Uh Nahin Aunge (Laghu Novel) : Sukhwant Kaur Maan
ਉਹ ਨਹੀਂ ਆਉਣਗੇ (ਲਘੂ ਨਾਵਲ) : ਸੁਖਵੰਤ ਕੌਰ ਮਾਨ
“ਬੀਜੀ ਕਿੱਥੇ ਨੇ?” ਰਸਮੀ ਸੁੱਖ-ਸਾਂਦ ਪੁੱਛਣ ਪਿੱਛੋਂ ਬੀਜੀ ਨੂੰ ਕਿਧਰੇ ਨਾ ਵੇਖ ਕੇ ਮੈਂ ਪੁੱਛਿਆ।
“ਨੀਟੂ ਨੂੰ ਨਾਲ਼ ਲੈ ਕੇ ਨਾਲ਼ ਦੀ ਹਵੇਲੀ ਗਏ ਨੇ।” ਚੁੱਲ੍ਹੇ ‘ਚ ਫੂਕ ਮਾਰਦਿਆਂ ਛੋਟੇ ਭਰਾ ਦੀਪ ਦੀ ਪਤਨੀ ਨੇ ਦੱਸਿਆ।
ਹਵੇਲੀ ਵੱਲ ਜਾਂਦਿਆਂ ਅੱਗੋ ਆਉਂਦੇ ਬੀਜੀ ਦਿੱਸੇ, ਬੇ-ਪਛਾਣ ਧੁੰਦਲਾ ਜਿਹਾ ਚਿਹਰਾ ਢਿੱਲੀ ਤੋਰ…ਦਿਲ ਨੂੰ ਧੱਕਾ ਜਿਹਾ ਲੱਗਾ। ਮੱਥਾ ਟੇਕਨ ਤੇ ਨੂੰਹ ਨੂੰ ਅਸੀਸਾਂ ਦੇਂਦਿਆਂ ਫਿਰ ਡਿੰਪਲ ਨੂੰ ਛਾਤੀ ਨਾਲ਼ ਲਾ ਕੇ ਪਿਆਰ ਕਰਦਿਆਂ ਹਫ਼ਦੇ ਜਿਹੇ ਉਹ ਮੰਜੀ ‘ਤੇ ਬੈਠ ਗਏ।
“ਬਿਮਾਰ ਤਾਂ ਨਹੀਂ…?”
“ਅਸੀਂ ਤੁਹਾਨੂੰ ਕਦੇ ਦੇ ਪਏ ਉਡੀਕਦੇ ਸਾਂ…।” ਮੇਰੀ ਗੱਲ ਦਾ ਜੁਆਬ ਦੇਣ ਦੀ ਬਜਾਏ ਮੋਹ ਭਿੱਜੀਆਂ ਨਜ਼ਰਾਂ ਨਾਲ਼ ਮੇਰੇ ਵੱਲ ਵੇਖਦਿਆਂ ਬੀਜੀ ਨੇ ਕਿਹਾ।
“ਹੁਣ ਤੇ ਖੁਸ਼ ਹੋ ਨਾਂ?” ਥੋੜ੍ਹਾ ਜਿਹਾ ਮੁਸਕਰਾਦਿਆਂ ਮੈਂ ਕਿਹਾ।
“ਜੁੱਗ ਜੁੱਗ ਜੀਵੋ, ਜੁਆਨੀਆਂ ਮਾਨੋ…।”
ਅਚਾਨਕ ਮੇਰਾ ਧਿਆਨ ਸਾਹਮਣੀ ਕੰਧ ਵੱਲ ਜਾ ਪਿਆ, ਕਿੰਨੇ ਹੀ ਲੇਅ ਉੱਖੜੇ ਪਏ ਸਨ।
“ਨਿੱਕਾ ਕਿੱਥੇ ਜੇ?” ਬੀਜੀ ਨੇ ਪੁੱਛਿਆ।
ਅਸੀਂ ਪਤੀ ਪਤਨੀ ਇੱਕ ਦੂਜੇ ਵੱਲ ਵੇਖ ਕੇ ਮੁਸਕੁਰਾਏ, ਪਰਾਂ ਪੀੜ੍ਹੀ ‘ਤੇ ਆਸ਼ੂ ਨੂੰ ਲਈ ਬੈਠੀ ਆਇਆ ਨੂੰ ਉਰ੍ਹਾਂ ਆਉਣ ਲਈ ਇਸ਼ਾਰਾ ਕੀਤਾ।
“ਸਗਵਾਂ ਤੇਰੇ ਤੇ ਵੇ।” ਬੱਚੇ ਨੂੰ ਗੋਦ ‘ਚ ਲਈ ਉਹਦੇ ਨਿੱਕੇ-ਨਿੱਕੇ ਕੱਕੇ ਵਾਲਾਂ ‘ਤੇ ਹੱਥ ਫ਼ੇਰਦਿਆਂ ਉਹਨਾਂ ਤ੍ਰਿਪਤੀ ਭਰੀਆਂ ਨਜ਼ਰਾ ਨਾਲ਼ ਮੇਰੇ ਵੱਲ ਵੇਖਿਆ।
“ਇਹ ਓਥੋਂ ਲਿਆਂਦੀ ਜੇ ਨਾਲ਼?” ਬੇ-ਪਸੰਦੀ ਜਿਹੀ ਨਾਲ਼ ਆਇਆ ਦਾ ਜਾਇਜ਼ਾ ਲੈਂਦਿਆਂ ਉਹਨਾਂ ਕਿਹਾ।
ਸਾਹਮਣੇ ਬਰਾਂਡੇ ‘ਚੋਂ ਆਕੜਾਂ ਭੰਨਦਾ ਹੋਇਆ ਇੱਕ ਮਾੜਚੂ ਜਿਹਾ ਘਸਮੈਲੇ ਰੰਗ ਦਾ ਕੁੱਤਾ ਉੱਠਿਆ ਤੇ ਏਧਰ ਓਧਰ ਸੁੰਘਦਾ ਹੋਇਆ ਵਿਹੜੇ ‘ਚ ਅਗਲੀਆਂ ਲੱਤਾ ‘ਤੇ ਬੂਥੀ ਰੱਖ ਕੇ ਬੈਠ ਗਿਆ।
ਦੀਪ ਦਾ ਕਾਕਾ ਚੌਂਕੇ ‘ਚ ਮਾਂ ਕੋਲ ਖ਼ਲੋਤਾ ਠਿਣ ਠਿਣ ਕਰਨ ਲੱਗਾ।
“ਸਵਰਨ ਕੌਰੋ ਚਾਹ ਧਰੀ ਆ?” ਚੁੱਲ੍ਹੇ ‘ਚ ਫੂਕਾਂ ਮਾਰ ਰਹੀ ਦੀਪ ਦੀ ਪਤਨੀ ਨੂੰ ਬੀਜੀ ਨੇ ਪੁੱਛਿਆ। ਧੂੰਏਂ ਦੀ ਕੁੜੱਤਣ ਨਾਲ਼ ਭਰੀਆਂ ਅੱਖੀਆਂ, ਊਹਨੇ ਬੀਜੀ ਵੱਲ ਕੁਣੱਖੀ ਜਿਹੀ ਝਾਕਿਆ ਤੇ ਫ਼ਿਰ ਫ਼ੂਕਾਂ ਮਾਰਨ ਲੱਗ ਪਈ।
“ਆਖਿਆ ਸੀ ਬਾਲਨ ਸਾਂਭ ਲਵੋ… ਗਿੱਲੇ ਬਾਲਨ ਬਾਲਦੇ ਨੇ ਪਏ…।” ਬੀਜੀ ਨੇ ਦੀਪ ਦੀ ਵਹੁਟੀ ਨੂੰ ਸੁਣਾਂਦਿਆਂ ਕਿਹਾ।
“ਵਿਹਲ ਈ ਕਿਹੜਾ ਮਿਲਦਾ ਏ।” ਗੁੱਸੇ ਨਾਲ਼ ਆਪਣੇ ਮੋਢਿਆਂ ਨਾਲੋਂ ਮੁੰਡੇ ਨੂੰ ਤਰੋੜਦਿਆਂ ਉਹਨੇ ਕਿਹਾ।
“ਉਰ੍ਹਾਂ ਆ ਖਾਂ ਮੇਰਾ ਪੁੱਤਰ…।” ਬੀਜੀ ਨੇ ਮੁੰਡੇ ਨੂੰ ਪੁੱਚਕਾਰਿਆ।
ਕੁਝ ਖਿਝੀ ਜਿਹੀ ਦੀਪ ਦੀ ਪਤਨੀ ਚਾਹ ਪੁਣਨ ਲੱਗੀ।
ਮੁੰਡਾ ਰੋਈ ਜਾ ਰਿਹਾ ਸੀ। ਧੂੰਆਂ ਕਾਫ਼ੀ ਫ਼ੈਲ ਚੁੱਕਾ ਸੀ।
ਦੀਪ ਦੇ ਵੱਡੇ ਮੁੰਡੇ ਸੋਟੀ ਫੜੀ ਤੇ ਵਿਹੜੇ ‘ਚ ਬੈਠੇ ਕੁੱਤੇ ਦੇ ਕੱਢ ਮਾਰੀ। ਕੁੱਤਾ ਟਿਓਂਕਦਾ ਟਿਓਂਕਦਾ ਵਿਹੜਿਓਂ ਬਾਹਰ ਨਿਕਲ ਗਿਆ।
“ਬੱਚਾ ਕੁੱਤਿਆਂ ਨੂੰ ਇੰਝ ਨਹੀਂ ਮਾਰੀ ਦਾ…।” ਬੀਜੀ ਨੇ ਮੁੰਡੇ ਨੂੰ ਸਮਝਾਇਆ। ਮੁੰਡੇ ਨੇ ਮੂੰਹ ਜਿਹਾ ਵੱਟਿਆ ਤੇ ਸੋਟੀ ਵਿਹੜੇ ‘ਚ ਵਗਾਹ ਮਾਰੀ।
ਮਾਂ ਦੇ ਪਿੱਛੇ ਰੀਂ ਰੀਂ ਕਰਦੇ ਮੁੰਡੇ ਨੂੰ ਬੀਜੀ ਨੇ ਚੁੱਕਿਆ ਤੇ ਗੋਦ ‘ਚ ਲੈ ਕੇ ਬੈਠ ਗਏ।
“ਆਂਡੇ ਜ਼ਰਾ ਘੱਟ ਉਬਾਲੇ ਨੇ ਅੱਧੋ-ਰਿੱਤੇ ਜਿਹੇ…।” ਬਿਸਕੁਟਾਂ ਦੀ ਪਲੇਟ ਮੇਜ਼ ‘ਤੇ ਟਿਕਾਦਿਆਂ ਸਵਰਨ ਨੇ ਕਿਹਾ। ਬੀਜੀ ਨੇ ਮੱਖਣ ਲਈ ਕਿਹਾ ਤਾਂ ਸਵਰਨ ਬੋਲੀ:-“ਲਾਏ ਮੱਖਣ ਇਹਨਾਂ ਤੋਂ ਚੰਗਾ ਏ ।” ਪਰ ਪਤਨੀ ਨੇ ਅੰਦਰ ਜਾਂਦੀ ਸਵਰਨ ਨੂੰ ਰੋਕ ਦਿੱਤਾ। ਕਿਉਂਕਿ ਰਾਤ ਦੀ ਰੋਟੀ ਵੀ ਤਾਂ ਖਾਣੀ ਸੀ।
“ਲਓ ਤੁਸੀਂ ਕਿਹੜਾ ਨਿੱਤ-ਨਿੱਤ ਪਏ ਅਉਂਦੇ ਓ…।” ਰੋਕਣ ਦੇ ਬਾਵਜੂਦ ਵੀ ਉਹਨੇ ਮੱਖਣ ਦਾ ਪਿਆਲਾ ਮੇਜ਼ ‘ਤੇ ਲਿਆ ਰੱਖਿਆ।
“ਤੁਸਾਂ ਤੇ ਖਾਧਾ ਈ ਕੁਝ ਨਹੀਂ…।” ਮੱਖਣ ਦਾ ਇੱਕ ਹੋਰ ਚਿਮਚਾ ਭਰਕੇ ਬੀਜੀ ਨੇ। ਮੇਰੀ ਪਲੇਟ ‘ਚ ਰੱਖ ਦਿੱਤਾ।
“ਹਈ, ਸ਼ਾਵਾ ਸ਼ੇ[ ਭਾਅ ਹੁਰੀ ਆਏ ਨੇ…।” ਬੂਹਿਓਂ ਵੜਦਿਆਂ ਹੀ ਦੀਪ ਨੂੰ ਚਾਅ ਚੜ੍ਹ ਗਿਆ। ਭਰਜਾਈ ਨੂੰ ਮੱਥਾ ਟੇਕ ਕੋਲ ਖਲੋਤੀ ਡਿੰਪਲ ਦੇ ਸਿਰ ਤੇ ਪਿਆਰ ਦੇਂਦਿਆਂ ਉਹ ਮੇਰੇ ਕੋਲ ਹੀ ਬੈਠ ਗਿਆ।”
“ਲਿਆਓ ਮੈਂ ਛਿੱਲ ਦਿਆਂ।” ਮੇਰੇ ਹੱਥੋਂ ਅੱਧਾ ਛਿੱਲਿਆ ਆਂਡਾ ਫੜਦਿਆਂ ਦੀਪ ਨੇ ਕਿਹਾ। ਬੀਜੀ ਦੇ ਚਿਹਰੇ ‘ਤੇ ਮਮਤਾ ਦਾ ਰੰਗ ਘੁਲਨ ਲੱਗਾ, ਦੀਪ ਦੇ ਕਾਕੇ ਨੂੰ ਬਿਸਕੁਟ ‘ਤੇ ਮੱਖ਼ਣ ਲਾਕੇ ਖੁਆਂਦੇ ਹੋਏ ਉਹ ਉਹਨੂੰ ਲਾਡੀਆਂ ਕਰਨ ਲੱਗ ਪਏ।
“ਸਵਰਨ ਤੂੰ ਵੀ ਏਥੇ ਆ ਜਾ ਕਿ ਤੈਂਨੂੰ ਚੌਂਕਾ ਈ ਸੁੱਖਿਆ ਹੋਇਆ ਏ”
“ਤੜਕਾ ਪਈ ਲਾਣੀ ਆਂ।” ਤਾਂਬੀਏ ‘ਚ ਕੜਛੀ ਮਾਰਦੀ ਸਵਰਨ ਬੋਲੀ।
ਦੀਪ ਚਹੂੰ ਸਾਲਾ ਦੀਆਂ ਪਿੰਡ ‘ਚ ਹੋਈਆਂ ਬੀਤੀਆਂ ਘਟਨਾਵਾਂ ਨੂੰ ਆਪਣੇ ਸੁਭਾਅ ਅਨੁਸਾਰ ਮਿਰਚ-ਮਸਾਲਾ ਲਾ ਕੇ ਸੁਨਾਣ ਲੱਗਾ। ਬੀਜੀ ਨੇ ਅਡੋਲ ਆਪਣੀ ਝੋਲੀ ‘ਚ ਸੁੱਤੇ ਪਏ ਮੁੰਡੇ ਦਾ ਮੂੰਹ ਪੂੰਝਿਆ ਤੇ ਵਰਾਂਡੇ ‘ਚ ਡੱਠੀ ਮੰਜੀ ‘ਤੇ ਪਾਕੇ ਉਹਨੂੰ ਥਾਪੜਨ ਲੱਗੇ। ਚਾਹ ਪੀਦਿਆਂ ਸਾਰ ਮੈਂ ਤੇ ਪਤਨੀ ਤਾਈ ਜੀ ਵੱਲ ਮਿਲਨ ਚਲੇ ਗਏ। ਆਏ ਤਾਂ ਬੀਜੀ ਅੱਗੇ ਢੇਰ ਭਾਂਡਿਆਂ ਦਾ ਲੱਗਾ ਪਿਆ ਸੀ।
“ਔਂਤਕੀ ਮਹਿਰੀ ਨੂੰ ਕਿੰਨੀ ਵਾਰ ਸੁਨੇਹਾਂ ਭਿਜਵਾਇਆ ਏ, ਬੱਸ ਦਿਨ ਦੇ ਦਿਨ ਆ ਵੜੇਗੀ ਲਾਗ ਲੈਣ ਲਈ।” ਦੀਪ ਦੀ ਵਹੁਟੀ ਨੇ ਚੌਂਕੇ ‘ਚ ਬੈਠੀ ਨੇ ਸਾਨੂੰ ਸੁਣਾਇਆ।
“ਲਿਆ ਸਵਰਨ ਮੈਂ ਵੀ ਕੁਝ ਕਰਾਂ।” ਪਤਨੀ ਉਹਦੇ ਕੋਲ ਚੌਕੇ ‘ਚ ਜਾ ਬੈਠੀ।
“ਸੱਚੀ ਗੱਲ ਤਾਂ ਇਹ ਜੇ ਭੈਣ ਜੀ, ਇਹ ਮਹਿਰੀ ਨੂੰ ਨੇੜੇ ਵੀ ਕਿਹੜਾ ਲੱਗਣ ਦੇਂਦੇ ਜੇ… ਜੇ ਉਹ ਤੱਤੀ ਆਉਂਦੀ ਏ ਤਾਂ ਕੁੱਤੇ ਦੀ ਬਾਬਾ ਕਰਦੇ ਨੇ ਉਹਦੇ ਨਾਲ਼… ਕਿਹੜਾ ਕੰਮੀ ਅੱਜ ਅਖ਼ਵਾਂਦਾ ਜੇ…?” ਦਿਰਾਣੀ ਜਿਠਾਣੀ ਨਾਲ਼ ਝੁਰ ਰਹੀ ਸੀ।
“ਬੀਜੀ ਉੱਠੋ ਤੁਸੀਂ, ਪ੍ਰੀਤ ਮਾਂਜ ਲੈਂਦੀ ਏ।” ਮੈਨੂੰ ਬੀਜੀ ਦਾ ਭਾਂਡੇ ਮਾਂਜਣਾ ਚੰਗਾ ਨਹੀਂ ਲੱਗਾ।
“ਨਾਂ ਭਾਈ ਨਾ, ਇਹ ਕੋਈ ਭਾਂਡੇ ਮਾਂਜਦੀ ਆਈ ਏ……।” “ਨੀ, ਆਹ ਕਾਕਾ ਫ਼ੜਾ ਖਾਂ ਪ੍ਰੀਤ ਨੂੰ ਜਰਾ, ਭਾਂਡੇ ਧੋ ਦੇ ਮੇਰੇ ਕੋਲ…।”
ਆਇਆ, ਸੁਣਿਆ ਅਣਸੁਣਿਆ ਕਰਕੇ ਕਾਕੇ ਨੂੰ ਲਈ ਵਿਹੜੇ ‘ਚ ਡੱਠੀ ਮੰਜੀ ‘ਤੇ ਜਾ ਬੈਠੀ।
“ਹਾਇਆ[ ਕਿੰਨੀ ਆਕੜ ਸੂ…।” ਬੀਜੀ ਨੇ ਆਇਆ ‘ਤੇ ਨੱਕ ਚਾੜ੍ਹਿਆ।
ਬੀਜੀ ਦੇ ਨਾਂਹ ਨਾਂਹ ਕਰਦਿਆਂ ਤੇ ਸਵਰਨ ਦੇ ਵਰਜਦਿਆਂ ਵਰਜਦਿਆਂ, ਪ੍ਰੀਤ ਭਾਂਡੇ ਧੋ ਧੋ ਟੋਕਰੇ ‘ਚ ਧਰਨ ਲੱਗੀ। ਬੀਜੀ ਖ਼ੁਸ਼ ਹੋ ਗਏ ਤੇ ਪੋਤਰੇ ਨੂੰ ਗੋਦੀ ‘ਚ ਲੈ ਕੇ ਬੈਠ ਗਏ।
+++
ਰਾਤ ਦੀ ਰੋਟੀ ਖਾ ਕੇ ਅਸੀਂ ਕੋਠੇ ‘ਤੇ ਸੌਣ ਚਲੇ ਗਏ
“ਨਾਂ ਮੈਂ ਨਿਆਣੀ ਆਂ, ਮੈਨੂੰ ਨਹੀਂ ਕੁਝ ਪਤਾ…। ” ਥੱਲਿਓਂ ਸਵਰਨ ਦੀ ਚਿਲਕਵੀਂ ਅਵਾਜ਼ ਆਈ।
“ਹਾਇਆ ਨੀਂ ਮੈਂ ਤਈਨੂੰ ਆਖ ਕੀ ਦਿੱਤਾ ਏ? ਮੇਰੇ ਗਲ ਪਈ ਪਈਨੀ ਏਂ…।” ਬੋਲ ਕਰਾਰਾ ਪਰ ਕੰਬਦਾ ਜਿਹਾ ਸੀ।
ਸਵਰਨ ਉੱਪਰ ਆਈ ਤੇ ਛੇਤੀ ਛੇਤੀ ਸਾਨੂੰ ਦੁੱਧ ਦੇ ਗਿਲਾਸ ਫੜਾ ਕੇ ਚਲੀ ਗਈ।
“ਤੁਹਾਨੂੰ ਕੋਈ ਆਂਹਦਾ ਏ ਕੁਝ ਕਰੋ, ਤੁਹਾਡੇ ‘ਤੇ ਕਰਮਾਂ ‘ਚ ਈ ਸੁੱਖ ਨਹੀਂ…।” ਦੀਪ ਕੁਝ ਖਰ੍ਹਵੀਂ ਅਵਾਜ਼ ‘ਚ ਕਹਿ ਰਿਹਾ ਸੀ।
“ਮੈਂ ਇਹਨੂੰ ਕੀ ਆਖਿਆ ਏ?” ਮੇਰੇ ਗਲ ਪੈ ਗਈ ਏ।” ਬੀਜੀ ਦੇ ਬੋਲ ‘ਚ ਲਚਾਰੀ ਸੀ।
“ਤੁਹਾਡੇ ਆਪਣੇ ‘ਚ ਕਸੂਰ ਏ, ਤੁਸੀਂ ਬਹਿਕੇ ਖਾ ਵੀ ਨਹੀਂ ਸਕਦੇ” ਦੀਪ ਤਲ਼ਖੀ ‘ਚ ਬੋਲੀ ਜਾ ਰਿਹਾ ਸੀ।
“ਹੁਣ ਮੇਰੀ ਖ਼ਲਾਸੀ ਵੀ ਕਰਨੀ ਜੇ ਕਿ ਨਹੀਂ?” ਬੀਜੀ ਨੇ ਖਿਝਦਿਆਂ ਕਿਹਾ।
“ਤੁਸੀਂ ਤੇ ਆਪ ਅਣਸੁਣਿਆ ਨੂੰ ਸੁਣਾਂਦੇ ਓ…।” ਦੀਪ ਨੇ ਤੈਸ਼ ‘ਚ ਆਉਂਦਿਆਂ ਕਿਹਾ।
“ਮੈਂ ਤੇ ਆਹਨੀ ਆਂ ਰੱਬਾ ਮੈਨੂੰ ਚੁੱਕ ਲਏ…।” ਅੱਗੋਂ ਕੁਝ ਸਪੱਸ਼ਟ ਸੁਣਾਈ ਨਹੀਂ ਸੀ ਦੇ ਰਿਹਾ।
“ਚੁੱਪ ਕਰਨੀ ਏਂ ਕਿ ਨਹੀਂ, ਆਏ ਗਏ ਨੂੰ ਸੁਨਾਣੀ ਏਂ ਪਈ….।” ਦੀਪ ਪਤਨੀ ‘ਤੇ ਗੜ੍ਹਕਿਆ।
ਕਾਹਲੀ ਕਾਹਲੀ ਪੌੜੀਆਂ ਚੜ੍ਹਦਾ ਦੀਪ ਮੇਰੀ ਮੰਜੀ ਦੀ ਬਾਹੀ ‘ਤੇ ਆ ਬੈਠਾ।
“ਜਦੋਂ ਅਸੀਂ ਜੁ ਇਹਨਾਂ ਨੂੰ ਆਹਣੇ ਆਂ, ਕੁਝ ਨਾ ਕਰੋ, ਆਪਣਾ ਨਾਵ੍ਹੋ ਧੋਵੋ ਬਹਿਕੇ ਮਾਲਾ ਫ਼ੇਰੋ…।” ਕੁਝ ਦੇਰ ਬੈਠਣ ਬਾਅਦ ਭਾਰੇ ਜਿਹੇ ਗਲੇ ਨਾਲ਼ ਦੀਪ ਨੇ ਕਿਹਾ।
“ਇਹਨੂੰ ਮੈਂ ਕਹਿਣਾ ਪਈ ਬੀਜੀ ਭਾਵੇਂ ਤੇਰੇ ਸਿਰ ‘ਚ ਸੌ ਛਿੱਤਰ ਵੀ ਮਾਰ ਲੈਣ, ਤੂੰ ਨਹੀਂ ਕੂਣਾ…।” ਹੁਣੇ ਜਿਠਾਣੀ ਦੀ ਮੰਜੀ ‘ਤੇ ਆਕੇ ਬੈਠੀ ਸਵਰਨ ਵੱਲ ਇਸ਼ਾਰਾ ਕਰਦਿਆਂ ਉਹਨਾ ਨੇ ਕਿਹਾ।
“…. ਜੇ ਮੇਰਾ ਕੋਈ ਕਸੂਰ ਏ, ਪੁੱਤਰ ਨੂੰ ਆਖਣ…।” ਸਵਰਨ ਨੇ ਗੱਚ ਭਰਦੀ ਨੇ ਕਿਹਾ।
“ਬੱਸ ਜਦੋਂ ਵੇਖੋ ਕਲੇਸ਼…।” ਦੀਪ ਕਾਫ਼ੀ ਖਿੱਝ ਗਿਆ ਸੀ।
“ਮੈਨੂੰ ਪਤਾ ਏ ਇਹ ਦਿਲ ਦੀ ਮਾੜੀ ਨਹੀਂ, ਬੀਜੀ ਦਾ ਤੌ ਭਾਅ ਭਰਦੀ ਏ…. ਫੇਰ ਪਤਾ ਨਹੀਂ ਬੀਜੀ ਨੂੰ ਹੋਈ ਕੀ ਜਾਂਦਾ ਏ ਦਿਨੋਂ ਦਿਨ…।”
“ਖੇਤੀਬਾੜੀ ਦਾ ਕੀ ਹਾਲ ਏ?” ਮੈਂ ਗੱਲ ਨੂੰ ਹੋਰ ਪਾਸੇ ਪਾਣ ਲਈ ਕਿਹਾ।
ਦੀਪ ਚੁੱਪ ਸੀ ਪਰ ਕੁਝ ਸੋਚੀ ਜਾ ਰਿਹਾ ਸੀ।
ਮੁੰਡਾ ਰੋਈ ਜਾ ਰਿਹਾ ਸੀ।
ਕੁਝ ਦੇਰ ਬਾਅਦ ਦੋਵੇਂ ਉੱਠੇ ਤੇ ਥੱਲੇ ਚਲੇ ਗਏ। ਮੁੰਡਾ ਜ਼ੋਰ ਜ਼ੋਰ ਦੀ ਰੋ ਰਿਹਾ ਸੀ ਤੇ ਬੀਜੀ ਉਹਨੂੰ ਚੁੱਕੀ ਵਿਹੜੇ ਦੇ ਚੱਕਰ ਲਾ ਰਹੇ ਸਨ। ਮੰਜੀਆਂ ਡਾਹੁੰਦਿਆਂ, ਬਿਸਤਰੇ ਲਿਆਉਦਿਆਂ ਤੱਕ ਬੀਜੀ ਕਾਫ਼ੀ ਖਿਝ ਗਏ ਸਨ। ਮੁੰਡਾ ਹਾਲੀ ਵੀ ਰੋਈ ਜਾ ਰਿਹਾ ਸੀ।
“ਹਾਇਆ ਇਹ ਤੇ ਪਲਮਦਾ ਜਾਂਦੈ, ਮਈਥੋ ਨਹੀਂ ਜੇ ਸਾਂਭਿਆਂ ਜਾਂਦਾ…।” ਬੀਜੀ ਨੇ ਰੋਣ ਹਾਕਿਆ ਹੁੰਦਿਆਂ ਕਿਹਾ।
“ਮਾਂ…. ਮਾਰਾਂ ਇਹਨੂੰ ਪਟਕਾ ਕੇ ਭੋਏਂ ‘ਤੇ…।” ਮੁੰਡੇ ਨੂੰ ਬੀਜੀ ਤੋਂ ਧੂਹੰਦਿਆਂ ਹੋਇਆ ਦੀਪ ਨੇ ਧਮੁੱਕ ਕੱਢ ਮਾਰਿਆ।
“ਹਾਇਆ ਇੰਜ ਵੀ ਕਰੀਦਾ ਏ….।” ਬੀਜੀ ਦਾ ਤ੍ਰਾਹ ਜਿਹਾ ਨਿਕਲ ਗਿਆ।
ਬੱਚਾ ਮਾਂ ਕੋਲ ਜਾ ਕੇ ਚੁੱਪ ਹੋ ਗਿਆ ਪਰ ਹਾਲੀ ਵੀ ਹੁੱਬ੍ਹਕੀਆਂ ਭਰ ਰਿਹਾ ਸੀ। ਦੂਰ ਪਿੰਡ ਤੋਂ ਬਾਹਰਲੇ ਟਿੱਬੇ ‘ਤੇ ਕੁੱਤਿਆਂ ਦੇ ਰੋਣ ਦੀ ਅਵਾਜ਼ ਆ ਰਹੀ ਸੀ।
+++
ਹਵੇਲੀ ਵੱਲੋਂ ਦੀਪ ਦੀਆਂ ਗਾਲਾਂ ਤੇ ਮੱਝ ਨੂੰ ਕੁੱਟਣ ਦੀ ਅਵਾਜ਼ ਆ ਰਹੀ ਸੀ। ਉੱਭੜਵਾਹਿਆ ਉੱਠ ਗਿਆਂ ਸਾਂ।
“ਨਹੀਂ ਮਿਲੀ ਮਾਂ…।” ਦੀਪ ਨੇ ਇੱਕ ਤਰ੍ਹਾਂ ਬਾਲਟੀ ਚੌਂਕੇ ‘ਚ ਸੁੱਟਦਿਆਂ ਕਿਹਾ ਸੀ।
“ਰਾਤ ਮੱਝ ਅੱਗੇ ਪੱਠੇ ਨਹੀਓਂ ਪਾਏ ਹੋਣੇ ਤੇਰੇ ਏਸ ਨੌਕਰ ਨੇ…।” ਕੰਦ ਵੱਲ ਖਲੋਤੇ ਤਾਰੇ ਵੱਲ ਇਸ਼ਾਰਾ ਕਰਦਿਆਂ ਬੀਜੀ ਨੇ ਸ਼ਕਾਇਤ ਲਾਈ ਸੀ।
“ਤੁਸਾਂ ਕੀ ਲੈਣਾ?” ਖਿਝਦਾ ਜਿਹਾ ਦੀਪ ਬੋਲਿਆ ਸੀ।
“ਮੈਂ ਕੀ ਲੈਣਾ, ਦੁੱਧ ਦੀ ਲੱਪ ਜਿਹੜੀ ਦੇਂਦੀ ਏ…।”
“ਫਿਰ ਮੈਂ ਕਿਧਰ-ਕਿਧਰ ਫਾਹੇ ਮਿਲਾਂ…? ਆਂਹਦੇ ਓ ਤਾਂ ਹੁਣੇ ਜੂੜਿਓਂ ਫੜ ਕੇ ਬਾਹਰ ਕਢ ਦੇਨਾ….।” ਦੀਪ ਖਾਸਾ ਖਿਝ ਗਿਆ ਸੀ।
“ਆਹ ਵੇਖੋ ਜੀ ਮੇਰਾ ਹਾਲ ਕੀ ਹੋ ਗਿਆ ਏ ਫੂਕਾਂ ਮਾਰ-ਮਾਰ… ਔਤਰਾਂ ਧੂੰਆਂ ਅੱਖਾਂ ਨੂੰ ਪਿਆ ਲੜਦਾ ਏ…।”
“ਕੱਲ੍ਹ ਆਖ ਤੇ ਆਇਆ ਸਾਂ, ਕੀ ਕਰਾਂ ਨਾਂ ਆਵੇ ਤਾਂ…।”
“ਜਾਹ ਓਏ ਤਾਰਿਆ ਗੇਲੂ ਨੂੰ ਬੁਲਾ ਲਿਆ, ਰੋਜ ਲਾਰੇ ਲਾਈ ਜਾਂਦਾ ਏ….।”
“ਤੁਸੀ ਬੀਜੀ ਮੁੰਡੇ ਨੂੰ ਹਰ ਵੇਲੇ ਕੋਸੀ ਨਾ ਜਾਇਆ ਕਰੋ, ਸੌਆਂ ਨਾਲੋਂ ਚੰਗਾ ਏ….।”
“ਭੈਡੀ ਤੇ ਫਿਰ ਮਹੀਓ ਹੋਈ।”
“ਫਿਰ ਕੰਜਰ ਤੇ ਮਹੀਊਂ ਹੋਇਆ….।” ਗੁੱਸੇ ‘ਚ ਪੈਰ ਪਟਕਦਾ ਦੀਪ ਬਾਹਰ ਨੂੰ ਹੋ ਲਿਆ ਸੀ।
ਵਿਹੜੇ ‘ਚ ਖਿੱਲਰੇ ਧੂੰਏ ਨਾਲ਼ ਜਿਵੇਂ ਸਾਹ ਗੁੰਮ ਹੋ ਰਿਹਾ ਸੀ। ਬਨੇਰੇ ਤੋਂ ਦੀ ਪੈਰ ਰੱਖ ਕੇ ਲੰਘਣ ਲੱਗਿਆ ਇੱਟ ਉੱਖੜੀ ਹੋਈ ਹੋਣ ਕਰਕੇ ਮਸਾਂ ਡਿੱਗਣੋਂ ਬਚਿਆ ਸਾਂ। ਬਨੇਰੇ ਦੀਆਂ ਬਹੁਤ ਸਾਰੀਆਂ ਇੱਟਾਂ ਉੱਖੜੀਆਂ ਪਈਆਂ ਸਨ ਜਿਵੇਂ ਕਦੀ ਕਿਸੇ ਬਨੇਰਾ ਲਿੰਬਿਆਂ ਹੀ ਨਾਂ ਹੋਵੇ। ਕੋਠੇ ‘ਤੇ ਥਾਂ-ਥਾਂ ਘਾਹ ਦੀਆਂ ਤ੍ਰਿੜਾਂ ਫ਼ੁੱਟ ਆਈਆਂ ਸਨ। ਸੋਚ ਰਿਹਾ ਸਾਂ ਬੀਜੀ ਕਿਵੇਂ ਲਿੰਬ ਪੋਚ ਕੇ ਰੱਖਿਆ ਕਰਦੇ ਸਨ ਥਾਂ-ਥਾਂ ਤੋਂ ਟਾਹਣੀਆਂ ਟੁੱਟੀਆਂ ਪਈਆਂ ਸਨ… ਬੀਜੀ ਦੇ ਵੇਲਿਆਂ ‘ਚ ਕਿੰਨੀ ਸੰਘਣੀ ਇਹਦੀ ਛਾਂ ਹੋਇਆ ਕਰਦੀ ਸੀ…।
ਦੀਪ ਦਾ ਕਾਕਾ ਉੱਭੜ ਵਾਹਿਆ ਉੱਠਕੇ ਰੋਣ ਲੱਗਾ ਸੀ।
“ਮਾਂ ਸਦਕੇ, ਮਾਂ ਵਾਰੀ, ਮੇਰਾ ਪੁੱਤਰ…।” ਬੀਜੀ ਮੁੰਡੇ ਕੁੱਛੜ ਲੈ ਕੇ ਵਿਰਾਉਣ ਲੱਗੇ।
“ਪੱਕ ਜਾਣਗੀਆਂ ਰੋਟੀਆਂ ਤੂੰ ਮੁੰਡਾ ਸੰਭਾਲ…।” ਮੁੰਡੇ ਨੂੰ ਮਾਂ ਕੋਲ ਖਲ੍ਹਾਰਦਿਆਂ ਬੀਜੀ ਨੇ ਕਿਹਾ।
“…ਆਹ ਲਾਹ ਲਵਾਂ ਚਾਰ ਪ੍ਰਾਉਂਠੀਆਂ…।”
ਮੁੰਡਾ ਰੋਈ ਜਾ ਰਿਹਾ ਸੀ।
“… ਚੁੱਪ ਕਰਨਾ ਈ ਕਿ ਨਹੀਂ, ਕੁਲੱਖਣਾ ਔਂਤਰਾ…।” ਚਪੇੜ ਖਾ ਕੇ ਮੁੰਡਾ ਹੋਰ ਕੁਰਲਾ ਉੱਠਿਆ ਸੀ।
ਸਵਰਨ ਗੱਚ ਜਿਹਾ ਖਾਕੇ ਉੱਠੀ ਤੇ ਮੁੰਡੇ ਨੂੰ ਲੈ ਕੇ ਹਵੇਲੀ ਚਲੀ ਗਈ। ਚੁੱਲ੍ਹ ਅੱਗੇ ਬੈਠੇ ਬੀਜੀ ਫ਼ੂਕ ਮਾਰਦੇ ਤਾਂ ਵਾਲ ਉੱਡਕੇ ਅੱਗੇ ਆ ਜਾਂਦੇ, ਚੁੱਲ੍ਹ ‘ਚੋਂ ਸਵਾਹ ਉੱਡ-ਉੱਡ ਉਹਨਾਂ ਦੇ ਸਿਰ ‘ਚ ਪੈ ਰਹੀ ਸੀ ਤੇ ਉਹ ਹਫ਼ ਰਹੇ ਸਨ….।
“ਇਹ ਤੇ ਰੁੱੜ੍ਹ ਜਾਣਾ ਕੁੱਛੜੋਂ ਈ ਨਹੀਂ ਪਿਆ ਉੱਤਰਦਾ…।” ਚੌਕੇਂ ਦੀ ਬੰਨੀ ਕੋਲ ਖੜੀ ਸਵਰਨ ਨੇ ਕਿਹਾ।
“ਹਾਲੀ ਤਾਈਂ ਮਹਿਰੀ ਵੀ ਨਹੀਂ ਆਨ ਵੜੀ।” ਬੀਜੀ ਨੇ ਤਵੇ ‘ਤੇ ਰੋਟੀ ਪਾਂਦਿਆਂ ਕਿਹਾ।
“ਆਪ ਤੇ ਤੁਸਾਂ ਕੱਢੀ ਸੀ…।”
“ਨਾ ਹੁਣ ਮੈਂ ਜਾਕੇ ਉਹਦੇ ਪੈਰੀਂ ਪਵਾਂ…।”
“ਆ, ਓਸ ਜਾਣਾ ਏ, ਕੱਢਣੋ ਤੁਸਾਂ ਰਹਿਣਾ ਨਹੀਂ।”
“ਨੀ, ਮੈਂ ਕੀ ਉਹਨੂੰ ਆਹਣੀ ਆਂ…?” ਬੀਜੀ ਤਮਕ ਕੇ ਬੋਲੇ ਸਨ।
“ਤੁਸੀਂ ਤੇ ਹਰ ਵੇਲੇ ਉਹਦੇ…।” ਮੈਨੂੰ ਗੁਸਲਖਾਨੇ ‘ਚੋਂ ਨਿਕਲਦਿਆਂ ਵੇਖ ਸਵਰਨ ਅੱਗੋਂ ਕੁਝ ਬੋਲਦੀ ਰਹਿ ਗਈ ਸੀ।
“ਉੱਠੋ ਤੁਸੀਂ ਚੁੱਲ੍ਹੇ ਅੱਗੋਂ, ਪਕਾਅ ਲੈਣੀ ਆਂ ਮੈਂ…।” ਮੁੰਡੇ ਨੂੰ ਚੌਕੇ ਕੋਲ਼ ਡੱਠੀ ਮੰਜੀ ‘ਤੇ ਬਿਠਾ ਹੱਥ ‘ਚ ਰੋਟੀ ਦੀ ਬੁਰਕੀ ਦੇਂਦਿਆਂ ਸਵਰਨ ਨੇ ਕਿਹਾ। ਅੱਖਾਂ ਪੂੰਝਦੇ ਤੇ ਲੜਖ਼ੜਾਉਂਦੇ ਜਿਹੇ ਬੀਜੀ ਚੁੱਲ੍ਹੇ ਅੱਗੋਂ ਉੱਠੇ ਤੇ ਮੁੰਡੇ ਵਾਲ਼ੀ ਮੰਜੀ ‘ਤੇ ਜਾ ਡਿੱਗੇ।
“… ਹਾਇਆ ਨੀ ਮੈਂ ਜੁੱਗੋ ਭੈੜੀ ਹੋ ਗਈ… ਨੀਂ ਮੈਂ ਕੁਪੱਤੀ ਤੇ ਕੁਚੱਜੀ, ਮਹਿਰੀਆਂ ਤੇ ਚੂਹੜੀਆਂ ਮਈਥੋਂ ਚੰਗੀਆਂ… ਆਂਹਦੇ ਨੇ ਬੋਲਦੀ ਕਿਓਂ ਏਂ, ਦਖ਼ਲ ਕਿਓਂ ਦੇਣੀ ਏ…?” ਬੀਜੀ ਦੀ ਵੈਣਾਂ ਵਰਗੀ ਅਵਾਜ਼ ਸੁਣਕੇ ਲਾਂਅ ‘ਤੇ ਕੱਛਾ ਪਾਉਂਦਿਆਂ ਮੇਰੇ ਹੱਥ ਜਿਵੇਂ ਉੱਥੇ ਦੇ ਉੱਥੇ ਹੀ ਠਿਠਕ ਗਏ ਸਨ। ਕੋਠੇ ‘ਤੇ ਸੁੱਤੀ ਡਿੰਪਲ ਉੱਭੜਵਾਹੇ ਉੱਠ ਕੇ ਬਨੇਰੇ ‘ਤੇ ਆ ਖਲੋਤੀ ਸੀ। ਬਾਹਰੋਂ ਹੋਕੇ ਆਈ ਮੇਰੀ ਪਤਨੀ ਤੇ ਆਇਆ ਬੂਹੇ ‘ਚ ਠਿਠਕ ਕੇ ਰਹਿ ਗਈਆਂ ਸਨ। ਚੁਬਾਰੇ ‘ਚ ਪਾਠ ਕਰਦੇ ਭਾਈ ਦੀ ਸੁਰ ਮੱਧਮ ਪੈ ਗਈ ਸੀ। ਨਿੱਕਾ ਅਸ਼ੂ ਜਾਗ ਪਿਆ ਸੀ ਤੇ ਡਰਕੇ ਉੱਚੀ-ਉੱਚੀ ਰੋਣ ਲੱਗਾ ਸੀ। ਵਿਹੜੇ ‘ਚ ਕੁੱਤਾ ਉੱਛਲ-ਉੱਛਲ ਕੇ ਹਵਾ ਨੂੰ ਭੌਂਕੀ ਜਾ ਰਿਹਾ ਸੀ। ਦੀਪ ਦੇ ਪਿੱਛੇ-ਪਿੱਛੇ ਮੋਢੇ ‘ਤੇ ਕੁਹਾੜਾ ਚੁੱਕੀ ਆਉਂਦਾ ਤਰਖ਼ਾਣ ਜਿਵੇਂ ਬਰੂਹਾਂ ‘ਚ ਹੀ ਗੱਡਿਆ ਗਿਆ ਸੀ।
“ਇਹ ਸਿਆਪਾ ਨਾਂ ਮੁੱਕਣਾ ਏ ਨਾਂ ਮਗਰੋਂ ਲਹਿਣਾ ਏਂ…।” ਦੀਪ ਨੇ ਮੇਰੇ ਵੱਲ ਵਿੰਹਦਿਆਂ ਕਿਹਾ ਸੀ।
“ਕੋਈ ਹੈ ਤੁਹਾਨੂੰ ਵਿਚਾਰ… ਕੀ ਆਖਣਗੇ ਭਾ ਜੀ…?” ਕਹਿਣ ਨੂੰ ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸੀ।
