ਯੂਨੀਵਰਸਿਟੀ ਦਾ ਦੇਵਦਾਸ - ਡਾ. ਢੱਲ : ਪ੍ਰੋ. ਅਵਤਾਰ ਸਿੰਘ
ਬਰੇਟੇ ਤੋਂ ਕੋਟੇ ਤੱਕ ਜਾਂਦੇ ਜਾਂਦੇ ‘ਢਲਤੇ ਢਲਤੇ ਢਲ ਗਿਆ ਢੱਲ’ ਕਿਸੇ ਗੀਤ ਦਾ ਮੁਖੜਾ ਜਾਂ ਟੁਕੜਾ ਨਹੀਂ ਹੈ ਤੇ ਨਾ ਹੀ ਪਾਕੀਜ਼ਾ ਫਿਲਮ ਦੇ ਗਾਣੇ ‘ਚੱਲਤੇ ਚੱਲਤੇ’ ਦੀ ਪੈਰੋਡੀ ਹੈ। ਇਹ ਹਕੀਕਤ ਹੈ, ਪਾਰੋ ਜਹੀ ਆਪਣੀ ਪੰਜਾਬ ਯੂਨੀਵਰਸਿਟੀ ਨੂੰ ਦੇਵਦਾਸ ਤੋਂ ਵੀ ਵੱਧ ਪਿਆਰ ਕਰਨ ਵਾਲ਼ੇ ਰਿਸਰਚ ਸਕੌਲਰ ਡਾ. ਬਲਵਿੰਦਰ ਸਿੰਘ ਢੱਲ ਦੇ ਅਮਰ ਦੁਖਾਂਤ ਦੀ, ਜੋ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਾ।
ਉਹ ਬਰੇਟੇ ਜੰਮਿਆਂ, ਪਲ਼ਿਆ ਅਤੇ ਪੜ੍ਹਿਆ। ਉਹਦੀ ਮਾਂ ਸਿੱਖਿਆ ਮਹਿਕਮੇਂ ‘ਚ ਬੀ. ਓ. ਸੀ ਤੇ ਬਾਪ ‘ਢੱਲ ਅਕੈਡਮੀ’ ‘ਚ ਅੰਗਰੇਜ਼ੀ ਦਾ ਕੋਚ। ਮਾਂ ਬਾਪ ਦੀ ਜ਼ਬਰਦਸਤ ਰਹਿਨੁਮਾਈ ਅਤੇ ਚੰਡਾਈ ਨਾਲ਼ ਡਾ. ਢੱਲ ਤੀਖਣ ਬੁੱਧ ਅਤੇ ਬੇਮੇਚ ਵਿਦਿਆਰਥੀ ਸਾਬਤ ਹੋਇਆ।
ਸਕੂਲ, ਕਾਲਜ ਤੇ ਫਿਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਆਉਂਦੇ ਹੀ ਉਹਦੀ ਦਿੱਖ ਅਤੇ ਲਿਆਕਤ ਦੀਆਂ ਧੁੰਮਾਂ ਪੈ ਗਈਆਂ। ਕੁੜੀਆਂ ਦੇ ਹੋਸਟਲਾਂ ‘ਚ ਉਹਦੀ ਭਰਵੀਂ ਅਤੇ ਮਰਦਾਵੀਂ ਦਿੱਖ ਦੇ ਚਰਚੇ ਹੁੰਦੇ। ਉਹਦਾ ਜਿਸਮ ਪੰਜਾਬੀ ਦੇ ‘ਗੱਭਰੂ’ ਸ਼ਬਦ ਦੀ ਇੰਨਬਿੰਨ ਤਰਜ਼ਮਾਨੀ ਕਰਦਾ। ਉਹ ਸਿਆਣੇ ਅਧਿਆਪਕਾਂ ਦੀ ਅੱਖ ਦਾ ਤਾਰਾ ਤੇ ਲਾਇਕ ਵਿਦਿਆਰਥੀਆਂ ਲਈ ਧਰੂੰ ਤਾਰਾ ਹੀ ਬਣ ਗਿਆ। ਪੰਜਾਬੀ, ਹਿੰਦੀ, ਅੰਗਰੇਜੀ, ਲਾਅ, ਫਿਲੌਸਫੀ ਅਤੇ ਹਿਸਟਰੀ ਤੱਕ ਦੇ ਵਿਦਿਆਰਥੀ ਉਹਦੇ ਕੋਲ ਸਲਾਹਾਂ ਲੈਣ ਤੁਰੇ ਰਹਿੰਦੇ। ਉਹ ਹਰੇਕ ਨਾਲ਼ ਇਵੇਂ ਪੇਸ਼ ਆਉਂਦਾ, ਜਿਵੇਂ ਸਾਰਿਆਂ ਦਾ ਵੱਡਾ ਭਾਈ ਹੋਵੇ। ਪਰ ਉਹ ਕਿਸੇ ਨੂੰ ਛੋਟਾ ਨਹੀਂ ਸੀ ਮੰਨਦਾ। ਉਹਦੇ ਮੂਹੋਂ ’ਤੂੰ’ ਸ਼ਬਦ ਕਦੀ ਨਹੀਂ ਸੀ ਸੁਣਿਆਂ। ਨਿੱਕੇ ਬੱਚੇ ਨੂੰ ਵੀ ਉਹ ਹਮੇਸ਼ਾ ‘ਤੁਸੀਂ’ ਕਹਿੰਦਾ।
