Zero (Punjabi Story) : Gurmeet Arif
ਜੀਰੋ (ਕਹਾਣੀ) : ਗੁਰਮੀਤ ਆਰਿਫ
ਸਾਹਮਣੇਂ ਗਰਾਂਊਡ ਚ ਖੜ੍ਹਾ ਰਣਜੀਤ ਸਕੂਲ ਦੇ ਬੱਚਿਆਂ ਨੂੰ ਆਟੋਗ੍ਰਾਫ ਦੇ ਰਿਹੈ । ਕੋਈ ਹਾਕੀ ਅੱਗੇ ਕਰ ਰਿਹੈ ਕੋਈ ਨੋਟ ਬੁੱਕ ਅਤੇ
ਕੋਈ ਆਪਣੀ ਬਾਂਹ ਤੇ ਉਹਦਾ ਨਾਮ ਲਿਖਵਾਉਣ ਲਈ ਕਾਹਲੀ ਨਾਲ ਅੱਗੇ ਹੋ ਰਿਹੈ।
ਹੈਡਮਾਸਟਰ ਦਰਸ਼ਨ ਸਿੰਘ ਦੋ ਵਾਰੀ ਗੇੜਾ ਮਾਰ ਚੁੱਕੇ ਨੇ ਕਿ ਕਦੋਂ ਉਹ ਵੇਹਲਾ ਹੋਵੇ ਤੇ ਘੜੀ ਦੋ ਘੜੀ ਉਹਨਾਂ ਕੋਲ ਦਫਤਰ ‘ਚ ਆ
ਕੇ ਬੈਠੇ । ਕਿਸੇ ਮੁੰਡੇ ਦੇ ਮੋਬਾਇਲ ਫੋਨ ਤੋਂ ਸੈਲਫੀ ਲੈ ਕੇ ਹੱਥ ਹਿਲਾਂਉਦਾ ਉਹ ਦਫਤਰ ਵੱਲ ਆ ਰਿਹੈ । ਮੈਂ ਸਟਾਫ ਰੂਮ ਦੇ ਅੰਦਰ
ਬੈਠਾ ਖਿੜ੍ਹਕੀ ਰਾਹੀਂ ਦੂਰੋਂ ਉਹਨੂੰ ਵੇਖ ਰਿਹਾਂ । ਜਿਵੇਂ ਜਿਵੇਂ ਉਹ ਮੇਰੇ ਨੇੜੇ ਆ ਰਿਹੈ ਤਾਂ ਕਈ ਸਾਲ ਪਹਿਲਾਂ ਧੁੰਦਲਾ ਹੋ ਚੁੱਕਾ
ਰਣਜੀਤ ਦਾ ਅਕਸ ਮੈਨੂੰ ਸਾਫ ਦਿਖਾਈ ਦੇਣ ਲੱਗਾ ਹੈ ।
ਐਥੇ ਹੀ ਬਾਹਰ ਗਰਾਂਊਡ ‘ਚ ਕਲਾਸ ਲਗਾ ਕੇ ਮੈਂ ਅੱਠਵੀਂ ਜਾਂ ਸ਼ਾਇਦ ਦਸਵੀਂ ਜਮਾਤ ਨੂੰ ਪੜ੍ਹਾ ਰਿਹਾ ਸਾਂ ਕਿ ਛੇਵੀਂ ਜਮਾਤ ਦਾ ਬੱਚਾ
ਰੋਂਦਾ ਹੋਇਆ ਹੋਇਆ ਮੇਰੇ ਕੋਲ ਆ ਖੜ੍ਹਾ । ਉਹਨਾਂ ਦਾ ਕਲਾਸ ਇੰਚਾਰਜ ਦਰਸ਼ਨ ਸਿੰਘ ਸ਼ਾਇਦ ਉਦੋਂ ਕਲਾਸ ‘ਚ ਹੈਨੀ ਸੀ ।
“ਮ੍ਹਾਟਰ ਜੀ ਸਾਰੇ ਮੈਨੂੰ ਜੀਰੋ ਜੀਰੋ ਕਹਿ ਕੇ ਛੇੜਦੇ ਐ ।” ਉਹ ਰੋਂਦਾ ਹੋਇਆ ਬੋਲਿਆ।
“ਕਿਉਂ ਕੀ ਹੋਇਐ.....?”
“ਜੀ ਮੇਰੇ ਕਈ ਪੇਪਰਾਂ ਚੋਂ ਜੀਰੋ ਨੰਬਰ ਆਏ ਆ ਨਾ ਤਾਂ ਕਰਕੇ ।”
“ਏਹ ਕਿਵੇਂ ਹੋਇਆ.....?”
“ਜੀ ਮੇਰਾ ਭਾਪਾ ਠੀਕ ਨੀ ਰਹਿੰਦਾ ਮੇਰੀ ਬੀਬੀ ਉਹਨੂੰ ਦਵਾਈ ਦਵਾਉਣ ਸ਼ਹਿਰ ਜਾਂਦੀ ਆ ਤੇ ਪਿਛੋਂ ਸਾਰਾ ਘਰ ਦਾ ਕੰਮ ਮੈਨੂੰ ਈ
ਕਰਨਾ ਪੈਂਦਾ ‘ਤਾਂ ਕਰਕੇ ਐਸ ਵਾਰੀ ਮੈਂ ਪੜ੍ਹ ਨੀ ਸਕਿਆ ਪਰ ਮਾ੍ਹਟਰ ਜੀ ਕੀ ਜੀਰੋ ਦੀ ਕੋਈ ਕੀਮਤ ਨੀ ਹੁੰਦੀ ?”
“ਜੀਰੋ ਦੀ ਕੀਮਤ ਹੁੰਦੀ ਆ..... ਹੁੰਦੀ ਕਿਉਂ ਨੀ । ਤੂੰ ਚੱਲ ਕਲਾਸ ਚ ਮੈਂ ਦੱਸਦਾਂ ਆ ਕੇ।”
ਰਣਜੀਤ ਸ਼ਰਟ ਦੇ ਕਫ ਨਾਲ ਅੱਖਾਂ ਪੂੰਝਦਾ ਕਲਾਸ ਵੱਲ ਭੱਜ ਗਿਆ। ਮੈਂ ਕਿਤਾਬ ਕੁਰਸੀ ਤੇ ਮੂਧੀ ਮਾਰ ਕੇ ਛੇਵੀਂ ਕਲਾਸ ਵੱਲ ਹੋ
ਤੁਰਿਆ ਕਿਉਕਿ ਉਹਦੇ ਜਾਣ ਤੋਂ ਬਾਦ ਕਲਾਸ ਵਿੱਚ ਰੌਲਾ ਹੋਰ ਜਿਆਦਾ ਉੱਚਾ ਹੋ ਗਿਆ ਸੀ । ਕਲਾਸ ਦੇ ਦਰਵਾਜੇ ਕੋਲ
ਪਹੁੰਚਦਿਆਂ ਈ ਮੈਨੂੰ ਵੇਖ ਕੇ ਸਾਰੇ ਛਾਪਲ ਗਏ ਸਨ ।
“ਹਾਂ ਓਏ ਕੇਹੜਾ ਕੇਹੜਾ ਸੀ ਜੇਹੜਾ ਤੈਨੂੰ ਛੇੜਦਾ ਸੀ।” ਰਣਜੀਤ ਨੇ ਡਰਦਿਆਂ ਮੁਨੀਟਰ ਤੇ ਉਹਦੇ ਦੋ ਤਿੰਨ ਜੋੜੀਦਾਰਾਂ ਦੇ ਨਾਂਅ
ਲਏ ।
“ਕੀ ਗੱਲ ਉਏ ਤੂੰ ਬਹੁਤ ਪੜ੍ਹਾਕੂ ਐਂ । ਚੱਲ ਉੱਠ ਤਾਂਹ ਤੇ ਜਾ ਕੇ ਬੋਰਡ ਤੇ ਦਸ ਦੀ ਗਿਣਤੀ ਲਿਖ।” ਮੁਨੀਟਰ ਸਹਿਮ ਗਿਆ ।
“ਮੈਂ ਕੀ ਕਿਹੈ.... ?”
