Zinda Ate Murda (Bangla Story in Punjabi) : Rabindranath Tagore

ਜ਼ਿੰਦਾ ਅਤੇ ਮੁਰਦਾ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

ਰਾਣੀਹਾਟ ਦੇ ਜ਼ਿਮੀਦਾਰ ਬਾਬੂ ਸ਼ਾਰਦਾਸ਼ੰਕਰ ਦੇ ਪਰਿਵਾਰ ਦੀ ਵਿਧਵਾ ਨੂੰਹ ਕਾਦੰਬਿਨੀ ਦੇ ਪਿਤਾ-ਕੁੱਲ ਵਿਚ ਇਕ-ਇਕ ਕਰਕੇ ਸਾਰੇ ਮਰ ਗਏ। ਪਤੀ-ਕੁੱਲ ਵਿਚ ਵੀ ਸੱਚਮੁੱਚ ਆਪਣਾ ਕਹਿਣ ਵਾਲਾ ਕੋਈ ਨਹੀਂ ਸੀ। ਪਤੀ ਵੀ ਨਹੀਂ, ਪੁੱਤਰ ਵੀ ਨਹੀਂ। ਉਸ ਦੇ ਜੇਠ ਸ਼ਾਰਦਾਸ਼ੰਕਰ ਦਾ ਛੋਟਾ ਪੁੱਤਰ ਉਹਦੀਆਂ ਅੱਖਾਂ ਦਾ ਤਾਰਾ ਸੀ। ਉਹਦੇ ਜਨਮ ਪਿੱਛੋਂ ਉਹਦੀ ਮਾਂ ਕਈ ਦਿਨਾਂ ਤਕ ਅਸਾਧ ਰੋਗ ਨਾਲ ਪੀੜਤ ਰਹੀ। ਇਸ ਲਈ ਵਿਧਵਾ ਚਾਚੀ ਕਾਦੰਬਿਨੀ ਨੇ ਹੀ ਉਸ ਦੀ ਪਰਵਰਿਸ਼ ਕੀਤੀ। ਆਪਣੀ ਸਾਰੀ ਪ੍ਰੀਤ ਨਾਲ ਇਸ ਬੱਚੇ ਨੂੰ ਸਿੰਜ ਕੇ ਸਾਵਣ ਦੀ ਇਕ ਰਾਤ ਅਚਾਨਕ ਕਾਦੰਬਿਨੀ ਦੀ ਮੌਤ ਹੋ ਗਈ। ਪਤਾ ਨਹੀਂ ਕਿਸ ਕਾਰਨ ਅਚਾਨਕ ਉਸ ਦੀ ਦਿਲ ਦੀ ਗਤੀ ਰੁਕ ਗਈ ਸੀ। ਕਿਤੇ ਪੁਲੀਸ ਬਖੇੜਾ ਖੜ੍ਹਾ ਨਾ ਕਰ ਦੇਵੇ। ਇਸ ਡਰੋਂ ਬਿਨਾਂ ਖ਼ਾਸ ਆਡੰਬਰ ਤੋਂ, ਜ਼ਿਮੀਂਦਾਰ ਦੇ ਚਾਰ ਬ੍ਰਾਹਮਣ ਕਰਮਚਾਰੀ ਮ੍ਰਿਤਕ ਸਰੀਰ ਨੂੰ ਤੁਰੰਤ ਸਸਕਾਰ ਲਈ ਲੈ ਗਏ।
ਰਾਣੀਹਾਟ ਦਾ ਸ਼ਮਸ਼ਾਨ ਬਸਤੀ ਤੋਂ ਕਾਫ਼ੀ ਦੂਰ ਸੀ। ਛੱਪੜ ਕਿਨਾਰੇ ਇਕ ਝੌਂਪੜੀ ਅਤੇ ਉਹਦੇ ਨੇੜੇ ਹੀ ਵਿਸ਼ਾਲ ਬੋਹੜ ਦਾ ਰੁੱਖ ਸੀ। ਖੁੱਲ੍ਹੇ ਮੈਦਾਨ ਵਿਚ ਹੋਰ ਕਿਤੇ ਕੁਝ ਨਹੀਂ ਸੀ। ਇਸ ਨੇੜਲੀ ਨਦੀ ਇਸ ਵੇਲੇ ਬਿਲਕੁਲ ਸੁੱਕੀ ਹੋਈ ਸੀ। ਉਸੇ ਦੇ ਇਕ ਹਿੱਸੇ ਨੂੰ ਖੋਦ ਕੇ ਸ਼ਮਸ਼ਾਨ ਦਾ ਛੱਪੜ ਬਣਾ ਲਿਆ ਗਿਆ ਸੀ।
ਲਾਸ਼ ਨੂੰ ਝੌਂਪੜੀ ਵਿਚ ਰੱਖ ਕੇ ਚਿਤਾ ਲਈ ਲੱਕੜਾਂ ਆਉਣ ਦੀ ਉਡੀਕ ਵਿਚ ਚਾਰੇ ਜਣੇ ਬੈਠੇ ਸਨ। ਦੇਰ ਹੋਣ ਕਾਰਨ ਉਨ੍ਹਾਂ ਵਿਚੋਂ ਨਿਤਾਈ ਅਤੇ ਗੁਰਚਰਨ ਇਹ ਵੇਖਣ ਲਈ ਤੁਰ ਪਏ ਕਿ ਲੱਕੜਾਂ ਆਉਣ ਵਿਚ ਇੰਨੀ ਦੇਰ ਕਿਉਂ ਹੋ ਰਹੀ ਹੈ ਅਤੇ ਵਿਧੂ ਤੇ ਵਨਮਾਲੀ ਲਾਸ਼ ਦੀ ਰਾਖੀ ਹਿੱਤ ਬੈਠੇ ਰਹੇ।
ਸਾਵਣ ਦੀ ਹਨੇਰੀ ਰਾਤ ਸੀ। ਹਨੇਰੀ ਝੌਂਪੜੀ ਵਿਚ ਦੋਵੇਂ ਖ਼ਾਮੋਸ਼ ਬੈਠੇ ਰਹੇ। ਵਰਖਾ ਰੁੱਤ ਵਿਚ ਮਾਚਿਸ ਬਹੁਤ ਕੋਸ਼ਿਸ਼ ਕਰਨ ’ਤੇ ਵੀ ਨਹੀਂ ਬਲੀ। ਜੋ ਲਾਲਟੈਣ ਨਾਲ ਸੀ, ਉਹ ਵੀ ਬੁਝ ਗਈ। ਕਾਫ਼ੀ ਚਿਰ ਚੁੱਪ ਬੈਠੇ ਰਹਿਣ ਪਿੱਛੋਂ ਇਕ ਨੇ ਕਿਹਾ, ‘‘ਬਈ, ਚਿਲਮ ਤੰਬਾਕੂ ਦਾ ਪ੍ਰਬੰਧ ਹੋ ਜਾਂਦਾ ਤਾਂ ਚੰਗਾ ਸੀ।’’
ਦੂਜੇ ਨੇ ਕਿਹਾ, ‘‘ਮੈਂ ਝੱਟ ਹੀ ਸਭ ਕੁਝ ਇਕੱਠਾ ਕਰਕੇ ਲਿਆ ਸਕਦਾ ਹਾਂ।’’
ਵਨਮਾਲੀ ਦੇ ਦੌੜਨ ਦੇ ਇਰਾਦੇ ਨੂੰ ਭਾਂਪ ਕੇ ਵਿਧੂ ਨੇ ਕਿਹਾ, ‘‘ਓ ਮੇਰੇ ਪਿਓ! ਤੇ ਮੈਂ ਕੀ ਏਥੇ ’ਕੱਲਾ ਬੈਠਾ ਰਹਾਂ?’’
