Uncle Jules (French Story in Punjabi) : Guy De Maupassant
ਅੰਕਲ ਜਿਊਲਜ਼ (ਫਰਾਂਸੀਸੀ ਕਹਾਣੀ) : ਗਾਇ ਦਿ ਮੋਪਾਸਾਂ
ਘਰ ਦੀਆਂ ਸਾਰੀਆਂ ਉਮੀਦਾਂ ਉਸੇ ‘ਤੇ ਟਿਕੀਆਂ ਹੋਈਆਂ ਸਨ। ਬਚਪਨ ਤੋਂ ਹੀ ਮੈਂ ਉਸ ਬਾਰੇ ਗੱਲਾਂ ਸੁਣਦਾ ਰਿਹਾ ਸੀ। ਉਸ ਬਾਰੇ ਮੈਂ ਏਨਾ ਕੁਝ ਜਾਣਦਾ ਸੀ ਕਿ ਉਸ ਨੂੰ ਵੇਖਣ ਸਾਰ ਪਛਾਣ ਸਕਦਾ ਸੀ। ਉਸ ਦੀ ਜ਼ਿੰਦਗੀ ਬਾਰੇ ਮੈਂ ਹਰ ਗੱਲ ਤੋਂ ਵਾਕਫ ਸੀ ਸ਼ੁਰੂ ਤੋਂ ਲੈ ਕੇ ਅਮਰੀਕਾ ਜਾਣ ਤੱਕ। ਹਾਂ, ਉਸ ਦੇ ਅਤੀਤ ਬਾਰੇ ਗੱਲਾਂ ਘਰ ਵਿੱਚ ਬੁੱਲ੍ਹ ਚਿੱਥ ਕੇ ਹੀ ਹੁੰਦੀਆਂ ਸਨ। ਜਾਪਦਾ ਹੈ ਕਿ ਮੇਰੇ ਅੰਕਲ ਨੇ ਜ਼ਿੰਦਗੀ ਬੜੇ ਭੈੜੇ ਢੰਗ ਨਾਲ ਬਤੀਤ ਕੀਤੀ। ਉਸ ਨੇ ਬੜੀ ਬੇਰਹਿਮੀ ਨਾਲ ਪੈਸਾ ਉਜਾੜਿਆ ਤੇ ਗਰੀਬ ਘਰਾਂ ਵਿੱਚ ਪੈਸੇ ਦਾ ਉਜਾੜਾ ਸਭ ਤੋਂ ਵੱਡਾ ਗੁਨਾਹ ਮੰਨਿਆ ਜਾਂਦਾ ਹੈ। ਬੇਸ਼ੱਕ ਅਮੀਰ ਘਰਾਂ ਵਿੱਚ ਇਸ ਨੂੰ ‘ਅਮੀਰਾਂ ਦੇ ਚੋਚਲੇ’ ਗਿਣਿਆ ਜਾਂਦਾ ਹੈ। ਖਾਂਦੇ ਪੀਂਦੇ ਘਰਾਂ ਦੇ ਮੁੰਡੇ ‘ਕਾਕਾ ਜੀ’ ਅਖਵਾਉਂਦੇ ਹਨ ਤੇ ਗਰੀਬ ਘਰਾਂ ਦੇ ਅਜਿਹੇ ਮੁੰਡਿਆਂ ਨੂੰ ‘ਘਰ ਉਜਾੜੂ’, ‘ਵੈਲੀ’ ਅਤੇ ‘ਨਾਲਾਇਕ’ ਕਿਹਾ ਜਾਂਦਾ ਹੈ।
ਮੇਰੇ ਅੰਕਲ ਨੂੰ ਆਪਣੇ ਪਿਤਾ ਪੁਰਖਿਆਂ ਦੀ ਜਾਇਦਾਦ ‘ਚੋਂ ਜੋ ਹਿੱਸਾ ਮਿਲਿਆ, ਉਹ ਉਸ ਨੇ ਉਜਾੜ ਛੱਡਿਆ। ਤੇ ਫਿਰ ਆਮ ਪ੍ਰਚਲਨ ਅਨੁਸਾਰ ਉਹ ਵੀ ਹਾਵਰੇ ਤੋਂ ਜਹਾਜ਼ ‘ਚ ਬੈਠਾ ਤੇ ਅਮਰੀਕਾ ਪਹੁੰਚ ਗਿਆ। ਉਥੇ ਪਹੁੰਚ ਕੇ ਉਹ ਕੋਈ ਨਿੱਕਾ ਮੋਟਾ ਕਾਰੋਬਾਰ ਕਰਨ ਲੱਗਾ। ਉਥੋਂ ਉਸ ਨੇ ਇਕ ਖਤ ਵਿੱਚ ਲਿਖਿਆ ਕਿ ਉਹ ਗੁਜ਼ਾਰੇ ਜੋਗਾ ਪੈਸਾ ਕਮਾ ਰਿਹਾ ਹੈ। ਉਸ ਨੇ ਇਹ ਵੀ ਭਰੋਸਾ ਦਿਵਾਇਆ ਕਿ ਉਹ ਜਲਦੀ ਮੇਰੇ ਪਿਤਾ ਤੋਂ ਲਿਆ ਉਧਾਰ ਵੀ ਵਾਪਸ ਕਰ ਦੇਵੇਗਾ। ਇਹ ਖਤ ਪੜ੍ਹ ਕੇ ਘਰ ਦੇ ਸਾਰੇ ਜੀਅ ਪਿਘਲ ਗਏ। ਖੋਟਾ ਸਿੱਕਾ ਚਾਣਚੱਕ ਖਰਾ ਸਿੱਕਾ ਬਣ ਗਿਆ, ਨੇਕ, ਸੱਚਾ ਸੁੱਚਾ ਤੇ ਇਮਾਨਦਾਰ ਇਨਸਾਨ। ਅਮਰੀਕਾ ਤੋਂ ਪਰਤੇ ਇਕ ਜਹਾਜ਼ ਦੇ ਕਪਤਾਨ ਨੇ ਸਾਨੂੰ ਦੱਸਿਆ ਕਿ ਮੇਰੇ ਅੰਕਲ ਨੇ ਇਕ ਵੱਡੀ ਸਾਰੀ ਦੁਕਾਨ ਕਿਰਾਏ ‘ਤੇ ਲੈ ਲਈ ਹੈ ਤੇ ਉਸ ਦਾ ਕਾਰੋਬਾਰ ਚੰਗਾ ਹੈ। ਦੋ ਕੁ ਸਾਲਾਂ ਬਾਅਦ ਮੇਰੇ ਅੰਕਲ ਦਾ ਇਕ ਹੋਰ ਖਤ ਆਇਆ। ਇਹ ਖਤ ਮੇਰੇ ਪਿਤਾ ਨੂੰ ਮੁਖਾਤਿਬ ਸੀ। ਲਿਖਿਆ ਸੀ, ‘ਮੇਰੇ ਪਿਆਰੇ ਫਿਲਿਪ, ਮੈਂ ਤੁਹਾਨੂੰ ਇਹ ਦੱਸਣ ਲਈ ਲਿਖ ਰਿਹਾ ਹਾਂ ਕਿ ਮੇਰੀ ਸਿਹਤ ਬਿਲਕੁਲ ਠੀਕ ਹੈ। ਫਿਕਰ ਦੀ ਕੋਈ ਲੋੜ ਨਹੀਂ। ਮੇਰਾ ਕਾਰੋਬਾਰ ਚੰਗਾ ਹੈ। ਮੈਂ ਕੱਲ੍ਹ ਦੱਖਣੀ ਅਮਰੀਕਾ ਦੇ ਦੌਰੇ ‘ਤੇ ਜਾ ਰਿਹਾ ਹਾਂ। ਹੋ ਸਕਦਾ ਹੈ ਕਿ ਮੈਨੂੰ ਉਥੇ ਕਈ ਸਾਲ ਗੁਜ਼ਾਰਨੇ ਪੈਣ ਤੇ ਸੰਭਵ ਹੈ ਕਿ ਮੈਂ ਤੁਹਾਨੂੰ ਆਪਣੀ ਸੁੱਖ ਸਾਂਦ ਦੀ ਖਬਰ ਨਾ ਘੱਲ ਸਕਾਂ। ਮੈਂ ਚੋਖਾ ਧਨ ਕਮਾ ਕੇ ਹਾਵਰੇ ਆਵਾਂਗਾ। ਮੈਨੂੰ ਪੂਰੀ ਆਸ ਹੈ ਕਿ ਚੰਗੇ ਦਿਨ ਆਉਣ ‘ਚ ਬਹੁਤੀ ਦੇਰ ਨਹੀਂ। ਜਲਦੀ ਹੀ ਅਸੀਂ ਇਕੱਠੇ ਰਹਿ ਕੇ ਖੁਸ਼ਹਾਲ ਜ਼ਿੰਦਗੀ ਬਸਰ ਕਰਾਂਗੇ।’
ਹਰ ਰੋਜ਼ ਘਰ ਵਿੱਚ ਇਸ ਖਤ ਦਾ ਇੰਜ ਪਾਠ ਕੀਤਾ ਜਾਂਦਾ ਜਿਵੇਂ ਕਿਸੇ ਪਵਿੱਤਰ ਗ੍ਰੰਥ ਦੇ ਸ਼ਬਦ ਹੋਣ। ਜਦੋਂ ਕਦੇ ਕਿਸੇ ਗੱਲ ‘ਤੇ ਘਰ ‘ਚ ਤਲਖੀ ਪੈਦਾ ਹੋਣ ਲੱਗਦੀ ਤਾਂ ਝੱਟ ਇਹ ਖਤ ਪੜ੍ਹਿਆ ਜਾਂਦਾ ਤੇ ਫਿਰ ਸਭ ਇਸ ਨੂੰ ਟੋਹ-ਟੋਹ ਕੇ ਵੇਖਦੇ। ਦਸ ਵਰ੍ਹਿਆਂ ਤੱਕ ਅੰਕਲ ਜਿਊਲਜ਼ ਦੀ ਕੋਈ ਖੋਜ ਖਬਰ ਨਾ ਮਿਲੀ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਉਵੇਂ-ਉਵੇਂ ਮੇਰੇ ਪਿਤਾ ਦੀਆਂ ਉਮੀਦਾਂ ਨੂੰ ਖੰਭ ਲੱਗਦੇ ਰਹੇ। ਅਕਸਰ ਮਾਂ ਕਹਿੰਦੀ, ‘ਬਸ, ਨੇਕ ਤੇ ਸਾਊ ਜਿਊਲਜ਼ ਦੇ ਘਰ ਪਰਤਦੇ ਸਾਰ ਹੀ ਸਾਡੀ ਸਦੀ ਭੌਂ ਜਾਊ।’
ਹਰ ਐਤਵਾਰ ਜਦੋਂ ਵੀ ਮੇਰੇ ਪਿਤਾ ਕਿਸੇ ਵੱਡੇ ਜਹਾਜ਼ ਨੂੰ ਆਉਂਦਿਆਂ ਵੇਖਦੇ ਤਾਂ ਉਹ ਹਾਉਕਾ ਭਰ ਕੇ ਕਹਿੰਦੇ, ‘ਕਾਸ਼! ਇਸ ਜਹਾਜ਼ ‘ਚ ਮੇਰਾ ਭਰਾ ਜਿਊਲਜ਼ ਵੀ ਹੋਵੇ।’
ਅਸੀਂ ਵੀ ਉਸ ਘੜੀ ਦਾ ਬੇਤਾਬੀ ਨਾਲ ਇੰਤਜ਼ਾਰ ਕਰਦੇ, ਜਦੋਂ ਜਹਾਜ਼ ਦੇ ਡੈਕ ਉੱਤੇ ਖਲੋਤਾ ਅੰਕਲ ਜਿਊਲਜ਼ ਆਪਣਾ ਰੇਸ਼ਮੀ ਰੁਮਾਲ ਹਵਾ ‘ਚ ਲਹਿਰਾ ਕੇ ਉਚੀ ਆਵਾਜ਼ ‘ਚ ਬੋਲੇਗਾ, ‘ਹੈਲੋ! ਫਿਲਿਪ!’
