Usda Naan (Punjabi Story) : Baldev Singh Grewal

ਉਸਦਾ ਨਾਂ (ਕਹਾਣੀ) : ਬਲਦੇਵ ਸਿੰਘ ਗਰੇਵਾਲ

-ਤੁਹਾਡਾ ਨਾਂ ਕੀ ਹੈ?

ਮੈਂ ਉਸਨੂੰ ਅੰਗਰੇਜ਼ੀ ਵਿਚ ਪੁੱਛਦਾ ਹਾਂ, ਪਰ ਉਹ ਕੋਈ ਜਵਾਬ ਦੇਣ ਦੀ ਥਾਂ, ਬਾਹਰਲੇ ਦਰਵਾਜ਼ੇ ਵੱਲ ਦੇਖਣ ਲੱਗ ਜਾਂਦਾ ਹੈ, ਜਿਵੇਂ ਮੈਂ ਇਹ ਸਵਾਲ ਉਸਨੂੰ ਨਾ ਪੁੱਛਿਆ ਹੋਵੇ, ਕਿਸੇ ਬਾਹਰੋਂ ਅੰਦਰ ਆਉਣ ਵਾਲੇ ਨੂੰ ਪੁੱਛਿਆ ਹੋਵੇ।
-ਮੈਂ ਤੁਹਾਨੂੰ ਪੁੱਛ ਰਿਹਾਂ। ਤੁਹਾਡਾ ਕੀ ਨਾਂ ਹੈ?

ਮੈਂ ਦੁਬਾਰਾ ਉਸਨੂੰ ਸੰਬੋਧਨ ਕਰਦਿਆਂ ਪੁੱਛਦਾ ਹਾਂ। ਉਹ ਮੇਰੀ ਵੱਲ ਕਮਜ਼ੋਰ ਜਿਹੀਆਂ ਨਜ਼ਰਾਂ ਨਾਲ ਦੇਖਦਾ ਹੈ। ਹੌਲੀ ਜਿਹੀ ਆਖਦਾ ਹੈ-ਪਤਾ ਨਹੀਂ।

ਮੈਂ ਕੱਲ੍ਹ ਦਾ ਨਿਊਯਾਰਕ ਦੇ ਇਸ ਹਸਪਤਾਲ ਦੇ ਕਮਰੇ ਵਿਚ, ਸਰਜਰੀ ਤੋਂ ਬਾਅਦ, ਇਕੱਲਾ ਪਿਆ ਹਾਂ। ਡਾਕਟਰਾਂ ਦੇ ਕਹਿਣ ਮੁਤਾਬਕ ਸਰਜਰੀ ਤਾਂ ਠੀਕ ਠਾਕ ਹੋ ਗਈ ਹੈ, ਪਰ ਵਾਰ ਵਾਰ ਆਉਂਦੀ ਖੰਘ, ਮੈਨੂੰ ਪੀੜ ਪੀੜ ਕਰ ਜਾਂਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਪਰੇਸ਼ਨ ਵੇਲੇ ਜਿਹੜੀ ਨਾਲ਼ੀ ਗਲ਼ੇ ਰਾਹੀਂ ਮੇਰੇ ਅੰਦਰ ਪਾਈ ਗਈ ਸੀ, ਸਾਹ ਲੈਣ ਲਈ, ਇਹ ਖੰਘ ਉਸ ਕਾਰਨ ਹੈ। ਉਹ ਇਸ ਖੰਘ ਨੂੰ ਦਵਾਈਆਂ ਨਾਲ ਰੋਕਣੀ ਨਹੀਂ ਚਾਹੁੰਦੇ। ਇਹ ਖੰਘ ਜਦ ਵੀ ਆਉਣ ਲੱਗਦੀ ਹੈ, ਮੈਂ ਇਸ ਨਾਲ ਹੋਣ ਵਾਲੀ ਪੀੜ ਤੋਂ ਡਰ ਜਾਂਦਾ ਹਾਂ। ਸਰਜਰੀ ਦੇ ਜ਼ਖ਼ਮ ’ਚੋਂ ਇਸ ਨਾਲ ਦਰਦ ਉਭਰ ਕੇ ਸਾਰੇ ਸਰੀਰ ’ਚ ਫੈਲ ਜਾਂਦਾ ਹੈ। ਨਰਸਾਂ ਨੇ ਮੈਨੂੰ ਇਕ ਫਾਲਤੂ ਸਿਰਹਾਣਾ ਦਿੱਤਾ ਹੋਇਆ ਹੈ। ਉਹ ਮੈਂ ਸਰਜਰੀ ਦੇ ਜ਼ਖ਼ਮ ਉਪਰ ਦਬਾਅ ਲੈਂਦਾ ਹਾਂ। ਇੰਝ ਖੰਘ ਨਾਲ ਜ਼ਖ਼ਮ ਦੇ ਟਾਂਕੇ ਟੁੱਟਣ ਦਾ ਖ਼ਤਰਾ ਘੱਟ ਜਾਂਦਾ ਹੈ, ਪਰ ਪੀੜ ਨੂੰ ਕੋਈ ਫ਼ਰਕ ਨਹੀਂ ਪੈਂਦਾ।

ਮੇਰੀ ਪਤਨੀ ਤੇ ਬੱਚੇ ਮੇਰੀ ਖ਼ਬਰ ਨੂੰ ਆਏ ਸਨ, ਮੈਂ ਉਹਨਾਂ ਨੂੰ ਜਲਦ ਤੋਂ ਜਲਦ ਘਰ ਭੇਜ ਦਿੱਤਾ ਸੀ, ਇਹ ਆਖ ਕੇ ਕਿ ਮੈਂ ਹੁਣ ਬਿਲਕੁਲ ਠੀਕ ਠਾਕ ਹਾਂ। ਕਿਸੇ ਕਿਸਮ ਦੇ ਫ਼ਿਕਰ ਦੀ ਲੋੜ ਨਹੀਂ। ਇਸਦੀ ਵਜ੍ਹਾ ਇਹ ਸੀ ਕਿ ਮੈਂ ਨਹੀਂ ਸਾਂ ਚਾਹੁੰਦਾ, ਉਹਨਾਂ ਨੂੰ ਮੇਰੀ ਪੀੜ ਬਾਰੇ ਪਤਾ ਲੱਗੇ। ਆਪਣੀ ਇਸ ਪੀੜ ਨਾਲ ਮੈਂ ਉਹਨਾਂ ਦੇ ਚਿਹਰਿਆਂ ’ਤੇ ਆਉਣ ਵਾਲੇ ਪ੍ਰਭਾਵ ਨਹੀਂ ਸੀ ਦੇਖ ਸਕਦਾ। ਇਸ ਲਈ ਉਹਨਾਂ ਨੂੰ ‘ਠੀਕ ਠਾਕ’ ਆਖ ਕੇ ਜਲਦ ਹੀ ਵਾਪਸ ਭੇਜ ਦਿੱਤਾ ਸੀ।

ਕੱਲ੍ਹ ਤੋਂ ਇਸ ਕਮਰੇ ਵਿਚ ਇਕੱਲਾ ਹੀ ਪਿਆ ਹਾਂ। ਹਸਪਤਾਲ ਦਾ ਸਟਾਫ਼ ਮੇਰੇ ਕਮਰੇ ਵਿਚਲੇ ਦੂਜੇ ਮੰਜੇ ’ਤੇ ਇਸ ਬਜ਼ੁਰਗ ਜਾਪਦੇ ਗੋਰੇ ਮਰੀਜ਼ ਨੂੰ ਪਾ ਜਾਂਦਾ ਹੈ। ਮੈਨੂੰ ਅਜੀਬ ਤਸੱਲੀ ਹੁੰਦੀ ਹੈ। ਸੋਚਦਾ ਹਾਂ-ਕੋਈ ਤਾਂ ਗੱਲ ਕਰਨ ਲਈ ਆ ਗਿਆ ਹੈ।

