Vichkarli Bhain-Manjhali Didi (Bangla Novel in Punjabi) : Sharat Chandra Chattopadhyay
ਵਿਚਕਾਰਲੀ ਭੈਣ-ਮੰਝਲੀ ਦੀਦੀ (ਬੰਗਾਲੀ ਨਾਵਲ) : ਸ਼ਰਤ ਚੰਦਰ ਚੱਟੋਪਾਧਿਆਏ
੧.
ਕਿਸ਼ਨ ਦੀ ਮਾਂ, ਛੋਲੇ ਕਚਾਲੂ ਵੇਚ ਵੇਚ ਕੇ, ਬੜੀ ਔਖਿਆਈ ਨਾਲ ਪਾਲ ਕੇ, ਉਹਨੂੰ ਚੌਦਾਂ ਸਾਲਾਂ ਦਾ ਕਰਕੇ ਮਰ ਗਈ। ਕਿਸ਼ਨ ਦਾ ਸਾਰੇ ਪਿੰਡ ਵਿਚ ਕੋਈ ਆਸਰਾ ਨਹੀਂ ਸੀ। ਇਸ ਦੀ ਮਤੇਈ ਭੈਣ, ਕਾਦੰਬਨੀ ਦੀ ਹਾਲਤ ਕੁਝ ਚੰਗੀ ਸੀ, ਲੋਕਾਂ ਆਖਿਆ,"ਜਾਹ ਕਿਸ਼ਨ ਨੂੰ ਆਪਣੀ ਭੈਣ ਦੇ ਘਰ ਜਾ ਰਹੋ।" ਉਹ ਖਾਂਦੇ ਪੀਂਦੇ ਆਦਮੀ ਹਨ, ਦਿਨ ਚੰਗੇ ਲੰਘ ਜਾਣਗੇ।
ਮਾਤਾ ਦੇ ਵਿਯੋਗ ਵਿਚ ਕਿਸ਼ਨ ਐਨਾ ਰੋਇਆ ਕਿ ਉਸ ਨੂੰ ਰੋਂਦਿਆਂ ਰੋਂਦਿਆਂ ਕਸ ਚੜ੍ਹ ਗਈ। ਜਦੋਂ ਰਾਜ਼ੀ ਹੋਇਆ ਤਾਂ ਉਸ ਨੇ ਭਿਖਿਆ ਮੰਗ ਕੇ ਸਰਾਧ ਕੀਤਾ। ਇਸ ਤੋਂ ਪਿਛੋਂ ਉਹ ਆਪਣੇ ਮੁੰਨੇ ਹੋਏ ਸਿਰ ਤੇ ਪੋਟਲੀ ਰੱਖ ਕੇ ਆਪਣੀ ਭੈਣ ਦੇ ਘਰ, ਰਾਜ ਘਾਟ ਜਾ ਪੁੱਜਾ। ਭੈਣ ਉਹਨੂੰ ਸਿਆਣਦੀ ਸੀ। ਉਹ ਇਹਦੀ ਜਾਣ ਪਛਾਣ ਕਰਕੇ ਤੇ ਆਉਣ ਦਾ ਸਬੱਬ ਸੁਣ ਕੇ ਅੱਗ ਬਘੋਲਾ ਹੋ ਉਠੀ। ਉਹ ਰਾਜੇ ਨਾਲ ਆਪਣੇ ਬਾਲ ਬਚਿਆਂ ਦਾ ਗੁਜ਼ਾਰਾ ਲਈ ਜਾਂਦੀ ਸੀ, ਇਹ ਬਿੱਜ ਕਿਧਰੋਂ ਪੈ ਗਈ?
ਪਿੰਡ ਦਾ ਜਿਹੜਾ ਬੁੱਢਾ ਕਿਸ਼ਨ ਨੂੰ ਘਰ ਲੈਕੇ ਆਇਆ ਸੀ, ਉਸ ਨੂੰ ਪੰਜ ਸਤ ਖਰੀਆਂ ਖਰੀਆਂ ਸੁਣਾਉਣ ਤੋਂ ਪਿਛੋਂ 'ਕਾਦੰਬਨੀ' ਏਦਾਂ, ਕਹਿਣ ਲੱਗੀ, “ਵਾਹਵਾ! ਚੰਗਾ ਮੇਰੇ ਸਕੇ ਸੋਧਰੇ ਨੂੰ ਆਟਾ ਮੁਕਾਉਣ ਲਈ ਲਿਆਏ ਹੋ?" ਫੇਰ ਆਪਣੀ ਮਤੇਈ ਮਾਂ ਨੂੰ ਫੁਲ ਝੜਾਉਂਦੀ ਹੋਈ ਬੋਲੀ,"ਕਮਜ਼ਾਤ ਕਿਸੇ ਥਾਂ ਦੀ, ਜਦ ਤਕ ਜੀਊਂਦੀ ਰਹੀ ਕੱਦੇ ਖਾਲੀ ਹੱਥੀਂ ਵੀ ਆ ਕੇ ਪਤਾ ਨਹੀਂ ਲਿਆ, ਹੁਣ ਮਰ ਗਈ ਹੈ, ਤਾਂ ਪੁੱਤ ਨੂੰ ਭੇਜ ਦਿਤਾ ਸੋ, ਸਾਡਾ ਮਾਸ ਹੀ ਮੋਟਾ ਵੇਖ ਲਿਆ ਹੋਣਾ ਏਂ? ਜਾ! ਬਾਬਾ ਏਸ ਪਰਾਏ ਪੁੱਤ ਨੂੰ ਏਥੋਂ ਮੋੜ ਕੇ ਲੈ ਜਾਹ ਮੈਂ ਇਹ ਕਜੀਆ ਨਹੀਂ ਪਾਉਣਾ ਚਾਹੁੰਦੀ।"
ਬੁੱਢਾ ਜ਼ਾਤ ਦਾ ਨਾਈ ਸੀ ਤੇ ਕਿਸ਼ਨ ਦੀ ਮਾਂ ਤੇ ਉਹਦੀ ਕਾਫੀ ਸ਼ਰਧਾ ਸੀ। ਉਹ ਇਹਨੂੰ ਮਾਂ ਆਖ ਕੇ ਹੀ ਬੁਲਾਇਆ ਕਰਦਾ ਸੀ। ਇਸ ਕਰਕੇ ਐਨੀਆਂ ਗੱਲਾਂ ਸੁਣ ਕੇ ਵੀ, ਉਹਨੇ ਖਹਿੜਾ ਨਹੀਂ ਛੱਡਿਆ। ਉਹਨੇ ਮਿਨਤਜਹੀ ਕਰਕੇ ਆਖਿਆ,"ਮਾਂ ਤੇਰੇ ਘਰ ਕੀ ਪਰਵਾਹ ਹੈ। ਲਛਮੀ ਅੰਦਰ ਬਾਹਰ ਉੱਛਲ ਦੀ ਫਿਰਦੀ ਹੈ। ਬੇ ਹਿਸਾਬ, ਨੌਕਰ, ਟਹਿਲਣਾਂ ਮੰਗਤੇ ਤੇ ਹੋਰ ਕੁੱਤੇ ਬਿਲੇ ਖਾਂਦੇ ਫਿਰਦੇ ਹਨ। ਜੇ ਇਹ ਲੜਕਾ ਦੋ ਰੋਟੀਆਂ ਖਾ ਲਏਗਾ ਤੇ ਬਾਹਰ ਬਰਾਂਡੇ ਵਿਚ ਸੌਂ ਰਹੇਗਾ ਤੇ ਤੈਨੂੰ ਕੀ ਭਾਰ ਲੱਗਣ ਲੱਗਾ ਹੈ?"
ਬੜਾ ਸਮਝਦਾਰ ਹੈ। ਜੇ ਭਰਾ ਸਮਝਕੇ ਨਹੀਂ ਤਾਂ ਇਕ ਬ੍ਰਾਹਮਣ ਦਾ ਬੇ ਆਸਰਾ ਬੱਚਾ ਹੀ ਸਮਝਕੇ ਘਰ ਦੇ ਕਿਸੇ ਖੂੰਜੇ ਖਰਲੇ ਵਿੱਚ ਰਹਿਣ ਲਈ ਥਾਂ ਦੇ ਦਿਉ।
ਇਹੇ ਜਹੀਂ ਉਸਤਤੀ ਸਣਕੇ ਤਾਂ ਪੁਲਸ ਦਾ ਥਾਣੇਦਾਰ ਬੀ ਨਰਮ ਹੋ ਜਾਂਦਾ, ਕਾਦੰਬਨੀ ਤਾਂ ਇਕ ਇਸਤ੍ਰੀ ਸੀ। ਇਸ ਕਰ ਕੇ ਉਹ ਚੁੱਪ ਕਰ ਗਈ। ਬੁਢੇ ਨੇ ਕਿਸ਼ਨ ਨੂੰ ਉਹਲੇ ਲਿਜਾਕੇ ਉਹਦੇ ਕੰਨ ਵਿਚ ਘੁਸਰ ੨ ਕੀਤਾ ਜਿਸਨੂੰ ਸਮਝ ਕੇ ਉਹ ਅੱਖਾਂ ਪੂੰਝਦਾ ਹੋਇਆ ਬਾਹਰ ਨੂੰ ਤੁਰ ਗਿਆ ਕਿਸ਼ਨ ਨੂੰ ਆਸਰਾ ਮਿਲ ਗਿਆ।
ਕਾਦੰਬਨੀ ਦਾ ਪਤੀ ਨਵੀਨ ਚੰਦ ਚੌਲਾਂ ਦਾ ਆੜਤੀ ਸੀ। ਜਦੋਂ ਉਹ ਦੁਪਹਿਰ ਨੂੰ ਘਰ ਆਏ ਤਾਂ ਉਹਨਾਂ ਕਿਸ਼ਨ ਵੱਲ ਟੇਢੀਆਂ ਅੱਖਾਂ ਨਾਲ ਵੇਖਕੇ ਆਖਿਆ, 'ਇਹ ਕੌਣ ਹੈ?'।
ਕਾਦੰਬਨੀ ਨੇ ਮੂੰਹ ਮੋਮ ਜਿਹਾ ਕਰਕੇ ਆਖਿਆ, ‘ਤੁਹਾਡੇ ਸਕੇ ਸਾਲੇ ਹਨ'। ਇਹਨਾਂ ਨੂੰ ਖੁਆਓ, ਪਿਲਾਓ, ਵੱਡੇ ਕਰੋ ਤੁਹਾਡਾ ਪਰਲੋਕ ਸੌਰ ਜਾਇਗਾ।'
ਨਵੀਨ ਆਪਣੀ ਮਤੇਈ ਸੱਸ ਦਾ ਮਰਨਾ ਸੁਣ ਹੀ ਚੁਕੇ ਸਨ। ਸਾਰੀਆਂ ਗੱਲਾਂ ਸਮਝਕੇ ਕਹਿਣ ਲੱਗੇ, 'ਠੀਕ ਹੈ, ਬੜਾ ਸੁਹਣਾ ਸਡੌਲ ਸਰੀਰ ਹੈ।’
ਘਰ ਵਾਲੀ ਨੇ ਆਖਿਆ, 'ਸਰੀਰ ਸਡੌਲ ਕਿਉ ਨ ਹੋਵੇ, ਪਿਤਾ ਜੋ ਕੁਝ ਖਟ ਕਮਾ ਗਏ ਸਨ ਕਾਲੇ ਮੂੰਹ ਵਾਲੀ ਨੇ ਸਭ ਕੁਝ ਇਹਦੇ ਢਿੱਡ ਵਿੱਚ ਪਾ ਛੱਡਿਆ ਹੈ। ਮੈਨੂੰ ਤਾਂ ਕਦੇ ਕੱਚੀ ਕੌਡੀ ਵੀ ਨਹੀਂ ਸੀ ਦਿਤੀ।
ਸ਼ਾਇਦ ਇਹ ਗਲ ਦੱਸਣੀ ਜ਼ਰੂਰੀ ਨਾ ਹੋਵੇਗੀ ਕਿ ਉਹਦੇ ਪਿਤਾ ਦਾ ਧਨ ਦੌਲਤ, ਇਕ ਮਿੱਟੀ ਦੀ ਕੱਚੀ ਝੁੱਗੀ ਤੇ ਇਸਦੇ ਲਾਗੇ ਇਕ ਨਿੰਬੂਆਂ ਦਾ ਬੂਟਾ ਸੀ। ਉਸੇ ਝੁੱਗੀ ਵਿਚ ਵਿਚਾਗੇ ਸਿਰੋਂ ਨੰਗੀ ਰਹਿੰਦੀ ਸੀ ਤੇ ਨਿੰਬੂ ਵੇਚਕੇ ਇਸਦੀ ਸਕੂਲ ਦੀ ਫੀਸ ਪੂਰੀ ਕਰਦੀ ਹੁੰਦੀ ਸੀ। ਨਵੀਨ ਨੇ ਗੁਸੇ ਨੂੰ ਰੋਕਕੇ ਆਖਿਆ ‘ਚੰਗੀ ਗਲ ਹੈ।'
ਕਾਦੰਬਨੀ ਨੇ ਆਖਿਆ, “ਚੰਗੀ ਨਹੀਂ ਤਾਂ ਕੀ ਮਾੜੀ ਹੈ ਤੁਹਾਡਾ ਨਿਗਦਾ ਸਾਕ ਹੈ, ਉਸੇਤਰਾਂ ਰਖਣਾ ਪਏਗਾ। ਇਸਦੇ ਪਾਸੋਂ ਮੇਰੇ ਗੋਪਾਲ ਵਾਸਤੇ ਇਕ ਬੁਰਕੀ ਵੀ ਖਾਣ ਨੂੰ ਬਚ ਜਾਏ ਤਾਂ ਧੰਨ ਭਾਗ ਹਨ, ਨਹੀਂ ਤਾਂ ਸਾਰੇ ਦੇਸ਼ ਵਿਚ ਬਦਨਾਮੀ ਹੋਵੇਗੀ।'
ਇਹ ਆਖਕੇ ਕਾਦੰਬਨੀ ਨੇ ਲਾਗਲੇ ਦੂਜੀ ਛੱਤ ਵੱਲ ਦੇ ਮਕਾਨ ਵੱਲ ਜਿਸਦੀ ਕਿ ਬਾਰੀ ਖੁਲ੍ਹੀ ਹੋਈ ਸੀ, ਕ੍ਰੋਧ ਭਰੀਆਂ ਅੱਖਾਂ ਨਾਲ ਤੱਕਿਆ, ਇਹ ਮਕਾਨ ਉਸਦੀ ਵਿਚਕਾਰਲੀ ਦਿਰਾਣੀ ਹੇਮਾਂਗਨੀ' ਦਾ ਸੀ।
ਦੂਜੇ ਪਾਸੇ ਕਿਸ਼ਨ ਬਰਾਂਡੇ ਵਿਚ ਊਂਧੀ ਪਾਈ ਸ਼ਰਮ ਦੇ ਮਾਰਿਆ ਮਰਦਾ ਜਾ ਰਿਹਾ ਸੀ। ਕਾਦੰਬਨੀ ਲੰਗਰ ਵਿਚ ਜਾ ਕੇ ਨਾਰੀਅਲ ਦੇ ਖੋਪੇ ਵਿਚ ਥੋੜਾ ਜਿਹਾ ਤੇਲ ਲਿਆ ਕੇ ਬੋਲੀ, “ਜਾਹ ਜਾ ਕੇ ਤਾਲ ਤੇ ਨ੍ਹਾ ਆ। ਹੁਣ ਐਵੇਂ ਝੂਠ ਮੂਠ ਦਾ ਕੀ ਲਾਹ? ਹਾਂ ਸੱਚ, ਕਿਤੇ ਤੈਨੂੰ ਅਤਰ ਉਤਰ ਲਾਉਣ ਦੀ ਆਦਤ ਤਾਂ ਨਹੀਂ?"
ਇਸਤੋਂ ਪਿਛੋਂ ਉਸਨੇ ਜ਼ੋਰ ਦੀ ਸੁਆਮੀ ਨੂੰ ਆਖਿਆ' “ਜਦੋਂ ਨ੍ਹਾਉਣ ਜਾਓ ਤਾਂ ਏਸ ਬਾਬੂ ਸਾਹਿਬ ਨੂੰ ਵੀ ਨਾਲ ਲੈ ਜਾਣਾ। ਜੇ ਕਿਤੇ ਡੁਬ ਗਏ ਤਾਂ ਸਾਰੇ ਘਰ ਵਾਲਿਆਂ ਦੇ ਗਲ ਵਿਚ ਰੱਸਾ ਪੈ ਜਾਇਗਾ।"
ਕਿਸ਼ਨ ਰੋਟੀ ਖਾਣ ਬਹਿ ਗਿਆ। ਇਕੇ ਤਾਂ ਉਹ ਉਂਝ ਹੀ ਜ਼ਿਆਦਾ ਖਾਂਦਾ ਸੀ, ਦੂਜਾ ਇਕ ਦੋ ਦਿਨ ਦਾ ਭੁਖਾ ਤੁਰਕੇ ਇੱਥੇ ਆਇਆ ਸੀ । ਇਹਨਾਂ ਕਾਰਨਾਂ ਕਰਕੇ ਥਾਲੀ ਵਿਚਲਾ ਸਭ ਕੁਝ ਖਾ ਕੇ ਵੀ ਉਹਦੀ ਭੁਖ ਦੂਰ ਨ ਹੋਈ। ਨਵੀਨ ਵੀ ਕੋਲ ਹੀ ਰੋਟੀ ਖਾ ਰਿਹਾ ਸੀ। ਇਹ ਵੇਖ ਕੇ ਉਸ ਨੇ ਕਿਹਾ! ਕਿਸ਼ਨ ਨੂੰ ਥੋੜੇ ਚੌਲ ਹੋਰ ਦਿਉ।"
"ਦੇਂਦੀ ਹਾਂ।" ਇਹ ਆਖ ਕੇ ਕਦੰਬਨੀ ਉਠੀ ਤੇ ਉਸਨੇ ਚੌਲਾਂ ਦੀ ਭਰੀ ਹੋਈ ਪੂਰੀ ਥਾਲੀ ਲਿਆ ਕੇ ਕਿਸ਼ਨ ਦੀ ਥਾਲੀ ਵਿਚ ਉਲੱਦ ਦਿਤੀ। ਹੱਸਦੀ ਹੋਈ ਕਹਿਣ ਲੱਗੀ, “ਇਹ ਤਾ ਚੰਗੀ ਹੋਈ, ਹਰ ਰੋਜ਼ ਇਸ ਹਾਥੀ ਦੀ ਖੁਰਾਕ ਪੂਰੀ ਕਰਦਿਆਂ ੨ ਸਾਡਾ ਤਾਂ ਚੰਡ ਨਿਕਲ ਜਾਇਆ ਕਰੇਗਾ ਸ਼ਾਮ ਨੂੰ ਹੱਟੀਓਂ ਦੋ ਮਣ ਮੋਟਾ ਚੌਲ ਭੇਜ ਦੇਣਾ ਨਹੀਂ ਤਾਂ ਭੰਡਣੀ ਹੋਵੇਗੀ।"
ਦਰਦ ਭਰੀ ਲਜਿਆ ਨਾਲ ਕਿਸ਼ਨ ਦਾ ਸਿਰ ਹੋਰ ਵੀ ਝੁਕ ਗਿਆ। ਉਹ ਅਪਣੀ ਮਾਂ ਦਾ ਇਕ ਹੀ ਪੁਤ੍ਰ ਸੀ। ਇਹ ਤਾਂ ਪਤਾ ਨਹੀਂ ਕਿ ਉਸਦੀ ਦੁਖੀਆ ਮਾਂ ਉਹਨੂੰ ਬਰੀਕ ਜਾਂ ਵਧੀਆ ਚੌਲ ਖਿਲਾਉਦੀ ਸੀ ਜਾਂ ਨਹੀਂ ਪਰ ਏਨੀ ਗੱਲ ਜ਼ਰੂਰ ਸੀ ਕਿ ਉਸਨੂੰ ਢਿੱਡ ਭਰ ਕੇ ਖਾਣ ਬਦਲੇ ਨੀਵੀਂ ਪਾਉਣੀ ਕਦੇ ਨਹੀਂ ਸੀ ਪਈ। ਉਹਨੂੰ ਚੇਤਾ ਆਇਆ ਕਿ ਖੂਬ ਢਿੱਡ ਭਰ ਕੇ ਖਾਣ ਤੇ ਵੀ ਮੈਂ ਅਪਣੀ ਮਾਂ ਦੀ ਹੋਰ ਖੁਲਾਉਣ ਦੀ ਖਾਹਿਸ਼ ਨੂੰ ਨਹੀਂ ਸਾਂ ਰੋਕ ਸਕਦਾ। ਉਹਨੂੰ ਇਹ ਵੀ ਚੇਤਾ ਆਇਆ ਕਿ ਕੁਝ ਚਿਰ ਪਹਿਲਾਂ ਅਪਣੀ ਮਾਂ ਪਾਸੋਂ ਕੁਝ ਖਰੀਦਣ ਲਈ, ਦੋ ਚਾਰ ਕੜਛੀਆਂ ਜ਼ਿਆਦਾ ਚੌਲ ਖਾ ਕੇ ਹੀ ਪੈਸੇ ਵਸੂਲ ਕੀਤੇ ਸਨ।
ਉਹਦੀਆਂ ਦੋਹਾਂ ਅੱਖਾਂ ਵਿੱਚੋਂ ਵੱਡੇ ੨ ਅੱਥਰੂ ਥਾਲੀ ਵਿਚ ਡਿਗਣ ਲੱਗੇ ਤੇ ਉਸੇ ਤਰਾਂ ਹੀ ਉਹ ਚੌਲ ਖਾਂਦਾ ਰਿਹਾ। ਉਹਨੂੰ ਏਨਾਂ ਹੌਂਸਲਾ ਵੀ ਨ ਪਿਆ ਕਿ ਖੱਬੇ ਹੱਥ ਨਾਲ ਅੱਖਾਂ ਦੇ ਅੱਥਰੂ ਹੀ ਪੂੰਝ ਲਏ। ਉਹ ਡਰਦਾ ਸੀ ਕਿ ਕਿਤੇ ਭੈਣ ਨ ਵੇਖ ਲਏ। ਅਜੇ ਥੋੜਾ ਚਿਰ ਪਹਿਲਾਂ ਐਵੇਂ ਝੂਠ ਮੂਠ ਅੱਖਾਂ ਪੂੰਝਣ ਦੇ ਅਪ੍ਰਾਧ ਵਿਚ ਝਿੜਕ ਖਾ ਚੁਕਾ ਸੀ ਤੇ ਇਹ ਝਿੜਕ ਹੀ ਉਹਦੇ ਐਡੇ ਵੱਡੇ, ਮਾਂ ਦੇ ਹਿਰਖ ਨੂੰ ਦਬਾ ਬੈਠੀ ਸੀ।
੨.
ਦੋਹਾਂ ਭਰਾਵਾਂ ਨੇ ਜੱਦੀ ਮਕਾਨ ਆਪੋ ਵਿਚ ਦੀ ਵੰਡ ਲਿਆ ਸੀ। ਲਾਗਲਾ ਦੋਂਹ ਛੱਤਾਂ ਵਾਲਾ ਮਕਾਨ ਵਿਚਕਾਰਲੇ ਭਰਾ 'ਵਿਪਨ’ ਦਾ ਸੀ। ਛੋਟੇ ਭਰਾ ਨੂੰ ਮੰਗਿਆਂ ਕਈ ਚਿਰ ਹੋ ਗਿਆ ਹੈ। ਵਿਪਨ ਵੀ ਚਾਵਲਾਂ ਦਾ ਹੀ ਕੰਮ ਕਰਦਾ ਹੈ। ਗੁਜ਼ਾਰਾ ਤਾਂ ਇਹਦਾ ਵੀ ਚੰਗਾ ਹੈ, ਪਰ ਵੱਡੇ ਭਰਾ 'ਨਵੀਨ' ਵਰਗਾ ਨਹੀਂ। ਫੇਰ ਵੀ ਇਸਦਾ ਮਕਾਨ ਦੋਹਰਾ ਹੈ। ਵਿਚਕਾਰਲੀ ਨੋਂਹ 'ਹੇਮਾਂਗਨੀਂ' ਸ਼ਹਿਰਨ ਕੜੀ ਹੈ। ਇਹ ਨੌਕਰ ਨੌਕਰਿਆਣੀਆਂ ਰੱਖਕੇ ਤੇ ਚੌਹ ਆਦਮੀਆਂ ਰੋਟੀ ਖੁਆ ਕੇ ਖੁਸ਼ ਹੋਣ ਵਾਲੀ ਇਸਤਰੀ ਹੈ। ਉਹ ਕੰਜੂਸ ਮੱਖੀ ਚੂਸ ਬਣਕੇ ਰਹਿਣਾ ਪਸੰਦ ਨਹੀਂ ਸੀ ਕਰਦੀ ਇਸੇ ਕਰਕੇ ਚਾਰ ਵਰ੍ਹੇ ਪਹਿਲਾਂ, ਦੋਵੇਂ ਜੇਠਾਣੀ ਦਰਾਣੀ ਲੜਕੇ ਅੱਡ ਹੋ ਚੁੱਕੀਆਂ ਹਨ। ਇਸਤੋਂ ਪਿੱਛੋਂ ਉਤੋਂ ਉਤੋਂ ਤਾਂ ਕਈ ਵਾਰੀ ਲੜਾਈ ਝਗੜੇ ਹੋ ਕੇ ਸੁਲ੍ਹਾ ਵੀ ਹੋ ਚੁਕੀ ਹੈ, ਪਰ ਦਿਲੋਂ ਰੰਜ ਦੂਰ ਨਹੀਂ ਹੋਏ। ਇਸਦਾ ਕਾਰਣ ਜੇਠਾਣੀ ਕਾਦੰਬਨੀ ਹੀ ਹੈ। ਉਹ ਚੰਗੀ ਤਰਾਂ ਨਿਸਚਾ ਕਰੀ ਬੈਠੀ ਹੈ ਕਿ ਟੁਟੇ ਹੋਏ ਦਿਲ ਕਦੇ ਵੀ ਇਕੱਠੇ ਨਹੀਂ ਹੋ ਸਕਦੇ। ਪਰ ਵਿਚਕਾਰਲੀ ਨੋਂਹ ਐਨੀ ਪੱਕੀ ਨਹੀਂ ਹੈ। ਉਹ ਏਦਾਂ ਦਾ ਸੋਚ ਵੀ ਨਹੀਂ ਸਕਦੀ। ਇਹ ਠੀਕ ਹੈ ਕਿ ਝਗੜਾ ਪਹਿਲਾਂ ਵਿਚਕਾਰਲੀ ਨੋਂਹ ਦੇ ਪੈਰੋਂ ਹੀ ਖੜਾ ਹੁੰਦਾ ਹੈ, ਪਰ ਇਹ ਲੜ ਝਗੜ ਕੇ ਪਛਤਾਵਾ ਵੀ ਕਰਨ ਲੱਗ ਜਾਂਦੀ ਹੈ। ਕਈ ਵਾਰੀ ਖਾਣ ਪੀਣ ਜਾਂ ਹੋਰ ਕਿਸੇ ਪੱਜ ਇਹ ਜੇਠਾਣੀ ਨੂੰ ਕੁਆਉਣ ਲਈ ਉਸਦੇ ਪਾਸ ਵੀ ਆ ਬਹਿੰਦੀ ਹੈ। ਹੱਥ ਪੈਰ ਜੋੜ ਕੇ, ਮਾਫੀ ਮੰਗਕੇ ਇਹ ਜੇਠਾਣੀ ਨੂੰ ਆਪਣੇ ਘਰ ਲੈ ਜਾਂਦੀ ਹੈ। ਪਿਆਰ ਕਰਦੀ ਹੈ। ਏਸ ਤਰਾਂ ਦੋਹਾਂ ਦੇ ਦਿਨ ਕੱਟ ਰਹੇ ਹਨ।
ਅਜ ਕੋਈ ਸਾਢੇ ਤਿੰਨ ਵਜੇ ਹੇਮਾਂਗਨੀ ਇਸ ਮਕਾਨ ਵਿਚ ਆਈ ਹੈ। ਲਾਗੇ ਹੀ ਖੂਹ ਤੇ ਸੀਮੈਂਟ ਦੀ ਮਣ ਤੇ ਕਿਸ਼ਨ,ਸਾਬਣ ਲਾ ਲਾ ਕੇ ਬੈਠਾ ਕਪੜੇ ਧੋ ਰਿਹਾ ਹੈ। ‘ਕਾਦੰਬਨੀ ਦੂਰ ਖਲੋਤੀ ਘਟ ਤੋਂ ਘਟ ਸਾਬਣ ਲਾਕੇ ਵੱਧ ਤੋਂ ਵੱਧ ਕਪੜੇ ਧੋਣ ਦੀ ਜਾਚ ਸਿਖਾ ਰਹੀ ਸੀ। ਉਹ ਦਰਾਣੀ ਨੂੰ ਵੇਖਦਿਆਂ ਹੀ ਬੋਲ ਪਈ ।" ਵੇਖ ਨੀ ਭੈਣ ! ਇਹ ਲੜਕਾ ਕਿੰਨੇ ਗੰਦੇ ਕਪੜੇ ਪਾ ਕੇ ਆਇਆ ਹੈ।"
ਗੱਲ ਠੀਕ ਸੀ । ਕਿਸ਼ਨ ਵਰਗੀ ਲਾਲ ਕੰਨੀ ਵਾਲੀ ਧੋਤੀ ਤੇ ਦੁਪੱਟਾ ਲੈਕੇ ਕੋਈ ਵੀ ਆਪਣੇ ਸਾਕਾਂ ਦੇ ਨਹੀਂ ਜਾਂਦਾ। ਇਹਨਾਂ ਦੋਹਾਂ ਚੀਜ਼ਾਂ ਨੂੰ ਧੋਣ ਦੀ ਬੜੀ ਲੋੜ ਸੀ। ਧੋਬੀ ਦੇ ਨਾ ਹੋਣ ਕਰਕੇ ਪੁਤ੍ਰ ਗੋਪਾਲ ਤੇ ਉਸਦੇ ਬਾਬੂ ਦੇ ਦੋ ਦੋ ਜੋੜੇ ਕਪੜੇ ਧੋਣੇ ਵੀ ਜ਼ਰੂਰੀ ਸਨ। ਸੋ ਕਿਸ਼ਨ ਇਹ ਸੇਵਾ ਹੀ ਕਰ ਰਿਹਾ ਸੀ। 'ਹੇਮਾਂਗਨੀ’ ਵੇਖਦਿਆਂ ਹੀ ਸਮਝ ਗਈ ਕਿ ਕੱਪੜੇ ਕਿਸਦੇ ਹਨ, ਪਰ ਉਹ ਇਸ ਗੱਲ ਨੂੰ ਅਣਡਿੱਠ ਕਰਦੀ ਹੋਈ ਬੋਲੀ, “ਬੀਬੀ ਇਹ ਲੜਕਾ ਕੌਣ ਹੈ?"
