Uh Chali Gai (Punjabi Story) : Anton Chekhov

ਉਹ ਚਲੀ ਗਈ (ਕਹਾਣੀ) : ਐਂਤਨ ਚੈਖਵ

ਭੋਜਨ ਖਤਮ ਹੋਇਆ। ਢਿੱਡ ਨੂੰ ਤ੍ਰਿਪਤੀ ਦਾ ਸੁਖਦਾਈ ਅਹਿਸਾਸ ਹੋਣ ਲੱਗਾ। ਉਬਾਸੀਆਂ ਆਉਣ ਲੱਗੀਆਂ ਅਤੇ ਅੱਖਾਂ 'ਚ ਨੀਂਦ ਦੀ ਮਿੱਠੀ ਖੁਮਾਰੀ ਤੈਰਨ ਲੱਗੀ। ਪਤੀ ਨੇ ਸਿਗਾਰ ਜਲਾ ਲਈ ਅਤੇ ਇਕ ਅੰਗੜਾਈ ਲੈ ਕੇ ਸੋਫ਼ੇ 'ਤੇ ਅੱਧ ਲੇਟਿਆ ਹੋ ਗਿਆ। ਪਤਨੀ ਸਿਰ੍ਹਾਣੇ ਬੈਠ ਗਈ। ਦੋਵੇਂ ਪੂਰਨ ਸੁਖੀ ਸਨ।
''ਕੋਈ ਗੱਲ ਸੁਣਾਓ'' - ਪਤੀ ਨੇ ਉਬਾਸੀ ਲੈਂਦਿਆਂ ਕਿਹਾ।
''ਕੀ ਗੱਲ ਸੁਣਾਵਾਂ? ਓ, ਹਾਂ ਸੱਚ, ਕੀ ਤੁਸੀਂ ਸੁਣਿਐ-ਸੋਫ਼ੀਆ ਅਕੁਰੋਵਾ ਨੇ ਸ਼ਾਦੀ ਕਰ ਲਈ ਹੈ? ਕੀ ਨਾਂ ਹੈ ਉਸ ਦਾ... ਹਾਂ, ਯਾਦ ਆਇਆ ਮਿਸਟਰ ਤਰਾਂਬ ਨਾਲ। ਕਿੰਨੀ ਬਦਨਾਮੀ ਹੋ ਰਹੀ ਹੈ, ਉਸ ਦੀ!''
''ਇਸ ਵਿਚ ਬਦਨਾਮੀ ਵਾਲੀ ਕੀ ਗੱਲ ਹੈ ਭਲਾ?'' ਪਤੀ ਨੇ ਸਰਸਰੀ ਪੁੱਛਿਆ।
''ਕਿਉਂ? ਉਹ ਤਰਾਂਬ ਤਾਂ ਪੂਰਾ ਬਦਮਾਸ਼ ਹੈ - ਭ੍ਰਿਸ਼ਟਾਚਾਰੀ ਹੈ। ਕਿਹੋ ਜਿਹਾ ਬੇਈਮਾਨ ਚਲਾਕ ਤੇ ਬੇਸ਼ਰਮ ਆਦਮੀ ਹੈ ਉਹ! ਭੋਰਾ ਭਰ ਵੀ ਇਮਾਨਦਾਰੀ ਨਹੀਂ ਹੈ ਉਸ ਵਿਚ। ਬਿਲਕੁਲ ਭ੍ਰਿਸ਼ਟ ਤੇ ਚਰਿੱਤਰਹੀਣ। ਪਹਿਲਾਂ ਉਹ ਕਾਊਂਟ ਕੋਲ ਮੈਨੇਜ਼ਰ ਸੀ, ਉਥੇ ਖੂਬ ਨਾਜਾਇਜ਼ ਕਮਾਈ ਕੀਤੀ। ਹੁਣ ਰੇਲਵੇ ਦੀ ਨੌਕਰੀ ਕਰ ਰਿਹਾ ਹੈ, ਚੋਰ ਕਿਤੋਂ ਦਾ। ਆਪਣੀ ਭੈਣ ਤੱਕ ਦਾ ਸਾਰਾ ਮਾਲ ਮੱਤਾ ਖਾ ਗਿਆ। ਸਾਫ ਗੱਲ ਹੈ ਕਿ ਉਹ ਚਲਾਕ ਲੁਟੇਰਾ ਹੈ-ਲੁਟੇਰਾ। ਐਸੇ ਆਦਮੀ ਨਾਲ ਸ਼ਾਦੀ ਕਰਨਾ, ਉਸ ਨਾਲ ਬੀਵੀ ਬਣ ਕੇ ਰਹਿਣਾ! ਹੈਰਾਨੀ ਹੁੰਦੀ ਹੈ ਮੈਨੂੰ ਸੋਫ਼ੀਆ 'ਤੇ। ਕਿੱਥੇ ਉਹ ਭਲੀ ਅਤੇ ਸਮਝਦਾਰ ਲੜਕੀ ਅਤੇ ਕਿੱਥੇ ਇਹ ਬੇਈਮਾਨ ਬੰਦਾ। ਮੈਂ ਹੁੰਦੀ ਤਾਂ ਕਦੇ ਵੀ ਅਜਿਹੇ ਬੰਦੇ ਨਾਲ ਸ਼ਾਦੀ ਨਾ ਕਰਦੀ, ਭਾਵੇਂ ਕਰੋੜਪਤੀ ਤੇ ਖੂਬਸੂਰਤ ਹੀ ਕਿਉਂ ਨਾ ਹੁੰਦਾ। ਮੈਂ ਤਾਂ ਐਸੇ ਆਦਮੀ 'ਤੇ ਥੁੱਕਦੀ ਵੀ ਨਾ। ਐਸੇ ਬੇਈਮਾਨ ਪਤੀ ਦੀ ਤਾਂ ਮੈਂ ਕਲਪਨਾ ਵੀ ਨਹੀਂ ਕਰ ਸਕਦੀ।''
ਪਤਨੀ ਜੋਸ਼ ਵਿਚ ਉਠ ਖੜੀ ਹੋਈ। ਉਸ ਦਾ ਚਿਹਰਾ ਗੁੱਸੇ ਵਿਚ ਤਮ-ਤਮਾਉਣ ਲੱਗਿਆ ਅਤੇ ਜੋਸ਼ ਵਿਚ ਉਹ ਕਮਰੇ 'ਚ ਚਹਿਲ ਕਦਮੀ ਕਰਨ ਲੱਗੀ। ਉਸ ਦੀਆਂ ਅੱਖਾਂ ਲਾਲ ਸਨ। ਜਿਸ ਤੋਂ ਉਸ ਦੇ ਕਥਨਾਂ ਦੀ ਸਚਾਈ ਪ੍ਰਤੱਖ ਨਜ਼ਰ ਆ ਰਹੀ ਸੀ। ਉਹ ਮੁੜ ਬੋਲਣ ਲੱਗੀ।
''ਐਸਾ ਨੀਚ ਹੈ ਉਹ ਤਰਾਂਬ ਅਤੇ ਉਸ ਤੋਂ ਹਜ਼ਾਰ ਗੁਣਾ ਮੂਰਖ ਤੇ ਹੋਛੀਆਂ ਹਨ ਉਹ ਔਰਤਾਂ ਜੋ ਐਸੇ ਬੰਦਿਆਂ ਨਾਲ ਸ਼ਾਦੀ ਕਰ ਲੈਂਦੀਆਂ ਹਨ।''
''ਅੱਛਾ! ਤੂੰ ਹੁੰਦੀ ਤਾਂ ਯਕੀਨਨ ਹੀ ਐਸੇ ਬੰਦੇ ਨਾਲ ਸ਼ਾਦੀ ਨਾ ਕਰਦੀ, ਪਰ ਜੇ ਤੈਨੂੰ ਪਤਾ ਲੱਗੇ ਕਿ ਮੈਂ ਵੀ ਵੈਸਾ ਹੀ ਭ੍ਰਿਸ਼ਟ ਹਾਂ, ਤਾਂ... ? ਤਾਂ ਤੂੰ ਕੀ ਕਰਦੀ?''
