Vadda Tapasavi (Punjabi Story): Amrit Kaur
ਵੱਡਾ ਤਪੱਸਵੀ (ਕਹਾਣੀ) : ਅੰਮ੍ਰਿਤ ਕੌਰ
" ਭਜਨੋ! ਕੁੜੇ ਭਜਨੋ!! ਆਜਾ... ਆਪਾਂ ਵੀ ਜਾ ਆਈਏ।" ਬਚਨੋ ਨੇ ਗਲ਼ੀ ਵਿੱਚੋਂ ਹੀ ਆਵਾਜ਼ ਮਾਰੀ । ਬਚਨੋ ਦੀ ਆਵਾਜ਼ ਸੁਣਦਿਆਂ ਭਜਨੋ ਹੱਥਲਾ ਕੰਮ ਛੇਤੀ ਨਾਲ ਸਮੇਟਦਿਆਂ ਬੂਹੇ ਅੱਗੇ ਆ ਗਈ।
"ਐਨੇ ਟੀਟ ਦੁਪਹਿਰੇ 'ਚ ਕਿੱਥੇ ਜਾਣੈ ਕੁੜੇ?" ਉਸ ਨੇ ਪੁੱਛਿਆ।
" ਆਪਣੇ ਬਾਹਰਲੇ ਡੇਰੇ ਤੇ ਇੱਕ ਤਪੱਸਵੀ ਆਇਆ ਹੋਇਐ। ਕਹਿੰਦੇ ਨੇ... ਬਹੁਤ ਪਹੁੰਚਿਆ ਹੋਇਐ, ਐਨੀ ਗਰਮੀ 'ਚ ਚਾਰੇ-ਪਾਸੇ ਧੂਣੀਆਂ ਲਾ ਕੇ ਵਿਚਾਲੇ ਬੈਠੈ।" ਬਚਨੋ ਨੇ ਚੁੰਨੀ ਦੇ ਲੜ ਨਾਲ ਬੰਨ੍ਹੇ ਰੁਪਏ ਠੀਕ ਕਰਦਿਆਂ ਕਿਹਾ। ਭਜਨ ਕੌਰ ਆਪਣੀ ਹਥੇਲੀ ਤੋਂ ਦੂਜੇ ਹੱਥ ਦੇ ਨਹੁੰਆਂ ਨਾਲ ਆਟਾ ਖੁਰਚਦਿਆਂ ਕੁੱਝ ਸੋਚ ਰਹੀ ਸੀ। ਬਚਨੋ ਨੇ ਫਿਰ ਕਿਹਾ,
" ਕੰਮ ਤਾਂ ਭੈਣੇ ਸਾਰੀ ਉਮਰ ਨੀ ਮੁੱਕਣੇ... ਪਤਾ ਨਹੀਂ ਕਿਹੜੇ ਵੇਲੇ ਦੀ ਸੇਵਾ ਨਾਲ਼ ਬੰਦਾ ਤਰ ਜਾਂਦੈ।"
" ਬਚਨੋ, ਮੈਨੂੰ ਇੱਕ ਗੱਲ ਦੀ ਸਮਝ ਨੀ ਆਉਂਦੀ।" ਭਜਨੋ ਬੋਲੀ।
" ਕਿਹੜੀ ਗੱਲ ਦੀ?" ਉਸ ਨੇ ਪੁੱਛਿਆ।
" ਆਪਾਂ ਤਰ ਕੇ ਜਾਣਾ ਕਿੱਥੇ ਐ? ਆਪਾਂ ਤਾਂ ਘਰੋਂ ਖੇਤ, ਖੇਤੋਂ ਘਰੇ ਜਾਂ ਕਿਤੇ ਖੁਸ਼ੀ ਗਮੀ 'ਚ ਕਿਸੇ ਰਿਸ਼ਤੇਦਾਰੀ 'ਚ... ਨਾਲ਼ੇ ਜੇ ਸਾਰੀ ਦੁਨੀਆਂ ਤਰਨ ਲੱਗ ਪਈ... ਆਹ ਤਰਨ ਵਾਲ਼ਿਆਂ ਦੀਆਂ ਰੋਟੀਆਂ ਕੌਣ ਪਕਾਊ?" ਬਚਨੋ ਦਾ ਮਨ ਸੰਤਾਂ ਦੇ ਚਰਨਾਂ ਨਾਲ ਈ ਜੁੜੇ ਰਹਿਣਾ ਚਾਹੁੰਦਾ ਸੀ। ਭਜਨੋ ਦੀ ਗੱਲ ਵੱਲ ਉਸ ਨੇ ਧਿਆਨ ਨਾ ਦਿੱਤਾ। ਉਹਨੇ ਫਿਰ ਕਿਹਾ,
