Yudh (Story in Punjabi) : Jack London
ਯੁੱਧ (ਕਹਾਣੀ) : ਜੈਕ ਲੰਡਨ
ਇੱਕ
ਉਹ ਇੱਕ ਨੌਜਵਾਨ ਸੀ। ਚੌਵੀ-ਪੱਚੀ ਸਾਲੋਂ ਵੱਧ ਨਾ ਹੋਵੇਗਾ ਤੇ ਜੇ ਉਹ ਇਸ ਹੱਦ ਸਾਵਧਾਨ ਤੇ ਤਣਾਅ ਵਿੱਚ ਨਾ ਹੁੰਦਾ ਤਾਂ ਆਪਣੀ ਉਮਰ ਦੀ ਮਾਣਮੱਤੀ ਲਾਪਰਵਾਹੀ ਨਾਲ਼ ਘੋੜੇ ‘ਤੇ ਬੈਠਾ ਹੁੰਦਾ। ਆਪਣੀਆਂ ਕਾਲ਼ੀਆਂ ਅੱਖਾਂ ਨਾਲ਼ ਉਹਨੇ ਚਾਰੇ ਪਾਸੇ ਨਿਗ੍ਹਾ ਰੱਖੀ ਹੋਈ ਸੀ। ਟਹਿਣੀਆਂ ਅਤੇ ਉਹਨਾਂ ਦੀਆਂ ਪੋਰਾਂ ਤੱਕ ‘ਤੇ, ਜਿੱਥੇ ਛੋਟੀਆਂ-ਛੋਟੀਆਂ ਚਿੜੀਆਂ ਫੁਦਕ ਰਹੀਆਂ ਸਨ। ਉਹਦੀ ਖੋਜੀ ਨਜ਼ਰ ਦਰੱਖ਼ਤਾਂ ਅਤੇ ਝਾੜੀਆਂ ਦੇ ਬਦਲਦੇ ਦ੍ਰਿਸ਼ਾਂ ‘ਤੇ ਲਗਾਤਾਰ ਗੱਡੀਆਂ ਹੋਈਆਂ ਸਨ। ਦੋਵੇਂ ਪਾਸੇ ਜ਼ਮੀਨ ‘ਤੇ ਉੱਗੀ ਘਾਹ ਅਤੇ ਪੱਤੀਆਂ ਤੱਕ ਉਹਦੀਆਂ ਅੱਖੋਂ ਤੋਂ ਉਹਲੇ ਨਹੀਂ ਸਨ। ਉਹਦੇ ਕੰਨ ਵੀ ਉਸੇ ਤਰ੍ਹਾਂ ਸਾਵਧਾਨ ਸਨ। ਭਾਵੇਂ ਉਹ ਖਾਮੋਸ਼ੀ ਨਾਲ਼ ਜਾ ਰਿਹਾ ਸੀ ਪਰ ਤੋਪਾਂ ਦੀ ਆਵਾਜ਼ ਦੂਰ ਪੱਛਮ ਵੱਲੋਂ ਆ ਰਹੀ ਸੀ। ਕਈ ਘੰਟਿਆਂ ਤੋਂ ਇਹੀ ਅਵਾਜ਼ ਉਹਦੇ ਕੰਨਾਂ ਵਿੱਚ ਇੱਕ ਲੈਅ ਵਿੱਚ ਵੱਜ ਰਹੀ ਸੀ ਅਤੇ ਇਹਦੇ ਰੁਕਣ ‘ਤੇ ਹੀ ਉਹ ਸਾਵਧਾਨ ਹੁੰਦਾ ਕਿਉਂਕਿ ਉਹਦਾ ਕੰਮ ਇੱਥੇ, ਨੇੜੇ ਹੀ ਸੀ। ਉਹਦੇ ਘੋੜੇ ਦੀ ਜੀਨ ‘ਤੇ ਇੱਕ ਕਾਰਬਾਈਨ ਟੰਗੀ ਸੀ।
ਉਹ ਇਸ ਹਦ ਤੱਕ ਤਣਾਅ ਵਿੱਚ ਸੀ ਕਿ ਜਿਵੇਂ ਹੀ ਬਟੇਰਾਂ ਦਾ ਇੱਕ ਝੁੰਡ ਉਹਦੇ ਕੋਲ਼ ਦੀ ਹੁੰਦਾ ਹੋਇਆ ਅਚਾਨਕ ਉੱਡਿਆ ਕਿ ਉਹ ਯੱਕਦਮ ਹਰਕਤ ਵਿੱਚ ਆ ਗਿਆ ਅਤੇ ਆਪਣੀ ਕਾਰਬਾਈਨ ਨੂੰ ਝੱਟ ਮੋਢੇ ‘ਤੇ ਰੱਖਣ ਲਈ ਚੁੱਕ ਲਿਆ। ਫਿਰ ਉਹ ਬੁੜ-ਬੁੜਾਇਆ, ਆਪਣੇ ਆਪ ਨੂੰ ਸੰਭਾਲਿਆ ਤੇ ਅੱਗੇ ਵਧਣ ਲੱਗਾ। ਉਹ ਇੰਨੇ ਤਣਾਅ ਵਿੱਚ ਸੀ ਅਤੇ ਆਪਣੇ ਕੰਮ ਲਈ ਇੰਨਾ ਚਿੰਤਤ ਸੀ ਕਿ ਪਸੀਨਾ ਉਹਦੇ ਮੱਥੇ ਤੋਂ ਵਹਿੰਦਾ ਹੋਇਆ ਨੱਕ ਤੋਂ ਹੋਕੇ ਘੋੜੇ ਦੀ ਜੀਨ ‘ਤੇ ਟਪਕ ਰਿਹਾ ਸੀ ਤੇ ਉਹਨੂੰ ਪਤਾ ਤੱਕ ਨਹੀਂ ਸੀ। ਘੁੜਸਵਾਰਾਂ ਵਾਲੇ ਟੋਪ ਦਾ ਫ਼ੀਤਾ ਫਿਰ ਪਸੀਨੇ ਨਾਲ਼ ਭਿੱਜ ਗਿਆ ਸੀ। ਉਹਦਾ ਚਿਤਕਬਰਾ ਘੋੜਾ ਵੀ ਉਸੇ ਤਰਾਂ ਭਿੱਜਿਆ ਹੋਇਆ ਸੀ। ਉਹ ਗਰਮੀ ਦਾ ਭਰਿਆ ਦੁਪਹਿਰਾ ਸੀ, ਗੁਮਸੁਮ। ਇੱਥੋਂ ਤੱਕ ਕਿ ਚਿੜੀਆਂ ਤੇ ਗਾਲੜਾਂ ਵੀ ਇਸ ਧੁੱਪ ਵਿੱਚ ਨਿਕਲਣਾ ਨਹੀਂ ਚਾਹੁੰਦੀਆਂ ਸਨ ਅਤੇ ਦਰੱਖ਼ਤਾਂ ਤੇ ਉਹਨਾਂ ਦੇ ਪਰਛਾਵਿਆਂ ਵਿੱਚ ਲੁਕੀਆਂ ਹੋਈਆਂ ਸਨ।
