Vaada (Punjabi Story): Amrit Kaur

ਵਾਅਦਾ (ਕਹਾਣੀ) : ਅੰਮ੍ਰਿਤ ਕੌਰ

"ਤੈਨੂੰ ਬੇਬੇ ਵਰਗੀ ਰੋਟੀ ਨੀ ਬਣਾਉਣੀ ਆਈ ਕਿੰਨੇ ਸਾਲ ਹੋ ਗੇ।" ਮੈਂ ਆਪਣੀ ਪਤਨੀ ਨੂੰ ਕਿਹਾ ਅਤੇ ਡਰ ਜਿਹਾ ਵੀ ਲੱਗਿਆ ਕਿਤੇ ਗੁੱਸਾ ਨਾ ਚੜ੍ਹਾ ਲਵੇ ।ਜਿਹੜੀਆਂ ਮਿਲਦੀਆਂ ਨੇ ਉਹਨਾਂ ਤੋਂ ਵੀ ਜਾਈਏ। ਉਹ ਪੰਛੀਆਂ ਲਈ ਰੋਟੀਆਂ ਦੀ ਚੂਰੀ ਬਣਾ ਰਹੀ ਸੀ। ਮੇਰੇ ਵੱਲ ਦੇਖ ਕੇ ਮੁਸਕਰਾਈ, "ਬੇਬੇ ਨੂੰ ਆਖੋ ਹੁਣ ਬਣਾ ਕੇ ਦਿਖਾਵੇ ਉਹੋ ਜਿਹੀਆਂ ਰੋਟੀਆਂ।" ਆਖ ਕੇ ਪਲੇਟ ਚੁੱਕੀ ਤੇ ਪੰਛੀਆਂ ਨੂੰ ਰੋਟੀ ਪਾਉਣ ਤੁਰ ਗਈ। ਮੈਂ ਵੀ ਪਿੱਛੇ ਹੀ ਚਲਿਆ ਗਿਆ। ਮੈਂ ਆਪਣੀ ਗੱਲ ਦਾ ਜਵਾਬ ਸੁਣਨਾ ਸੀ।

"ਬੁਬਲੂ ਆ ਜੋ ਪੁੱਤੂ ਰੋਟੀ ਖਾ ਲੋ ।" ਉਸ ਨੇ ਨਿੰਮ ਤੇ ਬੈਠੀਆਂ ਬੁਲਬੁਲਾਂ ਵੱਲ ਦੇਖ ਕੇ ਆਖਿਆ। ਉਹ ਵੀ ਤਿਆਰ ਈ ਬੈਠੀਆਂ ਸਨ । ਜਦੋਂ ਉਹ ਚੂਰੀ ਕੰਧ ਤੇ ਰੱਖ ਕੇ ਥੋੜ੍ਹਾ ਕੁ ਪਿੱਛੇ ਹੋਈ ਉਦੋਂ ਹੀ ਆ ਉਤਰੀਆਂ ਚੂਰੀ ਖਾਣ। ਉਹ ਬੁਲਬੁਲਾਂ ਅਤੇ ਚਿੜੀਆਂ ਲਈ ਰੋਟੀ ਦੇ ਬਰੀਕ ਬਰੀਕ ਟੁਕੜੇ ਕਰਦੀ ਤੇ ਕਾਵਾਂ ,ਤੋਤਿਆਂ ਅਤੇ ਵੱਡੇ ਪੰਛੀਆਂ ਲਈ ਥੋੜ੍ਹੇ ਵੱਡੇ। ਉਹ ਆਖਣ ਲੱਗੀ,

"ਹੁਣ ਤੁਸੀਂ ਦੇਖਣਾ ਪਹਿਲਾਂ ਕਾਂ, ਫਿਰ ਤੋਤੇ ਤੇ ਕਬੂਤਰ, ਫਿਰ ਛੋਟੀਆਂ ਚਿੜੀਆਂ ਅਤੇ ਗਟਾਰਾਂ ਆਉਣਗੀਆਂ। ਤੋਤਿਆਂ ਵੱਲ ਦੇਖਣਾ... ਕਈ ਵਾਰ ਇੱਕ ਪੈਰ ਨਾਲ ਬੁਰਕੀ ਚੁੱਕ ਕੇ ਮੂੰਹ ਵਿੱਚ ਪਾਉਂਦੇ ਨੇ। ਆਹ ਜਿਹੜਾ ਪਹਾੜੀ ਕਾਂ ਐ... ਆਂਡੇ ਪੀਣਾ... ਬਾਹਲਾ ਸੁਸਤੜ ਜਿਹਾ... ਹੌਲੀ ਹੌਲੀ ਲੱਗਿਆ ਰਹੂ। ਜਦੋਂ ਕਾਟੋ ਇਹਨੂੰ ਡਰਾਉਂਦੀ ਐ ਉਦੋਂ ਈ ਮਾੜੀ ਜਿਹੀ ਚੁਸਤੀ ਦਿਖਾਉਂਦਾ। ਮੈਨੂੰ ਲੱਗਦਾ ਇਹ ਕਦੇ ਨੀ ਨਹਾਉਂਦਾ । ਗਟਾਰਾਂ ਦੇਖੋ ਸਵੇਰੇ ਈ ਸਿਰ ਵਾਹ ਕੇ ਆ ਜਾਂਦੀਆਂ ਨੇ। ਆਹ ਡੂੰਮਣੀਆਂ....ਇੱਕੋ ਰੰਗ ਮਿਲਿਆ ਇਹਨਾਂ ਨੂੰ.... ਭੂਰਾ ਜਿਹਾ, ਅੱਖਾਂ ਦੇ ਆਲੇ ਦੁਆਲੇ, ਚੁੰਝ ਅਤੇ ਪੈਰਾਂ ਤੇ ਥੋੜ੍ਹਾ ਜਿਹਾ ਪੀਲਾ ਰੰਗ। ਇਹ ਲੜਦੀਆਂ ਬਹੁਤ ਨੇ....ਨਿੱਕੇ ਹੁੰਦਿਆਂ ਮਾਂ ਦੱਸਦੀ ਹੁੰਦੀ ਸੀ ਕਿ ਇਹ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀਆਂ ਸਨ। ਉਹ ਇਹਨਾਂ ਨੂੰ ਮਿਲਣ ਆਇਆ ਤਾਂ ਸਾਰੀਆਂ ਭੈਣਾਂ ਨੇ ਰੌਲਾ ਪਾ ਦਿੱਤਾ ਉਸ ਨੂੰ ਖਿੱਚਣ ਧੂਹਣ ਲੱਗੀਆਂ ਹਰ ਇੱਕ ਕਹੇ... ਪਹਿਲਾਂ ਸਾਡੇ ਘਰ ਆ... ਪਹਿਲਾਂ ਸਾਡੇ ਘਰ ਆ... ਇਹਨਾਂ ਨੇ ਆਪਣੇ ਭਰਾ ਦੀ ਇੱਕ ਵੀ ਨਾ ਸੁਣੀ। ਕਹਿੰਦੇ ਭਰਾ ਨੂੰ ਖਿੱਚ ਧੂਹ ਕੇ ਹੀ ਉਸਦੀਆਂ ਹੱਡੀਆਂ ਪਸਲੀਆਂ ਤੋੜ ਦਿੱਤੀਆਂ। ਜਦੋਂ ਭਰਾ ਬੇਸੁਰਤ ਹੋ ਗਿਆ ਫਿਰ ਆਪੋ ਵਿੱਚ ਲੜ ਪਈਆਂ। ਇੱਕ ਦੂਜੀ ਤੇ ਇਲਜ਼ਾਮ ਲਾਉਣ ਲੱਗੀਆਂ। ਭਰਾ ਦੀ ਹਾਲਤ ਦਾ ਜ਼ਿੰਮੇਵਾਰ ਦੂਜੇ ਨੂੰ ਠਹਿਰਾਉਣ ਲੱਗੀਆਂ। ਅੱਜ ਤੱਕ ਇਸੇ ਗੱਲ ਤੇ ਲੜੀ ਜਾਂਦੀਆਂ ਨੇ।"

"ਤੈਨੂੰ ਕੀ ਲੱਗਦਾ ਐ, ਇਹ ਕਹਾਣੀ ਸੱਚੀ ਹੋਊ? ਮੈਂ ਪੁੱਛਿਆ।

"ਨਹੀਂ..... ਮਾਵਾਂ ਆਪਣੇ ਬੱਚਿਆਂ ਨੂੰ ਵਰਚਾਉਣ ਲਈ ਸੌ ਤਰ੍ਹਾਂ ਦੀਆਂ ਕਹਾਣੀਆਂ ਘੜ ਲੈਂਦੀਆਂ ਨੇ। ਇਹ ਵੀ ਏਦਾਂ ਈ ਘੜੀ ਹੋਊ।" ਉਹ ਬੋਲੀ।

"ਪਰ ਕਦੇ ਧਿਆਨ ਨਾਲ ਦੇਖਣਾ ਇੱਕ ਦੂਜੇ ਦਾ ਖਿਆਲ ਵੀ ਰੱਖਦੀਆਂ ਨੇ। ਜਦੋਂ ਠੰਢ ਹੁੰਦੀ ਐ ਜਾਂ ਮੀਂਹ ਪੈਂਦਾ ਹੋਵੇ ਫਿਰ ਥੋੜ੍ਹੀ ਜਿਹੀ ਥਾਂ ਵਿੱਚ ਕਿੰਨੀਆਂ ਸਾਰੀਆਂ 'ਕੱਠੀਆਂ ਹੋਈਆਂ ਬੈਠੀਆਂ ਹੁੰਦੀਆਂ ਨੇ।" ਉਸ ਨੇ ਦਾਣੇ ਵੀ ਪਾਏ ਅਤੇ ਇੱਕ ਮਿੱਟੀ ਦੇ ਭਾਂਡੇ ਨੂੰ ਧੋ ਕੇ ਉਸ ਵਿੱਚ ਪਾਣੀ ਪਾਇਆ ।ਮੈਂ ਚੁੱਪ ਕਰਿਆ ਦੇਖ ਰਿਹਾ ਸੀ।

"ਨੌਂ ਦਸ ਕੁ ਵਜੇ ਜਲ ਮੁਰਗੀ ਨੇ ਇਹਦੇ ਵਿੱਚ ਵੜ ਕੇ ਅੱਧਾ ਪਾਣੀ ਡੋਲ੍ਹ ਦੇਣੈ। ਫੇਰ ਨੀ ਨੇੜੇ ਲੱਗਣ ਦਿੰਦੀ ਕਿਸੇ ਨੂੰ, ਪਾਣੀ ਵਿੱਚ ਬੈਠੀ ਰਹੂ..... ਖੰਭ ਮਾਰ ਮਾਰ ਪਾਣੀ ਡੋਲ੍ਹੀ ਜਾਊ । ਮੈਨੂੰ ਲੱਗਦੈ ਇਹ ਗਰਮੀ ਵੱਧ ਮੰਨਦੀਆਂ ਨੇ, ਤਾਂ ਹੀ ਅੱਗੇ ਟੋਭਿਆਂ ਵਿੱਚ ਫਿਰਦੀਆਂ ਰਹਿੰਦੀਆਂ ਸੀ। ਹੁਣ ਟੋਭੇ ਘਟ ਗੇ । ਇਹ ਕਿੱਧਰ ਜਾਣ ਵਿਚਾਰੀਆਂ....ਪਤਾ ਨਹੀਂ ਰੱਬ ਨੇ ਇਹਨਾਂ ਨੂੰ ਕੀ ਤਪਣੀ ਮਿੱਟੀ ਲਾ ਕੇ ਬਣਾਇਆ।" ਉਸ ਨੇ ਪਾਣੀ ਵਾਲਾ ਭਾਂਡਾ ਕੰਧ 'ਤੇ ਰੱਖਦਿਆਂ ਕਿਹਾ ।ਮੈਂ ਉਸ ਦੀਆਂ ਗੱਲਾਂ ਵੀ ਸੁਣ ਰਿਹਾ ਸੀ ਅਤੇ ਆਪਣੀ ਗੱਲ ਅੱਗੇ ਤੋਰਨ ਲਈ ਮੌਕਾ ਵੀ ਭਾਲ ਰਿਹਾ ਸੀ। ਉਹ ਅੰਦਰ ਚਲੀ ਗਈ ਮੈਂ ਵੀ ਉਸਦੇ ਪਿੱਛੇ ਪਿੱਛੇ ਚਲਿਆ ਗਿਆ। ਉਹ ਸਮਝ ਗਈ। ਮੈਂ ਆਪਣੇ ਸਵਾਲ ਦਾ ਜਵਾਬ ਜਾਣਨ ਲਈ ਉਸ ਦੇ ਮਗਰ ਮਗਰ ਫਿਰ ਰਿਹਾ ਸੀ।

