Zamane Mein Koi Virk Bhi Tha : Gulzar Singh Sandhu
ਜ਼ਮਾਨੇ ਮੇਂ ਕੋਈ ਵਿਰਕ ਭੀ ਥਾ : ਗੁਲਜ਼ਾਰ ਸਿੰਘ ਸੰਧੂ
ਅੱਜ ਦੇ ਪਾਠਕਾਂ ਨੂੰ ਕੁਲਵੰਤ ਸਿੰਘ ਵਿਰਕ ਦਾ ਸੁਭਾਅ ਦੱਸਣ ਲਈ ਮੈਂ ਆਪਣੀ ਗੱਲ ਉਹਦੇ ਨਾਲ ਹੋਈ ਆਪਣੀ ਪਹਿਲੀ ਮੁਲਾਕਾਤ ਤੋਂ ਸ਼ੁਰੂ ਕਰਦਾ ਹਾਂ। ਨਵੀਂ ਦਿੱਲੀ ਦੇ ਯੌਰਕ ਰੈਸਤਰਾਂ ਵਿੱਚ ਐੱਮ.ਐੱਸ. ਰੰਧਾਵਾ ਦੇ ਸਵਾਗਤ ਵਿੱਚ ਪਾਰਟੀ ਸੀ। ਰੰਧਾਵਾ ਨੇ ਇੱਕ ਛੀਂਟਕੇ ਜਿਹੇ ਸਰਦਾਰ ਨੂੰ ਇਸ਼ਾਰਾ ਕਰ ਕੇ ਆਪਣੇ ਨਾਲ ਦੀ ਸੀਟ ’ਤੇ ਬਿਠਾ ਲਿਆ। ਸਾਰਾ ਅਰਸਾ ਹੋਰਨਾਂ ਦੀਆਂ ਸਾਹਬ ਸਲਾਮਾਂ ਦਾ ਉੱਤਰ ਤਾਂ ਦਿੱਤਾ, ਪਰ ਗੱਲਾਂ ਛੋਟੀਆਂ ਅੱਖਾਂ ਵਾਲੇ ਉਸ ਬੰਦੇ ਨਾਲ ਹੀ ਕਰਦਾ ਰਿਹਾ। ਪਤਾ ਲੱਗਿਆ ਇਹ ਕੁਲਵੰਤ ਸਿੰਘ ਵਿਰਕ ਸੀ। ਉਹ ਪੰਜਾਬ ਤੋਂ ਦਿੱਲੀ ਗਿਆ ਹੋਇਆ ਸੀ। ਸੰਨ 1957 ਦੀ ਗੱਲ ਹੋਵੇਗੀ।
‘‘ਮੈਂ ਗੁਲਜ਼ਾਰ ਸਿੰਘ ਸੰਧੂ ਹਾਂ,’’ ਮੈਂ ਪਾਰਟੀ ਤੋਂ ਪਿੱਛੋਂ ਵਿਰਕ ਨਾਲ ਆਪਣੀ ਜਾਣ-ਪਛਾਣ ਕਰਵਾਈ। ‘‘ਮੈਂ ਜਾਣਨਾਂ,’’ ਉੱਤਰ ਮਿਲਿਆ। ‘‘ਮੈਂ ਰੰਧਾਵਾ ਦੇ ਦਫ਼ਤਰ ਭਾਰਤੀ ਖੇਤੀਬਾੜੀ ਖੋਜ ਕੌਂਸਲ ਵਿੱਚ ਸਬ ਐਡੀਟਰ ਹਾਂ,’’ ਮੇਰੀ ਉਸ ਦੇ ਛੋਟੇ ਉੱਤਰ ਨਾਲ ਤਸੱਲੀ ਨਹੀਂ ਸੀ ਹੋਈ। ‘‘ਮੈਨੂੰ ਪਤੈ।’’ ਫਿਰ ਦੋ ਹੀ ਸ਼ਬਦ। ਇੰਨੇ ਨੂੰ ਗੁਰਮੁਖ ਸਿੰਘ ਜੀਤ ਆ ਗਿਆ ਤੇ ਵਿਰਕ ਦੀ ਸੱਜਰੀ ਕਹਾਣੀ ਬਾਰੇ ਕਹਿਣ ਲੱਗਿਆ, ‘‘ਤੁਹਾਡੀ ਕਹਾਣੀ ਦਾ ਅੰਤ ਠੀਕ ਸੀ, ਆਰੰਭ ਨਹੀਂ ਜਚਿਆ।’’ ਉਹ ਪੰਜਾਬੀ ਕਹਾਣੀਆਂ ’ਤੇ ਕਿਤਾਬ ਲਿਖ ਰਿਹਾ ਸੀ।
‘‘ਤਾਂ ਮੈਨੂੰ ਚਾਹੀਦਾ ਹੈ ਕਿ ਮੈਂ ਅੰਤ ਕੱਟ ਦਿਆਂ ਤੇ ਆਰੰਭ ਰੱਖ ਛੱਡਾਂ।’’ ਵਿਰਕ ਦਾ ਉੱਤਰ ਇੰਨਾ ਤਿੱਖਾ ਸੀ ਕਿ ਸਾਰੇ ਹੱਸ ਪਏ। ਗੱਲਾਂ ਖੁੱਲ੍ਹਣ ਨਾਲ ਮੇਰਾ ਵੀ ਟੁੱਲਾ ਲੱਗ ਗਿਆ। ਅਸੀਂ ਪਹਿਲੀ ਮਿਲਣੀ ਵਿੱਚ ਹੀ ਇੱਕ ਦੂਜੇ ਦੇ ਨੇੜੇ ਹੋ ਗਏ।
ਛੇਤੀ ਹੀ ਸਾਡੀ ਦੋਵਾਂ ਦੀ ਦੋਸਤੀ ਅਖਾਣ ਬਣ ਗਈ। ਬਹੁਤੀ ਇਸ ਲਈ ਕਿ ਮੈਂ ਗ਼ਾਲਿਬ ਦੇ ਮਿਸਰੇ ‘ਜ਼ਮਾਨੇ ਮੇਂ ਕੋਈ ਮੀਰ ਭੀ ਥਾ’ ਵਿੱਚ ਮੀਰ ਦੀ ਥਾਂ ਵਿਰਕ ਭਰ ਲਿਆ ਸੀ। ਪੰਜਾਬੀ ਕਹਾਣੀ ਦੇ ਪ੍ਰਸੰਗ ਵਿੱਚ।
ਜਦੋਂ ਦੂਰਦਰਸ਼ਨ ਵਾਲਿਆਂ ਨੇ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬੌਲਦ’ ਉੱਤੇ ਫ਼ਿਲਮ ਬਣਾਈ ਤਾਂ ਵਧਾਈਆਂ ਦੇਣ ਵਾਲੇ ਮੈਨੂੰ ਲੱਭੀ ਜਾਣ। ਉਹ ਉਦੋਂ ਜਲੰਧਰ ਹੁੰਦਾ ਸੀ। ਬੰਦਾ ਕਿੰਨਾ ਕੁਝ ਕਿਸ ਤਰ੍ਹਾਂ ਬਰਦਾਸ਼ਤ ਕਰਨ ਦੀ ਕਿੰਨੀ ਸ਼ਕਤੀ ਰੱਖਦਾ ਹੈ ਇਸ ਕਹਾਣੀ ਤੋਂ ਚੰਗਾ ਹੋਰ ਕਿਧਰੇ ਚਿਤਰਤ ਨਹੀਂ ਸੀ ਹੋਇਆ। ਮੈਂ ਜਿਧਰ ਜਾਵਾਂ ਲੋਕ ਮੇਰਾ ਰਸਤਾ ਰੋਕ ਖੜ੍ਹੇ ਹੋ ਜਾਣ, ਬਈ ਵਿਰਕ ਦੀ ਕਹਾਣੀ ਕਮਾਲ ਹੈ। ਕੁਝ ਇਸ ਤਰ੍ਹਾਂ ਜਿਵੇਂ ਮੈਂ ਲਿਖੀ ਹੋਵੇ। ਕਹਾਣੀ ਉਹਦੀ ਤੇ ਵਧਾਈਆਂ ਮੈਨੂੰ। ਜਿਵੇਂ ਅਸੀਂ ਇੱਕੋ ਹੋਈਏ।
1965 ਵਿੱਚ ਵਿਰਕ ਦੀ ਬਦਲੀ ਦਿੱਲੀ ਦੀ ਹੋ ਗਈ। ਉਹ ਅਟੈਚੀ ਵਿੱਚ ਥੋੜ੍ਹੇ ਜਿਹੇ ਕੱਪੜੇ ਪਾ ਕੇ ਮੇਰੇ ਪੂਸਾ ਰੋਡ ਵਾਲੇ ਘਰ ਆ ਗਿਆ। ਬੱਚਿਆਂ ਦੇ ਇਮਤਿਹਾਨ ਹੋਣ ਤਕ ਉਹ ਮੇਰੇ ਕੋਲ ਹੀ ਰਿਹਾ। ਅਸੀਂ ਦੋਵੇਂ ਛੜਿਆਂ ਵਰਗੇ ਸਾਂ। ਮੇਰੇ ਕੋਲ ਮੇਰੀ ਛੋਟੀ ਭੈਣ ਗੁੱਡੀ (ਬਲਵਿੰਦਰ ਕੌਰ) ਸੀ। ਚਾਰ ਕਮਰੇ ਦਾ ਘਰ ਤੇ ਬੰਦੇ ਤਿੰਨ। ਗੁੱਡੀ ਨੇ ਪ੍ਰਾਈਵੇਟ ਵਿਦਿਆਰਥਣ ਵਜੋਂ ਦਸਵੀਂ ਦਾ ਇਮਤਿਹਾਨ ਦੇਣਾ ਸੀ।