ਇਸੇ ਲਈ ਮੈਂ ਗੱਲਬਾਤ ਆਰੰਭ ਕਰਨ ਲਈ ਉਸਦਾ ਨਾਂ ਪੁੱਛਦਾ ਹਾਂ, ਪਰ ਉਸਦਾ ਇਹ ਜਵਾਬ ਮੈਨੂੰ ਮਾਯੂਸ ਜਿਹਾ ਕਰ ਜਾਂਦਾ ਹੈ।

ਮੈਂ ਬਿਸਤਰੇ ’ਤੇ ਸਿੱਧਾ ਪਿਆ ਛੱਤ ਵੱਲ ਦੇਖਣ ਲੱਗ ਜਾਂਦਾ ਹਾਂ। ਬਿਸਤਰੇ ਦਾ ਸਵਿੱਚ ਦਬਾਅ ਕੇ ਮੈਂ ਸਿਰ ਵਾਲਾ ਪਾਸਾ ਉਚਾ ਕਰ ਲੈਂਦਾ ਹਾਂ। ਬੈਠਾ ਜਿਹਾ ਹੋ ਗਿਆ ਹਾਂ। ਜ਼ਖ਼ਮ ਵਿਚ ਹਲਕੀ ਜਿਹੀ ਪੀੜ ਉਭਰਦੀ ਹੈ, ਪਰ ਉਤਨੀ ਨਹੀਂ, ਜਿੰਨੀ ਖੰਘ ਨਾਲ ਜਾਂ ਹਿੱਲਣ ਜੁਲਣ ਨਾਲ ਹੁੰਦੀ ਹੈ।

ਮੈਂ ਕਨੱਖੀਆਂ ਘੁੰਮਾਅ ਕੇ ਉਸ ਵੱਲ ਦੇਖਦਾ ਹਾਂ। ਉਹ ਘੂਕ ਸੁੱਤਾ ਪਿਆ ਹੈ। ਉਸਦੇ ਸਿਰ ’ਤੇ ਵਿਰਲੇ ਵਿਰਲੇ ਸਫ਼ੈਦ ਵਾਲ ਹਨ। ਉਸਨੂੰ ਗੰਜਾ ਨਹੀਂ ਕਿਹਾ ਜਾ ਸਕਦਾ। ਦਾਹੜੀ ਦੇ ਸਫ਼ੈਦ ਵਾਲ ਵੀ ਕੰਡਿਆ ਵਾਂਗ ਉਗੇ ਹੋਏ ਹਨ। ਲੱਗਦਾ ਹੈ, ਉਸਨੇ ਕਈ ਦਿਨਾਂ ਤੋਂ ਸ਼ੇਵ ਨਹੀਂ ਕੀਤੀ। ਉਸ ਦੀਆਂ ਦੋਹਾਂ ਲੱਤਾਂ ’ਤੇ ਪੱਟੀਆਂ ਕੀਤੀਆਂ ਹੋਈਆਂ ਹਨ। ਉਹਨਾਂ ਵਿੱਚੋਂ ਲਹੂ ਸਿੰਮ ਰਿਹਾ ਹੈ। ਉਸਦੀ ਉਮਰ ਅੱਸੀ ਕੁ ਸਾਲ ਦੀ ਲੱਗਦੀ ਹੈ। ਉਸ ਦੀਆਂ ਲੱਤਾਂ ਵੱਲ ਦੇਖ ਕੇ ਸੋਚਦਾ ਹਾਂ-ਜ਼ਿੰਦਗੀ ਦੇ ਲੰਬੇ ਸਫ਼ਰ ਕਾਰਨ ਸ਼ਾਇਦ ਉਸ ਦੀਆਂ ਲੱਤਾਂ ਥੱਕ ਟੁੱਟ ਗਈਆਂ ਹਨ।

ਇਕ ਨਰਸ ਬਲੱਡ ਪ੍ਰੈਸ਼ਰ ਤੇ ਤਾਪਮਾਨ ਚੈਕ ਕਰਨ ਵਾਲੇ ਆਲੇ, ਫਰਸ਼ ’ਤੇ ਘਸੀਟਦੀ ਕਮਰੇ ’ਚ ਆ ਜਾਂਦੀ ਹੈ। ਉਸਦੀ ਆਹਟ ਨਾਲ ਉਹ ਜਾਗ ਪੈਂਦਾ ਹੈ।
-ਹਾਏ ਡਾਰਲਿੰਗ। ਉਹ ਬੁੱਢਾ ਮਰੀਜ਼ ਉਸ ਨੌਜਵਾਨ ਖ਼ੂਬਸੂਰਤ ਨਰਸ ਵੱਲ ਦੇਖ ਕੇ ਮੁਸਕਰਾ ਪੈਂਦਾ ਹੈ।

ਨਰਸ ‘ਹਾਏ’ ਆਖਦੀ ਉਸਦਾ ਤਾਪਮਾਨ ਤੇ ਬਲੱਡ ਪ੍ਰੈਸ਼ਰ ਚੈਕ ਕਰਨ ਲੱਗ ਜਾਂਦੀ ਹੈ ਤੇ ਫਿਰ ਉਸਦੇ ਬੈਡ ਨਾਲ ਲਟਕਦੇ ਕਾਗਜ਼ਾਂ ’ਤੇ ਨੋਟ ਕਰਦੀ ਹੈ। ਇਸ ਤੋਂ ਵਿਹਲੀ ਹੋ ਕੇ ਉਹ ਮੇਰੀ ਵੱਲ ਆ ਜਾਂਦੀ ਹੈ।

ਉਹ ਮੇਰਾ ਹਾਲ ਪੁੱਛਦੀ ਹੈ। ਮੈਂ ਦੱਸਦਾ ਹਾਂ ਕਿ ਖੰਘ ਨਾਲ ਹੁੰਦੀ ਪੀੜ ਤੋਂ ਇਲਾਵਾ, ਮੈਨੂੰ ਹੋਰ ਕੋਈ ਤਕਲੀਫ਼ ਨਹੀਂ। ਨਰਸ ਨੂੰ ਮੇਰੀ ਖੰਘ ਦੀ ਨਹੀਂ, ਮੇਰੇ ਤਾਪਮਾਨ ਬਾਰੇ ਚਿੰਤਾ ਹੈ। ਮੇਰਾ ਤਾਪਮਾਨ ਹੇਠਾਂ ਨਹੀਂ ਆ ਰਿਹਾ। ਬਲੱਡ ਪ੍ਰੈਸ਼ਰ ਵੀ ਕੁਝ ਵਧੇਰੇ ਹੈ।

ਉਹ ਮੈਨੂੰ ਪੁੱਛਦੀ ਹੈ ਕਿ ਜੇ ਦਰਦ ਵਧੇਰੇ ਹੈ ਤਾਂ ਉਹ ਦਰਦ ਨਾਸ਼ਕ ਟੀਕਾ ਲਗਾ ਦੇਵੇ? ਮੈਂ ‘ਹਾਂ’ ਵਿਚ ਸਿਰ ਹਿਲਾ ਦਿੰਦਾ ਹਾਂ।

ਨਰਸ ਮੁਸਕਰਾ ਪੈਂਦੀ ਹੈ। ਮੈਨੂੰ ਉਸਦੀ ਇਹ ਮੁਸਕਰਾਹਟ ਚੰਗੀ ਲੱਗਦੀ ਹੈ। ਉਹ ਜਾਣ ਲੱਗਦੀ ਹੈ। ਬੁੱਢਾ ਉਸਨੂੰ ਅੰਗਰੇਜ਼ੀ ਵਿਚ ਆਖਦਾ ਹੈ-ਮੁਆਫ਼ ਕਰਨਾ, ਮੈਨੂੰ ਤੁਹਾਡਾ ਨਾਂ ਨਹੀਂ ਪਤਾ। ਇਸ ਲਈ ਤੁਹਾਡੇ ਨਾਲ ਗੱਲ ਕਰਨ ਲਈ ਕੁਝ ਤਾਂ ਆਖ ਕੇ ਬੁਲਾਉਣਾ ਹੀ ਪੈਣਾ ਹੈ। ਇਸ ਲਈ ਮੈਂ ‘ਡਾਰਲਿੰਗ’ ਆਖ ਲਿਆ ਹੈ। ਤੁਹਾਨੂੰ ਬੁਰਾ ਤਾਂ ਨਹੀਂ ਲੱਗਾ?
-ਨਹੀਂ, ਬਿਲਕੁਲ ਨਹੀਂ, ਸਵੀਟ ਹਾਰਟ। ਨਰਸ ਉਸ ਵੱਲ ਦੇਖ ਕੇ ਹੱਸਦੀ ਹੈ ਤੇ ਜਾਣ ਲੱਗਦੀ ਹੈ।
ਬੁੱਢਾ ਵੀ ਹੱਸਦਾ ਹੈ। ਆਖਦਾ ਹੈ-ਵਿਲ ਯੂ ਮੈਰੀ ਮੀ, ਡਾਰਲਿੰਗ।