ਮੇਰੇ ਅੰਕਲ ਦੀ ਘਰ ਵਾਪਸੀ ਦੀ ਉਡੀਕ ਕਰਦਿਆਂ-ਕਰਦਿਆਂ ਕਿੰਨੀਆਂ ਹੀ ਸਕੀਮਾਂ ਘੜੀਆਂ ਜਾਂਦੀਆਂ। ਨਵਾਂ ਘਰ ਖਰੀਦਿਆ ਜਾਵੇਗਾ। ਮੇਰੇ ਪਿਤਾ ਨੇ ਤਾਂ ਨਵੇਂ ਘਰ ਦਾ ਸੌਦਾ ਕਰਨ ਦੀ ਗੱਲ ਵੀ ਤੋਰ ਲਈ ਸੀ। ਮੇਰੀ ਵੱਡੀ ਭੈਣ 28 ਵਰ੍ਹਿਆਂ ਦੀ ਸੀ ਤੇ ਉਸ ਤੋਂ ਛੋਟੀ 26 ਵਰ੍ਹਿਆਂ ਦੀ। ਉਨ੍ਹਾਂ ਦੀ ਅਜੇ ਸ਼ਾਦੀ ਨਹੀਂ ਹੋਈ ਸੀ। ਇਸ ਗੱਲ ਦਾ ਝੋਰਾ ਮੇਰੀ ਮਾਂ ਨੂੰ ਵੱਢ-ਵੱਢ ਖਾਂਦਾ ਸੀ। ਆਖਰ ਕਿਸੇ ਮੁੰਡੇ ਨੇ ਮੇਰੀ ਛੋਟੀ ਭੈਣ ਦਾ ਹੱਥ ਮੰਗਿਆ। ਉਹ ਕਲਰਕ ਲੱਗਾ ਹੋਇਆ ਸੀ। ਬਹੁਤਾ ਅਮੀਰ ਨਹੀਂ ਸੀ, ਪਰ ਇੱਜ਼ਤ ਦੀ ਰੋਟੀ ਖਾਂਦਾ ਸੀ। ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਇਕ ਦਿਨ ਸ਼ਾਮ ਵੇਲੇ ਜਦੋਂ ਉਸ ਨੂੰ ਮੇਰੇ ਅੰਕਲ ਜਿਊਲਜ਼ ਦੀ ਚਿੱਠੀ ਵਿਖਾਈ ਗਈ ਤਾਂ ਉਸ ਨੂੰ ਪੜ੍ਹ ਕੇ ਉਹ ਵਿਆਹ ਲਈ ਮੰਨ ਗਿਆ। ਫੈਸਲਾ ਹੋਇਆ ਕਿ ਵਿਆਹ ਤੋਂ ਬਾਅਦ ਸਾਰਾ ਪਰਵਾਰ ਸੈਰ ਸਪਾਟੇ ਲਈ ਜਰਸੀ ਜਾਵੇਗਾ।
ਸਾਡੇ ਵਰਗੇ ਗਰੀਬ ਬੰਦਿਆਂ ਦੇ ਸੈਰ ਸਪਾਟੇ ਲਈ ‘ਜਰਸੀ’ ਬੜੀ ਢੁਕਵੀਂ ਥਾਂ ਹੈ। ਇਹ ਬਹੁਤੀ ਦੂਰ ਵੀ ਨਹੀਂ। ਸਟੀਮਰ ਤਾਂ ਸਮੁੰਦਰ ਦੀ ਇਕ ਗੇੜੀ ਲਾ ਕੇ ਜਰਸੀ ਆਈਲੈਂਡ ‘ਤੇ ਪਹੁੰਚ ਜਾਂਦਾ ਹੈ। ਇਸ ਆਈਲੈਂਡ ‘ਤੇ ਇੰਗਲੈਂਡ ਦਾ ਕਬਜ਼ਾ ਹੈ। ਇਕ ਫਰੈਂਚ ਵਾਸੀ ਦੋ ਕੁ ਘੰਟਿਆਂ ਦੇ ਸਫਰ ਤੋਂ ਬਾਅਦ ਵਿਦੇਸ਼ੀ ਧਰਤੀ ‘ਤੇ ਅੱਪੜ ਕੇ ਆਪਣੇ ਗੁਆਂਢੀ ਮੁਲਕ ਦੇ ਲੋਕਾਂ ਦੇ ਰਹਿਣ ਸਹਿਣ ਤੇ ਖਾਣ ਪੀਣ ਦੇ ਢੰਗ ਵੇਖ ਸਕਦਾ ਹੈ।
ਅਸੀਂ ਜਰਸੀ ਦੇ ਰੰਗੀਨ ਸੁਪਨਿਆਂ ਵਿੱਚ ਗੁਆਚ ਗਏ। ਹਰ ਵੇਲੇ ਸਾਡੇ ਖਿਆਲਾਂ ਵਿੱਚ ਜਰਸੀ ਵਸਿਆ ਰਹਿੰਦਾ। ਆਖਰ ਉਹ ਦਿਨ ਆ ਗਿਆ ਜਦੋਂ ਅਸੀਂ ਜਰਸੀ ਜਾਣ ਲਈ ਜਹਾਜ਼ ਵਿੱਚ ਸਵਾਰ ਹੋਏ। ਮੈਨੂੰ ਤਾਂ ਇਹ ਸਭ ਕੁਝ ਇਸ ਤਰ੍ਹਾਂ ਯਾਦ ਹੈ ਜਿਵੇਂ ਇਹ ਕੱਲ੍ਹ ਦੀ ਗੱਲ ਹੋਵੇ। ਸਟੀਮਰ ਧੂੰਆਂ ਛੱਡ ਰਿਹਾ ਸੀ। ਮੇਰੇ ਪਿਤਾ ਸਾਮਾਨ ਦੇ ਤਿੰਨ ਨਗ ਰੱਖ ਕੇ ਹੰਭ ਗਏ ਸਨ। ਬੌਂਦਲੀ ਹੋਈ ਮੇਰੀ ਮਾਂ ਨੇ ਮੇਰੀ ਅਣਵਿਆਹੀ ਬੈਣ ਦੀ ਬਾਂਹ ਫੜੀ ਹੋਈ ਸੀ। ਉਹ ਆਪਣੇ ਤੋਂ ਛੋਟੀ ਦੇ ਵਿਆਹ ਉਪਰੰਤ ਉਦਾਸ ਰਹਿਣ ਲੱਗ ਪਈ ਸੀ। ਮੇਰੀ ਛੋਟੀ ਭੈਣ ਤੇ ਉਸ ਦਾ ਪਤੀ ਸਭ ਤੋਂ ਬਾਅਦ ਜਹਾਜ਼ ‘ਚ ਚੜ੍ਹੇ।
