ਧਰਵਾਸ (ਕਹਾਣੀ) : ਅੰਮ੍ਰਿਤ ਕੌਰ
ਕੜਕਦੀ ਬਿਜਲੀ ਨੇ ਉੱਚੇ ਲੰਮੇ ਰੁੱਖ ਦੇ ਨੇੜੇ ਹੁੰਦਿਆਂ ਆਖਿਆ, "ਦੇਖਿਆ, ਲੱਖਾਂ ਕਰੋੜਾਂ ਅੱਖਾਂ ਵਿੱਚ ਮੇਰੀਆਂ ਲਿਸ਼ਕਦੀਆਂ ਤਾਰਾਂ ਦੀਆਂ ਰੌਸ਼ਨੀਆਂ ਕਿਵੇਂ ਚਾਨਣ ਭਰਦੀਆਂ ਨੇ।"
"ਤੈਨੂੰ ਇਹਨਾਂ ਦੀਆਂ ਅੱਥਰੂਆਂ ਭਰੀਆਂ ਅੱਖਾਂ ਨ੍ਹੀਂ ਦਿਸੀਆਂ?" ਰੁੱਖ ਨੇ ਪੁੱਛਿਆ।
"ਅੱਥਰੂ ਕਿਉਂ?" ਉਹ ਚਮਕੀ।
"ਤੁਸੀਂ ਬੇਮੌਸਮੇ ਜੁ ਆਏ ਓ। ਖੇਤਾਂ ਵਿੱਚ ਕੰਮ ਕਰਨ ਵਾਲੇ ਇਹਨਾਂ ਕਿਰਤੀ ਤੇ ਕਿਸਾਨਾਂ ਦੀ ਮਿਹਨਤ ਰੋੜ੍ਹ ਰਹੇ ਓ।" ਰੁੱਖ ਨੇ ਉਦਾਸ ਹੁੰਦਿਆਂ ਨਰਾਜ਼ਗੀ ਪ੍ਰਗਟਾਈ।
" ਇੱਕ ਵਾਰ ਤਾਂ ਸਾਰੇ ਪਾਸੇ ਚਾਨਣ ਹੋ ਜਾਂਦੈ।" ਬਿਜਲੀ ਚਾਂਭਲ਼ੇ ਜਵਾਕਾਂ ਵਾਂਗਰ ਚੀਕੀ।
" ਹੋ ਤਾਂ ਜਾਂਦੈ... ਪਰ ਉਸ ਤੋਂ ਬਾਅਦ ਜਿਹੜਾ ਨ੍ਹੇਰਾ ਹੁੰਦੈ ਉਸ ਤੋਂ ਬੜਾ ਡਰ ਲੱਗਦੈ।" ਰੁੱਖ ਨੇ ਗੰਭੀਰਤਾ ਨਾਲ਼ ਆਖਿਆ।
"ਹਾਂ, ਇੱਕ ਵਾਰ ਅੱਖਾਂ ਚੁੰਧਿਆ ਜਾਂਦੀਆਂ ਨੇ ਉਸ ਤੋਂ ਬਾਅਦ ਤਾਂ ਨ੍ਹੇਰਾ ਹੋਰ ਵੀ ਸੰਘਣਾ ਲੱਗਣ ਲੱਗ ਪੈਂਦਾ ਹੋਊ।"
"ਇਸ ਤੋਂ ਵੀ ਡਰਾਉਣਾ ਨ੍ਹੇਰਾ ਜੀਹਨੂੰ ਸਿਰਫ਼ ਕਿਰਤੀ ਕਿਸਾਨ ਈ ਦੇਖ ਸਕਦੇ ਨੇ। ਦੂਸਰਿਆਂ ਨੂੰ ਤਾਂ ਘੱਟ ਈ ਨਜ਼ਰ ਆਉਂਦੈ।"
"ਮੈਂ ਸਮਝੀ ਨ੍ਹੀਂ। ਤੂੰ ਈ ਦੱਸ ਦੇ।"
"ਉਹ ਨ੍ਹੇਰਾ ਜਿਹੜਾ ਇਹਨਾਂ ਦੀਆਂ ਆਸਾਂ, ਰੀਝਾਂ ਦੇ ਦੀਵੇ ਬੁੱਝਣ ਨਾਲ ਹੁੰਦੈ। ਜਿਹੜੀਆਂ ਆਸਾਂ ਇਹਨਾਂ ਨੇ ਫ਼ਸਲਾਂ 'ਤੇ ਲਾਈਆਂ ਹੁੰਦੀਆਂ ਨੇ... । ਜਿਹੜੇ ਖ਼ਰਾਬ ਹੁੰਦੀਆਂ ਫ਼ਸਲਾਂ ਨੂੰ ਦੇਖ ਕੇ ਇਹਨਾਂ ਨੂੰ ਡੋਬ ਪੈਂਦੇ ਨੇ... ਤੂੰ ਕੜਕ ਕੇ ਉਹਨਾਂ ਡੋਬਾਂ ਨੂੰ ਹੋਰ ਡੂੰਘਾ ਕਰ ਦਿੰਨੀ ਐਂ।"
"ਅੱਛਾ? ਮੈਂ ਤਾਂ ਕਦੇ ਕੋਈ ਗੱਲ ਨ੍ਹੀਂ ਸੁਣੀ ਇਹਨਾਂ ਦੀ।" ਰੁੱਖ ਉਸ ਦੀ ਗੱਲ ਸੁਣ ਕੇ ਵਿਅੰਗਮਈ ਤਰੀਕੇ ਨਾਲ ਹੱਸਿਆ। ਫਿਰ ਬੋਲਿਆ,
"ਗੱਲ ਸੁਣਨ ਲਈ ਰੁਕਣਾ ਜ਼ਰੂਰੀ ਹੁੰਦੈ, ਤੂੰ ਤਾਂ ਸਕਿੰਟ ਵੀ ਨ੍ਹੀਂ ਰੁਕਦੀ... ਪੰਜ ਗੇੜਿਆਂ 'ਚ ਤੂੰ ਇੱਕ ਗੱਲ ਵੀ ਪੂਰੀ ਨਹੀਂ ਸੁਣ ਸਕੀ।"
"ਮੇਰੇ ਰੁਕਣ ਨਾਲ਼ ਵੀ ਇਹਨਾਂ ਦਾ ਨੁਕਸਾਨ ਈ ਹੋਣਾ ਹੁੰਦੈ।"
"ਹਾਂ ਇਹ ਵੀ ਸਹੀ ਐ। ਜੇ ਕਿਤੇ ਮਨੁੱਖ ਤੈਨੂੰ ਸਾਂਭਣ ਦਾ ਜੁਗਾੜ ਕਰ ਲੈਣ ਫਿਰ ਬਿਜਲੀ ਦੀ ਘਾਟ ਨ੍ਹੀਂ ਰਹਿਣੀ।" ਆਖ ਕੇ ਰੁੱਖ ਚੁੱਪ ਕਰ ਗਿਆ।