ਉਹ ਡਰਦਿਆਂ ਉੱਠ ਖੜ੍ਹਾ ਤੇ ਬੋਰਡ ਤੇ ਜਾ ਕੇ ਦਸ ਲਿਖ ਦਿੱਤੇ ।
“ਦਸੋ ਕਿੰਨੇ ਲਿਖੇ ਆ ਵਈ ।” ਮੈਂ ਸਾਰਿਆਂ ਤੋਂ ਪੁੱਛਿਆ ।
“ਜੀ ਦਸ ।” ਸਾਰਿਆਂ ਦੀ ਰਲੀ ਮਿਲੀ ਅਵਾਜ ਆਈ ਪਰ ਰਣਜੀਤ ਮੇਰੀ ਸ਼ਕਲ ਵੇਖ ਰਿਹਾ ਸੀ।
“ਹੁਣ ਐਂ ਕਰ.....ਜੀਰੋ ਮਿਟਾ ਦੇ ।” ਮੁਨੀਟਰ ਨੇ ਡਰਦਿਆਂ ਜੀਰੋ ਤੇ ਹੱਥ ਫੇਰ ਦਿੱਤਾ ।
“ਹੁਣ ਕਿੰਨੇ ਆਂ....?”
“ਜੀ ਇੱਕ.....।” ਸਾਰਿਆਂ ਨੇ ਇਕੋ ਸਾਹ ਜਵਾਬ ਦਿੱਤਾ ਪਰ ਰਣਜੀਤ ਅਜੇ ਵੀ ਮੇਰੇ ਵੱਲ ਵੇਖੀ ਜਾ ਰਿਹਾ ਸੀ।
“ਹੁਣ ਦੱਸੋ ਇਕ ਵੱਡਾ ਹੁੰਦਾ ਕਿ ਦਸ ?”
“ਜੀ ਦਸ ਵੱਡੇ ਹੁੰਦੇ ਆ ।” ਰਣਜੀਤ ਝੱਟ ਬੋਲਿਆ।
“ਹਾਂ ਤਾਂ ਬੱਚਿਓ ਜੀਰੋ ਦੀ ਬਦੌਲਤ ਹੀ ਇਕ ਦੀ ਕੀਮਤ ਦਸ ਹੋਈ ਸੀ । ਇਹਦਾ ਮਤਲਬ ਹਰ ਅੰਕ ਦੀ ਕੀਮਤ ਜੀਰੋ ਨਾਲ ਲੱਗਣ
ਤੋਂ ਬਾਦ ਹੀ ਵਧਦੀ ਆ । ਬੇਟਾ ਸਫਲਤਾ ਜਿੰਨੀ ਮਰਜੀ ਵੱਡੀ ਹੋਵੇ ਉਹ ਛੋਟੀਆਂ ਛੋਟੀਆਂ ਅਸਫਲਤਾਵਾਂ ਦਾ ਹੀ ਨਤੀਜਾ ਹੁੰਦੀ ਆ।
ਸੋ ਆਪਣੇ ਕਿਸੇ ਵੀ ਸਾਥੀ ਦਾ ਮਜਾਕ ਨੀ ਉਡਾਈਦਾ ਹੁੰਦਾ । ਜੇ ਅੱਜ ਰਣਜੀਤ ਦੀ ਪੇਪਰਾਂ ਚੋਂ ਜੀਰੋ ਆਈ ਆ ਤਾਂ ਕੀ ਪਤਾ ਕੱਲ੍ਹ ਨੂੰ
ਉਹ ਤੁਹਾਡੇ ਸਾਰਿਆਂ ਚੋਂ ਫਸਟ ਆਜੇ.... ਹੈ ਕਿ ਨਈਂ । ਹੁਣ ਕੋਈ ਵੀ ਏਹਦਾ ਮਜਾਕ ਨੀ ਉਡਾਊਗਾ । ਨਈਂ ਵਜੰਤਰ ਵੇਖ ਲਿਉ
ਫਿਰਦਾ।”
ਮੇਰੀ ਝਿੜਕ ਨੇ ਇਕ ਦਿਨ ਤਾਂ ਬੱਚਿਆਂ ਨੂੰ ਚੁੱਪ ਕਰਵਾ ਦਿੱਤਾ ਸੀ ਪਰ ਰਣਜੀਤ ਦੇ ਨਾਂ ਨਾਲੋਂ ਜੀਰੋ ਦੀ ਚੇੜ ਨੀ ਸੀ ਲਾਹ ਸਕੀ ।
ਜਦੋਂ ਟੀਚਰ ਖੁਦ ਈ ਬੱਚਿਆਂ ਨੂੰ ਅਜੇਹੇ ਨਾਵਾਂ ਨਾਲ ਬੁਲਾਉਣ ਲੱਗ ਜਾਣ ਤਾਂ ਬਾਕੀ ਬੱਚਿਆਂ ਨੂੰ ਰੋਕ ਸਕਣਾਂ ਬਹੁਤ ਮੁਸ਼ਕਿਲ
ਹੁੰਦੈ। ਮਾਸਟਰ ਦਰਸ਼ਨ ਸਿੰਘ ਵੀ ਹਾਜਰੀ ਲਾਉਣ ਲੱਗਾ ਈ ਉਹਦਾ ਸਿੱਧਾ ਨਾਮ ਬੋਲਦਾ ਸੀ ਨਈਂ ਬਾਕੀ ਸਾਰਾ ਦਿਨ ਤਾਂ ਜੀਰੋ
ਜੀਰੋ ਈ ਹੁੰਦੀ ।
ਇੱਕ ਦਿਨ ਅੱਧੀ ਛੁੱਟੀ ਵੇਲੇ ਅਸੀਂ ਸਾਰੇ ਬਾਹਰ ਗਰਾਂਊਡ ਚ ਬੈਠੇ ਧੁੱਪ ਸੇਕ ਰਹੇ ਸਾਂ ਕਿ ਘਰੋਂ ਰੋਟੀ ਖਾ ਕੇ ਆਇਆ ਰਣਜੀਤ ਸਾਡੇ
ਕੋਲ ਦੀ ਲੰਘਿਆ। ਮਾਸਟਰ ਦਰਸ਼ਨ ਸਿੰਘ ਨੇ ਉਹਨੂੰ ਅਵਾਜ ਮਾਰੀ “ਓਏ ਜੀਰੋ.... ਐਂ ਕਰ ਔਹ ਸਟਾਫ ਰੂਮ ਚੋਂ ਅਖਬਾਰ
ਫੜ੍ਹਾਉਂਦਾ ਜਾਈਂ ।”
ਮੈਂ ਸੁਣ ਕੇ ਹੈਰਾਨ ਰਹਿ ਗਿਆ । ਰਣਜੀਤ ਨੇ ਮੇਰੇ ਵੱਲ ਵੇਖਿਆ ਤੇ ਫਿਰ ਮਾਸਟਰ ਦਰਸ਼ਨ ਸਿੰਘ ਵੱਲ ਤੇ ਫਿਰ ਉਹ ਸਟਾਫ ਰੂਮ
ਵੱਲ ਭੱਜ ਗਿਆ । ਅਖਬਾਰ ਲ਼ੈ ਕੇ ਆਇਆ ਵੀ ਉਹ ਮੇਰੇ ਵੱਲ ਈ ਵੇਖੀ ਜਾ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਮਾਸਟਰ ਜੀ ਤੁਹਾਡਾ
ਫਾਰਮੂਲਾ ਇਥੇ ਕਿਸੇ ਨੂੰ ਸਮਝ ਨੀ ਆਇਆ ।
“ਮਾਸਟਰ ਜੀ ਕੀ ਯਾਰ ਤੁਸੀਂ ਤਾਂ ਨਿਆਣਿਆਂ ਤੋਂ ਵੀ ਗਾਂਹ ਲੰਘਗੇ । ਇਸ ਤਰ੍ਹਾਂ ਪੇਸ਼ ਆਈਦੈ ਬੱਚਿਆਂ ਨਾਲ?”