ਉਹ ਕਿਸੇ ਨੂੰ ਕਦੀ ਮਜ਼ਾਕ ਨਹੀਂ ਸੀ ਕਰਦਾ। ਹਰ ਮਜ਼ਾਕ ਦਾ ਤੋੜ ਉਹ ਖ਼ੁਦ 'ਤੇ ਤੋੜ ਲੈਂਦਾ। ਪੰਜਾਬ ਯੂਨੀਵਰਸਿਟੀ ਵਿੱਚ ਉਹਦਾ ਰਤਾ ਕੁ ਸੀਨੀਅਰ ਗਿੱਲ ਸੀ, ਜੋ ਆਪਣੀ ਤੇਜ਼ ਬੁੱਧ ਅਤੇ ਫਰਾਟੇਦਾਰ ਅੰਗਰੇਜ਼ੀ ਕਰਕੇ ਮਸ਼ਹੂਰ ਸੀ, ਜਿਹਦੇ ਮੂਹੋਂ ‘ਤੁਸੀਂ’ ਸ਼ਬਦ ਕਦੀ ਹੀ ਨਿਕਲ਼ਦਾ ਸੀ ਅਤੇ ਜਿਹਦੇ ਆਤਮਵਿਸ਼ਵਾਸ ਮੁਤਾਬਕ ਯੂਨੀਵਰਸਿਟੀ ਵਿੱਚ ਕਿਸੇ ਹੋਰ ਨੂੰ ਠੀਕ ਅੰਗਰੇਜ਼ੀ ਲਿਖਣੀ ਤੇ ਬੋਲਣੀ ਨਹੀਂ ਸੀ ਆਉਂਦੀ। ਉਹਨੇ ਕਦੀ ਕਿਹਾ ਸੀ ਕਿ ਨਹੀਂ, ਪਤਾ ਨਹੀਂ, ਪਰ ਡਾ. ਢੱਲ ਬੜੇ ਚਾਅ ਨਾਲ਼ ਦੱਸਦਾ ਕਿ ਗਿੱਲ ਉਹਦੀ ਅੰਗਰੇਜੀ ਬਾਬਤ ਕਹਿੰਦਾ ਹੈ ‘ਹੀ ਨੋਜ਼ ਅਫਿਊ ਵਰਡਜ’। ਢੱਲ, ਇਹਨੂੰ ਵੱਡੇ ਫ਼ਖ਼ਰ ਦੀ ਗੱਲ ਸਮਝਦਾ। ਢੱਲ ਤੇ ਗਿੱਲ ਦਾ ਬੌਧਿਕ ਵਜ਼ਨ ਲੱਗਪਗ ਇੱਕੋ ਜਿਹਾ ਸੀ।
ਡਾ. ਢੱਲ ਜੁਆਨ ਜਹਾਨ ਤੇ ਰੋਬੀਲਾ ਗੱਭਰੂ ਸੀ। ਬੂਟ, ਜੁਰਾਬਾਂ, ਪੈਂਟ, ਬੈਲ਼ਟ ਅਤੇ ਸ਼ਰਟ ਵਿੱਚ ਸੱਜਿਆ ਅਤੇ ਫੱਬਿਆ, ਕਿਸੇ ਨੂੰ ਪ੍ਰੋਫੈਸਰ ਲੱਗਦਾ, ਕਿਸੇ ਨੂੰ ਬਿਓਰੋਕ੍ਰੈਟ ਤੇ ਕਈਆਂ ਨੂੰ ਫੌਰਨਰ ਲੱਗਦਾ। ਸਰਦੀਆਂ ਵਿੱਚ ਉਹ ਫੌਜੀ ਰੰਗਾ ਕੋਟ ਪਾਉਂਦਾ, ਜਿਵੇਂ ਕੋਈ ਵੱਡਾ ਫ਼ੌਜੀ ਅਫਸਰ ਹੋਵੇ। ਤੁਰਿਆ ਜਾਂਦਾ ਇਵੇਂ ਲਗਦਾ ਜਿਵੇਂ ਕਿਸੇ ਫ਼ਿਲਮ ਦਾ ਹੀਰੋ ਹੋਵੇ।
ਕਿਸੇ ਵੀ ਵਿਭਾਗ ਦੇ ਵਿਦੇਸ਼ੀ ਵਿਦਿਆਰਥੀ ਆਪਣੀ ਸਹੂਲਤ ਲਈ ਪੁੱਛਦੇ ਪੁੱਛਦੇ ਡਾ. ਢੱਲ ਕੋਲ ਪੁੱਜ ਜਾਂਦੇ ਤੇ ਉਹ ਹਰ ਕਿਸੇ ਦੀ ਪੁੱਜਕੇ ਮੱਦਦ ਕਰਦਾ। ਉਹ ਕਿੰਨਾ ਵੀ ਜ਼ਰੂਰੀ ਕੰਮ ਕਰ ਰਿਹਾ ਹੁੰਦਾ ਤੇ ਕਿਸੇ ਨੂੰ ਉਹਦੇ ਤੱਕ ਕਿੰਨਾ ਵੀ ਗ਼ੈਰਜ਼ਰੂਰੀ ਕੰਮ ਹੁੰਦਾ, ਉਹ ਝੱਟ ਉਠਕੇ ਤੁਰ ਪੈਂਦਾ। ਉਹ ਕਿਸੇ ਨੂੰ ਪੁੱਛਦਾ ਨਹੀਂ ਸੀ ਕਿ ਕੀ ਕੰਮ ਹੈ ਤੇ ਕਿੱਥੇ ਜਾਣਾ ਹੈ। ਇਨ੍ਹਾਂ ਸਵਾਲਾਂ ਨੂੰ ਉਹ ਦੋਸਤੀ ਦੀ ਹੱਤਕ ਸਮਝਦਾ ਸੀ।
