ਵਿਸ਼ਵਕਰਮਾ ਡੇ (ਕਹਾਣੀ) : ਸੁਖਵਿੰਦਰ ਸਿੰਘ ਖਾਰਾ
ਮੰਗਲ ਸਿੰਘ ਮਿਸਤਰੀ ਦੀ ਗੈਰਜ ਹਾਈਵੇ ਦੇ ਕਿਨਾਰੇ ਸੀ। ਉਹ ਹਰ ਪਰਕਾਰ ਦੀਆਂ ਗੱਡੀਆਂ ਮੋਟਰਾਂ ਦੀ ਰਿਪੇਅਰ ਕਰਨ ਦਾ ਮਾਹਰ ਮਿਸਤਰੀ ਸੀ। ਉਸ ਦੇ ਚਾਰ ਪੰਜ ਮਕੈਨਿਕ ਰਾਤ ਦਿਨ ਗੱਡੀਆਂ ਦੀ ਮੁਰਮੰਤ ਕਰਦੇ ਰਹਿੰਦੇ ਸਨ। ਉਸ ਦਾ ਕਾਰੋਬਾਰ ਇਕ ਨੰਬਰ ਤੇ ਚੱਲ ਰਿਹਾ ਸੀ। ਉਸ ਦਾ ਇਕਲੌਤਾ ਮੁੰਡਾ ਕੇਵਲ ਸਿੰਘ ਸਾਰੇ ਕਾਰੋਬਾਰ ਦੀ ਦੇਖ ਭਾਲ ਕਰਦਾ ਸੀ।
ਦਿਵਾਲੀ ਤੋਂ ਅਗਲੇ ਦਿਨ ਵਿਸ਼ਵਕਰਮਾ ਡੇ ਦੀ ਛੁੱਟੀ ਹੋਣ ਕਰਕੇ ਮੰਗਲ ਸਿੰਘ ਮਿਸਤਰੀ ਦੀ ਗੈਰਜ ਭਾਵੇਂ ਖੁੱਲ੍ਹੀ ਸੀ। ਪਰੰਤੂ ਉਹ ਕੰਮ ਕਾਰ ਕੋਈ ਨਹੀਂ ਕਰ ਰਿਹਾ । ਮੇਨ ਸੰਦਾਂ ਨੂੰ ਧੋਅ ਕੇ ਧੂਫ ਬੱਤੀ ਦੇ ਕੇ ਵਿਸ਼ਵਕਰਮਾ ਡੇ ਦੀ ਪੂਜਾ ਕਰ ਰਿਹਾ ਸੀ।
ਦੋ ਤਿੰਨ ਕਿਲੋਮੀਟਰ ਦੀ ਦੂਰੀ ਤੇ ਉਸੇ ਸੜਕ ਤੇ ਡਾਕਟਰ ਭਾਨ ਚੰਦ ਦਾ ਹਸਪਤਾਲ ਸੀ। ਉਸ ਦੇ ਹਸਪਤਾਲ ਵਿੱਚ ਅਪਰੇਸ਼ਨ ਵੀ ਕੀਤੇ ਜਾਂਦੇ ਸਨ। ਅੱਜ ਡਾਕਟਰ ਸਹਿਬ ਆਪਣੇ ਪਰਿਵਾਰ ਸਮੇਤ ਇਕ ਨੇੜੇ ਦੀ ਰਿਸ਼ਤੇਦਾਰੀ ਵਿੱਚ ਵਿਆਹ ਵੇਖਣ ਜਾ ਰਿਹਾ ਸੀ।