ਸਵਾਰ ਅਤੇ ਘੋੜਾ ਦੋਵੇਂ ਹੀ ਦਰੱਖ਼ਤਾਂ ਦੀਆਂ ਪੱਤੀਆਂ ਅਤੇ ਪੀਲ਼ੇ ਪਰਾਗ ਕਣਾਂ ਨਾਲ਼ ਗੜੁੱਚ ਸਨ ਕਿਉਂਕਿ ਉਹ ਖੁੱਲ੍ਹੇ ਰਾਹ ਨਹੀਂ ਜਾ ਸਕਦੇ ਸਨ। ਉਹ ਦਰੱਖ਼ਤਾਂ ਤੇ ਝਾੜੀਆਂ ‘ਚੋਂ ਹੁੰਦੇ ਹੋਏ ਹੀ ਚਲਦੇ ਰਹੇ ਅਤੇ ਜਦ ਵੀ ਉਹਨਾਂ ਨੂੰ ਸੁੱਕੇ ਦਰੱਖ਼ਤਾਂ ਦੇ ਵਿੱਚ ਦੀ ਜਾਂ ਖੁੱਲ੍ਹੀ ਜ਼ਮੀਨ ਤੋਂ ਲੰਘਣਾ ਪੈਂਦਾ, ਸਵਾਰ ਸਾਵਧਾਨੀ ਨਾਲ਼ ਝਾਕਦਾ ਕਿ ਕਿਤੇ ਕੋਈ ਹੈ ਤਾਂ ਨਹੀਂ। ਉਹ ਲਗਾਤਾਰ ਉੱਤਰ ਵੱਲ ਚਲਦਾ ਜਾ ਰਿਹਾ ਸੀ। ਭਾਵੇਂ ਉਹਦਾ ਰਾਹ ਜ਼ਿਆਦਾ ਘੁਮਾਅਦਾਰ ਨਹੀਂ ਸੀ ਅਤੇ ਉੱਤਰ ਤੋਂ ਹੀ ਉਸ ਨੂੰ ਸਭ ਤੋਂ ਵੱਧ ਡਰ ਸੀ। ਉਹ ਡਰਪੋਕ ਨਹੀਂ ਸੀ ਪਰ ਉਹਦਾ ਹੌਂਸਲਾ ਇੱਕ ਆਮ ਆਦਮੀ ਜਿੰਨਾ ਹੀ ਸੀ ਤੇ ਉਹ ਜੀਣਾ ਚਾਹੁੰਦਾ ਸੀ, ਮਰਨਾ ਨਹੀਂ।
ਇੱਕ ਛੋਟੀ ਪਹਾੜੀ ‘ਤੇ ਚੜਦੇ ਹੋਏ ਉਹਨੇ ਇੱਕ ਪਗਡੰਡੀ ‘ਤੇ ਚੱਲਣਾ ਸ਼ੁਰੂ ਕੀਤਾ ਜਿਸ ‘ਤੇ ਝਾੜੀਆਂ ਇਨੀਆਂ ਘਣੀਆਂ ਸਨ ਕਿ ਉਹਨੂੰ ਘੋੜੇ ਤੋਂ ਉਤਰ ਕੇ ਪੈਦਲ ਚੱਲਣਾ ਪਿਆ ਪਰ ਜਦ ਉਹ ਪਗਡੰਡੀ ਪੱਛਮ ਵੱਲ ਲਹੀ ਤਾਂ ਉਹਨੇ ਉਹ ਛੱਡ ਦਿੱਤੀ ਅਤੇ ਫਿਰ ਉੱਤਰ ਵੱਲ ਦਰੱਖ਼ਤਾਂ ਨਾਲ਼ ਢੱਕੀ ਰਿੱਜ ਦੇ ਨਾਲ਼-ਨਾਲ਼ ਚੱਲਣ ਲੱਗਾ।
ਰਿੱਜ ਇੱਕ ਖੜੀ ਢਲਾਣ ਤੱਕ ਪਹੁੰਚ ਕੇ ਖਤਮ ਹੋਈ, ਇੰਨੀ ਖੜੀ ਕਿ ਉਹਨੂੰ ਪਾਰ ਕਰਨ ਲਈ ਘੁੰਮ-ਘੁੰਮ ਕੇ ਜਾਣਾ ਪਿਆ, ਸੁੱਕੇ ਸੰਤਰੇ ਤੇ ਸੁੱਕੀਆਂ ਵੇਲਾਂ ‘ਤੇ ਕਦੀ ਤਿਲਕਦੇ ਹੋਏ ਤੇ ਕਦੀ ਰਿੜ੍ਹਦੇ ਹੋਏ ਅਤੇ ਘੋੜੇ ‘ਤੇ ਵੀ ਸਾਵਧਾਨ ਨਜ਼ਰ ਰੱਖਦੇ ਹੋਏ ਕਿ ਕਿਤੇ ਉਹ ਉਹਦੇ ਉੱਪਰ ਹੀ ਨਾ ਡਿੱਗ ਜਾਵੇ। ਪਸੀਨਾ ਵਹਿ ਰਿਹਾ ਸੀ ਅਤੇ ਪਰਾਗ ਕਣ ਨੱਕ ਵਿੱਚ ਭਰ ਰਹੇ ਸਨ ਜਿਸ ਨਾਲ਼ ਉਹਨੂੰ ਜ਼ਬਰਦਸਤ ਪਿਆਸ ਲੱਗ ਆਈ ਸੀ। ਉਹ ਜਿੰਨੀ ਵੀ ਕੋਸ਼ਿਸ਼ ਕਰਦਾ, ਉਤਰਣ ਵਿੱਚ ਰੌਲ਼ੇ ਨੂੰ ਰੋਕ ਨਹੀਂ ਪਾ ਰਿਹਾ ਸੀ। ਉਹ ਬਾਰ-ਬਾਰ ਰੁਕਦਾ ਅਤੇ ਸੁੱਕੀ ਗਰਮੀ ਵਿੱਚ ਹੱਫ਼ਦਾ ਹੋਇਆ ਥੱਲਿਓਂ ਕਿਸੇ ਖਤਰੇ ਦੀ ਆਹਟ ਸੁਣਦਾ।
