Uddana Sandook (Story in Punjabi) : Hans Christian Andersen

ਉੱਡਣਾ ਸੰਦੂਕ (ਕਹਾਣੀ) : ਹੈਂਸ ਕ੍ਰਿਸਚੀਅਨ ਐਂਡਰਸਨ

ਇੱਕ ਵਾਰ ਦੀ ਗੱਲ ਹੈ ਕਿ ਇੱਕ ਬਹੁਤ ਅਮੀਰ ਵਪਾਰੀ ਸੀ। ਉਸ ਨੂੰ ਪੈਸੇ ਦੀ ਵਰਤੋਂ ਕਰਨ ਦਾ ਬਿਹਤਰ ਢੰਗ ਅਤੇ ਲਾਭ ਕਮਾਉਣਾ ਆਉਂਦਾ ਸੀ।
ਉਸ ਦੀ ਮੌਤ ਮਗਰੋਂ ਸਾਰਾ ਪੈਸਾ ਉਸ ਦੇ ਪੁੱਤਰ ਨੂੰ ਮਿਲ ਗਿਆ ਅਤੇ ਉਹ ਖੁਸ਼ਹਾਲ ਜੀਵਨ ਬਿਤਾਉਣ ਲੱਗਿਆ। ਹਰ ਰਾਤ ਉਹ ਰਾਸ-ਲੀਲਾ ਦੇਖਣ ਜਾਂਦਾ, ਬੈਂਕ ਦੇ ਨੋਟਾਂ ਦੀਆਂ ਪਤੰਗਾਂ ਬਣਾਉਂਦਾ ਅਤੇ ਪਾਣੀ ਵਿੱਚ ਬੀਟੀ ਉਛਾਲਣ ਵਾਲੀ ਖੇਡ ’ਚ ਪੱਥਰਾਂ ਦੀ ਥਾਂ ਸੋਨੇ ਦੇ ਸਿੱਕਿਆਂ ਦੀ ਵਰਤੋਂ ਕਰਦਾ। ਏਸ ਤਰੀਕੇ ਨਾਲ, ਛੇਤੀ ਹੀ ਪੈਸਾ ਖਤਮ ਹੋ ਗਿਆ। ਅੰਤ ਵਿੱਚ ਉਸ ਕੋਲ ਇੱਕ ਪੁਰਾਣੇ ਡਰੈਸਿੰਗ ਗਾਊਨ ਤੇ ਇੱਕ ਜੋੜਾ ਚੱਪਲ ਤੋਂ ਇਲਾਵਾ ਹੋਰ ਕੁਝ ਨਾ ਰਿਹਾ। ਉਸ ਦੇ ਦੋਸਤ ਹੁਣ ਉਸ ਦੀ ਪਰਵਾਹ ਨਾ ਕਰਦੇ। ਉਹ ਉਸ ਨਾਲ ਗਲੀਆਂ ’ਚ ਇਧਰ-ਉਧਰ ਨਾ ਘੁੰਮਦੇ ਪਰ ਉਨ੍ਹਾਂ ਵਿੱਚੋਂ ਬੜੇ ਦਿਆਲੂ ਸੁਭਾਅ ਦੇ ਇੱਕ ਮਿੱਤਰ ਨੇ ਉਸ ਨੂੰ ਇੱਕ ਪੁਰਾਣਾ ਸੰਦੂਕ ਭੇਜਿਆ ਤੇ ਇਸ ਵਿੱਚ ਕੁਝ ਸਾਮਾਨ ਪਾ ਕੇ ਬੰਦ ਕਰਨ ਲਈ ਕਿਹਾ। ਚਲੋ ਇਹ ਸਭ ਠੀਕ ਸੀ ਪਰ ਉਸ ਕੋਲ ਪੈਕ ਕਰਨ ਨੂੰ ਕੁਝ ਵੀ ਨਹੀਂ ਸੀ। ਇਸ ਲਈ ਉਹ ਆਪ ਹੀ ਸੰਦੂਕ ਵਿੱਚ ਵੜ ਗਿਆ।
ਇਹ ਬਹੁਤ ਹੀ ਅਦਭੁੱਤ ਸੰਦੂਕ ਸੀ ਜੋ ਕਿ ਤਾਲੇ ਨੂੰ ਨੱਪਣ ਨਾਲ ਉੱਡਣ ਲੱਗ ਪੈਂਦਾ ਸੀ ਤੇ ਇੰਜ ਹੀ ਹੋਇਆ। ਇਹ ਚਿਮਨੀ ਤੋਂ ਹੁੰਦਾ ਹੋਇਆ, ਬੱਦਲਾਂ ਉਪਰ ਤੇ ਫੇਰ ਦੂਰ-ਦੂਰ ਉੱਡਣ ਲੱਗਿਆ। ਇਸ ਦਾ ਥੱਲੇ ਦਾ ਹਿੱਸਾ ਬੜਾ ਟੁੱਟਿਆ-ਫੁੱਟਿਆ ਸੀ। ਉਸ ਨੂੰ ਡਰ ਸੀ ਕਿ ਇਸ ਦੇ ਟੁਕੜੇ-ਟੁਕੜੇ ਹੋ ਜਾਣਗੇ ਤੇ ਉਹ ਬੁਰੀ ਤਰ੍ਹਾਂ ਥੱਲੇ ਡਿੱਗੇਗਾ! ਹੇ ਰੱਬਾ! ਮੈਨੂੰ ਬਚਾਈਂ! ਅੰਤ ਵਿੱਚ ਉਹ ਤੁਰਕਾਂ ਦੇ ਦੇਸ਼ ਜਾ ਪਹੁੰਚਿਆ। ਉਸ ਨੇ ਸੰਦੂਕ ਇੱਕ ਜੰਗਲ ਵਿੱਚ ਸੁੱਕੇ ਪੱਤਿਆਂ ਥੱਲੇ ਲੁਕਾ ਦਿੱਤਾ ਅਤੇ ਆਪ ਕਸਬੇ ਵੱਲ ਚੱਲ ਪਿਆ। ਉਹ ਏਦਾਂ ਆਰਾਮ ਨਾਲ ਉÎੱਥੇ ਵਿਚਰ ਸਕਦਾ ਸੀ ਕਿਉਂਕਿ ਉਸ ਵਾਂਗ ਹੀ ਸਾਰੇ ਤੁਰਕਾਂ ਨੇ ਡਰੈਸਿੰਗ ਗਾਊਨ ਤੇ ਪੈਰਾਂ ’ਚ ਸਲੀਪਰ ਹੀ ਪਾਏ ਹੁੰਦੇ ਹਨ। ਉਹ ਇੱਕ ਨਰਸ ਨੂੰ ਮਿਲਿਆ, ਜਿਸ ਨਾਲ ਇੱਕ ਬੱਚਾ ਸੀ। ਉਸ ਨੇ ਉਸ ਨੂੰ ਪੁੱਛਿਆ,‘‘ਇਸ ਕਸਬੇ ਦੇ ਲਾਗੇ, ਉੱਚੀਆਂ ਤੇ ਵੱਡੀਆਂ ਬਾਰੀਆਂ ਵਾਲਾ ਮਹਿਲ ਕਿਸ ਦਾ ਹੈ?’’