ਮੰਗਲ ਸਿੰਘ ਮਿਸਤਰੀ ਦੀ ਗੈਰਜ ਤੋਂ ਦੋ ਕਿਲੇ ਪਿੱਛੇ ਉਸ ਦੀ ਗੱਡੀ ਖਰਾਬ ਹੋ ਗਈ ਸੀ। ਉਹ ਤੁਰ ਕੇ ਮੰਗਲ ਸਿੰਘ ਮਿਸਤਰੀ ਦੀ ਗੈਰਜ ਵਿੱਚ ਆਇਆ, ਮਿਸਤਰੀ ਸਹਿਬ ਜੀ ਮੇਰੀ ਗੱਡੀ ਵਿੱਚ ਅਚਾਨਕ ਕੋਈ ਫਾਲਟ ਪੈ ਗਿਆ ਹੈ, ਮੈਂ ਪਹਿਲਾਂ ਹੀ ਬਹੁਤ ਲੇਟ ਹਾਂ, ਰਿਸ਼ਤੇਦਾਰੀ ਵਿੱਚ ਛੇਤੀ ਜਾਣਾ ਹੈ," ਡਾਕਟਰ ਥੋੜ੍ਹੀ ਜਿਹੀ ਪਰੇਸ਼ਾਨੀ ਵਿੱਚ ਬੋਲਿਆ।
"ਡਾਕਟਰ ਸਹਿਬ ਜੀ ਤੁਸੀਂ ਤੇ ਪੜ੍ਹੇ ਲਿਖੇ ਸਮਝਦਾਰ ਹੋ, ਅੱਜ ਵਿਸ਼ਵਕਰਮਾ ਡੇ ਦੀ ਛੁੱਟੀ ਹੈ, ਇਸ ਕਰਕੇ ਅਸੀਂ ਹਥਿਆਰਾਂ ਦੀ ਪੂਜਾ ਕਰਨੀ ਹੈ। ਅੱਜ ਦੇ ਦਿਨ ਅਸੀਂ ਰਿਪੇਅਰ ਦਾ ਕੋਈ ਕੰਮ ਨਹੀਂ ਕਰਨਾ । ਡਾਕਟਰ ਸਹਿਬ ਜੀ ਸਾਡੇ ਗੁਰੂ ਦਾ ਦਿਨ ਹੈ। ਤੁਹਾਡੀ ਗੱਡੀ ਧੱਕ ਕੇ ਗੈਰਜ ਵਿੱਚ ਲੈ ਆਉਂਦੇ ਹਾ, ਕੱਲ੍ਹ ਨੂੰ ਠੀਕ ਕਰਾਂਗੇ । ਤੁਸੀਂ ਕਿਸੇ ਹੋਰ ਕਰਾਏ ਵਾਲੀ ਗੱਡੀ ਦਾ ਪਰਬੰਧ ਕਰ ਲਵੋ। ਮੈਂ ਤੁਹਾਡੀ ਇਤਨੀ ਮਦਦ ਕਰ ਸਕਦਾ ਹਾਂ ਤੁਹਾਨੂੰ ਕੋਈ ਕਿਰਾਏ ਵਾਲੀ ਗੱਡੀ ਲੱਭ ਦੇਂਦਾ ਹਾਂ ।"
ਅੱਧੇ ਘੰਟੇ ਬਾਅਦ ਕਰਾਏ ਵਾਲੀ ਗੱਡੀ ਆ ਗਈ। ਡਾਕਟਰ ਸਹਿਬ ਚੜ੍ਹਕੇ ਚਲੇ ਗਏ। ਡਾਕਟਰ ਸਹਿਬ ਦੇ ਦਿਮਾਗ਼ ਵਿੱਚ ਘੜੀ ਮੁੜੀ ਇਸ ਬੇਲੋੜੇ ਅੰਧਵਿਸ਼ਵਾਸ ਬਾਰੇ ਗੁੱਸਾ ਆ ਰਿਹਾ ਸੀ।
ਡਾਕਟਰ ਸਹਿਬ ਠੀਕ ਚਾਰ ਵਜੇ ਮੁੜ ਆਪਣੇ ਹਸਪਤਾਲ ਵਿੱਚ ਆ ਗਏ। ਆਪਣੇ ਮਰੀਜ਼ਾਂ ਦੀ ਦੇਖ ਭਾਲ ਵਿੱਚ ਰੁੱਝ ਗਏ ਸਨ।