ਸੀਟੀ ਵੱਜੀ। ਸਟੀਮਰ ਸਮੁੰਦਰ ਦੇ ਨੀਲੇ ਪਾਣੀ ਵਿੱਚ ਤੁਰਨ ਲੱਗਾ। ਬੰਦਰਗਾਹ ਪਿਛਾਂਹ ਛੁੱਟ ਚੁੱਕੀ ਸੀ। ਕਦੇ ਕਦਾਈ ਜਹਾਜ਼ ‘ਚ ਸਫਰ ਕਰਨ ਵਾਲਿਆਂ ਵਾਂਗ ਅਸੀਂ ਬੜੇ ਮਾਣਮੱਤੇ ਮਹਿਸੂਸ ਕਰ ਰਹੇ ਸੀ। ਮੇਰੇ ਪਿਤਾ ਸੀਨਾ ਚੌੜਾ ਕਰਕੇ ਠੰਢੀ ਹਵਾ ਵਿੱਚ ਸਾਹ ਲੈ ਰਹੇ ਸਨ। ਉਨ੍ਹਾਂ ਨੇ ਬੜੇ ਉਚੇਚ ਨਾਲ ਆਪਣੀ ਬਾਸਕਟ ਪ੍ਰੈੱਸ ਕੀਤੀ ਸੀ। ਉਸ ਵਿੱਚ ਬੈਨਜ਼ੀਨ ਦਾ ਮੁਸ਼ਕ ਆ ਰਿਹਾ ਸੀ, ਜਿਸ ਤੋਂ ਮੇਰੀਆਂ ਨਾਸਾਂ ਭਲੀਭਾਂਤ ਵਾਕਿਫ ਸਨ, ਕਿਉਂ ਜੋ ਹਰ ਐਤਵਾਰ ਨੂੰ ਬਾਸਕਟ ‘ਤੇ ਲੱਗੇ ਦਾਗ ਬੈਨਜ਼ੀਨ ਨਾਲ ਸਾਫ ਕੀਤੇ ਜਾਂਦੇ ਸਨ।
ਅਚਾਨਕ ਮੇਰੇ ਪਿਤਾ ਨੇ ਵੇਖਿਆ ਕਿ ਸ਼ਾਨਦਾਰ ਪੁਸ਼ਾਕਾਂ ਵਿੱਚ ਸਜੀਆਂ ਦੋ ਸੋਹਣੀਆਂ ਔਰਤਾਂ ਨੂੰ ਉਨ੍ਹਾਂ ਨਾਲ ਬੈਠੇ ਦੋ ਆਦਮੀ ਘੋਗੇ ਪੇਸ਼ ਕਰ ਰਹੇ ਸਨ। ਇਕ ਫਟੇਹਾਲ ਬਜ਼ੁਰਗ ਉਨ੍ਹਾਂ ਕੋਲ ਖੜਾ ਘੋਗਿਆਂ ਦੇ ਖੋਲ ਤੋੜ ਕੇ ਉਨ੍ਹਾਂ ਨੂੰ ਦੇ ਰਿਹਾ ਸੀ। ਔਰਤਾਂ ਬੜੇ ਨਖਰੇ ਨਾਲ ਘੋਗਿਆਂ ਦਾ ਰਸ ਮਾਣ ਰਹੀਆਂ ਸਨ। ਜਦੋਂ ਉਹ ਘੋਗਾ ਮੂੰਹ ‘ਚ ਪਾਉਂਦੀਆਂ ਤਾਂ ਉਹ ਰੁਮਾਲ ਆਪਣੇ ਮੂੰਹ ਹੇਠਾਂ ਰੱਖਦੀਆਂ ਤਾਂ ਜੋ ਕਿਧਰੇ ਉਨ੍ਹਾਂ ਦੀ ਪੁਸ਼ਾਕ ਖਰਾਬ ਨਾ ਹੋ ਜਾਵੇ। ਔਰਤਾਂ ਦਾ ਅੰਦਾਜ਼ ਏਨਾ ਖਿੱਚਵਾਂ ਸੀ ਕਿ ਮੇਰੇ ਪਿਤਾ ਨੇ ਵੀ ਖਰਚੇ ਦੀ ਪਰਵਾਹ ਨਾ ਕਰਦਿਆਂ ਮੇਰੀ ਮਾਂ ਅਤੇ ਭੈਣ ਤੋਂ ਪੁੱਛਿਆ, ‘ਤੁਸੀਂ ਘੋਗੇ ਖਾਵੋਗੇ?’ ਮੇਰੀ ਮਾਂ ਪੈਸੇ ਖਰਚਣ ਤੋਂ ਜਰਕ ਗਈ, ਪਰ ਮੇਰੀਆਂ ਦੋਵੇਂ ਭੈਣਾਂ ਨੇ ਹਾਮੀ ਭਰ ਦਿੱਤੀ! ਮੇਰੀ ਮਾਂ ਨੇ ਤਲਖ ਆਵਾਜ਼ ‘ਚ ਕਿਹਾ, ‘ਮੈਂ ਤਾਂ ਖਾ ਕੇ ਬਿਮਾਰ ਹੋ ਜਾਵਾਂਗੀ। ਬੱਚਿਆਂ ਨੂੰ ਵੀ ਬੱਸ ਸਵਾਦ ਵੇਖਣ ਲਈ ਹੀ ਦੇਣਾ। ਸਫਰ ਦਾ ਮਾਮਲਾ ਹੈ। ਕਿਤੇ ਜ਼ਿਆਦਾ ਖਾਣ ਨਾਲ ਤਬੀਅਤ ਖਰਾਬ ਨਾ ਹੋ ਜਾਵੇ।’ ਫੇਰ ਮੇਰੇ ਵੱਲ ਵੇਖ ਕੇ ਉਸ ਨੇ ਕਿਹਾ, ‘ਜੋਸੇਫ ਨੂੰ ਕੋਈ ਲੋੜ ਨਹੀਂ। ਜੀਭ ਦਾ ਸਵਾਦ ਮਾੜਾ ਹੁੰਦਾ ਹੈ। ਮੰੁਡਿਆਂ ਨੂੰ ਇਸ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ।’
ਬੇਸ਼ੱਕ ਮੈਂ ਮਾਂ ਦੇ ਨਾਲ ਲੱਗ ਕੇ ਹੀ ਬੈਠਾ ਰਿਹਾ, ਪਰ ਮੈਂ ਉਸ ਦੇ ਵਤੀਰੇ ਤੋਂ ਖਫਾ ਜ਼ਰੂਰ ਸੀ। ਮੈਂ ਆਪਣੇ ਪਿਤਾ, ਭੈਣਾਂ ਤੇ ਜੀਜੇ ਨੂੰ ਉਸ ਫਟੇਹਾਲ ਬਜ਼ੁਰਗ ਕੋਲ ਜਾਂਦਿਆਂ ਵੇਖਿਆ ਜੋ ਘੋਗੇ ਵੇਚ ਰਿਹਾ ਸੀ। ਮੇਰੇ ਪਿਤਾ ਨੇ ਮੇਰੀਆਂ ਭੈਣਾਂ ਨੂੰ ਘੋਗੇ ਖਾਣ ਦਾ ਵੱਲ ਸਿਖਾਇਆ। ਉਹ ਹੁਣੇ-ਹੁਣੇ ਦੋ ਖੂਬਸੂਰਤ ਔਰਤਾਂ ਨੂੰ ਘੋਗੇ ਖਾਂਦਿਆਂ ਵੇਖ ਚੁੱਕੇ ਸਨ। ਉਨ੍ਹਾਂ ਨੇ ਮੇਰੀਆਂ ਭੈਣਾਂ ਨੂੰ ਜਾਚ ਦੱਸਣ ਲਈ ਖੁਦ ਇਕ ਘੋਗਾ ਖਾਣ ਦਾ ਫੈਸਲਾ ਕੀਤਾ। ਉਹ ਉਨ੍ਹਾਂ ਔਰਤਾਂ ਦੀ ਨਕਲ ਕਰਨ ਲੱਗੇ ਤਾਂ ਘੋਗੇ ਦਾ ਰਸ ਉਨ੍ਹਾਂ ਦੀ ਬਾਸਕਟ ‘ਤੇ ਡੁੱਲ੍ਹ ਗਿਆ। ਮੈਂ ਆਪਣੀ ਮਾਂ ਨੂੰ ਬੁੜਬੁੜਾਉਂਦਿਆਂ ਸੁਣਿਆ- ‘ਬੁੱਢੇ ਵਾਰੇ ਵੀ ਇਨ੍ਹਾਂ ਨੂੰ ਚੱਜ ਨਾ ਆਇਆ।’
ਫਿਰ ਅਚਾਨਕ ਪਿਛਾਂਹ ਹਟੇ, ਘੋਗੇ ਦਾ ਖੋਲ ਤੋੜਨ ਵਾਲੇ ਬਜ਼ੁਰਗ ਦੇ ਦੁਆਲੇ ਖਲੋਤੇ ਆਪਣੇ ਟੱਬਰ ਵੱਲ ਝਾਕੇ ਤੇ ਇਕਦਮ ਸਾਡੇ ਵੱਲ ਮੁੜੇ। ਉਨ੍ਹਾਂ ਦਾ ਚਿਹਰਾ ਉਤਰਿਆ ਹੋਇਆ ਸੀ। ਉਹ ਕੰਬ ਰਹੇ ਸਨ। ਬੜੀ ਦੱਬੀ ਆਵਾਜ਼ ‘ਚ ਉਨ੍ਹਾਂ ਨੇ ਮੇਰੀ ਮਾਂ ਨੂੰ ਕਿਹਾ, ‘ਬੜੀ ਹੈਰਾਨੀ ਦੀ ਗੱਲ ਹੈ..ਉਸ ਬਜ਼ੁਰਗ ਦਾ ਮੜੰਗਾ ਸਾਡੇ ਜਿਊਲਜ਼ ਨਾਲ..ਮਿਲਦਾ ਹੈ।’
ਹੈਰਾਨ ਹੋ ਕੇ ਮੇਰੀ ਮਾਂ ਨੇ ਪੁੱਛਿਆ, ‘ਕੀ? ਜਿਊਲਜ਼?’
ਮੇਰੀ ਪਿਤਾ ਨੇ ਕਿਹਾ, ‘ਕਿਉਂ? ਮੇਰਾ ਭਰਾ! ਜੇ ਮੈਨੂੰ ਇਹ ਨਾ ਪਤਾ ਹੁੰਦਾ ਕਿ ਉਹ ਅਮਰੀਕਾ ‘ਚ ਪੈਸੇ ਧੇਲੇ ਵੱਲੋਂ ਸੁਖਾਲਾ ਹੈ ਤਾਂ ਮੈਂ ਉਸ ਨੂੰ ਪਛਾਣਨ ‘ਚ ਕੋਈ ਗਲਤੀ ਨਾ ਕਰਦਾ। ਉਹ ਹੂ-ਬ-ਹੂ ਜਿਊਲਜ਼ ਵਰਗਾ ਹੈ।’
ਘਬਰਾਹਟ ਵਿੱਚ ਮੇਰੀ ਮਾਂ ਦੀ ਜੀਭ ਲੜਖੜਾ ਰਹੀ ਸੀ। ਉਸ ਨੇ ਕਿਹਾ, ‘ਤੁਹਾਡੀ ਅਕਲ ਟਿਕਾਣੇ ਨਹੀਂ। ਜੇ ਤੁਹਾਨੂੰ ਯਕੀਨ ਹੀ ਨਹੀਂ ਕਿ ਇਹ ‘ਉਹ’ ਹੈ ਤਾਂ ਤੁਸੀਂ ਅਜਿਹੀ ਫਜ਼ੂਲ ਗੱਲ ਕਿਉਂ ਕਰ ਰਹੇ ਹੋ?’ ਪਰ ਮੇਰੇ ਪਿਤਾ ਨੇ ਆਪਣੀ ਗੱਲ ਨਾ ਛੱਡੀ ਤੇ ਕਿਹਾ, ‘ਤੂੰ ਆਪ ਜਾ ਕੇ ਵੇਖ ਆ! ਕਲੈਰਿਸਾ, ਜਾ, ਜਾ ਕੇ ਵੇਖ ਆ।’