‘‘ਉਸ ਮਹੱਲ ਵਿੱਚ ਬਾਦਸ਼ਾਹ ਦੀ ਬੇਟੀ ਰਹਿੰਦੀ ਹੈ’’, ਉਸ ਨੇ ਦੱਸਿਆ, ‘‘ਇਹ ਭਵਿੱਖਬਾਣੀ ਹੋਈ ਹੈ ਕਿ ਉਸ ਦਾ ਪ੍ਰੇਮੀ ਉਸ ਨੂੰ ਦੁਖੀ ਕਰੇਗਾ। ਇਸ ਲਈ ਕਿਸੇ ਨੂੰ ਵੀ ਉਸ ਕੋਲ ਜਾਣ ਦੀ ਇਜਾਜ਼ਤ ਨਹੀਂ, ਸਿਵਾਏ ਉਦੋਂ ਜਦੋਂ ਬਾਦਸ਼ਾਹ ਤੇ ਮਲਕਾ ਉਸ ਦੇ ਨਾਲ ਹੋਣ।’’
‘‘ਧੰਨਵਾਦ’’, ਵਪਾਰੀ ਦੇ ਪੁੱਤਰ ਨੇ ਕਿਹਾ। ਉਹ ਵਾਪਸ ਜੰਗਲ ’ਚ ਆ ਕੇ ਸੰਦੂਕ ’ਚ ਵੜ ਗਿਆ ਤੇ ਮਹੱਲ ਦੀ ਛੱਤ ’ਤੇ ਘੁੰਮਣ ਲੱਗਿਆ ਤੇ ਫੇਰ ਉਹ ਸ਼ਹਿਜ਼ਾਦੀ ਦੇ ਮਹਿਲ ਦੀ ਖਿੜਕੀ ਰਾਹੀਂ ਅੰਦਰ ਚਲਾ ਗਿਆ।
ਸ਼ਹਿਜ਼ਾਦੀ ਸੋਫ਼ੇ ਉੱਤੇ ਘੂਕ ਸੁੱਤੀ ਪਈ ਸੀ। ਉਹ ਏਨੀ ਸੋਹਣੀ ਸੀ ਕਿ ਵਪਾਰੀ ਦਾ ਪੁੱਤਰ ਸ਼ਹਿਜ਼ਾਦੀ ਨੂੰ ਆਪਣੇ-ਆਪ ਨੂੰ ਉਸ ਨੂੰ ਚੁੰਮਣ ਤੋਂ ਨਾ ਰੋਕ ਸਕਿਆ। ਉਹ ਜਾਗ ਪਈ ਤੇ ਬੁਰੀ ਤਰ੍ਹਾਂ ਡਰ ਗਈ ਪਰ ਉਸ ਨੇ (ਵਪਾਰੀ ਨੇ) ਦੱਸਿਆ ਕਿ ਉਹ ਤੁਰਕੀ ਦੇ ਲੋਕਾਂ ਦਾ ਪੈਗੰਬਰ ਸੀ ਜੋ ਹਵਾ ’ਚ ਉੱਡਦਾ ਹੋਇਆ ਉਸ ਨੂੰ ਮਿਲਣ ਥੱਲੇ ਆ ਗਿਆ ਸੀ। ਇਹ ਸੁਣ ਕੇ ਸ਼ਹਿਜ਼ਾਦੀ ਬਹੁਤ ਖੁਸ਼ ਹੋਈ।
ਉਹ ਨੇੜੇ-ਨੇੜੇ ਬੈਠ ਗਏ ਤੇ ਫੇਰ ਉਹ ਉਸ ਨੂੰ ਉਸ ਦੀਆਂ ਅੱਖਾਂ ਬਾਰੇ ਕਹਾਣੀਆਂ ਸੁਣਾਉਣ ਲੱਗਿਆ। ਉਹ ਕਹਿਣ ਲੱਗਿਆ ਕਿ ਉਸ ਦੀਆਂ ਅੱਖਾਂ ਸਭ ਤੋਂ ਸੋਹਣੀਆਂ, ਡੂੰਘੀਆਂ, ਕਾਲੀਆਂ ਝੀਲਾਂ ਵਰਗੀਆਂ ਹਨ, ਜਿਨ੍ਹਾਂ ਵਿੱਚ ਉਸ ਦੇ ਖ਼ਿਆਲ ਜਲ-ਪਰੀਆਂ ਵਾਂਗ ਤੈਰ ਰਹੇ ਹਨ। ਫੇਰ ਉਸ ਨੇ ਉਸ ਦੇ ਮੱਥੇ ਬਾਰੇ ਕਿਹਾ ਕਿ ਇਹ ਬਰਫ਼ ਦੇ ਪਹਾੜ ਵਰਗਾ ਹੈ ਜਿਹੜਾ ਕਿ ਤਸਵੀਰਾਂ ਦੀ ਲੜੀ ਨਾਲ ਸ਼ਿੰਗਾਰਿਆ ਹੋਇਆ ਹੈ। ਉਸ ਨੇ ਉਸ ਨੂੰ ਸਾਰਸਾਂ ਬਾਰੇ ਸਭ ਕੁਝ ਦੱਸਿਆ ਜੋ ਸੋਹਣੇ ਤੇ ਛੋਟੇ ਬੱਚਿਆਂ ਨੂੰ ਨਦੀਆਂ ਤੋਂ ਬਾਹਰ ਲੈ ਕੇ ਆਉਂਦੇ ਹਨ। ਉਸ ਦੀਆਂ ਸੋਹਣੀਆਂ ਕਹਾਣੀਆਂ ਦਾ ਕੋਈ ਅੰਤ ਨਹੀਂ ਸੀ, ਜੋ ਉਸ ਨੇ ਉਸ ਨੂੰ ਸੁਣਾਈਆਂ। ਫੇਰ ਉਸ ਨੇ ਉਸ ਨੂੰ ਵਿਆਹ ਦੀ ਪੇਸ਼ਕਸ਼ ਕੀਤੀ। ਸ਼ਹਿਜ਼ਾਦੀ ਨੇ ਛੇਤੀ ਨਾਲ ‘ਹਾਂ’ ਕਰ ਦਿੱਤੀ। ‘‘ਪਰ ਤੂੰ ਸ਼ਨਿੱਚਰਵਾਰ ਨੂੰ ਇੱਥੇ ਜ਼ਰੂਰ ਆਈਂ’’, ਸ਼ਹਿਜ਼ਾਦੀ ਨੇ ਕਿਹਾ, ‘‘ਜਦੋਂ ਬਾਦਸ਼ਾਹ ਤੇ ਮਲਕਾ ਮੇਰੇ ਨਾਲ ਚਾਹ ਪੀ ਰਹੇ ਹੋਣਗੇ। ਜਦੋਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਇੱਕ ਪੈਗੰਬਰ ਨਾਲ ਵਿਆਹ ਕਰਾਉਣ ਲੱਗੀ ਹਾਂ ਤਾਂ ਉਨ੍ਹਾਂ ਨੂੰ ਬੜਾ ਮਾਣ ਹੋਏਗਾ ਪਰ ਇਸ ਗੱਲ ਦਾ ਧਿਆਨ ਰੱਖਣਾ ਕਿ ਤੈਨੂੰ ਉਨ੍ਹਾਂ ਨੂੰ ਇੱਕ ਸ਼ਾਨਦਾਰ ਕਹਾਣੀ ਸੁਣਾਉਣੀ ਪੈਣੀ ਹੈ ਕਿਉਂਕਿ ਮੇਰੇ ਮਾਂ-ਬਾਪ ਕਹਾਣੀਆਂ ਸੁਣਨ ਦੇ ਬਹੁਤ ਸ਼ੌਕੀਨ ਹਨ। ਮੇਰੀ ਮਾਂ ਵਧੀਆ ਤੇ ਖ਼ਾਸ ਕਹਾਣੀਆਂ ਸੁਣਨਾ ਪਸੰਦ ਕਰਦੀ ਹੈ ਪਰ ਮੇਰਾ ਬਾਪ ਹਾਸੇ ਵਾਲੀਆਂ ਕਹਾਣੀਆਂ ਪਸੰਦ ਕਰਦਾ ਹੈ।’’