ਹਵਾ ਐਨੀ ਤੇਜ਼ ਚੱਲ ਰਹੀ ਸੀ ਕਿ ਰੁੱਖਾਂ ਦੀਆਂ ਟਾਹਣੀਆਂ ਦੂਹਰੀਆਂ ਹੋ ਰਹੀਆਂ ਸਨ। ਬੱਦਲਾਂ ਦੀ ਗਰਜ ਕਿਸਾਨਾਂ ਦੇ ਸਾਹ ਸੂਤ ਰਹੀ ਸੀ। ਬਿਜਲੀ ਵਾਰ-ਵਾਰ ਚਮਕ ਰਹੀ ਸੀ। ਉਹ ਵੀ ਜਿਵੇਂ ਮਨੁੱਖੀ ਚਿਹਰਿਆਂ ਦੀਆਂ ਚਿੰਤਾਵਾਂ ਦੀਆਂ ਲਕੀਰਾਂ ਦੇਖਣਾ ਚਾਹੁੰਦੀ ਹੋਵੇ। ਚਿੰਤਾ ਵਿੱਚ ਡੁੱਬਿਆ ਸਾਧੂ ਸਿੰਘ ਆਪਣੇ ਖੇਤ ਦੀ ਵੱਟ ਤੇ ਖੜ੍ਹਾ ਸੀ। ਨੰਬਰਦਾਰਾਂ ਦੇ ਗੁਲਜ਼ਾਰ ਨੇ ਆਪਣੇ ਖੇਤੋਂ ਪਰਤਦਿਆਂ ਸਾਧੂ ਸਿੰਘ ਦੇ ਕੋਲ਼ ਆ ਕੇ ਬਿਨਾਂ ਮੋਟਰਸਾਈਕਲ ਰੋਕਿਆ ਹਾਲ ਚਾਲ ਪੁੱਛਿਆ, ਸਾਧੂ ਸਿੰਘ ਨੇ... ਸਭ ਵਧੀਆ... ਆਖਿਆ ਅਤੇ ਉਹ ਅੱਗੇ ਲੰਘ ਗਿਆ।
ਸਾਧੂ ਸਿੰਘ ਦੀਆਂ ਅੱਖਾਂ ਕਦੇ ਫ਼ਸਲ ਨੂੰ ਦੇਖਦੀਆਂ ਕਦੇ ਅਸਮਾਨ ਵੱਲ। ਨਾਲ਼ ਦੇ ਖੇਤ ਦਾ ਗੁਆਂਢੀ ਛੋਟਾ ਕਿਸਾਨ ਨਾਹਰ ਸਿੰਘ ਵੀ ਬਿਨਾਂ ਬੋਲਿਆਂ ਉਸ ਦੇ ਕੋਲ਼ ਆ ਕੇ ਵੱਟ 'ਤੇ ਬੈਠ ਗਿਆ।
"ਆਪਣੇ ਵਰਗੇ ਕਿਸਾਨਾਂ ਦੀ ਜ਼ਿੰਦਗੀ ਵੀ ਦਿਹਾੜੀਦਾਰਾਂ ਵਰਗੀ ਹੁੰਦੀ ਐ ਸਾਧੂ ਸਿਆਂ।"
"ਨਹੀਂ ਬਾਈ... ਦਿਹਾੜੀਦਾਰਾਂ ਤੋਂ ਵੀ ਮਾੜੀ ਹੁੰਦੀ ਐ। ਉਹਨਾਂ ਨੂੰ ਤਾਂ ਕੰਮ ਦੇ ਪੈਸੇ ਮਿਲ ਜਾਂਦੇ ਨੇ। ਆਪਾਂ ਨੂੰ ਤਾਂ ਛੇ ਮਹੀਨੇ ਮਿਹਨਤ ਕਰ ਕੇ ਵੀ ਪਤਾ ਨ੍ਹੀਂ ਹੁੰਦਾ, ਪੱਲੇ ਕੁਸ਼ ਪੈਣਾ ਵੀ ਐ ਕਿ ਨਹੀਂ।"
"ਹੂੰ... ਗੱਲ ਤਾਂ ਤੇਰੀ ਠੀਕ ਐ।" ਉਸ ਨੇ ਲੰਬਾ ਸਾਰਾ ਸਾਹ ਖਿੱਚਦਿਆਂ ਹਾਮੀ ਭਰੀ।
"ਹੁਣ ਆਹ ਡਾਹਢੇ ਦਾ ਨ੍ਹੀਂ ਪਤਾ ਲੱਗਦਾ ਕਿੰਨੀ ਕੁ ਮਾਰ ਕਰੂ?" ਸਾਧੂ ਸਿੰਘ ਅਸਮਾਨ ਵੱਲ ਤੱਕਦਿਆਂ ਬੋਲਿਆ।
"ਆਹੋ, ਕਿਸੇ ਹੋਰ ਪਾਸੇ ਤਾਂ ਕਹਿੰਦੇ ਨੇ ਬਹੁਤ ਗੜੇ ਪਏ ਨੇ... ਬੱਲੀਆਂ ਝਾੜ 'ਤੀਆਂ। ਐਂ ਖੇਤਾਂ ਵਿੱਚ ਗੜਿਆਂ ਦੇ ਢੇਰ ਲੱਗੇ ਪਏ ਤੇ ਜਿਵੇਂ ਵਿਛਾਉਣਾ ਵਿਛਾਇਆ ਹੁੰਦੈ। ਮੰਡੀਆਂ ਵਿੱਚ ਦਾਣਿਆਂ ਦੇ ਬੋਹਲ਼ ਪਾਣੀ ਵਿੱਚ ਡੁੱਬੇ ਪਏ ਸਨ।" ਨਾਹਰ ਸਿੰਘ ਨੂੰ ਜਵਾਕਾਂ ਨੇ ਮੋਬਾਇਲ ਤੇ ਜੋ ਦਿਖਾਇਆ ਸੀ ਉਸ ਨੇ ਆਖ ਦਿੱਤਾ।
"ਜਿਹੜੇ ਹਿਸਾਬ ਨਾਲ਼ ਚੜ੍ਹਿਆ ਆ ਰਿਹਾ... ਐਂ ਲੱਗਦੈ ਮਾਰ ਤਾਂ ਆਪਾਂ ਨੂੰ ਵੀ ਤਕੜੀ ਮਾਰੂ।" ਸਾਧੂ ਸਿੰਘ ਨੇ ਅਸਮਾਨ ਵੱਲ ਤੱਕਦਿਆਂ ਆਖਿਆ।
ਮੋਟੀ-ਮੋਟੀ ਕਣੀ ਵੀ ਡਿੱਗਣੀ ਸ਼ੁਰੂ ਹੋ ਚੁੱਕੀ ਸੀ।
"ਕੀ ਪਤੈ ਲੰਘ ਜੇ... ਹਵਾ ਵੀ ਤੇਜ਼ ਐ ਉਡਾ ਕੇ ਲੈ ਜੇ ਬੱਦਲ਼ਾਂ ਨੂੰ।" ਨਾਹਰ ਸਿੰਘ ਆਸ ਦਾ ਦੀਵਾ ਬੁੱਝਣ ਨਹੀਂ ਸੀ ਦੇਣਾ ਚਾਹੁੰਦਾ।
"ਮੀਂਹ ਦੇ ਨਾਲ਼ ਹਵਾ ਵੱਧ ਮਾਰ ਕਰੂ... ਵਿਛਾ ਕੇ ਰੱਖ ਦੂ ਸਾਰੀ ਫ਼ਸਲ ਨੂੰ।" ਸਾਧੂ ਸਿੰਘ ਦੇ ਅੰਦਰਲਾ ਡਰ ਬੋਲ ਰਿਹਾ ਸੀ।
"ਦੇਖ ਲੈ ਸਾਧੂ ਸਿਆਂ ਸਾਰੇ ਕਿੱਤਿਆਂ ਆਲ਼ੇ ਆਵਦੀ ਕਮਾਈ ਸਾਂਭ ਕੇ ਲੁਕੋ-ਲੁਕੋ ਕੇ ਰੱਖਦੇ ਨੇ... ।" ਆਖ ਕੇ ਉਹ ਚੁੱਪ ਹੋ ਗਿਆ।