ਇੱਕ ਵਾਰੀ ਕੁਲਵੰਤ ਸਿੰਘ ਵਿਰਕ ਆਪਣੀ ਖੇਤੀ ਦੇ ਕੰਮ ਯੂ.ਪੀ. ਗਿਆ ਹੋਇਆ ਸੀ ਤਾਂ ਮੇਰਾ ਮਿੱਤਰ ਰਾਜ ਗਿੱਲ ਆ ਗਿਆ। ਛੋਟੀ ਭੈਣ ਨੂੰ ਪੜ੍ਹਦੀ ਨੂੰ ਘਰ ਛੱਡ ਕੇ ਅਸੀਂ ਦੋਵੇਂ ਆਵਾਰਾਗਰਦੀ ਕਰਨ ਚਲੇ ਗਏ। ਬਾਹਰੋਂ ਤਾਲਾ ਲਾ ਗਏ ਕਿ ਕੁੜੀ ਦੀ ਪੜ੍ਹਾਈ ਵਿੱਚ ਵਿਘਨ ਪਾਉਣ ਵਾਲਾ ਨਾ ਆ ਜਾਏ ਕੋਈ। ਗਈ ਰਾਤ ਪਰਤੇ ਤਾਂ ਬਾਹਰਲੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਮੇਰੇ ਹੋਸ਼ ਉੱਡ ਗਏ। ਹੌਂਸਲਾ ਜਿਹਾ ਕਰਕੇ ਅੰਦਰ ਵੜਿਆ ਤਾਂ ਬਾਹਰਲੇ ਵਰਾਂਡੇ ਤੇ ਵਿਰਕ ਵਾਲੇ ਕਮਰੇ ਦੇ ਫਰਸ਼ ਉੱਤੇ ਵਿਰਕ ਤੋਂ ਇਲਾਵਾ ਚਾਰ ਬੰਦੇ ਹੋਰ ਲੇਟੇ ਹੋਏ ਸਨ। ਦੋ ਵਿਰਕ ਦੇ ਭਤੀਜੇ ਤੇ ਦੋ ਉਨ੍ਹਾਂ ਦੇ ਮਿੱਤਰ। ਮੈਂ ਗੁੱਡੀ ਦੇ ਕਮਰੇ ਵੱਲ ਵਧਿਆ ਤਾਂ ਉਹ ਅੰਦਰੋਂ ਕੁੰਡੀ ਲਾ ਕੇ ਘੂਕ ਸੁੱਤੀ ਪਈ ਸੀ। ਉਸ ਨੇ ਮੇਰੀ ਹਦਾਇਤ ਦੀ ਉਲੰਘਣਾ ਨਹੀਂ ਸੀ ਕੀਤੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ, ਪਰ ਨਾ ਸੁੱਤਿਆਂ ਵਰਗਾ।
ਸਾਰੀ ਰਾਤ ਮੇਰੇ ਦਿਮਾਗ ਵਿੱਚ ਵਿਰਕਾਂ ਦੀ ਉਸ ਬਹੂ ਦੀ ਗੱਲ ਘੁੰਮਦੀ ਰਹੀ ਜਿਸ ਦੇ ਘਰ ਸਵੇਰ ਦੀ ਚਾਹ ਤੋਂ ਪਿੱਛੋਂ ਚੀਨੀ ਮੁੱਕ ਚੁੱਕੀ ਸੀ। ਉਹ ਵੜੈਚਾਂ ਦੀ ਧੀ ਸੀ। ਆਪਣੇ ਪਤੀ ਨੂੰ ਚੀਨੀ ਯਾਦ ਕਰਵਾਈ ਜਾਵੇ। ਜਦੋਂ ਹਨੇਰਾ ਹੋਣ ਲੱਗਿਆ ਤਾਂ ਉਸ ਨੇ ਫਿਰ ਘਰ ਵਿੱਚ ਚੀਨੀ ਨਾ ਹੋਣ ਦੀ ਗੱਲ ਛੇੜ ਲਈ। ਪਤੀ ਪਹਿਲਾਂ ਹੀ ਸਤਿਆ ਬੈਠਾ ਸੀ। ਗੜ੍ਹਕ ਕੇ ਬੋਲਿਆ, ‘‘ਬਜ਼ਾਰ ਤਾਂ ਬੰਦ ਹੋਣ ਦੇ, ਖੰਡ ਦੀ ਪੂਰੀ ਬੋਰੀ ਲਿਆ ਦਿਆਂਗਾ।’’ ਇਹ ਗੱਲ ਵਿਰਕ ਨੇ ਮੈਨੂੰ ਆਪ ਹੀ ਦੱਸੀ ਸੀ। ਵਿਰਕਾਂ ਬਾਰੇ ਵਧੇਰੇ ਜਾਣਕਾਰੀ ਦੀ ਲੋੜ ਹੋਵੇ ਤਾਂ ਉਸ ਦੀ ਕਹਾਣੀ ‘ਓਪਰੀ ਧਰਤੀ’ ਪੜ੍ਹ ਲੈਣਾ। ਇਹ ਕਹਾਣੀ ਸ਼ੇਖੂਪੁਰੇ ਤੋਂ ਏਧਰ ਆ ਕੇ ਵਸੇ ਇੱਕ ਵਿਰਕ ਜੱਟ ਦੀ ਹੈ। ਡੰਗਰ ਚੋਰੀ ਕਰਨ ਬਾਰੇ।
ਵਿਰਕ ਦਾ ਸੁਭਾਅ ਜਾਂਗਲੀਆਂ ਵਾਲਾ ਸੀ। ਉਹ ਖਾਂਦਾ ਘੱਟ ਸੀ ਤੇ ਤੁਰਦਾ ਬਹੁਤਾ। ਮੈਂ ਦੋਵਾਂ ਗੱਲਾਂ ਵਿੱਚ ਮਾਰ ਖਾਧੀ। ਦਿੱਲੀ ਵਿੱਚ ਉਸ ਦੀ ਡਿਊਟੀ ਆਕਾਸ਼ਵਾਣੀ ਦੇ ਸਮਾਚਾਰ ਸੈਕਸ਼ਨ ਵਿੱਚ ਲੱਗੀ ਤਾਂ ਉਸ ਨੇ ਸਵੇਰੇ ਚਾਰ ਵਜੇ ਦਫ਼ਤਰ ਪਹੁੰਚਣਾ ਹੁੰਦਾ ਸੀ। ਉਹ ਬਹੁਤ ਵਾਰੀ ਰੇਡੀਓ ਵਾਲਿਆਂ ਦੀ ਗੱਡੀ ਉਡੀਕੇ ਬਿਨਾਂ ਸਵੇਰੇ ਤਿੰਨ ਵਜੇ ਹੀ ਘਰੋਂ ਨਿਕਲ ਤੁਰਦਾ। ਰਾਜਿੰਦਰ ਨਗਰ ਤੋਂ ਰਿੱਜ, ਵਲਿੰਗਡਨ ਤੇ ਆਕਾਸ਼ਵਾਣੀ। ਚੰਡੀਗੜ੍ਹ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪ੍ਰੈੱਸ ਸਕੱਤਰ ਬਣਨ ਦੇ ਦਿਨਾਂ ਵਿੱਚ ਉਸ ਵੱਲੋਂ ਉਸ ਦੇ 35 ਸੈਕਟਰ ਵਾਲੇ ਘਰ ਤੋਂ ਸਕੱਤਰੇਤ ਨੂੰ ਤੁਰ ਕੇ ਜਾਣ ਦੇ ਕਿੱਸੇ ਵੀ ਆਮ ਹਨ।
ਉਹ ਤਿੰਨ ਕੱਪੜਿਆਂ ਵਿੱਚ ਤਿੰਨ ਸੌ ਮੀਲ ਜਾ ਆਉਂਦਾ ਸੀ। ਤਿੰਨ ਪਹਿਨੇ ਹੁੰਦੇ ਤੇ ਤਿੰਨ ਕਿਸੇ ਲਿਫ਼ਾਫ਼ੇ ਵਿੱਚ। ਉਹ ਬੈਗ ਨਹੀਂ ਸੀ ਚੁੱਕਦਾ। ਇੱਕ ਵਾਰੀ ਧੀ ਰੁਬੀਨਾ ਨੂੰ ਕੈਨੇਡਾ ਦੀ ਫਲਾਈਟ ਫੜਾਉਣ ਦਿੱਲੀ ਨੂੰ ਤੁਰਿਆ ਤਾਂ ਪਾਸਪੋਰਟ ਤੇ ਟਿਕਟਾਂ ਵਾਲਾ ਥੈਲਾ ਬੱਸ ਵਿੱਚ ਹੀ ਛੱਡ ਕੇ ਉਤਰ ਗਿਆ। ਜਦੋਂ ਵਾਪਸ ਆਇਆ ਤਾਂ ਥੈਲਾ ਗਾਇਬ। ਇਹ ਕਰਨਾਲ ਦੇ ਬੱਸ ਅੱਡੇ ਦੀ ਗੱਲ ਹੈ। ਸ਼ੇਖੂਪੂਰੇ ਦੇ ਵਿਰਕਾਂ ਦਾ ਗੜ੍ਹ (ਇੱਥੇ ਵਿਰਕ ਸ਼ਬਦ ਨੂੰ ਮੋਟੇ ਸ਼ੀਸ਼ੇ ਨਾਲ ਪੜ੍ਹਨਾ)। ਵਿਰਕਾਂ ਨੂੰ ਕਰਨਾਲ ਜ਼ਿਲ੍ਹੇ ਵਿੱਚ ਵਸਾਉਣ ਵਾਲਾ ਉਹ ਆਪ ਸੀ। ੲਿੱਥੋਂ ਦੀ ਧਰਤੀ ਬੰਜਰ ਹੋਣ ਕਾਰਨ ਬਹੁਤੀ ਮਿਲਦੀ ਸੀ। ਪਾਕਿਸਤਾਨੋਂ ਉੱਠ ਕੇ ਆਇਆਂ ਨੂੰ ਵਸਾਉਣ ਦੇ ਦਿਨਾਂ ਵਿੱਚ ਗਿਆਨੀ ਕਰਤਾਰ ਸਿੰਘ ਤੇ ਐੱਮ.ਐੱਸ. ਰੰਧਾਵਾ ਦੀ ਬੜੀ ਚਲਦੀ ਸੀ ਅਤੇ ਦੋਵੇਂ ਵਿਰਕ ਦੇ ਆਪਣੇ ਸਨ।
ਦਾਲ ਹੋਵੇ ਜਾਂ ਮੀਟ, ਉਹ ਬੋਚ ਬੋਚ ਕੇ ਖਾਂਦਾ। ਸਵਾਦ ਦੇਖਣ ਵਾਂਗ। ਉਹ ਹੱਡੀ ਨੂੰ ਚੂੰਡਣਾ ਨਹੀਂ ਸੀ ਜਾਣਦਾ। ਦਾਰੂ ਦੇ ਘੁੱਟ ਵੀ ਮਿਣ ਮਿਣ ਕੇ ਭਰਦਾ। ਮੈਂ ਉਸ ਨੂੰ ਸਕਾਚ ਦਾ ਪੈੱਗ ਮੇਜ਼ਬਾਨ ਦੇ ਗਮਲੇ ਵਿੱਚ ਡੋਲ੍ਹਦਿਆਂ ਤੱਕਿਆ ਹੈ। ਰੋਟੀਆਂ ਇੱਕ ਜਾਂ ਦੋ। ਕਦੇ ਉਹ ਵੀ ਨਹੀਂ। ਉਸ ਦਾ ਜੁੱਸਾ ਜੰਗਲੀ ਸੀ।