ਮੇਰੀ ਮਾਂ ਉਠੀ ਤੇ ਮੇਰੀਆਂ ਭੈਣਾਂ ਕੋਲ ਗਈ। ਮੈਂ ਬੜੀ ਨੀਂਝ ਨਾਲ ਉਸ ਬਜ਼ੁਰਗ ਨੂੰ ਵੇਖ ਰਿਹਾ ਸੀ। ਉਸ ਦਾ ਚਿਹਰਾ ਝੁਰੜੀਆਂ ਨਾਲ ਭਰਿਆ ਹੋਇਆ ਸੀ। ਉਸ ਦੇ ਸਰੀਰ ‘ਤੇ ਮੈਲੇ ਤੇ ਫਟੇ ਕੱਪੜੇ ਸਨ। ਉਹ ਨੀਵੀਂ ਪਾਈ ਆਪਣਾ ਕੰਮ ਕਰ ਰਿਹਾ ਸੀ। ਮੇਰੀ ਮਾਂ ਵਾਪਸ ਆਈ। ਮੈਂ ਮਹਿਸੂਸ ਕੀਤਾ ਕਿ ਉਹ ਕੰਬ ਰਹੀ ਸੀ। ਉਸ ਨੇ ਕਾਹਲੀ-ਕਾਹਲੀ ਬੋਲਦਿਆਂ ਕਿਹਾ, ‘ਮੈਨੂੰ ਵੀ ਲੱਗਦੈ ਕਿ ਇਹ ਉਹੀ ਹੈ, ਪਰ ਸਾਵਧਾਨ ਰਹਿਣਾ ਕਿਤੇ ਇਹ ਨਿਖੱਟੂ ਫੇਰ ਸਾਡੇ ਪੱਲੇ ਨਾ ਪੈ ਜਾਵੇ। ਮੈਂ ਹੁਣ ਉਸ ਦਾ ਬੋਝ ਨਹੀਂ ਝੱਲ ਸਕਦੀ।’
ਮੇਰੇ ਪਿਤਾ ਕਪਤਾਨ ਨੂੰ ਮਿਲਣ ਲਈ ਖੜੇ ਹੋਏ। ਮੈਂ ਵੀ ਉਨ੍ਹਾਂ ਦੇ ਨਾਲ ਤੁਰ ਪਿਆ। ਮੇਰਾ ਦਿਲ ਡੋਬੇ ਖਾ ਰਿਹਾ ਸੀ। ਕਪਤਾਨ ਲੰਮਾ, ਪਤਲਾ, ਭੂਰੀਆਂ ਮੁੱਛਾਂ ਵਾਲਾ ਬੜਾ ਹੈਂਕੜਬਾਜ਼ ਆਦਮੀ ਸੀ। ਉਹ ਇੰਜ ਤੁਰ ਰਿਹਾ ਸੀ ਜਿਵੇਂ ਉਹ ਇੰਡੀਅਨ ਮੇਲ ਸਟੀਮਰ ਦਾ ਕਪਤਾਨ ਹੋਵੇ। ਮੇਰੇ ਪਿਤਾ ਬੜੀ ਹਲੀਮੀ ਨਾਲ ਉਸ ਨੂੰ ਮੁਖਾਤਿਬ ਹੋਏ। ਉਹ ਇਧਰ ਉਧਰ ਦੀਆਂ ਗੱਲਾਂ ਕਰਨ ਲੱਗੇ, ਜਰਸੀ ਵਿਖੇ ਵੇਖਣ ਯੋਗ ਥਾਵਾਂ ਕਿਹੜੀਆਂ ਹਨ? ਉਥੋਂ ਦੀ ਮੁੱਖ ਫਸਲ ਕਿਹੜੀ ਹੈ? ਉਥੇ ਵਸੋਂ ਕਿੰਨੀ ਕੁ ਹੈ? ਫੇਰ ਉਹ ਅਸਲ ਗੱਲ ‘ਤੇ ਆਏ ਤੇ ਬੋਲੇ, ‘ਉਹ ‘ਸ਼ੈਲ ਓਪਨਰ’ ਬੜਾ ਦਿਲਚਸਪ ਆਦਮੀ ਵਿਖਾਈ ਦਿੰਦਾ ਹੈ। ਕੀ ਤੁਸੀਂ ਉਸ ਨੂੰ ਜਾਣਦੇ ਹੋ?’
ਕਪਤਾਨ ਤਾਂ ਪਹਿਲਾਂ ਹੀ ਮੇਰੇ ਪਿਤਾ ਦੀਆਂ ਗੱਲਾਂ ਤੋਂ ਅੱਕ ਚੁੱਕਾ ਸੀ। ਉਸ ਨੇ ਖੁਸ਼ਕ ਜਿਹੇ ਲਹਿਜੇ ਵਿੱਚ ਜਵਾਬ ਦਿੱਤਾ, ‘ਉਹ ਫਰਾਂਸ ਦਾ ਵਾਸੀ ਹੈ। ਪਿਛਲੇ ਸਾਲ ਉਹ ਮੈਨੂੰ ਅਮਰੀਕਾ ਦੀਆਂ ਸੜਕਾਂ ‘ਤੇ ਭਟਕਦਾ ਹੋਇਆ ਮਿਲਿਆ ਸੀ। ਮੈਂ ਉਸ ਨੂੰ ਆਪਣੇ ਨਾਲ ਲੈ ਆਇਆ। ਸ਼ਾਇਦ ਉਸ ਦੇ ਕੁਝ ਰਿਸ਼ਤੇਦਾਰ ਹਾਵਰੇ ‘ਚ ਰਹਿੰਦੇ ਹਨ, ਪਰ ਉਹ ਉਥੇ ਜਾਣਾ ਨਹੀਂ ਚਾਹੁੰਦਾ, ਕਿਉਂਕਿ ਉਹ ਉਨ੍ਹਾਂ ਦਾ ਕਰਜ਼ਾਈ ਹੈ। ਉਸ ਦਾ ਨਾਮ ਜਿਊਲਜ਼ ਹੈ, ਜਿਊਲਜ਼ ਦਰਮਾਸ਼ੇ ਜਾਂ ਦਰਵਾਂਸੇ, ਅਜਿਹਾ ਹੀ ਕੋਈ ਨਾਮ ਹੈ ਉਸ ਦਾ। ਸੁਣਿਆ ਹੈ, ਉਹ ਕਦੇ ਅਮੀਰ ਹੁੰਦਾ ਸੀ, ਪਰ ਉਸ ਦੀ ਮੌਜੂਦਾ ਹਾਲਾਤ ਤਾਂ ਤੁਸੀਂ ਵੇਖ ਹੀ ਰਹੇ ਹੋ।’
ਮੇਰੇ ਪਿਤਾ ਦੇ ਚਿਹਰੇ ਦਾ ਰੰਗ ਪੀਲਾ ਉੱਡ ਚੁੱਕਾ ਸੀ। ਉਸ ਦਾ ਗਲਾ ਖੁਸ਼ਕ ਸੀ ਤੇ ਉਸ ਦੀ ਮੂੰਹ ‘ਚੋਂ ਆਵਾਜ਼ ਨਹੀਂ ਸੀ ਨਿਕਲ ਰਹੀ। ਉਹ ਡੌਰ ਭੌਰ ਹੋਇਆ ਨੀਵੀਂ ਪਾਈ ਖੜਾ ਸੀ। ‘ਜੀ, ਸਰ ਠੀਕ ਹੈ, ਠੀਕ ਹੈ। ਇਹ ਸਭ ਕੁਝ ਜਾਣ ਕੇ ਮੈਨੂੰ ਕੋਈ ਅਸਚਰਜ ਨਹੀਂ ਹੋਇਆ। ਸ਼ੁਕਰੀਆ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ।’
