Vaddi Khabar (Bangla Story in Punjabi) : Rabindranath Tagore

ਵੱਡੀ ਖ਼ਬਰ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

ਕੁਸਮੀ ਨੇ ਆਖਿਆ, "ਤੁਸੀਂ ਮੈਨੂੰ ਵੱਡੀਆਂ ਵੱਡੀਆਂ ਖ਼ਬਰਾਂ ਸੁਣਾਓਗੇ,- ਤੁਸਾਂ ਇਕਰਾਰ ਕੀਤਾ ਸੀ, ਨਹੀਂ ਸੀ ਕੀਤਾ, ਦਾਦਾ ਮਾਸ਼ੇ? ਸਿੱਖਿਆ ਹੋਰ ਕਿਸ ਤਰ੍ਹਾਂ ਮੈਨੂੰ ਮਿਲੇਗੀ?"
ਦਾਦਾ ਮਾਸ਼ੇ ਨੇ ਜਵਾਬ ਦਿੱਤਾ, "ਪਰ ਵੱਡੀਆਂ ਖ਼ਬਰਾਂ ਦੀ ਏਡੀ ਵੱਡੀ ਪੰਡ ਤੈਨੂੰ ਚੁੱਕਣੀ ਪਵੇਗੀ- ਤੇ ਬਹੁਤਾ ਇਸ ਪੰਡ ਵਿਚ ਕੂੜਾ ਹੀ ਹੋਵੇਗਾ।"
"ਕੂੜਾ ਓਹਦੇ ਵਿਚੋਂ ਤੁਸੀਂ ਛੱਡ ਕਿਓਂ ਨਹੀਂ ਦਿਓਗੇ?"
"ਫੇਰ ਬਾਕੀ ਕੁਝ ਰਹਿਣਾ ਨਹੀਂ। ਜੋ ਬਾਕੀ ਰਿਹਾ, ਉਹਨੂੰ ਛੋਟੀ ਜਿਹੀ ਖ਼ਬਰ ਸਮਝੇਂਗੀ, ਪਰ ਹੋਵੇਗੀ ਉਹ ਅਸਲੀ ਖ਼ਬਰ।"
"ਉਹ ਮੈਨੂੰ ਸੁਣਾਓ- ਅਸਲੀ ਖ਼ਬਰ।"
"ਉਹੀ ਮੈਂ ਸੁਣਾਵਾਂਗਾ।"
"ਚੰਗਾ ਦਾਦਾ ਮਾਸ਼ੇ, ਮੈਂ ਤੁਹਾਡਾ ਹੁਨਰ ਵੇਖਾਂਗੀ। ਅਜ ਕਲ ਦੀ ਕੋਈ ਵੱਡੀ ਖਬਰ ਸੁਣਾਓ, ਭਾਵੇਂ ਉਹਨੂੰ ਕੇਡੀ ਛੋਟੀ ਬਣਾ ਕੇ ਹੀ ਸੁਣਾਓ।"
"ਸੁਣ।"

ਅਮਨ ਨਾਲ ਕੰਮ ਹੋ ਰਿਹਾ ਸੀ।
ਇਕ ਮਹਾਜਨੀ ਬੇੜੀ ਵਿਚ ਬਾਦਬਾਨ ਤੇ ਚੱਪੂਆਂ ਵਿਚਾਲੇ ਝਗੜਾ ਸ਼ੁਰੂ ਹੋ ਪਿਆ। ਖੜਖੜਾਂਦੇ ਚੱਪੂ ਮਲਾਹ ਦੀ ਕਚਹਿਰੀ ਵਿਚ ਆ ਕੇ ਕਹਿਣ ਲੱਗੇ, "ਇਹ ਸਾਥੋਂ ਹੋਰ ਸਹਾਰਿਆ ਨਹੀਂ ਜਾਣਾ। ਇਹ ਤੇਰਾ ਸ਼ੇਖ਼ੀ-ਖ਼ੋਰਾ ਬਾਦਬਾਨ ਬੜਾ ਆਕੜ ਕੇ ਸਾਨੂੰ 'ਛੋਟੇ ਲੋਕ' ਆਖਦੈ। ਅਸੀਂ, ਦਿਨ ਰਾਤ ਨੀਵੇਂ ਫੱਟਿਆਂ ਨਾਲ ਬੱਧੇ ਹੋਏ, ਮੁਸ਼ੱਕਤ ਜੂ ਕਰਦੇ ਹਾਂ, ਪਾਣੀ ਨੂੰ ਪਿਛਾਂਹ ਧੱਕ ਕੇ ਅਗਾਂਹ ਵਧਦੇ ਹਾਂ, ਜਦੋਂ ਇਹ ਆਪਣੀ ਮਰਜ਼ੀ ਨਾਲ ਹਿਲਦੈ, ਕਿਸੇ ਬਗਾਨੇ ਹੱਥ ਦੇ ਧੱਕੇ ਦਾ ਇਹ ਮੁਥਾਜ ਨਹੀਂ। ਤੇ ਏਸ ਕਰਕੇ ਇਹ 'ਬੜਾ ਲੋਕ' ਏ। ਤੈਨੂੰ ਫ਼ੈਸਲਾ ਕਰਨਾ ਪਵੇਗਾ ਕਿ ਕੌਣ ਵਧੇਰੇ ਯੋਗ ਏ! ਜੇ ਅਸੀਂ ਛੋਟੇ ਲੋਕ ਹਾਂ, ਘਟੀਆ ਲੋਕ ਹਾਂ ਤਾਂ ਅਸੀਂ ਸਾਰੇ ਅਸਤੀਫ਼ਾ ਦੇ ਦਿਆਂਗੇ, ਅਸੀਂ ਵੇਖਾਂਗੇ ਕਿਤਨੀ ਕੁ ਦੂਰ ਤੂੰ ਆਪਣੀ ਬੇੜੀ ਚਲਾਵੇਂਗਾ।"
ਬੇੜੀ ਵਾਲਾ ਖ਼ਤਰੇ ਵਾਲੀ ਗੱਲ ਵੇਖ ਕੇ ਚੱਪੂਆਂ ਨੂੰ ਇਕ ਪਾਸੇ ਲੈ ਗਿਆ ਤੇ ਭੇਤ ਵਾਂਗੂੰ ਹੌਲੀ ਜਿਹੇ ਕਹਿਣ ਲੱਗਾ, "ਉਹਦੀ ਗੱਲ, ਤੁਸੀਂ ਭਰਾਵੋ, ਸੁਣੋ ਨਾ। ਇਹ ਉਹ ਬਾਦਬਾਨ ਫੋਕੀਆਂ ਫੜ੍ਹਾਂ ਮਾਰਦੈ। ਜੇ ਤੁਸੀਂ ਤਕੜੇ ਲੋਕ ਕੰਮ ਨਾ ਕਰੋ, ਜਿਊਣ ਮਰਨ ਤਕ ਦੀ ਪਰਵਾਹ ਨਾ ਕਰੋ, ਬੇੜੀ ਬਿਲਕੁਲ ਖੜੋਤੀ ਰਹੇ। ਤੇ ਇਹ ਬਾਦਬਾਨ - ਆਪਣੀ ਮਿੱਠੀ ਐਸ਼ ਵਿਚ ਟਿੰਮਣੇ ਉੱਤੇ ਚੜ੍ਹਿਆ ਬੈਠਾ ਰਹਿੰਦੈ। ਹਨੇਰੀ ਦਾ ਮਾੜਾ ਜਿਹਾ ਬੁੱਲ੍ਹਾ ਆਇਆ ਨਹੀਂ ਕਿ ਇਹ ਤਹਿ ਹੋ ਕੇ ਡਿੱਗਾ ਨਹੀਂ, ਤੇ ਬੇੜੀ ਦੇ ਸਰਕੜੇ ਉੱਤੇ ਚੌਫਾਲ ਪਿਆ ਰਹਿੰਦੈ। ਓਦੋਂ ਫੇਰ ਇਹਦੀਆਂ ਫੋਕੀਆਂ ਫੜਫੜਾਟਾਂ ਚੁੱਪ ਹੋ ਜਾਂਦੀਆਂ ਨੇ, ਇਕ ਲਫ਼ਜ਼ ਮੂੰਹੋਂ ਨਹੀਂ ਸੂ ਨਿਕਲਦਾ। ਪਰ ਖ਼ੁਸ਼ੀ ਹੋਵੇ, ਗ਼ਮੀ ਹੋਵੇ, ਖ਼ਤਰਾ ਹੋਵੇ, ਭੀੜ ਬਣੇ, ਮੰਡੀ ਜਾਣਾ ਹੋਵੇ, ਜਾਂ ਘਾਟ ਵਲ ਜਾਣਾ ਹੋਵੇ, ਤੁਸੀਂ ਮੇਰੇ ਨਿੱਤ ਦੇ ਸਹਾਰੇ ਹੋ। ਮੈਨੂੰ ਤੁਹਾਡੇ ਉੱਤੇ ਤਰਸ ਆਉਂਦੈ ਕਿ ਤੁਹਾਨੂੰ ਐਸ਼ ਦਾ ਇਹ ਨਿਕੰਮਾ ਭਾਰ ਏਧਰ ਓਧਰ ਚੁੱਕ ਕੇ ਖੜਨਾ ਪੈਂਦੈ। ਕੌਣ ਕਹਿੰਦੈ, ਤੁਸੀਂ ਛੋਟੇ ਲੋਕ ਹੋ?"
