ਜਿਸ ਤਨ ਲਾਗੇ ਸੋਈ ਜਾਣੇ (ਲੇਖ) : ਅੰਮ੍ਰਿਤ ਕੌਰ
ਦੁਨੀਆਂ ਭਰ ਦਾ ਹਰ ਵਿਅਕਤੀ ਸਿੱਧੇ ਅਸਿੱਧੇ ਤੌਰ ਤੇ ਖੇਤੀ ਨਾਲ ਜੁੜਿਆ ਹੋਇਆ ਹੈ। ਕਿਸੇ ਵੀ ਰੂਪ ਵਿੱਚ ਵਰਤਿਆ ਜਾਵੇ ਅਨਾਜ ਬਿਨਾਂ ਕਿਸੇ ਨੂੰ ਨਹੀਂ ਸਰਦਾ। ਸਿੱਧੀ ਜਿਹੀ ਗੱਲ ਐ ਸਭ ਦੇ ਢਿੱਡ ਲੱਗੇ ਹੋਏ ਨੇ ਇਹਨਾਂ ਨੂੰ ਭਰਨ ਵਾਸਤੇ ਅਨਾਜ, ਫਲ਼, ਸਬਜ਼ੀਆਂ ਆਦਿ ਦੀ ਜ਼ਰੂਰਤ ਹੁੰਦੀ ਹੈ। ਉਹ ਸਾਨੂੰ ਖੇਤਾਂ ਵਿੱਚੋਂ ਮਿਲਦੇ ਹਨ। ਅਸੀਂ ਆਪਣੀ ਥਾਲ਼ੀ ਵਿੱਚ ਪਏ ਭੋਜਨ ਦੇ ਪਿੱਛੇ ਹੋਈ ਮਿਹਨਤ ਬਾਰੇ ਸੋਚੀਏ ਤਾਂ ਸਭ ਤੋਂ ਵੱਧ ਮਿਹਨਤ ਕਿਰਤੀ ਕਿਸਾਨ ਦੀ ਹੁੰਦੀ ਹੈ। ਕਿਸਾਨ ਖੇਤ ਵਾਹੁੰਦਾ ਸੰਵਾਰਦਾ ਹੈ। ਫਿਰ ... ਚਿੜੀਆਂ- ਜਨੌਰਾਂ ਦੇ ਭਾਗੀਂ, ਹਾਲ਼ੀ-ਪਾਲ਼ੀ ਦੇ ਭਾਗੀਂ, ਰਾਹੀ-ਪਾਂਧੀ ਦੇ ਭਾਗੀਂ ... ਆਖ ਕੇ ਬੀਜ ਬੀਜਦਾ ਹੈ। ਬੀਜਾਂ ਨੂੰ ਪੁੰਗਰਦੇ ਵੇਖਦਾ, ਸਮੇਂ ਤੇ ਪਾਣੀ, ਖਾਦ-ਖ਼ੁਰਾਕ ਦਿੰਦਾ ਹੈ, ਬੀਮਾਰੀਆਂ ਤੋਂ ਬਚਾਉਣ ਲਈ ਸੌ ਹੀਲੇ-ਵਸੀਲੇ ਕਰਦਾ ਹੈ। ਆਪਣੀ ਫ਼ਸਲ ਨੂੰ ਜਵਾਨ ਹੁੰਦੀ ਵੇਖਦਾ ਹੈ। ਕਈ ਮਹੀਨਿਆਂ ਦੀ ਮੁਸ਼ੱਕਤ ਤੋਂ ਬਾਅਦ ਫਿਰ ਕਿਤੇ ਜਾ ਕੇ ਉਸ ਦੀ ਮਿਹਨਤ ਨੂੰ ਬੂਰ ਪੈਂਦਾ ਹੈ। ਰੀਝਾਂ ਪੂਰੀਆਂ ਹੋਣ ਦੀ ਆਸ ਬੱਝਦੀ ਹੈ।
