Zindagi Da Tazarba (Punjabi Story) : Kulbir Singh Suri
ਜ਼ਿੰਦਗੀ ਦਾ ਤਜਰਬਾ (ਕਹਾਣੀ) : ਕੁਲਬੀਰ ਸਿੰਘ ਸੂਰੀ
ਗਰਮੀ ਕੁਝ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਅਜੇ ਮਈ ਦਾ ਅੱਧ ਹੀ ਹੋਇਆ ਸੀ ਕਿ ਦੁਪਹਿਰ ਵੇਲੇ ਕਾਂ-ਅੱਖ ਨਿਕਲਦੀ। ਅੱਡੇ ’ਤੇ ਬਸ ਰੁਕੀ ਤਾਂ ਉੱਤਰ ਰਹੀਆਂ ਸਵਾਰੀਆਂ ਵਿੱਚ ਇੱਕ ਬਜ਼ੁਰਗ ਮਾਤਾ ਜੀ ਸਨ। ਉਨ੍ਹਾਂ ਨੇ ਆਪਣੀ ਵੱਡੀ ਸਾਰੀ ਗੱਠੜੀ ਸਿਰ ’ਤੇ ਚੁੱਕੀ ਤੇ ਆਪਣੇ ਪਿੰਡ ਵੱਲ ਜਾਣ ਲਈ ਕੋਈ ਟਾਂਗਾ ਜਾਂ ਰਿਕਸ਼ਾ ਵੇਖਣ ਲੱਗੇ। ਸਖ਼ਤ ਗਰਮੀਆਂ ਦੀ ਦੁਪਹਿਰ ਹੋਣ ਕਰਕੇ ਉੱਥੇ ਕੋਈ ਸਵਾਰੀ ਵੀ ਨਹੀਂ ਸੀ, ਜਿਸ ਕਰਕੇ ਉਹ ਪੈਦਲ ਹੀ ਆਪਣੇ ਪਿੰਡ ਵੱਲ ਤੁਰ ਪਏ। ਉਨ੍ਹਾਂ ਦਾ ਪਿੰਡ ਅੱਡੇ ਤੋਂ ਤਕਰੀਬਨ ਚਾਰ ਕੁ ਕਿਲੋਮੀਟਰ ਦੂਰ ਸੀ।
ਇੱਕ ਗਰਮੀ ਅਤੇ ਦੂਜਾ ਗੱਠੜੀ ਦਾ ਭਾਰ। ਮਾਤਾ ਜੀ ਅਜੇ ਇੱਕ ਕਿਲੋਮੀਟਰ ਹੀ ਤੁਰੇ ਹੋਣੇ ਹਨ ਕਿ ਉਹ ਥੱਕ ਗਏ ਅਤੇ ਇੱਕ ਦਰੱਖਤ ਦੀ ਥੋੜ੍ਹੀ ਜਿਹੀ ਛਾਂ ਥੱਲੇ ਬੈਠ ਗਏ। ਉਨ੍ਹਾਂ ਨੂੰ ਬੈਠਿਆਂ ਅਜੇ ਥੋੜ੍ਹੀ ਦੇਰ ਹੀ ਹੋਈ ਸੀ ਕਿ ਉੱਥੋਂ ਇੱਕ ਅੱਧਖੜ ਉਮਰ ਦਾ ਆਦਮੀ ਘੋੜੇ ’ਤੇ ਲੰਘ ਰਿਹਾ ਸੀ। ਮਾਤਾ ਜੀ ਨੇ ਉਸ ਨੂੰ ਪੁੱਛਿਆ, ‘‘ਭਰਾਵਾ, ਕਿਹੜੇ ਪਿੰਡ ਜਾ ਰਿਹਾ ਹੈਂ?’’