''ਮੈਂ! ਮੈਂ ਤੁਹਾਨੂੰ ਉਸੇ ਵਕਤ ਛੱਡ ਕੇ ਚਲੀ ਜਾਂਦੀ। ਤੁਹਾਡੇ ਨਾਲ ਇਕ ਪਲ ਵੀ ਹੋਰ ਨਾ ਠਹਿਰਦੀ। ਮੈਂ ਸਿਰਫ ਇਮਾਨਦਾਰ ਆਦਮੀ ਨੂੰ ਹੀ ਪਸੰਦ ਕਰਦੀ ਹਾਂ। ਜੇਕਰ ਮੈਨੂੰ ਪਤਾ ਲੱਗੇ ਕਿ ਤੁਸੀਂ ਉਸ ਤਰਾਂਬ ਨਾਲੋਂ ਸੌਵਾਂ ਹਿੱਸਾ ਵੀ ਬੇਈਮਾਨੀ ਕੀਤੀ ਹੈ, ਤਾਂ ਮੈਂ...! ਤਾਂ ਮੈਂ ਪਲਕ ਝਪਕਦੇ ਹੀ... ਤੁਹਾਨੂੰ ਗੁੱਡ ਬਾਏ...!''
''ਅੱਛਾ ਇਹ ਗੱਲ ਹੈ? ਹਾ-ਹਾ-ਹਾ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਬੀਵੀ ਐਨੀ ਸਫਾਈ ਨਾਲ ਝੂਠ ਬੋਲ ਲੈਂਦੀ ਹੈ।
''ਮੈਂ ਕਦੇ ਝੂਠ ਨਹੀਂ ਬੋਲਦੀ। ਤੁਸੀਂ ਜ਼ਰਾ ਕੋਸ਼ਿਸ਼ ਤਾਂ ਕਰੋ ਬੇਈਮਾਨੀ ਕਰਨ ਦੀ... ਤਦ ਦੇਖਣਾ।''
''ਕੋਸ਼ਿਸ਼ ਕਿਸ ਗੱਲ ਦੀ? ਤੈਨੂੰ ਪਤਾ ਹੀ ਹੈ, ਮੈਂ ਤੇਰੇ ਉਸ ਤਰਾਂਬ ਨਾਲੋਂ ਬਹੁਤ ਅੱਗੇ ਲੰਘਿਆ ਹੋਇਆਂ ਹਾਂ। ਤਰਾਂਬ... ਉਹ ਤਾਂ ਬੱਚਾ ਹੈ, ਇਸ ਕੰਮ ਵਿਚ ਮੇਰੇ ਸਾਹਮਣੇ। ਵਿਚਾਰਾ ਨੌ-ਸਿਖੀਆ। ਅੱਖਾਂ ਇੰਝ ਚੌੜੀਆਂ ਕਿਉਂ ਕਰ ਰਹੀ ਹੈਂ? ਅੱਛਾ (ਕੁਝ ਰੁਕ ਕੇ).... ਭਲਾ ਇਹ ਦੱਸ ਕਿ ਮੇਰੀ ਤਨਖਾਹ ਕਿੰਨੀ ਹੈ?''
