Vaddian Da Aadar (Punjabi Lekh) : Lal Bihari Lal Puri

ਵੱਡਿਆਂ ਦਾ ਆਦਰ (ਲੇਖ) : ਲਾਲਾ ਬਿਹਾਰੀ ਲਾਲ ਪੁਰੀ

ਮੂੰਹੋਂ ਮਿੱਠਾ ਬੋਲ, ਸਨੇਹ ਅਤੇ ਹਿਤ ਨਾਲ ਵਰਤਣ ਦਾ ਨਾਉਂ ਆਦਰ ਹੈ। ਇਸ ਆਦਰ ਦੇ ਕਰਨ ਤੇ ਸਭਨਾਂ ਦਾ ਮਾਨ ਹੋਂਦਾ ਹੈ। ਜਾਂ ਕੋਈ ਆਪ ਤੇ ਵੱਡਾ ਮਿਲੇ ਤਾਂ ਖੜੇ ਹੋ ਸੀਸ ਝੁਕਾ, ਹੱਥ ਬੰਨ੍ਹ ਉਸਨੂੰ ਮੱਥਾ ਟੇਕਣਾ ਯਾ ਪੈਰੀਂ ਪੈਣਾ ਕਹਣਾ ਚਾਹੀਦਾ ਹੈ। ਉਸ ਕੋਲੋਂ ਅੱਗੇ ਵਧਕੇ ਨਹੀਂ ਤੁਰਨਾ, ਉਸਦੇ ਮਗਰ ਮਗਰ ਜਾਣਾ ਚਾਹੀਏ, ਜੇ ਅੱਗੇ ਲੰਘਣਾ ਹੀ ਪੈ ਜਾਏ, ਤਾਂ ਆਗਯਾ ਲੈ ਲਏ।ਉਸਦੇ ਸਾਹਮਣੇ ਖਿੜਖਿੜਾ ਕੇ ਨਾ ਹੱਸੇ ਤੇ ਉਸ ਨਾਲ ਬਾਤ ਬੀ ਚੰਗੀ ਕਰੇ।ਉਸਦੇ ਸਾਹਮਣੇ ਨਿਰਲੱਜ ਬਾਣੀ ਨਾ ਬੋਲੇ, ਨਾ ਕਠੋਰ ਬਾਤ ਹੀ ਉਸਦੇ ਮੁਹਰੇ ਕਰੇ।

ਵੱਡੇ ਬੀ ਕਈ ਪ੍ਰਕਾਰ ਦੇ ਹੁੰਦੇ ਹਨ, ਪਹਿਲਾ ਸਾਕੋਂ ਵੱਡਾ, ਸੋ ਵੱਡਾ। ਦੂਜਾ ਅਵਸਥਾ ਵਿੱਚ ਵੱਡਾ, ਸੋ ਬੀ ਵੱਡਾ। ਤੀਜਾ ਵਿੱਦਯਾ ਵਿੱਚ ਵੱਡਾ ਸੋ ਬੀ ਵੱਡਾ। ਚੌਥਾ ਗੁਣ ਵਿੱਚ ਵੱਡਾ, ਸੋ ਬੀ ਵੱਡਾ। ਪੰਜਵਾਂ ਪਦਵੀ ਵਿੱਚ ਵੱਡਾ, ਸੋ ਬੀ ਵੱਡਾ ਸੋ ਜਿੰਨੇ ਵੱਡੇ ਹਨ, ਸਾਰਿਆਂ ਦਾ ਆਦਰ ਕਰਨਾ ਚਾਹੀਏ।ਸੋ ਥਾਂ ਥਾਂ ਸਿਰ ਜਿਸ ਜਿਸ ਦਾ ਜੋ ਜੋ ਅਧਿਕਾਰ ਹੈ, ਉਸਦਾ ਉੱਨਾ ਹੀ ਆਦਰ ਕਰਨਾ ਚਾਹੀਏ। ਆਦਰ ਕਰਨਾ ਚੰਗਿਆਂ ਦਾ ਕਰਮ ਹੈ, ਅਤੇ ਹੋਰਨਾਂ ਦਾ ਧਰਮ ਹੈ। ਮਨੂ ਜੀ ਕਹਿੰਦੇ ਹਨ, ਕਿ ਅਚਾਰਜ, ਪਿਤਾ ਮਾਤਾ ਅਤੇ ਵੱਡੇ ਭਿਰਾਉ ਦਾ ਸਦਾ ਆਦਰ ਕਰਨਾ ਚਾਹੀਦਾ ਹੈ, ਭਾਵੇਂ ਉਹ ਦੁੱਖ ਬੀ ਦੇਣ। ਵਿਦਯਾ ਗੁਰੂ ਦੇ ਮਗਰੋਂ ਸਹਾਇਕ ਅਤੇ ਵੱਡੇ ਭਿਰਾਉ ਦਾ ਅਧਿਕਾਰ ਹੈ। ਜਗਤ ਵਿਖੇ ਸਭਨਾਂ ਦਾ ਅਦਬ ਕਰਨਾ ਚਾਹੀਏ, ਕਿਸੇ ਦਾ ਅਨਾਦਰ ਨਾ ਕਰੋ।

ਸਾਈਂ ਇਸ ਜਗ ਆਇਕੇ, ਸਭਨਾਂ ਮਿਲੀਏ ਧਾਇ,
ਆਦਰ ਕਰ ਹੁਲਸਾਈਏ, ਚਿੱਤ ਕਿਸੇ ਨਹਿੰ ਢਾਇ॥

(ਅਰਥਾਵਲੀ : ਆਦਰ - ਸਤਿਕਾਰ । ਅਦਬ - ਆਦਰ। ਅਚਾਰਜ -ਗੁਰੂ॥)

  • ਮੁੱਖ ਪੰਨਾ : ਲਾਲਾ ਬਿਹਾਰੀ ਲਾਲ ਪੁਰੀ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