ਕਾਲਜਾਂ ਵਾਲ਼ੇ ਪੋਲੀਟੀਕਲ ਸਾਇੰਸ ਦੀ ਐੱਮ ਏ ਚਾਲੂ ਕਰ ਲੈਂਦੇ ਤੇ ਡਾ. ਢੱਲ ਦੇ ਹਾੜ੍ਹੇ ਕੱਢਦੇ ਕਿ ‘ਇਕ ਵਾਰੀ ਸਾਡੀ ਐਮ ਏ ਚਲਾ ਦੇਵੇ, ਬਾਦ ਵਿੱਚ ਬੇਸ਼ੱਕ ਚਲਾ ਜਾਵੇ’। ਪਰ ਡਾ. ਢੱਲ ਕੋਲ ਸਿਰਫ ਇਸੇ ਗੱਲ ਲਈ ਨਾਂਹ ਹੁੰਦੀ ਸੀ। ਕੋਈ ਉਹਨੂੰ ਕਿਸੇ ਵੱਡੇ ਬੰਦੇ ਦੇ ਦਬਾਅ ਹੇਠ ਲੈ ਵੀ ਗਿਆ, ਪਰ ਡਾ ਢੱਲ ਨੇ ਮਸਾਂ ਪੰਦਰਾਂ ਦਿਨ ਕੱਟੇ ਜਾਂ ਕੱਢੇ ਤੇ ਵਾਪਸ ਪਰਤ ਆਇਆ।
ਉਹ ਕਿਸੇ ਐਵੇਂ ਜਹੇ ਦੋਸਤ ਦੇ ਐਵੇਂ ਜਹੇ ਕੰਮ ਲਈ ਮੋਟਰ ਸਾਈਕਲ ‘ਤੇ, ਬੇਮਤਲਬ ਦਿੱਲੀ ਚਲਿਆ ਗਿਆ। ਵਾਪਸੀ ‘ਤੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਤੇ ਡਾ. ਢੱਲ ਦਾ ਗੋਡਾ ਟੁੱਟ ਗਿਆ। ਪੀ ਜੀ ਆਈ ‘ਚ ਅਪ੍ਰੇਸ਼ਨ ਹੋਇਆ। ਮੈਂ ਖਬਰ ਲੈਣ ਗਿਆ ਤਾਂ ਉਹਦੇ ਸਿਰਹਾਣੇ ਟੌਲਸਟੌਿੲ ਦਾ ਵੱਡਾ ਨਾਵਲ ‘ਵਾਰ ਐਂਡ ਪੀਸ’ ਪਿਆ ਦੇਖ ਕੇ ਹੈਰਾਨ ਹੋ ਗਿਆ। ਉਹ ਮੇਰਾ ਅਣਪੁੱਛਿਆ ਸਵਾਲ ਸਮਝ ਗਿਆ ਤੇ ਕਹਿਣ ਲੱਗਾ ‘ਇਹ ਨਾਵਲ ਪੜ੍ਹਨ ਲਈ ਪੇਸ਼ੈਂਸ਼ ਚਾਹੀਦੀ ਹੈ ਤੇ ਇੰਨੀ ਪੇਸ਼ੈਂਸ ਕਿਸੇ ਪੇਸ਼ੈਂਟ ਵਿੱਚ ਹੀ ਹੁੰਦੀ ਹੈ’। ਅਣਪੁੱਛੇ ਸਵਾਲਾਂ ਦੇ ਜਵਾਬ ਉਹ ਇਸੇ ਤਰਾਂ ਦਿੰਦਾ।
ਉਹਦਾ ਗੋਡਾ ਠੀਕ ਨਾ ਹੋਇਆ। ਪਾਰੋ ਦਾ ਦੀਵਾਨਾ, ਦਾਰੂ ਦਾ ਸ਼ੌਕੀਨ ਹੋ ਗਿਆ ਤੇ ਗੋਡੇ ਦੀ ਤਕਲੀਫ ਨੇ ਦਾਰੂ ਦੇ ਸ਼ੌਕ ਵਿੱਚ ਵਾਧਾ ਕਰ ਦਿੱਤਾ, ਜੋ ਵੱਧਦਾ ਹੀ ਗਿਆ। ਉਹ ਐਵੇਂ ਜਿਹਾ ਦੋਸਤ, ਢੱਲ ਨੂੰ ਦੇਖ ਕੇ ਅਜਿਹੀ ਹਾਸੀ ਹੱਸਦਾ, ਜਿਹੋ ਜਹੀ ਸਿਰਫ ਉਹੀ ਹੱਸ ਸਕਦਾ ਸੀ।
ਤਕਲੀਫ਼ ਕਾਰਣ ਡਾ. ਢੱਲ ਕੋਲ਼ੋਂ ਤੁਰਿਆ ਨਾ ਜਾਂਦਾ। ਤੋਰੇ ਫੇਰੇ ਵਾਲ਼ੇ ਮਿੱਤਰ ਉਹਦੇ ਕੋਲ਼ ਆਪਣੇ ਕੰਮ ਦੇ ਨਾਲ਼ ਦਾਰੂ ਦੀ ਬੋਤਲ ਲੈ ਕੇ ਆਉਂਦੇ। ਕੰਮ ਕੱਢਦੇ ਤੇ ਔਹ ਜਾਂਦੇ। ਕਮਰੇ ‘ਚ ਬੈਠਾ ਡਾ. ਢੱਲ ਲੰਮੇ ਲੰਮੇ ਨਾਵਲ ਪੜ੍ਹ ਛੱਡਦਾ, ਉਨ੍ਹਾਂ ਵਿਚਲੇ ਕਿਸੇ ਪਾਤਰ ਨਾਲ ਸਾਂਝ ਪਾ ਲੈਂਦਾ ਤੇ ਉਹਨੂੰ ਜਿਊਣ ਲੱਗ ਪੈਂਦਾ। ਅੰਦਰੋ ਅੰਦਰੀ ਕਈ ਤਰਾਂ ਦੇ ਲੁਤਫ਼ ਲੈਂਦਾ ਤੇ ਕਈ ਸਾਧ ਪਾਤਰਾਂ ਦੇ ਅਸਾਧ ਕਸ਼ਟ ਭੋਗਦਾ।