''ਮੇਰਾ ਖਿਆਲ ਹੈ ਕਿ ਤਿੰਨ ਹਜ਼ਾਰ ਰੂਬਲ।''
''ਹਾਂ!... ਤੇ ਇਸ ਹਾਰ ਦੀ ਕੀਮਤ ਕੀ ਹੈ, ਜਿਹੜਾ ਮੈਂ ਪਿਛਲੇ ਹਫ਼ਤੇ ਹੀ ਤੇਰੇ ਲਈ ਖਰੀਦਿਆ ਸੀ? ਯਾਦ ਹੈ ਨਾ... ਪੂਰੇ ਦੋ ਹਜ਼ਾਰ, ਹੈ ਨਾ ਅਤੇ ਕੱਲ ਖਰੀਦੀ ਤੇਰੀ ਡਰੈਸ... ਪੰਜ ਸੌ ਦੀ। ਪਿੰਡ ਵਿਚਲੀ ਅਰਾਮਗਾਹ ਦਾ ਖ਼ਰਚ ਹੈ, ਦੋ ਹਜ਼ਾਰ। ਕੱਲ ਤੇਰੇ ਪਾਪਾ ਨੇ ਵੀ ਮੈਥੋਂ ਇਕ ਹਜ਼ਾਰ ਮਾਂਜ ਲਏ ਸੀ...।
''ਪਰ ਪਿਆਰੇ, ਇਹ ਤਾਂ ਏਧਰ ਓਧਰ ਦੇ ਖ਼ਰਚੇ ਨੇ...।'' ਪਤਨੀ ਹਲਕਾਹਟ ਨਾਲ ਬੋਲੀ।
''ਫੇਰ ਘੋੜੇ ਦਾ ਖ਼ਰਚ, ਸਾਈਸ ਦਾ, ਡਾਕਟਰ ਦਾ ਖ਼ਰਚ। ਦਰਜੀ ਦਾ ਹਿਸਾਬ ਅਤੇ ਅਜੇ ਪਰਸੋਂ ਹੀ ਤੂੰ ਖੇਡ ਖੇਡ ਵਿਚ ਜਿਹੜਾ ਸੌ ਰੂਬਲ ਹਾਰ ਗਈ ਸੀ...?''
ਪਤੀ ਨੇ ਆਪਣਾ ਧੜ ਸੋਫ਼ੇ ਤੋਂ ਥੋੜ੍ਹਾ ਉਪਰ ਉਠਾਇਆ ਅਤੇ ਸਿਰ ਨੂੰ ਇਕ ਹਥੇਲੀ ਉਤੇ ਟਿਕਾਉਂਦਿਆਂ ਪਰਿਵਾਰ ਦੀ ਪੂਰੀ ਬੈਲੇਂਸ ਸ਼ੀਟ ਹੀ ਪੜ੍ਹ ਦਿੱਤੀ। ਫੇਰ ਉਠ ਕੇ ਲਿਖਣ ਮੇਜ਼ ਕੋਲ ਗਿਆ ਅਤੇ ਸਬੂਤ ਵਜੋਂ ਕੁਝ ਕਾਗਜ਼ ਵੀ ਪਤਨੀ ਨੂੰ ਵਿਖਾਏ।
''ਵੇਖਿਆ ਹੁਣ ਸ਼੍ਰੀਮਤੀ ਜੀ ਕਿ ਤੁਹਾਡਾ ਉਹ ਤਰਾਂਬ ਕੁਝ ਵੀ ਨਹੀਂ ਹੈ, ਮੇਰੇ ਸਾਹਮਣੇ! ਮੇਰੀ ਤੁਲਨਾ ਵਿਚ ਉਹ ਕਿਸੇ ਮਾਮੂਲੀ ਜੇਬ ਕਤਰੇ ਤੋਂ ਜ਼ਿਆਦਾ ਨਹੀਂ ਹੈ... ਗੁੱਡ ਬਾਏ! ਜਾਓ... ਹੁਣ ਅੱਗੇ ਤੋਂ ਕਦੇ ਐਸੀ ਚੁੰਝ ਚਰਚਾ ਨਾ ਛੇੜਣਾ...!''
ਮੇਰੀ ਕਹਾਣੀ ਇਥੇ ਹੀ ਸਮਾਪਤ ਹੁੰਦੀ ਹੈ, ਪਰ ਹੋ ਸਕਦਾ ਹੈ ਪਾਠਕ ਪੁੱਛਣ' ''ਤਦ ਕੀ ਉਹ ਸੱਚਮੁੱਚ ਚਲੀ ਗਈ? ਆਪਣੇ ਪਤੀ ਨੂੰ ਛੱਡ ਗਈ?''
ਮੇਰਾ ਜਵਾਬ ਹੈ-''ਜੀ ਹਾਂ, ਉਹ ਬਿਲਕੁਲ ਚਲੀ ਗਈ, ਪਰ ਸਿਰਫ ਦੂਜੇ ਕਮਰੇ ਵਿਚ ਸੌਣ ਲਈ।''
(ਅਨੁਵਾਦ: ਸੁਖਦਰਸ਼ਨ ਨੱਤ)

  • ਮੁੱਖ ਪੰਨਾ : ਐਂਤਨ ਚੈਖਵ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