Uddadi Dhoor Dise (Punjabi Article): Amrit Kaur
ਉੱਡਦੀ ਧੂੜ ਦਿਸੇ (ਲੇਖ) : ਅੰਮ੍ਰਿਤ ਕੌਰ
ਪਿਛਲੀਆਂ ਚੋਣਾਂ ਵੇਲੇ ਦੀ ਗੱਲ ਹੈ ਇੱਕ ਨੌਜਵਾਨ ਦਾ ਪਿਆਰਾ ਨੇਤਾ ਕਿਸੇ ਦੂਜੀ ਪਾਰਟੀ ਵਿੱਚ ਚਲਿਆ ਗਿਆ। ਉਹ ਵਿਚਾਰਾ ਮਰਨਹਾਕਾ ਹੋ ਗਿਆ । ਉਸ ਵਿਚਾਰੇ ਨੂੰ ਸਾਰੇ ਪਾਸੇ ਧੂੜ ਜਿਹੀ ਉਡਦੀ ਜਾਪਦੀ ਜਿਵੇਂ ਧੂੜ ਉਸਦਾ ਮੂੰਹ ਸਿਰ ਅੱਟਦੀ ਹੋਵੇ। ਉਹ ਕਈ ਦਿਨ ਘਰੋਂ ਬਾਹਰ ਨਾ ਨਿਕਲਿਆ ਕਿਤੇ ਕੋਈ ਨੇਤਾ ਦੇ ਟਪੂਸੀ ਮਾਰਨ ਨੂੰ ਲੈ ਕੇ ਉਸ ਨੂੰ ਸ਼ਰਮਿੰਦਾ ਨਾ ਕਰ ਦੇਵੇ। ਪਰ ਅੱਜ ਕੱਲ੍ਹ ਕਿਸੇ ਨੂੰ ਕੁੱਝ ਕਹਿਣ ਜਾਂ ਕਹਾਉਣ ਲਈ ਘਰੋਂ ਬਾਹਰ ਨਿਕਲਣਾ ਜ਼ਰੂਰੀ ਨਹੀਂ ਬਸ ਇੱਕ ਮੋਬਾਈਲ ਫੋਨ ਹੋਣਾ ਚਾਹੀਦਾ ਹੈ ਜੋ ਤਕਰੀਬਨ ਸਭ ਕੋਲ ਹੀ ਹੁੰਦਾ। ਉਸ ਨੂੰ ਨੇਤਾ ਜੀ ਦੇ ਹੱਕ ਵਿੱਚ ਪਾਏ ਸਟੇਟਸ ਸੌਣ ਨਾ ਦਿੰਦੇ। ਕਦੇ ਉਹ ਆਪਣੇ ਨੇਤਾ ਦੀ ਕਿਸੇ ਮਹਾਨ ਵਿਅਕਤੀ ਨਾਲ ਤੁਲਨਾ ਕਰਦਾ ਕਦੇ ਕਿਸੇ ਨਾਲ, ਕਦੇ ਉਹ ਉਸ ਦੀ ਜਾਗਦੀ ਜ਼ਮੀਰ ਬਾਰੇ ਸ਼ੇਅਰ ਲਿਖਦਾ ਕਦੇ ਉਸ ਦੇ ਗਿੱਟਿਆਂ ਵਿੱਚ ਦਮ ਆਖਦਾ, ਕਦੇ ਉਹ ਆਖਦਾ ਉਹ ਸਭ ਦੀ ਸਲਾਹ ਲੈ ਕੇ ਚੱਲਦਾ ਹੈ। ਜਦ ਉਸ ਦੇ ਪਿਆਰੇ ਨੇ ਪਾਰਟੀ ਬਦਲਣ ਦੀ ਗੱਲ ਸੋਚੀ ਤਾਂ ਉਸ ਨੂੰ ਲੋਕਾਂ ਤੋਂ ਪਤਾ ਲੱਗਿਆ ਕਿ ਉਹ ਪਾਰਟੀ ਬਦਲੇਗਾ ਪਰ ਉਹ ਇਸ ਤਰ੍ਹਾਂ ਕਹਿਣ ਵਾਲਿਆਂ ਦੇ ਗਲ਼ ਪੈਣ ਨੂੰ ਤਿਆਰ ਹੋ ਜਾਂਦਾ। ਪਰ ਜਦੋਂ ਸੱਚੀਂ ਪਾਰਟੀ ਬਦਲੀ ਤਾਂ ਉਸ ਦੇ ਪਾਏ ਸਟੇਟਸ ਉਸ ਦੇ ਸਾਹਮਣੇ ਆ ਕੇ ਉਸ ਦਾ ਮੂੰਹ ਚਿੜਾਉਂਦੇ ਜਾਪਦੇ। ਦੋਸਤ-ਮਿੱਤਰ ਵੀ ਮਖ਼ੌਲ ਕਰਦੇ। ਕਿਸੇ ਨੇ ਆਖਿਆ ' ਬਾਈ ਤੇਰੇ ਨੇਤੇ ਦਾ ਜੇ ਗਿੱਟਿਆਂ ਵਾਲਾ ਦਮ ਘਟ ਗਿਆ ਸੀ ਕੋਈ ਤਾਕਤ ਦੀ ਦਵਾਈ ਦੇ ਦੇਣੀ ਸੀ।' ਕੋਈ ਆਖਦਾ, 'ਨਿੰਦਰਾ! ਤੈਥੋਂ ਸਲਾਹ ਲਈ ਹੋਣੀ ਐ ਉਹਨੇ ਉਹ ਤਾਂ ਸਭ ਦੀ ਸਲਾਹ ਲੈਂਦਾ ਸੀ।' ਕੋਈ ਸਿਰਫ਼ ਐਨਾ ਹੀ ਆਖ ਕੇ ਛੇੜਦਾ, 'ਟੁੱਟ ਗਈ ਤੜੱਕ ਕਰਕੇ... ।' ਕੋਈ ਆਖਦਾ, 'ਮੇਰੇ ਅਰ ਉਹਦੀ ਜ਼ਮੀਰ ਕਿਤੇ ਗੂੜ੍ਹੀ ਨੀਂਦੇ ਸੌਂ ਤਾਂ ਨੀ ਗਈ?' ਸਾਰੇ ਆਪਣੀ ਆਪਣੀ ਅਕਲ ਦੇ ਹਿਸਾਬ ਨਾਲ ਉਸ ਨੂੰ ਮਖ਼ੌਲ ਕਰਦੇ। ਉਸ ਨੂੰ ਨੇਤਾ ਜੀ 'ਤੇ ਗੁੱਸਾ ਆਉਂਦਾ ਨੇਤਾ ਜੀ ਨਾਲ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋ ਸਕੀ। ਸ਼ਾਇਦ ਕਦੇ ਵੋਟਾਂ ਮੰਗਣ ਆਏ ਨੇਤਾ ਜੀ ਨੇ ਭੁੱਲ-ਭੁਲੇਖੇ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਆਖ ਦਿੱਤਾ ਸੀ, 'ਤੇਰੇ ਵਰਗੇ ਨੌਜਵਾਨਾਂ ਦੀ ਸਾਨੂੰ ਬਹੁਤ ਲੋੜ ਹੈ'। ਉਹ ਵਿਚਾਰਾ ਬਾਹਲ਼ਾ ਈ ਮਨ 'ਤੇ ਲਾ ਗਿਆ ਕਿ ਨੇਤਾ ਜੀ ਉਸ ਨੂੰ ਬੜਾ ਮੋਹ ਕਰਦੇ ਹਨ। ਉਸ ਅੰਦਰ ਪ੍ਰੋ. ਪੂਰਨ ਸਿੰਘ ਵਾਲਾ ਪੰਜਾਬੀ ਨੌਜਵਾਨ ਜਾਗ ਪਿਆ...'ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋਹ ਆਪਣੀ ਵਾਰ ਦਿੰਦੇ'। ਜਿਹੜਾ ਵੀ ਉਸ ਦੇ ਪਿਆਰੇ ਨੇਤਾ ਜੀ ਨੂੰ ਕੁੱਝ ਆਖਦਾ ਉਹ ਉਸ ਨਾਲ ਲੜਨ ਨੂੰ ਤਿਆਰ ਹੋ ਜਾਂਦਾ। ਇੱਥੋਂ ਤੱਕ ਕਿ ਆਪਣੇ ਸਕੇ ਭਰਾ ਨਾਲ ਵੀ ਲੜ ਪੈਂਦਾ। ਪਿਉ ਬਥੇਰਾ ਸਮਝਾਉਂਦਾ, ' ਕੰਜਰੋ... ਜਿਹਨਾਂ ਪਿੱਛੇ ਤੁਸੀਂ ਲੜਦੇ ਓ ਉਹ ਤਾਂ ਆਪੋ 'ਚ ਰਿਸ਼ਤੇਦਾਰ ਨੇ। ਇੱਕ ਦੂਜੇ ਨੂੰ ਮਿਲਣ ਵੇਲੇ ਜੱਫੀਆਂ ਪਾਉਂਦੇ ਨੇ, ਤੁਸੀਂ ਸਕੇ ਭਾਈ ਹੋ ਕੇ ਲੜਦੇ ਓ।' ਪਰ ਮੱਛੀ ਤਾਂ ਪੱਥਰ ਚੱਟ ਕੇ ਮੁੜਦੀ ਐ।