Zakham (Punjabi Story) : Asghar Wajahat
ਜ਼ਖਮ (ਕਹਾਣੀ) : ਅਸਗ਼ਰ ਵਜਾਹਤ
ਬਦਲਦੇ ਮੌਸਮਾਂ ਵਾਂਗ ਰਾਜਧਾਨੀ ਵਿੱਚ ਫਿਰਕੂ ਦੰਗਿਆਂ ਦਾ ਵੀ ਮੌਸਮ ਆਉਂਦਾ ਹੈ। ਫਰਕ ਸਿਰਫ ਏਨਾ ਹੈ ਦੂਜੇ ਮੌਸਮਾਂ ਦੇ ਆਉਣ-ਜਾਣ ਬਾਰੇ ਸਪੱਸ਼ਟ ਅੰਦਾਜ਼ਾ ਲਾਇਆ ਜਾ ਸਕਦਾ ਹੈ, ਪਰ ਫਿਰਕੂ ਦੰਗਿਆਂ ਦੇ ਮਾਮਲੇ ‘ਚ ਅਜਿਹਾ ਨਹੀਂ ਹੁੰਦਾ। ਫਿਰ ਵੀ ਪੂਰਾ ਸ਼ਹਿਰ ਇਹ ਮੰਨਣ ਲੱਗਿਆ ਹੈ ਕਿ ਫਿਰਕੂ ਦੰਗਾ ਵੀ ਮੌਸਮਾਂ ਵਾਂਗ ਜ਼ਰੂਰ ਆਉਂਦਾ ਹੈ। ਗੱਲ ਇੰਨੀ ਸਹਿਜ-ਸਧਾਰਨ ਬਣਾ ਦਿੱਤੀ ਗਈ ਹੈ ਕਿ ਫਿਰਕੂ ਦੰਗਿਆਂ ਦੀਆਂ ਖ਼ਬਰਾਂ ਲੋਕ ਉਸੇ ਤਰ੍ਹਾਂ ਸੁਣਾਉਂਦੇ ਹਨ ਜਿਵੇਂ "ਗਰਮੀ ਬਹੁਤ ਵਧ ਗਈ ਹੈ’ ਜਾਂ "ਐਤਕੀਂ ਮੀਂਹ ਬਹੁਤ ਪਿਆ" ਜਿਹੀਆਂ ਖਬਰਾਂ ਸੁਣਾਈਆਂ ਜਾਂਦੀਆਂ ਹਨ। ਦੰਗਿਆਂ ਦੀ ਖ਼ਬਰ ਸੁਣ ਕੇ ਸਿਰਫ ਇਹੋ ਹੁੰਦਾ ਹੈ ਕਿ ਸ਼ਹਿਰ ਦੇ ਇੱਕ ਹਿੱਸੇ ਵਿੱਚ ਕਰਫਿਊ ਲੱਗ ਜਾਂਦਾ ਹੈ। ਲੋਕ ਰਾਹ ਬਦਲ ਲੈਂਦੇ ਹਨ। ਇਸ ਥੋੜੀ ਜਿਹੀ ਪ੍ਰੇਸ਼ਾਨੀ ‘ਤੇ ਮਨ ਕਦੇ-ਕਦੇ ਖਿਝ ਜਾਂਦੇ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਅੱਤ ਦੀ ਗਰਮੀ ਜਾਂ ਲਗਾਤਾਰ ਪੈ ਰਹੀਆਂ ਕਣੀਆਂ ਤੋਂ ਤਕਲੀਫ ਹੁੰਦੀ ਹੈ। ਸ਼ਹਿਰ ਦੇ ਸਾਰੇ ਕੰਮ ਭਾਵ ਉਦਯੋਗ, ਵਪਾਰ, ਸਿੱਖਿਆ, ਸਰਕਾਰੀ ਕੰਮ-ਕਾਜ ਸਭ ਆਮ ਵਾਂਗ ਹੀ ਚਲਦਾ ਰਹਿੰਦਾ ਹੈ। ਮੰਤਰੀ ਮੰਡਲ਼ ਦੀਆਂ ਬੈਠਕਾਂ ਹੁੰਦੀਆਂ ਹਨ। ਸੰਸਦ ਦੀ ਬੈਠਕ ਹੁੰਦੀ ਹੈ। ਵਿਰੋਧੀ ਧਿਰਾਂ ਧਰਨੇ ਦਿੰਦੀਆਂ ਹਨ। ਪ੍ਰਧਾਨ ਮੰਤਰੀ ਵਿਦੇਸ਼ ਯਾਤਰਾਵਾਂ ‘ਤੇ ਜਾਂਦੇ ਹਨ, ਮੰਤਰੀ ਉਦਘਾਟਨ ਕਰਦੇ ਹਨ, ਪ੍ਰੇਮੀ ਪ੍ਰੇਮ ਕਰਦੇ ਹਨ, ਚੋਰ ਚੋਰੀ ਕਰਦੇ ਹਨ। ਅਖ਼ਬਾਰ ਵਾਲ਼ਿਆਂ ਨੂੰ ਵੀ ਇਹਨਾਂ ਦੰਗਿਆਂ ਦੀਆਂ ਖ਼ਬਰਾਂ ਵਿੱਚ ਕੁੱਝ ਨਵਾਂ ਜਾਂ ਚਟਪਟਾ ਨਹੀਂ ਜਾਪਦਾ, ਇਸ ਲਈ ਅਕਸਰ ਕਿਸੇ ਕੋਨੇ ਵਿੱਚ ਹੀ ਛਾਪ ਦਿੰਦੇ ਹਨ। ਹਾਂ ਜੇ ਮਰਨ ਵਾਲ਼ਿਆਂ ਦੀ ਗਿਣਤੀ ਵਧ ਜਾਵੇ ਤਾਂ ਵੱਡੇ-ਮੋਟੇ ਅੱਖਰਾਂ ਵਿੱਚ ਖ਼ਬਰ ਛਪਦੀ ਹੈ, ਨਹੀਂ ਤਾਂ ਸਧਾਰਨ ਅੱਖਰਾਂ ‘ਚ ਹੀ।
ਇਹ ਵੀ ਇੱਕ ਸਥਾਪਤ ਰਵਾਇਤ ਜਿਹੀ ਬਣ ਗਈ ਹੈ ਕਿ ਫਿਰਕੂ ਦੰਗੇ ਹੋਣ ‘ਤੇ ਸ਼ਹਿਰ ਵਿੱਚ "ਫਿਰਕਾਪ੍ਰਸਤੀ ਵਿਰੋਧੀ ਸੰਮੇਲਨ" ਹੁੰਦਾ ਹੈ। ਸੰਮੇਲਨ ਦੀ ਆਯੋਜਕਾਂ ਅਤੇ ਸਮਰਥਕਾਂ ਵਿੱਚ ਅਕਸਰ ਇਸ ਗੱਲ ‘ਤੇ ਬਹਿਸ ਹੋ ਜਾਂਦੀ ਹੈ ਕਿ ਸੰਮੇਲਨ ਇੰਨੀ ਦੇਰ ਨਾਲ਼ ਕਿਉਂ ਕੀਤਾ ਗਿਆ, ਦੰਗੇ ਹੋਣ ਤੋਂ ਤੁਰੰਤ ਬਾਅਦ ਕਿਉਂ ਨਹੀਂ। ਇਸ ਦੋਸ਼ ਦਾ ਜਵਾਬ ਆਯੋਜਕਾਂ ਕੋਲ਼ ਹੁੰਦਾ ਹੀ ਹੈ। ਉਹ ਕਹਿੰਦੇ ਹਨ ਕਿ ਕਨੂੰਨੀ ਢੰਗ ਨਾਲ਼ ਕੀਤੇ ਜਾਣ ਵਾਲ਼ੇ ਕੰਮਾਂ ਵਿੱਚ ਦੇਰ ਹੋ ਹੀ ਜਾਂਦੀ ਹੈ। ਜਦਕਿ ਗੈਰ-ਕਨੂੰਨੀ ਢੰਗ ਨਾਲ਼ ਕੀਤੇ ਕੰਮ ਫਟਾਫਟ ਹੋ ਜਾਂਦੇ ਹਨ — ਜਿਵੇਂ ਦੰਗੇ। ਪਰ ਦੰਗਿਆਂ ਵਿਰੋਧੀ ਸੰਮੇਲਨ ਕਰਨ ਵਿੱਚ ਸਮਾਂ ਲਗਦਾ ਹੈ। ਕਿਉਂਕਿ ਕਿਸੇ ਪਾਰਟੀ ਦੀ ਸੂਬਾ ਕਮੇਟੀ ਸੰਮੇਲਨ ਕਰਨ ਦਾ ਸੁਝਾਅ ਕੌਮੀ ਕਮੇਟੀ ਨੂੰ ਦਿੰਦੀ ਹੈ। ਕੌਮੀ ਕਮੇਟੀ ਇੱਕ ਖਾਸ ਪ੍ਰੀਸ਼ਦ ਬਣਾ ਦਿੰਦੀ ਹੈ ਤਾਂ ਕਿ ਸੰਮੇਲਨ ਦੀ ਰੂਪ ਰੇਖਾ ਤਿਆਰ ਕੀਤੀ ਜਾ ਸਕੇ। ਇਹ ਖਾਸ ਪ੍ਰੀਸ਼ਦ ਆਪਣੇ ਸੁਝਾਅ ਦੇਣ ‘ਚ ਕੁੱਝ ਸਮਾਂ ਲਾਉਂਦੀ ਹੈ। ਫਿਰ ਉਹਦੀਆਂ ਸਿਫਾਰਸ਼ਾਂ ਕੌਮੀ ਕਮੇਟੀ ਕੋਲ਼ ਜਾਂਦੀਆਂ ਹਨ। ਕੌਮੀ ਕਮੇਟੀ ਵਿੱਚ ਉਹਨਾਂ ‘ਤੇ ਚਰਚਾ ਹੁੰਦੀ ਹੈ ਅਤੇ ਇੱਕ ਨਵੀਂ ਕਮੇਟੀ ਬਣਾਈ ਜਾਂਦੀ ਹੈ ਜਿਸਦਾ ਕੰਮ ਸੰਮੇਲਨ ਦੀ ਰੂਪ-ਰੇਖਾ ਮੁਤਾਬਕ ਕੰਮ ਕਰਨਾ ਹੁੰਦਾ ਹੈ। ਜੇ ਇਹ ਰਾਏ ਬਣਦੀ ਹੈ ਕਿ ਫਿਰਕਾਪ੍ਰਸਤੀ ਜਿਹੇ ਗੰਭੀਰ ਮਸਲੇ ‘ਤੇ ਹੋਣ ਵਾਲ਼ੇ ਸੰਮਲੇਨ ਵਿੱਚ ਸਾਰੀਆਂ ਧਰਮ-ਨਿਰਪੱਖ ਜਮਹੂਰੀ ਤਾਕਤਾਂ ਨੂੰ ਇੱਕ ਮੰਚ ‘ਤੇ ਲਿਆਂਦਾ ਜਾਵੇ, ਤਾਂ ਦਲਾਂ ਨਾਲ਼ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਦੂਜੇ ਦਲ ਵੀ ਜਮਹੂਰੀ ਤਰੀਕੇ ਨਾਲ਼ ਆਪਣੇ ਸ਼ਾਮਲ ਹੋਣ ਬਾਰੇ ਫੈਸਲਾ ਲੈਂਦੇ ਹਨ। ਉਸਤੋਂ ਮਗਰੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ "ਫਿਰਕਾਪ੍ਰਸਤੀ ਵਿਰੋਧੀ ਸੰਮੇਲਨ" ਵਿੱਚ ਫਿਰਕੂ ਸਦਭਾਵਨਾ ਕਾਇਮ ਕਰਨ ਲਈ ਨਾਮੀ ਹਿੰਦੂ, ਮੁਸਲਮਾਨ, ਸਿੱਖ ਨਾਗਰਿਕਾਂ ਦਾ ਹੋਣਾ ਲਾਜ਼ਮੀ ਹੈ। ਉਹਨਾਂ ਨਾਗਰਿਕਾਂ ਦੀ ਇੱਕ ਸੂਚੀ ਹੈ, ਉਦਾਹਰਣ ਵਜੋਂ ਭਾਰਤੀ ਹਵਾਈ ਸੈਨਾ ਤੋਂ ਸੇਵਾ ਮੁਕਤ ਹੋਇਆ ਇੱਕ ਲੈਫਟੀਨੈਂਟ ਜਨਰਲ ਹੈ ਜੋ ਸਿੱਖ ਹੈ, ਰਾਜਧਾਨੀ ਦੇ ਇੱਕ ਘੱਟ-ਗਿਣਤੀ ਵਿਸ਼ਵਵਿਦਿਆਲੇ ਦਾ ਉੱਪ-ਕੁਲਪਤੀ ਮੁਸਲਮਾਨ ਹੈ ਅਤੇ ਵਿਦੇਸ਼ ਸੇਵਾ ਤੋਂ ਮੁਕਤ ਹੋਇਆ ਇੱਕ ਰਾਜਦੂਤ ਹਿੰਦੂ ਹੈ, ਇਸੇ ਤਰ੍ਹਾਂ ਕੁੱਝ ਹੋਰ ਨਾਮ ਵੀ ਹਨ। ਇਹ ਸਾਰੇ ਭਲੇ ਇਨਸਾਨ ਹਨ, ਸਮਾਜ ਅਤੇ ਪ੍ਰੈੱਸ ਵਿੱਚ ਉਹਨਾਂ ਦੀ ਬੜੀ ਇੱਜਤ ਹੈ। ਪੜ੍ਹੇ-ਲਿਖੇ ਅਤੇ ਵੱਡੇ-ਵੱਡੇ ਅਹੁਦਿਆਂ ‘ਤੇ ਬਿਰਾਜਮਾਨ ਜਾਂ ਸੇਵਾ ਮੁਕਤ। ਉਹਨੇ ਦੇ ਧਰਮ-ਨਿਰਪੱਖ ਹੋਣ ਵਿੱਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੋ ਸਕਦਾ ਅਤੇ ਉਹ ਹਮੇਸ਼ਾਂ ਇਸ ਤਰ੍ਹਾਂ ਦੇ ਫਿਰਕਾਪ੍ਰਸਤੀ ਵਿਰੋਧੀ ਸੰਮਲੇਨਾਂ ਵਿੱਚ ਆਉਣ ਲਈ ਤਿਆਰ ਹੋ ਜਾਂਦੇ ਹਨ।
ਇੱਕ ਦਿਨ ਸੌਂ ਕੇ ਉੱਠਿਆ ਅਤੇ ਆਦਤ ਮੁਤਾਬਕ ਅੱਖਾਂ ਮਲ਼ਦਾ ਹੋਇਆ ਅਖ਼ਬਾਰ ਚੁੱਕਣ ਵਿਹੜੇ ਵਿੱਚ ਆਇਆ ਤਾਂ ਸਿਰਲੇਖ ਸੀ — "ਪੁਰਾਣੀ ਦਿੱਲੀ ਵਿੱਚ ਦੰਗਾ ਹੋ ਗਿਆ। ਤਿੰਨ ਮਾਰੇ ਗਏ, 20 ਜ਼ਖਮੀ, ਦਸਾਂ ਦੀ ਹਾਲਤ ਗੰਭੀਰ। ਪੰਜਾਹ ਲੱਖ ਦੀ ਸੰਪੱਤੀ ਤਬਾਹ ਹੋ ਗਈ।" ਪੂਰੀ ਖ਼ਬਰ ਪੜ੍ਹੀ ਤਾਂ ਪਤਾ ਲੱਗਿਆ ਕਿ ਕਸਾਬਪੁਰੇ ਵਿੱਚ ਵੀ ਦੰਗਾ ਹੋਇਆ ਹੈ। ਕਸਾਬਪੁਰੇ ਦਾ ਖਿਆਲ ਆਉਂਦਿਆਂ ਹੀ ਮੁਖਤਾਰ ਦਾ ਖਿਆਲ ਆ ਗਿਆ। ਉਹ ਉੱਥੇ ਹੀ ਰਹਿੰਦਾ ਸੀ। ਆਪਣੇ ਹੀ ਸ਼ਹਿਰ ਦਾ ਸੀ। ਕਨਾਟ ਪੈਲੇਸ ਦੀ ਇੱਕ ਦੁਕਾਨ ਵਿੱਚ ਸਿਲਾਈ ਦਾ ਕੰਮ ਕਰਦਾ ਸੀ। ਹੁਣ ਸਵਾਲ ਇਹ ਸੀ ਕਿ ਮੁਖਤਾਰ ਨਾਲ਼ ਸੰਪਰਕ ਕਿਵੇਂ ਹੋਵੇ? ਕੋਈ ਰਾਹ ਨਹੀਂ ਸੀ, ਨਾ ਫੋਨ, ਨਾ ਕਰਫਿਊ ਪਾਸ ਅਤੇ ਨਾ ਹੀ ਕੁੱਝ ਹੋਰ।
ਮੁਖਤਾਰ ਅਤੇ ਮੈਂ, ਜਿਵੇਂ ਕਿ ਮੈਂ ਲਿਖ ਚੁੱਕਾ ਹਾਂ, ਇੱਕੋ ਸ਼ਹਿਰ ਦੇ ਹਾਂ। ਮੁਖ਼ਤਾਰ ਅੱਠਵੇਂ ਦਰਜੇ ਤੱਕ ਇਸਲਾਮੀਆ ਸਕੂਲ ਵਿੱਚ ਪੜ੍ਹਿਆ ਸੀ ਅਤੇ ਫਿਰ ਸਿਲਾਈ ਦੇ ਆਪਣੇ ਖਾਨਦਾਨੀ ਧੰਦੇ ਵਿੱਚ ਲੱਗ ਗਿਆ ਸੀ। ਮੈਂ ਉਹਨੂੰ ਬੜੇ ਚਿਰ ਮਗਰੋਂ ਮਿਲ਼ਿਆ ਸੀ। ਉਸ ਵੇਲ਼ੇ ਮੈਂ ਹਿੰਦੀ ਵਿੱਚ ਐੱਮ.ਏ. ਕਰਨ ਮਗਰੋਂ ਬੇਰੁਜ਼ਗਾਰੀ ਅਤੇ ਨੌਕਰੀ ਦੀ ਭਾਲ਼ ਤੋਂ ਤੰਗ ਆ ਕੇ ਆਪਣੇ ਸ਼ਹਿਰ ਵਿੱਚ ਰਹਿਣ ਲੱਗਿਆ ਸਾਂ। ਉੱਥੇ ਮੇਰੇ ਇੱਕ ਰਿਸ਼ਤੇਦਾਰ, ਜਿਨ੍ਹਾਂ ਨੂੰ ਅਸੀਂ ਹੈਦਰ ਹਥਿਆਰ ਕਹਿੰਦੇ ਸੀ, ਅਵਾਰਗੀ ਕਰਦੇ ਸਨ। ਅਵਾਰਗੀ ਦਾ ਕੋਈ ਗ਼ਲਤ ਮਤਲਬ ਨਾ ਕੱਢਿਓ, ਮਤਲਬ ਇਹ ਕਿ ਬੇਰੁਜ਼ਗਾਰ ਸਨ। ਇੰਟਰਵਿਊ ਵਿੱਚ ਕਈ ਵਾਰ ਅਸਫਲ ਹੋ ਚੁੱਕੇ ਸਨ ਅਤੇ ਉਨ੍ਹਾਂ ਦੀ ਸ਼ਹਿਰ ਵਿੱਚ ਚੰਗੀ ਜਾਣ-ਪਛਾਣ ਸੀ। ਉਨ੍ਹਾਂ ਨੇ ਮੇਰੀ ਮੁਲਾਕਾਤ ਮੁਖ਼ਤਾਰ ਨਾਲ਼ ਕਰਾਈ ਸੀ। ਪਹਿਲੀ, ਦੂਜੀ ਅਤੇ ਤੀਜੀ ਮੁਲਾਕਾਤ ਵਿੱਚ ਉਹ ਕੁੱਝ ਨਹੀਂ ਸੀ ਬੋਲਿਆ। ਸ਼ਹਿਰ ਦੀ ਮੁੱਖ ਸੜਕ ‘ਤੇ ਸਿਲਾਈ ਦੀ ਇੱਕ ਦੁਕਾਨ ਵਿੱਚ ਉਹ ਕੰਮ ਕਰਦਾ ਸੀ ਅਤੇ ਸ਼ਾਮ ਨੂੰ ਅਸੀਂ ਉਹਦੀ ਦੁਕਾਨ ‘ਤੇ ਬਹਿੰਦੇ ਸੀ। ਦੁਕਾਨ ਦਾ ਮਾਲਕ ਬਫਾਤੀ ਭਰਾ ਅਮੀਰ ਅਤੇ ਬਾਲ-ਬੱਚੇਦਾਰ ਆਦਮੀ ਸੀ। ਉਹ ਸ਼ਾਮੀਂ ਸੱਤ ਵੱਜਦਿਆਂ ਹੀ ਦੁਕਾਨ ਦੀ ਕੁੰਜੀ ਮੁਖ਼ਤਾਰ ਨੂੰ ਸੌਂਪਕੇ ਅਤੇ ਝੋਟੇ ਦਾ ਗੋਸ਼ਤ ਲੈ ਕੇ ਘਰ ਚਲਾ ਜਾਂਦਾ ਸੀ। ਉਸਤੋਂ ਬਾਅਦ ਉਹ ਦੁਕਾਨ ਮੁਖ਼ਤਾਰ ਦੀ ਹੁੰਦੀ ਸੀ। ਇੱਕ ਦਿਨ ਅਚਾਨਕ ਹੈਦਰ ਹਥਿਆਰ ਨੇ ਇਹ ਰਾਜ ਖੋਲ੍ਹਿਆ ਕਿ ਮੁਖ਼ਤਾਰ ਵੀ "ਬਿਰਾਦਰ" ਹੈ। "ਬਿਰਾਦਰ" ਦਾ ਮਤਲਬ ਭਰਾ ਹੁੰਦਾ ਹੈ, ਪਰ ਸਾਡੀ ਜ਼ੁਬਾਨ ਵਿੱਚ "ਬਿਰਾਦਰ" ਦਾ ਮਤਲਬ ਸੀ ਜੋ ਆਦਮੀ ਸ਼ਰਾਬ ਪੀਂਦਾ ਹੋਵੇ।
ਸ਼ੁਰੂ-ਸ਼ੁਰੂ ਵਿੱਚ ਮੁਖ਼ਤਾਰ ਦਾ ਮੇਰੇ ਤੋਂ ਜੋ ਝਿਜਕ ਸੀ ਉਹ ਦੋ-ਚਾਰ ਵਾਰ ਪੀਣ ਨਾਲ਼ ਖਤਮ ਹੋ ਗਈ ਸੀ ਅਤੇ ਮੈਨੂੰ ਇਹ ਜਾਣਕੇ ਬੜੀ ਹੈਰਾਨੀ ਹੋਈ ਕਿ ਉਹ ਆਪਣੇ ਸਮਾਜ ਅਤੇ ਉਸਦੀਆਂ ਸਮੱਸਿਆਵਾਂ ਵਿੱਚ ਰੁਚੀ ਰੱਖਦਾ ਹੈ। ਉਹ ਉਰਦੂ ਅਖ਼ਬਾਰ ਨਿਯਮਤਨ ਪੜ੍ਹਦਾ ਸੀ। ਖ਼ਬਰਾਂ ਹੀ ਨਹੀਂ, ਖ਼ਬਰਾਂ ਦਾ ਵਿਸ਼ਲੇਸ਼ਣ ਵੀ ਕਰਦਾ ਸੀ ਅਤੇ ਉਸਦਾ ਮੁੱਖ ਵਿਸ਼ਾ ਹਿੰਦੂ-ਮੁਸਲਮਾਨ ਫਿਰਕਾਪ੍ਰਸਤੀ ਸੀ। ਸ਼ਰਾਬ ਪੀਕੇ ਜਦੋਂ ਉਹ ਖੁੱਲ੍ਹਦਾ ਤਾਂ ਸ਼ੇਰ ਦੀ ਤਰ੍ਹਾਂ ਦਹਾੜਨ ਲਗਦਾ। ਉਸਦਾ ਚਿਹਰਾ ਲਾਲ ਹੋ ਜਾਂਦਾ। ਉਹ ਹੱਥ ਹਿਲਾ-ਹਿਲਾ ਕੇ ਇੰਨੀਆਂ ਕੌੜੀਆਂ ਗੱਲਾਂ ਕਰਦਾ ਸੀ ਕਿ ਜੇ ਮੇਰੇ ਵਰਗਾ ਧੀਰਜਵਾਨ ਨਾ ਹੁੰਦਾ ਤਾਂ ਕਦੋਂ ਦੀ ਲੜਾਈ ਹੋ ਗਈ ਹੁੰਦੀ। ਪਰ ਮੈਂ ਅਲੀਗੜ ਮੁਸਲਿਮ ਯੂਨੀਵਰਸਿਟੀ ਵਿੱਚ ਰਹਿਣ ਅਤੇ ਉੱਥੇ ‘ਸਟੂਡੈਂਟਸ ਫੈਡਰੇਸ਼ਨ’ ਦੀ ਸਿਆਸਤ ਕਰਨ ਕਾਰਨ ਥੋੜ੍ਹਾ ਹੰਢਿਆ ਹੋਇਆ ਸੀ। ਮੈਨੂੰ ਪਤਾ ਸੀ ਕਿ ਭਾਵੁਕਤਾ ਅਤੇ ਗੁੱਸੇ ਦਾ ਜਵਾਬ ਸਿਰਫ ਪਿਆਰ ਅਤੇ ਦਲੀਲ਼ ਨਾਲ਼ ਦਿੱਤਾ ਜਾ ਸਕਦਾ ਹੈ। ਉਹ ਮੁਹੰਮਦ ਅਲੀ ਜਿਨਹਾ ਦਾ ਭਗਤ ਸੀ। ਸ਼ਰਧਾ ਕਾਰਨ ਉਹ ਉਸਦਾ ਦਾ ਨਾਮ ਨਹੀਂ ਲੈਂਦਾ ਸੀ, ਸਗੋਂ ਉਸਨੂੰ ‘ਕਾਇਦੇ-ਆਜ਼ਮ’ ਕਹਿੰਦਾ ਸੀ। ਉਹਨੂੰ ਮੁਸਲਮਾਨ ਲੀਗ ਨਾਲ਼ ਬੇਹੱਦ ਹਮਦਰਦੀ ਸੀ ਅਤੇ ਉਹ ਪਾਕਿਸਤਾਨ ਬਨਣ ਅਤੇ ਦੋ-ਕੌਮਾਂ ਦੇ ਸਿਧਾਂਤ ਨੂੰ ਬਿਲਕੁਲ ਠੀਕ ਮੰਨਦਾ ਸੀ। ਪਾਕਿਸਤਾਨ ਦੇ ਇਸਲਾਮੀ ਮੁਲਕ ਹੋਣ ‘ਤੇ ਮਾਣ ਕਰਦਾ ਸੀ ਅਤੇ ਪਾਕਿਸਤਾਨ ਨੂੰ ਸਰਵੋਤਮ ਮੰਨਦਾ ਸੀ।
ਮੈਨੂੰ ਯਾਦ ਹੈ ਕਿ ਇੱਕ ਦਿਨ ਉਸਦੀ ਦੁਕਾਨ ਵਿੱਚ ਮੈਂ, ਹੈਦਰ ਹਥਿਆਰ ਅਤੇ ਉਮਾਸ਼ੰਕਰ ਬੈਠੇ ਹੋਏ ਸਾਂ। ਸ਼ਾਮ ਹੋ ਚੁੱਕੀ ਸੀ। ਦੁਕਾਨ ਦੇ ਮਾਲਕ ਬਫਾਤੀ ਭਰਾ ਘਰ ਜਾ ਚੁੱਕੇ ਸਨ। ਕੜਾਕੇ ਦੀ ਠੰਢ ਦੇ ਦਿਨ ਸਨ। ਬਿਜਲੀ ਚਲੀ ਗਈ ਸੀ। ਦੁਕਾਨ ਵਿੱਚ ਇੱਕ ਲੈਂਪ ਬਲ਼ ਰਿਹਾ ਸੀ, ਉਹਦੀ ਰੋਸ਼ਨੀ ਵਿੱਚ ਮੁਖ਼ਤਾਰ ਬਿਜਲੀ ਦੀ ਤੇਜੀ ਨਾਲ਼ ਇੱਕ ਪੈਂਟ ਸਿਉਂ ਰਿਹਾ ਸੀ। ਜ਼ਰੂਰੀ ਕੰਮ ਸੀ। ਲੈਂਪ ਦੀ ਰੌਸ਼ਨੀ ਕਾਰਨ ਸਾਹਮਣੇ ਵਾਲ਼ੀ ਕੰਧ ‘ਤੇ ਉਹਦਾ ਪਰਛਾਵਾਂ ਇੱਕ ਵੱਡੇ ਸਰੂਪ ਵਿੱਚ ਹਿੱਲ ਰਿਹਾ ਸੀ। ਮਸ਼ੀਨ ਚੱਲਣ ਦੀ ਅਵਾਜ਼ ਨਾਲ਼ ਸਾਰੀ ਦੁਕਾਨ ਥਰਥਰਾ ਰਹੀ ਸੀ। ਅਸੀਂ ਤਿੰਨੇ ਮੁਖ਼ਤਾਰ ਦਾ ਕੰਮ ਖਤਮ ਹੋਣ ਦੀ ਉਡੀਕ ਕਰ ਰਹੇ ਸੀ। ਪ੍ਰੋਗਰਾਮ ਇਹ ਸੀ ਕਿ ਇਹਦੇ ਬਾਅਦ "ਘੁੱਟ" ਲਾਈ ਜਾਵੇਗੀ। ਅੱਧੇ ਘੰਟੇ ਬਾਅਦ ਕੰਮ ਖਤਮ ਹੋ ਗਿਆ ਅਤੇ ਚਾਰ "ਚਾਹ ਦੇ ਪਿਆਲੇ" ਲੈ ਕੇ ਅਸੀਂ ਬੈਠ ਗਏ। ਗੱਲਬਾਤ ਘੁੰਮ-ਫਿਰਕੇ ਪਾਕਿਸਤਾਨ ‘ਤੇ ਆ ਗਈ। ਹਸਬੇ ਦਸਤੂਰ ਮੁਖ਼ਤਾਰ ਪਾਕਿਸਤਾਨ ਦੀ ਤਾਰੀਫ ਕਰਨ ਲੱਗਾ ਤੇ "ਕਾਇਦੇ-ਆਜ਼ਮ" ਦੀ ਅਕਲਮੰਦੀ ਦੇ ਗੀਤ ਗਾਉਣ ਲੱਗਾ। ਉਮਾਸ਼ੰਕਰ ਤੋਂ ਉਸਦਾ ਕੋਈ ਪਰਦਾ ਨਹੀਂ ਸੀ, ਕਿਉਂਕਿ ਦੋਵੇਂ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਕੁੱਝ ਦੇਰ ਬਾਅਦ ਮੌਕਾ ਦੇਖਕੇ ਮੈਂ ਕਿਹਾ, "ਇਹ ਦੱਸੋ ਮੁਖ਼ਤਾਰ ਜਿਨਹਾ ਨੇ ਪਾਕਿਸਤਾਨ ਕਿਉਂ ਬਣਵਾਇਆ?"