ਸ਼ਾਦੀ ਦਾ ਪ੍ਰਸਤਾਵ ਸੁਣ ਕੇ ਕੁੜੀ ਖਿੜ ਖਿੜਾ ਕੇ ਹੱਸ ਪੈਂਦੀ ਹੈ। ਆਖਦੀ ਹੈਮੈਨੂੰ ਆਪਣੀ ਬੈਂਕ ਦੀ ਕਾਪੀ ਦਿਖਾ ਦੇ, ਜੇ ਤੂੰ ਅਮੀਰ ਹੋਇਆ, ਮੈਂ ਤੇਰੇ ਨਾਲ ਸ਼ਾਦੀ ਕਰ ਲਵਾਂਗੀ।

ਦੋਹਾਂ ਦਾ ਇਹ ਠੱਠਾ ਮਜ਼ਾਕ ਮੈਨੂੰ ਚੰਗਾ ਲੱਗਦਾ ਹੈ। ਬੁੱਢੇ ਦੀ ਖ਼ੁਸ਼ਦਿਲ ਤਬੀਅਤ ਮੈਨੂੰ ਪ੍ਰਭਾਵਿਤ ਕਰ ਜਾਂਦੀ ਹੈ। ਉਸਨੇ ਕੁੜੀ ਦਾ ਨਾਂ ਨਾ ਜਾਣਦੇ ਹੋਣ ਦਾ ਫ਼ਾਇਦਾ ਉਠਾ ਕੇ, ਕਿੰਨਾ ਹਾਸਾ ਮਜ਼ਾਕ ਪੈਦਾ ਕਰ ਲਿਆ ਸੀ ਤੇ ਮੈਂ ਉਸ ਬੁੱਢੇ ਨੂੰ ਪਹਿਲਾ ਸਵਾਲ ਹੀ ਉਸਦੇ ਨਾਂ ਬਾਰੇ ਕੀਤਾ ਸੀ। ਉਸ ਪਲ ਮੈਨੂੰ ਲੱਗਾ-ਨਾਂਵਾਂ ਦੀ ਕੋਈ ਅਹਿਮੀਅਤ ਨਹੀਂ। ਨਾਂਵਾਂ ਤੋਂ ਬਗ਼ੈਰ ਤਾਂ ਚੰਗੇ ਰਿਸ਼ਤੇ ਬਣ ਜਾਂਦੇ ਹਨ। ਨਰਸ ਮੇਰੇ ਟੀਕਾ ਲਗਾਉਣ ਦੁਬਾਰਾ ਆਉਂਦੀ ਹੈ। ਉਸ ਬੁੱਢੇ ਨੇ ਉਸਨੂੰ ਅੰਦਰ ਆਉਂਦੀ ਨੂੰ ਜਿਵੇਂ ਦਬੋਚ ਲਿਆ ਹੋਵੇ।
-ਡਾਰਲਿੰਗ, ਇਕ ਸਮੱਸਿਆ ਖੜ੍ਹੀ ਹੋ ਗਈ ਹੈ।
-ਕਿਹੜੀ, ਸਵੀਟ ਹਰਟ? ਖ਼ੂਬਸੂਰਤ ਨਰਸ ਨੇ ਹੋਰ ਵੀ ਖ਼ੂਬਸੂਰਤ ਹੁੰਦਿਆਂ ਪੁੱਛਿਆ।

ਬੁੱਢੇ ਨੇ ਮੇਰੀ ਵੱਲ ਇਸ਼ਾਰਾ ਕੀਤਾ-ਜਦ ਤੁਸੀਂ ਗਏ ਸੀ, ਇਸ ਆਦਮੀ ਨੇ ਮੇਰੇ ਬੈਡ ’ਚ ਛੁਪਾਇਆ, ਮੇਰਾ ਤੀਹ ਮਿਲੀਅਨ ਡਾਲਰ ਚੋਰੀ ਕਰ ਲਿਆ ਹੈ। ਇਸ ਨੂੰ ਆਖੋ, ਮੇਰਾ ਪੈਸਾ ਮੈਨੂੰ ਵਾਪਸ ਕਰ ਦੇਵੇ।

ਨਰਸ ਮੇਰੇ ਕੋਲ ਆ ਜਾਂਦੀ ਹੈ। ਉਸਨੂੰ ਹੱਸ ਕੇ ਆਖਦੀ ਹੈ-ਜੇ ਇਹ ਗੱਲ ਸੱਚ ਹੈ ਤਾਂ ਫਿਰ ਹੁਣ ਇਹ ਆਦਮੀ ਘੱਟੋ ਘੱਟ ਤੀਹ ਮਿਲੀਅਨ ਦਾ ਮਾਲਕ ਹੈ। ਮੈਂ ਸ਼ਾਦੀ ਇਸ ਨਾਲ ਕਰ ਲਵਾਂਗੀ। ਤੁਸੀਂ ਚਿੰਤਾ ਨਾ ਕਰੋ।
ਨਰਸ ਨੇ ਮੇਰੇ ਦਰਦ ਨਾਸ਼ਕ ਟੀਕਾ ਲਗਾ ਦਿੱਤਾ ਹੈ।

ਬੁੱਢਾ ਬੁੜਬੁੜਾਇਆ-ਇਹ ਇਨਸਾਫ਼ ਨਹੀਂ। ਇਸ ਆਦਮੀ ਨੇ ਮੇਰਾ ਪੈਸਾ ਵੀ ਚੁਰਾ ਲਿਆ ਤੇ ਮੇਰੀ ਡਾਰਲਿੰਗ ਵੀ।
ਮੈਂ ਉਸਨੂੰ ਹੱਸਦਿਆਂ ਕਿਹਾ-ਖ਼ਬਰਦਾਰ ਹੋ ਜਾ। ਮੈਂ ਤੇਰਾ ਹੋਰ ਵੀ ਬਹੁਤ ਕੁਝ ਚੁਰਾ ਲੈਣਾ।
-ਹੁਣ ਮੇਰੇ ਕੋਲ ਹੋਰ ਹੈ ਹੀ ਕੀ?