ਪਰ ਇਸ ਤੋਂ ਪਹਿਲਾਂ ਉਹ ਆਪਣੇ ਘਰ ਬੈਠੀ ਹੀ ਇਹ ਸਾਰੀਆਂ ਗੱਲਾਂ ਸੁਣ ਚੁਕੀ ਸੀ। ਜਿਠਾਣੀ ਨੂੰ ਉਰਾ ਪਰਾ ਕਰਦੀ ਨੂੰ ਵੇਖ ਕੇ ਉਸਨੇ ਫੇਰ ਆਖਿਆ, “ਲੜਕਾ ਤਾਂ ਬੜਾ ਸੋਹਣਾ ਹੈ ਇਹਦਾ ਮੂੰਹ ਵੀ ਬਿਲਕੁਲ ਤੇਰੇ ਹੀ ਵਰਗਾ ਹੈ। ਕੀ ਤੁਹਾਡੇ ਪੇਕਿਆਂ ਤੋਂ ਹੈ?
ਕਾਦੰਬਨੀ ਨੇ 'ਉਦਾਸ ਤੇ ਸਿਆਣਾ ਜਿਹਾ ਮੂੰਹ ਬਣਾ ਕੇ ਆਖਿਆ, “ਹਾਂ ਮੇਰਾ ਮਤੇਇਆ ਭਰਾ ਹੈ। "ਵੇਂ ਕਿਸ਼ਨਿਆ ਆਪਣੀ ਇਸ ਭੈਣ ਨੂੰ ਮੱਥਾ ਤਾਂ ਟੇਕ ! ਕਿਹੋ ਜਿਹਾ ਮੂਰਖ ਮੁੰਡਾ ਹੈ! ਵੱਡਿਆਂ ਨੂੰ ਮੱਥਾ ਟੇਕਣਾ, ਤੇਰੀ ਮਾਂ ਇਹ ਵੀ ਨਹੀਂ ਦੱਸ ਗਈ?
ਕਿਸ਼ਨ ਬੌਦਲਿਆਂ ਵਾਂਗੂੰ ਉਠ ਬੈਠਾ ਤੇ ਕਾਦੰਬਨੀ ਦੇ ਪੈਰਾਂ ਤੇ ਮੱਥਾ ਟੇਕਣ ਨੂੰ ਤਿਆਰ ਹੋ ਪਿਆ, ਉਹਨੇ ਹੋਰ ਵੀ ਗੁੱਸੇ ਨਾਲ ਆਖਿਆ, 'ਡੰਗਰ ਕਿਸੇ ਥਾਂ ਦਾ, ਆਖਿਆ ਕਿਸਨੂੰ ਹੈ ਤੇ ਇਹ ਮੱਥਾ ਕਿਸਨੂੰ ਟੇਕਦਾ ਹੈ । ਪਾਗਲਾ ਉਸ ਪਾਸੇ ਜਾ ਕੇ ਮਰ।'
ਅਸਲ ਵਿਚ ਜਦੋਂ ਦਾ ਕਿਸ਼ਨ ਆਇਆ ਹੈ, ਨਿਰਾਦਰੀ ਤੇ ਅਪਮਾਨ ਦੀਆਂ ਅਸਹਿ ਚੋਟਾਂ ਨੇ ਉਹਦਾ ਦਿਮਾਗ ਹਿਲਾ ਦਿਤਾ ਹੈ। ਜਦੋਂ ਹੀ ਉਸਨੇ ਹੇਮਾਂਗਨੀ ਦੇ ਪੈਰਾਂ ਉਤੇ ਸਿਰ ਝੁਕਾਇਆ ਤਾਂ ਉਸਨੇ ਇਸਦੀ ਧੋਤੀ ਫੜਕੇ ਆਖਿਆ, 'ਬੱਸ ਕਾਕਾ ਰਹਿਣ ਦਿਹ, ਹੋਗਿਆ। ਰੱਬ ਤੇਰੀ ਉਮਰ ਵੱਡੀ ਕਰੇ ।'
ਕਿਸ਼ਨ ਮੂਰਖਾਂ ਵਾਂਗੂੰ ਉਹਦੇ ਮੂੰਹ ਵਲ ਵੇਖਦਾ ਰਿਹਾ। ਜਾਣੀਦੀ ਇਹ ਗਲ ਉਹਦੇ ਮਨ ਅੰਦਰ ਨਹੀਂ ਸੀ ਆ ਰਹੀ ਕਿ ਦੁਨੀਆਂ ਵਿਚ ਕੋਈ ਏਦਾਂ ਵੀ ਬੋਲ ਸਕਦਾ ਹੈ।
ਉਸਦਾ ਦੁਖ ਭਰਿਆ ਚਿੱਹਰਾ ਵੇਖਕੇ ਹੇਮਾਂਗਨੀ' ਦਾ ਦਿਲ ਹਿਲ ਗਿਆ ਉਹ ਰੋਣ ਹਾਕੀ ਹੋ ਗਈ। ਉਹ ਆਪਣੇ ਆਪ ਨੂੰ ਕਾਬੂ ਨ ਰਖ ਸਕੀ। ਉਸਨੇ ਛੇਤੀ ਨਾਲ ਉਸ ਅਭਾਗੇ ਬੱਚੇ ਨੂੰ ਖਿੱਚਕੇ ਛਾਤੀ ਨਾਲ ਲਾ ਲਿਆ। ਉਸਦਾ ਮੁੜ੍ਹਕੇ ਤੇ ਅਥਰੂਆਂ ਨਾਲ ਭਿੱਜਾ ਹੋਇਆ ਮੂੰਹ ਪਲੇ ਨਾਲ ਪੰਝਦੀ ਹੋਈ ਨੇ ਆਖਿਆ, 'ਹਾਇ ਹਾਇ ਬੀਬੀ ਇਹਦੇ ਕੋਲੋਂ ਕਪੜੇ ਧੋਤੇ ਜਾਂਦੇ ਹਨ। ਕਿਸੇ ਨੌਕਰ ਨੂੰ ਕਿਉਂ ਨ ਸੱਦ ਲਿਆ ?'
ਕਾਦੰਬਨੀ ਇਕੇਵੇਰਾਂ ਹੀ ਬੁਤ ਬਣ ਗਈ ਤੇ ਉਸਨੂੰ ਕੋਈ ਜਵਾਬ ਨ ਔੜਿਆ, ਪਲਕੁ ਪਿਛੋਂ ਕਹਿਣ ਲੱਗੀ, ਮੈਂ ਤੇਰੇ ਵਰਗੀ ਅਮੀਰ ਨਹੀਂ ਹਾਂ ਜੋ ਘਰ ਵਿਚ ਨੌਕਰ ਨੌਕਰਿਆਣੀਆਂ ਰੱਖ ਲਵਾਂ। ਸਾਡੇ ਗ੍ਰਹਸਥੀਆਂ ਦੇ ਘਰ.............।
ਗਲ ਮੁਕਣ ਤੋਂ ਪਹਿਲਾਂ ਹੀ ਹੇਮਾਂਗਨੀ ਨੇ ਆਪਣੇ ਘਰ ਵਲ ਮੂੰਹ ਕਰਕੇ, ਲੜਕੀ ਨੂੰ ਅਵਾਜ ਮਾਰਕੇ ਆਖਿਆ ਉਮਾ ਸ਼ੰਭੂ ਨੂੰ ਭੇਜ, ਜ਼ਰਾ ਜੋਤ ਜੀ ਤੇ ‘ਪਾਂਚੂ ਗੋਪਾਲ' ਦੋਹਾਂ ਦੇ ਗੰਦੇ ਕਪੜੇ ਛਪੜੇ ਧੋਕੇ ਸੁਕਾ ਲਿਆਵੇ।'
ਫੇਰ ਉਸਨੇ ਜੇਠਾਣੀ ਵੱਲ ਮੂੰਹ ਕਰਕੇ ਆਖਿਆ, 'ਅਜ ਰਾਤ ਨੂੰ ਕਿਸ਼ਨ ਤੇ ਪਾਂਛੂ ਮੇਰੇ ਘਰੋਂ ਰੋਟੀ ਖਾਣਗੇ| ਸਕੂਲੋਂ ਔਂਦਿਆਂ ਹੀ ਪਾਂਚੂ ਨੂੰ ਭੇਜ ਦੇਣਾ ਉਨਾਂ ਚਿਰ ਮੈਂ ਇਹਨੂੰ ਲੈ ਜਾਂਦੀ ਹਾਂ। ਕਿਸ਼ਨ ਇਹਦੇ ਵਾਂਗ ਮੈਂ ਵੀ ਤੇਰੀ ਭੈਣ ਹਾਂ ਮੇਰੇ ਨਾਲ ਚਲ, ਇਹ ਆਖਕੇ ਉਹ ਕਿਸ਼ਨ ਦਾ ਹੱਥ ਫੜਕੇ ਆਪਣੇ ਨਾਲ ਲੈ ਗਈ।
ਕਾਦੰਬਨੀ ਨੇ ਕੋਈ ਰੋਕ ਨਹੀਂ ਪਾਈ। ਉਲਟਾ ਹੇਮਾਂਗਨੀ ਦਾ ਦਿੱਤਾ ਹੋਇਆ ਐਡਾ ਵੱਡਾ ਮੇਹਣਾ ਵੀ, ਚਪ ਚਾਪ ਸਹਾਰ ਲਿਆ ਕਿਉਂਕਿ, ਜਿਸਨੇ ਮੇਹਣਾ ਮਾਰਿਆ ਸੀ, ਉਸਨੇ ਇਸ ਦੇਉਰ ਦਾ ਖਰਚ ਵੀ ਤਾਂ ਬਚਾ ਦਿੱਤਾ ਸੀ। ਕਾਦੰਬਨੀ ਵਾਸਤੇ ਦੁਨੀਆਂ ਵਿਚ ਪੈਸੇ ਤੋਂ ਵਧਕੇ ਹੋਰ ਕੋਈ ਚੀਜ਼ ਨਹੀਂ ਸੀ। ਇਸ ਕਰਕੇ ਗਾਂ ਜੇ ਦੁੱਧ ਦੇਣ ਲਗਿਆਂ ਛੜ ਵੀ ਮਾਰੇ ਤਾਂ ਓਹ ਸਹਾਰੀ ਜਾ ਸਕਦੀ ਹੈ।
੩.
ਰਾਤ ਨੂੰ ਕਾਦੰਬਨੀ ਨੇ ਪੁਛਿਆ "ਕਿਉਂ ਕਿਸ਼ਨਿਆ ਉਥੋਂ ਕੀ ਕੀ ਖਾ ਕੇ ਆਇਆ ਏਂ?"
ਕਿਸ਼ਨ ਨੇ ਸੰਗਦੇ ਸੰਗਦੇ ਨੇ ਨੀਵੀਂ ਪਾ ਕੇ ਆਖਿਆ "ਪੂਰੀ।"
"ਕਿਸ ਨਾਲ ਖਾਧੀ?"
ਮੱਛੀ ਨਾਲ ਤੇ ਹੋਰ ਰਸ ਗੁਲੇ......."
“ਦੁਰ! ਮੈਂ ਪੁੱਛਦੀ ਹਾਂ ਕਿ ਦਿਰਾਣੀ ਨੇ ਮੱਛੀ ਦਾ ਮੂੰਹ ਕਿਸਦੀ ਥਾਲੀ ਵਿਚ ਪਰੋਸਿਆ ਸੀ?”
ਇਕ ਵੇਰਾਂ ਹੀ ਇਹ ਸਵਾਲ ਸੁਣਕੇ ਕਿਸ਼ਨ ਦਾ ਚਿਹਰਾ ਬੱਗਾ ਹੋ ਗਿਆ। ਕਤਲ ਕਰਨ ਵਾਸਤੇ ਉੱਘਰੇ ਜਾ ਚੁਕੇ ਹਥਿਆਰ ਅੱਗੇ, ਜਿੱਦਾਂ ਰੱਸੀ ਨਾਲ ਬੱਧੇ ਹੋਏ ਜਾਨਵਰ ਦੀ ਹਾਲਤ ਹੁੰਦੀ ਹੈ, ਕਿਸ਼ਨ ਦੀ ਵੀ ਉਹੋ ਹਾਲਤ ਹੋਣ ਲੱਗ ਪਈ। ਗੱਲ ਨੂੰ ਐਧਰ ਊਧਰ ਪਾਉਣ ਦੀ ਕੋਸ਼ਸ਼ ਵਿਚ, ਦੇਰ ਕਰਦਿਆਂ ਵੇਖ ਕੇ ਕਾਦੰਬਨੀ ਨੇ ਫੇਰ ਪੁਛਿਆ, “ਤੇਰੀ ਹੀ ਬਾਲੀ ਵਿਚ ਪਰੋਸਿਆ ਸੀ ਨਾਂ?”
ਬਹੁਤ ਵਡੇ ਅਪਰਾਧੀ ਵਾਗੂੰ, ਕਿਸ਼ਨ ਨੇ ਨੀਵੀਂ ਪਾ ਲਈ।
ਕੋਲ ਹੀ ਬਰਾਂਡੇ ਵਿਚ ਬੈਠੇ ‘ਨਵੀਨ’ ਤਮਾਕੂ ਪੀ ਰਹੇ ਸਨ। ਕਾਦੰਬਨੀਂ ਉਹਨਾਂ ਨੂੰ ਬੁਲਾ ਕੇ ਕਹਿਣ ਲੱਗੀ “ਸੁਣ ਰਹੇ ਹੋ ਨਾਂ?”
ਨਵੀਨ ਨੇ ਥੋੜੇ ਵਿਚ, “ਹਾਂ” ਆਖਕੇ ਤਮਾਕੂ ਦਾ ਸੂਟਾ ਖਿਚਿਆ।
ਕਾਦੰਬਨੀ ਗਰਮ ਹੋਕੇ ਆਖਣ ਲੱਗੀ, ‘ਇਹ ਸਾਡੀ ਆਪਣੀ ਹੈ। ਇਸ ਸਕੀ ਚਾਚੀ ਦਾ ਵਤੀਰਾ ਤਾਂ ਵੇਖੋ! ਕੀ ਇਹ ਨਹੀਂ ਸੀ ਜਾਣਦੀ ਕਿ ਮੇਰੇ ਪਾਂਚੂ ਗੋਪਾਲ ਨੂੰ ਮੱਛੀ ਦਾ ਮੂੰਹ ਕਿੰਨਾ ਚੰਗਾ ਲੱਗਦਾ ਹੈ!’ ਤਾਂ ਉਹਨੇ ਕਿਉਂ ਮੂੰਹ ਇਸਦੀ ਥਾਲੀ ਵਿਚ ਪਰੋਸ ਕੇ ਗੁਆਇਆ? ਹਾਂ ਕਿਸ਼ਨ ਰੱਸ-ਗੁਲੇ ਤਾਂ ਤੂੰ ਠੀਕ ਢਿੱਡ ਭਰਕੇ ਖਾਧੇ? ਕਦੇ ਸੱਤਾਂ ਜਨਮਾ ਵਿਚ ਵੀ ਤੂੰ ਇਹੋ ਜਹੀਆਂ ਚੀਜ਼ਾਂ ਨਹੀਂ ਖਾਧੀਆਂ ਹੋਣੀਆਂ।
ਇਸਤੋਂ ਪਿੱਛੋਂ ਉਹਨੇ ਫੇਰ ਸੁਆਮੀ ਵੱਲ ਵੇਖ ਕੇ ਆਖਿਆ, ਜਿਹਦੇ ਵਾਸਤੇ ਮੁਠ ਚੌਲਾਂ ਦੀ ਵੀ ਗ਼ਨੀਮਤ ਹੋਵੇ ਉਸਨੂੰ ਰੱਸਗੁਲੇ ਖੁਆ ਕੇ ਕੀ ਹੋਵੇਗਾ? ਪਰ ਮੈਂ ਸਾਫ ਆਖ ਦੇਂਦੀ ਹਾਂ ਕਿ ਦਿਰਾਣੀ ਜੇ ਕਿਸ਼ਨ ਨੂੰ ਨ ਵਿਗਾੜ ਦੇਵੇ ਤਾਂ ਮੈਨੂੰ ਕਿਸੇ ਕੁੱਤੀ ਦੀ ਧੀ ਆਖਣਾ।
ਨਵੀਨ ਬਿਲਕੁਲ ਚੁੱਪ ਰਹੇ ਕਿਉਂਕਿ ਉਨ੍ਹਾਂ ਇਸ ਗਲ ਤੇ ਯਕੀਨ ਹੀ ਨ ਆਇਆ ਕਿ ਕਾਦੰਬਨੀ ਦੇ ਪਾਸ ਹੁੰਦਿਆਂ ਦਿਰਾਣੀ ਕਿਸ਼ਨ ਨੂੰ ਵਿਗਾੜ ਦੇਵੇਗੀ। ਕਾਦੰਬਨੀ ਨੂੰ ਆਪਣੇ ਆਪ ਤੇ ਹੀ ਭਰੋਸਾ ਨਹੀਂ ਸੀ ਉਹਨੂੰ ਇਸ ਗਲ ਦਾ ਸੋਲਾਂ ਆਨੇ ਸ਼ਕ ਸੀ ਕਿ ਮੈਂ ਸਿੱਧੀ ਸਾਧੀ ਹਾਂ ਤੇ ਮੈਨੂੰ ਹਰ ਕੋਈ ਠੱਗ ਸਕਦਾ ਹੈ। ਇਸੇ ਕਰ ਉਸ ਨੇ ਛੋਟੇ ਭਰਾ ਕਿਸ਼ਨ ਦੀ ਆਤਮਕ ਉੱਨਤੀ ਤੇ ਅਵ ਉੱਨਤੀ ਵਲੋਂ ਅੱਖਾਂ ਬੰਦ ਕਰ ਲਈਆਂ।
ਦੂਜੇ ਹੀ ਦਿਨ, ਦੋਹਾਂ ਨੌਕਰਾਂ ਵਿਚੋਂ ਇਕ ਨੂੰ ਜਵਾਬ ਦੇ ਦਿੱਤਾ ਗਿਆ। ਹੁਣ ਨਵੀਨ ਦੇ ਕੰਮ ਵਿਚ ਕਿਸ਼ਨ ਹੀ ਵੰਡਾ ਰਿਹਾ ਸੀ। ਚੌਲ ਤੋਲਦਾ, ਵੇਚਦਾ ਤੇ ਤਿੰਨ ਤਿੰਨ ਚਾਰ ਚਾਰ ਕੋਹ ਦਾ ਚਕਰ ਲਾਕੇ ਨਮੂਨੇ ਲੈ ਆਉਂਦਾ। ਨਵੀਂਨ ਰੋਟੀ ਖਾਣ ਆਉਂਦਾ ਤਾਂ ਇਹ ਦੁਕਾਨ ਤੇ ਬੈਠ ਜਾਂਦਾ।
ਦੋ ਦਿਨ ਪਿਛੋਂ ਦੀ ਗਲ ਹੈ। ਨਵੀਨ ਰੋਟੀ ਖਾਣ ਪਿਛੋਂ ਜ਼ਰਾ ਕੁ ਅੱਖ ਲਾਕੇ ਦੁਕਾਨ ਤੇ ਗਏ ਤੇ ਕਿਸ਼ਨ ਰੋਟੀ ਖਾਣ ਆਇਆ, ਇਸ ਵੇਲੇ ਤਿੰਨ ਬਜੇ ਦਾ ਵਕਤ ਉਹ ਜਦੋਂ ਨਹਾ ਕੇ ਆਇਆ ਤਾਂ ਵੇਖਿਆ ਕਿ ਭੈਣ ਜੀ ਰਹੇ ਹਨ। ਉਸ ਵੇਲੇ ਉਹ ਐਨਾ ਭੁੱਖਾ ਸੀ ਕਿ ਜੇ ਲੋੜ ਪੈਂਦੀ ਤਾਂ ਉਹ ਸ਼ੇਰ ਦੇ ਮੂੰਹ ਵਿਚੋਂ ਵੀ ਰੋਟੀ ਕੱਢ ਲਿਆਉਂਦਾ ਪਰ ਉਸ ਦਾ ਭੈਣ ਨੂੰ ਜਗਾਉਣ ਦਾ ਹੌਂਸਲਾ ਨਾ ਪਿਆ।
ਉਹ ਰਸੋਈ ਦੇ ਬਰਾਂਡੇ ਵਿਚ ਬੈਠਾ ਹੋਇਆ ਭੈਣ ਦੇ ਜਾਗਣ ਦੀ ਉਡੀਕ ਕਰ ਰਿਹਾ ਸੀ ਕਿ ਅਚਨਚੇਤ ਉਹਨੇ ਪੁਕਾਰ ਸੁਣੀ, 'ਵੇ ਕਿਸ਼ਨ!' ਇਹ ਸ਼ਬਦ ਉਨ੍ਹਾਂ ਕੰਨਾਂ ਨੂੰ ਕਿਹੋ ਜਹੇ ਮਿੱਠੇ ਲੱਗੇ ਕੁਝ ਆਖਿਆ ਨਹੀਂ ਜਾਂਦਾ। ਜਾਂ ਉਸਨੇ ਉਤਾਂਹ ਵੇਖਿਆ ਤਾਂ ਦੂਜੇ ਮਕਾਨ ਦੀ ਉਤਲੀ ਛੱਤੋਂ ਹੇਮਾਂਗਨੀ ਬੁਲਾ ਰਹੀ ਸੀ, ਕਿਸ਼ਨ ਨੇ ਇਕ ਵਾਰੀ ਵੇਖਕੇ ਨੀਵੀਂ ਪਾ ਲਈ। ਹੇਮਾਂਗਨੀ ਥੱਲੇ ਆਕੇ ਉਸ ਪਾਸ ਖੜੀ ਹੋ ਗਈ! "ਕਈਆਂ ਦਿਨਾਂ ਤੋਂ ਵੇਖਿਆ ਨਹੀਂ ਕਿਸ਼ਨ! ਇਥੇ, ਚੁੁੱਪ ਚਾਪ ਕਿਉਂ ਖਲੋਤਾ ਏਂ?"
ਇਕ ਤਾਂ ਭੁੱਖ ਦੇ ਦੁਖੋਂ ਉਹ ਅੱਗੇ ਹੀ ਰੋਣ ਹਾਕਾ ਹੋ ਰਿਹਾ ਸੀ। ਦੂਜਾ ਇਹ ਪਿਆਰ ਭਰੇ ਸ਼ਬਦ, ਉਸ ਦੀਆਂ ਅੱਖਾਂ ਭਰ ਆਈਆਂ ਉਹ ਚੁੱਪ ਚਾਪ ਨੀਵੀਂ ਪਾਈ ਬੈਠਾ ਰਿਹਾ!
ਵਿਚਕਾਰਲੀ ਚਾਚੀ ਨੂੰ ਸਾਰੇ ਬੱਚੇ ਪਿਆਰ ਕਰਦੇ ਹਨ। ਉਸਦੀ ਆਵਾਜ਼ ਸੁਣ ਕੇ ਕਾਦੰਬਨੀ ਦੀ ਛੋਟੀ ਲੜਕੀ ਬਾਹਰ ਨਿਕਲ ਆਈ ਤੇ ਚਿਲਾਕੇ ਬੋਲੀ, "ਕਿਸ਼ਨ ਮਾਮਾ ਰਸੋਈ ਵਿਚ ਤੇਰੇ ਲਈ ਚੌਲ ਢੱਕੇ ਹੋਏ ਹਨ ਜਾਕੇ ਖਾ ਲੈ ਮਾਂ ਖਾ ਪੀ ਕੇ ਸੌਂ ਗਈ ਹੈ।"
ਹੇਮਾਂਗਨੀ ਨੇ ਹੈਰਾਨ ਹੋਕੇ ਆਖਿਆ, "ਅੱਜ ਐਨਾ ਚਿਰ? ਕੀ ਕਿਸ਼ਨ ਨੇ ਹਾਲੀ ਤੱਕ ਕੁਝ ਨਹੀਂ ਖਾਧਾ? ਤੇਰੀ ਮਾਂ ਖਾਕੇ ਸੌਂ ਗਈ ਹੈ? ਵੇ ਕਿਸ਼ਨ ਅੱਜ ਐਨਾ ਚਿਰ ਕਿਉਂ ਹੋ ਗਿਆ ਹੈ?"
ਕਿਸ਼ਨ ਸਿਰ ਨੀਵਾਂ ਕਰਕੇ ਬੈਠ ਰਿਹਾ। ਦੁਨੀ ਨੇ ਉਹਦੇ ਵਲੋਂ ਮੋੜ ਮੋੜਿਆ, "ਅੰਮਾਂ ਜੀ ਨੂੰ ਰੋਜ਼ ਹੀ ਐਨਾ ਚਿਰ ਹੋ ਜਾਂਦਾ ਹੈ, ਜਦ ਬਾਬੂ ਜੀ ਖਾ ਪੀਕੇ ਮੁੜ ਦੁਕਾਨ ਤੇ ਜਾਂਦੇ ਹਨ ਤਾਂ ਇਹ ਰੋਟੀ ਖਾਂਦਾ ਹੈ ।"
ਹੇਮਾਂਗਨੀ ਨੇ ਸਮਝ ਲਿਆ ਕਿ ਕਿਸ਼ਨ ਨੂੰ ਦੁਕਾਨ ਦੇ ਕੰਮ ਤੇ ਲਾ ਦਿੱਤਾ ਹੈ। ਉਹਨੂੰ ਇਹ ਆਸ ਤਾਂ ਨਹੀਂ ਸੀ ਕਿ ਇਹਨੂੰ ਵਿਹਲਾ ਬਿਠਾ ਕੇ ਖੁਆਉਣਗੇ, ਪਰ ਫੇਰ ਵੀ ਐਨੇ ਦਿਨ ਤਕ ਇਸਦਾ ਭੁੱਖੇ ਰਹਿਣਾ ਵੇਖਕੇ ਉਹਦੀਆਂ ਅੱਖਾਂ ਸਿੰਮ ਪਈਆਂ। ਉਹ ਪੱਲੇ ਨਾਲ ਅੱਖਾਂ ਪੂੰਝ ਦੀ ਹੋਈ ਆਪਣੇ ਘਰ ਚਲੀ ਗਈ | ਕੋਈ ਦੋ ਮਿੰਟ ਪਿਛੋਂ ਦੁਧ ਦਾ ਕਟੋਰਾ ਭਰ ਲਿਆਈ। ਪਰ ਰਸੋਈ ਵਿਚ ਪਹੁੰਚਕੇ ਉਹ ਤੜਫ ਉਠੀ ਤੇ ਮੂੰਹ ਦੂਜੇ ਪਾਸੇ ਕਰਕੇ ਖਲੋ ਗਈ।
ਕਿਸ਼ਨ ਪਿੱਤਲ ਦੀ ਥਾਲੀ ਵਿਚ ਠੰਡੇ ਸੁੱਕੇ ਹੋਏ ਤੇ ਘਿੱਪਾ ਜਹੇ ਬਣੇ ਹੋਏ ਚੌਲ ਖਾ ਰਿਹਾ ਸੀ। ਇਕ ਪਾਸੇ ਕੁਝ ਦਾਲ ਤੇ ਸਬਜ਼ੀ ਸੀ। ਦੁਧ ਦਾ ਕਟੋਰਾ ਵੇਖਕੇ ਉਹਦਾ ਕੁਮਲਾਇਆ ਹੋਇਆ ਮੂੰਹ ਫੇਰ ਖਿੜ ਪਿਆ।
ਹੇਮਾਂਗਿਨੀ ਬੂਹਿਓਂ ਬਾਹਰ ਆਕੇ ਖੜੋਤੀ ਰਹੀ ਰੋਟੀ ਖਾਕੇ ਜਦੋਂ ਉਹ ਚੁਲਾ ਕਰਨ ਗਿਆ ਤਾਂ ਉਸਨੇ ਝਾਤ ਮਾਰਕੇ ਵੇਖਿਆ ਥਾਲੀ ਵਿੱਚ ਕੁਝ ਵੀ ਨਹੀਂ ਸੀ। ਭੁਖ ਦਾ ਮਾਰਿਆ ਉਹ ਸਾਰਾ ਹੀ ਖਾ ਗਿਆ।
ਹੇਮਾਂਗਨੀ ਕਾ ਲੜਕਾ ‘ਲਲਤ' ਵੀ ਇਸੇ ਦਾ ਹਾਣੀ ਸੀ | ਜਦ ਉਹਨੂੰ ਖਿਆਲ ਆਇਆ ਕਿ ਜੇ ਮੈਂ ਨਾਂ ਹੋਵਾਂ ਤਾਂ ਖਬਰੇ ਮੇਰੇ ਲੜਕੇ ਦਾ ਵੀ ਏਹੋ ਹਾਲ ਹੋਵੇ, ਉਹ ਦਾ ਗਲ ਭਰ ਆਇਆ, ਉਹ ਮਸਾਂ ਮਸਾਂ ਹੀ ਆਪਣੇ ਆਪਨੂੰ ਕਾਬੂ ਕਰਕੇ ਘਰ ਨੂੰ ਆ ਗਈ।
੪.