"ਆਹੋ, ਆਪਾਂ ਈ ਆਂ ਜਿਹੜੇ ਆਵਦੀ ਕਮਾਈ ਨੂੰ ਲੁਕੋ ਕੇ ਨ੍ਹੀਂ ਰੱਖ ਸਕਦੇ। ਅੱਖਾਂ ਸਾਹਮਣੇ ਖੜ੍ਹੀ ਫ਼ਸਲ 'ਤੇ ਮਾਰ ਪੈ ਜਾਂਦੀ ਐ। ਜੇ ਇੱਥੇ ਬਚ ਗੇ ਇਹ ਨ੍ਹੀਂ ਪਤਾ ਫੇਰ ਮੰਡੀਆਂ 'ਚ ਰੁਲ਼ੀਏ। ਬਿਗਾਨੇ ਆਪਣੀ ਫ਼ਸਲ ਦਾ ਰੇਟ ਦੱਸਦੇ ਨੇ। ਆਪਾਂ ਅਗਲੇ ਦੇ ਮੂੰਹ ਕੰਨੀਂ ਝਾਕਦੇ ਰਹਿ ਜਾਨੇ ਆਂ।" ਸਾਧੂ ਨੇ ਨਾਹਰ ਸਿੰਘ ਦੀ ਅੱਧ ਵਿਚਾਲ਼ੇ ਛੱਡੀ ਗੱਲ ਪੂਰੀ ਕਰਨ ਦੀ ਕੋਸ਼ਿਸ਼ ਕੀਤੀ।
"ਜੇ ਕਿਤੇ ਬੇਰੁੱਤਾ ਮੀਂਹ ਨਾ ਪਵੇ, ਸਰਕਾਰਾਂ ਫ਼ਸਲਾਂ ਦੇ ਸਹੀ ਮੁੱਲ ਦੇ ਦੇਣ ਫਿਰ ਨ੍ਹੀਂ ਮਾਰ ਖਾਂਦੇ ਆਪਾਂ।" ਸਾਧੂ ਸਿੰਘ ਨਿੰਮੋਝੂਣਾ ਜਿਹਾ ਹੋ ਕੇ ਬੋਲਿਆ।
"ਹੁਣ ਨ੍ਹੀਂ ਪੂਰਾ ਪਟਦਾ ਖੇਤੀ ਨਾਲ਼... ਆਪਾਂ ਤਾਂ ਔਖੇ ਸੌਖੇ ਗੁਜ਼ਾਰਾ ਕਰ ਲਿਆ। ਹੁਣ ਦੇ ਜਵਾਕ ਨ੍ਹੀਂ ਕਰ ਸਕਦੇ। ਹੁਣ ਤਾਂ ਇੱਕ ਮੁਬੈਲ ਲੈਣ ਖਾਤਰ... ਆਪਣੇ ਸਮੇਂ ਦੇ ਵਿਆਹ ਜਿੰਨਾ ਖਰਚਾ ਹੋ ਜਾਂਦੈ। ਹੋਰ ਤਾਂ ਗੱਲਾਂ ਛੱਡੋ ...ਜਵਾਕ ਵੀ ਮਾਪਿਆਂ ਦੇ ਗਲ਼ 'ਗੂਠਾ ਦੇ ਕੇ ਲੈ ਲੈਂਦੇ ਨੇ ਮਰਜ਼ੀ ਦਾ ਸਮਾਨ... ਕਿਸੇ ਨੂੰ ਮੋਟਰਸਾਈਕਲ ਚਾਹੀਦੈ, ਕਿਸੇ ਨੂੰ ਮਹਿੰਗਾ ਮੁਬੈਲ।" ਨਾਹਰ ਸਿੰਘ ਅੰਦਰ ਬਹੁਤੇ ਮਾਪਿਆਂ ਦਾ ਸੱਚ ਬੋਲ ਰਿਹਾ ਸੀ।
"ਹੁਣ ਤਾਂ ਵਿਆਹ ਵੀ ਕਈ-ਕਈ ਹੋਣ ਲੱਗ ਗੇ। ਵਿਆਹ ਤੋਂ ਪਹਿਲਾਂ ਮੰਗਣਾ, ਫਿਰ ਕੱਚਾ ਵਿਆਹ, ਕਾਗਜ਼ੀ ਵਿਆਹ, ਫੇਰ ਪੱਕਾ ਵਿਆਹ।" ਸਾਧੂ ਸਿੰਘ ਬੋਲਿਆ।
"ਇੱਕ ਹੋਰ ਏ ਰਵਾਜ ਚਲਾ ਲਿਆ... ਵਿਆਹ ਆਲ਼ੇ ਦਿਨ ਵਿਆਹ ਤੋਂ ਪਹਿਲਾਂ ਬਣਾਈ ਕੁੜੀ ਮੁੰਡੇ ਦੀ ਫ਼ਿਲਮ ਚੱਲ ਪੈਂਦੀ ਐ... ਕਈ ਤਾਂ ਸਿੱਧੀ-ਪੱਧਰੀ ਬਣਾ ਲੈਂਦੇ ਨੇ ਪਰ ਕਈ ਤਾਂ ਦੇਖਣੀਆਂ ਔਖੀਆਂ ਹੋ ਜਾਂਦੀਆਂ ਨੇ... ਦੇਖ ਕੇ ਮੁੰਡੇ ਆਲ਼ੇ ਕੂਕਾਂ ਮਾਰਦੇ ਨੇ... ਕੁੜੀ ਆਲ਼ੇ ਸ਼ਰਮ ਨਾਲ਼ ਪਾਣੀ-ਪਾਣੀ ਹੋਏ ਉੱਠ ਕੇ ਐਧਰ-ਓਧਰ ਤੁਰ ਜਾਂਦੇ ਨੇ।" ਥੋੜ੍ਹੇ ਦਿਨ ਪਹਿਲਾਂ ਵੇਖੇ ਵਿਆਹ ਦੇ ਅਧਾਰ 'ਤੇ ਨਾਹਰ ਸਿੰਘ ਆਖ ਰਿਹਾ ਸੀ।
"ਅਮੀਰਾਂ ਦੇ ਚੋਚਲੇ ਨੇ ਸਾਰੇ... ਚਲ ਜਿਹਨਾਂ 'ਚ ਪੁੱਜਤ ਹੈ ਗੀ ਐ ਕਰਨ ਦੀ... ਬਸ਼ੱਕ ਕਰੀਂ ਜਾਣ ਪਰ ਕਰਨ ਮਰਿਆਦਾ 'ਚ ਰਹਿ ਕੇ... ਰੀਸੋ-ਰੀਸੀ ਆਪਣੇ ਵਰਗੇ ਮਾਰੇ ਜਾਂਦੇ ਨੇ... ਖ਼ੈਰ... ਮੇਰੇ ਤਾਂ ਅਜੇ ਛੋਟੇ ਨੇ ਦਸ ਬਾਰਾਂ ਸਾਲ ਨੂੰ ਵਿਆਹੁਣ ਜੋਗੇ ਹੋਣਗੇ ਉਦੋਂ ਨੂੰ ਪਤਾ ਨ੍ਹੀਂ ਕਿਹੜੇ ਰਾਜੇ ਦੀ ਪਰਜਾ ਹੋਊ।" ਸਾਧੂ ਸਿੰਘ ਨੇ ਮਨ ਆਈ ਆਖ ਸੁਣਾਈ।
"ਮੇਰਾ ਮੁੰਡਾ ਤਾਂ ਕਹਿਣ ਲੱਗ ਗਿਆ... ਮੇਰਾ ਬਾਹਰ ਦਾ ਕਰ ਕੁਸ਼... ਮੈਂ ਤਾਂ ਆਖ 'ਤਾ... ਆਹੀ ਚਾਰ ਖੁੱਡ ਨੇ ਮੇਰੇ ਕੋਲ਼ ਤਾਂ, ਜੇ ਵੇਚੇਂਗਾ ਤਾਂ ਵੀ ਤੇਰੇ ਈ ਜਾਣੇ ਨੇ ਜੇ ਨਹੀਂ ਵੇਚੇਂਗਾ ਤਾਂ ਵੀ ਤੇਰੇ ਈ ਰਹਿਣੇ ਨੇ।" ਨਾਹਰ ਸਿੰਘ ਨੇ ਦਿਲ ਦੀ ਗੱਲ ਦੱਸੀ।