ਫਿਰ ਗੱਲਬਾਤ ਵੀ ਬੰਦ ਹੋ ਗਈ। ਪੰਜ ਮਿੰਟ ਇਕ ਘੰਟੇ ਵਾਂਗ ਜਾਪਣ ਲੱਗੇ। ਜਿਹੜੇ ਦੋਵੇਂ ਲੱਕੜਾਂ ਲੈਣ ਗਏ ਸਨ, ਉਨ੍ਹਾਂ ਨੂੰ ਇਹ ਦੋਵੇਂ ਮਨ ਹੀ ਮਨ ਗਾਲ੍ਹਾਂ ਕੱਢਣ ਲੱਗੇ- ‘ਉਹ ਕਿਤੇ ਬੜੀ ਮੌਜ ਨਾਲ ਬੈਠੇ ਗੱਲਾਂ ਕਰਦੇ ਹੋਏ ਤੰਬਾਕੂ ਪੀ ਰਹੇ ਹੋਣਗੇ।’ ਹੌਲੀ-ਹੌਲੀ ਇਹ ਸ਼ੱਕ ਉਨ੍ਹਾਂ ਦੇ ਮਨ ਵਿਚ ਪੱਕਾ ਹੋਣ ਲੱਗਿਆ।
ਸੁੰਨਸਾਨ ਛੱਪੜ ਦੇ ਕਿਨਾਰੇ ਬੀਂਡਿਆਂ ਅਤੇ ਡੱਡੂਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਇੰਨੇ ਵਿਚ ਜਾਪਿਆ ਜਿਵੇਂ ਮੰਜੀ ਥੋੜ੍ਹੀ ਜਿਹੀ ਹਿੱਲੀ ਤੇ ਲਾਸ਼ ਨੇ ਪਾਸਾ ਪਰਤਿਆ।
ਵਿਧੂ ਅਤੇ ਵਨਮਾਲੀ ਰਾਮ ਨਾਮ ਜਪਦੇ-ਜਪਦੇ ਕੰਬਣ ਲੱਗੇ। ਫਿਰ ਝੌਂਪੜੀ ਵਿਚ ਲੰਮੇ ਸਾਹ ਲੈਣ ਦੀ ਆਵਾਜ਼ ਸੁਣਾਈ ਦਿੱਤੀ। ਵਿਧੂ ਅਤੇ ਵਨਮਾਲੀ ਪਲਕ ਝਪਕਦੇ ਹੀ ਝੌਂਪੜੀ ’ਚੋਂ ਬਾਹਰ ਨਿਕਲੇ ਅਤੇ ਪਿੰਡ ਵੱਲ ਦੌੜੇ।
ਤਕਰੀਬਨ ਡੇਢ ਕੋਹ ਰਸਤਾ ਪਾਰ ਕਰਨ ’ਤੇ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦੇ ਬਾਕੀ ਦੋ ਸਾਥੀ ਹੱਥ ਵਿਚ ਲਾਲਟੈਣ ਲਈ ਆ ਰਹੇ ਹਨ। ਉਹ ਅਸਲ ਵਿਚ ਤੰਬਾਕੂ ਪੀਣ ਹੀ ਗਏ ਸਨ, ਲੱਕੜਾਂ ਦਾ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਤਾਂ ਵੀ ਉਨ੍ਹਾਂ ਨੇ ਸੂਚਨਾ ਦਿੱਤੀ ਕਿ ਰੁੱਖ ਵੱਢ ਕੇ ਲੱਕੜੀ ਚੀਰੀ ਜਾ ਰਹੀ ਹੈ, ਛੇਤੀ ਪੁੱਜ ਜਾਵੇਗੀ। ਇਸ ’ਤੇ ਵਿਧੂ ਅਤੇ ਵਨਮਾਲੀ ਨੇ ਝੌਂਪੜੀ ਦੀ ਸਾਰੀ ਘਟਨਾ ਸੁਣਾ ਦਿੱਤੀ। ਨਿਤਾਈ ਅਤੇ ਗੁਰਚਰਨ ਨੇ ਬੇਯਕੀਨੀ ਪ੍ਰਗਟਾਉਂਦਿਆਂ ਕੁਝ ਨਾ ਸੁਣਿਆ ਅਤੇ ਫਰਜ਼ ਛੱਡ ਕੇ ਦੌੜ ਆਉਣ ’ਤੇ ਉਨ੍ਹਾਂ ਦੋਵਾਂ ਨੂੰ ਝਿੜਕਣ ਲੱਗੇ।
ਚਾਰੇ ਜਣੇ ਉਸ ਝੌਂਪੜੀ ਵਿਚ ਆਏ। ਅੰਦਰ ਵੜ ਕੇ ਵੇਖਿਆ- ਲਾਸ਼ ਨਹੀਂ ਹੈ, ਮੰਜੀ ਖਾਲੀ ਪਈ ਹੈ। ਉਹ ਇਕ-ਦੂਜੇ ਦਾ ਮੂੰਹ ਵੇਂਹਦੇ ਰਹਿ ਗਏ। ਸ਼ਾਇਦ ਗਿੱਦੜ ਚੁੱਕ ਕੇ ਲੈ ਗਏ ਹੋਣ। ਪਰ ਲਾਸ਼ ਰੱਖਣ ਵਾਲਾ ਕੱਪੜਾ ਤਕ ਨਹੀਂ ਸੀ। ਬਾਹਰ ਜਾ ਕੇ ਵੇਖਿਆ ਤਾਂ ਝੌਂਪੜੀ ਦੇ ਬੂਹੇ ਨੇੜੇ ਚਿੱਕੜ ਜੰਮਿਆ ਹੋਇਆ ਸੀ ਜਿਸ ਉੱਤੇ ਕਿਸੇ ਔਰਤ ਦੇ ਪੈਰਾਂ ਦੇ ਤਾਜ਼ੇ ਨਿਸ਼ਾਨ ਸਨ।
ਸ਼ਾਰਦਾਸ਼ੰਕਰ ਸਹਿਜ ਵਿਅਕਤੀ ਨਹੀਂ ਸੀ। ਇਸ ਲਈ ਚਾਰੇ ਜਣਿਆਂ ਨੇ ਕਾਫ਼ੀ ਸਲਾਹ ਕਰਕੇ ਫ਼ੈਸਲਾ ਕੀਤਾ ਕਿ ਇਹੋ ਖ਼ਬਰ ਦੇਣੀ ਠੀਕ ਹੋਵੇਗੀ ਕਿ ਦਾਹ-ਸੰਸਕਾਰ ਦਾ ਕੰਮ ਨਿਪਟਾ ਦਿੱਤਾ ਹੈ।
ਸਵੇਰ ਵੇਲੇ ਲੱਕੜਾਂ ਲੈ ਕੇ ਆਏ ਬੰਦਿਆਂ ਨੂੰ ਖ਼ਬਰ ਮਿਲੀ ਕਿ ਦੇਰ ਹੁੰਦੀ ਵੇਖ ਕੇ ਇਹ ਕੰਮ ਪੂਰਾ ਕਰ ਲਿਆ ਗਿਆ ਹੈ, ਝੌਂਪੜੀ ਵਿਚ ਲੱਕੜਾਂ ਮੌਜੂਦ ਸਨ।
ਦਰਅਸਲ, ਕਾਦੰਬਿਨੀ ਮਰੀ ਨਹੀਂ ਸੀ। ਅਚਾਨਕ ਪਤਾ ਨਹੀਂ ਕਿਸ ਕਾਰਨ ਉਹਦੇ ਦਿਲ ਦੀ ਧੜਕਣ ਬੰਦ ਹੋ ਗਈ ਸੀ।
ਜਦੋਂ ਉਹਦੀ ਚੇਤਨਾ ਪਰਤੀ ਤਾਂ ਵੇਖਿਆ, ਚਾਰੇ ਪਾਸੇ ਸੰਘਣਾ ਹਨੇਰਾ ਸੀ। ਉਹਨੂੰ ਜਾਪਿਆ ਇਹ ਉਹ ਥਾਂ ਨਹੀਂ ਹੈ ਜਿੱਥੇ ਉਹ ਹੁੰਦੀ ਸੀ। ਇਕ ਵਾਰ ਬੁਲਾਇਆ, ‘‘ਦੀਦੀ!’’ ਹਨੇਰੀ ਝੌਂਪੜੀ ਵਿਚੋਂ ਕਿਸੇ ਨੇ ਜਵਾਬ ਨਹੀਂ ਦਿੱਤਾ। ਭੈਅਭੀਤ ਹੋ ਕੇ ਉੱਠ ਬੈਠੀ। ਉਸ ਨੂੰ ਯਾਦ ਆਇਆ- ਅਚਾਨਕ ਛਾਤੀ ਵਿਚ ਪੀੜ ਤੇ ਸਾਹ ਰੁਕਣ ਦੀ ਆਵਾਜ਼; ਉਸ ਦੀ ਵੱਡੀ ਜੇਠਾਣੀ ਕਮਰੇ ਦੇ ਕੋਨੇ ਵਿਚ ਬੈਠੀ ਚੁੱਲ੍ਹੇ ਉੱਤੇ ਬੱਚੇ ਲਈ ਦੁੱਧ ਗਰਮ ਕਰ ਰਹੀ ਸੀ ਤੇ ਕਾਦੰਬਿਨੀ ਅਚਾਨਕ ਗਸ਼ ਖਾ ਕੇ ਮੰਜੇ ’ਤੇ ਡਿੱਗ ਪਈ। ਭਰੇ ਹੋਏ ਗਲੇ ਨਾਲ ਆਵਾਜ਼ ਮਾਰੀ, ‘‘ਦੀਦੀ, ਇਕ ਵਾਰ ਬੱਚੇ ਨੂੰ ਲੈ ਆਓ, ਮੇਰਾ ਮਨ ਪਤਾ ਨਹੀਂ ਕਿਹੋ ਜਿਹਾ ਹੋ ਰਿਹਾ ਹੈ!’’ ਉਸ ਤੋਂ ਬਾਅਦ ਸਭ ਕੁਝ ਹਨੇਰਾ ਹੋ ਗਿਆ। ਬੱਚੇ ਨੇ ਉਹਨੂੰ ਆਖ਼ਰੀ ਵਾਰ ਆਪਣੀ ਉਸੇ ਮੋਟੀ ਪਿਆਰ ਭਰੀ ਆਵਾਜ਼ ਵਿਚ ‘ਚਾਚੀ’ ਕਹਿ ਕੇ ਬੁਲਾਇਆ ਸੀ ਜਾਂ ਨਹੀਂ, ਵਿਧਵਾ ਨੂੰ ਕੁਝ ਵੀ ਯਾਦ ਨਹੀਂ ਆ ਰਿਹਾ ਸੀ।
ਪਹਿਲਾਂ ਤਾਂ ਲੱਗਿਆ, ਯਮਲੋਕ ਬਿਲਕੁਲ ਇਸੇ ਵਰਗਾ ਸੁੰਨਸਾਨ ਅਤੇ ਹਨੇਰਾ ਹੈ। ਉੱਥੇ ਕੁਝ ਵੀ ਵੇਖਣ, ਸੁਣਨ ਤੇ ਕਰਨ ਨੂੰ ਨਹੀਂ ਹੈ। ਹਮੇਸ਼ਾ ਇਸੇ ਤਰ੍ਹਾਂ ਜਾਗਦੇ ਹੋਇਆਂ ਬੈਠੇ ਰਹਿਣਾ ਪਵੇਗਾ। ਉਸ ਮਗਰੋਂ ਜਦੋਂ ਖੁੱਲ੍ਹੇ ਬੂਹੇ ਰਾਹੀਂ ਅਚਾਨਕ ਬਾਰਿਸ਼ ਦੀ ਠੰਢੀ ਹਵਾ ਦਾ ਬੁੱਲਾ ਆਇਆ ਅਤੇ ਡੱਡੂਆਂ ਦੀ ਆਵਾਜ਼ ਕੰਨੀਂ ਪਈ ਤਾਂ ਜੀਵਨ ਦੀ ਛਿਣ-ਭੰਗਰਤਾ ਤੇ ਬਾਰਿਸ਼ ਦੀ ਸਿਮ੍ਰਤੀ ਉਹਦੇ ਮਨ ਵਿਚ ਉਪਜੀ ਅਤੇ ਉਹ ਧਰਤੀ ਦੀ ਨਿਕਟ-ਛੋਹ ਦਾ ਅਨੁਭਵ ਕਰ ਸਕੀ। ਇਕ ਵਾਰ ਬਿਜਲੀ ਚਮਕੀ, ਸਾਹਮਣੇ ਦੇ ਛੱਪੜ, ਬੋਹੜ ਦੇ ਰੁੱਖ, ਖੁੱਲ੍ਹੇ ਮੈਦਾਨ ਆਦਿ ’ਤੇ ਅਚਾਨਕ ਉਹਦੀ ਨਜ਼ਰ ਪਈ। ਉਹਨੂੰ ਯਾਦ ਆਇਆ ਕਿ ਬਰਸੀਆਂ ਮੌਕੇ ਆ ਕੇ ਉਹਨੇ ਇਸ ਛੱਪੜ ਵਿਚ ਇਸ਼ਨਾਨ ਕੀਤਾ ਸੀ ਅਤੇ ਉਸ ਵੇਲੇ ਸ਼ਮਸ਼ਾਨ ਵਿਚ ਮ੍ਰਿਤਕ ਦੇਹ ਨੂੰ ਵੇਖ ਕੇ ਮੌਤ ਕਿੰਨੀ ਭਿਆਨਕ ਜਾਪਦੀ ਸੀ!