"ਮੈਂ ਬੇਬੇ ਵਰਗੀਆਂ ਰੋਟੀਆਂ ਨਹੀਂ ਬਣਾ ਸਕਦੀ। ਇਹਦੇ ਵਿੱਚ ਮੇਰਾ ਕਸੂਰ ਨਹੀਂ ਐ।" ਉਹਨੇ ਬਿਨਾਂ ਚਿੰਤਾ ਜਤਾਉਂਦਿਆਂ ਕਿਹਾ।

"ਆਟਾ ਤੂੰ ਗੁੰਨ੍ਹਦੀ ਐਂ ,ਰੋਟੀ ਤੂੰ ਪਕਾਉਨੀ ਐਂ ਫਿਰ ਵੀ ਤੇਰਾ ਕਸੂਰ ਨਹੀਂ?" ਮੈਂ ਹੈਰਾਨੀ ਪ੍ਰਗਟਾਉਂਦਿਆਂ ਆਖਿਆ।

"ਊਂ... ਹੂੰ।" ਉਸ ਨੇ ਬਿਨਾਂ ਮੂੰਹ ਖੋਲ੍ਹਿਆਂ ਹੀ ਸਿਰ ਸੱਜੇ ਖੱਬੇ ਕਰਦਿਆਂ ਕਿਹਾ। ਮੈਂ ਕੁਨੱਖਾ ਜਿਹਾ ਝਾਕਿਆ।

"ਤੁਸੀਂ ਵੀਰੇ ਹੁਰਾਂ ਨੂੰ ਆਪਣੇ ਵਿਆਹ ਤੋਂ ਪਹਿਲਾਂ ਹੀ ਵੱਖਰੇ ਕਰ ਦਿੱਤਾ ਸੀ।" ਉਸ ਨੇ ਗੰਭੀਰਤਾ ਨਾਲ ਕਿਹਾ। ਉਹ ਮੇਰੇ ਵੱਡੇ ਭਰਾ ਨੂੰ ਓਵੇਂ ਹੀ ਬੋਲਦੀ ਜਿਵੇਂ ਆਪਣੇ ਭਰਾਵਾਂ ਨੂੰ ਬੋਲਦੀ। ਇਸ ਲਈ 'ਵੀਰਾ' ਹੀ ਆਖਦੀ ਸੀ।

"ਮੈਂ ਨਹੀਂ ਸੀ ਕੀਤਾ। ਬੇਬੇ ਹੁਰਾਂ ਨੇ ਕੀਤਾ ਸੀ।" ਮੈਂ ਉਸ ਨੂੰ ਸਚਾਈ ਦੱਸੀ।

"ਪਰ ਉਸ ਵੇਲੇ ਤੁਸੀਂ ਵੀ ਕਾਲਜ ਪੜ੍ਹਦੇ ਸੀ। ਨਿਆਣੇ ਤਾਂ ਹੈ ਨੀ ਸੀ, ਰੋਕ ਵੀ ਸਕਦੇ ਸੀ।" ਉਹ ਪਰਾਤ ਵਿੱਚ ਗੁੰਨ੍ਹਣ ਲੲੀ ਆਟਾ ਪਾਉਣ ਲੱਗੀ। ਸਰਦੀਆਂ ਵਿੱਚ ਅਸੀਂ ਬਾਜਰਾ ਤੇ ਮੱਕੀ ਦਾ ਆਟਾ ਵੀ ਖਾਂਦੇ ਹਾਂ। ਉਸ ਨੇ ਦੋ ਕੌਲੀਆਂ ਕਣਕ ਦਾ, ਅੱਧੀ ਕੁ ਕੌਲੀ ਬਾਜਰਾ ਅਤੇ ਅੱਧੀ ਕੁ ਕੌਲੀ ਮੱਕੀ ਦਾ ਆਟਾ ਬਿਨਾਂ ਛਾਣਿਆ ਹੀ ਪਾਇਆ। ਪਰ ਸੁੱਕੇ ਆਟੇ ਵਿੱਚ ਇਸ ਤਰ੍ਹਾਂ ਹੱਥ ਫੇਰ ਰਹੀ ਸੀ ਜਿਵੇਂ ਕੁੱਝ ਲੱਭ ਰਹੀ ਹੋਵੇ।