"ਕਿਹੜਾ ਥੋੜ੍ਹੇ-ਘਾਣੇ ਲੱਗਦੇ ਨੇ, ਬਈ ਅਗਲਾ ਕਿਸੇ ਤੋਂ ਫੜ ਕੇ ਲਾ ਦਿਊ... ਬਾਹਰਲੇ ਦੇਸ਼ਾਂ ਆਲ਼ੇ ਤਾਂ ਹੁਣ ਆਪ ਔਖੇ ਹੋਏ ਪਏ ਨੇ। ਮੁਬੈਲਾਂ ਤੇ ਦੱਸਦੇ ਨੇ... ਕਹਿੰਦੇ ਕੰਮ ਕਾਰ ਨ੍ਹੀਂ ਮਿਲਦਾ ਚੱਜ ਦਾ।" ਸਾਧੂ ਸਿੰਘ ਨੇ ਸੁਣੀ ਸੁਣਾਈ ਗੱਲ ਆਖੀ।
"ਐਥੇ ਤਾਂ ਨਸ਼ੇ ਅਤੇ ਮਾਰ-ਧਾੜ ਨ੍ਹੀਂ ਸੰਭਲ਼ ਰਹੇ ਸਰਕਾਰਾਂ ਤੋਂ। ਮਾਪੇ ਡਰਦੇ ਆਵਦੇ ਨਿਆਣਿਆਂ ਨੂੰ ਬਾਹਰ ਭੇਜ ਰਹੇ ਨੇ। ਜੇ ਕਿਤੇ ਐਧਰਲੇ ਪਾਸੇ ਸਰਕਾਰ ਕਾਬੂ ਪਾ ਲਵੇ। ਲੋਕ ਆਵਦੇ ਨਿਆਣਿਆਂ ਨੂੰ ਬਾਹਰ ਭੇਜਣੋਂ ਹਟ ਜਾਣ।" ਨਾਹਰ ਸਿੰਘ ਨੇ ਕੌੜਾ ਸੱਚ ਆਖ ਦਿੱਤਾ।
ਗੱਲਾਂ ਕਰਦਿਆਂ ਕਣੀਆਂ ਤੇਜ਼ ਹੋ ਗਈਆਂ। ਕੱਪੜੇ ਉਹਨਾਂ ਦੇ ਪਹਿਲਾਂ ਈ ਅੱਧ-ਭਿੱਜੇ ਹੋਏ ਪਏ ਸਨ।
"ਲੈ ਬਈ ਹੁਣ ਤਾਂ ਮੋਟਰ ਆਲ਼ੇ ਕੋਠੇ 'ਚ ਜਾਣਾ ਪਊ।"
"ਨਹੀਂ... ਘਰੇ ਚੱਲਦੇ ਆਂ ਇੱਥੇ ਰਹਿ ਕੇ ਕਿਹੜਾ ਆਪਾਂ ਖੇਤਾਂ 'ਤੇ ਛਤਰੀ ਤਾਣ ਦਿਆਂਗੇ। ਐਵੇਂ ਦੇਖ-ਦੇਖ ਚਿੱਤ ਖ਼ਰਾਬ ਹੋਊ।" ਬਿਜਲੀ ਜ਼ੋਰ ਦੀ ਕੜਕੀ। ਮੀਂਹ ਤੇਜ਼ ਹੋ ਗਿਆ ਨਾਹਰ ਸਿਉਂ ਨੇ ਚੁੰਨ੍ਹੀਆਂ ਜਿਹੀਆਂ ਅੱਖਾਂ ਕਰ ਕੇ ਉੱਪਰ ਨੂੰ ਵੇਖਿਆ।
"ਤੂੰ ਵੀ ਲੈ ਲੈ ਬਦਲੇ... ਜਿਹੜੇ ਲੈਣੇ ਨੇ।" ਆਖਦਿਆਂ ਉਸ ਨੇ ਧੌਣ ਝੁਕਾ ਲਈ।
ਮੂਹਰੋਂ ਪੈਂਦੇ ਮੀਂਹ ਦੇ ਛੱਰਾਟੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਭਿਉਂ ਦਿੱਤਾ। ਦੋਵੇਂ ਚੁੱਪ ਸਨ ਹੁਣ ਉਹ ਆਪਣੇ ਆਪ ਨੂੰ ਤੇਜ਼ ਬਾਰਿਸ਼ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਕਦੇ ਭੱਜਦੇ ਫਿਰ ਤਿਲਕਣ ਦੇ ਡਰੋਂ ਹੌਲ਼ੀ ਹੋ ਜਾਂਦੇ।
"ਸਾਧੂ ਸਿਆਂ ਬੱਸ ਅੱਡੇ ਆਲ਼ੇ ਬਰਾਂਡੇ 'ਚ ਖੜ੍ਹ ਜਾਨੇ ਆਂ।"
"ਹੁਣ ਤਾਂ ਭਿੱਜ ਗੇ ਸਾਰੇ ਕੱਪੜੇ... ਹੁਣ ਰਸਤੇ ਵਿੱਚ ਖੜ੍ਹਨ ਦਾ ਕੋਈ ਫਾਇਦਾ ਨ੍ਹੀਂ...।" ਸਾਧੂ ਨੇ ਸਲਾਹ ਦਿੱਤੀ।
ਦੋਵੇਂ ਪੂਰੀ ਤਰ੍ਹਾਂ ਭਿੱਜ ਚੁੱਕੇ ਸਨ। ਆਪਣੇ-ਆਪਣੇ ਘਰ ਚਲੇ ਗਏ। ਮੂਹਰੇ ਸਾਧੂ ਸਿੰਘ ਦੇ ਘਰਵਾਲ਼ੀ ਬਰਾਂਡੇ ਵਿੱਚ ਹੱਥ ਜੋੜੀ ਖੜ੍ਹੀ ਸੀ। ਦੋਵੇਂ ਮੱਝਾਂ ਤੇ ਕੱਟੀਆਂ ਬਰਾਂਡੇ ਵਿੱਚ ਬੰਨ੍ਹੀਆਂ ਹੋਈਆਂ ਸਨ।
"ਤੂੰ ਐਥੇ ਖੜ੍ਹੀ ਕੀ ਕਰਦੀ ਐਂ?" ਸਾਧੂ ਨੇ ਪੁੱਛਿਆ।
"ਮੈਸ੍ਹਾਂ ਬਰਾਂਡੇ 'ਚ ਕਰੀਆਂ ਨੇ... ਮੈਨੂੰ ਲੱਗਦੈ ਐਤਕੀਂ ਫੇਰ ਮਾਰੂ ਆਪਾਂ ਨੂੰ।" ਉਸ ਦੇ ਅੰਦਰਲਾ ਡਰ ਬੋਲਿਆ।
" ਆਪਾਂ ਤਾਂ ਕੁਸ਼ ਨ੍ਹੀਂ ਕਰ ਸਕਦੇ... ਆਪਣਾ ਕੀ ਜ਼ੋਰ ਐ ਡਾਹਢੇ ਮੂਹਰੇ।"
" ਪਰ ਇਹ ਭੁੱਖੇ ਵੀ ਨ੍ਹੀਂ ਮਰਨ ਦਿੰਦਾ। ਮੇਰੀ ਬੇਬੇ ਆਖਦੀ ਹੁੰਦੀ ਐ...ਪਹਿਲਾਂ ਇਹ ਕਰਦੈ, ਫਿਰ ਖੋ ਦਿੰਦੈ, ਖੋ ਕੇ ਫਿਰ ਕਰ ਦਿੰਦੈ... ਜਣੀ ਕਿ ਪਹਿਲਾਂ ਫਸਲ ਵਧੀਆ ਹੋ ਜਾਂਦੀ ਐ, ਫਿਰ ਕੁਦਰਤ ਦੀ ਮਾਰ ਪੈ ਜਾਂਦੀ ਐ ਉਸ ਤੋਂ ਬਾਅਦ ਵੀ ਕੋਈ ਨਾ ਕੋਈ ਹੀਲਾ-ਵਸੀਲਾ ਹੋ ਜਾਂਦੈ।"
" ਆਹੋ... ਇਹੀ ਧਰਵਾਸ ਦੇਣਾ ਪਊ ਹੁਣ ਤਾਂ।" ਸਾਧੂ ਬੋਲਿਆ। ਬਿਜਲੀ ਜ਼ੋਰ ਦੀ ਚਮਕੀ। ਚਮਕ ਐਨੀ ਸੀ ਕਿ ਕੁੱਝ ਸਮੇਂ ਲਈ ਤਾਂ ਅੱਖਾਂ ਮੂਹਰੇ ਨ੍ਹੇਰਾ ਆ ਗਿਆ। ਚਮਕ ਤੋਂ ਬਾਅਦ ਜਿਹੜੀ ਗਰਜਣ ਦੀ ਆਵਾਜ਼ ਸੀ ਉਹ ਕਿਸਾਨ ਦੇ ਅੰਦਰ ਪੈਂਦੇ ਹੌਲ ਨੂੰ ਹੋਰ ਵੀ ਗਹਿਰਾ ਕਰ ਰਹੀ ਸੀ। ਚਿੰਤਾ ਦੇ ਨਾਲ਼ ਉਹਨਾਂ ਦੇ ਚਿਹਰਿਆਂ 'ਤੇ ਡਰ ਦੀ ਪਰਛਾਈ ਵੀ ਸਾਫ਼ ਦਿਸਣ ਲੱਗੀ।
"ਮੈਨੂੰ ਲੱਗਦੈ ਆਪਾਂ ਨੂੰ ਤਾਂ ਠੇਕੇ ਆਲ਼ੀ ਜ਼ਮੀਨ ਮਾਰੂ।" ਸਾਧੂ ਸਿੰਘ ਦੀ ਚਿੰਤਾ ਗਹਿਰੀ ਹੁੰਦੀ ਜਾ ਰਹੀ ਸੀ।
"ਤੂੰ ਕਿਹੜਾ ਸੁਣਦੈਂ ਕਿਸੇ ਦੀ... ਕਿੰਨੀ ਵਾਰ ਆਖਿਆ ਬਈ ਰਹਿਣ ਦੇ, ਨਾ ਪੰਗੇ ਲੈ। ਹੁਣ ਆਵਦੀਆਂ ਲੋੜਾਂ ਘਟਾ ਲਵਾਂਗੇ ਪਰ ਠੇਕਾ ਤਾਂ ਦੇਣਾ ਪਊ ਅਗਲਿਆਂ ਦਾ।" ਪਤਨੀ ਰੋਸ ਭਰੀ ਚਿੰਤਾ ਨਾਲ਼ ਬੋਲੀ।
"ਓਏ... ਆਪਣੇ ਦੋ ਢਾਈ ਕਿੱਲਿਆਂ ਨਾਲ਼ ਕੀ ਬਣਦੈ... ਨਾਲ਼ ਲੱਗਦੀ ਐ, ਐਸ ਕਰਕੇ ਲੈ ਲੈਨਾਂ... ਜਦੋਂ ਨੂੰ ਕੁੜੀ ਵਿਆਹੁਣ ਆਲ਼ੀ ਹੋਊ। ਉਦੋਂ ਤੱਕ ਚਾਰ ਪੈਸੇ ਕੋਲ਼ ਹੋ ਜਾਣਗੇ।"
ਦੋਵੇਂ ਚੁੱਪ ਕਰ ਗਏ। ਸਾਧੂ ਸਿੰਘ ਨੂੰ ਵੀ ਪਤਾ ਸੀ ਘੱਟ ਜ਼ਮੀਨ ਵਾਲ਼ੇ ਛੋਟੇ ਕਿਸਾਨਾਂ ਦਾ ਕਦੇ ਵੀ ਪੈਸਾ ਨਹੀਂ ਜੁੜਦਾ ਹੁੰਦਾ। ਉਸ ਦੀ ਪਤਨੀ ਨੂੰ ਵੀ ਪਤਾ ਸੀ। ਆਈ ਚਲਾਈ ਚੱਲੀ ਜਾਵੇ ਇਹ ਵੀ ਵੱਡੀ ਗੱਲ ਹੁੰਦੀ ਹੈ।
ਅੰਦਰ ਚਲੇ ਗਏ। ਦੋਵੇਂ ਜਵਾਕ ਸਕੂਲੋਂ ਮਿਲਿਆ ਕੰਮ ਕਰ ਰਹੇ ਸਨ। ਅਸਮਾਨੀ ਬਿਜਲੀ ਜ਼ੋਰ ਦੀ ਕੜਕੀ ਅਤੇ ਹੇਠਲੀ ਬਿਜਲੀ ਬੰਦ ਹੋ ਗਈ। ਕੁੜੀ ਨੇ ਆਪਣੀਆਂ ਅਤੇ ਨਿੱਕੇ ਭਰਾ ਦੀਆਂ ਕਿਤਾਬਾਂ ਕਾਪੀਆਂ ਸੰਭਾਲ ਕੇ ਰੱਖ ਦਿੱਤੀਆਂ। ਮੀਂਹ ਹੋਰ ਵੀ ਤੇਜ਼ ਹੋ ਗਿਆ। ਗੜੇ ਡਿੱਗਣ ਲੱਗੇ ਟੀਨ ਦੀ ਛੱਤ ਖੜਕਣ ਲੱਗੀ। ਜਿਉਂ ਜਿਉਂ ਗੜੇ ਵਰ੍ਹ ਰਹੇ ਸਨ ਉਹਨਾਂ ਦੀਆਂ ਸੱਧਰਾਂ ਦਮ ਤੋੜ ਰਹੀਆਂ ਸਨ। ਇਸ ਮੀਂਹ ਅਤੇ ਗੜੇਮਾਰੀ ਵਿੱਚ ਉਹਨਾਂ ਦੀਆਂ ਜ਼ਰੂਰੀ ਵਸਤਾਂ ਵੀ ਰੁੜ੍ਹ ਰਹੀਆਂ ਸਨ। ਉਸ ਦੀ ਪਤਨੀ ਨੇ ਕਦੇ ਸੂਟ ਨਾਲ਼ ਦੀ ਚੁੰਨੀ ਲੈ ਕੇ ਨਹੀਂ ਵੇਖੀ। ਇੱਕੋ ਚੁੰਨੀ ਸਾਰੇ ਸੂਟਾਂ ਨਾਲ਼ ਲਈ ਰੱਖਦੀ। ਹਰ ਸਾਲ ਉਹ ਦੋਵੇਂ ਪਤੀ ਪਤਨੀ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੀਆਂ ਬਹੁਤ ਸਾਰੀਆਂ ਲੋੜਾਂ 'ਤੇ ਕਾਟਾ ਮਾਰ ਦਿੰਦੇ ਸਨ।
ਸ਼ਾਮ ਹੋ ਚੁੱਕੀ ਸੀ। ਸਾਧੂ ਸਿੰਘ ਨੇ ਆਲ਼ੇ-ਦੁਆਲ਼ੇ ਨਿਗਾਹ ਮਾਰਦਿਆਂ ਆਖਿਆ,
"ਰੋਟੀ ਨੀ ਪਕਾਉਣੀ ਅੱਜ?"