" ਦੇਖ ਲੈ, ਐਨੀ ਗਰਮੀ ਵਿੱਚ ਆਲ਼ੇ ਦਾਲ਼ੇ ਧੂਣੀਆਂ ਲਾ ਕੇ ਬੈਠਣਾ ਕੋਈ ਮਾੜੀ ਮੋਟੀ ਗੱਲ ਨੀ... ਪੂਰਾ ਪਹੁੰਚਿਆ ਹੋਇਆ ਸੰਤ ਹੋਊ... ਅਹੇ ਜੇ ਸੰਤਾਂ ਦੇ ਦਰਸ਼ਨ ਕਰਮਾਂ ਨਾਲ ਈ ਨਸੀਬ ਹੁੰਦੇ ਨੇ... ਮੈਂ ਤਾਂ ਕਹਿਨੀ ਆਂ...ਛੱਡ ਘਰ ਦੇ ਫ਼ਿਕਰਾਂ ਨੂੰ... ਥੋੜ੍ਹਾ ਅੱਗਾ ਵੀ ਸੁਆਰ ਲੀਏ।"
" ਬਸ ਆਪਾਂ ਦੋਏ ਜਣੀਆਂ ਜਾਵਾਂਗੀਆਂ?" ਭਜਨੋ ਨੇ ਪੁੱਛਿਆ।
" ਨਾ ਨਾ ਗਾਹਾਂ ਤੋਂ ਹੋਰ ਰਲ਼ਣਗੀਆਂ ਆਪਣੇ ਨਾਲ... ਬਹੂ ਤੋਂ ਫੂਨ ਕਰਵਾ 'ਤਾ ਸੀ... । ਮਸਾਂ ਕਰਿਆ ਬੁੜਬੁੜ ਕਰਦੀ ਨੇ... ।" ਬਚਨੋ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਈ ਭਜਨੋ ਬੋਲੀ,
" ਚਲ ਕੋਈ ਨਾ...।" ਕੁੱਝ ਸੋਚਦਿਆਂ ਫਿਰ ਪੁੱਛਿਆ, "ਸੱਚ... ਕਣਕ ਵੱਢ ਲੀ ਤੁਸੀਂ?"
" ਅੱਜ ਵੱਢ ਰਹੇ ਨੇ... ਤਾਂ ਹੀ ਤਾਂ ਉਹਨੇ ਮੂੰਹ ਸੁਜਾ ਰੱਖਿਆ ਬਈ 'ਕੱਲੀ ਨੂੰ ਕੰਮ ਕਰਨਾ ਪਊ... ਲੈ ਆਪਾਂ ਸਾਰੀ ਉਮਰ ਕੰਮ ਕਰਨ ਦਾ ਠੇਕਾ ਲਿਆ ਹੋਇਆ...।"
ਭਜਨੋ ਨੇ ਬਚਨੋ ਦੇ ਕੋਲ ਨੂੰ ਹੋ ਕੇ ਕਿਹਾ,
" ਚੁੱਪ ਕਰ ਹੌਲ਼ੀ ਬੋਲ... ਤਪੱਸਵੀ ਤਾਂ ਸਾਡੇ ਘਰੇ ਐ। ਅਸੀਂ ਲੈ ਆਏ ਸੀ।" ਬਚਨੋ ਦੇ ਚਿਹਰੇ ਦਾ ਰੰਗ ਬਦਲ ਗਿਆ।
" ਪਹਿਲਾਂ ਨੀ ਦੱਸ ਸਕਦੀ ਸੀ?" ਬਚਨੋ ਨੇ ਥੋੜ੍ਹਾ ਗੁੱਸੇ ਹੁੰਦਿਆਂ ਕਿਹਾ। ਕੁੱਝ ਸੋਚਦਿਆਂ ਫਿਰ ਬੋਲੀ,