ਇੱਕ ਵਾਰੀ ਸਾਂਝੇ ਦੋਸਤ ਕੁੰਦਨ ਸਿੰਘ ਨੇ ਸ਼ੱਕਰ ਦੇ ਰੋਗ ਦੀ ਸ਼ੱਕ ਪਾ ਦਿੱਤੀ। ਉਹ ਦਯਾਨੰਦ ਮੈਡੀਕਲ ਕਾਲਜ ਵਿੱਚ ਪੈਥਾਲੌਜਿਸਟ ਸੀ। ਅਸੀਂ ਪਹਿਲਾਂ ਨਿਰਨੇ ਕਾਲਜੇ ਤੇ ਫਿਰ ਖ਼ੂਬ ਖਾ ਕੇ ਖ਼ੂਨ ਦੇਣਾ ਸੀ ਟੈੱਸਟ ਲਈ। ਪਹਿਲੇ ਟੈੱਸਟ ਤੋਂ ਪਿੱਛੋਂ ਉਹ ਇੱਕ ਪਸ਼ੌਰੀ ਢਾਬੇ ਵਿੱਚ ਲੈ ਵੜਿਆ। ਅਸੀਂ ਦੇਸੀ ਘੀ ਵਾਲੇ ਪਰਾਉਂਠੇ ਤੇ ਠੰਢੀ ਖੀਰ ਦੀਆਂ ਪਲੇਟਾਂ ਖਾ ਕੇ ਢਾਬੇ ਵਾਲਿਆਂ ਨੂੰ ਹੈਰਾਨ ਕਰ ਦਿੱਤਾ। ਕਹਿਣ ਲੱਗਿਆ, ‘‘ਜੇ ਹੁਣ ਵੀ ਕੁਝ ਨਾ ਨਿਕਲਿਆ ਤਾਂ ਆਪਾਂ ਕੁੰਦਨ ਸਿੰਘ ਨੂੰ ਕੁੱਟਣੈ।’’ ਉਸ ਤੋਂ ਪਿੱਛੋਂ ਉਹਨੇ ਦੋ ਦਿਨ ਵਰਤ ਰੱਖਿਆ। ਮੈਂ ਪਹਿਲਾਂ ਵਾਂਗ ਹੀ ਰੱਜ ਕੇ ਖਾਂਦਾ ਰਿਹਾ।
ਉਸ ਦਾ ਕਹਾਣੀ ਲਿਖਣ ਦਾ ਢੰਗ ਨਿਰਾਲਾ ਸੀ। ਉਹ ਬਹੁਤੀ ਵਾਰੀ ਕਹਾਣੀ ਦਾ ਇੱਕ ਅੱਧ ਪੈਰਾ ਜਾਂ ਇੱਕ ਅੱਧ ਅੰਗ ਹੀ ਲਿਖਦਾ ਸੀ। ਕਈ ਵਾਰੀ ਪੂਰੀ ਕਰਨ ’ਤੇ ਨੌਂ ਨੌਂ ਦਿਨ ਲਾ ਦਿੰਦਾ ਸੀ। ਉਸ ਦੇ ਲਿਖੇ ਪੈਰੇ ਉਸ ਦੇ ਸਰ੍ਹਾਣੇ ਥੱਲੇ ਜਾਂ ਬਿਸਤਰੇ ਦੀ ਤਹਿ ਵਿੱਚ ਮੁਚੜੇ ਹੋਏ ਮੈਨੂੰ ਹਰਬੰਸ ਭਾਬੀ ਨੇ ਦਿਖਾਏ ਸਨ।
ਮੇਰੇ ਨਾਲੋਂ ਵਿਰਕ 14-15 ਸਾਲ ਵੱਡਾ ਸੀ। ਪਰ ਨੌਕਰੀਆਂ ਤੇ ਦੋਸਤੀਆਂ ਦਾ ਸ਼ਿਕਾਰ ਕਰਨ ਵਿੱਚ ਅਸੀਂ ਸਮਕਾਲੀ ਸਾਂ। ਕਿਹੜੀ ਨੌਕਰੀ ਕਿੱਥੇ ਖਾਲੀ ਹੋਈ ਹੈ, ਦੋਸਤੀ ਦਾ ਮੋਢਾ ਦੇਣ ਲਈ ਕੌਣ ਖਾਲੀ ਹੈ, ਕਿਹੜੇ ਬੱਚੇ ਦੀ ਸ਼ਾਦੀ ਕਿਸ ਨਾਲ ਕਰਨੀ ਠੀਕ ਰਹੇਗੀ ਤੇ ਕਿਹੜੀ ਸਾਹਿਤਕ ਰਚਨਾ ਕਿੱਥੇ ਵਰਤਣੀ ਚਾਹੀਦੀ ਹੈ, ਅਸੀਂ ਇੱਕ-ਦੂਜੇ ਤੋਂ ਲੁਕੋ ਕੇ ਨਹੀਂ ਸਾਂ ਰੱਖਦੇ। ਇੱਕ ਦੂਜੇ ਲਈ ਨੌਕਰੀ ਤੇ ਦੋਸਤੀ ਦਾ ਰਾਹ ਸਾਫ਼ ਕਰਦਿਆਂ ਈਰਖਾ ਨਹੀਂ ਸੀ ਹੁੰਦੀ। ਕੁਝ ਇਸ ਤਰ੍ਹਾਂ ਕਿ ਸਾਡੇ ਕੋਲ ਇੱਕੋ ਸਮੇਂ ਜਿਹੜੀਆਂ ਦੋ ਨੌਕਰੀਆਂ ਜਾਂ ਦੋਸਤੀਆਂ ਹੁੰਦੀਆਂ ਅਸੀਂ ਉਨ੍ਹਾਂ ਨੂੰ ਦੋਵੇਂ ਰਲ ਕੇ ਚਲਾਉਂਦੇ।
ਮੈਂ ਆਪਣੇ ਵਿਆਹ ਤੋਂ ਪਹਿਲਾਂ ਆਪਣੀ ਹੋਣ ਵਾਲੀ ਪਤਨੀ ਉਸ ਨੂੰ ਵਿਖਾਉਣੀ ਚਾਹੀ ਤਾਂ ਬੋਲਿਆ, ‘‘ਤੈਨੂੰ ਪਸੰਦ ਹੈ ਤਾਂ ਪਾਧਾ ਨਾ ਪੁੱਛ। ਤੂੰ ਗਲੀਚਾ ਥੋੜ੍ਹੀ ਖਰੀਦਣੈ, ਜਿਹਦੇ ਵਿੱਚ ਮੇਰੀ ਰਾਇ ਦੀ ਲੋੜ ਹੈ।’’ ਉਹ ਔਰਤ ਦੀ ਇੱਜ਼ਤ ਕਰਦਾ ਸੀ। ਬਹੁਤੀ ਚੰਗੀ ਦੀ ਬਹੁਤੀ। ਮੁਬਾਰਕ ਸਿੰਘ ਦੇ ਪਰਚੇ ਆਰਟ ਆਫ ਲਿਵਿੰਗ ਵਿੱਚ ਉਸ ਦੀ ਲਿਖੀ ਇਹ ਗੱਲ ਮੈਂ ਹੁਣ ਤਕ ਪੱਲੇ ਬੰਨ੍ਹੀ ਹੋਈ ਹੈ ਕਿ ਜੇ ਕੋਈ ਭੇਤ ਸਾਂਭ ਕੇ ਰੱਖਣਾ ਹੈ ਤਾਂ ਅੌਰਤ ਨਾਲ ਸਾਂਝਾ ਕਰ ਲਓ। ਆਪਣੀ ਭੜਾਸ ਕੱਢ ਲਓ ਤੇ ਉਹ ਅੱਗੇ ਧੂੰਆਂ ਨਹੀਂ ਨਿਕਲਣ ਦਿੰਦੀ।
ਉਹ ਹਰ ਥਾਂ ਤੇ ਹਰ ਸਮੇਂ ਮੇਰਾ ਹੋ ਕੇ ਰਿਹਾ। ਮੇਰੀ ਪੁਸਤਕ ‘ਹੁਸਨ ਦੇ ਹਾਣੀ’ ਦਾ ਸਭ ਤੋਂ ਪਹਿਲਾ ਪੁਸਤਕ ਰੀਵਿਊ ਉਸੇ ਨੇ ਲਿਖਿਆ। ਅੰਗਰੇਜ਼ੀ ਟ੍ਰਿਬਿਊਨ ਵਿੱਚ। ਉਸ ਨੂੰ ਕਹਾਣੀ ਦੀ ਪਾਠ ਪੁਸਤਕ ਤਿਆਰ ਕਰਨ ਦਾ ਮੌਕਾ ਮਿਲਿਆ ਤਾਂ ਉਸ ਨੇ ਮੇਰੀ ਕਹਾਣੀ ‘ਏਕੇ ਦੀ ਮੌਤ’ ਸ਼ਾਮਲ ਕਰ ਲਈ। ਜਦੋਂ ਉਸ ਨੂੰ ਸਾਹਿਤ ਅਕਾਦਮੀ ਦੇ ਸਨਮਾਨ ਦੇਣ ਵਾਲੇ ਅੰਤਿਮ ਪੈਨਲ ਵਿੱਚ ਰੱਖਿਆ ਗਿਆ ਤਾਂ ਮੈਨੂੰ ਕਹਿਣ ਲੱਗਿਆ, ‘‘ਥੋੜ੍ਹੀ ਦੇਰ ਕਨਵੀਨਰ ਦੇ ਮੋਢੇ ਤੋਂ ਹੱਥ ਨਾ ਚੁੱਕੀਂ, ਐਤਕੀਂ ਤੇਰੀ ਵਾਰੀ ਏ।’’
ਉਂਜ ਵੀ ਉਹ ਮੇਰੇ ਲਿਖੇ ਨੂੰ ਇੰਨਾ ਮਹੱਤਵ ਦਿੰਦਾ ਸੀ ਕਿ ਉਸ ਨੇ ਆਪਣੀਆਂ ਕੁੱਲ ਕਹਾਣੀਆਂ ਵਾਲੀ ਪੁਸਤਕ ਦੇ ਸਰਵਰਕ ਉੱਤੇ ਆਪਣੇ ਬਾਰੇ ਮੇਰੀ ਇਹ ਟਿੱਪਣੀ ਛਾਪੀ ਸੀ: ‘ਵਿਰਕ ਦੀਆਂ ਕਹਾਣੀਆਂ ਦਾ ਮੂਲ ਗੁਣ ਇਨ੍ਹਾਂ ਦਾ ਸੱਚ ਅਤੇ ਸੰਕੋਚ ਅਤੇ ਇਨ੍ਹਾਂ ਦੇ ਪਾਤਰਾਂ ਦੇ ਦ੍ਰਿੜ੍ਹ ਜਾਂ ਕੋਮਲ ਜਜ਼ਬਿਆਂ ਦਾ ਨਿੱਜ ਵਰਗਾ ਗਿਆਨ ਹੈ। ਉਸ ਦੀ ਕਹਾਣੀ ਵਿੱਚ ਕੋਈ ਵੀ ਸ਼ਖ਼ਸੀਅਤ ਉਲਾਰ ਤੇ ਜਜ਼ਬਾਤੀ ਨਹੀਂ ਹੁੰਦੀ। ਪਾਤਰਾਂ ਦੇ ਸਮਾਜਿਕ ਕਰਮ ਬਡ਼ੇ ਸ਼ਾਂਤ, ਸੁਚੇਤ, ਨਿੱਗਰ ਤੇ ਜਾਨਦਾਰ ਹੁੰਦੇ ਹਨ।
ਇਹ ਗੱਲਾਂ ਮੈਂ ਕੁਲਵੰਤ ਸਿੰਘ ਵਿਰਕ ਦੀ ਸ਼ਖ਼ਸੀਅਤ ਅਤੇ ਜੀਵਨ-ਜਾਚ ਨੂੰ ਆਪਣੇ ਲੇਖ ਦੇ ਚੌਖਟੇ ਵਿੱਚ ਫਿੱਟ ਕਰਨ ਲਈ ਬਹੁਤ ਪਹਿਲਾਂ ਲਿਖੀਆਂ ਸਨ। ਹੁਣ ਮੈਨੂੰ ਇੱਕ ਹੋਰ ਗੱਲ ਵੀ ਚੇਤੇ ਆ ਗਈ ਹੈ।