ਪਰ ਵਿਚੋਂ ਬੇੜੀ ਵਾਲਾ ਡਰਦਾ ਸੀ, ਮਤੇ ਬਾਦਬਾਨ ਨੇ ਉਹਦੀ ਗੱਲ ਸੁਣ ਲਈ ਹੋਵੇ, ਏਸ ਲਈ ਉਹਦੇ ਕੋਲ ਜਾ ਕੇ ਉਹਦੇ ਕੰਨਾਂ ਵਿਚ ਓਸ ਆਖਿਆ, "ਸ਼੍ਰੀ ਮਾਨ ਬਾਦਬਾਨ, ਤੁਹਾਡੇ ਨਾਲ ਕਿਹਦਾ ਮੁਕਾਬਲਾ! ਕੌਣ ਕਹਿੰਦੈ ਕਿ ਤੁਸੀਂ ਬੇੜੀ ਚਲਾਂਦੇ ਹੋ, ਇਹ ਕੰਮ ਮਜ਼ਦੂਰਾਂ ਦਾ ਹੈ। ਤੁਸੀਂ ਆਪਣੀ ਮਰਜ਼ੀ ਨਾਲ ਚਲਦੇ ਓ, ਤੇ ਤੁਹਾਡੇ ਸਾਥੀ ਤੇ ਤੁਹਾਡੇ ਦੋਸਤ ਤੁਹਾਡੇ ਇਸ਼ਾਰਿਆਂ ਤੇ ਹੁਕਮਾਂ ਉੱਤੇ ਚਲਦੇ ਨੇ। ਤੇ ਜਦੋਂ ਤੁਹਾਨੂੰ ਸਾਹ ਚੜ੍ਹ ਜਾਂਦੈ, ਤੁਸੀਂ ਮਲਕੜੇ ਹੇਠਾਂ ਲੇਟ ਜਾਂਦੇ ਤੇ ਆਰਾਮ ਕਰਦੇ ਹੋ। ਮਿਤ੍ਰ ਜੀ, ਤੁਸੀਂ ਕਮੀਨ ਕਾਂਦੂ ਚੱਪੂਆਂ ਦੇ ਬੁੜ ਬੜਾਨ ਵਲ ਧਿਆਨ ਨਾ ਦਆ ਕਰੋ, ਏਡੀ ਪੱਕੀ ਤਰ੍ਹਾਂ ਮੈਂ ਇਹਨਾਂ ਨੂੰ ਬੰਨ੍ਹ ਰੱਖਿਆ ਏ ਕਿ ਪਏ ਚਾਂਭਲਣ ਜਿੰਨੀ ਮਰਜ਼ੀ ਨੇ ਗੋੱਲਿਆਂ ਵਾਂਗ ਕੰਮ ਕਰਨ ਦੇ ਛੁੱਟ ਇਹਨਾਂ ਤੋਂ ਬਣਨਾ ਹੋਰ ਕੁਝ ਨਹੀਂ।"
ਇਹ ਸੁਣ ਕੇ ਬਾਦਬਾਨ ਹੋਰ ਚੌੜਾ ਹੋਇਆ ਤੇ ਓਸ ਨੇ ਵੱਡੀ ਸਾਰੀ ਉਬਾਸੀ ਲਈ।
ਪਰ ਲੱਛਣ ਚੰਗੇ ਨਹੀਂ ਸਨ। ਇਹ ਚੱਪੂ ਸਖ਼ਤ-ਹੱਡੇ ਲੋਕ ਹਨ, ਏਸ ਵੇਲੇ ਇਹ ਟੇਢੇ ਟਿਕੇ ਹੋਏ ਹਨ, ਕੀ ਪਤੈ ਕਦੋਂ ਸਿੱਧੇ ਹੋ ਖਲੋਣ, ਬਾਦਬਾਨ ਨੂੰ ਚਪੇੜ ਠੋਕਣ ਤੇ ਉਹਦੀ ਸਾਰੀ ਆਕੜ ਲੀਰੋ ਲੀਰ ਕਰ ਦੇਣ। ਫੇਰ ਸਾਰੀ ਦੁਨੀਆ ਨੂੰ ਪਤਾ ਲਗ ਜਾਏਗਾ ਕਿ ਇਹ ਚੱਪੂ ਈ ਨੇ ਜਿਹੜੇ ਬੇੜੀ ਨੂੰ ਚਲਾਂਦੇ ਨੇ, ਹਨੇਰੀ ਆਵੇ, ਝੱਖੜ ਆਵੇ, ਭਾਵੇਂ ਵਹਿਣ ਹੱਕ ਵਿਚ ਹੋਵੇ ਤੇ ਭਾਵੇਂ ਖਿਲਾਫ਼ ਹੋਵੇ।