ਕਪਤਾਨ ਹੈਰਾਨ ਹੋ ਕੇ ਮੇਰੇ ਪਿਤਾ ਵੱਲ ਵੇਖਣ ਲੱਗਾ। ਮੇਰੇ ਪਿਤਾ ਮੇਰੀ ਮਾਂ ਕੋਲ ਆਏ। ਉਹ ਬਹੁਤ ਬੇਚੈਨ ਸਨ। ਮੇਰੀ ਮਾਂ ਨੇ ਕਿਹਾ, ‘ਬਹਿ ਜਾਵੋ! ਤੁਹਾਡੇ ਚਿਹਰੇ ਨੂੰ ਵੇਖ ਕੇ ਹਰ ਆਦਮੀ ਭਾਂਪ ਸਕਦਾ ਹੈ ਕਿ ਕੋਈ ਗੱਲ ਜ਼ਰੂਰ ਹੈ।’
ਬੈਂਚ ‘ਤੇ ਬਹਿ ਕੇ ਮੇਰੇ ਪਿਤਾ ਤੁਤਲਾ ਕੇ ਬੋਲੇ, ‘ਉਹੀ ਹੈ! ਉਹੀ ਹੈ! ਹੁਣ..?’
ਮੇਰੀ ਮਾਂ ਨੇ ਫੌਰਨ ਜਵਾਬ ਦਿੱਤਾ, ‘ਬੱਚਿਆਂ ਨੂੰ ਉਸ ਤੋਂ ਦੂਰ ਰੱਖੋ। ਜੋਸੇਫ ਹੁਣ ਸਭ ਕੁਝ ਜਾਣਦਾ ਹੈ। ਉਸ ਨੂੰ ਕਹੋ ਕਿ ਉਹ ਸਭ ਨੂੰ ਇਥੇ ਬੁਲਾ ਲਵੇ। ਬਸ ਸਾਡੇ ਜਵਾਈ ਨੂੰ ਇਸ ਦੀ ਭਿਣਕ ਨਹੀਂ ਪੈਣੀ ਚਾਹੀਦੀ।’
ਮੇਰੇ ਪਿਤਾ ਨੂੰ ਕੁਝ ਵੀ ਸੁੱਝ ਨਹੀਂ ਰਿਹਾ ਸੀ। ਉਸ ਨੇ ਆਪਣੇ ਮੱਥੇ ‘ਤੇ ਹੱਥ ਮਾਰ ਕੇ ਕਿਹਾ, ‘ਬੜਾ ਭੈੜਾ ਭਾਣਾ ਵਰਤ ਗਿਆ ਸਾਡੇ ਨਾਲ।’
ਗੁੱਸੇ ‘ਚ ਲਾਲ ਪੀਲੀ ਹੋਈ ਮੇਰੀ ਮਾਂ ਨੇ ਕਿਹਾ, ‘ਮੈਂ ਤਾਂ ਪਹਿਲੇ ਦਿਨ ਤੋਂ ਹੀ ਜਾਣਦੀ ਸੀ ਕਿ ਇਸ ਨਾਮੁਰਾਦ ਨੇ ਆਖਰ ਸਾਡੇ ਹੀ ਪੱਲੇ ਪੈਣਾ ਹੈ। ਉਹ ਕੁਝ ਵੀ ਕਰ ਸਕਦਾ ਹੈ।’
ਮੇਰੇ ਪਿਤਾ ਨੇ ਆਪਣੇ ਮੱਥੇ ‘ਤੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ। ਮੇਰੀ ਮਾਂ ਦੀ ਝਿੜਕ ਸੁਣ ਕੇ ਉਹ ਏਦਾਂ ਹੀ ਕਰਦੇ ਹਨ। ਮਾਂ ਨੇ ਕਿਹਾ, ‘ਜੋਸੇਫ ਨੂੰ ਕਹੋ ਕਿ ਜਾ ਕੇ ਘੋਗਿਆਂ ਦੇ ਪੈਸੇ ਦੇ ਆਵੇ। ਜੇ ਉਸ ਮੰਗਤੇ ਨੇ ਸਾਨੂੰ ਪਛਾਣ ਲਿਆ ਤਾਂ ਸਭ ਕੁਝ ਤਬਾਹ ਹੋ ਜਾਊ। ਸਾਨੂੰ ਸਟੀਮਰ ‘ਚ ਕਿਤੇ ਓਹਲੇ ਹੋ ਕੇ ਬੈਠਣਾ ਚਾਹੀਦਾ ਹੈ ਤਾਂ ਜੋ ਉਹ ਸਾਡੇ ਨੇੜੇ ਨਾ ਆਵੇ।’
ਮੇਰੇ ਪਿਤਾ ਨੇ ਮੈਨੂੰ ਪੰਜ ਫਰੈਂਕ ਦਿੱਤੇ ਤੇ ਮੈਂ ਉਸ ਨੂੰ ਪੈਸੇ ਦੇਣ ਲਈ ਤੁਰ ਪਿਆ।
ਮੈਨੂੰ ਵੇਖ ਕੇ ਮੇਰੀਆਂ ਭੈਣਾਂ ਹੈਰਾਨ ਸਨ। ਉਹ ਮੈਨੂੰ ਨਹੀਂ, ਪਿਤਾ ਜੀ ਨੂੰ ਉਡੀਕ ਰਹੀਆਂ ਸਨ। ਮੈਂ ਕਿਹਾ, ‘ਮਾਂ ਨੂੰ ‘ਸੀ ਸਿਕਨੈਸ’ ਹੋ ਗਈ ਹੈ। ਇਸ ਲਈ ਉਹ ਨਹੀਂ ਆ ਸਕੇ।’
ਫਿਰ ਮੈਂ ਘੋਗੇ ਵੇਚਣ ਵਾਲੇ ਬਜ਼ੁਰਗ ਤੋਂ ਪੁੱਛਿਆ, ‘ਮੌਸ਼ਿਅਰ! ਕਿੰਨੇ ਫਰੈਂਕ ਬਣੇ?’