ਕੁਲਵੰਤ ਸਿੰਘ ਵਿਰਕ ਨੇ ਦਿੱਲੀ ਦੀ ਵਿਜੇ ਨਗਰ ਕਲੋਨੀ ਵਿੱਚ ਆਪਣਾ ਪਲਾਟ ਵੇਚਿਆ ਤਾਂ ਮੈਨੂੰ ਨਾਲ ਲੈ ਕੇ ਪੈਸੇ ਚੁੱਕਣ ਗਿਆ। ਰਕਮ ਤਾਂ ਕੇਵਲ ਸਵਾ ਲੱਖ ਸੀ, ਪਰ ਉਸ ਸਮੇਂ ਇੰਨੀ ਰਕਮ ਵੀ ਅੱਜ ਦੇ ਵੀਹ ਪੰਝੀ ਲੱਖ ਵਰਗੀ ਸੀ। ਮੈਂ ਖ਼ਰੀਦਣ ਵਾਲੇ ਦੇ ਘਰ ਦੇ ਬਾਹਰ ਆਪਣੀ ਕਾਰ ਵਿੱਚ ਬੈਠਾ ਰਿਹਾ।
ਵਿਰਕ ਪੈਸੇ ਲੈ ਕੇ ਮੇਰੀ ਕਾਰ ਵਿੱਚ ਬੈਠਿਆ ਤਾਂ ਮੈਨੂੰ ਸਿੱਧੇ ਰਸਤੇ ਆਪਣੇ ਘਰ ਲਿਜਾਣ ਦੀ ਥਾਂ ਏਧਰ ਓਧਰ ਘੁਮਾਈ ਜਾਵੇ। ਮੈਂ ਸੋਚਿਆ ਇਸ ਰਕਮ ਵਿੱਚੋਂ ਕੁਝ ਪੈਸੇ ਕਿਸੇ ਹੋਰ ਨੂੰ ਦੇਣੇ ਹੋਣਗੇ ਤੇ ਉਸ ਦਾ ਘਰ ਲੱਭ ਰਿਹਾ ਹੈ। ਅੰਤ ਮਜਨੂੰ ਟਿੱਲਾ ਦੇ ਗੁਰਦੁਆਰੇ ਕੋਲ ਪਹੁੰਚ ਕੇ ਮੈਨੂੰ ਕਹਿਣ ਲੱਗਿਆ, ‘‘ਜ਼ਰਾ ਦਰਿਆ ਦੇ ਕੰਢੇ ਬੈਠ ਜਾਈਏ ਫਿਰ ਘਰ ਨੂੰ ਜਾਵਾਂਗੇ।’’
ਮੈਂ ਆਗਿਆਕਾਰ ਮਿੱਤਰ ਵਾਂਗ ਆਪਣੀ ਗੱਡੀ ਦਰਿਆ ਵੱਲ ਨੂੰ ਮੋੜ ਲਈ ਤੇ ਅਸੀਂ ਦੋਵੇਂ ਦਰਿਆ ਕੰਢੇ ਬੈਠ ਕੇ ਬੇਮਤਲਬ ਜਿਹੀਆਂ ਗੱਲਾਂ ਕਰਦੇ ਰਹੇ। ਪੈਸੇ ਉਸ ਦੇ ਝੋਲੇ ਵਿੱਚ ਸਨ ਤੇ ਵਿਰਕ ਨੂੰ ਇਨ੍ਹਾਂ ਦੀ ਉੱਕੀ ਹੀ ਕੋਈ ਚਿੰਤਾ ਨਹੀਂ ਸੀ।
ਐਵੇਂ ਝੱਟ ਕੁ ਓਥੇ ਬੈਠ ਕੇ ਅਸੀਂ ਮੁੜ ਗੱਡੀ ਸਟਾਰਟ ਕਰ ਲਈ ਤਾਂ ਮੈਂ ਵਿਰਕ ਨੂੰ ਪੁੱਛਿਆ, ‘‘ਜੇ ਮਜਨੂੰ ਟਿੱਲੇ ਮੱਥਾ ਨਹੀਂ ਸੀ ਟੇਕਣਾ ਤਾਂ ਆਪਾਂ ਏਧਰ ਕੀ ਕਰਨ ਆਏ ਸਾਂ।’’ ਉਸ ਨੇ ਮੈਨੂੰ ਵਿਰਕਾਂ ਵਾਲੇ ਲਹਿਜੇ ਵਿੱਚ ਸਮਝਾਇਆ ਕਿ ਜੇ ਕੋਈ ਪੈਸਿਆਂ ਕਾਰਨ ਸਾਡੇ ਪਿੱਛੇ ਲੱਗਿਆ ਸੀ ਤਾਂ ਉਸ ਨੂੰ ਝਕਾਨੀ ਦੇਣ ਦਾ ਇਹੀਓ ਢੰਗ ਸੀ।
ਹੁਣ ਮੈਨੂੰ ਉਸ ਦੇ ਏਧਰ ਓਧਰ ਲਿਜਾਣ ਦਾ ਕਾਰਨ ਵੀ ਸਮਝ ਆਇਆ। ਉਹ ਸਮਝਦਾ ਸੀ ਕਿ ਵੇਚਣ ਵਾਲਾ ਕਿਸੇ ਚੋਰ ਚਕਾਰ ਨੂੰ ਦੱਸ ਸਕਦਾ ਸੀ ਕਿ ਅਸੀਂ ਉਸ ਦੇ ਘਰੋਂ ਵੱਡੀ ਰਕਮ ਲੈ ਕੇ ਨਿਕਲੇ ਹਾਂ ਤੇ ਉਹ ਸਾਡੇ ਪਿੱਛੇ ਲੱਗ ਕੇ ਸਾਥੋਂ ਰਕਮ ਖੋਹ ਸਕਦਾ ਸੀ। ਹੁਣ ਅਸੀਂ ਕਿਸੇ ਤੋਂ ਮਾਰ ਨਹੀਂ ਖਾਂਦੇ। ਜੇ ਕੋਈ ਪਿੱਛੇ ਲੱਗਾ ਸੀ ਉਹ ਸਾਨੂੰ ਨਹੀਂ ਸੀ ਲੱਭ ਸਕਦਾ।
ਵਿਰਕ ਟੱਪੇ ਦੇ ਵਸਨੀਕਾਂ ਦੀ ਜੀਵਨ ਬਿਰਤੀ ਬਾਰੇ ਇਹ ਘਟਨਾ ਇੱਕ ਜਿਊਂਦੀ ਜਾਗਦੀ ਤਸਵੀਰ ਹੈ।
ਜਿੱਥੋਂ ਤਕ ਕੁਲਵੰਤ ਸਿੰਘ ਵਿਰਕ ਦੀ ਕਹਾਣੀਕਾਰੀ ਦਾ ਸਬੰਧ ਹੈ ਉਸ ਦੀ ਕਹਾਣੀ ਖਾਲਸ ਵੀ ਹੈ ਤੇ ਸਬੂਤੀ ਵੀ। ਖਾਲਸ ਇਸ ਲਈ ਕਿ ਇਹ ਜ਼ਿੰਦਗੀ ਦੇ ਸੱਚ ਨੂੰ ਬਿਆਨਦੀ ਹੈ ਤੇ ਸਬੂਤੀ ਇਸ ਲਈ ਕਿ ਇਸ ਨੂੰ ਜਿਉਂ ਹੈ ਤਿਉਂ ਪ੍ਰਵਾਨ ਕਰਨਾ ਪੈਂਦਾ ਹੈ। ਵਿਰਕ ਦੀ ਸਿਰਜਣ ਕਲਾ ਦੀ ਇੱਕ ਵੀ ਇੱਟ ਜਾਂ ਕੜੀ ਏਧਰ ਓਧਰ ਨਹੀਂ ਕੀਤੀ ਜਾ ਸਕਦੀ। ਇਮਾਰਤ ਖਿਸਕ ਸਕਦੀ ਹੈ ਤੇ ਸੰਗਲੀ ਟੁੱਟ ਸਕਦੀ ਹੈ। ਉਸ ਨੇ ਪੰਜਾਬੀ ਕਹਾਣੀ ਨੂੰ ਸੰਪੂਰਨਤਾ ਪ੍ਰਦਾਨ ਕੀਤੀ ਹੈ।
ਉਸ ਨੇ ਜ਼ਿੰਦਗੀ ਦੇ ਸੱਚ ਨੂੰ ਜਿਊਂਦੀ ਜਾਗਦੀ ਸਥਿਤੀ ਵਿੱਚ ਫੜਿਆ ਹੈ। ਉਸ ਦੇ ਬਿਆਨ, ਪੇਸ਼ਕਾਰੀ ਤੇ ਸ਼ਬਦਾਂ ਵਿੱਚ ਭੋਰਾ ਭਰ ਵੀ ਮਿਲਾਵਟ ਨਹੀਂ ਮਿਲਦੀ। ਜੇ ਹੈ ਤਾਂ ਪਤਾ ਨਹੀਂ ਲੱਗਦਾ। ਦੇਸ਼-ਵੰਡ ਤੋਂ ਪਹਿਲਾਂ ਦੀਆਂ ਮੁੱਢਲੀਆਂ ਕਹਾਣੀਆਂ ਵਿੱਚ ਜ਼ਾਤ ਗੋਤ ਦਾ ਮਾਣ, ਪੇਂਡੂ ਮਰਯਾਦਾ, ਬਰਾਦਰੀ ਦੀ ਸਾਂਝ ਤੇ ਜਿਸ ਕਬੀਲੇ ਜਾਂ ਇਲਾਕੇ ਨਾਲ ਕੋਈ ਜੁੜਿਆ ਹੋਇਆ ਹੈ ਉਸ ਦੀ ਬਿਹਤਰੀ ਤੇ ਵਿਕਾਸ ਨਾਲ ਪੈਰ ਮਿਲਾ ਕੇ ਤੁਰਨਾ ਉਸ ਦੀ ਰਚਨਾਕਾਰੀ ਦਾ ਵਿਲੱਖਣ ਗੁਣ ਹੈ। ‘ਉਜਾੜ’, ‘ਤੂੜੀ ਦੀ ਪੰਡ’, ‘ਪੰਜਾਹ ਰੁਪਏ’ ਤੇ ‘ਧਰਤੀ ਹੇਠਲਾ ਬੌਲਦ’ ਇਸ ਸਮੇਂ ਦੀਆਂ ਸਿਰਕੱਢ ਕਹਾਣੀਆਂ ਹਨ। ਕੁਲਵੰਤ ਸਿੰਘ ਵਿਰਕ ਲਈ ਸੰਤਾਲੀ ਦੀ ਦੇਸ਼-ਵੰਡ ਬੇਹੱਦ ਓਪਰਾ ਵਰਤਾਰਾ ਸੀ। ਉਸ ਦੇ ਪਰਿਵਾਰ ਨੂੰ ਸ਼ੇਖਪੂਰੇ ਦੀਆਂ ਵਗਦੀਆਂ ਜ਼ਮੀਨਾਂ ਛੱਡ ਕੇ ਕਰਨਾਲ ਤੇ ਕੁਰੂਕਸ਼ੇਤਰ ਦੀ ਅੱਕ ਢੱਕ ਵਾਲੀ ਜ਼ਮੀਨ ਵਿੱਚ ਪੈਰ ਜਮਾਉਣੇ ਪਏ ਅਤੇ ਵਡੇਰੇ ਖੇਤਾਂ ਦੀ ਭਾਲ ਵਿੱਚ ਬਹੁਤੇ ਵਿਰਕਾਂ ਨੇ ਮੁੜ ਇੱਥੋਂ ਵਾਲੀਆਂ ਜ਼ਮੀਨਾਂ ਵੇਚ ਕੇ ਇੱਥੋਂ ਨਾਲੋਂ ਵੀ ਮਾੜੀ ਤੇ ਅਣ-ਉਪਜਾਊ ਧਰਤੀ ਵਿੱਚ ਯੂ.ਪੀ. ਦੀ ਪੰਤ ਨਗਰ ਤੇ ਰੁਦਰਪੁਰ ਦੀ ਜ਼ਮੀਨ ਖ਼ਰੀਦ ਲਈ ਤੇ ਉੱਥੋਂ ਦੇ ਹੀ ਹੋ ਕੇ ਰਹਿ ਗਏ। ਦੇਸ਼-ਵੰਡ ਨਾਲ ਵਿਰਕ ਦੀ ਇੱਕ ਸਾਂਝ ਇਹ ਵੀ ਸੀ ਕਿ ਉਹ ਕੁਝ ਸਮਾਂ ਪਾਕਿਸਤਾਨ ਰਹਿ ਗਈਆਂ ਹਿੰਦੂ, ਸਿੱਖ ਅੌਰਤਾਂ ਦੇ ਮੁੜਵਸੇਬੇ ਲਈ ਲਾਇਜ਼ਨ ਅਫ਼ਸਰ ਵੀ ਤਾਇਨਾਤ ਰਿਹਾ। ਦੂਜੇ ਪੜਾਅ ਵਿੱਚ ਲਿਖੀਆਂ ਉਸ ਦੀਆਂ ਬਹੁਤੀਆਂ ਕਹਾਣੀਆਂ ਵੰਡ ਤੋਂ ਉਪਜੇ ਕੌੜੇ ਕੁਸੈਲੇ ਅਨੁਭਵ ਦੀ ਦੇਣ ਹਨ। ‘ਓਪਰੀ ਧਰਤੀ’, ‘ਮੈਨੂੰ ਜਾਣਨੈ’, ‘ਖੱਬਲ’ ਤੇ ‘ਮੁਰਦੇ ਦੀ ਤਾਕਤ’ ਇਸ ਦੌਰ ਦੀਆਂ ਪ੍ਰਮੁੱਖ ਕਹਾਣੀਆਂ ਹਨ।