"ਇਸ ਲਈ ਕਿ ਮੁਸਲਮਾਨ ਉੱਥੇ ਰਹਿਣਗੇ," ਉਹ ਬੋਲਿਆ।
"ਮੁਸਲਮਾਨ ਤਾਂ ਇੱਥੇ ਵੀ ਰਹਿੰਦੇ ਨੇ।"
"ਪਰ ਉਹ ਇਸਲਾਮੀ ਮੁਲਕ ਆ।"
"ਤੂੰ ਪਾਕਿਸਤਾਨ ਤਾਂ ਗਿਆ ਹੋਏਂਗਾ?"
"ਹਾਂ, ਗਿਆ ਹਾਂ।"
"ਉੱਥੇ ਤੇ ਇੱਥੇ ਕੀ ਫ਼ਰਕ ਆ?"
"ਕੀ ਫ਼ਰਕ ਆ? ਉਹ ਇਸਲਾਮੀ ਮੁਲਕ ਆ।"
"ਠੀਕ ਹੈ, ਪਰ ਇਹ ਦੱਸ ਕਿ ਉੱਥੇ ਗ਼ਰੀਬਾਂ-ਅਮੀਰਾਂ ਵਿੱਚ ਉਹੋ-ਜਿਹਾ ਹੀ ਫ਼ਰਕ ਨਹੀਂ ਹੈ ਜਿਹੋ-ਜਿਹਾ ਇੱਥੇ ਹੈ; ਕੀ ਉੱਥੇ ਰਿਸ਼ਵਤ ਨਹੀਂ ਚਲਦੀ; ਕੀ ਉੱਥੇ ਭਰਾ-ਭਤੀਜਾਵਾਦ ਨਹੀਂ ਹੈ; ਕੀ ਉੱਥੇ ਪੰਜਾਬੀ-ਸਿੰਧੀ ਅਤੇ ਮੁਹਾਜ਼ਿਰ ਭਾਵਨਾਵਾਂ ਨਹੀਂ ਹਨ? ਕੀ ਪੁਲਿਸ ਲੋਕਾਂ ਨੂੰ ਫਸਾ ਕੇ ਪੈਸਾ ਨਹੀਂ ਵਸੂਲਦੀ?" ਮੁਖਤਾਰ ਚੁੱਪ ਹੋ ਗਿਆ। ਉਮਾਸ਼ੰਕਰ ਬੋਲਿਆ, "ਹਾਂ ਦੱਸ ਹੁਣ, ਚੁੱਪ ਕਿਉਂ ਹੋ ਗਿਆ?"
ਮੁਖ਼ਤਾਰ ਨੇ ਕਿਹਾ, "ਹਾਂ ਇਹ ਸਭ ਤਾਂ ਉੱਥੇ ਵੀ ਹੈ, ਪਰ ਹੈ ਤਾਂ ਇਸਲਾਮੀ ਮੁਲਕ।"
"ਯਾਰ ਉੱਥੇ ਤਾਨਾਸ਼ਾਹੀ ਹੈ, ਇਸਲਾਮ ਤਾਂ ਬਾਦਸ਼ਾਹੀ ਤੱਕ ਦੇ ਵਿਰੁੱਧ ਹੈ ਤਾਂ ਉਹ ਕੈਸਾ ਇਸਲਾਮੀ ਮੁਲਕ ਹੋਇਆ?"
"ਇਹਨੂੰ ਛੱਡੋ — ਕੀ ਔਰਤਾਂ ਉੱਥੇ ਪਰਦਾ ਕਰਦੀਆਂ ਹਨ? ਬੈਂਕ ਤਾਂ ਉੱਥੇ ਵੀ ਵਿਆਜ ਲੈਂਦੇ-ਦਿੰਦੇ ਹੋਣਗੇ — ਫਿਰ ਕਾਹਦਾ ਇਸਲਾਮੀ ਮੁਲਕ?" ਉਮਾਸ਼ੰਕਰ ਨੇ ਕਿਹਾ।
"ਭਾਈ, ਇਸਲਾਮ ‘ਮਸਾਵਾਤ’ ਸਿਖਾਉਂਦਾ ਹੈ — ਭਾਵ ਬਰਾਬਰੀ, ਤੂੰ ਪਾਕਿਸਤਾਨ ਵਿੱਚ ਬਰਾਬਰੀ ਵੇਖੀ?"
ਮੁਖ਼ਤਾਰ ਥੋੜ੍ਹੀ ਦੇਰ ਲਈ ਚੁਪ ਹੋ ਗਿਆ। ਫਿਰ ਅਚਾਨਕ ਫੁੱਟ ਪਿਆ, "ਅਤੇ ਇੱਥੇ ਕੀ ਹੈ ਮੁਸਲਮਾਨਾਂ ਲਈ? ਇਲਾਹਾਬਾਦ, ਅਲੀਗੜ, ਮੇਰਠ, ਮੁਰਾਦਾਬਾਦ, ਦਿੱਲੀ, ਭਿਵੰਡੀ — ਕਿੰਨੇ ਨਾਮ ਗਿਣਾਵਾਂ — ਮੁਸਲਮਾਨਾਂ ਦੀ ਜਾਨ ਇਸ ਤਰ੍ਹਾਂ ਲਈ ਜਾਂਦੀ ਹੈ ਜਿਵੇਂ ਕੀੜੇ-ਮਕੌੜੇ ਹੋਣ।"
"ਹਾਂ ਤੂੰ ਠੀਕ ਕਹਿੰਨਾ ਏਂ।"
"ਮੈਂ ਕਹਿੰਦਾ ਹਾਂ ਇਹ ਫਸਾਦ ਕਿਉਂ ਹੁੰਦੇ ਨੇ?"
"ਭਰਾ ਮੇਰੇ, ਫਸਾਦ ਹੁੰਦੇ ਨਹੀਂ, ਕਰਾਏ ਜਾਂਦੇ ਨੇ।"
"ਕਰਾਏ ਜਾਂਦੇ ਨੇ?"
"ਹਾਂ ਭਰਾ, ਹੁਣ ਤਾਂ ਇਹ ਗੱਲ ਜੱਗ-ਜ਼ਾਹਰ ਹੈ।"
"ਕੌਣ ਕਰਾਉਂਦੇ ਨੇ?""
"ਜਿਨ੍ਹਾਂ ਨੂੰ ਉਸਤੋਂ ਫਾਇਦਾ ਹੁੰਦਾ ਹੈ।"
"ਕਿਹਨਾਂ ਨੂੰ ਉਸਤੋਂ ਫਾਇਦਾ ਹੁੰਦਾ ਹੈ?"
"ਉਹ ਲੋਕ ਜੋ ਧਰਮ ਦੇ ਨਾਮ ‘ਤੇ ਵੋਟ ਮੰਗਦੇ ਨੇ। ਉਹ ਲੋਕ ਜੋ ਧਰਮ ਦੇ ਨਾਮ ‘ਤੇ ਲੀਡਰੀ ਕਰਦੇ ਨੇ।"
"ਕਿਵੇਂ?"
"ਵੇਖੋ ਜ਼ਰਾ ਕਲਪਨਾ ਕਰੋ ਕਿ ਹਿੰਦੁਸਤਾਨ ਵਿੱਚ ਹਿੰਦੂਆਂ, ਮੁਸਲਮਾਨਾਂ ਵਿੱਚ ਕੋਈ ਲੜਾਈ ਨਹੀਂ ਹੈ। ਕੋਈ ਬਾਬਰੀ ਮਸਜਿਦ ਨਹੀਂ ਹੈ। ਕੋਈ ਰਾਮ ਜਨਮ ਭੂਮੀ ਨਹੀਂ ਹੈ। ਸਭ ਪਿਆਰ ਨਾਲ਼ ਰਹਿੰਦੇ ਨੇ, ਤਾਂ ਭਰਾ, ਅਜਿਹੀ ਹਾਲਤ ਵਿੱਚ ਮੁਸਲਮਾਨ ਲੀਗ ਅਤੇ ਆਰ. ਐੱਸ. ਐੱਸ. ਦੇ ਲੀਡਰਾਂ ਕੋਲ਼ ਕੌਣ ਜਾਵੇਗਾ? ਉਨ੍ਹਾਂ ਦਾ ਤਾਂ ਵਜੂਦ ਹੀ ਖਤਮ ਹੋ ਜਾਵੇਗਾ। ਇਸ ਤਰ੍ਹਾਂ ਸਮਝ ਲਓ ਕਿ ਕਿਸੇ ਸ਼ਹਿਰ ਵਿੱਚ ਕੋਈ ਡਾਕਟਰ ਹੈ, ਜੋ ਸਿਰਫ ਕੰਨ ਦਾ ਇਲਾਜ ਕਰਦਾ ਹੈ ਅਤੇ ਪੂਰੇ ਸ਼ਹਿਰ ਵਿੱਚ ਸਭ ਲੋਕਾਂ ਦੇ ਕੰਨ ਠੀਕ ਹੋ ਜਾਂਦੇ ਨੇ। ਕਿਸੇ ਨੂੰ ਕੰਨ ਦੀ ਕੋਈ ਤਕਲੀਫ ਨਹੀਂ ਹੈ, ਤਾਂ ਡਾਕਟਰ ਨੂੰ ਆਪਣਾ ਪੇਸ਼ਾ ਛੱਡਣਾ ਪਵੇਗਾ ਜਾਂ ਸ਼ਹਿਰ ਛੱਡਣਾ ਪਵੇਗਾ।"
ਉਹ ਚੁੱਪ ਹੋ ਗਿਆ। ਸ਼ਾਇਦ ਉਹ ਆਪਣਾ ਜਵਾਬ ਸੋਚ ਰਿਹਾ ਸੀ। ਮੈਂ ਫਿਰ ਕਿਹਾ, "ਅਤੇ ਫਿਰਕਾਪ੍ਰਸਤੀ ਤੋਂ ਉਹਨਾਂ ਲੋਕਾਂ ਨੂੰ ਵੀ ਫਾਇਦਾ ਹੁੰਦਾ ਹੈ ਜੋ ਦੇਸ਼ ਦੀ ਸਰਕਾਰ ਚਲਾ ਰਹੇ ਨੇ।"
"ਕਿਵੇਂ?"