"ਆਹੋ, ਤੇਰੇ ਘਰੇ ਤਾਂ ਜ਼ਰੂਰ ਆਊ ਵੱਡੀ ਧਰਮਣ ਦੇ, ਘਰੋਂ ਤਾਂ ਤੂੰ ਨਿਕਲਦੀ ਨੀ। ਨਾ ਕਿਤੇ ਸੇਵਾ ਕਰਨ ਜਾਵੇਂ, ਨਾ ਮੱਥਾ ਟੇਕਣ... ।" ਗੱਲ ਪੂਰੀ ਹੋਣ ਤੋਂ ਪਹਿਲਾਂ ਭਜਨ ਕੌਰ ਫਿਰ ਬੋਲੀ,
"ਨਾ ਸੱਚੀ ਕਹਿਨੀ ਆਂ... ਪਿਛਲੇ ਵਿਹੜੇ ਵਿੱਚ ਬੈਠੇ ਨੇ।"
ਬਚਨੋ ਨੂੰ ਬੜਾ ਧੱਕਾ ਜਿਹਾ ਲੱਗਿਆ। ਉਹ ਸੋਚ ਰਹੀ ਸੀ... ਭਜਨ ਕੌਰ ਨੇ ਸੰਤਾਂ ਨੂੰ ਘਰੇ ਬੁਲਾਇਆ ਤੇ ਕਿਸੇ ਨੂੰ ਦੱਸਿਆ ਵੀ ਨਹੀਂ। ਨਾਲੇ ਇਹਦੇ ਘਰੇ ਕਿਵੇਂ ਆ ਜੂ... ਉਹਨੂੰ ਤਾਂ ਵੱਡੇ ਵੱਡੇ ਅਮੀਰ ਲੋਕ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਲੈ ਕੇ ਜਾਂਦੇ ਨੇ ...। ਉਸ ਦੀ ਸੋਚ ਨੂੰ ਵਿਰਾਮ ਦਿੰਦਿਆਂ ਭਜਨੋ ਉਸ ਦੀ ਬਾਂਹ ਨੂੰ ਹੱਥ ਪਾਉਣ ਲੱਗਿਆਂ ਫਿਰ ਬੋਲੀ,
"ਆ ਦਿਖਾਵਾਂ... ।"
ਬਚਨੋ ਨੂੰ ਹੁਣ ਸੱਚ ਆ ਗਿਆ ਸੀ। ਭਜਨੋ ਦਾ ਹੱਥ ਪਰੇ ਧੱਕਦਿਆਂ ਉਹ ਹਿਰਖ਼ ਨਾਲ ਬੋਲੀ,
"ਹਾਏ! ਹਾਏ!! ਕੁੜੇ... ਕਿੱਡਾ ਜਿਗਰਾ ਐ ਤੇਰਾ। ਤੂੰ ਤਾਂ ਕਿਸੇ ਕੋਲ ਭਾਫ਼ ਵੀ ਨੀ ਕੱਢੀ। ਮੇਰੇ ਵਰਗੀ ਤਾਂ ਊਂਈਂ ਸਾਰੇ ਪਿੰਡ 'ਚ ਰੌਲਾ ਪਾ ਦੇਵੇ।" ਬਚਨੋ ਦੇ ਮਨ ਵਿਚਲਾ ਰੋਸ ਸਾਫ਼ ਝਲਕ ਰਿਹਾ ਸੀ।
" ਹੌਲ਼ੀ ਬੋਲ... ਸਮਾਧੀ 'ਚ ਨੇ ਸੰਤ ਜੀ।" ਭਜਨ ਕੌਰ ਨੇ ਧੀਮੀ ਆਵਾਜ਼ ਵਿੱਚ ਆਖਿਆ। ਬਚਨੋ ਕੁੱਝ ਸੋਚਦਿਆਂ ਬੋਲੀ,
"ਚਲ ਤੂੰ ਭੈਣੇ ਆਵਦੇ ਘਰੇਂ ਸੱਦਿਆ, ਕੋਈ ਤਾਂ ਗੱਲ ਹੋਊ। ਮੈਂ ਘਰੇ ਜਾਨੀ ਆਂ। ਤੁਸੀਂ ਪੁੱਛ ਲੋ ਜੋ ਕੁਸ਼ ਪੁੱਛਣੈ।" ਉਹ ਵਾਪਸ ਪਰਤਣ ਹੀ ਲੱਗੀ ਸੀ। ਭਜਨੋ ਨੇ ਉਸ ਨੂੰ ਰੋਕਦਿਆਂ ਆਖਿਆ,