ਦੇਖ ਕੇ ਕਦੇ ਨਾ ਲੱਗਦਾ ਕਿ ਉਹਨੂੰ ਕੋਈ ਤਕਲੀਫ਼ ਹੈ। ਥੀਸਿਸ ਸੋਧਣ ਦੀ ਉਹਦੀ ਪ੍ਰਸਿੱਧੀ ਪੀ ਜੀ ਆਈ ਦੇ ਗਲਿਆਰਿਆਂ ਤੱਕ ਪੁੱਜ ਚੁੱਕੀ ਸੀ। ਪੀਜੀਆਈ ਦੀਆਂ ਚੰਦਰਮੁਖੀ ਰੂਹਾਂ ਉਹਦੇ ਕੋਲ਼ੋਂ ਆਪਣੇ ਥੀਸਿਸ ’ਤੇ ਨਿਗਾਹ ਫਿਰਾਉਣ ਆਉਂਦੀਆਂ। ਉਨ੍ਹਾਂ ਦੇ ਥੀਸਿਸ ਨਿਹਾਰਦਾ ਢੱਲ ਆਪਣਾ ਸਪੈੱਲ ਚੈੱਕ ਚੁਸਤ ਕਰਕੇ ਕਿਸੇ ਦੇ ਢਿੱਲੇ ਫ਼ਿਕਰੇ ਕੱਸ ਦਿੰਦਾ ਤੇ ਕਿਸੇ ਦੇ ਕੱਸੇ ਹੋਏ ਢਿੱਲੇ ਕਰ ਦਿੰਦਾ; ਖੂਬ ਕਾਂਟ ਛਾਂਟ ਕਰਦਾ ਤੇ ਥੀਸਿਸ ਦੇ ਨੈਣ ਨਕਸ਼ ਸੰਵਾਰ ਦਿੰਦਾ। ਕਿਸੇ ਕਿਸੇ ਦੇ ਪੂਰੇ ਪੈਰੇ ਹੀ ਦਰੁਸਤ ਕਰ ਦਿੰਦਾ। ਉਹ ਕਿਸੇ ਨੂੰ ਨਿਰਾਸ਼ ਨਾ ਕਰਦਾ ਤੇ ਨਾ ਖਾਲੀ ਤੋਰਦਾ। ਮੁਫ਼ਤ ਮਿਲ਼ੇ ਮਾਲ ਵਿਚੋਂ, ਕਿਸੇ ਨੂੰ ਪੈੱਨ, ਡਾਇਰੀ ਜਾਂ ਚੌਕਲੇਟ ਦੇ ਕੇ ਤੋਰਦਾ। ਅਜਿਹੇ ਸਮੇਂ ਡਾ. ਢੱਲ ਆਪਣੇ ਇਖ਼ਲਾਕ ਦੀ ਦੌਣ ਰੱਤੀ ਭਰ ਢਿੱਲੀ ਨਾ ਹੋਣ ਦਿੰਦਾ। ਪਰ ਖ਼ਬਰ ਲੈਣ ਆਏ ਦੋਸਤਾਂ ਨੂੰ ਮਸਾਲੇ ਲਾ ਲਾ ਗੱਲਾਂ ਸੁਣਾਉਂਦਾ।
ਉਹਦੇ ਨਾਲ਼ ਕਦੀ ਕੋਈ ਗੱਲ ਚੱਲਦੀ ਤਾਂ ਉਹ ਆਪਣੇ ਭੋਲ਼ੇ ਜਹੇ ਮੂੰਹ ਨਾਲ਼, ਬੜੇ ਠੋਸ ਅਤੇ ਸਿੱਕੇਬੰਦ ਫ਼ਿਕਰੇ ਬੋਲਦਾ ਤੇ ਅਗਲੇ ਨੂੰ ਸੋਚਣ ਲਾ ਦਿੰਦਾ। ਉਹ ਹਰ ਇਕ ਫ਼ੀਲ਼ਡ ਦੀਆਂ ਗੱਲਾਂ ਕਰਦਾ, ਪਰ ਉਹਦੇ ਫੀਲ਼ਡ ਦੀ ਗੱਲ ਕਿਸੇ ਨੂੰ ਹੀ ਆਉਂਦੀ ਸੀ।
ਡਾ. ਪੁਰੀ ਨੇ ਯੂਨੀਵਰਸਿਟੀ ‘ਚ ਕਿਤਿਉਂ ਜੀਓ ਪੋਲੀਟੀਕਲ ਸੈਂਟਰ ਲੈਆਂਦਾ ਤੇ ਉਹਦੇ ਵਿੱਚ ਡਾ. ਢੱਲ ਨੂੰ ਰਿਸਰਚ ਸਕੌਲਰ ਨਿਯੁਕਤ ਕਰ ਦਿੱਤਾ। ਯੂਨੀਵਰਸਿਟੀ ਦਾ ਜੀਓ ਪੋਲੀਟੀਕਲ ਸੈਂਟਰ, ਡਾ. ਪੁਰੀ ਦੇ ਨਾਂ ਨਾਲ਼ੋਂ ਜ਼ਿਆਦਾ, ਡਾ. ਢੱਲ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਮੇਜ ‘ਤੇ ਵਿਛੇ, ਮਿਲਟਰੀ ਰੰਗੇ ਮੇਜਪੋਸ਼ ‘ਤੇ ਰੱਖਿਆ ਸ਼ੀਸ਼ਾ ਖ਼ੂਬ ਜਚਦਾ; ਜਿਹਦੇ ‘ਤੇ ਪਈਆਂ ਕਿਤਾਬਾਂ ਢੱਲ ਦੀ ਬੌਧਕ ਪਸੰਦ ਦੀ ਦੱਸ ਪਾਉਂਦੀਆਂ। ਅੱਠ ਅੱਠ ਘੰਟੇ ਬੈਠਾ ਡਾ. ਢੱਲ ਲਗਾਤਾਰ ਪੜ੍ਹਦਾ ਰਹਿੰਦਾ। ਕੋਈ ਦੋਸਤ ਆਉਂਦਾ, ਬੈਠਦਾ ਤੇ ਮਲਕੜੇ ਜਹੇ ਪੁੱਛਦਾ, ‘ਚੱਲੀਏ?’ ਡਾ. ਢੱਲ ਦਾ ਸੰਖੇਪ ਜਿਹਾ ਜਵਾਬ ਹੁੰਦਾ, ‘ਚਲੋ’ ਤੇ ਉਹ ਕਿਸੇ ਪਾਸੇ ਵੀ ਤੁਰ ਜਾਂਦੇ।