ਪਹਿਲਾਂ ਮਨ ਵਿਚ ਆਇਆ ਕਿ ਘਰ ਪਰਤਣਾ ਚਾਹੀਦਾ ਹੈ। ਪਰ ਨਾਲ ਹੀ ਸੋਚਿਆ, ਮੈਂ ਤਾਂ ਜੀਵਤ ਨਹੀਂ ਹਾਂ, ਮੈਨੂੰ ਉਹ ਘਰ ਵਿਚ ਕਿਉਂ ਵੜਨ ਦੇਣਗੇ? ਉੱਥੇ ਤਾਂ ਅਸ਼ੁਭ ਮੰਨਿਆ ਜਾਏਗਾ! ਮੈਂ ਤਾਂ ਆਪਣੀ ਹੀ ਪ੍ਰੇਤ-ਆਤਮਾ ਹਾਂ! ਜੇ ਇਹ ਸਹੀ ਨਹੀਂ ਹੈ ਤਾਂ ਇਉਂ ਅੱਧੀ ਰਾਤ ਵਿਚ ਸ਼ਾਰਦਾਸ਼ੰਕਰ ਦੇ ਸੁਰੱਖਿਅਤ ਸੌਣ ਕਮਰੇ ’ਚੋਂ ਇੱਥੇ ਕਿਵੇਂ ਆਈ?
ਮਨ ਵਿਚ ਇਹ ਗੱਲ ਆਉਂਦਿਆਂ ਹੀ ਲੱਗਿਆ ਜਿਵੇਂ ਦੁਨਿਆਵੀ ਨਿਯਮਾਂ ਦੇ ਸਾਰੇ ਬੰਧਨ ਟੁੱਟ ਗਏ ਹੋਣ। ਜਿਵੇਂ ਉਸ ਵਿਚ ਅਦਭੁੱਤ ਸ਼ਕਤੀ ਹੋਵੇ, ਉਸ ਨੂੰ ਅਸੀਮ ਆਜ਼ਾਦੀ ਹੋਵੇ- ਉਹ ਜਿੱਥੇ ਚਾਹੇ ਜਾ ਸਕਦੀ ਹੈ। ਇਸ ਅਜੀਬ ਨਵੇਂ ਵਿਚਾਰ ਦੇ ਆਉਂਦਿਆਂ ਹੀ ਉਹ ਤੇਜ਼ ਹਵਾ ਦੇ ਬੁੱਲੇ ਵਾਂਗ ਝੌਂਪੜੀ ਤੋਂ ਬਾਹਰ ਨਿਕਲ ਕੇ ਹਨੇਰੇ ਸ਼ਮਸ਼ਾਨ ਨੂੰ ਮਸਲਦੀ ਹੋਈ ਚੱਲ ਪਈ। ਮਨ ਵਿਚ ਸ਼ਰਮ, ਡਰ, ਚਿੰਤਾ ਦਾ ਕਿਣਕਾ ਮਾਤਰ ਨਾ ਰਿਹਾ।
ਚਲਦੇ-ਚਲਦੇ ਪੈਰ ਥੱਕਣ ਲੱਗੇ, ਸਰੀਰ ਕਮਜ਼ੋਰ ਜਾਪਣ ਲੱਗਿਆ। ਇਕ ਮੈਦਾਨ ਪਾਰ ਕਰਦੀ, ਦੂਜਾ ਆ ਜਾਂਦਾ। ਜਦੋਂ ਸਵੇਰ ਦੀ ਲਾਲੀ ਕੁਝ ਦਿਖਾਈ ਦੇਣ ਲੱਗੀ ਤਾਂ ਥੋੜ੍ਹੀ ਦੂਰੀ ’ਤੇ ਬਸਤੀ ਦੇ ਬਾਂਸ ਦੇ ਝੁੰਡਾਂ ’ਚੋਂ ਪੰਛੀਆਂ ਦੀ ਚਹਿਚਹਾਟ ਸੁਣਾਈ ਦਿੱਤੀ।
ਫਿਰ ਉਸ ਨੂੰ ਪਤਾ ਨਹੀਂ ਕੈਸਾ ਡਰ ਲੱਗਣ ਲੱਗਿਆ। ਸੰਸਾਰ ਅਤੇ ਜਿਉਂਦੇ ਜਾਗਦੇ ਲੋਕਾਂ ਨਾਲ ਉਹਦਾ ਕੈਸਾ ਨਵਾਂ ਸੰਪਰਕ ਸਥਾਪਤ ਹੋ ਗਿਆ ਸੀ- ਉਸਨੂੰ ਬਿਲਕੁਲ ਪਤਾ ਨਹੀਂ ਸੀ। ਦਿਨ ਦੀ ਰੌਸ਼ਨੀ ਵਿਚ ਲੋਕਾਂ ਦੀ ਬਸਤੀ ਉਹਨੂੰ ਅਤਿਅੰਤ ਭਿਆਨਕ ਸਥਾਨ ਜਾਪਣ ਲੱਗੀ

ਚਿੱਕੜ ਨਾਲ ਲਿੱਬੜੇ ਕੱਪੜੇ, ਅਜੀਬ ਭਾਵਾਂ ਵਿਚ ਡੁੱਬੀ ਅਤੇ ਰਾਤ ਦੇ ਜਗਰਾਤੇ ਕਰਕੇ ਪਾਗਲਾਂ ਵਾਂਗ ਕਾਦੰਬਿਨੀ ਦੇ ਚਿਹਰੇ ਦੀ ਹਾਲਤ ਵੇਖ ਕੇ ਇਹ ਸੰਭਵ ਸੀ ਕਿ ਲੋਕੀਂ ਡਰ ਜਾਂਦੇ ਅਤੇ ਮੁੰਡੇ ਸ਼ਾਇਦ ਦੂਰ ਦੌੜ ਕੇ ਉਹਨੂੰ ਰੋੜੇ ਮਾਰਦੇ। ਖੁਸ਼ਕਿਸਮਤੀ ਨਾਲ ਉਸ ਨੂੰ ਸਭ ਤੋਂ ਪਹਿਲਾਂ ਇਸ ਹਾਲਤ ਵਿਚ ਇਕ ਸੱਜਣ ਯਾਤਰੀ ਨੇ ਵੇਖਿਆ।
ਉਸ ਨੇ ਨੇੜੇ ਆ ਕੇ ਕਿਹਾ, ‘‘ਬੇਟੀ, ਤੂੰ ਚੰਗੇ ਘਰ ਦੀ ਨੂੰਹ ਜਾਪਦੀ ਹੈਂ, ਤੂੰ ਇਸ ਹਾਲਤ ਵਿਚ ਇਕੱਲੀ ਕਿੱਥੇ ਜਾ ਰਹੀ ਹੈਂ...?’’
ਪਹਿਲਾਂ ਤਾਂ ਕਾਦੰਬਿਨੀ ਕੋਈ ਜਵਾਬ ਨਾ ਦੇ ਕੇ ਵੇਂਹਦੀ ਰਹੀ। ਅਚਾਨਕ ਕੁਝ ਵੀ ਨਹੀਂ ਸੋਚ ਸਕੀ। ਉਹ ਸੰਸਾਰ ਵਿਚ ਹੈ, ਭਲੇ ਖਾਨਦਾਨ ਦੀ ਨੂੰਹ ਵਰਗੀ ਦਿੱਸਦੀ ਹੈ; ਪਿੰਡ ਦੇ ਰਾਹ ਵਿਚ ਯਾਤਰੀ ਉਸ ਤੋਂ ਸਵਾਲ ਪੁੱਛ ਰਿਹਾ ਹੈ, ਇਸ ਸਾਰੀਆਂ ਗੱਲਾਂ ਉਹਨੂੰ ਕਲਪਨਾਤਮਕ ਜਿਹੀਆਂ ਲੱਗੀਆਂ।
ਯਾਤਰੀ ਨੇ ਉਹਨੂੰ ਫਿਰ ਕਿਹਾ, ‘‘ਚੱਲ ਬੇਟੀ, ਮੈਂ ਤੈਨੂੰ ਘਰ ਛੱਡ ਦਿਆਂ। ਤੇਰਾ ਘਰ ਕਿੱਥੇ ਹੈ!’’