" ਨਾ... ਨਾ ਕੁਸ਼ ਨੀ ਪੁੱਛਣਾ ...ਸੋਚਿਆ ਘਰ ਵਿੱਚ ਸੰਤਾਂ ਦੇ ਚਰਨ ਪਵਾ ਲਈਏ। ਚਲ ਆਜਾ, ਤੂੰ ਵੀ ਕਰ ਲੈ ਸੇਵਾ। ਪਿਛਲੇ ਵਿਹੜੇ ਵਿੱਚ ਬੈਠੇ ਨੇ।"
ਬਚਨੋ ਉੱਥੇ ਹੀ ਰੁਕ ਗਈ। ਚੁੰਨੀ ਦੀ ਬੁੱਕਲ਼ ਠੀਕ ਕੀਤੀ ਅਤੇ ਲੜ ਨਾਲ ਬੰਨ੍ਹੇ ਪੈਸੇ ਟੋਹ ਕੇ ਵੇਖੇ। "ਪੈਸਿਆਂ ਦੀ ਕੀ ਲੋੜ ਐ ਭੈਣੇ... ਸਾਧਾਂ ਸੰਤਾਂ ਨੂੰ ਰੁਪਈਏ ਪੈਸਿਆਂ ਨਾਲ ਕੀ ਮਤਲਬ... ਇਹਨਾਂ ਦੀ ਤਾਂ ਆਪਣੇ ਵਰਗਿਆਂ ਨੂੰ ਲੋੜ ਹੁੰਦੀ ਐ।" ਭਜਨੋ ਬੋਲੀ।
" ਐਂ ਕਾਹਤੇ ਕਹਿਨੀ ਐਂ... ਦਾਨ ਪੁੰਨ ਕਰਨ ਨਾਲ ਤਾਂ ਕਿਰਤ ਕਮਾਈ ਸਫਲ ਹੋ ਜਾਂਦੀ ਐ।"
" ਕਿਰਤ ਕਮਾਈ ਸਫ਼ਲ ਤਾਂ ਗਰੀਬ-ਗੁਰਬੇ ਦੀ ਮੱਦਦ ਕਰਨ ਨਾਲ ਹੁੰਦੀ ਐ... ਸਾਧਾਂ ਸੰਤਾਂ ਨੂੰ ਕਾਹਦੀ ਕਮੀ... ਸੇਵਾਦਾਰ ਗੱਡੀਆਂ ਵਿੱਚ ਲੈ ਜਾਂਦੇ ਨੇ, ਗੱਡੀਆਂ ਵਿੱਚ ਈ ਛੱਡ ਜਾਂਦੇ ਨੇ, ਨਾ ਕੋਈ ਕੱਪੜੇ-ਲੀੜੇ ਦਾ ਫ਼ਿਕਰ, ਨਾ ਖਾਣ-ਪੀਣ ਦਾ ਫ਼ਿਕਰ... ਸਭ ਬਣਿਆ ਬਣਾਇਆ ਹਾਜ਼ਰ।" ਭਜਨੋ ਦੀ ਗੱਲ ਸੁਣ ਕੇ ਬਚਨੋ ਨੇ ਮੱਥੇ ਤਿਊੜੀ ਪਾਈ ਤੇ ਬੋਲੀ,
" ਐਂ ਨੀ ਕਿਹਾ ਕਰਦੇ ਸੰਤਾਂ ਨੂੰ।" ਬਚਨੋ ਨੂੰ ਡਰ ਸੀ ਕਿ ਕਿਤੇ ਸੰਤ ਸੁਣ ਨਾ ਲੈਣ।
" ਲੈ ਮੈਂ ਕਿਹੜਾ ਕੋਈ ਝੂਠ ਬੋਲਿਐ... ਇਹਨਾਂ ਦਾ ਜਾਣਾ-ਆਉਣਾ, ਖਾਣਾ-ਪੀਣਾ, ਪਹਿਨਣਾ-ਸੰਵਰਨਾ... ਸਭ ਭਗਤਾਂ ਦੇ ਖਰਚੇ ਤੇ ਈ ਹੁੰਦੈ।" ਭਜਨੋ ਦੀ ਆਵਾਜ਼ ਧੀਮੀ ਸੀ। ਬਚਨੋ ਨੂੰ ਭਜਨੋ ਦੀਆਂ ਗੱਲਾਂ ਚੰਗੀਆਂ ਨਹੀਂ ਸੀ ਲੱਗ ਰਹੀਆਂ। ਉਸ ਨੇ ਗੱਲ ਦਾ ਰੁਖ਼ ਬਦਲਦਿਆਂ ਪੁੱਛਿਆ,
" ਤੂੰ ਸੰਤਾਂ ਨੂੰ ਘਰੇ ਕਿਉਂ ਬੁਲਾਇਆ?"
" ਬੁਲਾਇਆ ਈ ਨੀ... ਅਸੀਂ ਆਪ ਜਾ ਕੇ ਪੂਰੇ ਮਾਣ ਸਤਿਕਾਰ ਨਾਲ ਲੈ ਕੇ ਆਏ ਆਂ।" ਉਹ ਹੌਲ਼ੀ ਜਿਹੀ ਬੋਲੀ।
" ਪਰ ਤੇਰੇ ਮਨ 'ਚ ਤਾਂ ਖੋਟ ਐ।" ਬਚਨੋ ਨੇ ਤਿੱਖੀ ਨਜ਼ਰੇ ਦੇਖਦਿਆਂ ਆਖਿਆ।
"ਲੈ ਖੋਟ ਆਲ਼ੀ ਕੀ ਗੱਲ ਹੋਈ, ਜੋ ਸੱਚ ਐ ਉਹੀ ਕਿਹਾ। ਸਾਰੇ ਸੰਤ ਚੰਗੇ ਨੀ ਹੁੰਦੇ... ਸਾਰੇ ਮਾੜੇ ਵੀ ਨੀ ਹੁੰਦੇ।" ਭਜਨੋ ਸਹਿਜ ਨਾਲ ਬੋਲੀ।
"ਚਲ ਛੱਡ... ਹੁਣ ਐਂ ਦੱਸ ਬਈ... ਸੰਤ ਕਰ ਕੀ ਰਹੇ ਨੇ ਥੋਡੇ ਘਰੇ?" ਬਚਨੋ ਨੇ ਪੁੱਛਿਆ।
" ਧੂਣੀਆਂ ਤਪਾ ਕੇ ਭਗਤੀ ਕਰ ਰਹੇ ਨੇ। ਕਹਿੰਦੇ... ਐਸ ਤਰ੍ਹਾਂ ਘਰ ਦੇ ਦੁੱਖ ਕੱਟੇ ਜਾਂਦੇ ਨੇ।" ਭਜਨੋ ਨੇ ਦੱਸਿਆ। ਪਿਛਲੇ ਵਿਹੜੇ ਵਿੱਚੋਂ ਉੱਠਦੇ ਧੂੰਏਂ ਨੇ ਭਜਨੋ ਦੀ ਗੱਲ ਦੀ ਗਵਾਹੀ ਭਰ ਦਿੱਤੀ। ਬਚਨੋ ਦੇ ਅੰਦਰ ਬਹੁਤ ਸਾਰੇ ਸਵਾਲ ਖੜ੍ਹੇ ਸਨ ਉਸੇ ਹਿਸਾਬ ਨਾਲ ਉਸ ਦੇ ਚਿਹਰੇ ਦੇ ਹਾਵ ਭਾਵ ਬਦਲ ਰਹੇ ਸਨ। ਭਜਨੋ ਨੇ ਉਸ ਵੱਲ ਵੇਖਦਿਆਂ ਪੁੱਛਿਆ,
" ਕੀ ਹੋ ਗਿਆ... ਐਂ ਕਿਉਂ ਦੇਖਦੀ ਐਂ?"
" ਸੰਤ ਤਾਂ ਕਿਸੇ ਦੇ ਘਰੇ ਜਾਣ ਨੂੰ ਮੰਨਦੇ ਨੀ... ਤੁਸੀਂ ਕਿਵੇਂ ਮਨਾ ਲੇ... ।"
" ਐਨੇ ਸੌਖੇ ਨੀ ਮੰਨੇ... ਇੱਕ ਬੰਦਾ ਭੇਜਿਆ ਸੀ... ਫਿਰ ਉਹਨਾਂ ਸਾਡੇ ਸਾਰੇ ਜੀਆਂ ਬਾਰੇ ਪਤਾ ਕਰਵਾਇਆ... ਬੰਦੇ ਕਹੇ ਜੇ ਨੇ... ਫੇਰ ਕਿਤੇ ਜਾ ਕੇ ਸਾਡੇ ਘਰੇ ਚਰਨ ਪਾਉਣ ਨੂੰ ਹਾਂ ਕੀਤੀ ਭੈਣੇ...।" ਭਜਨੋ ਨੇ ਬੜੇ ਮਾਣ ਨਾਲ ਦੱਸਿਆ।
" ਫੇਰ ਤੁਸੀਂ ਲੈ ਕੇ ਕਿਵੇਂ ਆਏ?" ਬਚਨੋ ਸੰਤਾਂ ਨੂੰ ਘਰ ਬੁਲਾਉਣ ਦੀ ਹਰ ਵਿਧੀ ਬਾਰੇ ਜਾਣਨਾ ਚਾਹੁੰਦੀ ਸੀ।
" ਅਸੀਂ ਗਿਆਰਾਂ ਜਣੇ ਜਾ ਕੇ ਲੈ ਆਏ ਸੀ।"
" ਟਰੈਕਟਰ ਤੇ ਈ ਲਿਆਏ?" ਬਚਨੋ ਹੈਰਾਨੀ ਨਾਲ ਬੋਲੀ।
" ਨਾ... ਨਾ ਰਿਸ਼ਤੇਦਾਰਾਂ ਦੀਆਂ ਕਾਰਾਂ ਮੰਗਵਾ ਲਈਆਂ ਸੀ।"
" ਦੇਖ ਲੈ ਭਜਨੋ, ਐਥੇ ਤੂੰ ਦਰੈਤ ਕਰ ਗੀ।" ਬਚਨੋ ਨਮੋਸ਼ੀ ਨਾਲ ਬੋਲੀ।
" ਕਾਹਦੀ ਦਰੈਤ?"
