Uh Gallan Na Rahian, Uh Baataan Na Rahian (Punjabi Article): Amrit Kaur
ਉਹ ਗੱਲਾਂ ਨਾ ਰਹੀਆਂ, ਉਹ ਬਾਤਾਂ ਨਾ ਰਹੀਆਂ (ਲੇਖ) : ਅੰਮ੍ਰਿਤ ਕੌਰ
ਪਰਿਵਰਤਨ ਕੁਦਰਤ ਦਾ ਨਿਯਮ ਹੈ। ਜਿੱਥੇ ਗਤੀਸ਼ੀਲਤਾ ਹੈ ਉੱਥੇ ਪਰਿਵਰਤਨ ਤਾਂ ਹੋਣਾ ਹੀ ਐ ਅਤੇ ਜ਼ਰੂਰੀ ਵੀ ਹੈ। ਮਨੁੱਖ ਨੂੰ ਜੰਗਲਾਂ ਵਿੱਚ ਰਹਿੰਦਿਆਂ ਬੜੇ ਤਜ਼ਰਬੇ ਹੋਏ।ਉਹ ਘੁਰਨਿਆਂ, ਗੁਫ਼ਾਵਾਂ, ਝੌਂਪੜੀਆਂ ਤੋਂ ਹੁੰਦਾ ਹੋਇਆ ਅੱਜ ਸ਼ੀਸ਼ ਮਹਿਲਾਂ ਤੱਕ ਪਹੁੰਚ ਗਿਆ, ਬਿਨਾਂ ਖੰਭਾਂ ਤੋਂ ਅਸਮਾਨੀ ਉਡਾਰੀਆਂ ਲਾਉਣ ਲੱਗ ਪਿਆ। ਪਹਿਲਾਂ ਪਰਿਵਰਤਨ ਨੂੰ ਸਦੀਆਂ ਲੱਗਦੀਆਂ ਸਨ ਫਿਰ ਦਹਾਕੇ, ਫਿਰ ਸਾਲ, ਫਿਰ ਮਹੀਨੇ ਹੁਣ ਹਰ ਦਿਨ ਬਦਲਾਅ ਲੈ ਕੇ ਆਉਂਦਾ ਹੈ। ਮਨੁੱਖ ਵੱਲੋਂ ਕੁਦਰਤ ਨਾਲ ਖਿਲਵਾੜ ਦਾ ਨਤੀਜਾ ਅੱਤ ਦੀ ਗਰਮੀ ਪੈਣ ਲੱਗ ਪਈ। ਗਰਮੀ ਦੀ ਹੁੰਮਸ ਅਤੇ ਤਪਸ਼ ਤੋਂ ਬਚਣ ਲਈ ਪੱਖੇ, ਕੂਲਰ, ਏ. ਸੀ. ਆ ਗਏ। ਪਰ ਪੁਰਾਣਾ ਬੜਾ ਕੁੱਝ ਛੁਟ ਗਿਆ। ਬੀਤੇ ਦੀਆਂ ਗੱਲਾਂ ਬਾਤਾਂ ਵੀ ਚੇਤਿਆਂ ਵਿੱਚ ਉੱਭਰ ਆਉਂਦੀਆਂ ਹਨ।
ਚਾਰ ਕੁ ਦਹਾਕੇ ਪਹਿਲਾਂ ਅਸੀਂ ਬਹੁਤੀ ਗਰਮੀ ਵਿੱਚ ਚੁਬਾਰੇ ਦੀ ਛੱਤ 'ਤੇ ਸੌਂਦੇ ਸੀ। ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਚੰਨ ਤਾਰਿਆਂ ਦੇ ਨੇੜੇ ਪਹੁੰਚ ਗਏ ਹਾਂ। ਫਿਰ ਤਾਰਿਆਂ ਦੀਆਂ ਗੱਲਾਂ ਕਰਦੇ ਮਾਂ ਦੱਸਦੀ, "ਅਹੁ ਪਹਾੜ ਵਾਲੇ ਪਾਸੇ 'ਕੱਲਾ ਜਿਹਾ ਤਾਰਾ ਐ ਨਾ ਜਿਹੜਾ, ਉਹ ਧਰੂ ਤਾਰਾ ਐ।" ਫਿਰ ਧਰੂ ਦੀ ਭਗਤੀ ਦੀ ਕਹਾਣੀ ਸੁਣਾਉਂਦੇ ਕਿ ਕਿਵੇਂ ਉਸ ਦੀ ਮਤਰੇਈ ਮਾਂ ਨੇ ਪਿਉ ਦੀ ਗੋਦ ਵਿੱਚੋਂ ਬਾਂਹ ਫੜ ਕੇ ਕੱਢ ਦਿੱਤਾ ਸੀ। ਜਦੋਂ ਉਸ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਉਸ ਨਾਲ ਇਸ ਤਰ੍ਹਾਂ ਦਾ ਵਰਤਾਅ ਕਿਉਂ ਹੋਇਆ ਤਾਂ ਮਾਂ ਨੇ ਸਮਝਾਇਆ ਕਿ ਉਹਨਾਂ ਨੇ ਭਗਤੀ ਘੱਟ ਕੀਤੀ ਹੋਈ ਐ। ਉਸੇ ਵੇਲੇ ਪੰਜ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਧਰੂ ਭਗਤੀ ਕਰਨ ਤੁਰ ਪਿਆ। ਨਾਰਦ ਨੇ ਬਥੇਰਾ ਡਰਾਇਆ ਜਦੋਂ ਧਰੂ ਅਡੋਲ ਰਿਹਾ ਤਾਂ ਨਾਰਦ ਨੇ ਸਭ ਰਾਹ ਦੱਸ ਦਿੱਤੇ ਕਿ ਸ਼ੇਰ ਬਘੇਰੇ ਵੀ ਆਉਣਗੇ, ਪਰੀਆਂ ਵੀ ਆਉਣਗੀਆਂ। ਤੂੰ ਡਰਨਾ ਘਬਰਾਉਣਾ ਨਹੀਂ । ਧਰੂ ਦੀ ਭਗਤੀ ਸਫ਼ਲ ਹੋਈ ਤਾਂ ਪਿਤਾ ਦਾ ਰਾਜਭਾਗ ਉਸ ਨੂੰ ਮਿਲਿਆ। ਜਦੋਂ ਇਸ ਲੋਕ ਤੋਂ ਜਾਣ ਦਾ ਸਮਾਂ ਆਇਆ ਤਾਂ ਭਗਵਾਨ ਖੁਦ ਉਸ ਨੂੰ ਲੈਣ ਆਏ ।ਉਸ ਨੂੰ ਅਮਰ ਕਰਨ ਲਈ ਤਾਰਾ ਬਣਾ ਦਿੱਤਾ। ਧਰੂ ਅਸਮਾਨ ਵਿੱਚ ਵੀ ਅਡੋਲ ਖੜ੍ਹਾ ਹੈ।
ਅਸਮਾਨ ਵਿਚਲੀ ਮੰਜੀ ਵੀ ਹਰ ਰੋਜ਼ ਦੇਖਦੇ ਸੱਤ ਤਾਰਿਆਂ ਤੋਂ ਬਣੀ ਹੋਈ ਹੈ। ਕਦੇ ਕਦੇ ਇਹ ਗੱਡੀ ਲੁਹਾਰਾਂ ਤੋਂ ਬਣਵਾਏ ਧੂਫ਼ ਦੇਣ ਵਾਲੇ ਕੜਛੇ ਵਾਂਗ ਲੱਗਦੀ। ਅਮਰੀਕਾ ਕਨੇਡਾ ਵਾਲੇ ਤਾਂ ਇਸ ਨੂੰ ਕਹਿੰਦੇ ਹੀ ਬਿੱਗ ਡਿੱਪਰ ਯਾਨੀ ਕਿ ਵੱਡਾ ਚਮਚਾ ਹਨ। ਇਹ ਇੱਕ ਪ੍ਰਸ਼ਨ ਚਿੰਨ੍ਹ (?) ਵਾਂਗ ਵੀ ਲੱਗਦੀ ਹੈ। ਇਹ ਕਾਣ ਵਾਲੀ ਟੇਢੀ ਜਿਹੀ ਬਣੀ ਹੋਈ ਹੈ। ਉਪਰਲੇ ਤਿੰਨ ਤਾਰਿਆਂ ਨੂੰ ਪਹਿਰੇਦਾਰ, ਕੁੱਤਾ ਅਤੇ ਚੋਰ ਦੱਸਿਆ ਜਾਂਦਾ। ਮਾਂ ਆਖਦੀ ,"ਥੋਡਾ ਨਾਨਾ ਦੱਸਦਾ ਹੁੰਦਾ ਕਿ ਮੰਜੀ ਦੇ ਚਾਰੇ ਪਾਵਿਆਂ ਹੇਠ ਸੋਨੇ ਦੀਆਂ ਇੱਟਾਂ ਸਨ ਇੱਕ ਪਾਵੇ ਹੇਠੋਂ ਚੋਰ ਸੋਨੇ ਦੀ ਇੱਟ ਕੱਢ ਕੇ ਲੈ ਗਿਆ। ਦੇਖੋ ਧਿਆਨ ਨਾਲ ਤਾਂ ਹੀ ਤਾਂ ਇੱਕ ਤਾਰਾ ਮੱਧਮ ਜਿਹਾ ਲੱਗਦਾ ਐ।" ਅਸੀਂ ਧਿਆਨ ਨਾਲ ਦੇਖਦੇ ਸੱਚੀਂ ਇੱਕ ਤਾਰਾ ਮੱਧਮ ਹੈ। "ਫਿਰ ਕੁੱਤੇ ਦੇ ਭੌਂਕਣ ਨਾਲ ਚੋਰ ਇੱਟ ਸੁੱਟ ਗਿਆ।"
ਅਸੀਂ ਧਿਆਨ ਨਾਲ ਦੇਖਦੇ ਤਾਂ ਤਿੰਨਾਂ ਤਾਰਿਆਂ ਦੇ ਵਿੱਚ ਵਾਲੇ ਤਾਰੇ ਕੋਲ ਇੱਕ ਹੋਰ ਨਿੱਕਾ ਜਿਹਾ ਤਾਰਾ ਹੁੰਦਾ ਜਿਸ ਨੂੰ ਅਸੀਂ ਇੱਟ ਸਮਝ ਲੈਂਦੇ। ਇਸ ਮੰਜੀ ਨੂੰ ਆਮ ਕਰਕੇ ਸਪਤ-ਰਿਸ਼ੀ ਵੀ ਕਿਹਾ ਜਾਂਦਾ ਹੈ। ਜਦੋਂ ਮੀਂਹ ਪੈ ਕੇ ਹਟਿਆ ਹੁੰਦਾ ਤਾਂ ਅਸਮਾਨ ਸਾਫ਼ ਹੋਣ ਕਰਕੇ ਮੰਜੀ ਦੇ ਸਾਰੇ ਤਾਰੇ ਵੱਧ ਚਮਕੀਲੇ ਅਤੇ ਸਾਫ਼ ਨਜ਼ਰ ਆਉਂਦੇ। ਕਈ ਵਾਰ ਅਸੀਂ ਸਾਰੇ ਤਾਰੇ ਗਿਣਨ ਦੀ ਕੋਸ਼ਿਸ਼ ਕਰਦੇ ਗਹੁ ਨਾਲ ਦੇਖਦਿਆਂ ਵਿੱਚੋਂ ਵਿੱਚੋਂ ਹੋਰ ਤਾਰੇ ਦਿਸਣ ਲੱਗ ਪੈਂਦੇ। ਫਿਰ ਲੱਗਦਾ ਦਾਦੀ ਦੇ ਕਹਿਣ ਵਾਂਗ ਤਾਰੇ ਸੱਚੀਂ ਅਣਗਿਣਤ ਹਨ, ਨਹੀਂ ਗਿਣੇ ਜਾ ਸਕਦੇ।