“ਫੇਰ ਕੀ ਹੋ ਗਿਆ । ਮੇਰੇ ਨਾ ਕਹਿਣ ਨਾਲ ਕੇਹੜਾ ਏਹਨੇ ਜੱਜ ਲੱਗ ਜਾਣਾਂ ।”
“ਮਾਸਟਰ ਜੀ ਜਦੋਂ ਅਸੀਂ ਖੁਦ ਬੱਚਿਆਂ ਨੂੰ ਐਸ ਤਰ੍ਹਾਂ ਟਰੀਟ ਕਰਨ ਲੱਗ ਜਾਂਦੇ ਆਂ ਨਾ ਤਾਂ ਉਹ ਵੀ ਅਧਿਆਪਕ ਦੀ ਹਾਰ ਈ ਹੁੰਦੀ
ਆ । ਮਾਪਿਆਂ ਤੋਂ ਬਾਦ ਅਧਿਆਪਕ ਦੀ ਜੁੰਮੇਵਾਰੀ ਹੁੰਦੀ ਆ ਬੱਚੇ ਨੂੰ ਸਾਂਭਣ ਦੀ । ਤੇ ਜੇ ਅਸੀਂ ਵੀ ਐਸ ਤਰ੍ਹਾਂ ਕਰਾਂਗੇ ਤਾਂ ਅੱਗੇ ਕੌਣ
ਹੈ ਜੇਹੜਾ ਏਹਨਾਂ ਨੂੰ ਅਕਲ ਦੇਊ ।”
ਮਾਸਟਰ ਦਰਸ਼ਨ ਸਿੰਘ ਛਿੱਥਾ ਜਿਹਾ ਹੋ ਕੇ ਅਖਬਾਰ ਪੜ੍ਹਨ ਲੱਗਾ । ਮੈਨੂੰ ਪਹਿਲਾਂ ਵੀ ਪਤਾ ਲੱਗਾ ਸੀ ਕਿ ਉਹ ਕਲਾਸ ‘ਚ ਬੱਚਿਆਂ
ਨੂੰ ਪੁੱਠੇ ਸਿੱਧੇ ਨਾਵਾਂ ਨਾਲ ਬੁਲਾਂਉਦਾ ਹੁੰਦੈ । ਪਰ ਉਸ ਦਿਨ ਤਾਂ ਹੱਦ ਈ ਹੋਗੀ ਸੀ ਸਭ ਦੇ ਸਾਹਮਣੇਂ ਈ ਉਹ ਐਂ ਬੋਲ ਰਿਹਾ ਸੀ ।
ਮਾਸਟਰ ਦਲਜੀਤ ਸਿੰਘ ਤਾਂ ਅਕਸਰ ਈ ਉਹਦੇ ਬਾਰੇ ਕਹਿ ਦਿੰਦੈ ਵਈ ਕਈ ਬੰਦੇ ਪੜ੍ਹ ਲਿਖ ਕੇ ਅੱਗੇ ਤਾਂ ਨਿੱਕਲ ਜਾਂਦੇ ਆ ਪਰ
ਜਾਹਲਪੁਣਾਂ ਉਹਨਾਂ ਦੇ ਅੰਦਰੋਂ ਨੀ ਜਾਂਦਾ ਹੁੰਦਾ ‘ਤੇ ਇਹ ਵੀ ਉਹਨਾਂ ਚੋਂ ਇਕ ਹੈ।
ਉਦੋਂ ਸਕੂਲ ‘ਚ ਅਧਿਆਪਕ ਘੱਟ ਹੋਣ ਕਾਰਨ ਸਾਨੂੰ ਕੱਲੇ ਕੱਲੇ ਨੂੰ ਕਈ ਕਈ ਕਲਾਸਾਂ ਲਾਉਣੀਆਂ ਪੈਂਦੀਆਂ ਸਨ। ਉਤੋਂ ਸਰਕਾਰ ਦਾ
ਦਬਾਅ ਵੱਖਰਾ ਕਿ ਬੋਰਡ ਦੇ ਇਮਤਿਹਾਨਾਂ ਵਿਚੋਂ ਸੌ ਫੀਸਦੀ ਨਤੀਜਾ ਚਾਹੀਦੈ । ਜੇਹੜੇ ਸਕੂਲ ਦਾ ਨਤੀਜਾ ਮਾੜਾ ਆਇਆ ਤਾਂ ਉਥੋਂ
ਦੇ ਸਟਾਫ ਦੀ ਜਵਾਬ ਤਲਬੀ ਹੋਵੇਗੀ । ਇਸ ਕਰਕੇ ਸਕੂਲ ਛੁੱਟੀ ਹੋਣ ਤੋਂ ਬਾਦ ਵੀ ਅਸੀਂ ਅੱਠਵੀਂ ਤੇ ਦਸਵੀਂ ਦੀ ਗਣਿਤ ਅਤੇ
ਅੰਗਰੇਜੀ ਦੀ ਸਪੈਸ਼ਲ ਕਲਾਸ ਲਗਾਂਉਦੇ ਸਾਂ। ਕਿਉਂਕਿ ਏਹਨਾਂ ਸਬਜੈਕਟਾਂ ਵਿਚੋਂ ਹੀ ਜਿਆਦਾਤਰ ਬੱਚੇ ਫੇਲ੍ਹ ਹੁੰਦੇ ਹਨ । ਮੈਂ ਅੱਠਵੀਂ
ਕਲਾਸ ਲੈ ਲੈਂਦਾ ਤੇ ਦਲਜੀਤ ਸਿੰਘ ਦਸਵੀਂ ਨੂੰ ਪੜ੍ਹਾਉਣ ਲੱਗ ਜਾਂਦਾ । ਘਰ ਨੇੜੇ ਹੋਣ ਕਰਕੇ ਰਣਜੀਤ ਸਕੂਲ ਵਿੱਚ ਸਾਡੇ ਆਲੇ
ਦੁਆਲੇ ਘੁੰਮਦਾ ਰਹਿੰਦਾ। ਕਦੇ ਸਾਨੂੰ ਪਾਣੀ ਪਿਆ ਜਾਂਦਾ ਕਦੇ ਚਾਹ ਦਾ ਪੁੱਛ ਲੈਂਦਾ । ਜਦੋਂ ਕਲਾਸ ਖਤਮ ਹੋਣੀਂ ਤਾਂ ਬਾਕੀ ਬੱਚਿਆਂ
ਨਾਲ ਭੱਜ ਭੱਜ ਕੇ ਮੇਜ ਕੁਰਸੀਆਂ ਕਮਰਿਆਂ ਚ ਰੱਖਦਾ। ਅਜੇਹੀਆਂ ਗੱਲਾਂ ਕਰਕੇ ਸਾਡੇ ਸਾਰਿਆਂ ਨਾਲ ਇਹਦਾ ਬਹੁਤ ਲਗਾਅ ਸੀ।
ਦੂਜੇ ਪਾਸੇ ਪੀ ਟੀ ਮਾਸਟਰ ਸ਼ਿਗਾਰਾ ਸਿੰਘ ਜੂਨੀਅਰ ਹਾਕੀ ਟੀਮ ਤਿਆਰ ਕਰਨ ਵਿੱਚ ਰੁੱਝਾ ਰਹਿੰਦਾ। ਉਹ ਬੱਚਿਆਂ ਦੇ ਤੁਰਨ
ਅਤੇ ਦੌੜਨ ਤੋਂ ਈ ਪਰਖ ਕਰ ਲੈਂਦਾ ਸੀ ਵਈ ਕੇਹੜਾ ਉਹਦੀ ਕਸਵੱਟੀ ਤੇ ਪੂਰਾ ਉਤਰ ਸਕਦੈ, ਕਿਉਂਕਿ ਵਿਦਿਆਰਥੀ ਹੋਣ ਸਮੇਂ