" ਸਾਡੇ ਘਰੋਂ ਕਿਸੇ ਨੂੰ ਨੀ ਨਾਲ ਲੈ ਕੇ ਗਏ।" ਬਚਨੋ ਨੇ ਉਦਾਸ ਜਿਹਾ ਉਲਾਂਭਾ ਦਿੱਤਾ।
" ਨਾ ਕੁੜੇ, ਐਂ ਨਾ ਆਖ... ਤੇਰੇ ਘਰ ਆਲ਼ੇ ਨੂੰ ਲੈ ਗੇ ਸੀ... ਉਹਨੇ ਦੱਸਿਆ ਨੀ ਘਰੇ... ?"
" ਨਾ ਭੈਣੇ ਉਹਨੇ ਤਾਂ ਕੋਈ ਨੀ ਦੱਸਿਆ... ਨਾਲ਼ੇ ਅੱਜ ਤਾਂ ਉਹ ਤੜਕੇ ਦਾ ਖੇਤ ਗਿਆ... ਬਾਹਰ ਦੀ ਬਾਹਰ ਭਾਵੇਂ ਵਗ ਗਿਆ ਹੋਵੇ।" ਉਹ ਥੋੜ੍ਹਾ ਰੁਕ ਕੇ ਫਿਰ ਬੋਲੀ,
" ਕੁੜੇ ਮੈਨੂੰ ਦੱਸ ਦਿੰਦੀ... ਰੋਟੀ ਪਾਣੀ ਦਾ ਆਹਰ ਕਰਾ ਦਿੰਦੀ... ਸੰਤਾਂ ਦੇ ਨਾਲ ਹੋਰ ਬੰਦੇ ਵੀ ਹੋਣਗੇ।" ਬਚਨੋ ਨੂੰ ਆਪਣੇ ਹੱਥੋਂ ਖੁੱਸੀ ਸੇਵਾ ਦਾ ਮਲਾਲ ਸੀ।
" ਕੋਈ ਬਹੁਤੀ ਖੇਚਲ਼ ਦਾ ਕੰਮ ਨੀ ਸੀ... ਬੰਦੇ ਮੁੜ ਗੇ ਸੀ ਛੱਡ ਕੇ... ਸੰਤ ਕਹਿੰਦੇ ਅਸੀਂ ਆਵਦਾ ਭੋਜਨ ਆਪੇ ਤਿਆਰ ਕਰਾਂਗੇ। ਜੇ ਬਹੁਤੀ ਖੇਚਲ਼ ਦਾ ਕੰਮ ਹੁੰਦਾ ਤਾਂ ਸਭ ਤੋਂ ਪਹਿਲਾਂ ਤੈਨੂੰ ਈ ਬੁਲਾਉਂਦੀ।" ਭਜਨੋ ਨੇ ਉਸ ਦੇ ਮਨ ਦੀ ਹਾਲਤ ਸਮਝਦਿਆਂ ਕਿਹਾ।
" ਚਲ ਭੈਣੇ, ਸੇਵਾ ਵੀ ਕਰਮਾਂ ਆਲ਼ਿਆਂ ਦੇ ਹਿੱਸੇ ਆਉਂਦੀ ਐ।" ਬਚਨੋ ਨੇ ਲੰਬਾ ਸਾਹ ਭਰ ਕੇ ਛੱਡਿਆ।
ਉਸ ਦੀ ਸੋਚ ਦੌੜਨ ਲੱਗੀ... ਇਹ ਮੀਸਣੀ ਜੀ ਹੈ ਤਾਂ ਚਲਾਕ... ਅੰਦਰ ਦਾ ਭੇਤ ਕਿਸੇ ਨੂੰ ਨੀ ਦਿੰਦੀ... ਇੱਕ ਦੋ ਦਿਨ 'ਚ ਤਾਂ ਸਲਾਹ ਬਣੀ ਨੀ ਹੋਣੀ... ਕੀ ਪਤੈ ਕਿੰਨੇ ਕੁ ਦਿਨਾਂ ਦੇ ਸਲਾਹ ਕਰਦੇ ਹੋਣਗੇ। ਉਸ ਨੂੰ ਆਵਦੇ ਪਤੀ 'ਤੇ ਵੀ ਗੁੱਸਾ ਆ ਰਿਹਾ ਸੀ...