-ਤੇਰਾ ਚੰਗਾ ਦਿਲ। ਮੈਂ ਆਖਦਾ ਹਾਂ। ਮੈਨੂੰ ਸੱਚਮੁਚ ਹੀ ਉਸਦਾ ਦਿਲ ਚੰਗਾ ਲੱਗਦਾ ਹੈ, ਜੋ ਹਰ ਹਾਲ ਵਿਚ ਮੁਸਕਰਾਉਣਾ ਚਾਹੁੰਦਾ ਹੈ। ਹਰ ਪਲ ਖ਼ੁਸ਼ ਰਹਿਣਾ ਚਾਹੁੰਦਾ ਹੈ।

-ਉਹ ਤਾਂ ਮੇਰੇ ਕੋਲ ਪਹਿਲਾਂ ਹੀ ਹੈ ਨਹੀਂ। ਮੈਨੂੰ ਉਸਦੀ ਆਵਾਜ਼ ਬਹੁਤ ਦੂਰੋਂ ਸੁਣਾਈ ਦਿੰਦੀ ਹੈ। ਮੇਰੇ ’ਤੇ ਟੀਕੇ ਦਾ ਅਸਰ ਹੋਣ ਲੱਗ ਜਾਂਦਾ ਹੈ।

ਮੈਂ ਕਈ ਘੰਟਿਆਂ ਦੀ ਨੀਂਦ ਬਾਅਦ ਜਾਗਦਾ ਹਾਂ। ਉਹ ਮੇਰੀ ਵੱਲ ਹੀ ਦੇਖ ਰਿਹਾ ਹੈ। ਜਿਵੇਂ ਗੱਲਾਂ ਕਰਨ ਲਈ ਮੇਰੇ ਜਾਗਣ ਦੀ ਉਡੀਕ ਕਰ ਰਿਹਾ ਹੋਵੇ। ਮੈਂ ਦੇਖਦਾ ਹਾਂ, ਮੇਰੀ ਪਤਨੀ ਤੇ ਮੇਰੀ ਬੇਟੀ ਵੀ ਆਈਆਂ ਬੈਠੀਆਂ ਹਨ। ਉਹਨਾਂ ਨੇ ਮੈਨੂੰ ਸੁੱਤੇ ਨੂੰ ਜਗਾਇਆ ਨਹੀਂ।
-ਸਵੇਰ ਹੋ ਗਈ ਹੈ?

ਹਸਪਤਾਲ ਦੇ ਇੱਕੋ ਮੰਜੇ ’ਤੇ ਇੱਕੋ ਤਰ੍ਹਾਂ ਪਿਆਂ, ਮੈਨੂੰ ਟਾਈਮ ਦਾ ਕੁਝ ਅਹਿਸਾਸ ਹੀ ਨਹੀਂ ਰਹਿੰਦਾ। ਕਦ ਸਵੇਰ ਹੁੰਦੀ ਹੈ, ਕਦ ਸ਼ਾਮ ਪੈਂਦੀ ਹੈ। ਕਮਰੇ ਦੀ ਇੱਕੋ ਤਰ੍ਹਾਂ ਦੀ ਰੌਸ਼ਨੀ ਕਿਸੇ ਫ਼ਰਕ ਦਾ ਅਹਿਸਾਸ ਹੀ ਨਹੀਂ ਹੋਣ ਦਿੰਦੀ।

ਮੇਰੇ ਗਲ਼ੇ ’ਚ ਕੁਝ ਹੁੰਦਾ ਹੈ। ਮੈਨੂੰ ਖੰਘ ਆਉਣ ਵਾਲੀ ਹੈ। ਮੈਨੂੰ ਹੋਣ ਵਾਲੀ ਪੀੜ ਦਾ ਪਹਿਲਾਂ ਹੀ ਅਹਿਸਾਸ ਹੋ ਜਾਂਦਾ ਹੈ।

ਮੈਂ ਆਪਣੀ ਪਤਨੀ ਨੂੰ ਪਾਣੀ ਲਿਆਉਣ ਦੇ ਬਹਾਨੇ ਬਾਹਰ ਭੇਜ ਦਿੰਦਾ ਹਾਂ। ਸਿਰਹਾਣੇ ਨੂੰ ਪੇਟ ’ਤੇ ਦੋਹਾਂ ਹੱਥਾਂ ਨਾਲ ਘੁੱਟ ਲੈਂਦਾ ਹਾਂ। ਖੰਘਦਾ ਹਾਂ। ਕਾਫ਼ੀ ਦੇਰ ਬਾਅਦ ਪੀੜ ਮੱਠੀ ਪੈਂਦੀ ਹੈ। ਮੈਂ ਆਪਣੀ ਪੀੜ ਦਾ ਪਰਛਾਵਾਂ ਆਪਣੀ ਬੇਟੀ ਦੇ ਚਿਹਰੇ ’ਤੇ ਦੇਖਦਾ ਹਾਂ। ਮੈਨੂੰ ਉਸਦਾ ਦੁਖੀ ਚਿਹਰਾ ਚੰਗਾ ਨਹੀਂ ਲੱਗਦਾ। ਮੈਂ ਇਸ ਦੇ ਲਈ ਆਪਣੇ ਆਪ ਨੂੰ ਕਸੂਰਵਾਰ ਜਿਹਾ ਸਮਝਦਾ ਹਾਂ।
ਮੈਨੂੰ ਸਮਝ ਨਹੀਂ ਆਉਂਦੀ, ਮੈਂ ਆਪਣੀ ਬੇਟੀ ਦੀ ਪੀੜ ਨੂੰ ਕਿਵੇਂ ਘੱਟ ਕਰਾਂ। ਮੇਰੀ ਪਤਨੀ ਵੀ ਪਾਣੀ ਦਾ ਗਲਾਸ ਲੈ ਕੇ ਅੰਦਰ ਆ ਜਾਂਦੀ ਹੈ।

ਉਹ ਬੁੱਢਾ ਮੇਰੀ ਪਤਨੀ ਨੂੰ ਆਖਦਾ ਹੈ-ਤੁਹਾਡਾ ਪਤੀ ਸਾਰੀ ਰਾਤ ਮੇਰੇ ਨਾਲ ਪੱਤੇ ਖੇਡਦਾ ਰਿਹਾ ਹੈ ਤੇ ਤੀਹ ਮਿਲੀਅਨ ਡਾਲਰ ਹਾਰ ਗਿਆ ਹੈ। ਇਸਨੂੰ ਆਖੋ ਮੇਰੇ ਤੀਹ ਮਿਲੀਅਨ ਦੇ ਦੇਵੇ।

ਮੇਰੀ ਪਤਨੀ ਤੇ ਬੇਟੀ ਪਹਿਲਾਂ ਹੈਰਾਨ ਜਿਹੀਆਂ ਹੋਈਆਂ ਦੇਖਦੀਆਂ ਰਹਿੰਦੀਆਂ ਹਨ, ਫਿਰ ਮਜ਼ਾਕ ਨੂੰ ਸਮਝ ਕੇ ਹੱਸ ਪੈਂਦੀਆਂ ਹਨ। ਇਸ ਹਾਸੇ ਨਾਲ ਮੇਰੀ ਬੇਟੀ ਦੇ ਚਿਹਰੇ ਤੋਂ ਦੁੱਖ ਦਾ ਪਰਛਾਵਾਂ ਗ਼ਾਇਬ ਹੋ ਜਾਂਦਾ ਹੈ। ਮੈਨੂੰ ਉਸ ਬੁੱਢੇ ਦਾ ਸੁਭਾਅ ਹੋਰ ਵੀ ਚੰਗਾ ਲੱਗਦਾ ਹੈ।

ਮੈਂ ਕੁਝ ਦੇਰ ਬਾਅਦ ਆਪਣੀ ਪਤਨੀ ਤੇ ਬੇਟੀ ਨੂੰ ਹੌਸਲਾ ਦੇ ਕੇ ਘਰ ਭੇਜ ਦਿੰਦਾ ਹਾਂ। ਉਹ ਆਖਦੀਆਂ ਹਨ-ਤੁਸੀਂ ਏਥੇ ਇਕੱਲੇ ਹੋ। ਅਸੀਂ ਹੋਰ ਰੁਕਦੀਆਂ ਹਾਂ।

ਮੈਂ ਆਖਦਾ ਹਾਂ-ਹੁਣ ਇਕੱਲਾ ਕਿੱਥੇ ਹਾਂ! ਏਹ ਜੂ ਹੈ। ਤੁਹਾਡੇ ਜਾਣ ਬਾਅਦ ਮੈਂ ਏਸ ਨਾਲ ਤੀਹ ਮਿਲੀਅਨ ਦਾ ਹਿਸਾਬ ਵੀ ਤਾਂ ਕਰਨਾ ਹੈ।