ਯੂਨੀਵਰਸਿਟੀ ਦੇ ਸਕੌਲਰਾਂ ਦੀ ਸ਼ਨਾਖਤ ਇਸ ਗੱਲੋਂ ਵੀ ਹੁੰਦੀ ਹੈ ਕਿ ਉਨ੍ਹਾਂ ਦੇ ਹੋਸਟਲ ਨੂੰ ਕਦੀ ਲੌਕ ਜ਼ਰੂਰ ਲੱਗਦਾ ਹੈ। ਕੋਈ ਬਿੱਲ ਸਮੇਂ ਸਿਰ ਨਾ ਦਿੱਤਾ ਗਿਆ ਤੇ ਡਾ. ਢੱਲ ਦਾ ਕਮਰਾ ਲੌਕ ਹੋ ਗਿਆ ਤੇ ਦਰਵਾਜ਼ੇ ਵਿੱਚ ਵੱਡੇ ਵੱਡੇ ਕਿੱਲ ਠੋਕ ਦਿੱਤੇ ਗਏ। ਡਾ. ਢੱਲ ਨਾਲ ਦੇ ਕਮਰੇ ‘ਚੋਂ ਹੋ ਕੇ, ਬਾਲਕਨੀ ਰਾਹੀਂ, ਪਿਛਲੇ ਪਾਸਿਉਂ ਟੱਪ ਕੇ ਕਮਰੇ ‘ਚ ਵੜ ਕੇ ਸੌਂ ਜਾਇਆ ਕਰੇ। ਵਾਰਡਨ ਨੂੰ ਪਤਾ ਲੱਗ ਗਿਆ ਤੇ ਉਹਨੇ ਪਿਛਲੇ ਪਾਸਿਉਂ ਵੀ ਉਹਦਾ ਕਮਰਾ ਸੀਲ ਕਰ ਦਿੱਤਾ ਤੇ ਕਿੱਲ ਠੋਕ ਦਿੱਤੇ। ਢੱਲ ਦੇ ਕਮਰੇ ਦੇ ਅੱਗੇ ਪਿੱਛੇ ਕਿੱਲ ਠੁਕ ਚੁੱਕੇ ਸਨ।
ਬੇਘਰ ਡਾ. ਢੱਲ ਦਿਨੇ ਲਾਇਬ੍ਰੇਰੀ ਬੈਠਦਾ ਜਾਂ ਦੋਸਤਾਂ ਨਾਲ ਸਟੂਡੈਂਟਸ ਸੈਂਟਰ ਬੈਠਾ ਚਾਹ ਪੀਂਦਾ ਰਹਿੰਦਾ ਤੇ ਸਭਦਾ ਦਿਲ ਲਾਈ ਰੱਖਦਾ। ਦੋਸਤ ਚਲੇ ਜਾਂਦੇ ਤਾਂ ਦੂਰ ਦਿਸਦੇ ਪਹਾੜਾਂ ਵੱਲ੍ਹ ਨਜ਼ਰ ਆਉਂਦੇ ਜੈਂਤੀ ਦੇਵੀ ਮੰਦਰ ਦੇ ਕਲ਼ਸ ਦੇਖਦਾ ਰਹਿੰਦਾ ਤੇ ਖਿਆਲਾਂ ਖਿਆਲਾਂ ‘ਚ ਪਤਾ ਨਹੀਂ ਕਿਥੇ ਕਿਥੇ ਵਿਚਰਦਾ ਤੇ ਕਲਸਾਂ ਦੇ ਕੀ ਕੀ ਅਰਥ ਸੋਚਦਾ ਰਹਿੰਦਾ।
ਇਕ ਰਾਤ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ। ਦੇਖਿਆ ਤਾਂ ਡਾ. ਢੱਲ ਸੀ। ਕੁਝ ਪੁੱਛਣ ਦੱਸਣ ਦੀ ਲੋੜ ਨਾ ਪਈ। ਮੈਂ ਫ਼ਰਸ਼ ‘ਤੇ ਬਿਸਤਰਾ ਵਿਛਾਇਆ ਤੇ ਉਹਨੂੰ ਮੰਜੇ ‘ਤੇ ਸੌਣ ਲਈ ਇਸ਼ਾਰਾ ਕੀਤਾ। ਉਹਨੇ ਭੁੰਜੇ ਸੌਣ ਦੀ ਜਿੱਦ ਕੀਤੀ ਤਾਂ ਮੈਂ ਹਾਰ ਗਿਆ। ਮੰਜਾ ਚੁੱਕਿਆ ਤੇ ਬਾਹਰ ਬਾਲਕਨੀ ‘ਚ ਖੜ੍ਹਾ ਕਰ ਦਿੱਤਾ ਤੇ ਅਸੀਂ ਦੋਹਵੇਂ ਭੁੰਜੇ ਸੌਂ ਗਏ। ਸਵੇਰੇ ਉੱਠੇ ਤਾਂ ਡਾ. ਢੱਲ ਧੋਬੀ ਕੋਲ਼ ਗਿਆ, ਧੋਤੀ ਹੋਈ ਪੈਂਟ, ਕਮੀਜ਼, ਬੁਨੈਣ, ਅੰਡਰਵੀਅਰ, ਜੁਰਾਬਾਂ ਤੇ ਰੁਮਾਲ ਲੈ ਆਇਆ। ਇਸ਼ਨਾਨ ਕੀਤਾ ਤੇ ਨਵੇਂ ਕੱਪੜੇ ਪਾਏ। ਲਾਹੇ ਹੋਏ ਪੁਰਾਣੇ ਕੱਪੜੇ ਪੈਂਟ, ਕਮੀਜ਼, ਬੁਨੈਣ, ਜੁਰਾਬਾਂ, ਅੰਡਰਵੀਅਰ ਤੇ ਰੁਮਾਲ ਧੋਬੀ ਨੂੰ ਦੇ ਆਇਆ। ਗੁੱਟ ‘ਤੇ ਘੜੀ ਲਾਈ, ਪਰਸ ਜੇਬ ‘ਚ ਪਾਇਆ ਤੇ ਕਹਿਣ ਲੱਗਾ, ‘ਚੱਲੀਏ?’ ਮੇਰੀ ਹਿੰਮਤ ਨਾ ਪਈ ਕਿ ਪੁੱਛਾਂ ‘ਕਿੱਥੇ?’ ਕਈ ਦਿਨ ਇਹ ‘ਚੱਲੀਏ’ ਤੇ ‘ਚਲੋ’ ਦਾ ਸਿਲਸਿਲਾ ਜਾਰੀ ਰਿਹਾ।
ਰਾਤ ਨੂੰ ਉਹ ਦਾਰੂ ਪੀ ਕੇ ਆਉਂਦਾ; ਨਾ ਆਪ ਸੌਂਦਾ ਨਾ ਮੈਨੂੰ ਸੌਣ ਦਿੰਦਾ। ਕਮਰੇ ‘ਚ ਪਈ ਪ੍ਰੋ. ਮੋਹਣ ਸਿੰਘ ਦੀ ਕਿਤਾਬ ਚੁੱਕਦਾ ਤੇ ਮੈਨੂੰ ਸੁਣਾਉਣ ਲੱਗ ਜਾਂਦਾ। ‘ਨਿੱਕਾ ਨਿੱਕਾ ਦਿਲ ਕਰਨਾ, ਮਿੰਗੀ ਘਿੱਨ ਜੁਲੋ ਢੋਲੇ ਕੋਲ’ ਕਵਿਤਾ ਪੜ੍ਹ ਕੇ ਖਿੜ ਜਾਂਦਾ ਤੇ ਖੂਬ ਹੱਸਦਾ। ਮੈਂ ਉਹਨੂੰ ਮੀਸ਼ੇ ਦੀ ਕਵਿਤਾ ‘ਨੰਦੂ ਛੜਾ’ ਪੜ੍ਹ ਕੇ ਸੁਣਾਉਂਦਾ ਤੇ ਉਹਦੀਆਂ ਅੱਖਾਂ ਭਰ ਆਉਂਦੀਆਂ। ਉਸ ਸਮੇਂ ਉਹ ਭੂਪਿੰਦਰ ਸਿੰਘ ਦਾ ਰੂਪ ਧਾਰ ਲੈਂਦਾ ਤੇ ਕਿਸੇ ਮਤਾਲੀ ਸਿੰਘ ਦੀ ਯਾਦ ਵਿੱਚ ਗਹਿਰਾ ਡੁੱਬ ਜਾਂਦਾ। ਫਿਰ ਉਹ ਗਾਉਣ ਲੱਗ ਜਾਂਦਾ — ਕਰੋਗੇ ਯਾਦ ਤੋ ਹਰ ਬਾਤ ਯਾਦ ਆਏਗੀ, ਗੁਜਰਤੇ ਵਕਤ ਕੀ ਹਰ ਮੌਜ ਠਹਿਰ ਜਾਏਗੀ।
ਉਹ ਦੱਸਦਾ ਕਿ ਉਹਨੇ ਕਿਸੇ ਸਮੇਂ ਹਾਈ ਕੋਰਟ ‘ਚ ਨੌਕਰੀ ਕੀਤੀ ਸੀ, ਜਿੱਥੇ ਉਹਦੇ ’ਤੇ ‘ਮਤਾਲੀ’ ਨਹੀਂ, ਕੋਈ ਮਤਵਾਲੀ ਮਸਤ ਹੋ ਗਈ ਸੀ। ਢੱਲ ਨੇ ਆਪਣੇ ਮਾਂ ਬਾਪ ਕੋਲ਼ ਗੱਲ ਕੀਤੀ ਤਾਂ ਸਾਫ, ਸਖ਼ਤ ਅਤੇ ਕੁਰਖਤ ਇਨਕਾਰ ਸੁਣਕੇ ਵਾਪਸ ਆ ਗਿਆ ਤੇ ਮੁੜਕੇ ਕਦੀ ਵੀ ਹਾਈ ਕੋਰਟ ਨਾ ਗਿਆ। ਉਹਦੀ ਮਾਨਸਿਕਤਾ ਨੇ ਅਧੂਰੀ ਮੁਹੱਬਤ ਦਾ ਮਣਾਂਮੂੰਹੀਂ ਬੋਝ ਸਿਰ ‘ਤੇ ਚੁੱਕਿਆ ਹੋਇਆ ਸੀ, ਜਿਹਨੂੰ ਉਹਨੇ ਕਦੇ ਵੀ ਸਿਰੋਂ ਨਾ ਉਤਾਰਿਆ। ਦਾਰੂ ਨਾਲ ਗ਼ਮ ਗ਼ਲਤ ਕਰਨ ਦੀ ਕੋਸ਼ਿਸ਼ ਕਰਦਾ, ਪਰ ਗ਼ਮ ਗ਼ਲਤ ਹੋਣ ਦੀ ਥਾਂ, ਫਲਤ ਹੋ ਜਾਂਦਾ, ਅਰਥਾਤ ਹੋਰ ਵਧ ਜਾਂਦਾ। ਮੈਂ ਉਹਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਵੱਲ੍ਹ ਦੇਖ ਕੇ ਦੇਵਦਾਸ ਯਾਦ ਆ ਜਾਂਦਾ — ਕੌਨ ਕੰਬਖ਼ਤ ਹੈ ਜੋ ਬਰਦਾਸ਼ਤ ਕਰਨੇ ਕੇ ਲੀਏ ਪੀਤਾ ਹੈ, ਮੈਂ ਤੋ ਪੀਤਾ ਹੂੰ ਕਿ ਸਾਂਸ ਲੇ ਸਕੂੰ।