ਉਹ ਕਿਹੜਾ ਡੁੰਨਬੱਟਾ ਜਾ ਘਰੇਂ ਕੋਈ ਗੱਲ ਦੱਸਦੈ... ਜੋ ਮਰਜ਼ੀ ਹੋ ਜੇ। ਲੋਕਾਂ ਦੇ ਬੰਦੇ ਕੱਲੀ-ਕੱਲੀ ਗੱਲ ਦੱਸਦੇ ਨੇ ਘਰੇ ਆ ਕੇ... । ਇਹਨੇ ਸੰਤਾਂ ਨੂੰ ਬੁਲਾਇਆ ਕਿਉਂ ਐ... ਘਰੇ ਵੀ ਕਦੇ ਕੋਈ ਕਲੇਸ਼ ਨੀ ਸੁਣਿਆ... ਕੰਮ ਕਾਰ ਖੇਤੀ ਬਾੜੀ ਸਭ ਵਧੀਆ। ਨੂੰਹ ਵੀ ਠੀਕ ਐ... ਇਹਨੇ ਵੀ ਕਦੇ ਕੋਈ ਗੱਲ ਨੀ ਦੱਸੀ... ਨਾ ਹੀ ਕਿਸੇ ਸੀਰੀ ਸਾਂਝੀ ਦੇ ਮੂੰਹੋਂ ਕੋਈ ਗੱਲ ਸੁਣੀ ਐ। ਬਹੁਤ ਸਾਰੇ ਸਵਾਲ ਉਸ ਦੇ ਅੰਦਰ ਸਿਰ ਚੁੱਕੀ ਖੜ੍ਹੇ ਸਨ।
" ਆ ਜਾ ਭੈਣੇ... ਤੂੰ ਵੀ ਲਾਹਾ ਖੱਟ ਲੈ ਸੇਵਾ ਦਾ।" ਭਜਨੋ ਨੇ ਉਸ ਦੀ ਬਾਂਹ ਫੜੀ ਅਤੇ ਪਿਛਲੇ ਵਿਹੜੇ ਵੱਲ ਲੈ ਤੁਰੀ। ਉਹਨਾਂ ਦਾ ਵਸੋਂ ਵਾਲਾ ਘਰ ਅੱਗੇ ਸੀ। ਡੰਗਰ-ਪਸ਼ੂ, ਕੱਖ-ਕੰਡਾ, ਗੋਹਾ-ਪਾਥੀਆਂ, ਲੱਕੜ-ਤਿੰਬੜ ਸਭ ਪਿੱਛੇ ਖੁੱਲ੍ਹੇ ਵਿਹੜੇ ਵਿੱਚ ਰੱਖਦੇ ਸਨ। ਜਦੋਂ ਖੇਤ ਵਿੱਚ ਕੰਮ ਦਾ ਜ਼ੋਰ ਹੁੰਦਾ, ਵੱਧ ਜਣਿਆਂ ਦੀ ਰੋਟੀ ਪਕਾਉਣੀ ਹੁੰਦੀ ਤਾਂ ਚੁੱਲ੍ਹਾ ਹੀ ਬਾਲ਼ਿਆ ਜਾਂਦਾ ਸੀ। ਵੱਧ ਕੰਮ ਵੇਲੇ ਗੈਸ ਸਿਲੰਡਰ ਛੇਤੀ ਹੀ ਹੱਥ ਖੜ੍ਹੇ ਕਰ ਜਾਂਦਾ ਸੀ। ਪਿੱਛੇ ਇੱਕ ਬੈਠਕ ਨੁਮਾ ਕਮਰਾ ਬਣਾਇਆ ਹੋਇਆ ਸੀ। ਉਸ ਪਾਸੇ ਜਾਣ ਲਈ ਇੱਕ ਪਾਸੇ ਤੋਂ ਰਾਹ ਬਣਿਆ ਹੋਇਆ ਸੀ। ਭਜਨੋ ਬਚਨੋ ਨੂੰ ਪਿਛਲੇ ਪਾਸੇ ਲਿਜਾ ਰਹੀ ਸੀ। ਬਚਨੋ ਵਾਰ-ਵਾਰ ਆਪਣੇ ਸਿਰ ਤੋਂ ਚੁੰਨੀ ਦਾ ਪੱਲਾ ਠੀਕ ਕਰਦੀ।