ਕਾਦੰਬਿਨੀ ਸਹੁਰੇ ਮੁੜਨ ਦੀ ਗੱਲ ਮਨ ਵਿਚ ਵੀ ਨਹੀਂ ਲਿਆ ਸਕਦੀ ਸੀ, ਪਿਤਾ ਦਾ ਘਰ ਸੀ ਨਹੀਂ। ਉਦੋਂ ਹੀ ਉਹਨੂੰ ਬਚਪਨ ਦੀ ਸਹੇਲੀ ਦੀ ਯਾਦ ਆਈ। ਭਾਵੇਂ ਸਹੇਲੀ ਯੋਗਮਾਇਆ ਦਾ ਸਾਥ ਬਚਪਨ ਵਿਚ ਹੀ ਛੁੱਟ ਗਿਆ ਸੀ। ਫਿਰ ਵੀ ਕਦੇ-ਕਦੇ ਚਿੱਠੀ-ਪੱਤਰ ਆਉਂਦਾ ਜਾਂਦਾ ਰਹਿੰਦਾ ਸੀ। ਕਾਦੰਬਿਨੀ ਨੇ ਉਸ ਸੱਜਣ ਨੂੰ ਕਿਹਾ, ‘‘ਨਿਸ਼ੰਦਾਪੁਰ ਵਿਚ ਸ੍ਰੀਪਤ ਬਾਬੂ ਦੇ ਘਰ ਜਾਣਾ ਹੈ।’’ ਯਾਤਰੀ ਕਲਕੱਤਾ ਜਾ ਰਿਹਾ ਸੀ। ਨਿਸ਼ੰਦਾਪੁਰ ਨੇੜੇ ਨਹੀਂ ਸੀ, ਪਰ ਫਿਰ ਵੀ ਉਸ ਦੇ ਰਾਹ ਵਿਚ ਸੀ। ਉਸ ਨੇ ਖ਼ੁਦ ਪ੍ਰਬੰਧ ਕਰਕੇ ਕਾਦੰਬਿਨੀ ਨੂੰ ਸ੍ਰੀਪਤਚਰਨ ਬਾਬੂ ਦੇ ਘਰ ਪਹੁੰਚਾ ਦਿੱਤਾ।
ਦੋਵਾਂ ਸਹੇਲੀਆਂ ਦਾ ਮੇਲ ਹੋਇਆ। ਪਹਿਲਾਂ ਪਛਾਣਨ ਵਿਚ ਕੁਝ ਦੇਰ ਹੋਈ। ਫਿਰ ਦੋਵਾਂ ਸਾਹਮਣੇ ਬਚਪਨ ਦੀ ਤਸਵੀਰ ਹੌਲੀ-ਹੌਲੀ ਗੂੜ੍ਹੀ ਹੋ ਗਈ।
ਯੋਗਮਾਇਆ ਨੇ ਕਿਹਾ, ‘‘ਮੇਰੀ ਕਿਸਮਤ ਕਿੰਨੀ ਚੰਗੀ ਹੈ! ਫਿਰ ਕਦੇ ਤੈਨੂੰ ਮਿਲ ਸਕਾਂਗੀ, ਇਹ ਤਾਂ ਕਦੇ ਸੋਚਿਆ ਵੀ ਨਹੀਂ ਸੀ। ਪਰ ਭੈਣੇ, ਤੂੰ ਆਈ ਕਿਵੇਂ? ਤੇਰੇ ਸਹੁਰਿਆਂ ਨੇ ਕੀ ਤੈਨੂੰ ਛੱਡ ਦਿੱਤਾ ਹੈ?’’
ਕਾਦੰਬਿਨੀ ਚੁੱਪ ਕਰ ਗਈ। ਆਖ਼ਰਕਾਰ ਬੋਲੀ, ‘‘ਭੈਣੇ, ਸਹੁਰਿਆਂ ਦੀ ਗੱਲ ਮੈਥੋਂ ਨਾ ਪੁੱਛ। ਮੈਨੂੰ ਨੌਕਰਾਣੀ ਵਾਂਗ ਘਰ ਦੇ ਕੋਨੇ ਵਿਚ ਥਾਂ ਦੇ ਦੇ, ਮੈਂ ਤੁਹਾਡਾ ਘਰ ਦਾ ਕੰਮਕਾਜ ਕਰ ਦਿਆ ਕਰਾਂਗੀ।’’
ਯੋਗਮਾਇਆ ਬੋਲੀ, ‘‘ਵਾਹ ਬਈ, ਇਹ ਤੂੰ ਖ਼ੂਬ ਕਹੀ! ਨੌਕਰਾਣੀ ਵਾਂਗ ਕਿਉਂ ਰਹੇਂਗੀ? ਤੂੰ ਮੇਰੀ ਸਹੇਲੀ ਹੈਂ, ਤੂੰ ਮੇਰੀ... ਆਦਿ।’’
ਉਦੋਂ ਹੀ ਸ੍ਰੀਪਤ ਨੇ ਕਮਰੇ ਵਿਚ ਪ੍ਰਵੇਸ਼ ਕੀਤਾ। ਕਾਦੰਬਿਨੀ ਕੁਝ ਚਿਰ ਉਨ੍ਹਾਂ ਦੇ ਮੂੰਹ ਵੱਲ ਵੇਂਹਦੀ ਰਹੀ, ਫਿਰ ਹੌਲੀ-ਹੌਲੀ ਕਮਰੇ ਤੋਂ ਬਾਹਰ ਚਲੀ ਗਈ। ਸਿਰ ਉੱਤੇ ਪੱਲਾ ਠੀਕ ਕਰ ਲੈਣ ਦਾ ਜਾਂ ਕਿਸੇ ਤਰ੍ਹਾਂ ਦੇ ਸੰਕੋਚ ਸੰਜਮ ਦਾ ਕੋਈ ਲੱਛਣ ਵਿਖਾਈ ਨਾ ਦਿੱਤਾ।
ਬਾਅਦ ਵਿਚ ਸ੍ਰੀਪਤ ਉਸ ਦੀ ਸਹੇਲੀ ਵਿਰੁੱਧ ਕੁਝ ਸੋਚ ਨਾ ਬੈਠੇ, ਇਸੇ ਸੰਭਾਵਨਾ ਤੋਂ ਪ੍ਰੇਸ਼ਾਨ ਹੋ ਕੇ ਯੋਗਮਾਇਆ ਨੇ ਕਈ ਤਰ੍ਹਾਂ ਨਾਲ ਉਨ੍ਹਾਂ ਨੂੰ ਸਮਝਾਉਣਾ ਸ਼ੁਰੂ ਕੀਤਾ। ਪਰ ਸਮਝਾਉਣਾ ਏਨਾ ਘੱਟ ਪਿਆ ਅਤੇ ਸ੍ਰੀਪਤ ਨੇ ਯੋਗਮਾਇਆ ਦੇ ਸਾਰੇ ਸੁਝਾਵਾਂ ਨੂੰ ਇੰਨੀ ਆਸਾਨੀ ਨਾਲ ਮੰਨ ਲਿਆ ਕਿ ਯੋਗਮਾਇਆ ਮਨੋਂ-ਮਨ ਖ਼ਾਸ ਸੰਤੁਸ਼ਟ ਨਾ ਹੋ ਸਕੀ।
ਕਾਦੰਬਿਨੀ ਸਹੇਲੀ ਦੇ ਘਰ ਆ ਤਾਂ ਗਈ, ਪਰ ਸਹੇਲੀ ਨਾਲ ਘੁਲਮਿਲ ਨਾ ਸਕੀ- ਵਿਚਾਲੇ ਮੌਤ ਦੀ ਕੰਧ ਸੀ। ਉਹ ਯੋਗਮਾਇਆ ਦੇ ਮੂੰਹ ਵੱਲ ਵੇਂਹਦੀ ਅਤੇ ਪਤਾ ਨਹੀਂ ਕੀ ਸੋਚਦੀ।
ਯੋਗਮਾਇਆ ਨੂੰ ਵੀ ਪਤਾ ਨਹੀਂ ਕਿਹੋ ਜਿਹਾ ਲੱਗਿਆ, ਕੁਝ ਵੀ ਸਮਝ ਨਾ ਸਕੀ। ਔਰਤ ਜ਼ਾਤ ਰਹੱਸ ਨਹੀਂ ਰੱਖ ਸਕਦੀ ਕਿਉਂਕਿ ਅਨਿਸ਼ਚਿਤ ਨੂੰ ਲੈ ਕੇ ਕਵਿਤਾ ਲਿਖੀ ਜਾ ਸਕਦੀ ਹੈ, ਵੀਰਤਾ ਪ੍ਰਦਰਸ਼ਿਤ ਕੀਤੀ ਜਾ ਸਕਦੀ ਹੈ, ਪੰਡਿਤਾਈ ਵਿਖਾਈ ਜਾ ਸਕਦੀ ਹੈ, ਪਰ ਘਰ-ਗ੍ਰਹਿਸਥੀ ਨਹੀਂ ਚਲਾਈ ਜਾ ਸਕਦੀ। ਇਸੇ ਕਾਰਨ ਔਰਤ ਜੀਹਨੂੰ ਸਮਝ ਨਹੀਂ ਸਕਦੀ, ਜਾਂ ਤਾਂ ਉਹ ਉਹਦੇ ਅਸਤਿੱਤਵ ਨੂੰ ਅੱਖੋਂ ਓਹਲੇ ਕਰਕੇ ਉਹਦੇ ਨਾਲ ਕੋਈ ਸੰਪਰਕ ਹੀ ਨਹੀਂ ਰੱਖਦੀ ਜਾਂ ਫਿਰ ਉਹਨੂੰ ਆਪਣੇ ਹੱਥ ਨਾਲ ਨਵਾਂ ਰੂਪ ਦੇ ਕੇ ਉਹਨੂੰ ਆਪਣੇ ਵਿਵਹਾਰ ਦੇ ਯੋਗ ਵਸਤੂ ਬਣਾ ਲੈਂਦੀ ਹੈ। ਜੇ ਦੋਵਾਂ ਵਿਚੋਂ ਇਕ ਵੀ ਨਹੀਂ ਕਰ ਸਕਦੀ, ਫਿਰ ਉਸ ’ਤੇ ਉਹ ਸਖ਼ਤ ਗੁੱਸਾ ਕਰਦੀ ਹੈ।
ਕਾਦੰਬਿਨੀ ਜਿੰਨੀ ਗੁੰਝਲਦਾਰ ਹੁੰਦੀ ਗਈ, ਯੋਗਮਾਇਆ ਉਸ ਉੱਤੇ ਉੱਨੀ ਹੀ ਗੁੱੱਸੇ ਹੋਣ ਲੱਗੀ। ਉਹਨੇ ਸੋਚਿਆ, ‘ਸਿਰ ’ਤੇ ਇਹ ਕੀ ਮੁਸੀਬਤ ਆ ਡਿੱਗੀ ਹੈ!’