"ਕੀ ਲੱਭ ਰਹੀ ਐਂ? " ਮੈਂ ਪੁੱਛਿਆ।

"ਕਈ ਵਾਰ ਕੋਈ ਸਾਬਤ ਦਾਣਾ ਹੁੰਦੈ।" ਉਸ ਨੇ ਕੌਲੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਆਟੇ ਵਿੱਚ ਪਾਉਂਦਿਆਂ ਕਿਹਾ। ਉਸ ਨੂੰ ਆਟਾ ਛਾਣਨਾ ਪਤਾ ਨਹੀਂ ਕਿਉਂ ਔਖਾ ਲੱਗਦਾ ਸੀ। ਸ਼ੁਰੂ ਸ਼ੁਰੂ ਵਿੱਚ ਉਹ ਇਸ ਗੱਲ ਦੀ ਬੇਬੇ ਤੋਂ ਚੋਰੀ ਰੱਖਦੀ ਸੀ। ਬੇਬੇ ਦੇ ਸਾਹਮਣੇ ਛਾਨਣੀ ਚੁੱਕ ਲੈਂਦੀ ਪਰ ਜਦੋਂ ਬੇਬੇ ਮਾੜਾ ਜਿਹਾ ਇਧਰ ਉਧਰ ਹੁੰਦੀ ਫਟਾਫਟ ਬਿਨਾਂ ਛਾਣਿਆਂ ਆਟਾ ਹੀ ਪਰਾਤ ਵਿੱਚ ਪਾ ਲੈਂਦੀ। ਹੁਣ ਤਾਂ ਬਹੁਤੇ ਲੋਕ ਆਟਾ ਬਿਨਾਂ ਛਾਣਿਆ ਹੀ ਖਾਂਦੇ ਨੇ। ਸਾਰੇ ਲੋਕਾਂ ਕੋਲ ਮੋਬਾਈਲ ਨੇ ਅਤੇ ਸਭ ਡਾਕਟਰਾਂ ਵੈਦਾਂ ਦੀਆਂ ਗੱਲਾਂ ਸੁਣਦੇ ਨੇ ਕਿ ਛਾਣਸ ਸਾਡੇ ਸਰੀਰ ਅੰਦਰ ਝਾੜੂ ਦਾ ਕੰਮ ਕਰਦਾ ਹੈ। ਪਰ ਅੱਜ ਤੋਂ ਵੀਹ ਬਾਈ ਸਾਲ ਪਹਿਲਾਂ ਉਸ ਦੀ ਆਪਣੀ ਦਲੀਲ ਹੁੰਦੀ ਸੀ। ਉਹ ਆਖਦੀ, "ਸਾਡੀ ਅੰਬੋ (ਦਾਦੀ) ਬਾਤ ਪਾਉਂਦੀ ਹੁੰਦੀ ਸੀ.. ਇੱਕ ਰਾਜਾ ਅਤੇ ਰਾਣੀ ਸਨ ਉਹਨਾਂ ਦੇ ਦੋ ਰਾਜਕੁਮਾਰ ਸਨ। ਰਾਣੀ ਦੀ ਮੌਤ ਹੋ ਗਈ। ਰਾਜੇ ਨੇ ਦੂਜਾ ਵਿਆਹ ਕਰਵਾ ਲਿਆ। ਦੂਜੀ ਰਾਣੀ ਦੇ ਆਪਣੇ ਬੱਚੇ ਹੋ ਗਏ। ਮਤਰੇਈ ਮਾਂ ਰਾਜਕੁਮਾਰਾਂ ਨੂੰ ਛਾਣਸ ਦੀਆਂ ਰੋਟੀਆਂ ਦਿਆ ਕਰੇ ਅਤੇ ਆਪਣੇ ਬੱਚਿਆਂ ਨੂੰ ਮੈਦੇ ਦੀਆਂ। ਫਿਰ ਵੀ ਰਾਜਕੁਮਾਰ ਸੁਹਣੇ ਦਰਸ਼ਨੀਂ ਜਵਾਨ ਨਿਕਲੇ ਅਤੇ ਉਸਦੇ ਆਪਣੇ ਬੱਚੇ ਹਮੇਸ਼ਾ ਬਿਮਾਰ ਰਹਿੰਦੇ। ਇਸ ਦਾ ਮਤਲਬ ਇਹ ਹੋਇਆ ਕਿ ਛਾਣਸ ਵਿੱਚ ਕੁਛ ਤਾਂ ਵਧੀਆ ਹੁੰਦਾ ਹੋਊ।" ਮੈਂ ਵੀ ਸਹਿਮਤ ਹੋ ਜਾਂਦਾ। ਬਾਤਾਂ ਤਾਂ ਅਸੀਂ ਵੀ ਉਹੀ ਸੁਣੀਆਂ ਹੋਈਆਂ ਸਨ ਪਰ ਕਦੇ ਇਸ ਬਾਰੇ ਸੋਚਿਆ ਨਹੀਂ ਸੀ। ਜਦੋਂ ਨੂੰ ਮੈਂ ਇਸ ਛਾਣਸ ਦੀ ਕਹਾਣੀ ਵਿੱਚੋਂ ਪਰਤਿਆ ਉਸ ਨੇ ਆਟਾ ਗੁੰਨ੍ਹ ਕੇ ਇੱਕ ਪਾਸੇ ਰੱਖ ਦਿੱਤਾ ਸੀ।

"ਅੱਜ ਬੇਬੇ ਜੀ ਨੂੰ ਆਖ ਕੇ ਦੇਖੋ... ਰੋਟੀ ਪਕਾਉਣ ਲਈ।" ਉਸ ਨੇ ਮੈਨੂੰ ਕਿਹਾ।

"ਤੂੰ ਕੀ ਕਰੇਂਗੀ ਫੇਰ? " ਮੈਂ ਕਿਹਾ।

"ਮੈਂ..... ਮੈਂ ਵਿਹਲੀ..... ਅੱਜ ਬੇਬੇ ਦੇ ਹੱਥ ਦੀਆਂ ਪੱਕੀਆਂ ਖਾਵਾਂਗੇ ਪੋਲੀਆਂ ਪੋਲੀਆਂ।" ਉਸ ਦੀਆਂ ਅੱਖਾਂ ਚਮਕ ਰਹੀਆਂ ਸਨ।

"ਐਂ ਨੀ ਬੇਬੇ ਨੇ 'ਹਾਂ' ਕਰਨੀ... ਤੂੰ ਵੀ ਕੁਛ ਕਰ।"

"ਮੈਂ ਕੱਪੜੇ ਧੋ ਲਊਂ।" ਉਸ ਦੀ ਗੱਲ ਸੁਣ ਕੇ ਮੈਂ ਬੇਬੇ ਨੂੰ ਰੋਟੀ ਬਣਾਉਣ ਲਈ ਆਖਿਆ, "ਇਹ ਕੀ ਕਰੂ ਫੇਰ? "

"ਕੱਪੜੇ ਧੋ ਲਊ।" ਮੈਂ ਕਿਹਾ।

"ਨਾ ਭਾਈ ਮੈਥੋਂ ਨੀ ਪੱਕਦੀਆਂ....ਸਾਰਾ ਦਿਨ ਪਿਆ... ਫੇਰ ਧੋਤੇ ਜਾਣਗੇ ਕੱਪੜੇ। ਮਸ਼ੀਨ ਨਾਲ ਈ ਧੋਣੇ ਨੇ ਉਹਨਾਂ ਤੇ ਕਿਹੜਾ ਜ਼ੋਰ ਲੱਗਦਾ.........।" ਬੇਬੇ ਦੀ ਪਿਛਲੀ ਬੁੜ ਬੁੜ ਸਾਨੂੰ ਸਮਝ ਨਹੀਂ ਆਈ।