"ਜੇਕਰ ਤੁਹਾਡੇ ਦੋ ਗੁਆਂਢੀ ਆਪਸ ਵਿੱਚ ਲੜ ਰਹੇ ਹਨ, ਇੱਕ-ਦੂਜੇ ਦੇ ਪੱਕੇ ਦੁਸ਼ਮਣ ਹਨ, ਤਾਂ ਤੁਹਾਨੂੰ ਉਨ੍ਹਾਂ ਦੋਵਾਂ ਤੋਂ ਕੋਈ ਖ਼ਤਰਾ ਨਹੀਂ ਹੋ ਸਕਦਾ — ਉਸੇ ਤਰ੍ਹਾਂ ਹਿੰਦੂ ਅਤੇ ਮੁਸਲਮਾਨ ਆਪਸ ਵਿੱਚ ਲੜਦੇ ਰਹਿਣ ਤਾਂ ਸਰਕਾਰ ਨਾਲ਼ ਕੀ ਲੜਨਗੇ? ਕੀ ਕਹਿਣਗੇ ਕਿ ਸਾਡਾ ਇਹ ਹੱਕ ਹੈ, ਸਾਡਾ ਉਹ ਹੱਕ ਹੈ ਅਤੇ ਤੀਜਾ ਫਾਇਦਾ ਉਨ੍ਹਾਂ ਲੋਕਾਂ ਨੂੰ ਪੁੱਜਦਾ ਹੈ ਜਿਨ੍ਹਾਂ ਦਾ ਕੰਮ-ਕਾਜ ਇਹਦੀ ਵਜ੍ਹਾ ਨਾਲ਼ ਤਰੱਕੀ ਕਰਦਾ ਹੈ। ਅਲੀਗੜ ਵਿੱਚ ਫਸਾਦ, ਭਿਵੰਡੀ ਦੇ ਫਸਾਦ, ਇਹਦੀਆਂ ਮਿਸਾਲਾਂ ਹਨ।"
ਇਹ ਤਾਂ ਸ਼ੁਰੁਆਤ ਸੀ। ਹੌਲ਼ੀ-ਹੌਲ਼ੀ ਅਜਿਹਾ ਹੋਣ ਲੱਗਾ ਕਿ ਅਸੀਂ ਜਦੋਂ ਵੀ ਮਿਲ਼ਦੇ, ਗੱਲਬਾਤ ਇਨ੍ਹਾਂ ਵਿਸ਼ਿਆਂ ‘ਤੇ ਹੀ ਹੁੰਦੀ। ਚਾਹ ਦਾ ਹੋਟਲ ਹੋਵੇ ਜਾਂ ਸ਼ਹਿਰ ਦੇ ਬਾਹਰ ਸੜਕ ਕੰਡੇ ਕੋਈ ਸੁੰਨਸਾਨ ਜਿਹਾ ਪੁਲ਼ — ਬਹਿਸ ਸ਼ੁਰੂ ਹੋ ਜਾਇਆ ਕਰਦੀ ਸੀ। ਬਹਿਸ ਵੀ ਅਜ਼ੀਬ ਚੀਜ਼ ਹੈ। ਜੇ ਸਾਹਮਣੇ ਵਾਲ਼ੇ ਨੂੰ ਇਹ ਜਾਪਿਆ ਕਿ ਤੁਸੀ ਉਸਨੂੰ ਜਾਹਿਲ਼ ਸਮਝਦੇ ਹੋ, ਉਸਦਾ ਮਜ਼ਾਕ ਉਡਾ ਰਹੇ ਹੋ, ਉਸਨੂੰ ਘੱਟ ਪੜ੍ਹਿਆ-ਲਿਖਿਆ ਮੰਨ ਰਹੇ ਹੋ, ਤਾਂ ਬਹਿਸ ਦਾ ਕਦੇ ਕੋਈ ਅੰਤ ਨਹੀਂ ਹੁੰਦਾ।
ਉਸ ਜ਼ਮਾਨੇ ਵਿੱਚ ਮੁਖਤਾਰ ਉਰਦੂ ਦੇ ਅਖ਼ਬਾਰਾਂ ਅਤੇ ਰਸਾਲਿਆਂ ਦਾ ਪਾਗਲਪਣ ਦੀ ਹੱਦ ਤੱਕ ਪਾਠਕ ਸੀ। ਸ਼ਹਿਰ ਵਿੱਚ ਆਉਣ ਵਾਲ਼ਾ ਸ਼ਾਇਦ ਹੀ ਕੋਈ ਅਜਿਹਾ ਉਰਦੂ ਅਖ਼ਬਾਰ, ਰਸਾਲਾ ਜਾਂ ਡਾਇਜੈਸਟ ਹੋਵੇ ਜੋ ਉਹ ਨਾ ਪੜ੍ਹਦਾ ਹੋਵੇ। ਇੰਨਾ ਜ਼ਿਆਦਾ ਪੜ੍ਹਨ ਨਾਲ਼ ਉਸਨੂੰ ਘਟਨਾਵਾਂ, ਮਿਤੀਆਂ ਅਤੇ ਬਿਆਨ ਇਸ ਤਰ੍ਹਾਂ ਯਾਦ ਹੋ ਜਾਂਦੇ ਸਨ ਕਿ ਬਹਿਸ ਵਿੱਚ ਬੜੇ ਆਤਮਵਿਸ਼ਵਾਸ ਨਾਲ਼ ਉਨ੍ਹਾਂ ਦੇ ਹਵਾਲੇ ਦਿੰਦਾ ਰਹਿੰਦਾ ਸੀ। ਇੱਕ ਦਿਨ ਉਸਨੇ ਮੈਨੂੰ ਉਰਦੂ ਦੇ ਕੁੱਝ ਰਸਾਲੇ ਅਤੇ ਅਖ਼ਬਾਰਾਂ ਦਾ ਇੱਕ ਬੰਡਲ਼ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਨੂੰ ਪੜ੍ਹ•ਕੇ ਆਓ ਤਾਂ ਬਹਿਸ ਹੋਵੇ। ਉਰਦੂ ਵਿੱਚ ਆਮ ਤੌਰ ‘ਤੇ ਜੋ ਸਿਆਸੀ ਪਰਚੇ ਛਪਦੇ ਹਨ, ਉਨ੍ਹਾਂ ਬਾਰੇ ਮੈਨੂੰ ਥੋੜੀ ਜਿਹੀ ਹੀ ਜਾਣਕਾਰੀ ਸੀ। ਪਰ ਮੁਖਤਾਰ ਦੇ ਦਿੱਤੇ ਰਸਾਲੇ ਜਦੋਂ ਧਿਆਨ ਨਾਲ਼ ਪੜੇ ਤਾਂ ਅਵਾਕ ਰਹਿ ਗਿਆ। ਇਹਨਾਂ ਪਰਚਿਆਂ ਵਿੱਚ ਮੁਸਲਮਾਨਾਂ ਨਾਲ਼ ਹੋਣ ਵਾਲ਼ੀਆਂ ਜ਼ਿਆਦਤੀਆਂ ਨੂੰ ਇੰਨੇ ਭਿਆਨਕ ਅਤੇ ਕਰੁਣਾਮਈ ਢੰਗ ਨਾਲ਼ ਪੇਸ਼ ਕੀਤਾ ਗਿਆ ਸੀ ਕਿ ਸਾਧਾਰਣ ਪਾਠਕ ਉੱਤੇ ਉਨ੍ਹਾਂ ਦਾ ਕੀ ਅਸਰ ਹੁੰਦਾ ਹੋਵੇਗਾ, ਇਹ ਸੋਚਕੇ ਮੈਂ ਡਰ ਗਿਆ। ਮਿਸਾਲ ਵਜੋਂ ਇਸ ਤਰ੍ਹਾਂ ਦੇ ਸਿਰਲੇਖ ਸਨ — ‘ਮੁਸਲਮਾਨਾਂ ਦੇ ਖੂਨ ਨਾਲ਼ ਹੋਲੀ ਖੇਡੀ ਗਈ’ ਜਾਂ ‘ਭਾਰਤ ਵਿੱਚ ਮੁਸਲਮਾਨ ਹੋਣਾ ਗੁਨਾਹ ਹੈ’ ਜਾਂ ‘ਕੀ ਭਾਰਤ ਦੇ ਸਾਰੇ ਮੁਸਲਮਾਨਾਂ ਨੂੰ ਹਿੰਦੂ ਬਣਾਇਆ ਜਾਵੇਗਾ’ ਜਾਂ ‘ਤਿੰਨ ਹਜ਼ਾਰ ਮਸਜਿਦਾਂ, ਮੰਦਰ ਬਣਾ ਲਈਆਂ ਗਈਆਂ ਹਨ’। ਉਤੇਜਿਤ ਕਰਨ ਵਾਲ਼ੇ ਸਿਰਲੇਖਾਂ ਹੇਠਾਂ ਖ਼ਬਰਾਂ ਲਿਖਣ ਦਾ ਜੋ ਢੰਗ ਸੀ ਉਹ ਵੀ ਬਹੁਤ ਭਾਵੁਕ ਅਤੇ ਲੋਕਾਂ ਨੂੰ ਮਰਨ-ਮਾਰਨ ਜਾਂ ਸਿਰ ਭੰਨ ਲੈਣ ‘ਤੇ ਮਜ਼ਬੂਰ ਕਰਨ ਵਾਲ਼ਾ ਸੀ।
ਉਹ ਤਿੰਨ-ਚਾਰ ਦਿਨ ਬਾਅਦ ਮਿਲ਼ਿਆ ਤਾਂ ਗੱਲਬਾਤ ਕਰਨ ਲਈ ਬਹੁਤ ਉਤਾਵਲਾ ਹੋ ਰਿਹਾ ਸੀ ਤੇ ਬੋਲਿਆ, "ਤੂੰ ਸਾਰੇ ਅਖ਼ਬਾਰ ਪੜ੍ਹ ਲਏ?"
"ਹਾਂ, ਪੜ੍ਹ ਲਏ।"
"ਕੀ ਰਾਏ ਹੈ — ਹੁਣ ਤਾਂ ਪਤਾ ਲੱਗ ਗਿਆ ਕਿ ਭਾਰਤ ਵਿੱਚ ਮੁਸਲਮਾਨਾਂ ਨਾਲ਼ ਕੀ ਹੁੰਦਾ ਹੈ। ਸਾਡੀ ਜਾਨ-ਮਾਲ, ਇੱਜਤ-ਆਬਰੂ ਕੁੱਝ ਵੀ ਮਹਿਫੂਜ਼ ਨਹੀਂ ਹੈ।"
"ਹਾਂ, ਉਹ ਤਾਂ ਤੂੰ ਠੀਕ ਕਹਿੰਦਾ ਏਂ — ਪਰ ਇੱਕ ਗੱਲ ਦੱਸ ਕਿ ਤੂੰ ਜੋ ਰਸਾਲੇ ਦਿੱਤੇ ਨੇ ਉਹ ਫ਼ਿਰਕਾਪ੍ਰਸਤੀ ਨੂੰ ਦੂਰ ਕਰਨ, ਉਸਨੂੰ ਖਤਮ ਕਰਨ ਬਾਰੇ ਕਦੇ ਕੁੱਝ ਨਹੀਂ ਲਿਖਦੇ?"
"ਕੀ ਮਤਲਬ?" ਉਹ ਚੌਂਕ ਗਿਆ।
"ਵੇਖੋ, ਮੈਂ ਮੰਨਦਾ ਹਾਂ ਕਿ ਮੁਸਲਮਾਨਾਂ ਨਾਲ਼ ਵਧੀਕੀ ਹੁੰਦੀ ਹੈ, ਦੰਗਿਆਂ ਵਿੱਚ ਸਭ ਤੋਂ ਜ਼ਿਆਦਾ ਉਹੀ ਮਾਰੇ ਜਾਂਦੇ ਨੇ। ਪੀਏਸੀ ਵੀ ਉਨ੍ਹਾਂ ਨੂੰ ਮਾਰਦੀ ਹੈ ਅਤੇ ਹਿੰਦੂ ਵੀ ਮਾਰਦੇ ਨੇ। ਮੁਸਲਮਾਨ ਵੀ ਮਾਰਦੇ ਨੇ ਹਿੰਦੂਆਂ ਨੂੰ। ਅਜਿਹਾ ਤਾਂ ਨਹੀਂ ਹੈ ਕਿ ਉਹ ਚੁੱਪ ਬੈਠੇ ਰਹਿੰਦੇ ਹੋਣ।"
"ਹਾਂ, ਤਾਂ ਕਦੋਂ ਤੱਕ ਬੈਠੇ ਰਹੀਏ? ਕਿਉਂ ਨਾ ਮਾਰੀਏ?" ਉਹ ਤੜਫ ਕੇ ਬੋਲਿਆ।
"ਠੀਕ ਹੈ, ਤਾਂ ਉਹ ਤੁਹਾਨੂੰ ਮਾਰਨ ਤੇ ਤੁਸੀਂ ਉਹਨਾਂ ਨੂੰ ਮਾਰੋ, ਫਿਰ ਇਹ ਰੋਣਾ-ਧੋਣਾ ਕਿਉਂ?"
"ਕੀ ਮਤਲਬ ਹੈ, ਜੇ ਇਸੇ ਤਰ੍ਹਾਂ ਮਾਰੋ-ਮਾਰੀ ਹੁੰਦੀ ਰਹੀ ਤਾਂ ਕੀ ਫ਼ਿਰਕਾਪ੍ਰਸਤੀ ਖਤਮ ਹੋ ਜਾਵੇਗੀ?"
"ਨਹੀਂ, ਨਹੀਂ ਖਤਮ ਹੋਵੇਗੀ।"
"ਅਤੇ ਤੂੰ ਚਾਹੁੰਨਾ, ਫ਼ਿਰਕਾਪ੍ਰਸਤੀ ਖਤਮ ਹੋ ਜਾਵੇ?"
"ਹਾਂ।"
"ਤਾਂ ਇਹ ਅਖ਼ਬਾਰ, ਜੋ ਤੂੰ ਦਿੱਤੇ, ਕਿਉਂ ਨਹੀਂ ਚਾਹੁੰਦੇ ਕਿ ਫ਼ਿਰਕਾਪ੍ਰਸਤੀ ਖਤਮ ਹੋਵੇ?"
"ਇਹ ਅਖਬਾਰ ਕਿਉਂ ਨਹੀਂ ਚਾਹੁੰਦੇ ਕਿ ਫ਼ਿਰਕਾਪ੍ਰਸਤੀ ਖਤਮ ਹੋਵੇ?"
"ਇਹ ਤਾਂ ਉਹੀ ਅਖ਼ਬਾਰ ਵਾਲ਼ੇ ਦੱਸ ਸਕਦੇ ਨੇ। ਜਿੱਥੇ ਤੱਕ ਮੈਂ ਸਮਝਦਾ ਹਾਂ, ਇਹ ਅਖ਼ਬਾਰ ਵਿਕਦੇ ਹੀ ਇਸੇ ਲਈ ਨੇ ਕਿ ਇਹਨਾਂ ਵਿੱਚ ਦੰਗਿਆਂ ਦੀਆਂ ਭਿਆਨਕ ਅਤੇ ਵਧਾ-ਚੜਾਕੇ ਖ਼ਬਰਾਂ ਪੇਸ਼ ਕੀਤੀਆਂ ਹੁੰਦੀਆਂ ਨੇ। ਜੇਕਰ ਦੰਗੇ ਨਹੀਂ ਹੋਣਗੇ ਤਾਂ ਇਹ ਅਖ਼ਬਾਰ ਕਿੰਨੇ ਕੁ ਵਿਕਣਗੇ!"