ਹੇਮਾਂਗਨੀ ਨੂੰ ਠੰਢ ਦੇ ਕਾਰਨ ਵਿਚ ਵਿਚ ਬੁਖਾਰ ਆ ਜਾਂਦਾ ਸੀ ਤੇ ਇਕ ਦੋ ਦਿਨ ਰਹਿਕੇ ਉਹ ਆਪ ਹੀ ਉਤਰ ਜਾਇਆ ਕਰਦਾ ਸੀ, ਕਈਆਂ ਦਿਨਾਂ ਪਿਛੋਂ ਉਸਨੂੰ ਇਸੇ ਤਰਾਂ ਬੁਖਾਰ ਹੋਇਆ ਹੋਇਆ ਸੀ। ਰਾਤ ਦੇ ਵੇਲੇ ਉਹ ਆਪਣੇ ਬਿਸਤਰੇ ਤੇ ਪਈ ਹੋਈ ਸੀ। ਘਰ ਵਿਚ ਕੋਈ ਨਹੀਂ ਸੀ। ਉਹਨੂੰ ਇਸ ਤਰਾਂ ਮਲੂਮ ਹੋਇਆ ਜਿਦਾਂ ਕੋਈ ਬੂਹੇ ਉਹਲੇ ਖਲੋਤਾ ਅੰਦਰ ਨੂੰ ਝਾਕ ਰਿਹਾ ਹੈ। ਉਹਨੇ ਅਵਾਜ਼ ਦਿਤੀ, “ਬਾਹਰ ਕੌਣ ਖਲੋਤਾ ਹੈ?" ਲਲਤ?
ਕਿਸੇ ਅਵਾਜ਼ ਨ ਦਿਤੀ ਜਦ ਫੇਰ ਬੁਲਾਇਆ ਤਾਂ ਅਵਾਜ਼ ਆਈ "ਮੈਂ ਹਾਂ।"
ਕੌਣ, ਮੈਂ ਕੌਣ ? ਆ ਅੰਦਰ ਆ ਜਾ।
ਕਿਸ਼ਨ ਸੰਗਦਾ ਸੰਗਦਾ ਅੰਦਰ ਆਕੇ ਕਮਰੇ ਦੀ ਇਕ ਕੰਧ ਨਾਲ ਲਗ ਕੇ ਖਲੋ ਗਿਆ, ਹੋਮਾਂਗਨੀ ਉਠ ਕੇ ਬਹਿ ਗਈ। ਉਸਨੂੰ ਪਾਸ ਸੱਦ ਕੇ ਪਿਆਰ ਨਾਲ ਕਹਿਣ ਲੱਗੀ, “ਕਿਉਂ ਕਿਸ਼ਨ’’?
ਕਿਸ਼ਨ ਹੋਰ ਅਗੇ ਹੋਇਆ। ਆਪਣੇ ਮੈਲੇ ਜਹੇ ਦੁਪੱਦੇ ਦੇ ਪੱਲਿਉਂ ਦੋ ਅੱਧ ਪੱਕੇ ਅਮਰੂਦ ਖੋਲ੍ਹ ਕੇ ਆਖਣ ਲੱਗਾ, ਇਹ ਬੁਖਾਰ ਵਿਚ ਚੰਗੇ ਹੁੰਦੇ ਹਨ।'
ਹੇਮਾਂਗਨੀ ਨੇ ਬੜੀ ਚਾਹ ਨਾਲ ਅਗਾਂਹ ਹਥ ਕਰਦੀ ਹੋਈ ਨੇ ਕਿਹਾ ਤੈਨੂੰ ਇਹ ਕਿਥੋਂ ਲੱਭੇ? ਮੈਂ ਕੱਲ ਦੀ ਲੋਕਾਂ ਦੀਆਂ ਮਿਨਤਾਂ ਕਰ ਰਹੀ ਹਾਂ, ਪਰ ਕਿਸੇ ਨਹੀਂ ਲਿਆ ਕੇ ਦਿੱਤੇ।
ਇਹ ਆਖਕੇ ਹੇਮਾਂਗਨੀ ਨੇ ਕਿਸ਼ਨ ਦਾ ਅਮਰੂਦਾਂ ਵਾਲਾ ਹੱਥ ਫੜ ਕੇ ਉਸਨੂੰ ਪਾਸ ਬਿਠਾ ਲਿਆ। ਖੁਸ਼ੀ ਨਾਲ ਕਿਸ਼ਨ ਨੇ ਆਪਣਾ ਲਾਲ ਹੋਇਆ ਮੂੰਹ ਹੇਠਾਂ ਕਰ ਲਿਆ। ਭਾਵੇਂ ਇਹ ਅਮਰੂਦਾਂ ਦੇ ਦਿਨ ਨਹੀਂ ਸਨ, ਤੇ ਨਾ ਹੀ ਹੇਮਾਂਗਨੀ ਅਮਰੂਦ ਖਾਣ ਲਈ ਤਰਲੇ ਲੈਂਦੀ ਸੀ, ਪਰ ਫੇਰ ਵੀ ਇਨ੍ਹਾਂ ਦੋਂਹ ਅਮਰੂਦਾਂ ਨੂੰ ਲਭਦਿਆਂ ਕਿਸ਼ਨ ਦੀ ਦਿਹਾੜੀ ਗਰਕ ਹੈ ਗਈ ਸੀ। ਹੇਮਾਂਗਨੀ ਨੇ ਪੁਛਿਆ, ਕਿਸ਼ਨ ਤੈਨੂੰ ਕਿਨ ਦੱਸਿਆ ਸੀ ਕਿ ਮੈਨੂੰ ਬੁਖਾਰ ਹੈ?'
ਕਿਸ਼ਨ ਨੇ ਕੋਈ ਜਵਾਬ ਨ ਦਿਤਾ ।
ਹੇਮਾਂਗਨੀ ਨੇ ਫੇਰ ਪੁਛਿਆ, “ਇਹ ਕੌਣ ਆਖਦਾ ਸੀ ਕਿ ਮੈਂ ਅਮਰੂਦ ਖਾਣਾ ਚਾਹੁੰਦੀ ਹਾਂ?'
ਕਿਸ਼ਨ ਨੇ ਇਹਦਾ ਵੀ ਕੋਈ ਜਵਾਬ ਨਾ ਦਿੱਤਾ। ਉਹਨੇ ਜਿਓਂ ਨੀਵੀਂ ਪਾਈ ਉਤਾਹਾਂ ਝਾਕਿਆ ਹੀ ਨਹੀਂ। ਹੇਮਾਂਗਨੀ ਨੇ ਪਹਿਲਾਂ ਹੀ ਜਾਣ ਲਿਆ ਸੀ ਕਿ ਲੜਕਾ ਸੁਭਾ ਦਾ ਨਰਮ ਤੇ ਸੰਗਾਊ ਹੈ। ਉਸਨੇ ਇਹਦੇ ਸਿਰ ਤੇ ਹੱਥ ਫੇਰਿਆ! ਪ੍ਰੇਮ ਨਾਲ ਡਰ ਦੂਰ ਕਰਕੇ ਉਸ ਪਾਸੋਂ ਬਹੁਤ ਸਾਰੀਆਂ ਗੱਲਾਂ ਪੁਛ ਲਈਂਆਂ, ਉਹਨੇ ਬਹੁਤ ਪ੍ਰੇਮ ਨਾਲ ਅਮਰੂਦ ਕਿਥੋਂ ਲਿਆਂਦੇ, ਪਿੰਡ ਦੀਆਂ ਹੋਰ ਗੱਲਾਂ ਉਹਦੀ ਮਾਂ ਦੀਆਂ ਗੱਲਾਂ, ਇਥੋਂ ਦੇ ਖਾਣ-ਪੀਣ ਦੀ ਹਾਲਤ, ਹੱਟੀ ਉਤਲਾ ਕੰਮ ਆਦਿ ਸਭ ਕੁਛ ਪੁਛ ਲਿਆ। ਫੇਰ ਆਪਣੀਆਂ ਅੱਖਾਂ ਪੂੰਝਦੀ ਹੋਈ ਬੋਲੀ, ਵੇਖ ਕਿਸ਼ਨ ਤੂੰ ਇਸ ਭੈਣ ਨੂੰ ਨਾਂ ਭੁਲਾਵੀਂ। ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੋਵੇ, ਇੱਥੋਂ ਆਕੇ ਲੈ ਜਾਇਆ ਕਰ।'
ਕਿਸ਼ਨ ਨੇ ਖੁਸ਼ੀ ਨਾਲ ਸਿਰ ਹਿਲਾਕੇ ਆਖਿਆ ‘ਚੰਗਾ’।
ਅਸਲ ਵਿਚ ਪਿਆਰ ਕੀ ਹੁੰਦਾ ਹੈ, ਇਹ ਕਿਸ਼ਨ ਨੇ ਆਪਣੀ ਗਰੀਬ ਮਾਂ ਪਾਸੋਂ ਸਿਖਿਆ ਸੀ। ਇਸੇ ਵਿਚਕਾਰਲੀ ਭੈਣ ਪਾਸੋਂ ਉਸੇ ਪਿਆਰ ਦਾ ਮੁੜ ਸੁਆਦ ਆਕੇ ਉਸਦਾ ਰੁਕਿਆ ਹੋਇਆ ਮਾਂ ਦਾ ਸ਼ੋਕ ਭੁੱਲ ਗਿਆ! ਉਸ ਨੇ ਇਸ ਭੈਣ ਦੀ ਚਰਨ ਧੂੜ ਸਿਰ ਤੇ ਲਾਈ ਤੇ ਖੁਸ਼ੀ ਨਾਲ ਹਵਾ ਵਾਂਗ ਬਾਹਰ ਉਡ ਗਿਆ।
ਪਰ ਉਸਦੀ ਵੱਡੀ ਭੈਣ ਦਾ ਵਿਰੋਧ ਦਿਨਰਾਤ ਵਧਦਾ ਹੀ ਗਿਆ ਕਿਉਂਕਿ ਉਹ ਮਤੇਈ ਮਾਂ ਦਾ ਲੜਕਾ ਸੀ। ਇਹ ਬਿਲਕੁਲ ਬੇ ਆਸਰਾ ਹੈ। ਬਦਨਾਮੀ ਦੇ ਡਰ ਨਾਲ ਉਹਨੂੰ ਪਿਛਾਹਾਂ ਮੋੜਿਆ ਨਹੀਂ ਜਾ ਸਕਦਾ ਤੇ ਘਰ ਰੱਖਕੇ ਉਹ ਖੁਸ਼ ਨਹੀਂ ਸੀ। ਸੋ ਉਹ ਇਹੋ ਸੋਚਦੀ ਸੀ ਕਿ ਜਿੰਨਾਂ ਚਿਰ ਇਹਨੇ ਇਥੇ ਰਹਿਣਾ ਹੈ, ਇਸ ਨੂੰ ਜਿੰਨਾ ਹੋ ਸਕੇ ਵਾਹ ਲੈਣਾ ਚਾਹੀਦਾ ਹੈ।
ਘਰ ਆਉਂਦਿਆਂ ਸਾਰ ਹੀ ਭੈਣ ਗਲ ਪੈ ਗਈ। ਕਿਉਂ ਵੇ ਕਿਸ਼ਨ ਨੂੰ ਦੁਪਹਿਰੇ ਦੁਕਾਨ ਤੋਂ ਭੱਜ ਕੇ ਕਿਥੇ ਗਿਆ ਸਾਏਂ?'
ਕਿਸ਼ਨ ਚੁਪਚਾਪ ਖਲੋਤਾ ਰਿਹਾ, ਕਾਦੰਬਨੀ ਨੇ ਬੜੇ ਹੀ ਗੁੱਸੇ ਵਿੱਚ ਆਕੇ ਆਖਿਆ ਛੇਤੀ ਦੱਸ? ਪਰ ਫੇਰ ਵੀ ਕਿਸ਼ਨ ਨੇ ਕੋਈ ਜਵਾਬ ਨਾ ਦਿਤਾ। ਕਾਦੰਬਨੀ ਉਹਨਾਂ ਲੋਕਾਂ ਵਿਚੋਂ ਨਹੀਂ ਸੀ ਜਿਨਾਂ ਦਾ ਕ੍ਰੋਧ ਕਿਸੇ ਨੂੰ ਚੁੱਪ ਕੀਤਾ ਵੇਖ ਸ਼ਾਂਤ ਹੋ ਜਾਂਦਾ ਹੈ। ਇਸ ਵਾਸਤੇ ਉਹ ਕਿਸ਼ਨ ਦੇ ਮੂੰਹੋ ਅਖਵਾਉਣ ਦੀ ਹੋਰ ਵੀ ਜਿਦ ਕਰਨ ਲੱਗੀ। ਅੰਤ ਵਿਚ ਉਹਨਾਂ ਪਾਂਚੂ ਗੋਪਾਲ ਨੂੰ ਸੱਦ ਕੇ ਇਸ ਗਰੀਬ ਦੇ ਕੰਨ ਪਟਵਾਏ ਤੇ ਰਾਤ ਨੂੰ ਇਸਦੇ ਵਾਸਤੇ ਚੌਲ ਨਹੀਂ ਰੱਖੇ।
ਸੱਟ ਭਾਵੇਂ ਕਿਡੀ ਵੱਡੀ ਕਿਉਂ ਨਾ ਹੋਵੇ ਜੇ ਅੱਗੇ ਉਸਦੀ ਕਿਸੇ ਨਾਲ ਟੱਕਰ ਨ ਹੋਵੇ ਤਾਂ ਉਹ ਕੁਝ ਨਹੀਂ ਵਿਗਾੜ ਸਕਦੀ। ਪਹਾੜ ਤੋਂ ਡਿੱਗਿਆਂ ਹੀ ਹੱਡ ਪੈਰ ਨਹੀਂ ਟੁੱਟ ਜਾਂਦੇ। ਉਹ ਤਦ ਟੁੱਟਦੇ ਹਨ ਜਦ ਜ਼ਮੀਨ ਨਾਲ ਆਕੇ ਟਕਰਾਈਦਾ ਹੈ! ਇਹੋ ਗਲ ਕਿਸ਼ਨ ਦੀ ਬਾਬਤ ਸੀ। ਜਦੋਂ ਤੋਂ ਮਾਂ ਦੇ ਵਿਛੋੜੇ ਨੇ ਉਸਦੇ ਥਲਿਓਂ ਜ਼ਮੀਨ ਕੱਢ ਲਈ ਸੀ ਤਦੋਂ ਤੋਂ ਹੀ ਉਸ ਨੂੰ ਕੋਈ ਵੀ ਸੱਟ ਮਿਟੀ ਵਿੱਚ ਨਹੀਂ ਸੀ ਮਿਲਾ ਸਕੀ।ਉਹ ਗਰੀਬ ਦਾ ਲੜਕਾ ਸੀ,ਪਰ ਉਹਨੇ ਕਦੇ ਦੁਖ ਨਹੀਂ ਸੀ ਵੇਖਿਆ ਤੇ ਨਾਹੀ ਕਦੇ ਉਸਨੇ ਝਿੜਕ ਝੰਬ ਹੀ ਖਾਧੀ ਸੀ। ਇਥੇ ਆਕੇ ਕਾਦੰਬਨੀ ਦੀਆਂ ਝਿੜਕਾਂ ਨੂੰ ਉਹ ਤਾਂਹੀ ਸਹਾਰਦਾ ਰਿਹਾ ਸੀ ਕਿ ਉਸ ਦੇ ਪੈਰਾਂ ਥੱਲੇ ਕੋਈ ਆਸਰਾ ਨਹੀਂ ਸੀ। ਪਰ ਅੱਜ ਉਹ ਇਹ ਗੱਲ ਨਾ ਸਹਾਰ ਸਕਿਆ। ਅੱਜ ਉਹ ਹੇਮਾਂਗਨੀ ਦੇ ਮਾਂ ਵਰਗੇ ਉੱਚੇ ਪਿਆਰ ਦੀ ਸਿਲ ਤੇ ਖਲੋਤਾ ਹੋਇਆ ਸੀ ਤੇ ਇਸੇ ਕਰਕੇ ਉਸ ਨੂੰ ਅੱਜ ਦੇ ਅਪਮਾਨ ਨੇ ਬਿਲਕੁਲ ਹਿਲਾ ਦਿਤਾ। ਦੋਵੇਂ ਮਾਂ ਪੁੱਤ ਇਸ ਬੇਗੁਨਾਹ ਬੱਚੇ ਨੂੰ ਝਿੜਕਾਂ ਦੇ ਤੇ ਨਿਰਾਦਰ ਕਰਕੇ ਚਲੇ ਗਏ। ਇਹ ਵਿਚਾਰਾ ਹਨੇਰੇ ਵਿਚ ਹੀ ਜ਼ਮੀਨ ਤੇ ਪਿਆ, ਕਈਆਂ ਦਿਨਾਂ ਪਿੱਛੋਂ ਆਪਣੀ ਮਾਂ ਤੇ ਵਿਚਕਾਰਲੀ ਭੈਣ ਨੂੰ ਯਾਦ ਕਰ ਕਰ ਕੇ ਫੁਟ ਫੁਟ ਕੇ ਰੋਣ ਲੱਗਾ।
੫.
ਦੂਜੇ ਦਿਨ ਕਿਸ਼ਨ ਸਵੇਰੇ ਹੀ ਚੁਪ ਚਾਪ ਹੇਮਾਂਗਨੀ ਦੀ ਪੈਂਦ ਤੇ ਜਾ ਬੈਠਾ। ਹੇਮਾਂਗਨੀ ਨੇ ਆਪਣੇ ਪੈਰ ਥੋੜੇ ਜਹੇ ਉਤਾਂਹ ਖਿੱਚ ਲਏ ਤੇ ਪਿਆਰ ਪੂਰਬਕ ਕਿਹਾ, “ਕਿਸ਼ਨ ਅੱਜ ਦੁਕਾਨ ਤੇ ਕਿਉਂ ਨਹੀਂ ਗਿਆ?"
"ਹੁਣ ਜਾਵਾਂਗਾ।"
"ਚਿਰ ਨਾ ਲਾ ਵੀਰਾ,ਹੁਣੇ ਚਲਿਆ ਜਾਹ ਨਹੀਂ ਤੇ ਉਹ ਗਾਲਾਂ ਕੱਢਣ ਲੱਗ ਜਾਇਗੀ।"
ਕਿਸ਼ਨ ਦਾ ਚਿਹਰਾ ਇਕ ਵਾਰੀ ਲਾਲ ਤੇ ਇਕ ਵਾਰੀ ਫੇਰ ਪੀਲਾ ਪੈ ਗਿਆ। 'ਚੰਗਾ ਜਾਂਦਾ ਹਾਂ’ ਇਹ ਆਖ ਕੇ ਉਹ ਉਠ ਬੈਠਾ। ਐਧਰ ਉਧਰ ਵੇਖ ਕੇ ਉਹ ਕੁਝ ਆਖਣਾ ਚਾਹੁੰਦਾ ਸੀ, ਪਰ ਫੇਰ ਚੁੱਪ ਹੋ ਗਿਆ। ਹੇਮਾਂਗਨੀ ਨੇ ਉਹਦੇ ਮਨ ਦੀ ਗੱਲ ਬੁਝਦੀ ਹੋਈ ਨੇ ਆਖਿਆ, ਕੀ ਮੈਨੂੰ ਕੁਝ ਆਖਦਾ ਹੈਂ?
ਕਿਸ਼ਨ ਨੇ ਜ਼ਮੀਨ ਵੱਲ ਵੇਖਦਿਆਂ ਹੋਇਆਂ ਆਖਿਆ, “ਭੈਣ ਕਲ ਦੀ ਰੋਟੀ ਨਹੀਂ ਮਿਲੀ।"
"ਕੀ ਆਖਿਆਈ ਤੂੰ ਕੱਲ ਦਾ ਭੁੱਖਾ ਏਂ?"
ਕੁਝ ਚਿਰ ਤਾਂ ਹੇਮਾਂਗਨੀ ਚੁੱਪ ਕਰ ਰਹੀ, ਪਰ ਫੇਰ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ ! ਉਹਨੇ ਉਹਦਾ ਹੱਥ ਫੜ ਕੇ ਪਾਸ ਬਿਠਾ ਲਿਆ ਤੇ ਸਾਰੀਆਂ ਗੱਲਾਂ ਸੁਣ ਕੇ ਆਖਿਆ “ਕਲ ਰਾਤ ਨੂੰ ਹੀ ਇੱਥੇ ਕਿਉਂ ਨਾ ਆ ਗਿਓਂ?'
ਕਿਸ਼ਨ ਚੁੱਪ ਹੋ ਰਿਹਾ। ਹੇਮਾਂਗਨੀ ਪਲੇ ਨਾਲ ਅੱਥਰੂ ਪੂੰਝ ਦੀ ਹੋਈ ਬੋਲੀ, ਵੀਰਾ ਤੈਨੂੰ ਮੇਰੇ ਸਿਰ ਦੀ ਸੌਂਹ ਹੈ, ਕਲ ਤੋਂ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਥਾਂ ਹੀ ਸਮਝਣਾ।
ਕਿਸੇ ਵੇਲੇ ਇਹ ਗੱਲਾਂ ਕਾਦੰਬਨੀ ਕੋਲ ਵੀ ਪੁਜ ਗਈਆਂ, ਉਹਨੇ ਆਪਣੇ ਘਰ ਵਿਚਕਾਰਲੀ ਨੋਂਹ ਨੂੰ ਸੱਦ ਕੇ ਆਖਿਆ, “ਕੀ ਮੈਂ ਆਪਣੇ ਭਰਾ ਨੂੰ ਖਿਲਾ ਨਹੀਂ ਸਕਦੀ ਜੋ ਤੂੰ ਉਹਦੇ ਗਲ ਪੈਕੇ ਐਨੀਆਂ ਗੱਲਾਂ ਕਰਨ ਗਈਓਂ?"
ਗੱਲਾਂ ਦਾ ਢੰਗ ਵੇਖਕੇ ਹੇਮਾਂਗਨੀ ਦੇ ਸਾਰੇ ਸਰੀਰ ਵਿਚ ਅੱਗ ਲੱਗ ਗਈ । ਪਰ ਉਹਨੇ ਫੇਰ ਵੀ ਇਸ ਭਾਵ ਨੂੰ ਲੁਕਾ ਕੇ ਆਖਿਆ, ਜੇ ਮੈਂ ਉਹਦੇ ਗਲ ਪੈਕੇ ਹੀ ਕੁਝ ਆਖਿਆ ਹੈ ਤਾਂ ਇਹਦੇ ਵਿਚ ਬੁਰਾ ਕੀ ਹੋਗਿਆ?
ਕਾਦੰਬਨੀ ਨੇ ਆਖਿਆ, ਜੇ ਮੈਂ ਤੁਹਾਡੇ ਲੜਕੇ ਸੱਦ ਕੇ ਏਦਾਂ ਦੀਆਂ ਗੱਲ ਆਖਾਂ ਤਾਂ ਤੇਰੀ ਕੀ ਇੱਜ਼ਤ ਰਹੇ?
ਜੇ ਤੂੰ ਇਸੇ ਤਰਾਂ ਉਸਨੂੰ ਸੀਖੀ ਜਾਏਂਗੀ ਤਾਂ ਮੈਂ ਉਹਨੂੰ ਕਿਦਾਂ ਕਾਬੂ ਵਿੱਚ ਰਖ ਸਕਾਂਗੀ ?'
ਹੁਣ ਹੇਮਾਂਗਨੀ ਪਾਸੋਂ ਨਾ ਸਹਾਰਿਆ ਗਿਆ, ਉਸ ਨੇ ਆਖਿਆ "ਭੈਣ ਮੈਂ ਪੰਦਰਾਂ ਸੋਲਾਂ ਸਾਲ ਤੇਰੇ ਨਾਲ ਵਰਤ ਕੇ ਤੈਨੂੰ ਚੰਗੀ ਤਰਾਂ ਪਛਾਣ ਚੁਕੀ ਹਾਂ। ਪਹਿਲਾਂ ਆਪਣੇ ਲੜਕੇ ਨੂੰ ਭੁੱਖਾ ਰਖਕੇ ਉਹਦੇ ਤੇ ਕਾਬੂ ਪਾਓ ਫੇਰ ਮੈਂ ਗਲ ਲਗਕੇ ਗਲਾਂ ਨਹੀਂ ਕਰਾਂਗੀ।
ਕਾਦੰਬਨੀ ਨੇ ਚੁੱਪ ਜਹੀ ਵੱਟ ਕੇ ਆਖਿਆ, “ਉਹ ਮੇਰੇ ਪਾਂਚੂ ਗੋਪਾਲ ਨਾਲ ਰੱਲ ਗਿਆ? ਦੇਵਤੇ ਦੇ ਨਾਲ ਬਾਂਦਰ ਦੀ ਬਰਾਬਰੀ? ਮੈਂ ਸੋਚਦੀ ਹਾਂ ਪਤਾ ਨਹੀਂ ਤੂੰ ਏਸ ਤੋਂ ਬਿਨਾਂ ਹੋਰ ਕੀ ਆਖਦੀ ਫਿਰੇਂਗੀ?
ਹੇਮਾਂਗਨੀ ਨੇ ਜਵਾਬ ਦਿਤਾ, ਮੈਂ ਜਾਣਦੀ ਹਾਂ ਕਿ ਕਿਹੜਾ ਦੇਵਤਾ ਹੈ ਤੇ ਕਿਹੜਾ ਬਾਂਦਰ। ਹੁਣ ਮੈਂ ਹੋਰ ਕੁਝ ਨਹੀਂ ਆਖਦੀ, ਜੇ ਆਖਾਂਗੀ ਤਾਂ ਇਹੋ ਕਿ ਤੇਰੇ ਵਰਗੀ ਬੇਸ਼ਰਮ ਤੇ ਬੇਹੱਯਾ ਔਰਤ ਦੁਨੀਆਂ ਵਿਚ ਹੋਰ ਕੋਈ ਨਹੀਂ।
ਇਹ ਆਖਕੇ ਬਿਨਾ ਕਿਸੇ ਜੁਵਾਬ ਉਡੀਕੇ ਦੇ ਹੇਮਾਂਗਨੀ ਨੇ ਆਪਣੀ ਬਾਰੀ ਬੰਦ ਕਰ ਲਈ । ਉਸ ਦਿਨ ਸ਼ਾਮ ਨੂੰ ਘਰ ਵਾਲਿਆਂ ਦੇ ਘਰ ਆਉਣ ਤੋਂ ਪਹਿਲੋਂ ਵੱਡੀ ਨੋਂਹ ਨੇ ਆਪਣੇ ਵਿਹੜੇ ਵਿਚ ਖਲੋਕੇ ਟਹਿਲਣ ਨੂੰ ਇਸ਼ਾਰਾ ਕਰਦੀ ਹੋਈ ਨੇ ਗੱਜ ਗੱਜ ਕੇ ਆਖਣਾ ਸ਼ੁਰੂ ਕਰ ਦਿੱਤਾ, "ਜੋ ਦਿਨ ਰਾਤ ਕਰਦੇ ਨੇ ਉਹੋ ਇਸ ਨੂੰ ਖੋਲ੍ਹ ਕੇ ਦਸ ਸਕਣਗੇ। ਵੇਖਾਂਗੀ ਕਿ ਮਾਂ ਨਾਲੋਂ ਵਧੇਰੇ ਮਾਸੀ ਨੂੰ ਦਰਦ ਹੁੰਦਾ ਹੈ। ਆਪਣੇ ਭਰਾ ਦੀ ਦੁਖ ਪੀੜ ਮੈਂ ਨਹੀਂ ਸਮਝਦੀ ਤੇ ਲੋਕ ਬਹੁਤ ਸਮਝਦੇ ਹਨ। ਜਿਹੜਾ ਸਾਨੂੰ ਭੈਣ ਭਰਾਵਾਂ ਨੂੰ ਆਪੋ ਵਿਚ ਦੀ ਲੜਾਕੇ ਬਾਹਰ ਖੜਾ ਤਮਾਸ਼ਾ ਵੇਖੇਗਾ ਇਸ ਦਾ ਕਦੇ ਵੀ ਭਲਾ ਨਹੀਂ ਹੋਣਾ, ਮੈਂ ਸਾਫ ਸਾਫ ਆਖ ਦੇਂਦੀ ਹਾਂ।" ਇਹ ਆਖਕੇ ਕਾਦੰਬਨੀ ਰਸੋਈ ਵਿਚ ਚਲੀ ਗਈ।
ਦਿਰਾਣੀ ਜਿਠਾਣੀ ਵਿਚ ਏਹੋ ਜਹੀਆਂ ਝੜਫਾਂ ਕਈ ਵਾਰੀ ਹੋ ਚੁਕੀਆਂ ਹਨ, ਪਰ ਅੱਜ ਕੁਝ ਤੇਜੀ ਜਿਆਦਾ ਸੀ। ਕਈ ਵੇਰ ਹੇਮਾਂਗਨੀ ਇਸ ਦੀਆਂ ਗੱਲਾਂ ਸੁਣ ਕੇ ਵੀ ਅਨਸੁਣੀਆਂ ਕਰ ਛਡਦੀ ਸੀ, ਸਮਝ ਕੇ ਵੀ ਆਪਣੇ ਉਤੇ ਨਹੀਂ ਸੀ ਲੈਂਦੀ, ਪਰ ਅੱਜ ਉਸ ਦਾ ਸਰੀਰ ਠੀਕ ਨਹੀਂ ਸੀ। ਇਸ ਕਰਕੇ ਉਹ ਵੀ ਉਠ ਆਈ ਤੇ ਖਿੜਕੀ ਦੇ ਪਾਸ ਆ ਕੇ ਕਹਿਣ ਲੱਗੀ, "ਬੀਬੀ ਇਹੋ ਆਖ ਕੇ ਕਿਉਂ ਚੁਪ ਹੋ ਗਈ? ਸ਼ਾਇਦ ਭਗਵਾਨ ਨੇ ਹੁਣ ਤੱਕ ਤੇਰੀ ਸੁਣੀ ਨਾ ਹੋਵੇ। ਜਰਾ ਹੋਰ ਥੋੜਾ ਚਿਰ ਸਾਡੇ ਬਾਰੇ ਵਿਚ ਰੱਬ ਨੂੰ ਕੁਝ ਕਹਿ ਸੁਣ ਲੈ। ਜੀਤ ਜੀ ਆਉਣ, ਉਹ ਵੀ ਸੁਣ ਲੈਣ । ਜੇ ਹੁਣੇ ਹੀ ਥੱਕ ਗਈਓ ਤਾਂ ਫੇਰ ਕੀ ਬਣੇਗਾ?"