+++
ਚੁੱਪ-ਚਾਪ ਸਵਰਨ ਮੇਜ਼ ‘ਤੇ ਸਭ ਚੀਜ਼ਾਂ ਰੱਖ ਗਈ ਸੀ।
“ਸੋਚਾਂ ‘ਚ ਕੀ ਪਏ ਹੋ ਭਾ ਜੀ, ਲਓ ਖਾਓ…।” ਮੇਰੀ ਪਲੇਟ ‘ਚ ਚੋਖ਼ਾ ਸਾਰਾ ਮੱਖਣ ਤੇ ਆਮਲੇਟ ਰੱਖਦਿਆਂ ਦੀਪ ਨੇ ਕਿਹਾ ਸੀ।
ਚਾਹ ਦੀਆਂ ਘੁੱਟਾਂ ਮੇਰੇ ਸੰਘ ‘ਚ ਅੜ-ਅੜ ਜਾ ਰਹੀਆਂ ਸਨ। ਹਵੇਲੀ ‘ਚੋਂ ਠੱਕ-ਠੱਕ ਕੁਹਾੜੇ ਦੀ ਅਵਾਜ਼ ਆ ਰਹੀ ਸੀ। ਚੌਂਕੇ ‘ਚ ਬੀਜੀ ਊਂਦੀ ਪਾਈ ਬੈਠੇ ਸਨ।
“ਭਾ ਜੀ ਤੁਸਾ ਤਾਂ ਕੁਝ ਵੀ ਨਹੀਂ ਖਾਧਾ…।” ਮੇਰੀ ਪਲੇਟ ‘ਚ ਸਭ ਕੁਝ ਉਂਝ ਦਾ ਉਂਝ ਪਿਆ ਵੇਖ ਦੀਪ ਨੇ ਕਿਹਾ ਸੀ। ਕੋਸ਼ਿਸ਼ ਕਰਨ ‘ਤੇ ਵੀ ਮੇਰੇ ਸੰਘੋਂ ਬੁਰਕੀ ਨਹੀਂ ਸੀ ਉੱਤਰ ਰਹੀ। ਦੀਪ ਤਸੱਲੀ ਨਾਲ਼ ਖਾ ਰਿਹਾ ਸੀ। ਅੱਧੀ ਪ੍ਰਾਉਂਠੀ ਜਿਵੇਂ ਕਿਵੇਂ ਖਾਕੇ ਉੱਠਿਆਂ ਸਾਂ ਤਾਂ ਭਰਾ ਨੇ ਕਿਹਾ ਸੀ :-
“ਸਵਰਨ ਆਪਾਂ ਨੂੰ ਇਹਨਾਂ ਲਈ ਬਰੈੱਡ ਮੰਗਵਾ ਕੇ ਰੱਖਣੀ ਚਾਹੀਦੀ ਸੀ।”
“ਨਹੀਂ-ਨਹੀਂ ਐਸੀ ਕੋਈ ਗੱਲ ਨਹੀਂ… ਭਲਾ ਅਖ਼ਬਾਰ ਮਿਲ਼ ਜਾਏਗੀ ਏਥੇ ਕੋਈ?” ਅਖ਼ਬਾਰ ਪੜ੍ਹਨ ਲਈ ਡਾਡੀ ਤਤਪਰਤਾ ਜਤਾਦਿਆਂ ਮੈਂ ਦੀਪ ਨੂੰ ਪੁੱਛਿਆ ਸੀ।”
“ਮੈਂ ਹੁਣੇ ਜ਼ੈਲਦਾਰਾਂ ਦਿਓਂ ਅੰਗਰੇਜ਼ੀ ਦਾ ਅਖ਼ਬਾਰ ਲਈ ਆਉਣਾ…।” ਕਹਿੰਦਾ ਹੋਇਆ ਦੀਪ ਬੂਹਿਓਂ ਬਾਹਰ ਹੋ ਗਿਆ ਸੀ।
ਬੀਜੀ ਕੋਲ ਪਈ ਚਾਹ ਤੇ ਪ੍ਰਾਉਂਠੀ ਉਂਝ ਦੀ ਉਂਝ ਅਣਛੋਹੀ ਪਈ ਸੀ…। ਬੀਜੀ ਦੀ ਮੰਜੀ ‘ਤੇ ਬੈਠੀ ਮੇਰੀ ਪਤਨੀ ਮੰਜੀ ਦੀ ਨਿਕਲੀ ਹੋਈ ਰੱਸੀ ਨੂੰ ਅਪਣੀ ਉਂਗਲ ਤੇ ਲਵ੍ਹੇਟਦੀ ਤੇ ਫਿਰ ਉਦੇੜ ਲੈਂਦੀ… ਪਰ੍ਹਾਂ ਖਲੋਤੀ ਡਿੰਪਲ ਇੱਕ ਟੱਕ ਬੀਜੀ ਵੱਲ ਤੱਕੀ ਜਾ ਰਹੀ ਸੀ… ਪਾਠ ਸੁਣਨ ਦਾ ਬਹਾਨਾ ਕਰਕੇ ਮੈਂ ਉੱਪਰ ਚੁਬਾਰੇ ‘ਚ ਚਲਾ ਗਿਆ ਸਾਂ।
“ਭਾ ਜੀ ਕਿੱਥੇ ਨੇ ਆ ਅਖ਼ਬਾਰ ਲਿਆਂਦਾ ਏ…।” ਦੀਪ ਕਾਫ਼ੀ ਦੇਰ ਲਾ ਕੇ ਆਇਆ ਸੀ ਜ਼ੈਲਦਾਰਾਂ ਦੇ ਘਰੋਂ ਉਹਨੂੰ ਅਖ਼ਬਾਰ ਮਿਲ਼ੀ ਹੀ ਨਹੀਂ ਸੀ, ਉਹ ਨਾਲ਼ ਦੇ ਕਸਬੇ ਤੋਂ ਲੈਣ ਚਲਾ ਗਿਆ ਸੀ।
“ਚਲੋ ਖੇਤਾਂ ਨੂੰ ਚੱਲੀਏ” ਦੀਪ ਨੇ ਮੈਂਨੂੰ ਨਾਲ਼ ਚੱਲਣ ਲਈ ਕਿਹਾ ਸੀ। ਘਰ ‘ਚ ਮੈਂਨੂੰ ਘੁਟਣ ਮਹਿਸੂਸ ਹੋ ਰਹੀ ਸੀ। ਘਰੋਂ ਬਾਹਰ ਜਾਣਾ ਮੈਂਨੂੰ ਚੰਗਾ ਲੱਗਿਆ।
“ਮੁਰਗਾ ਮੰਗਵਾ ਲਈ ਸਵਰਨ ਪੈਂਚ ਤੋਂ।” ਦੀਪ ਨੇ ਪਤਨੀ ਦੀ ਤਾਕੀਦ ਕੀਤੀ ਸੀ।
“ਆਹ ਨਰਮਾ ਏ ਭਾ ਚਾਰ ਪੈਲੀਆਂ ਅਹੁ ਕਮਾਦ ਏ…।” ਦੀਪ ਪੈਲ਼ੀਓ ਪੈਲ਼ੀ ਫਿਰਕੇ ਆਪਣੀ ਫ਼ਸਲ ਵਿਖਾ ਰਿਹਾ ਸੀ। ਅੱਗੜ-ਪਿੱਛੜ ਅਸੀਂ ਤੂਤਾਂ ਵਾਲ਼ੇ ਵੱਲ ਹੋ ਤੁਰੇ ਸਾਂ। ਟਿਯੂਬਵੈੱਲ ਤੋਂ ਤਾਜ਼ਾ ਪਾਣੀ ਪੀ ਕੇ ਮੈਂ ਤੂਤਾਂ ਦੀ ਛਵੇਂ ਡੱਠੀ ਮੰਜੀ ਤੇ ਜਾ ਲੇਟਿਆ ਸਾਂ।
ਜਦੋਂ ਦੀ ਹੋਸ਼ ਸੰਭਾਲੀ ਸੀ ਬੀਜੀ ਹੀ ਸਾਡੀ ਦੁਨੀਆਂ ‘ਚ ਸਭ ਕੁਝ ਸਨ। ਕਾਮੇ ਰੱਖਕੇ ਉਹ ਖ਼ੇਤੀ ਕਰਵਾਉਂਦੇ। ਸਾਨੂੰ ਦੋਹਾਂ ਨੂੰ ਨਾਲ਼ ਲਈ ਉਹ ਖ਼ੇਤ ‘ਚ ਹੁੰਦੇ। ਆਪਣੀ ਇੱਕ-ਇੱਕ ਪੈਲ਼ੀ, ਇੱਕ-ਇੱਕ ਬੰਨੇ ਦਾ ਉਹਨਾਂ ਨੂੰ ਖ਼ਿਆਲ ਹੁੰਦਾ। ਪਿੰਡੋਂ ਚੰਗੀ ਉਹਨਾਂ ਦੀ ਫ਼ਸਲ ਹੁੰਦੀ, ਇਲਾਕਿਓਂ ਬਹੁਤੀ ਉਹਨਾਂ ਦੀ ਜਿਣਸ ਹੁੰਦੀ। ਘਰ ਦਾ ਕੰਮ ਸਭ ਆਪ ਹੀ ਕਰਦੇ… ਪਿਓ ਦੀ ਘਾਟ ਦਾ ਉਹ ਸਾਨੂੰ ਕਦੀ ਅਹਿਸਾਸ ਨਾਂ ਹੋਣ ਦਿੰਦੇ… ਇਹ ਸਭ ਸੋਚਦਾ-ਸੋਚਦਾ ਮੈਂ ਸ਼ਾਇਦ ਸੌਂ ਗਿਆ ਸਾਂ।
“ਚੱਲ ਭਾ ਚਲੀਏ…।” ਦੀਪ ਦੀ ਅਵਾਜ਼ ਨਾਲ਼ ਉੱਭੜਵਾਹੇ ਮੈਂ ਉੱਠ ਬੈਠਾਂ ਸਾਂ।
“ਭਾ ਫ਼ਸਲ ਕਿਹੋ ਜਿਹੀ ਲੱਗੀ?” ਕੋਈ ਚਾਰ ਪੈਲੀਆਂ ਦੀ ਵਾਟ ਟੁਰਨ ਤੋਂ ਬਾਅਦ ਉਹਨੇ ਪੁੱਛਿਆ ਸੀ।
“ਚੰਗੀ ਏ।” ਬਗੈਰ ਉਹਦੇ ਵੱਲ ਵੇਖਿਆਂ ਮੈਂ ਸਰਸਰੀ ਜਿਹਾ ਉੱਤਰ ਦਿੱਤਾ ਸੀ।
“ਭਾ ਐਤਕੀ ਰੇਹ ਸੀ ਘਰ ਦੀ, ਮੁੱਲ ਦੀ ਤੇ ਵਾਰਾ ਨਹੀਂ ਖਾਂਦੀ। ਫ਼ਸਲ ਮੈਂ ਐਂਤਕੀ ਰੀਝ ਨਾਲ਼ ਬੀਜੀ ਏ ਪੂਰਾ ਟਿੱਲ ਲਾ ਕੇ, ਬੀਅ ਮੈਂ ਐਤਕੀਂ ਸੀਡ ਕਾਰਪੋਰੇਸ਼ਨ ਵਾਲ਼ਿਆਂ ਕੋਲ਼ੋ ਲਿਆ ਏ …।” ਉਹ ਬੋਲੀ ਜਾ ਰਿਹਾ ਸੀ।
“ਇੱਕ ਝੋਟੀ ਸਾਉਣ ‘ਚ ਸੂਈ ਸੀ। ਅੱਸੂ ‘ਚ ਦੂਜੀ ਵੀ ਸੂ ਪੈਣੀ ਏ, ਇੱਕ ਸੱਜਰ ਸੂ ਮਰ ਗਈ ਸੀ, ਸਾਰਾ ਸਾਲ ਫਾਕੇ ਕੱਟਣਾ ਪਿਆ…।”
ਮੂੰਹ ਧਿਆਨੇ ਬਿਨਾਂ ਹੂੰ ਹਾਂ ਕੀਤਿਆਂ ਮੈਂ ਉਹਦੇ ਨਾਲ਼ ਤੁਰਿਆ ਆ ਰਿਹਾਂ ਸਾਂ।
“ਭਾ ਰਾਜੀ ਤਾਂ ਹੈ ਮਖ਼…?” ਹੈਰਾਨੀ ਨਾਲ਼ ਮੇਰੇ ਮੂੰਹ ਵੱਲ ਤੱਕਦਿਆਂ ਉਹਨੇ ਪੁੱਛਿਆ।
“ਨਹੀਂ ਕੁਝ ਨਹੀਂ ਹੋਇਆ ਮੈਂਨੂੰ…।” ਇੱਕ ਦਮ ਸੁਖ਼ੜ ਹੁੰਦਿਆਂ ਮੈਂ ਕਿਹਾ।
“ਆਹ ‘ਖ਼ਬਾਰ ਤਾਂ ਤੁਸਾਂ ਖੋਲ੍ਹੀ ਵੀ ਨਹੀਂ।” ਹੱਥ ‘ਚ ਤਹਿ ਕੀਤੀ ਅਖ਼ਬਾਰ ਵੱਲ਼ ਮੇਰਾ ਧਿਆਨ ਦੁਆਦਿਆਂ ਉਹਨੇ ਕਿਹਾ।
“ਨੀਂਦ ਜਿਹੀ ਆ ਗਈ ਸੀ ਤੂਤਾਂ ਥੱਲੇ।” ਮੈਂ ਝੂਠ ਬੋਲਿਆ। ਫਿਰ ਤੋੜ ਤੱਕ ਦੀਪ ਕੁਝ ਨਾ ਬੋਲਿਆ।
“ਤੁਹਾਨੂੰ ਕਿੰਨੀ ਵਾਰ ਕਿਹਾ ਵੇ, ਅਰਾਮ ਨਾਲ਼ ਬਿਹਾ ਕਰੋ…।” ਅੰਦਰ ਵੜਦਿਆਂ ਹੀ ਬੀਜੀ ਨੂੰ ਡਿਉੜ੍ਹੀ ‘ਚ ਪੋਚਾ ਫ਼ੇਰਦਿਆਂ ਵੇਖ ਮੈਂ ਹੈਰਾਨ ਜਿਹਾ ਰਹਿ ਗਿਆ।
“ਬੀਜੀ ਕੁਝ ਤਾਂ ਆਪਣਾ ਖਿਆਲ ਰੱਖਿਆ ਕਰੋ, ਏਸ ਤਰ੍ਹਾਂ ਤਾਂ ਤੁਸੀਂ ਬਿਮਾਰ ਹੋ ਜਾਓਗੇ…।” ਕੁਝ ਨਾਂ ਕਹਿਣਾ ਚਾਹੁੰਦਿਆਂ ਵੀ ਮੇਰੇ ਮੂੰਹੋਂ ਨਿਕਲ ਗਿਆ।
“ਏਹੋ ਤਾਂ ਮੈਂ ਆਹਨਾਂ… ਹੋਰ ਮੇਰੀ ਇਹਨਾਂ ਨਾਲ਼ ਲੜ੍ਹਾਈ ਕੀ ਏ?”..
“ਇਹਨਾਂ ਨੂੰ ਈ ਪੁੱਛ ਲਓ, ਕਿੰਨੇ ਤਰਲੇ ਮੈਂ ਕੱਢੇ ਨੇ ਇਹਨਾਂ ਦੇ ਪਈ ਛੱਡੋ ਪੋਚਾ ਤੇ ਰੋਟੀ ਖਾਓ…।” ਸਵਰਨ ਨੇ ਕਿਹਾ।
“ਮੈਂ ਤੁਹਾਡਾ ਕੀ ਵਿਗਾੜਿਆ ਏ? ਕਿਉਂ ਕੀਕਣਾਂ ਵਾਂਗ ਹੋ ਗਏ ਓ ਮੇਰੇ ਦੁਆਲੇ?”
“ਜਦੋਂ ਤੁਹਾਨੂੰ ਜੁ ਆਖਿਆ ਏ ਪਈ ਜਨਾਨੀ ਲਾ ਲਈਏ…।”
“ਮੈਂ ਕੋਈ ਮੋੜ ‘ਤੇ ਨਹੀਂ ਘੱਲੀ ਤੇਰੀ ਲਾਈ ਹੋਈ ਜਨਾਨੀ।”
“… ਤੁਸੀਂ ਬਾਬਾ ਸੱਚੇ ਤੇ ਅਸੀਂ ਝੂਠੇ…।” ਦੀਪ ਨੇ ਆਪਣੇ ਮਨੋਂ ਹਾਰ ਮੰਨਦਿਆਂ ਕਿਹਾ।
“ਭਾ, ਮੁੜਦੇ ਨਹੀਂ ਆਪਣੀ ਆਈ ਤੋਂ ਭਾਵੇਂ ਕੀ ਹੋ ਜਾਏ…।”
“ਆਇਆਂ ਗਿਆਂ ਇਹਨਾਂ ਸਾਡੇ ਸਿਰ ਸੁਆਹ ਜੁ ਪੁਆਉਣੀ ਹੋਈ…।” ਮੀਟ ਵਾਲ਼ਾ ਡੋਂਗਾ ਮੇਜ਼ ‘ਤੇ ਰੱਖਦਿਆਂ ਸਵਰਨ ਬੋਲੀ।
“ਏਨੀ ਖੇਚਲ ਕਾਹਨੂੰ ਕਰਨੀ ਸੀ”, ਮੁਰਗੇ ਦਾ ਮੀਟ ਵੇਖਦਿਆਂ ਮੈਂ ਕਿਹਾ।
“ਭਾ ਤੈਨੂੰ ਹੋਈ ਕੀ ਜਾਂਦਾ ਏ? ਕੇਹੀਆਂ ਓਪਰਿਆਂ ਵਾਂਗ ਗੱਲਾਂ ਕਰਨਾ ਏਂ…।” ਡੂੰਘੀ ਨੀਝ ਨਾਲ਼ ਮੇਰੇ ਵੱਲ ਵੇਖਦਿਆਂ ਦੀਪ ਨੇ ਕਿਹਾ।
“ਨਹੀਂ, ਨਹੀਂ, ਮੇਰਾ ਕੋਈ ਇਹੋ ਜਿਹਾ ਭਾਵ ਨਹੀਂ।” ਕਾਹਲ਼ੀ-ਕਾਹਲ਼ੀ ਇੰਝ ਕਹਿੰਦਿਆਂ ਮੈਂ ਗੱਲ ਨੂੰ ਟਾਲ਼ਨਾ ਚਾਹਿਆ।
ਮੁਰਗੇ ਦੀਆਂ ਸੈਂਖੀਆਂ ਚੂਸਦਿਆਂ ਦੀਪ ਕਾਫ਼ੀ ਮੂਡ ‘ਚ ਸੀ। ਉਹ ਉੱਚੀ-ਉੱਚੀ ਕਹਿਕੇ ਲਗਾ ਰਿਹਾ ਸੀ। ਕਿਵੇਂ ਸਕੂਲ ਜਾਣ ਦੀ ਬਜਾਏ ਮੁਨਸ਼ੀ ਜੀ ਦੇ ਤ੍ਹਾਹੇ ਹੋਏ ਅਸੀਂ ਝਾਡੀਆਂ ‘ਚ ਲੁੱਕ ਗਏ ਸਾਂ… ਕਿਵੇਂ ਬੀਜੀ ਨੂੰ ਆਲੇ-ਟਾਲੇ ਲਾ ਕੇ ਬੇਲੀਆਂ ਨਾਲ਼ ਮਲ੍ਹਿਆਂ ਦੇ ਬੇਰ ਚੁਗਣ ਚਲੇ ਜਾਇਆ ਕਰਦੇ ਸਾਂ।
ਬੱਚੇ ਸੁਣ-ਸੁਣ ਕੇ ਲੋਟ ਪੋਟ ਹੋ ਰਹੇ ਸਨ। ਪਤਨੀ ਤੇ ਸਵਰਨ ਵੀ ਮੁਸਕਰਾ ਰਹੀਆਂ ਸਨ।
ਬਰਾਂਡੇ ‘ਚ ਬੈਠਾ ਹਲਵਾਈ ਬੂੰਦੀ ਤਲ਼ ਰਿਹਾ ਸੀ। ਹਵੇਲੀ ‘ਚ ਬਾਲਣ ਪਾੜਿਆ ਜਾ ਰਿਹਾ ਸੀ। ਚੌਂਕੇ ‘ਚ ਬੈਠੀ ਕਹਿਰੀ ਭਾਂਡੇ ਮਾਂਜ ਰਹੀ ਸੀ। ਚੁਬਾਰੇ ‘ਚੋਂ ਪਾਠ ਦੀ ਅਵਾਜ਼ ਆ ਰਹੀ ਸੀ। ਵਿਹੜੇ ‘ਚ ਅੰਞਣੇ ਛੂਹਣ ਛਪਾਈ ਖੇਡ ਰਹੇ ਸਨ। ਦੂਰੋਂ ਪਾਰੋਂ ਕਾਫ਼ੀ ਰਿਸ਼ਦਾਰ ਆ ਚੁੱਕੇ ਸਨ।
“ਸਾਰੇ ਪਿੰਡ ਦੀ ਰੋਟੀ ਵਰਜੀ ਹੋਈ ਏ ਭਾ, ਸਵਰਨ ਕੌਰ ਦੀ ਰੀਝ ਸੀ ਕੋਈ ਕਾਰਜ ਹੋਵੇ ਤਾਂ ਮੈਂ ਸਾਰਿਆਂ ਨੂੰ ਸੱਦਾਂ।” ਵਿਹੜੇ ‘ਚ ਖਲੋਤਾ ਦੀਪ ਕਹਿ ਰਿਹਾ ਸੀ।
“ਮਹਾਰਾਜ ਮੋਤੀਆਂ ਵਾਲ਼ਿਓ ਖੁਸ਼ੀ ਦਾ ਦਿਨ ਆਇਆ ਏ, ਲਾਹ ਲਓ ਰੀਝਾਂ…।” ਪੈਂਚਣੀ ਕੋਲ਼ ਬੈਠਾ ਭਾਂਡੇ ਧੋਦਾ ਪੈਂਚ ਕਹਿ ਰਿਹਾ ਸੀ।
“ਮੈਂ ਤਾਂ ਜੀ ਸਾਰੇ ਘਰੀਂ ਸੱਦਾ ਦੇ ਆਈ ਆਂ…।” ਹਫ਼ਦੀ ਹੋਈ ਮੋਟੀ ਦਾਦੀ, ਚੌਂਕੇ ਦੀ ਬੰਨੀ ਨਾਲ਼ ਢੋਅ ਲਾਈ ਦੀਪ ਦੀ ਵਹੁਟੀ ਨੂੰ ਦੱਸ ਰਹੀ ਸੀ।
“ਬੀਬੀ ਜੀ ਲੱਡੂਆਂ ਦੀ ਪਰਾਤ ਤਾਂ ਤਿਆਰ ਹੋ ਗਈ ਏ, ਹੋਰ ਹੁਕਮ?” ਚੌਂਕੇ ਲੱਡੂਆਂ ਦੀ ਪਰਾਤ ਧਰਦਾ ਹਲਵਾਈ ਪੁੱਛ ਰਿਹਾ ਸੀ।
“ਲਓ ਭਾਬੀ ਜੀ ਸੁਆਦ ਵੇਖੋ ਖਾਂ…।” ਇੱਕ ਲੱਡੂ ਚੁੱਕ ਕੇ ਆਪਣੀ ਭਰਜਾਈ ਦੀ ਤਲੀ ‘ਤੇ ਧਰਦਿਆਂ ਸਵਰਨ ਕਹਿ ਰਹੀ ਸੀ। ਫੇਰ ਕੋਈ ਗੱਲ ਕਰਕੇ ਖ਼ਿੜ ਖ਼ਿੜ ਕਰਕੇ ਦਰਾਣੀ ਜਠਾਣੀ ਹੱਸ ਪਈਆਂ ਸਨ।
“ਪੱਪੂ ਬੀਜੀ ਕਿੱਥੇ ਨੇ?” ਬੀਜੀ ਨੂੰ ਕਿਧਰੇ ਨਾ ਵੇਖਕੇ ਵਿਹੜੇ ‘ਚ ਖੇਡਦੇ ਦੀਪ ਦੇ ਵੱਡੇ ਮੁੰਡੇ ਤੋਂ ਮੈਂ ਪੁੱਛਿਆ ਤਾਂ ਬਿਨਾ ਕੋਈ ਜਵਾਬ ਦਿੱਤੇ ਛੂਹਣ ਛਪਾਈ ਖੇਡਦਾ ਉਹ ਅੱਗੇ ਦੌੜ ਗਿਆ ਸੀ।
“ਲਓ ਭੁਆ ਜੀ ਵੀ ਆ ਗਏ ਜੇ…।” ਬੂਹੇ ਅੱਗੇ ਕਾਰ ਦਾ ਹਾਰਨ ਵੱਜਿਆ, ਦੀਪ ਡਿਓੜ੍ਹੀ ਵੱਲ ਨੂੰ ਅਹੁਦਿਆ।
“ਅਸੀਂ ਤਾਂ ਤੁਹਾਨੂੰ ਕੱਲ ਦੇ ਪਏ ਉਡੀਕਦੇ ਸਾਂ…।” ਅੱਗੋਂ ਵਾਲੀ ਉੱਠਕੇ ਮੱਥਾ ਟੇਕਦੀ ਸਵਰਨ ਨੇ ਕਿਹਾ।
“ਸਵਰਨ ਸ਼ਕੰਜਵੀ ਕਰੀਂ ਭੂਆ ਜੀ ਲਈ, ਪੈਂਚ ਜੀ ਭੱਜ ਕੇ ਬਰਫ ਲਿਆਇਓ ਹੱਟੀ ਤੋਂ…।” ਜੱਫੀ ਪਾਈ ਭੂਆ ਜੀ ਨੂੰ ਨਾਲ਼ ਲਈ ਆਉਂਦੇ ਦੀਪ ਨੇ ਕਿਹਾ।
“ਜੇ ਤੁਸੀਂ ਐਤਕੀ ਨਾ ਆਉਂਦਿਓ ਭੁਆ ਜੀ, ਮੈਂ ਉਮਰ ਭਰ ਨਹੀਂ ਸੀ ਵੜਨਾ ਤੁਹਾਡੇ ਘਰ।” ਦੀਪ ਨੇ ਨਿਹੋਰਾ ਜਿਹਾ ਸੁੱਟਿਆ।
ਹੁਣ ਤੱਕ ਸਭੇ ਭੂਆ ਜੀ ਦੁਆਲੇ ਆ ਬੈਠੇ ਸਨ। ਸਵਰਨ ਤਾਂ ਉਹਨਾਂ ਦੇ ਅੱਗੇ ਪਿੱਛੇ ਰਿਫ ਰਹੀ ਸੀ। ਇਥੋਂ ਤੱਕ ਕਿ ਛੂਹਣ ਛਪਾਈ ਖੇਡਦੇ ਬੱਚੇ ਵੀ ਘੜੀ ਪਲ ਲਈਂ ਠਿਠਕ ਕੇ ਖਲੋ ਗਏ ਸਨ।
“ਬੱਲੇ[ ਆ ਤੇ ਸਾਡਾ ਅਫਸਰ ਵੀ ਆਇਆ ਹੋਇਆ ਏ।” ਮੈਂਨੂੰ ਆਪਣੇ ਵੱਲ ਆਉਂਦਿਆਂ ਵੇਖ ਖੁਸ਼ੀ ਭਰੀ ਮੁਸਕਰਾਹਟ ਉਹਨਾ ਦੇ ਚਿਹਰੇ ‘ਤੇ ਫੈਲ ਗਈ ਸੀ।
ਹਲਵਾਈ ਨੇ ਖੋਏ ਦਾ ਥਾਲ ਚੌਂਕੇ ਦੀ ਬੰਨੀ ‘ਤੇ ਲਿਆ ਰੱਖਿਆ ਸੀ।
“ਸਵਰਨ ਲਿਆਈਂ ਪਲੇਟ…। ਪਹਿਲਾਂ ਭੁਆ ਜੀ ਦੇ ਮੂੰਹ ਲੁਆਈਏ।” ਏਨੇ ‘ਚ ਬੈਠਕ ‘ਚੋਂ ਹੋ-ਹੱਲੇ ਦੀ ਅਵਾਜ਼ ਆਉਣ ਲੱਗੀ ਸੀ। ਦੀਪ ਦੇ ਸਾਲੇ ਤੇ ਸਾਂਢੂ ਸੇਵਰ ਦੇ ਬੈਠਕ ‘ਚ ਬੈਠੇ ਪੀ ਰਹੇ ਸਨ ਤੇ ਹੁਣ ਇੱਕ ਦੂਜੇ ਨੂੰ ਗਾਹਲੀਂ ਕੱਢ ਰਹੇ ਸਨ।
ਪਰਾਲੇ ਖ਼ੋਲੇ ‘ਚੋਂ ਕੁੱਕੜਾਂ ਦੀ ‘ਕੈਂ ਕੈਂ’ ਕਰਨ ਦੇ ਖੰਭ ਫੜਕਣ ਦੀ ਅਵਾਜ਼ ਆ ਰਹੀ ਸੀ। ਸ਼ਾਇਦ ਪੈਂਚ ਮੀਟ ਲਈ ਕੁੱਕੜ ਮਰੋੜ ਰਿਹਾ ਸੀ।
ਵਿਹੜੇ ‘ਚ ਬੈਠੀਆਂ ਸਬਜ਼ੀ ਚੀਰ ਰਹੀਆਂ ਜ਼ਨਾਨੀਆਂ ਦੀ ਗਿਰਬਲ੍ਹਾ ਕਿਧਰੋਂ ਕੰਨੀ ਪਈ ਵਾਜ ਨਹੀ ਸੀ ਸੁਣਨ ਦੇਂਦੀ।
“ਹਾਏ[ ਨੀ ਭੈਣਾਂ ਮੇਰੀ ਭਰਜਾਈ ਕਿੱਥੇ ਜੇ?” ਮੇਰੀ ਪਤਨੀ ਨਾਲ਼ ਗੱਲਾਂ ਕਰਦਿਆਂ ਕਰਦਿਆਂ ਭੂਆ ਜੀ ਨੂੰ ਅਚਾਨਕ ਜਿਵੇਂ ਕੁਝ ਯਾਦ ਆ ਗਿਆ ਸੀ।
“ਏਥੇ ਈ ਹੋਣੇ ਨੇ ਕਿਤੇ…।” ਚੌਂਕੇ ‘ਚ ਬੈਠੀ ਸਵਰਨ ਨੇ ਕਿਹਾ ਸੀ।
“ਕਦੇ ਦੇ ਗਏ ਹੋਏ ਨੇ ਕਿਤੇ।” ਭਾਂਡਿਆਂ ਦੇ ਢੇਰ ਕੋਲ ਬੈਠੀ ਪੈਂਚਣੀ ਨੇ ਦੱਸਿਆ ਸੀ।
ਭੂਆ ਜੀ ਲਈ ਸਪੈਸ਼ਲ ਬਰਫ਼ੀ, ਰਸਗੁੱਲੇ ਅਦਿ ਉਚੇਚੇ ਪਲੇਟ ‘ਚ ਪਾ ਕੇ ਰੱਖੇ ਗਏ ਸਨ। ਨਾਲ਼ ਹੀ ਮੈਨੂੰ ਤੇ ਮੇਰੀ ਪਤਨੀ ਨੂੰ ਵੀ ਬਿਠਾਇਆ ਗਿਆ ਸੀ। ਵਿਹੜੇ ‘ਚ ਬੈਠੀਆਂ ਸਵਰਨ ਦੀਆਂ ਭਰਜਾਈਆਂ ਤੇ ਭੈਣਾਂ ਤੋਂ ਭਰੇ ਹੋਏ ਮੂੰਹਾਂ ਨਾਲ਼ ਗੱਲ ਨਹੀਂ ਸੀ ਕੀਤੀ ਜਾ ਰਹੀ।
“ਸੱਚ ਬੀਜੀ ਕਿੱਥੇ ਗਏ ਨੇ?” ਮੈਂ ਸੋਚ ਰਿਹਾ ਸਾਂ ਸਵੇਰ ਦੇ ਹੀ ਉਹ ਕਿਧਰੇ ਨਜ਼ਰੀ ਨਹੀਂ ਸਨ ਪੈ ਰਹੇ।
ਮੂੰਹਾਂ ‘ਚ ਲੱਡੂ ਘਸੋੜੀ ਹੁਣ ਬੱਚੇ ਸ਼ਟਾਪੂ ਖੇਡ ਰਹੇ ਸਨ।
“ਮਖ਼ ਮਾਂ ਕਿਹੜੇ ਭੜੋਲੇ ਪਾਈ ਹੋਈ ਜੇ? ਦੋ ਘੱਟੇ ਮੈਨੂੰ ਆਈ ਨੂੰ ਹੋ ਗਏ ਨੇ, ਕਿੱਧਰੇ ਡਿੱਠੀ ਨਹੀਂ।” ਭੂਆ ਜੀ ਨੇ ਕੁਝ ਕਾਹਲ਼ਿਆਂ ਪੈਂਦਿਆਂ ਪੁੱਛਿਆ ਸੀ।
“ਬੀਜੀ ਤੇ ਔਸ ਵਿਹੜੇ ਨੇ ਕੱਟੀ ਕੋਲ…।” ਡਿੰਪਲ ਨੇ ਮੈਨੂੰ ਦੱਸਿਆ।
“ਬੱਸ ਇਹਨਾਂ ਦੀ ਇਹ ਹੀ ਕੰਮ ਰਿਹਾ, ਸਾਰੇ ਚਾਹ ਵਰਤ ਗਈ ਏ, ਉਹ ਕੱਟੀ ਸਰ੍ਹਾਨੇ ਬੈਠੇ ਹੋਏ ਨੇ।” ਸਵਰਨ ਨੇ ਕਾਹਲੀ ਜਿਹੀ ਪੈਂਦੀ ਨੇ ਦੱਸਿਆ।
“ਵੇ, ਕੋਈ ਜਾਕੇ ਸੱਦ ਈ ਲਿਆਓ ਸੂ…।” ਭੂਆ ਜੀ ਨੇ ਆਖਿਆ।
“ਧਿਆਣੀ, ਉਹ ਆਪਣੀ ਮਰਜ਼ੀ ਦੇ ਮਾਲਕ ਨੇ…?” ਪੈਂਚ ਨੇ ਕਿਹਾ।
“ਨਾ, ਜੀ ਮਜਾਲ ਏ ਜੇ ਸੂਈ ਵੀ ਏਧਰ ਓਧਰ ਹੋਣ ਦੇਣ” ਪੈਂਚਣੀ ਨੇ ਮਿੰਨ੍ਹਾ ਮਿੰਨ੍ਹਾ ਹੱਸਦੀ ਨੇ ਟਿਚਕਰ ਕੀਤੀ।
ਬੀਜੀ ਆ ਰਹੇ ਹਨ, ਰਾਹ ‘ਚ ਖ਼ਿੱਲਰੀਆਂ ਇੱਟਾਂ ਨਾਲ਼ ਠੇਡਾ ਖਾਂਦੇ ਉਹ ਮਸਾਂ ਬਚੇ ਸਨ। ਅੱਗੋਂ ਵਾਲੀ ਉੱਠ ਕੇ ਮੈਂ ਉਹਨਾਂ ਦਾ ਹੱਥ ਥੰਮ੍ਹ ਲਿਆ ਸੀ। ਉਹ ਹਾਲੀ ਵੀ ਕੰਬ ਰਹੇ ਸਨ ਤੇ ਉਹਨਾਂ ਦਾ ਦਿਲ ਧੱਕ ਧੱਕ ਕਰ ਰਿਹਾ ਸੀ।
“ਸੱਟ ਬਹੁਤੀ ਤਾਂ ਨਹੀਂ ਲੱਗੀ?” ਭੂਆ ਜੀ ਵਾਲ਼ੀ ਮੰਜੀ ‘ਤੇ ਬਿਠਾਉਂਦਿਆਂ ਮੈਂ ਉਹਨਾਂ ਤੋਂ ਪੁੱਛਿਆ ਸੀ।
“ਅਣਭਾਉਂਦੇ ਕੰਮ ਕੋਈ ਇਹਨਾਂ ਨੂੰ ਦੇਵੇ।” ਬਰੂਹਾਂ ਟੱਪ ਕੇ ਅੰਦਰ ਨੂੰ ਆਉਂਦਿਆਂ ਦੀਪ ਨੇ ਕਿਹਾ।
“ਕਦੇ ਦੀ ਸੱਦਦੀ ਸਾਂ ਪਈ ਕਿ ਆ ਕੇ ਚਾਹ ਪੀ ਲਓ।”
“ਓਧਰ ਕੱਟੀ ਕੋਲ਼ ਕਿਹਨੂੰ ਬਹਾਇਆ ਹੋਇਆ ਸਾਜੇ?”
“ਫਾਹੇ ਦੇ ਮਿਲ਼ਦੀ ਕੱਟੀ…।” ਦੀਪ ਨੇ ਤੈਸ਼ ‘ਚ ਆਉਂਦਿਆਂ ਕਿਹਾ।
“ਕਾਂ, ਕੁੱਤੇ ਖ਼ਲੋਣ ਨਹੀਂ ਸਨ ਦੇਂਦੇ ਪਏ, ਕਾਂ ਖ਼ੁਰ ਵੱਢ ਕੇ ਖਾਈ ਜਾਂਦੇ ਸਨ।”
“ਤਾਰਾ ਜੁ ਸੀ ਓਥੇ।”
“ਇਹਨੂੰ ਕਿਤੇ ਟਿਕਾਅ ਏ ਇੱਕ ਥਾਂ, ਮਾਲਕ ਜਿੱਥੇ ਜੁ ਬਹਾਏ ਬਹਿਣਾ ਚਾਹੀਦਾ ਏ…।” ਬੀਜੀ ਦਾ ਸਾਰਾ ਗੁੱਸਾ ਤਾਰੇ ‘ਤੇ ਨਿੱਕਲ਼ ਰਿਹਾ ਸੀ।
“ਕਿਓਂ ਬਈ ਤਾਰਿਆ ਕੱਟੀ ਕੋਲ਼ ਕਿਸ ਬਹਿਣ ਸੀ?… ਓਸ ਤੇਰੀ ਲੱਗਦੀ ਨੇ ਜਿਓਰ ਵੀ ਸੁੱਟਣੀ ਏਂ ਹਾਲੀ…।” ਦੀਪ ਨੇ ਤਾਰੇ ਵੱਲ ਅੱਖਾਂ ਕੱਢ ਕੇ ਵੇਖਦਿਆਂ ਕਿਹਾ।
“ਆਪੇ ਤਾਂ ਸਰਦਾਰ ਜੀ ਤੁਸਾਂ ਮੁਰਗੇ ਲੈਣ ਤੋਰ ਦਿੱਤਾ ਸੀ।” ਤਾਰਾ ਤਲਖ਼ੀ ‘ਚ ਆ ਗਿਆ ਸੀ।
“ਭਰਜਾਈ ਕੁਝ ਖਾਧਾ ਵੀ ਆ ਕਿ ਕਾਂ ਕੁੱਤੇ ਈ ਮੋੜਦੀ ਰਹੀ ਹੈਂ…।”
“ਖਾਣਾ ਏਂ ਇਹਨਾਂ, ਕਾਂ ਕੁੱਤੇ ਮੋੜ ਲੈਣ ਥੋੜ੍ਹਾ ਹੈ…।” ਖਿਝਦਿਆਂ ਹੋਇਆ ਦੀਪ ਨੇ ਕਿਹਾ ਸੀ।
“ਘਰ ਆਇਆਂ ਨੂੰ ਮਿਲਣਾ ਤੇ ਚਾਹੀਦਾ ਏ ਨਾ।”
“ਮਿਲਣਾ ਕਿਉਂ ਨਹੀਂ ਬੀਬੀ ਜੀ, ਮੈਨੂੰ ਕਿਸੇ ਦੱਸਿਆ ਵੀ ਹੋਵੇ।”
ਇੱਕ ਕੌਲੀ ‘ਚ ਦੋ ਲੱਡੂ ਤੇ ਗਿਲਾਸ ‘ਚ ਪਹਿਲਾਂ ਦੀ ਬਣੀ ਹੋਈ ਚਾਹ ਪੈਂਚਣੀ ਨੇ ਬੀਜੀ ਅੱਗੇ ਲਿਆ ਰੱਖੀ ਸੀ। ਚਾਹ ਦਾ ਰੰਗ ਕਾਲ਼ਾ ਪੈ ਗਿਆ ਸੀ। “ਪਈ ਪਈ ਏਸਰਾ ਹੋ ਜਾਂਦੀ ਏ।” ਸਵਰਨ ਨੇ ਦਲੀਲ ਦਿੱਤੀ ਸੀ।
“ਸਵਰਨ ਧਰ ਚਾਹ ਇਹਨਾਂ ਲਈ ਤਾਜ਼ੀ।” ਦੀਪ ਨੇ ਹੁਕਮਣ ਲਹਿਜ਼ੇ ‘ਚ ਪਤਨੀ ਨੂੰ ਕਿਹਾ ਸੀ। ਉਹਨੇ ਮੂੰਹ ‘ਚ ਕੁਝ ਬੁੜ ਬੁੜ ਕੀਤੀ ਸੀ। ਦੀਪ ਨੇ ਘੂਰ ਕੇ ਉਹਦੇ ਵੱਲ ਵੇਖਿਆ ਸੀ, ਫ਼ਿਰ ਸਾਰਿਆਂ ਨੇ ਦੀਪ ਵੱਲ ਵੇਖਦਿਆਂ ਇੱਕ ਦੂਜੇ ਦੇ ਮੂੰਹਾਂ ਵੱਲ ਵੇਖਿਆ ਸੀ।
“ਮੈਂ ਦੇ ਲਈ ਲਈਨਾ ਤਈਨੂੰ ਮੱਤ…।” ਲਾਲ ਲਾਲ ਡੇਲੇ ਕੱਢਦਿਆਂ ਦੀਪ ਨੇ ਪਤਨੀ ਨੂੰ ਘੂਰਿਆ ਸੀ।
“ਮੈਂ ਕੀ ਆਖਿਆ ਏ ਤੁਹਾਨੂੰ?” ਐਵੇਂ ਗਲ ਪਏ ਪਈਂਦੇ ਓ…।” ਤੀਊੜੀ ਵੱਟ ਕੇ ਪਤੀ ਵੱਲ ਵੇਂਹਦੀ ਸਵਰਨ ਨੇ ਫਿਰ ਬੁੜ ਬੁੜ ਕੀਤੀ ਸੀ।
“ਬੁੜ ਬੁੜ ਕਰਨੋਂ ਬਾਜ ਆਉਣਾ ਕਿ ਨਹੀਂ… ਮਾਂ… ਕਿੱਥੋਂ ਵਿਹੰਦਾ ਸੀ ਕੁੱਤਾ ਖ਼ਣਵਾਦਾ।”
“ਚਲ ਛੱਡ ਪਰ੍ਹਾਂ ਦੀਪ।” ਗੱਲ ਨੂੰ ਸਮੇਟਣ ਖ਼ਾਤਰ ਮੈਂ ਕਿਹਾ ਸੀ।
“ਵੇ ਆਈਨਾ ਨਹੀਂ ਵੇ ਤੈਸ਼ ‘ਚ ਆਈ ਦਾ ਮੁੰਡਿਆ।” ਭੂਆ ਨੇ ਮੱਤ ਦੇਂਦੀ ਨੇ ਕਿਹਾ ਸੀ। ਘੁੱਟੀ ਵੱਟੀ ਸਵਰਨ ਨੇ ਬੀਜੀ ਅੱਗੇ ਤ੍ਰਿਪਾਈ ਲਿਆ ਧਰੀ ਸੀ। ਗੜਵੀ ‘ਚੋਂ ਗਿਲਾਸ ‘ਚ ਚਾਹ ਉਲਦੱਦੀ ਹੋਈ ਉਹ ਫਿਰ ਚੌਂਕੇ ‘ਚ ਜਾ ਬੈਠੀ ਸੀ।
“ਚਾਹ ਕਿਓਂ ਨਹੀਂ ਪਏ ਪੀਂਦੇ ਤੁਸੀ?”
