Var Te Saraap (Punjabi Story) : Lochan Singh Bakshi

ਵਰ ਤੇ ਸਰਾਪ (ਕਹਾਣੀ) : ਲੋਚਨ ਸਿੰਘ ਬਖਸ਼ੀ

ਇਕ ਅਹਿਰਨ, ਇਕ ਹਥੌੜਾ ਤੇ ਇਕ ਭੱਠੀ। ਇਹ ਹੈ ਮੇਰੀ ਕਾਇਨਾਤ ਮੇਰੀ ਸਾਰੀ ਪੂੰਜੀ। ਹਾਂ ਇਹ ਮੇਰੀ ਜਾਇਦਾਦ ਹੈ। ਇਹ ਮੈਨੂੰ ਮੇਰੇ ਪਿਤਾ ਨੇ ਵਿਰਾਸਤ ਵਿੱਚ ਦਿੱਤੀ ਸੀ। ਇਹ ਉਸਨੂੰ ਉਸਦਾ ਪਿਉ ਦੇ ਗਿਆ ਸੀ। ਤੇ ਉਸਨੂੰ ਉਸ ਦੇ ਪਿਉ ਦਾ ਪਿਉ। ਇਕ ਅਮੁਕ ਸਿਲਸਲਾ ਹੈ। ਸ਼ਾਇਦ ਮੈਂ ਇਸ ਨੂੰ ਗਿਣ ਨਹੀਂ ਸਕਾਂਗਾ। ਪਤਾ ਨਹੀਂ ਕਦੋਂ ਤੋਂ ਇਹ ਸਿਲਸਲਾ ਚਲਾ ਆਇਆ ਹੈ। ਪਰ ਮੈਨੂੰ ਆਪਣੇ ਪਿਤਾ ਦੀ ਛੱਡੀ ਹੋਈ ਇਹ ਜਾਇਦਾਦ ਬੜੀ ਪਿਆਰੀ ਹੈ। ਕਿਤਨੀ ਮੁਦਤ ਮੇਰਾ ਦਾਦਾ ਇਸ ਵਦਾਨ ਤੇ ਆਪਣੀਆਂ ਬਾਹਵਾਂ ਅਜ਼ਮਦਾ ਰਿਹਾ। ਇਕ ਉਮਰ ਤੀਕ ਮੇਰਾ ਪਿਉ ਇਸ ਭਠੀ ਨੂੰ ਝੋਂਕਦਾ ਰਿਹਾ। ਤੇ ਅਜ ਇਹ ਵਦਾਨ ਮੇਰਾ ਹੈ। ਮੈਂ ਇਸ ਵਦਾਨ ਨਾਲ ਕਈ ਮਜ਼ਬੂਤ ਕੱੜੀਆਂ ਤੋੜੀਆਂ ਹਨ, ਕਈ ਆਕੜਖਾਨ-ਫੋਲਾਦੀ ਟੁਕੜਿਆਂ ਨੂੰ ਮੈਂ ਇਸ ਭੱਠੀ ਵਿੱਚ ਤਾਇਆ ਹੈ, ਢਾਲਿਆ ਹੈ ਤੇ ਇਸੇ ਅਹਿਰਨ ਤੇ ਰਖ ਕੇ ਮੈਂ ਉਨ੍ਹਾਂ ਦੇ ਵਟ ਕੱਢੇ ਹਨ।

ਇਹ ਚੀਜ਼ਾਂ ਨੂੰ ਬਹੁਤ ਪਿਆਰੀਆਂ ਨੇ। ਇਸ ਲਈ ਨਹੀਂ ਕਿ ਇਹ ਮੇਰੀ ਕੁਲ ਕਾਇਨਾਤ ਹੈ, ਮੇਰੀ ਜਾਇਦਾਦ ਹੈ, ਸਗੋਂ ਇਸ ਲਈ ਕਿ ਇਹ ਇਕ ਐਸੀ ਜ਼ੰਜੀਰ ਦੀਆਂ ਕੜੀਆਂ ਨੇ ਜੋ ਮੈਨੂੰ ਵਡੇ ਵਡੇਰਿਆਂ ਨਾਲ ਜੋੜਦੀ ਹੈ। ਲੋਹੇ ਦੀ ਇਕ ਲਾ-ਫ਼ਾਨੀ ਜ਼ੰਜੀਰ, ਜੋ ਮੇਰੇ ਪਿਉ, ਦਾਦੇ ਅਤੇ ਪੜਦਾਦੇ ਨੂੰ ਆਪਸ ਵਿੱਚ ਜੋੜਦੀ ਚਲੀ ਜਾਂਦੀ ਹੈ। ਕਿਤਨੀ ਮਜ਼ਬੂਤ ਹੈ ਇਹ। ਮਨੁੱਖੀ ਖੂਨ ਦੇ ਰਿਸ਼ਤੇ ਵਾਂਗ ਇਸ ਵਿੱਚ ਨਿਘ ਹੈ, ਲੋਚ ਹੈ ਤੇ ਕਰੜਾਈ ਵੀ। ਮੈਂ ਸੋਚਦਾ ਹਾਂ ਕਿ ਕੀ ਸਚ ਮੁਚ ਮੇਰੇ ਜਿਸਮ ਦੇ ਹਰ ਅੰਗ ਵਿਚ ਲੋਹੇ ਵਰਗਾ ਤਰਾਣ ਨਹੀਂ? ਕੀ ਮੇਰੇ ਸਰੀਰ ਦੇ ਲੂੰ ਲੂ ਵਿਚ ਲੋਹਾ ਨਹੀਂ ਧਰਸਿਆ ਹੋਇਆ? ਕੀ ਮੇਰੇ ਖੂਨ ਦੀ ਹਰ ਬੂੰਦ ਵਿਚ ਲੋਹੇ ਦੀ ਬੂ ਨਹੀਂ? ਇਸੇ ਲੋਹੇ ਵਿਚੋਂ ਮੇਰੀ ਪੈਦਾਇਸ਼ ਹੋਈ ਹੈ। ਇਸੇ ਲੋਹੇ ਵਿਚ ਮੇਰਾ ਪਿਉ ਜੰਮਿਆ ਸੀ ਤੇ ਲੋਹਾ ਸਾਰੀ ਜ਼ਿੰਦਗੀ ਸਾਡੇ ਨਾਲ ਨਾਲ ਰਿਹਾ ਹੈ। ਇਸ ਲਈ ਸ਼ਾਇਦ ਇਹ ਮੈਨੂੰ ਸਭ ਤੋਂ ਵੱਧ ਪਿਆਰਾ ਹੈ।