ਉਹ ਵੀ ਹਾਕੀ ਦਾ ਬਹੁਤ ਵਧੀਆ ਖਿਡਾਰੀ ਰਹਿ ਚੁੱਕਾ ਸੀ ਅਤੇ ਖਿਡਾਰੀ ਹੋਣ ਕਰਕੇ ਈ ਉਹ ਸਰਵਿਸ ਵਿੱਚ ਆਇਆ ਸੀ।
ਰਣਜੀਤ ਭਾਂਵੇ ਪੜ੍ਹਾਈ ਵਿੱਚ ਚੰਗਾ ਨਈਂ ਸੀ ਪਰ ਹਾਕੀ ਉਹ ਬਹੁਤ ਵਧੀਆ ਖੇਡਦਾ ਸੀ । ਅਕਸਰ ਈ ਕਈ ਵਾਰੀ ਮਾਸਟਰ
ਸ਼ਿੰਗਾਰਾ ਸਿੰਘ ਕਹਿ ਦਿੰਦਾ ਵਈ ਹਰ ਬੰਦੇ ਵਿੱਚ ਕੋਈ ਨਾ ਕੋਈ ਅਜੇਹਾ ਗੁਣ ਜਰੂਰ ਹੁੰਦੈ ਜੋ ਦੂਜਿਆਂ ਵਿੱਚ ਨਈਂ ਹੁੰਦਾ । ਹੁਣ
ਰਣਜੀਤ ਵੱਲ ਈ ਵੇਖ ਲਉ ਕੱਲ੍ਹ ਦਾ ਨਿਆਣਾ ਐਂ ਤੇ ਹਾਕੀ ਐਂ ਖੇਡਦਾ ਜਿਵੇਂ ਕੋਈ ਹੰਢਿਆ ਹੋਇਆ ਖਿਡਾਰੀ ਹੋਵੇ । ਕਈ ਟਰਿਕ ਤਾਂ
ਐਸੇ ਵੀ ਲਾ ਜਾਂਦੈ ਜੇਹੜੇ ਮੈਂ ਅਜੇ ਤਾਂਈ ਏਹਨਾਂ ਨੂੰ ਦੱਸੇ ਈ ਨੀ ।
“ਇਸੇ ਨੂੰ ਤਾਂ ਵੰਨ ਸੁਵੰਨੀ ਪ੍ਰਤਿਭਾ ਕਹਿੰਦੇ ਐ ਮਾਸਟਰ ਜੀ । ਜੇ ਐਂ ਈ ਬੱਚੇ ਦੀ ਰੁਚੀ ਤੋਂ ਉਸਦੇ ਰਾਹ ਦੀ ਪਛਾਣ ਕੀਤੀ ਜਾਵੇ ਤਾਂ
ਇਥੇ ਹਰ ਬੱਚਾ ਕਾਮਯਾਬ ਹੋ ਸਕਦੈ। ਬਾਹਰਲੇ ਮੁਲਕਾਂ ਚ ਲੋਕ ਹਰ ਫੈਸਲਾ ਬੱਚੇ ਤੇ ਈ ਛੱਡ ਦਿੰਦੇ ਐ ਤੇ ਉਹ ਆਪਣੀ ਰੁਚੀ ਤੇ
ਮੁਤਾਬਿਕ ਕਾਮਯਾਬ ਵੀ ਹੋ ਜਾਂਦੇ ਆ । ਸਾਡੇ ਇਥੇ ਬੱਚੇ ਦੇ ਨਾ ਕਾਮਯਾਬ ਹੋਣ ਦਾ ਇਕ ਕਾਰਨ ਏਹ ਵੀ ਹੈ ਕਿ ਅਸੀਂ ਉਸਨੂੰ ਆਪਣੇ
ਹਿਸਾਬ ਨਾਲ ਤੋਰਨ ਦੀ ਕੋਸ਼ਿਸ ਕਰਦੇ ਹਾਂ। ਜਦਕਿ ਬੱਚੇ ਨੂੰ ਖੁਦ ਸਮਰੱਥ ਹੋਣ ਦਾ ਮੌਕਾ ਦੇਣਾਂ ਚਾਹੀਦੈ।” ਕੋਲ ਬੈਠਾ ਦਲਜੀਤ
ਸਿੰਘ ਬੋਲਦਾ ।
ਜੋਨ ਦੇ ਟੂਰਨਾਮੈਂਟ ਨੇੜੇ ਹੋਣ ਕਰਕੇ ਮਾਸਟਰ ਸ਼ਿੰਗਾਰਾ ਸਿੰਘ ਨੇ ਦੂਜੇ ਸਕੂਲਾਂ ਨਾਲ ਸੰਪਰਕ ਕਰਕੇ ਅੰਡਰ ਚੌਦਾਂ ਸਾਲ ਦੇ
ਫਰੈਂਡਲੀ ਮੈਚ ਕਰਵਾਉਣੇਂ ਸ਼ੁਰੂ ਕੀਤੇ ਤਾਂ ਵੇਖਿਆ ਕਿ ਰਣਜੀਤ ਜਿਵੇਂ ਗੇਂਦ ਨੂੰ ਹਾਕੀ ਨਾਲ ਈ ਚਿਪਕਾ ਲੈਂਦਾ ਤੇ ਵਿਰੋਧੀ ਟੀਮ ਨੂੰ
ਆਪਣੇ ਪਿਛੇ ਪਿਛੇ ਭਜਾਈ ਫਿਰਦਾ । ਚਾਰ ਮਹੀਨੇ ਬਾਦ ਜੋਨ ਦੀਆਂ ਗੇਮਾਂ ਹੋਈਆਂ ਤਾਂ ਰਣਜੀਤ ਦੀ ਬਦੌਲਤ ਹੀ ਸਾਡੇ ਸਕੂਲ ਦੀ
ਟੀਮ ਦੂਜੇ ਨੰਬਰ ਤੇ ਆਈ ਅਤੇ ਫਿਰ ਅਗਲੇ ਸਾਲ ਜਿਲ੍ਹੇ ਵਿੱਚੋਂ ਫਸਟ ਆਈ । ਉਸਤੋਂ ਬਾਦ ਜਦੋਂ ਪੰਜਾਬ ਦੀ ਅੰਡਰ ਸਤਾਰਾਂ ਸਾਲ
ਦੀ ਟੀਮ ਦਾ ਗਠਨ ਹੋਇਆ ਤਾਂ ਸਾਡੇ ਸਕੂਲ ਲਈ ਇਹ ਬੜੇ ਮਾਣ ਵਾਲੀ ਗੱਲ ਸੀ ਕਿ ਰਣਜੀਤ ਪੰਜਾਬ ਦੀ ਟੀਮ ਲਈ ਸੈਂਟਰ
ਫਾਰਵਰਡ ਚੁਣਿਆ ਗਿਆ ਸੀ । ਮਾਸਟਰ ਸ਼ਿੰਗਾਰਾ ਸਿੰਘ ਨੇ ਸਾਰੇ ਸਕੂਲ ਵਿੱਚ ਲੱਡੂ ਵੰਡੇ ਅਤੇ ਸਟਾਫ ਨੂੰ ਪਾਰਟੀ ਦਿੱਤੀ । ਜਦ ਮੈਂ
ਉਹਨੂੰ ਜੱਫੀ ਚ ਲੈ ਕੇ ਮੁਬਾਰਕਬਾਦ ਦਿੱਤੀ ਤਾਂ ਉਸਦੀਆਂ ਅੱਖਾਂ ਨਮ ਹੋ ਗਈਆਂ ਸਨ।