"ਕਿੰਨੀਆਂ ਸੁਆਦ ਨੇ ਪੋਲੀਆਂ ਨਰਮ ਰੋਟੀਆਂ।" ਉਸ ਨੇ ਮੈਨੂੰ ਮਜ਼ਾਕ ਕੀਤਾ।

"ਤੂੰ ਈ ਸਿੱਖ ਲੈ ਬੇਬੇ ਤੋਂ।" ਮੈਂ ਬੇਵਸ ਜਿਹਾ ਹੋ ਕੇ ਕਿਹਾ।

"ਤੁਸੀਂ ਗਰਮ ਰੋਟੀ ਖਾਇਆ ਕਰੋ। ਠੰਢੀਆਂ ਸੁੱਕ ਜਾਂਦੀਆਂ ਨੇ।" ਉਸ ਨੇ ਕਿਹਾ।

"ਮੈਨੂੰ ਗਰਮ ਰੋਟੀ ਦਾ ਸੁਆਦ ਨਹੀਂ ਆਉਂਦਾ।" ਮੈਂ ਆਖਿਆ।

"ਠੰਢੀਆਂ ਤਾਂ ਏਦਾਂ ਦੀਆਂ ਈ ਹੋਣਗੀਆਂ ਫੇਰ।" ਉਸ ਨੇ ਸੌ ਦੀ ਇੱਕ ਸੁਣਾ ਦਿੱਤੀ।

"ਅਸੀਂ ਜਦੋਂ ਨਿੱਕੇ ਹੁੰਦੇ ਸੀ ਸਵੇਰ ਦੀਆਂ ਬਣੀਆਂ ਰੋਟੀਆਂ ਦੁਪਹਿਰ ਨੂੰ ਖਾਂਦੇ ਸੀ। ਠੰਢੀਆਂ ਰੋਟੀਆਂ ਵੀ ਸੁੱਕਦੀਆਂ ਨਹੀਂ ਸਨ।"

"ਇਹ ਬੀਤੇ ਦੀਆਂ ਬਾਤਾਂ ਨੇ।" ਉਸ ਨੇ ਵੱਡਾ ਸਾਰਾ ਸਾਹ ਭਰ ਕੇ ਛੱਡਦਿਆਂ ਆਖਿਆ।

"ਤੁਸੀਂ ਵੀਰੇ ਹੁਰਾਂ ਨੂੰ ਅੱਡ ਕਿਉਂ ਕਰਿਆ?" ਉਹ ਫਿਰ ਬੋਲੀ। ਮੈਨੂੰ ਖਿਝ ਚੜ੍ਹੀ। ਉਹ ਆਖਣ ਲੱਗੀ,

"ਦੇਖੋ ਸਿੱਧੀ ਜਿਹੀ ਗੱਲ ਐ ਜੇ ਆਪਾਂ 'ਕੱਠੇ ਹੁੰਦੇ ਤਾਂ ਰੋਟੀਆਂ ਦਾ ਡੱਬਾ ਭਰਿਆ ਹੋਣਾ ਸੀ। ਰੋਟੀਆਂ ਇੱਕ ਦੂਜੀ ਦੇ ਸਹਾਰੇ ਨਾਲ ਈ ਨਰਮ ਰਹਿੰਦੀਆਂ ਨੇ। ਹੁਣ ਆਪਾਂ ਢਾਈ ਟੋਟਰੂ ਹੈਗੇ ਆਂ ਘਰ ਵਿੱਚ। ਪੰਜ ਚਾਰ ਰੋਟੀਆਂ ਹੁੰਦੀਆਂ ਨੇ ਆਲੇ ਦੁਆਲਿਓਂ ਕੋਈ ਓਟ ਸਹਾਰਾ ਨਹੀਂ ਹੁੰਦਾ। ਇਸ ਲਈ ਕਿਨਾਰੇ ਸੁੱਕ ਜਾਂਦੇ ਨੇ।" ਗੱਲ ਤਾਂ ਉਹਦੀ ਬੜੀ ਵਜ਼ਨਦਾਰ ਲੱਗੀ। ਮੈਂ ਵੀ ਇਸ ਬਾਰੇ ਸੋਚਣ ਤੇ ਮਜ਼ਬੂਰ ਹੋ ਗਿਆ। ਉਹ ਫਿਰ ਬੋਲੀ,