"ਭੁੱਖ ਤਾਂ ਹੈ ਨ੍ਹੀਂ...।" ਉਹ ਬੋਲੀ।
"ਭੁੱਖ ਤਾਂ ਮੈਨੂੰ ਵੀ ਨ੍ਹੀਂ... ਜਵਾਕਾਂ ਵਾਸਤੇ ਤਾਂ ਬਣਾ ਦੇ।" ਉਸ ਆਖਿਆ।
ਉਹ ਝੱਲਾਨੀ (ਰਸੋਈ) ਵਿੱਚ ਗਈ। ਛੱਤ ਤਿੱਪ ਤਿੱਪ ਚੋਅ ਰਹੀ ਸੀ। ਥਾਂ-ਥਾਂ 'ਤੇ ਗੂੜ੍ਹੇ ਦਾਖੀ ਰੰਗ ਦੇ ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਘੁੱਤੀਆਂ ਬਣੀਆਂ ਪਈਆਂ ਸਨ। ਅਜਿਹੀ ਕੋਈ ਥਾਂ ਨਹੀਂ ਸੀ ਜਿੱਥੇ ਬਹਿ ਕੇ ਜਾਂ ਖੜ੍ਹ ਕੇ ਰੋਟੀ ਪਕਾਈ ਜਾ ਸਕੇ। ਉਸ ਨੇ ਖੂੰਜੇ ਵਿੱਚ ਢੱਕ ਕੇ ਰੱਖਿਆ ਰੋਟੀਆਂ ਵਾਲ਼ਾ ਡੱਬਾ ਖੋਲ੍ਹ ਕੇ ਦੇਖਿਆ। ਖਾਸੀਆਂ ਰੋਟੀਆਂ ਪਈਆਂ ਸਨ। ਦੁਪਹਿਰ ਵੇਲ਼ੇ ਅੱਜ ਕਿਸੇ ਨੇ ਚੱਜ ਨਾਲ਼ ਰੋਟੀ ਨਹੀਂ ਸੀ ਖਾਧੀ।
"ਮਾਂ ਮੇਰੀ ਸਹੇਲੀ ਆਖ ਰਹੀ ਸੀ ਜਦੋਂ ਇਸ ਤਰ੍ਹਾਂ ਦਾ ਮੌਸਮ ਹੋਵੇ ਤਾਂ ਉਸ ਦੀ ਮੰਮੀ ਉਹਨਾਂ ਨੂੰ ਪਕੌੜੇ ਬਣਾ ਕੇ ਖਵਾਉਂਦੀ ਐ।" ਮਾਂ ਦੇ ਪਿੱਛੇ ਤੌਲੀਏ ਨਾਲ ਸਿਰ ਢਕੀਂ ਖੜ੍ਹੀ ਕੁੜੀ ਆਖ ਰਹੀ ਸੀ। ਮਾਂ ਨੂੰ ਕੁੜੀ 'ਤੇ ਗੁੱਸਾ ਤਾਂ ਆਇਆ ਪਰ ਸਹਿਜ ਹੋ ਕੇ ਪੁੱਛਿਆ,
"ਉਹਨਾਂ ਦਾ ਕੰਮਕਾਜ ਕੀ ਐ?"
"ਮੈਨੂੰ ਲੱਗਦੈ ਉਹਨਾਂ ਦੀਆਂ ਦੁਕਾਨਾਂ ਨੇ ਸ਼ਹਿਰ ਵਿੱਚ।" ਕੁੜੀ ਨੇ ਦੱਸਿਆ।
"ਪੁੱਤ... ਖੇਤੀ ਕਰਨ ਵਾਲ਼ਿਆਂ ਦੀ ਤਾਂ ਰੋਟੀ ਛੁਟ ਜਾਂਦੀ ਐ ਪਕੌੜੇ ਕਿੱਥੋਂ ਬਣਾਉਣੇ ਤੇ ਖਾਣੇ ਨੇ... ਆਪਣੀ ਝੱਲਾਨੀ ਦੀ ਹਾਲਤ ਦੇਖ... ਆਪਣੇ ਖੇਤਾਂ ਦੀ ਹਾਲਤ ਦੇਖ।" ਮਾਂ ਦੀ ਗੱਲ ਸੁਣ ਕੇ ਕੁੜੀ ਚੁੱਪ ਕਰਕੇ ਅੰਦਰ ਚਲੀ ਗਈ। ਉਸ ਨੇ ਝੱਲਾਨੀ ਦੇ ਇੱਕ ਖੂੰਜੇ ਵਿੱਚ ਗੈਸ ਚੁੱਲ੍ਹੇ ਤੇ ਤਵਾ ਰੱਖ ਦਿੱਤਾ। ਰੋਟੀਆਂ ਸੇਕ ਕੇ ਘਿਉ ਨਾਲ਼ ਚੋਪੜ ਕੇ ਲੂਣ ਮਿਰਚ ਭੁੱੱਕ ਦਿੱਤਾ। ਕੁੜੀ ਨੂੰ ਆਵਾਜ਼ ਮਾਰ ਦਿੱਤੀ। ਸਾਰਾ ਸਮਾਨ ਅੰਦਰ ਲੈ ਗਏ।
"ਆ ਜਾ ਤੂੰ ਵੀ ਖਾ ਲੈ ਇੱਕ ਅੱਧੀ ਰੋਟੀ।" ਪਤਨੀ ਨੇ ਸਾਧੂ ਸਿੰਘ ਨੂੰ ਕਿਹਾ।
"ਤੈਨੂੰ ਆਖਿਆ ਤਾਂ ਹੈ ਸੀ ਮੈਨੂੰ ਭੁੱਖ ਨ੍ਹੀਂ।" ਉਸ ਨੇ ਜਵਾਬ ਦਿੱਤਾ।
"ਨਹੀਂ ਵੀ ਭੁੱਖ... ਤਾਂ ਵੀ ਖਾ ਲੈ ਥੋੜ੍ਹੀ ਜੀ... ਭੁੱਖੇ ਰਹਿ ਕੇ ਕਿਹੜਾ ਫਸਲ ਠੀਕ ਹੋ ਜੂ।" ਆਖਦਿਆਂ ਉਸ ਨੇ ਰੋਟੀਆਂ ਸਾਰਿਆਂ ਨੂੰ ਹੱਥਾਂ 'ਤੇ ਹੀ ਫੜਾ ਦਿੱਤੀਆਂ। ਉਹ ਗੋਲ਼-ਗੋਲ਼ ਕਰਕੇ ਖਾਣ ਲੱਗੇ। ਕੁੜੀ ਨੇ ਮਾਂ ਦੇ ਚਿਹਰੇ ਵੱਲ ਦੇਖਿਆ ਅਤੇ ਮਾਂ ਦੇ ਕੰਨ ਕੋਲ ਮੂੰਹ ਕਰਕੇ ਆਖਿਆ,
"ਮਾਂ, ਇਹ ਤਾਂ ਪਕੌੜਿਆਂ ਤੋਂ ਵੀ ਵੱਧ ਸੁਆਦ ਨੇ ।"
ਸੁਣ ਕੇ ਮਾਂ ਫਿੱਕਾ ਜਿਹਾ ਮੁਸਕਰਾਈ। ਬੱਚੇ ਸੁਆਦ ਨਾਲ਼ ਖਾ ਰਹੇ ਸਨ।
"ਲਿਆ... ਇੱਕ ਹੋਰ ਫੜਾ ਦੇ ਹੁਣ ਤਾਂ।" ਸਾਧੂ ਸਿੰਘ ਨੇ ਹੱਥ ਅੱਗੇ ਕਰਦਿਆਂ ਆਖਿਆ। ਪਤਨੀ ਨੇ ਰੋਟੀ ਫੜਾ ਦਿੱਤੀ। ਨਿਆਣਿਆਂ ਦੀ ਭੁੱਖ ਚਮਕੀ ਹੋਈ ਸੀ। ਜਦੋਂ ਸਾਰੇ ਰੋਟੀ ਖਾ ਚੁੱਕੇ ਸਨ ਤਾਂ ਉਸ ਨੇ ਰੋਟੀਆਂ ਵਾਲ਼ੇ ਡੱਬੇ ਵਿੱਚ ਹੱਥ ਮਾਰਿਆ ਤਾਂ ਪੌਣੀ ਕੁ ਰੋਟੀ ਬਚੀ ਸੀ। ... ਚਲ ਏਹੀ ਬਥੇਰੀ ਐ ਮੈਨੂੰ ਤਾਂ... ਉਸ ਮਨੋਮਨੀ ਆਖਿਆ। ਦੁੱਧ ਵੀ ਅੱਜ ਥੋੜ੍ਹਾ ਜਿਹਾ ਸੀ। ਮੱਝ ਨੇ ਕੜਕਦੀ ਬਿਜਲੀ ਤੋਂ ਡਰਦਿਆਂ ਲੱਤ ਮਾਰ ਦਿੱਤੀ ਸੀ।
