Vijog Vara (Punjabi Story) : Maqsood Saqib
ਵਿਜੋਗ ਵਾਰਾ (ਕਹਾਣੀ) : ਮਕ਼ਸੂਦ ਸਾਕ਼ਿਬ
ਅਸੀਂ ਉੱਚੀ ਥਾਵੇਂ ਸਾਂ। ਉਸਰੀ ਨਿਸਰੀ ਸਾਵੀ
ਕਚੂਚ ਪੈਲੀ ਦੇ ਕੰਢੇ ਕੰਢੇ। ਮੈਂ ਤੇ ਨਿੱਕਾ ਜਾਤਕ
ਮੇਰਾ। ਨਿੱਕਾ ਈ ਆਖ ਕੁਆਈਦਾ ਸੀ...ਇੱਕ
ਹੱਥ ਢੇਰ ਨਿਵਾਣ ਸੀ ਧੁੱਦਲ ਨਿਰੀ। ਕੋਲ਼ ਇੱਕ
ਛੱਪੜ। ਬਗਲੇ ਨੜੀਆਂ ਬੈਠੇ ਹੋਵਣ ਥਾਂ ਕੁਥਾਂ।
ਹੋਰ ਵੀ ਕਈ ਨਿੱਕੇ ਮੋਟੇ ਪੰਖ ਪਖੇਰੂ ਉੱਡਦੇ
ਆਉਂਦੇ ਰੱਤੇ ਰੰਗ ਦੇ ਬਰਸਾਤੀ ਪਾਣੀ ਨੂੰ ਚੁੰਝਾਂ
ਖੰਭ ਛੁਅ੍ਹਾਉਂਦੇ ਉਤਾਂਹ ਉੱਠ ਜਾਂਦੇ। ਪੈਲੀ ਦਾ
ਬੰਨਾ ਪੱਕਾ ਹੋਵੇ। ਅਸੀਂ ਅਡੋਲ ਟੁਰੇ ਜਾਵੀਏ।
ਨਿੱਕਾ ਕਦੀ ਅੱਗੇ ਲੰਘ ਜਾਂਦਾ ਕਦੀ ਕਿਸੇ ਭੰਭੀਰੀ
ਭੰਭੀਰੇ ਨਾਲ਼ ਪਿੱਛੇ ਰਹਿ ਜਾਂਦਾ। ਪਖੂਆਂ ਦੇ ਰੰਗ
ਰੰਗੀਲੜੇ ਖੰਭ ਵੀ ਤਾਂ ਚੁੰਬਕ ਦਾ ਕੰਮ ਕਰ ਜਾਂਦੇ।
ਦਿਨ ਦਾ ਪਿਛਲਾ ਪਹਿਰ ਸੀ। ਸਿਆਲੇ ਦਾ
ਪੱਖ ਜਿਹਾ ਲੱਗਾ ਜਾਪਦਾ ਸੀ। ਉਹ ਦੋ ਸਨ ਥੱਲੇ
ਧੁੱਦਲ ਉੱਤੇ। ਨਾ ਗੋਰੇ ਨਾ ਕਾਲੇ, ਕਣਕ-ਵੰਨੇ।
ਸਿਰ ਤੇ ਕਾਲੇ ਵਾਲ, ਵਿਚੋਂ ਕੱਕੇ ਵੀ ਦੂਰੋਂ ਈ
ਝਾਕਦੇ ਦਿੱਸਣ। ਗਲੋਂ ਨੰਗ ਧੜੰਗ। ਲੱਕ ਕੋਈ
ਲੜਫਾਂ ਜਿਹੀਆਂ ਵਲੀਆਂ ਹੋਈਆਂ। ਆਪਣੀ
ਲੋਰ ਵਿਚ ਖੇਡਦੇ ਕਿਲਕਾਰੀਆਂ ਮਾਰਦੇ। ਸਨ
ਵੀ ਨਿੱਕੇ ਜਿੱਡੇ ਈ।
ਅਸੀਂ ਪਿਓ ਪੁੱਤਰ ਖਲੋ ਗਏ। ਮੈਂ ਆਖਿਆ,
"ਘੜੀ ਬਹਿ ਜਾਈਏ ਇੱਥੇ ਈ।" ਉੱਚੀ ਥਾਂ ਦੇ
ਕੰਢੇ ਉਤੇ ਬਹਿ ਗਏ। ਨਿੱਕੇ ਲੱਤਾਂ ਲਮਕਾਅ
ਲਈਆਂ। "ਯਾਰ ਵੇਖੀਂ ਢੈਅ ਨਾ ਪਈਂ।" ਉਸ
ਝਟਾਪਟ ਲੱਤਾਂ ਕੁੰਜ ਲਈਆਂ। ਕੰਢਿਓਂ ਹਟਵਿਆਂ