੍ਰ ਮੇਰੀ ਇਸ ਗੱਲ ‘ਤੇ ਉਹ ਨਰਾਜ਼ ਹੋ ਗਿਆ। ਉਹਦਾ ਕਹਿਣਾ ਸੀ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਮੁਸਲਮਾਨਾਂ ਦੇ ਇੰਨੇ ਹਮਦਰਦ ਅਖ਼ਬਾਰ ਇਹ ਨਹੀਂ ਚਾਹੁੰਦੇ ਕਿ ਦੰਗੇ ਰੁਕਣ, ਮੁਸਲਮਾਨ ਚੈਨ ਨਾਲ਼ ਰਹਿਣ, ਹਿੰਦੂ-ਮੁਸਲਮਾਨ ਮਿੱਤਰ ਬਣਨ।
ਕੁੱਝ ਮਹੀਨਿਆਂ ਦੀ ਲਗਾਤਾਰ ਗੱਲਬਾਤ ਤੋਂ ਬਾਅਦ ਸਾਡੇ ਵਿੱਚ ਕੁੱਝ ਬੁਨਿਆਦੀ ਗੱਲਾਂ ਸਾਫ਼ ਹੋ ਚੁੱਕੀਆਂ ਸਨ। ਉਸਨੂੰ ਸਭ ਤੋਂ ਵੱਧ ਦਿਲਚਸਪੀ ਇਸ ਗੱਲ ਵਿੱਚ ਪੈਦਾ ਹੋ ਗਈ ਸੀ ਕਿ ਦੰਗੇ ਕਿਵੇਂ ਰੋਕੇ ਜਾ ਸਕਦੇ ਹਨ। ਅਸੀਂ ਦੋਵੇਂ ਇਹ ਜਾਣਦੇ ਸੀ ਕਿ ਦੰਗੇ ਪੁਲਿਸ, ਪੀਏਸੀ, ਪ੍ਰਸ਼ਾਸਨ ਨਹੀਂ ਰੋਕ ਸਕਦਾ। ਦੰਗੇ ਫਿਰਕੂ ਪਾਰਟੀਆਂ ਵੀ ਨਹੀਂ ਰੋਕ ਸਕਦੀਆਂ, ਕਿਉਂਕਿ ਉਹ ਤਾਂ ਦੰਗਿਆਂ ‘ਤੇ ਹੀ ਪਲ਼ਦੀਆਂ ਹਨ। ਦੰਗਿਆਂ ਨੂੰ ਜੇ ਕੋਈ ਰੋਕ ਸਕਦਾ ਹੈ ਤਾਂ ਸਿਰਫ ਲੋਕ ਰੋਕ ਸਕਦੇ ਹਨ।
"ਪਰ ਲੋਕ ਤਾਂ ਦੰਗਿਆਂ ਵੇਲ਼ੇ ਘਰਾਂ ਵਿੱਚ ਲੁਕ ਕੇ ਬੈਠ ਜਾਂਦੇ ਨੇ।" ਉਹਨੇ ਕਿਹਾ।
"ਹਾਂ, ਲੋਕ ਏਸ ਲਈ ਲੁਕ ਕੇ ਬੈਠ ਜਾਂਦੇ ਨੇ ਕਿਉਂਕਿ ਦੰਗੇ ਕਰਨ ਵਾਲ਼ਿਆਂ ਦੇ ਮੁਕਾਬਲੇ ਉਹ ਇੱਕਜੁੱਟ ਨਹੀਂ ਹਨ — ਇਕੱਲੇ ਮਹਿਸੂਸ ਕਰਦੇ ਨੇ ਆਪਣੇ ਨੂੰ – ਅਤੇ ਇਕੱਲਾ ਬੰਦਾ ਪਹਾੜ ਨਹੀਂ ਢਾਹ ਸਕਦਾ। ਜਦਕਿ ਦੰਗੇ ਕਰਨ ਵਾਲ਼ੇ ਜਥੇਬੰਦ ਹੁੰਦੇ ਨੇ। ਪਰ ਜ਼ਰੂਰੀ ਇਹ ਹੈ ਕਿ ਦੰਗਿਆਂ ਖਿਲਾਫ ਜਿਨ੍ਹਾਂ ਲੋਕਾਂ ਨੂੰ ਜਥੇਬੰਦ ਕੀਤਾ ਜਾਵੇ ਉਨ੍ਹਾਂ ਵਿੱਚ ਹਿੰਦੂ-ਮੁਸਲਮਾਨ ਦੋਵੇਂ ਹੋਣ ਅਤੇ ਉਨ੍ਹਾਂ ਦੇ ਵਿਚਾਰ ਇਸ ਬਾਰੇ ਸਪੱਸ਼ਟ ਹੋਣ।"
"ਪਰ ਇਹ ਕੰਮ ਕਰੂ ਕੌਣ?"
"ਆਪਾਂ ਹੀ, ਹੋਰ ਕੌਣ?"
"ਪਰ ਕਿਵੇਂ?"
"ਓਏ ਭਰਾ, ਲੋਕਾਂ ਨਾਲ਼ ਗੱਲਬਾਤ ਕਰਕੇ, ਮੀਟਿੰਗਾਂ ਕਰਕੇ, ਉਨ੍ਹਾਂ ਨੂੰ ਦੱਸਕੇ, ਸਮਝਾਕੇ, ਮੈਂ ਕਹਿੰਦਾ ਹਾਂ ਸ਼ਹਿਰ ਵਿੱਚ ਹਿੰਦੂ-ਮੁਸਲਮਾਨਾਂ ਦੀ ਜੇਕਰ ਦੋ ਸੌ ਅਜਿਹੇ ਲੋਕਾਂ ਦੀ ਜਥੇਬੰਦੀ ਬਣ ਜਾਵੇ ਜੋ ਜਾਨ ‘ਤੇ ਖੇਡ ਕੇ ਵੀ ਦੰਗੇ ਰੋਕਣ ਦੀ ਹਿੰਮਤ ਰੱਖਦੇ ਹੋਣ ਤਾਂ ਦੰਗੇ ਕਰਨ ਵਾਲ਼ਿਆਂ ਦੇ ਹੌਂਸਲੇ ਪਸਤ ਹੋ ਜਾਣਗੇ। ਤੈਨੂੰ ਪਤਾ ਹੋਵੇਗਾ ਕਿ ਦੰਗੇ ਕਰਨ ਵਾਲ਼ੇ ਡਰਪੋਕ ਹੁੰਦੇ ਨੇ। ਉਹ ਕਿਸੇ "ਤਾਕਤ" ਨਾਲ਼ ਨਹੀਂ ਲੜ ਸਕਦੇ। ‘ਕੱਲੇ-‘ਕਹਿਰੇ ਨੂੰ ਮਾਰ ਸਕਦੇ ਨੇ, ਅੱਗ ਲਾ ਸਕਦੇ ਨੇ, ਔਰਤਾਂ ਨਾਲ਼ ਬਲਾਤਕਾਰ ਕਰ ਸਕਦੇ ਨੇ, ਪਰ ਜੇ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਸਾਹਮਣੇ ਅਜਿਹੇ ਲੋਕ ਹਨ ਜੋ ਬਰਾਬਰ ਦੀ ਤਾਕਤ ਰੱਖਦੇ ਨੇ, ਉਨ੍ਹਾਂ ਵਿੱਚ ਹਿੰਦੂ ਵੀ ਨੇ ਅਤੇ ਮੁਸਲਮਾਨ ਵੀ, ਤਾਂ ਦੰਗਾਈ ਸਿਰ ਉੱਤੇ ਪੈਰ ਰੱਖਕੇ ਭੱਜ ਜਾਣਗੇ।"
ਉਹ ਮੇਰੀ ਗੱਲ ਨਾਲ਼ ਸਹਿਮਤ ਸੀ ਅਤੇ ਅਸੀਂ ਅਗਲੇ ਕਦਮ ‘ਤੇ ਗ਼ੌਰ ਕਰਨ ਦੀ ਹਾਲਤ ਵਿੱਚ ਆ ਗਏ ਸਾਂ। ਮੁਖ਼ਤਾਰ ਇਸ ਸਬੰਧੀ ਕੁੱਝ ਨੌਜਵਾਨਾਂ ਨੂੰ ਮਿਲ਼ਿਆ ਵੀ ਸੀ।
ਕੁੱਝ ਸਾਲਾਂ ਬਾਅਦ ਅਸੀਂ ਦਿੱਲੀ ਵਿੱਚ ਫਿਰ ਇਕੱਠੇ ਹੋ ਗਏ। ਮੈਂ ਦਿੱਲੀ ਵਿੱਚ ਕਾਰੋਬਾਰ ਕਰ ਰਿਹਾ ਸੀ ਅਤੇ ਉਹ ਕਨਾਟ ਪਲੇਸ ਦੀ ਇੱਕ ਦੁਕਾਨ ਵਿੱਚ ਕੰਮ ਕਰਨ ਲੱਗਾ ਸੀ ਅਤੇ ਜਦੋਂ ਦਿੱਲੀ ਵਿੱਚ ਦੰਗੇ ਹੋਏ ਅਤੇ ਇਹ ਪਤਾ ਲੱਗਿਆ ਕਿ ਕਸਾਬਪੁਰਾ ਵੀ ਬੁਰੀ ਤਰ੍ਹਾਂ ਪ੍ਰਭਾਵ ਵਿੱਚ ਹੈ ਤਾਂ ਮੈਨੂੰ ਮੁਖ਼ਤਾਰ ਦੀ ਫਿਕਰ ਹੋ ਗਈ। ਦੂਜੇ ਪਾਸੇ ਮੁਖ਼ਤਾਰ ਨਾਲ਼ ਜੋ ਕੁੱਝ ਵਾਪਰਿਆ ਉਹ ਕੁੱਝ ਇਸ ਤਰ੍ਹਾਂ ਸੀ।
— ਸ਼ਾਮ ਦੇ ਛੇ ਵੱਜੇ ਸਨ। ਉਹ ਮਸ਼ੀਨ ‘ਤੇ ਝੁਕਿਆ ਕੰਮ ਕਰ ਰਿਹਾ ਸੀ। ਦੁਕਾਨ ਮਾਲਕ ਸਰਦਾਰ ਜੀ ਨੇ ਉਹਨੂੰ ਖ਼ਬਰ ਦਿੱਤੀ ਕਿ ਦੰਗਾ ਹੋ ਗਿਆ ਹੈ ਅਤੇ ਉਹਨੂੰ ਜਲਦੀ ਤੋਂ ਜਲਦੀ ਘਰ ਪਹੁੰਚ ਜਾਣਾ ਚਾਹੀਦਾ ਹੈ।
ਪਹਾੜਗੰਜ ਵਿੱਚ ਬਸ ਰੋਕ ਦਿੱਤੀ ਗਈ ਸੀ। ਕਿਉਂਕਿ ਅੱਗੇ ਦੰਗਾ ਹੋ ਰਿਹਾ ਸੀ। ਪੁਲਿਸ ਕਿਸੇ ਨੂੰ ਅੱਗੇ ਜਾਣ ਵੀ ਨਹੀਂ ਦੇ ਰਹੀ ਸੀ। ਮੁਖ਼ਤਾਰ ਨੇ ਮੁੱਖ ਸੜਕ ਛੱਡ ਦਿੱਤੀ ਅਤੇ ਗਲ਼ੀਆਂ ਅਤੇ ਪਿਛਲੇ ਰਸਤਿਆਂ ਤੋਂ ਅੱਗੇ ਵਧਣ ਲੱਗਾ। ਗਲ਼ੀਆਂ ਵੀ ਸੁੰਨਸਾਨ ਸਨ। ਪਾਣੀ ਦੀਆਂ ਟੂਟੀਆਂ ‘ਤੇ, ਜਿੱਥੇ ਇਸ ਵੇਲ਼ੇ ਚਾਂਅ-ਚਾਂਅ ਹੋਇਆ ਕਰਦੀ ਸੀ, ਸਿਰਫ ਪਾਣੀ ਡਿੱਗਣ ਦੀ ਅਵਾਜ਼ ਆ ਰਹੀ ਸੀ। ਜਦੋਂ ਗਲ਼ੀਆਂ ਵਿੱਚ ਲੋਕ ਨਹੀਂ ਹੁੰਦੇ ਤਾਂ ਕੁੱਤੇ ਹੀ ਵਿਖਾਈ ਦਿੰਦੇ ਹਨ। ਕੁੱਤੇ ਹੀ ਸਨ। ਉਹ ਬਚਦਾ-ਬਚਉਂਦਾ ਇਸ ਤਰ੍ਹਾਂ ਅੱਗੇ ਵਧਦਾ ਰਿਹਾ ਕਿ ਆਪਣੇ ਮੁਹੱਲੇ ਤੱਕ ਪਹੁੰਚ ਜਾਵੇ। ਕਦੇ-ਕਦਾਈਂ ਕੋਈ ਹੋਰ ਘਬਰਾਇਆ ਪ੍ਰੇਸ਼ਾਨ ਜਿਹਾ ਆਦਮੀ ਲੰਬੇ-ਲੰਬੇ ਕਦਮ ਚੁੱਕਦਾ ਏਧਰੋਂ ਉੱਧਰ ਜਾਂਦਾ ਵਿਖਾਈ ਦਿੰਦਾ। ਇੱਕ ਅਜੀਬ ਭਿਆਨਕ ਤਣਾਅ ਸੀ, ਜਿਵੇਂ ਇਹ ਇਮਾਰਤਾਂ ਬਾਰੂਦ ਦੀਆਂ ਬਣੀਆਂ ਹੋਈਆਂ ਹੋਣ ਅਤੇ ਇਹ ਸਾਰੀਆਂ ਅਚਾਨਕ ਇਕੱਠੀਆਂ ਫਟ ਜਾਣਗੀਆਂ। ਦੂਰੋਂ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਦੀਆਂ ਅਵਾਜ਼ਾਂ ਆ ਰਹੀਆਂ ਸਨ। ਕੱਸਾਬਪੁਰੇ ਵੱਲੋਂ ਹਲਕਾ-ਹਲਕਾ ਧੂੰਆਂ ਅਸਮਾਨ ਵਿੱਚ ਫੈਲ ਰਿਹਾ ਸੀ। ‘ਪਤਾ ਨਹੀਂ ਕੌਣ ਜਲ਼ ਰਿਹਾ ਹੋਵੇਗਾ, ਪਤਾ ਨਹੀਂ ਕਿੰਨੇ ਲੋਕਾਂ ਲਈ ਸੰਸਾਰ ਖਤਮ ਹੋ ਗਿਆ ਹੋਵੇਗਾ। ਪਤਾ ਨਹੀਂ ਜਲਣ ਵਾਲ਼ਿਆਂ ਵਿੱਚ ਕਿੰਨੇ ਬੱਚੇ, ਕਿੰਨੀਆਂ ਔਰਤਾਂ ਹੋਣਗੀਆਂ। ਉਨ੍ਹਾਂ ਦੀ ਕੀ ਕਸੂਰ ਹੋਵੇਗਾ?’ ਉਸਨੇ ਸੋਚਿਆ। ਅਚਾਨਕ ਇੱਕ ਬੰਦ ਦਰਵਾਜ਼ੇ ਪਿੱਛੋਂ ਕਿਸੇ ਔਰਤ ਦੀ ਪੰਜਾਬੀ ਵਿੱਚ ਕੰਬਦੀ ਹੋਈ ਅਵਾਜ਼ ਗਲ਼ੀ ਤੱਕ ਆ ਗਈ। ਉਹ ਪੰਜਾਬੀ ਬੋਲ ਨਹੀਂ ਸਕਦਾ ਸੀ ਪਰ ਸਮਝ ਲੈਂਦਾ ਸੀ। ਉਹ ਕਹਿ ਰਹੀ ਸੀ, ਬਬਲੂ ਹਾਲੇ ਤੱਕ ਨਹੀਂ ਪਰਤਿਆ। ਮੁਖ਼ਤਾਰ ਨੇ ਸੋਚਿਆ, ਉਸਦੇ ਬੱਚੇ ਵੀ ਘਰ ਦੇ ਦਰਵਾਜ਼ੇ ‘ਤੇ ਖੜੇ ਵਿਰਲਾਂ ਰਾਹੀਂ ਬਾਹਰ ਝਾਕ ਰਹੇ ਹੋਣਗੇ। ਸ਼ਾਹਿਦਾ ਉਹਦੀ ਸਲਾਮਤੀ ਲਈ ਨਮਾਜ਼ ਪੜ੍ਹ ਰਹੀ ਹੋਵੇਗੀ। ਉਹਦਾ ਭਰਾ ਛੱਤ ‘ਤੇ ਖੜੇ ਇੱਕ-ਦੋ ਹੋਰ ਜਣਿਆਂ ਤੋਂ ਪੁੱਛ ਰਿਹਾ ਹੋਵੇਗਾ ਕਿ ਮੁਖ਼ਤਾਰ ਤਾਂ ਨਹੀਂ ਵਿਖਾਈ ਦੇ ਰਿਹਾ। ਉਹਦੇ ਦਿਮਾਗ਼ ਵਿੱਚ ਜਿੰਨੀ ਤੇਜੀ ਨਾਲ਼ ਖਿਆਲ ਆ ਰਹੇ ਸਨ, ਉਹਦੀ ਰਫਤਾਰ ਓਨੀ ਤੇਜ ਹੁੰਦੀ ਜਾਂਦੀ ਸੀ। ਸਾਹਮਣੇ ਪਿੱਪਲ ਦੇ ਦਰੱਖਤ ਤੋਂ ਕਸਾਬਪੁਰਾ ਸ਼ੁਰੂ ਹੁੰਦਾ ਹੈ ਅਤੇ ਪਿੱਪਲ ਦਾ ਦਰੱਖਤ ਸਾਹਮਣੇ ਹੀ ਹੈ। ਅਚਾਨਕ ਭੱਜਦਾ ਹੋਇਆ ਕੋਈ ਆਦਮੀ ਹੱਥ ਵਿੱਚ ਕਨਸਤਰ ਲਈ ਗਲ਼ੀ ਵਿੱਚ ਆਇਆ ਅਤੇ ਮੁਖ਼ਤਾਰ ਨੂੰ ਵੇਖਕੇ ਇੱਕ ਪਤਲੀ ਗਲ਼ੀ ਵਿੱਚ ਵੜ ਗਿਆ। ਹੁਣ ਮੁਖਤਾਰ ਨੂੰ ਹਲਕਾ-ਹਲਕਾ ਰੌਲ਼ਾ ਵੀ ਸੁਣਾਈ ਦੇ ਰਿਹਾ ਸੀ। ਪਿੱਪਲ ਦੇ ਦਰੱਖਤ ਤੋਂ ਬਾਅਦ ਖ਼ਤਰਾ ਨਹੀਂ ਹੋਵੇਗਾ, ਕਿਉਂਕਿ ਇੱਥੋਂ ਮੁਸਲਮਾਨਾਂ ਦੀ ਆਬਾਦੀ ਸ਼ੁਰੂ ਹੁੰਦੀ ਸੀ। ਇਹ ਸੋਚਕੇ ਮੁਖ਼ਤਾਰ ਨੇ ਦੌੜਨਾ ਸ਼ੁਰੂ ਕਰ ਦਿੱਤਾ। ਪਿੱਪਲ ਦੇ ਦਰੱਖਤ ਦੇ ਕੋਲ਼ ਪੁੱਜ ਕੇ ਮੁੜਿਆ ਅਤੇ ਉਸੇ ਵੇਲ਼ੇ ਹਵਾ ਵਿੱਚ ਉੱਡਦੀ ਕੋਈ ਚੀਜ਼ ਉਹਦੇ ਸਿਰ ਨਾਲ਼ ਟਕਰਾਈ ਅਤੇ ਉਹਨੂੰ ਲੱਗਿਆ ਕਿ ਉਹਦਾ ਸਿਰ ਮੱਚ ਰਿਹਾ ਹੈ। ਦਹਿਕਦਾ ਹੋਇਆ ਅੰਗਿਆਰਾ। ਉਹਨੇ ਦੋਹਾਂ ਹੱਥਾਂ ਨਾਲ਼ ਸਿਰ ਫੜ ਲਿਆ ਅਤੇ ਭੱਜਦਾ ਰਿਹਾ। ਉਹਨੂੰ ਇਹ ਸਮਝਦਿਆਂ ਦੇਰ ਨਹੀਂ ਲੱਗੀ ਕਿ ਤੇਜ਼ਾਬ ਦਾ ਬੱਲਬ ਉਹਦੇ ਸਿਰ ‘ਤੇ ਮਾਰਿਆ ਗਿਆ ਹੈ। ਸਿਰ ਦੀ ਅੱਗ ਲਗਾਤਾਰ ਵਧਦੀ ਜਾ ਰਹੀ ਸੀ ਅਤੇ ਉਹ ਭੱਜਦਾ ਜਾ ਰਿਹਾ ਸੀ। ਉਹਨੂੰ ਲੱਗਾ ਕਿ ਉਹ ਜਲਦੀ ਹੀ ਘਰ ਨਾ ਪਹੁੰਚਿਆ ਤਾਂ ਗਲ਼ੀ ਵਿੱਚ ਡਿੱਗ ਕੇ ਬੇਹੋਸ਼ ਹੋ ਜਾਵੇਗਾ ਅਤੇ ਉੱਥੇ ਡਿੱਗਣ ਦਾ ਨਤੀਜਾ ਹੋਵੇਗਾ ਕਿ ਉਹਦੀ ਲਾਸ਼ ਪੁਲਿਸ ਹੀ ਚੁੱਕੇਗੀ। ਦੋਵਾਂ ਬੱਚੀਆਂ ਦੇ ਚਿਹਰੇ ਉਹਦੀਆਂ ਅੱਖਾਂ ਅੱਗੋਂ ਘੁੰਮ ਗਏ।
ਦੰਗਾ ਖਤਮ ਹੋਣ ਮਗਰੋਂ ਮੈਂ ਮੁਖ਼ਤਾਰ ਨੂੰ ਦੇਖਣ ਗਿਆ। ਉਹਦੇ ਵਾਲ਼ ਖੱਬਲ਼ ਜਿਹੇ ਹੋ ਗਏ ਸਨ ਅਤੇ ਲਗਾਤਾਰ ਝੜ ਰਹੇ ਸਨ। ਸਿਰ ਦੀ ਚਮੜੀ ਬੁਰੀ ਤਰ੍ਹਾਂ ਮੱਚ ਗਈ ਸੀ ਅਤੇ ਜਖ਼ਮ ਹੋ ਗਏ ਸਨ। ਤੇਜ਼ਾਬ ਦਾ ਬੱਲਬ ਲੱਗਣ ਜਿੰਨੀ ਹੀ ਭਿਆਨਕ ਦੁਰਘਟਨਾ ਇਹ ਹੋਈ ਸੀ ਕਿ ਜਦੋਂ ਉਹ ਘਰ ਅੱਪੜਿਆ ਤਾਂ ਉਹਨੂੰ ਪਾਣੀ ਨਾਲ਼ ਸਿਰ ਨਹੀਂ ਧੋਣ ਦਿੱਤਾ ਗਿਆ। ਸਭ ਨੇ ਕਿਹਾ ਸੀ ਕਿ ਪਾਣੀ ਨਾ ਪਾਓ। ਪਾਣੀ ਪਾਉਣ ਨਾਲ਼ ਬਹੁਤ ਗੜਬੜ ਹੋ ਜਾਵੇਗੀ ਅਤੇ ਉਹ ਆਪਣੇ ਆਪ ਅਜਿਹੀ ਹਾਲਤ ਵਿੱਚ ਨਹੀਂ ਸੀ ਕਿ ਕੋਈ ਫੈਸਲਾ ਕਰ ਸਕਦਾ। ਅੱਠ ਦਿਨ ਕਰਫਿਊ ਲੱਗਾ ਰਿਹਾ ਸੀ ਅਤੇ ਜਦੋਂ ਉਹ ਅੱਠਾਂ ਦਿਨਾਂ ਮਗਰੋਂ ਡਾਕਟਰ ਕੋਲ਼ ਗਿਆ ਤਾਂ ਡਾਕਟਰ ਨੇ ਉਹਨੂੰ ਦੱਸਿਆ ਸੀ ਕਿ ਜੇਕਰ ਉਹ ਝੱਟਪੱਟ ਸਿਰ ਧੋ ਲੈਂਦਾ ਤਾਂ ਇੰਨੇ ਡੂੰਘੇ ਜ਼ਖ਼ਮ ਨਾ ਹੁੰਦੇ।
ਦੰਗਿਆਂ ਤੋਂ ਬਾਅਦ ਫਿਰਕੂ ਸਦਭਾਵਨਾ ਕਾਇਮ ਕਰਨ ਲਈ ਸੰਮੇਲਨ ਕੀਤੇ ਜਾਣ ਦੀ ਕੜੀ ਵਿੱਚ ਇਹਨਾਂ ਦੰਗਿਆਂ ਤੋਂ ਤਿੰਨ ਮਹੀਨੇ ਬਾਅਦ ਸੰਮੇਲਨ ਹੋਇਆ। ਸੰਮੇਲਨ ਵਿੱਚ ਮੈਂ ਸੋਚਿਆ ਮੁਖ਼ਤਾਰ ਨੂੰ ਲੈ ਚੱਲਣਾ ਚਾਹੀਦਾ ਹੈ। ਉਹਨੂੰ ਇੱਕ ਦਿਨ ਦੀ ਛੁੱਟੀ ਕਰਨੀ ਪਈ ਅਤੇ ਅਸੀਂ ਦੋਵੇਂ ਪਹੁੰਚੇ ਰਾਜਧਾਨੀ ਦੀ ਅਸਲੀ ਰਾਜਧਾਨੀ — ਯਾਨੀ ਰਾਜਧਾਨੀ ਦਾ ਉਹ ਹਿੱਸਾ ਜਿੱਥੇ ਚੌੜੀਆਂ ਸਾਫ਼ ਸੜਕਾਂ, ਛਾਂਦਾਰ ਦਰੱਖ਼ਤ, ਲਿਸ਼ਕਦੇ ਹੋਏ ਫੁਟਪਾਥ, ਉੱਚੇ-ਉੱਚੇ ਬਿਜਲੀ ਦੇ ਖੰਬੇ ਅਤੇ ਮੁਲਾਇਮ ਇਮਾਰਤਾਂ ਹਨ ਅਤੇ ਉਸੇ ਤਰ੍ਹਾਂ ਦੇ ਹੀ ਨਾਜ਼ੁਕ-ਨਾਜ਼ੁਕ ਲੋਕ ਹਨ। ਮੁਖਤਾਰ ਸ਼ਾਨਦਾਰ ਇਮਾਰਤ ਵਿੱਚ ਵੜਣ ਤੋਂ ਪਹਿਲਾਂ ਥੋੜਾ ਝਿਜਕਿਆ, ਪਰ ਮੇਰੇ ਬਹਾਦਰੀ ਨਾਲ਼ ਅੱਗੇ ਵਧਦੇ ਰਹਿਣ ਕਾਰਨ ਉਸ ਵਿੱਚ ਕੁੱਝ ਹਿੰਮਤ ਆ ਗਈ ਅਤੇ ਅਸੀਂ ਅੰਦਰ ਆ ਗਏ। ਅੰਦਰ ਕਾਫੀ ਚਹਿਲ-ਪਹਿਲ ਸੀ। ਯੂਨੀਵਰਸਿਟੀ ਦੇ ਵਿਦਿਆਰਥੀ, ਅਧਿਆਪਕ, ਸੰਸਥਾਵਾਂ ਦੇ ਵੱਡੇ ਵਿਦਵਾਨ, ਵੱਡੇ ਸਰਕਾਰੀ ਅਧਿਕਾਰੀ, ਦਫਤਰਾਂ ਵਿੱਚ ਕੰਮ ਕਰਨ ਵਾਲ਼ੇ ਲੋਕ, ਸਾਰੇ ਸਨ। ਉਨ੍ਹਾਂ ਵਿਚੋਂ ਜ਼ਿਆਦਾਤਰ ਚਿਹਰੇ ਵੇਖੇ ਹੋਏ ਸਨ। ਉਹ ਸਭ ਧਰਮ ਨਿਰਪੇਖ ਸਿਆਸਤ ਜਾਂ ਉਸਦੀਆਂ ਜਨਤਕ ਜਥੇਬੰਦੀਆਂ ਵਿੱਚ ਕੰਮ ਕਰਨ ਵਾਲ਼ੇ ਲੋਕ ਸਨ। ਉੱਥੇ ਕਲਾਕਾਰ, ਲੇਖਕ, ਬੁੱਧੀਜੀਵੀ, ਰੰਗਕਰਮੀ ਅਤੇ ਸੰਗੀਤਕਾਰ ਵੀ ਸਨ। ਪੂਰੀ ਭੀੜ ਵਿੱਚ ਮੁਖਤਾਰ ਜਿਹੇ ਸ਼ਾਇਦ ਹੀ ਕੁੱਝ ਹੋਣਗੇ ਜਾਂ ਨਹੀਂ, ਕਿਹਾ ਨਹੀਂ ਜਾ ਸਕਦਾ।
ਅੰਦਰ ਮੰਚ ਉੱਤੇ ਵੱਡਾ ਸਾਰਾ ਬੈਨਰ ਲੱਗਾ ਹੋਇਆ ਸੀ। ਇਹਦੇ ‘ਤੇ ਅੰਗ੍ਰੇਜ਼ੀ, ਹਿੰਦੀ ਅਤੇ ਉਰਦੂ ਵਿੱਚ ‘ਫਿਰਕਾਪ੍ਰਸਤੀ ਵਿਰੋਧੀ ਸੰਮੇਲਨ’ ਲਿਖਿਆ ਹੋਇਆ ਸੀ। ਮੈਨੂੰ ਯਾਦ ਆਇਆ ਕਿ ਇਹ ਉਹੀ ਬੈਨਰ ਹੈ ਜੋ ਚਾਰ ਸਾਲ ਪਹਿਲਾਂ ਹੋਏ ਭਿਆਨਕ ਦੰਗਿਆਂ ਮਗਰੋਂ ਕੀਤੇ ਗਏ ਸੰਮੇਲਨ ਵਿੱਚ ਲਗਾਇਆ ਗਿਆ ਸੀ। ਬੈਨਰ ਉੱਤੇ ਤਾਰੀਖਾਂ ਦੀ ਜਗ੍ਹਾ ਸਫੈਦ ਕਾਗ਼ਜ ਜੋੜਕੇ ਨਵੀਂਆਂ ਮਿਤੀਆਂ ਲਿਖ ਦਿੱਤੀਆਂ ਗਈਆਂ ਸਨ। ਮੰਚ ਉੱਤੇ ਜੋ ਲੋਕ ਬੈਠੇ ਸਨ ਉਹ ਵੀ ਉਹੀ ਸਨ ਜੋ ਪਿਛਲੇ ਅਤੇ ਉਸਤੋਂ ਪਹਿਲਾਂ ਹੋਏ ਫਿਰਕਾਪ੍ਰਸਤੀ ਵਿਰੋਧੀ ਸੰਮੇਲਨਾਂ ਵਿੱਚ ਮੰਚ ‘ਤੇ ਬੈਠੇ ਹੋਏ ਸਨ। ਸੰਮੇਲਨ ਹੋਣ ਦੀ ਜਗ੍ਹਾ ਵੀ ਉਹੀ ਸੀ। ਮੈਨੂੰ ਯਾਦ ਆਇਆ ਕਿ ਪਿਛਲੇ ਸੰਮੇਲਨ ਦੇ ਇੱਕ ਪ੍ਰਬੰਧਕ ਨਾਲ਼ ਸੰਮੇਲਨ ਮਗਰੋਂ ਮੇਰੀ ਕੁੱਝ ਗੱਲਬਾਤ ਹੋਈ ਸੀ ਅਤੇ ਮੈਂ ਕਿਹਾ ਸੀ ਕਿ ਦਿੱਲੀ ਦੇ ਸਭ ਤੋਂ ਸੁੱਖ-ਸਾਂਦ ਇਲਾਕੇ ਵਿੱਚ ਸੰਮੇਲਨ ਕਰਨ ਅਤੇ ਅਜਿਹੇ ਲੋਕਾਂ ਨੂੰ ਸਮੇਲਨ ਵਿੱਚ ਸੱਦਣ ਦਾ ਕੀ ਫਾਇਦਾ ਹੈ ਜੋ ਸੌ ਫ਼ੀਸਦੀ ਸਾਡੇ ਵਿਚਾਰਾਂ ਨਾਲ਼ ਸਹਿਮਤ ਹਨ। ਇਸ ‘ਤੇ ਪ੍ਰਬੰਧਕ ਨੇ ਕਿਹਾ ਸੀ ਕਿ ਸੰਮੇਲਨ ਮਜ਼ਦੂਰ ਬਸਤੀਆਂ, ਸੰਘਣੀਆਂ ਆਬਾਦੀਆਂ ਅਤੇ ਉਪਨਗਰੀ ਬਸਤੀਆਂ ਵਿੱਚ ਵੀ ਹੋਣਗੇ। ਪਰ ਮੈਨੂੰ ਯਾਦ ਨਹੀਂ ਕਿ ਉਸ ਮਗਰੋਂ ਅਜਿਹਾ ਹੋਇਆ ਹੋਵੇ।
ਹਾਲ ਵਿੱਚ ਬੈਠਕੇ ਮੁਖ਼ਤਾਰ ਨੇ ਮੈਨੂੰ ਇਹੋ ਗੱਲ ਕਹੀ — "ਇਹਨਾਂ ਵਿੱਚ ਤਾਂ ਹਿੰਦੂ ਵੀ ਹਨ ਅਤੇ ਮੁਸਲਮਾਨ ਵੀ।"
ਮੈਂ ਕਿਹਾ, "ਹਾਂ!"