ਕਦੀ ਕਦੀ ਗਈ ਰਾਤ ਨੂੰ ਦੇਖਣਾ ਤਾਂ ਉਹਨੇ ਜਾਗਦਾ ਹੋਣਾ। ਢੱਲ ਸਾਹਿਬ, ਨੀਂਦ ਨਹੀਂ ਆਉਂਦੀ? ਜਵਾਬ ਮਿਲਣਾ - ‘ਨੀਂਦ ਰੋਜ਼ ਰੋਜ਼ ਥੋੜ੍ਹੀ ਆਤੀ ਹੈ’। ਦੇਵਦਾਸ ਦਾ ਸਾਕਾਰ ਰੂਪ, ਡਾ. ਢੱਲ ਕਦੀ ਕਦੀ ਗਾਲਿਬ ਹੋ ਜਾਂਦਾ — ਗਮਿ ਹਸਤੀ ਕਾ ਕਿਸ ਸੇ ਹੋ ਜੁਜ਼ ਮਰਗ ਇਲਾਜ, ਸ਼ੱਮਾ ਹਰ ਰੰਗ ਮੇਂ ਜਲਤੀ ਹੈ ਸਹਿਰ ਹੋਨੇ ਤੱਕ।
ਇਕ ਸ਼ਾਮ ਨੂੰ ਪੰਦਰਾਂ ਦੀ ਮਾਰਕੀਟ ‘ਚ ਟੱਕਰ ਗਿਆ। ਇਕੱਠੇ ਹੋਸਟਲ ਆਏ। ਮੇਰੇ ਕਮਰੇ ਦੇ ਦਰਵਾਜ਼ੇ ਵਿੱਚ ਵੀ ਮੋਟੀਆਂ ਮੋਟੀਆਂ ਕਿੱਲਾਂ ਠੁਕੀਆਂ ਹੋਈਆਂ ਸਨ ਤੇ ਲੌਕ ਉੱਤੇ ਲੌਕ ਚੜ੍ਹਿਆ ਹੋਇਆ ਸੀ। ਮੈਂ ਹੱਕਾ ਬੱਕਾ ਰਹਿ ਗਿਆ। ਬਿੱਲਾਂ ਦਾ ਡਿਫਾਲਟਰ ਤਾਂ ਮੈਂ ਸੀ ਹੀ, ਉੱਪਰੋ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਕਮਰੇ ‘ਚ ਦੋ ਜਾਣੇ ਰਹਿੰਦੇ ਹਨ। ਕਿਸੇ ‘ਮਿਹਰਬਾਨ’ ਸਦਕਾ, ਢੱਲ ਨਾਲ ਰਾਤਾਂ ਬਤੀਤ ਕਰਨ ਦਾ ਲੁਤਫ਼ ਜਾਂਦਾ ਰਿਹਾ, ਜਿਵੇਂ ਜ਼ਿੰਦਗੀ ਦੇ ਰੰਗ ਕਿਰ ਗਏ ਹੋਣ।
ਇਕ ਲੰਬਾ ਅਰਸਾ ਡਾ. ਢੱਲ ਦਾ ਕੋਈ ਅਤਾ ਪਤਾ ਨਾ ਰਿਹਾ। ਇਕ ਦਿਨ ਫੇਸਬੁੱਕ ‘ਤੇ ਉਹਦੀ ਫਰੈਂਡ ਰਕੁਐਸਟ ਆਈ। ਓਕੇ ਹੋਈ ਤੇ ਸਿਲਸਿਲਾ ਸ਼ੁਰੂ ਹੋਇਆ। ਜੋ ਵੀ ਲਿਖਣਾ, ਪਹਿਲਾ ਕੌਮੈਂਟ ਡਾ. ਢੱਲ ਦਾ ਹੋਣਾ। ਉਹਨੇ ਸੰਖੇਪ ਜਹੇ ਕੌਮੈਂਟ ਨਾਲ ਕਈਆਂ ਦੀ ਬੋਲਤੀ ਬੰਦ ਕਰ ਦੇਣੀ। ਫਿਰ ਮੈਂ ਉਹਦਾ ਫ਼ੋਨ ਨੰਬਰ ਲਿਆ। ਮਿਲ਼ਾਇਆ ਤਾਂ ਲੱਗਾ ਕਿ ਅੱਗਿਓ ਉਹ ਨਹੀਂ ਬੋਲ ਰਿਹਾ ਸੀ। ਮੈਂ ਕਿਹਾ ਕਿ ਢੱਲ ਸਾਹਿਬ ਨੂੰ ਮਿਲਣਾ। ਉਹ ਕਹੇ ‘ਬੋਲ ਰਿਹਾਂ’। ਮੈਂ ਸ਼ਸ਼ੋਪੰਜ ਵਿਚ ਪੈ ਗਿਆ। ਬੜੀ ਮੁਸ਼ਕਲ ਨਾਲ਼ ਡਾ ਢੱਲ ਨਾਲ਼ ਗੱਲ ਹੋਈ। ਉਹਨੇ ਦੱਸਿਆ ਕਿ ਇੱਥੇ ਸਾਰੇ ਹੀ ਢੱਲ ਹਨ। ਅੱਗੇ ਤੋਂ ਇਹ ਕਹਿਣਾ ਕਿ ਪਿੰਕੀ ਨਾਲ਼ ਗੱਲ ਕਰਨੀ ਹੈ। ਮੈਨੂੰ ਯਾਦ ਆਇਆ ਕਿ ਉਹਦਾ ਚਿਹਰਾ ਹਮੇਸ਼ਾ ਗੁਲਾਬੀ ਭਾਅ ਮਾਰਦਾ ਸੀ। ਇਸੇ ਲਈ ਮਾਂ ਨੇ ਉਹਦਾ ਨਾਂ ਪਿੰਕੀ ਰੱਖਿਆ ਹੋਵੇਗਾ।