‘‘ਠੀਕ ਹੈ, ਮੇਰੇ ਵੱਲੋਂ ਵਿਆਹ ਦਾ ਤੋਹਫ਼ਾ ਸਿਰਫ਼ ਇੱਕ ਕਹਾਣੀ ਹੀ ਹੋਏਗਾ।’’ ਉਸ ਨੇ ਕਿਹਾ। ਅਲੱਗ ਹੋਣ ਤੋਂ ਪਹਿਲਾਂ ਸ਼ਹਿਜ਼ਾਦੀ ਨੇ ਉਸ ਨੂੰ ਇੱਕ ਤਲਵਾਰ ਦਿੱਤੀ ਜਿਸ ’ਤੇ ਸੋਨੇ ਦੀ ਝਾਲ ਚੜ੍ਹਾਈ ਹੋਈ ਸੀ। ਇਹੋ ਜਿਹਾ ਤੋਹਫ਼ਾ, ਉਹ ਬੜੀ ਸ਼ਿੱਦਤ ਨਾਲ ਚਾਹੁੰਦਾ ਸੀ।
ਉਹ ਉੱਥੋਂ ਚਲਾ ਗਿਆ। ਉਸ ਨੇ ਆਪਣੇ ਲਈ ਇੱਕ ਨਵਾਂ ਡਰੈਸਿੰਗ ਗਾਊਨ ਖਰੀਦਿਆ ਤੇ ਨਵੀਂ ਕਹਾਣੀ ਬਣਾਉਣ ਲਈ ਜੰਗਲ ’ਚ ਬੈਠ ਗਿਆ। ਇਹ ਸ਼ਨਿੱਚਰਵਾਰ ਤਕ ਤਿਆਰ ਹੋ ਜਾਣੀ ਚਾਹੀਦੀ ਸੀ ਤੇ ਕਹਾਣੀ ਬਣਾਉਣਾ ਹਮੇਸ਼ਾ ਏਨਾ ਸੌਖਾ ਨਹੀਂ ਹੁੰਦਾ। ਕਿਸੇ ਤਰ੍ਹਾਂ ਉਸ ਨੇ ਵੇਲੇ ਸਿਰ ਕਹਾਣੀ ਤਿਆਰ ਕਰ ਲਈ ਤੇ ਸ਼ਨਿੱਚਰਵਾਰ ਆ ਗਿਆ।
ਬਾਦਸ਼ਾਹ, ਮਲਕਾ ਤੇ ਦਰਬਾਰ ਦੇ ਸਾਰੇ ਅਧਿਕਾਰੀ ਸ਼ਹਿਜ਼ਾਦੀ ਦੇ ਚਾਹ ਦੇ ਮੇਜ਼ ਦੁਆਲੇ ਬੈਠੇ ਹੋਏ ਉਸ ਦੀ ਉਡੀਕ ਕਰ ਰਹੇ ਸਨ। ਜਦੋਂ ਉਹ ਉÎੱਥੇ ਪਹੁੰਚਿਆ ਤਾਂ ਉਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਮਲਕਾ ਬੋਲੀ,‘‘ਹੁਣ ਤੁਸੀਂ ਸਾਨੂੰ ਇੱਕ ਕਹਾਣੀ ਸੁਣਾਉ, ਜਿਹੜੀ ਗੰਭੀਰ ਵੀ ਹੋਵੇ ਤੇ ਸਿੱਖਿਆਦਾਇਕ ਵੀ।’’
‘‘ਪਰ ਉਹ ਸਾਨੂੰ ਹਸਾਏ ਵੀ’’, ਬਾਦਸ਼ਾਹ ਨੇ ਕਿਹਾ।
‘‘ਠੀਕ ਹੈ’’, ਉਸ ਨੇ ਕਿਹਾ। ਉਸ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ।
‘‘ਇੱਕ ਵਾਰੀ ਮਾਚਸ ਦੀਆਂ ਤੀਲੀਆਂ ਦਾ ਇੱਕ ਬੰਡਲ ਸੀ ਜਿਨ੍ਹਾਂ ਨੂੰ ਆਪਣੀ ਉੱਚ ਕੁਲ ’ਤੇ ਬੜਾ ਮਾਣ ਸੀ। ਉਨ੍ਹਾਂ ਦਾ ਖਾਨਦਾਨੀ ਦਰੱਖਤ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਵੱਡਾ ਅਨਾਨਾਸ ਦਾ ਦਰੱਖਤ ਸੀ, ਜੰਗਲ ’ਚ ਸਭ ਤੋਂ ਵੱਡੇ ਕੱਦ-ਬੁੱਤ ਵਾਲਾ ਸੀ ਤੇ ਇਹ ਹਰ ਤੀਲੀ ਉਸ ਦਰੱਖਤ ਦੀ ਇੱਕ ਨਿੱਕੀ ਜਿਹੀ ਛਿਲਤਰ ਸੀ। ਮਾਚਸ ਦੀਆਂ ਤੀਲੀਆਂ ਹੁਣ ਸ਼ੈਲਫ ਉਪਰ ਚਕਮਾਕ ਦੀ ਡੱਬੀ ਤੇ ਲੋਹੇ ਦੇ ਪਤੀਲੇ ਵਿਚਕਾਰ ਪਈਆਂ ਹੋਈਆਂ ਸਨ ਅਤੇ ਉਹ ਇਨ੍ਹਾਂ ਦੋਵਾਂ ਨੂੰ ਆਪਣੇ ਜਵਾਨੀ ਦੇ ਦਿਨਾਂ ਬਾਰੇ ਦੱਸਣ ਲੱਗ ਪਈਆਂ। ‘‘ਆਹ! ਜਦੋਂ ਅਸੀਂ ਇਕ ਜਿਊਂਦੇ ਜਾਗਦੇ ਦਰੱਖਤ ਸਾਂ, ਅਸੀਂ ਸੱਚੀ-ਮੁੱਚੀ ਹਰੀਆਂ-ਭਰੀਆਂ ਟਾਹਣੀਆਂ ਸੰਗ ਹਰ ਸਵੇਰ ਤੇ ਸ਼ਾਮ ਨੂੰ ‘ਡਾਇਮੰਡ ਟੀ’ (ਭਾਵ ਤਰੇਲ ਦੇ ਤੁਪਕੇ) ਪੀਂਦੀਆਂ। ਦਿਨ ਵੇਲੇ ਅਸੀਂ ਸੂਰਜ ਦੀ ਧੁੱਪ ਮਾਣਦੀਆਂ ਤੇ ਸਾਰੇ ਛੋਟੇ-ਛੋਟੇ ਪੰਛੀ ਸਾਨੂੰ ਕਹਾਣੀਆਂ ਸੁਣਾਉਂਦੇ। ਸਾਨੂੰ ਇਹ ਵੀ ਪਤਾ ਸੀ ਕਿ ਅਸੀਂ ਬਹੁਤ ਅਮੀਰ ਸਾਂ ਕਿਉਂਕਿ ਬਾਕੀ ਸਾਰੇ ਦਰੱਖਤਾਂ ਨੇ ਸਿਰਫ਼ ਗਰਮੀਆਂ ’ਚ ਹੀ ਕੱਪੜੇ ਪਾਏ ਹੁੰਦੇ ਸਨ (ਭਾਵ ਗਰਮੀਆਂ ’ਚ ਹੀ ਉਨ੍ਹਾਂ ਨੂੰ ਪੱਤੇ ਲੱਗਦੇ ਸਨ) ਪਰ ਸਾਡਾ ਟੱਬਰ ਗਰਮੀਆਂ ਤੇ ਸਰਦੀਆਂ ’ਚ ਵੀ ਹਰੇ-ਭਰੇ ਕੱਪੜੇ ਪਾਉਣ ਦੀ ਸਮਰੱਥਾ ਰੱਖਦਾ ਸੀ (ਭਾਵਸਾਰਾ ਸਾਲ ਹਰਾ-ਭਰਾ ਰਹਿੰਦਾ ਸਾਂ) ਪਰ ਫੇਰ ਲੱਕੜਹਾਰਿਆਂ ਦੇ ਆਉਣ ਨਾਲ ਵੱਡਾ ਇਨਕਲਾਬ ਆ ਗਿਆ ਤੇ ਸਾਡੇ ਟੱਬਰ ਦੇ ਜੀਅ ਵੱਖ-ਵੱਖ ਕਰ ਦਿੱਤੇ ਗਏ। ਕਬੀਲੇ ਦੇ ਮੁਖੀ ਨੂੰ ਪਾਣੀ ਵਾਲੇ ਸ਼ਾਨਦਾਰ ਜਹਾਜ਼ ਦੇ ਬਾਦਬਾਨ ਦਾ ਖੰਭਾ ਬਣਾ ਦਿੱਤਾ ਗਿਆ ਤੇ ਜੇ ਇਹ ਜਹਾਜ਼ ਚਾਹੁੰਦਾ ਤਾਂ ਸਾਰੀ ਦੁਨੀਆਂ ਦਾ ਚੱਕਰ ਲਾ ਸਕਦਾ ਸੀ। ਦੂਜੇ ਮੈਂਬਰ (ਟਾਹਣੀਆਂ) ਵੱਖੋ-ਵੱਖਰੀਆਂ ਦਿਸ਼ਾਵਾਂ ’ਚ ਬਿਖੇਰ ਦਿੱਤੇ ਗਏ। ਹੁਣ ਸਾਡਾ ਕੰਮ ਰਹਿ ਗਿਆ ਹੈ ਕਿ ਆਮ ਲੋਕਾਂ ਨੂੰ ਅਸੀਂ ਰੋਸ਼ਨੀ ਦੇਈਏ ਮਤਲਬ ਸਾਡੇ ਵਰਗੇ ਰਈਸ ਲੋਕ ਇਸ ਤਰ੍ਹਾਂ ਰਸੋਈ ਵਿੱਚ ਆ ਗਏ।’’
‘‘ਮੇਰੀ ਕਿਸਮਤ ਵੱਖਰੀ ਹੈ!’’ ਲੋਹੇ ਦਾ ਪਤੀਲਾ ਬੋਲਿਆ, ‘‘ਮੈਂ ਜਦੋਂ ਦਾ ਦੁਨੀਆਂ ’ਚ ਆਇਆ ਹਾਂ, ਮੈਨੂੰ ਘੜੀ-ਘੜੀ ਮਾਂਜਿਆ ਜਾਂਦਾ ਹੈ, ਵਾਰ-ਵਾਰ ਮੇਰੇ ’ਚ ਕੁਝ ਉਬਾਲਿਆ ਜਾਂਦਾ ਹੈ ਤੇ ਮੇਰਾ ਸਮਾਂ ਏਦਾਂ ਹੀ ਬਤੀਤ ਹੁੰਦਾ ਆਇਆ ਹੈ! ਹਰ ਖਾਣ ਵਾਲੀ ਚੀਜ਼ ਮੇਰੇ ਕੋਲ ਆਉਂਦੀ ਹੈ ਤੇ ਅਸਲ ’ਚ ਮੈਂ ਹੀ ਘਰ ’ਚ ਸਭ ਤੋਂ ਮਹੱਤਵਪੂਰਨ ਬੰਦਾ ਹਾਂ। ਮੈਨੂੰ ਖੁਸ਼ੀ ਉਦੋਂ ਹੁੰਦੀ ਹੈ, ਜਦੋਂ ਰਾਤ ਦੇ ਖਾਣੇ ਦਾ ਕੰਮ ਖਤਮ ਹੋ ਜਾਂਦਾ ਹੈ। ਫੇਰ ਮੈਂ ਸਾਫ-ਸੁਥਰਾ ਹੋ ਕੇ, ਲਿਸ਼ਕ-ਪੁਸ਼ਕ ਕੇ ਸ਼ੈਲਫ ’ਤੇ ਚਲਾ ਜਾਂਦਾ ਹਾਂ ਤੇ ਆਪਣੇ ਸਾਥੀਆਂ ਨਾਲ ਸੂਝ-ਬੂਝ ਵਾਲੀਆਂ ਗੱਲਾਂ ਕਰਦਾ ਹਾਂ। ਸਿਰਫ਼ ਪਾਣੀ ਵਾਲੀ ਬਾਲਟੀ ਨਾਲ ਹੀ ਮੈਂ ਗੱਲ ਨਹੀਂ ਕਰਦਾ ਜਿਹੜੀ ਕਈ ਵਾਰੀ ਵਿਹੜੇ ’ਚ ਚਲੀ ਜਾਂਦੀ ਹੈ। ਅਸੀਂ ਆਪਣੀ ਜ਼ਿੰਦਗੀ ਅੰਦਰ ਹੀ ਬਿਤਾਉਂਦੇ ਹਾਂ। ਸਾਡੇ ’ਚੋਂ ਸ਼ੋਸ਼ੇ ਛੱਡਣ ਵਾਲੀ (ਖ਼ਬਰਾਂ ਦੱਸਣ ਵਾਲੀ) ਸਾਡੀ ਬਾਜ਼ਾਰ ਲਿਜਾਣ ਵਾਲੀ ਟੋਕਰੀ ਹੈ ਤੇ ਇਹ ਸਰਕਾਰ ਤੇ ਲੋਕਾਂ ਬਾਰੇ ਬੇ-ਤਹਾਸ਼ਾ ਗੱਲਾਂ ਕਰਦੀ ਹੈ। ਹਾਲੇ ਇੱਕ-ਦੋ ਦਿਨ ਹੋਏ ਨੇ, ਇੱਕ ਪੁਰਾਣਾ ਪਿਆਲਾ ਇਸ ਟੋਕਰੀ ਦੀ ਵਾਰਤਾਲਾਪ ਤੋਂ ਏਨਾ ਭੈਅ-ਭੀਤ ਹੋ ਗਿਆ ਕਿ ਉਹ ਥੱਲੇ ਡਿੱਗ ਕੇ ਟੁਕੜੇ-ਟੁਕੜੇ ਹੋ ਗਿਆ।’