ਪੂਰਨਮਾਸ਼ੀ ਦੇ ਨੇੜੇ ਤੇੜੇ ਦੇ ਦਿਨਾਂ ਵਿੱਚ ਚੰਨ ਵਿੱਚੋਂ ਚਰਖਾ ਕੱਤਦੀ ਮਾਈ ਭਾਲਦੇ। ਫਿਰ ਲੋਕ ਕਹਿੰਦੇ ਬਾਬਾ ਨਾਨਕ ਜੀ ਦਿਸਦੇ ਐ।ਜਦੋਂ ਨੀਝ ਲਾ ਕੇ ਦੇਖਦੇ ਤਾਂ ਮਹਾਤਮਾ ਬੁੱਧ ਅਤੇ ਕਈ ਵਾਰ ਬਾਬਾ ਫਰੀਦ ਜੀ ਵੀ ਦਿਸ ਪੈਂਦੇ। ਕੁਦਰਤੀ ਗੱਲ ਹੈ ਕਿ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਧਿਆਨ ਨਾਲ ਵੇਖਦੇ ਹਾਂ ਤਾਂ ਬਹੁਤ ਸਾਰੀਆਂ ਆਕ੍ਰਿਤੀਆਂ ਬਣਨ ਲੱਗ ਪੈਂਦੀਆਂ ਹਨ। ਕੰਧਾਂ 'ਤੇ, ਬੱਦਲਾਂ ਵਿੱਚ, ਰੁੱਖਾਂ ਆਦਿ ਵਿੱਚ ਵੀ। ਅਸੀਂ ਵੀ ਚੰਨ ਵਿੱਚ ਕਾਫ਼ੀ ਕੁੱਝ ਲੱਭਣ ਦੀ ਕੋਸ਼ਿਸ਼ ਕਰਦੇ। ਅਸਮਾਨ ਵਿੱਚ ਲੰਘਦੇ ਜਹਾਜ਼ਾਂ ਦੀਆਂ ਲਾਈਟਾਂ ਦਿਸਦੀਆਂ। ਰਾਕਟ ਓਨੀ ਦੇਰ ਦੇਖਦੇ ਜਿੰਨਾ ਚਿਰ ਦਿਸਣੋਂ ਨਾ ਹਟ ਜਾਂਦੇ। ਟੁੱਟਦੇ ਤਾਰੇ ਦੇਖਦੇ ਕਈ ਵਾਰ ਮਨ ਵਿੱਚ ਆਉਂਦਾ ... ਜੇ ਭਲਾ ਇਹ ਆਪਣੇ ਕਿਤੇ ਨੇੜੇ ਤੇੜੇ ਡਿੱਗ ਪਵੇ ਤਾਂ ਸੋਚਦੇ ਕਿ ਇਹ ਇੱਕ ਸੁਹਣੀ ਜਿਹੀ ਗੇਂਦ ਵਾਂਗ ਹੋਵੇਗਾ । ਫਿਰ ਵੱਡੇ ਵੀਰ ਜੀ ਦੱਸਦੇ ਇਹ ਤਾਰੇ ਨਹੀਂ ਇਹਨਾਂ ਨੂੰ 'ਉਲਕਾ ਪਿੰਡ' ਕਿਹਾ ਜਾਂਦਾ ਹੈ। ਜੇ ਇਹ ਧਰਤੀ 'ਤੇ ਡਿੱਗ ਜਾਣ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ। ਜਦੋਂ ਉਹ ਦੱਸਦੇ ਕਿ ਤਾਰਿਆਂ ਦੀ ਦੂਰੀ ਮਾਪਣ ਲਈ ਰੌਸ਼ਨੀ ਦੀ ਗਤੀ ਦੇ ਹਿਸਾਬ ਨਾਲ ਗਤੀ ਮਾਪੀ ਜਾਂਦੀ ਹੈ ਤਾਂ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ।