ਇਸ ਲਈ ਸ਼ੁਰੂ ਸ਼ੁਰੂ ਵਿੱਚ ਤਾਂ ਉਸ ਨੇ ਕਿਸੇ ਦੀ ਨਾ ਸੁਣੀ । ਨੇਤਾ ਦੇ ਮੋਹ ਦੇ ਡੰਗੇ ਭੋਲੇ-ਭਾਲੇ ਨਿੰਦਰ ਨੂੰ ਵੀ ਹੌਲੀ ਹੌਲੀ ਸਭ ਸਮਝ ਆਉਣ ਲੱਗ ਪਿਆ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਹੁੰਦੇ ਨੇ। ਇਹ ਨੇਤਾ ਲੋਕ ਕਹਿੰਦੇ ਕੁੱਝ ਹੋਰ ਕਮਾਉਂਦੇ ਕੁੱਝ ਹੋਰ ਨੇ। ਖ਼ੈਰ ਕੁੱਝ ਚੰਗੇ ਵੀ ਹੁੰਦੇ ਹੋਣਗੇ । ਐਤਕੀਂ ਤਾਂ ਨੇਤਾਵਾਂ ਨੇ ਪਲਟੀਆਂ ਮਾਰ ਮਾਰ ਸੱਚੀਂ ਧੂੜਾਂ ਪੱਟੀਆਂ ਪਈਆਂ ਨੇ। ਇੱਥੇ 'ਕੱਲੇ ਨਿੰਦਰ ਦੀ ਗੱਲ ਨਹੀਂ ਹੈ ਅਨੇਕਾਂ ਨੌਜਵਾਨਾਂ ਦੀ ਐ ਜਿਹੜੇ ਨੇਤਾਵਾਂ ਦਾ ਮਾੜਾ ਜਿਹਾ ਨਕਲੀ ਮੋਹ ਦਿਖਾਉਣ ਨਾਲ ਹੀ ਉਹਨਾਂ ਲਈ ਉਹ ਕੁੱਝ ਕਰ ਗੁਜ਼ਰਦੇ ਹਨ ਜਿਹੜਾ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਰੋਲ਼ ਕੇ ਰੱਖ ਦਿੰਦਾ ਹੈ। ਮੁੜ ਕੇ ਨਾ ਕਿਸੇ ਨੇਤਾ ਨੇ ਬਾਂਹ ਫੜਨੀ ਹੁੰਦੀ ਹੈ ਨਾ ਕਿਸੇ ਰਿਸ਼ਤੇਦਾਰ ਨੇ ਕਿਉਂਕਿ ਆਪਣੇ ਆਪ ਮੁਸੀਬਤ ਸਹੇੜਨ ਵਾਲਿਆਂ ਤੋਂ ਸਾਰੇ ਕਿਨਾਰਾ ਕਰਨ ਲੱਗ ਪੈਂਦੇ ਹਨ।
ਚੋਣਾਂ ਵੇਲੇ ਆਪਣੇ ਨੇਤਾਵਾਂ ਦੀ ਢਾਲ ਬਣ ਕੇ ਆਪਣੇ ਪਿੰਡੇ 'ਤੇ ਜ਼ਰਨ ਵਾਲਿਆਂ ਨੂੰ ਮਗਰੋਂ ਕੋਈ ਨਹੀਂ ਪੁੱਛਦਾ। ਇਹਨਾਂ ਦੀ ਨਿਗ੍ਹਾ ਵਿੱਚ ਆਮ ਲੋਕ ਸਿਰਫ਼ ਇੱਕ ਵੋਟ ਹੁੰਦੇ ਹਨ। ਜਿਹੜੇ ਚੋਣਾਂ ਤੋਂ ਪਹਿਲਾਂ ਕੀਮਤੀ ਅਤੇ ਚੋਣਾਂ ਤੋਂ ਬਾਅਦ ਨੇਤਾਵਾਂ ਨੂੰ ਕੀਮਤੀ ਬਣਾ ਕੇ ਆਪ ਠੁੱਸ ਹੋ ਜਾਂਦੇ ਹਨ ਉਹਨਾਂ ਦੇ ਦਰਾਂ 'ਤੇ ਗੇੜੇ ਮਾਰਨ ਜੋਗੇ। ਆਪਣੇ ਹੱਥੀਂ ਦਿੱਤੀ ਤਾਕਤ ਨਾਲ ਤਾਕਤਵਰ ਬਣਨ ਵਾਲੇ ਜੇਕਰ ਆਪਣੇ ਫਰਜ਼ਾਂ ਤੋਂ ਮੂੰਹ ਮੋੜ ਕੇ ਆਪਣੀਆਂ ਜਾਇਦਾਦਾਂ ਅਤੇ ਬੈਂਕ ਖ਼ਾਤੇ ਮਜ਼ਬੂਤ ਕਰਨ ਲੱਗ ਜਾਣ ਤਾਂ ਵੀ ਉਹਨਾਂ ਖਿਲਾਫ਼ ਆਵਾਜ਼ ਚੁੱਕਣ ਲੱਗਿਆਂ ਡਰਦੇ ਰਹਿਣ ਵਾਲੇ ।
ਮਤਲਬ ਵੇਲੇ ਸਾਰੇ ਵੋਟਰਾਂ ਨਾਲ ਕੋਈ ਨਾ ਕੋਈ ਰਿਸ਼ਤਾ ਹੁੰਦਾ ਹੈ। ਇੱਥੋਂ ਤੱਕ ਕਿ ਕਿਰਤੀ ਕਿਸਾਨ ਮਜ਼ਦੂਰ ਨਾਲ ਵੀ। ਹੱਥ ਮਿਲਾਉਂਦੇ ਵੀ ਹਨ, ਜੋੜਦੇ ਵੀ ਹਨ, ਜੱਫ਼ੀਆਂ ਵੀ ਪਾਉਂਦੇ ਹਨ। ਪਰ ਜੇ ਐਨਾ ਪਿਆਰ ਜਿੱਤਣ ਤੋਂ ਬਾਅਦ ਵੀ ਬਣਿਆ ਰਹੇ ਤਾਂ ਗੱਲ ਬਣੇ। ਵੈਸੇ ਵੀ ਇਹਨਾਂ ਦਿਖਾਵਿਆਂ ਵਿੱਚ ਕੁੱਝ ਨਹੀਂ ਪਿਆ ਜਿਹੋ ਜਿਹੇ ਜਿੱਤਣ ਤੋਂ ਪਹਿਲਾਂ ਹੁੰਦੇ ਓ ਯਾਨੀ ਕਿ ਜਨਤਾ ਦੇ ਫ਼ਿਕਰ ਵਿੱਚ ਮਰਨ ਵਾਲੇ ਉਹੀ ਬਾਅਦ ਵਿੱਚ ਵੀ ਰਹੋ। ਪਰ ਜਿੱਤਣ ਤੋਂ ਬਾਅਦ ਜਨਤਾ ਦੇ ਫ਼ਿਕਰ ਵਿੱਚ ਮਰਨ ਵਾਲੇ ਨਹੀਂ ਜਨਤਾ ਦੇ ਭਲੇ ਲਈ ਕੁੱਝ ਕਰ ਕੇ ਵਿਖਾਉਣ ਵਾਲੇ ਨੇਤਾਵਾਂ ਦੀ ਜ਼ਰੂਰਤ ਹੈ।
ਖ਼ੈਰ ਜਿੱਤਣ ਤੋਂ ਬਾਅਦ ਇੱਕ 'ਧੰਨਵਾਦੀ ਦੌਰਾ' ਜ਼ਰੂਰ ਹੁੰਦਾ ਹੈ। ਇਸ ਦਾ ਵੀ ਕਈ ਨੇਤਾਵਾਂ ਸਿਰ ਬੜਾ ਭਾਰ ਹੁੰਦਾ ਹੈ ।ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਸੁਰਖ਼ਰੂ ਸਮਝਦੇ ਹਨ। ਇਸ ਦੌਰੇ ਵੇਲੇ ਕਈ ਭੋਲੇ -ਭਾਲੇ ਜਿਹਨਾਂ ਨਾਲ ਵੋਟਾਂ ਪੈਣ ਤੋਂ ਪਹਿਲਾਂ ਹੱਥ ਮਿਲਾਏ ਸੀ 'ਜਾਦੂ ਦੀ ਜੱਫ਼ੀ' ਪਾਈ ਸੀ ਉਹ ਧੋਤੇ ਲੀੜੇ ਪਾ ਕੇ ਅੱਖਾਂ ਵਿੱਚ ਅਨੇਕਾਂ ਸੁਪਨੇ ਲੈ ਕੇ ਆਪਣੇ ਕਿਸੇ ਪੜ੍ਹੇ ਲਿਖੇ ਬੇਰੁਜ਼ਗਾਰ ਪੁੱਤ, ਭਾਈ, ਭਤੀਜੇ ਨੂੰ ਨਾਲ ਲਈ ਘੰਟਿਆਂ ਬੱਧੀ ਨੇਤਾ ਜੀ ਨੂੰ ਉਡੀਕਦੇ ਹਨ। ਪਰ ਜਿਹੜੇ ਨੇਤਾ ਜੀ ਉਹਨਾਂ ਨੂੰ ਜਮ੍ਹਾਂ ਆਪਣੇ ਸਕੇ ਲੱਗਦੇ ਸਨ ਜਿੱਤਣ ਤੋਂ ਬਾਅਦ ਉਹਨਾਂ ਦੀ ਕੀਮਤੀ ਵੋਟ ਨਾਲ ਜਿੱਤੇ ਨੇਤਾ ਬੇਸ਼ਕੀਮਤੀ ਹੋ ਕੇ ਬਹੁਤ ਦੂਰ ਦੇ ਇਨਸਾਨ ਲੱਗਣ ਲੱਗ ਪੈਂਦੇ ਹਨ। ਉਹਨਾਂ ਦੀ ਪਹੁੰਚ ਤੋਂ ਵੀ ਪਰੇ ਦੇ। ਉਹਨਾਂ ਨੂੰ ਤਾਂ ਸਿਰਫ਼ ਗੱਡੀਆਂ ਦੀ ਉੱਡਦੀ ਧੂੜ ਦਿਸੇ ਕਿਤੇ ਨੇਤਾ ਨਜ਼ਰ ਨਾ ਆਵੇ । ਅਗਲਿਆਂ ਕੋਲ ਵੀ ਸੌ ਬਹਾਨੇ ਹੁੰਦੇ ਨੇ ਕਿ ਜੇ ਉਹ ਕੱਲੇ-ਕੱਲੇ ਨੂੰ ਮਿਲਣ ਲੱਗ ਜਾਣ ਤਾਂ ਫਿਰ ਉਹ ਆਪਣੇ ਕੰਮ ਕਿਹੜੇ ਵੇਲੇ ਕਰਨਗੇ। ਪਰ ਜਨਤਾ ਕੋਲ ਇਸ ਵਿੱਚੋਂ ਇੱਕ ਸਵਾਲ ਉਪਜਦਾ ਹੈ। ਵੋਟਾਂ ਤੋਂ ਪਹਿਲਾਂ ਥੋੜ੍ਹੇ ਜਿਹੇ ਦਿਨਾਂ ਵਿੱਚ ਲੋਕਾਂ ਦੇ ਘਰੀਂ ਜਾਣ ਦਾ ਸਮਾਂ ਕਿਵੇਂ ਮਿਲ ਜਾਂਦਾ ਹੈ? ਜਿੰਨੀ ਸ਼ਿੱਦਤ ਨਾਲ ਵੋਟਾਂ ਲੈਣ ਵੇਲੇ ਤੂਫ਼ਾਨੀ ਤਰੀਕੇ ਨਾਲ ਵੋਟਾਂ ਮੰਗੀਆਂ ਜਾਂਦੀਆਂ ਹਨ ਉਸ ਤੋਂ ਅੱਧੀ ਊਰਜਾ ਖ਼ਰਚ ਕੇ ਵੀ ਜਨਤਾ ਦੇ ਕੰਮ ਕੀਤੇ ਜਾਣ ਤਾਂ ਬਹੁਤ ਕੁੱਝ ਸੰਵਰ ਸਕਦਾ ਹੈ। ਜੇ ਸਹੀ ਅਰਥਾਂ ਵਿੱਚ ਸੋਚਿਆ ਸਮਝਿਆ ਜਾਵੇ ਤਾਂ ਸਿਆਸਤਦਾਨ ਭਾਵੇਂ ਜਿੱਤੇ ਹੋਣ ਜਾਂ ਹਾਰੇ ਜਨਤਾ ਦੇ ਕੀਮਤੀ ਵੋਟ ਦੇ ਕਰਜ਼ਾਈ ਹੁੰਦੇ ਹਨ। ਇਹ ਕਰਜ਼ ਉਤਾਰਨ ਲਈ ਉਹਨਾਂ ਨੂੰ ਜਨਤਾ ਦੀ ਭਲਾਈ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।