ ਬੰਦੇ ਨੂੰ ਬੁੱਤ ਹੋਣੋਂ ਬਚਾਈਏ।ਪਰ ਉਹ ਮੇਰੀ ਗੱਲ ਦਾ
ਹੋਰ ਜਵਾਬ ਦੇਣ ਲੱਗ ਜਾਂਦਾ।
“ਕਮਲਿਆ! ਪੰਛੀ ਤਾਂ ਤੇਰੇ ਟਾਵਰਾਂ ਨੇ ਖਾ ਲੈ।ਰਹਿੰਦੀ ਕਸਰ ਰੇਹਾਂ-ਸਪਰੇਹਾਂ ਨੇ ਕੱਢ ’ਤੀ..ਉਤੋਂ ਅਬਾਦੀ ਇੰਨੀ ਵੱਧਦੀ ਜਾਂਦੀ ਦੇਸ਼ ਦੀ।ਥਾਂ ਰੁੱਖਾਂ
ਨਾਲ ਈ ਭਰ ’ਤੀ ਤਾਂ ਲੋਕਾਂ ਰਹਿਣਾ ਕਿੱਥੇ?ਆਕਸੀਜਨ ਤਾਂ ਬੰਦਾ ਮੁੱਲ ਵੀ ਲੈ ਲਊ। ਜਾ ਕੇ ਤਾਂ ਵੇਖ ਅਗਲੇ ਅੱਡੇ ਵਾਲੀ ਟਾਹਲੀ ਵੱਢੀ
ਜਾਂਦੇ।ਕਹਿੰਦੇ ਉਥੇ ਕਿਸੇ ਸ਼ਹੀਦ ਦਾ ਬੁੱਤ ਲੱਗਣਾ।”
ਮੈਂ ਅੱਡੇ ਵੱਲ ਨੂੰ ਸ਼ੂਟ ਵੱਟ ਲਈ।ਮਜ਼ਦੂਰ ਟਾਹਲੀ ਦੀਆਂ ਜੜਾਂ ਕੋਲੇ ਟੋਆ ਪੁਟੀ ਜਾਂਦੇ ਸਨ।ਮੈਂ ਭੱਜ ਕੇ ਟਾਹਲੀ ਨੂੰ ਜੱਫੀ ਪਾ ਲਈ।ਮਜ਼ਦੂਰਾਂ ਦਾ
ਕੰਮ ਰੁੱਕ ਗਿਆ।ਕਿਸੇ ਸਰਪੰਚ ਨੂੰ ਬੁਲਾ ਲਿਆ।
“ਯਾਰ ਸਰਕਾਰੀ ਕੰਮ ਏ ਤੂੰ ਵਿਚ ਲੱਤ ਫਸਾਉਣ ਨੂੰ ਕਿਧਰੋਂ ਆ ਗਿਆ?” ਸਰਪੰਚ ਕਲਪਣ ਲੱਗਾ।
“ਪਹਿਲਾਂ ਮੈਨੂੰ ਕੱਟੋ।ਮੈਂ ਫੇਰ ਟਾਹਲੀ ਕੱਟਣ ਦੇਣੀ।” ਮੈਂ ਟਾਹਲੀ ਨੂੰ ਛੱਡਿਆ ਨਾ।ਪੰਜ ਸੱਤ ਮਜ਼ਦੂਰਾਂ ਨੇ ਮੈਨੂੰ ਧੂਹ ਕੇ ਪਰਾਂ ਸੁੱਟ ਦਿੱਤਾ।
“ਜਾਹ… ਜਾ ਕੇ ਕੋਈ ਆਵਦੀ ਕਵਿਤਾ-ਕੂਵਿਤਾ ਲਿਖ।ਚਿੱਟ ਕੱਪੜੀਆ ਜਿਹਾ।”…ਸਰਪੰਚ ਨੇ ਹਸਦਿਆਂ ਆਖਿਆ।ਅੱਡੇ ’ਤੇ ਖੜੇ ਲੋਕ ਵੀ
ਹੱਸਣ ਲੱਗੇ।
“ਮੈਂ ਹੁਣ ਰੁੱਖਾਂ ’ਤੇ ਕਵਿਤਾ ਲਿਖੂ।” ਮੈਂ ਕੱਪੜੇ ਝਾੜਦਾ।ਘਰ ਨੂੰ ਤੁਰ ਪਿਆ।
ਮੇਰੀ ਪਿੱਠ ਅਵਾਜ਼ਾਂ ਆ ਰਹੀਆਂ ਸਨ-“ਪਗਲ ਬੰਦਾ ਏ ਤਾਂ।ਇਹਦੀ ਕਿਹੜੀ ਗੱਲ ਏ।ਸ਼ਹੀਦ ਦਾ ਬੁੱਤ ਲੱਗਣਾ।ਨੇਕ ਕੰਮ ਰੋਕਣ ਨੂੰ ਆ
ਗਿਆ।ਸਾਰਾ ਪਿੰਡ ਤਾਂ ਹੀ ਤਾਂ ਪਾਗਲ ਕਹਿੰਦਾ ਇਹਨੂੰ।ਦਾਰੂ ਪੀ ਕੇ ਲੋਕਾਂ ਦੀਆਂ ਕੰਧਾਂ ਉਤੇ ਕਵਿਤਾਵਾਂ ਲਿਖ ਆਉਂਦਾ ਰਾਤ ਨੂੰ।ਇਹ ਤਾਂ ਕਰੈੱਕ
ਏ ਯਾਰ।”
ਮੈਂ ਪਿਛੇ ਮੁੜ ਕੇ ਦੇਖਿਆ।ਭੀੜ ਹੱਸ ਰਹੀ ਸੀ।ਪਰ ਸਾਹਮਣੇ ਦਿਸਦਾ ਪਿੰਡ ਉਦਾਸ ਖੜਾ ਸੀ ।