"ਤੂੰ ਵੀ ਖਾ ਲੈ ਰੋਟੀ।" ਸਾਧੂ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ।
"ਭੁੱਖ ਤਾਂ ਹੈ ਨ੍ਹੀ... ਕੋਈ ਨਾ ਖਾ ਲੈਨੀ ਆਂ ਇੱਕ ਅੱਧੀ... ਆਹ ਭਾਂਡੇ ਮਾਂਜਦਿਆਂ ਪਹਿਲਾਂ... ।" ਮੀਂਹ ਹੋਰ ਵੀ ਤੇਜ਼ ਹੋ ਗਿਆ।
"ਨਿਆਣਿਓ ਤੁਸੀਂ ਆਖ ਕੇ ਦੇਖੋ ਰੱਬ ਨੂੰ... ਕੀ ਪਤੈ ਥੋਡੀ ਮੰਨ ਲਵੇ।" ਮਾਂ ਨੇ ਬੱਚਿਆਂ ਨੂੰ ਕਿਹਾ।
"ਹੇ ਸੱਚੇ ਪਾਤਸ਼ਾਹ ਜੀ, ਮੀਂਹ ਬੰਦ ਕਰ ਦਿਓ।" ਉਹਨਾਂ ਦੇ ਸੱਤਾਂ ਕੁ ਵਰ੍ਹਿਆਂ ਦੇ ਮੁੰਡੇ ਨੇ ਹੱਥ ਜੋੜ ਕੇ ਆਖਿਆ।
ਕੁੜੀ ਚੁੱਪ ਚਾਪ ਹੱਥ ਜੋੜੀ ਖੜ੍ਹੀ ਸੀ।
"ਜੇ ਮੀਂਹ ਬੰਦ ਨਾ ਹੋਇਆ ਮਾਂ, ਫਿਰ ਕੀ ਹੋ ਜੂ?" ਮੁੰਡੇ ਨੇ ਭੋਲ਼ੇ ਭਾਅ ਪੁੱਛਿਆ।
"ਚੁੱਪ ਕਰ ਓਏ!" ਸਾਧੂ ਮੱਥਾ ਫੜੀ ਮੰਜੇ 'ਤੇ ਬੈਠਾ ਸੀ। ਘਰਵਾਲ਼ੀ ਦੇ ਹੱਥਾਂ ਦੀ ਕੰਘੀ ਉਸ ਦੇ ਕਾਲਜੇ ਤੇ ਟਿਕੀ ਸੀ।
" ਮਾਂ, ਕਿਵੇਂ ਅਰਦਾਸ ਕਰੀਏ, ਜਿਹੜੀ ਰੱਬ ਨੂੰ ਸੁਣ ਜੇ।"
ਕੁੜੀ ਨੇ ਮਾਂ ਨੂੰ ਪੁੱਛਿਆ। ਕੁੜੀ ਦੀ ਗੱਲ ਸੁਣ ਕੇ ਮਾਂ ਚੱਕਵੇਂ ਪੈਰੀਂ ਝਲਾਨੀ (ਰਸੋਈ) ਵੱਲ ਗਈ। ਸਿਰ ਤੇ ਥੈਲੇ ਦੀ ਝੁੰਮੀ ਮਾਰੀ। ਤਵਾ ਲਿਆ ਕੇ ਵਿਹੜੇ ਵਿੱਚ ਮੂਧਾ ਮਾਰ ਦਿੱਤਾ। ਬਰਾਂਡੇ ਵਿੱਚੋਂ ਕੱਖਾਂ ਵਾਲ਼ਾ ਟੋਕਰਾ ਚੁੱਕਿਆ ਉਹ ਵੀ ਵਿਹੜੇ ਵਿਚਾਲ਼ੇ ਮੂਧਾ ਮਾਰ ਦਿੱਤਾ। ਜਦੋਂ ਉਹ ਨੌਵੀਂ ਦਸਵੀਂ ਵਿੱਚ ਪੜ੍ਹਦੀ ਸੀ ਜਿਹੜੀ ਗੱਲ ਆਪਣੀ ਮਾਂ ਅਤੇ ਦਾਦੀ ਨੂੰ ਕਰਦਿਆਂ ਵੇਖ ਕੇ ਸੌ ਸੌ ਦਲੀਲਾਂ ਦਿੰਦੀ ਹੁੰਦੀ ਸੀ। ਅੱਜ ਅਚੇਤਨ ਹੀ ਉਹੀ ਕੰਮ ਕਰ ਦਿੱਤਾ।
"ਕਿਉਂ ਵਹਿਮਾਂ 'ਚ ਪਈ ਐਂ?" ਸਾਧੂ ਸਿੰਘ ਥੋੜ੍ਹਾ ਖਿਝ ਕੇ ਬੋਲਿਆ।
"ਮੈਂ ਤਾਂ ਰੱਬ ਨੂੰ ਦੱਸਿਆ ਐ... ਜੇ ਮੀਂਹ ਨਾ ਹਟਿਆ ਤਾਂ ਕੀ ਹੋ ਸਕਦੈ?" ਉਹ ਬੋਲੀ।
"ਮਾਂ ਤਵਾ ਤੇ ਟੋਕਰਾ ਕਿਉਂ ਮੂਧਾ ਮਾਰਿਆ?" ਕੁੜੀ ਨੇ ਪੁੱਛਿਆ।
"ਪੁੱਤ ਆਪਾਂ ਸਾਰਿਆਂ ਨੇ ਰੱਬ ਅੱਗੇ ਹੱਥ ਜੋੜੇ ਨੇ, ਆਪਣਾ ਕੋਈ ਜ਼ੋਰ ਨ੍ਹੀਂ ਚੱਲਦਾ ਕੁਦਰਤ ਦੇ ਕੰਮਾਂ 'ਚ... ਮੈਂ ਆਵਦੇ ਹਿਸਾਬ ਨਾਲ਼ ਰੱਬ ਨੂੰ ਬੇਵਸੀ ਦੱਸੀ ਐ... ਜੇ ਮੀਂਹ ਨਾ ਹਟਿਆ ਸਾਡੇ ਤਵੇ ਮੂਧੇ ਹੋ ਜਾ ਜਾਣਗੇ। ਰੋਟੀ ਪਕਾਉਣ ਲਈ ਅਨਾਜ ਨੀ ਹੋਣਾ। ਡੰਗਰ ਭੁੱਖੇ ਮਰ ਜਾਣਗੇ, ਡੰਗਰਾਂ ਲਈ ਦਾਣਾ-ਚਾਰਾ ਨੀ ਹੋਣਾ।" ਸਾਧੂ ਸਿੰਘ ਪਤਨੀ ਦੇ ਮੂੰਹ ਵੱਲ ਹੈਰਾਨੀ ਨਾਲ ਵੇਖ ਰਿਹਾ ਸੀ।
"ਅੱਛਿਆ! ਇਹ ਦਾ ਇਹ ਮਤਲਬ ਹੁੰਦੈ?" ਸਾਧੂ ਸਿੰਘ ਨੇ ਹੈਰਾਨ ਹੁੰਦਿਆਂ ਕਿਹਾ।
"ਬੇਵਸੀ ਤੇ ਲਾਚਾਰੀ ਦਿਖਾਉਣ ਦਾ ਇਸ ਤੋਂ ਵਧੀਆ ਤਰੀਕਾ ਨ੍ਹੀਂ ਹੋ ਸਕਦਾ ਕੋਈ।" ਪਤਨੀ ਬੋਲੀ।