‘‘ਤੂੰ ਬਹੁਤ ਗੱਲਾਂ ਕਰਦਾ ਹੈਂ’’, ਚਕਮਾਕ ਦੀ ਡੱਬੀ ਨੇ ਕਿਹਾ ਅਤੇ ਸਟੀਲ ਤੇ ਪੱਥਰ ਦੀ ਆਪਸੀ ਰਗੜ ’ਚੋਂ ਚੰਗਿਆੜੇ ਪੈਦਾ ਹੋਣ ਲੱਗੇ। ‘ਆਓ ਅਸੀਂ ਖੁਸ਼ਨੁਮਾ ਸ਼ਾਮ ਮਨਾਈਏ।’
‘‘ਹਾਂ, ਮੈਂ ਬੇਨਤੀ ਕਰਦੀ ਹਾਂ ਕਿ ਆਓ ਫ਼ੈਸਲਾ ਕਰੀਏ ਕਿ ਸਾਡੇ ਵਿੱਚੋਂ ਸਭ ਤੋਂ ਰਈਸ ਕੌਣ ਹੈ’’, ਮਾਚਸ ਦੀ ਤੀਲੀ ਨੇ ਕਿਹਾ।
‘‘ਨਹੀਂ, ਮੈਂ ਆਪਣੇ ਆਪ ਬਾਰੇ ਗੱਲਾਂ ਕਰਨਾ ਚੰਗਾ ਨਹੀਂ ਸਮਝਦੀ’’, ਮਿੱਟੀ ਦੀ ਹਾਂਡੀ ਬੋਲੀ,‘‘ਆਓ ਅਸੀਂ ਸ਼ਾਮ ਬਿਤਾਉਣ ਲਈ ਦਿਲ-ਪ੍ਰਚਾਵਾ ਕਰੀਏ! ਮੈਂ ਤੁਹਾਨੂੰ ਹਰ ਕਿਸਮ ਦੀਆਂ ਗੱਲਾਂ ਦੱਸਾਂਗੀ ਜਿਨ੍ਹਾਂ ਦਾ ਸਾਨੂੰ ਤਜਰਬਾ ਹੋ ਚੁੱਕਾ ਹੈ। ਉਹ ਸਭ ਸੌਖਿਆਂ ਹੀ ਸਮਝੀਆਂ ਜਾ ਸਕਦੀਆਂ ਹਨ ਅਤੇ ਇਹੋ ਕੁਝ ਸਾਨੂੰ ਪਸੰਦ ਹੈ: ਪੂਰਬ ਵਾਲੇ ਪਾਸੇ ਸਮੁੰਦਰ ਦੇ ਨੇੜੇ ਤੇ ਡੈਨਮਾਰਕ ਦੇ ਬੀਚ (ਸਫੈਦੇ ਵਰਗੇ ਦਰੱਖਤ…)’
’‘ਸ਼ੁਰੂਆਤ ਬਹੁਤ ਵਧੀਆ ਹੈ!’’ ਸਾਰੀਆਂ ਪਲੇਟਾਂ ਨੇ ਕਿਹਾ,‘‘ਸਾਡਾ ਖਿਆਲ ਹੈ ਕਿ ਇਹ ਕਹਾਣੀ ਅਸੀਂ ਪਸੰਦ ਕਰਾਂਗੀਆਂ।’’
‘‘ਹਾਂ, ਮੈਂ ਆਪਣੀ ਜਵਾਨੀ ਦਾ ਸਮਾਂ ਬੜੇ ਹੀ ਸ਼ਾਂਤ ਜਿਹੇ ਟੱਬਰ ’ਚ ਬਿਤਾਇਆ ਸੀ। ਉਨ੍ਹਾਂ ਦੇ ਫਰਨੀਚਰ ’ਤੇ ਮੋਮ ਲੱਗੀ ਹੋਈ ਸੀ। ਫਰਸ਼ ਧੋਤੇ ਹੋਏ ਸਨ ਤੇ ਪੰਦਰਾਂ ਦਿਨਾਂ ’ਚ ਇੱਕ ਵਾਰੀ ਪਰਦੇ ਬਦਲੇ ਜਾਂਦੇ ਸਨ।’’
‘‘ਤੂੰ ਤਾਂ ਬਹੁਤ ਵਧੀਆ ਕਹਾਣੀ ਸੁਣਾਉਂਦੀ ਏਂ’’, ਝਾੜੂ ਬੋਲਿਆ।
‘‘ਕੋਈ ਸੌਖਿਆਂ ਹੀ ਦੱਸ ਸਕਦਾ ਹੈ ਕਿ ਕਹਾਣੀ ਕੋਈ ਔਰਤ ਸੁਣਾ ਰਹੀ ਹੈ, ਜਿਹੜੀ ਕਿ ਬੜੀ ਸਫ਼ਾਈ ਪਸੰਦ ਹੈ।’’
‘‘ਹਾਂ, ਇੰਜ ਹੀ ਮਹਿਸੂਸ ਹੁੰਦਾ ਹੈ’’, ਪਾਣੀ ਵਾਲੀ ਬਾਲਟੀ ਨੇ ਕਿਹਾ ਅਤੇ ਇਸ ਖੁਸ਼ੀ ’ਚ ਉਹ ਥੋੜ੍ਹਾ ਜਿਹਾ ਉਛਲੀ ਤੇ ਦਰਵਾਜ਼ੇ ਨਾਲ ਠਾਹ ਕਰਕੇ ਟਕਰਾਈ।’’
ਹਾਂਡੀ ਆਪਣੀ ਕਹਾਣੀ ਸੁਣਾਈ ਗਈ ਤੇ ਇਸ ਦਾ ਅੰਤ ਬਿਲਕੁਲ ਇਸ ਦੇ ਆਰੰਭ ਵਰਗਾ ਹੀ ਸੀ। ਸਾਰੀਆਂ ਪਲੇਟਾਂ ਖੁਸ਼ੀ ’ਚ ਆਪਸ ’ਚ ਟਕਰਾ ਕੇ ਖੜ-ਖੜ ਦਾ ਰੌਲਾ ਪਾਉਣ ਲੱਗੀਆਂ ਤੇ ਝਾੜੂ ਨੇ ਹਾਂਡੀ ਦੇ ਸਿਰ ’ਤੇ ਸਲਾਦ ਵਜੋਂ ਵਰਤੇ ਜਾਂਦੇ ਸਾਗ ਦੇ ਪੱਤੇ ਦਾ ਤਾਜ ਬਣਾ ਕੇ ਪਹਿਨਾ ਦਿੱਤਾ ਕਿਉਂਕਿ ਉਹਨੂੰ ਪਤਾ ਸੀ ਕਿ ਦੂਜੇ ਲੋਕ ਇਸ ਗੱਲ ਨਾਲ ਨਾਰਾਜ਼ ਹੋਣਗੇ ਅਤੇ ਉਸ ਨੇ ਸੋਚਿਆ, ‘ਜੇ ਅੱਜ ਮੈਂ ਇਸ ਨੂੰ ਤਾਜ ਪਹਿਨਾਉਂਦਾ ਹਾਂ, ਕੱਲ੍ਹ ਨੂੰ ਇਹ ਮੈਨੂੰ ਪਹਿਨਾਏਗੀ।’