ਮਿਸਤਰੀ ਮੰਗਲ ਸਿੰਘ ਦਾ ਮੁੰਡਾ ਸ਼ਾਮ ਦੇ ਪੰਜ ਵਜੇ ਬਾਬੇ ਦੇ ਡੇਰੇ ਮੱਥਾ ਟੇਕ ਕੇ ਵਾਪਿਸ ਆ ਰਿਹਾ ਸੀ। ਕੰਨਾਂ ਵਿੱਚ ਉਸ ਨੇ ਮੋਬਾਇਲ ਦੀਆਂ ਟੂਟੀਆਂ ਲਾਈਆਂ ਹੋਈਆਂ ਸਨ। ਮੋਬਾਇਲ ਤੋਂ ਬਾਬੇ ਦੀ ਕਥਾ ਸੁਣਦਾ ਆ ਰਿਹਾ ਸੀ। ਜਦੋਂ ਉਹ ਆਪਣੇ ਘਰ ਵਲ ਬੁਲਟ ਮੋਟਰਸਾਈਕਲ ਮੋੜਨ ਲੱਗਾ, ਪਿਛਲੇ ਪਾਸੇ ਉਸ ਵੇਖਿਆ ਨਾ ਮੋਟਰਸਾਈਕਲ ਇਕ ਦਮ ਮੋੜ ਦਿੱਤਾ । ਪਿਛਲੇ ਪਾਸਿਉਂ ਆਉਂਦੀ ਤੇਜ ਰਫਤਾਰ ਬੱਸ ਨੇ ਚੁੱਕ ਢਾਇਆ, ਬੱਸ ਵਾਲੇ ਬਥੇਰਾ ਹਾਰਨ ਮਾਰਿਆ, ਕੰਨਾਂ ਵਿੱਚ ਟੂਟੀਆਂ ਲੱਗੀਆਂ ਹੋਣ ਕਰਕੇ ਹਾਰਨ ਸੁਣ ਨਾ ਸਕਿਆ । ਭਿਆਨਕ ਐਕਸੀਡੈਂਟ ਹੋ ਗਿਆ ਸੀ । ਇਕ ਦਮ ਮਿਸਤਰੀ ਤੇ ਹੋਰ ਲੋਕ ਮੁੰਡੇ ਨੂੰ ਚੁੱਕ ਕੇ ਡਾਕਟਰ ਭਾਨ ਚੰਦ ਦੇ ਹਸਪਤਾਲ ਵਿੱਚ ਲੈ ਗਏ।
"ਡਾਕਟਰ ਸਹਿਬ ਜੀ ਮੇਰੇ ਮੁੰਡੇ ਦੀ ਜਾਨ ਬਚਾਅ ਦਿਉ, ਜਿੰਨੇ ਮਰਜੀ ਪੈਸੇ ਲੈ ਲਿਉ। ਮੇਰਾ ਇਕਲੌਤਾ ਪੁੱਤਰ ਹੈ, ਐਕਸੀਡੈਂਟ ਨਾਲ ਮੁੰਡੇ ਦੀ ਹਾਲਤ ਬਹੁਤ ਮਾੜੀ ਹੈ," ਮੰਗਲ ਸਿੰਘ, ਡਾਕਟਰ ਅੱਗੇ ਸ਼ਰਮਸਾਰ ਹੋਇਆ ਵਾਸਤੇ ਪਾਉਂਦਾ ਬੋਲਿਆ।
"ਮਿਸਤਰੀ ਸਹਿਬ ਤੁਹਾਨੂੰ ਖੁਦ ਪਤਾ ਹੈ ਅੱਜ ਵਿਸ਼ਵਕਰਮਾ ਡੇ ਹੈ । ਅਸੀਂ ਵੀ ਆਪਣੇ ਹਥਿਆਰਾਂ ਦੀ ਪੂਜਾ ਕਰ ਰਹੇ ਹਾਂ। ਕੱਲ੍ਹ ਤੱਕ ਜੇਕਰ ਬਚ ਗਿਆ ਫੇਰ ਇਸ ਦਾ ਇਲਾਜ ਸ਼ੁਰੂ ਕਰਾਂਗੇ । ਜਾ ਫੇਰ ਤੁਸੀਂ ਇਸ ਨੂੰ ਸ਼ਹਿਰ ਲਿਜਾ ਸਕਦੇ ਹੋ।"