"ਜੇ ਕਿਤੇ ਠੇਕੇ ਆਲ਼ਿਆਂ ਦੇ ਮਨ ਮਿਹਰ ਪੈ ਜੇ... ਫਿਰ ਤਾਂ ਔਖੇ ਸੌਖੇ ਸਾਰ ਲਵਾਂਗੇ। ਨਹੀਂ ਫਿਰ ਐਦੂੰ ਤਾਂ ਬੰਦਾ ਮਰ ਈ ਜਾਵੇ।" ਸਾਧੂ ਸਿੰਘ ਦੀ ਬੇਚੈਨੀ ਬੋਲ ਰਹੀ ਸੀ।
"ਆਹੋ... ਆਹੀ ਕੰਮ ਰਹਿ ਗਿਆ। ਮਰੇ ਤਾਂ ਉਹ ਨ੍ਹੀਂ ਵਿਚਾਰੇ ਜਿਹਨਾਂ ਦੇ ਹੜ੍ਹਾਂ 'ਚ ਘਰ, ਡੰਗਰ ਵੱਛਾ ਸਭ ਰੁੜ੍ਹ ਗੇ ਸੀ। ਤੈਨੂੰ ਕੀ ਹੋਇਆ? ਸਭ ਕੁਸ਼ ਹੈਗਾ ਦਾਣਿਆਂ ਦਾ ਢੋਲ ਭਰਿਆ ਪਿਆ ਐ... ਕਿਧਰੇ ਨ੍ਹੀਂ ਭੁੱਖੇ ਮਰਦੇ।" ਹੜ੍ਹ ਪੀੜਤਾਂ ਦੀ ਗੱਲ ਕਰ ਕੇ ਪਤਨੀ ਆਪਣੇ ਆਪ ਨੂੰ ਅਤੇ ਆਪਣੇ ਪਤੀ ਨੂੰ ਧਰਵਾਸ ਦੇਣਾ ਚਾਹੁੰਦੀ ਸੀ। ਸਾਧੂ ਸਿੰਘ ਵੀ ਹੜ੍ਹ ਪੀੜਤਾਂ ਦੀ ਮੱਦਦ ਲਈ ਪਿੰਡ ਵਾਲ਼ਿਆਂ ਨਾਲ਼ ਗਿਆ ਸੀ। ਉੱਥੇ ਤਾਂ ਖੇਤ ਦਿਸਣੋਂ ਈ ਹਟ ਗਏ ਸਨ। ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਲੋਕ ਘਰੋਂ ਬੇਘਰ ਹੋ ਗਏ ਸਨ। ਇਹ ਸਾਰਾ ਕੁੱਝ ਸੋਚ ਕੇ ਉਸ ਨੂੰ ਆਪਣੀ ਤਕਲੀਫ਼ ਛੋਟੀ ਲੱਗੀ।
"ਹਾਂ... ਇਹ ਤਾਂ ਸ਼ੁਕਰ ਐ ਮਾਲਕ ਦਾ ਆਪਾਂ ਤਾਂ ਫੇਰ ਵੀ ਆਵਦੇ ਘਰਾਂ ਅੰਦਰ ਬੈਠੇ ਆਂ।" ਉਸ ਨੂੰ ਆਪਣਾ ਦਰਦ ਘੱਟ ਲੱਗਣ ਲੱਗ ਪਿਆ। ਉਹਨਾਂ ਦੇ ਗੱਲਾਂ ਕਰਦਿਆਂ-ਕਰਦਿਆਂ ਮੀਂਹ ਥੰਮ੍ਹ ਗਿਆ। ਕਿਣਮਿਣ ਹੋ ਰਹੀ ਸੀ।
"ਮਾਂ ਜੇ ਕਿਤੇ... ਵੱਡੀ...ਈ...ਈ...ਈ ਸਾਰੀ ਛੱਤਰੀ ਹੋਵੇ... ਸਾਰੇ ਖੇਤਾਂ ਦੀ ਫ਼ਸਲ ਬਚ ਜੂ।" ਮੁੰਡੇ ਦਾ ਭੋਲ਼ਾਪਣ ਦੇਖ ਕੇ ਉਹਨਾਂ ਦੇ ਉਦਾਸ ਚਿਹਰੇ ਵੀ ਮੁਸਕਰਾ ਪਏ।
"ਇਹ... ਜੇ... ਤਾਂ ਕਦੇ ਕਿਸੇ ਦੇ ਹੱਥ ਨ੍ਹੀਂ ਆਈ ਪੁੱਤਰਾ।" ਆਖਦਿਆਂ ਸਾਧੂ ਸਿੰਘ ਉੱਠ ਖੜ੍ਹਾ ਹੋਇਆ। ਆਪਣੇ ਬੱਚੇ ਦੀ ਗੱਲ੍ਹ ਨੂੰ ਪੋਲਾ ਜਿਹਾ ਥਾਪੜਿਆ ਅਤੇ ਮੱਝਾਂ ਦੀ ਖੁਰਲੀ ਵਿੱਚ ਪਏ ਪੱਠਿਆਂ ਤੇ ਦਾਣਾ ਭੁੱਕਣ ਲੱਗਿਆ।
ਪਤਨੀ ਭਾਂਡੇ ਮਾਂਜਦਿਆਂ ਬੋਲੀ ,
"ਆਪਾਂ ਕਿਹੜਾ 'ਕੱਲੇ ਕੁਦਰਤ ਦੀ ਮਾਰ ਝੱਲ ਰਹੇ ਆਂ। ਖੇਤਾਂ ਆਲ਼ੇ ਸਾਰੇ ਈ ਝੱਲ ਰਹੇ ਨੇ।"
" ਚੱਲ ਉਏ ਮਨਾ ਖੇਤ ਗੇੜਾ ਮਾਰ ਆਈਏ... ।" ਉਸ ਨੇ ਸੋਟੀ ਅਤੇ ਟਾਰਚ ਚੁੱਕ ਲਈ। ਜਵਾਕਾਂ ਨੇ ਮੋਮਬੱਤੀਆਂ ਜਗਾ ਕੇ ਚਾਨਣ ਕਰ ਲਿਆ ਸੀ। ਅਜੇ ਵੀ ਕੋਈ ਕੋਈ ਕਣੀ ਪੈ ਰਹੀ ਸੀ ਬਿਜਲੀ ਵੀ ਚਮਕ ਰਹੀ ਸੀ। ਸਾਧੂ ਸਿੰਘ ਨੇ ਨਾਹਰ ਸਿੰਘ ਨੂੰ ਵੀ ਆਵਾਜ਼ ਮਾਰ ਲਈ। ਬਿਜਲੀ ਦੀ ਚਮਕ ਉਹਨਾਂ ਨੂੰ ਰਾਹ ਦਿਖਾ ਰਹੀ ਸੀ।
"ਇਹਨਾਂ ਦੀਆਂ ਅੱਖਾਂ ਦੇ ਅੱਥਰੂ ਕਿੱਥੇ ਗਏ?" ਬਿਜਲੀ ਨੇ ਰੁੱਖ ਦੇ ਕੋਲ਼ ਨੂੰ ਹੋ ਕੇ ਪੁੱਛਿਆ।
"ਇਹਨਾਂ ਦੇ ਮਨਾਂ ਦੀ ਹਿੰਮਤ ਦੀ ਅੱਗ ਨੇ ਸੁਕਾ ਦਿੱਤੇ। ਇਹਨਾਂ ਨੂੰ ਸਮੱਸਿਆਵਾਂ ਦੀ ਅੱਖ ਵਿੱਚ ਅੱਖ ਪਾ ਕੇ ਖੜ੍ਹਨਾ ਆਉਂਦੈ।" ਰੁੱਖ ਦੀਆਂ ਟਹਿਣੀਆਂ ਵੀ ਕਿਸਾਨਾਂ ਨੂੰ ਦੇਖ ਕੇ ਮਿਲੇ ਧਰਵਾਸ ਨਾਲ਼ ਝੂੰਮਣ ਲੱਗੀਆਂ।