ਚੌਂਕੜੀ ਮਾਰ ਲਈ।
ਅਸੀਂ ਦੋਵੇਂ ਉਹਨਾਂ ਬਾਲਾਂ ਨੂੰ ਧੂੜ ਵਿਚ ਧੂੜ
ਹੋਏ, ਹੱਸਦੇ ਖੇਡਦੇ ਵੇਖਣ ਲਗ ਪਏ।
ਉਹਨਾਂ ਕੋਲ ਕੋਈ ਖੇਡ ਖਿਡੌਣਾ ਵੀ ਕੋਈ ਨਹੀਂ
ਸੀ। ਕਦੀ ਉਹ ਧੂੜ ਦੀਆਂ ਬੁੱਕਾਂ ਭਰ ਉਡਾਂਦੇ।
ਹਵਾ ਚੱਲਦੀ ਪਈ ਸੀ। ਘੱਟਾ ਉੱਡਦਾ ਉਹ ਉਹਦੇ
ਨਾਲ ਭਜਦੇ। ਉਹਨਾਂ ਦਾ ਮੂੰਹ ਸਿਰ ਤੇ ਪੂਰਾ
ਪਿੰਡਾ ਘੱਟਿਓ ਘੱਟੀ ਹੋ ਜਾਂਦਾ। ਉਹ ਫੇਰ ਬੁੱਕਾਂ
ਭਰ ਭਰ ਉਡਾਂਦੇ ਤੇ ਉਹਦੇ ਥੱਲੇ ਥੱਲੇ ਨਸਦੇ।
"ਮਾਘੀ, ਚੱਲ ਭੌਂ ਬਿੱਲੀਆਂ ਖੇਡੀਏ ਹੁਣ।
"ਹਾਂ ਰੁਤਿਆ।" ਉਹ ਦੋਵੇਂ ਬਾਂਹਵਾਂ ਲੰਮੀਆਂ
ਕਰ ਕੇ ਧੁੱਦਲ ਉੱਤੇ ਈ ਭੌਂ ਖਾਣ ਲਗ ਪਏ। ਹੌਲੀ
ਹੌਲੀ ਤੋਂ ਤਰਿੱਖੇ ਹੁੰਦੇ ਜਾਂਦੇ।
ਮੇਰੇ ਨਾਲ ਬੈਠਾ ਨਿੱਕਾ ਦੋਵਾਂ ਹੱਥਾਂ ਵਿਚ
ਆਪਣਾ ਮੂੰਹ ਫੜੀ ਉਹਨਾਂ ਨੂੰ ਅਚੰਭੇ ਨਾਲ
ਨੀਝਦਾ ਪਿਆ ਸੀ। ਉਹਦੇ ਬੁੱਲ੍ਹਾਂ ਉੱਤੇ ਮੈਨੂੰ
ਮਲਕੜਾ ਜਿਹਾ ਮੁਸਕੇਵਾਂ ਵੀ ਦਿੱਸਿਆ।
ਮਾਘੀ, ਰੁੱਤਾ ਭੌਂ ਬਿਲੀਆਂ ਖਾਂਦੇ ਕਿੱਨੀ ਦੂਰ
ਟੁਰ ਗਏ ਸਨ।
ਅਚਨਚੇਤ ਈ ਉਭਿਓਂ ਕੁੜੀ ਦੀ ਵਾਜ ਆਈ,
"ਵੇ ਰੁਤਿਆ, ਵੇ ਮਾਘੀ...ਤੇ ਨਾਲ਼ ਉਹਦੇ ਇੱਕ
ਚਿੱਟੇ ਰੰਗ ਤੇ ਖੱਟੇ ਡੱਬਾਂ ਵਾਲਾ ਵੱਡਾ ਸਾਰਾ
ਕੁੱਤਾ ਭੌਂਕਿਆ।
ਕੁੱਤੇ ਨੇ ਬਾਲਾਂ ਨੂੰ ਵੇਖ ਲਿਆ ਸੀ। ਉਹ
ਛੋਇਰ (ਕੁੜੀ) ਨੂੰ ਓਥੇ ਈ ਛੱਡ ਕੇ ਉਨ੍ਹਾਂ ਵੱਲ
ਦੌੜ ਪਿਆ।
ਨਿੱਕੇ ਦਾ ਧਿਆਨ ਹੁਣ ਭੱਜਦੇ ਕੁੱਤੇ 'ਤੇ ਸੀ।
ਮੈਂ ਡਿੱਠਾ ਉਹ ਇੱਕ ਜਵਾਨ ਛੋਇਰ ਸੀ --
ਜਾਮਣੂ ਰੰਗ ਦੀ ਮੰਝਲੀ ਵਾਲੀ ਤੇ ਗਲ ਦਾ ਉਹਦਾ