ਤ੍ਰਭਕ ਕੇ ਉਹਨਾਂ ਮੇਰੇ ਵੱਲ ਵੇਖਿਆ ਤੇ ਬੇ-ਦਿਲੀ ਜਿਹੀ ਨਾਲ਼ ਕੌਲੀ ‘ਚ ਚਾਹ ਲੁੱਦ, ਉਹ ਫ਼ਿਰ ਠਿਠਕ ਜਿਹੇ ਗਏ… ਦੋ ਕੁ ਘੁੱਟ ਚਾਹ ਦੇ ਪੀਂਦਿਆਂ ਉਹਨਾਂ ਕੌਲੀ ਫਿਰ ਗੜਵੀ ‘ਤੇ ਰੱਖ਼ ਦਿੱਤੀ ਤੇ ਕੰਧ ਨਾਲ਼ ਢਾਸਣਾ ਲਾਈ ਉਹਨਾਂ ਅੱਖਾਂ ਮੀਟ ਲਈਆਂ।
“ਚਾਹ ਤੇ ਵਿੱਚੇ ਪਈ ਹੋਈ ਹੈ ਸਾਰੀ…।” ਭਾਂਡੇ ਚੁੱਕਣ ਆਈ ਪੈਂਚਣੀ ਨੇ ਗੜਵੀ ਤੋਂ ਕੌਲੀ ਚੁੱਕਦਿਆਂ ਦੱਸਿਆ।
“ਆਹ ਲੱਡੂ ਵੀ ਉਂਜੇ ਪਏ ਹੋਏ ਨੇ…।”
ਕੌਲੀ ਚੁੱਕ ਬੀਜੀ ਨੇ ਦੋਵੇਂ ਲੱਡੂ ਪੈਂਚਣੀ ਦੀ ਝੋਲੀ ‘ਚ ਪਾ ਦਿੱਤੇ।
“ਸਾਡੇ ਨਾਲ਼ ਖ਼ੁਸ਼ ਖ਼ੁਸ਼ ਰਿਹਾ ਕਰੋ ਬੀਬੀ ਜੀ, ਤੁਹਾਡਾ ਈ ਸਾਰਾ ਪਰਤਾਪ ਏ…।” ਪੈਂਚਣੀ ਨੇ ਲੱਡੂ ਦੁਪੱਟੇ ‘ਚ ਲੜ ਬੰਨ੍ਹਦੀ ਨੇ ਕਿਹਾ।
ਵਿਹੜੇ ‘ਚ ਬੈਠੀਆਂ ਮੇਲਣਾ ਹੁਣ ਆਪੋ ‘ਚ ਮੂੰਹ ਜੋੜੀ ਘੁਰ-ਘੁਰ ਕਰ ਰਹੀਆਂ ਸਨ। ਬੈਠਕ ‘ਚੋਂ ਮਰਦ ਉੱਠਕੇ ਬਾਹਰ ਚਲੇ ਗਏ ਸਨ। ਮੀਟ ਲਈ ਵੱਢੇ ਗਏ ਕੁੱਕੜਾਂ ਦੇ ਖੰਭ ਹਵਾ ‘ਚ ਉੱਡ-ਉੱਡ ਕੇ ਏਧਰ-ਓਧਰ ਖਿੱਲਰ ਰਹੇ ਸਨ। ਉਂਞ ਦੇ ਉਂਞ ਊਂਧੀ ਪਾਈ ਬੀਜੀ ਬੈਠੇ ਹੋਏ ਸਨ। ਉਂਞ ਦੀ ਉਂਞ ਮੂੰਹ ਸੁਜਾਈ ਸਵਰਨ ਚੌਂਕੇ ‘ਚ ਬੈਠੀ ਹੋਈ ਸੀ। ਹੈਰਾਨ ਪ੍ਰੇਸ਼ਾਨ ਭੂਆ ਜੀ, ਕਦੀ ਸਵਰਨ ਵੱਲ ਵਿੰਹਦੇ ਤੇ ਕਦੇ ਬੀਜੀ ਵੱਲ…।
“ਨੀ ਮੈਂ ਘਰ-ਬਾਹਰ ਵਾਲ਼ੀ ਸਭ ਕਾਸੇ ਵਾਲ਼ੀ, ਨੀ ਅੱਜ ਮੈਂ ਕੱਖੋਂ ਹੌਲੀ ਹੋ ਗਈ…।” ਇੱਕ ਦਮ ਫ਼ਫ਼ਕ ਫ਼ਫ਼ਕ ਕੇ ਬੀਜੀ ਰੋਣ ਲੱਗੇ ਸਨ।
ਭਾਂਡੇ ਮਾਂਜਦੀ ਪੈਂਚਣੀ ਦਾ ਹੱਥ ਓਥੇ ਦਾ ਓਥੇ ਰੁਕ ਗਿਆ ਸੀ। ਵਿਹੜੇ ‘ਚ ਸ਼ਟਾਪੂ ਖੇਡਦੇ ਬੱਚੇ ਉੱਥੇ ਦੇ ਉੱਥੇ ਅਟਕ ਗਏ ਸਨ, ਵਿਹੜੇ ‘ਚ ਬੈਠੀਆਂ ਜ਼ਨਾਨੀਆਂ ਦੀ ਗੱਲ ਬਾਤ ਉੱਥੇ ਦੀ ਉੱਥੇ ਰਹਿ ਗਈ ਸੀ ਤੇ ਕੋਲ ਖਲੋਤੀ ਡਿੰਪਲ ਬੀਜੀ ਨਾਲ਼ ਆ ਲਿਪਟੀ ਸੀ ਲਾਲ ਪੀਲੀ ਹੁੰਦੀ ਸਵਰਨ ਕੁਝ ਕਹਿੰਦੀ-ਕਹਿੰਦੀ ਰਹਿ ਗਈ ਸੀ…।
“ਹਾਇਆ ਕੀ ਹੋਇਆ ਭਰਜਾਈਏ, ਹੋਸ਼ ਕਰ ਕੋਈ…?”
“ਬੀਬੀ ਜੀ, ਸੁਖ ਸੁਖਾਂ ਦਾ ਦਿਨ ਏਂ…।” ਅੱਗੋਂ ਕੁਝ ਕਹਿੰਦੀ ਕਹਿੰਦੀ ਪੈਂਚਣੀ ਅਟਕ ਗਈ ਸੀ।
“ਆਂਹਦੇ ਨੇ ਬੁੱਤ ਬਣ ਕੇ ਬਹਿ ਜਾਹ, ਬੁੱਲ੍ਹ ਸਿਓਂ ਛੱਡ…ਹਾਇਆ ਮੈਂ ਕਿੱਥੇ ਛਪਣ ਹੋ ਜਾਂ? ਇਹਨਾਂ ਦੇ ਮੱਥੇ ਨਾ ਲੱਗਾਂ…ਕਿੱਥੇ ਟੁਰ ਜਾਂ ਮੈਂ…?” ਬੀਜੀ ਦੀ ਅਵਾਜ਼ ਭਰੜਾ ਗਈ ਸੀ…ਜਿਵੇਂ ਕੋਈ ਵੈਣ ਪਾ ਰਿਹਾ ਹੋਵੇ।
“ਤੂੰ ਤੇ ਸਿਆਣੀ ਬਿਆਣੀ ਸਾਏਂ ਭਰਜਾਈਏ, ਕੀ ਹੋਇਆ ਤੈਨੂੰ…।”
“ਛੱੜੋ ਪਰ੍ਹਾਂ ਬੀਬੀ ਜੀ ਕੀ ਕਰਦੇ ਓ…?” ਉੱਠ ਕੇ ਬੀਜੀ ਦੇ ਨੇੜੇ ਆਉਂਦਿਆਂ ਪੈਂਚਣੀ ਨੇ ਕਿਹਾ।
“ਜਜਮਾਨਣੀ ਤੁਹਾਡੇ ਵੇਲ਼ੇ ਹੋਰ ਸਨ…ਤੁਸਾਂ ਕੀਤੇ ਹੋਏ ਨੇ ਰਾਜ… ਉੱਠੋ ਮੰਜੀ ਕਰ ਦਿਆਂ ਜੇ ਛਾਵੇਂ…ਤੁਹਾਨੂੰ ਤੇ ਧੁੱਪ ਆਈ ਹੋਈ ਏ…।” ਭਾਂਡਿਆਂ ਦਾ ਟੋਕਰਾ ਚੌਂਕੇ ‘ਚ ਧਰਦਿਆਂ ਪੈਂਚਣੀ ਨੇ ਬੀਜੀ ਦੀ ਮੰਜੀ ਚੁੱਕ ਕੇ ਛਾਵੇਂ ਕਰਦਿਆਂ ਕਿਹਾ।
ਲੌਢਾ ਵੇਲ਼ਾ ਹੋ ਗਿਆ ਸੀ। ਚੌਂਕੇ ‘ਚ ਲੱਗੀ ਫਿਰਦੀ ਸਵਰਨ ਹੌਲ਼ੀ-ਹੌਲ਼ੀ ਬੁੜ ਬੁੜ ਕਰ ਰਹੀ ਸੀ। ਪਿੰਡ ਦੀਆਂ ਜ਼ਨਾਨੀਆਂ ਮੱਥਾ ਟੇਕਨ ਆਈਆਂ ਚੌਂਕੇ ਦੀ ਬੰਨੀ ਕੋਲ਼ ਅਟਕਦੀਆਂ ਦੋ ਚਾਰ ਗੱਲਾਂ ਸਵਰਨ ਨਾਲ਼ ਕਰਦੀਆਂ, ਦੂਰ ਬੈਠੀਆਂ ਬੀਜੀ ਤੇ ਭੂਆ ਜੀ ਵੱਲ਼ ਵਿਹੰਦੀਆਂ ਹੋਈਆਂ ਉਹ ਪੌੜੀਆਂ ਚੜ੍ਹਨ ਲੱਗਦੀਆਂ। ਮੱਥਾ ਟੇਕ, ਝੱਟ ਕੁ ਬਹਿ ਕੇ ਉੱਤਰਦੀਆਂ ਉਹ ਫ਼ਿਰ ਚੌਕੇ ਦੀ ਬੰਨੀ ਕੋਲ਼ ਆ ਖਲੋਂਦੀਆਂ। ਸਵਰਨ ਉਹਨਾਂ ਨੂੰ ਨਾਂਹ ਨਾਂਹ ਕਰਦੀਆਂ ਨੂੰ ਅਟਕਾ ਲੈਂਦੀ। ਗਰਮ ਗਰਮ ਚਾਹ ਗੜਵੀ ‘ਚ ਪਾ ਕੇ ਉਹਨਾਂ ਅੱਗੇ ਰੱਖਦੀ, ਲੱਡੂ ਜਲੇਬੀਆਂ ਤੇ ਸ਼ੱਕਰ-ਪਾਰਿਆ ਦੀ ਪਲੇਟ ‘ਚੋਂ ਘੜੀ ਮੁੜੀ ਹੋਰ ਖਾਣ ਲਈ ਆਖਦੀ…।
ਨਾਂਹ ਨਾਂਹ ਕਰਦੀਆਂ ਉਹ ਕਿੰਨਾ ਈ ਚਿਰ ਹੋਰ ਅਟਕ ਜਾਂਦੀਆਂ, ਉੱਚੀ ਉੱਚੀ ਗੱਲਾਂ ਕਰਦੀਆਂ, ਵਿੱਚੋਂ ਵਿੱਚ ਬੀਜੀ ਵੱਲ਼ ਇਸ਼ਾਰੇ ਕਰ ਜਾਂਦੀਆਂ…। ਜਾਣ ਲੱਗੀਆਂ ਦੀ ਝੋਲੀ ‘ਚ ਸਵਰਨ ਇੱਕ ਇੱਕ ਪਲੇਟ ਹੋਰ ਮਠਿਆਈ ਪਾ ਦੇਂਦੀ…।
ਘੁਸਮੁਸਾ ਜਿਹਾ ਹੋ ਗਿਆ ਸੀ। ਠੋਡੀ ‘ਤੇ ਉਂਗਲ ਟਿਕਾਈ, ਮੂੰਹ ਨਾਲ਼ ਮੂੰਹ ਜੋੜੀ ਬੀਜੀ ਹੌਲ਼ੀ ਹੌਲ਼ੀ ਭੂਆ ਜੀ ਨੂੰ ਕੁਝ ਕਹਿ ਰਹੇ ਸਨ। ਗੱਲ੍ਹ ਤੇ ਉਂਗਲ ਰੱਖੀ ਸਿਰ ਹਿਲਾਂਦੇ ਹੋਏ ਭੂਆ ਜੀ ਕੁਝ ਸੁਣ ਰਹੇ ਸਨ…।
+++
“ਮੈਂ ਨਹੀਂ ਹੁਣ ਇਹਨਾਂ ਨੂੰ ਏਥੇ ਰਹਿਣ ਦੇਣਾ…।” ਆਪਣਾ ਫੈਸਲਾ ਸੁਣਾਦਿਆਂ ਮੈਂ ਕਿਹਾ ਸੀ।
“ਸ਼ਾਵਾਸ਼ੇ ਭਾਈ ਤੇਰੇ… ਮੈਂ ਵੀ ਕੱਲ੍ਹ ਦੀ ਪਈ ਵਿਹਨੀ ਆਂ, ਇਹਦੀ ਤੇ ਬੁਰੀ-ਬਾਬ ਹੁੰਦੀ ਪਈ ਏ…।” ਭੂਆ ਜੀ ਨੇ ਪ੍ਰਸੰਸਾ ਭਰੀਆਂ ਨਜ਼ਰਾਂ ਨਾਲ਼ ਮੇਰੇ ਵੱਲ਼ ਤੱਕਦਿਆਂ ਕਿਹਾ। ਦੁਪੱਟੇ ਦੀ ਕੰਨੀ ਨਾਲ਼ ਅੱਖਾਂ ਪੂੰਝਦੇ… ਹੱਥ ਤੇ ਠੋਡੀ ਧਰੀ ਬੀਜੀ ਕੁਝ ਸੋਚਣ ਲੱਗੇ।
“ਏਸ ਵਿਚਾਰੀ ਨੇ ਕੀ ਡਿੱਠਾ ਏ… ਚੱਪਾ ਕੁ ਜਿੰਨੀ ਸੀ ਜਦੋਂ ਸਿਰ ‘ਤੇ ਬਣ ਗਈ, ਨਾਂ ਕੁਝ ਖਾਧਾ ਨਾ ਹਢਾਂਇਆ…।” ਭੂਆ ਜੀ ਨੇ ਅੱਖਾਂ ਪੂੰਜਦਿਆਂ ਕਿਹਾ।
“ਉਮੀਦ ਨਹੀਂ ਸੀ ਏਡਾ ਚਵਲ ਨਿਕਲੇਗਾ…।” ਗੱਲ ਕਰਦੇ ਦਾ ਮੇਰਾ ਗੱਚ ਭਰ ਆਇਆ। ਮੇਰੇ ਲਈ ਉੱਥੇ ਹੋਰ ਬੈਠਣਾ ਮੁਹਾਲ ਹੋ ਗਿਆ ਸੀ। ਉੱਠਕੇ ਤਾਇਆ ਜੀ ਦੇ ਘਰ ਵੱਲ਼ ਤੁਰ ਪਿਆਂ ਸਾਂ।
“ਮੇਰੇ ਤਾਂ ਪੱਲੇ ਹੀ ਕੱਖ ਨਾ ਰਿਹਾ…।” ਤਾਇਆ ਜੀ ਦੇ ਘਰੋਂ ਆਉਂਦਿਆਂ ਦੀਪ ਦੀ ਅਵਾਜ਼ ਸੁਣ ਕੇ ਮੈਂ ਡਿਓੜੀ ‘ਚ ਹੀ ਅਟਕ ਗਿਆ।
“ਏਡਾ ਇਹ ਹੇਜਲਾ ਮਾਂ ਦਾ, ਚਾਰ ਸਾਲ ਮਾਂ ਨੂੰ ਮਿਲਨ ਤੱਕ ਨਹੀਂ ਆ ਵੜਿਆ… ਇਹ ਮਰਨੋ ਮਸਾਂ ਮਸਾਂ ਬਚੇ, ਏਸ ਪਿਓ ਦੇ ਪੁੱਤਰ ਨੇ ਖ਼ਬਰ ਤੱਕ ਨਾ ਲਈ… ਸਵਰਨ ਲੱਖ ਭੈੜੀ ਸਹੀ, ਆਪਣੀ ਹੱਥੀ ਇਹਨਾਂ ਦਾ ਗੂੰਹ ਮੂਤਰ ਧੋਂਦੀ ਰਹੀ, ਸੇਵਾ ਕਰਦੀ ਰਹੀ… ਨਹੀਂ ਤੇ ਇਹਨਾਂ ਦੀ ਕੋਈ ਬਚਣ ਵਾਲ਼ੀ ਹਾਲਤ ਸੀ।”
“ਘਰ ‘ਚ ਰੱਬ ਦਾ ਦਿੱਤਾ ਸਭ ਕੁਝ ਏ, ਜੋ ਮਰਜ਼ੀ ਖਾਣ ਜੋ ਮਰਜ਼ੀ ਹੰਢਾਉਣ, ਕਿਹੜੀ ਚੀਜ਼ ਦੀ ਕਮੀ ਏ ਇਹਨਾਂ ਨੂੰ, ਉਂਞ ਵੀ ਠੰਡੇ ਧੁੱਦ ਫ਼ੂਕਾਂ ਪਏ ਮਾਰਦੇ ਨੇ…।”
“ਚਲੋ ਜੇ ਸਵਰਨ ਤੋਂ ਕੋਈ ਗਲਤੀ ਹੋ ਵੀ ਗਈ ਏ ਜਾਂ ਕੁਝ ਵਧ ਘਟ ਨਿਕਲ ਗਈ ਏ ਤਾਂ ਉਹ ਪੈਰੀ ਪੈ ਕੇ ਹੁਣ ਤੁਹਾਡੇ ਸਾਹਮਣੇ ਮਾਫ਼ੀ ਮੰਗ ਲੈਂਦੀ ਏ ਜੇ ਫ਼ੇਰ ਵੀ ਮੈਂ ਇਹਨੂੰ ਵਧ ਕਰਦੀ ਨੂੰ ਵੇਖ ਲਿਆ ਤਾਂ ਮੁੱਲ ਪੈਂਦਾ, ਵੇਖ ਲਿਆ ਜੇ…।”
“ਆਹ ਵੇਖ, ਮੇਰੇ ਸਿਰ ਚੜ੍ਹ ਕੇ ਨਾਂ ਕੁਝ ਆਖੀਂ ਉਹਨੂੰ…।” ਬੀਜੀ ਨੇ ਹੱਥ ਲਾਂਦਿਆਂ ਜ਼ਰਾ ਤਲਖ਼ੀ ਨਾਲ਼ ਕਿਹਾ ਸੀ।
“ਮੈਂ ਹੁਣ ਮੂੰਹ ‘ਤੇ ਕਹਿਣਾ…ਹਰੇਕ ਨਾਲ਼ ਇੱਟ-ਖੜੱਕਾ ਲੈਂਦੇ ਰਹਿੰਦੇ ਨੇ, ਜੇ ਘਰ ‘ਚ ਕੋਈ ਮਹਿਰਾ ਚੂਹੜਾ ਆਉਂਦਾ ਏ ਤਾਂ ਚੋਂਭੜਾਂ ਦੇ ਦੇ ਅਗਲੇ ਦਾ ਨੱਕ ‘ਚ ਦਮ ਕਰ ਦੇਂਦੇ ਨੇ।”
“ਨੀ ਭਰਜਾਈਏ ਤੂੰ ਵੀ ਕੁਝ ਪਿੱਤਾ ਮਾਰ ਆਪਣਾ…।” ਭੂਆ ਜੀ ਬੀਜੀ ਨੂੰ ਸਮਝਾ ਰਹੇ ਸਨ।
“…ਮੈਂਨੂੰ ਕਿੱਥੇਂ ਪਤਾ ਲੱਗਣਾ ਸੀ…ਅੰਦਰ ਬਾਹਰ ਹੱਥ ਮਾਰਦੇ ਫਿਰਨ, ਚੀਜ਼ਾਂ ਲੱਭਦੇ ਫ਼ਿਰਨ…।” ਸਵਰਨ ਨੇ ਦੱਸਿਆ।
“ਵੇਖੋ ਹੁਣ ਹੱਥ ਜੁੜਾ ਲਓ ਤੇ ਟਿਕ ਕੇ ਬਹਿ ਜਾਓ… ਜਾਣ ਮੈਂ ਤੁਹਾਨੂੰ ਫ਼ਿਰ ਵੀ ਨਹੀਂ ਦੇਣਾ।”
“ਮੈਂ ਵੀ ਇਹਨਾਂ ਦਾ ਪੁੱਤਰ ਆਂ ਮੇਰਾ ਵੀ ਕੋਈ ਹੱਕ ਏ ਇਹਨਾਂ ‘ਤੇ…।” ਡਿਓੜ ‘ਚੋਂ ਵਿਹੜੇ ਵੱਲ਼ ਆਉਂਦਿਆਂ ਜ਼ਰਾ ਸਖ਼ਤੀ ਨਾਲ਼ ਮੈਂ ਕਿਹਾ।
“ਭਾ ਜੀ ਹੱਕ ਤੁਹਾਡਾ ਹੈ, ਮੈਂ ਨਹੀਂ ਆਂਹਦਾ ਨਹੀਂ, ਜਿਸਰਾਂ ਇਹ ਰੁੱਸ ਚੱਲੇ ਨੇ, ਮੈਂ ਨਹੀਂ ਜਾਣ ਦੇਣਾ…।” ਦੀਪ ਨੇ ਕੁਝ ਪੀਲੇ ਪੈਂਦਿਆਂ ਕਿਹਾ।
“ਮੇਰੇ ਖਿਆਲ ‘ਚ ਤੂੰ ਜ਼ਿਦ ਕਰ ਰਿਹਾ ਏਂ…।”
“ਭਾ ਜੀ ਏਸਰਾਂ ਜੇ ਅੱਜ ਇਹ ਜਾਣ, ਮੇਰੇ ਪੱਲੇ ਕੀ ਰਹਿੰਦਾ ਏ? ਦੁਨੀਆਂ ਕੀ ਆਖੇਗੀ?”
“ਦੀਪ ਤੂੰ ਖ਼ਾਹ ਮਖ਼ਾਹ ਗਰਮ ਹੋ ਰਿਹਾ ਏਂ…। ” ਮੈਂ ਠੰਡਿਆਂ ਪੈਦਿਆਂ ਕਿਹਾ।
“ਭਾ ਜੀ ਤੁਸੀਂ ਨਹੀਂ ਸਮਝਦੇ, ਪਿੰਡਾਂ ਦੀ ਗੱਲ ਹੋਰ ਏਂ, ਸ਼ਹਿਰਾਂ ਦੀ ਹੋਰ…।”
“ਮੈਨੂੰ ਤੇ ਲੱਗਦਾ ਤੂੰ ਖ਼ਾਹ ਮਖ਼ਾਹ ਜਜ਼ਬਾਤੀ ਹੋ ਰਿਹਾ ਏਂ, ਜਿਹੋ ਜਿਹਾ ਪੁੱਤਰ ਤੂੰ। ਤੇਹਾ ਮੈਂ… ਜੇ ਇਹ ਮੇਰੇ ਕੋਲ਼ ਜਾਂਦੇ ਨੇ ਤਾਂ ਲੋਕਾਂ ਨੂੰ ਕੀ ਫ਼ਰਕ ਪੈਂਦਾ ਏ?”
“ਚੱਲ ਕਾਕਾ ਤੂਹਿਓ ਜਾਣ ਦੇ, ਮਾਂ ਏ ਪੁੱਤਰ ਕੋਲ਼ ਚੱਲੀ ਏ…।”
“ਚਲੋ ਭੂਆ ਜੀ ਜਿਵੇਂ ਤੁਸੀ ਆਖੋ, ਵੈਸੇ ਮੈ ਤਾਂ ਕਹਾਂਗਾ ਇਹ ਗੱਲ ਇਹਨਾ ਵਾਸਤੇ ਠੀਕ ਨਹੀਂ…।”
ਦਿਲ ਠੀਕ ਜਿਹਾ ਨਹੀਂ ਸੀ ਰਿਹਾ, ਚੁੱਪ ਚਾਪ ਚੁਬਾਰੇ ‘ਚ ਲੇਟਿਆ ਛੱਤ ਵੱਲ਼ ਵੇਖੀ ਜਾ ਰਿਹਾਂ ਸਾਂ…।
“ਜੇ ਏਨਾ ਈ ਨਰਾਜ ਏ ਤਾਂ ਕਾਹਨੂੰ ਲਿਜਾਣਾ ਏਂ…।”
“ਨਹੀਂ ਬੀਜੀ ਹੁਣ ਏਥੇ ਹਰਗਿਜ਼ ਨਹੀਂ ਰਹਿਣਗੇ।” ਮੈਂ ਦ੍ਰਿੜਤਾ ਨਾਲ਼ ਕਿਹਾ। ਜੂੜੇ ਨੂੰ ਪਿੰਨ ਲਾਂਦੀ ਪਤਨੀ ਨੇ ਅਜੀਬ ਜਿਹੀਆਂ ਨਜ਼ਰਾਂ ਨਾਲ਼ ਮੇਰੇ ਵੱਲ਼ ਵੇਖਿਆ।
ਸਮਾਨ ਵਿਹੜੇ ਪਿਆ ਸੀ। ਪਤਨੀ, ਆਇਆ ਤੇ ਡਿੰਪਲ ਵੀ ਖਲੋਤੀਆਂ ਹੋਈਆਂ ਸਨ। ਚੁੱਪ-ਚਾਪ ਊਂਦੀ ਜਿਹੀ ਪਾਈ ਬੀਜੀ ਮੰਜੀ ‘ਤੇ ਬੈਠੇ ਸਨ। ਨਿੱਕੇ ਮੁੰਡੇ ਨੂੰ ਕੁੱਛੜ ਚੁੱਕੀ ਸਵਰਨ ਦਲਾਨ ਦੇ ਬੂਹੇ ‘ਚ ਆ ਖਲ਼ੋਤੀ ਸੀ, ਬਰਾਂਡੇ ‘ਚੋਂ ਟੁੱਟੇ ਹੋਏ ਦਸਤੇ ਵਾਲ਼ੀ ਕਹੀ ਚੁੱਕੀ ਦੀਪ ਬਾਹਰ ਜਾਂਦਾ ਡਿਓੜ ਦੇ ਬੂਹੇ ਅੱਗਿਓ ਵਾਪਸ ਪਰਤ ਆਇਆ ਸੀ। ਭੂਆ ਜੀ ਦੀਆਂ ਨਜ਼ਰਾਂ ਸਾਰਿਆਂ ਤੋਂ ਦੀ ਹੁੰਦੀਆਂ ਹੋਈਆਂ ਬੀਜੀ ‘ਤੇ ਅਟਕ ਗਈਆਂ ਸਨ। ਕੋਲ਼ ਖਲੋਤਾ ਤਾਰਾ ਕਿਸੇ ਹੁਕਮ ਦੀ ਉਡੀਕ ‘ਚ ਖੜ ਸੀ…।
“ਆਹ ਘਿਓ ਦੀ ਪੀਪੀ ਕੱਢ ਲਿਆ ਸਵਰਨ ਭਾਅ ਜੀ ਲਈ…।” ਚੁੱਪ ਨੂੰ ਤੋੜਦਿਆਂ ਦੀਪ ਨੇ ਕਿਹਾ ਸੀ। ਚੁੱਪ-ਚਾਪ ਪੀਪੀ ਸਵਰਨ ਨੇ ਸਮਾਨ ‘ਚ ਲਿਆ ਰੱਖੀ ਸੀ।
“ਦੇਰ ਹੋ ਰਹੀਏ…।” ਕਿਸੇ ਨੂੰ ਸੰਬੋਧਨ ਨਾ ਕਰਦਿਆਂ ਮੈਂ ਕਿਹਾ ਸੀ।
“ਲਿਆ ਦੇਹ ਇਹਨਾ ਦੇ ਕੱਪੜੇ ਜੇ ਨਹੀਂ ਮੁੜਨਾ ਇਹਨਾ ‘ਤੇ…।” ਦੀਪ ਨੇ ਤਨਜ਼ ਜਿਹੀ ਨਾਲ਼ ਮੇਰੇ ਵੱਲ਼, ਵੇਖਦਿਆਂ ਪਤਨੀ ਨੂੰ ਕਿਹਾ ਸੀ।
ਉੱਧੜ-ਗੁੱਧੜੇ ਜਿਹੇ ਤੁੰਨੇ ਹੋਏ ਕੱਪੜਿਆਂ ਦਾ ਇੱਕ ਘਸਮੈਲਾ ਜਿਹਾ ਥੈਲਾ ਬਿਣ ਬੋਲੇ ਸਵਰਨ ਨੇ ਬੀਜੀ ਦੀ ਪੁਆਂਦੀ ਲਿਆ ਰਖਿਆ ਸੀ।
ਆਪੋ ‘ਚ ਹੱਥ ਮਿਲਾਂਦਿਆਂ ਸਾਡੇ ਦੋਹਾਂ ਭਰਾਵਾਂ ਦੀਆਂ ਨਜ਼ਰਾਂ ਧਰਤੀ ‘ਤੇ ਗੱਡੀਆਂ ਰਹੀਆਂ। ਆਇਸਤਾ ਜਿਹੇ ਉਠਕੇ ਬੇ-ਦਿਲੀ ਜਿਹੀ ਨਾਲ਼ ਆਪਣਾ ਦੁੱਪਟਾ ਠੀਕ ਕਰਦੇ ਹੋਏ ਬੀਜੀ ਆਪਣੀ ਜੁੱਤੀ ਲੱਭਣ ਲੱਗੇ।
“ਆਹ ਜੇ ਤੁਹਾਡੀ ਜੁੱਤੀ।” ਮੰਜੀ ਥੱਲੇ ਵੜ ਕੇ ਝੱਟ ਬੀਜੀ ਅੱਗੇ ਜੁੱਤੀ ਰਖਦਿਆਂ ਡਿੰਪਲ ਨੇ ਕਿਹਾ। ਮੱਥਾ ਟੇਕਨ ‘ਤੇ ਸਵਰਨ ਨੂੰ ਅਸੀਸ ਦੇਂਦਿਆਂ ਪੁੱਤਰ ਦੀ ਕੰਡ ‘ਤੇ ਹੱਥ ਫ਼ੇਰਦਿਆਂ ਬੀਜੀ ਦੀ ਨਜ਼ਰ ਕੋਲ਼ ਖਲੋਤੇ ਪੋਤਰਿਆਂ ‘ਤੇ ਅਟਕੀ ਰਹੀ।
“ਮੱਥਾ ਟੇਕੋ ਓਏ ਬੀਜੀ ਨੂੰ…।” ਦੀਪ ਨੇ ਮੁੰਡਿਆਂ ਨੂੰ ਘੂਰਿਆ। ਬੀਜੀ ਦੇ ਪੈਰਾਂ ਨੂੰ ਛੁਹੰਦਾ ਵੱਡਾ ਛੇਤੀ ਨਾਲ਼ ਉੱਠ ਖਲੋਤਾ।
“ਟੇਕਦੇ ਨਹੀਂ ਓਏ ਮੱਥਾ।” ਛੋਟੇ ਨੂੰ ਮਾਂ ਦੀਆਂ ਲੱਤਾਂ ਨਾਲ਼ੋਂ ਤ੍ਰੋੜਦਿਆਂ ਦੀਪ ਗੜ੍ਹਕਿਆ। ਡਰਦਾ ਡਰਦਾ ਛੋਟਾ ਮੁੰਡਾ ਬੀਜੀ ਕੋਲ਼ ਜਾ ਖਲੋਤਾ, ਹਿੱਕ ਨਾਲ਼ ਘੁੱਟਕੇ ਪਿਆਰ ਦੇਂਦਿਆਂ ਬੀਜੀ ਦੀਆਂ ਅੱਖਾਂ ਛਲਕ ਪਈਆਂ। ਤਾਰ ਨੇ ਸਮਾਨ ਚੁੱਕਿਆ ਤਾਂ ਚੁੱਪ-ਚਾਪ ਅਸੀਂ ਸਾਰੇ ਉਹਦੇ ਮਗਰ ਹੋ ਤੁਰੇ। ਵਿਹੜੇ ‘ਚ ਲੇਟੇ ਕੁੱਤੇ ਨੇ ਆਕੜ ਭੰਨੀ, ਕੰਨ ਛੰਡੇ ਤੇ ਬੀਜੀ ਦੇ ਨਾਲ਼ ਹੋ ਤੁਰਿਆ…।
ਕਿੰਨੀ ਵਾਰ ਪਰਤ ਪਰਤ ਕੇ ਬੀਜੀ ਨੇ ਘਰ ਦੀ ਡਿਓੜ ਵੱਲ਼ ਵੇਖਿਆ… ਗਲੀ ਦੇ ਕੰਧਾਂ ਕੋਠਿਆਂ ਨਾਲ਼ ਉਹਨਾਂ ਦੀਆਂ ਨਜ਼ਰਾ ਅੜ-ਅੜ ਗਈਆਂ। ਗਲੀ ਨੂੰ ਪਾਰ ਕਰਦਿਆਂ ਉਹਨਾ ਦੀਆਂ ਅੱਖਾਂ ਭਰ ਆਈਆਂ।
“ਕਿੱਥੇ ਚੱਲੇ ਓ…?” ਖੂਹੀ ਦੀ ਮਾਣ ‘ਤੇ ਖੜ ਬਾਲੋ ਤਖਾਣੀ ਨੇ ਪੁੱਛਿਆ, ਖੂਹੀ 'ਤੇ ਪਾਣੀ ਭਰਦੀਆਂ ਇੱਕ ਦੋ ਹੋਰ ਜ਼ਨਾਨੀਆਂ ਨੇ ਅਜ਼ੀਬ ਜਿਹੀਆਂ ਨਜ਼ਰਾਂ ਨਾਲ਼ ਬੀਜੀ ਵੱਲ਼ ਵੇਖਿਆ… ਬੀਜੀ ਨੇ ਇਕ ਦਮ ਪਿਛਾਹ ਵੇਖਿਆ ਤੇ ਮਗਰ ਲੱਗੇ ਆਉਂਦੇ ਕੁੱਤੇ ਨੂੰ ਸ਼ਿਸ਼ਕਾਰਿਆ।
“ਬੀਜੀ ਤੁਸੀਂ ਸਾਨੂੰ ਚਿੱਠੀ ਲਿਖ ਦੇਂਦੇ…।” ਚਾਲ ਹੌਲੀ ਕਰਕੇ ਉਹਨਾ ਨਾਲ਼ ਰਲਦਿਆਂ ਮੈਂ ਕਿਹਾ। ਇੱਕ ਵਾਰ ਮੇਰੇ ਵੱਲ਼ ਵੇਖ ਉਹ ਫਿਰ ਸੋਚਾਂ ‘ਚ ਡੁੱਬ ਗਏ ਤੇ ਅਜ਼ੀਬ ਤਰਾਂ ਦੀ ਡੂੰਘੀ ਉਦਾਸੀ ਉਹਨਾਂ ਦੇ ਚਿਹਰੇ ‘ਤੇ ਛਾ ਗਈ।
ਬਾਕੀ ਸਾਰਾ ਰਾਹ ਉਹਨਾ ਨਾਲ਼ ਕੋਈ ਵੀ ਗੱਲ ਕਰਨ ਦਾ ਮੇਰਾ ਹੌਸਲਾ ਨਾ ਪਿਆ।
“ਬੀਜੀ ਚਾਹ ਪੀ ਲਓ।” ਰੇਲਵੇ ਟੀ-ਸਟਾਲ ਤੋਂ ਮੰਗਵਾਈ ਚਾਹ ਦਾ ਪਿਆਲਾ ਬੀਜੀ ਨੂੰ ਝਕਦੀ ਝਕਦੀ ਨੇ ਪੇਸ਼ ਕਰਦਿਆਂ ਪਤਨੀ ਨੇ ਪੁੱਛਿਆ। ਬਗੈਰ ਬੋਲੇ ਕੂਏ ਉਹਨਾ ਸਿਰ ਹਿਲਾ ਦਿੱਤਾ… ਬਗੈਰ ਕੋਈ ਗੱਲ ਬਾਤ ਕੀਤੇ ਅਸੀਂ ਚਾਹ ਪੀਣ ਲੱਗੇ… ਕੇਵਲ ਚਾਹ ਦੇ ਸ਼ਰਕਣ ਦੀ ਅਵਾਜ਼… ਮੈਂ ਪਤਨੀ ਵੱਲ਼ ਵੇਖਿਆ, ਪਤਨੀ ਨੇ ਮੇਰੇ ਵੱਲ਼ ਤੇ ਡਿੰਪਲ ਨੇ ਸਾਡੇ ਦੋਹਾਂ ਵੱਲ਼…।
ਕੁਲੀ ਤੋਂ ਸਮਾਨ ਰਖਵਾਕੇ ਬੀਜੀ ਨੂੰ ਸੀਟ ਤੇ ਬੈਠਾਂਦਿਆਂ ਮੈਂ ਵੇਖਿਆ ਉਹਨਾ ਦਾ ਸਾਹ ਨਾਂਲ਼ ਸਾਹ ਨਹੀਂ ਸੀ ਰਲ ਰਿਹਾ। ਗੱਡੀ ਚੱਲ ਪਈ ਸੀ ਤੇ ਚੁੱਪ ਚਾਪ ਬੈਠੇ ਬੀਜੀ ਬਾਹਰ ਤੱਕੀ ਜਾ ਰਹੇ ਸਨ। ਡਿੰਪਲ ਦੇ ਦਿਲ ‘ਚ ਪਤਾ ਨਹੀਂ ਕੀ ਆਈ, ਆਸ਼ੂ ਨੂੰ ਆਇਆ ਤੋਂ ਲੈ ਉਹ ਕੁੱਤਕਤਾੜੀਆਂ ਕੱਢਣ ਲੱਗੀ। ਆਸ਼ੂ ਖ਼ਿੜ ਖ਼ਿੜ ਕਰਕੇ ਹੱਸ ਰਿਹਾ ਸੀ… ਬੀਜੀ ਦੇ ਮੂੰਹ ‘ਤੇ ਮੁਸਕਰਾਹਟ ਫੈਲ ਰਹੀ ਸੀ…।
“ਪੋਤਰੀ ਜੇ ਕਿ ਪੋਤਰਾ?” ਬੀਜੀ ਦੇ ਸਾਹਮਣੇ ਬੈਠੀ ਜ਼ਨਾਨੀ ਨੇ ਪੁੱਛਿਆ।
“ਆਏ ਕਿੱਥੋਂ ਹੋ?” ਦੂਸਰੀ ਨੇ ਪੁੱਛਿਆ।
“ਜਾਣਾ ਕਿੱਥੇ ਜੇ?” ਇੱਕ ਹੋਰ ਨੇ ਪੁੱਛਿਆ।
“ਅਹੁ ਨੂੰਹ ਹੋਣੀ ਏ ਸੁੱਖ ਨਾਲ਼।” ਬੀਜੀ ਦੇ ਸੱਜੇ ਪਾਸੇ ਬੈਠੀ ਬੁੱਢੀ ਨੇ ਪੁੱਛਿਆ।
“…ਧੀ ਕੋਲ਼ੋਂ ਆਈ ਆਂ, ਉਹ ਤੇ ਆਂਹਦੀ ਸੀ ਏਥੇ ਈ ਰਹੁ… ਤਈਨੂੰ ਪਤ ਏ ਅੱਜ ਕੱਲ੍ਹ ਦੀਆਂ ਨੂੰਹਾਂ… ਕੀ ਕਰਾਂ ਕਲੇਜਾ ਤੜਫਦਾ ਏ ਨਾਂ…।” ਬੀਜੀ ਕੋਲ਼ ਬੈਠੀ ਬੁੱਢੀ ਨੇ ਹਉਕਾਂ ਭਰਿਆ।… ਫਿਰ ਆਪਣੇ ਥੈਲੇ ‘ਚੋਂ ਮੱਠੀਆਂ ਕੱਢ ਕੱਢ ਬੀਜੀ ਕੋਲ ਬੈਠੀਆਂ ਜ਼ਨਾਨੀਆਂ ‘ਚ ਵੰਡਣ ਲੱਗੇ।
ਕੁਝ ਚਿਰ ਬਾਅਦ ਮੂੰਹ ਅੱਗੋਂ ਅਖ਼ਬਾਰ ਹਟਾਦਿਆਂ ਮੈਂ ਵੇਖਿਆ :- “ਗੱਲ੍ਹ ਤੋਂ ਠੋਡੀ” ਤੇ, ਠੋਡੀ ਤੋਂ ਗੱਲ ਤੇ ਬਦਲਦੀ ਹੋਈ, ਹਵਾ ‘ਚ ਉਂਗਲੀ ਹੁਲਾਰਦੀ ਜਿਹੀ, ਮੱਥੇ ਤੇ ਵੱਟ ਪਾਉਂਦੀ ਹੋਈ…ਭੈਅ ਨਾਂਲ਼ ਅੱਖਾਂ ਟੱਡਦੀ ਹੋਈ ਤੇ ਕਦੇ ਅਸਲੋਂ ਵਿਚਾਰੀ ਬਣੀ, ਚਿਹਰੇ ਨੂੰ ਪਿਛਾਂਹ ਹਟਾਂਦੀ ਜਿਹੀ ਕਦੀ ਮੂੰਹ ਨਾਲ਼ ਜੋੜਦੀ ਹੋਈ ਬੁੱਢੀ ਦੀਆਂ ਗੱਲਾਂ ‘ਚ ਬੀਜੀ ਏਨੇ ਮਗਨ ਸਨ ਜਿਵੇਂ ਜਨਮਾਂ ਜਨਮਾਂਤਰਾਂ ਦੀ ਉਹ ਉਹਨਾਂ ਦੀ ਵਾਕਫ਼ ਹੋਵੇ…।
ਬਰਾਂਡੇ ‘ਚ ਬੈਠੇ ਜਿਪਸੀ ਨੇ ਉੱਠਕੇ ਆਕੜ ਭੰਨੀ ਤੇ ਪੂਛ ਹਿਲਾਂਦਾ ਗੇਟ ਵੱਲ਼ ਦੋੜਿਆ, ਨੇੜੇ ਆਇਆ, ਠਿਠਕਿਆ ਤੇ ਹਵਾ ‘ਚੋਂ ਕੁਝ ਸੁੰਘ ਬੀਜੀ ਨੂੰ ਭੋਂਕਣ ਲੱਗਾ। ਕਿਚਨ ‘ਚੋਂ ਨਿੱਕਲ ਕੇ ਗੇਟ ਖੋਲਣ ਆਏ ਮੁੰਡੂ ਨੇ ਅਜੀਬ ਜਿਹੀਆਂ ਓਪਰੀਆਂ ਨਜ਼ਰਾਂ ਨਾਲ਼ ਬੀਜੀ ਵੱਲ਼ ਵੇਖਿਆ ਤੇ ਪਤਨੀ ਦੀਆਂ ਅੱਖਾਂ ਓਨਾਂ ਚਿਰ ਆਲਾ-ਦੁਆਲਾ ਤਾੜਦੀਆਂ ਰਹੀਆਂ ਜਿੰਨਾਂ ਚਿਰ ਬੀਜੀ ਨੂੰ ਮੋਢੇ ਤੋਂ ਦੀ ਹੱਥ ਪਾਈ ਮੈਂ ਅੰਦਰ ਨਾ ਲੈ ਗਿਆ ।
ਅੰਦਰ ਵੜਦਿਆਂ ਹੀ ਬੀਜੀ ਨੇ ਕਮਰੇ ਦਾ ਸਰਸਰੀ ਜਿਹਾ ਜਾਇਜ਼ਾ ਲਿਆ। ਸਜੇ ਸਜਾਏ ਡਰਾਇੰਗ ਰੂਮ ਦੇ ਵਧੀਆ ਸੋਫ਼ੇ ‘ਤੇ ਬੈਠਦਿਆ ਉਹ ਕੁਝ ਝਿਜਕੇ। ਸਾਹਮਣੀ ਦਿਵਾਰ ਤੋਂ ਹੁੰਦੀ ਹੋਈ ਉਹਨਾਂ ਦੀ ਨਜ਼ਰ ਸਾਹਮਣੀ ਸ਼ੈਲਫ ‘ਤੇ ਪਈ ਤੇ ਪਿਤਾ ਜੀ ਦੀ ਤਸਵੀਰ ‘ਤੇ ਆ ਕੇ ਠਿਠਕ ਗਈ ਸੀ। ਕੱਪੜੇ ਬਦਲ ਕੇ ਆਇਆ ਤਾਂ ਬੀਜੀ ਉਂਝ ਦੇ ਉਂਝ ਪਿਤਾ ਜੀ ਦੀ ਤਸਵੀਰ ਵੱਲ਼ ਵੇਖੀ ਜਾ ਰਹੇ ਸਨ। ਹੱਥਾਂ ‘ਚ ਫੜੇ ਚਾਹ ਦੇ ਪਿਆਲਿਆਂ ‘ਚੋਂ ਨਿੱਕਲਦੀ ਸੋਂਧੀ ਸੋਂਧੀ ਭਾਫ਼ ਪਲੇਟ ‘ਚ ਪਏ ਬਰੀਟੈਨਿਕਾ ਦੇ ਬਿਸਕੁਟ, ਕਲਕੱਤੇ ਦੇ ਰਸਗੁੱਲਿਆਂ ਦਾ ਭਰਿਆ ਡੋਂਗਾ…ਦੀਵਾਰਾਂ ‘ਤੇ ਲੱਗੇ ਚਿੱਤਰ ਕਾਰਨਰ ‘ਚ ਪਿਆ ਕਲੇਅ ਮਾਡਲਿੰਗ ਦਾ ਸ਼ਾਹਕਾਰ, ਸ਼ੈਲਫਾਂ ‘ਤੇ ਪਈਆਂ ਤਸਵੀਰਾਂ……ਪਤਨੀ ਤੇ ਡਿੰਪਲ ਦੇ ਕੁਝ ਮਾਯੂਸ ਤੇ ਹੈਰਾਨ ਚਿਹਰੇ…ਬੀਜੀ ਦਾ ਸੋਚਵਾਣ, ਮਮਤਾ-ਮਈ, ਪਿਆਰ ‘ਤੇ ਪਛਤਾਵੇ ਭਰਿਆ ਚਿਹਰਾ…ਸਭ ਕੁਝ ਇੱਕਦਮ ਅਹਿਲ…।
ਆਇਸਤਾ ਆਇਸਤਾ ਬੀਜੀ ਦੀਆਂ ਨਜ਼ਰਾਂ, ਤਸਵੀਰਾਂ ਫ਼ਰਸ਼ ਕੰਧਾਂ ‘ਤੇ ਛੱਤ ਤੋਂ ਹੁੰਦੀਆਂ ਹੋਈਆਂ, ਡਿੰਪਲ ਤੇ ਪ੍ਰੀਤ ਦੇ ਚਿਹਰਿਆਂ ‘ਤੋਂ ਦੀ ਖਿਸਕਦੀਆਂ ਹੋਈਆਂ ਮੇਰੇ ਤੇ ਆ ਟਿਕੀਆਂ ਸਨ।
ਟਰੇਅ ‘ਚੋਂ ਚਾਹ ਦਾ ਕੱਪ ਬੀਜੀ ਦੇ ਹੱਥ ‘ਚ ਥਮਉਂਦਿਆਂ ਆਪਣਾ ਕੱਪ ਲਈ ਮੈਂ ਉਹਨਾਂ ਕੋਲ ਸੋਫ਼ੇ ਤੇ ਬੈਠ ਗਿਆ ਸਾਂ। ਚਾਹ ਦੀਆਂ ਨਿੱਕੀਆਂ ਨਿੱਕੀਆਂ ਚੁਸਕੀਆਂ ਭਰਦਿਆਂ ਸਾਰੇ ਕੇਵਲ ਚੁੱਪ ਨੂੰ ਹੋਰ ਸੰਘਣਾ ਕਰ ਰਹੇ ਸਨ।
”ਬੀਜੀ ਬਿਸਕੁਟ ਤਾਂ ਤੁਸਾਂ ਲਏ ਈ ਨਹੀਂ ।” ਅਚਾਨਕ ਡਿੰਪਲ, ਬਿਸਕੁਟਾਂ ਦੀ ਪਲੇਟ ਚੁੱਕ ਬੀਜੀ ਅੱਗੇ ਕਰਦੀ ਹੋਈ ਨੇ ਚੁੱਪ ਤੋੜੀ।
”ਲਓ ਬੀਜੀ ਰਸਗੁੱਲਾ ਵੀ ਲਵੋ ਨਾ…।” ਰਸਗੁੱਲਿਆਂ ਵਾਲਾ ਡੋਂਗਾ ਬੀਜੀ ਦੇ ਅੱਗੇ ਕਰਦਿਆ ਮੈਂ ਕਿਹਾ।
”ਮਾਈ ਸਵੀਟ ਬੀਜੀ[” ਚਹਿਕ ਕੇ ਆਪਣੀ ਜਗਾ ਤੋਂ ਉੱਠਕੇ ਬੀਜੀ ਨੂੰ ਜੱਫ਼ੀ ਪਾਉਂਦੀ ਡਿੰਪਲ ਨੇ ਕਿਹਾ।
”ਬੇਟਾ ਉਹਨਾਂ ਨੂੰ ਚਾਹ ਤਾਂ ਪੀ ਲੈਣ ਦੇ…।” ਪ੍ਰੀਤ ਨੇ ਡਿੰਪਲ ਨੂੰ ਘੁਰਕਿਆ।
”ਸਰਦਾਰ ਜੀ ਯੇਹ ਡਾਕ…।” ਮੁੰਡੇ ਨੇ ਮੇਜ਼ ‘ਤੇ ਥੱਬਾ ਕੁ ਕਾਗਜ਼ਾ ਦਾ ਰਖਦਿਆਂ ਕਿਹਾ।
ਟਰਨ, ਟਰਨ, ਟਰਨ। ਫੋਨ ਦੀ ਘੰਟੀ ਵੱਜਦਿਆਂ ਹੀ ਮੈਂ ਚਾਹ ਵਿੱਚੇ ਰੱਖ ਮੇਜ਼ ਵੱਲ਼ ਲਪਕਿਆ।
”ਬੀਜੀ ਪਾਣੀ ਗਰਮ ਹੋ ਗਿਆ।” ਭਾਂਡੇ ਚੁੱਕਣ ਆਏ ਮੁੰਡੇ ਨੇ ਪ੍ਰੀਤ ਨੂੰ ਕਿਹਾ।
”ਸ਼ਰਮਾ ਏਂ, ਮੇਰਾ ਸੀਨੀਅਰ, ਘਰ ਬੁਲਾ ਰਿਹਾ ਏ…।” ਪਤਨੀ ਤੋਂ ਜਾਣ ਦੀ ਇਜਾਜ਼ਤ ਲੈਂਦਿਆਂ ਮੈਂ ਦੱਸਿਆ।
”ਅਸ਼ੂ ਨੂੰ ਟੱਟੀਆਂ ਲੱਗੀਆਂ ਹੋਈਆਂ ਨੇ…ਡਾਕਟਰ ਕੋਲ ਜਾਣਾ ਪੈਣਾ ਏਂ…।” ਪਤਨੀ ਮੈਥੋਂ ਵੀ ਪਹਿਲਾਂ ਤਿਆਰ ਸੀ।
ਮੈਂ ਜਾਣ ਲਈ ਤਿਆਰ ਹੋ ਰਿਹਾ ਸਾਂ…ਡਿੰਪਲ ਆਪਣੀ ਐਲਬਮ ਖੋਹਲੀ ਬੀਜੀ ਨੂੰ ਤਸਵੀਰਾਂ ਵਿਖਾ ਰਹੀ ਸੀ।
”ਬੇਟਾ ਉਹਨਾਂ ਨੂੰ ਨਹਾ ਧੋ ਲੈਣ ਦੇ, ਸਫਰ ਤੋਂ ਥੱਕੇ ਹੋਏ ਆਏ ਨੇ…।” ਬੀਜੀ ਦਾ ਥੱਕਿਆ, ਮੁਰਝਾਇਆ ਚਿਹਰਾ ਦੇਖਕੇ ਮੈਂ ਸਮਝਾਇਆ।
”ਡਿੰਪਲ ਅੱਗੇ ਐਨੇ ਦਿਨ ਤੇਰੀ ਪੜਾਈ ਖ਼ਰਾਬ ਹੋਈ ਏ, ਨਹਾ ਕੇ ਹੁਣ ਪੜ੍ਹਨ ਬੈਠ ਜਾ ਛੇਤੀ, ਮੇਰੇ ਪਿੱਛੇ ਆਉਂਦੀ ਪ੍ਰੀਤ ਨੇ ਧੀ ਨੂੰ ਹਦਾਇਤ ਕਰਦਿਆਂ ਕਿਹਾ।
”ਗਰਮ ਪਾਣੀ ਬਾਥ ਰੂਮ ਮੇਂ ਰਖ ਦੇ ਬੀਜੀ ਕੇ ਲੀਏ…” ਪਰਤ ਕੇ ਮੈਂ ਮੁੰਡੂ ਨੂੰ ਕਿਹਾ।
ਘੰਟੇ ਕੁ ਬਾਅਦ ਅਸੀਂ ਪਰਤੇ ਤਾਂ ਬੀਜੀ ਉਵੇਂ ਦੇ ਉਵੇਂ ਊਂਧੀ ਪਾਈ ਬੈਠੇ ਸਨ…ਪਰ ਬੈਠੀ ਡਿੰਪਲ ਐਲਬਮ ਫੋਲ਼ਦੀ ਹੋਈ ਆਪਣੇ ਬਚਪਨ ਦੀਆਂ ਤਸਵੀਰਾਂ ਵੇਖੀ ਜਾ ਰਹੀ ਸੀ।
”ਕਿਉਂ ਬਈ ਪਾਣੀ ਰਖ਼ ਦੀਆਂ ਬੀਜੀ ਕੇ ਲੀਏ?”
”ਕਭੀ ਕਾ ਰਖ ਦੀਆ, ਕਈ ਵਾਰ ਬੋਲਾ ਭੀ…।” ਊਂਧੀ ਪਾਈ ਬੈਠੇ ਬੀਜੀ ਵੱਲ਼ ਗਹੁ ਨਾਲ਼ ਵਿਹੰਦਿਆਂ ਉਹਨੇ ਕਿਹਾ।
”ਬੀਜੀ ਉਠਕੇ ਨਹਾ ਲਵੋ, ਐਨੀ ਗਰਮੀ ਚੋਂ ਆਏ ਓ” ਕਹਿੰਦਿਆਂ ਮੈਂ ਸਟੱਡੀ ‘ਚ ਜਾ ਕੇ ਕਈਆਂ ਦਿਨਾਂ ਦੀ ਜਮਾ ਪਈ ਡਾਕ ਫ਼ੋਲਣ ਲੱਗਾ।
”ਬੀਜੀ ਦਾ ਕਮਰਾ ਤਿਆਰ ਕਰ ਦਿੱਤਾ?” ਹੱਥ ‘ਚ ਖ਼ਤ ਲਈ ਪੜ੍ਹਦਾ ਪੜਦਾ ਮੈਂ ਅਸ਼ੂ ਨੂੰ ਦਵਾਈ ਦੇ ਰਹੀ ਪਤਨੀ ਕੋਲ ਆ ਖਲੋਤਾ।
”ਤੁਹਾਡੇ ਨਾਲ਼ ਹੀ ਤੇ ਆਈ ਆਂ, ਅਸ਼ੂ ਨੂੰ ਦਵਾਈ ਦੇ ਲਵਾਂ…?” ਥੋੜਾ ਹੈਰਾਨ ਹੁੰਦੀ ਪਤਨੀ ਨੇ ਮੇਰੇ ਵੱਲ਼ ਵੇਖਿਆ।
”ਪੁਲਾਅ ਬਣਾ ਲੈਣਾ ਮਿੱਠਾ, ਮੇਵੇ, ਮਗਜ਼ ਪਾ ਕੇ।” ਪਤਨੀ ਨੂੰ ਕਹਿੰਦਿਆਂ ਮੈਂ ਫ਼ਿਰ ਸਟੱਡੀ ਵੱਲ਼ ਚਲਿਆ ਗਿਆ।
”ਏਥੋਂ ਦਾ ਮੋਸਮ ਨਾ ਬਹੁਤਾ ਗਰਮ ਏਂ ਨਾਂ ਸਰਦ, ਤੁਹਾਡੇ ਲਈ ਠੀਕ ਰਹੇਗਾ…।” ਨਹਾਂ ਕੇ ਆਏ ਬੀਜੀ ਕੋਲ ਬੈਠਦਿਆਂ ਗੱਲ ਕਰਨ ਖ਼ਾਤਰ ਮੈਂ ਕਿਹਾ।
”ਕਿਹੜਾ ਕਮਰਾ ਠੀਕ ਰਹੇਗਾ ਬੀਜੀ ਲਈ?” ਹੱਥ ‘ਚ ਨਵੀਂ ਆਈ ਇਲਅਸਟ੍ਰੇਟਿਡ ਵੀਕਲੀ ਲਈ ਮੈਂ ਪਤਨੀ ਨਾਲ਼ ਸਲਾਹ ਕਰਨ ਖ਼ਾਤਰ, ਉਹਦੇ ਕਮਰੇ ‘ਚ ਆਉਂਦਿਆਂ ਕਿਹਾ।
”ਉਹਨਾਂ ਦੀ ਹਰ ਸਹੂਲਤ ਦਾ ਖ਼ਿਆਲ ਰੱਖਣਾ ਸਾਡਾ ਫਰਜ਼ ਏ।” ਪਤਨੀ ਦੇ ਕੁਝ ਵੀ ਕਹਿਣ ਤੋਂ ਪਹਿਲਾਂ ਮੈਂ ਫ਼ਿਰ ਕਿਹਾ।
”ਮੇਰੇ ਖਿਆਲ ‘ਚ ਅਟੈਚਡ ਬਾਥ ਰੂਮ ਵਾਲ਼ਾ ਕਮਰਾ ਹੀ ਉਹਨਾਂ ਲਈ ਠੀਕ ਰਹੇਗਾ।” ਪਤਨੀ ਨਾਲ਼ ਸਲਾਹ ਕਰਨ ਵਾਂਗਰ ਮੈਂ ਕਿਹਾ।
”ਉਹ ਤੇ ਡਿੰਪਲ ਕੋਲ ਏ।”
”ਡਿੰਪਲ ਨੂੰ ਕੋਈ ਹੋਰ ਕਮਰਾ ਦਿੱਤਾ ਜਾ ਸਕਦੈ।” ਪਤਨੀ ਚੁੱਪ ਕਰਕੇ ਉੱਠੀ ਤੇ ਅਸ਼ੂ ਨੂੰ ਆਇਆ ਨੂੰ ਫੜਾਉਂਦੀ ਹੋਈ ਕਿਚਨ ‘ਚ ਚਲੀ ਗਈ ਵੀਕਲੀ ਮੇਜ਼ ‘ਤੇ ਰੱਖਦਿਆਂ ‘ਰੀਡਰਜ਼ ਡਾਈਜੈਸਟ’ ਲਈ ਮੈਂ ਬੀਜੀ ਕੋਲ ਬੈਠਾ ਸਫ਼ੇ ਫ਼ੋਲਨ ਲੱਗਾ। ਬੀਜੀ ਨਾਲ਼ ਦੀਪ ਤੇ ਉਹਦੀ ਪਤਨੀ ਬਾਰੇ, ਬੀਜੀ ਦੇ ਚਿਹਰੇ ਦਾ ਅਜੀਬ ਜਿਹਾ ਪ੍ਰਭਾਵ ਵੇਖ ਕੇ ਮੈਂ ਗੱਲ ਕਰਦਾ ਕਰਦਾ ਰਹਿ ਗਿਆ।
”ਕੀ ਕੀ ਬਣਾਇਆ ਜਾ ਰਿਹਾ ਏ?” ਮੈਂ ਬੀਜੀ ਕੋਲੋਂ ਉੱਠਕੇ ਕਿਚਨ ‘ਚ ਭਿੰਡੀਆਂ ਨੂੰ ਤੜਕਾ ਲਾ ਰਹੀ ਆਪਣੀ ਪਤਨੀ ਕੋਲ ਜਾ ਖਲੋਤਾ…।”
”ਫਿਰ ਕਮਰੇ ਬਾਰੇ ਕੀ ਸੋਚਿਆ ਜੇ?”
”ਡਿੰਪਲ ਵੀ ਬੀਜੀ ਵਾਲ਼ੇ ਕਮਰੇ ਵਿੱਚ ਸੌਂ ਜਾਇਆ ਕਰੇਗੀ।” ਪਤਨੀ ਦੇ ਕੁਝ ਕਹਿਣ ਤੋਂ ਵੀ ਪਹਿਲਾਂ ਮੈਂ ਆਪਣਾ ਫੈਸਲਾ ਦੇਂਦਿਆਂ ਕਿਹਾ।
”ਚਲੋ ਜਿਵੇਂ ਤੁਸੀਂ ਠੀਕ ਸਮਝਦੇ ਓ।” ਕੁਝ ਲਮਕਵੀਂ ਜਿਹੀ ਅਵਾਜ਼ ‘ਚ ਕਹਿੰਦੀ ਹੋਈ ਪਤਨੀ ਪੁਲਾਅ ਲਈ ਸੌਗ਼ੀ ਚੁਣਨ ਲੱਗੀ…।
ਸਟੱਡੀ ਵੱਲ਼ ਜਾਂਦਿਆ ਮੈਂ ਵੇਖਿਆ, ਬੀਜੀ ਬਰਾਂਡੇ ‘ਚ ਖਲੋਤੇ ਲਗਾਤਾਰ ਸਾਹਮਣੇ ਸੜਕ ਵੱਲ਼ ਤੱਕੀ ਜਾ ਰਹੇ ਸਨ।
”ਡਿੰਪਲ ਫਿਰਾ ਤੁਰਾ ਲਿਆ ਇਹਨਾਂ ਨੂੰ ਜ਼ਰਾ…ਬੜੇ ਥੱਕੇ ਥੱਕੇ ਜਾਪਦੇ ਨੇ…।”
”ਰਾਮੂ ਕੁਰਸੀ ਲਾ ਭਈ ਬੀਜੀ ਕੇ ਲੀਏ…।” ਉਹਨਾਂ ਦੇ ਕੁਝ ਵੀ ਕਹਿਣ ਤੋਂ ਪਹਿਲਾਂ ਮੈਂ ਮੁੰਡੂ ਨੂੰ ਆਵਾਜ਼ ਦੇਂਦਿਆਂ ਕਿਹਾ।
ਚੁੱਪਚਾਪ ਲਾਅਨ ‘ਚ ਡੱਠੀ ਕੁਰਸੀ ‘ਤੇ ਬੈਠੇ ਬੀਜੀ ਸੜਕ ਤੇ ਫਿਰ ਰਹੇ ਲੋਕਾਂ, ਬੱਸਾਂ, ਮੋਟਰਾਂ ਤੇ ਟਰਾਮਾਂ ਵੱਲ਼ ਓਪਰੀਆਂ ਜਿਹੀਆਂ ਨਜ਼ਰਾਂ ਨਾਲ਼ ਬੇਖੀ ਜਾ ਰਹੇ ਸਨ, ਪਰ ਰਾਤ ਨੂੰ ਖਾਣੇ ਦੀ ਮੇਜ਼ ‘ਤੇ ਬੈਠਦਿਆਂ ਹੀ ਉਹ ਆਮ ਵਾਂਗ ਹੋ ਗਏ…।
”ਓ[ ਬੀਜੀ ਆਏ ਹੋਏ ਨੇ…।” ਕਾਲਜੋ ਕਿਸੇ ਫ਼ਰੈਂਡ ਦੇ ਘਰ ਤੇ ਫਿਰ ਓਧਰੋਂ ਸਿੱਧੀ ਪਿਕਚਰ ਵੇਖ ਕੇ ਆਉਂਦਿਆਂ, ਅਰਸ਼ੀ ਉਹਨਾਂ ਦੀ ਵੱਡੀ ਪੋਤਰੀ ਨੇ ਬੀਜੀ ਨੂੰ ਜੱਫੀ ‘ਚ ਲੈਂਦਿਆਂ ਕਿਹਾ।
”ਹੋਰ ਲਵੋ ਚੋਲ…।” ਮੈਂ ਮਗ਼ਜ਼ ਮੇਵੇ ਪਾ ਕੇ ਬਣਾਏ ਪੁਲਾਅ ਦਾ ਵੱਡਾ ਚਮਚਾ ਭਰਕੇ ਬੀਜੀ ਦੀ ਪਲੇਟ ‘ਚ ਪਾਂਦਿਆਂ ਕਿਹਾ। ”ਬੀਜੀ ਆਹ ਭਿੰਡੀ ਹੋਰ ਲਵੋ ਨਾਂ…।” ਸਬਜ਼ੀ ਵਾਲਾ ਡੌਂਗਾ ਬੀਜੀ ਅੱਗੇ ਕਰਦਿਆਂ ਪਤਨੀ ਨੇ ਕਿਹਾ।
”ਬੀਜੀ ਆਹ ਸੇਬ ਤਾਂ ਤੁਸਾਂ ਲਿਆ ਹੀ ਨਹੀਂ…।” ਡਿੰਪਲ ਨੇ ਸੇਬ ਦੇ ਟੁਕੜੇ ਤੋਂ ਛਿੱਲੜ ਲਾਹ ਕੇ ਉਹਨਾਂ ਦੀ ਪਲੇਟ ‘ਚ ਰਖਦਿਆਂ ਕਿਹਾ। ਕੋਲ ਖੜੀ ਆਇਆ ਦੇ ਕੁੱਛੜ ਚੁੱਕਿਆ ਅਸ਼ੂ ਸੇਬ ਦੇ ਟੁਕੜੇ ਵੱਲ਼ ਉੱਲਰ ਪਿਆ।
“…ਨਾ ਨਾ ਬੀਜੀ ਇਹਨੇ ਨਹੀਂ ਖਾਣਾ…।” ਸੇਬ ਦੇ ਟੁਕੜੇ ਵਾਲ਼ਾ ਅਸ਼ੂ ਵੱਲ ਵਧਿਆ ਬੀਜੀ ਦਾ ਹੱਥ ਉੱਥੇ ਦਾ ਉੱਥੇ ਅਟਕ ਗਿਆ ਸੀ।
”ਬਾਬਾ ਰੋਟੀ, ਬਾਬਾ ਰੋਟੀ…।” ਰੋਣੀ ਜਿਹੀ ਅਵਾਜ਼ ‘ਚ, ਸੜਕ ਤੇ ਜਾਂਦਾ ਮੰਗਤਾ ਚਿਲਾਅ ਉੱਠਿਆ ਸੀ।
”ਹਾਇਆ[ ਕੀਕੁਰ ਤਰਲੇ ਪਿਆ ਕਰਦਾ ਏ…।” ਤਰਸ ਨਾਲ਼ ਪੰਘਰਦਿਆਂ ਬੀਜੀ ਨੇ ਕਿਹਾ।
”ਉੱਫ[ ਅਰਾਮ ਨਾਲ਼ ਰੋਟੀ ਵੀ ਨਹੀਂ ਖਾਣ ਦੇਂਦੇ ਇਹ ਲੋਕ।” ਪਤਨੀ ਦੇ ਚਿਹਰੇ ‘ਤੇ ਸ਼ਿਕਨ ਉਭਰੀ। ਮੁੰਡੂ ਨੂੰ ਬੁਲਾਕੇ ਫ਼ਕੀਰ ਲਈ ਕੁਝ ਘੱਲਣ ਲਈ ਮੇਰੀ ਆਵਾਜ਼ ਜਿਵੇਂ ਸੰਘ ‘ਚ ਅੜਕੇ ਰਹਿ ਗਈ।
ਬੀਜੀ ਨੇ ਨਾ ਕੋਈ ਹੋਰ ਗਰਾਹੀ ਤੋੜੀ ਤੇ ਨਾ ਖਾਧੀ। ਮੇਜ਼ ‘ਤੇ ਇੱਕ ਬੋਝਲ ਜਿਹੀ ਚੁੱਪ ਛਾ ਗਈ, ਬੁਰਕੀ ਤੋੜਨ, ਗਰਾਹੀਂ ਚਿੱਥਣ ਤੇ ਪਾਣੀ ਪੀਣ ਤੱਕ ਦੀ ਅਵਾਜ਼ ਆਉਣ ਲੱਗੀ…।
”ਬਾਬਾ ਰੋਟੀ, ਬਾਬਾ ਰੋਟੀ…।” ਫ਼ਕੀਰ ਦੀ ਮੱਧਮ ਪਰ ਸੋਗ-ਮਈ ਆਵਾਜ਼ ਜਿਵੇਂ ਦੂਰੋਂ ਕਿਸੇ ਡੂੰਘੀ ਘਾਟੀ ‘ਚੋਂ ਆਉਂਦੀ, ਸੰਘਣੀ ਚੁੱਪ ਨੂੰ ਹੋਰ ਸੰਘਣਿਆਂ ਕਰ ਗਈ।
+++
ਬਾਥ-ਰੂਮ ਜਾਂਦਿਆਂ ਗੈਲਰੀ ‘ਚੋਂ ਲੰਘਿਆ ਤਾਂ ਬੀਜੀ ਉੱਠ ਕੇ ਬੈਠੇ ਹੋਏ ਸਨ। ਡਿੰਪਲ ਸੁੱਤੀ ਪਈ ਸੀ।
ਸੋਚਿਆ ਬੀਜੀ ਨੂੰ ਨੀਂਦ ਨਹੀਂ ਆਈ ਹੋਣੀ… ਸ਼ਾਇਦ ਓਪਰੀ ਥਾਂ ਹੋਣ ਕਰਕੇ… ਸੋਚਿਆ ਜਾ ਕੇ ਪੁੱਛਾਂ… ਪਤਾ ਨਹੀਂ ਕਿਹੜੀਆਂ ਡੂੰਘੀਆਂ ਸੋਚਾਂ ‘ਚ ਡੁੱਬੇ ਪਏ ਸਨ… ਬੁਲਾਉਣ ‘ਤੇ ਵੀ ਉਹਨਾਂ ਸਿਰ ਨਹੀਂ ਸੀ ਚੁੱਕਿਆ।… ਅਡੋਲ ਮੈਂ ਗ਼ੈਲਰੀ ਪਾਰ ਕਰ ਗਿਆ।
ਸਵੇਰੇ ਉੱਠਦਿਆ ਹੀ ਚਾਹ ਦਾ ਪਿਆਲਾ ਹੱਥ ‘ਚ ਲਈ ਮੈਂ ਬੀਜੀ ਦੇ ਕਮਰੇ ‘ਚ ਜਾ ਬੈਠਾ। ਏਨੇ ‘ਚ ਮੁੰਡੂ ਟ੍ਰੇਅ ‘ਚ ਮਿੰਨੀ ਚਾਹਦਾਨੀ ਟਿਕਾਈ ਬੀਜੀ ਦੇ ਕਮਰੇ ‘ਚ ਦਾਖਲ ਹੋ ਗਿਆ।
”ਭਾਈ ਮੈਂ ਨਹੀਂ ਕਦੀ ਨਹਾਉਣ ਤੋਂ ਪਹਿਲਾਂ ਚਾਹ ਪੀਤੀ।” ”ਚਾਏ ਵਾਪਸ ਲੇ ਜਾ ਔਰ ਪਾਣੀ ਰੱਖ ਦੇ ਗਰਮ ਬੀਜੀ ਕੇ ਲੀਏ… ।” ਮੈਂ ਮੁੰਡੂ ਨਾਲ਼ ਥੋੜੀ ਸਖ਼ਤੀ ਦਾ ਵਿਖਾਵਾ ਕੀਤਾ।
”ਪਾਣੀ ਰੱਖ ਦੀਆ ਬੀਜੀ ਕੇ ਲੀਏ ਗਰਮ?” ਕੁਝ ਦੇਰ ਬਾਅਦ ਕਿਚਨ ਅੱਗੋ ਲੰਘਦਿਆਂ ਮੈਂ ਮੁੰਡੂ ਤੋਂ ਪੁੱਛਿਆ।
ਫਿਰ ਸਵੇਰ ਦਾ ਅਖ਼ਬਾਰ ਪੜਨ ‘ਚ ਰੁੱਝ ਗਿਆ ਸਾਂ। ਘੜੀ ਕੁ ਪਿੱਛੋਂ ਜਪੁਜੀ ਸਾਹਿਬ ਦੇ ਪਾਠ ਦੀ ਉਹ ਚਿਰ ਪੁਰਾਣੀ ਲੈਅ ਮੇਰੇ ਕੰਨਾਂ ‘ਚ ਗੂੰਜੀ… ਘਰ ‘ਚ ਇਹ ਧਾਰਮਿਕ ਹੋਂਦ ਮੈਨੂੰ ਚੰਗੀ ਲੱਗੀ। ਛੋਟੇ ਹੁੰਦਿਆਂ ਬੀਜੀ ਨੇ ਸਾਨੂੰ ਪਾਠ ਯਾਦ ਕਰਾਇਆ ਸੀ। ਕੁਝ ਚਿਰ ਪਾਠ ਦਾ ਸਿਲਸਿਲਾ ਚੱਲਦਾ ਵੀ ਰਿਹਾ ਸੀ। ਪਰ ਫਿਰ ਕੰਮਾਂ ਕਾਰਾਂ ‘ਚ ਰੁੱਝ ਕੇ ਸਭ ਭੁੱਲ ਭੁੱਲਾ ਗਿਆ ਸੀ।
ਪਤਨੀ ਡਿੰਪਲ ਦੇ ਲੇਟ ਉੱਠਣ ‘ਤੇ ਖਿਝ ਰਹੀ ਸੀ। ਬੀਜੀ ਦੇ ਕਮਰੇ ‘ਚੋਂ ਉੱਠਕੇ ਡਿੰਪਲ ਸਿੰਟਿੰਗ ਰੂਮ ਵਿੱਚ ਸੈਟੀ ‘ਤੇ ਲੇਟ ਗਈ ਸੀ। ਪਤਨੀ ਉਹਨੂੰ ਜਲਦੀ ਤਿਆਰ ਹੋਣ ਲਈ ਕਹਿ ਰਹੀ ਸੀ।
ਮੈਂ ਤਿਆਰ ਹੋ ਕੇ ਬਰੇਕਫ਼ਾਸਟ ਦੀ ਇੰਤਜ਼ਾਰ ‘ਚ ਬੈਠਾ ਲੇਟ ਹੋ ਰਿਹਾ ਸਾਂ। ਅਰਸ਼ੀ ਹਾਲੀ ਸੁੱਤੀ ਨਹੀਂ ਸੀ ਉੱਠੀ।
ਪੰਜ ਮਿੰਟ, ਦਸ ਮਿੰਟ, ਪੰਦਰਾਂ ਮਿੰਟ… ਬ੍ਰੇਕ ਫ਼ਾਸਟ ਨਹੀਂ ਸੀ ਆਇਆ। ਤੰਗ ਆ ਕੇ ਮੈਂ ਆਪ ਕਿਚਨ ਵੱਲ਼ ਤੁਰ ਪਿਆ ਸਾਂ।
“ਬਾਈ ਰਾਮੂ ਆਜ ਤੁਝੇ ਕਿਆ ਹੋ ਗਿਆ? ਦੇਖਤਾ ਨਹੀਂ ਉਪਰ ਸੇ ਟਾਇਮ ਕਿਆ ਹੋ ਰਹਾ ਹੈ…?” ਪਤਨੀ ਆਪਣੀ ਸਾੜ੍ਹੀ ਦੇ ਵਲ ਠੀਕ ਕਰਦੀ ਹੋਈ ਕਾਹਲੀ ਕਿਚਨ ਵੱਲ ਜਾ ਰਹੀ ਸੀ।
“ਹਾਲੀ ਤੱਕ ਆਮਲੇਟ ਵੀ ਨਹੀ ਬਣਿਆ, ਹੱਦ ਹੋ ਗਈ, ਖੌਰੇ ਕਰਦਾ ਕੀ ਰਿਹਾ ਏ ਹੁਣ ਤੱਕ…।”
“ਏਧਰ ਲਿਆ ਮੈਨੂੰ ਦੇਹ…।” ਮੁੰਡੂ ਤੋਂ ਆਂਡੇ ਲੈ ਉਹ ਦਬਾਦਬ ਐੱਗਬੀਟਰ ਨਾਲ਼ ਫ਼ੈਟਣ ਲੱਗ। ਰਾਮੂ ਮੂੰਹ ਮੋਟਾ ਕਰੀ ਪ੍ਰਾਉਂਡੀਆਂ ਲਾਹੁਣ ਲੱਗਾ।
“ਬਹੁਤ ਮਸਤ ਗਿਆ ਹੈ। ਜੇ ਆਖੀਏ ਤਾਂ ਮੂੰਹ ਮੋਟਾ ਕਰ ਲੈਂਦਾ ਏ…।” ਮੈਨੂੰ ਕੋਲ ਖੜਿਆਂ ਵੇਖ ਪਤਨੀ ਨੇ ਕਿਹਾ।
“ਕਰਤਾ ਕਿਯਾ ਰਹਾ ਹੈ ਇਤਨੀ ਦੇਰ ਸੇ…?” ਘੜੀ ਤੋਂ ਵਕਤ ਵਕਤ ਵੇਖਦਿਆਂ ਮੈਂ ਮੁੰਡੂ ‘ਤੇ ਖਿਝਣ ਲੱਗਾ।
“ਆਪ ਨੇ ਬੋਲਾ ਬੀਜੀ ਕਾ ਪਾਨੀ ਗਰਮ ਕਰੂੰ…।”
“ਤੇਲ ਵੀ ਤਾਂ ਸੜ ਜਾਣਾ ਨਹੀਂ ਨਾ ਮਿਲਦਾ ਪਿਆ ਪਈ, ਸਟੋਵ ਈ ਬਾਲ ਲਈਏ।” ਆਂਡਿਆਂ ਲਈ ਕੜਾਹੀ ‘ਚ ਘਿਓ ਸੁੱਟਦਿਆਂ ਪਤਨੀ ਨੇ ਕਿਹਾ।
ਬ੍ਰੇਕਫ਼ਾਸਟ ਅੱਧਾ ਘੰਟਾ ਲੇਟ ਸੀ। ਪਤਨੀ ਡਿੰਪਲ ਨੂੰ ਅਵਾਜ਼ਾਂ ਦੇ ਰਹੀ ਸੀ। ਡਿੰਪਲ ਕਿਤੇ ਨਹੀਂ ਸੀ। ਸਕੂਲ ਟਾਇਮ ਹੋ ਗਿਆ ਸੀ। ਬਗੈਰ ਬ੍ਰੇਕਫਾਸਟ ਲਏ ਉਹ ਚਲੀ ਗਈ ਸੀ। ਪੂਰੇ ਅੱਠ ਵਜੇ ਉਹ ਸਾਹਕਣੀ ਸੜਕ ਤੋਂ ਉਹਨਾ ਦੇ ਸਕੂਲ ਦੀ ਬੱਸ ਲੰਘਦੀ ਸੀ। ਉਹ ਬੱਸ ‘ਚ ਨਾਂ ਚੜ•ਦੀ ਤਾਂ ਸਕੂਲ ਜਾਣਾ ਅਸੰਭਵ ਸੀ। ਪਤਨੀ ਨੂੰ ਉਹਦੇ ਖਾਣਾ ਨਾ ਖਾਕੇ ਜਾਣ ‘ਤੇ ਫਿਕਰ ਹੋ ਰਿਹਾ ਸੀ। ਨਾ ਖਾਕੇ ਜਾਣ ਦਾ ਮਤਲਬ ਸੀ ਸਾਰਾ ਦਿਨ ਭੁੱਖੇ ਰਹਿਣੇ।
“ਪੈਸੇ ਈ ਲੈ ਜਾਂਦੀ…।” ਪਤਨੀ ਬਾਰ ਬਾਰ ਕਹਿ ਰਹੀ ਸੀ।
ਟੋਸਟ ਦੀਆਂ ਵੱਡੀਆਂ ਵੱਡੀਆਂ ਬੁਰਕੀਆਂ ਖਾਦਿਆਂ ਮੇਰੀ ਨਜ਼ਰ ਬੀਜੀ ‘ਤੇ ਜਾ ਪਈ। ਉਹ ਖਾ ਨਹੀ ਸਨ ਰਹੇ। ਯਕਦਮ ਮੈਨੂੰ ਯਾਦ ਆਇਆ ਬੀਜੀ ਤਾਂ ਆਂਡੇ ਨਹੀਂ ਚਾਦੇ ਤੇ ਆਂਡਿਆਂ ਵਾਲੇ ਹੱਥ ਹੋਰਨਾਂ ਚੀਜ਼ਾਂ ਨੂੰ ਵੀ ਲੱਗੇ ਹੋਏ ਸਨ। ਬਹੁਤ ਦੇਰ ਬੀਜੀ ਤੋਂ ਦੂਰ ਰਹਿਣ ਕਰਕੇ ਮੈਂ ਭੁੱਲ ਹੀ ਗਿਆ ਸਾਂ।
ਬੀਜੀ ਨੂੰ ਨਾ ਖਾਦਿਆਂ ਵੇਖ ਪਤਨੀ ਨੇ ਪੁੱਛਦੀਆਂ ਨਜ਼ਰਾਂ ਨਾਲ਼ ਮੇਰੇ ਵੱਲ ਇਉਂ ਵੇਖਿਆ ਜਿਵੇਂ ਮੈਥੋਂ ਕੋਈ ਗਲਤੀ ਹੋ ਗਈ ਹੋਵੇ।
“ਬੀਜੀ ਕੇ ਲਏ ਟੋਸਟ ਤਿਆਰ ਕਰ ਦੇ…।” ਪਤਨੀ ਨੇ ਮੁੰਡੂ ਨੂੰ ਕਿਹਾ।
“ਇਹਨੇ ਕੀ ਕਰਨਾ ਏ? ਤੂੰ ਆਪ ਕਰ ਲਿਆ।” ਆਪਣੇ ਮਨੋਂ ਬੀਜੀ ਦਾ ਭਾਅ ਭਰਦਿਆਂ ਮੈਂ ਕਿਹਾ।
ਪਤਨੀ ਨੇ ਪਹਿਲਾਂ ਮੇਰੇ ਵੱਲ ਵੇਖਿਆ ਤੇ ਫਿਰ ਘੜੀ ਵੱਲ ਤੇ ਫਿਰ ਉੱਠਕੇ ਕਿਚਨ ਵੱਲ ਚਲੀ ਗਈ।
ਮੇਜ਼ ਕੋਲ ਬੈਠਾ ਮੈਂ ਘੜੀ ਮੁੜੀ, ਘੜੀ ਵੱਲ ਵੇਖੀ ਜਾ ਰਿਹਾ ਸਾਂ, ਫਿਰ ਉੱਠਕੇ ਕਮਰੇ ‘ਚ ਟਹਿਲਨ ਲੱਗਾ ਸਾਂ… ਹੁਣ ਬੂਟਾਂ ਦੇ ਤਸਮੇਂ ਖੋਲ ਕੇ ਫਿਰ ਬੰਨ ਰਿਹਾਂ ਸਾਂ, ਟਾਈ ਦੀ ਨਾਟ ਠੀਕ ਕਰ ਰਿਹਾਂ ਸਾਂ… ਗੈਲਰੀ ‘ਚੋਂ ਕਿਚਨ ਵੱਲ ਜਾ ਰਹਾਂ ਸਾਂ… ਕਿਚਨ ‘ਚ ਪਤਨੀ ਮੁੰਡੂ ਨੂੰ ਝਿੜਕ ਰਹੀ ਸੀ… ਵੇਖ ਕੇ ਅੱਧ ਚੋ’ ਹੀ ਪਰਤ ਆਇਆ ਸਾਂ…।
ਮੂੰਹ ਜਿਹਾ ਬਣਾਈ ਮੁੰਡੂ ਬੀਜੀ ਅੱਗੇ ਬਰੇਕਫਾਸਟ ਰੱਖ ਰਿਹਾ ਸੀ। ਚਿਨ ‘ਚੋਂ ਕਾਹਲੀ ਕਾਹਲੀ ਆਉਂਦਿਆਂ ਵਾਸ਼-ਬੇਸਿਨ ‘ਚ ਹੱਥ ਧੋਂਦੀ ਹੋਈ ਪਤਨਂ ਘੜੀ ਵੀ ਵੇਖੀ ਜਾ ਰਹੀ ਸੀ।
ਗੈਰਜ ‘ਚੋਂ ਕਾਰ ਕੱਢਦਿਆਂ ਮੈਂ ਵੇਖ ਰਿਹਾ ਸਾਂ ਪੌਡੀਆਂ ਤੋਂ ਉਤਰਦੀ ਹੋਈ, ਸਾੜ ਨੂੰ ਸੰਭਾਲਦੀ ਹੋਈ, ਕਾਹਲੀ ਕਾਹਲੀ ਤੁਰਨ ਹੋਈ ਪਤਨੀ ਕਾਰ ‘ਚ ਬੈਠਦੀ ਹੋਈ ਵੀ ਜਿਵੇਂ ਹਫ਼ ਰਹੀ ਸੀ।
ਪੂਰੇ ਚਾਲੀ ਮਿੰਟ ਲੇਟ ਹੋਣ ਦੀ ਸੰਭਾਵਨਾ ਸੀ। ਕਾਰ ਸੜਕ ‘ਤੇ ਸ਼ੂਕਦੀ ਜਾ ਰਹੀ ਸੀ। ਮੋੜ ਕੱਟਣ ਲੱਗਿਆਂ ਐਨ ਕਰੈਸ਼ ਹੁੰਦਾ ਬਚਿਆ ਸੀ… ਤੇਜ਼ ਚਲਾਉਣ ਦੇ ਬਾਵਜੂਦ ਵੀ ਅੱਧਾ ਘੰਟਾ ਲੇਟ ਸਾਂ…।
+++
ਦਾਦੀ ਪੋਤਰੀ ਬਰਾਂਡੇ ‘ਚ ਬੈਠੀਆਂ ਸਨ।
“ਚਾਏ ਯਹਾਂ ਲਾ ਦੋ, ਮੈਂ ਮੁੰਡੂ ਨੂੰ ਅਵਾਜ਼ ਦੇਂਦਿਆਂ ਬੀਜੀ ਕੋਲ ਡੱਠੀ ਕੁਰਸੀ ‘ਤੇ ਬੈਠ ਗਿਆ ਸਾਂ। ਮੇਰੇ ਲਈ ਤੇ ਬੀਜੀ ਲਈ ਚਾਹ ਦਾ ਪਿਆਲਾ ਵੀ ਓਥੇ ਈ ਆ ਗਿਆ ਸੀ।”
“ਪ੍ਰੀਤ ਨਹੀਂ ਆਈ?” ਬੀਜੀ ਨੇ ਪੁੱਛਿਆ ਸੀ।
“ਆ ਜਾਂਦੀ ਏ।” ਮੈਂ ਆਪਣੇ ਅੰਦਰਲੇ ਡਰ ਨੂੰ ਦਬਾਦਿਆਂ ਕਿਹਾ ਸੀ। ਦੋ ਚਾਰ ਹੋਰ ਸਰਸਰੀ ਜਿਹੀਆਂ ਗੱਲਾਂ ਹੋਈਆਂ ਸਨ। ਮੈਂ ਆਪਣੀ ਡਾਕ ਫੋਲਨ ਬੈਠ ਗਿਆ ਸਾਂ। ਬੀਜੀ ਉਬਾਸੀਆਂ ਭਰਦੇ ਹੋਏ ਅਜੀਬ ਜਿਹੀਆਂ ਉਦਾਸ ਨਜ਼ਰਾਂ ਨਾਲ਼ ਓਪਰਿਆਂ ਵਾਂਙ ਏਧਰ ਓਧਰ ਵੇਖ ਰਹੇ ਸਨ।
“ਹੈਲੋ, ਪਿਆਰੇ ਬੀਜੀ…।” ਕਾਲਜੋਂ ਆਉਂਦੀ ਅਰਸ਼ੀ ਨੇ ਬੀਜੀ ਵੱਲ ਵੇਖ ਕੇ ਮੁਸਕਰਾਂਦਿਆਂ ਕਿਹਾ ਸੀ। ਨੋਟ-ਬੁੱਕ ਅੰਦਰ ਧਰਦੀ ਹੋਈ, ਉਹ ਚਾਹ ਦਾ ਪਿਆਲਾ ਹੱਥ ‘ਚ ਲਈ ਸਾਡੇ ਕੋਲ ਆ ਬੈਠੀ ਸੀ। ਅੱਜ ਉਹ ਵਧੇਰੇ ਹੀ ਮੂਡ ‘ਚ ਸੀ।… ਦੱਸ ਰਹੀ ਸੀ ਕਿ ਕਾਲਜ ਦੇ ਕਿਸੇ ਫੰਕਸ਼ਨ ‘ਚ ਖੇਡੇ ਜਾ ਰਹੇ ਡਰਾਮੇ ‘ਚ ਉਹਨੂੰ ਨਾਇਕਾ ਦਾ ਪਾਰਟ ਮਿਲ ਗਿਆ ਸੀ।
“ਡੈਡੀ, ਮੈਂ ਰੀਹਰਸਲ ਲਈ ਜਾ ਰਹੀ ਹਾਂ।” ‘ਬਾਏ ਬਾਏ’ ਕਰਦੀ ਉਹ ਕੋਠੀ ਦਾ ਗੇਟ ਪਾਰ ਕਰ ਗਈ ਸੀ। ਹੈਰਾਨੀ ਜਿਹੀ ‘ਚ ਬੀਜੀ ਉਹਨੂੰ ਪਿੱਛੋਂ ਜਾਂਦੀ ਨੂੰ ਵੇਖਦੇ ਰਿਹ ਗਏ ਸਨ।
+++
ਡਿੰਪਲ ਆਪਣੀ ਕੋਈ ਨਵੀਂ ਖਿਚਵਾਈ ਫੋਟੋ ਕੱਢ ਲਿਆਈ ਸੀ ਤੇ ਹੁਣ ਬੀਜੀ ਨੂੰ ਵਿਖਾ ਰਹੀ ਸੀ।
ਬੀਜੀ ਮੇਰੇ ਨਾਲ਼ ਖਿਚਵਾਓਗੇ ਨਾਂ?” ਜੱਫ਼ੀ ‘ਚ ਲੈਦਿਆਂ ਉਹਨੇ ਬੀਜੀ ਨੂੰ ਕਿਹਾ ਸੀ। ਫਿਰ ਉਹ ਉਹਨਾਂ ਸਾਹਮਣੇ ਫ਼ੋਟੋ ਖਿਚਵਾਉਣ ਲਈ ਤਰਾਂ ਤਰਾਂ ਦੇ ਪੋਜ਼ ਬਣਾ ਬਣਾ ਕੇ ਦੱਸਣ ਲੱਗੀ ਸੀ। ਉਹ ਕੁਝ ਐਸੇ ਢੰਗ ਨਾਲ ਐਕਟਿੰਗ ਕਰ ਹੀ ਸੀ ਕਿ ਬਦੋਬਦੀ ਹਾਸਾ ਆ ਰਿਹਾ ਸੀ। ਬੀਜੀ ਵੀ ਹੱਸ ਰਹੇ ਸਨ। ਬੀਜੀ ਨੂੰ ਹੱਸਦਿਆਂ ਵੇਖ ਮੈਂ ਮਨ ਹੀ ਮਨ ‘ਚ ਸ਼ੁਕਰ ਮਨਾਇਆ ਸੀ। ਏਥੇ ਆਕੇ ਪਹਿਲੀ ਵੇਰਉਹਨਾ ਦੀ ਗੰਭੀਰ ਮੁਦਰਾ ਟੁੱਟੀ ਸੀ। ਮੈਂ ਬਚਪਣ ਤੋਂ ਹੀ ਉਹਨਾਂ ਨੂੰ ਵੁਦਾਸ ਵੇਖ ਜੇਵਂ ਸੂਲੀ ‘ਤੇ ਟੰਗਿਆ ਜਾਂਦਾ ਸਾਂ…।