"ਇਸੇ ਤਰ੍ਹਾਂ ਤਾਂ ਇਕੱਲੇ ਰਹਿਣ ਦੇ ਸੁਖ ਨੇ, ਘੱਟ ਰੋਟੀਆਂ ਪਕਾਉਣ ਦੇ ਸੁਖ ਨੇ... ਨਿਆਣਿਆਂ ਦਾ ਨਾਸ਼ ਕਰ ਦਿੱਤਾ.....।" ਇਸ ਤੋਂ ਪਿੱਛੋਂ ਉਹ ਕੀ ਬੋਲੀ ਮੇਰੇ ਕੰਨਾਂ ਨੇ ਨਹੀਂ ਸੁਣਿਆ। ਮੇਰਾ ਅੰਦਰ ਬੋਲ ਰਿਹਾ ਸੀ। ਜਵਾਕ ਵੀ ਰੋਟੀਆਂ ਵਾਂਗ ਤਿੱਖੇ ਕਿਨਾਰਿਆਂ ਵਰਗੇ ਹੋ ਗਏ। ਉਹਨਾਂ ਨੂੰ ਨਰਮ ਕਰਨ ਵਾਲੇ ਚਾਚਾ-ਚਾਚੀ, ਤਾਈ-ਤਾਇਆ ,ਭੂਆ,ਦਾਦਾ-ਦਾਦੀ ਤਾਂ ਉਹਨਾਂ ਕੋਲ ਹੈ ਹੀ ਨਹੀਂ। ਸਾਨੂੰ ਜੇ ਬਾਪੂ ਝਿੜਕਦਾ ਤਾਂ ਚਾਚਿਆਂ ਨੇ ਵਰਚਾ ਲੈਣਾ, ਪਿਆਰ ਵੀ ਕਰਨਾ ਅਤੇ ਗਲਤੀ ਵੀ ਦੱਸ ਦੇਣੀ ਕਿ ਇਸ ਗੱਲੋਂ ਝਿੜਕਾਂ ਪਈਆਂ ਨੇ।ਮੈਨੂੰ ਇੱਕ ਵਾਰ ਬਾਪੂ ਨੇ ਬੜਾ ਕੁੱਟਿਆ ਸੀ। ਗੱਲ ਇਹ ਸੀ ਕਿ ਸਾਨੂੰ ਦੂਜੇ ਪਿੰਡ ਪੜ੍ਹਨ ਜਾਣਾ ਪੈਂਦਾ ਸੀ। ਮੈਨੂੰ ਮੇਰੇ ਤੋਂ ਵੱਡੇ ਮੁੰਡਿਆਂ ਨੇ ਸਕੂਲ ਨਾ ਜਾਣ ਦੀ ਸਕੀਮ ਦੱਸੀ। ਪਹਿਲਾਂ ਮੈਂ ਘਰਦਿਆਂ ਤੋਂ ਡਰਦੇ ਨੇ ਨਾਂਹ ਨੁੱਕਰ ਕੀਤੀ। ਵੱਡਾ ਬਾਈ ਵੀ ਨਾਲ ਸੀ। ਮੇਰੇ ਤੋਂ ਦੋ ਜਮਾਤਾਂ ਅੱਗੇ ਅੱਠਵੀਂ ਵਿੱਚ ਪੜ੍ਹਦਾ ਸੀ। ਉਸ ਨੇ ਵੀ ਆਖਿਆ ਕਿ ਘਰੇਂ ਕਿਹੜਾ ਪਤਾ ਲੱਗਣੈ। ਅਸੀਂ ਰਾਹ ਵਿੱਚ ਬੈਠ ਕੇ ਪਰਾਉਂਠੇ ਖਾ ਕੇ ਛੁੱਟੀ ਸਮੇਂ ਘਰ ਮੁੜ ਗਏ ਆਪਣੀ ਕਾਮਯਾਬੀ ਤੇ ਬੜੇ ਖੁਸ਼ ਸੀ। ਘਰ ਆਏ ਤਾਂ ਬਾਪੂ ਨੇ ਦੇਖਣ ਸਾਰ ਜੁੱਤੀ ਉਤਾਰ ਲੲੀ ਬਾਈ ਤਾਂ ਹੱਥ ਨਾ ਆਇਆ ਪਰ ਮੈਂ ਫਸ ਗਿਆ। ਸਾਰਾ ਗੁੱਸਾ ਮੇਰੇ ਤੇ ਉਤਾਰਿਆ ਗਿਆ। ਬਾਅਦ ਵਿੱਚ ਬੇਬੇ ਨੇ ਦੱਸਿਆ ਕਿ ਬਾਪੂ ਨੂੰ ਲਾਗਲੇ ਪਿੰਡ ਕੋਈ ਕੰਮ ਸੀ। ਉਹਨਾਂ ਸੋਚਿਆ ਕਿ ਜਵਾਕਾਂ ਦੀ ਪੜ੍ਹਾਈ ਦਾ ਪਤਾ ਸਤਾ ਲੈ ਚੱਲੀਏ ਕਿ ਕਿਵੇਂ ਪੜ੍ਹਦੇ ਨੇ। ਅੱਗੋਂ ਮਾਸਟਰਾਂ ਨੇ ਦੱਸਿਆ ਕਿ ਉਹ ਤਾਂ ਸਕੂਲ ਹੀ ਨਹੀਂ ਆਏ। ਬਸ ਫਿਰ ਕੀ ਸੀ ਬਾਪੂ ਖੇਤ ਨਹੀਂ ਗਿਆ ਘਰੇ ਬੈਠ ਕੇ ਹੀ ਸਾਨੂੰ ਉਡੀਕਣ ਲੱਗਾ।ਮੇਰੇ ਕੁੱਟ ਪਈ ਤਾਂ ਮੈਨੂੰ ਬਾਪੂ ਤੇ ਗੁੱਸਾ ਆਈ ਜਾਵੇ ਚਾਚੇ ਨੇ ਮੈਨੂੰ ਕੋਲ ਬਿਠਾ ਕੇ ਬੜੇ ਪਿਆਰ ਨਾਲ ਸਮਝਾਇਆ ਕਿ ਬਾਪੂ ਨੇ ਮੈਨੂੰ ਇਸ ਲਈ ਕੁੱਟਿਆ ਹੈ ਕਿ ਉਹ ਚਾਹੁੰਦੇ ਹਨ ਕਿ ਮੈਂ ਪੜ੍ਹ ਲਿਖ ਕੇ ਕੁੱਝ ਬਣਾਂ ਮੇਰੇ ਅੰਦਰੋਂ ਕੜਵਾਹਟ ਨਿਕਲ ਗਈ। ਜਦੋਂ ਬਾਪੂ ਨੇ ਮੈਨੂੰ ਕੁੱਟਿਆ ਤਾਂ ਮੇਰਾ ਉਹਨਾਂ ਨੂੰ ਬੁਲਾਉਣ ਨੂੰ ਜੀਅ ਨਾ ਕਰੇ। ਪਰ ਜਦੋਂ ਚਾਚੇ ਨੇ ਸਮਝਾਇਆ ਤਾਂ ਮੇਰਾ ਜੀਅ ਕਰੇ ਬਾਪੂ ਮੈਨੂੰ ਕਦ ਬੁਲਾ ਲਵੇ।

"ਕਿਹੜੀਆਂ ਸੋਚਾਂ ਵਿੱਚ ਗੁੰਮ ਗਏ? " ਮੇਰੀ ਪਤਨੀ ਨੇ ਮੈਨੂੰ ਵਰਤਮਾਨ ਸਮੇਂ ਵਿੱਚ ਮੋੜ ਲਿਆਂਦਾ।

"ਹੁਣ ਤਾਂ ਕੋਈ ਕਿਸੇ ਨੂੰ ਨੇੜੇ ਲਾਉਣ ਵਾਲਾ ਵੀ ਨਹੀਂ ਤਾਂ ਹੀ ਤਾਂ ਸਭ ਦੇ ਕਿਨਾਰੇ ਸੁੱਕੇ ਪਏ ਨੇ।" ਉਸ ਨੇ ਕਿਹਾ।

"ਮੈਨੂੰ ਤਾਂ ਹੁਣ ਇਹ ਲੱਗਦਾ ਐ ਕਿ ਪਰਿਵਾਰ ਛੋਟੇ ਹੋਣ ਕਰਕੇ ਹੀ ਰਿਸ਼ਤਿਆਂ ਦਾ ਘਾਣ ਹੋਇਆ......ਤਾਂ ਹੀ ਹੁਣ ਖੁਦਕੁਸ਼ੀਆਂ ਵਧ ਗਈਆਂ। ਕੋਈ ਕਿਸੇ ਨੂੰ ਸਮਝਣ ਸਮਝਾਉਣ ਵਾਲਾ ਨਹੀਂ ਰਿਹਾ। ਵੱਡੇ ਪਰਿਵਾਰ ਹੁੰਦੇ ਸਨ। ਆਰਥਿਕ ਪੱਖੋਂ ਹੋਏ ਘਾਟੇ ਵਾਧੇ ਦਾ ਘਰ ਦੇ ਸਿਆਣਿਆਂ ਬਜ਼ੁਰਗਾਂ ਨੂੰ ਪਤਾ ਹੁੰਦਾ ਸੀ। ਉਹੀ ਕੋਈ ਨਾ ਕੋਈ ਰਸਤਾ ਦੱਸ ਦਿੰਦੇ ਸਮੱਸਿਆ ਨਾਲ ਨਜਿੱਠਣ ਦਾ। "

"ਸਮੱਸਿਆ ਦਾ ਹੱਲ ਹੁਣ ਕੌਣ ਦੱਸੇ, ਸਿਆਣਪ ਤਾਂ ਬਿਰਧ ਆਸ਼ਰਮਾਂ ਵਿੱਚ ਰੁਲ ਰਹੀ ਐ।" ਉਸ ਨੇ ਕੌੜੀ ਸਚਾਈ ਆਖ ਦਿੱਤੀ।

"ਹਾਂ..... ਗੱਲ ਤਾਂ ਤੇਰੀ ਸਹੀ ਐ।" ਮੈਂ ਸਹਿਮਤੀ ਪ੍ਰਗਟਾਈ।

"ਹੋਰ ਤਾਂ ਹੋਰ ਆਹ ਨਾ-ਸਮਝ ਕੁੜੀਆਂ ਨੂੰ ਦੇਖ ਲਵੋ। ਬਿਨਾਂ ਸੋਚੇ ਸਮਝੇ ਵਿਆਹ ਕਰਵਾ ਲੈਂਦੀਆਂ ਨੇ। ਅੱਗੇ ਧੀਆਂ ਭੈਣਾਂ ਅੱਖਾਂ ਦੀ ਘੂਰ ਨੂੰ ਹੀ ਸਮਝ ਲੈਂਦੀਆਂ ਸਨ। ਹੁਣ ਤਾਂ ਮਾਪੇ ਵਿਚਾਰੇ ਅੰਦਰ ਵੜ ਵੜ ਰੋਂਦੇ ਨੇ।" ਉਸ ਦੀਆਂ ਗੱਲਾਂ ਵਿੱਚ ਸਚਾਈ ਸੀ।

"ਮੁੰਡੇ ਵੀ ਤਾਂ ਜਿਹਨਾਂ ਮਾਪਿਆਂ ਦਾ ਸਹਾਰਾ ਬਣਨਾ ਸੀ। ਬੁੱਢੇ ਮਾਪੇ ਆਪਣੇ ਜਵਾਨ ਲੜਖੜਾਉਂਦੇ ਪੁੱਤਾਂ ਦੀ ਡੰਗੋਰੀ ਬਣ ਰਹੇ ਨੇ। ਸਭ ਕੁਛ ਉਲਟਾ ਪੁਲਟਾ ਹੋਇਆ ਪਿਆ ਐ।" ਮੈਂ ਆਖਿਆ।

"ਮੈਨੂੰ ਤਾਂ ਕਈ ਵਾਰ ਐਂ ਲੱਗਦਾ ਐ ਜਿਵੇਂ ਆਪਾਂ ਕਿਸੇ ਹੋਰ ਦੁਨੀਆਂ ਵਿੱਚ ਆ ਗਏ ਹੋਈਏ। ਥੋੜ੍ਹੇ ਜਿਹੇ ਸਮੇਂ ਵਿੱਚ ਕਿੰਨਾ ਕੁਛ ਬਦਲ ਗਿਆ।"

"ਮੈਨੂੰ ਲੱਗਦਾ ਹੁਣ ਨੀ ਕੁਛ ਹੋ ਸਕਦਾ... ਐਨੀ ਉਲਝੀ ਹੋਈ ਤੰਦ ਤਾਣੀ ਕਿਵੇਂ ਸੂਤ ਆਊ?" ਮੈਂ ਹਥਿਆਰ ਸੁੱਟ ਦਿੱਤੇ।

"ਲੈ ਐਂ ਕਿਵੇਂ ਨਾ ਸੂਤ ਆਊ...ਜੇ ਉਹ ਸਾਰੇ ਜਣੇ ਕੋਸ਼ਿਸ਼ ਕਰਨ ਜਿਹੜੇ ਦੁਨੀਆਂ ਨੂੰ ਚੰਗੀ ਵੇਖਣਾ ਚਾਹੁੰਦੇ ਹਨ।ਆਪਣੇ ਹੱਕਾਂ ਦੇ ਨਾਲ ਨਾਲ ਫ਼ਰਜ਼ਾਂ ਨੂੰ ਵੀ ਨਿਭਾਈਏ। ਫਿਰ ਆਪੇ ਸੂਤ ਆਊ।" ਉਸ ਨੇ ਮੈਨੂੰ ਵੀ ਉਮੀਦ ਵਾਲਾ ਹਥਿਆਰ ਚੁੱਕਣ ਦੀ ਹਿੰਮਤ ਦੇ ਦਿੱਤੀ।