ਕਾਦੰਬਨੀ ਵੀ ਭੱਜੀ ਭੱਜੀ ਵਿਹੜੇ ਵਿਚ ਆ ਗਈ। ਸਿਰ ਉਠਾ ਕੇ ਕਹਿਣ ਲੱਗੀ, 'ਮੈਂ ਕਿਸੇ ਔਂਤਰੇ ਨਿਖੱਤੇ ਦਾ ਨਾ ਲਿਆ ਏ?'
ਹੇਮਾਂਗਨੀ ਨੇ ਉੱਦਾਂ ਹੀ ਸਹਿ ਸੁਭਾ ਆਖਿਆ, “ਭਲਾ ਤੈਨੂੰ ਨਾ ਲੈਣ ਦੀ ਕੀ ਲੋੜ ਹੈ । ਕੀ ਲੋਕੀ ਸਮਝ ਨਹੀਂ ਸਕਦੇ? ਤੂੰ ਹੀ ਸਭ ਨਾਲੋਂ ਸਿਆਣੀ ਏਂ। ਇਹ ਕੀਹਦੇ ਸਿਰ ਵਿਚ ਭਿਉਂ ਭਿਉਂ ਕੇ ਮਾਰ ਰਹੀਏਂ ਕੀ ਇਹਨੂੰ ਕੋਈ ਵੀ ਨਹੀਂ ਸਮਝਦਾ?"
ਹੁਣ ਕਾਦੰਬਨੀ ਨੇ ਆਪਣਾ ਅਸਲੀ ਰੂਪ ਧਾਰਿਆ, ਚੰਗੀ ਤਰਾਂ ਜੀ ਖੋਲ੍ਹਕੇ ਤੇ ਹੱਥ ਮਾਰ ਮਾਰਕੇ ਲੜਨ ਲੱਗੀ, “ਕੋਈ ਸੌ ਵਾਰੀ ਸਮਝੇ, ਮੇਰੀ ਵਜੇ ਜੁੱਤੀ ਤੋਂ। ਜਿਹੜਾ ਕਾਣਾ ਹੁੰਦਾ ਹੈ, ਉਹ ਕਿੱਦਾਂ ਚੁੱਪ ਕਰਕੇ ਸੁਣ ਸਕਦਾ ਹੈ? ਫੇਰ ਕੀ ਤੂੰ ਹੀ ਸਭ ਨਾਲੋਂ ਸਿਆਣੀ ਰਹਿ ਗਈ ਏਂ? ਜਦੋਂ ਕਿਸ਼ਨ ਆਇਆ ਸੀ, ਚਪੇੜ ਖਾਕੇ ਵੀ ਨਹੀਂ ਸੀ ਉਭਾਸਰਦਾ। ਜੋ ਆਖਦੀ ਸਾਂ ਚੁੱਪ ਚਾਪ ਕਹੀ ਜਾਂਦਾ ਸੀ, ਹੁਣ ਅਜੇ ਦੁਪਿਹਰੇ ਉਹ ਕਿਸੇ ਦੀ ਛਹਿ ਨਾਲ ਜਵਾਬ ਦੇ ਗਿਆ ਹੈ, ਜ਼ਰਾ ਪ੍ਰਸੰਨ ਦੀ ਮਾਂ ਨੂੰ ਪੁੱਛ ਲੈ ਖਾਂ।
ਪਸੰਨ ਦੀ ਮਾਂ ਨੇ ਆਖਿਆ, ਇਹ ਤਾਂ ਠੀਕ ਹੈ । ਅਜ ਦੁਪਹਿਰ ਨੂੰ ਜਦੋਂ ਉਸ ਚਾਵਲ ਛੱਡ ਦਿਤੇ ਤਾਂ ਮਾਲਕਿਆਣੀ ਨੇ ਆਖਿਆ, ਜੂਠ ਕਿਉਂ ਛੱਡੀਊ? ਇਹ ਸੁਣ ਕੇ ਉਸ ਨੇ ਕਿਹਾ ਛੱਡੀਊ। ਮੈਂ ਆਪਣੀ ਵਿਚਕਾਰਲੀ ਭੈਣ ਦੇ ਹੁੰਦਿਆਂ ਕਿਸੇ ਪਾਸੋਂ ਨਹੀਂ ਡਰਦਾ।
ਕਾਦੰਬਨੀ ਨੇ ਮਾਣ ਨਾਲ ਆਖਿਆ, ਹੁਣ ਤਾਂ ਮਲੂਮ ਹੋਗਿਆ ਕਿ ਨਾਂ? ਦਸ ਕਿਹਦੀ ਸ਼ਹਿ ਨਾਲ ਉਹ ਐਨਾ ਬੇ ਖੌਫ ਹੋ ਗਿਆ ਹੈ ? ਮੈਂ ਤੈਨੂੰ ਸਾਫ ਆਖ ਦੇਂਦੀ ਹਾਂ ਕਿ ਤੂੰ ਉਹਨੂੰ ਘੜੀ ਮੁੜੀ ਨ ਸਦਿਆ ਕਰ, ਸਾਡੇ ਭੈਣ ਭਰਾਵਾਂ ਦੇ ਵਿਚ ਤੂੰ ਨਾ ਲੱਤਾਂ ਅੜਾ |
ਹੇਮਾਂਗਨੀ ਨੇ ਫੇਰ ਕੁਝ ਨਾ ਆਖਿਆ,ਇੱਕ ਕੀੜਾ ਵੀ ਸੱਪ ਵਾਂਗ ਕੱਟਣ ਨੂੰ ਪੈਂਦਾ ਹੈ,ਇਹ ਵੇਖਕੇ ਉਹ ਬਹੁਤ ਹੈਰਾਨ ਹੋ ਗਈ। ਉਹ ਖਿੜਕੀ ਤੋਂ ਪਿਛੇ ਹੱਟਕੇ ਬਹਿ ਗਈ।
ਹੇਮਾਂਗਨੀ ਦਾ ਸਿਰ ਫੇਰ ਭਾਰਾ ਹੋਗਿਆ ਤੇ ਉਹ ਬੁਖਾਰ ਜਿਹਾ ਮਲੂਮ ਹੋਣ ਲਗਾ । ਏਸੇ ਕਰਕੇ ਉਹ ਮੁਰਦਿਆਂ ਵਾਂਗ ਪਲੰਘ ਤੇ ਹੋ ਰਹੀ ਇਸ ਦਾ ਸੁਆਮੀ ਕਮਰੇ ਵਿਚ ਵੜਦਾ ਹੀ ਬਿਨਾਂ ਕੁਝ ਵੇਖੇ ਦੇ ਆਖਣ ਲੱਗਾ, ਅਜ ਭਾਬੀ ਦੇ ਭਰਾ ਦੀ ਬਾਬਤ ਕੀ ਝਗੜਾ ਖੜਾ ਕਰ ਲਿਆ ਹੈ? ਕਿਸੇ ਦੀ ਕੋਈ ਸੁਣਦੇ ਹੁੰਦੇ ਹੋ ਕਿ ਨਹੀਂ। ਜਿਸ ਕਰਮਾਂ ਮਾਰੇ ਦੇ ਪਿਛੇ ਹੱਥ ਧੋ ਕੇ ਪੈ ਜਾਓਗੇ ਉਹਦਾ ਖਹਿੜਾ ਵੀ ਛਡੋਗੇ ਜਾਂ ਨਹੀਂ? ਮੈਨੂੰ ਰੋਜ਼ ਦਾ ਇਹ ਬਖੇੜਾ ਚੰਗਾ ਨਹੀਂ ਲਗਦਾ। ਅੱਜ ਭਾਬੀ ਨੇ ਮੈਨੂੰ ਕਈ ਗਲਾਂ ਸੁਣਾਈਆਂ ਹਨ।
ਹੇਮਾਂਗਨੀ ਨੇ ਠੰਢੇ ਸੁਭਾ ਨਾਲ ਜਵਾਬ ਦਿਤਾ ਤੁਹਾਡੀ ਭਾਬੀ ਹੱਕ ਦੀ ਗਲ ਕਦੇ ਕਰਦੀ ਹੈ ਜੋ ਅੱਜ ਹੀ ਨਾਹੱਕੀਆਂ ਸੁਣਾ ਦਿੱਤੀਆਂ ਹਨ।
ਪਰ ਅੱਜ ਤਾਂ ਉਸਨੇ ਠੀਕ ਹੀ ਆਖਿਆ ਹੈ। ਮੈਂ ਤੇਰਾ ਸੁਭਾ ਜਾਣਦਾ ਹਾਂ। ਉਸ ਦਿਨ ਗੁਆਲੇ ਦੇ ਲੜਕੇ ਦੀ ਬਾਬਤ ਵੀ ਏਦਾਂ ਹੀ ਕੀਤਾ ਸੀ, ਮੋਤੀ ਕੁਮਿਹਾਰ ਦੇ ਭਾਣਜੇ ਦਾ ਇਹੋ ਜਿਹਾ ਚੰਗਾ ਬਾਗ ਤੇਰੇ ਕਰਕੇ ਹੀ ਹਥੋਂ ਨਿਕਲ ਗਿਆ ਸੀ, ਉਲਟਾ ਪੁਲਸ ਨੂੰ ਠੰਡਿਆਂ ਕਰਨ ਲਈ ਸੌ ਡੇਢ ਸੌ ਰੁਪੈ ਦੇਣੇ ਪਏ ਸਨ ਕੀ ਤੂੰ ਆਪਣਾ ਭਲਾ ਬੁਰਾ ਵੀ ਨਹੀਂ ਸਮਝਦੀ? ਆਖਰ ਤੇਰਾ ਇਹ ਸੁਭਾ ਕਦੋਂ ਜਾਇਗਾ?
ਹੁਣ ਹੇਮਾਂਗਨੀ ਉੱਠ ਕੇ ਬਹਿ ਗਈ ਤੇ ਆਪਣੇ ਪਤੀ ਦੇ ਮੂੰਹ ਵਲ ਵੇਖਕੇ ਬੋਲੀ, 'ਮੇਰਾ ਸੁਭਾ ਤਾਂ ਮਰਨ ਤੋਂ ਪਹਿਲਾਂ ਨਹੀਂ ਬਦਲ ਸਕਦਾ, ਮੈਂ ਹਾਂ ਮੇਰੇ ਕੁੱਛੜ ਬੱਚੇ ਹਨ ਤੇ ਫੇਰ ਭਗਵਾਨ ਹਨ। ਇਹਦੇ ਤੋਂ ਵੱਧ ਹੋਰ ਕੁਛ ਮੈਂ ਆਖਣਾ ਨਹੀਂ ਚਾਹੁੰਦੀ ਮੇਰਾ ਦਿਲ ਖਰਾਬ ਹੈ ਬਹੁਤਾ ਬੋਲ ਨਹੀਂ ਸਕਦੀ ਹੁਣ ਤੁਸੀ ਚਲੇ ਜਾਓ?' ਇਹ ਆਖਕੇ ਉਹ ਚਾਦਰ ਤਾਣ ਕੇ ਤੇ ਪਾਸਾ ਮੋੜ ਕੇ ਲੰਮੀ ਪੈ ਗਈ।
ਵਿਪਨ ਨੂੰ ਹੋਰ ਝਗੜਾ ਕਰਨ ਦਾ ਹੌਸਲਾ ਨਾ ਹੋ ਸਕਿਆ ਪਰ ਉਹ ਮਨ ਹੀ ਮਨ ਵਿਚ ਆਪਣੀ ਇਸਤਰੀ ਤੇ ਇਸ ਰਾਹ ਜਾਂਦੀ ਬਲਾ ਕਿਸ਼ਨ ਤੇ ਬਹੁਤ ਹੀ ਚਿੜ ਗਿਆ।
੬.
ਦੂਜੇ ਦਿਨ ਬਾਰੀ ਖੋਲ੍ਹਦਿਆਂ ਹੀ ਹੇਮਾਂਗਨੀ ਦੇ ਕੰਨਾਂ ਵਿੱਚ ਜਠਾਣੀ ਦੀ ਤਿਖੀ ਜਹੀ ਅਵਾਜ਼ ਪਈ, ਉਹ ਸੁਵਾਮੀ ਨੂੰ ਆਖ ਰਹੀ ਸੀ, 'ਉਹ ਲੜਕਾ ਕਲ ਦਾ ਭੱਜਾ ਹੋਇਆ ਹੈ ਤੁਸਾਂ ਉਸਦਾ ਕੋਈ ਪਤਾ ਨਹੀਂ ਕੀਤਾ।'
ਸਵਾਮੀ ਨੇ ਉੱਤਰ ਦਿੱਤਾ, 'ਚੁਲ੍ਹੇ ਵਿੱਚ ਪਏ, ਸਾਨੂੰ ਲੱਭਣ ਦੀ ਕੀ ਲੋੜ ਹੈ ।'
ਇਸਤਰੀ ਸਾਰੇ ਮਹੱਲੇ ਨੂੰ ਸੁਣਾਉਂਦੀ ਹੋਈ ਆਖਣ ਲੱਗੀ, "ਤਾਂ ਫੇਰ ਲੋਕਾਂ ਦੀਆਂ ਉਂਗਲਾਂ ਅੱਗੇ ਸਾਡਾ ਪਿੰਡ ਵਿਚ ਰਹਿਣਾ ਮੁਸ਼ਕਲ ਹੋ ਜਾਏਗਾ। ਇੱਥੇ ਸਾਡੇ ਕਈ ਦੁਸ਼ਮਣ ਹਨ। ਜੇ ਕਿਤੇ ਡਿਗ ਡੁਗ ਕੇ ਮਰ ਗਿਆ ਤਾਂ ਸਾਰਿਆਂ ਨੂੰ ਵੱਡੇ ਘਰ ਦੀ ਹਵਾ ਖਾਣੀ ਪਏਗੀ।"
ਹੇਮਾਂਗਨੀ ਸਾਰੀਆਂ ਗੱਲਾਂ ਨੂੰ ਸਮਝ ਗਈ । ਉਸ ਨੇ ਇਕ ਲੰਮਾ ਸਾਰਾ ਹੌਕਾ ਲਿਆ ਤੇ ਖਿੜਕੀ ਬੰਦ ਕਰਕੇ ਅੰਦਰ ਚਲੀ ਗਈ।
ਦੁਪਹਿਰ ਦੇ ਵੇਲੇ ਉਹ ਰਸੋਈ ਦੇ ਬਰਾਂਡੇ ਵਿਚ ਬੈਠੀ ਰੋਟੀ ਖਾ ਰਹੀ ਸੀ ਕਿ ਦੱਬੇ ਦੱਬੇ ਪੈਰੀਂ ਕਿਧਰੋਂ ਕਿਸ਼ਨ ਆਕੇ ਸਾਹਮਣੇ ਖੜਾ ਹੋ ਗਿਆ। ਉਹਦੇ ਸਿਰ ਦੇ ਵਾਲ ਰੁਖੇ ਸਨ ਤੇ ਮੂੂੰਹ ਸੁਕਿਆ ਹੋਇਆ ਸੀ । ਹੇਮਾਂਗਨੀ ਨੇ ਪੁਛਿਆ, "ਵੇ ਕਿਸ਼ਨ ਕਿਧਰ ਭੱਜ ਗਿਆ ਸਾਂਏ?"
"ਭੱਜਿਆ ਤਾਂ ਕਿਧਰੇ ਨਹੀਂ ਸਾਂ ਕੱਲ ਤਰਕਾਲਾਂ ਨੂੰ ਦੁਕਾਨ ਤੇ ਹੀ ਸੌਂ ਗਿਆ ਸਾਂ । ਜਦ ਜਾਗ ਆਈ ਤਾਂ ਵੇਖਿਆ ਕਿ ਅੱਧੀ ਰਾਤ ਹੋ ਗਈ ਹੈ । ਭੈਣ ਭੁੱਖ ਲੱਗੀ ਹੈ।"
"ਜਾ ਉਸੇ ਘਰੋਂ ਜਾ ਕੇ ਖਾ।” ਆਖ ਕੇ ਹੇਮਾਂਗਨੀ ਰੋਟੀ ਖਾਣ ਲੱਗ ਪਈ । ਕੋਈ ਇਕ ਮਿੰਟ ਚੁਪ ਚਾਪ ਖੜਾ ਹੋਣ ਤੋਂ ਪਿੱਛੋਂ ਕਿਸ਼ਨ ਜਾਣ ਹੀ ਲੱਗਾ ਸੀ ਕਿ ਹੇਮਾਂਗਨੀ ਨੇ ਉਹਨੂੰ ਸੱਦ ਕੇ ਬੁਲਾਇਆ ਤੇ ਲਾਂਗਰਿਆਣੀ ਨੂੰ ਰੋਟੀ ਦੇਣ ਲਈ ਆਖਿਆ।
ਕਿਸ਼ਨ ਅਜੇ ਅੱਧੀ ਰੋਟੀ ਹੀ ਖਾ ਚੁਕਾ ਸੀ ਕਿ ਬਾਹਰੋਂ ਉਮਾਂ ਘਬਰਾਈ ਹੋਈ ਆਈ ਤੇ ਇਸ਼ਾਰੇ ਨਾਲ ਦਸਿਆ ਕਿ ਬਾਬੂ ਜੀ ਆ ਰਹੇ ਹਨ।
ਲੜਕੀ ਦਾ ਭਾਵ ਜਾਣਕੇ ਮਾਂ ਨੂੰ ਬੜਾ ਅਸਚਰਜ ਹੋਇਆ। ਆਉਂਦੇ ਨੇ ਤਾਂ ਆਉਣ ਦੇਹ ਤੂੰ ਏਦਾਂ ਕਿਉਂ ਕਰ ਰਹੀ ਏਂ?
ਉਮਾਂ ਕਿਸ਼ਨ ਦੇ ਪਿਛਲੇ ਪਾਸੇ ਖੜੀ ਸੀ, ਉਹਨੇ ਉਂਗਲੀ ਨਾਲ ਕਿਸ਼ਨ ਵੱਲ ਸਿਰਫ ਇਸ਼ਾਰਾ ਕਰਦੀ ਨੇ ਸਮਝਾਇਆ ਕਿ ਇਹ ਖਾ ਜੂ ਰਿਹਾ ਏ।
ਕਿਸ਼ਨ ਨੇ ਖੁਸ਼ੀ ਨਾਲ ਆਪਣੀ ਧੌਣ ਪਿਛਾਂਹ ਮੋੜ ਲਈ ਸੀ । ਉਮਾਂ ਦੀ ਘਬਰਾਈ ਹੋਈ ਨਜ਼ਰ ਤੇ ਸ਼ਕ ਭਰੇ ਮੂੰਹ ਦੇ ਇਸ਼ਾਰੇ ਨੂੰ ਉਸਨੇ ਵੇਖਿਆ ਪਲ ਵਿਚੋਂ ਹੀ ਦਾ ਉਹਦਾ ਚਿਹਰਾ ਚਿੱਟਾ ਹੋਗਿਆ ਉਹ ਕਿੰਨਾਂ ਡਰਿਆ, ਇਹ ਉਹ ਆਪ ਹੀ ਜਾਣਦਾ ਸੀ । "ਉਹ ਭਾਈਆ ਜੀ ਆ ਰਹੇ ਹਨ ।" ਇਹ ਆਖਕੇ ਰੋਟੀ ਦੀ ਥਾਲੀ ਵਿਚੇ ਛੱਡ ਕੇ ਉਹ ਰਸੋਈ ਦੀ ਇਕ ਨਕਰੇ ਜਾ ਖਲੋਤਾ, ਉਸ ਨੂੰ ਵੇਖਕੇ ਉਮਾਂ ਇਕ ਪਾਸੇ ਚਲੀ ਗਈ । ਜਿਦਾਂ ਦੀ ਹਰਕਤ ਮਾਲਕ ਮਕਾਨ ਦੇ ਆ ਜਾਣ ਤੇ ਚੋਰ ਕਰਦੇ ਹਨ ਉਸੇ ਤਰ੍ਹਾਂ ਇਹ ਵੀ ਕਰ ਬੈਠੇ। ਪਹਿਲਾਂ ਤਾਂ ਹੇਮਾਂਗਨੀ ਨੇ ਇਕ ਵਾਰੀ ਉਸ ਪਾਸੇ ਤੇ ਇਕ ਵਾਰੀ ਇਸ ਪਾਸੇ ਵੇਖਿਆ ਤੇ ਇਸ ਤੋਂ ਪਿੱਛੋਂ ਉਹ ਕੰਧ ਤੇ ਸ਼ਾਂਤ ਹੋਕੇ ਬਹਿ ਗਈ । ਜਾਣੀ ਦੀ ਲੱਜਿਆ ਦੀ ਛੁਰੀ ਉਹਦੇ ਕਲੇਜੇ ਵਿਚ ਵੱਜੀ ਸੀ । ਉਸੇ ਵੇਲੇ ਵਿਪਿਨ ਆ ਗਏ। ਸਾਹਮਣੇ ਘਰ ਵਾਲੀ ਨੂੰ ਏਦਾਂ ਬੈਠੀ ਵੇਖਕੇ ਪਾਸ ਜਾਕੇ ਕਾਹਲਾ ਜਿਹਾ ਪੈਕੇ ਪੁਛਿਆ, 'ਇਹ ਕੀ? ਰੋਟੀ ਨੂੰ ਸਾਹਮਣੇ ਰੱਖ ਕੇ ਏਦਾਂ ਕਿਉਂ ਬੈਠੀਏਂ?"
ਹੇਮਾਂਗਨੀ ਨੇ ਕੋਈ ਜਵਾਬ ਨ ਦਿੱਤਾ, ਵਿਪਨ ਨੇ ਹੋਰ ਵੀ ਕਾਹਲਾ ਜਿਹਾ ਪੈਕੇ ਆਖਿਆ, “ਕੀ ਫੇਰ ਬੁਖਾਰ ਹੋ ਗਿਆ? ਇਸ ਤੋਂ ਪਿੱਛੋਂ ਉਸ ਦੀ ਨਜ਼ਰੇ ਉਹ ਥਾਲੀ ਪਈ ਜਿਸ ਵਿਚ ਅੱਧੇ ਚੌਲ ਪਏ ਹੋਏ ਸਨ। ਪੁਛਿਆ, ਇਹ ਐਨੇ ਚੌਲ ਥਾਲੀ ਵਿਚ ਛੱਡ ਕੇ ਕੌਣ ਉਠ ਗਿਆ?"
ਹੇਮਾਂਗਨੀ ਉਠ ਕੇ ਬਹਿ ਗਈ, ਕਹਿਣ ਲੱਗੀ, ਨਹੀਂ ਉਸ ਘਰ ਦਾ ਕਿਸ਼ਨ ਖਾ ਰਿਹਾ ਸੀ ਤੈਨੂੰ ਵੇਖਕੇ ਡਰਦਾ ਮਾਰਿਆ ਖਿੜਕੀ ਪਿਛੇ ਲੁਕ ਗਿਆ ਹੈ।
"ਕਿਓਂ?"
"ਕਿਓ" ਦਾ ਮੈਨੂੰ ਕੀ ਪਤਾ, ਇਹ ਤਾਂ ਤੁਸੀ ਹੀਂ ਜਾਣੋ। ਇਹੋ ਨਹੀਂ ਤੁਹਾਡੇ ਆਉਣ ਦੀ ਖਬਰ ਸੁਣ ਕੇ ਉਮਾਂ ਵੀ ਭੱਜ ਗਈ ਹੈ।
ਵਿਪਿਨ ਨੇ ਮਨ ਹੀ ਮਨ ਵਿਚ ਸਮਝ ਲਿਆ ਕਿ ਇਸਤ੍ਰੀ ਦੀਆਂ ਗੱਲਾਂ ਟੇਢੇ ਪਾਸੇ ਜਾ ਰਹੀਆਂ ਹਨ। ਸ਼ਾਇਦ ਇਸੇ ਕਰਕੇ ਸਿਧੇ ਰਾਹ ਤੇ ਲਿਆਉਣ ਲਈ ਕਿਹਾ, ਪਰ ਫੇਰ ਉਹ ਭੱਜ ਕਿਉਂ ਗਈ? ਕਿਸ ਡਰ ਤੋਂ ਭੱਜੀ?"
ਹੇਮਾਂਗਨੀ ਨੇ ਆਖਿਆ, “ਸ਼ਾਇਦ ਮਾਂ ਦਾ ਅਪਮਾਨ ਆਪਣੀਆਂ ਅੱਖਾਂ ਨਾਲ ਨਾ ਵੇਖ ਸਕਣ ਦੇ ਡਰ ਤੋਂ ਹੀ ਭੱਜ ਗਈ ਹੋਵੇ। ਇਹਦੇ ਨਾਲ ਹੀ ਉਹਨੇ ਹੌਕਾ ਭਰਕੇ ਆਖਿਆ, ਕਿਸ਼ਨ ਪਰਾਇਆ ਪੁੱਤ੍ਰ ਹੈ, ਉਸ ਤਾਂ ਡਰ ਦੇ ਮਾਰਿਆਂ ਲੁਕਣਾ ਹੀ ਹੋਇਆ,ਪਰ ਢਿੱਡ ਦੀ ਲੜਕੀ ਨੂੰ ਇਹ ਹੌਸਲਾ ਨਹੀਂ ਪਿਆ ਕਿ ਆਖ ਸਕੇ ਕਿ ਕੀ ਮਾਂ ਨੂੰ ਐਨਾਂ ਵੀ ਅਖਤਿਆਰ ਨਹੀਂ ਜੋ ਕਿਸੇ ਨੂੰ ਸਦਕੇ ਮੱਠ ਚੌਲ ਹੀ ਖੁਆ ਦੇਵੇ।"
ਹੁਣ ਵਿਪਨ ਨੂੰ ਪਤਾ ਲੱਗਾ ਕਿ ਗੱਲ ਸਚ ਮੁਚ ਹੀ ਵਿਗੜ ਚੁਕੀ ਹੈ। ਕਿਤੇ ਇਹ ਹੋਰ ਅਗਾਂਹ ਜਾਕੇ, ਏਦੂੰ ਵਧ ਵੀ ਨਾ ਵਿਗੜ ਜਾਏ।
ਇਸ ਕਰਕੇ ਉਸਨੇ ਗੱਲ ਹਾਸੇ ਪਾਉਂਦਿਆਂ ਹੋਇਆਂ ਅੱਖਾਂ ਮਟਕਾ ਕੇ ਧੌਣ ਹਿਲਾਕੇ ਆਖਿਆ, "ਨਹੀਂ, ਤੈਨੂੰ ਕੋਈ ਵੀ ਅਖਤਿਆਰ ਨਹੀਂ। ਮੰਗਤੇ ਨੂੰ ਖੈਰ ਪਾਉਣ ਦਾ ਵੀ ਕੋਈ ਅਖਤਿਆਰ ਨਹੀਂ, ਚਲ ਜਾਣ ਦਿਓ, ਕੱਲ ਤੋਂ ਫੇਰ ਸਿਰ ਦਰਦ ਤਾਂ ਨਹੀਂ ਹੋਈ? ਮੈਂ ਸੋਚਿਆ ਹੈ ਕਿ ਸ਼ਹਿਰੋਂ ਕਿਦਾਰ ਡਾਕਟਰ ਨੂੰ ਸਦਵਾ ਲਵਾਂ ਜਾਂ ਫੇਰ ਇਕ ਵਾਰੀ ਕਲਕੱਤੇ........."
ਰੋਗ ਤੇ ਇਲਾਜ ਦੇ ਪ੍ਰਸੰਗ ਦਾ ਭੋਗ ਇਥੇ ਹੀ ਪੈ ਗਿਆ। ਹੇਮਾਂਗਨੀ ਨੇ ਪੁਛਿਆ ਕੀ ਤੁਸੀਂ ਓਮਾ ਭੇ ਸਾਹਮਣੇ ਕਿਸ਼ਨ ਨੂੰ ਕੁਝ ਆਖਿਆ ਸੀ?"