“ਅੱਜ ਮਿਹਨਤ ਸਫਲ ਹੋਗੀ ਯਾਰ ਬਾਈ । ਸਾਰੀ ਉਮਰ ਮੈਂ ਨੈਸ਼ਨਲ ਟੀਮ ਵਿੱਚ ਖੇਡਣ ਦੇ ਸੁਪਨੇ ਲੈਂਦਾ ਰਿਹਾਂ ਪਰ ਮੈਨੂੰ ਚਾਂਸ ਨੀ
ਸੀ ਮਿਲਿਆ ਪਰ ਹੁਣ ਲਗਦੈ ਵਈ ਰਣਜੀਤ ਮੇਰਾ ਸੁਪਨਾ ਜਰੂਰ ਪੂਰਾ ਕਰੂਗਾ।”
“ਸ਼ਿੰਗਾਰਾ ਸਿਹਾਂ ਸੱਚੇ ਦਿਲੋਂ ਕੀਤੀ ਮਿਹਨਤ ਇਕ ਨਾ ਇਕ ਦਿਨ ਫਲ ਜਰੂਰ ਦਿੰਦੀ ਆ ਤੇ ਅਧਿਆਪਕ ਦਾ ਤਾਂ ਕੰਮ ਈ ਕਰਮ
ਕਰਨਾ ਹੁੰਦੈ। ਉਹਦੀ ਮੇਹਨਤ ਦਾ ਮੁੱਲ ਤਾਂ ਉਹਦੇ ਵਿਦਿਆਰਥੀ ਪਾਂਉਦੇ ਐ ਜਦੋਂ ਉਹ ਮਿਹਨਤ ਕਰਕੇ ਕਿਸੇ ਮੁਕਾਮ ਤੇ ਪਹੁੰਚਦੇ
ਐ।”
ਸਾਡੇ ਕੋਲ ਖੜ੍ਹਾ ਮਾਸਟਰ ਦਰਸ਼ਨ ਸਿੰਘ ਗੁੰਮਸੁੰਮ ਹੋਇਆ ਪਿਆ ਸੀ । ਕਿਉਂਕਿ ਉਹਦਾ ਬੇਟਾ ਜਸਪਾਲ ਵੀ ਸਾਡੇ ਸਕੂਲ ਵਿੱਚ ਈ
ਪੜ੍ਹਦਾ ਸੀ ਤੇ ਹਾਕੀ ਦਾ ਚੰਗਾ ਖਿਡਾਰੀ ਵੀ ਸੀ ਪਰ ਉਹਨੂੰ ਰਣਜੀਤ ਵਾਲੀ ਥਾਂ ਨੀ ਸੀ ਮਿਲ ਸਕੀ । ਹਾਲਾਂਕਿ ਮਾਸਟਰ ਦਰਸ਼ਨ
ਸਿੰਘ ਉਹਦਾ ਬੜਾ ਖਿਆਲ ਰੱਖਦੇ ਸਨ ਪਰ ਉਹ ਆਮ ਖਿਡਾਰੀਆਂ ਦੀ ਕੈਟਾਗਰੀ ਵਿੱਚ ਈ ਰਿਹਾ ।
ਪ੍ਰੈਕਟਿਸ ਲਈ ਸੁਰਜੀਤ ਹਾਕੀ ਅਕੈਡਮੀ ਜਲੰਧਰ ਜਾਣ ਤੋਂ ਪਹਿਲਾਂ ਰਣਜੀਤ ਸਕੂਲ ਸਟਾਫ ਅਤੇ ਆਪਣੇ ਸਾਥੀਆਂ ਨੂੰ ਮਿਲਣ
ਆਇਆ ਤਾਂ ਸੁਭਾਵਿਕ ਈ ਮੇਰੇ ਮੂੰਹੋਂ ਨਿੱਕਲ ਗਿਆ “ਪੁੱਤਰਾ ਜੇ ਜਾ ਰਿਹੈਂ ਨਾ ਤਾਂ ਇਕ ਗੱਲ ਹਮੇਸ਼ਾ ਯਾਦ ਰੱਖੀਂ, ਆਹ ਤੇਰੇ ਲਈ
ਗੋਲਡਨ ਚਾਂਸ ਐ ਤੇ ਬੜੇ ਲੋਕਾਂ ਦੀ ਉਮੀਦ ਵੀ ਐਂ ਤੂੰ, ਐਸੀ ਹਾਕੀ ਫੇਰੀਂ ਵਈ ਦੁਨੀਆਂ ਅੱਛ ਅੱਛ ਕਰ ਉਠੇ।”
ਰਣਜੀਤ ਮੁਸਕੁਰਾਇਆ ਤੇ ਮੇਰੇ ਪੈਰੀਂ ਹੱਥ ਲਾ ਕੇ ਮੁੜ ਗਿਆ। ਮਾਸਟਰ ਸ਼ਿੰਗਾਰਾ ਸਿੰਘ ਖੁਦ ਇਹਨੂੰ ਅਕੈਡਮੀ ਛੱਡ ਕੇ ਆਇਆ
ਸੀ ।
ਥੋੜ੍ਹੀ ਦੇਰ ਬਾਦ ਮਾਸਟਰ ਦਰਸ਼ਨ ਸਿੰਘ ਨੇ ਵਿਭਾਗੀ ਪ੍ਰਮੋਸ਼ਨ ਲੈ ਲਈ ਤੇ ਟਰੇਨਿੰਗ ਦੌਰਾਨ ਬਦਲੀ ਲੁਧਿਆਣੇਂ ਸ਼ਹਿਰ ਦੀ ਕਰਵਾ
ਲਈ । ਸਕੂਲ ਵਿੱਚ ਅਧਿਆਪਕ ਤਾਂ ਪਹਿਲਾਂ ਈ ਘੱਟ ਸਨ ਕਿ ਹੁਣ ਉਹਦਾ ਕੰਮ ਵੀ ਸਾਨੂੰ ਈ ਵੇਖਣਾਂ ਪੈਂਦਾ । ਵੈਸੇ ਵੀ ਉਹ ਆਪਣੀ
ਡਿਊਟੀ ਤੋਂ ਵੱਧ ਕਿਸੇ ਕੰਮ ਨੂੰ ਤਵੱਜੋਂ ਨੀ ਸੀ ਦਿੰਦਾ ਤੇ ਨਾ ਈ ਬੋਰਡ ਦੀਆਂ ਕਲਾਸਾਂ ਵੱਲ ਬਹੁਤਾ ਧਿਆਨ ਸੀ ਉਹਦਾ । ਜਦੋਂ ਕਿਤੇ
ਅਸੀਂ ਕਹਿ ਦੇਣਾਂ ਵਈ ਮਾਸਟਰ ਜੀ ਤੁਹਾਡਾ ਸਬਜੈਕਟ ਸਾਇੰਸ ਹੈ ਕਿਸੇ ਖਾਲੀ ਪੀਰੀਅਡ ਵਿੱਚ ਬੋਰਡ ਵਾਲਿਆ ਨੂੰ ਰਿਵੀਜਨ ਈ
ਕਰਵਾ ਦਿਆ ਕਰੋ ਤਾਂ ਐਨਕਾਂ ਉਤੋਂ ਦੀ ਅਵੱਲਾ ਜਿਹਾ ਝਾਕ ਕੇ ਉਹ ਬੋਲਦਾ “ਡਿਊਟੀ ਦੇ ਹਿਸਾਬ ਨਾਲ ਜੋ ਸ਼ਡਿਊਲ ਬਣਿਆ ਹੈ