ਵਿਰਕ-ਰਚਨਾਕਾਰੀ ਦਾ ਅਗਲਾ ਪੜਾਅ ਸੁਤੰਤਰ ਭਾਰਤ ਵਿੱਚ ਆ ਰਹੀ ਸਮਾਜਿਕ ਤੇ ਆਰਥਿਕ ਤਬਦੀਲੀ ਨਾਲ ਸਬੰਧ ਰੱਖਦਾ ਹੈ। ਸਾਈਕਲਾਂ ’ਤੇ ਚੜ੍ਹ ਕੇ ਪਿੰਡਾਂ ਦੇ ਓਭੜ ਪੈਂਡੇ ਤੈਅ ਕਰਦੀਆਂ ਉਸਤਾਨੀਆਂ ਉਹਦੇ ਲਈ ਸ਼ੇਰਨੀਆਂ ਹਨ ਤੇ ਆਪਣੇ ਇਲਾਕੇ ਦੀ ਸਿਹਤ ਤੇ ਸਮਾਜਿਕ ਚੰਗਿਆਈ ਉੱਤੇ ਪਹਿਰਾ ਦੇਣ ਵਾਲੀ ਡਾਕਟਰ ਅੌਰਤ ਉਸ ਦੇ ਸਤਿਕਾਰ ਦੀ ਪਾਤਰ। ‘ਸ਼ੇਰਨੀਆਂ’ ਤੇ ‘ਨਮਸਕਾਰ’ ਵਿੱਚ ਇਸ ਮਾਣ ਮਰਯਾਦਾ ਦੀ ਪੇਸ਼ਕਾਰੀ ਹੈ।
ਕੁਲਵੰਤ ਸਿੰਘ ਵਿਰਕ ਦੀ ਸਿਰਜਣ ਕਲਾ ਦਾ ਆਖ਼ਰੀ ਦੌਰ ਸਿਆਣਪਾਂ ਭਰਿਆ ਹੈ। ਭਾਵੇਂ ਜ਼ਿੰਦਗੀ ਦੇ ਬਹੁਤ ਵਧੀਆ ਪਲਾਂ ਦੀ ਪੇਸ਼ਕਾਰੀ ਸ਼ੁਰੂ ਤੋਂ ਹੀ ਉਸ ਦੇ ਅੰਗ ਸੰਗ ਰਹੀ, ਪਰ ਅੰਤਲੇ ਦੌਰ ਵਿੱਚ, ਜਿਹੜਾ ਦਿੱਲੀ ਤੇ ਚੰਡੀਗੜ੍ਹ ਦੇ ਮਹਾਂਨਗਰਾਂ ਵਿੱਚ ਲੰਘਿਆ, ਵਿਰਕ ਦੀ ਬਾਰੀਕਬੀਨੀ ਸ਼ਹਿਰੀ ਜੀਵਨ ਦੇ ਉਤਰਾਵਾਂ-ਚੜ੍ਹਾਵਾਂ ਤੇ ਗ਼ਮੀਆਂ ਖ਼ੁਸ਼ੀਆਂ ਨੂੰ ਫੜਦੀ ਹੈ। ‘ਮੈਂ ਹੁਣ ਬਹੁਤ ਖੁਸ਼ ਹਾਂ’, ‘ਨਵੇਂ ਲੋਕ’, ‘ਰਸ ਭਰੀਆਂ’ ਤੇ ‘ਘੁੰਡ’ ਇਸ ਪੜਾਅ ਦੀਆਂ ਚਰਚਿਤ ਤੇ ਅਹਿਮ ਕਹਾਣੀਆਂ ਹਨ।
ਕੁਲਵੰਤ ਸਿੰਘ ਵਿਰਕ ਦੀ ਰਚਨਾਕਾਰੀ ਦਾ ਮੁੱਖ ਗੁਣ ਘਟਨਾਵਾਂ ਦੀ ਗੋਂਦ ਨਾਲੋਂ ਪਾਤਰ ਦੀ ਹੋਂਦ ਤੇ ਹਊਮੈ ਨਾਲ ਸਬੰਧ ਰੱਖਦਾ ਹੈ। ਉਸ ਦੇ ਪਾਤਰ ਦਿਲ ਗੁਰਦੇ ਵਾਲੇ ਲੋਕ ਹਨ ਜਿਨ੍ਹਾਂ ਨੂੰ ਆਪਣੇ ਕਸਬ ਤੇ ਮਾਣ ਮਰਯਾਦਾ ਉੱਤੇ ਗਰਵ ਹੈ। ‘ਉਜਾੜ’ ਵਿਚਲਾ ਆਲਾ ਸਿੰਘ, ‘ਧਰਤੀ ਹੇਠਲਾ ਬੌਲਦ’ ਵਿਚਲਾ ਕਰਮ ਸਿੰਘ ਦਾ ਪਿਤਾ ਜਾਂ ਤੂੜੀ ਦੀ ਪੰਡ ਵਾਲਾ ਬਹਾਦਰ ਸਿੰਘ ਚੱਠਾ ਆਪਣੀ ਜਾਤ ਬਰਾਦਰੀ ਦੇ ਰਾਖੇ ਹਨ ਤੇ ਬਹੁਤ ਅੌਖੀ ਘੜੀ ਨੂੰ ਆਪਣੇ ਮੋਢਿਆਂ ਉੱਤੇ ਚੁੱਕਣ ਦੇ ਮਾਹਰ। ਨਵੇਂ ਯੁੱਗ ਦੀਆਂ ਡਾਕਟਰਨੀਆਂ ਤੇ ਅਧਿਆਪਕਾਵਾਂ ਵਿੱਚ ਵੀ ਇਹੀਓ ਗੁਣ ਪ੍ਰਧਾਨ ਹੈ। ਵਿਗੜੀ ਹੋਈ ਸਥਿਤੀ ਤੇ ਮਾੜੇ ਹਾਲਾਤ ਦਾ ਟਾਕਰਾ ਕਿਵੇਂ ਕਰਨਾ ਹੈ, ‘ਪੰਜਾਹ ਰੁਪਏ’ ਵਿਚਲੇ ਬਖਾ ਸਿੰਘ, ‘ਦੁੱਧ ਦਾ ਛੱਪੜ’ ਵਿਚਲੇ ਲਾਲ ਤੇ ਦਿਆਲ ਜਾਂ ‘ਖੱਬਲ’ ਦੀ ਹਨੇਰੀ ਕੋਠੜੀ ਵਾਲੀ ਨਾਇਕਾ ਤੋਂ ਸਿੱਖਿਆ ਜਾ ਸਕਦਾ ਹੈ। ਇਹ ਸਾਰੇ ਪਾਤਰ ਕੁਲਵੰਤ ਸਿੰਘ ਵਿਰਕ ਦੇ ਸਮਿਆਂ ਦੇ ਜਿਊਂਦੇ ਜਾਗਦੇ ਪਾਤਰ ਹਨ। ਸਮਾਜ ਸੁਧਾਰਕ ਇਨ੍ਹਾਂ ਦੀ ਪੈੜ ਨੱਪ ਕੇ ਵੀਹਵੀਂ ਸਦੀ ਦੇ ਦੂਜੇ ਅੱਧ ਦਾ ਸਮਾਜਿਕ ਵਿਕਾਸ ਨਾਪ ਸਕਦੇ ਹਨ ਤੇ ਤੇ ਇਤਿਹਾਸਕਾਰ ਇਸ ਕਾਲ ਦੀ ਇਤਿਹਾਸਕ ਉੱਥਲ ਪੁੱਥਲ।
ਕੁਲਵੰਤ ਸਿੰਘ ਵਿਰਕ ਨੇ ਸਮਾਚਾਰ ਪੱਤਰਾਂ ਵਿੱਚ ਵੱਡੇ ਲੇਖ ਤੇ ਛੋਟੇ ਮਿਡਲ ਵੀ ਲਿਖੇ, ਪਰ ਸਿਰਜਣ ਕਲਾ ਦੇ ਖੇਤਰ ਵਿੱਚ ਨਿੱਕੀ ਕਹਾਣੀ ਤੋਂ ਬਿਨਾਂ ਹੋਰ ਕੋਈ ਝਾਕ ਨਹੀਂ ਰੱਖੀ। ਉਸ ਨੂੰ ਜਿੰਨੀ ਕੁ ਵਿਹਲ ਮਿਲੀ ਉਹ ਨਿੱਕੀ ਕਹਾਣੀ ਦੀ ਪੇਸ਼ਕਾਰੀ ਨੂੰ ਬਣਾਉਂਦਾ ਸੰਵਾਰਦਾ ਰਿਹਾ। ਜਦੋਂ ਵੀ ਉਸ ਦਾ ਜੀਅ ਕਰਦਾ ਤਾਂ ਅੰਗਰੇਜ਼ੀ ਦੇ ਰੋਜ਼ਾਨਾ ਅਖ਼ਬਾਰਾਂ ਦੇ ਸੰਪਾਦਕੀ ਪੰਨਿਆਂ ਲਈ ਲੇਖ ਤੇ ਮਿਡਲ ਤਾਂ ਲਿਖਦਾ, ਪਰ ਹੋਰ ਕੁਝ ਨਹੀਂ। ਉਸ ਦੇ ਮਿਡਲ ਵੀ ਨਿੱਕੀ ਕਹਾਣੀ ਦਾ ਨਿਕੇਰਾ ਰੂਪ ਹੀ ਹਨ। ਕੁਲਵੰਤ ਸਿੰਘ ਵਿਰਕ ਨੇ ਨਿੱਕੀ ਕਹਾਣੀ ਦੀ ਕਲਾ ਨੂੰ ਪਰਿਪੱਕ ਹੀ ਨਹੀਂ ਕੀਤਾ ਸਗੋਂ ਆਪਣੇ ਪੈਰਾਂ ਉੱਤੇ ਖਲੋਣਾ ਵੀ ਸਿਖਾਇਆ ਹੈ। ਪ੍ਰਗਤੀਵਾਦੀ ਦੌਰ ਦਾ ਉਹ ਇੱਕੋ ਇੱਕ ਕਹਾਣੀਕਾਰ ਹੈ ਜਿਸ ਨੇ ਡਾਂਗ ਸੋਟੇ ਤੇ ਰਫਲਾਂ ਬੰਦੂਕਾਂ ਦੀ ਟੇਕ ਲਏ ਬਿਨਾਂ ਸੁਹਣੇ ਸੁਚੱਜੇ ਤੇ ਵਿਕਸਤ ਸਮਾਜ ਦਾ ਸੁਪਨਾ ਲਿਆ।
ਵਿਰਕ ਦਾ ਕਹਾਣੀ-ਕਰਮ ਵੀ ਕੁਝ ਇਸੇ ਤਰ੍ਹਾਂ ਦਾ ਹੈ। ਉਹ ਸਾਧਾਰਨ ਹੀ ਗੱਲ ਤੋਰਦਾ ਹੈ, ਤੇ ਸਾਧਾਰਨ ਹੀ ਉਸ ਦੀ ਕਹਾਣੀ ਪਾਣੀ ਦੇ ਵਹਾਅ ਵਾਂਗ ਤੁਰਦੀ ਜਾਂਦੀ ਹੈ। ਸਾਧਾਰਨ ਹੀ ਉਸ ਦੀ ਕਹਾਣੀ ਦੇ ਪਾਣੀ ਦਾ ਇਹ ਵੇਗ ਜਾਂ ਰੁਕ ਕੇ ‘ਦੁੱਧ ਦਾ ਛੱਪੜ’ ਬਣ ਜਾਂਦਾ ਹੈ, ਜਾਂ ‘ਤੂਡ਼ੀ ਦੀ ਪੰਡ’ ਵਾਂਗ ਵਗਦੇ ਪਾਣੀ ਵਿੱਚ ਖੁੱਲ੍ਹ ਜਾਂਦਾ ਹੈ। ਵਿਰਕ ਦੀਆਂ ਕਹਾਣੀਆਂ ਦਾ ਬਹੁਤ ਵੱਡਾ ਗੁਣ ਇਨ੍ਹਾਂ ਦੀ ਮਾਨਵੀ ਪਕੜ ਹੈ। ਜਿਸ ਨੂੰ ਉਹ ਧਰਤੀ, ਪਾਣੀ ਅਤੇ ਧਰਤ-ਪਾਣੀ ਤੋਂ ਪੈਦਾ ਹੋਣ ਵਾਲੀ ਬਨਸਪਤੀ ਦੇ ਚਿੰਨ੍ਹਾਂ ਰਾਹੀਂ ਪ੍ਰਗਟ ਕਰਦਾ ਹੈ- ‘ਧਰਤੀ ਹੇਠਲਾ ਬੌਲਦ’, ‘ਦੁੱਧ ਦਾ ਛੱਪੜ’ ਤੇ ‘ਖੱਬਲ’। ਧਰਤੀ ਦੀ ਪਕੜ ਵਾਲੀਆਂ ਇਹ ਕਹਾਣੀਆਂ ਪੰਜਾਬੀ ਦਾ ਅਮਰ ਖ਼ਜਾਨਾ ਹਨ।
ਵਿਰਕ ਪੰਜਾਬੀ ਕਹਾਣੀ ਦਾ ਬਾਦਸ਼ਾਹ ਨਹੀਂ, ਯੱਕਾ ਸੀ। ਜੇ ਵੀਹਵੀਂ ਸਦੀ ਦੀਆਂ ਇੱਕ ਦਰਜਨ ਪੰਜਾਬੀ ਕਹਾਣੀਆਂ ਦੀ ਚੋਣ ਕਰਨੀ ਹੋਵੇ ਤਾਂ ਉਹਦੀਆਂ ਦੋ ਤੋਂ ਵੱਧ ਵੀ ਹੋ ਸਕਦੀਆਂ ਤੇ ਕਈ ਨਾਢੂ ਖਾਨਾਂ ਦੀ ਇੱਕ ਵੀ ਨਹੀਂ। ਉਸ ਦੀ ਕਹਾਣੀ ਦਾ ਵਿਸਤਾਰ ਛੋਟਾ ਹੈ, ਪਰ ਅਰਥ ਵੱਡੇ। ਉਹ ਸਾਡੇ ਸਮਿਆਂ ਦਾ ਸਿਰਮੌਰ ਕਹਾਣੀਕਾਰ ਸੀ ਤੇ ਸਦਾ ਰਹੇਗਾ।
20 ਮਾਰਚ 1986 ਬਹੁਤ ਮਾੜਾ ਦਿਨ ਸੀ। ਭਾਬੀ ਦਾ ਟੈਲੀਫੋਨ ਆਇਆ, ‘‘ਇਨ੍ਹਾਂ ਨੂੰ ਕੁਝ ਹੋ ਗਿਆ ਹੈ। ਤੂੰ ਸਿੱਧਾ ਪੀਜੀਆਈ ਪਹੁੰਚ।” ਮੈਂ ਗਿਆ, ਵਿਰਕ ਸਟਰੈਚਰ ’ਤੇ ਪਿਆ ਸੀ। ਬੇਬਸ ਤੇ ਚੁੱਪਚਾਪ। ਜਿਵੇਂ ਕੋਈ ਵੀ ਅੰਗ ਨਾ ਚੱਲ ਰਿਹਾ ਹੋਵੇ। ਕੇਵਲ ਅੱਖਾਂ ਖੁੱਲ੍ਹੀਆਂ ਸਨ। ਮਰੀਜ਼ਾਂ ਦੀ ਭੀੜ ਦਾ ਅੰਤ ਨਹੀਂ ਸੀ। ਵੱਡੀ ਦੁਰਘਟਨਾ ਤੋਂ ਪਿੱਛੋਂ ਵਾਲਾ ਹਾਲ ਸੀ। ਡਾਕਟਰ ਤੇ ਨਰਸਾਂ ਇੱਕ ਇੱਕ ਦਾ ਮੂੰਹ ਦੇਖ ਕੇ ਅੱਗੇ ਲੰਘੀ ਜਾਂਦੇ ਸਨ। ਜਦੋਂ ਭਾਬੀ ਏਧਰ-ਓਧਰ ਹੋਈ ਤਾਂ ਵਿਰਕ ਨੇ ਆਪਣੇ ਪੈਰਾਂ ਵੱਲ ਇਸ਼ਾਰਾ ਕੀਤਾ। ਮੈਂ ਪੈਰ ਢੱਕ ਦਿੱਤੇ। ਉਸ ਨੇ ਇਸ਼ਾਰਾ ਦੁਹਰਾਇਆ, ਪਰ ਮੈਨੂੰ ਸਮਝ ਨਾ ਆਇਆ। ਕੁਝ ਕਹਿ ਰਿਹਾ ਸੀ ਜੋ ਮੇਰੀ ਸਮਝ ਤੋਂ ਬਾਹਰ ਸੀ। ਬੇਬਸ ਹੋ ਕੇ ਉਸ ਨੇ ਕੰਧ ਵੱਲ ਨੂੰ ਮੂੰਹ ਫੇਰ ਲਿਆ। ਉਦੋਂ ਹੀ ਪਤਾ ਲੱਗਿਆ ਜਦੋਂ ਸਟਰੈਚਰ ਦੇ ਥੱਲੇ ਪਾਣੀ ਦੀ ਘਰਾਲ ਵਗ ਤੁਰੀ। ਪਤਾ ਨਹੀਂ ਕਿੰਨੇ ਚਿਰ ਤੋਂ ਪਿਸ਼ਾਬ ਨਹੀਂ ਸੀ ਕੀਤਾ। ਮੈਨੂੰ ਅਫ਼ਸੋਸ ਕਿ ਉਸ ਦਾ ਇਸ਼ਾਰਾ ਨਹੀਂ ਸੀ ਫੜਿਆ। ਕੰਧ ਵਾਲੇ ਪਾਸੇ ਜਾ ਕੇ ਉਸ ਦਾ ਮੂੰਹ ਦੇਖਿਆ ਤਾਂ ਉਸ ਦੀਆਂ ਦੋਵਾਂ ਅੱਖਾਂ ਵਿੱਚ ਦੋ ਹੰਝੂ ਸਨ। ਧਰਤੀ ਡਿੱਗ ਚੁੱਕੀ ਸੀ ਤੇ ਬੌਲਦ ਢਹਿ ਚੁੱਕਾ ਸੀ। ਉਸ ਦੇ ਸਿੰਙ ਆਠਰੇ ਪਏ ਸਨ, ਸਟਰੈਚਰ ਥੱਲੇ ਵਗਦਾ ਪਾਣੀ ਉਸ ਦੁੱਧ ਵਰਗਾ ਸੀ, ਜਿਹੜਾ ਉਸ ਦੀ ਇੱਕ ਕਹਾਣੀ ਵਿੱਚ ਮੀਂਹ ਦੇ ਪਾਣੀ ਨਾਲ ਰਲ ਕੇ ਛੱਪੜ ਜਿੱਡਾ ਹੋਇਆ ਦੱਸਿਆ ਗਿਆ ਸੀ।
ਸੰਨ 1987 ਦੀ ਕ੍ਰਿਸਮਿਸ ਦਾ ਦਿਨ ਇਸ ਤੋਂ ਵੀ ਮਾੜਾ ਸੀ। ਮੈਂ ‘ਪੰਜਾਬੀ ਟ੍ਰਿਬਿਊਨ’ ਦੀ ਨੌਕਰੀ ਤੋਂ ਫਰਲੋ ’ਤੇ ਸਾਂ। 31 ਦਸੰਬਰ ਨੂੰ ਮੇਰੀ ਪੱਕੀ ਛੁੱਟੀ ਹੋ ਜਾਣੀ ਸੀ। ਘਰ ਹੀ ਬੈਠਾ ਸਾਂ। ਕੌੜੇ ਪਾਣੀ ਦੀਆਂ ਦੋ ਘੁੱਟਾਂ ਭਰੀਆਂ ਤਾਂ ਟੈਲੀਫੋਨ ਦੀ ਲੰਮੀ ਹੇਕੀ ਵਾਲੀ ਘੰਟੀ ਵੱਜੀ। ਕੈਨੇਡਾ ਤੋਂ ਹਰਬੰਸ ਭਾਬੀ ਸੀ। ਕੁਲਵੰਤ ਸਿੰਘ ਦੀ ਪਤਨੀ। ‘‘ਗੁਲਜ਼ਾਰ ਤੇਰਾ ਭਰਾ ਪੂਰਾ ਹੋ ਗਿਐ।” ਇਸ ਤੋਂ ਅੱਗੇ ਉਹ ਬੋਲ ਨਹੀਂ ਸਕੀ।
ਮੈਂ ਅਣਮੰਨੇ ਜਿਹੇ ਮਨ ਨਾਲ ਪੰਜਾਬੀ ਟ੍ਰਿਬਿਊਨ ਦੇ ਡੈਸਕ ’ਤੇ ਟੈਲੀਫੋਨ ਕੀਤਾ ਤਾਂ ਗੁਰਦਿਆਲ ਬੱਲ ਸੁਣਦੇ ਸਾਰ ਮੇਰੇ ਘਰ ਆ ਕੇ ਖ਼ਬਰ ਲਿਖਣ ਲੱਗ ਪਿਆ: ਪੰਜਾਬੀ ਕਹਾਣੀ ਦਾ ਚੈਖੋਵ ਨਹੀਂ ਰਿਹਾ…। ਮੈਂ ਬੇਫ਼ਿਕਰ ਹੋ ਗਿਆ। ਬਹੁਤਾ ਇਸ ਲਈ ਕਿ ਮੈਥੋਂ ਵਿਰਕ ਦੀ ਅੰਤਿਮ ਦਿਨਾਂ ਦੀ ਬੇਬਸੀ ਦੇਖੀ ਨਹੀਂ ਸੀ ਜਾਂਦੀ। ਉਹ 20 ਮਾਰਚ 1986 ਤੋਂ 24 ਦਸੰਬਰ 1987 ਤਕ ਅਧਰੰਗ ਦਾ ਸ਼ਿਕਾਰ ਸੀ।