ਮੈਂ ਅੰਕਲ ਕਹਿਣਾ ਚਾਹੁੰਦਾ ਸੀ!
ਉਸ ਨੇ ਕਿਹਾ, ‘ਢਾਈ ਫਰੈਂਕ।’
ਮੈਂ ਉਸ ਨੂੰ ਪੰਜ ਫਰੈਂਕ ਦਾ ਸਿਕਾ ਦਿੱਤਾ ਤੇ ਉਸ ਨੇ ਮੈਨੂੰ ਢਾਈ ਫਰੈਂਕ ਵਾਪਸ ਮੋੜ ਦਿੱਤੇ। ਮੈਂ ਗਹੁ ਨਾਲ ਉਸ ਦਾ ਚਿਹਰਾ ਵੇਖਿਆ। ਮੈਂ ਆਪਣੇ ਆਪ ਨੂੰ ਕਿਹਾ, ‘ਇਹ ਮੇਰੇ ਅੰਕਲ ਹਨ। ਮੇਰੇ ਪਿਤਾ ਦੇ ਸਕੇ ਭਰਾ, ਮੇਰੇ ਚਾਚਾ।’ ਮੈਂ ਉਸ ਨੂੰ ਅੱਧੇ ਫਰੈਂਕ ਦੀ ਟਿੱਪ ਦਿੱਤੀ। ਉਸ ਨੇ ਮੇਰਾ ਸ਼ੁਕਰੀਆ ਕੀਤਾ ਤੇ ਕਿਹਾ, ‘ਗੌਡ ਬਲੈਸ ਯੂ, ਮਾਈ ਯੰਗ, ਸਰ।’
ਉਸ ਦੀ ਆਵਾਜ਼ ਵਿੱਚ ਮੰਗਤੇ ਵਰਗੀ ਵਿਚਾਰਗੀ ਸੀ। ਮੇਰੀਆਂ ਭੈਣਾਂ ਮੇਰੀ ਖੁੱਲ੍ਹਦਿਲੀ ਵੇਖ ਕੇ ਬੜੀ ਹੈਰਾਨੀ ਨਾਲ ਮੈਨੂੰ ਵੇਖ ਰਹੀਆਂ ਸਨ। ਜਦੋਂ ਮੈਂ ਦੋ ਫਰੈਂਕ ਆਪਣੇ ਪਿਤਾ ਨੂੰ ਵਾਪਸ ਕੀਤੇ ਤਾਂ ਮੇਰੀ ਮਾਂ ਨੇ ਹੈਰਾਨ ਹੋ ਕਿਹਾ, ‘ਕੀ ਇਹ ਸੜੇ ਜਿਹੇ ਘੋਗੇ ਤਿੰਨ ਫਰੈਂਕ ਦੇ ਕਾਬਿਲ ਸਨ। ਨਿਰੀ ਠੱਗੀ।’ ਮੈਂ ਖਿੱਝ ਕੇ ਕਿਹਾ, ‘ਘੋਗੇ ਢਾਈ ਫਰੈਂਕ ਦੇ ਸਨ। ਅੱਧਾ ਫਰੈਂਕ ਮੈਂ ਟਿੱਪ ‘ਚ ਦਿੱਤਾ ਹੈ।’
‘ਤੇਰਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ? ਤੂੰ ਅੱਧਾ ਫਰੈਂਕ ਨਾਹਕ ਹੀ ਗਵਾ ਦਿੱਤਾ।’ ਮੇਰੀ ਮਾਂ ਨੇ ਦੰਦ ਪੀਹ ਕੇ ਕਿਹਾ, ਪਰ ਮੇਰੇ ਪਿਤਾ ਵੱਲ ਵੇਖ ਕੇ ਉਹ ਚੁੱਪ ਹੋ ਗਈ। ਮੇਰੇ ਪਿਤਾ ਆਪਣੇ ਜਵਾਈ ਵੱਲ ਵੇਖ ਰਹੇ ਹਨ।
ਦੂਰ ਖਿਤਿਜ ‘ਤੇ ਛਿਪਦੇ ਸੂਰਜ ਦੀ ਲਾਲ ਸੂਹੀ ਰੌਸ਼ਨੀ ਸਮੁੰਦਰ ਦੇ ਨੀਲੇ ਪਾਣੀ ਉਤੇ ਪੈ ਰਹੀ ਸੀ। ਸਟੀਮਰ ਬੰਦਰਗਾਹ ‘ਤੇ ਪੁੱਜਣ ਵਾਲਾ ਸੀ। ਮੈਂ ਅੰਕਲ ਜਿਊਲਜ਼ ਕੋਲ ਜਾ ਕੇ ਉਸ ਨਾਲ ਗਲਵਕੜੀ ਪਾ ਕੇ ਰੋਣਾ ਚਾਹੁੰਦਾ ਸੀ, ਪਰ ਸਟੀਮਰ ‘ਤੇ ਅੰਕਲ ਜਿਊਲਜ਼ ਕਿਧਰੇ ਵਿਖਾਈ ਨਹੀਂ ਦੇ ਰਹੇ ਸਨ। ਉਹ ਲੋਪ ਹੋ ਚੁੱਕੇ ਸਨ। ਹੁਣ ਸਟੀਮਰ ‘ਤੇ ਕੋਈ ਵੀ ਘੋਗੇ ਖਰੀਦਣ ਵਾਲਾ ਨਹੀਂ ਸੀ। ਇਸ ਲਈ ਉਹ ਵੀ ਸਟੀਮਰ ਦੇ ਹੇਠਾਂ ਤਹਿਖਾਨੇ ਵਿੱਚ ਜਾ ਚੁੱਕੇ ਹੋਣਗੇ, ਜੋ ਉਸ ਗਰੀਬ ‘ਬੇਸਹਾਰਾ’ ਬਜ਼ੁਰਗ ਦੀ ਆਖਰੀ ਪਨਾਹਗਾਹ ਸੀ।