ਉਹਦੇ ਮੁਤਾਬਿਕ ਤਾਂ ਮੈਂ ਕੰਮ ਕਰ ਰਿਹਾਂ । ਬਾਕੀ ਜੇ ਤੁਸੀਂ ਕਹੋਂ ਵਈ ਛੁੱਟੀ ਤੋਂ ਬਾਦ ਵੀ ਮੈਂ ਥੋਡੇ ਆਗੂੰ ਦੋ ਦੋ ਘੰਟੇ ਹੋਰ ਮਗਜ ਮਾਰਾਂ
ਤਾਂ ਉਹ ਮੈਂ ਨੀ ਕਰ ਸਕਦਾ । ਘਰੇ ਜਾ ਕੇ ਵੀ ਮੈਂ ਬੱਚੇ ਪੜ੍ਹਾਉਣੇਂ ਹੁੰਦੇ ਆ । ਸੋ ਤੁਸੀਂ ਕਰੋ ਮਿਹਨਤ ਆਪਾਂ ਨਾਲ ਈ ਆਂ ਥੋਡੇ ।”
ਮਾਸਟਰ ਦਲਜੀਤ ਸਿੰਘ ਉਹਦੇ ਐਹੋ ਜੇ ਜਵਾਬ ਤੋਂ ਖਿਝ ਜਾਂਦਾ “ਸਾਲਾ ਸਾਰਾ ਦਿਨ ਸਟਾਫ ਰੂਮ ਚ ਪਸਰਿਆ ਰਹਿੰਦਾ । ਹੋਰ
ਨਈ ਤਾਂ ਬੰਦਾ ਕਲਾਸ ਚ ਜਾ ਕੇ ਬੱਚਿਆਂ ਨੂੰ ਈ ਚੁੱਪ ਕਰਵਾ ਕੇ ਬਿਠਾ ਲੈਂਦਾ ਪਰ ਨਹੀਂ ਜਨਾਬ ਤਾਂ ਜਵਾਈ ਆ ਸਰਕਾਰ ਦਾ ।
ਸਕੂਲ ਆ ਕੇ ਜਿਵੇਂ ਸਿੱਖਿਆ ਵਿਭਾਗ ਤੇ ਅਹਿਸਾਨ ਕਰ ਰਿਹਾ ਹੋਵੇ ਨੇਸ਼ਤੀ ਕਿਸੇ ਥਾਂ ਦਾ ਕੰਮਚੋਰ ਜਿਹਾ।”
ਉਹਦੇ ਜਾਣ ਨਾਲ ਸਕੂਲ ਵਿੱਚ ਸਟਾਫ ਤਾਂ ਜਰੂਰ ਘੱਟ ਹੋ ਗਿਆ ਸੀ ਪਰ ਸਾਨੂੰ ਕੋਈ ਨੁਕਸਾਨ ਨੀ ਸੀ ਹੋਇਆ । ਕਿਉਂਕਿ ਉਹਦਾ
ਸਕੂਲ ਹੋਣ ਦਾ ਕੋਈ ਫਾਇਦਾ ਵੀ ਨੀ ਸੀ ਉਹਨੇ ਕੇਹੜਾ ਕੁਸ਼ ਕਰਨਾ ਸੀ ।
ਇਧਰ ਸਕੂਲ ਦੇ ਹੈਡਮਾਸਟਰ ਸ੍ਰ ਅਵਤਾਰ ਸਿੰਘ ਜੀ ਨੇ ਸਿਹਤ ਠੀਕ ਨਾ ਹੋਣ ਕਾਰਨ ਅਗਾਊਂ ਰਿਟਾਇਰਮੈਂਟ ਲੈ ਲਈ ਤਾਂ
ਲਗਭਗ ਛੇ ਮਹੀਨੇ ਸਾਨੂੰ ਚਾਰ ਪੰਜ ਬੰਦਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਦਫਤਰ ਦਾ ਕੰਮ ਵੀ ਵੇਖਣਾਂ ਪਿਆ ।
ਉਧਰ ਮਾਸਟਰ ਦਰਸ਼ਨ ਸਿੰਘ ਦੀ ਟਰੇਨਿੰਗ ਖਤਮ ਹੋਈ ਤਾਂ ਬਤੌਰ ਹੈਡਮਾਸਟਰ ਉਹ ਫਿਰ ਸਾਡੇ ਸਕੂਲ ਆ ਲੱਗਿਆ ।
ਦਲਜੀਤ ਸਿੰਘ ਸੁਣ ਕੇ ਖਿਝ ਗਿਆ “ਯਾਰ ਏਹ ਕੰਮ ਚੋਰ ਜਿਆ ਫਿਰ ਆ ਗਿਐ । ਪਤਾ ਨੀ ਸਾਡੀ ਕਿਸਮਤ ਮਾੜੀ ਆ ਜਾਂ ਵਿਚਾਰੇ
ਬੱਚਿਆਂ ਦੀ ।”
“ਨਈਂ ਨਈਂ ਇਹ ਤਾਂ ਆਪਣੇ ਮੁੰਡੇ ਕਰਕੇ ਆਇਐ । ਹਾਕੀ ਦਾ ਨੈਸ਼ਨਲ ਪਲੇਅਰ ਜੋ ਬਨਾਉਣਾਂ।” ਮਾਸਟਰ ਸ਼ਿਗਾਰਾ ਸਿੰਘ ਵਲੋਂ
ਦੱਸੀ ਹੋਈ ਗੱਲ ਮੇਰੇ ਮੂੰਹੋਂ ਨਿੱਕਲ ਗਈ ।
“ਹੂੰਅ .... ਨੈਸ਼ਨਲ ਪਲੇਅਰ ਬਨਾਉਣਾਂ ਆਹ ਮੂੰਹ ਤੇ ਮਸਰਾਂ ਦੀ ਦਾਲ।” ਮੂੰਹ ਜਿਆ ਵੱਟ ਕੇ ਦਲਜੀਤ ਕਲਾਸ ਵੱਲ ਚਲਾ ਗਿਆ
ਸੀ।
ਦਫਤਰੀ ਕੰਮ ਤੋਂ ਵੇਹਲਾ ਹੋ ਕੇ ਦਰਸ਼ਨ ਸਿੰਘ ਮਾਸਟਰ ਸ਼ਿਗਾਰਾ ਸਿੰਘ ਕੋਲ ਜਾ ਕੇ ਬੈਠਾ ਰਹਿੰਦਾ ਤੇ ਹਾਕੀ ਦੇ ਨਵੇਂ ਤੋਂ ਨਵੇਂ ਗੁਰ
ਪੁੱਛਦਾ ਰਹਿੰਦਾ ਤੇ ਕਈ ਵਾਰੀ ਗੱਲਾਂ ਗੱਲਾਂ ਵਿੱਚ ਈ ਕਹਿ ਦਿੰਦਾ “ਬਈ ਮਾਸਟਰ ਜੀ ਹੁਣ ਤਾਂ ਆਹ ਪੜ੍ਹਾਈਆਂ ਲਿਖਾਈਆਂ ਵੀ ਫੇਲ੍ਹ
ਈ ਹੋਗੀਆ, ਸਮਝ ਨੀ ਆਂਉਦੀ ਅੱਜ ਦੇ ਬੱਚੇ ਰੁਜਗਾਰ ਖੁਣੋਂ ਕਰਨ ਤਾਂ ਕਰਨ ਕੀ ਜਾਂ ਤਾਂ ਬਾਹਰ ਜਾਣ ਜਾਂ ਇਥੇ ਈ ਧੱਕੇ ਖਾਣ ਪਰ