ਉਹ ਬੋਲਿਆ, "ਜੇਕਰ ਇਹ ਸੰਮੇਲਨ ਕਸਾਬਪੁਰੇ ਵਿੱਚ ਕਰਦੇ ਤਾਂ ਚੰਗਾ ਸੀ। ਉੱਥੋਂ ਦੇ ਮੁਸਲਮਾਨ ਇਹ ਮੰਨਦੇ ਹੀ ਨਹੀਂ ਕਿ ਕੋਈ ਹਿੰਦੂ ਉਨ੍ਹਾਂ ਨਾਲ਼ ਹਮਦਰਦੀ ਰੱਖ ਸਕਦਾ ਹੈ।"
"ਉੱਥੇ ਵੀ ਕਰਨਗੇ, ਪਰ ਹੁਣੇ ਨਹੀਂ।"
ਉਦੋਂ ਕਾਰਵਾਈ ਸ਼ੁਰੂ ਹੋ ਚੁੱਕੀ ਸੀ। ਮੰਚ ਸੰਚਾਲਕ ਨੇ ਗੱਲ ਸ਼ੁਰੂ ਕਰਦੇ ਹੋਏ ਫਿਰਕੂ ਤਾਕਤਾਂ ਦੀ ਵਧਦੀ ਹੋਈ ਤਾਕਤ ਅਤੇ ਉਸਦੇ ਖਤਰਿਆਂ ਵੱਲ ਸੰਕੇਤ ਕੀਤਾ। ਇਹ ਵੀ ਕਿਹਾ ਕਿ ਜਦੋਂ ਤੱਕ ਫਿਰਕਾਪ੍ਰਸਤੀ ਨੂੰ ਖ਼ਤਮ ਨਹੀਂ ਕੀਤਾ ਜਾਵੇਗਾ ਤਦ ਤੱਕ ਜਮਹੂਰੀ ਤਾਕਤਾਂ ਮਜ਼ਬੂਤ ਨਹੀਂ ਹੋ ਸਕਦੀਆਂ। ਉਨ੍ਹਾਂ ਨੇ ਇਹ ਭਰੋਸਾ ਦਿੱਤਾ ਕਿ ਹੁਣ ਸਭ ਜਥੇਬੰਦ ਹੋ ਕੇ ਫਿਰਕਾਪ੍ਰਸਤੀ ਰੂਪੀ ਦੈਤ ਨਾਲ਼ ਲੜਾਂਗੇ। ਇਸ ‘ਤੇ ਲੋਕਾਂ ਨੇ ਜ਼ੋਰਦਾਰ ਤਾੜੀਆਂ ਵਜਾਈਆਂ ਅਤੇ ਸਭ ਤੋਂ ਪਹਿਲਾਂ ਘੱਟ ਗਿਣਤੀਆਂ ਦੀ ਯੂਨੀਵਰਸਿਟੀ ਦੇ ਉੱਪ-ਕੁਲਪਤੀ ਨੂੰ ਬੋਲਣ ਲਈ ਸੱਦਿਆ ਗਿਆ। ਉੱਪ-ਕੁਲਪਤੀ ਆਈ.ਏ.ਐੱਸ ਮਹਿਕਮੇ ਵਿੱਚ ਸੀ। ਕਈ ਸਾਲਾਂ ਪ੍ਰਬੰਧਕੀ ਤਜ਼ਰਬਾ ਸੀ। ਉਨ੍ਹਾਂ ਦੀ ਪਤਨੀ ਹਿੰਦੂ ਸੀ। ਉਨ੍ਹਾਂ ਦੀ ਇੱਕ ਕੁੜੀ ਨੇ ਹਿੰਦੂ ਮੁੰਡੇ ਨਾਲ਼ ਵਿਆਹ ਕੀਤਾ ਸੀ। ਮੁੰਡੇ ਦੀ ਪਤਨੀ ਅਮਰੀਕਨ ਸੀ। ਉੱਪ-ਕੁਲਪਤੀ ਦੇ ਅਗਾਂਹਵਧੂ ਅਤੇ ਧਰਮ ਨਿਰਪੱਖ ਹੋਣ ਵਿੱਚ ਕੋਈ ਸ਼ੱਕ ਨਹੀਂ ਸੀ। ਉਹ ਇੱਕ ਇਮਾਨਦਾਰ ਅਤੇ ਭਾਗਸ਼ਾਲੀ ਵਿਅਕਤੀ ਦੇ ਰੂਪ ਵਿੱਚ ਸਨਮਾਨਿਤ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਬਹੁਤ ਵਿਦਵਤਾਪੂਰਣ ਢੰਗ ਨਾਲ਼ ਫਿਰਕਾਪ੍ਰਸਤੀ ਦੀ ਸਮੱਸਿਆ ਦਾ ਵਿਸ਼ਲੇਸ਼ਣ ਕੀਤਾ। ਉਸਦੇ ਖਤਰਨਾਕ ਨਤੀਜਿਆਂ ਵੱਲ ਸੰਕੇਤ ਕੀਤੇ ਅਤੇ ਲੋਕਾਂ ਨੂੰ ਇਸ ਚੁਣੌਤੀ ਨਾਲ਼ ਸਿੱਝਣ ਲਈ ਕਿਹਾ। ਕੋਈ ਵੀਹ ਮਿੰਟ ਤੱਕ ਬੋਲ ਕੇ ਉਹ ਬੈਠ ਗਏ। ਤਾੜੀਆਂ ਵੱਜੀਆਂ।
ਮੁਖ਼ਤਾਰ ਨੇ ਮੈਨੂੰ ਕਿਹਾ, "ਪ੍ਰੋਫੈਸਰ ਸਾਹਬ ਦੀ ਸਮਝ ਤਾਂ ਬਹੁਤ ਠੀਕ ਹੈ।"
"ਹਾਂ, ਸਮਝ ਤਾਂ ਉਨ੍ਹਾਂ ਸਭ ਲੋਕਾਂ ਦੀ ਬਿਲਕੁਲ ਠੀਕ ਹੈ ਜੋ ਇੱਥੇ ਮੌਜੂਦ ਹਨ।"
"ਤਾਂ ਫਿਰ?"
ਉਦੋਂ ਤੱਕ ਦੂਜੇ ਬੁਲਾਰੇ ਬੋਲਣ ਲੱਗੇ ਸਨ। ਇਹ ਇੱਕ ਸਰਦਾਰ ਜੀ ਸਨ। ਉਨ੍ਹਾਂ ਦੀ ਉਮਰ ਕਾਫੀ ਸੀ। ਉਹ ਅਜਾਦੀ ਘੁਲਾਟੀਏ ਸਨ ਅਤੇ ਕਈ ਦਹਾਕੇ ਪਹਿਲਾਂ ਪੰਜਾਬ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਨ। ਉਨ੍ਹਾਂ ਨੇ ਆਪਣੇ ਬਚਪਨ, ਆਪਣੇ ਪਿੰਡ ਅਤੇ ਆਪਣੇ ਹਿੰਦੂ, ਮੁਸਲਮਾਨ, ਸਿੱਖ ਦੋਸਤਾਂ ਦੀਆਂ ਯਾਦਾਂ ਸੁਣਾਈਆਂ। ਉਨ੍ਹਾਂ ਦੇ ਭਾਸ਼ਣ ਦੌਰਾਨ ਲਗਭਗ ਲਗਾਤਾਰ ਤਾੜੀਆਂ ਵੱਜਦੀਆਂ ਰਹੀਆਂ। ਫਿਰ ਉਨ੍ਹਾਂ ਨੇ ਦਿੱਲੀ ਦੇ ਹਾਲੀਆ ਦੰਗਿਆਂ ‘ਤੇ ਬੋਲਣਾ ਸ਼ੁਰੂ ਕੀਤਾ।
ਮੁਖਤਾਰ ਨੇ ਮੇਰੇ ਕੰਨ ਵਿੱਚ ਕਿਹਾ, "ਸਰਦਾਰ ਜੀ ਦੰਗਾ ਕਰਾਉਣ ਵਾਲ਼ਿਆਂ ਦੇ ਨਾਮ ਕਿਉਂ ਨਹੀਂ ਲੈ ਰਹੇ? ਬੱਚਾ-ਬੱਚਾ ਜਾਣਦਾ ਹੈ ਦੰਗਾ ਕੀਹਨੇ ਕਰਾਇਆ ਸੀ।"
ਮੈਂ ਕਿਹਾ, "ਬੱਚਿਆਂ ਵਾਲ਼ੀਆਂ ਗੱਲਾਂ ਨਾ ਕਰ। ਦੰਗਾ ਕਰਾਉਣ ਵਾਲ਼ਿਆਂ ਦੇ ਨਾਮ ਲੈ ਦਿੱਤੇ ਤਾਂ ਉਹ ਲੋਕ ਇਸ ‘ਤੇ ਮੁਕੱਦਮਾ ਕਰ ਦੇਣਗੇ।"
"ਤਾਂ ਮੁਕੱਦਮੇ ਦੇ ਡਰੋਂ ਸੱਚੀ ਗੱਲ ਨਾ ਕਹੀ ਜਾਵੇ?"
"ਤੂੰ ਆਦਰਸ਼ਵਾਦੀ ਏਂ, ਆਇਡਇਲਿਸਟ . . .।"
"ਇਹ ਕੀ ਹੁੰਦੈ?" ਮੁਖਤਾਰ ਬੋਲਿਆ।
"ਓਏ ਯਾਰ, ਇਨ੍ਹਾਂ ਦਾ ਮਕਸਦ ਦੰਗਾ ਕਰਾਉਣ ਵਾਲ਼ਿਆਂ ਦੇ ਨਾਮ ਗਿਣਾਉਣਾ ਤਾਂ ਹੈ ਨਹੀਂ।"
"ਫਿਰ ਕੀ ਮਕਸਦ ਹੈ ਇਨ੍ਹਾਂ ਦਾ?"
"ਦੱਸਣਾ ਕਿ ਫ਼ਿਰਕਾਪ੍ਰਸਤੀ ਕਿੰਨੀ ਖ਼ਰਾਬ ਚੀਜ਼ ਹੈ ਅਤੇ ਉਸਦੇ ਕਿੰਨੇ ਭੈੜੇ ਨਤੀਜੇ ਹੁੰਦੇ ਨੇ।"
"ਇਹ ਗੱਲ ਤਾਂ ਇੱਥੇ ਬੈਠੇ ਸਾਰੇ ਲੋਕ ਮੰਨਦੇ ਨੇ। ਤਾਂਹੀ ਤਾਂ ਤਾੜੀਆਂ ਵਜਾ ਰਹੇ ਨੇ।"
"ਤਾਂ ਤੂੰ ਕੀ ਚਾਹੁੰਨੈ?"
"ਇਹ ਦੰਗਾ ਕਰਾਉਣ ਵਾਲ਼ਿਆਂ ਦੇ ਨਾਮ ਦੱਸਣ।"
ਮੁਖਤਾਰ ਦੀ ਅਵਾਜ਼ ਤੇਜ਼ ਹੋ ਗਈ। ਉਹ ਆਪਣਾ ਸਿਰ ਖੁਰਕਣ ਲਗਾ।
"ਨਾਮ ਦੱਸਣ ਦਾ ਕੀ ਫਾਇਦਾ ਹੋਊ?"
"ਨਾ ਦੱਸਣ ਦਾ ਕੀ ਫਾਇਦਾ ਹੋਊ?"
ਅਜ਼ਾਦੀ ਘੁਲਾਟੀਏ ਦਾ ਭਾਸ਼ਣ ਜਾਰੀ ਸੀ। ਉਹ ਕੁੱਝ ਕੀਤੇ ਜਾਣ ਬਾਰੇ ਬੋਲ ਰਹੇ ਸਨ। ਇਸ ਉੱਤੇ ਜ਼ੋਰ ਦੇ ਰਹੇ ਸਨ ਕਿ ਇਸ ਲੜਾਈ ਨੂੰ ਗਲ਼ੀਆਂ ਅਤੇ ਖੇਤਾਂ ਵਿੱਚ ਲੜਨ ਦੀ ਜ਼ਰੂਰਤ ਹੈ। ਅਜ਼ਾਦੀ ਘੁਲਾਟੀਏ ਮਗਰੋਂ ਇੱਕ ਲੇਖਕ ਨੂੰ ਬੋਲਣ ਲਈ ਬੁਲਾਇਆ ਗਿਆ। ਲੇਖਕ ਨੇ ਫਿਰਕਾਪ੍ਰਸਤੀ ਦੇ ਵਿਰੋਧ ਵਿੱਚ ਲੇਖਕਾਂ ਨੂੰ ਇੱਕਜੁਟ ਹੋਕੇ ਸੰਘਰਸ਼ ਕਰਨ ਦੀ ਗੱਲ ਰੱਖੀ।"
"ਤੂੰ ਮੈਨੂੰ ਇੱਕ ਗੱਲ ਦੱਸ," ਮੁਖਤਾਰ ਨੇ ਪੁੱਛਿਆ।
"ਕੀ?"
"ਜਦੋਂ ਦੰਗਾ ਹੁੰਦਾ ਹੈ ਤਾਂ ਇਹ ਸਭ ਲੋਕ ਕੀ ਕਰਦੇ ਨੇ?"