ਨਿੱਕੀ ਕਹਾਣੀ ਦੇ ਉਸ ਬਾਦਸ਼ਾਹ ਦੇ ਚੁੱਪ ਹੋ ਜਾਣ ਪਿੱਛੋਂ ਮੈਨੂੰ ਨਵੀਂ ਕਹਾਣੀ ਲਿਖਣ ਦੀ ਧੁਖਧਖੀ ਨਹੀਂ ਹੁੰਦੀ। ਮੇਰੀ ਟੱਕਰ ਮਿਟ ਚੁੱਕੀ ਹੈ ਤੇ ਟੱਕਰ ਬਿਨਾਂ ਕਹਾਣੀ ਨਹੀਂ ਬਣਦੀ। ਆਲੋਚਕਾਂ ਨੇ ਬਦਲ ਵੀ ਪੇਸ਼ ਕੀਤੇ, ਪਰ ਸਾਰੇ ਬਦਲ ਫਹੁੜੀਆਂ ਵਾਲੇ ਸਨ। ਨਕਸਲੀਏ, ਪ੍ਰਗਤੀਵਾਦੀ, ਮਨੋਵਿਗਿਆਨੀ ਅਤੇ ਫਰਾਇਡਵਾਦੀ ਜਿਹਡ਼ੇ ਮੈਨੂੰ ਨਹੀਂ ਸੀ ਸੁਖਾਉਂਦੇ।
ਹੁਣ ਇੱਕ ਉਹ ਗੱਲ ਜਿਸ ਦਾ ਕੱਲ੍ਹ ਤਕ ਮੈਨੂੰ ਵੀ ਪਤਾ ਨਹੀਂ ਸੀ। ਇਸ ਦਾ ਸਬੰਧ ਵਿਰਕ ਦੇ ਅੰਤਲੇ ਸਮੇਂ ਨਾਲ ਹੈ। ਮੈਂ ਦੱਸ ਚੁੱਕਾ ਹਾਂ ਕਿ ਉਹ ਅਧਰੰਗ ਦਾ ਸ਼ਿਕਾਰ ਹੋਣ ਕਾਰਨ ਅੰਤਾਂ ਦਾ ਲਾਚਾਰ ਸੀ। ਘਰੋਂ ਬਾਹਰ ਨਹੀਂ ਸੀ ਜਾ ਸਕਦਾ।
ਇੱਕ ਵਾਰੀ ਹਰਬੰਸ ਭਾਬੀ ਦੇ ਕਹਿਣ ਉੱਤੇ ਮੈਂ ਉਸ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਬਾਹਰਲੀ ਦੁਨੀਆਂ ਦਿਖਾਉਣ ਤੁਰਿਆ। ਉਹ ਵਾਰ-ਵਾਰ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਕਾਰ ਖੜ੍ਹਾ ਲਈ ਤੇ ਪੁੱਛਿਆ, ‘‘ਬਾਹਰ ਬੈਠਣ ਨੂੰ ਜੀਅ ਕਰਦਾ ਹੈ।’’ ਉਸ ਦਾ ਉੱਤਰ ਨਾਂਹ ਵਿੱਚ ਸੀ। ਪ੍ਰਤੱਖ ਸੀ ਕਿ ਉਹ ਦੁਖੀ ਤਾਂ ਸੀ, ਪਰ ਉਸ ਕੋਲ ਇਸ ਦਾ ਹੱਲ ਕੋਈ ਨਹੀਂ ਸੀ। ਇਹੋ ਜਿਹੇ ਚਾਨਣ ਤੋਂ ਉਸ ਨੇ ਕੀ ਲੈਣਾ ਸੀ ਜਿਸ ਵਿੱਚ ਉਹ ਤੁਰ ਨਹੀਂ ਸੀ ਸਕਦਾ।
ਜਦੋਂ ਉਸ ਨੂੰ ਘਰ ਵਿੱਚ ਬੰਦ ਹੋਇਆਂ ਕਈ ਮਹੀਨੇ ਹੋ ਗਏ ਤਾਂ ਉਸ ਦੇ ਬੱਚੇ ਉਸ ਨੂੰ ਅਮਰੀਕਾ ਲੈ ਗਏ ਸਨ। ਹਰਬੰਸ ਭਾਬੀ ਤਾਂ ਥੋੜ੍ਹੀ ਸੌਖੀ ਹੋ ਗਈ, ਪਰ ਵਿਰਕ ਪਹਿਲਾਂ ਨਾਲੋਂ ਵੀ ਤੰਗ ਤੇ ਉਦਾਸ ਹੋ ਗਿਆ। ਆਪਣੇ ਦੇਸ਼ ਵਿੱਚ ਉਸ ਨੂੰ ਕੋਈ ਨਾ ਕੋਈ ਮਿਲ ਜਾਂਦਾ ਸੀ ਜਿਸ ਨਾਲ ਉਹ ਸੰਕੇਤਕ ਭਾਸ਼ਾ ਰਾਹੀਂ ਦੁੱਖ ਸੁੱਖ ਕਰ ਲੈਂਦਾ ਸੀ। ਵਿਦੇਸ਼ ਵਿੱਚ ਸਹੂਲਤਾਂ ਤਾਂ ਬਹੁਤ ਸਨ, ਪਰ ਗੱਲ ਕਰਨ ਵਾਲਾ ਕੋਈ ਨਹੀਂ ਸੀ।
ਮੇਰੇ ਵਰਗੇ ਉਹਦੇ ਸਾਰੇ ਸਾਥੀ ਕਿਸੇ ਚੰਗੀ ਖ਼ਬਰ ਦੀ ਉਡੀਕ ਲਾਈ ਰੱਖਦੇ, ਪਰ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਾ ਪਿਆ। ਅੰਤ ਜਦ ਉਸ ਦੇ ਅਕਾਲ ਚਲਾਣੇ ਦੀ ਖ਼ਬਰ ਆਈ ਤਾਂ ਸਭਨਾਂ ਨੇ ਸੁੱਖ ਦਾ ਸਾਹ ਲਿਆ। ਉਨ੍ਹਾਂ ਨੂੰ ਵਿਰਕ ਦੀ ਲਾਚਾਰੀ ਉੱਤੇ ਤਰਸ ਆਉਂਦਾ ਸੀ। ਕੀ ਕਰ ਸਕਦੇ ਸਨ? ਅਸੀਂ ਸਾਰਿਆਂ ਨੇ ਸੱਤ ਸਮੁੰਦਰ ਪਾਰ ਤੋਂ ਆਈ ਇਸ ਮਾੜੀ ਖ਼ਬਰ ਨੂੰ ਚੰਗੀ ਕਰਕੇ ਜਾਣਿਆ। ਇਹਦੇ ਨਾਲੋਂ ਚੰਗੀ ਖ਼ਬਰ ਹੋ ਹੀ ਨਹੀਂ ਸੀ ਸਕਦੀ।
ਪਿਛਲੇ ਦਿਨਾਂ ਵਿੱਚ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਲਈ ਕੁਲਵੰਤ ਸਿੰਘ ਵਿਰਕ ਦੇ ਅੰਗਰੇਜ਼ੀ ਵਿੱਚ ਪ੍ਰਕਾਸ਼ਤ ਹੋਏ ਲੇਖਾਂ, ਮਿਡਲਾਂ ਤੇ ਕਹਾਣੀਆਂ ਦੀ ਪੁਸਤਕ ਸੰਪਾਦਤ ਕਰ ਰਿਹਾ ਸਾਂ ਤਾਂ ਮੇਰਾ ਉਸ ਦੇ ਬੱਚਿਆਂ ਨਾਲ ਬਹੁਤ ਦੇਰ ਪਿੱਛੋਂ ਬਹੁਤ ਨੇੜਲਾ ਸੰਪਰਕ ਹੋਇਆ।
ਗੱਲਾਂ ਵਿੱਚੋਂ ਗੱਲ ਇਹ ਵੀ ਨਿਕਲੀ ਕਿ ਵਿਰਕ ਅਮਰੀਕਾ ਜਾ ਕੇ ਆਪਣੀ ਜਾਨ ਆਪ ਲੈਣ ਵਿੱਚ ਸਫਲ ਹੋ ਗਿਆ ਸੀ। ਉਸ ਨੇ ਸਦਾ ਦੀ ਨੀਂਦੇ ਸੌਣ ਲਈ ਇੰਨੀਆਂ ਸੌਣ ਵਾਲੀਆਂ ਗੋਲੀਆਂ ਕਿਵੇਂ ਇਕੱਠੀਆਂ ਕੀਤੀਆਂ ਇਸ ਦਾ ਤਾਂ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਪਰ ਉਸ ਦੇ ਦੇਹਾਂਤ ਪਿੱਛੋਂ ਜਦੋਂ ਉਨ੍ਹਾਂ ਦਾ ਪਰਿਵਾਰਕ ਡਾਕਟਰ ਉਸ ਨੂੰ ਵੇਖਣ ਆਇਆ ਤਾਂ ਉਸ ਦੇ ਚਿਹਰੇ ਤੋਂ ਸਪਸ਼ਟ ਸੀ ਕਿ ਇਹ ਭਾਣਾ ਉਸੇ ਤਰ੍ਹਾਂ ਵਰਤਿਆ ਸੀ ਜਿਸ ਦਾ ਉਸਨੂੰ ਡਰ ਸੀ। ਉਹ ਇੰਨੀ ਗੱਲ ਕਹਿ ਕੇ ਤੁਰ ਗਿਆ ਸੀ।
ਮੈਨੂੰ ਉਹ ਘਟਨਾ ਚੇਤੇ ਆਈ ਜਦੋਂ ਲਾਚਾਰੀ ਦੀ ਅਵਸਥਾ ਵਿੱਚ ਉਹ ਮੇਰੀ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸਫਲ ਨਹੀਂ ਸੀ ਹੋ ਰਿਹਾ।