ਥੱਲੇ ਉੱਤਰ ਕੇ ਉਹ ਇੱਕ ਸਮਤਲ ਜ਼ਮੀਨ ‘ਤੇ ਪਹੁੰਚ ਗਿਆ ਜੋ ਅਜਿਹੇ ਘਣੇ ਦਰੱਖ਼ਤਾਂ ਨਾਲ਼ ਭਰੀ ਸੀ ਕਿ ਉਹ ਉਹਦੀ ਥਾਹ ਨਹੀਂ ਪਾ ਸਕਿਆ। ਉੱਥੇ ਦਰੱਖ਼ਤਾਂ ਦੀ ਸਥਿਤੀ ਬਦਲ ਗਈ ਸੀ ਜਿਸ ਕਰਕੇ ਉਹ ਫਿਰ ਘੋੜੇ ‘ਤੇ ਚੜ੍ਹਕੇ ਚੱਲ ਸਕਦਾ ਸੀ। ਵਿੰਗੇ-ਟੇਡੇ ਓਕ ਦੇ ਦਰਖ਼ਤਾਂ ਦੀ ਜਗ੍ਹਾ ਉੱਥੇ ਸਿੱਧੇ ਖੜੇ ਉੱਚੇ-ਉੱਚੇ ਦਰੱਖ਼ਤ ਸਨ, ਘਣੇ ਅਤੇ ਮੋਟੇ-ਮੋਟੇ ਤਣੇਵਾਲ਼ੇ, ਨਮ ਜ਼ਮੀਨ ਵਿੱਚ ਉੱਗੇ ਹੋਏ। ਝਾੜੀਆਂ ਥਾਂ-ਕੁਥਾਂ ਹੀ ਸਨ ਜਿਹਨਾਂ ਤੋਂ ਸੁਖਾਲ਼ਿਆਂ ਹੀ ਬਚਿਆ ਜਾ ਸਕਦਾ ਸੀ। ਫਿਰ ਉਹ ਹਵਾਦਾਰ ਪਾਰਕ ਜਿਹੀ ਖੁੱਲੀ ਜਗ੍ਹਾ ‘ਚੋਂ ਲੰਘਿਆ ਜਿੱਥੇ ਯੁੱਧ ਤੋਂ ਪਹਿਲਾਂ ਪਸ਼ੂਆਂ ਦੀ ਚਰਾਗਾਹ ਰਹੀ ਹੋਵੇਗੀ।
ਜਦ ਉਹ ਘਾਟੀ ਵਿੱਚ ਪਹੁੰਚਿਆ ਤਾਂ ਉਹਦੀ ਰਫ਼ਤਾਰ ਤੇਜ਼ ਹੋ ਗਈ ਅਤੇ ਅੱਧੇ ਘੰਟੇ ਵਿੱਚ ਹੀ ਉਹ ਇੱਕ ਪੁਰਾਣੇ ਰੇਲਵੇ ਫਾਟਕ ‘ਤੇ ਪਹੁੰਚ ਗਿਆ ਜੋ ਹੁਣ ਤਬਾਹ ਹੋ ਗਿਆ ਸੀ। ਇੰਨਾ ਖੁੱਲ੍ਹਾ ਰਾਹ ਉਹਨੂੰ ਜਾਇਜ਼ ਨਹੀਂ ਲੱਗਿਆ। ਹਾਲੇ ਉਹਨੂੰ ਦਰਿਆ ਕੰਢੇ ਲੱਗੇ ਦਰੱਖ਼ਤਾਂ ਦੇ ਵਿੱਚ ਦੀ ਹੋ ਕੇ ਜਾਂਦੀ ਸੜਕ ਤੋਂ ਜਾਣਾ ਸੀ। ਭਾਵੇਂ ਸਿਰਫ਼ ਅੱਧਾ ਮੀਲ ਦਾ ਰਾਹ ਹੀ ਖੁੱਲ੍ਹੇ ਵਿੱਚ ਸੀ, ਪਰ ਉਸ ਵਿੱਚ ਦੀ ਹੋ ਕੇ ਜਾਣ ਦਾ ਵਿਚਾਰ ਹੀ ਕੌੜ ਪੈਦਾ ਕਰਨ ਵਾਲ਼ਾ ਸੀ। ਦਰਿਆ ਕੰਢੇ ਦੇ ਉਸ ਖੁੱਲੇ ਰਾਹ ‘ਤੇ ਕੋਈ ਨਾ ਕੋਈ ਰਾਈਫ਼ਲ ਜਾਂ ਕਈ ਹਜ਼ਾਰਾਂ ਰਾਈਫ਼ਲਾਂ ਘਾਤ ਵਿੱਚ ਹੋ ਸਕਦੀਆਂ ਸਨ।
ਦੋ ਵਾਰ ਉਹਨੇ ਚੱਲਣ ਦਾ ਤਹੱਈਆ ਕੀਤਾ ਅਤੇ ਦੋ ਵਾਰ ਰੁਕਿਆ। ਉਹ ਆਪਣੇ ਇੱਕਲੇਪਣ ਤੋਂ ਡਰ ਗਿਆ ਸੀ। ਪੱਛਮ ਤੋਂ ਆਉਂਦੀ ਯੁੱਧ ਦੀ ਆਵਾਜ਼ ਹਜ਼ਾਰਾਂ ਲੜਾਕਿਆਂ ਦੇ ਸਾਥ ਦਾ ਅਹਿਸਾਸ ਦੇ ਰਹੀ ਸੀ ਪਰ ਇੱਥੇ ਕੁੱਝ ਨਹੀਂ ਸੀ ਬਸ ਇੱਕ ਚੁੱਪ ਸੀ ਤੇ ਉਹ ਸੀ ਤੇ ਮੌਤ ਲਿਆਉਣ ਵਾਲ਼ੀਆਂ ਗੋਲ਼ੀਆਂ ਸਨ ਜੋ ਕਦੇ ਵੀ ਵਰ੍ਹ ਸਕਦੀਆਂ ਸਨ। ਇਹਦੇ ਬਾਵਜੂਦ ਉਹਦਾ ਕੰਮ ਉਹਨਾਂ ਦਾ ਪਤਾ ਲਾਉਣਾ ਸੀ ਜਿਹਨਾਂ ਦਾ ਪਤਾ ਲਾਉਣੋਂ ਉਹ ਡਰ ਰਿਹਾ ਸੀ। ਪਰ ਉਹਨੂੰ ਇਸ ਵਿੱਚ ਲੱਗੇ ਰਹਿਣਾ ਸੀ। ਜਦ ਤਕ ਕਿ ਉਹ ਕਿਤੇ, ਕਦੀ, ਉਸ ਕਿਸੇ ਆਦਮੀ ਨਾਲ਼ ਮਿਲ ਨਾ ਲਵੇ, ਕਿਸੇ ਦੂਸਰੇ ਆਦਮੀ ਨਾਲ਼, ਦੂਜੇ ਪਾਸੇ ਦੇ ਆਦਮੀ ਨਾਲ਼, ਜੋ ਅਜਿਹੀ ਹੀ ਮੁਹਿੰਮ ‘ਤੇ ਨਿਕਲਿਆ ਹੋਵੇਗਾ ਜਿਸ ‘ਤੇ ਉਹ ਨਿਕਲਿਆ ਹੈ ਤਾਂ ਕਿ ਉਹ ਰਿਪੋਰਟ ਕਰ ਸਕੇ ਕਿ ਉਹ ਉਸ ਨਾਲ਼ ਮਿਲਿਆ ਹੈ। ਰਿਪੋਰਟ ਤਾਂ ਉਹਨੂੰ ਕਰਨੀ ਹੀ ਸੀ।