ਇਕ ਦਿਨ ਵਿਚ ਹੀ ਮੈਨੂੰ ਲੱਗਣ ਲੱਗ ਪਿਆ, ਜਿਵੇਂ ਮੇਰਾ ਉਸ ਆਦਮੀ ਨਾਲ ਵਰ੍ਹਿਆਂ ਪੁਰਾਣਾ ਰਿਸ਼ਤਾ ਹੋਵੇ। ਅਸੀਂ ਜਦ ਵੀ ਜਾਗਦੇ ਹੁੰਦੇ, ਕੋਈ ਨਾ ਕੋਈ ਗੱਲ ਕਰ ਕੇ ਹੱਸ ਰਹੇ ਹੰੁਦੇ। ਸਾਡਾ ਠੱਠਾ ਮਜ਼ਾਕ ਹਸਪਤਾਲ ਦੇ ਸਟਾਫ਼ ਵਿਚ ਵੀ ਮਸ਼ਹੂਰ ਹੋ ਜਾਂਦਾ ਹੈ। ਨਰਸਾਂ ਵਗੈਰਾ ਜਦ ਵੀ ਸਾਡੇ ਕਮਰੇ ਵਿਚ ਆਉਂਦੀਆਂ ਹਨ, ਸਾਡੇ ਮਜ਼ਾਕ ਵਿਚ ਸ਼ਾਮਿਲ ਹੋ ਕੇ ਖਿੜ ਖਿੜ ਹੱਸਦੀਆਂ ਹਨ। ਉਹ ਸੋਹਣੀ ਨਰਸ ਤਾਂ ਆਖ ਵੀ ਦਿੰਦੀ ਹੈ-ਮੈਨੂੰ ਇਸ ਕਮਰੇ ਵਿਚ ਆ ਕੇ ਹੱਸਣਾ ਚੰਗਾ ਲੱਗਦਾ ਹੈ। ਤੁਹਾਨੂੰ ਦੋਹਾਂ ਨੂੰ ਇੰਝ ਹਾਸੇ ਮਜ਼ਾਕ ’ਚ ਲੜਦਿਆਂ ਦੇਖਣਾ ਖ਼ੂਬਸੂਰਤ ਲਗਦਾ ਹੈ।
-ਦੇਖਿਆ, ਮੈਂ ਖ਼ੁਸ਼ਦਿਲ ਇਨਸਾਨ ਹਾਂ। ਹੁਣ ਤਾਂ ਤੈਨੂੰ ਪਤਾ ਲੱਗ ਗਿਆ। ਹੁਣ ਤਾਂ ਤੂੰ ਮੇਰੇ ਨਾਲ ਸ਼ਾਦੀ ਕਰੇਂਗੀ ਨਾ, ਡਾਰਲਿੰਗ। ਬੁੱਢੇ ਨੇ ਆਪਣਾ ਤੀਰ ਕਮਾਨ ਫਿਰ ਕੱਸ ਲਿਆ।

-ਹਾਂ ਸਵੀਟ ਹਰਟ। ਜਿਸ ਦਿਨ ਤੂੰ ਠੀਕ ਹੋ ਗਿਆ, ਆਪਾਂ ਸਿੱਧਾ ਗਿਰਜਾ ਘਰ ਹੀ ਚੱਲਾਂਗੇ ਸ਼ਾਦੀ ਕਰਵਾਉਣ। ਹੱਸਦੀ ਹੱਸਦੀ ਉਹ ਨਰਸ ਆਖਦੀ ਹੈ। ਦੋ ਦਿਨ ਬੀਤ ਗਏ ਹਨ। ਟਾਈਮ ਦਾ ਪਤਾ ਹੀ ਨਾ ਲੱਗਾ ਕਦ ਬੀਤ ਗਿਆ ਹੈ। ਹੱਸਦੇ ਹਾਂ, ਸੌਂਦੇ ਹਾਂ। ਬਸ ਇਹੋ ਕੰਮ ਹੈ ਹਸਪਤਾਲ ਦੇ ਉਸ ਕਮਰੇ ਵਿਚ। ਦੋ ਦਿਨਾਂ ’ਚ ਕੋਈ ਵੀ ਉਸਦੀ ਖ਼ਬਰ ਨੂੰ ਨਾ ਆਇਆ। ਮੈਂ ਉਸਨੂੰ ਪੁੱਛਦਾ ਹਾਂ-ਤੇਰੀ ਖ਼ਬਰ ਨੂੰ ਕਿਉਂ ਕੋਈ ਨਹੀਂ ਆਇਆ?
-ਮੇਰਾ ਹੈ ਹੀ ਕੌਣ?
-ਕਿਉਂ?
-ਮੈਂ ਸਿਰਫ਼ ਇਕੱਲਾ ਹੀ ਬਚਿਆ ਹਾਂ। ਮੈਂ ਦੇਖਿਆ, ਉਸਦੇ ਚਿਹਰੇ ’ਤੇ ਗ਼ਮ ਦੀ ਲਕੀਰ ਖਿੱਚੀ ਜਾਂਦੀ ਹੈ।
-ਇਕ ਇਕ ਕਰ ਕੇ ਸਾਰੇ ਤੁਰ ਗਏ...। ਉਹ ਛੱਤ ਵੱਲ ਦੇਖਣ ਲੱਗ ਜਾਂਦਾ ਹੈ। ਜਿਵੇਂ ਸਾਰੇ ਤੁਰ ਗਿਆਂ ਦੇ ਚਿਹਰੇ ਤਲਾਸ਼ ਰਿਹਾ ਹੋਵੇ।
-ਮਾਂ.. ਭੈਣ... ਭਰਾ, ਸਭ ਤੁਰ ਗਏ ਹਨ... ਮੈਂ ਹੀ ਇਕੱਲਾ ਰਹਿ ਗਿਆ ਹਾਂ। -ਤੇਰੀ ਪਤਨੀ? ਤੇਰੇ ਬੱਚੇ? ਮੈਂ ਉਸਦੇ ਦਰਦ ਵਿਚ ਸ਼ਰੀਕ ਹੋ ਜਾਂਦਾ ਹਾਂ।
-ਮੈਂ ਕਦੇ ਸ਼ਾਦੀ ਨਹੀਂ ਕੀਤੀ।
ਉਸਦਾ ਜਵਾਬ ਮੈਨੂੰ ਹੋਰ ਵੀ ਦੁਖੀ ਕਰ ਜਾਂਦਾ ਹੈ। ਮੈਨੂੰ ਲੱਗਦਾ ਹੈ, ਜਿਵੇਂ ਉਸਨੇ ਕਈ ਸਾਲਾਂ ਬਾਅਦ ਆਪਣੇ ਦਿਲ ਦੀ ਭੜਾਸ ਕੱਢੀ ਹੋਵੇ।

1943 ਦੀ ਗੱਲ ਹੈ। ਉਦੋਂ ਉਹ ਭਰ ਜਵਾਨ ਸੀ। ਗਵਾਂਢ ’ਚ ਰਹਿੰਦੀ ਅੰਤਾਂ ਦੀ ਸੋਹਣੀ ਮੇਰੀ ਨਾਂ ਦੀ ਕੁੜੀ ਨਾਲ ਉਸਦਾ ਇਸ਼ਕ ਸੀ। ਉਸਦੇ ਪਿਆਰ ਵਿਚ ਉਹ ਦੁਨੀਆ ਭੁਲਾਈ ਬੈਠਾ ਸੀ। ਇਕੱਠਿਆਂ ਜੀਣ ਮਰਨ ਦੇ ਵਾਅਦੇ ਸਨ। ਪਰ ਉਸਨੂੰ ਵਿਸ਼ਵ ਜੰਗ ਵਿਚ ਸ਼ਾਮਿਲ ਹੋਣ ਲਈ, ਫ਼ੌਜ ਵਿਚ ਜਾਣਾ ਪੈਣਾ ਸੀ। ਮੇਰੀ ਉਸਨੂੰ ਆਪਣੀ ਕਾਰ ਵਿਚ ਛੱਡਣ ਗਈ ਸੀ। ਉਸਨੇ ਵਿਦੇਸ਼ਾਂ ਵਿਚ ਲੜਾਈ ਲੜਨ ਲਈ ਜਾਣਾ ਸੀ। ਕਦ ਪਰਤਣਾ ਸੀ, ਕੁਝ ਪਤਾ ਨਹੀਂ ਸੀ। ਵਿਛੜਨ ਲੱਗਿਆਂ, ਮੇਰੀ ਨੇ ਉਸਨੂੰ ਆਪਣੇ ਨਾਲ ਘੁੱਟ ਲਿਆ ਸੀ। ਲੰਬਾ ਚੁੰਮਣ ਲਿਆ ਸੀ।