ਵਿਪਿਨ ਜਾਣੀ ਦਾ ਅਸਮਾਨ ਤੋਂ ਧਰਤੀ ਤੇ ਡਿੱਗ ਪਿਆ ਸੀ। ਕਹਿਣ ਲੱਗਾ, ਮੈਂ? ਕਿੱਥੇ? ਨਹੀਂ ਨਹੀਂ, - ਸੱਚ ਯਾਦ ਆ ਗਿਆ ਉਸ ਦਿਨ ਸ਼ੈਦ ਕੁਛ ਕਿਹਾ ਸੀ। ਭਾਬੀ ਗੁੱਸੇ ਹੁੰਦੀ ਹੈ, ਭਰਾ ਜੀ ਵੀਨਕੇ ਮੂੰਹ ਵੱਟਦੇ ਹਨ। ਮਲੂਮ ਹੁੰਦਾ ਹੈ ਕਿ ਉਨਾਂ ਉਥੇ ਖੜੀ ਹੋਣੀ ਹੈ, ਜਾਣਦੀਏਂ ਨਾਂ.....।”
‘‘ਜਾਣਦੀ ਹਾਂ? ਆਖਕੇ ਹੇਮਾਂਗਨੀ ਨੇ ਗੱਲ ਦਬਾ ਦਿੱਤੀ। ਵਿਪਿਨ ਦੇ ਰਸੋਈ ਘਰੋਂ ਜਾਂਦਿਆਂ ਹੀ ਉਸਨੇ ਕਿਸ਼ਨ ਨੂੰ ਸੱਦ ਕੇ ਆਖਿਆ ਕਿਸ਼ਨ ਆਹ ਚਾਰ ਪੈਸੇ ਲੈ ਲੈ ਤੇ ਬਜ਼ਾਰੋਂ ਜਾਕੇ ਛੜੇ ਛੋਲੇ ਖਾ ਲੈ। ਭੁੱਖ ਲੱਗਣ ਤੇ ਹੁਣ ਮੇਰੇ ਕੋਲ ਨਾ ਆਉਣਾ। ਤੇਰੀ ਵਿਚਕਾਰਲੀ ਭੈਣ ਨੂੰ ਕੋਈ ਅਖਤਿਆਰ ਨਹੀਂ ਕਿ ਉਹ ਕਿਸੇ ਬਾਹਰਦੇ ਆਦਮੀ ਨੂੰ ਇਕ ਰੋਟੀ ਵੀ ਖੁਆ ਸਕੇ।
ਕਿਸ਼ਨ ਚੁਪ ਚਾਪ ਚਲਿਆ ਗਿਆ। ਅੰਦਰ ਖਲੋਤਾ ਹੋਇਆ ਵਿਪਿਨ ਉਸ ਵੇਲੇ ਵੇਖਕੇ ਦੰਦੀਆਂ ਪੀਂਹਦਾ ਰਿਹਾ।
੭.
ਕੋਈ ਪੰਜਾਂ ਛਿਆਂ ਦਿਨਾਂ ਪਿੱਛੋਂ ਇਕ ਦਿਨ ਦੁਪਹਿਰ ਨੂੰ ਵਿਪਿਨ ਉਦਾਸ ਜਹੇ ਚਿਹਰੇ ਨਾਲ ਘਰ ਆਇਆ ਤੇ ਆਉਂਦਿਆਂ ਹੀ ਕਹਿਣ ਲੱਗਾ, ਇਹ ਤੂੰ ਕੀ ਬਖੇੜਾ ਖੜਾ ਕਰ ਲਿਆ ਹੈ? ਕਿਸ਼ਨ ਤੇਰਾ ਕੀ ਲਗਦਾ ਹੈ ਜੋ ਤੂੰ ਉਸ ਪਰਾਏ ਲੜਕੇ ਦੇ ਥਾਂ ਘਰ ਵਾਲਿਆਂ ਨਾਲ ਲੜਾਈ ਪਾਈ ਰਖਦੀ ਏਂ? ਮੈਂ ਤਾਂ ਅਜ ਵੇਖਿਆ ਹੈ, ਭਰਾ ਹੋਰੀਂ ਵੀ ਗੁੱਸੇ ਹਨ।
ਇਹਦੇ ਨਾਲੋਂ ਕੁਝ ਦਿਨ ਪਹਿਲਾਂ ਆਪਣੇ ਘਰ ਵਿਚ ਬਹਿਕੇ ਜੇਠਾਣੀ ਨੇ ਜੋ ਆਪਣੇ ਸੁਵਾਮੀ ਨੂੰ ਤੀਰ ਮਾਰੇ ਸਨ ਉਹ ਖਾਲੀ ਕਿੱਦਾਂ ਜਾ ਸਕਦੇ ਸਨ। ਉਹਨਾਂ ਸਾਰਿਆਂ ਹੇਮਾਂਗਨੀ ਦੇ ਕਲੇਜੇ ਨੂੰ ਵਿੰਨ ਦਿੱਤਾ ਸੀ। ਇਹਨਾਂ ਤੀਰਾਂ ਦੀ ਵਿਹੁ ਨਾਲ ਉਸਦਾ ਕਲੇਜਾ ਸੜ ਰਿਹਾ ਸੀ। ਸਭ ਕੁਝ ਸਹਾਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।
ਪਿਛਲੇ ਜਮਾਨੇ ਵਿਚ ਮੁਸਲਮਾਨ ਜਿੱਦਾਂ ਅੱਗੇ ਗਊਆਂ ਨੂੰ ਲਾਕੇ ਰਾਜਪੂਤਾਂ ਤੇ ਹਮਲਾ ਕਰਦੇ ਹੁੰਦੇ ਸਨ ਉਸੇ ਤਰ੍ਹਾਂ ਜੇਠਾਣੀ ਦਿਰਾਣੀ ਨਾਲ ਕਰਦੀ ਸੀ। ਗੱਲਾਂ ਕਿਸੇ ਨਾਲ ਕਰਨੀਆਂ ਤੇ ਠੋਕਰਾਂ ਕਿਸੇ ਪਾਸੇ ਲਾਉਣੀਆਂ।
ਸੁਆਮੀ ਦੀ ਗੱਲ ਤੇ ਹੇਮਾਂਗਨੀ ਨੂੰ ਕ੍ਰੋਧ ਆਗਿਆ ਕਹਿਣ ਲੱਗੀ, “ਕੀ ਆਖਦੇ ਹੋ ਜੇਠ ਜੀ ਨਾਰਾਜ਼ ਹੋ ਗਏ ਹਨ। ਇਹ ਅਸਚਰਚ ਦੀ ਗੱਲ ਸੁਣਕੇ ਉਸਤੇ ਝੱਟਪੱਟ ਯਕੀਨ ਕਰਨ ਨੂੰ ਤਾਂ ਜੀ ਨਹੀਂ ਕਰਦਾ ਹੁਣ ਦੱਸੋ ਕੀ ਕਰਨ ਨਾਲ ਉਹਨਾਂ ਦਾ ਗੁਸਾ ਹਟ ਜਾਏਗਾ?
ਵਿਪਿਨ ਮਨ ਹੀ ਮਨ ਵਿਚ ਬੜਾ ਗੁਸੇ ਹੋਇਆ ਪਰ ਆਪਣੀ ਨਾਰਾਜ਼ਗੀ ਨੂੰ ਬਾਹਰ ਪ੍ਰਗਟ ਕਰਨ ਦਾ ਉਹਦਾ ਸੁਭਾ ਨਹੀਂ ਸੀ। ਉਹਨੇ ਆਪਣੇ ਭਾਵਾਂ ਨੂੰ ਅੰਦਰ ਅੰਦਰ ਹੀ ਰੋਕਕੇ ਆਖਿਆ ਕੁਝ ਵੀ ਹੋਵੇ ਵਡਿਆਂ ਦੇ ਸਬੰਧ ਵਿਚ...
ਗਲ ਪੂਰੀ ਹੋਣ ਤੋਂ ਪਹਿਲਾਂ ਹੀ ਹੇਮਾਂਗਨੀ ਨੇ ਆਖਿਆ, 'ਸਭ ਜਾਣਦੀ ਹਾਂ ਵੱਡਿਆਂ ਦੀ ਅਜ ਮਰਜਾਦਾ ਦਾ ਵੀ ਮੈਨੂੰ ਪਤਾ ਹੈ। ਪਰ ਮੈਂ ਉਸ ਮੁੰਡੇ ਨੂੰ ਚਾਹੁੰਦੀ ਹਾਂ ਇਸ ਕਰਕੇ ਮੈਨੂੰ ਵਿਖਾ ਵਿਖਾ ਕੇ ਉਹ ਉਸ ਗਰੀਬ ਨੂੰ ਤੰਗ ਕਰਦੈ ਹਨ।'
ਉਹਦੀ ਅਵਾਜ਼ ਕੁਝ ਨਰਮ ਹੋਗਈ। ਕਿਉਂਕਿ ਆਪਣੇ ਜੋਠ ਦੇ ਸਬੰਧ ਵਿਚ ਉਹ ਮਿਹਣਾ ਮਾਰਕੇ ਕੁਝ ਕੱਚੀ ਜਹੀ ਹੋ ਗਈ। ਪਰ ਉਸਦਾ ਸਰੀਰ ਵੀ ਬਹੁਤ ਥੱਕ ਗਿਆ ਸੀ, ਇਸ ਕਰਕੇ ਉਹ ਗੁਸੇ ਨੂੰ ਸੰਭਾਲ ਨਾ ਸਕੀ। ਵਿਪਿਨ ਅੰਦਰ ਹੀ ਅੰਦਰ ਉਹਨਾਂ ਦੇ ਪੱਖੀ ਸਨ। ਸਬਬ ਇਹ ਕਿ ਇਕ ਪਰਾਏ ਮੁੰਡੇ ਦੇ ਥਾਂ ਉਹ ਆਪਣੇ ਭਰਾ ਨਾਲ ਝਗੜਾ ਕਰਕੇ ਖੁਸ਼ ਨਹੀਂ ਸਨ। ਪਰ ਘਰ ਵਾਲੀ ਦੀ ਇਸ ਸ਼ਰਮ ਤੇ ਹੋਰ ਮੌਕਾ ਵੇਖਕੇ ਉਹਨਾਂ ਆਖਿਆ, “ਤੰਗ ਤੁੰਗ ਉਹ ਕੋਈ ਨਹੀਂ ਕਰਦੇ, ਆਪਣੇ ਮੁੰਡੇ ਨੂੰ ਕਾਬੂ ਵਿਚ ਰਖਦੇ ਹਨ। ਕੰਮ ਧੰਦਾ ਸਿਖਲਾਉਂਦੇ ਹਨ, ਇਹਦੇ ਨਾਲ ਜੇ ਤੈਨੂੰ ਦੁਖ ਹੋਵੇ ਤਾਂ ਕੰਮ ਕਿੱਦਾਂ ਚਲੇ? ਇਸਤੇ ਬਿਨਾਂ ਉਹ ਲੋਕ ਅਮੀਰ ਹਨ ਜਿੱਦਾਂ ਮਰਜ਼ੀ ਹੋਵੇ ਕਰਨ।
ਹੇਮਾਂਗਨੀ ਆਪਣੇ ਸੁਆਮੀ ਦੇ ਮੂੰਹ ਵੱਲ ਵੇਖਕੇ ਪਹਿਲਾਂ ਹੈਰਾਨ ਹੋਈ। ਸਬੱਬ ਇਹ ਕਿ ਉਹ ਇਸ ਘਰ ਨੂੰ ਪੰਦਰਾਂ ਸੋਲਾਂ ਸਾਲ ਤੋਂ ਚਲਾ ਰਹੀ ਹੈ। ਇਸ ਤੋਂ ਪਹਿਲ ਉਸਨੇ ਆਪਣੇ ਪਤੀ ਦਾ ਭਰਾ ਨਾਲ ਐਡਾ ਪਿਆਰ ਕਦੇ ਨਹੀਂ ਵੇਖਿਆ ਸੀ। ਪਰ ਇਕ ਵੇਰਾਂ ਹੀ ਉਹਦੇ ਸਾਰੇ ਸਰੀਰ ਨੂੰ ਅੱਗ ਜਹੀ ਲੱਗ ਗਈ। ਉਸਨੇ ਆਖਿਆ, ਜੇ ਉਹ ਵੱਡੇ ਗੁਰੂ ਜਨ ਹਨ ਤਾਂ ਮੈਂ ਵੀ ਤਾਂ ਮਾਂ ਹਾਂ। ਜੇ ਵੱਡੇ ਆਪਣੇ ਮਾਣ ਨੂੰ ਆਪ ਹੀ ਨਾ ਕਾਇਮ ਰੱਖਣ ਤਾਂ ਮੈਂ ਕਿਓ ਇਸਦਾ ਖਿਆਲ ਕਰਾਂ?
ਵਿਪਿਨ ਸ਼ਾਇਦ ਇਹਦਾ ਕੋਈ ਜੁਵਾਬ ਦੇਣਾ ਚਾਹੁੰਦੇ ਸਨ ਪਰ ਰੁਕ ਗਏ। ਬਾਹਰ ਦੇ ਦਰਵਾਜੇ ਵਿਚ ਇਕ ਦਰਦ ਭਰੀ ਅਵਾਜ਼ ਆਈ, “ਮੰਝਲੀ ਭੈਣ!"
ਸਵਾਮੀ ਤੇ ਪਤਨੀ ਦੀਆਂ ਅੱਖਾਂ ਮਿਲੀਆਂ! ਵਿਪਨ ਕੁਝ ਹੱਸੇ, ਪਰ ਇਹ ਹਾਸਾ ਪਿਆਰਦਾ ਨਹੀਂ ਸੀ। ਘਰਵਾਲੀ ਦੰਦਾਂ ਥੱਲੇ ਜਬਾਨ ਲੈਕੇ ਦਰਵਾਜੇ ਕੋਲ ਜਾ ਪੁਜੀ ਤੇ ਚੁਪਚਾਪ ਕਿਸ਼ਨ ਦੇ ਮੂੰਹ ਵੱਲ ਵੇਖਣ ਲੱਗ ਪਈ। ਉਹਨੂੰ ਵੇਖਦਿਆਂ ਹੀ ਕਿਸ਼ਨ ਖੁਸ਼ੀ ਨਾਲ ਮਸਤ ਹੋਗਿਆ ਉਹਦੇ ਮੂੰਹੋਂ ਸਭ ਤੋਂ ਪਹਿਲਾਂ ਇਹੋ ਨਿਕਲਿਆ, 'ਭੈਣ ਕੀ ਹਾਲ ਹੈ?'
ਹੇਮਾਂਗਨੀ ਪਲ ਕੁ ਤਾਂ ਚੁੱਪ ਕਰ ਗਈ। ਜਿਸ ਗਲ ਤੋਂ ਪਤੀ ਤੇ ਘਰ ਵਾਲੀ ਵਿੱਚ ਐਨਾ ਝਗੜਾ ਹੋ ਰਿਹਾ ਸੀ ਉਹ ਅਚਨਚੇਤ ਹੀ ਆ ਪਰਗਟ ਹੋਇਆ। ਹੇਮਾਂਗਨੀ ਨੇ ਹੌਲੀ ਜਹੀ ਪਰ ਜ਼ਰਾ ਕਰੜਾਈ ਨਾਲ ਆਖਿਆ, ਇਹ ਕੀ ਤੂੰ ਰੋਜ਼ ਰੋਜ਼ ਇਥੇ ਕਿਉਂ ਆਉਂਦਾ ਏਂ?
ਕਿਸ਼ਨ ਦਾ ਕਲੇਜਾ ਧੜਕ ਗਿਆ। ਹੇਮਾਂਗਨੀ ਦੀ ਇਹ ਕੜਕਵੀਂ ਸੁਰ, ਸਚਮੁੱਚ ਹੀ ਉਹਨੂੰ ਬਹੁਤ ਬੁਰੀ ਲੱਗੀ, ਇਹ ਦਾ ਸਬੱਬ ਭਾਵੇਂ ਕੋਈ ਹੋਵੇ, ਪਰ ਇਸ ਅਭਾਗੇ ਨੂੰ ਸਾਫ ਪਤਾ ਲੱਗ ਗਿਆ ਕਿ ਇਹ ਮਖੌਲ ਨਹੀਂ ਹੈ, ਨਾਂ ਹੀ ਪਿਆਰ ਭਰੀ ਝਿੜਕ ਹੈ।
ਡਰ, ਲੱਜਾ ਤੇ ਹੈਰਾਨੀ ਦੇ ਮਾਰਿਆਂ ਉਸਦੇ ਚਿਹਰੇ ਤੇ ਕਾਲੋਂ ਆ ਗਈ, ਆਖਣ ਲੱਗਾ, ਤੈਨੂੰ ਵੇਖਣ ਆਇਆ ਹਾਂ।
ਵਿਪਿਨ ਨੇ ਹੱਸ ਕੇ ਆਖਿਆ, “ਤੁਹਾਨੂੰ ਵੇਖਣ ਆਇਆ ਹੈ।"
ਇਹ ਹਾਸਾ ਨਹੀਂ ਸੀ, ਜਾਣੀਦਾ ਹੇਮਾਂਗਨੀ ਦਾ ਮੂੰਹ ਖਰਾਕੇ ਨਿਰਾਦਰ ਕੀਤਾ ਗਿਆ ਸੀ, ਉਸ ਨੇ ਕੁੱਟੀ ਹੋਈ ਸਪਣੀ ਵਾਂਗ ਵਿਸ ਘੋਲਦੀ ਘੋਲਦੀ ਨੇ ਆਪਣੇ ਪਤੀ ਵੱਲ ਇਕ ਵਾਰ ਵੇਖਦੀ ਹੋਈ ਨੇ ਅਖਾਂ ਦੂਜੇ ਪਾਸੇ ਕਰ ਲਈਆਂ ਤੇ ਕਿਸ਼ਨ ਨੂੰ ਕਿਹਾ, 'ਹਣ ਇਥੇ ਨ ਆਂਵੀ ਜਾਹ!'
ਚੰਗਾ ਆਖ ਕੇ ਕਿਸ਼ਨ ਨੇ ਆਪਣੇ ਮੂੰਹ ਦੀ ਕਾਲੋਂ ਨੂੰ ਹੱਸ ਕੇ ਲੁਕਾਉਣ ਦਾ ਯਤਨ ਕੀਤਾ। ਪਰ ਉਸ ਦਾ ਮੂੰਹ ਹੋਰ ਵੀ ਕਾਲਾ ਹੋ ਗਿਆ, ਉਹ ਨੀਵੀਂਂ ਪਾਕੇ ਚਲਿਆ ਗਿਆ।
ਇਸ ਦਿਲ ਨੂੰ ਹਿਲਾ ਦੇਣ ਵਾਲੇ ਅਸਰ ਨੂੰ ਆਪਣੇ ਚਿਹਰੇ ਤੇ ਪ੍ਰਗਟ ਕਰਦੀ ਹੋਈ ਹੇਮਾਂਗਨੀ ਨੇ ਪੱਤੀ ਦੇ ਮੂੰਹ ਵਲ ਇਕ ਵਾਰ ਵੇਖਿਆ ਤੇ ਫੇਰ ਕਮਰਾ ਛਡਕੇ ਚਲੀ ਗਈ।
ਚਾਰ ਪੰਜ ਦਿਨ ਲੰਘ ਗਏ, ਪਰ ਹੇਮਾਂਗਨੀ ਦਾ ਬੁਖਾਰ ਨ ਲੱਥਾ, ਕਲ ਡਾਕਟਰ ਆਖ ਗਿਆ ਸੀ ਕਿ ਛਾਤੀ ਵਿਚ ਠੰਢ ਬਹਿ ਗਈ ਹੈ,ਅਜੇ ਤਰਕਾਲਾਂ ਦੇ ਦੀਵੇ ਜਗੇ ਸਨ ਕਿ ‘ਲਲਤ' ਚੰਗੇ ਕਪੜੇ ਪਾਕੇ ਅੰਦਰ ਆਇਆ ਤੇ ਆਖਣ ਲੱਗਾ, 'ਮਾਂ ਅੱਜ ਦੱਤ ਬਾਬੂ ਦੇ ਘਰ ਪੁਤਲੀਆਂ ਦਾ ਤਮਾਸ਼ਾ ਹੋਵੇਗਾ ਮੈਂ ਵੇਖ ਆਵਾਂ?'
ਮਾਂ ਨੇ ਕੁਝ ਹੱਸ ਕੇ ਆਖਿਆ, ਕਿਉਂ ਵੇ ਲਲਤ! ਅੱਜ ਪੰਜਾਂ ਛੇਆਂ ਦਿਨਾਂ ਤੋਂ ਤੇਰੀ ਮਾਂ ਬੀਮਾਰ ਪਈ ਹੋਈ ਹੈ। ਤੇ ਕਦੇ ਇਕ ਵਾਰੀ ਕੋਲ ਆਕੇ ਵੀ ਨਹੀਂ ਬੈਠਾ।
ਲਲਤ ਸ਼ਰਮਿੰਦਾ ਜਿਹਾ ਹੋਕੇ ਸਿਰਹਾਣੇ ਆ ਬੈਠਾ। ਮਾਂ ਨੇ ਪਿਆਰ ਨਾਲ ਬੱਚੇ ਦੀ ਪਿੱਠ ਤੇ ਹੱਥ ਫੇਰ ਕੇ ਆਖਿਆ, ਜੇ ਮੈਂ ਰਾਜੀ ਨ ਹੋਵਾਂ ਤੇ ਮਰ ਜਾਵਾਂ ਤਾਂ ਤੂੰ ਕੀ ਕਰੇਗਾ? ਖੁਬ ਰੋਵੇਂਗਾ?
'ਛੱਡੋ ਮਾਂ ਜੀ ਇਹੋ ਜਹੀਆਂ ਗਲਾਂ ਨਾ ਕਰੋ, ਤੁਸੀਂ ਰਾਜੀ ਹੋ ਜਾਉਗੀਆਂ।' ਇਹ ਆਖ ਕੇ ਲਲਤ ਨੇ ਆਪਣੀ ਮਾਂ ਦੇ ਕਲੇਜੇ ਤੇ ਇਕ ਹੱਥ ਰੱਖ ਦਿੱਤਾ, ਮਾਂ ਬੱਚੇ ਦਾ ਹੱਥ ਆਪਣੇ ਹੱਥ ਵਿਚ ਫੜ ਕੇ ਚੁੱਪ ਹੋ ਰਹੀ। ਤਾਪ ਦੇ ਅੰਦਰ ਇਸ ਬੱਚੇ ਦੇ ਇਸ ਹੱਬ ਦੀ ਛੋਹ ਉਸ ਦੇ ਦਿਲ ਨੂੰ ਠੰਢ ਪਾ ਰਹੀ ਸੀ, ਉਹਦੀ ਇੱਛਾ ਹੋਈ ਕਿ ਸਮਾਂ ਏਦਾਂ ਹੀ ਬੀਤ ਜਾਏ। ਪਰ ਥੋੜੇ ਚਿਰ ਪਿਛੋਂ ਹੀ ‘ਲਲਤ’ ਜਾਣ ਵਾਸਤੇ ਤੜਫਣ ਲਗ ਪਿਆ, ਸ਼ਾਇਦ ਪੁਤਲੀਆਂ ਦਾ ਤਮਾਸ਼ਾ ਸ਼ਰੁ ਨ ਹੋ ਗਿਆ ਹੋਵੇ, ਇਸ ਖਿਆਲ ਨਾਲ ਓਹਦਾ ਮਨ ਡੋਲ ਰਿਹਾ ਸੀ। ਲੜਕੇ ਦੇ ਦਿਲ ਦੀ ਗੱਲ ਜਾਣਦੀ ਹੋਈ, ਮਾਂ ਨੇ ਮਨ ਹੀ ਮਨ ਵਿਚ ਹਸਦੀ ਹੋਈ ਨੇ ਆਖਿਆ, 'ਚੰਗਾ ਜਾਹ ਵੇਖ ਆ, ਪਰ ਬਹੁਤਾ ਚਿਰ ਨਾ ਲਾਈਂ'?
"ਨਹੀਂ ਮਾਂ ਮੈਂ ਛੇਤੀ ਹੀ ਆ ਜਾਊਂਗਾ"।
ਇਹ ਆਖ, ਲਲਤ ਚਲਿਆ ਗਿਆ ਪਰ ਦੋਂਹ ਮਿੰਟਾਂ ਪਿਛੋਂ ਉਹ ਫੇਰ ਵਾਪਸ ਆਗਿਆ ਤੇ ਕਹਿਣ ਲੱਗਾ, "ਮਾਂ ਮੈਂ ਇਕ ਗੱਲ ਆਖਾਂ?"
ਮਾਂ ਨੇ ਹਸਦਿਆਂ ਹਸਦਿਆਂ ਕਿਹਾ, "ਰੁਪਈਆ ਚਾਹੀਦਾ ਹੈ? ਉਸ ਆਲੇ ਵਿਚ ਰੱਖੇ ਹੋਏ ਹਨ ਵੇਖੀਂ "ਇਕ ਤੋਂ ਵਧ ਨ ਖੜੀਂ।"
“ਨਹੀਂ ਮਾਂ ਰੁਪਇਆ ਨਹੀਂ ਚਾਹੀਦਾ, ਦਸ ਮੇਰੀ ਗੱਲ ਸੁਣੇਗੀ?
ਮਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਹੋਇਆਂ ਕਿਹਾ,
"ਰੁਪਇਆ ਨਹੀਂ ਚਾਹੀਦਾ? ਫੇਰ ਹੋਰ ਕੀ ਗੱਲ ਹੈ?"
ਲਲਤ ਮਾਂ ਦੇ ਹੋਰ ਨੇੜੇ ਹੋਕੇ ਆਖਣ ਲਗਾ, "ਮਾਂ ਜ਼ਰਾ ਕਿਸ਼ਨ ਨੂੰ ਆਉਣ ਦਿਹ ਖਾਂ? ਉਹ ਜਾਣੇ ਉਹ ਅੰਦਰ ਨਹੀਂ ਆਉਂਦਾ ਦਰਵਾਜੇ ਵਿਚ ਖਲੋਕੇ ਹੀ ਤੈਨੂੰ ਵੇਖ ਜਾਇਗਾ। ਉਹ ਕੱਲ ਵੀ ਬਾਹਰ ਬਹਿ ਕੇ ਚਲਿਆ ਗਿਆ ਸੀ ਤੇ ਅੱਜ ਫੇਰ ਬਾਹਰ ਬੈਠਾ ਹੋਇਆ ਹੈ।"
ਹੇਮਾਂਗਨੀ ਬੇਚੈਨ ਜੇਹੀ ਹੋਕੇ ਉਠ ਬੈਠੀ ਤੇ ਕਹਿਣ ਲਗੀ, "ਜਾ! ਜਾ! ਜਾਕੇ ਕਿਸ਼ਨ ਨੂੰ ਭੇਜ ਵਿਚਾਰਾ ਬਾਹਰ ਬੈਠਾ ਹੋਇਆ ਹੈ ਤੁਸਾਂ ਮੈਨੂੰ ਕਿਉਂ ਨਹੀਂ ਦਸਿਆ?"
"ਉਹ ਡਰਦਾ ਮਾਰਿਆ ਅੰਦਰ ਜੋ ਨਹੀਂ ਆਉਣਾ ਚਾਹੁੰਦਾ।" ਇਹ ਆਖਕੇ 'ਲਲਤ' ਚਲਿਆ ਗਿਆ ਕੋਈ ਇਕ ਮਿੰਟ ਪਿਛੋਂ ਕਿਸ਼ਨ ਅੰਦਰ ਆਇਆ ਤੇ ਜ਼ਮੀਨ ਵਲ ਵੇਖਦਾ ਹੋਇਆ ਕੰਧ ਨਾਲ ਲੱਗ ਕੇ ਖਲੋ ਗਿਆ।
ਹੇਮਾਂਗਨੀ ਨੇ ਆਖਿਆ "ਆ ਭਰਾਵਾ?"
ਕਿਸ਼ਨ ਉਸੇ ਤਰ੍ਹਾਂ ਚੁਪ ਚਾਪ ਖਲੋਤਾ ਰਿਹਾ ਹੇਮਾਂਗਨੀ ਨੇ ਆਪ ਹੀ ਉਠਕੇ ਉਹਨੂੰ ਬਾਹੋਂ ਫੜਿਆ ਤੇ ਵਿਛਾਉਣੇ ਤੇ ਲਿਆ ਬਠਾਇਆ। ਉਹਦੀ ਪਿੱਠ ਤੇ ਹੀ ਹਥ ਫੇਰਦੀ ਹੋਈ ਨੇ ਆਖਿਆ, “ਕਿਉ ਵੇ ਕਿਸ਼ਨਾ ਉਸ ਦਿਨ ਕੁਝ ਮੈਂ ਸਖਤ ਕੂਈ ਸਾਂ ਇਸੇ ਕਰਕੇ ਤੂੰ ਆਪਣੀ ਭੈਣ ਨੂੰ ਭੁੱਲ ਗਿਆ?"
ਇਕ ਵਾਰੀ ਹੀ ਕਿਸ਼ਨ ਫੁੱਟ ਫੁੱਟ ਕੇ ਰੋਣ ਲੱਗ਼ ਪਿਆ। ਹੇਮਾਂਗਨੀ ਕੁਝ ਹੈਰਾਨ ਹੋਈ। ਕਿਉਂਕਿ ਅੱਜ ਤਕ ਕਿਸੇ ਨੇ ਕਿਸ਼ਨ ਨੂੰ ਰੋਂਦਿਆਂ ਨਹੀਂ ਵੇਖਿਆ ਸੀ। ਐਨੀਆਂ ਔਖਿਆਈਆਂ ਮਿਲਣ ਤੇ ਵੀ ਉਹ ਕਦੇ ਨਹੀਂ ਰੋਇਆ ਸੀ। ਬੱਸ ਨੀਵੀਂ ਹੀਂ ਪਾਈ ਰਖਦਾ ਸੀ। ਇਹਦੇ ਸੁਭਾ ਨੂੰ ਜਾਣਦੀ ਹੋਈ ਹੇਮਾਂਗਨੀ ਅਸਚਰਜ ਨਾਲ ਬੋਲੀ ਵਾਹ ਰੋਣਾ ਕਿਸ ਗੱਲ ਦਾ? ਕਿਤੇ ਬੀਬੇ ਬੱਚੇ ਵੀ ਰੋਂਦੇ ਹਨ?
ਇਹਦੇ ਜਵਾਬ ਵਿਚ ਕਿਸ਼ਨ ਨੇ ਧੋਤੀ ਦੇ ਪੱਲੇ ਨੂੰ ਮੂੰਹ ਵਿਚ ਤੁੰਨ ਕੇ ਰੋਣ ਨੂੰ ਰੋਕਦੇ ਹੋਏ ਨੇ ਕਿਹਾ, "ਡਾਕਟਰ ਨੇ ਆਖਿਆ ਹੈ ਕਿ ਕਲੇਜੇ ਵਿਚ ਸਰਦੀ ਬੈਠ ਗਈ ਹੈ।"
ਹੇਮਾਂਗਨੀ ਨੇ ਹਸਦਿਆਂ ਹੋਇਆਂ ਆਖਿਆ, ਵਾਹ ਵਾਹ! ਤੇ ਚੰਗਾ ਮੁੰਡਾ ਏਂ ਇਸੇ ਕਰਕੇ ਰੋ ਰਿਹਾ ਏਂ?