"ਸ਼ੁਰੂਆਤ ਕਿਵੇਂ ਹੋਊ? " ਮੈਂ ਪੁੱਛਿਆ।

"ਸਿਰਫ਼ ਇੱਕ ਬੰਦੇ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਲੈਣੀ ਪਊ।" ਉਸ ਨੇ ਆਖਿਆ।

"ਤੈਨੂੰ ਯਾਦ ਐ ਇੱਕ ਵਾਰ ਆਪਾਂ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਕਿ ਆਪਾਂ ਸਵੇਰੇ ਨੌਂ ਵਜੇ ਤੋਂ ਪਹਿਲਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ। ਸ਼ੁਰੂ ਵਿੱਚ ਥੋੜ੍ਹੀ ਕੋਸ਼ਿਸ਼ ਕਰਨੀ ਪਈ। ਹੁਣ ਕਿੰਨੇ ਸਾਲ ਹੋ ਗਏ ਸੁਭਾਅ ਈ ਏਦਾਂ ਦਾ ਬਣ ਗਿਆ।" ਮੈਂ ਉਸ ਨੂੰ ਯਾਦ ਕਰਵਾਇਆ।

"ਹਾਂ....ਮੈਨੂੰ ਯਾਦ ਐ। ਆਪਾਂ ਨੂੰ ਉਹਨਾਂ ਲੋਕਾਂ ਤੇ ਤਰਸ ਆਉਣ ਲੱਗ ਪੈਂਦਾ ਐ ਜਿਹੜੇ ਦੂਜੇ ਦੀ ਨਿੰਦਿਆ ਕਰਕੇ ਖੁਸ਼ ਹੁੰਦੇ ਨੇ।" ਉਹ ਫਿੱਕਾ ਜਿਹਾ ਮੁਸਕਰਾਈ।

"ਵੈਸੇ ਜੇ ਆਪਾਂ ਕੋਈ ਆਪਣੀ ਬੁਰੀ ਆਦਤ ਛੱਡਣਾ ਚਾਹੀਏ ਤਾਂ ਕੋਸ਼ਿਸ਼ ਕਰ ਕੇ ਛੱਡੀ ਜਾ ਸਕਦੀ ਐ।"

"ਹਾਂ.... ਕਿਸੇ ਵੀ ਤਿਉਹਾਰ ਵੇਲੇ ਬੁਰੀ ਆਦਤ ਛੱਡਣ ਦਾ ਆਪਣੇ ਆਪ ਨਾਲ ਵਾਅਦਾ ਕਰ ਲਵੋ ਬਸ ਕੋਸ਼ਿਸ਼ ਕਰਦੇ ਰਹੋ। ਛੁਟ ਜਾਊ।" ਉਹ ਬੋਲੀ।

"ਨਵਾਂ ਸਾਲ ਚੜ੍ਹ ਰਿਹਾ ਐ ਇਸ ਤੇ ਵੀ ਕੁਛ ਨਾ ਕੁਛ ਚੰਗਾ ਕਰਨ ਦੀ ਸੋਚ ਸਕਦੇ ਹਾਂ।" ਮੈਂ ਆਖਿਆ।

"ਚਲੋ ਫਿਰ ਨਵੇਂ ਸਾਲ 'ਤੇ.... ਨਾ ਸੰਕਲਪ, ਨਾ ਹਠ ਬਸ ਆਪਣੇ ਆਪ ਨਾਲ ਵਾਅਦਾ ਕਿ ਇੱਕ ਮਨੁੱਖ ਨੂੰ ਸੁਧਾਰਨ ਦਾ ਜ਼ਿੰਮਾ ਚੁੱਕੀਏ।" ਉਸ ਨੇ ਆਖ ਕੇ ਆਪਣਾ ਹੱਥ ਅੱਗੇ ਕਰ ਦਿੱਤਾ। ਮੈਂ ਉਸ ਦੇ ਹੱਥ ਤੇ ਹੱਥ ਰੱਖ ਦਿੰਦਾ ਹਾਂ ਅਤੇ ਹੱਸ ਕੇ ਆਖਦਾ ਹਾਂ.. "ਮੈਂ ਤੈਨੂੰ ਸੁਧਾਰਨ ਦਾ ਆਪਣੇ ਆਪ ਨਾਲ ਵਾਅਦਾ....।" ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਈ ਉਹਨੇ..... ਨਾ.. ਨਾ... ਨਾ ਆਖ ਦਿੱਤਾ।

"ਇੱਥੇ ਹੀ ਤਾਂ ਆਪਾਂ ਮਾਰ ਖਾ ਜਾਂਦੇ ਹਾਂ। ਹਰੇਕ ਬੰਦਾ ਦੂਜੇ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਸਾਰੀ ਉਮਰ ਕਰਦਾ ਹੈ। ਜੇ ਉਹੀ ਕੋਸ਼ਿਸ਼ਾਂ ਹਰ ਬੰਦਾ ਆਪਣੇ ਆਪ ਤੇ ਕਰੇ। ਆਪਣੇ ਹੱਕਾਂ ਦੇ ਨਾਲ ਫ਼ਰਜ਼ਾਂ ਨੂੰ ਵੀ ਨਿਭਾਵੇ। ਦੂਜਿਆਂ ਨੂੰ ਨਹੀਂ...ਹਰ ਬੰਦਾ ਆਪਣੇ ਆਪ ਨੂੰ ਸੁਧਾਰਨ ਦਾ ਵਾਅਦਾ ਕਰੇ ਤਾਂ ਹੀ ਕੋਈ ਗੱਲ ਬਣੇ।" ਮੈਂ ਉਸ ਦੀ ਗੱਲ ਨਾਲ ਪੂਰਨ ਤੌਰ ਤੇ ਸਹਿਮਤ ਹਾਂ। ਕੀ ਤੁਸੀਂ ਵੀ ਸਹਿਮਤ ਹੋ?

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