ਅਸਮਾਨ ਵਿੱਚ ਤਾਰਿਆਂ ਦਾ ਦੁਧੀਆ ਰੰਗ ਦਾ ਝੁੰਡ ਦਿਸਦਾ। ਮਾਂ ਇਸ ਨੂੰ 'ਕੁਆਰਿਆਂ ਦਾ ਰਾਹ' ਦੱਸਦੀ ਕਿ ਜਿਹੜੇ ਕੁਆਰੇ ਰੱਬ ਘਰ ਚਲੇ ਜਾਂਦੇ ਨੇ ਉਹ ਇੱਥੋਂ ਦੀ ਲੰਘ ਕੇ ਜਾਂਦੇ ਹਨ। ਵੀਰ ਜੀ ਇਸ ਨੂੰ 'ਅਕਾਸ਼ ਗੰਗਾ' ਜਾਂ ਮਿਲਕੀ ਵੇ (milky way) ਦੱਸਦੇ। ਲਾਲ ਰੰਗ ਦੇ ਮੰਗਲ ਅਤੇ ਸਭ ਤੋਂ ਵੱਧ ਚਮਕਣ ਵਾਲੇ ਸਵੇਰ ਅਤੇ ਸ਼ਾਮ ਦੇ ਤਾਰੇ ਵੀਨਸ ਦੀ ਪਛਾਣ ਵੀਰ ਜੀ ਹੁਰਾਂ ਨੇ ਹੀ ਕਰਵਾਈ ।
ਜਿਸ ਦਿਨ ਹਵਾ ਬੰਦ ਹੁੰਦੀ ਗਰਮੀ ਨਾਲ ਵਿਲਕਦੇ। ਫਿਰ ਰੱਬ ਤੋਂ ਹਵਾ ਚਲਵਾਉਣ ਦੇ ਢੰਗ ਤਰੀਕੇ ਅਪਣਾਏ ਜਾਂਦੇ। ਅਸੀਂ ਦਸ ਫਲ਼ਦਾਰ ਰੁੱਖਾਂ ਦੇ ਨਾਂ ਗਿਣਦੇ। ਸਾਰੇ ਭੈਣ ਭਰਾ ਇਸ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ। ਜੇ ਹਵਾ ਫਿਰ ਵੀ ਨਾ ਚੱਲਦੀ ਫਿਰ ਸਾਨੂੰ ਆਖਿਆ ਜਾਂਦਾ ਕਿ ਕੰਡੇਦਾਰ ਰੁੱਖ ਵਿੱਚ ਨਹੀਂ ਗਿਣਨੇ। ਕਦੇ ਆਖਦੇ ਸਿਰਫ਼ ਪੁਰਸ਼ ਦਰੱਖਤ ਹੀ ਗਿਣਨੇ ਹਨ। ਜਾਮਣ ਵਰਗੇ ਇਸਤਰੀ ਨਾਂ ਵਾਲੇ ਵਿੱਚ ਸ਼ਾਮਲ ਨਹੀਂ ਹੋਣੇ ਚਾਹੀਦੇ। ਸੌਖਾ ਜਿਹਾ ਲੱਗਣ ਵਾਲਾ ਕੰਮ ਬਾਹਲਾ ਔਖਾ ਲੱਗਣ ਲੱਗ ਪੈਂਦਾ ਸੀ। ਇਸੇ ਤਰ੍ਹਾਂ ਦਰੱਖਤਾਂ ਦੇ ਨਾਂ ਸੋਚਦੇ ਸੌਂ ਜਾਂਦੇ। ਕਦੇ ਪਿੰਡਾਂ ਸ਼ਹਿਰਾਂ ਦੇ ਨਾਂ ਗਿਣਦੇ ਜਿਹਨਾਂ ਦੇ ਪਿੱਛੇ 'ਪੁਰ' ਜਾਂ 'ਗੜ੍ਹ' ਲੱਗਦਾ ਹੋਵੇ। ਜਿਵੇਂ ਕਾਨ੍ਹਪੁਰ, ਨਾਗਪੁਰ ਕਮਾਲਪੁਰ ਆਦਿ ਕਾਹਨ ਗੜ੍ਹ, ਰਾਮ ਗੜ੍ਹ, ਨਰੈਣ ਗੜ੍ਹ ਆਦਿ। ਰੱਬ ਤੋਂ ਹਵਾ ਚਲਵਾਉਣ ਦੇ ਇਹਨਾਂ ਤਰੀਕਿਆਂ ਨੂੰ ਅਸੀਂ ਕਾਮਯਾਬ ਸਮਝਦੇ ਸਾਂ। ਗਰਮੀ ਵੱਲ ਧਿਆਨ ਨਹੀਂ ਸੀ ਜਾਂਦਾ। ਪਿੰਡਾਂ, ਸ਼ਹਿਰਾਂ, ਰੁੱਖਾਂ ਦੇ ਨਾਵਾਂ ਬਾਰੇ ਸੋਚਦੇ ਰਹਿੰਦੇ। ਕਈ ਵਾਰ ਸੌਣ ਤੋਂ ਪਹਿਲਾਂ ਬੁੱਝਣ ਵਾਲੀਆਂ ਬਾਤਾਂ ਪਾ ਕੇ ਵੀ ਰੌਲਾ ਪਾਈ ਰੱਖਦੇ। ਜਿਹਨਾਂ ਨੂੰ ਵੱਡੇ ਹੋ ਕੇ ਅਸੀਂ ਬੁਝਾਰਤਾਂ ਆਖਣ ਲੱਗ ਪਏ । ਬੁੱਝਣ ਵਾਲੀਆਂ ਬਾਤਾਂ ਨਿੱਕੀਆਂ ਨਿੱਕੀਆਂ ਦੋ ਬੁਝਾਰਤਾਂ ਤੋਂ ਸ਼ੁਰੂ ਹੁੰਦੀਆਂ। ਜਿਹੜੀਆਂ ਦੇ ਜਵਾਬ ਸਾਨੂੰ ਸਾਰਿਆਂ ਨੂੰ ਪਤਾ ਹੁੰਦੇ।
ਨਿੱਕੀ ਜਿਹੀ ਕੁੜੀ, ਲੈ ਪਰਾਂਦਾ ਤੁਰੀ। ਅਸੀਂ ਸਾਰੇ ਆਖ ਦਿੰਦੇ... ਸੂਈ ਧਾਗਾ।
ਨਿੱਕੀ ਜਿਹੀ ਕੁੜੀ, ਉਹਦੇ ਢਿੱਡ ਤੇ ਲਖੀਰ (ਲਕੀਰ)। 'ਕਣਕ ਦਾ ਦਾਣਾ' ਅਸੀਂ ਫਿਰ ਰੌਲਾ ਪਾ ਦਿੰਦੇ। ਇਸੇ ਤਰ੍ਹਾਂ ਸੌਖੀਆਂ ਬੁਝਾਰਤਾਂ ਤੋਂ ਔਖੀਆਂ ਵੱਲ ਚਲਦੇ। ਕਦੀ ਕਦੀ ਬੁਝਾਰਤ ਪਾਉਣ ਵਾਲਾ ਦੂਜਿਆਂ ਨੂੰ ਉਲਝਾ ਕੇ ਆਪ ਸੌਂ ਜਾਂਦਾ। ਕਈ ਵਾਰ ਤਾਂ ਜਦੋਂ ਹਾਰ ਮੰਨ ਕੇ ਉਸ ਨੂੰ ਘੋਥਲ ਕੇ ਜਵਾਬ ਪੁੱਛਿਆ ਜਾਂਦਾ ਤਾਂ ਉਸਦਾ ਜਵਾਬ ਸੁਣ ਕੇ ਅਸੀਂ ਜਮਾਂ ਠੁੱਸ ਹੋ ਜਾਂਦੇ । ਅਧਸੁੱਤੇ ਹੀ ਜਵਾਬ ਹੁੰਦਾ ਸੀ 'ਚੁੱਪ ਕਰਕੇ ਸੌਂ ਜੋ, ਮੈਨੂੰ ਵੀ ਨੀ ਪਤਾ, ਕੱਲ੍ਹ ਨੂੰ ਦੱਸੂੰ।' ਜਿਸ ਦਿਨ ਲੰਮੀਆਂ ਬਾਤਾਂ ਛਿੜ ਜਾਂਦੀਆਂ ਉਸ ਦਿਨ ਕੋਈ ਰੌਲਾ ਨਾ ਪਾਉਂਦਾ। ਚੁੱਪ ਕਰਕੇ ਸੁਣਦੇ ਰਹਿੰਦੇ ਅਤੇ ਸੌਂ ਜਾਂਦੇ। ਜਦੋਂ ਮਾਂ ਨੂੰ ਲੱਗਦਾ ਕਿ ਅਸੀਂ ਸਾਰੇ ਭੈਣ ਭਰਾ ਸੌਂ ਗਏ ਜਾਂ ਸੌਣ ਵਾਲੇ ਹਾਂ ਤਾਂ ਮਾਂ ਆਪਣੇ ਮੰਜੇ 'ਤੇ ਬੈਠੇ ਬੈਠੇ ਹੀ ਕੀਰਤਨ ਸੋਹਿਲੇ ਦਾ ਪਾਠ ਬੋਲ ਬੋਲ ਕੇ ਕਰਦੀ । ਮਾਂ ਵੱਲੋਂ ਇਹ ਪਾਠ ਆਪਣੇ ਪਰਿਵਾਰ ਲਈ 'ਸੁਰੱਖਿਆ ਕਵਚ' ਹੁੰਦਾ ਸੀ।ਪਿਤਾ ਜੀ ਘਰ ਨਹੀਂ ਸਨ ਹੁੰਦੇ, ਹਰਿਆਣੇ ਵਿੱਚ ਰਤੀਏ ਦੇ ਲਾਗੇ ਪੈਂਦੇ ਪਿੰਡ ਕੌਲ ਗੜ੍ਹ ਘੱਗਰ ਕੰਢੇ ਜ਼ਮੀਨ ਖ਼ਰੀਦੀ ਹੋਈ ਸੀ, ਉੱਥੇ ਰਹਿੰਦੇ ਸਨ। ਜਦੋਂ ਉਹ ਘਰ ਆਏ ਹੁੰਦੇ ਫਿਰ ਸਾਰੇ ਭੈਣ ਭਰਾਵਾਂ ਵਿੱਚੋਂ ਕੋਈ ਨਾ ਕੁਸਕਦਾ। ਸਾਰੇ ਸਾਹ ਘੜੀਸ ਕੇ ਸੁੱਸਰੀ ਵਾਂਗ ਸੌਂ ਜਾਂਦੇ। ਕੋਈ ਵੀ ਬਾਤ ਸੁਣਾਉਣ ਦੀ ਜ਼ਿੱਦ ਨਾ ਕਰਦਾ।
ਜੇ ਕਿਤੇ ਰਾਤ ਨੂੰ ਮੀਂਹ ਆ ਜਾਂਦਾ ਤਾਂ ਵੱਡੇ ਮੰਜੇ ਛੱਤ ਤੋਂ ਲਮਕਾਏ ਜਾਂਦੇ। ਹੇਠਾਂ ਇੱਕ ਮੰਜਾ ਡਾਹ ਕੇ ਉੱਪਰੋਂ ਸਾਰੇ ਬਿਸਤਰੇ ਉਸ ਮੰਜੇ ਉੱਤੇ ਸੁੱਟ ਦਿੱਤੇ ਜਾਂਦੇ। ਕਈ ਵਾਰ ਤਾਂ ਸੰਤੋਖ ਸਿੰਘ ਧੀਰ ਦੀ ਲਿਖੀ ਕਹਾਣੀ...ਸਵੇਰ ਹੋਣ ਤੱਕ... ਵਾਂਗ ਹੀ ਸਾਰੀ ਰਾਤ ਅੰਦਰ ਬਾਹਰ ਮੰਜੇ ਕਰਦਿਆਂ ਦੀ ਹੀ ਲੰਘ ਜਾਂਦੀ। ਲੱਗਦਾ ਹੁੰਦਾ ਕਿ ਇਹ ਕਹਾਣੀ ਜਮਾਂ ਸਾਡੇ ਬਾਰੇ ਲਿਖੀ ਹੈ।