ਆਇਆ ਆਸ਼ੂ ਨੂੰ ਗੱਡੀ ‘ਚ ਲਈ ਗੇਟ ਲੰਘ ਗਈ ਸੀ।
“ਐਥੇ ਈ ਫਿਰਾ ਤੁਰਾਂ ਲਿਆ ਕਰ…।” ਬੀਜੀ ਨੇ ਫਿਕਰ ਮੰਦੀ ਜਿਹੀ ਨਾਲ਼ ਮੇਰੇ ਵੱਲ ਵੇਖਿਆ ਸੀ… ਉਹਨਾਂ ਨੂੰ ਡਰ ਸੀ ਕਿ ਕਿਧਰੇ ਆਇਆ ਬੱਚੇ ਦੀ ਗੱਡੀ ਉਲਟਾ ਦੇਵੇ, ਪਾਰਕ ‘ਚ ਬੱਚੇ ਨੂੰ ਬਿਠਾ ਆਪ ਨਾਲ਼ ਗੱਲੀਂ ਨਾ ਲੱਗ ਜਾਏ… ਬੇ… ਧਿਆਨੀ ਨਾ ਹੋ ਜਾਏ…।
ਮੈਂ ਮੂੰਹ ਧਿਆਣੇ ਕੁਝ ਪੜ ਰਿਹਾ ਸਾਂ। ਡਿਪਲ ਅੰਦਰ ਚਲੀ ਗਈ ਸੀ। ਬੀਜੀ ਉਚਕ ਉਚਕ ਕੇ ਸੜਕ ਵੱਲ ਵੇਖੀ ਜਾ ਰਹੇ ਸਨ… ਬੇ-ਚੈਨੀ ਜਿਹੀ ‘ਚ ਉੱਠ ਕੇ ਅੰਦਰ ਚਲੇ ਗਏ ਸਨ… ਅੰਦਰ ਬਾਰੀ ‘ਚ ਖੜੇ ਹੋ ਅੱਖਾਂ ਅੱਗੇ ਹੱਥ ਧਰ ਸੜਕ ਵੱਲ ਵੇਖੀ ਜਾ ਰਹੇ ਸਨ… ਇੱਕ ਅਜੀਬ ਜਿਹੀ ਬੇ-ਚੈਨੀ ਉਹਨਾਂ ਨੂੰ ਅਵਾਜ਼ਾਰ ਕਰ ਰਹੀ ਸੀ… ਐਵੇਂ ਰਸੋਈ ‘ਚ ਜਾ ਵੜੇ ਸਨ… ਮੁੰਡੂ ਦੀ ਨੁਕਤਾ-ਚੀਨੀ ਕਰ ਰਹੇ ਸਨ… ਹਦਾਇਤਾਂ ਦੇ ਰਹੇ ਸਨ।
“ਹਾਲੀ ਤੱਕ ਨਹੀਂ ਲਿਆਈ ਮੁੰਡੇ ਨੂੰ,” ਫਿਕਰ ਮੰਦੀ ਜਿਹੀ ਨਾਲ਼ ਉਹਨਾਂ ਮੈਥੋਂ ਪੁੱਛਿਆ ਸੀ।
“ਆ ਜਾਂਦੀ ਏ…।” ਮੈਗਜ਼ੀਨ ਫ਼ੋਲਦਿਆਂ ਲਾ-ਪ੍ਰਵਾਹੀ ਨਾਲ਼ ਮੈਂ ਕਿਹਾ ਸੀ।
“ਪ੍ਰੀਤ ਨੇ ਬੜੀ ਦੇਰ ਕਰ ਦਿੱਤੀ ਏ…।” ਬੀਜੀ ਨੇੜੇ ਆਉਂਦਿਆਂ ਪੁੱਛਿਆ ਸੀ…ਤ੍ਰਭਕ ਕੇ ਮੈਂ ਬੀਜੀ ਵੱਲ ਵੇਖਿਆ ਸੀ…।
“ਡਿੰਪਲ, ਜਾ ਵੇਖ ਖਾਂ, ਆਇਆ ਕਿਓਂ ਨਹੀਂ ਆਈ ਹਾਲੀ ਤਾਈਂ…।”
“ਆ ਜਾਂਦੀ ਏ ਬੀਜੀ, ਡੋਂਟ ਵੱਰੀ।” ਕਹਿੰਦੀ ਹੋਈ ਉਹ ਫਿਰ ਆਪਣੇ ਕੰਮ ‘ਚ ਮਗਨ ਹੋ ਗਈ ਸੀ। ਬੀਜੀ ਬਰਾਂਡੇ ‘ਚ ਕੁਰਸੀ ‘ਤੇ ਬੈਠੇ ਬੇ-ਅਰਾਮ ਜਿਹੇ ਹੋ ਰਹੇ ਸਨ। ਕੁਰਸੀ ਤੋਂ ਉੱਠ ਵੁਹ ਘੜੀ ਮੁੜੀ ਸੜਕ ਵੱਲ ਵੇਖੀ ਜਾ ਰਹੇ ਸਨ। ਹੁਣ ਉਹ ਉੱਠ ਕੇ ਲਾਅਨ ‘ਚ ਚਲੇ ਗਏ ਸਨ ਤੇ ਉਹਨਾਂ ਦੀਆਂ ਨਜ਼ਰਾਂ ਸੜਕ ‘ਤੇ ਲੱਗੀਆਂ ਹੋਹੀਆਂ ਸਨ।
“…ਵੇਖ ਮੁੰਡੇ ਦਾ ਮੂੰਹ ਕੀਕੁਰ ਲੱਥਾ ਹੋਇਆ ਏ…।” ਬੱਚਾ-ਗੱਡੀ ਗੇਟ ਅੰਦਰ ਵੜਦਿਆਂ ਹੀ ਉਹਨਾ ਆਸ਼ੂ ਵੱਲ ਵੇਖਿਦਿਆਂ ਕਿਹਾ ਸੀ।
“ਇਹਨੂੰ ਤੇ ਬੁਖ਼ਾਰ ਏ।” ਨੇੜੇ ਹੋਕੇ ਉਹਦਾ ਪਿੰਡਾ ਟੋਹਦਿਆਂ ਬੀਜੀ ਨੇ ਫਿਕਰ ਜ਼ਾਹਰ ਕੀਤਾ ਸੀ।
“ਬੀਜੀ ਟੱਟੀ ਕਰਤ ਹੈ ਬਾਰ ਬਾਰ…।” ਗੱਡੀ ‘ਚੋਂ ਗਿੱਲੇ ਕੱਪੜੇ ਕੱਢਦੀ ਹੋਈ ਆਇਆ ਨੇ ਕਿਹਾ ਸੀ।
“ਤੂੰ ਲੈ ਕਿਓ ਗਈ ਸਾਏ ਇਹਨੂੰ, ਜੇ ਟੱਟੀਆਂ ਕਰਦਾ ਸੀ…?”
“ਮੈਂ ਕਿਆ ਜਾਨਤ, ਘਰ ਮੇਂ ਤੋਂ ਠੀਕ ਥਾ… ਵਹਾਂ ਦੋ ਬਾਰ ਕਰਤ…।” ਆਇਆ ਬੀਜੀ ਦੀ ਗੱਲ ਤੋਂ ਖਿਝ ਗਈ ਸੀ।
“ਬੱਚੇ ਮਾਵਾਂ ਬਗੈਰ ਰਹਿ ਸਕਦੇ ਨੇ ਭਲਾ…!” ਸੁਣਕੇ ਮੈਂ ਅੰਦਰੇ ਅੰਦਰ ਲਰਜ਼ ਗਿਆ ਸਾਂ।
ਆਇਆ ਨੂੰ ਬੱਚੇ ਦੇ ਕੱਪੜੇ ਬਦਲਨ ਲਈ ਕਹਿ ਮੈਂ ਗੈਰਜ਼ ‘ਚ ਜਾ ਕਾਰ ਸਟਾਰਟ ਕਰਨ ਲੱਗਾ ਸਾਂ… ਬੀਜੀ ਨੇ ਕੇਵਲ ਮੇਰੇ ਵੱਲ ਵੇਖਿਆ ਸੀ ਪਰ ਆਖਿਆ ਕੁਝ ਨਹੀਂ ਸੀ।
ਆਇਆ ਪਿਛਲੀ ਸੀਟ ਤੇ ਜਾ ਬੈਠੀ ਸੀ ਬੱਚਾ ਉਹਦੀ ਗੋਦ ‘ਚ ਸੀ। ਬੀਜੀ ਨੇ ਚਕ ਕੇ ਕਾਰ ‘ਚ ਝਾਤੀ ਮਾਰੀ ਸੀ। ਜਾਪਿਆ ਸੀ ਜਿਵੇਂ ਉਹਨਾਂ ਆਇਆ ਵੱਲ ਵੇਖ ਬੁੜ ਬੁੜ ਜਿਹੀ ਵੀ ਕੀਤੀ ਸੀ।
ਛੇਤੀ ਹੀ ਮੈਂ ਦਵਾਈ ਲੈ ਕੇ ਪਰਤ ਆਇਆ ਸਾਂ।
ਬੀਜੀ ਆਸ਼ੂ ਦੇ ਕੋਲ ਬੈਠੇ ਕਾਫੀ ਫਿਕਰਮੰਦ ਲੱਗ ਰਹੇ ਸਨ। ਉਹ ਘੜੀ ਮੁੜੀ ਆਪਣੀ ਤਲੀ ਨਾਲ ਉਹਦਾ ਮੱਥਾ ਤੇ ਢਿੱਡ ਟੋਂਹਦੇ, ਆਇਆ ਨੂੰ ਹਦਾਇਤਾਂ ਦੇ ਰਹੇ ਸਨ…।
ਪ੍ਰੀਤ ਹਾਲੀ ਨਹੀਂ ਸੀ ਆਈ।
ਆਇਆ ਚਲੀ ਗਈ ਸੀ। ਉਹਦਾ ਵਕਤ ਹੋ ਗਿਆ ਸੀ।
“ਲੈ ਦੱਸ ਕਾਹਦੀ ਨੌਕਰ ਹੋਈ?” ਬੀਮਾਰ ਬੱਚੇ ਨੂੰ ਛੱਡ ਕੇ ਘਰ ਚਲੀ ਗਈ…।”
ਬੀਜੀ ਦਾ ਚਹਿਰਾ ਗੁੱਸੇ ਨਾਲ ਤਮਕ ਰਿਹਾ ਸੀ।
ਕਿੰਨੀ ਦੇਰ ਟੱਕਰਾਂ ਮਾਰ-ਮਾਰ ਕੇ ਸਾਨੂੰ ਇਹ ਆਇਆ ਮਿਲੀ ਸੀ। ਆਇਆ ਬਗੈਰ ਅਸੀਂ ਬਹੁਤ ਔਖੇ ਰਹੇ ਸਾਂ। ਡੇਢ ਸੌ ਤੋਂ ਥੱਲੇ ਕਈ ਗੱਲ ਨਹੀਂ ਸੀ ਕਰਦੀ। ਇਹ ਭਲੀ ਲੋਕ ਸੌ ਤੇ ਹੀ ਮਿਲ ਗਈ ਸੀ… ਫਿਰ ਸਾਫ ਸੁਥਰੀ ਤੇ ਸ਼ਾਇਸਤਾ… ਇੱਕ ਵਾਰ ਤਾ ਆਇਆ ਬਗੈਰ ਪਤਨੀ ਦੀ ਨੌਕਰੀ ਛੁੱਟੀ ਕਿ ਛੁੱਟੀ ਸੀ।
“ਮਾਂ ਇਹਦੀ ਹਾਲੀ ਤੱਕ ਆਈ ਨਹੀਂ, ਵੇਖਾਂ ਕੀਕੁਰ ਤੜਫਦਾ ਏ ਪਿਆ, ਜੇਵਂ ਪੇਟ ‘ਚ ਦਰਦ ਹੋਵੇ…।” ਬੀਜੀ ਕਦੀ ਆਸ਼ੂ ਦਾ ਮੱਥਾ ਟੋਂਹਦੇ ਕਦੀ ਢਿੱਡ…।
ਸਚਮੁੱਚ ਪ੍ਰੀਤ ਵੀ ਕਿੰਨੀ ਲਾ-ਪ੍ਰਵਾਹ ਏ, ਪਲ ਦੋ ਪਲ ਲਈ ਮੈਂਨੂੰ ਲੱਗਾ ਜਿਵੇਂ ਮੇਰੀ ਨਰਮੀ ਦਾ ਉਹ ਨਜਾਇਜ਼ ਫਾਇਦਾ ਉਠਾ ਰਹੀ ਹੋਵੇ… ਹਾਲਾਂਕਿ ਮੇਰੇ ਦਫਤਰ ਉਹਨੇ ਫੋਨ ਕਰ ਦਿੱਤਾ ਸੀ ਕਿ ਮਿਸਟਰ ਮੁਖ਼ਰਜੀ, ਉਹਦਾ ਕੁਲੀਗ ਆਪਣੇ ਵਿਆਹ ਦੀ ਪਾਰਟੀ ਦੇ ਰਿਹਾ ਸੀ।
ਫਟਾ ਫਟ ਕੱਪੜੇ ਬਦਲ ਕੇ ਮੈਂ ਕਾਰ ਸਟਾਰਟ ਕਰ ਰਿਹਾਂ ਸਾਂ। ਆਇਆ ਤੇ ਗੁੱਸਾ ਆ ਰਿਹਾ ਸੀ, ਸੋਚ ਰਿਹਾਂ ਸਾਂ ਕਿ ਸਾਡੇ ਬੱਚੇ ਲਈ ਉਹ ਕੁਝ ਦੇਰ ਵਧ ਨਹੀਂ ਸੀ ਠਹਿਰ ਸਕਦੀ? ਬੀਜੀ ਤੇ ਵੀ ਝੁੰਜਲਾਹਟ ਹੋ ਰਹੀ ਸੀ।
ਕਾਰ ਗੇਟ ਤੋਂ ਬਾਹਰ ਨਹੀਂ ਸੀ ਨਿਕਲੀ ਕਿ ਟੈਕਸੀ ਗੇਟ ‘ਤੇ ਆਕੇ ਰੁਕ ਗਈ ਸੀ।
“ਕਿੱਧਰ ਚੱਲੇ ਸਾਓ?”
“ਤੈਨੂੰ ਲੈਣ” ਮੈਂ ਥੋੜਾ ਗੁੱਸੇ ‘ਚ ਕਿਹਾ ਸੀ।
“ਅੱਜ ਬੜਾ ਐਨਜੋਏ ਕੀਤਾ, ਮਿਸਟਰ ਮੁਖਰਜੀ ਨੇ ਕਮਾਲ ਦੀ ਪਾਰਟੀ ਦਿੱਤੀ ਏ… ਵਾਇਫ ਵੀ ਬੜੀ ਖੂਬਸੂਰਤ ਏ…।” ਕਿਸੇ ਨਸ਼ੇ ਜਿਹੇ ‘ਚ ਉਹ ਬੋਲੀ ਜਾ ਰਹੀ ਸੀ।
“ਆਸ਼ੂ ਬਿਮਾਰ ਏ।”
“ਕੀ ਹੋ ਗਿਆ ਏ ਮੇਰੇ ਆਸ਼ੂ ਨੂੰ?” ਡਾਕਟਰ ਕੋਲ ਗਏ ਸਾਓ…? ਉਹ ਕਾਫੀ ਘਬਰਾ ਗਈ ਸੀ। ਬੱਚੇ ਦਾ ਮੱਥਾ ਟੋਹਦਿਆਂ ਹੀ ਉਹਦਾ ਸਾਰਾ ਨਸ਼ਾ ਜਿਵੇਂ ਉੱਤਰ ਗਿਆ ਸੀ।
“ਮੰਮੀ ਬਹੁਤ ਟੱਟੀਆਂ ਲੱਗ ਰਹੀਆਂ ਨੇ ਆਸ਼ੂ ਨੂੰ…।” ਡਿੰਪਲ ਨੇ ਕਿਹਾ ਸੀ।
“ਐਸ ਤਰਾਂ ਵੀ ਸੁੱਟ ਜਾਈਦਾ ਏ ਭਲਾ ਅੰਞਾਣਿਆ ਨੂੰ।” ਬੀਜੀ ਨੇ ਉਲਮੇ ਵਾਂਙ ਕਿਹਾ ਸੀ। ਸੁਣ ਕੇ ਪਤਨੀ ਦੇ ਮੱਥੇ ‘ਤੇ ਸ਼ਿਕਨ ਉਭਰ ਆਈ ਸੀ ਪਰ ਗਨੀਮਤ ਕਿ ਉਹ ਚੁੱਪ ਰਹੀ ਸੀ। ਬੀਜੀ ਅਡੋਲ ਉੱਠੇ ਸਨ ਤੇ ਆਪਣੇ ਕਮਰੇ ‘ਚੋਂ ਗੁਟਕਾ ਚੁੱਕ ਲਿਆਏ ਸਨ ਤੇ ਆਸ਼ੂ ਦੇ ਸ੍ਰਿਹਾਣੇ ਬੈਠ ਪਾਠ ਕਰਨ ਲੱਗੇ ਸਨ।
ਪਤਨੀ ਹਾਲੀ ਨਹੀਂ ਸੀ ਜਾਗੀ, ਸ਼ਾਇਦ ਬੱਚੇ ਦੀ ਬਿਮਾਰੀ ਕਰਕੇ ਰਾਤ ਭਰ ਜਾਗਦੀ ਰਹੀ ਸੀ। ਬੱਚੇ ਦੀਆਂ ਨਿੱਕੀਆਂ-ਨਿੱਕੀਆਂ ਕਮਜ਼ੋਰ ਹੂੰਘਰਾ ਦੀ ਅਵਾਜ਼ ਲਗਾਤਾਰ ਮੇਰੇ ਕਮਰੇ ‘ਚ ਆਉਂਦੀ ਰਹੀ ਸੀ। ਪਤਨੀ ਦੇ ਕਮਰੇ ਵੱਲ਼ ਜਾਂਦਿਆਂ ਮੈਂ ਦਰਵਾਜ਼ੇ ‘ਚ ਹੀ ਠਿਠਕ ਕੇ ਖਲੋਅ ਗਿਆ ਸਾਂ। ਬੀਜੀ ਸੁੱਤੇ ਪਏ ਬੱਚੇ ਤੇ ਪਤਨੀ ਦੇ ਸਿਰਹਾਣੇ ਖ਼ੜੇ ਹੱਥ ਜੋੜੀ ਮੂੰਹ ‘ਚ ਅਰਦਾਸ ਕਰ ਰਹੇ ਸਨ। ਪੋਲੇ ਪੈਰੀਂ ਬੀਜੀ, ਪਰਤ ਗਏ ਸਨ। ਅਡੋਲ ਕਦਮ ਰੱਖਦਾ ਮੈਂ ਉਹਦੇ ਕਮਰੇ ‘ਚ ਸਾਂ। ਸੁੱਤੀ ਪਤਨੀ ਦੇ ਮੂੰਹ ‘ਤੇ ਥਕੇਵਾਂ ਝਲਕ ਰਿਹਾ ਸੀ।
ਨਾਂ ਹੀ ਹਾਲੀ ਡਿੰਪਲ ਜਾਗੀ ਸੀ ਤੇ ਨਾ ਹੀ ਅਰਸ਼ੀ। ਕਿਚਨ ‘ਚ ਮੁੰਡੂ ਚਾਹ ਬਣਾ ਰਿਹਾ ਸੀ। ਗੈਲਰੀ ‘ਚ ਇੱਕ ਦੋ ਚੱਕਰ ਮਾਰਕੇ ਬੀਜੀ ਕਿਚਨ ਦੇ ਦਰਵਾਜ਼ੇ ‘ਚ ਆ ਖਲੋਤੇ ਸਨ। ਓਥੋਂ ਆਕੇ ਪਤਨੀ ਦੇ ਕਮਰੇ ‘ਚ ਝਾਤੀ ਮਾਰਦੇ ਹੋਏ ਉਹ ਆਪਣੇ ਕਮਰੇ ‘ਚ ਚਲੇ ਗਏ ਸਨ।
ਨਹਾਉਣ ਲਈ ਗਰਮ ਪਾਣੀ ਦੀ ਲੋੜ ਨਾਂ ਹੋਵੇ, ਸੋਚਦਿਆਂ ਮੈਂ ਕਿਚਨ ‘ਚ ਚਲਾ ਗਿਆ ਸਾਂ। ਪਰ ਹਾਲਾਂ ਤਾਂ ਬੈੱਡ ਟੀ ਵੀ ਤਿਆਰ ਨਹੀਂ ਸੀ ਹੋਈ ਤੇ ਬਰੇਕਫਾਸਟ ਵੀ ਤਿਆਰ ਹੋਣਾ ਸੀ। ਪਤਨੀ ਨੂੰ ਉਂਞ ਰਾਤ ਦਾ ਜਗਰਾਤਾ ਸੀ।
“ਇਹ ਕੀ ਕਰ ਰਹੇ ਓ?” ਕਿਚਨ ਦੇ ਦਰਵਾਜ਼ੇ ‘ਚ ਖੜੀ ਪਤਨੀ ਨੇ ਮੈਂਨੂੰ ਸਟੋਵ ‘ਚ ਤੇਲ ਪਾਂਦਿਆਂ ਵੇਖ ਕਿਹਾ ਸੀ।
“ਪਾਣੀ ਦਾ ਪਤੀਲਾ ਸਟੋਵ ਪਰ ਰਖ ਦੋ।” ਮੁੰਡੂ ਨੂੰ ਕਹਿੰਦਿਆਂ ਮੈਂ ਪਤਨੀ ਵੱਲ਼ ਵੇਖਿਆ ਸੀ। ਉਹਦੀਆਂ ਅੱਖ਼ੀਆਂ ‘ਚ ਉਨੀਂਦਰਾ ਰੜਕ ਰਿਹਾ ਸੀ।
“ਮੁੰਡੂ ਵੀ ਤਾਂ ਵਿਹਲਾ ਨਹੀਂ…।” ਗੈਲਰੀ ‘ਚ ਜਾਂਦਿਆਂ ਮੈਂ ਪਤਨੀ ਨੂੰ ਕਿਹਾ ਸੀ।
“ਮੇਰਾ ਤਾਂ ਆਪ ਜਿਸਮ ਪਿਆ ਟੁੱਟਦਾ ਏ… ਛੁੱਟੀ ਲਵਾਂ ਕੇ ਨਾ… ਉਂਞ ਆਇਆ ਨੇ ਤਾਂ ਆ ਹੀ ਜਾਣਾ ਏ…।” ਉਹ ਸ਼ਾਇਦ ਮੈਥੋ ਸਲਾਹ ਪੁੱਛ ਰਹੀ ਸੀ।
“ਬੀਜੀ ਵੀ ਤਾਂ ਕੋਲ ਹੋਣਗੇ…।” ਮੈਂ ਆਪਣੀ ਰਾਏ ਦੱਸੀ ਸੀ।
ਪਤਨੀ ਮੂੰਹ ‘ਤੇ ਪਾਣੀ ਪਾਂਦੀ ਹੋਈ ਜਲਦੀ ਸ਼ੀਸ਼ੇ ਅੱਗੇ ਜਾ ਖਲੋਤੀ ਸੀ।
“ਕੰਘੀ ਵੀ ਤਾਂ ਨਹੀਂ ਲੱਭ ਰਹੀ।” ਸ਼ੈਲਫ ‘ਤੇ ਹੱਥ ਮਾਰਦੀ ਹੋਈ ਉਹ ਖਿਝ ਰਹੀ ਸੀ।
“ਕਮਬਖ਼ਤ ਚਿਮਚਾ ਖੌਰੇ ਕਿੱਥੇ ਰੱਖ ਗਿਆ ਏ?” ਹੱਥ ‘ਚ ਦਵਾਈ ਦੀ ਸ਼ੀਸ਼ੀ ਫ਼ੜੀ ਆਸ਼ੂ ਦੇ ਸ੍ਰਿਹਾਣੇ ਖੜੀ ਉਹ ਕਾਹਲੀ ਜਿਹੀ ਪੈ ਰਹੀ ਸੀ।
“ਅਭੀ ਤੱਕ ਬਰੇਕਫਾਸਟ ਵੀ ਤਿਆਰ ਨਹੀਂ ਹੁਆ, ਕਰਤਾ ਕਿਆ ਹੈ…?” ਕਿਚਨ ਦੇ ਦਰਵਾਜ਼ੇ ‘ਚ ਖੜੀ ਛੇਤੀ-ਛੇਤੀ ਸਾੜੀ ਦੇ ਵਲਾਂ ਨੂੰ ਠੀਕ ਕਰਦੀ ਹੋਈ ਪਤਨੀ ਮੁੰਡੂ ‘ਤੇ ਖਫਾ ਹੋ ਰਹੀ ਸੀ।
“ਆਇਆ ਵੀ ਤਾਂ ਨਹੀਂ ਆ ਵੜੀ ਹਾਲੀ ਤਾਈ।” ਪਤਨੀ ਕਦੀ ਆਸ਼ੂ ਦਾ ਮੱਥਾ ਟੋਹ ਰਹੀ ਸੀ ਤੇ ਕਦੀ ਢਿੱਡ…।
ਖਾਣੇ ਦੀ ਮੇਜ਼ ‘ਤੇ ਬੈਠੀ ਹੋਈ ਵੀ ਉਹ ਬੇਚੈਨ ਜਿਹੀ ਲੱਗ ਰਹੀ ਸੀ।
“ਬੀਜੀ ਦਾ ਬਰੇਕਫਾਸਟ?” ਬੀਜੀ ਨੂੰ ਆਪਣੇ ‘ਚ ਨਾ ਬੈਠਿਆਂ ਵੇਖ ਮੈਂ ਪੁੱਛਿਆ ਸੀ।
“ਮੁੰਡੂ ਨੂੰ ਕਿਹਾ ਤਾਂ ਸੀ।”
“ਬੀਜੀ ਕਾ ਟੋਸਟ ਕਿਓਂ ਨਹੀਂ ਤਿਆਰ ਕੀਆ?” ਨੇੜੇ ਆਏ ਮੁੰਡੂ ਤੋਂ ਮੈਂ ਪੁੱਛਿਆ ਸੀ।
“ਅਕੇਲਾ ਕਿਆ ਕਿਆ ਕਰਤਾ?”
“ਕਾਹਲੇ ਕਿਓਂ ਪੈਂਦੇ ਓ ਹੁਣੇ ਕਰ ਦੇਂਦਾ ਏ, ਚੰਗੇ ਭਲੇ ਜਾਣਦੇ ਹੋ ਬੱਚਾ ਬਿਮਾਰ ਏ।”
“ਵੇ ਮੁੰਡਿਆਂ ਆਂਡਿਆਂ ਵਾਲਾ ਤਵਾ ਮਾਂਜ ਕੇ ਟੋਸਟ ਸੇਕੀ…।” ਬੀਜੀ ਨੇ ਕਿਹਾ। ਮੁੰਡੂ ਮੂੰਹ ਜਿਹਾ ਬਣਾਈ ਕਿਚਨ ‘ਚ ਚਲਾ ਗਿਆ ਸੀ।
ਅਰਸ਼ੀ ਆਈ ਤੇ ਕੁਰਸੀ ‘ਤੇ ਬੈਠ ਗਈ। ਪਹਿਲਾ ਪੀਰੀਅਡ ਲੱਗਣਾ ਸੀ। ਅੱਜ ਉਹ ਛੇਤੀ ਤਿਆਰ ਹੋ ਗਈ ਸੀ। ਫਰੈਸ਼ ਲੱਗ ਰਹੀ ਸੀ। ਵਾਲਾਂ ਦੀਆਂ ਕੰਨਾਂ ਤੋਂ ਉਰਾਂ ਕੱਢੀਆਂ ਹੋਈਆਂ ਕਾਲੀਆ ਸਿਆਹ ਲਿਟਾ ਗੋਰੇ ਰੰਗ ‘ਤੇ ਹੋਰ ਵੀ ਫ਼ੱਬ ਰਹੀਆਂ ਸਨ। ਉਹ ਜਲਦੀ ਜਲਦੀ ਖਾ ਵੀ ਰਹੀ ਸੀ ਤੇ ਅਮਿੱਤ, ਆਪਣੇ ਦੋਸਤ ਬਾਰੇ ਗੱਲਾਂ ਵੀ ਕਰਦੀ ਜਾ ਰਹੀ ਸੀ ਕਿ ਅਮਿੱਤ ਤੇ ਉਹਨੇ ਫਲਾਨੀ ਪਿਕਚਰ ਵੇਖੀ ਸੀ ਤੇ ਫਿਰ ਫਲਾਨੇ ਰੈਸਟੋਰੈਂਟ ਤੋਂ ਚਾਹ ਪੀਤੀ ਸੀ। ਇੱਕ ਖਾਸ ਅੰਦਾਜ਼ ‘ਚ ਮੋਢਿਆਂ ‘ਤੇ ਸੁੱਟੇ ਹੋਏ ਵਾਲ ਹਿਲਾਂਦੀ ਹੋਈ ਉਹ ਉੱਠੀ ‘ਤੇ ਕਾਲਜ ਨੂੰ ਤੁਰ ਪਈ ਸੀ।
ਜਾਂਦੀ ਅਰਸ਼ੀ ਵੱਲ ਬੀਜੀ ਨੇ ਇੱਕ ਓਪਰੀ ਜਿਹੀ ਨਿਗਾ ਮਾਰੀ ਸੀ।
ਆਇਆ ਦੇ ਆਓਦਿਆਂ ਹੀ ਪਤਨੀ ਦਵਾਈਆਂ ਬਾਰੇ ਸਮਝਾ ਰਹੀ ਸੀ, ਤਾਕੀਦਾਂ ਕਰ ਰਹੀ ਸੀ। ਕਾਟ ‘ਚ ਪਏ ਆਸ਼ੂ ਦੀ ਗੱਲ ਨੂੰ ਚੁੰਮਕੇ ਉਹ ਬਾਹਰ ਨੂੰ ਹੋ ਗਈ ਸੀ। ਉਹਦੀਆਂ ਅੱਖਾਂ ਸਲਾਬੀਆਂ ਹੋਈਆਂ ਸਨ।
ਆਸ਼ੂ ਦੇ ਸ੍ਰਿਹਾਣੇ ਬੈਠੇ ਬੀਜੀ ਗਮਗੀਨ ਜਿਹੀਆਂ ਨਜ਼ਰਾਂ ਨਾਲ਼ ਜਾਂਦੀ ਪਤਨੀ ਵੱਲ਼ ਵੇਖ ਰਹੇ ਸਨ।
+++
ਆਸ਼ੂ ਅੱਗੇ ਨਾਲੋਂ ਸੁਰਤ ‘ਚ ਸੀ। ਉਹਦੇ ‘ਤੇ ਝੁਕੇ ਹੋਏ ਬੀਜੀ ਉਹਦੇ ਨਾਲ਼ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਸਨ। ਨਿੱਕਾ ਨਿੱਕਾ ਉਹ ਅੱਗੋਂ ਹੱਸ ਰਿਹਾ ਸੀ… ਆਇਆ ਜ਼ਰਾ ਪਰਾਂ ਵੱਟੀ ਵੱਟੀ ਫਿਰ ਰਹੀ ਸੀ।
ਆਸ਼ੂ ਦੀ ਗਲ ‘ਤੇ ਹੱਥ ਫੇਰਦਿਆਂ ਮੈਂ ਕੋਲ ਡੱਠੀ ਕੁਰਸੀ ‘ਤੇ ਬਹਿ ਗਿਆਂ ਸਾਂ।
“ਆਹ ਜਿਹੜੀ ਰੱਖੀ ਜੇ ਕੌਡੀਓਂ ਖੋਟੀ ਏ, ਮੁੰਡੇ ਦਾ ਧਿਆਨ ਏਸ ਕੀ ਰੱਖਣਾ ਸੀ, ਆਪਣੀ ਕੰਘੀ ਪੱਟੀ ‘ਚ ਹੀ ਲੱਗੀ ਰਹੀ ਏ… ਆਖ ਆਖ ਕੇ ਦਵਾਈ ਦੁਆਂਦੀ ਰਹੀ ਆਂ…।” ਆਇਆ ਦੇ ਕਿਚਨ ‘ਚ ਜਾਣ ‘ਤੇ ਉਹਨਾਂ ਕਿਹਾ ਸੀ।
“ਮੈਂ ਤਾਂ ਅੱਜ ਪਿੰਡੇ ਪਾਣੀ ਵੀ ਨਹੀਂ ਪਾਇਆ, ਵੇਖਾਂ ਮੇਰਾ ਹਾਲ ਕੀ ਬਣਿਆ ਪਿਆ ਏ… ਭਲਾ ਇਹ ਸੰਭਾਲ ਲੈਂਦੀ ਜਿਦੇ ਸਿਰ ਤੇ ਛੱਡ ਕੇ ਗਏ ਸਾਓ।”
“ਇਹ ਕਿਹੜਾ ਘੱਟ ਸ਼ੈਤਾਣ ਏ, ਸਾਰਾ ਦਿਨ ਕੋਲੋਂ ਨਹੀਂ ਉੱਠਣ ਦਿੱਤਾ ਇਹਨੇ…।” ਉਹ ਲਾਡ ਨਾਲ਼ ਆਸ਼ੂ ਦੀ ਗੱਲ ਪਲੋਸਦੇ ਕਹਿ ਰਹੇ ਸਨ।
“ਆਇਆ ਏਧਰ ਆਕੇ ਬੈਠ…।” ਮੈਂ ਰਤਾ ਗੁੱਸੇ ‘ਚ ਕਹਿ ਗਿਆਂ ਸਾਂ।
“ਬੀਜੀ ਤੁਸੀਂ ਉੱਠਕੇ ਨਹਾ ਧੋ ਲਵੋ, ਏਸ ਤਰਾਂ ਕੀ ਚੰਗਾ ਲੱਗਦਾ ਹੈ।”
ਬੀਜੀ ਉੱਠੇ ਤਾਂ ਆਸ਼ੂ ਚੂੰ ਚੂੰ ਕਰਨ ਲੱਗਾ। ਆਇਆ ਨੂੰ ਤਾਂ ਉਹ ਅੱਜ ਸਿਞਾਂਣਦਾ ਵੀ ਨਹੀਂ ਸੀ ਪਿਆ। ਪਤਨੀ ਆਈ ਤਾਂ ਆਸ਼ੂ ਨੂੰ ਵੇਖ ਕੇ ਖੁਸ਼ ਹੋ ਗਈ।
“ਲਾਏ ਵੇਖ ਲਾਏ, ਪੁੱਤਰ ਤੇਰਾ ਰਾਜ਼ੀ ਏ ਕਿ ਨਾ?” ਕਹਿੰਦਿਆਂ ਬੀਜੀ ਉੱਠੇ ਤੇ ਗੁਸਲਖਾਨੇ ‘ਚ ਨਹਾਉਣ ਚਲੇ ਗਏ। ਪਤਨੀ ਆਇਆ ਨੂੰ ਦਵਾਈਆਂ ਦੇਣ ਬਾਰੇ ਪੁੱਛਦੀ ਰਹੀ… ਪੁੱਛਦੀ ਰਹੀ ਕਿ ਉਹ ਪਿੱਛੇ ਰੋਂਦਾ ਤਾਂ ਨਹੀਂ ਸੀ। ਆਇਆ ਕੁਝ ਘੁੱਟੀ ਘੁੱਟੀ ਜਿਹੀ ਜਵਾਬ ਦੇਂਦੀ ਰਹੀ।
ਮੈਂ ਨਵੀਂ ਆਈ ਅਲਸਟ੍ਰੇਟਿਡ ਵੀਕਲੀ ਦੇ ਵਰਕੇ ਫਰੋਲਨ ਲੱਗਾ ਸਾਂ। ਪਤਨੀ ਅੰਦਰੋਂ ਆਪਣੀ ਨਿਟਿੰਗ ਮੰਗਵਾ ਕੇ ਉਨਣ ਲੱਗੀ ਸੀ।
ਮੈਂ ਬਾਥਰੂਮ ਜਾਣ ਲਈ ਕਿਚਨ ਅੱਗੋਂ ਲੱਘਿਆਂ ਤਾਂ ਆਇਆ ਤੇ ਮੁੰਡੂ ਹੌਲੀ ਹੌਲੀ ਕੁਝ ਘੁਸਰ ਮੁਸਰ ਕਰ ਰਹੇ ਸਨ।
ਕੁਝ ਦੇਰ ਬਾਅਦ ਚਾਹ ਦੀ ਟਰੇਅ ਲਈ ਮੁੰਡੂ ਆ ਗਿਆ ਸੀ। ਆਇਆ ਸੁੰਨ ਮੁੰਨ ਜਿਹੀ ਫੇਰ ਕੋਲ ਆ ਖਲੋਤੀ ਸੀ।
“ਆਹ ਆਸ਼ੂ ਦੇ ਕੁਝ ਕੱਪੜੇ ਧੋਅ ਛੱਡ।” ਪਤਨੀ ਨੇ ਆਸ਼ੂ ਦੇ ਨਿੱਕੇ ਨਿੱਕੇ ਕੱਪੜੇ ਇਕੱਠੇ ਕਰਦੀ ਨੇ ਆਇਆ ਨੂੰ ਆਖਿਆ ਸੀ। ਆਇਆ ਚੁੱਪ ਚਾਪ ਕੱਪੜੇ ਲੈਕੇ ਬਾਥਰੂਮ ਵੱਲ਼ ਚਲੀ ਗਈ ਸੀ।
“ਅੱਜ ਇਹਨੂੰ ਕੀ ਹੋਇਆ ਏ?” ਕਿਵੇਂ ਸੁੰਨ ਮੁੰਨ ਹੋਈ ਫਿਰਦੀ ਏ?”