ਇਸ ਤੋਂ ਬਿਨਾਂ ਇਕ ਹੋਰ ਵੀ ਆਫ਼ਤ ਸੀ। ਕਾਦੰਬਿਨੀ ਖ਼ੁਦ ਆਪਣੇ ਤੋਂ ਡਰਦੀ ਸੀ, ਬਾਹਰ ਦਾ ਉਹਨੂੰ ਕੋਈ ਡਰ ਨਹੀਂ ਸੀ। ਇਸੇ ਲਈ ਸੁੰਨਸਾਨ ਦੁਪਹਿਰ ਵਿਚ ਉਹ ਕਦੇ-ਕਦੇ ਕਮਰੇ ਵਿਚ ਇਕੱਲੀ ਚੀਕਾਂ ਮਾਰਨ ਲੱਗ ਪੈਂਦੀ ਅਤੇ ਸ਼ਾਮ ਵੇਲੇ ਦੀਵੇ ਦੇ ਚਾਨਣ ਵਿਚ ਆਪਣਾ ਪਰਛਾਵਾਂ ਵੇਖ ਕੇ ਉਹਦੀ ਦੇਹੀ ਥਰ-ਥਰ ਕੰਬਣ ਲੱਗਦੀ।
ਉਹਦਾ ਇਹ ਡਰ ਵੇਖ ਕੇ ਘਰ ਦੇ ਸਾਰੇ ਮੈਂਬਰਾਂ ਦੇ ਮਨ ਵਿਚ ਪਤਾ ਨਹੀਂ ਕਿਹੋ ਜਿਹਾ ਡਰ ਬੈਠ ਗਿਆ। ਨੌਕਰ-ਚਾਕਰ, ਦਾਸੀਆਂ, ਇੱਥੋਂ ਤਕ ਕਿ ਯੋਗਮਾਇਆ ਨੂੰ ਵੀ ਇੱਥੇ-ਉੱਥੇ, ਕਦੇ-ਕਦਾਈਂ ਭੂਤ ਨਜ਼ਰ ਆਉਣ ਲੱਗਾ।
ਇਕ ਦਿਨ ਇਹ ਹੋਇਆ ਕਿ ਅਚਾਨਕ ਅੱਧੀ ਰਾਤ ਨੂੰ ਕਾਦੰਬਿਨੀ ਰੋਂਦੀ ਹੋਈ ਆਪਣੇ ਸੌਣ-ਕਮਰੇ ’ਚੋਂ ਬਾਹਰ ਨਿਕਲੀ ਅਤੇ ਯੋਗਮਾਇਆ ਦੇ ਕਮਰੇ ਦੇ ਬੂਹੇ ’ਤੇ ਆ ਕੇ ਬੋਲੀ, ‘‘ਦੀਦੀ, ਤੇਰੇ ਪੈਰੀਂ ਪੈਂਦੀ ਹਾਂ। ਤੂੰ ਮੈਨੂੰ ਇਕੱਲੀ ਨਾ ਛੱਡਿਆ ਕਰ।’’
ਯੋਗਮਾਇਆ ਨੂੰ ਇਕ ਪਾਸੇ ਤਾਂ ਡਰ ਲੱਗਿਆ, ਦੂਜੇ ਪਾਸੇ ਗੁੱਸਾ ਵੀ ਆਇਆ। ਉਹਦਾ ਜੀਅ ਕੀਤਾ ਕਿ ਕਾਦੰਬਿਨੀ ਨੂੰ ਉਸੇ ਪਲ ਘਰੋਂ ਕੱਢ ਦੇਵੇ। ਪਰ ਸ੍ਰੀਪਤ ਨੇ ਤਰਸ ਖਾ ਕੇ ਜਿਵੇਂ-ਕਿਵੇਂ ਉਹਨੂੰ ਸ਼ਾਂਤ ਕਰਕੇ ਨਾਲ ਦੇ ਕਮਰੇ ਵਿਚ ਥਾਂ ਦੇ ਦਿੱਤੀ। ਅਗਲੇ ਦਿਨ ਬੇਵਕਤ ਸ੍ਰੀਪਤ ਨੂੰ ਸੌਣ-ਕਮਰੇ ਵਿਚ ਸੱਦਿਆ ਗਿਆ। ਯੋਗਮਾਇਆ ਨੇ ਉਨ੍ਹਾਂ ਨੂੰ ਅਚਾਨਕ ਝਿੜਕਣਾ ਸ਼ੁਰੂ ਕਰ ਦਿੱਤਾ, ‘‘ਕਿਉਂ ਜੀ, ਤੁਸੀਂ ਕਿਹੋ ਜਿਹੇ ਬੰਦੇ ਹੋ। ਇਕ ਔਰਤ ਆਪਣਾ ਸਹੁਰਾ ਘਰ ਛੱਡ ਕੇ ਤੁਹਾਡੇ ਘਰ ਆ ਕੇ ਰਹਿ ਰਹੀ ਹੈ। ਮਹੀਨਾ ਹੋਣ ਵਾਲਾ ਹੈ ਅਤੇ ਤੁਹਾਡੇ ਮੂੰਹੋਂ ਵਿਰੋਧ ਦਾ ਇਕ ਸ਼ਬਦ ਵੀ ਨਹੀਂ ਨਿਕਲਿਆ। ਤੁਹਾਡੇ ਮਨ ਵਿਚ ਕੀ ਹੈ, ਸਾਫ਼- ਸਾਫ਼ ਦੱਸੋ! ਮਰਦਾਂ ਦੀ ਤਾਂ ਜ਼ਾਤ ਹੀ ਅਜਿਹੀ ਹੁੰਦੀ ਹੈ!’’
ਘਰ ਵਿਚ ਕਲੇਸ਼ ਦੇਖ ਕੇ ਉਹ ਸਮਝ ਗਏ ਕਿ ਕਾਦੰਬਿਨੀ ਦੇ ਸਹੁਰਿਆਂ ਨੂੰ ਖ਼ਬਰ ਭਿਜਵਾਉਣਾ ਉਨ੍ਹਾਂ ਦੇ ਘਰ ਦੀ ਸੁਖ-ਸ਼ਾਂਤੀ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਅਚਾਨਕ ਚਿੱਠੀ ਲਿਖ ਕੇ ਭੇਜਣ ਦਾ ਨਤੀਜਾ ਸ਼ਾਇਦ ਚੰਗਾ ਨਾ ਵੀ ਹੋਵੇ, ਫਿਰ ਵੀ ਖ਼ੁਦ ਰਾਣੀਹਾਟ ਜਾ ਕੇ ਪਤਾ ਲਾਉਣ ਪਿੱਛੋਂ ਆਪਣਾ ਫ਼ਰਜ਼ ਤੈਅ ਕਰਨਗੇ।
ਸ੍ਰੀਪਤ ਚਲੇ ਗਏ। ਏਧਰ ਯੋਗਮਾਇਆ ਨੇ ਆ ਕੇ ਕਾਦੰਬਿਨੀ ਨੂੰ ਕਿਹਾ, ‘‘ਭੈਣੇ, ਤੇਰਾ ਇੱਥੇ ਹੁਣ ਹੋਰ ਰਹਿਣਾ ਚੰਗਾ ਨਹੀਂ ਲੱਗਦਾ। ਲੋਕੀਂ ਕੀ ਕਹਿਣਗੇ?’’
ਗੰਭੀਰਤਾ ਨਾਲ ਯੋਗਮਾਇਆ ਦੇ ਮੂੰਹ ਵੱਲ ਵੇਖ ਕੇ ਕਾਦੰਬਿਨੀ ਬੋਲੀ, ‘‘ਮੈਂ ਲੋਕਾਂ ਤੋਂ ਕੀ ਲੈਣਾ ਹੈ?’’
ਯੋਗਮਾਇਆ ਸੁਣ ਕੇ ਹੈਰਾਨ ਰਹਿ ਗਈ। ਕੁਝ ਖਿੱਝ ਕੇ ਬੋਲੀ, ‘‘ਤੈਨੂੰ ਚਾਹੇ ਨਾ ਹੋਵੇ, ਅਸੀਂ ਤਾਂ ਲੈਣਾ-ਦੇਣਾ ਹੈ। ਪਰਾਏ ਘਰ ਦੀ ਨੂੰਹ ਨੂੰ ਕੀ ਕਹਿ ਕੇ ਰੱਖੀ ਰੱਖੀਏ?’’
ਕਾਦੰਬਿਨੀ ਨੇ ਕਿਹਾ, ‘‘ਮੇਰੇ ਸਹੁਰੇ ਹਨ ਹੀ ਕਿੱਥੇ?’’
ਯੋਗਮਾਇਆ ਨੇ ਸੋਚਿਆ, ‘ਮਰ ਗਏ? ਪਤਾ ਨਹੀਂ ਕੀ ਕਹਿ ਰਹੀ ਹੈ, ਕੁਲਹਿਣੀ?’
ਕਾਦੰਬਿਨੀ ਹੌਲੀ-ਹੌਲੀ ਬੋਲੀ, ‘‘ਮੈਂ ਕੀ ਕੋਈ ਤੁਹਾਡੀ ਹਾਂ? ਮੈਂ ਕੀ ਇਸ ਸੰਸਾਰ ਦੀ ਹਾਂ? ਤੁਸੀਂ ਹੱਸਦੇ ਹੋ, ਰੋਂਦੇ ਹੋ, ਪਿਆਰ ਕਰਦੇ ਹੋ, ਸਭ ਆਪਣੇ ਆਪ ਵਿਚ ਮਸਤ ਹੋ, ਮੈਂ ਤਾਂ ਬਸ ਵੇਂਹਦੀ ਰਹਿੰਦੀ ਹਾਂ। ਤੁਸੀਂ ਆਦਮੀ ਹੋ ਅਤੇ ਮੈਂ ਸਾਇਆ। ਸਮਝ ਨਹੀਂ ਆਉਂਦੀ, ਰੱਬ ਨੇ ਮੈਨੂੰ ਤੁਹਾਡੇ ਇਸ ਜਗਤ ਵਿਚ ਕਿਉਂ ਲਿਆ ਰੱਖਿਆ ਹੈ? ਤੁਹਾਨੂੰ ਵੀ ਤਾਂ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਮੈਂ ਤੁਹਾਡੇ ਹਾਸੇ-ਖੇੜੇ ਵਿਚ ਵਿਘਨ ਨਾ ਪਾ ਦਿਆਂ। ਮੈਨੂੰ ਵੀ ਸਮਝ ਨਹੀਂ ਆਉਂਦੀ ਕਿ ਤੁਹਾਡੇ ਨਾਲ ਮੇਰਾ ਕੀ ਸਬੰਧ ਹੈ! ਪਰ ਰੱਬ ਨੇ ਜਦੋਂ ਮੇਰੇ ਲਈ ਕੋਈ ਹੋਰ ਥਾਂ ਬਣਾਈ ਹੀ ਨਹੀਂ ਤਾਂ ਚਾਹੇ ਗੱਲ-ਗੱਲ ਵਿਚ ਬੰਧਨ ਟੁੱਟਦਾ ਰਹੇ, ਫਿਰ ਵੀ ਤੁਹਾਡੇ ਆਲੇ-ਦੁਆਲੇ ਚੱਕਰ ਕੱਢਦੀ ਰਹਿੰਦੀ ਹਾਂ।’’
ਉਹਨੇ ਇਹ ਗੱਲਾਂ ਕੁਝ ਇਸ ਤਰ੍ਹਾਂ ਵੇਖਦਿਆਂ ਕਹੀਆਂ ਕਿ ਯੋਗਮਾਇਆ ਜਿਵੇਂ-ਕਿਵੇਂ ਮੋਟੇ ਤੌਰ ’ਤੇ ਕੁਝ ਤਾਂ ਸਮਝ ਸਕੀ, ਪਰ ਅਸਲ ਗੱਲ ਉਹ ਵੀ ਨਹੀਂ ਸਮਝ ਸਕੀ ਅਤੇ ਕੋਈ ਜਵਾਬ ਨਹੀਂ ਦੇ ਸਕੀ। ਦੁਬਾਰਾ ਸਵਾਲ ਵੀ ਨਹੀਂ ਕਰ ਸਕੀ। ਉਹ ਅਤਿਅੰਤ ਬੋਝਲ ਹੋ ਕੇ ਗੰਭੀਰ ਮੁਦਰਾ ਵਿਚ ਚਲੀ ਗਈ।
ਰਾਤ ਦੇ ਤਕਰੀਬਨ ਦਸ ਵਜੇ ਸ੍ਰੀਪਤ ਰਾਣੀਹਾਟ ਤੋਂ ਪਰਤੇ। ਮੋਹਲੇਧਾਰ ਮੀਂਹ ਦੀ ਲਗਾਤਾਰ ਆਵਾਜ਼ ਤੋਂ ਪ੍ਰਤੀਤ ਹੁੰਦਾ ਸੀ ਜਿਵੇਂ ਬਾਰਿਸ਼ ਅੱਜ ਸਾਰੀ ਰਾਤ ਪੈਂਦੀ ਰਹੇਗੀ। ਯੋਗਮਾਇਆ ਨੇ ਪੁੱਛਿਆ, ‘‘ਕੀ ਹੋਇਆ?’’