ਮੇਰੀ ਭਠੀ ਤਪ ਰਹੀ ਹੈ। ਇਸ ਵਿਚੋਂ ਨਿਕਲਦੀਆਂ ਹੋਈਆਂ ਅਗ ਦੀਆਂ ਲਾਲ ਲਾਲ ਚਿੰਗਾਰੀਆਂ ਮਚਲਦੀਆਂ ਹੋਈਆਂ ਆਕਾਸ਼ ਵਲ ਵਧ ਰਹੀਆਂ ਹਨ। ਪਰ ਥੋੜੀ ਦੇਰ ਬਾਹਦ ਉਹ ਖਲਾ ਵਿੱਚ ਗਵਾਚ ਜਾਣਗੀਆਂ। ਸੰਸਾਰ ਦਾ ਮਹਾਨ ਪੁਲਾੜ ਉਨ੍ਹਾਂ ਨੂੰ ਆਪਣੇ ਆਪ ਵਿੱਚ ਸਮੋ ਲਵੇਗਾ, ਇਨ ਬਿਨ ਉਸੇ ਤਰ੍ਹਾਂ ਜਿਵੇਂ ਮੌਤ ਜ਼ਿੰਦਗੀ ਤੇ ਹਾਵੀ ਹੋ ਜਾਂਦੀ ਹੈ। ਮੌਤ!... ਅਜੇ ਕਲ ਹੀ ਦੀ ਤਾਂ ਗਲ ਹੈ, ਮੇਰਾ ਪਿਤਾ ਜੀਉਂਦਾ ਸੀ। ਉਹ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦਾ ਸੀ। ਉਹ ਇਕ ਬੜਾ ਸਿਆਣਾ ਕਾਰੀਗਰ ਸੀ। ਬਚਪਨ ਤੋਂ ਬੁਢੇਪੇ ਤਕ ਉਸ ਨੇ ਉਹੋ ਹੀ ਕੰਮ ਕੀਤਾ ਸੀ। ਕੰਮ ਕਰਨਾ ਉਹਦੀ ਦਿਲਚਸਪੀ ਦਾ ਇਕ ਸਾਧਨ ਸੀ। ਤੇ ਜਦੋਂ ਤੀਕ ਉਸ ਦੀਆਂ ਬਾਹਵਾਂ ਵਿਚ ਬਲ ਰਿਹਾ ਉਹ ਭਠ ਝੌਂਕਦਾ ਰਿਹਾ, ਜਦੋਂ ਤੀਕ ਉਸ ਦਿਆਂ ਹਥਾਂ ਵਿਚ ਸ਼ਕਤੀ ਰਹੀ ਉਹ ਹਥੋੜੇ ਚਲਾਂਦਾ ਰਿਹਾ ਤੇ ਫੇਰ ਇਕ ਦਿਨ ਐਸਾ ਆਇਆ ਜਿਸ ਦਿਨ ਉਸ ਨੇ ਮੈਨੂੰ ਆਖਿਆ, 'ਬੇਟਾ ਹੁਣ ਮੇਰੀਆਂ ਬਾਹਵਾਂ ਵਿਚ ਬਲ ਨਹੀਂ ਰਿਹਾ। ਇਸ ਲੋਹੇ ਦੇ ਅਹਿਰਨ ਤੇ ਹਥੋੜੇ ਨੇ ਮੇਰਾ ਸਾਰਾ ਤਰਾਣ ਖੋਹ ਲਿਆ ਹੈ।' ਤੇ ਫਿਰ ਮੇਰਾ ਪਿਤਾ ਹੌਲੀ ਹੌਲੀ ਮੇਰੀਆਂ ਅੱਖੀਆਂ ਦੇ ਸਾਹਮਣੇ ਦੰਮ ਤੋੜਦਾ ਰਿਹਾ-- ਪਲ ਪਲ, ਛਿਨ ਛਿਨ, ਜਿਸ ਤਰ੍ਹਾਂ ਭਠੀ ਦੀਆਂ ਲਾਲ ਚਿੰਗਾਰੀਆਂ ਹੌਲੀ ਹੌਲੀ ਮਿਟ ਜਾਂਦੀਆਂ ਹਨ? ਜਿਸ ਤਰ੍ਹਾਂ ਅਸਤ ਹੁੰਦਾ ਹੋਇਆ ਸੂਰਜ ਹੌਲੀ ਹੌਲੀ ਅਲੋਪ ਹੋ ਜਾਂਦਾ ਹੈ। ਮੈਨੂੰ ਮੇਰੇ ਪਿਤਾ ਦਾ ਉਹ ਕਥਨ ਯਾਦ ਆ ਗਿਆ ਹੈ ਜਦੋਂ ਉਸ ਨੇ ਮੈਨੂੰ ਡੁਬਦਾ ਹੋਇਆ ਸੂਰਜ ਵੇਖਣ ਤੋਂ ਵਰਜਿਆ ਸੀ। "ਬੇਟਾ ਡੁਬਦਾ ਹੋਇਆ ਸੂਰਜ ਨਾ ਵੇਖਿਆ ਕਰੀਂ" ਮੈਂ ਸੋਚਿਆ ਸੀ ਸ਼ਾਇਦ ਇਸ ਲਈ, ਕਿ ਉਹ ਤੁਹਾਨੂੰ ਕਿਸੇ ਮਰ ਰਹੇ ਮਨੁੱਖ ਦੀਆਂ ਦੰਮ ਤੋੜਦੀਆਂ ਹੋਈਆਂ ਆਖਰੀ ਹਿਚਕੀਆਂ ਦੀ ਚੇਤਾਉਣੀ ਕਰਾਂਦਾ ਹੈ। ਪਰ ਆਪਣੇ ਪਿਤਾ ਦੇ ਕਹਿਣ ਦੇ ਬਾਵਜੂਦ ਵੀ ਮੈਂ ਅਜ ਤੀਕ ਡੁਬਦਾ ਹੋਇਆ ਸੂਰਜ ਵੇਖਦਾ ਰਿਹਾ ਹਾਂ, ਮੈਂ ਉਸ ਦੀਆਂ ਤਿਲਕਦੀਆਂ ਹੋਈਆਂ ਕਿਰਨਾਂ ਵਿਚ ਕਦੀ ਵੀ ਕਿਸੇ ਦੰਮ ਤੋੜਦੇ ਮਨੁਖ ਦੀਆਂ ਆਖਰੀ ਹਿਚਕੀਆਂ ਨਹੀਂ ਸੁਣੀਆਂ। ਉਸ ਨੇ ਅਜ ਤੀਕ ਕਦੀ ਵੀ ਡੁਬਣ ਲਗਿਆਂ ਮੈਨੂੰ ਕਿਸੇ ਮਰ ਰਹੇ ਮਨੁਖ ਦੀ ਚੇਤਾਉਣੀ ਨਹੀਂ ਕਰਾਈ। ਆਖ਼ਰ ਲੋਕੀ ਕਿਉਂ ਡੁਬਦੇ ਹੋਏ ਸੂਰਜ ਨੂੰ ਘਿਰਨਾ ਨਾਲ ਵੇਖਦੇ ਹਨ? ਮੈਨੂੰ ਤਾਂ ਡੁਬਦੇ ਅਤੇ ਚੜਦੇ ਸੂਰਜ ਵਿਚ ਇਕੋ ਜਿਹਾ ਤੇਜ ਦਿਸਦਾ ਹੈ। ਸੂਰਜ ਹਰ ਹਾਲਤ ਵਿਚ ਸੂਰਜ ਹੀ ਰਹਿੰਦਾ ਹੈ। ਸੂਰਜ ਦੇਵਤਾ। ਰੋਸ਼ਨੀ ਤੇ ਨਿਘ ਦਾ ਮੁਢ ਕਦੀਮੀ ਸੋਮਾਂ। ਮੈਂ ਕਈ ਵਾਰੀ ਇਹ ਗਲ ਆਪਣੇ ਪਿਤਾ ਨੂੰ ਸਮਝਾਈ ਸੀ। ਇਨਸਾਨ ਨੂੰ ਇਹ ਗਲ ਸੂਰਜ ਪਾਸੋਂ ਸਿਖਣੀ ਚਾਹੀਦੀ ਹੈ। ਬਚਪਨ, ਜਵਾਨੀ ਤੇ ਬੁਢੇਪੇ ਦੀ ਅਵੱਸਥਾ ਵਿਚ ਇਨਸਾਨ ਬਚਾ, ਜਵਾਨ ਤੇ ਬੁਢਾ ਨਹੀਂ ਹੁੰਦਾ, ਸਗੋਂ ਇਨਸਾਨ ਹੀ ਰਹਿੰਦਾ ਹੈ, ਜਿਸ ਤਰ੍ਹਾਂ ਡੁਬਦਾ ਤੇ ਚੜ੍ਹਦਾ ਹੋਇਆ ਸੂਰਜ, ਸੂਰਜ ਹੀ ਹੈ।

ਅਜੇ ਕਲ ਦੀ ਗਲ ਹੈ, ਮੈਂ ਬੱਚਾ ਸਾਂ। ਮੇਰਾ ਪਿਤਾ ਜਵਾਨ ਸੀ। ਮੈਂ ਜਵਾਨ ਹੋਇਆ ਤੇ ਮੇਰਾ ਪਿਤਾ ਬੁੱਢਾ ਹੋ ਗਿਆ। ਮੇਰਾ ਪਿਤਾ! ਉਹ ਇਕ ਸ਼ਾਨਦਾਰ ਪਿਤਾ ਹੋਣ ਤੋਂ ਇਲਾਵਾ ਇਕ ਸਿਆਣਾ ਕਾਰੀਗਰ ਵੀ ਸੀ! ਨਹੀਂ ਉਹ ਇਕ ਪੂਰਨ ਇਨਸਾਨ ਸੀ, ਜਿਸ ਨੂੰ ਆਪਣੇ ਆਪ ਤੇ ਕਾਬੂ ਸੀ। ਪਰ ਅਫ਼ਸੋਸ ਇਕ ਪੂਰਨ ਇਨਸਾਨ, ਜਿਸ ਨੂੰ ਆਪਣੀ ਜ਼ਿੰਦਗੀ ਤੇ ਕਾਬੂ ਸੀ, ਆਪਣੀ ਮੌਤ ਤੇ ਕਾਬੂ ਨ ਪਾ ਸਕਿਆ। ਮੈਂ ਉਸ ਨੂੰ ਆਪ ਆਪਣੀਆਂ ਅੱਖਾਂ ਨਾਲ ਦੰਮ ਤੋੜਦਿਆਂ ਵੇਖਿਆ। ਉਹ ਸ਼ਾਨਦਾਰ ਇਨਸਾਨ, ਜਿਸ ਨੇ ਸਾਰੀ ਉਮਰ ਜ਼ਿੰਦਗੀ ਦੀਆਂ ਨਾਮੁਰਾਦੀਆਂ ਦੀ ਖਿੱਲੀ ਉਡਾਈ ਸੀ, ਅੰਤ ਸਮੇਂ ਆਪਣੀ ਮੌਤ ਨਾਲ ਖਹਿ ਰਿਹਾ ਸੀ, ਉਸ ਦੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਸੀ, ਤੇ ਉਹ ਖੁਲ੍ਹੀਆਂ ਦੀਆਂ ਖੁਲ੍ਹੀਆਂ ਸਨ। ਉਸ ਦੇ ਨਕ ਦੀ ਘੋੜੀ ਮਾੜੀ ਜਹੀ ਮੁੜ ਗਈ ਸੀ। ਬੁੱਝੀ ਹੋਈ ਮੋਮ ਬੱਤੀ ਦੇ ਟੇਪਿਆਂ ਵਾਂਗ, ਅਥਰੂਆਂ ਦੀ ਲੜੀ ਉਸ ਦੀ ਗਲ੍ਹ ਤੇ ਜਿਵੇਂ ਜੰਮੀ ਦੀ ਜੰਮੀ ਰਹਿ ਗਈ ਸੀ। ਮੈਂ ਸੋਚਿਆ ਕੀ ਇਹ ਅਥਰੂ ਉਸ ਦੀ ਹਾਰ ਦੇ ਸੂਚਕ ਹਨ? ਪਰ ਨਹੀਂ। ਮੈਂ ਅਜ ਸਮਝ ਸਕਦਾ ਹਾਂ, ਉਹ ਹਾਰਿਆ ਨਹੀਂ ਸੀ। ਅਸਲ ਵਿਚ ਮੇਰੇ ਭਵਿਸ਼ ਦਾ ਖ਼ਿਆਲ ਉਸ ਨੂੰ ਚਿੰਤਾਤਰ ਕਰ ਰਹੀ ਸੀ। ਮੈਂ ਉਸ ਦੀਆਂ ਨਜ਼ਰਾਂ ਵਿਚ ਅਜੇ ਉਸੇ ਤਰ੍ਹਾਂ ਬੱਚਾ ਹੀ ਸਾਂ, ਜਿਸਨੂੰ ਆਪਣੇ ਕੰਮ ਦੀ ਥਾਵੇਂ ਖੇਡਣ ਕੁਦਣ ਵਿਚ ਵਧੇਰੇ ਦਿਲਚਸਪੀ ਸੀ ਉਹ ਮੈਨੂੰ ਆਪਣਾ ਕੰਮ ਸਿਖਾਣਾ ਚਾਹੁੰਦਾ ਸੀ। ਉਸਦੀ ਜਾਚੇਂ ਇਕ ਮਜ਼ਦੂਰ ਪਿਤਾ ਦਾ ਪੁੱਤਰ ਆਖਰ ਮਜ਼ਦੂਰ ਹੀ ਤਾਂ ਬਣ ਸਕਦਾ ਸੀ। ਪਰ ਉਸ ਸਮੇਂ ਮੈਨੂੰ ਉਸ ਦੀਆਂ ਉਹ ਗੱਲਾਂ ਚੰਗੀਆਂ ਨਹੀਂ ਸਨ ਲਗਦੀਆਂ। ਉਸ ਨੇ ਮੈਨੂੰ ਇਕ ਵਾਰੀ ਦਸਿਆ ਸੀ, "ਇਕ ਗ਼ਰੀਬ ਮੁਸਾਫ਼ਰ ਦੀ ਗ਼ਰੀਬੀ ਤੇ ਤਰਸ ਖਾ ਕੇ, ਭੋਲੇ ਭੰਡਾਰੀ ਸ਼ਿਵ ਜੀ ਨੇ ਉਸ ਦੇ ਰਸਤੇ ਵਿਚ ਹੀਰੇ ਤੇ ਪੰਨੇ ਖਿਲਾਰ ਦਿਤੇ। ਪਰ ਉਸ ਸਮੇਂ ਉਸ ਮੁਸਾਫ਼ਰ ਦੇ ਮਨ ਵਿਚ ਇਕ ਖਿਆਲ ਉਜਾਗਰ ਹੋ ਉਠਿਆ-- "ਕੁਦਰਤ ਵੀ ਕਿਤਨੀ ਕਾਰਸਾਜ਼ ਹੈ ਜੋ ਉਸ ਨੇ ਮਨੁੱਖ ਨੇ ਦੋ ਅੱਖਾਂ ਦੇ ਦਿਤੀਆਂ ਹਨ। ਜੇ ਕਿਤੇ ਮੇਰੀਆਂ ਹੀ ਅੱਖਾਂ ਨਾ ਹੁੰਦੀਆਂ! ਜੇ ਕਿਤੇ ਮੈਂ ਅੰਨ੍ਹਾਂ ਹੁੰਦਾ!!" ਤੇ ਫੇਰ ਉਸ ਨੂੰ ਸੋਚ ਆਈ, "ਪਤਾ ਨਹੀਂ ਅਨ੍ਹੇ ਕਿਸ ਤਰ੍ਹਾਂ ਤੁਰਦੇ ਹਨ।" ਤੇ ਇਸੇ ਖਿਆਲ ਨਾਲ ਉਸ ਨੇ ਆਪਣੀਆਂ ਅੱਖੀਆਂ ਮੀਚ ਲਈਆਂ ਤੇ ਹੌਲੀ ਹੌਲੀ ਅੰਨ੍ਹਿਆਂ ਵਾਂਗ ਤੁਰਦਾ ਹੋਇਆ ਹੀਰਿਆਂ ਤੇ ਪੰਨਿਆਂ ਦੇ ਉਪਰੋਂ ਦੀ ਲੰਘੀ ਗਿਆ, ਅਤੇ ਮੰਨ ਵਿਚ ਸੋਚਦਾ ਗਿਆ "ਲੋਕੀ ਵੀ ਕਿਡੇ ਬੇਵਕੂਫ਼ ਨੇ ਰਸਤੇ ਵਿਚ ਰੋੜੇ ਖਿਲਾਰ ਦਿੰਦੇ ਨੇ।"

ਅਜ ਮੈਂ ਸੋਚਦਾ ਹਾਂ, ਮੇਰੇ ਪਿਤਾ ਦੀ ਇਹ ਗਲ ਕਿਸੇ ਹਦ ਤੀਕ ਠੀਕ ਸੀ। ਉਹ ਮੈਨੂੰ ਆਪਣੇ ਆਪ ਵਾਂਗ ਕੰਮ ਵਿਚ ਰੁਝਿਆ ਹੋਇਆ ਵੇਖਣਾ ਚਾਹੁੰਦਾ ਸੀ। ਪਰ ਉਦੋਂ ਮੈਂ ਖ਼ਾਹਮਖ਼ਾਹ ਉਹਦੇ ਨਾਲ ਉਲਝਦਾ ਸਾਂ, ਕੰਮ ਕਰਨ ਤੋਂ ਕਤਰਾਂਦਾ ਸਾਂ। ਮੈਂ ਨਹੀਂ ਸੀ ਚਾਹੁੰਦਾ ਉਸ ਵਾਂਗ ਭਠ ਝੋਕਣਾ। ਮੈਂ ਨਹੀਂ ਸਾਂ ਚਾਹੁੰਦਾ ਕੋਹਲੂ ਦੇ ਬਲਦ ਵਾਂਗ ਆਪਣੀ ਸਾਰੀ ਦੀ ਸਾਰੀ ਜ਼ਿੰਦਗੀ ਇਕੋ ਚਕਰ ਵਿਚ ਹਵਾ ਛਡਣੀ। ਮੈਂ ਉਸ ਕੋਲੋਂ ਕਰੜਾਈ ਦੀ ਥਾਂ ਪਿਆਰ ਦੀ ਆਸ ਕਰਦਾ ਸਾਂ। ਤੇ ਆਖ਼ਰ ਇਕ ਦਿਨ ਮੈਂ ਉਸ ਨੂੰ ਆਖ ਹੀ ਛਡਿਆ, "ਬਾਪੂ ਮੈਂ ਨਹੀਂ ਚਾਹੁੰਦਾ ਤੇਰੇ ਵਾਂਗ ਸਾਰੀ ਉਮਰ ਏਸੇ ਤਰ੍ਹਾਂ ਭਠ ਝੋਕਣਾ। ਮੈਂ ਆਪਣੀ ਕਿਸਮਤ ਆਪ ਬਣਾਵਾਂਗਾ।" ਅਸਲ ਵਿਚ ਇਹ ਬੋਲ ਮੇਰੇ ਆਪਣੇ ਨਹੀਂ ਸਨ, ਇਹ ਗੱਲਾਂ ਮੈਂ ਉਨ੍ਹਾਂ ਜਵਾਨਾਂ ਪਾਸੋਂ ਸੁਣੀਆਂ ਸਨ ਜੋ ਸਾਡੇ ਪਿੰਡ ਵਿਚ ਚਿਟੇ ਖੱਦਰ ਦੇ ਕੱਪੜੇ ਪਾ ਕੇ ਆਏ ਹੋਏ ਸਨ। ਨੌਜਵਾਨਾਂ ਦਾ ਇਹ ਟੋਲਾ ਸਾਡੇ ਪਿੰਡ ਵਿਚ ਲੋਕ ਸੇਵਾ ਦਾ ਕੰਮ ਕਰਨ ਆਇਆ ਸੀ। ਉਹ ਕਿੰਨੇ ਖੁਸ਼ ਦਿਸਦੇ ਸਨ। ਉਨ੍ਹਾਂ ਦੇ ਮੱਥਿਆਂ ਤੇ ਕਦੇ ਕਿਸੇ ਤੀਉੜੀ ਨਹੀਂ ਸੀ ਦੇਖੀ। ਉਨਾਂ ਦੇ ਚੇਹਰਿਆਂ ਤੇ ਸਦਾ ਇਕ ਪਿਆਰੀ ਜਹੀ ਮਾਸੂਮ ਮੁਸਕਾਨ ਹੁੰਦੀ ਸੀ ਤੋ ਦਿਲ ਵਿਚ ਕੋਈ ਅਥਾਹ ਲਗਨ। ਉਹ ਕਿਸਾਨਾਂ ਨੂੰ ਧਰਤੀ ਦੇ ਬੇਟੇ ਨੂੰ ਆਖਦੇ ਸਨ ਤੇ ਕਿਸੇ ਅਣਡਿਠੀ ਦੁਨੀਆਂ ਦੀਆਂ ਨਵੀਆਂ ਤੇ ਅਜੀਬ ਅਜੀਬ ਗੱਲਾਂ ਦਸਦੇ ਸਨ। ਮੈਨੂੰ ਤਾਂ ਉਹ ਸਵਰਗ ਪੁਰੀ ਤੋਂ ਆਏ ਹੋਏ ਦੇਵਤਿਆਂ ਤੋਂ ਘਟ ਨਹੀਂ ਸਨ ਜਾਪਦੇ। ਕਿੰਨੀਆਂ ਅਜੀਬ ਸਨ ਉਨ੍ਹਾਂ ਦੀਆਂ ਗੱਲਾਂ-- ਤੇ ਅਜ ਮੇਰੇ ਪਿਤਾ ਨੂੰ ਮੇਰੀਆਂ ਗਲਾਂ ਅਜੀਬ ਲਗ ਰਹੀਆਂ ਸਨ। ਉਹ ਮੇਰੇ ਨਾਲ ਨਰਾਜ਼ ਹੋ ਗਿਆ ਸੀ। ਮੇਰੇ ਲਖ ਸਮਝਾਣ ਤੇ ਵੀ ਉਹ ਨਾ ਮੰਨਿਆਂ। ਫਿਰ ਉਸ ਨੇ ਮੈਨੂੰ ਸੰਸਾਰ ਵਿਚ ਕਲਿਆਂ ਛਡ ਜਾਣ ਦਾ ਡਰਾਵਾ ਦਸਿਆ। ਤੇ ਉਸ ਦਿਨ ਤੋਂ ਮੈਂ ਬਦਲ ਗਿਆ। ਮੈਂ ਆਪਣੇ ਪਿਤਾ ਦੇ ਸਾਰੇ ਕੰਮਾਂ ਵਿਚ ਦਿਲਚਸਪੀ ਲੈਣ ਲਗ ਪਿਆ। ਮੈਂ ਦਿਨ ਭਰ ਉਸ ਦਾ ਭਠ ਝੋਂਕਦਾ ਰਿਹਾ। ਉਸ ਲਈ ਲੋਹਾ ਕੁਟਦਾ ਰਿਹਾ ਤੇ ਵਦਾਨ ਚਲਾਂਦਾ ਰਿਹਾ। ਪਰ ਅਜ ਜਦ ਕਿ ਆਖ਼ਰੀ ਵਾਰ ਮੇਰੇ ਪਿਤਾ ਨੇ ਹਿਚਕਾਂਦਿਆਂ ਹੋਇਆਂ ਦੰਮ ਤੋੜਿਆ ਤਾਂ ਮੈਨੂੰ ਇਸ ਤਰ੍ਹਾਂ ਭਾਸਿਆ ਜਿਵੇਂ ਉਸ ਦੀਆਂ ਅੱਖਾਂ ਵਿਚ ਕੋਈ ਹਸਰਤ ਬਾਕੀ ਸੀ। ਜਿਵੇਂ ਉਸ ਦੇ ਦਿਲ ਵਿਚ ਕੋਈ ਸਖਣਾਪਨ ਸੀ। ਆਪਣੇ ਪਿਤਾ ਦੀਆਂ ਅੱਖਾਂ ਵਿੱਚ ਆਖ਼ਰੀ ਵਾਰੀ ਹੁੰਝੂੰ ਵੇਖ ਕੇ ਮੈਨੂੰ ਦੁੱਖ ਹੋਇਆ, ਸ਼ਾਇਦ ਉਹ ਸੋਚ ਰਿਹਾ ਸੀ--"ਮੈਂ' ਆਪਣੇ ਬਚੇ ਦੀ ਜ਼ਿੰਦਗੀ ਤਬਾਹ ਕਰ ਦਿਤੀ ਹੈ। ਕਾਸ਼। ਮੈਂ ਉਸ ਨੂੰ ਇਹ ਕੰਮ ਨਾ ਸਿਖਾਂਦਾ।"