ਜੁਆਬ ‘ਚ ਮੈਂ ਕੇਵਲ ਪਤਨੀ ਵੱਲ਼ ਤੱਕਿਆ ਤੇ ਫਿਰ ਪੜਣ ਲੱਗ ਪਿਆ ਸਾਂ।
ਬੀਜੀ ਨਹਾ ਕੇ ਸਾਡੇ ਕੋਲ ਆ ਬੈਠੇ ਸਨ। ਪਤਨੀ ਉੱਠ ਕੇ ਕਿਚਨ ‘ਚੋਂ ਉਹਨਾਂ ਲਈ ਚਾਹ ਲੈ ਆਈ ਸੀ। ਬੀਜੀ ਚਾਹ ਪੀਂਦੇ ਰਹੇ ਤੇ ਮੈਂ ਵੀਕਲੀ ਪੜਦਾ ਰਿਹਾ ਤੇ ਪਤਨੀ ਨਿਟਿੰਗ ਕਰਦੀ ਰਹੀ।
ਬੀਜੀ ਚਾਹ ਪੀਣ ਤੋਂ ਬਾਅਦ ਕਾਫੀ ਫਰੈਸ਼ ਲੱਗ ਰਹੇ ਸਨ। ਪਤਨੀ ਉੱਠ ਕੇ ਕਿਚਨ ‘ਚ ਚਲੀ ਗਈ ਸੀ।
ਕੁਝ ਚਿਰ ਬਾਅਦ ਮੈਂ ਸਟੱਡੀ ‘ਚ ਜਾਣ ਲਈ ਗੈਲਰੀ ‘ਚੋਂ ਲੰਘਿਆ ਤਾਂ, ਆਇਆ ਮੂੰਹ ਲਮਕਾਈ ਹੌਲੀ ਹੌਲੀ ਪਤਨੀ ਨੂੰ ਕੁਝ ਕਹਿ ਰਹੀ ਸੀ।
+++
ਮੈਂ ਤੇ ਪਤਨੀ ਆਸ਼ੂ ਨੂੰ ਕਾਰ ‘ਚ ਡਾਕਟਰ ਕੋਲ ਲੈਕੇ ਜਾ ਰਹੇ ਸਾਂ।
“ਆਇਆ ਕਹਿੰਦੀ ਏ ਉਹ ਇਹੀ ਮਹੀਨਾ ਲਾਏਗੀ।” ਕਹਿੰਦਿਆਂ ਪਤਨੀ ਨੇ ਮੇਰੇ ਵੱਲ਼ ਵੇਖਿਆ।
“ਬੀਜੀ ਨੇ ਉਹਦਾ ਨੱਕ ‘ਚ ਦਮ ਕਰ ਰੱਖਿਆ ਏ।”
“ਹਰਾਮ-ਜ਼ਾਦੀ ਝੂਠ ਬੋਲਦੀ ਏ, ਬੀਜੀ ਤਾਂ ਅੱਜ ਸਾਰਾ ਦਿਨ ਸਗੋਂ ਆਸ਼ੂ ਨੂੰ ਸੰਭਾਲਦੇ ਰਹੇ ਨੇ।”
“ਤੇ ਨਾਲੇ ਆਇਆ ਤੇ ਰੋਅਬ ਪਾਉਂਦੇ ਰਹੇ ਨੇ।”
“ਮੈਂ ਨਹੀਂ ਮੰਨਦਾ।” ਮੈਂ ਦ੍ਰਿੜਤਾ ਨਾਲ਼ ਕਿਹਾ।
“ਦੇਖੋ ਅੱਗੋਂ ਮੈਂ ਮਸਾਂ ਮਸਾਂ ਲੱਭੀ ਏ, ਤੁਹਾਨੂੰ ਪਤਾ ਏ ਪਹਿਲੀ ਆਇਆ ਦੇ ਜਾਣ ਬਾਅਦ ਕਿੰਨੀ ਮੁਸੀਬਤ ਕੱਟਣੀ ਪਹੀ ਸੀ। ਜੇ ਇਹ ਵੀ ਚਲੀ ਗਈ ਤਾਂ, ਮੇਰੀ ਨੌਕਰੀ ਜਾਂਦੀ ਰਹਿਣੀ ਏ… ਤੇ ਇਹ ਤੁਸੀ ਜਾਣਦੇ ਈ ਓ ਕਿੰਨੀਆਂ ਸਿਫਾਰਿਸ਼ਾਂ ਨਾਲ਼ ਮਿਲੀ ਏ, ਫਿਰ ਚੰਗੀ ਸਰਵਿਸ ਏ ਸੱਤ ਸੌ ਰੁਪਏ ਵਾਧੂ ਘਰ ‘ਚ ਆ ਜਾਂਦਾ ਏ…।”
ਪਤਨੀ ਸੱਚੀ ਸੀ। ਅਗਲੀ ਆਇਆ ਦੇ ਚਲੇ ਜਾਣ ਬਾਅਦ ਅਸਾਂ ਬੜੀ ਮੁਸੀਬਤ ਕੱਟੀ ਸੀ। ਬੜੀਆਂ ਸਿਫਾਰਸ਼ਾਂ ਨਾਲ਼ ਇਹ ਆਇਆ ਕਿਸੇ ਰਖਵਾਈ ਸੀ। ਅਸਾਂ ਰੱਬ ਦਾ ਸੌ ਸ਼ੁਕਰ ਕੀਤਾ ਸੀ ਤੇ ਪਤਨੀ ਦੀ ਨੌਕਰੀ ਜਾਂਦੀ ਜਾਂਦੀ ਬਚੀ ਸੀ।
ਘਰ ‘ਚ ਦੋ ਤਨਖਾਹਾਂ ਬਗੈਰ ਸਰਤਾ ਨਹੀਂ ਸੀ। ਬੱਚਿਆਂ ਦੀ ਪੜਾਈ ਦਾ ਕਾਫੀ ਖਰਚਾ ਸੀ। ਰਸੋਈ ‘ਚ ਮੁੰਡੂ ਦਾ ਹੋਣਾ ਵੀ ਜਰੂਰੀ ਸੀ। ਕਈ ਚੀਜ਼ਾਂ ਪਤਨੀ ਦੀ ਨੌਕਰੀ ਕਰਕੇ ਹੀ ਘਰ ‘ਚ ਆ ਚੁੱਕੀਆਂ ਸਨ। ਬਾਹਰ ਅੰਦਰ ਇਜ਼ਤ ਬਣੀ ਹੋਈ ਸੀ…।
“ਦੇਖੋ ਉੱਤੇ ਜ਼ਮਾਨਾ ਕਿਹੜਾ ਪਿਆ ਜਾਂਦਾ ਏ, ਕੋਈ ਓਏ ਅਖਵਾ ਕੇ ਰਾਜ਼ੀ ਨਹੀਂ ਤੇ ਬੀਜੀ ਉਹਨੂੰ ਵਧ ਘੱਟ ਗੱਲਾਂ ਕਰਦੇ ਰਹੇ ਨੇ, ਝਿੜਕਾਂ ਦੇਂਦੇ ਰਹੇ ਨੇ…।”
“ਤੁਸੀਂ ਤਾਂ ਐਵੇ ਬੁਰਾ ਮਨਾ ਗਏ।” ਕਾਫੀ ਦੇਰ ਮੇਰੇ ਚੁੱਪ ਕੀਤਾ ਰਹਿਣ ਤੇ ਉਹ ਬੋਲੀ ਸੀ।
“ਮੈਨੂੰ ਨਹੀਂ ਸਮਝ ਆਉਂਦੀ, ਉਹਨਾ ਨੂੰ ਕੀ ਆਖਾਂ?” ਮੈਂ ਤਲਖ ਹੁੰਦਿਆਂ ਕਿਹਾ ਸੀ।
“ਤੁਸੀਂ ਸਮਝਦੇ ਨਹੀਂ ਪਏ…।” ਪਤਨੀ ਨੇ ਕੁਝ ਨਰਮ ਪੈਂਦੀ ਨੇ ਕਿਹਾ ਸੀ। ਡਾਕਟਰ ਦਾ ਕਲੀਨਿਕ ਆ ਗਿਆ ਸੀ।
+++
ਕਿਚਨ ‘ਚ ਬੈਠੇ ਬੀਜੀ ਸਟੋਵ ‘ਚ ਹਵਾ ਭਰ ਰਹੇ ਸਨ। ਜੋਰ ਲਾਉਣ ਕਰਕੇ ਉਹਨਾਂ ਨੂੰ ਹੌਕਣੀ ਚੜੀ ਹੋਈ ਸੀ। ਮੁੰਡੂ ਸਿਰ ਜਿਹਾ ਸੁੱਟੀ ਖਲੋਤਾ ਹੋਇਆ ਸੀ।
“ਬੀਜੀ ਪਰਾਂ ਹਟੋ, ਮੈਂ ਬਾਲ ਦੇਣਾਂ।” ਕਿਚਨ ‘ਚ ਵੜਦਿਆਂ ਮੈਂ ਕਿਹਾ।
“ਦੇਖ ਨਹੀਂ ਰਹਾ ਬੀਜੀ ਕੋ ਕਿਤਨੀ ਤਕਲੀਫ ਹੋ ਰਹੀ ਹੈ।” ਬੀਜੀ ਨੂੰ ਹਾਲੀ ਵੀ ਸਾਹ ਸੜਿਆ ਹੋਇਆ ਸੀ।
“…ਜੀ… ਜੀ… ਮੈਂ ਤੋ ਕਹੀ ਬਾਰ ਬੋਲਾ….।” ਮੁੰਡੂ ਦੇ ਮੂੰਹ ਜਿਵੇਂ ਗੱਲ ਨਹੀਂ ਸੀ ਨਿਕਲ ਰਹੀ।
“ਨੀਂ ਆ ਜਰਾ ਪਾਣੀ ਤਾਂ ਗੁਸਲਖਾਨੇ ‘ਚ ਰੱਖ ਦੇਂਦੀ…।” ਗੈਲਰੀ ‘ਚੋਂ ਲੰਘਦੀ ਆਇਆ ਨੂੰ ਬੀਜੀ ਨੇ ਕਿਹਾ ਸੀ।
“ਬਾਬਾ ਕੋ ਦਵਾ ਪਿਲਾਣੀ ਹੈ।” ਕਹਿ ਕੇ ਆਇਆ ਅੱਗੇ ਚਲੀ ਗਈ ਸੀ।
“ਦੇਖ ਸ਼ੀਲਾ ਬੀਜੀ ਕੋ ਕਿਸੀ ਕਾਮ ਸੇ ਮਨਾ ਨਹੀਂ ਕਰਨਾ।” ਕੁਝ ਤਲਖ ਹੁੰਦਿਆਂ ਆਇਆ ਨੂੰ ਆਪਣੇ ਕੋਲ ਸੱਦਦਿਆਂ ਮੈਂ ਕਿਹਾ ਸੀ।
ਆਇਆ ਸਿਰ ਝਕਾਈ ਖੜੀ ਸੀ।
“ਸ਼ੀਲਾ ਭਈ ਵੋਹ ਡਰਾਪਸ ਵਾਲੀ ਸ਼ੀਸ਼ੀ ਤੋ ਲਾਓ।” ਅੰਦਰੋਂ ਪਤਨੀ ਅਵਾਜ਼ਾਂ ਦੇ ਰਹੀ ਸੀ। ਉਸੇ ਤਰਾਂ ਸਿਰ ਝੁਕਾਈ ਉਹ ਪਤਨੀ ਦੇ ਕਮਰੇ ‘ਚ ਚਲੀ ਗਈ ਸੀ।
“ਇਹਦੀ ਤਬੀਅਤ ਬਹੁਤ ਵਿਗੜੀ ਹੋਈ ਏ…।” ਕਮਰੇ ‘ਚ ਆਇਆ ਦੇ ਚਲੇਜਾਣ ਬਾਅਦ ਮੈਂ ਕਿਹਾ ਸੀ।
“ਵੇਖੋ ਮੈਂ ਸਮਝਣੀ ਆਂ, ਪਰ ਬੀਜੀ ਵੀ ਬਜ਼ੁਰਗ ਨੇ ਉਹਨਾਂ ਨੂੰ ਨੌਕਰਾਂ ਨਾਲ਼ ਹਲੀਮੀ ਵਰਤਣੀ ਚਾਹੀਦੀ ਹੈ।”
“ਉਫ ਮੈਂ ਕਦੋਂ ਕਹਿਨਾ ਉਹ…।” ਮੈਂ ਖਿਝਦਿਆਂ ਹੋਇਆ ਕਿਹਾ ਸੀ।
ਏਦੋਂ ਵਧ ਬੋਲਨਾ ਠੀਕ ਨਹੀਂ ਸੀ ਇਹ ਅਸੀਂ ਦੋਵੇਂ ਸਮਝ ਗਹੇ ਸਾਂ।
ਅਸੀਂ ਬ੍ਰੇਕਫਾਸਟ ਲੈ ਰਹੇ ਸਾਂ। ਬੀਜੀ ਨਹਾ ਕੇ ਕਿਚਨ ‘ਚ ਤਵਾ ਮਾਂਜ ਰਹੇ ਸਨ। ਅੱਜ ਉਹ ਸਾਡੇ ਕੋਲ ਆਕੇ ਨਹੀਂ ਸਨ ਬੈਠੇ।
ਡਿੰਪਲ ਨੇ ਆਕੇ ਦੱਸਿਆ ਸੀ ਕਿ ਬੀਜੀ ਨਹਾ ਕੇ ਕਿਚਨ ‘ਚ ਤਵਾ ਮਾਂਜ ਰਹੇ ਸਨ। ਮੁੰਡੂ ਨੇ ਨਾਂ ਹੀ ਤਵਾ ਮਾਂਜ ਕੇ ਰੱਖਿਆ ਸੀ ਤੇ ਨਾ ਹੀ ਬੀਜੀ ਦਾ ਹਾਲੀ ਤੱਕ ਟੋਸਟ ਤਿਆਰ ਕੀਤਾ ਸੀ।
+++
ਚੁੱਪ ਚਾਪ ਜਿਹੇ ਬੀਜੀ ਆਸ਼ੂ ਦਾ ਕਾਟ ਕੋਲ ਕੁਰਸੀ ਤੇ ਬੈਠੇ ਹੋਏ ਸਨ। ਆਇਆ ਕੋਈ ਦਵਾਈ ਚਿਮਚੇ ‘ਚ ਉਲੱਦ ਰਹੀ ਸੀ।
“ਰਾਜ਼ੀ ਰਿਹਾ ਅੱਜ?” ਦਫਤਰੋਂ ਆਉਂਦਿਆਂ ਹੀ ਮੈਂ ਬੀਜੀ ਤੋਂ ਪੁੱਛਿਆ ਸੀ।
“ਆਹੋ ਰਾਜ਼ੀ ਬਾਜ਼ੀ ਏ…।” ਬੀਜੀ ਦਾ ਢਿੱਲਾ ਜਿਹਾ ਜਵਾਬ ਸੀ।
ਸਮਝ ਗਿਆਂ ਸਾਂ, ਆਇਆ ਨੇ ਅੱਜ ਆਸ਼ੂ ਦਾ ਕੋਈ ਵੀ ਕੰਮ ਕਰਨ ਦਾ ਮੌਕਾ ਹੀ ਨਹੀਂ ਸੀ ਦਿੱੱਤਾ। ਅਸਲ ‘ਚ ਪਤਨੀ ਨੇ ਜਾਂਦੀ ਵਾਰੀ ਆਇਆ ਨੂੰ ਸਮਝਾ ਦਿੱਤਾ ਸੀ ਕਿ ਉਹ ਕੋਈ ਵੀ ਖ਼ੇਚਲ ਬੀਜੀ ਨੂੰ ਨਾ ਪਾਵੇ।
ਮੇਰੇ ਆਉਣ ਤੇ ਨਾ ਉਹਨਾਂ ਆਸ਼ੂ ਨਾਲ਼ ਕੋਈ ਗੱਲ ਕੀਤੀ ਸੀ ਨਾ ਮੇਰੇ ਨਾਲ਼। ਗੁੰਮ ਸੁੰਮ ਜਿਹੇ ਉਹ ਉੱਠੇ ਤੇ ਗੈਲਰੀ ‘ਚੋਂ ਹੁੰਦੇ ਹੋਏ ਕਿਚਨ ਦੇ ਦਰਵਾਜ਼ੇ ‘ਚ ਜਾ ਖਲੋਤੇ। ਪੰਜ ਸੱਤ ਮਿੰਟ ਓਥੇ ਉਹ ਆਪਣੇ ਕਮਰੇ ਵੱਲ਼ ਤੁਰ ਪਏ। ਘੜੀ ਕੁ ਪਿੱਛੋਂ ਉਹ ਫਿਰ ਸਾਡੇ ਕੋਲ ਆ ਖ਼ਲੋਤੇ ਸਨ।
“ਮੈਂ ਤਾਂ ਭੁੱਲ ਈ ਗਈ, ਗੋਲੀ ਖਾਣੀ ਸੀ।” ਬਿਣਾ ਕਿਸੇ ਨੂੰ ਸੰਬੋਧਨ ਕੀਤਿਆਂ ਕਹਿੰਦੇ ਹੋਏ ਉਹ ਕਮਰੇ ‘ਚ ਚਲੇ ਗਏ ਸਨ।
ਪਤਨੀ ਨੇ ਆਕੇ ਬੱਚੇ ਨੂੰ ਪਲੋਸਿਆ ਪੁਚਕਾਰਿਆ ਤੇ ਆਇਆ ਤੋਂ ਸਾਰੇ ਦਿਨ ਦੀ ਰਿਪੋਰਟ ਲਈ ਸੀ… ਤੇ ਹੁਣ ਉਹ ਆਪਣੀ ਫ਼ਰਮ ਦੀਆਂ ਕੁਝ ਮਜ਼ੇਦਾਰ ਗੱਲਾਂ ਕਰਦੀ ਹੋਈ ਹੱਸ ਰਹੀ ਸੀ।
“ਅੱਜ ਤੁਹਾਨੂੰ ਕੀ ਏ? ਬੜੇ ਚੁੱਪ ਚੁੱਪ ਓ…।” ਇੱਕ ਦਮ ਹੱਸਣਾ ਬੰਦ ਕਰਕੇ ਘੋਖ਼ਦੀਆਂ ਜਿਹੀਆਂ ਨਜ਼ਰਾਂ ਨਾਲ਼ ਮੇਰੇ ਵੱਲ ਵੇਖਦਿਆਂ ਉਹਨੇ ਕਿਹਾ ਸੀ।
ਮੇਰਾ ਮੂਡ ਵੇਖ ਪਤਨੀ ਚੁੱਪ ਜਿਹੀ ਹੋ ਗਈ ਸੀ।
“ਬੀਜੀ ਕਿੱਥੇ ਨੇ?” ਘੜੀ ਕੁ ਪਿੱਛੋਂ ਉਹਨੇ ਪੁੱਛਿਆ ਸੀ।
“ਆਪਣੇ ਕਮਰੇ ‘ਚ” ਮੇਰਾ ਸੰੰਖੇਪ ਜਿਹਾ ਉੱਤਰ ਸੀ।
ਮੁੰਡੂ ਚਾਹ ਲੈ ਆਇਆ ਸੀ। ਚਾਹ ਦਾ ਇੱਕ ਪਿਆਲਾ ਸਿੱਧਾ ਮੈਂ ਬੀਜੀ ਦੇ ਕਮਰੇ ‘ਚ ਭੇਜ ਦਿੱਤਾ ਸੀ। ਆਪਣਾ ਪਿਆਲਾ ਵੀ ਮੈਂ ਹੱਥ ‘ਚ ਲਈ ਉਹਨਾਂ ਦੇ ਕਮਰੇ ‘ਚ ਜਾ ਬੈਠਾ ਸੀ। ਚਾਹ ਦਾ ਪਿਆਲਾ ਤ੍ਰੈਪਾਈ ‘ਤੇ ਪਿਆ ਸੀ। ਠੋਡੀ ‘ਤੇ ਹੱਥ ਧਰੀ ਬੀਜੀ ਕੁਝ ਸੋਚੀ ਜਾ ਰਹੇ ਸਨ।
“ਤਬੀਅਤ ਠੀਕ ਤਾਂ ਹੈ ਤੁਹਾਡੀ?” ਮੈਂ ਬੀਜੀ ਤੋਂ ਪੁੱਛਿਆ ਸੀ।
ਚੁੱਪ ਚਾਪ ਕੋਈ ਪੰਜ ਮਿੰਟ ਲਗਾਤਾਰ ਬੀਜੀ ਮੇਰੇ ਵੱਲ ਤੱਕਦੇ ਰਹੇ ਸਨ। ਮੇਰੇ ਲਈ ਇਹ ਤੱਕਣੀ ਅਸਹਿ ਸੀ।
ਉੱਥੋਂ ਉਠ ਮੈਂ ਸਟੱਡੀ ਵੱਲ ਚਲਿਆ ਗਿਆ ਸਾਂ। ਘੜੀ ਕੁ ਬਾਅਦ ਵੀਕਲੀ ਮੇਜ਼ ‘ਤੇ ਸੁੱਟਦਿਆਂ ਮੈਂ ਬਾਹਰ ਨਿਕਲ, ਗੈਰਜ ‘ਚੋਂ ਕਾਰ ਕੱਢਦਿਆਂ ਅਣਚਾਹੇ ਹੀ ਕਿਸੇ ਦੋਸਤ ਦੇ ਘਰ ਤੁਰ ਪਿਆ ਸਾਂ…।
+++
ਆਸ਼ੂ ਹੁਣ ਰਾਜ਼ੀ ਸੀ।
ਬੀਜੀ ਹੁਣ ਸਵੇਰੇ ਸਵੇਰੇ ਪਾਠ ਕਰਦੇ ਸੁਣੇ ਜਾਂਦੇ। ਉਹਨਾਂ ਦੇ ਪਾਠਾ ਦੀ ਮਾਤਰਾ ਵਧ ਗਈ ਸੀ। ਦੋ ਢਾਈ ਘੰਟੇ ਉਹ ਸਵੇਰੇ ਬਾਣੀ ਪੜਦੇ। ਫਿਰ ਉੱਠਕੇ ਆਪਣੇ ਲਹੀ ਚਾਹ ਤੇ ਟੋਸਟ ਤਿਆਰ ਕਰਦੇ। ਕਿਚਨ ‘ਚ ਚਾ ਪੀ ਕੇ ਸਿੱਧੇ ਆਪਣੇ ਕਮਰੇ ‘ਚ ਜਾ ਵੜਦੇ। ਇੱਕ ਅਜੀਬ ਜਿਹੀ ਉਦਾਸੀ ਉਹਨਾਂ ਦੇ ਚਿਹਰੇ ‘ਤੇ ਹੁੰਦੀ। ਅਜੀਬ ਜਿਹੀਆਂ ਨਜ਼ਰਾ ਨਾਲ਼ ਉਹ ਸਾਨੂੰ ਸਾਰਿਆਂ ਨੂੰ ਵੇਖਦੇ ਰਹਿੰਦੇ। ਬਰਾਂਡੇ ‘ਚ ਡਹੀ ਕੁਰਸੀ ‘ਤੇ ਬੈਠੇ ਖ਼ਾਲੀ ਨਜ਼ਰਾਂ ਨਾਲ਼ ਬਾਹਰ ਸੜਕ ਵੱਲ ਝਾਕਦੇ ਰਹਿੰਦੇ। ਜਾਂ ਫਿਰ ਗੁਟਕਾ ਲੈਕੇ ਪਾਠ ਕਰਨ ਲੱਗਦੇ। ਵੱਧ ਤੋਂ ਵੱਧ ਡਿੰਪਲ ਨਾਲ਼ ਗੱਲਾਂ ਕਰਦੇ ਸੁਣੇ ਜਾਂਦੇ।
ਉਹ ਹੁਣ ਸਾਡੇ ‘ਚ ਬੈਠਣਾ ਛੱਡ ਗਏ ਸਨ। ਆਫ਼ਸ ਤੋਂ ਆਉਂਦਾ ਸਿਧਾ ਮੈਂ ਉਹਨਾ ਦੇ ਕਮਰੇ ‘ਚ ਚਲਾ ਜਾਂਦਾ। ਪਤਨੀ ਵੀ ਕੋਲ ਆ ਬੈਠਦੀ। ਚਾਹ ਆ ਜਾਂਦੀ। ਪਹਿਲਾਂ ਪਿਆਲਾ ਭਰ ਕੇ ਮੈਂ ਉਹਨਾ ਵੱਲ ਵਧਾਉਂਦਾ। ਆਇਆ ਆਸ਼ੂ ਨੂੰ ਕੋਲ ਲੈ ਆਉਂਦੀ। ਡਿੰਪਲ ਵੀ ਕੋਲ ਆ ਬੈਠਦੀ।
“ਹਾਂ ਫਿਰ ਬੀਜੀ, ਪੋਜ਼ ਕਿਵੇਂ ਬਨਾਉਂਣਗੇ?” ਮੈਂ ਡਿੰਪਲ ਵੱਲ ਇਸ਼ਾਰਾ ਜਿਹਾ ਕਰਦਾ। ਡਿੰਪਲ ਮੇਰੇ ਵੱਲ ਵੇਖ ਸ਼ਰਾਰਤ ਜਿਹੀ ਨਾਲ਼ ਮੁਸਕਰਾਂਦੀ ਜਿਵੇਂ ਅਸੀਂ ਕੋਈ ਸਮਝੌਤਾ ਕਰ ਰਹੇ ਹੋਈਏ। ਉੱਠਕੇ ਉਹ ਪੋਜ਼ ਬਨਾਉਣ ਲਗਦੀ, ਉਹਦੇ ਅਜੀਬ ਅਜੀਬ ਪੋਜ਼ ‘ਤੇ ਸਾਰੇ ਹੱਸਦੇ ਹੱਸਦੇ ਦੂਹਰੇ ਹੋ ਜਾਂਦੇ। ਬੀਜੀ ਵੀ ਖੁਸ਼ ਜਾਪਦੇ, ਕੋਈ ਗੱਲ ਵੀ ਬੇ-ਸੁਆਦੀ ਨਾ ਹੁੰਦੀ। ਸ਼ਾਮ ਸਗੋਂ ਅੱਗੇ ਨਾਲੋਂ ਵੀ ਵਧੇਰੇ ਚੰਗੀ ਗੁਜ਼ਰਦੀ।
ਇਸੇ ਤਰਾਂ ਡਿੰਪਲ ਇੱਕ ਦਿਨ ਪੋਜ਼ ਬਣਾ ਰਹੀ ਸੀ ਤੇ ਅਸੀਂ ਹੱਸ ਰਹੇ ਸਾਂ।
“ਡਿੰਪਲ ਕੈਮਰਾ ਲਿਆਈਂ ਮੇਰਾ।” ਮੈਂ ਕਿਹਾ ਸੀ।
ਡਿੰਪਲ ਮੇਰੇ ਕਮਰੇ ‘ਚੋਂ ਕੈਮਰਾ ਚੁੱਕ ਲਿਆਈ ਸੀ।
“ਬੀਜੀ ਬੀ ਰੈਡੀ… ਵਨ. ਟੂ. ਥ੍ਰੀ…।” ਉਹਨਾਂ ਦੇ ਨਾਂਹ ਨੁੱਕਰ ਕਰਨ ਤੋਂ ਪਹਿਲਾਂ ਹੀ ਉਹਨਾਂ ਦੀ ਤਸਵੀਰ ਲੈ ਲਈ ਸੀ। ਫਿਰ ਕੀ ਤਸਵੀਰਾਂ ਦਾ ਜਿਵੇਂ ਇੱਕ ਚੱਕਰ ਚੱਲ ਪਿਆ ਸੀ। ਡਿੰਪਲ ਬੀਜੀ ਨੂੰ ਜੱਫੀ ਪਾਈ ਬੈਠੀ ਸੀ… ਬੀਜੀ ਆਸ਼ੂ ਨੂੰ ਗੋਦੀ ਲਈ ਬੈਠੇ ਸਨ… ਇੱਕ ਪਾਸੇ ਡਿੰਪਲ, ਇੱਕ ਪਾਸੇ ਪਤਨੀ ਤੇ ਵਿਚਕਾਰ ਬੀਜੀ ਦੋਹਾਂ ਦੇ ਮੋਢਿਆਂ ‘ਤੇ ਹੱਥ ਧਰੀ… ਮੈਂ ਬੀਜੀ ਨੂੰ ਜੱਫੀ ਪਾਈ ਬੈਠਾ ਸਾਂ , ਪਤਨੀ ਤਸਵੀਰ ਖਿੱਚ ਰਹੀ ਸੀ… ਵਿਚਕਾਰ ਬੀਜੀ ਦੁਆਲੇ ਮੈਂ ਤੇ ਪਤਨੀ ਖੜੇ ਸਾਂ… ਡਿੰਪਲ ਤਸਵੀਰ ਲੈ ਰਹੀ ਸੀ।
ਅਰਸ਼ੀ ਏਸ ਵੇਲ਼ੇ ਘੱਟ ਹੀ ਘਰ ਹੁੰਦੀ। ਕਦੀ ਕੋਈ ਰਿਹਰਸਲ… ਕਦੀ ਕੋਈ ਪਿਕਨਿਕ ਤੇ ਕਦੀ ਕਿਸੇ ਫਰੈਂਡ ਨਾਲ਼ ਪਿਕਚਰ… ਬਹੁਤ ਵਾਰੀ ਤਾਂ ਉਹ ਸਾਨੂੰ ਦੱਸ ਕੇ ਵੀ ਨਹੀਂ ਸੀ ਜਾਂਦੀ। ਬੱਸ ਫੋਨ ਕਰ ਦੇਂਦੀ… ਅਰਸ਼ੀ ਇੱਕ ਤਰਾਂ ਆਪਣਾ ਜੀਵਨ ਜਿਓ ਰਹੀ ਸੀ। ਅਸੀਂ ਉਹਦੀ ਜ਼ਿੰਦਗੀ ‘ਚ ਬਹੁਤਾ ਦਖ਼ਲ ਨਹੀਂ ਸਾਂ ਦੇਂਦੇ। ਅਸਾਂ ਇੱਕ ਤਰਾਂ ਉਹਦੇ ਨਾਲ਼ ਸਮਝੌਤਾ ਕਰ ਲਿਆ ਸੀ… ਜਾਂ ਫਿਰ ਕਰਨਾ ਪਿਆ ਸੀ।
ਮੈਂ ਹਾਲੀ ਕੈਮਰਾ ਸੈੱਟ ਕਰ ਰਿਹਾ ਸਾਂ, ਪਤਾ ਨਹੀਂ ਕਿਹੜੇ ਵੇਲੇ, ‘ਹੈਲੋ ਮਾਮਾ, ਹੈਲੋ ਪਾਪਾ’ ਕਰਦੀ ਹੋਈ ਅਰਸ਼ੀ ਬੀਜੀ ਤੇ ਪਤਨੀ ਦੇ ਵਿਚਕਾਰ ਆ ਖਲੋਤੀ ਸੀ। ਬੀਜੀ ਤੇ ਪਤਨੀ ਹੱਸ ਰਹੀਆਂ ਸਨ। ਅਰਸ਼ੀ ਨੇ ਦੋਹਾਂ ਦੇ ਮੋਢਿਆਂ ਤੇ ਬਾਹਵਾਂ ਰੱਖੀਆਂ ਹੋਈਆਂ ਸਨ…।
ਕੁਝ ਚਿਰ ਬਾਅਦ ਆਪੋ ਆਪਣੇ ਚਾਹ ਦੇ ਕੱਪ ਹੱਥਾਂ ‘ਚ ਫੜੀ ਅਸੀਂ ਕੇਵਲ ਇੱਕ ਦੂਜੇ ਵੱਲ ਝਾਕ ਰਹੇ ਸਾਂ।
“ਅਰਸ਼ੀ ਤੇਰੇ ਐਗਜ਼ਾਮ ਕਦੋਂ ਸਟਾਰਟ ਹੋ ਰਹੇ ਨੇ?” ਗੱਲ ਕਰਨ ਖ਼ਾਤਰ ਮੈਂ ਪੁੱਛਿਆ ਸੀ। ਹਾਲਾਂ ਕਿ ਮੈਨੂੰ ਇਮਤਿਹਾਨ ਸ਼ੁਰੂ ਹੋਣ ਦੀ ਤਰੀਖ਼ ਬਾਰੇ ਪਹਿਲਾਂ ਹੀ ਪਤਾ ਸੀ।
“ਆਸ਼ੂ ਨੂੰ ਟੌਨਿਕ ਤਾਂ ਠੀਕ ਦੇ ਰਹੀਂ ਏ?” ਕਮਰੇ ਅੰਦਰ ਆਈ ਆਇਆ ਨੂੰ ਪਤਨੀ ਨੇ ਪੁੱਛਿਆ ਸੀ।
“ਡਿੰਪਲ ਤੂੰ ਜਾਕੇ ਪੜਦੀ ਕਿਉਂ ਨਹੀਂ?” ਉਤੋਂ ਐਗਜ਼ਾਮ ਸਿਰ ‘ਤੇ ਨੇ…। ਪਤਨੀ ਡਿੰਪਲ ਨੂੰ ਝਿੜਕ ਰਹੀ ਸੀ।
ਭੈੜਾ ਜਿਹਾ ਮੂੰਹ ਬਣਾਈ, ਡਿੰਪਲ ਕਮਰੇ ‘ਚੋਂ ਬਾਹਰ ਹੋ ਗਈ ਸੀ।
ਕੁਝ ਚਿਰ ਬਾਅਦ ਚਾਰ ਖ਼ਾਲੀ ਪਿਆਲੇ ਤਿਪਾਈ ਤੇ ਪਏ ਸਨ… ਖ਼ਾਲੀ ਖ਼ਾਲੀ ਨਜ਼ਰਾਂ ਨਾਲ਼ ਅਸੀਂ ਇੱਕ ਦੂਜੇ ਵੱਲ ਝਾਕ ਰਹੇ ਸਾਂ… ਕਰਨ ਲਈ ਕੋਈ ਗੱਲ ਵੀ ਤਾਂ ਨਹੀਂ ਸੀ…।
+++
ਬੀਜੀ ਆਪਣੇ ਕਮਰੇ ਦੀ ਖ਼ਿੜਕੀ ‘ਚੋਂ ਦੂਰ ਕਿੱਧਰੇ ਵੇਖ ਰਹੇ ਹੁੰਦੇ ਜਿਵੇਂ ਕਿਧਰੇ ਵੀ ਵੇਖ ਨਾ ਰਹੇ ਹੋਣ… ਮੈਂ ਕੱਟ ਜਿਹਾ ਜਾਂਦਾ ਕੁਝ ਵੇਖਕੇ ਸਮਝ ਨਾ ਆਉਂਦੀ, ਕੀ ਖ਼ੁਨਾਮੀ ਹੋ ਗਈ ਸੀ ਸਾਥੋਂ? ਬੀਜੀ ਕਿਉਂ ਉਦਾਸ ਰਹਿੰਦੇ ਸਨ? ਕਿਉਂ ਚੁੱਪ ਚੁੱਪ ਲਗੇ ਫਿਰਦੇ? … ਫਿਰ ਆਪੇ ਹੀ ਠੀਕ ਵੀ ਹੋ ਜਾਂਦੇ… ਬੱਚਿਆ ਨੂੰ ਪਿਆਰ ਕਰਦੇ, ਡਿੰਪਲ ਨੂੰ ਅੱਗੇ ਵਾਂਗ ਹੀ ਕਹਾਣੀਆਂ ਸੁਣਾਉਂਦੇ, ਆਸ਼ੂ ਕੋਲ ਬੈਠੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ, ਹਾਂ ਆਇਆ ਨੂੰ ਉਹ ਹੁਣ ਆਪਣਾ ਕੋਈ ਕੰਮ ਨਾ ਦੱਸਦੇ ਸ਼ਾਇਦ ਇਸ ਲਈ ਕਿ ਆਇਆ ਉਹਨਾਂ ਅੱਗੇ ਗੁਸਤਾਖ ਬੋਲੀ ਸੀ ਪਰ ਅਸੀਂ ਉਹਨੂੰ ਕੱਢ ਵੀ ਤਾਂ ਨਹੀਂ ਸਾਂ ਸਕਦੇ…। ਮੈਨੂੰ ਯਾਦ ਏ ਇੱਕ ਵਾਰ ਬੀਜੀ ਨੇ ਅੱਗੋਂ ਗੁਸਤਾਖ ਬੋਲਣ ਤੇ ਆਪਣੇ ਨੌਕਰ ਨੂੰ ਖੜੇ ਪੈਰ ਕੱਢ ਦਿੱਤਾ ਸੀ, ਫਿਰ ਤਰਲੇ ਕਰਨ ਤੇ ਮਾਫੀਆਂ ਮੰਗਣ ‘ਤੇ ਵੀ ਬੀਜੀ ਨੇ ਉਹਨੂੰ ਘਰ ਨਹੀਂ ਸੀ ਵਾੜਿਆ।
“ਮੈਂ ਤਾਂ ਪਿੰਡ ਸਾਧ ਕੇ ਬਹਾ ਦਿਆਂ!” ਇਹ ਕੋਣ ਹੋਵੇ ਗੁਸਤਾਖ ਬੋਲਣ ਵਾਲਾ? ਇਹਦੀ ਏਡੀ ਜੁਅਰਤ ਕਿਵੇਂ ਪਈ! ਸਮਝਦਾ ਹੋਵੇਗਾ ਕਿਹੜਾ ਬੰਦਾ ਇਹ ਘਰ ‘ਚ ਮੈਂ ਤਾਂ ਸੀਰਮੇ ਪੀ ਜਾਂ ਇਹੋ ਜਿਹਾਂ ਦੇ…।” ਤੇ ਮੈਨੂੰ ਬੀਜੀ ਦੀ ਉਹ ਕਚੀਚੀ ਹਾਲੀ ਵੀ ਯਾਦ ਏ, ਕਿਵੇਂ ਨੀਲੇ ਪੀਲੇ ਹੋ ਰਹੇ ਸਨ ਬੀਜੀ! ਫਿਰ ਮੈਂ ਤੇ ਛੋਟੇ ਭਰਾ ਨੇ, ਭਾਵੇਂ ਅਸੀਂ ਛੋਟੇ ਹੀ ਸਾਂ, ਕਿਵੇਂ ਗਲੋਂ ਫੜ ਲਿਆ ਸੀ ਉਹਨੂੰ! ਬੀਜੀ ਤੋਂ ਡਰਦਿਆਂ ਸਾਨੂੰ ਉਸ ਕੁਝ ਨਹੀਂ ਸੀ ਕਿਹਾ।
+++
ਆਪਣੇ ਕਮਰੇ ‘ਚ ਬੈਠੇ ਹੁਣ ਉਹ ਦਿਨ ਰਾਤ ਪਾਠ ਕਰਦੇ ਰਹਿੰਦੇ। ਪੁੱਛਣ ‘ਤੇ ਦੱਸਦੇ ਕਿ ਆਸ਼ੂ ਦੇ ਰਾਜ਼ੀ ਹੋਣ ਦੇ ਉਹਨਾਂ ਪਾਠ ਸੁੱਖ ਹੋਏ ਨੇ। ਉਹ ਬੜੀ ਲੈ ‘ਚ ਉੱਚੀ ਉੱਚੀ ਪਾਠ ਕਰਦੇ ਤਾਂ ਸਾਰੇ ਡਿਸਟਰਬ ਹੁੰਦੇ। ਡਿੰਪਲ ਨੂੰ ਕੋਈ ਫਰਕ ਨਾ ਪੈਂਦਾ ਪਰ ਅਰਸ਼ੀ ਪੜ ਨਾ ਸਕਦੀ। ਕਿਤਾਬਾਂ ਮੇਜ਼ ‘ਤੇ ਪਟਕਦੀ ਹੋਈ ਉਹ ਸਾਡੇ ਕੋਲ ਆ ਬੈਠਦੀ। ਡਿਸਟਰਬੈਂਸ ਦੀ ਸ਼ਿਕਾਇਤ ਕਰਦੀ। ਪਤਨੀ ਮੇਰੇ ਵੱਲ ਵੇਖਦੀ ਮੈਂ ਦੂਰ ਕਿਧਰੇ ਵਿਹੰਦਾ ਹੋਇਆ ਸੋਚਣ ਲੱਗਦਾ…।
“ਬੱਚਿਆਂ ਦੇ ਐਗਜ਼ਾਮ ਨੇੜੇ ਨੇ।” ਪਤਨੀ ਮੈਨੂੰ ਸੁਣਾਉਂਦੀ ਹੋਈ ਫਿਰ ਆਖਦੀ।
“ਮੈਂ ਤਾਂ ਇੰਝ ਬਿਲਕੁਲ ਨਹੀਂ ਪੜ ਸਕਦੀ।” ਅਰਸ਼ੀ ਹੋਰ ਖਿਝਦੀ।
“ਬੱਸ ਸਾਰਾ ਦਿਨ ਪਾਠ… ਪਤਾ ਨਹੀਂ ਬੋਰ ਕਿਉਂ ਨਹੀਂ ਹੁੰਦੇ ਇਹ ਲੋਕ?” ਅਰਸ਼ੀ ਆਖਦੀ।
ਅਰਸ਼ੀ ਨੂੰ ਕੁਝ ਕਹਿੰਦਾ ਕਹਿੰਦਾ ਮੈਂ ਰੁਕ ਜਾਂਦਾ।
+++
ਆਇਆ ਨੂੰ ਗੈਲਰੀ ‘ਚੋਂ ਲੰਘਦੀ ਨੂੰ ਉਹ ਹੁਣ ਘੂਰ ਘੂਰ ਵੇਖਦੇ ਰਹਿੰਦੇ। ਉਹਦੀ ਹਰ ਹਰਕਤ ਦਾ ਜਾਇਜ਼ਾ ਲੈਂਦੇ ਰਹਿੰਦੇ। ਹਰ ਥਾਂ ਉਹਨਾਂ ਦੀਆਂ ਅੱਖਾਂ ਜਿਵੇਂ ਆਇਆ ਦਾ ਪਿੱਛਾ ਕਰਦੀਆਂ ਰਹਿੰਦੀਆਂ। ਓਦਨ ਤਾਂ ਹੱਦ ਹੀ ਹੋ ਗਈ ਸੀ। ਆਇਆ ਪਤਨੀ ਦੇ ਕਮਰੇ ‘ਚ ਸੀ। ਬਾਥਰੂਮ ਵੱਲ ਜਾਣ ਲਈ ਮੈਂ ਆਪਣੇ ਕਮਰੇ ‘ਚੋਂ ਨਿਕਲਿਆਂ ਸਾਂ ਕਿ ਬੀਜੀ ਪਤਨੀ ਦੇ ਕਮਰੇ ਦੇ ਦਰਵਾਜ਼ੇ ਤੋਂ ਜ਼ਰਾ ਕੁ ਉਰਾਂ ਕੰਧ ਨਾਲ਼ ਕੰਨ ਲਾਈ ਖਲੋਤੇ ਕੁਝ ਸੁਨਣ ਦੀ ਕੋਸ਼ਿਸ਼ ਕਰ ਰਹੇ ਸਨ… ਬਾਥ-ਰੂਮ ‘ਚ ਜਾਣ ਦੀ ਬਜਾਏ ਮੈਂ ਵਾਪਸ ਆਪਣੇ ਕਮਰੇ ‘ਚ ਚਲਾ ਗਿਆ ਸਾਂ।