ਇਹ ਗੱਲ ਸੁਣ ਕੇ ਮੈਨੂੰ ਵਿਰਕ ਦੀ ਕਹਾਣੀ ਵਿਚਲੀ ਕਿਸੇ ਜੱਟ ਦੀ ਤੂੜੀ ਵਾਲੀ ਉਹ ਪੰਡ ਵੀ ਚੇਤੇ ਆਈ ਜਿਹੜੀ ਵਗਦੀ ਨਦੀ ਵਿੱਚ ਖੁੱਲ੍ਹ ਗਈ ਸੀ ਤੇ ਉਸ ਦੇ ਤੀਲ੍ਹੇ ਇਸ ਤਰਾਂ ਪਾਣੀ ਵਿੱਚ ਬਿਖਰ ਗਏ ਸਨ ਕਿ ਉਨ੍ਹਾਂ ਨੂੰ ਮੁੜ ਇਕੱਠੇ ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।
ਹੁਣ ਉਸ ਦੇ ਅੰਤਿਮ ਸਾਹਾਂ ਦੀ ਸੱਜਰੀ ਵਾਰਦਾਤ ਜਾਣਨ ਪਿੱਛੋਂ ਮੈਨੂੰ ਜਾਪਿਆ ਕਿ ਸਾਡਾ ਮਿੱਤਰ ਅੰਤਕਾਰ ਤੂੜੀ ਦੇ ਉਨ੍ਹਾਂ ਤੀਲਿਆਂ ਨੂੰ ਇਕੱਠੇ ਕਰਨ ਵਿੱਚ ਸਫਲ ਹੋ ਗਿਆ ਸੀ। ਉਹ ਇੱਕ ਇੱਕ ਕਰਕੇ ਨਹੀਂ ਸਨ ਡੁੱਬੇ। ਵਿਰਕ ਨੇ ਉਨ੍ਹਾਂ ਦੀ ਪੰਡ ਬੰਨ੍ਹ ਲਈ ਸੀ ਤੇ ਉਹ ਬੰਨ੍ਹੀ ਬੰਨ੍ਹਾਈ ਪੰਡ ਨਾਲ ਖ਼ੁਦ ਵੀ ਡੁੱਬ ਗਿਆ ਸੀ। ਮਿਰਜ਼ਾ ਗਾਲਿਬ ਦੇ ਇਸ ਸ਼ਿਅਰ ’ਤੇ ਫੁੱਲ ਚੜ੍ਹਾਉਣ ਵਾਂਗ:
ਹੂਏ ਮਰ ਕੇ ਹਮ ਜੋ ਰੁਸਵਾ ਹੂਏ ਕਿਉਂ ਨਾ ਗ਼ਰਕ ਏ ਦਰਿਆ
ਨਾ ਕਭੀ ਜਨਾਜ਼ਾ ਉਠਤਾ ਨਾ ਕਹੀਂ ਮਜ਼ਾਰ ਹੋਤਾ।
ਅਮਰੀਕਾ ਵਿੱਚ ਉਸ ਦੇ ਜਨਾਜ਼ੇ ਨਾਲ ਕੌਣ ਸੀ ਤੇ ਉਸ ਦਾ ਮਜ਼ਾਰ ਕਿੱਥੇ ਹੈ ਕਿਸੇ ਨੂੰ ਨਹੀਂ ਪਤਾ।
ਉਂਜ ਕੁਲਵੰਤ ਸਿੰਘ ਵਿਰਕ ਦਾ ਆਪਣੇ ਤੇ ਦੁਨੀਆਂ ਦੇ ਭਵਿੱਖ ਬਾਰੇ ਦ੍ਰਿਸ਼ਟੀਕੋਣ ਵੀ ਨੋਟ ਕਰਨ ਵਾਲਾ ਹੈ। ਇਹ ਉਸ ਨੇ ਆਪਣੀਆਂ ਲਿਖੀਆਂ ਸਾਰੀਆਂ ਕਹਾਣੀਆਂ ਨੂੰ ਇੱਕ ਜਿਲਦ ਵਿੱਚ ਇਕੱਠੀਆਂ ਕਰਕੇ ਤਿਆਰ ਕੀਤੀ ਪੁਸਤਕ ਦੇ ਸਰਵਰਕ ਉੱਤੇ ਲਿਖਿਆ ਸੀ:
‘ਭਵਿੱਖ ਬਾਰੇ ਮੈਂ ਕੇਵਲ ਆਸ਼ਾਵਾਦੀ ਹੀ ਨਹੀਂ ਸਗੋਂ ਚੋਖਾ ਉਤਸੁਕ ਹਾਂ, ਜਿਸ ਤਰ੍ਹਾਂ ਕਿਰਸਾਨ ਪੈਲੀ ਬੀਜਣ ਵੇਲੇ ਹੁੰਦਾ ਹੈ। ਮੇਰੀ ਵਹੁਟੀ ਤੇ ਕਹਿੰਦੀ ਹੈ ਕਿ ਅਗ੍ਹਾਂ ਦੀ ਸੋਚ ਤੂੰ ਮੇਲੇ ਟੁਰਨ ਵਾਲੇ ਬੱਚਿਆਂ ਵਾਂਗ ਮੱਛਰ ਜਾਂਦਾ ਹੈਂ। ਮੈਨੂੰ ਹਰ ਵੇਲੇ ਇਹ ਖ਼ਿਆਲ ਰਹਿੰਦਾ ਹੈ ਕਿ ਬੜਾ ਕੁਝ ਹੋਣ ਵਾਲਾ ਹੈ। ਇਸ ਵਿੱਚ ਮੇਰਾ ਪੈਸੇ-ਟਕੇ ਵੱਲੋਂ ਸਾਹ ਸੌਖਾ ਨਿਕਲਦੇ ਹੋਣ ਦਾ ਵੀ ਕੁਝ ਹਿੱਸਾ ਹੋ ਸਕਦਾ ਹੈ। ਮੈਨੂੰ ਨਵੇਂ ਬੰਬਾਂ ਨਾਲ ਦੁਨੀਆਂ ਦੇ ਖ਼ਤਮ ਹੋ ਜਾਣ ਦਾ ਕੋਈ ਡਰ ਨਹੀਂ ਲੱਗਾ। ਭਾਰਤ ਵਿੱਚ ਦੁਨੀਆਂ ਨੂੰ ਹਾਈਡਰੋਜਨ ਬੰਬ ਤੋਂ ਬਚਾਉਣ ਲਈ ਸ਼ਾਇਦ ਹੋਰ ਦੇਸ਼ਾਂ ਨਾਲੋਂ ਵੱਧ ਗੱਲਾਂ ਹੁੰਦੀਆਂ ਹਨ। ਇਹ ਬੁੱਢਿਆਂ ਵਾਲੀਆਂ ਗੱਲਾਂ ਨੇ, ਜਿਹੜੇ ਕੇਵਲ ਖ਼ਤਰਾ ਜਤਾ ਕੇ ਹੀ ਆਪਣੀ ਗੱਲ ਸੁਣਵਾ ਸਕਦੇ ਹਨ। ਲੱਖਾਂ ਕਰੋੜਾਂ ਲੋਕ ਮੌਤ ਦੇ ਕੰਢੇ ਕੰਢੇ ਜੀਵਨ ਬਿਤਾਉਂਦੇ ਹਨ, ਪਰ ਫਿਰ ਵੀ ਜਿਉਂਦੇ ਰਹਿੰਦੇ ਹਨ।’
ਉਸ ਦੇ ਇਸੇ ਦ੍ਰਿਸ਼ਟੀਕੋਣ ਸਦਕਾ ਉਸ ਨੂੰ ਉਸ ਦੇ ਅਕਾਲ ਚਲਾਣੇ ਤੋਂ ਸਾਢੇ ਤਿੰਨ ਦਹਾਕੇ ਪਿੱਛੋਂ ਵੀ ਚੇਤੇ ਕੀਤਾ ਜਾਂਦਾ ਹੈ। ਪਿਛਲੇ ਸਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਉਸ ਦੀਆਂ ਚੋਣਵੀਆਂ ਰਚਨਾਵਾਂ ਦਾ 350 ਪੰਨਿਆਂ ਦਾ ਇੱਕ ਗਰੰਥ ਛਾਪਿਆ ਹੈ ਜਿਹੜਾ ਪਿਛਲੀਆਂ ਦੋ ਸਦੀਆਂ ਦਾ ਸਮਾਜਿਕ ਇਤਿਹਾਸ ਮੰਨਿਆ ਗਿਆ ਹੈ। ਇਸ ਵਿੱਚ ਪੰਜਾਬ ਦੀਆਂ ਨਹਿਰਾਂ ਤੇ ਜਰਨੈਲੀ ਸੜਕਾਂ ਦਾ ਨਿਕਾਸ ਤੇ ਵਿਕਾਸ ਇੰਨੇ ਰੌਚਿਕ ਢੰਗ ਨਾਲ ਬਿਆਨ ਕੀਤਾ ਗਿਆ ਹੈ ਕਿ ਪੰਜਾਬ ਦੇ ਸਮਾਜਿਕ ਵਿਕਾਸ ਵਿੱਚ ਦਿਲਚਸਪੀ ਰੱਖਣ ਵਾਲੇ ਇਸ ਦਾ ਲਾਭ ਲੈ ਸਕਦੇ ਹਨ। ਇਸ ਵਿੱਚ ਉਸ ਦੀਆਂ 28 ਪੰਜਾਬੀ ਕਹਾਣੀਆਂ ਦੇ ਅਨੁਵਾਦ ਤੋਂ ਬਿਨਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਬਾਰੇ 20 ਲੇਖ ਅਤੇ ਰੋਜ਼ਾਨਾ ਜ਼ਿੰਦਗੀ ਦੇ ਦੁਖ-ਸੁਖ ਵਿੱਚ ਝਾਤੀ ਪਾਉਂਦੇ ਡੇਢ ਦਰਜਨ ਮਿਡਲ ਸ਼ਾਮਲ ਹਨ।
ਪੰਜਾਬ ਕਲਾ ਪ੍ਰੀਸ਼ਦ ਨੇ ਪੰਜਾਬ ਦੇ ਨਿਰਮਾਤਾਵਾਂ ਦੀ ਗੈਲਰੀ ਵਿੱਚ ਕੁਲਵੰਤ ਸਿੰਘ ਵਿਰਕ ਨੂੰ ਭਾਈ ਕਾਨ੍ਹ ਸਿੰਘ ਨਾਭਾ, ਭਾਈ ਵੀਰ ਸਿੰਘ, ਪ੍ਰਤਾਪ ਸਿੰਘ ਕੈਰੋਂ, ਮੁਲਕ ਰਾਜ ਆਨੰਦ, ਮੋਹਨ ਸਿੰਘ ਤੇ ਮਹਿੰਦਰ ਰੰਧਾਵਾ ਤੇ ਬਾਕੀਆਂ ਵਾਂਗ ਨਿਵਾਜਿਆ ਤੇ ਦਰਸਾਇਆ ਹੈ। ਉਸ ਦੀ ਆਭਾ ਸਮੇਂ ਨਾਲ ਵਧ ਰਹੀ ਹੈ।