ਉਹ ਉਸ ਨੂੰ ਵਿਹੜੇ ਵਿੱਚ ਲੈ ਗਈ।
"ਅਹੁ ਦੇਖ... ਮੇਰਾ ਵੱਡਾ ਤਪੱਸਵੀ...।" ਭਜਨ ਕੌਰ ਨੇ ਇਸ਼ਾਰਾ ਕਰਦਿਆਂ ਕਿਹਾ। ਬਚਨੋ ਨੇ ਜੋ ਸੋਚਿਆ ਸੀ ਉਸ ਦੀਆਂ ਅੱਖਾਂ ਉਹੀ ਲੱਭ ਰਹੀਆਂ ਸਨ।
ਇੱਥੇ ਤਾਂ ਭਜਨ ਕੌਰ ਦੀ ਨੂੰਹ ਪਸੀਨੇ ਨਾਲ ਭਿੱਜੀ ਚੁੱਲ੍ਹੇ ਵਿੱਚ ਅੱਗ ਬਾਲ਼ ਕੇ ਰੋਟੀਆਂ ਪਕਾ ਰਹੀ ਸੀ। ਕੋਲ ਹੀ ਦੂਜੇ ਚੁੱਲ੍ਹੇ 'ਤੇ ਚਾਹ ਦਾ ਪਤੀਲਾ ਰੱਖਿਆ ਹੋਇਆ ਸੀ। ਖੇਤ ਦਸ ਕੁ ਜਣਿਆਂ ਦੀ ਚਾਹ ਰੋਟੀ 'ਕੱਠੀ ਹੀ ਜਾਣੀ ਸੀ। ਉਹ ਕਦੇ ਪੇੜੇ ਕਰਦੀ... ਕਦੇ ਰੋਟੀ ਵੇਲਦੀ...ਰਾੜ੍ਹਦੀ ਤੇ ਚੋਪੜਦੀ... ਕਦੇ ਦੋਵਾਂ ਚੁੱਲ੍ਹਿਆਂ ਦਾ ਬਾਲਣ ਠੀਕ ਕਰਦੀ। ਬਚਨੋ ਦੇ ਕੁੱਝ ਕਹਿਣ ਤੋਂ ਪਹਿਲਾਂ ਹੀ ਉਹ ਫਿਰ ਬੋਲੀ, "ਮੈਨੂੰ ਐਂ ਦੱਸ ਬਚਨੋ... ਉਹ ਤਪੱਸਵੀ ਵੀ ਧੂਣੀਆਂ ਤਾਪਣ ਦੇ ਨਾਲ-ਨਾਲ ਐਨੇ ਕੰਮ ਕਰਦੈ... ਜਿੰਨੇ ਕੰਮ ਮੇਰਾ ਇਹ ਤਪੱਸਵੀ ਕਰ ਰਿਹੈ।" ਬਚਨੋ ਨੇ ਇੱਕ ਵਾਰ ਤਾਂ ਮੂੰਹ ਜਿਹਾ ਮਰੋੜਿਆ। ਭਜਨੋ ਨੇ ਫਿਰ ਕਿਹਾ,
"ਆਪਣੇ ਤਾਂ ਇਹੀ ਤਪੱਸਵੀ ਨੇ... ਇਹਨਾਂ ਨਾਲ ਈ ਘਰ 'ਚ ਬਰਕਤਾਂ ਆਉਂਦੀਆਂ ਨੇ।"
ਬਚਨੋ ਬਿਨਾਂ ਕੁੱਝ ਬੋਲਿਆਂ ਵਾਪਸ ਮੁੜੀ। ਹੁਣ ਉਹ ਡੇਰੇ ਵੱਲ ਨਹੀਂ, ਆਪਣੇ ਘਰ ਵੱਲ ਪਰਤ ਰਹੀ ਸੀ।