ਕੁਸਮੀ ਨੇ ਪੁਛਿਆ: "ਤੁਹਾਡੀ ਵਡੀ ਖ਼ਬਰ, ਐਡੀ ਛੋਟੀ? ਤੁਸੀਂ ਤਾਂ ਮਖੌਲ ਕੀਤਾ ਏ।"
ਦਾਦਾ ਮਾਸ਼ੇ ਨੇ ਆਖਿਆ, "ਜਾਪਦਾ ਇਹ ਮਖ਼ੌਲ ਏ, ਪਰ ਬੜੀ ਛੇਤੀ ਏਸ ਖ਼ਬਰ ਨੇ ਸੱਚੀਂ ਵੱਡੀ ਹੋ ਜਾਣੈਂ।"
"ਤੇ ਫੇਰ?"
"ਫੇਰ ਤੇਰਾ ਦਾਦਾ ਮਾਸ਼ੇ ਇਹਨਾਂ ਚੱਪੂਆਂ ਦੀ ਠਕ ਠਕ ਨਾਲ ਇਕ-ਸੁਰ ਰਹਿਣ ਦਾ ਅਭਿਆਸ ਕਰੇਗਾ।"
"ਤੇ ਮੈਂ?" "ਜਦੋਂ ਚੱਪੂ ਬਹੁਤਾ ਚੀਕੂੰ ਚੀਕੂੰ ਕਰਦੇ ਹੋਣਗੇ, ਤੂੰ ਤੇਲ ਦਾ ਟੇਪਾ ਉਹਨਾਂ ਉੱਤੇ ਪਾਏਂਗੀ।"
ਦਾਦਾ ਮਾਸ਼ੇ ਨੇ ਗੱਲ ਜਾਰੀ ਰੱਖੀ, " ਸਚੀ ਖ਼ਬਰ ਛੋਟੀ ਜਾਪਦੀ ਏ, ਜਿਵੇਂ ਬੀਜਾਂ ਦੇ ਦਾਣੇ। ਤੇ ਫੇਰ ਟਹਿਣੀਆਂ ਅਤੇ ਪੱਤਿਆਂ ਵਾਲਾ ਬ੍ਰਿਛ ਆਉਂਦੈ। ਕੀ ਹੁਣ ਤੈਨੂੰ ਸਮਝ ਆ ਗਈ ਏ?"
"ਹਾਂ, ਮੈਨੂੰ ਆ ਗਈ ਏ," ਕੁਸਮੀ ਨੇ ਆਖਿਆ।
ਉਹਦੇ ਮੂੰਹ ਤੋਂ ਜਾਪਦਾ ਸੀ ਕਿ ਉਹਨੂੰ ਸਮਝ ਆਈ ਨਹੀਂ, ਪਰ ਕੁਸਮੀ ਦਾ ਇਹ ਗੁਣ ਸੀ ਕਿ ਉਹ ਆਪਣੇ ਦਾਦਾ ਮਾਸ਼ੇ ਅੱਗੇ ਸੁਖਾਲਿਆਂ ਕਦੇ ਮੰਨਦੀ ਨਹੀਂ ਸੀ ਹੁੰਦੀ ਕਿ ਉਹਨੇ ਸਮਝ ਨਹੀਂ ਸਕਣਾ। ਕੀ ਉਹ ਈਰੂ ਮਾਸੀ ਨਾਲੋਂ ਘੱਟ ਚਤਰ ਸੀ- ਇਹ ਗੱਲ ਉਹ ਕਦੇ ਉਘੜਨ ਨਹੀਂ ਸੀ ਦੇਂਦੀ।
(ਅਨੁਵਾਦ: ਨਵਤੇਜ ਸਿੰਘ (ਪ੍ਰੀਤ ਲੜੀ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