“ਤਾਂ… ਪੱਥਰ ਉੱਥੇ ਦਾ ਉੱਥੇ ਖਲੋ ਗਿਆ ਤੇ ਪੱਥਰ ‘ਤੇ ਹੱਥ ਦਾ ਠੱਪਾ ਲੱਗ ਗਿਆ…।”
“ਬੀਜੀ ਪੱਥਰ ‘ਤੇ ਹੱਥ ਦਾ ਠੱਪਾ ਕਿਵੇਂ ਲੱਗ ਗਿਆ?” ਡਿੰਪਲ ਆਖ ਰਹੀ ਸੀ।
ਅਰਸ਼ੀ ਫਰਸ਼ ‘ਤੇ ਕਿਤਾਬ ਪਟਕਦੀ ਹੋਈ ਸਾਡੇ ਦਰਵਾਜ਼ੇ ‘ਚ ਖਲੋਤੀ ਹੋਈ ਸੀ।
“ਵੇਖੋ ਹੁਣ ਕਿੰਨੀ ਉੱਚੀ ਉੱਚੀ ਬੋਲੀ ਜਾਂਦੇ ਨੇ।”
ਅਰਸ਼ੀ ਕਾਫੀ ਖਿਝ ਰਹੀ ਸੀ।
“ਪੱਥਰ ‘ਤੇ ਭਲਾ ਠੱਪਾ ਕਿਵੇਂ ਲੱਗ ਗਿਆ?” ਡਿੰਪਲ ਬਾਰ ਬਾਰ ਪੁੱਛੀ ਜਾ ਰਹੀ ਸੀ।
“ਮੈਂ ਕਹਿਣੀ ਆਂ ਤੂੰ ਚੁੱਪ ਕਿਉਂ ਨਹੀਂ ਕਰਦੀ ਡਿੰਪਲ?” ਅਰਸ਼ੀ ਬੀਜੀ ਦੇ ਕਮਰੇ ਦੀਆਂ ਦਹਿਲੀਜ਼ਾਂ ‘ਚ ਖਲੋਤੀ ਡਿੰਪਲ ਤੇ ਵਰ ਰਹੀ ਸੀ।
ਅਸਾਂ ਦੋਨਾਂ ਨੇ ਅਰਸ਼ੀ ਨੂੰ ਬੁੱਲ ‘ਤੇ ਉਂਗਲੀ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਸੀ।
“ਬੋਲਾਂਗੀ, ਬੋਲਾਂਗੀ, ਤੈਨੂੰ ਕੀ…।” ਡਿੰਪਲ ਸੀ।
“ਮੇਰਾ ਕੱਲ ਪੇਪਰ ਏ, ਮੈਂ ਨਹੀਂ ਬੋਲਨ ਦੇਵਾਂਗੀ।” “ਬੋਲਾਂਗੀ, ਬੋਲਾਂਗੀ, ਇੱਕ ਵਾਰ ਛੱਡ ਸੌ ਵਾਰ ਬੋਲਾਂਗੀ…।” ਡਿੰਪਲ ਕਾਫੀ ਗੁਸਤਾਖ਼ੀ ਨਾਲ਼ ਬੋਲ ਰਹੀ ਸੀ।
“ਨਹੀਂ ਬੋਲਣ ਦਿਆਂਗੀ, ਨਹੀਂ ਬੋਲਣ ਦਿਆਂਗੀ…।” ਅਰਸ਼ੀ ਉਸ ਤੋਂ ਵੀ ਉੱਚੀ ਉੱਚੀ ਗੜਕ ਰਹੀ ਸੀ।
“ਧੀਏ ਅਸੀਂ ਨਹੀਂ ਬੋਲਦੇ, ਤੂੰ ਗਲ ਕਿਉਂ ਪਈ ਪਈਨੀ ਏਂ…।” ਬੀਜੀ ਨੇ ਕੁਝ ਕੁਝ ਸ਼ਰਮਿੰਦਗੀ ਤੇ ਕੁਝ ਤਲਖੀ ਨਾਂਲ਼ ਕਿਹਾ ਸੀ।
“ਬੀਜੀ ਮੇਰਾ ਕੱਲ ਪੇਪਰ ਏ, ਤੁਸੀ ਜ਼ਰਾ ਹੌਲੀ ਬੋਲਿਆ ਕਰੋ…।”
“ਧੀਏ ਅਸੀਂ ਨਹੀਂ ਬੋਲਦੇ।”
“ਤੂੰ ਕੋਣ ਹੁੰਨੀ ਏ ਬੀਜੀ ‘ਤੇ ਰੋਅਬ ਪਾਉਣ ਵਾਲ਼ੀ?” ਡਿੰਪਲ ਅਰਸ਼ੀ ‘ਤੇ ਵਰ ਰਹੀ ਸੀ।
“ਸ਼ਟ ਅਪ ਬੋਥ ਆਫ ਯੂ…।” ਮੈਂ ਦੋਨਾਂ ਵੱਲ ਕਹਿਰੀ ਨਜ਼ਰੇ ਵੇਖਦਿਆਂ ਕਿਹਾ ਸੀ। ਅਰਸ਼ੀ ਅਜੀਬ ਜਿਹੀਆਂ ਗੁਸੈਲ ਨਜ਼ਰਾਂ ਨਾਲ਼ ਮੇਰੇ ਵੱਲ ਵੇਖਦੀ ਹੋਈ ਆਪਣੇ ਕਮਰੇ ‘ਚ ਚਲੀ ਗਈ ਸੀ।
ਡਿੰਪਲ ਦਰਵਾਜ਼ੇ ‘ਚ ਖਲੋਤੀ ਰਹੀ ਸੀ।
+++
ਫਰਮ ਦੇ ਟੂਰ ਤੋਂ ਦਸੀਂ ਦਿਨੀ ਵਾਪਸ ਆਇਆ ਤਾਂ ਸਮਾਨ ਰੱਖ ਕੇ ਸਿੱਧਾ ਬੀਜੀ ਦੇ ਕਮਰੇ ‘ਚ ਵੜ ਗਿਆ ਸਾਂ। ਮੱਥਾ ਟੇਕਣ ਤੇ ਉਹਨਾਂ ਉੱਠਕੇ ਮੈਨੂੰ ਜੱਫੀ ਪਾ ਲਈ ਸੀ। ਕਿੰਨਾ ਚਿਰ ਹੀ ਉਹਨਾਂ ਦਾ ਹੱਥ ਮੇਰੀ ਕੰਡ ‘ਤੇ ਥਰ-ਥਰਾਂਦਾ ਰਿਹਾ ਸੀ। ਛਾਤੀ ਮੇਰੀ ਉਹਨਾ ਦੀ ਹਿੱਕ ਨਾਲ਼ ਲੱਗੀ ਧੜਕ ਰਹੀ ਸੀ। … ਮੈਂ ਇੱਕ ਦਮ ਉਹਨਾਂ ਦਾ ਛੋਟਾ ਜੱਸੀ ਬਣ ਗਿਆ ਸਾਂ, ਜੋ ਉਹਨਾਂ ਨੂੰ ਉਦਾਸ ਵੇਖਕੇ ਉਦਾਸ ਹੋ ਜਾਇਆ ਕਰਦਾ ਸਾਂ। ਉਹਨਾਂ ਨੂੰ ਪਿਤਾ ਜੀ ਦੀ ਤਸਵੀਰ ਅੱਗੇ ਖਲੋਅ ਕੇ ਰੋਂਦਿਆਂ ਵੇਖ, ਕਿੰਨਾ, ਕਿੰਨਾ ਚਿਰ ਸੌਣ ਦਾ ਬਹਾਨਾ ਕਰਕੇ ਚਾਦਰ ਮੂੰਹ ‘ਤੇ ਲੈ ਕੇ ਰੋਂਦਾ ਰਹਿੰਦਾ ਸਾਂ, ਫਿਰ ਬੀਜੀ ਪਤਾ ਨਹੀਂ ਕਿਵੇਂ ਜਾਣ ਜਾਂਦੇ, ਮੈਨੂੰ ਉਠਾ ਕੇ ਛਾਤੀ ਨਾਲ਼ ਘੁੱਟ ਲੈਂਦੇ। ਉਹਨਾਂ ਦੀ ਛਾਤੀ ਨਾਲ਼ ਲੱਗਾ ਹੋਇਆ ਵੀ ਮੈਂ ਹਿਚਕੀਆਂ ਭਰਤਾ ਰਹਿੰਦਾ…।
ਜੱਫੀ ਪਈ ਪੁਆਈ ਅਸੀਂ ਬੈੱਡ ‘ਤੇ ਬੈਠ ਗਏ ਸਾਂ… ਦਰਵਾਜ਼ੇ ‘ਚ ਖਲੋਤੀ ਪਤਨੀ ਵੇਖਦਿਆਂ ਸਾਰ ਪਰਾਂ ਹਟ ਗਈ ਸੀ। ਯਕਦਮ ਮੈਨੂੰ ਜਾਪਿਆ ਸੀ, ਬੀਜੀ ਜਿਵੇਂ ਕੰਬ ਰਹੇ ਹੋਣ। ਉਹਨਾ ਦਾ ਚਿਹਰਾ ਅੱਗੇ ਨਾਲੋਂ ਪੀਲਾ ਪੈ ਗਿਆ ਸੀ। ਉਹ ਕਾਫੀ ਮਾੜੇ ਤੇ ਮੁਰਝਾਏ ਹੋਏ ਸਨ।
ਬੀਜੀ ਹੁਣ ਕੁਝ ਸੰਭਲ ਚੁੱਕੇ ਸਨ। ਸਾਹਮਣੀ ਕੁਰਸੀ ‘ਤੇ ਬੈਠਾ ਮੈਂ ਹਾਲੀ ਵੀ ਉਹਨਾਂ ਬਾਰੇ ਸੋਚੀ ਜਾ ਰਿਹਾ ਸਾਂ। ਅਖਰ ਉਹਨਾਂ ਨੂੰ ਕੀ ਹੁੰਦਾ ਜਾ ਰਿਹਾ ਸੀ? ਪਤਨੀ ਨੇ ਚਾਹ ਉੱਥੇ ਹੀ ਭੇਜ ਦਿੱਤੀ ਸੀ। ਚਾਹ ਦੀਆਂ ਨਿੱਕੀਆਂ ਨਿੱਕੀਆਂ ਚੁਸਕੀਆਂ ਭਰਦਿਆਂ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਰਦੇ ਜਾ ਰਹੇ ਸਾਂ… ਬਚਪਣੇ ਦੀਆਂ… ਫਜ਼ੂਲ…ਨਿਰਅਰਥਕ… ਪਰ ਇੱਕ ਅਜੀਬ ਜਿਹਾ ਸਕੂਨ ਦੇਂਦੀਆਂ ਹੋਈਆਂ… ਸੋਚ ਰਿਹਾ ਸਾਂ ਪਤਨੀ ਹੁਣੇ ਆਪਣਾ ਚਾਹ ਦਾ ਪਿਆਲਾ ਲਈ ਸਾਡੇ ਕੋਲ ਆ ਬੈਠੇਗੀ ਪਰ ਉਹ ਨਹੀਂ ਸੀ ਆਈ। ਕੁਝ ਚਿਰ ਉਡੀਕਣ ਬਾਅਦ ਮੈਂ ਪਤਨੀ ਦੇ ਕਮਰੇ ‘ਚ ਚਲਿਆ ਗਿਆ ਸਾਂ। ਉਹ ਬੈੱਡ ‘ਤੇ ਸਿੱਧੀ ਲੇਟੀ ਛੱਤ ਵੱਲ ਤੱਕੀ ਜਾ ਰਹੀ ਸੀ।
“ਬਿਮਾਰ ਤਾਂ ਨਹੀਂ ਤੂੰ?” ਪਤਨੀ ਦਾ ਲੱਥਾ ਹੋਇਆ ਚਿਹਰਾ ਵੇਖ, ਉਹਦੇ ਕੋਲ ਬੈਠਦਿਆਂ ਮੈਂ ਪੁੱਛਿਆ ਸੀ।
“ਨਹੀਂ ਮੈਂ ਤੇ ਚੰਗੀ ਭਲੀ ਆਂ…।” ਉਹਨੇ ਕੁਝ ਨਿਹੋਰੇ ਜਿਹੇ ਨਾਲ਼ ਕਿਹਾ ਸੀ।
ਕੁਝ ਚਿਰ ਚੁੱਪ ਅਸੀ ਇੱਕ ਦੂਜੇ ਵੱਲ ਤੱਕਦੇ ਰਹੇ ਸਾਂ।
“ਕੀ ਕਰਨ ਚੱਲੀ ਏਂ?” ਉੱਠ ਕੇ ਬਾਹਰ ਜਾਣ ਲੱਗੀ ਨੂੰ ਮੈਂ ਬਾਂਹ ਤੋਂ ਫੜਦਿਆਂ ਕਿਹਾ ਸੀ।
“ਓਹੋ ਜਾਣ ਵੀ ਦਿਓ ਤੁਹਾਡੇ ਨਹਾਉਣ ਜੋਗਾ ਪਾਣੀ ਗਰਮ ਕਰਨਾ ਏਂ, ਥੱਕ ਕੇ ਆਏ ਓ…।” ਉਹਦੀ ਅਵਾਜ਼ ਨਰਾਜ਼ਗੀ ਭਰੀ ਸੀ।
“ਹੋ ਜਾਏਗਾ ਪਾਣੀ ਵੀ ਗਰਮ…।” ਉਹਨੂੰ ਆਪਣੇ ਵੱਲ ਖਿੱਚਦਿਆਂ ਮੈਂ ਕਿਹਾ ਸੀ।
“ਉਫ਼ ਜਾਣ ਵੀ ਦਿਓ ਮੈਨੂੰ…।”
“ਤੂੰ ਨਰਾਜ਼ ਏ ਮੇਰੇ ਨਾਲ਼?” ਉਹ ਦੀਆਂ ਅੱਖਾਂ ‘ਚ ਤੱਕਦਿਆਂ ਮੈਂ ਪੁੱਛਿਆ ਸੀ।
“ਨਹੀਂ ਤਾਂ…।”
“ਫਿਰ!” ਮੈਂ ਉਹਦੇ ਹੋਰ ਨੇੜੇ ਸਰਕ ਆਇਆ ਸਾਂ।
“ਪਹਿਲਾਂ ਨਹਾ ਲਵੋ, ਵੇਖੋ ਤਾਂ ਸਹੀ ਹਾਲ ਕੀ ਬਣਿਆ ਹੋਇਆ ਏ?” ਉਹ ਬਾਂਹ ਛੁਡਾ ਕੇ ਕਮਰੇ ‘ਚੋਂ ਬਾਹਰ ਨਿਕਲ ਗਈ ਸੀ।
+++
ਕਮਰੇ ‘ਚ ਜਾਂਦਾ ਜਾਂਦਾ ਠਿਠਕ ਕੇ ਖਲੋਅ ਗਿਆ ਸਾਂ। ਡਿੰਪਲ ਸੋਫੇ ਤੇ ਮੂਧੀ ਪਈ ਰੋ ਰਹੀ ਸੀ। ਉਹਦੇ ਹੱਥ ‘ਚ ਇੱਕ ਕਾਗਜ਼ ਕੰਬ ਰਿਹਾ ਸੀ ਤੇ ਮੱਥੇ ‘ਤੇ ਤੇਰਲੀਆਂ ਸਨ। ਕੋਈ ਗੱਲ ਤਾਂ ਜਰੂਰ ਸੀ। ਮਾਵਾਂ ਧੀਆਂ ਦਾ ਮਾਮਲਾ ਸੀ। ਦਖ਼ਲ ਦੇਣਾ ਵਾਜਬ ਨਹੀਂ ਸੀ ਸਮਝਿਆ। ਉਂਞ ਵੀ ਸਾਡੇ ਘਰ ਦੇ ਡਸਿੱਪਲਿਨ ਨੂੰ ਕਾਇਮ ਰੱਖਣ ਖਾਤਰ ਇੱਕ ਚੁੱਪ ਸਮਝੌਤਾ ਸੀ। ਅਵਲ ਤਾਂ ਬੱਚਿਆਂ ਨੂੰ ਮਾਰਨ ਝਿੜਕਣ ਦੀ ਕਦੇ ਨੌਬਤ ਹੀ ਨਹੀਂ ਸੀ ਆਈ ਤੇ ਅਸੀਂ ਦੋਵੇਂ ਇਸ ਚੀਜ਼ ਨੂੰ ਠੀਕ ਵੀ ਨਹੀਂ ਸਾਂ ਸਮਝਦੇ। ਇਸ ਚੁੱਪ ਸਮਝੌਤੇ ਦੀ ਪਵਿਤਰਤਾ ਨੂੰ ਸਾਰੇ ਜੀਅ ਮੰਨਦੇ ਹੋਏ ਅਸੀਂ ਸਖਸੀਅਤ ਦਾ ਆਦਰ ਕਰਨ ਦੇ ਧਾਰਨੀ ਬਣ ਗਏ ਸਾਂ।- “ਦੇਖ ਡਿੰਪਲ ਮੈਂ ਇਹ ਬਰਦਾਸ਼ਤ ਨਹੀਂ ਕਰਾਂਗੀ।” ਪਤਨੀ ਕਹਿ ਰਹੀ ਸੀ।
“…”
“ਪੜੇ ਬਗੈਰ ਨੰਬਰ ਆਉਣ ਵੀ ਕਿਵੇਂ?”
“…”
“ਜਦੋਂ ਵੇਖੋ ਬੀਜੀ ਕੋਲ ਬੈਠੀ ਸਾਖੀਆਂ ਸੁਣਦੀ… ਪੜੇ ਬਗੈਰ ਗੁਜ਼ਾਰਾ ਹੋਣਾ…?”
ਮੱਥਾ ਫੜਕੇ ਬੈਠ ਗਿਆਂ ਸਾਂ…।
ਦੂਜੇ ਕਮਰੇ ‘ਚੋਂ ਡਿੰਪਲ ਦੀ ਹੁਬਕੀਆਂ ਦੀ ਅਵਾਜ਼ ਆ ਰਹੀ ਸੀ।
“ਤੁਸੀ ਆ ਗਏ ਹੋਏ ਓ… ਮੈਂ ਵੇਖਿਆ ਈ ਨਹੀਂ ਤੁਹਾਨੂੰ… ਅਸਲ ‘ਚ ਆਹ ਡਿੰਪਲ ਦੀ ਬੱਚੀ…।” ਕੁਝ ਚਿਰ ਬਾਅਦ ਪਤਨੀ ਨੇ ਮੇਰੇ ਕਮਰੇ ‘ਚ ਦਾਖਲ ਹੁੰਦਿਆਂ ਕਿਹਾ ਸੀ।
“ਸਿਰਦਰਦ ਹੁੰਦੀ ਜੇ…?” ਮੈਨੂੰ ਹੱਥ ‘ਚ ਸਿਰ ਫੜੀ ਵੇਖ ਉਹਨੇ ਆਖਿਆ ਸੀ।
“ਕੁਝ ਤਬੀਅਤ ਜਿਹੀ ਠੀਕ ਨਹੀਂ…।” ਮੈਂ ਝੂਠ ਬੋਲਿਆ ਸੀ।
“ਕੋਈ ਟੇਬਲਿਟ ਲੈ ਲਓ।” ਉਹ ਉੱਠੀ ਤੇ ਇੱਕ ਗੋਲੀ ਤਲੀ ‘ਤੇ ਧਰ ਲਿਆਈ ਸੀ।
ਕਿੰਨਾ ਹੀ ਚਿਰ ਮੇਜ਼ ‘ਤੇ ਪਈ ਗੋਲੀ ਤੇ ਪਾਣੀ ਦੇ ਗਿਲਾਸ ਨੂੰ ਮੈਂ ਘੂਰਦਾ ਰਿਹਾ ਸਾਂ।
“ਡਿੰਪਲ ਦੀ ਰਿਪੋਰਟ ਦੇਖੋ, ਕਿੰਨੀ ਪੂਆਰ ਏ।” ਮੇਰੇ ਹੱਥ ‘ਚ ਕਹਗਜ਼ ਥਮਾਦਿਆਂ ਆਖਰ ਉਹਨੇ ਕਹਿ ਹੀ ਦਿੱਤਾ ਸੀ। ਰਿਪੋਰਟ ਨੂੰ ਸਰਸਰੀ ਨਜ਼ਰੇ ਵੇਖਦਿਆਂ ਹੋਇਆਂ ਮੈਂ ਮੇਜ਼ ‘ਤੇ ਰੱਖ ਦਿੱਤਾ ਸੀ।
“ਤੁਸੀਂ ਏਨੇ ਚੁੱਪ ਚੁੱਪ ਕਿਉਂ ਰਹਿੰਦੇ ਓ?” ਪਤਨੀ ਨੇ ਮੇਰੀਆਂ ਅੱਖੀਆਂ ‘ਚ ਤੱਕਦਿਆਂ ਕਿਹਾ ਸੀ।
“ਕੁਝ ਵੀ ਤਾਂ ਨਹੀਂ।” ਮੈਂ ਕੁਰਸੀ ‘ਚ ਸਿੱਧੀ ਤਰਾਂ ਹੋ ਕੇ ਬੈਠਦਿਆਂ ਮੁਸਕਰਾਣ ਦਾ ਯਤਨ ਕੀਤਾ ਸੀ।
“ਤੁਹਾਨੂੰ ਹੁੰਦਾ ਕੀ ਜਾਂਦਾ ਏ?”
“ਮੈਨੂੰ ਕੀ ਹੋਣਾ?” ਕੋਲ ਪਿਆ ਮੈਗਜ਼ੀਨ ਫੜਦਿਆਂ ਮੈਂ ਕਿਹਾ ਸੀ।
“ਨਰਾਜ਼ ਓ, ਮੇਰੇ ਨਾਲ਼।” ਪਤਨੀ ਨੇ ਮੁਸਕਰਾਓਣ ਦਾ ਯਤਨ ਕਰਦਿਆਂ ਕਿਹਾ ਸੀ।
“ਨਹੀਂ ਤਾਂ…।”
“ਨਹੀਂ, ਤੁਸੀਂ ਮੇਰੇ ਨਾਲ਼ ਓਦਨ ਦੇ ਨਰਾਜ਼ ਓ…?”
ਪਤਨੀ ਨੇ ਮੇਰੀਆਂ ਅੱਖੀਆਂ ‘ਚ ਝਾਕਦਿਆਂ ਕਿਹਾ ਸੀ, “ਤੈਨੂੰ ਗਲਤ ਫਹਿਮੀ ਏਂ…।” ਪਤਨੀ ਨੇ ਕੇਵਲ ਮੇਰੇ ਵੱਲ ਵੇਖਿਆ ਸੀ। ਮੇਰੀਆਂ ਅੱਖੀਆਂ ਝੁਕ ਗਈਆਂ ਸਨ।
+++
ਕਈ ਦਿਨਾ ਤੋਂ ਬੀਜੀ ਦੇ ਕਮਰੇ ‘ਚੋਂ ਹੁਣ ਪਾਠ ਕਰਨ ਦੀ ਅਵਾਜ਼ ਨਹੀਂ ਸੀ ਆਉਂਦੀ। ਉਹ ਬਹੁਤਾ ਆਪਣੇ ਕਮਰੇ ‘ਚ ਹੀ ਵੜੇ ਰਹਿੰਦੇ, ਅਜ਼ੀਬ ਜਿਹੀਆਂ ਨਜ਼ਰਾਂ ਨਾਲ਼ ਆਉਂਦਿਆਂ ਜਾਂਦਿਆਂ ਵੱਲ ਟਾਕਦੇ ਰਹਿੰਦੇ। ਬਾਰ ਬਾਰ ਕਹਿਣ ‘ਤੇ ਵੀ ਕੱਪੜੇ ਨਾ ਬਦਲਦੇ।
ਓਦਨ ਸਵੇਰੇ ਉਹ ਕਮਰੇ ‘ਚੋਂ ਨਿਕਲੇ ਤਾਂ ਮੈਨੂੰ ਉਨਾਂ ਦੇ ਕਦਮ ਲੜਖੜਾਉਂਦੇ ਜਿਹੇ ਲੱਗੇ। ਕੁਝ ਤਸ਼ਵੀਸ਼ ਜਿਹੀ ਹੋਈ। ਆਫਿਸ ਜਾਣ ਤੋਂ ਪਹਿਲਾਂ ਉਹਨਾਂ ਦੇ ਕਮਰੇ ‘ਚ ਗਿਆ ਸਾਂ। ਅੱਖਾਂ ਮੀਟੀ, ਉਹ ਮੂੰਹ ‘ਚ ਕੁਝ ਬੋਲੀ ਜਾ ਰਹੇ ਸਨ। ਮੇਰੇ ਕਮਰੇ ‘ਚ ਆਉਣ ਤੱਕ ਦਾ ਅਹਿਸਾ ਵੀ ਸ਼ਾਇਦ ਉਹਨਾਂ ਨੂੰ ਨਹੀਂ ਸੀ ਹੋਇਆ।
“ਬੀਜੀ!” ਆਇਸਤਾ ਜਿਹੇ ਉਹਨਾ ਦੇ ਮੋਢੇ ਤੇ ਹੱਥ ਰੱਖਦਿਆਂ ਮੈਂ ਕਿਹਾ ਸੀ।
“ਤੁਸੀ ਕੁਝ ਢਿੱਲੇ ਤਾਂ ਨਹੀਂ।”
“ਚੰਗੀ ਭਲੀ ਆਂ, ਕੀ ਏ ਮਈਨੂੰ?” ਕੁਝ ਸੱਖੜ ਹੁੰਦਿਆਂ ਉਹਨਾਂ ਨਿਹੋਰੇ ਨਾਲ਼ ਕਿਹਾ ਸੀ।
“… ਤੁਸੀਂ ਤਾਂ ਡਿੱਗਣ ਲੱਗੇ ਸਾਓ।”
“ਚੱਕਰ ਜਿਹਾ ਆ ਗਿਆ ਸੀ।”
ਇਸ ਤੋਂ ਵੱਧ ਸ਼ਾਇਦ ਪੁੱਛਣ ਲਈ ਕੁਝ ਨਹੀਂ ਸੀ…।
+++
ਡਰਾਇੰਗ ਰੂਮ ‘ਚੋਂ ਕਹਿਕਿਆਂ ਦੀ ਅਵਾਜ਼ ਆ ਰਹੀ ਸੀ। ਪਤਨੀ ਦੀਆਂ ਕੁਲੀਗਜ਼ ਸਨ। ਪਤਨੀ ਨੇ ਇੱਕ ਛੋਟੀ ਜਿਹੀ ਫੇਅਰਵੈੱਲ ਪਾਰਟੀ ਦੇ ਜੱਖੀ ਸੀ। ਇੱਕ ਕੁਲੀਗ ਜਾ ਰਹੀ ਸੀ। ਖਾਣ ਪੀਣ ਦਾ ਸੁਹਣਾ ਇੰਤਜ਼ਾਮ ਸੀ। ਪਤਨੀ ਨੇ ਮੈਨੂੰ ਕੁਝ ਜਲਦੀ ਆਉਣ ਲਈ ਕਿਹਾ ਹੋਇਆ ਸੀ।
“ਚੰਗਾ ਹੋਇਆ ਤੁਸੀਂ ਆ ਗਏ।” ਮੇਰੇ ਅੰਦਰ ਆਉਣ ਤੇ ਸਰਲਾ ਨੇ ਕਿਹਾ ਸੀ।
“ਇਹ ਤਾਂ ਮੇਰਾ ਫਰਜ਼ ਸੀ।” ਮੈਂ ਕਿਹਾ ਸੀ।
ਕੁਝ ਚਿਰ ਮੇਰੀ ਫਰਮ ਬਾਰੇ ਮੇਰੇ ਗਰੇਡ ਬਾਰੇ ਗੱਲਾਂ ਹੁੰਦੀਆਂ ਰਹੀਆਂ ਸਨ। ਫਿਰ ਸਾਡੇ ਨੇਵਂ ਲਿਆਂਦੇ ਫ਼ਰਿੱਜ ਤੋਂ ਤੁਰਦੀਆਂ ਹੋਈਆਂ ਗੱਲਾਂ ਸਾੜੀਆਂ ‘ਤੇ ਆਕੇ ਅਟਕ ਗਈਆਂ ਸਨ…।
ਆਪਣੇ ਕਮਰੇ ‘ਚੋਂ ਨਿਕਲਦੇ ਹੋਏ ਬਿਮਾਰ ਵਾਂਗ ਮਸਾਂ ਮਸਾਂ ਤੁਰਦੇ ਹੋਏ ਬੀਜੀ ਗੈਲ਼ਰੀ ‘ਚੋਂ ਦੀ ਬਾਥਰੂਮ ਨੂੰ ਜਾ ਰਹੇ ਸਨ।
ਸਭ ਔਰਤਾਂ ਅਜੀਬ ਜਿਹੀਆਂ ਨਜ਼ਰਾਂ ਨਾਲ਼ ਬੀਜੀ ਵੱਲ ਵਿਹੰਦਿਆਂ ਹੋਈਆਂ ਇੱਕਦਮ ਜਿਵੇਂ ਚੁੱਪ ਹੋ ਗਈਆਂ ਸਨ।
“ਇਹ ਇਹਨਾਂ ਦੇ ਬੀਜੀ ਨੇ…।” ਮੇਰੇ ਸਾਹਮਣੇ ਕਿਸੇ ਸਹੇਲੀ ਦੇ ਮੂੰਹੋਂ ਅਵੱਲੀ ਜਿਹੀ ਗੱਲ ਨਿਕਲ ਜਾਣ ਦੇ ਡਰੋਂ ਛੇਤੀ ਨਾਲ਼ ਬੀਜੀ ਵੱਲ ਇਸ਼ਾਰਾ ਕਰਦਿਆਂ ਮੇਰੀ ਪਤਨੀ ਨੇ ਕਿਹਾ ਸੀ।
ਸਭ ਔਰਤਾਂ ਨੇ ਇੱਕ ਵਾਰ ਫਿਰ ਬੀਜੀ ਵੱਲ ਵਿਹੰਦਿਆਂ ਹੋਇਆਂ ਇੱਕ ਦੂਜੀ ਵਲ ਵੇਖਿਆ ਸੀ। ਮੇਰੇ ਲਈ ਹੁਣ ਉੱਥੇ ਹੋਰ ਬੈਠਣਾ ਮੁਸ਼ਕਿਲ ਸੀ। ਉੱਠ ਕੇ ਆਪਣੇ ਕਮਰੇ ਵੱਲ ਤੁਰ ਪਿਆਂ ਸਾਂ। ਗੈਲਰੀ ‘ਚ ਬੈਠੀ ਪੜ ਰਹੀ ਡਿੰਪਲ ਨੇ ਮੇਰੇ ਕੋਲੋਂ ਦੀ ਲੰਘਣ ‘ਤੇ ਵੀ ਅੱਖਾਂ ਨਹੀਂ ਸਨ ਚੁੱਕੀਆਂ। ਘਰੋਂ ਨਿਕਲ ਮੈਂ ਕਿਸੇ ਦੋਸਤ ਦੇ ਘਰ ਚਲਾ ਗਿਆਂ ਸਾਂ।
ਡਰਾਇੰਗ ਰੂਮ ‘ਚੋਂ ਕਹਿਕਿਆਂ ਦੀ ਅਵਾਜ਼ ਆ ਰਹੀ ਸੀ। ਪਤਨੀ ਦੀਆਂ ਕੁਲੀਗਜ਼ ਸਨ। ਪਤਨੀ ਨੇ ਇੱਕ ਛੋਟੀ ਜਿਹੀ ਫੇਅਰਵੈੱਲ ਪਾਰਟੀ ਦੇ ਜੱਖੀ ਸੀ। ਇੱਕ ਕੁਲੀਗ ਜਾ ਰਹੀ ਸੀ। ਖਾਣ ਪੀਣ ਦਾ ਸੁਹਣਾ ਇੰਤਜ਼ਾਮ ਸੀ। ਪਤਨੀ ਨੇ ਮੈਨੂੰ ਕੁਝ ਜਲਦੀ ਆਉਣ ਲਈ ਕਿਹਾ ਹੋਇਆ ਸੀ।
“ਚੰਗਾ ਹੋਇਆ ਤੁਸੀਂ ਆ ਗਏ।” ਮੇਰੇ ਅੰਦਰ ਆਉਣ ਤੇ ਸਰਲਾ ਨੇ ਕਿਹਾ ਸੀ।
“ਇਹ ਤਾਂ ਮੇਰਾ ਫਰਜ਼ ਸੀ।” ਮੈਂ ਕਿਹਾ ਸੀ।
ਕੁਝ ਚਿਰ ਮੇਰੀ ਫਰਮ ਬਾਰੇ ਮੇਰੇ ਗਰੇਡ ਬਾਰੇ ਗੱਲਾਂ ਹੁੰਦੀਆਂ ਰਹੀਆਂ ਸਨ। ਫਿਰ ਸਾਡੇ ਨੇਵਂ ਲਿਆਂਦੇ ਫ਼ਰਿੱਜ ਤੋਂ ਤੁਰਦੀਆਂ ਹੋਈਆਂ ਗੱਲਾਂ ਸਾੜੀਆਂ ‘ਤੇ ਆਕੇ ਅਟਕ ਗਈਆਂ ਸਨ…।
ਆਪਣੇ ਕਮਰੇ ‘ਚੋਂ ਨਿਕਲਦੇ ਹੋਏ ਬਿਮਾਰ ਵਾਂਗ ਮਸਾਂ ਮਸਾਂ ਤੁਰਦੇ ਹੋਏ ਬੀਜੀ ਗੈਲ਼ਰੀ ‘ਚੋਂ ਦੀ ਬਾਥਰੂਮ ਨੂੰ ਜਾ ਰਹੇ ਸਨ।
ਸਭ ਔਰਤਾਂ ਅਜੀਬ ਜਿਹੀਆਂ ਨਜ਼ਰਾਂ ਨਾਲ਼ ਬੀਜੀ ਵੱਲ ਵਿਹੰਦਿਆਂ ਹੋਈਆਂ ਇੱਕਦਮ ਜਿਵੇਂ ਚੁੱਪ ਹੋ ਗਈਆਂ ਸਨ।
“ਇਹ ਇਹਨਾਂ ਦੇ ਬੀਜੀ ਨੇ…।” ਮੇਰੇ ਸਾਹਮਣੇ ਕਿਸੇ ਸਹੇਲੀ ਦੇ ਮੂੰਹੋਂ ਅਵੱਲੀ ਜਿਹੀ ਗੱਲ ਨਿਕਲ ਜਾਣ ਦੇ ਡਰੋਂ ਛੇਤੀ ਨਾਲ਼ ਬੀਜੀ ਵੱਲ ਇਸ਼ਾਰਾ ਕਰਦਿਆਂ ਮੇਰੀ ਪਤਨੀ ਨੇ ਕਿਹਾ ਸੀ।
ਸਭ ਔਰਤਾਂ ਨੇ ਇੱਕ ਵਾਰ ਫਿਰ ਬੀਜੀ ਵੱਲ ਵਿਹੰਦਿਆਂ ਹੋਇਆਂ ਇੱਕ ਦੂਜੀ ਵਲ ਵੇਖਿਆ ਸੀ। ਮੇਰੇ ਲਈ ਹੁਣ ਉੱਥੇ ਹੋਰ ਬੈਠਣਾ ਮੁਸ਼ਕਿਲ ਸੀ। ਉੱਠ ਕੇ ਆਪਣੇ ਕਮਰੇ ਵੱਲ ਤੁਰ ਪਿਆਂ ਸਾਂ। ਗੈਲਰੀ ‘ਚ ਬੈਠੀ ਪੜ ਰਹੀ ਡਿੰਪਲ ਨੇ ਮੇਰੇ ਕੋਲੋਂ ਦੀ ਲੰਘਣ ‘ਤੇ ਵੀ ਅੱਖਾਂ ਨਹੀਂ ਸਨ ਚੁੱਕੀਆਂ। ਘਰੋਂ ਨਿਕਲ ਮੈਂ ਕਿਸੇ ਦੋਸਤ ਦੇ ਘਰ ਚਲਾ ਗਿਆਂ ਸਾਂ।
+++
ਬਾਹਰੋ ਆ ਕੇ ਅਜੇ ਕੱਪੜੇ ਬਦਲ ਕੇ ਬੈਠਾ ਹੀ ਸਾਂ ਕਿ ਪਤਨੀ ਆ ਗਈ ਸੀ।
“ਪਾਰਟੀ ਚੰਗੀ ਰਹਿ ਗਈ, ਕੁਝ ਚੀਜ਼ਾਂ ਬਜ਼ਾਰੋਂ ਮੰਗਵਾ ਲਈਆਂ ਸਨ, ਪਕੌੜੇ ਘਰੇ ਕੱਢ ਲਏ ਸਨ…।” ਉਹ ਖੁਸ਼ ਲੱਗ ਰਹੀ ਸੀ।
“ਕਦੀ ਕਦਾਈ ਮਿਲ ਬੈਠ ਕੇ ਖਾਣ ‘ਚ ਕਿੰਨਾ ਮਜ਼ਾ ਆਉਂਦਾ ਏ…।”
“ਹੂੰ।” ਮੇਰਾ ਸੰਖੇਪ ਜਿਹਾ ਉੱਤਰ ਸੀ।
“ਤੁਹਾਨੂੰ ਕਿਸ ਗੱਲ ਦਾ ਗੁੱਸਾ ਏ ਮੇਰੇ ਤੇ…।”
“ਬੋਲਦੇ ਕਿਉਂ ਨਹੀਂ?”
“ਬੋਲਾਂ ਕੀ?” ਵੇਖਦੀ ਨਹੀਂ ਬੀਜੀ ਦਾ ਹਾਲ ਕੀ ਬਣਿਆ ਹੋਇਆ ਏ?” ਕੁਝ ਨਾ ਕਹਿਣਾ ਚਹੁੰਦਿਆਂ ਵੀ ਮੇਰੇ ਮੂੰਹੋਂ ਨਿਕਲ ਗਿਆ ਸੀ।
ਖ਼ਲੀ ਖਲੋਤੀ ਪਤਨੀ ਜਿਵੇਂ ਥਾਏ ਜੰਮ ਗਈ ਸੀ। ਚੁੱਪ ਚਾਪ ਮੈਂ ਉੱਠਕੇ ਸਟੱਡੀ ਵੱਲ ਤੁਰ ਪਿਆ ਸਾਂ। ਗੈਲਰੀ ‘ਚ ਬੈਠੀ ਡਿੰਪਲ ਹਾਲੇ ਵੀ ਸਿਰ ਝੁਕਾਈ ਪੜ ਰਹੀ ਸੀ।
+++
ਬੀਜੀ ਚੁੱਪ ਚਾਪ ਆਪਣੇ ਕਮਰੇ ‘ਚ ਬੈਠੇ ਮਾਲਾ ਫੇਰ ਰਹੇ ਸਨ। ਪਤਨੀ ਮੇਰੇ ਤੋਂ ਪਹਿਲਾਂ ਹੀ ਆ ਗਈ ਸੀ। ਸਟੱਡੀ ‘ਚ ਬੈਠਾ ਮੈਂ ਡਾਕ ਫ਼ੋਲ ਰਿਹਾ ਸਾਂ। ਗੈਲਰੀ ‘ਚ ਬੈਠੀ ਡਿੰਪਲ ਸੁੰਨ ਮੁੰਨ ਜਿਹੀ ਹੋਈ ਸਿਰ ਝੁਕਾਈ ਪੜ ਰਹੀ ਸੀ।
“ਇਸ ਘਰ ‘ਚ ਮੈਂ ਤੇਰੀ ਨਹੀਂ ਚੱਲਣ ਦਿਆਂਗੀ।” ਅਚਾਨਕ ਸਾਹਮਣੇ ਫਲੈਟ ‘ਚੋਂ ਇੱਕ ਤਿੱਖੀ ਤੇ ਚਿਲਕਵੀਂ ਅਵਾਜ਼ ਵਾਤਾਵਰਨ ਨੂੰ ਚੀਰਦੀ ਹੋਈ ਲੰਘ ਗਈ ਸੀ।
“ਇਹ ਘਰ ਤੂੰ ਪਿੱਛੋਂ ਨਹੀਂ ਲਿਆਂਦਾ…।” ਦੂਜੀ ਅਵਾਜ਼ ਓਦੋਂ ਵੀ ਉੱਚੀ ਪਰ ਥਿੜਕਵੀਂ ਸੀ।
“ਮੈਂ ਕਹਿਣੀ ਆਂ, ਇਸ ਘਰ ‘ਚ ਤੇਰੀ ਨਹੀਂ ਚੱਲ ਸਕਦੀ…।”
“ਮੇਰੇ ਪੁੱਤਰ ਦਾ ਘਰ ਏ…।”
“ਹੁਣ ਇਹ ਘਰ ਮੇਰਾ ਏ।”
“ਤੂੰ ਕੋਣ ਹੁੰਨੀ ਏ ਘਰ-ਵਾਲੀ?”