‘‘ਬੀਬੀ ਮੈਂ ਚੂਚਕਵਾਲ ਜਾ ਰਿਹਾ ਹਾਂ,’’ ਘੋੜਸਵਾਰ ਨੇ ਤੁਰਦੇ-ਤੁਰਦੇ ਹੀ ਜਵਾਬ ਦਿੱਤਾ।
‘‘ਜਿਉਂਦਾ ਰਹੇਂ ਵੀਰਾ, ਮੇਰਾ ਇੱਕ ਛੋਟਾ ਜਿਹਾ ਕੰਮ ਕਰ। ਐਹ ਮੇਰੀ ਗੱਠੜੀ ਲੈਂਦਾ ਜਾ ਅਤੇ ਤੇਰੇ ਰਸਤੇ ਵਿੱਚ ਹੀ ਭੀਲੋਵਾਲ ਕੱਚਾ ਪਿੰਡ ਆਉਣਾ ਹੈ, ਉੱਥੇ ਅੱਡੇ ਉਤੇ ਹੀ ਇੱਕ ਚਾਹ ਵਾਲੇ ਦੀ ਦੁਕਾਨ ਹੈ, ਤੂੰ ਗੱਠੜੀ ਉੱਥੇ ਰੱਖ ਦੇਈਂ ਅਤੇ ਉਸ ਨੂੰ ਕਹਿ ਦੇਈਂ ਕਿ ਤੇਰੀ ਭੂਆ ਵੀਰੋ ਦੀ ਗੱਠੜੀ ਹੈ ਅਤੇ ਉਹ ਮਗਰ ਤੁਰੀ ਆ ਰਹੀ ਹੈ,’’ ਮਾਤਾ ਜੀ ਨੇ ਉਸ ਨੂੰ ਅਸੀਸਾਂ ਦਿੰਦਿਆਂ ਕਿਹਾ।
ਘੋੜਸਵਾਰ ਨੇ ਹੋਰ ਆਕੜ ਕੇ ਬੈਠਦਿਆਂ ਕਿਹਾ, ‘‘ਨਾ ਬੀਬੀ ਨਾ, ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ।’’
ਘੋੜਸਵਾਰ ਅੱਗੇ ਨਿਕਲ ਗਿਆ। ਮਾਤਾ ਜੀ ਥੋੜ੍ਹਾ ਸਾਹ ਲੈ ਕੇ ਉੱਠੇ ਅਤੇ ਗੱਠੜੀ ਸਿਰ ’ਤੇ ਚੁੱਕ ਕੇ ਫੇਰ ਹੌਲੀ-ਹੌਲੀ ਤੁਰ ਪਏ। ਘੋੜਸਵਾਰ ਜਦੋਂ ਥੋੜ੍ਹਾ ਅੱਗੇ ਗਿਆ ਤਾਂ ਉਸ ਨੂੰ ਖਿਆਲ ਆਇਆ ਕਿ ‘ਮਾਤਾ ਦੀ ਗੱਠੜੀ ਜੇ ਮੈਂ ਲੈ ਆਉਂਦਾ ਤਾਂ ਮੌਜਾਂ ਹੋ ਜਾਣੀਆਂ ਸਨ। ਹੋ ਸਕਦਾ ਹੈ ਗੱਠੜੀ ਵਿੱਚ ਕੋਈ ਕੀਮਤੀ ਸਾਮਾਨ ਹੋਵੇ। ਮੈਂ ਉਸ ਚਾਹ ਵਾਲੇ ਨੂੰ ਗੱਠੜੀ ਦੇਣ ਦੀ ਬਜਾਏ ਸਿੱਧਾ ਆਪਣੇ ਨਾਲ ਲੈ ਜਾਂਦਾ। ਉਸ ਬੁੱਢੀ ਜ਼ਨਾਨੀ ਨੇ ਮੈਨੂੰ ਕਿੱਥੋਂ ਲੱਭਣਾ ਸੀ ਕਿਉਂਕਿ ਮੈਂ ਉਸ ਨੂੰ ਪਿੰਡ ਦਾ ਨਾਂ ਵੀ ਗਲਤ ਦੱਸਿਆ ਹੈ, ਮੈਂ ਤਾਂ ਚੂਚਕਵਾਲ ਤੋਂ ਕਾਫ਼ੀ ਅੱਗੇ ਜਾਣਾ ਹੈ।’’ ਇਹ ਸੋਚ ਕੇ ਉਸ ਘੋੜਾ ਵਾਪਸ ਮੋੜ ਲਿਆ। ਉਸ ਨੇ ਵੇਖਿਆ ਕਿ ਬਜ਼ੁਰਗ ਮਾਤਾ ਸਿਰ ’ਤੇ ਗੱਠੜੀ ਚੁੱਕੀ ਤੁਰੀ ਆ ਰਹੀ ਹੈ। ਉਹ ਮਾਤਾ ਜੀ ਕੋਲ ਪਹੁੰਚ ਕੇ ਘੋੜੇ ਤੋਂ ਉਤਰਿਆ ਅਤੇ ਬੜੀ ਨਿਮਰਤਾ ਨਾਲ ਕਹਿਣ ਲੱਗਾ, ‘‘ਲਿਆ ਮਾਤਾ ਇਹ ਗੱਠੜੀ ਮੈਨੂੰ ਦੇ ਦੇ ਮੈਂ ਰਸਤੇ ਵਿੱਚ ਚਾਹ ਵਾਲੇ ਨੂੰ ਦਿੰਦਾ ਜਾਵਾਂਗਾ। ਮੈਨੂੰ ਇਸ ਨਾਲ ਕੀ ਫ਼ਰਕ ਪੈਣਾ ਹੈ, ਤੂੰ ਐਵੇਂ ਗਰਮੀ ਵਿੱਚ ਥੱਕ ਜਾਏਂਗੀ।’’
ਬਜ਼ੁਰਗ ਮਾਤਾ ਜੀ ਨੇ ਵੀ ਦੁਨੀਆਂ ਵੇਖੀ ਹੋਈ ਸੀ। ਉਨ੍ਹਾਂ ਨੂੰ ਘੋੜਸਵਾਰ ਦੀ ਨੀਅਤ ਉਪਰ ਸ਼ੱਕ ਹੋਇਆ ਅਤੇ ਕਹਿਣ ਲੱਗੇ, ‘‘ਨਹੀਂ ਭਰਾਵਾ, ਉਹ ਵੇਲਾ ਲੰਘ ਗਿਆ ਅਤੇ ਲੰਘਿਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ।
ਮੈਂ ਆਪੇ ਔਖੀ-ਸੌਖੀ ਹੋ ਕੇ ਹੌਲੀ-ਹੌਲੀ ਲੈ ਜਾਵਾਂਗੀ। ਨਾਲੇ ਇਸ ਵਿੱਚ ਕੀਮਤੀ ਚੀਜ਼ ਤਾਂ ਕੋਈ ਹੈ ਨਹੀਂ, ਬਸ ਬੱਚਿਆਂ ਦੀਆਂ ਮੈਲੀਆਂ-ਕੁਚੈਲੀਆਂ ਚਾਰ ਲੀਰਾਂ ਹੀ ਹਨ। ਜਾ ਤੂੰ ਆਪਣਾ ਸਮਾਂ ਖੋਟਾ ਨਾ ਕਰ।’’ ਬਜ਼ੁਰਗ ਮਾਤਾ ਜੀ ਦੀ ਗੱਲ ਸੁਣ ਕੇ ਘੋੜਸਵਾਰ ਬੜਾ ਸ਼ਰਮਿੰਦਾ ਹੋਇਆ। ਉਹ ਫਟਾਫਟ ਪਲਾਕੀ ਮਾਰ ਕੇ ਘੋੜੇ ਉਤੇ ਬੈਠਾ ਅਤੇ ਘੋੜੇ ਨੂੰ ਤੇਜ਼ ਦੁੜਾ ਕੇ ਅੱਖੋਂ ਓਹਲੇ ਹੋ ਗਿਆ।