ਆਪਣਾ ਮਨ ਬਦਲਕੇ ਉਹ ਪਹਿਲੇ ਦੂਰ ਤਕ ਜੰਗਲ ਦੇ ਅੰਦਰ ਚਲਦਾ ਰਿਹਾ ਤੇ ਫਿਰ ਬਾਹਰ ਨਿਕਲਿਆ। ਇਸ ਵਾਰ ਉਹਨੇ ਖੁੱਲੀ ਜਗ੍ਹਾ ਵਿੱਚ ਇੱਕ ਛੋਟਾ ਜਿਹਾ ਫਾਰਮ ਹਾਊਸ ਦੇਖਿਆ। ਉਥੇ ਕਿਸੇ ਜਿਉਂਦੇ ਪ੍ਰਾਣੀ ਦਾ ਕੋਈ ਨਿਸ਼ਾਨ ਨਹੀਂ ਸੀ। ਕੋਈ ਧੂੰਆਂ ਨਹੀਂ ਉਠ ਰਿਹਾ ਸੀ ਅਤੇ ਨਾ ਹੀ ਅਹਾਤੇ ਵਿੱਚ ਕੋਈ ਕੁੱਕੜੀ ਕੁੜ-ਕੜ ਕਰਦੀ ਘੁੰਮ ਰਹੀ ਸੀ। ਰਸੋਈ ਦਾ ਦਰਵਾਜ਼ਾ ਖੁੱਲਾ ਪਿਆ ਸੀ। ਉਹ ਦੇਰ ਤਕ ਅੱਖਾਂ ਗੱਡ-ਗੱਡ ਦੇਖਦਾ ਰਿਹਾ। ਉਹਨੂੰ ਲੱਗਣ ਲੱਗਾ ਕਿ ਕਿਸੇ ਵੀ ਪਲ ਕਿਸੇ ਕਿਸਾਨ ਦੀ ਪਤਨੀ ਉਸ ਵਿੱਚੋਂ ਨਿਕਲ ਆਵੇਗੀ।
ਆਪਣੇ ਸੁੱਕੇ ਬੁੱਲਾਂ ‘ਤੇ ਜੰਮੀ ਧੂੜ ਤੇ ਪਰਾਗ ਕਣਾਂ ‘ਤੇ ਆਪਣੀ ਜ਼ੁਬਾਨ ਫੇਰੀ, ਆਪਣਾ ਮਨ ਤੇ ਸਰੀਰ ਕੈੜਾ ਕੀਤਾ ਅਤੇ ਖੁੱਲ੍ਹੀ ਧੁੱਪ ਵਿੱਚ ਨਿਕਲ ਗਿਆ। ਕੁੱਝ ਨਹੀਂ ਹੋਇਆ। ਉਹ ਫਾਰਮਹਾਊਸ ਤੋਂ ਅੱਗੇ ਵੱਲ ਵਧਿਆ ਅਤੇ ਨਦੀ ਕੰਡੇ ਦੇ ਦਰੱਖਤਾਂ ਅਤੇ ਝਾੜੀਆਂ ਤੱਕ ਪਹੁੰਚ ਗਿਆ। ਇੱਕ ਗੱਲ ਪਾਗਲਪਣ ਦੀ ਹੱਦ ਤੱਕ ਕਿ ਕਦੀ ਵੀ ਕੋਈ ਗੋਲ਼ੀ ਅਚਾਨਕ ਉਹਨੂੰ ਲੱਗ ਸਕਦੀ ਹੈ। ਇਸ ਨਾਲ਼ ਉਹਨੂੰ ਬਹੁਤ ਕਮਜ਼ੋਰੀ ਅਤੇ ਬੇਵੱਸੀ ਮਹਿਸੂਸ ਹੋਈ ਅਤੇ ਉਹ ਜੀਨ ‘ਤੇ ਥੱਲੇ ਝੁੱਕ ਗਿਆ।
ਆਪਣੇ ਘੋੜੇ ਨੂੰ ਇੱਕ ਦਰੱਖ਼ਤ ਦੀ ਜੜ੍ਹ ਨਾਲ਼ ਬੰਨਕੇ ਕਰੀਬ ਸੌ ਗਜ਼ ਪੈਦਲ ਚਲ ਕੇ ਉਹ ਦਰਿਆ ਦੇ ਕੰਡੇ ਤੱਕ ਪਹੁੰਚਿਆ। ਉਹ ਵੀਹ ਫੁੱਟ ਚੌੜਾ ਸੀ। ਧਾਰਾ ਤੇਜ਼ ਨਹੀਂ ਸੀ। ਠੰਡਕ ਨਿਓਤਾ ਦੇਣ ਵਾਲ਼ੀ ਸੀ ਅਤੇ ਉਹ ਬਹੁਤ ਪਿਆਸਾ ਸੀ ਪਰ ਉਹ ਪੱਤੀਆਂ ਦੇ ਪਰਦੇ ਪਿੱਛੇ ਲੁਕਿਆ ਰਿਹਾ। ਉਹਦੀਆਂ ਅੱਖਾਂ ਸਾਹਮਣੇ ਉਹ ਪਾਰ ਦੇ ਪਰਦੇ ‘ਤੇ ਟਿਕੀਆਂ ਸਨ। ਉਡੀਕ ਦੀਆਂ ਘੜੀਆਂ ਨੂੰ ਆਰਾਮਦਾਈ ਬਣਾਉਣ ਲਈ ਉਹ ਬੈਠ ਗਿਆ। ਉਹਦੀ ਕਾਰਬਾਈਨ ਗੋਡਿਆਂ ‘ਤੇ ਟਿਕੀ ਸੀ। ਕੁੱਝ ਮਿੰਟ ਲੰਘੇ, ਉਹਦਾ ਤਣਾਅ ਘੱਟ ਗਿਆ। ਅੰਤ ਉਹਨੇ ਤੈਅ ਕੀਤਾ ਕਿ ਕੋਈ ਖਤਰਾ ਨਹੀਂ ਹੈ, ਪਰ ਜਿਵੇਂ ਹੀ ਉਹ ਝਾੜੀਆਂ ‘ਚੋਂ ਨਿਕਲ ਕੇ ਪਾਣੀ ਪੀਣ ਲਈ ਝੁਕਣ ਲਈ ਤਿਆਰ ਹੋਇਆ ਕਿ ਉਸ ਪਾਰ ਝਾੜੀਆਂ ਵਿੱਚ ਕੋਈ ਹਰਕਤ ਦਿਖੀ।
ਕੋਈ ਚਿੜੀ ਹੋ ਸਕਦੀ ਹੈ। ਪਰ ਉਹ ਰੁਕਿਆ। ਫਿਰ ਝਾੜੀਆਂ ਵਿੱਚ ਹੋਰ ਹਲਚਲ ਹੋਈ ਅਤੇ ਫਿਰ ਸਭ ਕੁੱਝ ਇੰਨਾ ਅਚਾਨਕ ਹੋਇਆ ਕਿ ਉਹਦੇ ਮੁੰਹ ‘ਚੋਂ ਚੀਕ ਨਿਕਲਦੀ-ਨਿਕਲਦੀ ਬਚੀ। ਝਾੜੀਆਂ ਹਟੀਆਂ ਅਤੇ ਉਹਨਾਂ ‘ਚੋਂ ਇੱਕ ਚਿਹਰਾ ਬਾਹਰ ਨਿਕਲਿਆ। ਇੱਕ ਚਿਹਰਾ ਜਿਸ ‘ਤੇ ਕਈ ਹਫ਼ਤੇ ਦੀ ਭੂਰੀ ਦਾੜੀ ਉੱਗੀ ਹੋਈ ਸੀ। ਅੱਖਾਂ ਨੀਲੀਆਂ ਸਨ ਅਤੇ ਵੱਡੀਆਂ-ਵੱਡੀਆਂ ਭਾਵੇਂ ਪਰੇਸ਼ਾਨੀ ਅਤੇ ਥਕਾਵਟ ਸਾਫ਼ ਝਲਕ ਰਹੀ ਸੀ ਪਰ ਝੁਰੀਆਂ ਇੰਝ ਪਈਆਂ ਸਨ ਕਿ ਜਿਵੇਂ ਕੋਈ ਹੱਸ ਰਿਹਾ ਹੋਵੇ।