ਇਹ ਆਖਦਿਆਂ ਹੀ ਹੇਮਾਂਗਨੀ ਦੀਆਂ ਅੱਖਾਂ ਵਿੱਚੋਂ ਅੱਥਰੂ ਟੱਪਕ ਪਏ। ਇਹਨੇ ਇਨ੍ਹਾਂ ਨੂੰ ਖੱਬੇ ਹੱਥ ਨਾਲ ਪੂੰਝਦੀ ਹੋਈ ਨੇ ਸੱਜਾ ਹੱਥ ਕਿਸ਼ਨ ਦੇ ਸਿਰ ਤੇ ਫੇਰ ਕੇ ਪਿਆਰ ਕਰਦੀ ਹੋਈ ਨੇ ਕਿਹਾ, 'ਠੰਢ ਛਾਤੀ ਵਿਚ ਬਹਿ ਗਈ ਹੈ, ਡਾਕਟਰ ਨੇ ਭਾਵੇਂ ਕਿਹਾ ਹੋਵੇ, ਪਰ ਜੇ ਮੈਂ ਮਰ ਗਈ ਤਾਂ ਤੂੰ ਤੇ ਲਲਤ ਮਿਲ ਕੇ ਗੰਗਾ ਛਡ ਆਉਗੇ? ਕਿਉਂਂ ਛੱਡ ਆਉਗੇ ਜਾਂ ਕਿ ਨਹੀਂ?
ਇਸੇ ਵੇਲੇ ਕਾਦੰਬਨੀ, 'ਸੁਣਾ ਭੈਣ ਕੀ ਹਾਲ ਈਂ' ਆਖਦੀ ਹੋਈ ਦਰਵਾਜੇ ਤੇ ਆ ਖੜੀ ਹੋਈ। ਥੋੜਾ ਚਿਰ ਕਿਸ਼ਨ ਵੱਲ ਤਿੱਖੀਆਂ ਨਜ਼ਰਾਂ ਨਾਲ ਵੇਖਦੀ ਰਹੀ। ਫੇਰ ਕਹਿਣ ਲੱਗੀ, 'ਆਹ ਲੌ ਇਹ ਮਰ ਮਿਟ ਜਾਣਾ ਅੱਗੇ ਦਾ ਅੱਗੇ ਹੀ ਰਹਿੰਦਾ ਹੈ। ਇਹ ਕੀ ਇਹ ਭੈਣ ਜੀ ਦੇ ਸਾਹਮਣੇ ਰੋ ਰੋ ਕੇ ਫਾਵਾ ਹੋ ਰਿਹਾ ਹੈ। ਇਹ ਪਾਖੰਡੀ ਕਿੰਨੇ ਪਖੰਡ ਕਰਨ ਜਾਣਦਾ ਹੈ।'
ਬਹੁਤ ਹੀ ਕਮਜ਼ੋਰ ਹੋ ਜਾਣ ਦੇ ਕਾਰਨ ਹੇਮਾਂਗਨੀ ਹੁਣੇ ਹੀ ਸਰਹਾਣੇ ਦੇ ਆਸਰੇ ਲੇਟੀ ਸੀ। ਹੁਣ ਉਹ ਤੀਰ ਵਾਗੂੰ ਸਿੱਧੀ ਉਠਕੇ ਬਹਿਗਈ ਤੇ ਬੋਲੀ, 'ਭੈਣ ਮੈਨੂੰ ਛਿਆਂ ਸਤਾਂ ਦਿਨਾਂ ਤੋਂ ਤਾਪ ਚੜ੍ਹ ਰਿਹਾ ਹੈ ਤੇਰੇ ਪੈਰੀ ਪੈਨੀ ਹਾਂ ਕਿ ਹੁਣ ਤੂੰ ਚਲੀ ਜਾਹ।'
ਕਾਦੰਬਨੀ ਪਹਿਲਾਂ ਤਾਂ ਕੁਝ ਝਿਝਕੀ ਪਰ ਫੇਰ ਆਪਣੇ ਆਪਨੂੰ ਸੰਭਾਲਕੇ ਬੋਲੀ, ਬੀਬੀ ਜੀ ਮੈਂ ਤੈਨੂੰ ਤਾਂ ਕੁਝ ਨਹੀਂ ਆਖਿਆ, ਆਪਣੇ ਭਰਾ ਨਾਲ ਹੀ ਚੰਗੀਆਂ ਮਾੜੀਆਂ ਕਰ ਰਹੀ ਹਾਂ ਇਸ ਗਲ ਤੋਂ ਤੂੰ ਕਿਉਂ ਵੱਢਣ ਪੈਨੀ ਏਂ?
ਹੇਮਾਂਗਨੀ ਨੇ ਆਖਿਆ, ਤੇਰੀਆਂ ਝਿੜਕਾਂ ਤਾਂ ਰਾਤ ਦਿਨੇ ਹੀ ਚਲਦੀਆਂ ਰਹਿੰਦੀਆਂ ਨੇ। ਇਹਦੇ ਨਾਲ ਘਰ ਜਾਕੇ ਜਿੱਦਾਂ ਮਰਜੀ ਹੋਵ ਕਰ ਲੈਣਾ। ਇਥੇ ਮੇਰੇ ਸਾਹਮਣੇ ਇਹਨੂੰ ਕੁਝ ਆਖਣ ਦੀ ਲੋੜ ਨਹੀਂ ਤੇ ਨਾ ਹੀ ਮੈਂ ਕੁਝ ਆਖਣ ਹੀ ਦੇਣਾ ਹੈ।
'ਕਿਉਂ ਕੀਕੂੰ ਘਰੋਂ ਕਢ ਦੇਵੇਂਗੀ?'
ਹੇਮਾਂਗਨੀ ਨੇ ਹਥ ਜੋੜ ਕੇ ਆਖਿਆ, ਭੈਣ ਮੇਰੀ ਤਬੀਅਤ ਬਹੁਤ ਹੀ ਖਰਾਬ ਹੈ। ਮੈਂ ਤੇਰੇ ਪੈਰੀਂ ਪੈਨੀ ਹਾਂ ਜਾਂ ਤਾਂ ਚੁਪ ਰਹੋ ਤੇ ਜਾਂ ਚਲੀ ਜਾਹ।
ਕਾਦੰਬਨੀ ਨੇ ਆਖਿਆ, “ਆਪਣੇ ਭਰਾ ਨੂੰ ਵੀ ਨਹੀਂ ਤਾੜ ਸਕਦੀ?"
ਹੇਮਾਂਗਨੀ ਨੇ ਜਵਾਬ ਦਿੱਤਾ, 'ਆਪਣੇ ਘਰ ਜਾਕੇ।'
ਹਾਂ ਘਰ ਜਾ ਕੇ ਤਾਂ ਇਹਦੀ ਚੰਗੀ ਤਰ੍ਹਾਂ ਹੀ ਖਬਰ ਲਵਾਂਗੀ, ਮੇਰੇ ਨਾ ਦੀਆਂ ਚੁਗਲੀਆਂ ਜੋ ਕੀਤੀਆਂ ਗਈਆਂ ਹਨ ਸਭ ਇਸ ਦੇ ਢਿੱਡ ਵਿਚੋਂ ਕਢਾਂਗੀ। ਝੂਠਿਆਂਦਾ ਨਾਨਾ। ਮੈਂ ਆਖਿਆ ਜ਼ਰਾ ਬਾਹਰੋਂ ਘਾਹ ਖੋਤ ਲਿਆ ਤਾਂ ਆਖਣ ਲੱਗਾ, “ਭੈਣ ਹੱਥ ਜੁੜਾ ਲਾ ਅੱਜ ਪੁਤਲੀਆਂ ਦਾ ਤਮਾਸ਼ਾ ਵੇਖ ਲੈਣ ਦਿਹ।’’ ਕਿਉਂ ਵੇ ਤੇਰਾ ਪੁਤਲੀਆਂ ਦਾ ਤਮਾਸ਼ਾ ਇੱਥੇ ਹੋ ਰਿਹਾ ਏ ? ਇਹ ਆਖ ਕੇ ਕਾਦੰਬਨੀ ਦਬਾ ਦਬ ਚਲੀ ਗਈ।
ਹੇਮਾਂਗਨੀ ਕੁਝ ਚਿਰ ਬੁਤ ਵਾਂਗੂੰ ਬੈਠੀ ਰਹੀ, ਫੇਰ ਲੰਮੀ ਪੈਕੇ ਬੋਲੀ, ਕਿਸ਼ਨ ਤੂੰ ਪੁਤਲੀਆਂ ਦਾ ਤਮਾਸ਼ਾ ਵੇਖਣ ਕਿਉਂ ਨਹੀਂ ਗਿਆ? ਜੇ ਚਲਿਆ ਜਾਂਦੋਂ ਤਾਂ ਇਹ ਗੱਲਾਂ ਕਿਉਂ ਹੁੰਦੀਆਂ? ਜਦੋਂ ਇਹ ਤੈਨੂੰ ਨਹੀਂ ਆਉਣ ਦੇਂਦੇ ਤਾਂ ਮੇਰੇ ਕੋਲ ਨਾ ਆਇਆ ਕਰ।
ਕਿਸ਼ਨ ਬਿਨਾ ਕੁਝ ਕਹੇ ਸੁਣੇ ਦੇ ਚੁਪ ਚਾਪ ਚਲਿਆ ਗਿਆ, ਪਰ ਥੋੜੀ ਦੂਰੋਂ ਫੇਰ ਮੁੜ ਆਇਆ ਤੇ ਆਖਣ ਲੱਗਾ, “ਸਾਡੇ ਪਿੰਡ ਦੀ ਵਿਸ਼ਾਲੀ ਦੇਵੀ ਬਹੁਤ ਕਲਾ ਵਾਲੀ ਹੈ। ਉਹਦੀ ਪੂਜਾ ਦਿੱਤਿਆਂ ਸਭ ਬੀਮਾਰੀਆਂ ਹਟ ਜਾਂਦੀਆਂ ਹਨ, ਭੈਣ ਤੂੰ ਵੀ ਪੂਜਾ ਦੇ ਦਿਹ, ਰਾਜੀ ਹੋ ਜਾਏਂਗੀ।"
ਹੁਣ ਇਹ ਵਾਧੂ ਦਾ ਝਗੜਾ ਹੋ ਜਾਣ ਕਰਕੇ ਹੇਮਾਂਗਨੀ ਦਾ ਦਿਲ ਬਹੁਤ ਹੀ ਖਰਾਬ ਹੋ ਚੁਕਿਆ ਸੀ। ਲੜਾਈ ਝਗੜਾ ਤਾਂ ਰੋਜ ਹੁੰਦਾ ਹੈ, ਇਸ ਗਲੋਂ ਨਹੀਂ, ਪਰ ਇਹ ਬਹਾਨਾ ਹੱਥ ਆ ਜਾਣ ਨਾਲ ਕਿਸ਼ਨ ਵਿਚਾਰੇ ਨਾਲ ਕਿੱਦਾਂ ਹੋਵੇਗੀ । ਇਹ ਸੋਚ ਸੋਚ ਕੇ ਉਸ ਦੀ ਛਾਤੀ ਫਟੀ ਜਾ ਰਹੀ ਸੀ।
ਕਿਸ਼ਨ ਜਦੋਂ ਫੇਰ ਮੁੜ ਆਇਆ ਤਾਂ ਹੇਮਾਂਗਨੀ ਉਠ ਕੇ ਬਹਿ ਗਈ। ਉਹਨੂੰ ਆਪਣੇ ਕੋਲ ਬਿਠਾ ਕੇ ਉਹਦੀ ਪਿੱਠ ਤੇ ਹੱਥ ਫੇਰਦੀ ਹੋਈ ਬੋਲੀ, ਜੇ ਮੈਂ ਰਾਜੀ ਹੋ ਜਾਉਂਗੀ ਤਾਂ ਤੈਨੂੰ ਚੋਰੀ ੨ ਪੂਜਾ ਦੇਣ ਵਾਸਤੇ ਭੇਜ ਦੇਵਾਂਗੀ। ਇਕੱਲਾ ਚਲਿਆ ਜਾਵੇਂਗਾ?"
ਕਿਸ਼ਨ ਖੁਸ਼ੀ ਨਾਲ ਭੜਕ ਉਠਿਆ ਕਹਿਣ ਲੱਗਾ 'ਕਿਉਂ ਨਹੀਂ ? ਮੈਂ ਖੂਬ ਮਜ਼ੇ ਨਾਲ ਇਕੱਲਾ ਹੀ ਤੁਰ ਜਾਵਾਂਗਾ। ਭੈਣ ਤੂੰ ਮੈਨੂੰ ਹੁਣੇ ਹੀ ਕਿਉਂ ਨਹੀਂ ਭੇਜ ਦੇਂਂਦੀ, ਇਕ ਰੁਪੈ ਦੀ ਤਾਂ ਗੱਲ ਹੈ। ਮੈਂ ਕੱਲ ਹੀ ਪੂਜਾ ਦੇਕੇ ਤੈਨੂੰ ਪ੍ਰਸਾਦ ਲਿਆ ਦੇਵਾਂਗਾ ਜਿਸਨੂੰ ਖਾਕੇ ਤੂੰ ਤੰਦਰੁਸਤ ਹੋ ਜਾਵੇਂਗੀ।
ਹੇਮਾਂਗਨੀ ਨੇ ਵੇਖਿਆ ਕਿ ਇਹ ਜਾਣ ਲਈ ਕਿੰਨਾ ਕਾਹਲਾ ਪੈ ਰਿਹਾ ਹੈ। ਉਹਨੇ ਆਖਿਆ, ਪਰ ਤੇਰੇ ਜਾਣ ਤੇ ਮੁੜ ਆਉਣ ਦੀ ਖਬਰ ਨੂੰ ਜਦ ਉਹਨਾਂ ਸੁਣ ਲਿਆ ਤਾਂ ਫੇਰ ਕੀ ਬਣੇਗਾ?"
ਇਹ ਸੁਣਕੇ ਪਹਿਲਾਂ ਤਾਂ ਕਿਸ਼ਨ ਕੁਝ ਘਬਰਾਇਆ ਪਰ ਫੇਰ ਕਹਿਣ ਲੱਗਾ? ਉਹ ਜਾਣੇ ਜੋ ਹੋਊ ਵੇਖੀ ਜਾਊ ਜਾਨੋ ਤਾਂ ਨਹੀਂ ਮਾਰ ਦੇਂਦੇ।
ਹੇਮਾਂਗਨੀ ਦੀਆਂ ਅੱਖਾਂ ਵਿਚ ਫੇਰ ਪ੍ਰੇਮ ਆਂਸੂ ਆਏ ਕਹਿਣ ਲੱਗੀ, ਵੇ ਕਿਸ਼ਨ ਮੈਂ ਤੇਰੀ ਕੀ ਲੱਗਦੀਆਂ ਜੋ ਤੂੰ ਮੇਰਾ ਐਨਾ ਫਿਕਰ ਕਰਨ ਡਿਹਾ ਹੋਇਆਂ ਏਂ?
ਭਲਾ ਇਸ ਸਵਾਲ ਦਾ ਜੁਵਾਬ ਕਿਸ਼ਨ ਕੀ ਦੇਵੇ? ਉਹ ਕਿੱਦਾਂ ਦੱਸੇ ਕਿ ਉਸਦਾ ਦੁਖੀ ਦਿਲ ਰਾਤ ਦਿਨ ਮਾਂ ਦੇ ਪਿਆਰ ਨੂੰ ਲਭਦਾ ਫਿਰਦਾ ਹੈ ਤੇ ਉਸਦੀ ਨਿੱਘ ਇੱਥੋਂ ਹੀ ਮਿਲਦੀ ਹੈ। ਕਿਸ਼ਨ ਨੇ ਥੋੜਾ ਚਿਰ ਹੇਮਾਂਗਨੀ ਦੇ ਮੂੰਹ ਵੱਲ ਵੇਖ ਕੇ ਆਖਿਆ, ਤੇਰਾ ਰੋਗ ਜੋ ਨਹੀਂ ਹੱਟਦਾ, ਛਾਤੀ ਵਿਚ ਸਰਦੀ ਬਹਿ ਗਈ ਹੈ ਮੈਨੂੰ ਇਸੇ ਦਾ ਫਿਕਰ ਹੈ।
"ਸਰਦੀ ਬਹਿ ਗਈ ਹੈ ਤਾਂ ਤੈਨੂੰ ਐਨਾ ਫਿਕਰ ਕਿਉਂ ਹੈ?
ਕਿਸ਼ਨ ਨੇ ਹੈਰਾਨ ਹੋਕੇ, "ਚਿੰਤਾ ਕਿਉ ਨ ਹੋਏ ਭੈਣ ਸਰਦੀ ਦਾ ਬਹਿ ਜਾਣਾ ਕੋਈ ਮਾਮੂਲੀ ਗੱਲ ਹੈ, ਜੋ ਬੀਮਾਰੀ ਵਧ ਜਾਏ ਤਾਂ ਫੇਰ?"
"ਤਾਂ ਫੇਰ ਮੈਂ ਤੈਨੂੰ ਸਦ ਲਵਾਂਗੀ, ਪਰ ਬਿਨਾਂ ਸੱਦੇ ਨ ਆਉਣਾ।"
"ਕਿਉਂ ਭੈਣ?"
ਹੇਮਾਂਗਨੀ ਨੇ ਪੱਕੇ ਇਰਾਦੇ ਨਾਲ ਸਿਰ ਹਿਲਾਕੇ ਆਖਿਆ, "ਨਹੀਂ ਹੁਣ ਮੈਂ ਤੈਨੂੰ ਇੱਥੇ ਨਹੀਂ ਆਉਣ ਦਿਆਂਗੀ। ਜੇ ਤੂੰ ਬਿਨਾਂ ਮੇਰੇ ਸੱਦੇ ਦੇ ਆਵੇਂਗਾ ਤਾਂ ਮੈਂ ਸਖਤ ਨਾਰਾਜ਼ ਹੋਵਾਂਗੀ।’’
ਕਿਸ਼ਨ ਨੇ ਆਖਿਆ, ਚੰਗਾ ਕਲ ਸਵੇਰੇ ਕਿਸ ਵੇਲੇ ਸੱਦੇਂਗੀ?"
ਕੀ ਕੱਲ ਫੇਰ ਤੂੰ ਆਵੇਂਗਾ?
ਕਿਸ਼ਨ ਕੁਝ ਭੁਖਿਆ ਜਿਹਾ ਵਾਗੂੰ ਕਹਿਣ ਲੱਗਾ, "ਸਵੇਰੇ ਨਾ ਸਹੀ ਦੁਪਹਿਰ ਨੂੰ ਹੀ ਆ ਜਾਵਾਂਗਾ। ਇਸ ਵੇਲੇ ਇਹਦੇ ਚਿਹਰੇ ਤੇ ਐਹੋ ਜਹੇ ਬੇਚੈਨੀ ਤੇ ਭਾਵ ਆ ਗਏ ਕਿ ਜਿਨ੍ਹਾਂ ਨੂੰ ਵੇਖ ਕੇ ਖੁਦ ਹੇਮਾਂਗਨੀ ਨੂੰ ਬਹੁਤ ਤਰਸ ਆਇਆ। ਪਰ ਬਿਨਾਂ ਸਖਤ ਹੋਇਆਂ ਕੰਮ ਨਹੀਂ ਸੀ ਚਲ ਸਕਦਾ ਸਾਰਿਆਂ ਜਣਿਆਂ ਮਿਲਕੇ ਜੋ ਇਸ ਅਨਾਥ ਬਾਲਕ ਨੂੰ ਸਤਾਉਣਾ ਸ਼ੁਰੂ ਕੀਤਾ ਹੋਇਆ ਸੀ ਏਦਾਂ ਕੀਤੇ ਤੋਂ ਬਿਨਾਂ ਉਸ ਵਿਚ ਕੁਝ ਫਰਕ ਨਹੀਂ ਸੀ ਪੈ ਸਕਦਾ। ਉਹ ਤਾਂ ਭੈਣ ਨੂੰ ਵੇਖਣ ਲਈ ਹਰ ਦੰਡ ਨੂੰ ਸਿਰ ਤੇ ਸਹਾਰਕੇ ਵੀ ਆ ਸਕਦਾ ਸੀ, ਪਰ ਭੈਣ ਪਾਸੋਂ ਇਹ ਨਹੀਂ ਸੀ ਸਹਾਰਿਆ ਜਾਂਦਾ।
ਹੇਮਾਂਗਨੀ ਫੇਰ ਅਖਾਂ ਭਰ ਲਿਆਈ, ਉਹਨੇ ਮੂੰਹ ਦੂਜੇ ਪਾਸੇ ਕਰਕੇ ਕਿਹਾ, “ਮੈਨੂੰ ਤੰਗ ਨ ਕਰ ਕਿਸ਼ਨ ਏਥੋਂ ਚਲਿਆ ਜਾਹ। ਜਦੋਂ ਸੱਦਾਂ ਓਦੋਂ ਆਇਆ ਕਰ। ਜਦੋਂ ਤੇਰਾ ਜੀ ਚਾਹੇ ਓਦੋਂ ਹੀ ਆਕੇ ਮੈਨੂੰ ਤੰਗ ਨ ਕਰਿਆ ਕਰ।
'ਨਹੀਂ ਮੈਂ ਤੰਗ ਤਾਂ ਨਹੀਂ ਕਰਦਾ"।
ਇਹ ਆਖਕੇ ਆਪਣਾ ਸਹਿਮਿਆ ਮੂੰਹ ਲੈਕੇ ਉਹ ਵਾਪਸ ਚਲਿਆ ਗਿਆ।
ਹੁਣ ਹੇਮਾਂਗਨੀ ਦੀਆਂ ਅਖੀਆਂ ਵਿਚੋਂ ਸੋਮੇ ਵਾਂਗੂੰ ਅਥਰੂ ਵਗਣ ਲਗ ਪਏ ਓਹਨੂੰ ਸਾਫ ਦਿਸ ਪਿਆ ਕਿ ਇਹ ਵਿਚਾਰਾ ਆਪਣੀ ਮਾਂ ਗੁਆਕੇ ਮੈਨੂੰ ਹੀ ਆਪਣੀ ਮਾਂ ਸਮਝ ਰਿਹਾ ਹੈ। ਮੇਰੇ ਹੀ ਪਲੇ ਨੂੰ ਆਪਣੇ ਸਿਰ ਤੇ ਲੈਣ ਲਈ,ਕੰਗਾਲਾਂ ਵਾਂਗੂ ਪਤਾ ਨਹੀਂ ਕੀ ਕੀ ਕਰਦਾ ਫਿਰਦਾ ਹੈ।
ਹੇਮਾਂਗਨੀ ਨੇ ਅੱਖਾਂ ਪੂੰਝ ਕੇ ਆਖਿਆ ਕਿਸ਼ਨ ਤੂੰ ਤਾਂ ਸਿਰਫ ਉਦਾਸ ਜਿਹਾ ਮੂੰਹ ਬਣਾਕੇ ਹੀ ਚਲਿਆ ਗਿਆ ਏਂ। ਤੇਰੀ ਭੈਣ ਤਾਂ ਐਨੀ ਅਭਾਗੀ ਹੈ ਕਿ ਤੈਨੂੰ ਪਿਆਰ ਕਰਦਿਆਂ ਹੋਇਆਂ ਵੀ ਖਿੱਚ ਕੇ ਗਲ ਨਾਲ ਨਹੀਂ ਲਾ ਸਕਦੀ, ਇਹਦੇ ਨਾਲੋਂ ਵਧ ਕੇ ਤਰਸ ਯੋਗ ਹਾਲਤ ਕਿਸਦੀ ਹੈ।
ਉਮਾਂ ਨੇ ਆਖਿਆ, ਮਾਂ ਕਲ ਕਿਸ਼ਨ ਮਾਮਾ ਤਮਾਸ਼ੇ ਜਾਣ ਦੀ ਥਾਂ ਤੇਰੇ ਕੋਲ ਆ ਬੈਠਾ ਸੀ ਏਸ ਕਰਕੇ ਤਾਏ ਨੇ ਉਸ ਨੂੰ ਐਨਾਂ ਮਾਰਿਆ ਕਿ ਉਸਦੀਆਂ ਨਾਸਾਂ ਵਿਚੋਂ ਲਹੂ ਨਿਕਲ ਆਇਆ ਹੈ।
ਹੇਮਾਂਗਨੀ ਨੇ ਆਖਿਆ, 'ਚੰਗਾ ਜੋ ਹੋਗਿਆ ਸੋ ਠੀਕ ਹੈ ਤੂੰ ਇਥੋਂ ਭਜ ਜਾਹ।'
ਅਚਾਨਕ ਝਿੜਕ ਖਾਕੇ ਉਮਾਂ ਤ੍ਰਬਕ ਪਈ। ਉਹ ਹੋਰ ਕੁਝ ਨਾ ਆਖਕੇ ਚੁੱਪ ਚਾਪ ਜਾ ਰਹੀ ਸੀ ਕਿ ਮਾਂ ਨੇ ਫੇਰ ਬੁਲਾ ਲਿਆ। ਨੀ ਸੁਣ ਨੀਂ ਨਕੋਂ ਬਹੁਤਾ ਲਹੂ ਗਿਆ ਸੀ ।
ਉਮਾਂ ਨੇ ਆਖਿਆ ਨਹੀਂ, ਥੋੜਾ ਜਿਹਾ ਹੀ ਗਿਆ ਸੀ।
‘ਚੰਗਾ ਤੂੰ ਜਾਹ!'
ਦਰਵਾਜੇ ਕੋਲ ਪਹੁੰਚ ਕੇ ਉਮਾਂ ਨੇ ਆਖਿਆ ਵੇਖ ਮਾਂ, ਕਿਸ਼ਨ ਮਾਮਾ ਤਾਂ ਇਥੇ ਖੜੇ ਹਨ।
ਕਿਸ਼ਨ ਨੇ ਇਹ ਗਲ ਸੁਣ ਲਈ, ਉਸ ਨੇ ਉਥੋਂ ਹੀ ਆਖਿਆ ‘ਭੈਣ ਜੀ ਕੀ ਹਾਲ ਹੈ?'
ਦਰਦ ਤੇ ਅਪਮਾਨ ਦੇ ਮਾਰਿਆਂ ਹੇਮਾਂਗਨੀ ਪਾਗਲ ਵਾਂਗੂੰ ਚੀਕ ਪਈ, ਇਥੇ ਕੀ ਕਰਨ ਆਇਆਏਂ ਚਲਿਆ ਜਾਹ ਇਥੋਂ ਦਫਾ ਹੋ ਜਾਹ!'
ਕਿਸ਼ਨ ਬੇਵਕੂਫਾਂ ਵਾਂਗੂ ਅਖਾਂ ਪਾੜ ਪਾੜ ਕੇ ਵੇਖਣ ਲਗ ਪਿਆ। ਹੇਮਾਂਗਨੀ ਨੇ ਹੋਰ ਵੀ ਗੁੱਸੇ ਨਾਲ ਆਖਿਆ ਤੂੰ ਅਜੇ ਤੱਕ ਇਥੇ ਕੀ ਕਰਦਾ ਏਂ? ਗਿਆ ਕਿਉਂ ਨਹੀਂ?
ਕਿਸ਼ਨ, ‘ਚਲਿਆ ਜਾਨਾ ਹਾਂ' ਆਖਕੇ ਨੀਵੀਂ ਪਾਈ ਚਲਿਆ ਗਿਆ। ਇਹਦੇ ਚਲੇ ਜਾਣ ਪਿਛੋ, ਹੇਮਾਂਗਨੀ ਪਲੰਘ ਦੇ ਇਕ ਸਿਰੇ ਮੁਰਦਿਆਂ ਵਾਂਗੂ ਪੈਕੇ ਮੂੰਹ ਵਿਚ ਹੀ ਬੁੜਬੁੜਾਉਣ ਲਗੀ, ਇਸ ਨੂੰ ਕਈ ਵਾਰੀ ਆਖਿਆ ਹੈ ਕਿ ਮੇਰੇ ਕੋਲ ਨ ਆਇਆ ਕਰ, ਪਰ ਫੇਰ ਆਕੇ ਉਹ ਭੈਣ ਜੀ ਕੀ...। 'ਉਮਾਂ ਜਾ ਜ਼ਰਾ ਸ਼ੰਭੂ ਨੂੰ ਆਖ ਆ ਕਿ ਇਸ ਨੂੰ ਅੰਦਰ ਨ ਆਉਣ ਦਿਆ ਕਰੇ।
ਉਮਾਂ ਨੇ ਕੋਈ ਜਵਾਬ ਨ ਦਿਤਾ। ਉਹ ਚੁੱਪ ਚਾਪ ਬਾਹਰ ਚਲੀ ਗਈ। ਰਾਤ ਨੂੰ ਹੇਮਾਂਗਨੀ ਨੇ ਆਪਣੇ ਘਰ ਵਾਲੇ ਨੂੰ ਸਦ ਕੇ ਭਰੀ ਹੋਈ ਅਵਾਜ਼ ਨਾਲ ਆਖਿਆ, ਅੱਜ ਤੱਕ ਮੈਂ ਤੁਹਾਥੋਂ ਕੁਝ ਨਹੀਂ ਮੰਗਿਆ। ਅੱਜ ਬੀਮਾਰ ਪਈ ਹੋਈ ਇਕ ਖੈਰ ਮੰਗਦੀ ਹਾਂ। ਦੇਉਗੇ?
ਵਿਪਿਨ ਨੇ ਕਿਹਾ “ਕੀ ਚਾਹੁੰਦੀ ਏਂ?"