“ਨੀਂ ਮੈਂ ਤੇਰੇ ਖਸਮ ਦੀ ਮਾਂ…।”
“ਨਾ ਮਰਦੀ ਏ, ਨਾ ਮਗਰੋਂ ਲਹਿੰਦੀ ਏ…।”
“ਤੂੰ ਮਰ, ਮੌਤ ਤਈਨੂੰ ਨਹੀਂ ਆਉਂਦੀ।”
“ਤੂੰ ਮਰ…।”
“ਤੂੰ ਮਰ…।”
“ਤੂੰ ਮੈਨੂੰ ਕਾਸੇ ਜੋਗਾ ਨਹੀਂ ਛੱਡਿਆ ਚੁੜੇਲੇ…।” ਮਰਦ ਆਪਣੀ ਪਤਨੀ ‘ਤੇ ਚੀਕਿਆ ਸੀ।
“ਫਿਰ ਰੰਨ ਕਿਵੁਂ ਵਿਆਹੁਣੀ ਸੀ, ਮਾਂ ਈ ਬਥੇਰੀ ਸੀ…।”
ਸੁਣਕੇ ਕਲੇਜਾ ਲਰਜ਼ ਗਿਆ ਸੀ। ਕਮਰੇ ‘ਚੋਂ ਉੱਠਕੇ ਮੈਂ ਬਾਹਰ ਆ ਖਲੋਤਾ ਸਾਂ। ਵੇਖਿਆ ਪਤਨੀ ਬਾਹਰ ਖਲੋਤੀ ਸੀ…।
“ਮੈਂ ਤੇਰੀ ਜ਼ਬਾਨ ਵੱਢ ਸੁੱਟਣੀ ਏ…।” ਪਤੀ ਕੜਕਿਆ ਸੀ।
“ਏਸ ਕੁੱਤੀ ਦੀ ਵੱਢ…।” ਅੱਗੋਂ ਪਤਨੀ ਓਤੋਂ ਵੀ ਉੱਚੀ ਚੀਕੀ ਸੀ।
“ਖਲੋ ਜਾ ਤੈਨੂੰ ਤਾਂ ਮੈਂ ਦਵਾਂ ਮੱਤ…।”
ਧੜੈਂ ਧੜੈਂ ਦੀ ਅਵਾਜ਼ ਆ ਰਹੀ ਸੀ। ਔਰਤ ਬੋਲਣੋ ਨਹੀਂ ਸੀ ਹਟ ਰਹੀ ਮਰਦ ਮਾਰਨੋ ਨਹੀਂ ਸੀ ਹਟ ਰਿਹਾ।
ਹੱਥ ‘ਚ ਕਿਤਾਬਾਂ ਫੜੀ ਹੈਰਾਨ ਹੋਈ ਡਿੰਪਲ ਬਰਾਂਡੇ ‘ਚ ਖੜੀ ਸਾਹਮਣੇ ਤੱਕ ਰਹੀ ਸੀ।
“ਵੇ ਹੁਣ ਮਾਰ ਹੀ ਛੱਡਣਾ ਆਂ…।” ਕੋਲ ਖਲੋਤੀ ਬੁੱਢੀ ਹਫ ਰਹੀ ਸੀ।
“ਬੁੱਢੀਏ ਤੂੰ ਇਹਨੂੰ ਮਰਵਾ ਕੇ ਰਹੇਂਗੀ…।” ਪਤੀ ਪਤਨੀ ਨੂੰ ਕੁੱਟ-ਕੁੱਟ ਕੇ ਹੰਭ ਗਿਆ ਸੀ ਤੇ ਖਿਝ ਗਿਆ ਸੀ।
“ਨਾ ਵੇ ਬੀਬਾ, ਮੇਰੇ ਸਿਰ ਚੜਕੇ ਨਾ ਮਾਰ…।” ਮਾਂ ਪੁੱਤਰ ਅੱਗੇ ਲਿਲੱਕੜੀਆਂ ਕੱਖ ਰਹੀ ਸੀ।
“ਜਾਂ ਇਹ ਰਹੇਗੀ ਇਸ ਘਰ ‘ਚ ਜਾਂ ਮੈਂ…।” ਔਰਤ ਫਿਰ ਚੀਕੀ ਸੀ।
“ਤੂੰ ਕੋਣ ਹੁੰਨੀ ਏ ਇਹਨੂੰ ਕੱਢਣ ਵਾਲੀ?” ਪਤੀ ਕੜਕਿਆ ਸੀ।
“ਇਹ ਕੌਣ ਹੁੰਦੀ ਏ ਮੈਨੂੰ ਹਰ ਵੇਲੇ ਤੰਗ ਕਰਨ ਵਾਲੀ?”
“ਤੁਸਾਂ ਦੋਹਾਂ ਘਰ ਦਾ ਬੇੜਾ ਗਰਕ ਕਰੇ ਰਹਿਣਾ।”
“ਆਹ ਆਪਣੀ ਕੁਝ ਲੱਗਦੀ ਨੂੰ ਸਮਝਾ ਨਹੀਂ ਸਕਦਾ?”
“ਅੱਗ ਲੱਗੇ ਇਸ ਘਰ ਨੂੰ, ਬੇੜਾ ਗਰਕੇ ਤੁਹਾਡਾ… ਲਉ ਰੱਜ ਕੇ ਲੜ ਲਓ… ਲਾਹ ਲਓ ਰੀਝ ਮੈਂ ਚੱਲਿਆਂ…।” ਠੱਪ ਠੱਪ ਕਰਦਾ ਮਰਦ ਪੌੜੀਆਂ ਉੱਤਰ ਗਿਆ ਸੀ। ਏਨੇ ‘ਚ ਬੱਚਿਆਂ ਦੀ ਚੀ ਕੁਰਲਾਹਟ ਦੀ ਅਵਾਜ਼ ਆਉਣ ਲੱਗੀ ਸੀ। ਨੂੰਹ ਸੱਸ ਨੂੰ ਗਾਹਲਾਂ ਕੱਢਦੀ ਹੋਈ ਖ਼ਸਮ ਦੇ ਮਗਰੇ ਦੌੜ ਪਈ ਸੀ। ਸੱਸ ਉੱਚੀ ਉੱਚੀ ਨੂੰਹ ਦੇ ਪਿਛਲਿਆਂ ਦੇ ਕੀਰਨੇ ਪਾ ਰਹੀ ਸੀ।
ਪਰਤ ਕੇ ਵੇਖਿਆ ਤਾਂ ਬੀਜੀ ਆਪਣੇ ਕਮਰੇ ਦੀਆਂ ਦਲਜਾਂ ‘ਚ ਤਾਕ ਦਾ ਆਸਰਾ ਲਈ ਸਾਹਮਣੇ ਘਰ ਵੱਲ ਵੇਖ ਰਹੇ ਸਨ।
ਆਸ਼ੂ ਨੂੰ ਗੱਡੀ ‘ਚ ਸੈਰ ਕਰਵਾ ਕੇ ਵਾਪਸ ਆ ਰਹੀ ਆਇਆ ਕਦੀ ਸਾਹਮਣੇ ਫ਼ਲੈਟ ਵੱਲ ਤੇ ਕਦੀ ਸਾਡੇ ਵੱਲ ਵਿਹੰਦੀ ਹੈਰਾਨ ਜਿਹੀ ਹੋਈ, ਗੱਡੀ ਨੂੰ ਅੰਦਰਵਾਰ ਰੇਹੜੀ ਆ ਰਹੀ ਸੀ… ਵਿੱਚ ਬੈਠਾ, ਸਹਿਮਿਆਂ ਜਿਹਾ ਆਸ਼ੂ ਡੱਡੋਲਿਕਾ ਜਿਹਾ ਹੋ ਗਿਆ ਸੀ।
ਧੜੰਮ ਕਰਕੇ ਡਿਗਣ ਦੀ ਅਵਾਜ਼ ਆਈ ਸੀ। ਚੀਕ ਮਾਰ ਕੇ ਡਿੰਪਲ ਬੀਜੀ ਨਾਲ਼ ਜਾ ਚਿੰਬੜੀ ਸੀ। ਗੱਡੀ ਵਿੱਚੇ ਛੱਡ, ਆਇਆ ਅੰਦਰ ਨੂੰ ਦੌੜ ਪਈ ਸੀ। ਘਬਰਾਈ ਹੋਈ ਪਤਨੀ ਦੌੜਦੀ ਹੋਈ ਆਪਣੇ ਕਮਰੇ ‘ਚੋਂ ਨਿਕਲ ਬੀਜੀ ਦੇ ਸਿਰਹਾਣੇ ਖੜੀ ਸੀ।
ਮੂਧੜੇ ਮੂੰਹ ਡਿੱਗੇ ਪਏ ਬੀਜੀ ਦੇ ਮੱਥੇ ‘ਚੋਂ ਲਹੂ ਵੱਗ ਰਿਹਾ ਸੀ। ਸ਼ਾਇਦ ਘੁਮੇਰ ਆ ਗਈ ਸੀ। ਆਇਆ ਨੂੰ ਰੂੰ ਤੇ ਡਿਟੋਲ ਲਿਆਉਦ ਲਈ ਕਹਿੰਦੀ ਹੋਈ ਪਤਨੀ ਆਪਣੀ ਸਾੜ ਦੇ ਪੱਲੇ ਨਾਲ ਹੀ ਬੀਜੀ ਦਾ ਮੱਥਾ ਪੂੰਝੀ ਜਾ ਰਹੀ ਸੀ।
“ਕੱਪ ਕੋਸੇ ਦੁੱਧ ਦਾ ਲਿਆ ਛੇਤੀ…।” ਡਿਟੋਲ ਲੱਗੇ ਰੂੰ ਨਾਲ ਬੀਜੀ ਦਾ ਮੱਥਾ ਪੂੰਝਦੀ ਪਤਨੀ ਆਇਆ ਨੂੰ ਕਹਿ ਰਹੀ ਸੀ।
“ਬੀਜੀ, ਬੀਜੀ…।” ਪਤਨੀ ਨੇ ਬੁਲਾਇਆ ਸੀ।
“ਬੀਜੀ, ਬੀਜੀ ਕੁੰਦੇ ਕਿਉਂ ਨਹੀਂ…?” ਬੀਜੀ ਦੇ ਮੌਢੇ ਨੂੰ ਹਿਲਾਦਿਆਂ ਮੈਂ ਘਬਰਾ ਜਿਹਾ ਗਿਆ ਸਾਂ।
“ਹਾਏ ਬੀਜੀ…।” ਡਿੰਪਲ ਦੀ ਇੱਕ ਤਰਾਂ ਚੀਕ ਨਿਕਲ ਗਈ ਸੀ।
ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਬੀਜੀ ਬੇਹੋਸ਼ ਸਨ।
ਘਬਰਾਹਟ ਨਾਲ਼ ਕਾਰ ਦਾ ਸਟੇਅਰਿੰਗ ਮੇਰੇ ਵੱਸ ਨਹੀਂ ਸੀ ਆ ਰਿਹਾ। ਡਾਕਟਰ ਨੂੰ ਲੈ ਕੇ ਆਇਆ ਤਾਂ ਪਤਨੀ ਬੀਜੀ ਦੇ ਮੂੰਹ ਨਾਲ ਪਿਆਲੀ ਲਾਈ ਦੁੱਧ ਪਿਆ ਰਹੀ ਸੀ। ਮੇਰੇ ਜਾਣ ਬਾਅਦ ਉਹਨਾਂ ਨੂੰ ਹੋਸ਼ ਆ ਗਈ ਸੀ।
“ਅੱਗੇ ਵੀ ਕਦੇ ਐਸਾ ਦੌਰਾ ਪਿਆ ਏ?” ਮੁਆਇਨਾ ਕਰਨ ਉਪਰੰਤ ਯਾਦ ਆਇਆ ਸੀ ਕਿ ਪਿਤਾ ਜੀ ਦੀ ਮੌਤ ਤੋਂ ਬਾਅਦ ਇਹਨਾਂ ਨੂੰ ਦੰਦਲ ਪੈ ਜਾਇਆ ਕਰਦੀ ਸੀ।
“ਇਹਨਾਂ ਦੇ ਮਨ ‘ਤੇ ਕੋਹੀ ਬੋਝ ਏ।” ਡਾਕਟਰ ਨੇ ਕਿਹਾ ਸੀ।
“… ਮਨ ‘ਤੇ ਬੋਝ…।” ਮੈਂ ਮਨ ਹੀ ਮਨ ‘ਚ ਡਾਕਟਰ ਦੇ ਸ਼ਬਦ ਨੂੰ ਦੁਹਰਾਇਆ ਸੀ।
ਕੁਝ ਦਵਾਈਆਂ ਡਾਕਟਰ ਲਿਖ ਕੇ ਦੇ ਗਿਆ ਸੀ। ਪਰ ਨਾਲ ਹੀ ਉਹਨੇ ਦੱਸਿਆ ਸੀ, ਦਵਾਈਆਂ ਤਾਂ ਏਡਜ਼ ਹਨ, ਅਸਲੀ ਇਲਾਜ਼ ਤਾਂ ਵਾਤਾਵਰਨ ਦੀ ਤਬਦੀਲੀ ਏ ਤੇ ਇਹਨਾਂ ਨੂੰ ਖੁਸ਼ ਰੱਖਣਾ…।
ਬੀਜੀ ਦੀ ਸੈਟੀ ਕੋਲ ਕੁਰਸੀ ਡਾਹੀ ਮੈਂ ਉਹਨਾ ਦੀ ਬਾਂਹ ਘੁੱਟ ਰਿਹਾਂ ਸਾਂ। ਦਵਾਈ ਦਾ ਚਮਚਾ ਭਰਕੇ ਪਤਨੀ ਉਹਨਾਂ ਦੇ ਮੂੰਹ ‘ਚ ਲੁੱਦ ਰਹੀ ਸੀ।
ਬੂਹੇ ‘ਚੋਂ ਝਾਕਦੀ ਜਿਹੀ ਡਿੰਪਲ ਚਲੇ ਗਈ ਸੀ। ਉਹਦੇ ਹੱਥ ‘ਚ ਹਾਲੀ ਵੀ ਕਿਤਾਬ ਫੜੀ ਹੋਈ ਸੀ ਪਰ ਉਹਦਾ ਚਿਹਰਾ ਲੱਥਾ ਹੋਇਆ ਸੀ।
ਗੱਲ ਡਾਕਟਰ ਦੀ ਉਮੀਦ ਤੋਂ ਵੀ ਵੱਧ ਨਿਕਲੀ ਸੀ ਬੀਜੀ ਨੂੰ ਫੇਰ ਫਿੱਟ ਪੈ ਗਿਆ ਸੀ। ਪਤਨੀ ਤੇ ਮੈਂ ਕਦੇ ਉਹਨਾਂ ਦੀਆਂ ਪੈਰਾਂ ਦੀਆਂ ਤਲੀਆਂ ਝੱਸ ਰਹੇ ਸਾਂ ਤੇ ਕਦੇ ਹੱਥਾਂ ਦੀਆਂ। ਹੋਸ਼ ਆਉਣ ‘ਤੇ ਪਤਨੀ ਚਾਹ ਬਣਾ ਲਿਆਈ ਸੀ ਤੇ ਚਿਮਚਾ-ਚਿਮਚਾ ਕਰਕੇ ਉਹਨਾਂ ਦੇ ਮੂੰਹ ਵਿਚ ਪਾ ਰਹੀ ਸੀ।
ਰਾਤ ਮੇਰੇ ਕਹਿਣ ‘ਤੇ ਵੀ ਉਹਨੇ ਮੈਨੂੰ ਬੀਜੀ ਦੇ ਕਮਰੇ ਵਿੱਚ ਨਹੀਂ ਸੀ ਪੈਣ ਦਿੱਤਾ।
“ਤੁਸੀਂ ਜਾਕੇ ਆਰਾਮ ਕਰੋ, ਮੈਂ ਆਪੇ ਸਾਂਭ ਲਵਾਂਗੀ, ਬੀਜੀ ਨੂੰ” ਉਹਦੀ ਦਲੀਲ ਸੀ।
ਸਵੇਰੇ ਮੇਰੇ ਉੱਠਣ ਤੋਂ ਵੀ ਪਹਿਲਾਂ ਉਹ ਉੱਠੀ ਹੋਈ ਸੀ। ਉਹਦੀਆਂ ਅੱਖਾਂ ਵਿਚ ਉਨੀਂਦਰਾ ਜਾਗ ਰਿਹਾ ਸੀ। ਬੀਜੀ ਸੁੱਤੇ ਤਾਂ ਹੋਏ ਸਨ ਪਰ ਉਹਨਾਂ ਦੇ ਚਿਹਰੇ ਤੇ ਪਲਿੱਤਣ ਵਰਤੀ ਹੋਈ ਸੀ।
“ਰਾਤ ਫਿਰ ਦੌਰਾ ਪੈ ਗਿਆ ਸੀ।” ਉਹਨੇ ਦੱਸਿਆ ਸੀ।
“… ਮੈਨੂੰ ਕਿਉਂ ਨਾ ਜਗਾਇਆ?”
“ਸੋਚਿਆ ਤੁਸੀਂ ਬੇਆਰਾਮ ਹੋਵੋਗੇ”। ਉਹਦਾ ਸੰਖੇਪ ਜਿਹਾ ਉੱਤਰ ਸੀ।
“ਤੁਸੀਂ ਇਹਨਾਂ ਨੂੰ ਕਿਸੇ ਹੋਰ ਡਾਕਟਰ ਨੂੰ ਵਿਖਾਓ।” ਮੈਨੂੰ ਸੋਚ ਵਿਚ ਪਿਆ ਵੇਖ ਪਤਨੀ ਨੇ ਕਿਹਾ ਸੀ।
ਗੱਲ ਸੱਚ ਮੁੱਚ ਫਿਕਰ ਵਾਲੀ ਸੀ, ਸੋਚ ਰਿਹਾਂ ਸਾਂ ਕਿਧਰੇ ਡਾਕਟਰ ਦੀ ਤਸ਼ਖੀਸ਼ ਹੀ ਈ ਗਲਤ ਸਾਬਤ ਨਾ ਹੋਵੇ।
“ਫਿਰ ਅੱਜ ਤਾਂ ਸਾਡੇ 'ਚੋਂ ਕੋਈ ਘਰ ਰਹੇਗਾ ਤਾਂ ਏ।” ਮੈਂ ਕੁੱਝ ਝਿਜਕਦਿਆਂ ਹੋਇਆਂ ਕਿਹਾ ਸੀ।
“ਨਾ ਤੁਹਾਡਾ ਖਿਆਲ ਏ ਮੈਂ ਇਹਨਾਂ ਨੂੰ ਏਸ ਤਰ੍ਹਾਂ ਛੱਡ ਕੇ ਚਲੀ ਜਾਵਾਂਗੀ?” ਪਲ ਦੇ ਪਲ ਲਈ ਪਤਨੀ ਦੀਆਂ ਅੱਖਾਂ ਵਿਚ ਕੋਈ ਪਰਛਾਵਾਂ ਜਿਹਾ ਛਾ ਗਿਆ ਸੀ।
“ਇਹਨਾਂ ਨੂੰ ਕੀ ਹੋਇਆ ਏ? ਅਰਸ਼ੀ ਜੋ ਰਾਤ ਦੇਰ ਨਾਲ ਘਰ ਆਈ ਸੀ। ਗੈਲਰੀ ਚੋਂ ਲੰਘਦੀ ਹੋਈ ਕਮਰੇ ਵਿਚ ਆ ਗਈ ਸੀ।
ਇਸ ਤੋਂ ਪਹਿਲਾਂ ਕਿ ਮੈਂ ਕੁੱਝ ਦੱਸਦਾ, ਉਹ ਆਪਣੀ ਮੰਮੀ ਨੂੰ ਰਾਤੀ ਵੇਖੀ ਪਿਕਚਰ ਬਾਰੇ ਕੁੱਝ ਦੱਸਣ ਲੱਗ ਪਈ ਸੀ। ਫਿਰ ਸਰਸਰੀ
ਜਿਹਾ ਬੀਜੀ ਵੱਲ ਵੇਖਦੀ ਹੋਈ ਬਗੈਰ ਬੈਠੈ ਹੀ ਉਹ ਚਲੀ ਗਈ ਸੀ।
ਪਤਨੀ ਨੂੰ ਕੁੱਝ ਹਦਾਇਤਾਂ ਕਰਕੇ ਮੈਂ ਆਫਿਸ ਚਲਾ ਗਿਆ ਸਾਂ।
ਸਾਰਾ ਦਿਨ ਉਥੇ ਬੀਜੀ ਦਾ ਫਿਕਰ ਲੱਗਾ ਰਿਹਾ ਸੀ। ਦੋ ਵਾਰ ਘਰ ਫੋਨ ਵੀ ਕੀਤਾ ਸੀ ਪਤਨੀ ਦੇ ਤੱਸਲੀ ਦੁਆਉਣ ਤੇ ਵੀ ਮਨ ਨੂੰ ਚੈਨ ਨਹੀਂ ਸੀ ਆਇਆ।
ਦੋ ਘੰਟੇ ਪਹਿਲਾਂ ਹੀ ਛੁੱਟੀ ਲੈ ਕੇ ਘਰ ਨੂੰ ਤੁਰ ਪਿਆ ਸਾਂ। ਬੀਜੀ ਨੂੰ ਡਾਕਟਰ ਦੇ ਦਿਖਾਣਾ ਸੀ। ਕਾਫੀ ਸਪੀਡ ਤੇ ਕਾਰ ਚਲਾ ਕੇ ਘਰ ਪਹੁੰਚਿਆ ਤਾਂ ਬੀਜੀ ਢੋਹ ਵਾਲੀ ਕੁਰਸੀ ਤੇ ਬੈਠੈ ਸਨ।
ਮੈਂਨੂੰ ਵਿਹੰਦਿਆਂ ਸਾਰ ਇਕ ਕਮਜ਼ੋਰ ਜਿਹੀ ਮੁਸਕੁਰਾਹਟ ਉਹਨਾਂ ਦੇ ਹੋਠਾਂ ਤੇ ਫੈਲ ਗਈ ਸੀ।
“ਰਾਜ਼ੀ ਓ ਨਾ ਹੁਣ…?” ਉਹਨਾਂ ਨੂੰ ਬੈਠਿਆਂ ਵੇਖ ਮੈਂ ਸੁਖ ਦਾ ਸਾਹ ਭਰਿਆ ਸੀ।
ਉਹਨਾਂ ਦੀਆਂ ਅੱਖਾਂ ਇੱਕ ਛਿੱਣ ਲਈ ਲਿਸ਼ਕੀਆਂ ਤੇ ਉਹਨਾਂ ਵਿਚ ਮਮਤਾ ਦੀ ਚਮਕ ਘੁਲ ਮਿਲ ਗਈ।
ਪਤਨੀ ਇੱਕ ਹੱਥ ਨਾਲ ਉਹਨਾਂ ਦਾ ਸਿਰ ਥੰਮ੍ਹੀਂ ਤੇ ਦੂਜੇ ਨਾਲ ਗਿਲਾਸ ਫੜੀ ਉਹਨਾਂ ਨੂੰ ਜੂਸ ਪਿਆ ਰਹੀ ਸੀ। ਉਹਨੇ ਦੱਸਿਆ ਸੀ ਕਿ ਉਹ ਉਹਨਾਂ ਨੂੰ ਟੈਕਸੀ ਤੇ ਡਾਕਟਰ ਕੋਲ ਲੈ ਗਈ ਸੀ। ਡਾਕਟਰ ਨੇ ਕੁੱਝ ਦਵਾਈਆਂ ਬਦਲ ਦਿੱਤੀਆਂ ਸਨ।
ਪਤਨੀ ਨੇ ਹਫਤੇ ਭਰ ਲਈ ਛੁੱਟੀ ਲੈ ਲਈ ਸੀ। ਉਹਦੀ ਸੇਵਾ ਸਦਕਾ ਬੀਜੀ ਕਾਫੀ ਜਲਦੀ ਜਲਦੀ ਰਾਜ਼ੀ ਹੋ ਰਹੇ ਸਨ। ਉਹ ਕਦੀ ਬੀਜੀ ਨੂੰ ਸਪੰਜ ਕਰ ਰਹੀ ਹੁੰਦੀ ਤੇ ਕਦੇ ਦੁੱਧ ਦਾ ਕੱਪ ਆਪਣੀ ਹੱਥੀਂ ਤਿਆਰ ਕਰਕੇ ਲਿਆ ਰਹੀ ਹੁੰਦੀ। ਰੋਜ਼ ਸਵੇਰੇ ਉਹਨਾਂ ਲਈ ਸੰਤਰਿਆਂ ਦਾ ਜੂਸ ਤਿਆਰ ਕਰ ਰਹੀ ਹੁੰਦੀ, ਦਿਨ ਵਿਚ ਤਿੰਨ ਵਾਰ ਟੌਨਿਕ ਦੇਂਦੀ, ਚਾਰ ਵਾਰ ਦਵਾਈ ਦੇਂਦੀ, ਉਹ ਘੜੀ ਦੀ ਸੂਈ ਵਾਂਗ ਚੱਲ ਜਹੀ ਸੀ।
ਮੈਂ ਉਹਨੂੰ ਇਹ ਕੰਮ ਕਰਦਿਆਂ ਵੇਖਦਾ ਰਹਿੰਦਾ। ਮੇਰੇ ਮਨ ਨੂੰ ਖੁਸ਼ੀ ਜਿਹੀ ਮਿਲਦੀ।
“ਪ੍ਰੀਤ ਤੂੰ ਬਹੁਤ ਸੇਵਾ ਕੀਤੀ ਏ ਬੀਜੀ ਦੀ, ਤੇਰਾ ਦੇਣਾ ਮੈਂ ਕਿੱਥੇ ਦਿਆਂਗਾ?” ਮੈਂ ਕਹਿੰਦਾ
“ਉਹ ਮੇਰੇ ਕੁੱਝ ਨਹੀਂ ਲਗਦੇ?” ਉਹ ਫਟ ਮੈਨੂੰ ਅੱਗੋਂ ਵਾਲੀ ਵਲਦੀ ਕਹਿੰਦੀ।
ਉਹਦੀ ਅਣਥੱਕ ਸੇਵਾ ਸਦਕਾ ਬੀਜੀ ਹੁਣ ਅੱਗੇ ਨਾਲੋਂ ਕਾਫੀ ਠੀਕ ਸਨ।
“ਡਾਕਟਰ ਨੇ ਇਹਨਾਂ ਲਈ ਸੈਰ ਦੀ ਸੁਜੈਸ਼ਨ ਦਿੱਤੀ ਏ।” ਬੀਜੀ ਲਈ ਲਿਆਂਦੀ ਦਵਾਈ ਉਹਨੇ ਮੇਜ਼ ਤੇ ਧਰਦਿਆਂ ਕਿਹਾ ਸੀ। ਫੈਸਲਾ ਹੋ ਗਿਆ ਸੀ ਕਿ ਸ਼ਾਮ ਨੂੰ ਆਫਿਸ ਤੋਂ ਆਕੇ ਮੈਂ ਬੀਜੀ ਨੂੰ ਸੈਰ ਲੈ ਜਾਇਗਾ ਕਰਾਂਗਾ।
ਬੀਜੀ ਹੋਣ ਬਿਲਕੁਲ ਤੰਦਰੁਸਤ ਸਨ। ਪਤਨੀ ਬੀਜੀ ਦਾ ਖਿਆਲ ਅੱਗੇ ਨਾਲੋਂ ਵਧੇਰੇ ਰੱਖਦੀ ਸੀ। ਰੋਜ਼ ਸਵੇਰੇ ਸੰਤਰੇ ਦਾ ਜੂਸ ਉਸੇ ਤਰ੍ਹਾਂ ਦਿੱਤਾ ਜਾ ਰਿਹਾ ਸੀ। ਉਹ ਆਪ ਬਰੇਕਫਾਸਟ ਤਿਆਰ ਕਰਕੇ ਉਹਨਾਂ ਅੱਗੇ ਰੱਖਦੀ ਸੀ। ਸਭ ਕੁੱਝ ਠੀਕ ਠਾਕ ਚਲ ਰਿਹਾ ਸੀ।
ਮੈਂ ਆਫਿਸ ਤੋਂ ਆਉਂਦਿਆਂ ਹੀ ਚਾਹ ਦਾ ਕੱਪ ਲੈਂਦਾ ਤੇ ਬੀਜੀ ਨੂੰ ਕਾਰ ਤੇ ਘੁਮਾਉਣ ਤੁਰ ਪੈਂਦਾ। ਮੇਰਾ ਰੋਜ਼ ਦਾ ਇਹ ਰੁਟੀਨ ਬਣ ਗਿਆ ਸੀ। ਮੈਨੂੰ ਮਿਲਣ ਗਿਲਣ ਘੱਟ ਕਰਨਾ ਪਿਆ। ਪਿਕਚਰ ਆਦਿ ਦਾ ਪ੍ਰੋਗਰਾਮ ਪੂਰਣ ਤੌਰ ਤੇ ਕੱਟਣਾ ਪਿਆ ਸੀ।
ਕਈ ਵਾਰੀ ਮੈਨੂੰ ਜਾਪਦਾ ਜਿਵੇਂ ਪ੍ਰੀਤ ਬਹੁਤ ਥੱਕ ਗਈ ਹੋਵੇ। ਉਹਦੇ ਚਿਹਰੇ ਦੀ ਚਮਕ ਜਿਵੇਂ ਮਰ ਗਈ ਹੋਵੇ ਤੇ ਹੋਠਾਂ ਦਾ ਰੰਗ ਜਿਵੇਂ ਫਿੱਕਾ ਪੈ ਰਿਹਾ ਹੋਵੇ।
ਬੀਜੀ ਨੂੰ ਘੁਮਾਕੇ ਲਿਆਇਆ ਸਾਂ।
“ਪਤਾ ਨਹੀਂ ਕਿਉਂ ਕਦੀ ਕਦੀ ਸਿਰ ਦਰਦ ਸ਼ੁਰੂ ਹੋ ਜਾਂਦੀ ਏ…।” ਮੇਜ਼ ਤੇ ਖਾਣਾ ਲਗਾਂਦਿਆਂ ਪ੍ਰੀਤ ਨੇ ਕਿਹਾ ਸੀ।
“ਤੂੰ ਵੀ ਨਾਲ ਚੱਲਿਆ ਕਰ ਘੁਮਣ।”
“ਵਿਹਲ ਈ ਕਿੱਥੇ ਮਿਲਦਾ ਏ?” ਬੀਜੀ ਅੱਗੇ ਦਲੀਏ ਦੀ ਪਲੇਟ ਰੱਖਦਿਆਂ ਉਹਨੇ ਜੁਆਬ ਦਿੱਤਾ ਸੀ। ਕੁੱਝ ਚਿਰ ਬਾਦ ਡਕਦਿਆਂ ਡਕਦਿਆਂ ਵੀ ਇੱਕ ਹੌਂਕਾ ਉਹਦੇ ਅੰਦਰੋਂ ਨਿਕਲ ਗਿਆ ਸੀ।
ਕਾਰ ਸਟਾਰਟ ਕਰ ਰਿਹਾਂ ਸਾਂ। ਬੀਜੀ ਵਿਚ ਬੈਠ ਚੁੱਕੇ ਸਨ। ਵਰਾਂਡੇ ਵਿਚ ਖਲੋਤੀ ਪਤਨੀ ਕਾਫੀ ਥੱਕੀਆਂ ਥੱਕੀਆਂ ਅੱਖਾਂ ਨਾਲ ਸਾਡੇ ਵੱਲ ਵੇਖ ਰਹੀ ਸੀ।
“ਇਹਨੂੰ ਹੋਈ ਕੀ ਜਾਂਦਾ ਏ?” ਉੱਕਾ ਨਿਘਰਦੀ ਜਾਂਦੀ ਏ…।” ਸਾਰਾ ਰਸਤਾ ਮੈਂ ਪ੍ਰੀਤ ਬਾਰੇ ਸੋਚਦਾ ਰਿਹਾ ਸੀ।
ਬੀਜੀ ਦੀ ਕੰਡ ਤੋਂ ਬਾਂਹ ਵਲਾਅ ਕੇ ਅੰਦਰ ਵੱਲ ਲਈ ਆਉਂਦਿਆਂ ਅੱਗੋਂ ਮਿਲੀ ਪਤਨੀ ਦੇ ਹੋਠਾਂ ਤੇ ਇੱਕ ਫਿਕੀ ਜਿਹੀ ਮੁਸਕੁਰਾਹਟ ਫੈਲ ਕੇ ਰਹਿ ਗਈ ਸੀ।
ਖਾਣਾ ਖਾਂਦਿਆ ਮੈਂ ਨੋਟ ਕੀਤਾ ਸੀ ਉਹ ਕਾਫੀ ਘੱਟ ਖਾ ਰਹੀ ਸੀ। ਖਾਣਾ ਖਾ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਸੀ। ਡਿੰਪਲ ਤੇ ਅਰਸ਼ੀ ਖਾਣਾ ਖਾ ਕੇ ਉੱਠ ਬੈਠੀਆਂ ਸਨ।
ਬੀਜੀ ਦੇ ਕਮਰੇ ਵਿੱਚ ਜਾ ਕੇ ਬੈਠਾ ਹੀ ਸਾਂ (ਜਿੱਦਨ ਦੇ ਬੀਜੀ ਬਿਮਾਰ ਹੋਏ ਸਨ ਰਾਤ ਨੂੰ ਉਹਨਾਂ ਕੋਲ ਬੈਠਣ ਦਾ ਮੇਰਾ ਰੁਟੀਨ ਬਣ ਗਿਆ ਸੀ ਚਾਹੇ ਪੰਦਰਾਂ ਮਿੰਟ ਹੀ ਕਿਉਂ ਨਾ ਜਾ ਕੇ ਬੈਠਦਾ) ਬੀਜੀ ਦੇ ਦਰਵਾਜੇ ਅੱਗੋਂ ਅੰਦਰ ਨੂੰ ਝਾਕਦੀ ਹੋਈ ਕੁਝ ਅਝਕਦੀ ਅਝਕਦੀ ਜਿਹੀ ਡਿੰਪਲ ਲੰਘ ਗਈ ਸੀ।
“ਬੀਜੀ ਟੌਨਿਕ ਲੈ ਲਿਆ ਤੁਸੀਂ?” ਯਕਦਮ ਮੈਨੂੰ ਖਿਆਲ ਆਇਆ ਸੀ।
“ਮੇਰਾ ਤੇ ਜੀ ਅਕ ਗਿਆ ਏ ਸ਼ਰਬਤ ਜਿਹਾ ਪੀ ਪੀ ਕੇ।” ਬੀਜੀ ਨੇ ਭੈੜਾ ਜਿਹਾ ਮੂੰਹ ਬਣਾਉਂਦਿਆਂ ਕਿਹਾ ਸੀ।
“ਨਹੀਂ ਬੀਜੀ ਤੁਹਾਡੀ ਸਿਹਤ ਲਈ ਜ਼ਰੂਰੀ ਏ।” ਦਵਾਈ ਦਾ ਚਿਮਚਾ ਉਹਨਾਂ ਦੇ ਮੂੰਹ ਵਿਚ ਪਾਂਦਿਆਂ ਮੈਂ ਕਿਹਾ ਸੀ।
“ਤੁਸਾਂ ਮੈਨੂੰ ਮਰਦੀ ਮਰਦੀ ਨੂੰ ਬਚਾ ਲਿਆ ਏ।”
“ਇਹ ਤਾਂ ਸਾਡਾ ਫਰਜ਼ ਸੀ।”
ਬੀਜੀ ਦੀਆਂ ਅੱਖਾਂ ਵਿਚ ਸੰਤੁਸ਼ਟਤਾ ਤੇ ਸ਼ੁਕਰ ਗੁਜ਼ਾਰੀ ਦੀ ਨਮੀ ਸੀ।
ਡਿੰਪਲ ਫਿਰ ਦਰਵਾਜ਼ੇ ਵਿਚ ਆ ਖੜੀ ਸੀ। ਅੰਦਰ ਵੜਣ ਤੋਂ ਜਿਵੇਂ ਝਕ ਰਹੀ ਸੀ… ਫਿਰ ਸਹਿਮੀਆਂ ਜਿਹੀਆਂ ਨਜ਼ਰਾਂ ਨਾਲ ਆਪਣੀ ਮੰਮੀ ਦੇ ਕਮਰੇ ਵੱਲ ਵੇਖਦੀ ਹੋਈ ਉਹ ਅੰਦਰ ਨੂੰ ਖਿਸਕ ਆਈ ਸੀ।
ਅਸਲ ਵਿਚ ਉਹ ਅੱਜ ਦੇ ਐਨੂਅਲ ਫੇਅਰ ਦੇ ਹਿਸਟਰੌਨਿਕਸ ਦੇ ਪਾਰਟ ਵਿਚ ਫਸਟ ਰਹੀ ਸੀ। ਭਾਵੇਂ ਆਫਿਸ ਤੋਂ ਆਉਦਿਆ ਹੀ ਉਸ ਨੇ ਮੈਂਨੂੰ ਦੱਸਿਆ ਸੀ ਪਰ ਉਹਦੀ ਤੱਸਲੀ ਨਹੀਂ ਸੀ ਹੋਈ ਜਾਪਦੀ। ਡਿੰਪਲ ਨੇ ਮੈਂਨੂੰ ਇਹ ਫੰਕਸ਼ਨ ਅਟੈਂਡ ਕਰਨ ਲਈ ਕਿਹਾ ਸੀ, ਪਰ ਕੰਮਾਂ ਦੀ ਝੰਝਟ ਕਰਕੇ ਜਾ ਨਹੀਂ ਸੀ ਸਕਿਆ।
“ਕਿਹੜੀ ਥੀਮ ਸੀ ਡਿੰਪਲ ?”
“ਕਰਕੇ ਵਿਖਾਵਾਂ?” ਕੁੜੀ ਝੱਟ ਆਪਣੇ ਆਪ ਵਿਚ ਆ ਗਈ।
ਬੜੀ ਦਿਲਚਸਪ ਥੀਮ ਸੀ। ਇੱਕ ਐਕਸਪਰਟ ਵਾਂਙ ਡਿੰਪਲ ਝੱਟ ਆਪਣੀ ਆਵਾਜ਼ ਬਦਲ ਲੈਂਦੀ। ਬੀਜੀ ਤੇ ਮੈਂ ਹੱਸ ਹੱਸ ਦੂਰੇ ਹੋ ਰਹੇ ਸਾਂ।
“ਨੀ ਤੂੰ ਕੌਣ ਹੁੰਨੀ ਏਂ ਮੈਨੂੰ ਇੰਝ ਆਖਣ ਵਾਲੀ ?” ਅਚਾਣਕ ਸਾਹਮਣੇ ਘਰ ਵਾਲੀ ਔਰਤ ਦੀ ਆਵਾਜ਼ ਗੂੰਜੀ ਸੀ।
“ਤੂੰ ਕੌਣ ਹੁੰਨੀਂ ਏਂ ਮਖਾਲੇ ਲਾਣ ਵਾਲੀ?”
“ਨੀਂ ਮੇਰਾ ਪੁਤਰ ਈ, ਜੋ ਮਰਜ਼ੀ ਮੈਂ ਆਖਾਂ।”
“ਬਣ ਜਾਣਾ ਸਾਈ ਫੇਰ ਰੰਨ ਉਹਦੀ…।”
“ਹਾਏ ਨੀ ਕੁਤੀਏ ਤੇਰਾ ਕੱਖ ਨਾ ਰਹੇ।”
“ਆਹੋ ਫੇਰ ਸਾਂਭ ਲੈਣਾ ਸਾਈ, ਫੇਰ ਪੁਆੜੇ ਤਾ ਨਾ ਪੈਂਦੇ।”
“ਵਾਹਿਗੂਰੁ। ਵਾਹਿਗੂਰੁ।…।” ਕਰਦਿਆਂ ਬੀਜੀ ਨੇ ਕੰਨਾਂ ਵਿਚ ਉਂਗਲੀਆਂ ਦੇ ਲਈਆਂ ਸਨ। ਨੀਵੀਆਂ ਨਜ਼ਰਾਂ ਕੀਤੀ ਮੈ ਮੇਜ਼ ਵੱਲ ਝਾਕੀ ਜਾ ਰਿਹਾ ਸਾਂ। ਡਿੰਪਲ ਭੱਜਕੇ ਕਮਰੇ ਵਿਚੋਂ ਬਾਹਰ ਨਿਕਲ ਗਈ ਸੀ।… …ਤੇ ਫੇਰ ਮੈਂ ਵੀ…।
ਮੂੰਹ ਸਿਰ ਬਲ੍ਹੇਟੀ ਪਤਨੀ ਬੈੱਡ ਤੇ ਮੂੱਧੀ ਪਈ ਹੋਈ ਸੀ…
“ਕੀ ਹੋਇਆ ਏ ਤੈਨੂੰ,,,?”ਉਹਦੇ ਬੈੱਡ ਦੀ ਬਾਹੀ ਤੇ ਬੈਠਦਿਆਂ ਮੈਂ ਪੁੱਛਿਆ ਸੀ।
“… …।”
“ਮੈਂ ਪੁੱਛਿਆ ਏ ਕੀ ਤਕਲੀਫ ਏ ਤੈਨੂੰ?” ਮੈਂ ਫਿਰ ਆਪਣੀ ਗੱਲ ਦੁਹਰਾਈ ਸੀ।
“ਮਖ ਦੱਸਦੀ ਕਿਉਂ ਨਹੀ? ਮੇਰੇ ਨਾਲ ਨਾਰਾਜ਼ ਏਂ?” ਹੋਰ ਨੇੜੇ ਹੁੰਦਿਆਂ ਮੈਂ ਕਿਹਾ ਸੀ।
“… …।”
“ਹਾਇਆ ਨੀਂ ਜਣਦਿਆਂ ਨੂੰ ਖਾਣੀਏਂ…।” ਗੁਆਢੋਂ ਫਿਰ ਆਵਾਜ਼ ਚੀਕੀ ਸੀ।
“ਨੀਂ ਮਰਨ ਤੇਰੇ ਅਗਲੇ ਪਿਛਲੇ…।”
“ਤੇਰੇ ਮਰਨ।”
“ਤੇਰੇ ਈ ਮਰਨ।”
“ਹਾਏ ਨੀ ਕਾਲੀ ਜੀਭ ਵਾਲੀਏ…।”
“ਯਕਦਮ ਮੈਨੂੰ ਜਾਪਿਆ ਜਿਵੇਂ ਪ੍ਰੀਤ ਹੁੱਬ੍ਹਕੀਆਂ ਭਰ ਰਹੀ ਸੀ। ਸਾਰਾ ਸਰੀਰ ਉਹਦਾ ਹਿੱਲ ਰਿਹਾ ਸੀ।”
“ਲਿਆ ਸਿਰ ਘੁੱਟ ਦਿਆਂ।” ਹੋਰ ਨੇੜੇ ਹੁੰਦਿਆਂ ਮੈਂ ਕਿਹਾ ਸੀ।
ਉਹ ਹਾਲੀ ਵੀ ਹੁੱਬ੍ਹਕੀਆਂ ਭਰੀ ਜਾ ਰਹੀ ਸੀ।
“ਤਕਲੀਫ ਜ਼ਿਆਦਾ ਏ?”
“… …।”
(ਇਹ ਰਚਨਾ ਅਜੇ ਅਧੂਰੀ ਹੈ)