ਮੈਂ ਖਿੱਝ ਕੇ ਬੋਲਿਆ, "ਅਖ਼ਬਾਰ ਪੜ੍ਹਦੇ ਨੇ, ਘਰ ਵਿੱਚ ਰਹਿੰਦੇ ਨੇ ਹੋਰ ਕੀ ਕਰਨਗੇ?"
"ਤਾਂ ਫਿਰ ਇਸ ਜ਼ੁਬਾਨੀ ਜਮਾਂ-ਖਰਚ ਦਾ ਕੀ ਫਾਇਦਾ?"
"ਬਹੁਤ ਫਾਇਦਾ, ਤੂੰ ਨਹੀਂ ਸਮਝਦਾ।"
"ਕੀ ਫਾਇਦਾ ਹੈ, ਦੱਸ?"
"ਭਰਾ, ਇੱਕ ਮਾਹੌਲ ਬਣਦਾ ਹੈ, ਫ਼ਿਰਕਾਪ੍ਰਸਤੀ ਦੇ ਖਿਲਾਫ।"
"ਕਿਹੜੇ ਲੋਕਾਂ ਵਿੱਚ? ਇਨ੍ਹਾਂ ਵਿੱਚ ਜੋ ਪਹਿਲਾਂ ਤੋਂ ਹੀ ਫ਼ਿਰਕਾਪ੍ਰਸਤੀ ਦੇ ਖਿਲਾਫ ਨੇ? ਤੈਨੂੰ ਪਤਾ ਹੈ ਦੰਗਿਆਂ ਮਗਰੋਂ ਸਭ ਤੋਂ ਪਹਿਲਾਂ ਸਾਡੇ ਮੁਹੱਲੇ ਵਿੱਚ ਕੌਣ ਆਏ ਸਨ?"
"ਕੌਣ?"
"ਤਬਲੀਗੀ ਜਮਾਤ ਅਤੇ ਜਮਾਤ-ਏੇ-ਇਸਲਾਮੀ ਦੇ ਲੋਕ, ਉਨ੍ਹਾਂ ਨੇ ਕਰਫਿਊ ਪਾਸ ਵੀ ਬਣਵਾਏ ਸਨ।"
"ਤਾਂ ਉਨ੍ਹਾਂ ਦੇ ਇਸ ਕੰਮ ਤੋਂ ਤੂੰ ਸਮਝਦੈਂ ਕਿ ਉਹ ਫ਼ਿਰਕਾਪ੍ਰਸਤੀ ਦੇ ਖਿਲਾਫ ਨੇ?"
"ਹੋਣ ਜਾਂ ਨਾ ਹੋਣ, ਦਿਲ ਕੌਣ ਜਿੱਤੇਗਾ — ਉਹ ਜੋ ਮੁਸੀਬਤ ਸਮੇਂ ਸਾਡੇ ਕੰਮ ਆਏ ਜਾਂ ਉਹ ਜੋ —"
ਮੈਂ ਉਹਦੀ ਗੱਲ ਟੋਕ ਕੇ ਬੋਲਿਆ, "ਖੈਰ ਬਾਅਦ ‘ਚ ਗੱਲ ਕਰਾਂਗੇ, ਹੁਣ ਸੁਣਨ ਦੇ।"
ਕੁੱਝ ਦੇਰ ਬਾਅਦ ਮੈਂ ਉਹਨੂੰ ਕਿਹਾ, "ਗੱਲ ਇਹ ਹੈ ਯਾਰ ਕਿ ਇਹਨਾਂ ਲੋਕਾਂ ਕੋਲ਼ ਇੰਨੀ ਤਾਕਤ ਨਹੀਂ ਹੈ ਕਿ ਦੰਗਿਆਂ ਵੇਲ਼ੇ ਬਸਤੀਆਂ ਵਿੱਚ ਜਾਣ।"
"ਇਨ੍ਹਾਂ ਕੋਲ਼ ਨਹੀਂ ਹੈ ਅਤੇ ਜਮਾਤ-ਏ-ਇਸਲਾਮੀ ਕੋਲ਼ ਹੈ?"
ਮੈਂ ਉਸ ਵੇਲ਼ੇ ਉਹਦੇ ਇਸ ਸਵਾਲ ਦਾ ਜਵਾਬ ਨਾ ਦੇ ਸਕਿਆ। ਮੈਂ ਆਪਣੀ ਪਹਿਲੀ ਗੱਲ ਜਾਰੀ ਰੱਖੀ, ਜਦੋਂ ਇਨ੍ਹਾਂ ਕੋਲ਼ ਜ਼ਿਆਦਾ ਤਾਕਤ ਆ ਜਾਵੇਗੀ ਤਾਂ ਇਹ ਦੰਗਾ-ਪੀੜਤ ਇਲਾਕਿਆਂ ਵਿੱਚ ਜਾ ਸਕਣਗੇ, ਕੰਮ ਕਰ ਸਕਣਗੇ।"
"ਓਨੀ ਤਾਕਤ ਕਿਵੇਂ ਆਵੇਗੀ?"
"ਜਦੋਂ ਇਹ ਉੱਥੇ ਕੰਮ ਕਰਨਗੇ।"
"ਪਰ ਹੁਣੇ ਤੂੰ ਕਿਹਾ ਕਿ ਇਨ੍ਹਾਂ ਕੋਲ਼ ਓਨੀ ਤਾਕਤ ਹੀ ਨਹੀਂ ਹੈ ਕਿ ਉੱਥੇ ਜਾ ਸਕਣ ਜਿੱਥੇ ਦੰਗਾ ਹੁੰਦਾ ਹੈ ਅਤੇ ਤਾਕਤ ਇਨ੍ਹਾਂ ਕੋਲ਼ ਉਦੋਂ ਆਵੇਗੀ ਜਦੋਂ ਇਹ ਉੱਥੇ ਜਾਕੇ ਕੰਮ ਕਰਨਗੇ – ਅਤੇ ਜਾ ਸਕਦੇ ਨਹੀਂ।"
"ਯਾਰ, ਹਰ ਵੇਲ਼ੇ ਦੰਗੇ ਥੋੜਾ ਹੁੰਦੇ ਰਹਿੰਦੇ ਨੇ, ਜਦੋਂ ਦੰਗੇ ਨਹੀਂ ਹੁੰਦੇ ਉਦੋਂ ਜਾਣਗੇ।"
"ਅੱਛਾ ਇਹ ਦੱਸ, ਜਮਾਤ-ਏ-ਇਸਲਾਮੀ ਦੇ ਮੁਕਾਬਲੇ ਇਹਨਾਂ ਲੋਕਾਂ ਨੂੰ ਕਮਜ਼ੋਰ ਕਿਵੇਂ ਮੰਨ ਰਿਹੈਂ — ਇਹਨ ਸਾਰੀਆਂ ਜਮਹੂਰੀ ਪਾਰਟੀਆਂ ਦੇ ਤਾਂ ਕਈ ਸੰਸਦ ਮੈਂਬਰ ਹਨ, ਕੁੱਝ ਸੂਬਿਆਂ ਵਿੱਚ ਇਹਨਾਂ ਪਾਰਟੀਆਂ ਦੀਆਂ ਸਰਕਾਰਾਂ ਹਨ, ਜਦਕਿ ਜਮਾਤ-ਏ-ਇਸਲਾਮੀ ਦਾ ਤਾਂ ਇੱਕ ਵੀ ਸੰਸਦ ਮੈਂਬਰ ਨਹੀਂ।"
ਮੈਂ ਖਿਝ ਕੇ ਬੋਲਿਆ, "ਤਾਂ ਤੂੰ ਇਹ ਸਾਬਤ ਕਰਨਾ ਚਾਹੁੰਨੈ ਕਿ ਇਹ ਝੂਠੇ, ਪਖੰਡੀ, ਕੰਮਚੋਰ ਅਤੇ ਬੇਈਮਾਨ ਲੋਕ ਨੇ?"
"ਨਹੀਂ, ਨਹੀਂ ਇਹ ਤਾਂ ਮੈਂ ਬਿਲਕੁਲ ਨਹੀਂ ਕਿਹਾ!" ਉਹ ਬੋਲਿਆ।
"ਤੇਰੀ ਗੱਲ ਦਾ ਮਤਲਬ ਤਾਂ ਇਹੀ ਨਿੱਕਲ਼ਦਾ ਹੈ।"
"ਨਹੀਂ, ਮੇਰਾ ਇਹ ਮੰਨਣਾ ਨਹੀਂ ਹੈ।"
ਮੈਂ ਹੌਲ਼ੀ-ਹੌਲ਼ੀ ਉਹਨੂੰ ਸਮਝਾਉਣ ਲੱਗਾ, "ਯਾਰ ਗੱਲ ਦਰਅਸਲ ਇਹ ਹੈ ਕਿ ਅਸੀਂ ਖ਼ੁਦ ਮੰਨਦੇ ਹਾਂ ਕਿ ਕੰਮ ਜਿੰਨੀ ਤੇਜੀ ਨਾਲ਼ ਹੋਣਾ ਚਾਹੀਦਾ, ਨਹੀਂ ਹੋ ਰਿਹਾ। ਹੌਲ਼ੀ-ਹੌਲ਼ੀ ਹੋ ਰਿਹਾ ਹੈ, ਪਰ ਠੋਸ ਤਰੀਕੇ ਨਾਲ਼ ਹੋ ਰਿਹਾ ਹੈ। ਉਸ ਵਿੱਚ ਸਮਾਂ ਤਾਂ ਲਗਦਾ ਹੈ।"
"ਤੂੰ ਇਹ ਮੰਨਦਾ ਹੋਏਂਗਾ ਕਿ ਫ਼ਿਰਕਾਪ੍ਰਸਤੀ ਵਧ ਰਹੀ ਹੈ।"
"ਹਾਂ।"
"ਤਾਂ ਇਹ ਹੌਲ਼ੀ-ਹੌਲ਼ੀ ਜੋ ਕੰਮ ਹੋ ਰਿਹਾ ਹੈ ਉਹਦਾ ਕੋਈ ਅਸਰ ਤਾਂ ਦਿਸ ਨਹੀਂ ਰਿਹਾ, ਹਾਂ ਫ਼ਿਰਕਾਪ੍ਰਸਤੀ ਜ਼ਰੂਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਰਹੀ ਹੈ।"
"ਹੁਣੇ ਬਾਹਰ ਨਿੱਕਲ਼ ਕੇ ਗੱਲ ਕਰਦੇ ਹਾਂ।""ਮੈਂ ਉਹਨੂੰ ਚੁੱਪ ਕਰਾ ਦਿੱਤਾ।
ਇਸ ਦੌਰਾਨ ਚਾਹ ਆ ਗਈ। ਆਖ਼ਰੀ ਬੁਲਾਰੇ ਨੇ ਸਮਾਂ ਬਹੁਤ ਹੋ ਜਾਣ ਅਤੇ ਸਾਰੀ ਗੱਲਾਂ ਕਹਿ ਦਿੱਤੀਆਂ ਗਈਆਂ ਹਨ, ਆਦਿ-ਆਦਿ ਕਹਿਕੇ ਭਾਸ਼ਣ ਖ਼ਤਮ ਕਰ ਦਿੱਤਾ। ਅਸੀਂ ਦੋਵੇਂ ਥੋੜਾ ਪਹਿਲਾਂ ਹੀ ਬਾਹਰ ਨਿੱਕਲ਼ ਆਏ। ਸੜਕ ‘ਤੇ ਨਾਲ਼-ਨਾਲ਼ ਚਲਦਿਆਂ ਉਹ ਬੋਲਿਆ, "ਕੋਈ ਐਲਾਨ ਤਾਂ ਕਿਸੇ ਨੂੰ ਕਰਨਾ ਚਾਹੀਦਾ ਸੀ।"
"ਕਿਸ ਤਰ੍ਹਾਂ ਦਾ ਐਲਾਨ?"
"ਮੇਰਾ ਮਤਲਬ ਕਿ ਹੁਣ ਇਹ ਕੀਤਾ ਜਾਵੇਗਾ, ਇਹ ਹੋਵੇਗਾ।"
"ਓਏ ਭਰਾ, ਕਿਹਾ ਤਾਂ ਗਿਆ ਕਿ ਲੋਕਾਂ ਕੋਲ਼ ਜਾਣਗੇ, ਉਸਨੂੰ ਜਥੇਬੰਦ ਅਤੇ ਸਿੱਖਿਅਤ ਕੀਤਾ ਜਾਵੇਗਾ।"
"ਕੋਈ ਹੋਰ ਐਲਾਨ ਵੀ ਕਰ ਸਕਦੇ ਸਨ।"
"ਹੋਰ ਕਿਹੜਾ ਐਲਾਨ?"
"ਪ੍ਰੋਫੈਸਰ ਸਾਹਬ ਕਹਿ ਸਕਦੇ ਸਨ ਕਿ ਜੇਕਰ ਫਿਰ ਦਿੱਲੀ ਵਿੱਚ ਦੰਗਾ ਹੋਇਆ ਤਾਂ ਉਹ ਭੁੱਖ ਹੜਤਾਲ ‘ਤੇ ਬੈਠ ਜਾਣਗੇ। ਜੋ ਲੇਖਕ ਸਨ ਉਹ ਆਪਣਾ ਪਦਮਸ਼੍ਰੀ ਵਾਪਸ ਕਰ ਦੇਣਗੇ। ਅਜ਼ਾਦੀ ਘੁਲਾਟੀਏ ਆਪਣਾ ਤਾਮਰ-ਪੱਤਰ ਮੋੜ ਦੇਣ ਦੀ ਧਮਕੀ ਦਿੰਦੇ।"" ਉਹਦੀ ਗੱਲ ਨਾਲ਼ ਮੇਰਾ ਮਨ ਉਦਾਸ ਹੋ ਗਿਆ ਅਤੇ ਮੈਂ ਚਲਦੇ-ਚਲਦੇ ਰੁਕ ਗਿਆ। ਮੈਂ ਉਸਤੋਂ ਪੁੱਛਿਆ, "ਇਹ ਦੱਸ ਤੈਨੂੰ ਇੰਨੀ ਜਲਦੀ, ਇੰਨੀ ਕਾਹਲ਼ੀ ਕਿਉਂ ਹੈ?"
ਉਹ ਮੇਰੇ ਅੱਗੇ ਝੁਕਿਆ ਪਰ ਕੁੱਝ ਨਾ ਬੋਲਿਆ। ਉਸਨੇ ਆਪਣੇ ਸਿਰ ਦੇ ਵਾਲ਼ ਹਟਾਏ। ਮੇਰੇ ਸਾਹਮਣੇ ਲਾਲ-ਲਾਲ ਜ਼ਖ਼ਮ ਸਨ ਜਿਨ੍ਹਾਂ ਤੋਂ ਤਾਜ਼ਾ ਖੂਨ ਰਿਸ ਰਿਹਾ ਸੀ।