ਹੇਮਾਂਗਨੀ ਨੇ ਆਖਿਆ ਕਿਸ਼ਨ ਨੇ ਮੈਨੂੰ ਦੇ ਦਿਉ। ਉਹ ਬਹੁਤ ਦੁਖੀ ਹੈ, ਉਸਦਾ ਮਾਂ ਪਿਉ ਹੈ ਨਹੀਂ ਉਹ ਲੋਕ ਉਹਨੂੰ ਬਹੁਤ ਹੀ ਤੰਗ ਕਰ ਰਹੇ ਹਨ। ਮੈਥੋਂ ਆਪਣੀਆਂ ਅੱਖਾਂ ਨਾਲ ਵੇਖਿਆ ਨਹੀਂ ਜਾਂਦਾ।
ਵਿਪਿਨ ਨੇ ਮੁਸਕ੍ਰਾਉਂਦਿਆਂ ਕਿਹਾ, ਬਸ ਅੱਖਾਂ ਬੰਦ ਕਰ ਲੈ ਸਾਰੇ ਝਗੜੇ ਨਿਬੜ ਜਾਣਗੇ।'
ਸੁਆਮੀ ਦਾ ਇਹ ਹਾਸਾ ਹੇਮਾਂਗਨੀ ਦੇ ਕਲੇਜੇ ਵਿਚ ਤੀਰ ਵਾਂਗੂੰ ਲੱਗਾ, ਹੋਰ ਕਿਸੇ ਹਾਲਤ ਵਿਚ ਤਾਂ ਉਹ ਇਹਨੂੰ ਨਾਂ ਸਹਾਰ ਸਕਦੀ, ਪਰ ਅੱਜ ਦੁੱਖ ਨਾਲ ਉਹਦੀ ਜਾਨ ਨਿਕਲਦੀ ਜਾ ਰਹੀ ਸੀ। ਇਸੇ ਕਰਕੇ ਉਸਨੇ ਇਹ ਸਭ ਕੁਝ ਸਹਿ ਲਿਆ। ਹੱਥ ਜੋੜ ਕੇ ਆਖਣ ਲੱਗੀ, " ਮੈਂ ਤੁਹਾਡੇ ਹੀ ਚਰਨਾਂ ਦੀ ਸੌਂਹ ਖਾਕੇ ਆਖਦੀ ਹਾਂ ਕਿ ਮੈਂ ਉਸਨੂੰ ਢਿੱਡ ਦੇ ਜਾਏ ਵਾਂਗੂੰ ਰਖਾਂਗੀ। ਉਹ ਨੂੰ ਖਿਲਾ ਪਿਲਾ ਕੇ ਜਵਾਨ ਕਰਾਂਗੀ, ਇਸਤੋਂ ਪਿੱਛੋਂ ਜਿਦਾਂ ਤੁਹਾਡੀ ਮਰਜ਼ੀ ਹੈ ਕਰ ਲੈਣਾ।
ਵਿਪਿਨ ਨੇ ਕੁਝ ਨਰਮ ਹੋਕੇ ਆਖਿਆ, ਉਹ ਕੋਈ ਮੁਲ ਵਿਕਦੀ ਬਾਜੀ ਹੈ ਜਿਹੜੀ ਮੈਂ ਲਿਆ ਦਿਆਂ? ਕਿਸੇ ਦਾ ਲੜਕਾ ਹੈ ਕਿਸੇ ਦੇ ਘਰ ਆਇਆ ਹੈ ਤੂੰ ਵਿੱਚ ਐਵੇਂ ਹੀ ਲੱਤਾਂ ਅੜਾ ਕੇ ਔਖੀ ਹੋਣ ਡਹੀ ਹੋਈ ਏਂ? "ਤੈਨੂੰ ਐਨਾ ਦਰਦ ਕਿਉਂ ਮਹਿਸੂਸ ਹੁੰਦਾ ਹੈ?"
ਹੇਮਾਂਗਨੀ ਰੋ ਪਈ। ਥੋੜੇ ਚਿਰ ਪਿੱਛੋਂ ਉਸ ਅੱਥਰੂ ਪੂੰਝਦੀ ਹੋਈ ਨੇ ਕਿਹਾ, ਜੇ ਤੁਸੀਂ ਚਾਹੋ ਤਾਂ ਜਿਠਾਣੀ ਪਾਸੋਂ ਲੈ ਸਕਦੇ ਹੋ। ਮੈਂ ਤੁਹਾਡੀ ਪੈਰੀ ਪੈਨੀ ਹਾਂ ਕਿ ਜਰੂਰ ਲਿਆ ਦਿਉ।"
ਵਿਪਿਨ ਨੇ ਆਖਿਆ, ਮੰਨ ਲਓ ਕਿ ਏਦਾਂ ਹੋ ਵੀ ਗਿਆ। ਪਰ ਫੇਰ ਅਸੀਂ ਕਿਹੜੇ ਅਮੀਰ ਹਾਂ ਜੋ ਉਹਨੂੰ ਖੁਆ ਸਕਾਂਗੇ?
ਹੇਮਾਂਗਨੀ ਨੇ ਆਖਿਆ, ਅੱਗੇ ਤੁਸੀਂ ਮੇਰੀ ਮਾਮੂਲੀ ਗਲ ਵੀ ਮੰਨ ਲੈਂਦੇ ਸਾਉ, ਪਰ ਹੁਣ ਮੈਥੋਂ ਕੀ ਅਪ੍ਰਾਧ ਹੋ ਗਿਆ ਹੈ। ਮੈਂ ਸੱਚ ਆਖਦੀ ਹਾਂ ਕਿ ਮੇਰੇ ਪ੍ਰਾਣ ਨਿਕਲਣ ਵਾਲੇ ਹਨ, ਦਿਲ ਸੜ ਰਿਹਾ ਹੈ। ਪਰ ਫੇਰ ਵੀ ਤੁਸੀਂ ਮੇਰੀ ਇਹ ਗੱਲ ਨਹੀਂ ਮੰਨਣਾ ਚਾਹੁੰਦੇ। ਉਹ ਤਾਂ ਵਿਚਾਰਾ ਭੈੜੀ ਕਿਸਮਤ ਵਾਲਾ ਤੁਹਾਡੇ ਵੱਸ ਪੈ ਹੀ ਗਿਆ। ਤੁਸੀਂ ਹੁਣ ਉਹਨੂੰ ਮਾਰਕੇ ਹੀ ਬੱਸ ਕਰਨਾ ਹੈ? ਮੈਂ ਉਹ ਨੂੰ ਆਪਣੇ ਕੋਲ ਜ਼ਰੂਰ ਸੱਦ ਲੈਣਾ ਹੈ, ਵੇਖਾਂਗੀ ਕਿ ਲੋਕੀਂ ਕੀ ਆਖਦੇ ਹਨ।
ਵਿਪਨ ਨੇ ਆਖਿਆ, “ਮੈਥੋਂ ਉਸਨੂੰ ਰੋਟੀ ਕਪੜਾ ਨਹੀਂ ਦਿੱਤਾ ਜਾਣਾ।"
ਹੇਮਾਂਗਨੀ ਨੇ ਆਖਿਆ, ਮੈਂ ਦਿਆਂਗੀ ਰੋਟੀ ਕਪੜਾ। ਕੀ ਮੇਰਾ ਘਰ ਨਹੀਂ? ਮੈਂ ਆਪਣੇ ਬੱਚੇ ਨੂੰ ਸਭ ਕੁਝ ਦੇ ਸਕਦੀ ਹਾਂ। ਮੈਂ ਕੱਲ ਹੀ ਉਹਨੂੰ ਸਦਕੇ ਆਪਣੇ ਪਾਸ ਰੱਖਾਂਗੀ। ਜੇ ਜੇਠਾਣੀ ਬਹਤਾ ਉਰਾ ਪਰਾ ਕਰੇਗੀ ਤਾਂ ਉਸਨੂੰ ਠਾਣੇ ਘੱਲ ਦਿਆਂਗੀ।
ਘਰ ਵਾਲੀ ਦੀ ਗਲ ਸੁਣ ਕੇ ਵਿਪਿਨ ਕ੍ਰੋਧ ਤੇ ਅਭਮਾਨ ਨਾਲ ਚੁਪ ਜਿਹਾ ਕਰਕੇ ਕਹਿਣ ਲੱਗਾ, “ਚੰਗ ਵੇਖੀ ਜਾਏਗੀ।" ਇਹ ਆਖਕੇ ਉਹ ਬਾਹਰ ਚਲਿਆ ਗਿਆ।
ਦੂਜੇ ਦਿਨ ਸਵੇਰੇ ਹੀ ਮੀਂਹ ਪੈਣ ਲੱਗ ਪਿਆ। ਹੇਮਾਂਗਨੀ ਆਪਣੇ ਕਮਰੇ ਦੀ ਬਾਰੀ ਖੋਲ੍ਹ ਕੇ ਆਸਮਾਨ ਵੱਲ ਵੇਖ ਰਹੀ ਸੀ। ਇਕ ਵੇਰਾਂ ਹੀ ਉਸ ਨੂੰ 'ਪਾਂਚੂ ਗੋਪਾਲ' ਦਾ ਉੱਚਾ ਬੋਲਣਾ ਸੁਣਿਆਂ ਗਿਆ। ਉਹ ਅੜਿੰਗ ਅੜਿੰਗ ਕੇ ਆਖ ਰਿਹਾ ਸੀ, ਮਾਂ ਆਪਣੇ ਅਕਲ ਦੇ ਕੋਟ ਭਰਾ ਵੱਲ ਵੇਖ, ਪਾਣੀ ਵਿਚ ਭਿੱਜਦਾ ੨ ਪਤਾ ਨਹੀਂ ਕਿਧਰੋਂ ਆਂ ਹਾਜ਼ਰ ਹੋਇਆ ਹੈ।
ਬਹੁਕਰ ਕਿੱਥੇ ਹੈ? ਮੈਂ ਆਉਂਦੀ ਹਾਂ। ਇਹ ਆਖਦੀ ਹੋਈ ਤੇ ਫੁੰਕਾਰਦੀ ਹੋਈ ਕਾਦੰਬਨੀ ਸਿਰ ਤੇ ਕਪੜਾ ਪਾਕੇ ਧਰਰ ਦਰਵਾਜ਼ੇ ਤੱਕ ਜਾ ਪਹੁੰਚੀ।
ਹੇਮਾਂਗਨੀ ਦੀ ਛਾਤੀ ਫੱਟ ਗਈ। ਉਸਨੇ ‘ਲਲਤਾ' ਨੂੰ ਸੱਦ ਕੇ ਆਖਿਆ, ਜਾ ਜਰਾ ਵੇਖ ਤਾਂ ਸਹੀ ਤੇਰਾ ਕਿਸ਼ਨ ਮਾਮਾ ਕਿੱਥੋਂ ਆਇਆ ਹੈ?
ਲਲਤ ਭਜਦਾ ੨ ਗਿਆ ਤੇ ਥੋੜੇ ਚਿਰ ਪਿੱਛੋਂ ਮੁੜ ਕੇ ਆ ਗਿਆ। ਆਖਣ ਲੱਗਾ, “ਪਾਂਚੂ’ ਨੇ ਮਾਮੇ ਨੂੰ ਗੋਡਿਆਂ ਪਰਨੇ ਬਿਠਾ ਰਖਿਆ ਹੈ ਤੇ ਉਸਦੇ ਸਿਰ ਤੇ ਦੋ ਇੱਟਾਂ ਰਖੀਆਂ ਹੋਈਆਂ ਹਨ।"
ਹੇਮਾਂਗਨੀ ਨੇ ਸੁੱਕੇ ਹੋਏ ਮੂੰਹ ਨਾਲ ਪੁਛਿਆ, ਉਹਨੇ ਕੀ ਗੁਨਾਹ ਕੀਤਾ ਸੀ?"
ਲਲਤ ਨੇ ਆਖਿਆ “ਕੱਲ ਦੁਪਹਿਰ ਨੂੰ ਉਹਨੂੰ ਗਵਾਲੇ ਪਾਸੋਂ ਕੁਝ ਰੁਪੈ ਲੈਣ ਘਲਿਆ ਸੀ ਉਹ ਤਿੰਨ ਰੁਪੈ ਲੈਕੇ ਭੱਜ ਗਿਆ ਤੇ ਹੁਣ ਖਰਚ ਕੇ ਵਾਪਸ ਆ ਰਿਹਾ ਹੈ।
ਹੇਮਾਂਗਨੀ ਨੂੰ ਇਸ ਤੇ ਭਰੋਸਾ ਨ ਆਇਆ, ਕਹਿਣ ਲੱਗੀ ਕਿਸ ਨੇ ਦਸਿਆ ਹੈ ਕਿ ਉਹ ਰੁਪੈ ਵਸੂਲ ਕਰ ਚੁੱਕਾ ਹੈ ?
"ਲਛਮਣ ਆਪ ਹੀ ਆਕੇ ਆਖ ਗਿਆ ਹੈ।"
ਇਹ ਆਖ ਕੇ 'ਲਲਤ’ ਪੜ੍ਹਨ ਚਲਿਆ ਗਿਆ, ਦੋ ਤਿੰਨਾਂ ਘੰਟਿਆਂ ਤਕ ਕੋਈ ਰੌਲਾ ਨ ਸੁਣਿਆ ਗਿਆ। ਦਸ ਵਜੇ ਦੇ ਕਰੀਬ ਲਾਂਗਰਿਆਣੀ ਕੁਝ ਰੋਟੀਆਂ ਦੇ ਗਈ ਸੀ। ਹੇਮਾਂਗਨੀ ਉਠ ਕੇ ਬਹਿਣਾ ਹੀ ਚਾਹੁੰਦੀ ਸੀ ਕਿ ਉਸਦੇ ਸਾਹਮਣੇ ਹੀ ਭਾਰਾ ਭਾਰਤ ਦਾ ਯੁੱਧ ਮੱਚ ਗਿਆ। ਕਦੰਬਨੀ ਦੇ ਪਿਛੇ ਪਿਛੇ ਪਾਂਚੂ ਗੋਪਾਲ ਕਿਸ਼ਨ ਦਾ ਕੰਨ ਫੜੀ ਧੂਹੀ ਲਿਆ ਰਿਹਾ ਸੀ। ਨਾਲ ਵਿਪਨ ਦੇ ਵੱਡੇ ਭਰਾ ਵੀ ਹਨ। ਵਿਪਨ ਨੂੰ ਸੱਦਣ ਵਾਸਤੇ ਹੱਟੀ ਤੇ ਆਦਮੀ ਭੇਜਿਆ ਗਿਆ ਹੈ।
ਹੇਮਾਂਗਨੀ ਨੇ ਘਬਰਾਕੇ ਸਿਰ ਤੇ ਲੀੜਾ ਲਿਆ ਤੇ ਉਠ ਕੇ ਕਮਰੇ ਦੀ ਇੱਕ ਨੁਕਰੇ ਖੜੀ ਹੋ ਗਈ। ਤਦ ਕਦੰਬਨੀ ਨੇ ਲੜਾਈ ਦਾ ਚਾਰਜ ਆਪਣੇ ਹੱਥ ਵਿੱਚ ਲੈ ਲਿਆ। ਦਰਵਾਜੇ ਦੇ ਸਾਹਮਣੇ ਆਕੇ ਖੂਬ ਹੱਥ ਪੈਰ ਮਾਰ ਮਾਰ ਕੇ ਆਖਣਾ ਸ਼ੁਰੂ ਕਰ ਦਿੱਤਾ:-
ਹੇਮਾਂਗਨੀ ਮੈਂ ਤੇਰੀ ਜਿਠਾਣੀ ਹਾਂ। ਤੂੰ ਮੈਨੂੰ ਕੁਤਿਆਂ ਬਿਲਿਆਂ ਵਾਂਗ ਸਮਝਦੀ ਰਹੀਏਂ ਕੋਈ ਹਰਜ ਨਹੀਂ। ਪਰ ਮੈਂ ਤੈਨੂੰ ਹਜ਼ਾਰ ਵਾਰ ਆਖਿਆ ਹੈ ਕਿ ਐਵੇਂ ਝੂਠ ਮੂਠ ਦਾ ਵਿਖਾਵੇ ਦਾ ਪਿਆਰ ਵਿਖਾਕੇ ਮੇਰੇ ਭਰਾ ਦਾ ਝੁੱਗਾ ਚੌੜ ਨ ਕਰ। ਜੋ ਮੈਂ ਆਖਦੀ ਸਾਂ ਅਖੀਰ ਨੂੰ ਉਹੋ ਹੋਇਆ ਕਿ ਨਾ ਦੋ ਦਿਨਾਂ ਦਾ ਪਿਆਰ ਤਾਂ ਹਰ ਕੋਈ ਕਰ ਸਕਦਾ ਹੈ, ਹਮੇਸ਼ਾ ਕੱਟਣੀ ਮੁਸ਼ਕਲ ਹੁੰਦੀ ਹੈ। ਉਹ ਤਾਂ ਅਸੀਂ ਹੀ ਕਟਣੀ ਹੈ।
ਇਹ ਸਿਰਫ ਕੌੜੇ ਸੁਭਾ ਦਾ ਇਕ ਕੋਝਾ ਜਿਹਾ ਹਮਲਾ ਹੈ, ਹੇਮਾਂਗਨੀ ਨੇ ਇਹੋ ਸਮਝਿਆ। ਬੜੀ ਮਿਠੀ ਜਹੀ ਅਵਾਜ਼ ਵਿਚ ਆਖਿਆ, "ਹੋ ਕੀ ਗਿਆ?"
ਕਾਦੰਬਨੀ ਨੇ ਹੋਰ ਵੀ ਜ਼ਿਆਦਾ ਹੱਥ ਪੈਰ ਮਾਰਦੀ ਹੋਈ ਨੇ ਕਿਹਾ, “ਹੋਣਾ ਕੀ ਹੈ, ਤੇਰੀ ਸਿਖਿਆ ਫਲ ਦੇ ਰਹੀ ਹੈ। ਅਜੇ ਤਾਂ ਵਸੂਲ ਕੀਤੇ ਰੁਪੈ ਚੁਰਾਏ ਸੂ, ਕੱਲ ਸੰਦੂਕ ਦਾ ਜੰਦਰਾ ਤੋੜਨਾ ਵੀ ਸਿੱਖ ਜਾਇਗਾ।"
ਇੱਕ ਹੇਮਾਂਗਨੀ ਬੀਮਾਰ, ਦੁਜਾ ਇਹ ਝੂਠਾ ਦੂਸ਼ਣ ਵਿਚਾਰੀ ਦੀ ਜਾਨ ਨਿਕਲਣ ਵਾਲੀ ਹੋਗਈ। ਅੱਜ ਤੱਕ ਇਹ ਆਪਣੇ ਜੇਠ ਦੇ ਸਾਹਮਣੇ ਕਦੇ ਨਹੀਂ ਬੋਲੀ ਸੀ। ਅੱਜ ਉਸ ਪਾਸੋਂ ਨਹੀਂ ਰਿਹਾ ਗਿਆ ਉਸਨੇ ਮਿੱਠੀ ਅਵਾਜ਼ ਵਿੱਚ ਆਖਿਆ, “ਕੀ ਚੋਰੀ ਕਰਨਾਂ ਜਾਂ ਡਾਕਾ ਮਾਰਨਾ ਇਹ ਮੈਂ ਸਿਖਾਏ ਹਨ?"
ਕਾਦੰਬਨੀ ਨੇ ਆਖਿਆ, "ਮੈਨੂੰ ਇਹਦਾ ਕੀ ਪਤਾ ਇਹ ਤੂੰ ਆਪ ਹੀ ਜਾਣ ਸਕਦੀ ਏਂ? ਪਰ ਪਹਿਲਾਂ ਇਹਦਾ ਇਹ ਸੁਭਾ ਨਹੀਂ ਸੀ। ਜੇ ਇਹ ਗਲ ਨਹੀਂ ਤਾਂ ਤੁਸੀਂ ਲੁੱਕ ਲੁੱਕ ਕੇ ਆਪੋ ਵਿਚ ਦੀ ਕੀ ਸਲਾਹਵਾਂ ਕਰਦੇ ਰਹਿੰਦੇ ਹੋ? ਇਹ ਨੂੰ ਐਨੀ ਸ਼ਹਿ ਕਿਉਂ ਦਿੱਤੀ ਜਾਂਦੀ ਹੈ?"
"ਵੇਖਣ ਵਾਲਿਆਂ ਵੇਖ ਲਿਆ ਤੇ ਸਮਝਣ ਵਾਲਿਆਂ ਸਮਝ ਲਿਆ ਕਿ ਕਈਆਂ ਦਿਨਾਂ ਦਾ ਰੋਕਿਆ ਛੁਪਾਇਆ ਹੋਇਆ ਗੁੱਸਾ ਅਜੇ ਜ਼ਰਾ ਕੁ ਰਾਹ ਮਿਲਣ ਤੇ ਇਕ ਵੇਰਾਂ ਹੀ ਫੁੱਟ ਪਿਆ ਹੈ।"
ਥੋੜੀ ਦੇਰ ਪਹਿਲਾਂ ਹੇਮਾਂਗਨੀ ਪਾਗਲਾਂ ਦੀ ਤਰ੍ਹਾਂ ਰੋ ਰਹੀ ਸੀ। ਜਾਣੀਦਾ ਉਹ ਇਹ ਸਮਝ ਹੀ ਨਹੀਂ ਸੀ ਸਕੀ ਕਿ ਕੋਈ ਮਨੁਖ ਦੁਜੇ ਮਨੁੱਖ ਦਾ, ਏਸ ਤਰ੍ਹਾਂ ਨਾਲ ਨਿਰਾਦਰ ਕਰ ਸਕਦਾ ਹੈ। ਪਰ ਇਹ ਹਾਲਤ ਪਲ ਭਰ ਹੀ ਰਹੀ ਦੁਸਰੇ ਪਲ ਉਹ ਜ਼ਖਮੀ ਸ਼ੇਰਨੀ ਦੀ ਤਰ੍ਹਾਂ ਬਾਹਰ ਨਿਕਲ ਆਈ। ਉਹ ਦੀਆਂ ਅਖਾਂ ਅੱਗ ਵਾਂਗੂੰ ਸੜ ਰਹੀਆਂ ਸਨ। ਜੇਠ ਨੂੰ ਵੇਖ ਕੇ ਆਪਣੇ ਸਿਰ ਦਾ ਕਪੜਾ ਤਾਂ ਅਗੇ ਕਰ ਲਿਆ ਪਰ ਗੁੱਸੇ ਨੂੰ ਨਾ ਰੋਕ ਸਕੀ। ਉਹਨੇ ਜਿਠਾਣੀ ਨੂੰ ਬੁਲਾ ਕੇ ਬੜੀ ਮਿੱਠੀ ਪਰ ਤਾੜਨਾ ਭਰੀ ਅਵਾਜ਼ ਵਿਚ ਆਖਿਆ, "ਤੂੰ ਇਹੋ ਜਹੀ ਨੀਚ ਏਂਂ ਕਿ ਤੇਰੇ ਨਾਲ ਗਲ ਕਰਨ ਨੂੰ ਵੀ ਜੀ ਨਹੀਂ ਕਰਦਾ। ਚੁਮਿਆਰਨੀਏਂ! ਜਿਸ ਜਾਨਵਰ ਨੂੰ ਪਾਲੀ ਦਾ ਹੈ, ਉਹਨੂੰ ਵੀ ਢਿੱਡ ਭਰਕੇ ਖਾਣ ਨੂੰ ਦੇਈਦਾ ਹੈ। ਪਰ ਏਸ ਗਰੀਬ ਪਾਸੋਂ ਤੇ ਵੱਡੇ ਤੋਂ ਨਿੱਕੇ ਤਕ ਸਾਰੇ ਕੰਮ ਕਰਵਾਕੇ ਵੀ ਤੂੰ ਕਦੇ ਰੱਜਵੀਂ ਰੋਟੀ ਨਹੀਂ ਦਿੱਤੀ। ਜੇ ਮੈਂ ਨ ਹੁੰਦੀ ਤਾਂ ਹੁਣ ਤਕ ਭੁੱਖਾ ਹੀ ਮਰ ਜਾਂਦਾ। ਉਹ ਭੁੱਖ ਦਾ ਮਾਰਿਆ ਮੇਰੇ ਕੋਲ ਭੱਜਾ ਆਉਂਦਾ ਹੈ, ਕੋਈ ਮੇਰਾ ਪਿਆਰ ਲੈਣ ਨਹੀਂ ਆਉਂਦਾ।
ਕਾਦੰਬਨੀ ਨੇ ਆਖਿਆ, ਅਸੀ ਤਾਂ ਰੋਟੀ ਨਹੀਂ ਦੇਂਦੇ ਕੰਮ ਹੀਂ ਕਰਵਾਉਂਦੇ ਹਾਂ ਪਰ ਤੂੰ ਇਹਨੂੰ ਖਵਾ ਪਿਆਕੇ ਬਚਾਈ ਰਖਿਆ ਹੈ ਚਲ ਇਹ ਵੀ ਤਾਂ ਠੀਕ ਹੈ ਨਾਂ?
ਹੇਮਾਂਗਨੀ ਨੇ ਆਖਿਆ, 'ਮੈਂ ਬਿਲਕੁਲ ਸਚ ਆਖਦੀ ਹਾਂ ਕਦੇ ਤੂੰ ਦੋਵੇਂ ਵੇਲੇ ਰੱਜਵੀਂ ਰੋਟੀ ਨਹੀਂ ਦਿਤੀ।ਸਿਰਫ ਮਾਰਿਆ ਹੈ ਤੇ ਜਿੰਨੇ ਉਹ ਕੰਮ ਕਰ ਸਕਦਾ ਹੈ, ਕਰਾਉਂਦੀ ਰਹੀ ਏਂ। ਤੁਹਾਡੇ ਲੋਕਾਂ ਦੇ ਸਾੜੇ ਤੋਂ ਡਰਦੀ ਨੇ ਮੈਂ ਉਹਨੂੰ ਕਈ ਵਾਰ ਇਥੋਂ ਆਉਣ ਤੋਂ ਰੋਕਿਆ ਹੈ, ਪਰ ਜਦ ਉਹਨੂੰ ਢਿੱਡ ਦੀ ਲਗਦੀ ਹੈ ਤਾਂ ਆਪਣੇ ਆਪ ਹੀ ਭੱਜਾ ਆਉਂਦਾ ਹੈ। ਕੋਈ ਮੇਰੇ ਪਾਸੋਂ ਚੋਰੀ ਜਾਂ ਡਾਕੇ ਦੀ ਸਲਾਹ ਲੈਣ ਨਹੀਂ ਆਉਂਦਾ। ਪਰ ਤੁਸੀਂ ਲੋਕ ਐਨਾ ਸਾੜਾ ਕਰਦੇ ਹੋ ਕਿ ਇਹ ਵੀ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸਕਦੇ।
ਹੁਣ ਜੇਠ ਨੇ ਜੁਵਾਬ ਦਿਤਾ। ਉਹਨੇ ਕਿਸ਼ਨ ਨੂੰ ਅਗਾਂਹ ਖਿੱਚਕੇ ਉਸਦੀ ਧੋਤੀ ਪੱਲਿਓਂ ਇਕ ਡੋਨਾ ਖੋਲ੍ਹਕੇ ਕਹਿਣ ਲੱਗਾ, 'ਅਸੀਂ ਸਾੜਾ ਕਰਦੇ ਹਾਂ, ਤੂੰ ਆਪਣੀ ਅੱਖੀਂਂ ਵੇਖ ਲੈ! ਇਹ ਤੇਰੀ ਸਖੌਤ ਨਹੀਂ ਕਿ ਇਹ ਸਾਡੇ ਰੁਪੈ ਚੁਰਾਕੇ ਤੇਰੇ ਭਲੇ ਵਾਸਤੇ ਕਿਸੇ ਦੇਵੀ ਦੀ ਪੂਜਾ ਦੇਕੇ ਪ੍ਰਸ਼ਾਦ ਲਿਆ ਰਿਹਾ ਏ, ਇਹ ਆਖਕੇ ਉਹਨਾਂ ਨੇ ਡੋਨੇ ਵਿਚੋਂ ਇਕ ਲੱਡੂ ਕੁਝ ਫੁਲ ਤੇ ਕੁਝ ਬੇਲ ਪੱਤ੍ਰ ਕੱਢ ਕੇ ਵਿਖਾ ਦਿੱਤੇ।'
ਕਾਦੰਬਨੀ ਦੀਆਂ ਅੱਖਾਂ ਮੱਥੇ ਤੇ ਚੜ੍ਹ ਗਈਆਂ। ਉਹ ਕਹਿਣ ਲੱਗੀ, ਵੇਖੋ ਨੀ ਭੈਣੋ!ਕਿਡਾ ਸ਼ਰਾਰਤੀ ਲੜਕਾ ਹੈ। ਦੱਸ ਭੈਣ ਇਹ ਜੋ ਪੂਜਾ ਤੇ ਪੈਸੇ ਪੁੱਟ ਆਇਆ ਏ, ਇਹ ਮੇਰੇ ਭਲੇ ਲਈ ਪੁੱਟੇ ਸੂ? ਇਹਨੇ ਇਹ ਚੋਰੀ ਕਿਸ ਵਾਸਤੇ ਕੀਤੀ ਹੈ?