ਉਹਨਾਂ ਵੇਲਿਆਂ ਦਾ ਹੁਣ ਨਾਲੋਂ ਬਹੁਤ ਫ਼ਰਕ ਸੀ। ਹੁਣ ਤਾਂ ਲੋਕ ਆਪਣੇ ਘਰਾਂ ਦੇ ਅੰਦਰ ਹੀ ਚੰਨ ਤਾਰੇ ਬਣਵਾ ਕੇ ਅਸਮਾਨ ਚਿੱਤਰ ਲੈਂਦੇ ਹਨ। ਮੀਂਹ ਆਵੇ ਜਾਂ ਹਨੇਰੀ ਕੋਈ ਆਪਣੀ ਨੀਂਦ ਖ਼ਰਾਬ ਨਹੀਂ ਕਰਦਾ। ਅੰਦਰ ਸੁੱਤਿਆਂ ਕਈ ਵਾਰ ਸਵੇਰੇ ਪਤਾ ਲੱਗਦਾ ਹੈ ਕਿ ਰਾਤੀਂ ਮੀਂਹ ਆਇਆ ਸੀ। ਪਰ ਪਿੰਡਾਂ ਵਾਲੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਰਤੀ ਕਿਸਾਨ ਅਤੇ ਮਜ਼ਦੂਰ ਅਜੇ ਵੀ ਕਾਫ਼ੀ ਹੱਦ ਤੱਕ ਕੁਦਰਤ ਨਾਲ ਜੁੜੇ ਹਨ। ਉਹਨਾਂ ਦੀ ਵੀ ਅਗਲੀ ਪੀੜ੍ਹੀ ਦੂਰ ਹੋ ਰਹੀ ਹੈ।ਬਾਤਾਂ, ਬੁਝਾਰਤਾਂ , ਚੰਨ ਤਾਰਿਆਂ ਦੀਆਂ ਗੱਲਾਂ, ਪਿੰਡਾਂ ਸ਼ਹਿਰਾਂ ਦੇ ਨਾਂ, ਰੁੱਖਾਂ ਦੇ ਨਾਂ ਸਭ ਮੋਬਾਈਲ ਫੋਨ ਦੀ ਭੇਟ ਚੜ੍ਹ ਚੁੱਕਿਆ । ਮਾਪੇ ਆਪਣੇ ਬੱਚਿਆਂ ਦੇ ਚਿਹਰੇ ਵੀ ਮੋਬਾਈਲ ਵਿੱਚੋਂ ਹੀ ਦੇਖਦੇ ਹਨ। ਪ੍ਰਦੇਸੀ ਹੋਏ ਬੱਚੇ ਕੰਮ ਤੇ ਜਾਣ ਸਮੇਂ ਆਪਣੇ ਮਾਪਿਆਂ ਨਾਲ ਭੱਜਦੇ ਨੱਠਦੇ ਵੀਡੀਓ ਕਾਲ ਕਰ ਲੈਂਦੇ ਹਨ। ਇਧਰ ਹੁਣ ਅੱਠ ਦਸ ਕਮਰਿਆਂ ਵਾਲੇ ਘਰਾਂ ਵਿੱਚ ਵੀ ਇੱਕ ਦੋ ਜੀਅ ਹੀ ਨਜ਼ਰ ਆਉਂਦੇ ਹਨ ਜਾਂ ਫਿਰ ਜਿੰਦਰੇ ਲੱਗੇ ਹੋਏ ਹੁੰਦੇ ਹਨ। ਬਹੁਤ ਕੁੱਝ ਬਦਲ ਗਿਆ। ਬਜ਼ੁਰਗ ਸਿਆਣੇ ਕਈ ਵਾਰ ਆਖਦੇ ਹਨ ਕਿ ਹੁਣ ਉਹ ਗੱਲਾਂ ਬਾਤਾਂ ਨਹੀਂ ਰਹੀਆਂ। ਖ਼ੈਰ ਸਮੇਂ ਨੇ ਤਾਂ ਆਪਣੀ ਚਾਲ ਨਾਲ ਚੱਲਦੇ ਹੀ ਰਹਿਣਾ ਬਸ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਆਲੇ- ਦੁਆਲੇ ਦਾ ਧਿਆਨ ਰੱਖਦੇ ਹੋਏ ਸਮਾਜ ਨੂੰ ਬਿਹਤਰ ਬਣਾਉਣ ਲਈ ਚੰਗਾ ਯੋਗਦਾਨ ਪਾ ਕੇ ਦੁਨੀਆਂ ਨੂੰ ਹੋਰ ਸੁਹਣੀ ਬਣਾਈਏ।