Uh Pher Jitt Gai (Punjabi Story): Amrit Kaur
ਉਹ ਫੇਰ ਜਿੱਤ ਗਈ (ਕਹਾਣੀ) : ਅੰਮ੍ਰਿਤ ਕੌਰ
ਮੈਂ ਮੋਬਾਈਲ ਤੇ ਕਿਸੇ ਦੀ ਭੇਜੀ ਵੀਡੀਓ ਸੁਣਨ ਦੇ ਨਾਲ ਨਾਲ ਦੇਖ ਰਿਹਾ ਸੀ। ਮੈਨੂੰ ਲੱਗਿਆ ਕਿ ਇਸ ਵਿੱਚ ਵਧੀਆ ਗੱਲਾਂ ਹਨ, ਖਾਸ ਕਰਕੇ ਔਰਤਾਂ ਲਈ। ਮੈਂ ਆਵਾਜ਼ ਉੱਚੀ ਕਰ ਦਿੱਤੀ ਤਾਂ ਕਿ ਰਸੋਈ ਵਿੱਚ ਕੰਮ ਕਰਦੀ ਮੇਰੀ ਪਤਨੀ ਵੀ ਸੁਣ ਲਵੇ। ਉਸ ਨੂੰ ਵੀ ਅਹਿਸਾਸ ਹੋਵੇ ਕਿ ਲੋਕਾਂ ਦੀਆਂ ਔਰਤਾਂ ਕਿੰਨੀਆਂ ਚੰਗੀਆਂ ਹਨ। ਵੀਡੀਓ ਵਿੱਚ ਇੱਕ ਮਰਦ ਦੀ ਆਵਾਜ਼ ਸੀ। ਜਿਹੜਾ ਆਪਣੀ ਪਤਨੀ ਦੇ ਹੱਥ ਦੀ ਬਣੀ ਰੋਟੀ ਦੀ ਤਾਰੀਫ਼ ਕਰ ਰਿਹਾ ਸੀ ਕਿ ਕਿਸ ਤਰ੍ਹਾਂ ਉਹ ਵਿਆਹ ਤੋਂ ਬਾਅਦ ਪਹਿਲੀ ਵਾਰੀ ਰੋਟੀ ਪਕਾਉਣ ਤੋਂ ਲੈ ਕੇ ਬੱਚੇ ਵੱਡੇ ਹੋਣ ਤੱਕ ਵੀ ਪਹਿਲੀ ਰੋਟੀ ਉਸ ਨੂੰ ਦਿੰਦੀ ਸੀ।
ਮੈਂ ਵੀਡੀਓ ਚਲਾ ਕੇ ਮੇਰੀ ਪਤਨੀ ਦੇ ਹਾਵ ਭਾਵ ਦੇਖ ਰਿਹਾ ਸੀ ਕਿਉਂਕਿ ਉਸ ਨੇ ਕਦੇ ਵੀ ਮੈਨੂੰ ਪਹਿਲੀ ਰੋਟੀ ਨਹੀਂ ਸੀ ਦਿੱਤੀ। ਮੈਂ ਚਾਹੁੰਦਾ ਸੀ ਕਿ ਉਸ ਨੂੰ ਅਹਿਸਾਸ ਹੋਵੇ ਕਿ ਫਰਜ਼ ਨਿਭਾਉਣ ਵਿੱਚ ਉਹ ਦੁਨੀਆਂ ਤੋਂ ਪਿੱਛੇ ਹੈ। ਔਖੀਆਂ ਗੱਲਾਂ ਦੀ ਸੌਖੀ ਜਿਹੀ ਦਲੀਲ ਦੇ ਕੇ ਵੀ ਉਹ ਮੇਰੇ ਤੋਂ ਹਮੇਸ਼ਾ ਹੀ ਜਿੱਤ ਜਾਂਦੀ ਸੀ। ਪਰ ਅੱਜ ਨਹੀਂ ਜਿੱਤ ਸਕੇਗੀ। ਮੈਂ ਅੰਦਰੋਂ ਅੰਦਰੀ ਬੜਾ ਖੁਸ਼ ਹੋ ਰਿਹਾ ਸੀ। ਉਸ ਦੀ ਹਾਰ ਅਤੇ ਆਪਣੀ ਪਹਿਲੀ ਜਿੱਤ ਵੇਖਣ ਲਈ । ਉਹ ਵੀ ਬੜੇ ਧਿਆਨ ਨਾਲ ਸੁਣ ਰਹੀ ਸੀ । ਅਖੀਰ ਉਸ ਦੇ ਮੱਥੇ ਤੇ ਤਿਊੜੀ ਉਭਰੀ । ਸਹਿਜੇ ਹੀ ਉਸ ਦੇ ਮੂੰਹੋਂ ਨਿੱਕਲਿਆ,
"ਏਸ ਭਾਈ ਨੇ ਆਪਣੇ ਮਾਂ ਪਿਓ ਬਾਰੇ ਕੁਝ ਦੱਸਿਆ ਈ ਨਹੀਂ ।"
ਨਾਲ ਹੀ ਬੇਟੇ ਨੂੰ ਆਵਾਜ਼ ਮਾਰੀ,
"ਬੇਟੇ ਬਾਪੂ ਜੀ ਨੂੰ ਰੋਟੀ ਦੇ ਕੇ ਆਓ ।"
ਮੈਂ ਜਿਵੇਂ ਇੱਕ ਦਮ ਨੀਂਦ ਤੋਂ ਜਾਗਿਆ ਹੋਵਾਂ । ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੀ ਸੀ । ਪਹਿਲਾਂ ਬੇਬੇ ਤੇ ਬਾਪੂ ਜੀ ਨੂੰ ਫੇਰ ਮੈਨੂੰ ਤੇ ਬੱਚਿਆਂ ਨੂੰ । ਮੇਰੀ ਪਤਨੀ ਨੂੰ ਹੋਰ ਕੁੱਝ ਕਹਿਣ ਦੀ ਜ਼ਰੂਰਤ ਹੀ ਨਾ ਪਈ। ਅੱਜ ਉਹ ਬਿਨਾਂ ਬਹਿਸ ਕੀਤਿਆਂ ਹੀ ਜਿੱਤ ਗਈ ।