ਗੁੱਸੇ ਦੇ ਮਾਰਿਆਂ ਹੇਮਾਂਗਨੀ ਨੂੰ ਆਪਣੇ ਆਪ ਦੀ ਸੁਰਤ ਨ ਰਹੀ। ਇਕ ਤਾਂ ਇਸਦਾ ਕਮਜ਼ੋਰ ਸਰੀਰ, ਦੂਜੇ ਇਹ ਝੂਠੇ ਉਲ੍ਹਾਮੇ। ਉਸਨੇ ਛੇਤੀ ਨਾਲ ਅਗਾਂਹ ਹੋਕੇ ਉਸਦੇ ਮੂੰਹ ਤੇ ਜ਼ੋਰ ੨ ਦੀਆਂ ਦੋ ਚੁਪੇੜਾਂ ਜੜ ਦਿੱਤੀਆਂ। ਕਹਿਣ ਲੱਗੀ, 'ਹਰਾਮਜ਼ਾਦੇ ਮੈਂ ਤੈਨੂੰ ਚੋਰੀ ਕਰਨ ਲਈ ਕਿਹਾ ਸੀ? ਕਈਵਾਰ ਮਨ੍ਹਾ ਕਰ ਚੁਕੀ ਹਾਂ ਕਿ ਏਥੇ ਨ ਆਇਆ ਕਰ, ਤੇ ਫੇਰ ਵੀ ਪਿੱੱਛਾ ਨਹੀਂ ਛਡਦਾ। ਹੁਣ ਮੈਨੂੰ ਵੀ ਜਾਪਦਾ ਹੈ ਕਿ ਤੂੰ ਚੋਰੀ ਕਰਨ ਦੇ ਇਰਾਦੇ ਨਾਲ ਹੀ ਹਨੇਰੇ ਸਵੇਰੇ ਆਕੇ ਮੈਨੂੰ ਝਾਤੀਆਂ ਮਾਰਿਆ ਕਰਦਾ ਸੈਂ।'
ਇਹਦੇ ਨਾਲੋਂ ਪਹਿਲਾਂ ਹੀ ਘਰ ਦੇ ਸਾਰੇ ਜੀ ਇਥੇ ਆਕੇ ਇਕੱਠੇ ਹੋ ਚੁਕੇ ਸਨ। ਸ਼ਿੱਬੂ ਨੇ ਆਖਿਆ, ਮਾਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਇਹ ਪਰਸੋਂ ਹਨੇਰੇ ਵਿਚ ਤੇਰੇ ਬੂਹੇ ਅਗੇ ਖਲੋਤਾ ਹੋਇਆ ਸੀ। ਮੈਨੂੰ ਵੇਖਦਿਆਂ ਹੀ ਭੱਜ ਗਿਆ ਸੀ, ਜੇ ਮੈਂ ਨ ਆਉਂਦਾ ਤਾਂ ਖਬਰੇ ਇਹ ਜਰੂਰ ਤੇਰੇ ਕਮਰੇ ਵਿਚ ਆਕੇ ਚੋਰੀ ਕਰਦਾ।
ਪਾਂਚੂ ਗੋਪਾਲ ਨੇ ਆਖਿਆ, ਇਹ ਜਾਣਦਾ ਹੈ ਕਿ ਚਾਚੀ ਦਾ ਜੀ ਨਹੀਂ ਤਕੜਾ ਸੋ ਉਹ ਸਵਖਤੇ ਹੀ ਸੌਂ ਜਾਂਦੀ ਹੈ। ਇਹ ਕੋਈ ਘਟ ਚਲਾਕ ਹੈ?
ਕਿਸ਼ਨ ਨਾਲ ਹੇਮਾਂਗਨੀ ਦੇ ਅੱਜ ਦੇ ਸਲੂਕ ਤੇ ਜਿਨਾਂ ਕਾਦੰਬਨੀ ਖੁਸ਼ ਹੋਈ, ਉਨ੍ਹਾਂ ਕਦੇ ਅਗੇ ਪੰਦਰਾਂ ਸੋਲਾਂ ਸਾਲਾਂ ਵਿਚ ਨਹੀਂ ਸੀ ਹੋਈ। ਉਹਨੇ ਬਹੁਤ ਹੀ ਖੁਸ਼ ਹੋਕੇ ਆਖਿਆ, ਭਿੱਜੀ ਹੋਈ ਬਿੱਲੀ ਵਾਂਗੂੰ ਖਲੋਤਾ ਹੈ। ਮੈਨੂੰ ਕੀ ਪਤਾ ਸੀ ਕਿ ਤੂੰ ਇਹਨੂੰ ਆਪਣੇ ਘਰ ਆਉਣੋਂ ਰੋਕ ਦਿੱਤਾ ਹੈ। ਇਹ ਤਾਂ ਆਖਦਾ ਫਿਰਦਾ ਸੀ ਕਿ ‘ਭੈਣ ਮੈਨੂੰ ਮਾਂ ਨਾਲੋਂ ਵੀ ਚੰਗਾ ਜਾਣਦੀ ਹੈ।' ਇਸ ਤੋਂ ਪਿਛੋਂ ਡੋਨੇ ਸਮੇਤ ਉਸਨੇ ਸਾਰਾ ਪ੍ਰਸਾਦ ਚੁਕਕੇ ਵਗਾਹ ਮਾਰਿਆ। 'ਤਿੰਨ ਰੁਪੈ ਚੁਰਾਕੇ ਪਤਾ ਨਹੀਂ ਇਹ ਡੋਨਾ ਕਿਥੋਂ ਲੈ ਆਇਆ ਹੈ। ਹਰਾਮਜ਼ਾਦਾ ਚੋਰ!'
ਘਰ ਲਿਜਾਕੇ ਦੋਹਾਂ ਤੀਵੀਂ, ਮਾਲਕ ਨੇ ਇਸ ਚੋਰ ਨੂੰ ਸਜ਼ਾ ਦੇਣੀ ਸ਼ੁਰੂ ਕੀਤੀ। ਬੜੀ ਬੇਰਹਿਮੀ ਨਾਲ ਮਾਰ ਪੈ ਲੱਗੀ। ਉਹ ਨਾਂ ਰੋਂਦਾ ਸੀ ਤੇ ਨਾਂ ਹੀ ਮੂੰਹੋਂ ਕੁਝ ਹੋਰ ਵੀ ਬੋਲਦਾ ਸੀ। ਜਿਸ ਪਾਸੇ ਵਲੋਂ ਮਾਰਕੇ ਹਟ ਜਾਂਦੇ ਸਨ ਉਹ ਦੂਜਾ ਪਾਸਾ ਕਰ ਦੇਂਦਾ ਸੀ। ਜਿੱਦਾਂ ਕਿਸੇ ਲੱਦੀ ਹੋਈ ਗੱਡੀ ਦਾ ਬੌਲਦ ਖੋਭੇ ਵਿਚ ਫਸਕੇ ਮਾਰ ਖਾਂਦਾ ਹੈ, ਉਸੇਤਰਾਂ ਕਿਸ਼ਨ ਦੀ ਹਾਲਤ ਸੀ। ਐਨੀ ਮਾਰ ਪਈ ਕਿ ਕਾਦੰਬਨੀ ਇਹ ਗਲ ਮੰਨ ਗਈ ਜੋ ਇਸ ਵਰਗਾ ਸਖਤ ਮੁੰਡਾ ਕੋਈ ਘਟ ਹੀ ਹੋਵੇਗਾ। ਇਹ ਮਲੂਮ ਹੁੰਦਾ ਸੀ ਕਿ ਇਹ ਮਾਰ ਖਾਣਾ ਸਿਖਿਆ ਹੋਇਆ ਹੈ, ਪਰ ਇਹ ਗੱਲ ਨਹੀਂ ਸੀ। ਰਬ ਜਾਣਦਾ ਹੈ ਕਿ ਇਥੇ ਆਉਣ ਤੋਂ ਪਹਿਲਾਂ ਉਹਨੂੰ ਕਦੇ ਕਿਸੇ ਫੁਲ ਦੀ ਵੀ ਨਹੀਂ ਸੀ ਲਾਈ।
ਹੇਮਾਂਗਨੀ ਆਪਣੇ ਕਮਰੇ ਦੀਆਂ ਸਾਰੀਆਂ ਬਾਰੀਆਂ ਬੰਦ ਕਰਕੇ ਲਕੜ ਦਾ ਬੁੱਤ ਬਣੀ ਪਈ ਸੀ। ਉਮਾਂ ਮਾਰ ਵੇਖਣ ਗਈ ਸੀ ਉਹਨੇ ਵਾਪਸ ਆ ਕੇ ਆਖਿਆ, ਤਾਈ ਜੀ ਆਖਦੀ ਸੀ ਕਿ ਕਿਸ਼ਨ ਮਾਮਾ ਵੱਡਾ ਡਾਕੂ ਹੋਵੇਗਾ ਉਹਦੇ ਪਿੰਡ ਪਤਾ ਨਹੀਂ ਕੌਣ ਦੇਵੀ ਹੈ।
'ਉਮਾ'।
ਆਪਣੀ ਮਾਂ ਦੀ ਇਹ ਭਿੜਾਈ ਹੋਈ ਅਵਾਜ ਸੁਣ ਉਹ ਚੌਂਕ ਪਈ। ਉਹਨੇ ਕੋਲ ਆਕੇ ਡਰਦੀ ਮਾਰੀ ਨੇ ਪੁਛਿਆ, 'ਕੀ ਏ ਮਾਂ?'
"ਕਿਉਂ ਹੁਣ ਵੀ ਉਹਨੂੰ ਉਹ ਲੋਕੀਂ ਮਿਲਕੇ ਮਾਰ ਰਹੇ ਹਨ?"
ਇਹ ਆਖਕੇ ਹੇਮਾਂਗਨੀ ਜ਼ਮੀਨ ਤੇ ਮੂੰਹ ਭਾਰ ਲੇਟ ਗਈ ਤੇ ਰੋਣ ਲੱਗ ਪਈ। ਮਾਂ ਦਾ ਰੋਣਾ ਵੇਖਕੇ ਉਮਾਂ ਵੀ ਰੋਣ ਲੱਗ ਪਈ। ਇਹਦੇ ਪਿਛੋਂ ਉਹ ਮਾਂ ਕੋਲ ਬਹਿਕੇ ਪੱਲੇ ਨਾਲ ਉਸਦੀਆਂ ਅੱਖਾਂ ਪੂੰਝਦੀ ਹੋਈ ਕਹਿਣ ਲੱਗੀ, ਪ੍ਰਸਿੰਨੀ ਦੀ ਮਾਂ ਕਿਸ਼ਨ ਮਾਮੇ ਨੂੰ ਬਾਹਰ ਲੈ ਗਈ ਹੈ।
ਹੇਮਾਂਗਨੀ ਨੇ ਹੋਰ ਕੁਝ ਨਹੀਂ ਆਖਿਆ ਉਹ ਚੁਪ ਕਰਕੇ ਉਥੇ ਹੀ ਪਈ ਰਹੀ, ਦੁਪਹਿਰ ਤੋਂ ਪਿਛੋਂ ਉਹਨੂੰ ਕਾਂਬਾ ਲੱਗਕੇ ਜੋਰਦੀ ਬਖਾਰ ਹੋ ਗਿਆ ਤੇ ਪਿਛੋਂ ਵਿਪਿਨ ਆਪਣੀ ਭਾਬੀ ਪਾਸੋਂ ਸਾਰੀਆਂ ਗੱਲਾਂ ਸੁਣਕੇ ਗੁੱਸੇ ਨਾਲ ਭਰੇ ਪੀਤੇ ਆਪਣੇ ਕਮਰੇ ਵਲ ਜਾ ਰਹੇ ਸਨ ਕਿ ਉਮਾ ਨੇ ਪਾਸ ਜਾਕੇ ਆਖਿਆ, 'ਮਾਂ ਤਾਂ ਬੁਖਾਰ ਨਾਲ ਬੇਹੋਸ਼ ਪਈ ਹੈ।'
"ਹੈਂ ਇਹ ਕੀ? ਤਿੰਨਾਂ ਚੌਂਹ ਦਿਨਾਂ ਤੋਂ ਅਰਾਮ ਸੀ।
ਵਿਪਿਨ ਦਿਲੋਂ ਆਪਣੀ ਇਸਤ੍ਰੀ ਨੂੰ ਬਹੁਤ ਚਾਹੁੰਦੇ ਸਨ। ਇਹਨਾਂ ਦਾ ਆਪੋ ਵਿਚ ਦੀ ਕਿੰਨਾਂ ਪਿਆਰ ਸੀ, ਇਹ ਆਪਣੇ ਭਰਾ ਤੇ ਭਰਜਾਈ ਪਾਸੋਂ ਅਡ ਹੋਣ ਤੇ ਪਤਾ ਲੱਗਾ ਸੀ। ਉਹ ਘਬਰਾਏ ਹੋਏ ਕਮਰੇ ਵਿਚ ਗਏ। ਵੇਖਿਆ ਕਿ ਹਾਲੀ ਤਕ ਜ਼ਮੀਨ ਤੇ ਪਏ ਹਨ, ਉਹਨਾਂ ਘਬਰਾਕੇ ਪਲੰਘ ਤੇ ਪਾ ਦੇਣ ਲਈ ਸਰੀਰ ਨੂੰ ਹੱਥ ਲਾਇਆ ਹੀ ਸੀ ਕਿ ਉਹਨੇ ਅੱਖਾਂ ਖੋਲ੍ਹ ਦਿੱਤੀਆਂ। ਥੋੜਾ ਚਿਰ ਪਤੀ ਦੇ ਮੂੰਹ ਵੱਲ ਵੇਖਕੇ ਉਸਨੇ ਉਹਨਾਂ ਦੇ ਦੋਵੇਂ ਪੈਰ ਫੜ ਲਏ ਤੇ ਰੋ ਰੋਕੇ ਆਖਣ ਲੱਗੀ, ਕਿਸ਼ਨ ਨੂੰ ਆਪਣੇ ਘਰ ਲੈ ਆਓ ਨਹੀਂ ਤਾਂ ਮੇਰਾ ਇਹ ਤਾਪ ਨਹੀਂ ਟੁੱਟੇਗਾ। ਦੁਰਗਾ ਬਾਈ ਮੈਨੂੰ ਕਿਸੇ ਤਰਾਂ ਮਾਫ ਨਹੀਂ ਕਰੇਗੀ।
ਵਿਪਿਨ ਨੇ ਪੈਰ ਛੁਡਾਕੇ ਉਹਦੇ ਸਿਰ ਤੇ ਹੱਥ ਫੇਰਦੇ ਹੋਏ ਨੇ ਹੌਸਲਾ ਦਿੱਤਾ। ਹੇਮਾਂਗਨੀ ਨੇ ਫੇਰ ਪੁਛਿਆ, ਉਹਨੂੰ ਆਸਰਾ ਦਿਉਗੇ?
ਵਿਪਿਨ ਨੇ ਆਖਿਆ, 'ਜਿਸਤਰਾਂ ਤੂੰ ਚਾਹੇਂਗੀ ਉਸ ਤਰਾਂ ਹੀ ਹੋ ਜਾਇਗਾ ਤੂੰ ਜਰਾ ਤਕੜੀ ਹੋ ਜਾਹ।'
ਹੇਮਾਂਗਨੀ ਬਿਨਾ ਕੁਝ ਆਖੇ ਦੇ ਉਠਕੇ ਵਿਛੌਣੇ ਤੇ ਜਾ ਪਈ। ਰਾਤ ਨੂੰ ਹੀ ਤਾਪ ਲਹਿਗਿਆ। ਸਵੇਰੇ ਉਠਕੇ ਜਦ ਵਿਪਿਨ ਨੇ ਵੇਖਿਆ, ਤਾਪ ਨਹੀਂ ਤਾਂ ਉਹ ਬਹੁਤ ਹੀ ਖੁਸ਼ ਹੋਏ। ਉਹ ਮੂੰਹ ਧੋਕੇ ਤੇ ਜਲ ਪਾਣੀ ਪੀਕੇ ਦੁਕਾਨ ਤੇ ਜਾ ਰਹੇ ਸਨ ਕਿ ਹੇਮਾਂਗਨੀ ਨੇ ਉਹਨਾਂ ਦੇ ਪਾਸ ਆਕੇ ਆਖਿਆ ‘ਮਾਰ ਪੈਣ ਕਰਕੇ ਕਿਸ਼ਨ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਹੈ, ਉਹਨੂੰ ਮੈਂ ਆਪਣੇ ਕੋਲ ਲੈ ਆਉਂਦੀ ਹਾਂ।'
ਵਿਪਿਨ ਨੇ ਮਨ ਹੀ ਮਨ ਵਿਚ ਬਹੁਤ ਦੁਖੀ ਜਿਹਾ ਹੋਕੇ ਆਖਿਆ, ਉਹਨੂੰ ਇਥੇ ਲਿਆਉਣ ਦੀ ਕੀ ਲੋੜ ਹੈ, ਜਿੱਥੇ ਹੈਗਾ ਏ ਪਿਆ ਰਹਿਣ ਦੇਹ।
'ਹੇਮਾਂਗਨੀ ਨੇ ਹੈਰਾਨ ਹੋਕੇ ਆਖਿਆ ਕਲ ਰਾਤ ਨੂੰ ਤੁਸਾਂ ਬਚਨ ਦਿਤਾ ਸੀ ਕਿ ਉਸਨੂੰ ਆਸਰਾ ਦਿੱਤਾ ਜਾਵੇਗਾ?'
ਵਿਪਿਨ ਨੇ ਨ ਮੰਨਦਿਆਂ ਹੋਇਆਂ ਸਿਰ ਹਿਲਾਕੇ ਆਖਿਆ, ਉਹ ਸਾਡਾ ਕਿਹੜਾ ਸਕਾ ਹੈ ਜਿਸਨੂੰ ਇਥੇ ਜਰੂਰ ਲਿਆਕੇ ਪਾਲਣਾ ਹੈ? ਤੂੰ ਵੀ ਤਾਂ ਅਜੀਬ ਹੀ ਹੈਂ?'
ਕਲ ਰਾਤ ਨੂੰ ਆਪਣੀ ਇਸਤ੍ਰੀ ਨੂੰ ਬੀਮਾਰ ਵੇਖਕੇ ਜੋ ਉਹਨਾਂ ਇਕਰਾਰ ਕੀਤਾ ਸੀ ਅੱਜ ਉਸਨੂੰ ਰਾਜੀ ਵੇਖਕੇ ਉਹ ਆਪਣਾ ਇਕਰਾਰ ਭੁੱਲ ਗਏ। ਉਹ ਛਤੜੀ ਨੂੰ ਕੱਛੇ ਮਾਰਕੇ ਜਾਂਦੇ ਹੋਏ ਕਹਿਣ ਲੱਗੇ, ਪਾਗਲਪੁਣਾ ਨਾ ਕਰੋ, ਭਰਾ ਤੇ ਭਰਜਾਈ ਗੱਸੇ ਹੋ ਜਾਣਗੇ।'
ਹੇਮਾਂਗਨੀ ਨੇ ਸ਼ਾਂਤੀ ਦੇ ਪੱਕੇ ਇਰਾਦੇ ਨਾਲ ਆਖਿਆ, 'ਉਹ ਲੋਕ ਗੁੱਸੇ ਹੋਕੇ ਕੀ ਕਰਨਗੇ? ਕੀ ਉਸਨੂੰ ਮਾਰ ਸੁਟਣਗੇ? ਜੇ ਮੈਂ ਉਹਨੂੰ ਲੈ ਆਵਾਂਗੀ ਤਾਂ ਮੈਨੂੰ ਕੌਣ ਰੋਕ ਸਕੇਗਾ? ਅੱਗੇ ਮੇਰੇ ਦੋ ਬੱਚੇ ਸਨ ਹੁਣ ਤਿੰਨ ਹੋ ਜਾਣਗੇ, ਮੈਂ ਕਿਸ਼ਨ ਦੀ ਮਾਂ ਹਾਂ।'
ਹੱਛਾ ਵੇਖਿਆ ਜਾਏਗਾ ਆਖਕੇ ਵਿਪਿਨ ਜਲਦੀ ਲੰਘੇ ਸਨ ਕਿ ਹੇਮਾਂਗਨੀ ਨੇ ਰਾਹ ਰੋਕਕੇ ਆਖਿਆ, 'ਕੀ ਇਸ ਘਰ ਵਿਚ ਨਹੀਂ ਲਿਆਉਣ ਦਿਓਗੇ?'
‘ਹੱਟ ਜਾ ਅੱਗੋਂ ਕਮਲ ਨਾਂ ਖੰਡਾ, ਆਖਕੇ ਵਿਪਿਨ ਲਾਲ ਅੱਖਾਂ ਕਢਦਾ ੨ ਚਲਿਆ ਗਿਆ।
ਹੇਮਾਂਗਨੀ ਨੇ ਸ਼ਿਬੂ ਨੂੰ ਸਦਕੇ ਆਖਿਆ, 'ਜਾਹ ਸ਼ਿੱਬੂ ਇਕ ਗੁੜਬਹਿਲ ਲੈ ਆ, ਮੈਂ ਆਪਣੇ ਪੇਕੇ ਜਾਵਾਂਗੀ।'
ਵਿਪਿਨ ਇਹ ਸੁਣਕੇ ਆਪਣੇ ਮਨ ਹੀ ਮਨ ਵਿਚ ਹੱਸੇ, ਮੁਲਾਂ ਦੀ ਦੌੜ ਮਸੀਤ ਤਕ ਤੇ ਜੇ ਇਸਤਰੀ ਧੌਂਂਸ ਦੱਸੇ ਤਾਂ ਉਸਦੀ ਧੌਂਂਸ, “ਮੈਂ ਪੇਕੀ ਚਲੀ ਜਾਵਾਂਗੀ,' ਤਾਂ ਇਹ ਸੋਚਕੇ ਉਹ ਹੱਟੀ ਤੇ ਚਲੇ ਗਏ।
ਕਿਸ਼ਨ ਚੰਡੀ ਮੰਡਪ ਦੇ ਕੋਲ ਬੁਖਾਰ ਤੇ ਦਿਲ ਦੇ ਦਰਦ ਨਾਲ ਬਿਹੋਸ਼ ਜਿਹਾ ਪਿਆ ਹੋਇਆ ਸੀ। ਹੇਮਾਂਗਨੀ ਨੇ ਅਵਾਜ਼ ਦਿੱਤੀ, 'ਵੇ ਕਿਸ਼ਨ?'
ਕਿਸ਼ਨ ਏਸਤਰਾਂ ਉਠਕੇ ਤਿਆਰ ਹੋ ਗਿਆ ਜਾਣੀ ਦਾ ਪਹਿਲਾਂ ਹੀ ਤਿਆਰ ਸੀ ਕਹਿਣ ਲੱਗਾ, ਭੈਣ! ਇਹਦੇ ਨਾਲ ਹੀ ਲੱਜਾ ਭਰੀ ਹਾਸੀ ਨਾਲ ਉਹਦਾ ਸਾਰਾ ਮੂੰਹ ਭਰ ਗਿਆ ਜਾਣੀਦੀ ਉਸਦੇ ਸਰੀਰ ਵਿਚ ਕੋਈ ਪੀੜ ਜਾਂ ਦੁਖ ਹੈ ਈ ਨਹੀਂ ਸੀ। ਉਹ ਸਤਕਾਰ ਪੂਰਬਕ ਉੱਠ ਕੇ ਖਲੋ ਗਿਆ ਤੇ ਆਪਣੀ ਪਾਟੀ ਹੋਈ ਧੋਤੀ ਦੇ ਪੱਲੇ ਨਾਲ ਪਾਟੀ ਹੋਈ ਸਫ ਨੂੰ ਝਾੜਦਾ ੨ ਕਹਿਣ ਲੱਗਾ, 'ਬਹਿ ਜਾ ਭੈਣ।
ਹੇਮਾਂਗਨੀ ਨੇ ਹਥ ਫੜਕੇ ਉਹਨੂੰ ਕਲੇਜੇ ਨਾਲ ਲਾ ਲਿਆ ਤੇ ਆਖਿਆ ਨਹੀਂ ਭਰਾਵਾ ਬਹਿਣਾ ਨਹੀਂ। ਤੂੰ ਮੇਰੇ ਨਾਲ ਚਲ ਤੇ ਮੇਨੂੰ ਆਪਣੇ ਪੇਕੇ ਛਡ ਆ।
"ਚਲੋ!" ਆਖ ਕੇ ਕਿਸ਼ਨ ਨੇ ਆਪਣੀ ਟੁੱਟੀ ਹੋਈ ਸੋਟੀ ਕੱਛੇ ਮਾਰ ਲਈ ਤੇ ਪਾਟੀ ਹੋਈ ਚਾਦਰ ਮੋਢੇ ਤੇ ਰੱਖ ਲਈ।
ਹੇਮਾਂਗਨੀ ਦੇ ਘਰ ਦੇ ਸਾਹਮਣੇ ਗੜਬਹਿਲ ਖਲੋਤਾ ਸੀ। ਕਿਸ਼ਨ ਨੂੰ ਨਾਲ ਲੈ ਕੇ ਹੇਮਾਂਗਨੀ ਇਸ ਤੇ ਚੜ੍ਹ ਗਈ। ਗੁੜਬਹਿਲ ਜਦੋਂ ਪਿੰਡੋਂ ਬਾਹਰ ਨਿਕਲ ਗਈ ਪਿੱਛੋਂ ਰੌਲਾ ਰੱਪਾ ਸੁਣਕੇ ਗੱਡੀਵਾਨ ਨੇ ਗੁੜਬਹਿਲ ਰੋਕ ਲਈ। ਮੁੜ੍ਹਕੋ ਮੁੜ੍ਹਕੀ, ਲਾਲ ਸੂਹੇ ਮੂੰਹ ਨਾਲ ਵਿਪਿਨ ਆ ਗਿਆ ਤੇ ਡਰਦਾ ੨ ਪੁੱਛਣ ਲੱਗਾ, “ਕਿੱਥੇ ਚਲੇ ਹੋ?"
ਹੇਮਾਂਗਨੀ ਨੇ ਕਿਸ਼ਨ ਨੂੰ ਵਿਖਾ ਕੇ ਆਖਿਆ, “ਇਹਦੇ ਪਿੰਡ ਜਾ ਰਹੀ ਹਾਂ।"
"ਕਦੋਂ ਮੁੜੋਗੇ?"
ਹੇਮਾਂਗਨੀ ਨੇ ਗੰਭੀਰ ਤੇ ਦ੍ਰਿੜ੍ਹ ਅਵਾਜ਼ ਨਾਲ ਆਖਿਆ, ਜਦੋਂ ਭਗਵਾਨ ਚਾਹੁਣਗੇ ਤਦੋਂ ਹੀ ਮੁੜਾਂਗੀ।
"ਇਸਦਾ ਮਤਲਬ?”
ਹੇਮਾਂਗਨੀ ਨੇ ਕਿਸ਼ਨ ਵੱਲ ਇਸ਼ਾਰਾ ਕਰਦੀ ਹੋਈ ਨੇ ਕਿਹਾ, ਜੇ ਇਹਨੂੰ ਕਿਤੇ ਆਸਰਾ ਮਿਲ ਜਾਇਗਾ ਤਾਂ ਹੀ ਮੈਂ ਮੁੜ ਸਕਾਂਗੀ ਨਹੀਂ ਤਾਂ ਇਹਦੇ ਨਾਲ ਹੀ ਰਹਿਣਾ ਪਏਗਾ।
ਵਿਪਿਨ ਨੂੰ ਯਾਦ ਆਗਿਆ ਕਿ ਉਸ ਦਿਨ ਵੀ ਹੇਮਾਂਗਨੀ ਦੇ ਚਿਹਰੇ ਦਾ ਇਹੋ ਭਾਵ ਸੀ ਜਦੋਂ ਉਹ ਘਮ੍ਹਿਰਾਂ ਦੇ ਨਿਆਸਰੇ ਮੁੰਡੇ ਦਾ ਬਗੀਚਾ ਬਚਾਉਣ ਲਈ ਸਭ ਦੇ ਟਾਕਰੇ ਤੇ ਇਕੱਲੀ ਹੀ ਖੜੀ ਹੋ ਗਈ ਸੀ। ਉਹਨੂੰ ਇਹ ਵੀ ਯਾਦ ਆ ਗਿਆ ਕਿ ਉਹ ਹੁਣ ਪਹਿਲੀ ਹੇਮਾਂਗਨੀ ਨਹੀਂ ਦੇ ਜਿਸਨੂੰ ਘੂਰੀ ਦੇਕੇ ਰੋਕਿਆ ਜਾ ਸਕੇ।
ਵਿਪਿਨ ਨੇ ਨਿਮਰਤਾ ਨਾਲ ਆਖਿਆ, “ਚੰਗਾ ਹੁਣ ਮਾਫ ਕਰ ਦਿਉ ਤੇ ਘਰ ਚਲੋ।”
ਹੇਮਾਂਗਨੀ ਨੇ ਹੱਥ ਜੋੜ ਕੇ ਆਖਿਆ, “ਨਹੀਂ ਤੁਸੀਂ ਹੀ ਮੈਨੂੰ ਮਾਫ ਕਰੋ। ਕੰਮ ਨੂੰ ਪੂਰਾ ਕੀਤੇ ਤੋਂ ਬਿਨਾਂ ਮੈਂ ਕਿਸੇ ਤਰ੍ਹਾਂ ਵੀ ਵਾਪਸ ਨਹੀਂ ਮੁੜ ਸਕਦੀ।"
ਵਿਪਿਨ ਇਕ ਘੜੀ ਹੋਰ ਆਪਣੀ ਘਰ ਵਾਲੀ ਦੇ ਸ਼ਾਂਤ ਤੇ ਪੱਕੇ ਇਰਾਦੇ ਵਾਲੇ ਚਿਹਰੇ ਵੱਲ ਵੇਖਦੇ ਰਹੇ। ਇਕ ਵਾਰੀ ਹੀ ਉਹਨਾਂ ਕਿਸ਼ਨ ਦਾ ਹੱਥ ਫੜਕੇ ਆਖਿਆ, "ਕਿਸ਼ਨ ਆਪਣੀ ਮੰਝਲੀ ਭੈਣ ਨੂੰ ਘਰ ਮੋੜ ਖੜ ਬੀਬਾ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜਦੋਂ ਤਕ ਮੈਂ ਜੀਊਂਦਾ ਤਦੋਂ ਤੱਕ ਦੋਹਾਂ ਭੈਣ ਭਰਾਵਾਂ ਨੂੰ ਕੋਈ ਨਹੀਂ ਨਿਖੇੜ ਸਕਦਾ। ਚਲ ਬੀਬਾ! ਆਪਣੀ ਮੰਝਲੀ ਭੈਣ ਨੂੰ ਘਰ ਮੋੜ ਲੈ ਚਲ।"
(ਅਨੁਵਾਦਕ : ਸ: ਦਸੌਂਧਾ ਸਿੰਘ ਜੀ)