ਸ੍ਰੀਪਤ ਨੇ ਕਿਹਾ, ‘‘ਬਹੁਤ ਸਾਰੀਆਂ ਗੱਲਾਂ ਹਨ, ਫਿਰ ਕਰਾਂਗੇ।’’ ਕਹਿ ਕੇ ਉਨ੍ਹਾਂ ਨੇ ਕੱਪੜੇ ਬਦਲ ਕੇ ਖਾਣਾ ਖਾਧਾ ਅਤੇ ਹੁੱਕਾ ਪੀ ਕੇ ਸੌਣ ਚਲੇ ਗਏ। ਉਹ ਬਹੁਤ ਫ਼ਿਕਰਮੰਦ ਸਨ।
ਯੋਗਮਾਇਆ ਨੇ ਕਾਫ਼ੀ ਚਿਰ ਤੋਂ ਜਗਿਆਸਾ ਦਬਾਈ ਹੋਈ ਸੀ। ਬਿਸਤਰੇ ’ਤੇ ਜਾਂਦਿਆਂ ਹੀ ਉਹਨੇ ਫਿਰ ਪੁੱਛਿਆ, ‘‘ਕੀ ਸੁਣ ਕੇ ਆਏ ਹੋ, ਜ਼ਰਾ ਦੱਸੋ ਤਾਂ...!’’
ਸ੍ਰੀਪਤ ਨੇ ਕਿਹਾ, ‘‘ਤੂੰ ਇਕ ਗ਼ਲਤੀ ਕੀਤੀ ਹੈ।’’
ਸੁਣਦਿਆਂ ਹੀ ਯੋਗਮਾਇਆ ਮਨ ਹੀ ਮਨ ਕੁਝ ਨਾਰਾਜ਼ ਹੋਈ। ਉਸ ਨੇ ਕੁਝ ਤਾਅ ’ਚ ਆ ਕੇ ਕਿਹਾ, ‘‘ਕਿਹੜੀ, ਪਤਾ ਤਾਂ ਲੱਗੇ!’’
ਸ੍ਰੀਪਤ ਨੇ ਕਿਹਾ, ‘‘ਤੂੰ ਜਿਸ ਔਰਤ ਨੂੰ ਆਪਣੇ ਘਰ ਰੱਖਿਆ ਹੈ, ਉਹ ਤੇਰੀ ਸਹੇਲੀ ਕਾਦੰਬਿਨੀ ਨਹੀਂ।’’
ਯੋਗਮਾਇਆ ਨੇ ਕਿਹਾ, ‘‘ਆਪਣੀ ਸਹੇਲੀ ਨੂੰ ਮੈਂ ਨਹੀਂ ਪਛਾਣਦੀ? ਤੁਹਾਥੋਂ ਪਛਾਣ ਕਰਾਉਣੀ ਪਵੇਗੀ? ਇਹ ਵੀ ਖ਼ੂਬ ਕਹੀ!’’ ਸ੍ਰੀਪਤ ਨੇ ਸਮਝਾਇਆ, ‘‘ਇੱਥੇ ਗੱਲ ਦੀ ਖ਼ੂਬੀ ਬਾਰੇ ਕੋਈ ਤਰਕ ਨਹੀਂ ਹੋ ਰਿਹਾ, ਸਬੂਤ ਦੇਖਣਾ ਪਵੇਗਾ। ਯੋਗਮਾਇਆ ਤੇਰੀ ਸਹੇਲੀ ਕਾਦੰਬਿਨੀ ਮਰ ਚੁੱਕੀ ਹੈ।’’
ਯੋਗਮਾਇਆ ਨੇ ਕਿਹਾ, ‘‘ਲਓ, ਹੋਰ ਸੁਣੋ। ਤੁਸੀਂ ਜ਼ਰੂਰ ਕੋਈ ਗੜਬੜ ਕਰ ਆਏ ਹੋ। ਪਤਾ ਨਹੀਂ ਕਿੱਥੋਂ ਦੇ ਕਿੱਥੇ ਪਹੁੰਚ ਗਏ ਅਤੇ ਕੀ ਦਾ ਕੀ ਸੁਣ ਆਏ! ਤੁਹਾਨੂੰ ਆਪ ਉੱਥੇ ਜਾਣ ਲਈ ਕੀਹਨੇ ਕਿਹਾ ਸੀ? ਚਿੱਠੀ ਲਿਖ ਦਿੰਦੇ, ਸਾਰੀ ਗੱਲ ਸਾਫ਼ ਹੋ ਜਾਂਦੀ।’’
ਆਪਣੀ ਕਾਰਜ-ਕੁਸ਼ਲਤਾ ਪ੍ਰਤੀ ਔਰਤ ਦੀ ਅਜਿਹੀ ਵਿਸ਼ਵਾਸਹੀਣਤਾ ਤੋਂ ਸ੍ਰੀਪਤ ਅਤਿਅੰਤ ਖਿੱਝ ਕੇ ਵਿਸਥਾਰ ਨਾਲ ਸਾਰੇ ਸਬੂਤਾਂ ਦਾ ਜ਼ਿਕਰ ਕਰਨ ਲੱਗੇ, ਪਰ ਕੋਈ ਸਿੱਟਾ ਨਹੀਂ ਨਿਕਲਿਆ। ਦੋਵਾਂ ਪੱਖਾਂ ਦੇ ਹਾਂ-ਨਾਂਹ ਕਰਦੇ-ਕਰਦੇ ਅੱਧੀ ਰਾਤ ਬੀਤ ਗਈ। ਭਾਵੇਂ ਕਾਦੰਬਿਨੀ ਨੂੰ ਉਸੇ ਪਲ ਘਰੋਂ ਬਾਹਰ ਕੱਢਣ ਸਬੰਧੀ ਪਤੀ-ਪਤਨੀ ਵਿਚ ਕੋਈ ਮੱਤਭੇਦ ਨਹੀਂ ਸੀ। ਫਿਰ ਵੀ ਇਕ ਦੂਜੇ ਨੂੰ ਦਲੀਲਾਂ ਦਿੰਦਿਅਆਂ ਦੋਵਾਂ ਦੀ ਆਵਾਜ਼ ਉੱਚੀ ਹੋਣ ਲੱਗੀ। ਉਹ ਭੁੱਲ ਗਏ ਕਿ ਨਾਲ ਦੇ ਕਮਰੇ ਵਿਚ ਕਾਦੰਬਿਨੀ ਸੁੱਤੀ ਹੈ।
ਸ੍ਰੀਪਤ ਨੇ ਕਿਹਾ, ‘‘ਚੰਗੀ ਮੁਸੀਬਤ ਵਿਚ ਪੈ ਗਏ। ਮੈਂ ਆਪਣੇ ਕੰਨੀਂ ਸੁਣ ਕੇ ਆਇਆ ਹਾਂ।’’
ਅੰਤ ਵਿਚ ਯੋਗਮਾਇਆ ਨੇ ਪੁੱਛਿਆ, ‘‘ਕਾਦੰਬਿਨੀ ਕਦੋਂ ਮਰੀ ਸੀ, ਦੱਸੋ ਜ਼ਰਾ!’’ ਉਹਨੇ ਸੋਚਿਆ ਕਿ ਕਾਦੰਬਿਨੀ ਦੀ ਕਿਸੇ ਚਿੱਠੀ ਦੀ ਤਰੀਕ ਤੋਂ ਇਸ ਗੱਲ ਦਾ ਵਿਰੋਧ ਵਿਖਾ ਕੇ ਸ੍ਰੀਪਤ ਦੇ ਭਰਮ ਨੂੰ ਪ੍ਰਮਾਣਿਤ ਕਰ ਦੇਵੇਗੀ। ਸ੍ਰੀਪਤ ਨੇ ਜਿਸ ਤਾਰੀਕ ਦੀ ਗੱਲ ਕੀਤੀ, ਦੋਵਾਂ ਨੇ ਹਿਸਾਬ ਕਰ ਕੇ ਵੇਖਿਆ ਕਿ ਉਹ ਤਰੀਕ, ਜਿਸ ਦਿਨ ਸ਼ਾਮ ਵੇਲੇ ਕਾਦੰਬਿਨੀ ਉਨ੍ਹਾਂ ਦੇ ਘਰ ਆਈ ਸੀ, ਠੀਕ ਉਸ ਤੋਂ ਪਹਿਲੇ ਦਿਨ ਪੈਂਦੀ ਸੀ। ਸੁਣਦੇ ਹੀ ਯੋਗਮਾਇਆ ਦਾ ਦਿਲ ਅਚਾਨਕ ਧੜਕ ਉੱਠਿਆ, ਸ੍ਰੀਪਤ ਨੂੰ ਵੀ ਪਤਾ ਨਹੀਂ ਕਿਹੋ ਜਿਹਾ ਲੱਗਣ ਲੱਗਿਆ।
ਇੰਨੇ ਵਿਚ ਉਨ੍ਹਾਂ ਦੇ ਕਮਰੇ ਦਾ ਬੂਹਾ ਖੁੱਲ੍ਹ ਗਿਆ। ਚੁਮਾਸੇ ਦੀ ਹਵਾ ਦੇ ਬੁੱਲੇ ਨਾਲ ਦੀਵਾ ਭੱਕ ਕਰਕੇ ਬੁਝ ਗਿਆ। ਪਲਕ ਝਪਕਦੇ ਹੀ ਹਨੇਰਾ ਸਾਰੇ ਕਮਰੇ ਵਿਚ ਭਰ ਗਿਆ। ਕਾਦੰਬਿਨੀ ਅਚਾਨਕ ਕਮਰੇ ਅੰਦਰ ਆ ਖੜ੍ਹੀ ਹੋਈ। ਕਾਦੰਬਿਨੀ ਨੇ ਕਿਹਾ, ‘‘ਭੈਣੇ, ਮੈਂ ਤੇਰੀ ਉਹੀ ਕਾਦੰਬਿਨੀ ਹਾਂ, ਪਰ ਹੁਣ ਮੈਂ ਜ਼ਿੰਦਾ ਨਹੀਂ, ਮਰ ਚੁੱਕੀ ਹਾਂ।’’