ਉਹ ਸਭ ਕੁੱਝ ਉਹਨੇ ਸਾਫ਼-ਸਾਫ਼ ਦੇਖਿਆ ਕਿਉਂਕਿ ਦੂਰੀ ਵੀਹ ਫੁੱਟ ਤੋਂ ਵੱਧ ਨਹੀਂ ਸੀ ਅਤੇ ਇਹ ਸਭ ਉਹਨੇ ਸਿਰਫ਼ ਇੰਨੇ ਹੀ ਸਮੇਂ ਵਿੱਚ ਦੇਖਿਆ ਜਿੰਨਾ ਮੋਢੇ ‘ਤੇ ਕਾਰਬਾਈਨ ਚੁੱਕਣ ਵਿੱਚ ਲੱਗਾ। ਉਹਨੇ ਫਿਰ ਉਸਨੂੰ ਇੱਕ ਵਾਰ ਦੇਖਿਆ ਤਾਂ ਲੱਗਿਆ ਜਿਵੇਂ ਉਹ ਕਿਸੇ ਮਰੇ ਹੋਏ ਆਦਮੀ ਨੂੰ ਦੇਖ ਰਿਹਾ ਹੈ। ਇਨੀ ਨੇੜਿਓਂ ਨਿਸ਼ਾਨਾ ਉਕਣਾ ਸੰਭਵ ਹੀ ਨਹੀਂ ਸੀ।
ਪਰ ਉਹਨੇ ਗੋਲ਼ੀ ਨਹੀਂ ਚਲਾਈ, ਹੋਲ਼ੇ ਜਿਹੇ ਕਾਰਬਾਈਨ ਲਾਹ ਲਈ ਅਤੇ ਦੇਖਣ ਲੱਗਾ। ਇੱਕ ਹੱਥ ਦਿਖਿਆ ਜਿਸ ਵਿੱਚ ਪਾਣੀ ਦੀ ਇੱਕ ਬੋਤਲ ਸੀ। ਫਿਰ ਹੱਥ, ਬੋਤਲ ਅਤੇ ਭੂਰੀ ਦਾੜੀ ਪਾਣੀ ਭਰਨ ਨੂੰ ਝੁਕੀ। ਪਾਣੀ ਭਰਨ ਦੀ ਗੁੜ-ਗੁੜ ਉਸਨੂੰ ਸਾਫ਼ ਸੁਣਾਈ ਦਿੱਤੀ। ਫਿਰ ਹੱਥ, ਬੋਤਲ ਅਤੇ ਭੂਰੀ ਦਾੜੀ ਝਾੜੀਆਂ ਪਿੱਛੇ ਗਾਇਬ ਹੋ ਗਏ। ਕਾਫ਼ੀ ਸਮਾਂ ਉਹਨੇ ਉਡੀਕ ਕੀਤੀ ਅਤੇ ਫਿਰ ਬਿਨਾਂ ਪਾਣੀ ਪੀਤੇ ਘੋੜੇ ‘ਤੇ ਸਵਾਰ ਹੋਇਆ ਅਤੇ ਹੌਲ਼ੇ-ਹੋਲ਼ੇ ਧੁੱਪ-ਭਰੇ ਮੈਦਾਨ ‘ਚੋਂ ਹੁੰਦਾ ਹੋਇਆ ਪਿੱਛੇ ਦਰੱਖ਼ਤਾਂ ਦੇ ਆਸਰੇ ਵਿੱਚ ਚਲਾ ਗਿਆ।
ਦੋ
ਅਗਲਾ ਦਿਨ। ਗਰਮ ਅਤੇ ਘੁਟਣ ਭਰਿਆ। ਖੁੱਲ੍ਹੇ ਵਿੱਚ ਇੱਕ ਉਜਾੜ ਫਾਰਮਹਾਊਸ ਸੀ। ਬਹੁਤ ਵੱਡਾ। ਉਸ ਵਿੱਚ ਕਈ ਆਊਟ ਹਾਊਸ ਸਨ ਅਤੇ ਫਲ਼ਾਂ ਦਾ ਇੱਕ ਬਾਗ ਸੀ। ਦਰੱਖ਼ਤਾਂ ਦੇ ਵਿੱਚ ਦੀ ਚਿਤਕਬਰੇ ਘੋੜੇ ‘ਤੇ ਉਹ ਨੌਜਵਾਨ ਕਾਰਬਾਈਨ ਟੰਗੀ ਆਪਣੀਆਂ ਫੁਰਤੀਲੀਆਂ ਅੱਖਾਂ ਨਾਲ਼ ਇੱਧਰ-ਉੱਧਰ ਦੇਖਦਾ ਉੱਥੇ ਪਹੁੰਚਿਆ। ਉਹਨੇ ਚੈਨ ਦਾ ਸਾਹ ਲਿਆ ਕਿ ਉਸ ਘਰ ਤੱਕ ਪਹੁੱਚ ਗਿਆ। ਇਸ ਸਪੱਸ਼ਟ ਸੀ ਕਿ ਇਸੇ ਮੌਸਮ ਦੇ ਸ਼ੁਰੂ ਵਿੱਚ ਉੱਥੇ ਲੜਾਈ ਹੋਈ ਸੀ। ਜੰਗ ਲੱਗੇ ਬਦਰੰਗ ਕਲਿੱਪ ਅਤੇ ਖਾਲੀ ਕਾਰਤੂਸ ਜ਼ਮੀਨ ‘ਤੇ ਵਿਖਰੇ ਪਏ ਸਨ। ਜ਼ਮੀਨ ਜਦ ਗਿੱਲੀ ਸੀ ਤਾਂ ਘੋੜਿਆਂ ਦੀਆਂ ਖੁਰਾਂ ਨਾਲ਼ ਥਾਂ-ਥਾਂ ਤੋਂ ਖੁਦ ਗਈ ਸੀ। ਘਰ ਦੇ ਨੇੜੇ ਜੋ ਖੁੱਲ੍ਹੀ ਥਾਂ ਸੀ ਉਥੇ ਕਬਰਾਂ ਸਨ। ਉਹਨਾਂ ‘ਤੇ ਨਾਮ ਦੀਆਂ ਫੱਟੀਆਂ ਲੱਗੀਆਂ ਸਨ ਤੇ ਨੰਬਰ ਲਿਖੇ ਸਨ। ਰਸੋਈ ਦੇ ਦਰਵਾਜ਼ੇ ਨੇੜੇ ਦੇ ਓਕ ਦੇ ਦਰਖ਼ਤ ਨਾਲ਼ ਕਟੀਆਂ-ਫਟੀਆਂ ਅਤੇ ਸੜੀਆਂ-ਗਲ਼ੀਆਂ ਪੋਸ਼ਾਕਾਂ ਵਿੱਚ ਦੋ ਲੋਕਾਂ ਦੀਆਂ ਲਾਸ਼ਾਂ ਲਟਕ ਰਹੀਆਂ ਸਨ। ਉਹਨਾਂ ਦੇ ਚਿਹਰੇ ਸੁੱਕੇ ਹੋਏ ਸਨ ਤੇ ਵਿਗਾੜ ਦਿੱਤੇ ਗਏ ਸਨ। ਉਹ ਆਦਮੀ ਦੇ ਚਿਹਰੇ ਲੱਗ ਹੀ ਨਹੀਂ ਰਹੇ ਸਨ। ਘੋੜਾ ਉਹਨਾਂ ਥੱਲੇ ਫੁਫਕਾਰਨ ਲੱਗਾ ਤਾਂ ਸਵਾਰ ਨੇ ਉਸਨੂੰ ਸਹਿਲਾਕੇ ਸ਼ਾਂਤ ਕੀਤਾ ਅਤੇ ਉੱਥੋਂ ਕੁੱਝ ਦੂਰ ਹਟਾਕੇ ਬੰਨ ਦਿੱਤਾ।
ਘਰ ਵੜਦਿਆਂ ਉਸਨੂੰ ਸਭ ਕੁੱਝ ਤਬਾਹ-ਹਾਲ ਮਿਲਿਆ। ਇੱਕ ਕਮਰੇ ਤੋਂ ਦੂਜੇ ‘ਚ ਜਾਂਦੇ ਹੋਏ ਉਹਨੂੰ ਖਾਲੀ ਕਾਰਤੂਸਾਂ ਤੋਂ ਹੋ ਕੇ ਚੱਲਣਾ ਪਿਆ। ਉਹ ਬਾਰੀ ਤੋਂ ਬਾਹਰ ਟੋਹ ਲੈਣ ਗਿਆ। ਲੋਕ ਉੱਥੇ ਰਹੇ ਸਨ ਅਤੇ ਸੁੱਤੇ ਸਨ। ਇੱਕ ਕਮਰੇ ਵਿੱਚ ਤਾਂ ਉਸਨੂੰ ਖੂਨ ਦੇ ਥੱਕਿਆਂ ਦੇ ਨਿਸ਼ਾਨ ਨਜ਼ਰ ਆਏ। ਜ਼ਰੂਰ ਹੀ ਉੱਥੇ ਫੱਟੜਾਂ ਨੂੰ ਲਿਟਾਇਆ ਗਿਆ ਸੀ।
ਫਿਰ ਉਹ ਬਾਹਰ ਗਿਆ। ਘੋੜੇ ਦੇ ਨਾਲ਼-ਨਾਲ਼ ਪਿੱਛੇ ਅਸਤਬਲ ਤੋਂ ਹੁੰਦੇ ਬਗੀਚੇ ਵਿੱਚ ਜਾ ਵੜਿਆ। ਦਸ-ਬਾਰ੍ਹਾਂ ਦਰੱਖ਼ਤ ਪੱਕੇ ਹੋਏ ਸੇਬਾਂ ਨਾਲ਼ ਲੱਦੇ ਸਨ। ਉਹਨਾਂ ਨਾਲ਼ ਉਹਨੇ ਆਪਣੀਆਂ ਜੇਬਾਂ ਭਰ ਲਈਆਂ। ਨਾਲ਼-ਨਾਲ਼ ਖਾਂਦਾ ਵੀ ਗਿਆ। ਫਿਰ ਉਹਦੇ ਮਨ ਇੱਕ ਗੱਲ ਆਈ। ਉਹਨੇ ਸੂਰਜ ਵੱਲ ਦੇਖਿਆ ਅਤੇ ਅੰਦਾਜ਼ਾ ਲਾਇਆ ਕਿ ਵਾਪਸ ਕੈਂਪ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ। ਉਹਨੇ ਆਪਣੀ ਕਮੀਜ਼ ਖੋਲ੍ਹੀ, ਉਹਦੀਆਂ ਬਾਹਾਂ ਨੂੰ ਬੰਨ ਕੇ ਝੋਲ਼ੇ ਵਾਂਗ ਬਣਾਇਆ ਅਤੇ ਉਸ ਵਿੱਚ ਸੇਬ ਭਰਨ ਲੱਗਾ। ਉਹ ਆਪਣੇ ਘੋੜੇ ‘ਤੇ ਚੜ੍ਹਨ ਹੀ ਵਾਲ਼ਾ ਸੀ ਕਿ ਉਸ ਜਾਨਵਰ ਨੇ ਆਪਣੇ ਕੰਨ ਖੜੇ ਕਰ ਲਏ। ਆਦਮੀ ਨੇ ਵੀ ਸੁਣਨ ਦੀ ਕੋਸ਼ਿਸ਼ ਕੀਤੀ ਅਤੇ ਮੁਲਾਇਮ ਜ਼ਮੀਨ ‘ਤੇ ਘੋੜੇ ਦੀਆਂ ਟਾਪਾਂ ਦੀ ਹਲਕੀ ਜਿਹੀ ਅਵਾਜ਼ ਸੁਣੀ। ਉਹ ਅਸਤਬਲ ਦੇ ਇੱਕ ਕੋਨੇ ਵਿੱਚ ਛੁਪ ਗਿਆ ਅਤੇ ਝਾਕ ਕੇ ਵੇਖਣ ਲੱਗਾ। ਘੋੜੇ ‘ਤੇ ਸਵਾਰ ਦਸ-ਬਾਰ੍ਹਾਂ ਲੋਕ ਅਰਾਮ-ਅਰਾਮ ਨਾਲ਼ ਖੁੱਲ੍ਹੀ ਜਗ੍ਹਾ ਤੋਂ ਦੂਜੇ ਪਾਸਿਓਂ ਆ ਰਹੇ ਸਨ ਅਤੇ ਸੌ ਗਜ਼ ਤੋਂ ਜ਼ਿਆਦਾ ਦੀ ਦੂਰੀ ‘ਤੇ ਨਹੀਂ ਸਨ। ਉਹ ਘਰ ਦੇ ਕੋਲ਼ ਪਹੁੰਚੇ। ਕੁੱਝ ਘੋੜੇ ਤੋਂ ਉੱਤਰ ਗਏ ਪਰ ਕੁੱਝ ਉਹਨਾਂ ‘ਤੇ ਹੀ ਬੈਠੇ ਰਹੇ। ਇਸਤੋਂ ਸਾਫ਼ ਸੀ ਕਿ ਉਹ ਉੱਥੇ ਥੋੜੀ ਹੀ ਦੇਰ ਰੁਕਣ ਵਾਲ਼ੇ ਸਨ। ਉਹ ਕੁੱਝ ਵਿਚਾਰ-ਵਟਾਂਦਰਾ ਕਰ ਰਹੇ ਸਨ। ਉਸਨੇ ਉਹਨਾਂ ਨੂੰ ਚਿੰਤਤ ਹੋਕੇ ਬਾਹਰੀ ਹਮਲਾਵਰਾਂ ਦੀ ਉਸ ਭਾਸ਼ਾ ਵਿੱਚ ਗੱਲਬਾਤ ਕਰਦੇ ਸੁਣਿਆ ਜਿਸਨੂੰ ਉਹ ਪਸੰਦ ਨਹੀਂ ਕਰਦਾ ਸੀ। ਸਮਾਂ ਲੰਘਿਆ, ਪਰ ਲੱਗਿਆ ਕਿ ਉਹ ਕਿਸੇ ਫੈਸਲੇ ‘ਤੇ ਨਹੀਂ ਪਹੁੰਚ ਸਕੇ। ਉਹਨੇ ਆਪਣੀ ਕਾਰਬਾਈਨ ਜੀਨ ਵਿੱਚ ਫਸਾਈ ਅਤੇ ਘੋੜੇ ‘ਤੇ ਚੜ੍ਹ ਗਿਆ ਅਤੇ ਸੇਬਾਂਵਾਲੀ ਕਮੀਜ਼ ਨੂੰ ਸੰਭਾਲ ਬੇਚੈਨੀ ਨਾਲ਼ ਇੰਤਜ਼ਾਰ ਕਰਨ ਲੱਗਾ।
ਉਹਨੇ ਕਦਮਾਂ ਦੀ ਆਵਾਜ਼ ਆਪਣੇ ਵੱਲ ਆਉਂਦੀ ਸੁਣੀ ਅਤੇ ਘੋੜੇ ਨੂੰ ਇੰਨੀ ਜ਼ੋਰ ਨਾਲ਼ ਅੱਡੀ ਮਾਰੀ ਕਿ ਉਹ ਜਿਵੇਂ ਹੈਰਾਨੀ ਨਾਲ਼ ਚੀਕ ਉਠਿਆ, ਕੁੱਦਿਆ ਅਤੇ ਅੱਗੇ ਵੱਧ ਪਿਆ। ਅਸਤਬਲ ਕੋਲ਼ ਉਹਨੇ ਘੁਸਪੈਠੀਏ ਨੂੰ ਦੇਖਿਆ। ਉਹ ਵਰਦੀ ਵਿੱਚ ਸੀ ਪਰ ਉਨੀ-ਵੀਹ ਸਾਲ ਦਾ ਮੁੰਡਾ ਹੀ ਸੀ। ਉਸੇ ਸਮੇਂ ਘੋੜਾ ਮੁੜਿਆ ਅਤੇ ਸਵਾਰ ਨੇ ਘਰ ਨੇੜੇ ਖੜੇ ਲੋਕਾਂ ਦੀ ਝਲਕ ਵੇਖੀ ਜੋ ਚੁਕੰਨੇ ਹੋ ਗਏ ਸਨ। ਉਹ ਘੋੜੇ ਥੱਲੇ ਆਉਣ ਤੋਂ ਬਚਣ ਲਈ ਭੁੜਕ ਕੇ ਪਿੱਛੇ ਹੋਇਆ। ਕੁੱਝ ਘੋੜੇ ਤੋਂ ਥੱਲੇ ਕੁੱਦ ਰਹੇ ਸਨ ਅਤੇ ਉਹਨੇ ਦੇਖਿਆ ਕਿ ਉਹ ਰਫ਼ਲਾਂ ਆਪਣੇ ਮੋਢਿਆਂ ਤੱਕ ਲਿਜਾ ਰਹੇ ਸਨ। ਉਹ ਰਸੋਈ ਦੇ ਦਰਵਾਜ਼ੇ ਅਤੇ ਝੂਲਦੀਆਂ ਸੁੱਕੀਆਂ ਲਾਸ਼ਾਂ ਕੋਲੋਂ ਹੋਕੇ ਦੌੜਿਆ ਤਾਂ ਉਹਦੇ ਦੁਸ਼ਮਣਾਂ ਨੂੰ ਘਰ ਦੇ ਸਾਹਮਣਿਓਂ ਦੌੜਕੇ ਆਉਣਾ ਪਵੇ। ਇੱਕ ਗੋਲ਼ੀ ਚੱਲੀ, ਫਿਰ ਦੂਜੀ ਪਰ ਉਹ ਤੇਜੀ ਨਾਲ਼ ਭੱਜ ਰਿਹਾ ਸੀ। ਅੱਗੇ ਝੁਕਿਆ ਹੋਇਆ ਅਤੇ ਜੀਨ ਨਾਲ਼ ਚਿੰਬੜਿਆ ਹੋਇਆ। ਇੱਕ ਹੱਥ ਨਾਲ਼ ਸੇਬਾਂਵਾਲ਼ੀ ਕਮੀਜ਼ ਨੂੰ ਫੜੀ ਅਤੇ ਦੂਜੇ ਨਾਲ਼ ਘੋੜੇ ਦੀ ਲਗਾਮ ਸੰਭਾਲ਼ੀ।
ਵਾੜ ਦੀ ਉਪਰਲੀ ਬੱਲੀ ਚਾਰ ਫੁੱਟ ਉੱਚੀ ਸੀ ਪਰ ਉਹ ਆਪਣੇ ਘੋੜੇ ਨੂੰ ਜਾਣਦਾ ਸੀ ਅਤੇ ਕਈ ਗੋਲ਼ੀਆਂ ਦੀ ਬੁਛਾੜ ਵਿੱਚ ਉਸਨੂੰ ਟੱਪ ਗਿਆ। ਉਹ ਜੰਗਲ ਤੋਂ ਅੱਠ ਸੌ ਗਜ਼ ਦੂਰ ਸੀ ਅਤੇ ਚਿਤਕਬਰਾ ਦੜੱਗੇ ਮਰਦਾ ਹੋਇਆ ਦੂਰੀ ਤੈਅ ਕਰ ਰਿਹਾ ਸੀ। ਹਰ ਆਦਮੀ ਹੁਣ ਗੋਲ਼ੀ ਚਲਾ ਰਿਹਾ ਸੀ। ਇਨੀ ਤੇਜ਼ੀ ਨਾਲ਼ ਉਹ ਆਪਣੀਆਂ ਬੰਦੂਕਾਂ ਖਾਲੀ ਕਰ ਰਹੇ ਸਨ ਕਿ ਉਹ ਕਿਸੇ ਇੱਕ ਦੀ ਅਵਾਜ਼ ਨਹੀਂ ਸੁਣ ਰਿਹਾ ਸੀ। ਇੱਕ ਗੋਲ਼ੀ ਉਹਦੇ ਹੈਟ ‘ਚੋਂ ਹੋਕੇ ਨਿਕਲ ਗਈ ਪਰ ਉਹਨੂੰ ਪਤਾ ਨਹੀਂ ਚੱਲਿਆ ਪਰ ਜਦ ਇੱਕ ਹੋਰ ਗੋਲੀ ਸੇਬਾਂਵਾਲੀ ਕਮੀਜ਼ ਨੂੰ ਫਾੜਦੀ ਹੋਈ ਨਿਕਲੀ ਤਾਂ ਉਹਨੂੰ ਪਤਾ ਚੱਲਿਆ ਅਤੇ ਜਦ ਇੱਕ ਤੀਜੀ ਗੋਲ਼ੀ ਉਹਦੇ ਘੋੜੇ ਦੇ ਪੈਰਾਂ ਵਿਚਕਾਰ ਇੱਕ ਪੱਥਰ ਨਾਲ਼ ਟਕਰਾਕੇ ਫਿਰ ਹਵਾ ਵਿੱਚ ਕਿਸੇ ਭੱਦੇ ਕੀੜੇ ਵਾਂਗ ਭਿਣਭਿਣਾਉਂਦੀ ਹੋਈ ਉੱਡੀ ਤਾਂ ਉਹ ਕੰਬ ਗਿਆ ਅਤੇ ਥੱਲੇ ਝੁੱਕ ਗਿਆ।