ਖ਼ੈਰ, ਉਹਦੇ ਨਾਲ਼ ਗੱਲ ਹੋਈ ਤਾਂ ਸਾਰਾ ਹਾਲ ਮਾਲੂਮ ਹੋਇਆ। ਉਹ ਰਾਜਿਸਥਾਨ ਵਿਖੇ, ਆਪਣੇ ਭਰਾਵਾਂ ਕੋਲ਼ ਕੋਟੇ ਗਿਆ ਹੋਇਆ ਸੀ। ਉਹਦੀ ਸਿਹਤ ਠੀਕ ਨਹੀਂ ਸੀ। ਸ਼ਾਇਦ ਉਹ ਬੈੱਡ ‘ਤੇ ਹੀ ਰਹਿੰਦਾ ਸੀ, ਜਿੱਥੇ ਉਹ ਦੰਮਦਾਰ ਗੱਲਾਂ ਨਾਲ਼ ਆਪਣੀਆਂ ਵੱਡੀਆਂ ਛੋਟੀਆਂ ਭਰਜਾਈਆਂ ਦਾ ਚਿੱਤ ਲਾਈ ਰੱਖਦਾ। ਉਹ ਵੀ ਉਹਦੀ ਦੇਖ ਭਾਲ ‘ਚ ਕੋਈ ਕਸਰ ਨਾ ਛਡਦੀਆਂ।
ਮੈਂ ਪੁੱਛਿਆ ਕੋਈ ਦਿੱਕਤ ਤਾਂ ਨਹੀਂ। ਉਹਨੇ ਆਪਣੇ ਖਸੂਸੀ ਅੰਦਾਜ਼ ਵਿਚ ਦੱਸਿਆ ਕਿ ਜੇ ਭਰਜਾਈਆਂ ਖਿਝ ਜਾਣ ਤਾਂ ਉਨ੍ਹਾਂ ਨੂੰ ਭਾਈ ਝਿੜਕ ਦਿੰਦੇ ਹਨ ਤੇ ਜੇ ਕਿਤੇ ਭਾਈ ਖਿਝ ਜਾਣ ਤਾਂ ਉਨ੍ਹਾਂ ਨੂੰ ਭਰਜਾਈਆਂ ਪੈ ਜਾਂਦੀਆਂ ਹਨ। ਉਨ੍ਹਾਂ ਦੇ ਸਤਿਜੁਗੀ ਘਰੇਲੂ ਮਹੌਲ ਨੇ ਮੈਨੂੰ ਨਿਸਚਿੰਤ ਕਰ ਦਿੱਤਾ।
ਫਿਰ ਅਚਾਨਕ ਉਹਦੇ ਕੌਮੈਂਟ ਆਉਣੇ ਬੰਦ ਹੋ ਗਏ। ਕੰਬਖ਼ਤ ਮਨ ਵਿੱਚ ਕੋਈ ਬੁਰਾ ਖਿਆਲ ਵੀ ਨਾ ਆਇਆ ਕਿ ਮੈਂ ਪਤਾ ਹੀ ਕਰ ਲੈਂਦਾ। ਕਿਤੋਂ ਉਡਦੀ ਉਡਦੀ ਖ਼ਬਰ ਆਈ ਕਿ ਡਾ. ਢੱਲ ਤੁਰ ਗਿਆ ਹੈ। ਪਤਾ ਕੀਤਾ ਤਾਂ ਇਸ ਗੱਲ ਨੂੰ ਛੇ ਮਹੀਨੇ ਹੋ ਚੁੱਕੇ ਸਨ। ਦੇਵਦਾਸ ਪਾਰੋ ਦੇ ਪਿੰਡ ਪੂਰਾ ਹੋਇਆ ਸੀ। ਪਰ ਡਾ. ਢੱਲ ਦੇ ਸਾਹਾਂ ਦਾ ਕੋਟਾ ਕੋਟੇ ਜਾ ਕੇ ਪੂਰਾ ਹੋਇਆ।
ਡਾ. ਢੱਲ ਦੇ ਦੁੱਖ ਦਾ ਕੋਈ ਹੱਲ ਨਹੀਂ ਸੀ। ‘ਸੀਨੇ ਖਿੱਚ੍ਹ ਜਿਨ੍ਹਾਂ ਨੇ ਖਾਧੀ’ ਉਨ੍ਹਾਂ ਦਾ ਹੱਲ ਹੁੰਦਾ ਹੀ ਨਹੀਂ। ਜੀ ਕਰਦਾ ਹੈ ਪਾਰੋ ਜਹੀ ਪੰਜਾਬ ਯੂਨੀਵਰਸਿਟੀ ਦੇ ਲਾਡਲੇ ਅਤੇ ਸ਼ਿੰਦੇ ਰਿਸਰਚ ਸਕੌਲਰ ਡਾ. ਢੱਲ ਦੀ ਯਾਦ ਵਿੱਚ ਰਤਾ ਅੱਖਾਂ ਭਰਕੇ ਰੋ ਲਈਏ — ਰੋਨੇ ਵਾਲੋਂ ਸੇ ਕਹੋ ਕਿ ਉਨਕਾ ਭੀ ਰੋਨਾ ਰੋ ਲੇਂ, ਜਿਨਕੋ ਮਜਬੂਰੀਏ ਹਾਲਾਤ ਨੇ ਰੋਨੇ ਨਾ ਦੀਆ।