ਯੋਗਮਾਇਆ ਡਰ ਨਾਲ ਚੀਕੀ। ਸ੍ਰੀਪਤ ਦੀ ਬੋਲਤੀ ਬੰਦ ਹੋ ਗਈ।
‘‘ਪਰ ਮੈਂ ਮਰਨ ਤੋਂ ਇਲਾਵਾ ਤੁਹਾਡੀ ਨਜ਼ਰ ਵਿਚ ਹੋਰ ਕੀ ਅਪਰਾਧ ਕੀਤਾ ਹੈ? ਮੇਰੇ ਲਈ ਨਾ ਤਾਂ ਇਸ ਲੋਕ ਵਿਚ ਥਾਂ ਹੈ, ਨਾ ਪ੍ਰਲੋਕ ਵਿਚ! ਹਾਏ, ਹੁਣ ਮੈਂ ਕਿੱਥੇ ਜਾਵਾਂ!’’ ਇਹ ਕਹਿ ਕੇ ਬੇਹੋਸ਼ ਦੰਪਤੀ ਨੂੰ ਹਨੇਰੇ ਕਮਰੇ ਵਿਚ ਛੱਡ ਕੇ ਕਾਦੰਬਿਨੀ ਸੰਸਾਰ ਵਿਚ ਆਪਣੀ ਥਾਂ ਢੂੰਡਣ ਨਿਕਲ ਪਈ।
ਕਾਦੰਬਿਨੀ ਕਿਸ ਤਰ੍ਹਾਂ ਰਾਣੀਹਾਟ ਪਹੁੰਚੀ, ਇਹ ਕਹਿਣਾ ਮੁਸ਼ਕਿਲ ਹੈ। ਪਰ ਪਹਿਲਾਂ ਕਿਸੇ ਨੂੰ ਵੀ ਨਜ਼ਰ ਨਹੀਂ ਆਈ। ਉਹ ਨੇ ਸਾਰਾ ਦਿਨ ਬਿਨਾਂ ਖਾਧੇ- ਪੀਤਿਆਂ ਇੱਕ ਟੁੱਟੇ ਮੰਦਰ ਦੇ ਖੰਡਰ ਵਿੱਚ ਬਿਤਾਇਆ। ਸੰਘਣੇ ਬੱਦਲਾਂ ਵਾਲੇ ਮੌਸਮ ਵਿਚ ਸਹੁਰੇ ਘਰ ਦੇ ਬੂਹੇ ’ਤੇ ਪਹੁੰਚ ਕੇ ਇਕ ਵਾਰ ਤਾਂ ਉਹਦਾ ਦਿਲ ਧੜਕ ਉੱਠਿਆ, ਪਰ ਉਹ ਲੰਮਾ ਘੁੰਡ ਕੱਢ ਕੇ ਅੰਦਰ ਜਾਣ ਲੱਗੀ ਤਾਂ ਉਹਨੂੰ ਦਾਸੀ ਸਮਝ ਕੇ ਦਰਬਾਨਾਂ ਨੇ ਕੋਈ ਰੋਕ-ਟੋਕ ਨਾ ਕੀਤੀ। ਉਦੋਂ ਹੀ ਬੜੇ ਜ਼ੋਰ ਨਾਲ ਬਾਰਿਸ਼ ਹੋਣ ਲੱਗੀ ਅਤੇ ਹਵਾ ਵੀ ਤੇਜ਼ੀ ਨਾਲ ਚੱਲਣ ਲੱਗੀ।
ਉਸ ਸਮੇਂ ਘਰ ਦੀ ਮਾਲਕਣ ਮਤਲਬ ਸ਼ਾਰਦਾਸ਼ੰਕਰ ਦੀ ਪਤਨੀ ਆਪਣੀ ਵਿਧਵਾ ਨਨਾਣ ਨਾਲ ਤਾਸ਼ ਖੇਡ ਰਹੀ ਸੀ। ਨੌਕਰਾਣੀ ਰਸੋਈ ’ਚ ਸੀ ਅਤੇ ਬਿਮਾਰ ਬੱਚਾ ਬੁਖ਼ਾਰ ਉਤਰ ਜਾਣ ’ਤੇ ਸੌਣ ਵਾਲੇ ਕਮਰੇ ਵਿਚ ਬਿਸਤਰੇ ’ਤੇ ਸੁੱਤਾ ਪਿਆ ਸੀ। ਕਾਦੰਬਿਨੀ ਸਭ ਤੋਂ ਅੱਖ ਬਚਾ ਕੇ ਉਸੇ ਕਮਰੇ ਵਿਚ ਦਾਖ਼ਲ ਹੋਈ। ਉਹ ਕੀ ਸੋਚ ਕੇ ਸਹੁਰੇ ਆਈ ਸੀ, ਉਹ ਖ਼ੁਦ ਵੀ ਨਹੀਂ ਜਾਣਦੀ ਸੀ; ਬਸ ਇੰਨਾ ਜਾਣਦੀ ਸੀ ਕਿ ਇਕ ਵਾਰ ਆ ਕੇ ਬੱਚੇ ਨੂੰ ਇਕ ਨਜ਼ਰ ਵੇਖਣ ਦੀ ਇੱਛਾ ਸੀ। ਉਸ ਤੋਂ ਬਾਅਦ ਕਿੱਥੇ ਜਾਵੇਗੀ, ਕੀ ਹੋਵੇਗਾ- ਇਹ ਤਾਂ ਉਹਨੇ ਸੋਚਿਆ ਵੀ ਨਹੀਂ ਸੀ।
ਦਿਨ ਦੇ ਚਾਨਣ ਵਿਚ ਉਹਨੇ ਵੇਖਿਆ ਕਿ ਬਿਮਾਰ, ਕਮਜ਼ੋਰ ਬੱਚਾ ਮੁੱਠੀ ਮੀਟੀ ਸੁੱਤਾ ਪਿਆ ਹੈ। ਵੇਖਦਿਆਂ ਹੀ ਉਹਦਾ ਤਪਦਾ ਹਿਰਦਾ ਸ਼ਾਂਤ ਹੋ ਗਿਆ। ਉਹਦੀਆਂ ਸਾਰੀਆਂ ਬਲਾਵਾਂ ਲੈ ਕੇ ਉਹਨੂੰ ਇਕ ਵਾਰ ਸੀਨੇ ਲਗਾਏ ਬਿਨਾਂ ਕੀ ਰਿਹਾ ਜਾ ਸਕਦਾ ਹੈ? ਫਿਰ ਉਹਨੂੰ ਯਾਦ ਆਇਆ, ‘ਮੈਂ ਨਹੀਂ ਰਹੀ, ਹੁਣ ਇਹਨੂੰ ਵੇਖਣ ਵਾਲਾ ਕੌਣ ਹੈ? ਇਹਦੀ ਮਾਂ ਨੂੰ ਗੱਪਸ਼ੱਪ ਚੰਗੀ ਲੱਗਦੀ ਹੈ, ਖੇਡ-ਤਮਾਸ਼ਾ ਚੰਗਾ ਲੱਗਦਾ ਹੈ। ਇੰਨੇ ਦਿਨਾਂ ਤਕ ਇਹਦਾ ਭਾਰ ਮੈਨੂੰ ਸੌਂਪ ਕੇ ਉਹ ਨਿਸ਼ਚਿੰਤ ਸੀ। ਹੁਣ ਇਹਦੀ ਉਸ ਪ੍ਰਕਾਰ ਦੇਖਭਾਲ ਕੌਣ ਕਰੇਗਾ?’
ਉਦੋਂ ਹੀ ਬੱਚਾ ਅਚਾਨਕ ਪਾਸਾ ਪਰਤ ਕੇ ਅੱਧ-ਉਨੀਂਦਰੀ ਹਾਲਤ ਵਿਚ ਬੋਲ ਪਿਆ, ‘‘ਚਾਚੀ, ਪਾਣੀ ਦਿਓ।’’ ‘‘ਹਾਏ ਮੈਂ ਵਾਰੀ, ਮੇਰੇ ਲਾਲ! ਆਪਣੀ ਚਾਚੀ ਨੂੰ ਤੂੰ ਅਜੇ ਵੀ ਨਹੀਂ ਭੁੱਲਿਆ!’’ ਝਟਪਟ ਸੁਰਾਹੀ ’ਚੋਂ ਪਾਣੀ ਲੈ ਕੇ ਬੱਚੇ ਨੂੰ ਉਠਾ ਕੇ ਕਾਦੰਬਿਨੀ ਨੇ ਪਾਣੀ ਪਿਆਇਆ।
ਜਦੋਂ ਤਕ ਉਹ ਨੀਂਦ ਦੀ ਹਾਲਤ ਵਿਚ ਰਿਹਾ, ਆਪਣੀ ਆਦਤ ਮੁਤਾਬਿਕ ਚਾਚੀ ਦੇ ਹੱਥੋਂ ਪਾਣੀ ਪੀਣ ਵਿਚ ਬੱਚੇ ਨੂੰ ਕੋਈ ਹੈਰਾਨੀ ਨਹੀਂ ਹੋਈ। ਅੰਤ ਵਿਚ ਕਾਦੰਬਿਨੀ ਨੇ ਜਦੋਂ ਉਹਦਾ ਮੂੰਹ ਚੁੰਮ ਕੇ ਫਿਰ ਲਿਟਾ ਦਿੱਤਾ ਤਾਂ ਉਹਦੀ ਨੀਂਦ ਖੁੱਲ੍ਹ ਗਈ ਅਤੇ ਉਹਨੇ ਚਾਚੀ ਨਾਲ ਚੁੰਬੜ ਕੇ ਪੁੱਛਿਆ, ‘‘ਚਾਚੀ, ਤੂੰ ਮਰ ਗਈ ਸੀ ਨਾ?’’