ਉਸ ਪਲ ਪਤਾ ਨਹੀਂ ਉਸਦੇ ਮਨ ’ਚ ਕੀ ਆਇਆ। ਉਸਨੇ ਮੇਰੀ ਨੂੰ ਪੁੱਛ ਲਿਆ-ਡਾਰਲਿੰਗ, ਜੇ ਮੈਂ ਲੜਾਈ ’ਚੋਂ ਪਰਤ ਨਾ ਸਕਿਆ।
ਮੇਰੀ ਨੇ ਉਸਦੇ ਮੂੰਹ ’ਤੇ ਹੱਥ ਧਰ ਦਿੱਤਾ ਸੀ।
-ਮੇਰੇ ਨਾਲ ਇੰਝ ਨਾ ਕਰੀਂ। ਮੈਂ ਇਹ ਸੱਲ੍ਹ ਬਰਦਾਸ਼ਤ ਕਰਨ ਲਈ ਜਿਊਂਦੀ ਨਹੀਂ ਰਹਿ ਸਕਾਂਗੀ।

ਉਸਨੂੰ ਛਾਉਣੀ ਵਿਚ ਹੀ ਪਤਾ ਲੱਗ ਗਿਆ ਸੀ। ਉਸਦੀ ਮੇਰੀ, ਉਸਨੂੰ ਛੱਡ ਕੇ ਵਾਪਸ ਜਾਂਦੀ, ਕੁਈਨਜ਼ ਬੁੱਲ੍ਹੇਵਾੜ ’ਤੇ ਇਕ ਪੋਲ ਨਾਲ ਟਕਰਾ ਗਈ ਸੀ ਤੇ ਚੱਲ ਵਸੀ ਸੀ।

ਮੇਰੀ ਦੇ ਦਾਹ-ਸਸਕਾਰ ਲਈ ਵੀ ਉਸਨੂੰ ਛੁੱਟੀ ਨਹੀਂ ਸੀ ਮਿਲੀ। ਤੇ ਉਹ ਕਈ ਸਾਲ ਕਈ ਮੁਲਕਾਂ ਵਿਚ ਭਟਕਦਾ ਦੂਜੀ ਵਿਸ਼ਵ ਜੰਗ ਲੜਦਾ ਰਿਹਾ ਸੀ। ਇਕ ਵਾਰ ਉਸਦੇ ਸਿਰ ਵਿਚ ਗੋਲੀ ਲੱਗੀ ਵੀ, ਪਰ ਉਹ ਵੀ ਇਕ ਪਾਸਿਉਂ ਦੀ ਹੁੰਦੀ, ਬਾਹਰ ਨਿਕਲ ਗਈ ਸੀ। ਉਸਦੇ ਦੱੁਖ ਦਾ ਅੰਤ ਨਹੀਂ ਸੀ ਕਰ ਸਕੀ।
ਉਹ ਆਪਣੇ ਮੱਥੇ ਦੇ ਸੱਜੇ ਪਾਸੇ ਦੇ ਦਾਗ਼ ’ਤੇ ਉਂਗਲੀ ਰੱਖ ਕੇ ਮੈਨੂੰ ਦੱਸਦਾ ਹੈ। ਮੈਂ ਅਵਾਕ ਜਿਹਾ ਹੋਇਆ ਸੁਣਦਾ ਰਹਿੰਦਾ ਹਾਂ।

ਉਹ ਸਾਰੀ ਉਮਰ ਮੇਰੀ ਦੇ ਵਿਛੋੜੇ ਦਾ ਸੱਲ੍ਹ ਚੁੱਕੀ ਫਿਰਿਆ ਹੈ। ਮੁੜ ਉਸਦਾ ਦਿਲ ਕਿਸੇ ਹੋਰ ਲਈ ਧੜਕਿਆ ਹੀ ਨਾ। ਸਾਰੀ ਉਮਰ ਉਸਨੇ ਕਿਸੇ ਨਾਲ ਸ਼ਾਦੀ ਨਾ ਕੀਤੀ। ਆਪਣੀ ਵਿਧਵਾ ਮਾਂ ਅਤੇ ਆਪਣੇ ਭੈਣ ਭਰਾ ਲਈ ਹੀ ਜਿਉਂਦਾ ਰਿਹਾ।
ਤੇ ਹੁਣ ਉਹ ਵੀ ਇਕ ਇਕ ਕਰ ਕੇ ਉਸਨੂੰ ਛੱਡ ਕੇ ਜਾ ਚੁੱਕੇ ਹਨ।
-ਮੈਨੂੰ ਇਸ ਗੱਲ ਦੀ ਤਸੱਲੀ ਹੈ, ਮੈਂ ਆਪਣਿਆਂ ਲਈ ਜੀਵਿਆ ਹਾਂ। ਮੈਂ ਉਹਨਾਂ ਦੇ ਹਰ ਦੁੱਖ ਸੁੱਖ ਵਿਚ ਉਹਨਾਂ ਦੇ ਕੰਮ ਆ ਸਕਿਆ ਹਾਂ। ਮੈਂ ਆਪਣੀ ਸਾਰੀ ਕਮਾਈ ਉਹਨਾਂ ’ਤੇ ਲਗਾ ਦਿੱਤੀ। ਮੈਨੂੰ ਇਸ ਗੱਲ ਦੀ ਭਰਪੂਰ ਖ਼ੁਸ਼ੀ ਹੈ, ਮੈਂ ਉਹਨਾਂ ਨੂੰ ਬਹੁਤ ਮਹਿੰਗੇ ਢੰਗ ਨਾਲ ਦਫ਼ਨਾਅ (ਬਰੀਅਲ) ਸਕਿਆ ਹਾਂ। ਮੈਂ ਆਪਣੀ ਮਾਂ, ਆਪਣੀ ਭੈਣ ਤੇ ਆਪਣੇ ਭਰਾ ਨੂੰ ਅਮੀਰਾਂ ਵਾਂਗ ਦਫ਼ਨਾਇਆ ਹੈ। ਮੈਂ ਉਹਨਾਂ ਦੇ ਬਰੀਅਲ ’ਤੇ ਬਹੁਤ ਖ਼ਰਚ ਕੀਤਾ ਹੈ। ਮੈਨੂੰ ਇਸ ਗੱਲ ਦੀ ਤਸੱਲੀ ਹੈ।
-ਤੇ ਹੁਣ ਤੈਨੂੰ ਕੌਣ ਦਫ਼ਨਾਏਗਾ? ਮੈਂ ਉਸਨੂੰ ਪੁੱਛਦਾ ਹਾਂ। ਉਹ ਛੱਤ ਵੱਲ ਦੇਖੀ ਜਾ ਰਿਹਾ ਹੈ। ਕੁਝ ਬੋਲਦਾ ਨਹੀਂ। ਸ਼ਾਇਦ ਸੌਂ ਗਿਆ ਹੈ।
ਮੈਨੂੰ ਖੰਘ ਆਉਣ ਵਾਲੀ ਹੈ। ਮੈਂ ਸਿਰਹਾਣੇ ਨੂੰ ਆਪਣੇ ਢਿੱਡ ’ਤੇ ਘੁੱਟਣ ਦੇ ਆਹਰ ਵਿਚ ਲੱਗ ਜਾਂਦਾ ਹਾਂ।
ਨਰਸ ਮੇਰਾ ਤਾਪਮਾਨ ਚੈਕ ਕਰਦੀ ਫ਼ਿਕਰਮੰਦ ਜਿਹੀ ਹੋ ਜਾਂਦੀ ਹੈ। ਮੇਰਾ ਤਾਪਮਾਨ ਹੇਠਾਂ ਨਹੀਂ ਆ ਰਿਹਾ। ਡਾਕਟਰ ਆਉਂਦਾ ਹੈ। ਉਸਨੂੰ ਡਰ ਹੈ ਕਿਤੇ ਮੈਨੂੰ ਨਮੋਨੀਆ ਨਾ ਹੋ ਜਾਵੇ।