ਕਾਲੇ ਰੰਗ ਦਾ ਸੀ ਜਿਹਦੇ ਚਾਕ ਬੜੇ ਲੰਮੇ ਸਨ।
ਉਨ੍ਹਾਂ ਵਿਚੋਂ ਉਹਦੀਆਂ ਢਾਕਾਂ ਦਿੱਸ ਸਕਦੀਆਂ
ਸਨ। ਮੈਂ ਗਵੇੜ ਲਾਇਆ ਪਰ ਦਿੱਸਦੀਆਂ ਨਹੀਂ
ਸਨ ਪਈਆਂ। ਉਹਦੇ ਚੁੰਨੀ ਜੁੱਤੀ ਕੋਈ ਨਹੀਂ
ਸੀ....ਉਹ ਧੁੱਦਲ ਉੱਤੇ ਬਹਿ ਗਈ ਤੇ ਮਾਘੀ,
ਰੁੱਤੇ ਦੀ ਉਡੀਕ ਕਰਨ ਲੱਗ ਪਈ ਕੁੱਤਾ ਜਾਤਕਾਂ
ਨੂੰ ਜਾ ਅਪੜਿਆ ਸੀ।
ਉਹ ਦੋਵੇਂ ਉਹਦੇ ਨਾਲ਼ ਗੁੱਥਾ ਪਏ ਸਨ। ਕੁੱਤਾ
ਉਨ੍ਹਾਂ ਤੋਂ ਛੁੱਟ ਕੇ ਨਿੱਕਾ ਨਿੱਕਾ ਭੌਂਕਦਾ ਦੁਆਲੇ
ਭੱਜਦਾ ਤੇ ਫੇਰ ਉਨ੍ਹਾਂ ਉੱਤੇ ਛਾਲ ਮਾਰ ਦਿੰਦਾ।
ਕੁੜੀ "ਮੋਤੀ, ਮੋਤੀ" ਕਰ ਕੇ ਕੁੱਤੇ ਨੂੰ ਵਾਜਾਂ
ਮਾਰਨ ਲੱਗ ਪਈ....ਫੇਰ ਹੱਸੀ...."ਇਹ ਵੀ
ਰਲ਼ ਗਿਆ ਏ ਨਾਲ਼ ਇਨ੍ਹਾਂ ਦੇ....ਵੇ ਮਾਘੀ,
ਵੇ ਰੁਤਿਆ ਵੇ ਮੋਤੀ ਆ ਜਾਓ, ਬੱਸ ਕਰ
ਦਿਓ....ਬੇਬੇ ਉਡੀਕਦੀ ਪਈ ਏ ਵੇ...."
ਸੂਰਜ ਵਾਹਵਾ ਨੀਵਾਂ ਹੋ ਗਿਆ ਸੀ ਮੇਰੇ ਸਾਹਮਣੀ
ਸੇਧੇ....ਛੱਪੜ ਉਤੇ ਨਿੱਕੇ-ਨਿੱਕੇ ਪਖੂਆਂ ਦੀਆਂ
ਡਾਰਾਂ ਉਡਾਰੀ ਮਾਰ ਕੇ ਜਿਧਰੋਂ ਆਈਆਂ
ਹੁੰਦੀਆਂ ਉਹਦੇ ਕਵਾਸੇ ਪਾਸੇ ਨਿਕਲ਼ ਜਾਂਦੀਆਂ।
ਬਗਲੇ ਨੜੀਆਂ ਅਜੇ ਵੀ ਹੈ ਸਨ ਪਾਣੀ ਵਿਚ
ਖਲੋਤੇ।
ਨਿੱਕਾ ਮੈਨੂੰ ਲੱਗਾ ਜਿਵੇਂ ਏਸ ਸਾਰੇ ਕੁਝ ਨਾਲ਼
ਇੱਕ ਸੁਰ ਹੋਇਆ ਪਿਆ ਸੀ। ਮੈਂ ਸੋਚਿਆ, ਮੇਰੀ
ਘਰ ਵਾਲੀ ਵੀ ਆਪਣੇ ਮੁੰਡੇ ਨੂੰ ਉਡੀਕਦੀ ਹੋਸੀ।
ਮੈਂ ਉਹਨੂੰ ਕੁਵਾਇਆ ਪਰ ਖ਼ਬਰੇ ਕਿਉਂ
ਨਿੱਕਾ ਆਖਣ ਦੀ ਥਾਂ ਜੁਨੈਦ ਵਿਕਾਸ ਆਖ
ਕੇ....ਅਚਨਚੇਤ ਈ ਸਾਡੇ 'ਤੇ ਉਸ ਸਾਰੇ ਪੇਖਨੇ
ਵਿਚ ਲੀਕ ਪੈ ਗਈ।
ਅਸੀਂ ਪਿਓ ਪੁੱਤਰ ਕੱਪੜੇ ਝਾੜਦੇ ਘਰ ਨੂੰ
ਟੁਰ ਪਏ।