ਮੈਗਜ਼ੀਨਾਂ ਖਾਲੀ ਹੋ ਜਾਣ ‘ਤੇ ਗੋਲ਼ੀਆਂ ਦੀ ਅਵਾਜ਼ ਬੰਦ ਹੋ ਗਈ। ਕੁੱਝ ਦੇਰ ਤੱਕ ਹੋਰ ਗੋਲ਼ੀ ਨਹੀਂ ਚੱਲੀ। ਨੌਜਵਾਨ ਉਤਸ਼ਾਹਿਤ ਹੋ ਗਿਆ। ਗੋਲੀਆਂ ਦੀ ਉਸ ਜ਼ਬਰਦਸਤ ਵਾਛੜ ‘ਚੋਂ ਉਹ ਬਿਨਾਂ ਕਿਸੇ ਨੁਕਸਾਨ ਦੇ ਨਿਕਲ ਆਇਆ ਸੀ। ਉਹਨੇ ਪਿੱਛੇ ਮੁੜਕੇ ਵੇਖਿਆ। ਉਹਨਾਂ ਨੇ ਆਪਣੀਆਂ ਮੈਗਜ਼ੀਨਾਂ ਖਾਲੀ ਕਰ ਦਿੱਤੀਆਂ ਸਨ। ਉਹਨੇ ਕਈ ਲੋਕਾਂ ਨੂੰ ਬੰਦੂਕਾਂ ਭਰਦੇ ਦੇਖਿਆ। ਕੁੱਝ ਲੋਕ ਵਾਪਸ ਦੌੜ ਰਹੇ ਸਨ ਆਪਣੇ ਘੋੜਿਆਂ ਨੂੰ ਲਿਆਉਣ ਖਾਤਰ। ਉਹਨੇ ਦੇਖਿਆ ਕਿ ਦੋ ਲੋਕ ਘੋੜਿਆਂ ‘ਤੇ ਚੜ੍ਹ ਚੁੱਕੇ ਸਨ ਅਤੇ ਉਹ ਤੇਜ਼ੀ ਨਾਲ਼ ਆਉਂਦੇ ਨਜ਼ਰੀਂ ਪਏ। ਇਸੇ ਸਮੇਂ ਉਹਨੇ ਉਸ ਭੂਰੀ ਦਾੜੀ ਵਾਲ਼ੇ ਨੂੰ ਦੇਖਿਆ ਕਿ ਉਹ ਜ਼ਮੀਨ ‘ਤੇ ਗੋਡਿਆਂ ਪਰਨੇ ਬੈਠਕੇ ਨਿਸ਼ਾਨਾ ਲਾ ਰਿਹਾ ਹੈ ਅਤੇ ਬਿਨਾ ਕਿਸੇ ਹੜਬੜ ਦੇ ਲੰਬੀ ਦੂਰੀ ਦਾ ਨਿਸ਼ਾਨਾ ਸਾਧ ਰਿਹਾ ਹੈ।
ਨੌਜਵਾਨ ਨੇ ਘੋੜੇ ਨੂੰ ਕੱਸਕੇ ਅੱਡੀ ਲਾਈ। ਬਿਲਕੁਲ ਥੱਲੇ ਝੁੱਕਿਆ ਅਤੇ ਲਹਿਰਾਉਂਦੇ ਹੋਏ ਅੱਗੇ ਵੱਧਿਆ ਤਾਂ ਕਿ ਉਹਦਾ ਨਿਸ਼ਾਨਾ ਚੁਕ ਜਾਵੇ। ਪਰ ਉਹਨੇ ਗੋਲ਼ੀ ਨਹੀਂ ਚਲਾਈ। ਘੋੜੇ ਦੇ ਹਰ ਕਦਮ ਨਾਲ਼ ਜੰਗਲ ਨੇੜੇ ਆ ਰਿਹਾ ਸੀ। ਉਹ ਹੁਣ ਸਿਰਫ ਦੋ ਸੋ ਗਜ਼ ਦੂਰ ਸੀ ਅਤੇ ਹੁਣ ਤੱਕ ਗੋਲ਼ੀ ਨਹੀਂ ਚੱਲੀ ਸੀ।
ਫਿਰ ਉਹਨੇ ਇਹਦੀ ਆਵਾਜ਼ ਸੁਣੀ। ਉਹ ਆਖਰੀ ਅਵਾਜ਼ ਸੀ ਜੋ ਉਹਨੇ ਸੁਣੀ ਕਿਉਂਕਿ ਕਾਠੀ ਤੋਂ ਥੱਲੇ ਜ਼ਮੀਨ ‘ਤੇ ਡਿੱਗਣ ਤੋਂ ਪਹਿਲਾਂ ਉਹ ਮਰ ਚੁੱਕਾ ਸੀ ਅਤੇ ਉਹ ਲੋਕ ਉਸ ਘਰ ਵਿੱਚੋਂ ਉਸਨੂੰ ਡਿੱਗਦੇ ਹੋਏ ਵੇਖ ਰਹੇ ਸਨ। ਉਹਨਾਂ ਨੇ ਉਹਦੇ ਸ਼ਰੀਰ ਨੂੰ ਜ਼ਮੀਨ ਨਾਲ਼ ਟਕਰਾਕੇ ਉਛਲਦੇ ਹੋਏ ਦੇਖਿਆ ਅਤੇ ਦੇਖਿਆ ਕਿ ਲਾਲ-ਲਾਲ ਸੇਬ ਉਹਦੇ ਚਾਰੇ ਪਾਸੇ ਖਿਲਰ ਗਏ। ਅਚਾਨਕ ਸੇਬਾਂ ਨੂੰ ਉਛਲਦੇ ਦੇਖ ਉਹਨਾਂ ਨੂੰ ਮਜ਼ਾ ਆਇਆ ਅਤੇ ਉਹਨਾਂ ਠਹਾਕੇ ਲਾਏ ਅਤੇ ਭੂਰੀ ਦਾੜੀਵਾਲ਼ੇ ਆਦਮੀ ਨੂੰ ਉਹਦੇ ਸਫ਼ਲ ਨਿਸ਼ਾਨੇ ‘ਤੇ ਉਹਨਾਂ ਨੇ ਤਾੜੀਆਂ ਵਜਾਕੇ ਵਧਾਈ ਦਿੱਤੀ।