ਮੈਂ ਜਸਪਾਲ ਨੂੰ ਬਾਹਰ ਨੀ ਭੇਜਣਾਂ । ਇਕੋ ਇਕ ਮੁੰਡਾ ਐ ਉਹ ਵੀ ਗਵਾ ਕੇ ਬਹਿ ਜੂੰ । ਬਾਹਰ ਜਾ ਕੇ ਤਾਂ ਨਿਆਣੇ ਆਪਣੇ ਆਪ ਨਾਲੋਂ
ਈ ਟੁੱਟ ਜਾਂਦੇ ਐ ਮਾਂ ਬਾਪ ਨਾਲ ਕਿਥੋਂ ਜੁੜੇ ਰਹਿ ਸਕਦੇ ਆ । ਊਂ ਖੇਡਾਂ ਵਿੱਚ ਮੌਕੇ ਹੈਗੇ ਆ ਅਜੇ ਜੇ ਇਧਰ ਨੂੰ ਧਿਆਨ ਕਰਿਆ
ਜਾਵੇ। ਤਾਂ ਹੀ ਮੈਂ ਜਸਪਾਲ ਨੂੰ ਇਧਰ ਲਾਇਐ ਇਕ ਤਾਂ ਸਿਹਤ ਤੰਦਰੁਸਤ ਦੂਜਾ ਪੈਸਾ ਤੇ ਸ਼ੋਹਰਤ ਵਾਧੂ ਹੈ ਕਿ ਨਈਂ।”
ਜਸਪਾਲ ਨੂੰ ਅਕੈਡਮੀ ‘ਚ ਭੇਜਣ ਲਈ ਦਰਸ਼ਨ ਸਿੰਘ ਨੇ ਪੂਰਾ ਜੋਰ ਲਾਇਆ ਹੋਇਆ ਸੀ। ਇਸ ਲਈ ਉਹਨੇ ਮਾਸਟਰ ਸ਼ਿਗਾਰਾ
ਸਿੰਘ ਤੋਂ ਇਲਾਵਾ ਵੀ ਕਈ ਹੋਰ ਹਾਕੀ ਕੋਚਾਂ ਨਾਲ ਰਾਬਤਾ ਕਾਇਮ ਕਰਕੇ ਅਕੈਡਮੀਆਂ ਤੱਕ ਪਹੁੰਚ ਬਣਾ ਲਈ ਸੀ । ਮਹਾਰਾਜਾ
ਰਣਜੀਤ ਸਿੰਘ ਹਾਕੀ ਅਕੈਡਮੀ ਅਮਿ੍ਰਤਸਰ ਵਿੱਚ ਟਰਾਇਲ ਦੇਣ ਤੋਂ ਬਾਦ ਅਖੀਰ ਜਸਪਾਲ ਦੀ ਸਲੈਕਸ਼ਨ ਹੋ ਗਈ। ਇਧਰ
ਉਹਦੀ ਦੀ ਸਲੈਕਸ਼ਨ ਹੋਈ ਦੂਜੇ ਪਾਸੇ ਦਰਸ਼ਨ ਸਿੰਘ ਨੇ ਉਹਦੀਆਂ ਸਿਫਤਾਂ ਦੇ ਗੁੱਡੇ ਬੰਨ੍ਹਣੇ ਚਾਲੂ ਕਰ ਦਿੱਤੇ । “ਬਈ ਟਰਾਇਲ
ਦੇਣ ਜਦੋਂ ਜਸਪਾਲ ਮੈਦਾਨ ਚ ਉਤਰਿਆ ਨਾ ਤਾਂ ਐਂ ਲਗੇ ਜਿਵੇਂ ਉਹਦੀ ਹਾਕੀ ਨਾਲ ਨ੍ਹੇਰੀ ਘੁੰਮਦੀ ਹੋਵੇ । ਏਹਦੀ ਖੇਡ ਵੇਖ ਕੇ ਤਾਂ
ਚੇਅਰਮੈਨ ਸਾਬ ਨੇ ਨਾਲ ਦੀ ਨਾਲ ਈ ਕਹਿਤਾ ਬਈ ਆਹ ਮੁੰਡਾ ਸਾਂਭ ਲਉ ਏਹ ਅਕੈਡਮੀ ਦਾ ਨਾਂ ਰੌਸ਼ਨ ਕਰੂਗਾ।”
ਗੱਲ ਕਾਹਦੀ ਜੇ ਦਿਨ ਚ ਦਸ ਵਾਰੀ ਉਹਦੇ ਨਾਲ ਗੱਲ ਹੁੰਦੀ ਤਾਂ ਵਿਚੋਂ ਅੱਠ ਵਾਰੀ ਉਹ ਜਸਪਾਲ ਦੀਆਂ ਸਿਫਤਾਂ ਸੁਣਾਂਉਦਾ ।
ਸੀਨੀਅਰ ਹੋਣ ਦੇ ਨਾਤੇ ਅਸੀਂ ਵੀ ਉਹਦੀ ਹਾਂ ‘ਚ ਹਾਂ ਮਿਲਾਂਉਦੇ ਰਹਿੰਦੇ । ਨਈਂ ਬੰਦਾ ਪੁੱਛੇ ਵਈ ਅਸੀਂ ਏਹਨਾਂ ਗੱਲਾਂ ਚੋਂ ਕੀ ਲੈਣਾਂ
ਭਾਈ । ਹੋਰ ਵੀ ਬਥੇਰੇ ਗਏ ਨੇ ਅਕੈਡਮੀਆਂ ‘ਚ ਜਸਪਾਲ ਕੇਹੜਾ ਕੋਈ ਅਲੋਕਾਰ ਗਿਐ । ਬਾਕੀ ਉਹ ਅਕੈਡਮੀ ਚ ਕਿਵੇਂ ਗਿਐ ਏਹ
ਤਾਂ ਸਾਨੂੰ ਵੀ ਪਤੈ ਏਹਦੇ ਚ ਫੁਕਰੀ ਮਾਰਨ ਆਲੀ ਕੇਹੜੀ ਗੱਲ ਆ ਭਲਾਂ।
ਕਈ ਵਾਰ ਮੈਂ ਮਾਸਟਰ ਸ਼ਿੰਗਾਰਾ ਸਿੰਘ ਨੂੰ ਇਸ ਬਾਰੇ ਕਹਿਣਾਂ ਤਾਂ ਉਹ ਅੱਗੋਂ ਕਹਿ ਛੱਡਦਾ “ਛੱਡੋ ਯਾਰ ਪਰ੍ਹਾਂ.... ਸੀਨੀਅਰ ਹੈ, ਖੁਸ਼
ਕਰੀ ਰੱਖਿਆ ਕਰੋ ਆਪਣਾਂ ਕੀ ਜਾਂਦਾ।”
ਦਲਜੀਤ ਸਿੰਘ ਤਾਂ ਵੈਸੇ ਵੀ ਦਫਤਰ ‘ਚ ਨੀ ਸੀ ਜਾਂਦਾ । ਹਾਜਰੀ ਰਜਿਸਟਰ ਵੀ ਉਹ ਸਟਾਫ ਰੂਮ ਵਿੱਚ ਈ ਮੰਗਵਾ ਲੈਂਦਾ । ਕਈ
ਵਾਰੀ ਮੈਂ ਮਜਾਕ ‘ਚ ਉਹਨੂੰ ਕਹਿਣਾਂ “ਜਾਹ ਤੈਨੂੰ ਦਰਸ਼ਨ ਸਿੰਘ ਯਾਦ ਕਰਦੈ ।”