‘ਹੁਣ ਮੈਂ ਨਾਚ ਕਰਾਂਗੀ’, ਚਿਮਟੀ ਨੇ ਕਿਹਾ ਤੇ ਨੱਚਣ ਲੱਗੀ, ਹੇ ਰੱਬਾ! ਕਿੰਨਾ ਵਧੀਆ ਤਰੀਕਾ ਸੀ ਉਸ ਦਾ ਆਪਣੀ ਇੱਕ ’ਤੇ ਲੱਤ ਹਵਾ ’ਚ ਖੜ੍ਹਨ ਦਾ। ਕੁਰਸੀ ਦੇ ਇੱਕ ਪੁਰਾਣੇ ਕਵਰ ਨੇ ਜਦੋਂ ਇਸ ਨੂੰ ਨੱਚਦਿਆਂ ਦੇਖਿਆ ਤਾਂ ਖੁਸ਼ੀ ’ਚ ਫਟ ਗਿਆ। ‘ਕੀ ਤੁਸੀਂ ਮੈਨੂੰ ਤਾਜ ਨਹੀਂ ਪਹਿਨਾਉਗੇ’, ਚਿਮਟੀ ਬੋਲੀ ਤੇ ਇਸ ਲਈ ਉਨ੍ਹਾਂ ਨੇ ਉਸ ਨੂੰ ਵੀ ਤਾਜ ਪਹਿਨਾ ਦਿੱਤਾ।
ਮਾਚਸ ਦੀਆਂ ਤੀਲੀਆਂ ਬੋਲੀਆਂ, ‘‘ਆਖਰ ਹਨ ਤਾਂ ਇਹ ਸਾਰੇ ਨੀਵੀਂ ਜਾਤ ਦੇ ਹੀ।’’
ਹੁਣ ਚਾਹ ਦੀ ਪਤੀਲੀ ਨੂੰ ਗਾਣਾ ਸੁਣਾਉਣ ਲਈ ਕਿਹਾ ਗਿਆ ਪਰ ਉਸ ਨੂੰ ਜ਼ੁਕਾਮ ਹੋਇਆ ਸੀ। ਉਸ ਨੇ ਕਿਹਾ ਕਿ ਉਹ ਤਾਂ ਸਿਰਫ਼ ਕੋਈ ਚੀਜ਼ ਉਬਾਲਦੇ ਸਮੇਂ ਹੀ ਗਾ ਸਕਦੀ ਸੀ ਪਰ ਅਜਿਹਾ ਉਹ ਇਸ ਲਈ ਕਹਿ ਰਹੀ ਸੀ ਕਿਉਂਕਿ ਉਹ ਬੜੀ ਆਕੜ ਖਾਂ ਸੀ। ਇਹਨੂੰ ਤਾਂ ਸਿਰਫ਼ ਡਰਾਇੰਗ-ਰੂਮ ਦੇ ਮੇਜ਼ ’ਤੇ ਗਾਉਣਾ ਚੰਗਾ ਲੱਗਦਾ ਸੀ।
ਬਾਰੀ ਦੀ ਦਹਿਲੀਜ਼ ’ਤੇ ਇੱਕ ਪੁਰਾਣਾ ਖੰਭ ਵਾਲਾ ਪੈੱਨ ਪਿਆ ਸੀ, ਜਿਸ ਨਾਲ ਨੌਕਰ ਲਿਖਦਾ ਹੁੰਦਾ ਸੀ। ਉਸ ’ਚ ਕੋਈ ਵਿਸ਼ੇਸ਼ ਗੱਲ ਨਹੀਂ ਸੀ ਸਿਵਾਏ ਇਸ ਦੇ ਕਿ ਉਹ ਸਿਆਹੀ ਵਾਲੀ ਦਵਾਤ ’ਚ ਬਹੁਤ ਹੀ ਡੂੰਘਾ ਕਰਕੇ ਡੋਬਿਆ ਹੋਇਆ ਸੀ ਪਰ ਇਸ ਦਾ ਉਸ ਨੂੰ ਬਹੁਤ ਮਾਣ ਸੀ।
‘‘ਜੇ ਚਾਹ ਵਾਲੀ ਪਤੀਲੀ ਨਹੀਂ ਗਾਉਂਦੀ, ਇਸ ਨੂੰ ਇਕੱਲੀ ਰਹਿਣ ਦਿਉ’’, ਖੰਭ ਵਾਲੇ ਪੈੱਨ ਨੇ ਕਿਹਾ, ‘‘ਬਾਹਰ ਪਿੰਜਰੇ ’ਚ ਇੱਕ ਬੁਲਬੁਲ ਬੈਠੀ ਹੈ, ਉਹ ਗੀਤ ਗਾ ਸਕਦੀ ਹੈ, ਉਸ ਨੇ ਕੁਝ ਖਾਸ ਕਿਸਮ ਦਾ ਗਾਉਣਾ ਤਾਂ ਨਹੀਂ ਸਿੱਖਿਆ ਪਰ ਅੱਜ ਰਾਤ ਸਾਨੂੰ ਏਸ ਗੱਲ ਦਾ ਕੋਈ ਫ਼ਿਕਰ ਨਹੀਂ ਹੋਣਾ ਚਾਹੀਦਾ।’’
ਚਾਹਦਾਨੀ, ਜਿਹੜੀ ਕਿ ਰਸੋਈ ’ਚ ਹੀ ਗਾਉਣ ਵਾਲੀ ਸੀ ਤੇ ਚਾਹ ਦੀ ਪਤੀਲੀ ਦੀ ਮਤਰੇਈ ਭੈਣ ਸੀ ਬੋਲੀ, ‘‘ਮੈਂ ਇਹ ਗੱਲ ਬਿਲਕੁਲ ਮੁਨਾਸਬ ਨਹੀਂ ਸਮਝਦੀ ਕਿ ਬੁਲਬੁਲ ਵਰਗੇ ਇੱਕ ਅਜੀਬ ਕਿਸਮ ਦੇ ਪੰਛੀ ਦਾ ਗੀਤ ਸੁਣਿਆ ਜਾਏ! ਕੀ ਇਹ ਦੇਸ਼ ਭਗਤੀ ਦਾ ਗੀਤ ਹੈ? ਮੈਂ ਬਾਜ਼ਾਰ ਖੜ੍ਹਨ ਵਾਲੀ ਟੋਕਰੀ ਨੂੰ ਫ਼ੈਸਲਾ ਕਰਨ ਦੀ ਆਗਿਆ ਦਿੰਦੀ ਹਾਂ।’’
ਬਾਜ਼ਾਰ ਖੜ੍ਹਨ ਵਾਲੀ ਟੋਕਰੀ ਬੋਲੀ, ‘‘ਮੈਂ ਬਹੁਤ ਹੀ ਨਾਰਾਜ਼ ਹਾਂ। ਮੈਂ ਏਨੀ ਨਾਰਾਜ਼ ਹਾਂ ਕਿ ਕੋਈ ਵੀ ਇਸ ਬਾਰੇ ਨਹੀਂ ਦੱਸ ਸਕਦਾ! ਕੀ ਸ਼ਾਮ ਬਿਤਾਉਣ ਦਾ ਇਹ ਢੰਗ ਮੁਨਾਸਬ ਹੈ? ਕੀ ਇਹ ਚੰਗਾ ਨਹੀਂ ਹੋਏਗਾ ਕਿ ਘਰ ਦੀ ਹਾਲਤ ਜ਼ਰਾ ਦਰੁਸਤ ਕਰੀਏ। ਫੇਰ ਹਰ ਚੀਜ਼ ਆਪਣੀ ਠੀਕ ਥਾਂ ’ਤੇ ਟਿਕ ਜਾਏਗੀ ਤੇ ਮੈਂ ਪਾਰਟੀ ਦਾ ਪ੍ਰਬੰਧ ਕਰਾਂਗੀ। ਸਾਨੂੰ ਸਭ ਨੂੰ ਇਹ ਕਰਨ ਲਈ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ।’’
‘‘ਚਲੋ, ਆਉ ਕਤਾਰ ਬਣਾਈਏ’’, ਸਭ ਨੇ ਇਕੱਠਿਆਂ ਕਿਹਾ।
ਉਸੇ ਵੇਲੇ ਦਰਵਾਜ਼ਾ ਖੁੱਲ੍ਹ ਗਿਆ; ਇਹ ਨੌਕਰ ਸੀ ਤੇ ਉਹ ਸਭ ਚੁੱਪ ਕਰਕੇ ਖੜ੍ਹ ਗਏ। ਕੋਈ ਇੱਕ ਸ਼ਬਦ ਵੀ ਨਾ ਬੋਲਿਆ। ਉਹ ਸਾਰੇ ਬਰਤਨ ਜਿਹੜੇ ਆਪਣੀ ਕਾਬਲੀਅਤ ਬਾਰੇ ਨਹੀਂ ਸੀ ਜਾਣਦੇ ਜਾਂ ਜਿਨ੍ਹਾਂ ਨੂੰ ਆਪਣੀ ਕਿਸੇ ਵਿਸ਼ੇਸ਼ਤਾ ਦਾ ਨਹੀਂ ਸੀ ਪਤਾ, ਉਹ ਸਭ ਸੋਚਣ ਲੱਗੇ,‘‘ਜੇ ਮੈਂ ਪਹਿਲ ਕਰਦਾ ਤਾਂ, ਅਸੀਂ ਇਸ ਸ਼ਾਮ ਨੂੰ ਖੁਸ਼ੀ ਨਾਲ ਮਨਾਉਣਾ ਸੀ ਤੇ ਕੋਈ ਵੀ ਗਲਤੀ ਨਹੀਂ ਸੀ ਹੋਣੀ।’
ਨੌਕਰ ਨੇ ਮਾਚਸ ਦੀਆਂ ਤੀਲੀਆਂ ਫੜ ਕੇ ਜਗਾਈਆਂ, ਬਚਾਈਂ ਰੱਬਾ! ਕਿਵੇਂ ਉਹ ਤਿਲਮਿਲਾਈਆਂ ਤੇ ਮੱਚ ਪਈਆਂ।
ਉਨ੍ਹਾਂ ਸੋਚਿਆ,‘ਹੁਣ ਹਰ ਕੋਈ ਦੇਖ ਸਕਦਾ ਹੈ ਕਿ ਅਸੀਂ ਪਹਿਲੇ ਨੰਬਰ ’ਤੇ ਹਾਂ। ਕਿੰਨੀ ਸ਼ਾਨ ਨਾਲ ਅਸੀਂ ਚਮਕ ਰਹੀਆਂ ਹਾਂ! ਆਲੇ-ਦੁਆਲੇ ਅਸੀਂ ਕਿੰਨੀ ਰੌਸ਼ਨੀ ਖਿਲਾਰਦੀਆਂ ਹਾਂ।’ ਅਤੇ ਫੇਰ ਉਹ ਬਲ ਗਈਆਂ।
ਮਲਕਾ ਬੋਲੀ,‘‘ਇਹ ਬਹੁਤ ਸ਼ਾਨਦਾਰ ਕਹਾਣੀ ਸੀ, ਮੈਨੂੰ ਤਾਂ ਬਿਲਕੁਲ ਏਦਾਂ ਲੱਗਾ, ਜਿਵੇਂ ਮੈਂ ਰਸੋਈ ’ਚ ਮਾਚਸ ਦੀਆਂ ਤੀਲੀਆਂ ਦੇ ਲਾਗੇ ਹੀ ਹੋਵਾਂ। ਹਾਂ, ਜ਼ਰੂਰ ਹੀ ਤੂੰ ਸਾਡੀ ਬੇਟੀ ਨਾਲ ਵਿਆਹ ਕਰ ਸਕੇਂਗਾ।’’
ਬਾਦਸ਼ਾਹ ਬੋਲਿਆ,‘‘ਹਾਂ ਬਿਲਕੁਲ ਠੀਕ ਹੈ, ਤੇਰਾ ਵਿਆਹ ਸੋਮਵਾਰ ਨੂੰ ਉਸ ਨਾਲ ਹੋ ਜਾਏਗਾ।’’ ਹੁਣ ਉਸ ਨੂੰ ਉਹ ‘ਤੂੰ’ ਕਹਿੰਦੇ ਹਨ ਕਿਉਂਕਿ ਉਹ ਹੁਣ ਰਿਸ਼ਤੇਦਾਰ ਬਣਨ ਵਾਲੇ ਸਨ।
ਏਸ ਤਰ੍ਹਾਂ ਵਿਆਹ ਦਾ ਫ਼ੈਸਲਾ ਹੋ ਗਿਆ ਤੇ ਵਿਆਹ ਤੋਂ ਇੱਕ ਸ਼ਾਮ ਪਹਿਲਾਂ ਸਾਰੇ ਕਸਬੇ ’ਚ ਦੀਪਮਾਲਾ ਕੀਤੀ ਗਈ। ਬੰਬ ਤੇ ਕੇਕ ਵੰਡ ਦਿੱਤੇ ਗਏ। ਗਲੀ ਦੇ ਮੁੰਡੇ ਪੱਬਾਂ ਭਾਰ ਹੋ ਕੇ ਖੁਸ਼ੀ ’ਚ ਚੀਕ ਰਹੇ ਸਨ ਅਤੇ ਆਪਣੀਆਂ ਉਂਗਲਾਂ ਮੂੰਹ ’ਚ ਪਾ ਕੇ ਸੀਟੀਆਂ ਮਾਰ ਰਹੇ ਸਨ। ਹਰ ਚੀਜ਼ ਬੜੀ ਆਲੀਸ਼ਾਨ ਜਾਪ ਰਹੀ ਸੀ।
‘‘ਮੇਰਾ ਖਿਆਲ ਹੈ ਕਿ ਮੈਨੂੰ ਵੀ ਕੁਝ ਕਰਨਾ ਚਾਹੀਦਾ ਹੈ’’,ਵਪਾਰੀ ਦਾ ਪੁੱਤਰ ਬੋਲਿਆ। ਇਸ ਲਈ ਉਸ ਨੇ ਬਹੁਤ ਸਾਰੇ ਰਾਕਟ,ਪਟਾਕੇ ਤੇ ਹਰ ਤਰ੍ਹਾਂ ਦੀ ਆਤਿਸ਼ਬਾਜ਼ੀ ਖਰੀਦ ਲਈ ਤੇ ਆਪਣੇ ਸੰਦੂਕ ’ਚ ਪਾ ਲਏ ਅਤੇ ਉਨ੍ਹਾਂ ਸਮੇਤ ਹਵਾ ’ਚ ਉੱਡ ਗਿਆ।