ਮੈਨੂੰ ਯਾਦ ਆਉਂਦਾ ਹੈ, ਮੇਰੇ ਪਿਤਾ ਜੀ ਦਾ ਪ੍ਰਾਸਟ੍ਰੇਟ ਦਾ ਉਪ੍ਰੇਸ਼ਨ ਹੋਇਆ ਸੀ ਤੇ ਫਿਰ ਉਹਨਾਂ ਨੂੰ ਨਮੋਨੀਆ ਹੋ ਗਿਆ ਸੀ। ਉਹ ਪੀ.ਜੀ.ਆਈ. ਚੰਡੀਗੜ੍ਹ ਵਿਚ ਮੇਰੇ ਹੱਥਾਂ ਵਿਚ ਚੱਲ ਵਸੇ ਸਨ।
ਨਮੋਨੀਆ ਦਾ ਨਾਂ ਹੀ ਮੈਨੂੰ ਡਰਾ ਜਾਂਦਾ ਹੈ। ਨਰਸ ਮੈਨੂੰ ਪਲਾਸਟਿਕ ਦਾ ਹੁੱਕਾ ਨੁਮਾ ਆਲਾ ਦੇ ਜਾਂਦੀ ਹੈ। ਆਖਦੀ ਹੈ-ਤੁਸੀਂ ਜਿੰਨਾਂ ਚਿਰ ਜਾਗਦੇ ਹੋ, ਇਸ ਨਾਲ ਲੰਬੇ ਲੰਬੇ ਸਾਹ ਅੰਦਰ ਖਿਚਦੇ ਰਹਿਣਾ। ਇਸ ਨਾਲ ਨਮੋਨੀਏ ਤੋਂ ਬਚਾਅ ਹੋ ਸਕਦਾ ਹੈ।

ਮੈਂ ਉਸ ਆਲੇ ਨਾਲ ਜੁਟਿਆ ਰਹਿੰਦਾ ਹਾਂ। ਮੈਂ ਨਮੋਨੀਆ ਨਹੀਂ ਹੋਣ ਦੇਵਾਂਗਾ।
-ਤੈਨੂੰ ਕੁਝ ਨਹੀਂ ਹੋਣਾ। ਐਵੇਂ ਨਾ ਡਰ। ਉਹ ਬੁੱਢਾ ਮੈਨੂੰ ਆਖਦਾ ਹੈ।
-ਤੂੰ ਮੇਰੇ ਤੀਹ ਮਿਲੀਅਨ ਮੋੜਨੇ ਹਨ। ਤੈਨੂੰ ਕੁਝ ਨਹੀਂ ਹੋਣਾ ਅਜੇ।
ਮੈਂ ਹੱਸ ਪੈਂਦਾ ਹਾਂ।
-ਤੂੰ ਮੇਰੇ ਤੀਹ ਮਿਲੀਅਨ ਮੋੜੇਂਗਾ। ਫਿਰ ਮੈਂ ਆਪਣੀ ਡਾਰਲਿੰਗ ਨਾਲ ਸ਼ਾਦੀ ਕਰਾਂਗਾ।
-ਤੈਨੂੰ ਅਜੇ ਸ਼ਾਦੀ ਦੀ ਆਸ ਹੈ? ਮੈਂ ਉਸਨੂੰ ਪੁੱਛਦਾ ਹਾਂ।
-ਕੀ ਪਤਾ, ਕਦ ਕਿਸੇ ਲਈ ਦਿਲ ਧੜਕ ਪਵੇ। ਮੈਂ ਆਸ ਕਿਉਂ ਛੱਡਾਂ?

-ਹੋ ਸਕਦੈ, ਤੇਰੀ ਗਰਲ ਫ਼ਰੈਂਡ ਮੇਰੀ ਮੁੜ ਪੈਦਾ ਹੋ ਗਈ ਹੋਵੇ ਤੇ ਤੈਨੂੰ ਕਿਧਰੇ ਫਿਰ ਮਿਲ ਜਾਵੇ। ਹੋ ਸਕਦੈ, ਇਹ ਤੇਰੀ ਡਾਰਲਿੰਗ ਨਰਸ ਹੀ ਪਿਛਲੇ ਜਨਮ ’ਚ ਮੇਰੀ ਹੋਵੇ। ਮੈਂ ਆਖਦਾ ਹਾਂ।

-ਤੂੰ ਇਹਨਾਂ ਗੱਲਾਂ ’ਤੇ ਵਿਸ਼ਵਾਸ਼ ਕਰਦੈਂ? ਉਹ ਮੈਨੂੰ ਪੁੱਛਦਾ ਹੈ।
ਮੈਂ ‘ਹਾਂ’ ਵਿਚ ਸਿਰ ਹਿਲਾ ਦਿੰਦਾ ਹਾਂ। ਉਹ ਛੱਤ ਵੱਲ ਦੇਖਦਾ ਦੇਖਦਾ ਸੌਂ ਜਾਂਦਾ ਹੈ। ਸ਼ਾਇਦ ਸੁਪਨੇ ’ਚ ਮੇਰੀ ਨੂੰ ਮਿਲ ਰਿਹਾ ਹੋਵੇ।

ਉਸ ਰਾਤ ਮੈਨੂੰ ਅਜੀਬ ਸੁਪਨਾ ਆਇਆ। ਮੈਂ ਚਾਰ ਚੁਫੇਰਿਉਂ ਸੀਵਰੇਜ ਦੇ ਗੰਦ ’ਚ ਘਿਰਿਆ ਹੋਇਆ ਹਾਂ। ਹਰ ਪਾਸਿਉਂ ਸੀਵਰੇਜ ਦਾ ਗੰਦਾ ਪਾਣੀ ਡਿਗ ਰਿਹਾ ਹੈ। ਮੈਂ ਉਸ ਵਿਚ ਡੁੱਬਦਾ ਜਾ ਰਿਹਾ ਹਾਂ। ਕਿਸੇ ਪਾਸੇ ਨਿਕਲਣ ਦਾ ਕੋਈ ਰਾਹ ਦਿਖਾਈ ਨਹੀਂ ਦਿੰਦਾ। ਮੈਂ ਘਬਰਾ ਜਾਂਦਾ ਹਾਂ। ਕਿਸੇ ਪਾਸਿਉਂ ਬਾਹਰ ਨਿਕਲਣ ਲਈ ਦੌੜ ਭੱਜ ਕਰਦਾ ਹਾਂ।

ਮੇਰੀ ਜਾਗ ਖੁੱਲ੍ਹ ਜਾਂਦੀ ਹੈ। ਮੈਂ ਸ਼ੁਕਰ ਕਰਦਾ ਹਾਂ। ਭਿਆਨਕ ਸੁਪਨੇ ਤੋਂ ਛੁਟਕਾਰਾ ਹੋ ਗਿਆ। ਮੈਂ ਮਹਿਸੂਸ ਕਰਦਾ ਹਾਂ, ਮੇਰਾ ਸਾਰਾ ਬਿਸਤਰਾ ਗਿੱਲਾ ਹੋਇਆ ਪਿਆ ਹੈ। ਮੇਰੇ ਸਾਰੇ ਕਪੜੇ ਪਸੀਨੇ ਨਾਲ ਤਰ-ਬਤਰ ਹਨ।