“ਜਾਹ ਯਾਰ ਤੂੰ ਹੀ ਤੁਰਿਆ ਜਾ। ਮੇਰੇ ਕੋਲ ਨੀ ਟਾਈਮ ਹੈਗਾ । ਉਹ ਤਾਂ ਪਤੰਦਰ ਇਕੋ ਸਟੇਸ਼ਨ ਦੀਆਂ ਖਬਰਾਂ ਸੁਣਾਂਉਦਾ
ਰਹਿੰਦਾ।” ਸੁਣ ਕੇ ਅਸੀਂ ਹਾਸੜ ਚੱਕ ਦੇਣੀਂ ।
ਦੇਸ਼ ਦੀ ਜੂਨੀਅਰ ਟੀਮ ਵਿੱਚ ਟਰਾਇਲ ਦੇਣ ਤੋਂ ਬਾਦ ਰਣਜੀਤ ਜਦ ਪਿੰਡ ਆਇਆ ਤਾਂ ਲੋਕਾਂ ਨੇ ਜਿਵੇਂ ਉਹਨੂੰ ਮੋਢਿਆਂ ਤੇ ਚੱਕ
ਲਿਆ ਹੋਵੇ। ਪਿੰਡ ਦੀ ਹਰ ਨੁੱਕਰ ਗਲੀ ਮੁਹੱਲੇ ਵਿੱਚ ਉਹਦੀਆਂ ਗੱਲਾਂ ਹੋਣ ਲੱਗੀਆਂ। ਹਰ ਛੋਟੇ ਵੱਡੇ ਦੀ ਜੁਬਾਨ ਤੇ ਇਹੀ ਸ਼ਬਦ
ਹੁੰਦਾ “ਵਾਹ ਬਈ ਵਾਹ ਪਿੰਡ ਦਾ ਨਾਂਅ ਕੱਢਤਾ ਕੇ ਮੁੰਡੇ ਨੇ।”
ਤੇ ਅੱਜ ਰਣਜੀਤ ਮਹਿਮਾਨ ਬਣਕੇ ਸਾਨੂੰ ਸਭ ਨੂੰ ਸਕੂਲ ਮਿਲਣ ਆਇਆ ਹੈ । ਮੈਂ ਵੇਖ ਰਿਹਾਂ ਕੁਸ਼ ਕੁ ਸਾਲ ਪਹਿਲਾਂ ਵਾਲਾ ਛੋਟਾ
ਜਿਹਾ ਰਣਜੀਤ ਅੱਜ ਸਾਡੇ ਤੋਂ ਵੀ ਸਿਰ ਕੱਢ ਆਇਆ ਹੈ । ਉਹਨੂੰ ਨੇੜੇ ਆਉਦਿਆਂ ਵੇਖ ਕੇ ਮੈਂ ਕਮਰੇ ਚੋਂ ਬਾਹਰ ਆਇਆ ਹਾਂ ਤੇ
ਰਣਜੀਤ ਨੇ ਭੱਜ ਕੇ ਮੇਰੇ ਪੈਰੀਂ ਹੱਥ ਲਾਏ “ਵਾਹ ਓਏ ਮੇਰਿਆ ਬੱਗਿਆ ਸ਼ੇਰਾ, ਜਿਉਂਦਾ ਰਹਿ, ਜੁਆਨੀਆਂ ਮਾਣੇਂ। ਹੋਰ ਸੁਣਾਂ ਕਿਵੇਂ ਆਂ
ਤੇਰੀ ਸੇਹਤ ‘ਤੇ ਖੇਡ।”
“ਬਹੁਤ ਵਧੀਆ ਮਾਸਟਰ ਜੀ. ਸਭ ਤੁਹਾਡੀ ਹੀ ਦੇਣ ਆ ਜੀ।” ਰਣਜੀਤ ਮੇਰੇ ਗਲ ਨਾਲ ਲੱਗਦਾ ਬੋਲਿਆ।
“ਹੋਰ ਸੁਣਾਂ ਰਣਜੀਤ....ਤੇਰੇ ਟਰਾਇਲ ਕਿਵੇਂ ਰਹੇ।” ਮਾਸਟਰ ਦਰਸ਼ਨ ਸਿੰਘ ਸਾਡੇ ਵਿਚਕਾਰ ਘੁਸਰ ਕੇ ਆ ਖੜ੍ਹਾ ਹੋਇਆ।
“ਟਰਾਇਲ ਵਧੀਆ ਸਨ ਉਮੀਦ ਆ ਸਲੈਕਸ਼ਨ ਹੋਜੂਗੀ ਜੀ।”
“ਸ਼ਾਬਾਸ਼ ਪੁੱਤਰਾ ਵੈਲ ਡਨ।”
ਮੈਂ ਹੈਰਾਨ ਸਾਂ ਅੱਜ ਪਹਿਲੇ ਦਿਨ ਮੈਂ ਉਹਦੇ ਮੂੰਹੋਂ ਰਣਜੀਤ ਦਾ ਪੂਰਾ ਨਾਂਅ ਸੁਣ ਰਿਹਾ ਸੀ।
ਦਰਸ਼ਨ ਸਿੰਘ ਰਣਜੀਤ ਦੇ ਮੋਢੇ ਤੇ ਹੱਥ ਰੱਖ ਕੇ ਮੇਰੇ ਤੋਂ ਪਾਸੇ ਲਿਜਾਦਿਆਂ ਬੋਲਿਆ ਹਾਲਾਂਕਿ ਮੈਨੂੰ ਉਹਨਾਂ ਦੀ ਸਾਰੀ ਗੱਲ ਸੁਣ ਰਹੀ
ਸੀ “ਤੈਨੂੰ ਜਸਪਾਲ ਬਾਰੇ ਤਾਂ ਪਤਾ ਈ ਹੋਣਾਂ । ਉਹਦੀ ਸਲੈਕਸ਼ਨ ਹੋਗੀ ਸੀ ਅੰਮ੍ਰਿਤਸਰ ਅਕੈਡਮੀ ਵਿੱਚ । ਤੇਰਾ ਬਹੁਤ ਬਹੁਤ
ਧੰਨਵਾਦ ਬੇਟਾ, ਜੇ ਤੂੰ ਚੇਅਰਮੈਨ ਸਾਬ ਨੂੰ ਨਾ ਕਹਿੰਦਾ ਤਾਂ ਸ਼ਾਇਦ…… …...!”
“ਮਾਸਟਰ ਜੀ ਕੀ ਗੱਲ ਕਰਦੇ ਓ ਉਹ ਵੀ ਤਾਂ ਮੇਰਾ ਭਰਾ ਈ ਐ । ਕੀ ਮੈਂ ਉਹਦੇ ਲਈ ਐਨਾ ਵੀ ਨੀ ਕਰ ਸਕਦਾ । ਫਿਕਰ ਨਾ
ਕਰੋ.... ਹੁਣ ਉਹਦਾ ਰਾਹ ਬਣ ਗਿਐ, ਬਹੁਤ ਅੱਗੇ ਜਾਵੇਗਾ।”
“ਬੇਟਾ ਧਿਆਨ ਰੱਖੀਂ ਤੇਰੀ ਉਹਨੂੰ ਅੱਗੇ ਵੀ ਲੋੜ ਪੈ ਸਕਦੀ ਐ।” ਮਾਸਟਰ ਦਰਸ਼ਨ ਸਿੰਘ ਲਾਚਾਰਾਂ ਵਾਂਗ ਉਹਦਾ ਹੱਥ ਘੁੱਟੀ ਖੜ੍ਹਾ
ਸੀ।