"ਡਾਕਟਰ ਸਹਿਬ ਸ਼ਹਿਰ ਜਾਂਦਿਆਂ ਇਸ ਦੀ ਮੌਤ ਹੋ ਜਾਵੇਗੀ, ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਆਪਣੀ ਗਲਤੀ ਦੀ ਮੁਆਫ਼ੀ ਮੰਗਦਾ ਹਾਂ । ਮੈਂ ਸਾਰੀ ਜਿੰਦਗੀ ਵਿਸ਼ਵਕਰਮਾ ਡੇ ਤੇ ਆਪਣੀ ਗੈਰਜ ਬੰਦ ਨਹੀਂ ਕਰਾਂਗਾ । ਰੱਬ ਦੇ ਵਾਸਤੇ ਮੇਰੇ ਮੁੰਡੇ ਦੀ ਜਾਨ ਬਚਾਅ ਦਿਉ। ਡਾਕਟਰ ਤਾਂ ਦੂਸਰਾ ਰੱਬ ਹੁੰਦੇ ਹਨ," ਭੁੱਬਾਂ ਮਾਰਦਾ ਮੰਗਲ ਸਿੰਘ ਵਾਸਤੇ ਪਾ ਰਿਹਾ ਸੀ।
ਡਾਕਟਰ ਜਲਦੀ ਨਾਲ ਉਠਿਆ, ਬੋਲਿਆ, "ਜੇ ਤੇਰੇ ਵਾਂਗ ਮੈਂ ਅੜੀ ਕਰ ਲਵਾਂ, ਫੇਰ ਤੇਰੇ ਤੇ ਮੇਰੇ ਵਿੱਚ ਕੀ ਫਰਕ ਰਹਿ ਜਾਵੇਗਾ। ਮਰੀਜ਼ਾਂ ਨੂੰ ਪੂਰੀ ਵਾਹ ਲਾ ਕੇ ਬਚਾਉਣਾ ਸਾਡਾ ਫਰਜ ਤੇ ਜਿੰਮੇਵਾਰੀ ਹੁੰਦੀ ਹੈ ।"
ਏਨੀ ਗੱਲ ਕਰਦਾ ਮੁੰਡੇ ਨੂੰ ਅਪਰੇਸ਼ਨ ਥੇਟਰ ਵਿੱਚ ਲੈ ਗਿਆ। ਮੁੰਡੇ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਸੀ।ਤੋਪੇ ਲਾ ਕੇ ਪੱਟੀਆਂ ਕਰਕੇ ਮੁੰਡੇ ਦਾ ਵਗਦਾ ਖੂਨ ਬੰਦ ਕੀਤਾ। ਇਕ ਘੰਟੇ ਬਾਅਦ ਡਾਕਟਰ ਨੇ ਮੰਗਲ ਸਿੰਘ ਨੂੰ ਆਖਿਆ, "ਹੁਣ ਤੁਹਾਡੇ ਮੁੰਡੇ ਦੀ ਹਾਲਤ ਖਤਰੇ ਤੋਂ ਬਾਹਰ ਹੈ।"
ਮੰਗਲ ਸਿੰਘ ਨੇ ਪ੍ਰਣ ਕੀਤਾ ਕਿ ਵਿਸ਼ਵਕਰਮਾ ਡੇ ਤੇ ਉਹ ਲੋਕਾਂ ਦੀਆਂ ਗੱਡੀਆਂ ਮੁਫਤ ਠੀਕ ਕਰਕੇ ਵਿਸ਼ਵਕਰਮਾ ਡੇ ਮਨਾਇਆ ਕਰੇਗਾ।