ਕੁਝ ਦੇਰ ਬਾਅਦ ਨਰਸ ਆਉਂਦੀ ਹੈ। ਮੇਰਾ ਤਾਪਮਾਨ ਨਾਰਮਲ ਹੋ ਗਿਆ ਹੈ। ਉਹ ਮੈਨੂੰ ਵਧਾਈ ਦਿੰਦੀ ਹੈ। ਮੈਂ ਠੀਕ ਹੋ ਰਿਹਾ ਹਾਂ।
ਮੈਂ ਉਸ ਬੁੱਢੇ ਵੱਲ ਉਂਗਲੀ ਕਰਦਾ ਹਾਂ-ਇਹ ਸਭ ਇਸੇ ਦੀ ਬਦੌਲਤ ਹੈ।

ਸ਼ਾਮ ਤੱਕ ਹਸਪਤਾਲ ’ਚੋਂ ਮੇਰੀ ਛੁੱਟੀ ਹੋ ਜਾਂਦੀ ਹੈ। ਮੇਰੇ ਤੁਰਨ ਵੇਲੇ ਉਹ ਬੁੱਢਾ ਉਦਾਸ ਜਿਹਾ ਹੋ ਜਾਂਦਾ ਹੈ। ਮੈਨੂੰ ਵੀ ਲੱਗਾ, ਜਿਵੇਂ ਕਿਸੇ ਆਪਣੇ ਤੋਂ ਵਿਛੜ ਰਿਹਾ ਹੋਵਾਂ।
-ਮੈਂ ਠੀਕ ਹੋ ਕੇ ਤੈਨੂੰ ਮਿਲਣ ਆਵਾਂਗਾ। ਮੈਂ ਉਸ ਨਾਲ ਵਾਅਦਾ ਕਰ ਕੇ ਤੁਰ ਪੈਂਦਾ ਹਾਂ।

ਇਕ ਹਫ਼ਤੇ ਬਾਅਦ ਮੈਂ ਹਸਪਤਾਲ ਡਾਕਟਰ ਪਾਸ ਚੈਕਿੰਗ ਕਰਾਉਣ ਆਉਂਦਾ ਹਾਂ। ਮੈਂ ਹੁਣ ਪੂਰੀ ਤਰ੍ਹਾਂ ਠੀਕ ਹਾਂ।

ਡਾਕਟਰ ਨੂੰ ਮਿਲਣ ਬਾਅਦ, ਮੈਂ ਕੁਝ ਫੁੱਲ ਲਏ ਤੇ ਉਸਨੂੰ ਮਿਲਣ ਤੁਰ ਪੈਂਦਾ ਹਾਂ। ਨਰਸਾਂ ਕੋਲ ਦੀ ਲੰਘਣ ਲਗਦਾ ਹਾਂ। ਉਹਨਾਂ ਨੇ ਮੈਨੂੰ ਪਹਿਚਾਣ ਲਿਆ ਹੈ।

ਮੈਨੂੰ ਪੂਰੀ ਤਰ੍ਹਾਂ ਠੀਕ ਠਾਕ ਦੇਖ ਕੇ ਉਹ ਖ਼ੁਸ਼ ਹੁੰਦੀਆਂ ਹਨ। ਮੈਂ ਉਹਨਾਂ ਨੂੰ ਦੱਸਦਾ ਹਾਂ-ਮੈਂ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਹਾਂ।
ਉਹੋ ਸੋਹਣੀ ਨਰਸ ਕੁੜੀ ਆਖਦੀ ਹੈ-ਪਰ ਉਹ ਤਾਂ ਉਥੇ ਹੈ ਨਹੀਂ।
-ਕੀ? ਉਹ ਠੀਕ ਹੋ ਕੇ ਚਲਾ ਵੀ ਗਿਆ?
ਉਸ ਸੋਹਣੀ ਨਰਸ ਨੇ ਬੁੱਲ੍ਹ ਘੁੱਟ ਲਏ ਹਨ। ਸਿਰ ਮਾਰ ਕੇ ਆਖਦੀ ਹੈ-ਹਾਂ।
-ਗੁੱਡ। ਪਰ ਮੈਂ ਹੁਣ ਉਸਨੂੰ ਟੋਲਾਂਗਾ ਕਿੱਥੇ? ਮੈਨੂੰ ਤਾਂ ਉਸਦੇ ਸਿਰਨਾਵੇਂ ਦਾ ਵੀ ਪਤਾ ਨਹੀਂ। ਮੈਂ ਆਖਦਾ ਹਾਂ।
ਇਕ ਅੱਧਖੜ ਨਰਸ ਉਠ ਕੇ ਖਲੋ ਜਾਂਦੀ ਹੈ। ਬੜੇ ਧੀਰਜ ਜਿਹੇ ਨਾਲ ਆਖਦੀ ਹੈ-ਹੁਣ ਉਸਦਾ ਕੋਈ ਸਿਰਨਾਵਾਂ ਹੈ ਵੀ ਨਹੀਂ।
-ਕੀ? ਮੈਂ ਆਪਣੀ ਚੀਕ ਨੂੰ ਮਸਾਂ ਰੋਕਦਾ ਹਾਂ।
-ਮਿ. ਸਿੰਘ। ਉਹ ਤਾਂ ਉਸੇ ਰਾਤ ਈ... ਜਿਸ ਦਿਨ ਤੂੰ ਗਿਆ ਸੈਂ...।

ਮੈਂ ਉਥੇ ਖੜ੍ਹਾ ਨਹੀਂ ਰਹਿ ਸਕਦਾ। ਫੁੱਲਾਂ ਦਾ ਗੁਲਦਸਤਾ ਮੈਂ ਨਰਸਾਂ ਕੋਲ ਹੀ ਰੱਖ ਕੇ ਮੁੜ ਪਿਆ ਹਾਂ। ਹਸਪਤਾਲ ਦੀਆਂ ਪੌੜੀਆਂ ਉਤਰਦਾ ਸੋਚ ਰਿਹਾ ਹਾਂ- ਮੁਰਦਿਆ! ਤੂੰ ਤਾਂ ਆਪਣਾ ਨਾਂ ਵੀ ਨਾ ਦੱਸਿਆ। ਤੈਨੂੰ ਕਿਸ ਨਾਂ ਨਾਲ ਯਾਦ ਕਰਿਆ ਕਰਾਂਗਾ?

ਦਿਲ ’ਚੋਂ ਹੀ ਆਵਾਜ਼ ਆਉਂਦੀ ਹੈ-ਨਾਂਵਾਂ ਵਿਚ ਕੀ ਰੱਖਿਐ? ਜਦ ਵੀ ਕਿਸੇ ਨੂੰ ਪਿਆਰ ’ਚ ਵਫ਼ਾ ਨਿਭਾਉਂਦਾ ਦੇਖਾਂਗਾ, ਉਹੀ ਨਜ਼ਰ ਆਵੇਗਾ। ਜਦ ਕਿਸੇ ਨੂੰ ਆਪਣੀ ਮਾਂ ਦੀ ਸੇਵਾ ਕਰਦਿਆਂ ਦੇਖਾਂਗਾ, ਉਹ ਉਹੀ ਹੋਵੇਗਾ। ਜਦ ਕਿਸੇ ਨੂੰ ਆਪਣੀ ਭੈਣ ਨੂੰ ਦਫ਼ਨਾਉਂਦਾ ਦੇਖਾਂਗਾ, ਉਹੀ ਨਜ਼ਰ ਆਵੇਗਾ। ਜਦ ਕਿਸੇ ਨੂੰ ਆਪਣੇ ਭਰਾ ਦੀ ਅਰਥੀ ਨੂੰ ਮੋਢਾ ਦਿੰਦਿਆਂ ਦੇਖਾਂਗਾ, ਮੈਨੂੰ ਉਹੀ ਨਜ਼ਰ ਆਵੇਗਾ।

ਮੈਂ ਉਸਨੂੰ ਥਾਂ ਥਾਂ ਦੇਖਾਂਗਾ। ਉਸ ਨੂੰ ਥਾਂ ਥਾਂ ਮਿਲਾਂਗਾ। ਉਸਦੇ ਨਾਂ ਦੀ ਕੀ ਲੋੜ ਹੈ?

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਬਲਦੇਵ ਸਿੰਘ ਗਰੇਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