ਮੇਰੇ ਪਿਤਾ ਨੇ ਪਿੰਡ ਵਿਚ ਆਏ ਇਕ ਪਰਾਹੁਣੇ ਗਭਰੂ ਨੂੰ ਵੇਖਿਆ ਜੋ ਕੁਝ ਪੜਿਆ ਲਿਖਿਆ ਸੀ ਤੇ ਆਮ ਪੇਂਡ ਜਵਾਨਾਂ ਨਾਲੋਂ ਵੱਖਰਾ ਸੀ, ਅਤੇ ਉਸ ਦੇ ਦਿਲ ਵਿਚ ਇਕ ਨਵੀਂ ਰੀਝ ਉਠ ਖੜੀ ਹੋਈ। ਜੋ ਕਿਤੇ ਮੇਰਾ ਮੁੰਡਾ ਵੀ ਇਸ ਨੌਜਵਾਨ ਵਾਂਗ ਬਣ ਸਕਦਾ। ਉਹ ਤਾਂ ਅਸਲ ਵਿਚ ਇਸੇ ਵਾਂਗ ਹੀ ਬਣਨਾ ਚਾਹੁੰਦਾ ਸੀ। ਪਰ ਮੈਂ ਹੀ ਉਸ ਦੇ ਰਸਤੇ ਵਿਚ ਰੋੜਾ ਅਟਕਾਇਆ। ਕਾਸ਼! ਮੈਂ ਇਸ ਤਰ੍ਹਾਂ ਨਾ ਕਰਦਾ-ਤੇ ਅਜ ਮੈਂ ਵੇਖ ਰਿਹਾ ਸਾਂ ਮੇਰਾ ਪਿਤਾ ਮੇਰੇ ਸਾਹਮਣੇ ਦਮ ਤੋੜ ਰਿਹਾ ਸੀ। ਉਹ ਆਖਰੀ ਹਿਚਕੀਆਂ ਲੈ ਰਿਹਾ ਸੀ ਤੇ ਉਸਦੀਆਂ ਅਖਾਂ ਵਿਚ ਅੱਥਰੂ ਸਨ, ਉਸ ਦੀ ਤਕਣੀ ਵਿਚ ਇਕ ਪਛਤਾਵਾ ਸੀ। ਮੈਂ ਆਪਣੇ ਪਿਤਾ ਦੀ ਇਹ ਹਾਲਤ ਨਾ ਵੇਖ ਸਕਿਆ। ਮੈਂ ਮੁੰਹ ਦੂਜੇ ਪਾਸੇ ਕਰ ਲਿਆ, ਹੌਲੀ ਜਹੀ ਅਪਣੇ ਅਥਰੂ ਪੂੰਝੇ। ਦੂਰ ਪੱਛਮ ਵਿਚ ਸੂਰਜ ਡੁਬ ਰਿਹਾ ਸੀ। ਕਿਸੇ ਦੂਰ ਦੇਸ਼ ਤੋਂ ਆਂ ਰਹੀਆਂ ਸੂਰਜ ਦੀਆਂ ਇਹ ਲਾਲ ਸੁਨਹਿਰੀ ਕਿਰਨਾਂ,ਪਲ ਦਾ ਪਲ ਮੈਨੂੰ ਚੰਗੀਆਂ ਲਗੀਆਂ। "ਡੁਬਦਾ ਹੋਇਆ ਸੂਰਜ ਨਾ ਵੇਖਿਆ ਕਰ" ਮੇਰੇ ਪਤੀ ਦੇ ਸਦੀਵੀ ਸ਼ਬਦ ਮੇਰੇ ਕੰਨਾਂ ਵਿਚ ਗੁੰਜੇ। ਦੋ ਜ਼ਿੰਦਗੀਆਂ ਦੋ ਸਰਜ-ਮੈਂ ਸੋਚ ਰਿਹਾ ਸਾਂ। ਜ਼ਿੰਦਗੀ ਨਾਂ ਹੈ ਲਗਨ ਦਾ। ਜਿਤਨਾ ਚਿਰ ਇਨਸਾਨ ਦੇ ਵਿਚ ਲਗਨ ਹੈ ਉਹ ਜੀਉਂਦਾ ਹੈ। ਜਦੋਂ ਲਗਨ ਮੁਕ ਜਾਂਦੀ ਹੈ ਉਹ ਮਰ ਜਾਂਦਾ ਹੈ।

ਅਜ ਮੇਰਾ ਪਿਤਾ ਇਸ ਸੰਸਾਰ ਵਿਚ ਨਹੀਂ, ਪਰ ਮੈਂ ਸੋਚਦਾ ਹਾਂ ਉਸ ਦੀਆਂ ਅਖਾਂ ਦੀ ਆਖਰੀ ਹਸਰਤ ਅੱਜ ਵੀ ਮੇਰੇ ਦਿਲ ਵਿਚ ਜੀਉਂਦੀ ਹੈ। ਉਹ ਉਂਵ ਦਾ ਉੱਵ ਮੇਰੇ ਸਾਹਮਣੇ ਆ ਦੰਮ ਤੋੜ ਰਿਹਾ ਹੈ ਤੇ ਹਿਚਕੀਆਂ ਲੈ ਰਿਹਾ ਹੈ। ਉਹ ਸ਼ਾਂਤੀ ਨਾਲ ਮਰਨਾ ਚਾਹੁੰਦਾ ਹੈ ਤੇ ਉਸ ਦੀਆਂ ਅੱਖਾਂ ਵਿਚਲੀ ਤਰਸਯੋਗ ਤਕਣੀ ਘੜੀ ਮੁੜੀ ਮੈਨੂੰ ਹਲੂਣ ਰਹੀ ਹੈ। ਆਪਣੇ ਪਿਤਾ ਨੂੰ ਸ਼ਾਂਤੀ ਨਾਲ ਮਰਦਿਆਂ ਵੇਖਣ ਦੀ ਹਸਰਤ ਮੇਰੇ ਆਪਣੇ ਦਿਲ ਵਿਚ ਹੈ, ਤੇ ਮੈਂ ਸੋਚਦਾ ਹਾਂ ਜਦ ਤੀਕ ਇਹ ਹਸਰਤ ਮੇਰੇ ਆਪਣੇ ਦਿਲ ਵਿਚ ਹੈ, ਮੇਰਾ ਪਤਾ ਸ਼ਾਂਤੀ ਨਾਲ ਨਹੀਂ ਮਰ ਸਕੇਗਾ। ਮੈਂ ਉਸ ਦੇ ਬੰਧਨਾ ਦੀ ਜ਼ੰਜੀਰ ਨੂੰ ਕਟਣਾ ਹੈ। ਤੇ ਮੈਂ ਸੋਚਦਾ ਹਾਂ ਇਸ ਲਈ ਮੈਂ ਉਸ ਦਾ ਇਹ ਭੱਠ ਹਮੇਸ਼ਾ ਲਈ ਝੋਕਦਾ ਰਵਾਂਗਾ। ਇਹ ਅਹਿਰਣ ਮੈਂ ਸਦਾ ਹੀ ਵਰਤਦਾ ਰਵਾਂਗਾ ਜਦ ਤੀਕ ਮੈਦੇ ਵਿਚ ਦੰਮ ਹੈ। ਜਦ ਤੀਕ ਮੇਰੀਆਂ ਬਾਹਵਾਂ ਵਿਚ ਸਤਿਆ ਹੈ। ਜਦ ਤੀਕ ਮੇਰੇ ਪਿਤਾ ਦੀਆਂ ਸਿਸਕਦੀਆਂ ਹੋਈਆਂ ਸੇਜਲ ਅੱਖੀਆਂ ਮੇਰੇ ਸਾਹਮਣੇ ਸ਼ਾਂਤੀ ਨਾਲ ਮਿਚ ਨਹੀਂ ਜਾਂਦੀਆਂ ਤੇ ਜਦ ਤੀਕ ਜੀਉਂਦੇ ਨੇ ਮੇਰੇ ਮਦਦਗਾਰ-ਇਹ ਅਹਿਰਣ, ਇਹ ਭਠੀ ਤੇ ਇਹ ਹਥੌੜਾ। ਇਸ ਅਹਿਰਣ ਤੇ ਹਥੋੜੇ ਦੇ ਸਦਕੇ, ਮੈਂ ਅਜ ਤੀਕ ਕਈ ਅਹਿਰਣ ਤੇ ਹਥੌੜੇ ਘੜ ਚੁੱਕਾ ਹਾਂ। ਮੈਂ ਅਜ ਜਾਣ ਲਿਆ ਹੈ, ਲੋਹਾ ਲੋਹੇ ਦਾ ਜਨਮਦਾਤਾ ਹੈ। ਲੋਹਾ ਲੋਹੇ ਨੂੰ ਘੜਦਾ ਤੇ ਜਨਮ ਦਿੰਦਾ ਹੈ। ਇੰਨ ਬਿੰਨ ਉਸੇ ਤਰ੍ਹਾਂ ਜਿਵੇਂ ਇਕ ਦੀਪਕ ਦੂਸਰੇ ਦੀਪਕ ਨੂੰ ਜੋਤੀ ਦੇਂਦਾ ਹੈ। ਜਿਵੇਂ ਪਿਤਾ ਦਾ ਰਾਜ਼ ਆਪ ਮੁਹਾਰੇ ਹੀ ਪੁਤਰ ਦੇ ਸੀਨੇ ਵਿਚ ਜਜ਼ਬ ਹੋ ਜਾਂਦਾ ਹੈ, ਅਗਲੀਆਂ ਨਸਲਾਂ ਲਈ। ਤੇ ਮੈਂ ਸੋਚਦਾ ਹਾਂ ਸ਼ਾਇਦ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਰਾਜ਼ ਹੈ।

ਦੂਰ ਸੂਰਜ ਡੁਬ ਚੁਕਾ ਹੈ, ਆਕਾਸ਼ ਤੇ ਤਾਰੋ ਨਿਕਲੇ ਹੋਏ ਹਨ। ਤਾਰੇ। ਮੈਨੂੰ ਚੇਤਾ ਆ ਗਿਆ ਹੈ, ਮੇਰਾ ਪਤਾ ਕਿਹਾ ਕਰਦਾ ਸੀ, ਮਰ ਕੇ ਲੋਕੀ ਆਸਮਾਨ ਤੇ ਤਾਰੇ ਬਣ ਜਾਂਦੇ ਹਨ। ਸ਼ਾਇਦ ਉਹ ਵੀ ਕੋਈ ਤਾਰਾ ਬਣ ਗਿਆ ਹੋਵੇ। ਮੋਰੀ ਭਠੀ ਦੀਆਂ ਚਿੰਗਾਰੀਆਂ ਸਰਦ ਪੈ ਰਹੀਆਂ ਹਨ। ਉਨ੍ਹਾਂ ਦੇ ਵਿਚਲੀ ਰਾਖ ਬਾਹਰ ਆ ਗਈ ਹੈ। ਕਦੀ ਇਹ ਰਾਖ ਉਨ੍ਹਾਂ ਦੇ ਅੰਦਰ ਸੀ। ਉਹਨਾਂ ਨੇ ਇਸ ਰਾਖ ਨੂੰ ਆਪਣੀ ਜ਼ਿੰਦਗੀ ਵਿਚ ਸਮੋਇਆ ਹੋਇਆ ਸੀ। ਅਜ ਇਹ ਬਾਹਰ ਆ ਗਈ ਹੈ ਤੇ ਇਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਆਪਣੇ ਆਪ ਵਿਚ ਸਮੋ ਲਿਆ ਹੈ। ਕਿਤਨਾ ਅਜੀਬ ਸੰਘਠਨ ਹੈ ਜ਼ਿੰਦਗੀ ਅਤੇ ਮੌਤ ਦਾ, ਚਾਨਣ ਅਤੇ ਅਨ੍ਹੇਰੇ ਦਾ। ਸੁੰਝ-ਮਸੁੰਝੇ ਅਕਾਸ਼ ਦੀ ਸਿਆਹੀ ਵਿਚ ਟਾਂਕੇ ਹੋਏ ਤਾਰੇ ਇਤਨੇ ਸੋਹਣੇ ਨਾ ਲਗਦੇ ਜੇ ਅਕਾਸ਼ ਆਪ ਇਤਨਾਂ ਨੂੰ ਸੁੰਝਾ ਤੇ ਵੀਰਾਨ ਨਾ ਹੁੰਦਾ। ਸੁੰਨਸਾਨ ਅਕਾਸ਼ਾਂ ਦੀ ਕਾਲਖ, ਮੌਤ ਹੈ, ਤੇ ਤਾਰਿਆਂ ਦਾ ਸੁਹੱਪਣ, ਜ਼ਿੰਦਗੀ। ਮੌਤ ਤੇ ਜ਼ਿੰਦਗੀ। ਜ਼ਿੰਦਗੀ ਤੇ ਮੌਤ। ਜੇ ਮੌਤ ਵਰਦਾਨ ਹੈ ਤਾਂ ਜ਼ਿੰਦਗੀ ਜ਼ਰੂਰ ਸਰਾਪ ਹੈ। ਵਰ ਤੇ ਸਰਾਪ। ਜ਼ਿੰਦਗੀ ਤੇ ਮੌਤ। ਮੌਤ ਕੋਈ ਅਨਜਾਣੀ ਸ਼ੈ ਨਹੀਂ, ਇਹ ਜ਼ਿੰਦਗੀ ਵਿਚ ਹੀ ਹੁੰਦੀ ਹੈ, ਘੁਲੀ ਮਿਲੀ ਹੋਈ। ਉਹ ਵੇਖੋ, ਮੇਰੇ ਘਰ ਦੇ ਸਾਹਮਣੇ ਪਿਪਲ ਤੇ ਅਜ ਮੁਰਦੇਹਾਣੀ ਛਾਈ ਹੋਈ ਹੈ। ਇਕ ਜ਼ਮਾਨਾ ਸੀ ਜਦੋਂ ਇਹ ਹਰਿਆਵਲਾ ਸੀ, ਇਸ ਦੇ ਪਤੇ ਹਰੇ ਸਨ, ਇਸ ਦੀਆਂ ਕਰੂੰਬਲਾਂ ਹਰੀਆਂ ਸਨ, ਇਸ ਤੇ ਇਕ ਸੁਹੱਪਣ ਸੀ। ਇਸ ਵਿਚ ਇਕ ਜ਼ਿੰਦਗੀ ਸੀ, ਤੇ ਉਦੋਂ, ਮੈਨੂੰ ਯਾਦ ਹੈ, ਲੋਕੀ ਇਸ ਨੂੰ ਪੂਜਦੇ ਸਨ। ਇਸਨੂੰ ਸੰਧੂਰ ਦੇ ਤਿਲਕ ਲਗਾਂਦੇ ਸਨ। ਪਾਣੀ ਦੇਂਦੇ ਸਨ ਤੇ ਪ੍ਰਨਾਮ ਕਰਦੇ ਸਨ। ਉਦੋਂ ਪਿਪਲ ਦੇਵਤਾ, ਇਕ ਵਰਦਾਨ ਦਾਤਾ ਸੀ। ਪਰ ਅਜ ਇਹ ਇਕ ਸਰਾਪੇ ਹੋਏ ਬੁਤ ਵਾਂਗ ਟੁੰਡ ਮੁੰਡ ਢਾਂਚਾ ਹੈ। ਇਸ ਵਿਚ ਕਬਰਸਤਾਨ ਦੀ ਉਜਾੜ ਹੈ। ਇਕ ਬੇਜਾਨ ਲਾਸ਼ ਵਾਂਗ ਇਹ ਸੁੱਨਾ ਅਤੇ ਬੇਰੌਣਕ ਹੈ। ਇਸ ਨੂੰ ਕੋਈ ਨਹੀਂ ਪੂਜਦਾ, ਕੁੜੀਆਂ ਇਸ ਤੇ ਪੀਂਘਾਂ ਨਹੀਂ ਪਾਂਦੀਆਂ। ਮੈਂ ਸੋਚਦਾ ਹਾਂ ਕਿਸੇ ਦਿਨ ਮੈਂ ਇਸ ਨੂੰ ਢਾਹ ਸੁਟਾਂਗਾ। ਟੁਕੜੇ ਟੁਕੜੇ ਕਰ ਕੇ ਇਸ ਦਾ ਬਾਲਣ ਬਣਾਵਾਂਗਾ ਤੇ ਮੇਰੀ ਭੱਠੀ ਨਾਲ ਮਿਲ ਕੇ ਪੁਰਾਣਾ ਪਿਪਲ ਇਕ ਵਾਰ ਮੁੜ ਮੱਚ ਉਠੇਗਾ। ਉਹੋ ਹੀ ਪੁਰਾਣੀ ਜ਼ਿੰਦਗੀ ਇਸ ਵਿਚ ਫੇਰ ਜਾਗ ਪਵੇਗੀ, ਇਸ ਦੇ ਲੂੰ ਲੂੰ ਵਿਚ ਜੋਬਨ ਭੱਖ ਉਠੇਗਾ ਜਿਸ ਤਰ੍ਹਾਂ ਸੂਰਜ ਇੱਕ ਵਾਰ ਅਸਤ ਹੋ ਕੇ ਫੇਰ ਉਭਰਦਾ ਹੈ। ਮੈਂ ਸੋਚਦਾ ਹਾਂ ਸ਼ਾਇਦ ਇਹੋ ਹੀ ਹੈ ਜ਼ਿੰਦਗੀ ਦਾ ਉਹ ਭੇਦ ਜਿਸ ਨੂੰ ਮੇਰਾ ਪਿਤਾ ਨਹੀਂ ਸੀ ਲਭ ਸਕਿਆ ਤੇ ਮੈਂ ਲਭ ਲਿਆ ਹੈ। ਸ਼ਾਇਦ ਮੈਂ ਆਪਣੇ ਪਿਤਾ ਵਾਂਗ ਮਰ ਕੇ ਆਕਾਸ਼ਾਂ ਤੋਂ ਕੋਈ ਸਿਤਾਰਾ ਬਣ ਸਕਾਂਗਾ ਯਾ ਨਹੀਂ। ਪਰ ਮੈਂ ਇਤਨਾ ਜ਼ਰੂਰ ਜਾਣਦਾ ਹਾਂ ਕਿ ਮਰਨ ਲਗਿਆਂ ਮੇਰੀਆਂ ਅੱਖੀਆਂ ਮੇਰੇ ਪਿਤਾ ਵਾਂਗ ਸੇਜਲ ਨਹੀਂ ਹੋਣਗੀਆਂ, ਕਿਉਂਕਿ ਮੈਂ ਡੁਬਦੇ ਹੋਏ ਸੂਰਜ ਦੀਆਂ ਦੰਮ ਤੋੜਦੀਆਂ ਤੇ ਸਿਸਕਦੀਆਂ ਕਿਰਨਾਂ ਵਿਚ ਨਵ-ਪ੍ਰਭਾਤ ਦੀ ਤੀਬਰ ਲੋਅ ਪਛਾਣ ਸਕਦਾ ਹਾਂ, ਲਾਲ ਸੁਨਹਿਰੀ ਰੋਸ਼ਨੀ ਜਿਸ ਵਿਚ ਨੂਰ ਹੁੰਦਾ ਹੈ ਸਾਰੇ ਸੰਸਾਰ ਨੂੰ ਚਾਨਣ ਦੇਣ ਵਾਲਾ, ਤੇ ਨਿੱਘ, ਮੇਰੀ ਭੱਠੀ ਦੀਆਂ ਤਪਦੀਆਂ ਹੋਈਆਂ ਸ਼ੋਖ਼ ਅੰਗਾਰੀਆਂ ਵਾਂਗ ......।

  • ਮੁੱਖ ਪੰਨਾ : ਕਹਾਣੀਆਂ, ਲੋਚਨ ਸਿੰਘ ਬਖਸ਼ੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