ਕਾਕੀ ਬੋਲੀ, ‘‘ਹਾਂ ਬੇਟਾ!’’
‘‘ਤੂੰ ਫਿਰ ਮੇਰੇ ਕੋਲ ਪਰਤ ਆਈ ਹੈਂ! ਹੁਣ ਤਾਂ ਨਹੀਂ ਮਰੇਂਗੀ?’’
ਉਹਦੇ ਜਵਾਬ ਦੇਣ ਤੋਂ ਪਹਿਲਾਂ ਹੀ ਰੌਲਾ ਪੈ ਗਿਆ। ਨੌਕਰਾਣੀ ਕੌਲੀ ਵਿਚ ਸਾਬੂਦਾਣਾ ਲੈ ਕੇ ਕਮਰੇ ’ਚ ਆਈ ਸੀ, ਅਚਾਨਕ ਕੌਲੀ ਸੁੱਟ ਕੇ ‘ਹਾਏ ਮਾਂ’ ਕਹਿੰਦੀ ਹੋਈ ਗਸ਼ ਖਾ ਕੇ ਡਿੱਗ ਪਈ।
ਇਹ ਸਭ ਵੇਖ ਕੇ ਬੱਚੇ ਦੇ ਮਨ ਵਿਚ ਡਰ ਬੈਠ ਗਿਆ। ਉਹ ਰੋਂਦਾ-ਰੋਂਦਾ ਬੋਲਿਆ, ‘‘ਚਾਚੀ, ਤੂੰ ਜਾਹ!’’
ਬਹੁਤ ਦਿਨਾਂ ਬਾਅਦ ਅੱਜ ਕਾਦੰਬਿਨੀ ਨੂੰ ਮਹਿਸੂਸ ਹੋਇਆ ਕਿ ਉਹ ਮਰੀ ਨਹੀਂ ਹੈ। ਉਹੀ ਪੁਰਾਣਾ ਘਰ-ਬਾਰ, ਉਹੀ ਸਭ ਕੁਝ, ਉਹੀ ਬੱਚਾ, ਉਹੀ ਪਿਆਰ, ਉਹਦੇ ਲਈ ਜਿਉਂ ਦਾ ਤਿਉਂ ਜ਼ਿੰਦਾ ਹੈ, ਵਿਚਾਲੇ ਕੋਈ ਵਿਘਨ ਨਹੀਂ ਪਿਆ। ਸਹੇਲੀ ਦੇ ਘਰ ਜਾ ਕੇ ਉਹਨੂੰ ਅਨੁਭਵ ਹੋਇਆ ਸੀ ਕਿ ਬਚਪਨ ਦੀ ਉਹ ਸਹੇਲੀ ਮਰ ਚੁੱਕੀ ਹੈ, ਪਰ ਬੱਚੇ ਦੇ ਕਮਰੇ ਵਿਚ ਆ ਕੇ ਉਹਨੇ ਮਹਿਸੂਸ ਕੀਤਾ ਕਿ ਬੱਚੇ ਦੀ ਚਾਚੀ ਨਹੀਂ ਮਰੀ।
ਉਹਨੇ ਹੈਰਾਨ ਹੋ ਕੇ ਕਿਹਾ, ‘‘ਦੀਦੀ, ਮੈਨੂੰ ਵੇਖ ਕੇ ਤੂੰ ਡਰ ਕਿਉਂ ਰਹੀ ਏਂ? ਅਹਿ ਵੇਖ, ਮੈਂ ਤਾਂ ਅੱਜ ਵੀ ਉਸੇ ਤਰ੍ਹਾਂ ਤੇਰੀ ਹਾਂ।’’
ਮਾਲਕਣ ਜ਼ਿਆਦਾ ਚਿਰ ਖੜ੍ਹੀ ਨਾ ਰਹਿ ਸਕੀ। ਬੇਹੋਸ਼ ਹੋ ਕੇ ਡਿੱਗ ਪਈ। ਭੈਣ ਤੋਂ ਸੂਚਨਾ ਮਿਲਦਿਆਂ ਹੀ ਸ਼ਾਰਦਾਸ਼ੰਕਰ ਬਾਬੂ ਆਪ ਸੌਣ-ਕਮਰੇ ’ਚੋਂ ਬਾਹਰ ਆ ਕੇ ਹਾਜ਼ਰ ਹੋਏ। ਹੱਥ ਜੋੜ ਕੇ ਉਨ੍ਹਾਂ ਨੇ ਕਾਦੰਬਿਨੀ ਨੂੰ ਕਿਹਾ, ‘‘ਛੋਟੀ ਬਹੂ, ਇਹ ਕੀ ਤੇਰੇ ਲਈ ਠੀਕ ਹੈ? ਸਤੀਸ਼ ਮੇਰੀ ਕੁੱਲ ਦਾ ਇਕਲੌਤਾ ਲੜਕਾ ਹੈ, ਉਹਨੂੰ ਤੂੰ ਨਜ਼ਰ ਕਿਉਂ ਲਾ ਰਹੀ ਹੈਂ? ਅਸੀਂ ਕੀ ਪਰਾਏ ਹਾਂ? ਤੇਰੇ ਜਾਣ ਪਿੱਛੋਂ ਉਹ ਦਿਨੋਂ-ਦਿਨ ਸੁਕਦਾ ਜਾ ਰਿਹਾ ਹੈ, ਬਿਮਾਰੀ ਜਾਣ ਦਾ ਨਾਂ ਹੀ ਨਹੀਂ ਲੈਂਦੀ। ਬੱਸ ਰਾਤ-ਦਿਨ ਚਾਚੀ-ਚਾਚੀ ਕਰਦਾ ਰਹਿੰਦਾ ਹੈ। ਤੂੰ ਜਦੋਂ ਸੰਸਾਰ ਤੋਂ ਵਿਦਾ ਲੈ ਲਈ ਹੈ ਤਾਂ ਹੁਣ ਇਹ ਮਾਇਆ ਬੰਧਨ ਵੀ ਤੋੜ ਸੁੱਟ। ਅਸੀਂ ਤੇਰਾ ਯਥਾਸੰਭਵ ਸਸਕਾਰ ਕਰਾਂਗੇ।’’
ਕਾਦੰਬਿਨੀ ਹੁਣ ਹੋਰ ਵਧੇਰੇ ਨਹੀਂ ਸਹਾਰ ਸਕੀ। ਜ਼ੋਰ ਨਾਲ ਬੋਲ ਪਈ, ‘‘ਮੈਂ ਮਰੀ ਨਹੀਂ ਹਾਂ, ਮਰੀ ਨਹੀਂ ਹਾਂ ਮੈਂ। ਮੈਂ ਤੁਹਾਨੂੰ ਕਿਵੇਂ ਸਮਝਾਵਾਂ ਕਿ ਮੈਂ ਮਰੀ ਨਹੀਂ। ਅਹਿ ਵੇਖੋ, ਮੈਂ ਜ਼ਿੰਦਾ ਹਾਂ।’’
ਇਹ ਕਹਿ ਕੇ ਉਹ ਧਰਤੀ ’ਤੇ ਪਈ ਕਾਂਸੀ ਦੀ ਕਟੋਰੀ ਚੁੱਕ ਕੇ ਆਪਣੇ ਮੱਥੇ ’ਤੇ ਮਾਰਨ ਲੱਗੀ, ਮੱਥੇ ’ਚੋਂ ਖ਼ੂਨ ਵਗਣ ਲੱਗਿਆ।
ਸ਼ਾਰਦਾਸ਼ੰਕਰ ਬੁੱਤ ਵਾਂਗ ਖੜ੍ਹੇ ਰਹੇ। ਬੱਚਾ ਡਰਦਾ ਮਾਰਾ ਪਿਤਾ ਨੂੰ ਬੁਲਾਉਣ ਲੱਗਿਆ। ਦੋਵੇਂ ਬੇਹੋਸ਼ ਔਰਤਾਂ ਭੁੰਜੇ ਪਈਆਂ ਰਹੀਆਂ।
ਫਿਰ ਕਾਦੰਬਿਨੀ ਬੋਲੀ, ‘‘ਮੈਂ ਮਰੀ ਨਹੀਂ ਹਾਂ, ਨਹੀਂ ਮਰੀ, ਨਹੀਂ ਮਰੀ।’’ ਚੀਕਦੀ ਹੋਈ ਕਮਰੇ ਤੋਂ ਬਾਹਰ ਨਿਕਲ ਕੇ ਪੌੜੀਆਂ ਤੋਂ ਉਤਰਦੀ ਹੋਈ ਸੌਣ-ਕਮਰੇ ਦੀ ਬਾਲਕੋਨੀ ਤੋਂ ਕੁੱਦ ਪਈ। ਉੱਪਰ ਦੇ ਕਮਰੇ ਤੋਂ ਸ਼ਾਰਦਾਸ਼ੰਕਰ ਨੇ ਛਪਾਕ ਦੀ ਆਵਾਜ਼ ਸੁਣੀ। ਸਾਰੀ ਰਾਤ ਬਾਰਿਸ਼ ਹੁੰਦੀ ਰਹੀ, ਅਗਲੇ ਦਿਨ ਸਵੇਰੇ ਵੀ ਬਾਰਿਸ਼ ਹੁੰਦੀ ਰਹੀ। ਦੁਪਹਿਰੇ ਵੀ ਬਾਰਿਸ਼ ਰੁਕਣ ਦੇ ਕੋਈ ਆਸਾਰ ਨਜ਼ਰ ਨਹੀਂ ਆਏ। ਕਾਦੰਬਿਨੀ ਨੇ ਮਰ ਕੇ ਸਿੱਧ ਕਰ ਦਿੱਤਾ ਕਿ ਉਹ ਮਰੀ ਨਹੀਂ ਸੀ।

(ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