ਤੁਰਕੀ ਦੇ ਸਾਰੇ ਲੋਕ ਇਸ ਉੱਡਦੇ ਹੋਏ ਸੰਦੂਕ ਦੇ ਨਜ਼ਾਰੇ ਨੂੰ ਇਸ ਤਰ੍ਹਾਂ ਉਛਲ-ਉਛਲ ਕੇ ਦੇਖ ਰਹੇ ਸਨ ਕਿ ਉਨ੍ਹਾਂ ਦੀਆਂ ਚੱਪਲਾਂ ਹਵਾ ’ਚ ਉੱਪਰ ਉੱਡ ਗਈਆਂ। ਉਨ੍ਹਾਂ ਨੇ ਟੁੱਟੇ ਹੋਏ ਤਾਰਿਆਂ ਦੀ ਇਹੋ ਜਿਹੀ ਉਡਾਣ ਪਹਿਲਾਂ ਕਦੇ ਨਹੀਂ ਦੇਖੀ ਸੀ ਪਰ ਹੁਣ ਉਨ੍ਹਾਂ ਨੇ ਦੇਖਿਆ ਕਿ ਬਿਨਾਂ ਸ਼ੱਕ ਇਹ ਪੈਗੰਬਰ ਆਪ ਹੀ ਸੀ ਜਿਸ ਨੇ ਸ਼ਹਿਜ਼ਾਦੀ ਨਾਲ ਵਿਆਹ ਕਰਵਾਉਣਾ ਸੀ।
ਜਿਉਂ ਹੀ ਵਪਾਰੀ ਦਾ ਪੁੱਤਰ ਦੁਬਾਰਾ ਜੰਗਲ ’ਚ ਜਾ ਕੇ ਆਪਣੇ ਸੰਦੂਕ ਸਮੇਤ ਥੱਲੇ ਉਤਰਿਆ, ਉਹ ਸੋਚਣ ਲੱਗਾ, ‘ਮੈਂ ਹੁਣ ਕਸਬੇ ’ਚ ਜਾਂਦਾ ਹਾਂ ਤਾਂ ਕਿ ਇਸ ਪ੍ਰਦਰਸ਼ਨ ਬਾਰੇ ਲੋਕਾਂ ਦੇ ਵਿਚਾਰ ਸੁਣ ਸਕਾਂ’। ਉਸ ਲਈ ਇੰਜ ਕਰਨਾ ਬਿਲਕੁਲ ਸਿਆਣੀ ਗੱਲ ਸੀ।
ਹਰ ਕੋਈ ਇਸ ਪ੍ਰਦਰਸ਼ਨ ਬਾਰੇ ਗੱਲਾਂ ਕਰ ਰਿਹਾ ਸੀ। ਉਸ ਨੇ ਜਿਸ ਬੰਦੇ ਨਾਲ ਵੀ ਗੱਲ ਕੀਤੀ, ਉਸ ਦੀ ਆਪਣੀ ਰਾਇ ਸੀ ਪਰ ਸਭ ਦੀ ਸਾਂਝੀ ਰਾਇ ਇਹ ਸੀ ਕਿ ਇਹ ਬਹੁਤ ਸ਼ਾਨਦਾਰ ਪ੍ਰਦਰਸ਼ਨ ਸੀ।
‘‘ਮੈਂ ਆਪ ਪੈਗੰਬਰ ਨੂੰ ਦੇਖਿਆ ਹੈ’’, ਇੱਕ ਜਣਾ ਕਹਿਣ ਲੱਗਿਆ, ‘‘ਉਹਦੀਆਂ ਅੱਖਾਂ ਚਮਕਦੇ ਹੋਏ ਤਾਰਿਆਂ ਵਰਗੀਆਂ ਲੱਗ ਰਹੀਆਂ ਸਨ ਅਤੇ ਉਸ ਦੀ ਦਾੜ੍ਹੀ ਝੱਗ ਵਾਲੇ ਪਾਣੀ ਵਰਗੀ।’’
‘‘ਉਹ ਅੱਗ ਦੇ ਬਣੇ ਚੋਗੇ ’ਚ ਲਿਪਟਿਆ ਹੋਇਆ ਸੀ’’, ਦੂਜੇ ਨੇ ਕਿਹਾ, ‘‘ਉਸ ਦੇ ਚੋਗੇ ਦੀਆਂ ਤਹਿਆਂ ਵਿੱਚੋਂ ਸਭ ਤੋਂ ਸੋਹਣੇ ਫਰਿਸ਼ਤਿਆਂ ਦੇ ਸਿਰ ਬਾਹਰ ਨੂੰ ਝਾਕ ਰਹੇ ਸਨ।’’ ਉਹ ਸਿਰਫ਼ ਆਨੰਦਦਾਇਕ ਗੱਲਾਂ ਸੁਣਦਾ ਪਿਆ ਸੀ ਤੇ ਅਗਲੇ ਦਿਨ ਉਸ ਦਾ ਵਿਆਹ ਹੋਣ ਵਾਲਾ ਸੀ। ਉਹ ਸੰਦੂਕ ਲੈਣ ਵਾਸਤੇ ਦੁਬਾਰਾ ਜੰਗਲ ’ਚ ਵਾਪਸ ਗਿਆ ਪਰ ਉਹ ਕਿੱਥੇ ਸੀ? ਸੰਦੂਕ ਤਾਂ ਸੜ ਚੁੱਕਾ ਸੀ। ਆਤਿਸ਼ਬਾਜ਼ੀ ਦੇ ਇੱਕ ਚੰਗਿਆੜੇ ਤੋਂ ਉਸ ਨੂੰ ਅੱਗ ਲੱਗ ਗਈ ਸੀ ਤੇ ਸੰਦੂਕ ਸੜ ਕੇ ਸਵਾਹ ਹੋ ਚੁੱਕਾ ਸੀ। ਵਪਾਰੀ ਦਾ ਪੁੱਤਰ ਹੁਣ ਕਦੇ ਵੀ ਨਹੀਂ ਸੀ ਉੱਡ ਸਕਦਾ ਜਾਂ ਆਪਣੀ ਹੋਣ ਵਾਲੀ ਪਤਨੀ ਕੋਲ ਨਹੀਂ ਸੀ ਪਹੁੰਚ ਸਕਦਾ।
ਸ਼ਹਿਜ਼ਾਦੀ ਸਾਰਾ ਦਿਨ ਛੱਤ ’ਤੇ ਖੜ੍ਹੀ ਉਸ ਦੀ ਉਡੀਕ ਕਰਦੀ ਰਹੀ। ਉਹ ਹਾਲੇ ਵੀ ਉਸ ਦੀ ਉਡੀਕ ਕਰ ਰਹੀ ਹੈ ਪਰ ਉਹ ਆਪ ਦੁਨੀਆਂ ਦੇ ਆਲੇ-ਦੁਆਲੇ ਘੁੰਮ ਕੇ ਕਹਾਣੀਆਂ ਸੁਣਾਉਂਦਾ ਰਹਿੰਦਾ ਹੈ।
ਬਸ ਸਿਰਫ਼ ਏਨਾ ਫ਼ਰਕ ਹੈ ਕਿ ਇਹ ਕਹਾਣੀਆਂ ਹੁਣ ਏਨੀਆਂ ਮਜ਼ੇਦਾਰ ਨਹੀਂ ਜਿੰਨੀ ਮਜ਼ੇਦਾਰ ਮਾਚਸ ਦੀਆਂ ਤੀਲੀਆਂ ਵਾਲੀ ਕਹਾਣੀ ਸੀ।
(ਅਨੁਵਾਦ: ਬਲਰਾਜ ਧਾਰੀਵਾਲ)

  • ਮੁੱਖ ਪੰਨਾ : ਹੈਂਸ ਕ੍ਰਿਸਚੀਅਨ ਐਂਡਰਸਨ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