ਮਿਹਨਤ ਨੂੰ ਫਲ਼ ਪੈਂਦਾ ਵੇਖ ਕੇ ਖੁਸ਼ ਹੋਣਾ ਕੁਦਰਤੀ ਗੱਲ ਹੈ। ਭਰਪੂਰ ਫ਼ਸਲ ਨੂੰ ਵੇਖ ਕੇ ਕਿਸਾਨ ਦੀ ਖੁਸ਼ੀ ਦੀ ਝਲਕ ਉਸ ਦੇ ਬਹਿਣ-ਖਲੋਣ ਦੇ ਤਰੀਕੇ ਵਿੱਚੋਂ ਵੀ ਨਜ਼ਰ ਆਉਂਦੀ ਹੈ। ਉਹ ਆਪਣੇ ਹੱਥ ਫੜੀ ਸੋਟੀ ਨੂੰ ਇੱਕ ਪਾਸੇ ਵੱਟ ਤੇ ਗੱਡ ਦਿੰਦਾ ਹੈ। ਆਪਣੀਆਂ ਢਾਕਾਂ ਉੱਤੇ ਹੱਥ ਧਰ ਕੇ ਮਾਣ ਨਾਲ਼ ਆਪਣੇ ਖੇਤਾਂ ਨੂੰ ਨਿਹਾਰਦਾ ਹੈ। ਵੱਟ 'ਤੇ ਪੱਬਾਂ ਭਾਰ ਬੈਠ ਕੇ ਬੱਲੀਆਂ ਦਾ ਅਕਾਰ ਵੇਖਦਾ ਹੈ। ਆਪਣੇ ਹੱਥ ਨਾਲ਼ ਮਿਣ ਕੇ ਉਸ ਦੀ ਲੰਬਾਈ ਮਾਪਣ ਦੀ ਕੋਸ਼ਿਸ਼ ਕਰਦਾ ਹੈ। ਦਾਣਿਆਂ ਦੇ ਭਰਵੇਂ ਹੋਣ ਦਾ ਅੰਦਾਜ਼ਾ ਲਾਉਂਦਾ ਹੈ, ਆਲ਼ੇ-ਦੁਆਲ਼ਿਓਂ ਦੋ ਚਾਰ ਘਾਹ ਦੀਆਂ ਤਿੜ੍ਹਾਂ ਵੀ ਪੁੱਟ ਸੁੱਟਦਾ ਹੈ। ਉਸ ਨੂੰ ਵਿਸਾਖੀ ਦਾ ਮੇਲਾ ਚੇਤੇ ਆਉਂਦਾ ਹੈ। ਉਸ ਦੀ ਸੋਚ ਮੇਲਾ ਵੇਖਣ ਦੀਆਂ ਉਡਾਰੀਆਂ ਭਰਦੀ ਹੈ। ਉਸ ਦੀਆਂ ਖੁੱਲ੍ਹੀਆਂ ਅੱਖਾਂ ਸੁਪਨੇ ਵੇਖਦੀਆਂ ਹਨ, ਪਰਿਵਾਰਕ ਜੀਆਂ ਦੀਆਂ ਲੋੜਾਂ ਪੂਰੀਆਂ ਕਰਨ ਬਾਰੇ ਸੋਚ ਕੇ ਖੁਸ਼ ਹੁੰਦਾ ਹੈ।
ਇਸ ਦੇ ਉਲਟ ਜਦੋਂ ਕਿਸਾਨ ਦੀ ਪੱਕੀ ਪਕਾਈ ਫਸਲ ਉੱਤੇ ਕੁਦਰਤ ਆਪਣੀ ਕਰੋਪੀ ਵਿਖਾਉਂਦੀ ਹੈ ਤਾਂ ਕਿਸਾਨ ਦਾ ਕਾਲਜਾ ਫੜਿਆ ਜਾਂਦਾ ਹੈ। ਕਦੇ ਉਹ ਆਪਣੇ ਭਾਗਾਂ ਨੂੰ ਕੋਸਦਾ ਹੈ, ਕਦੇ ਰੱਬ ਉਸ ਨੂੰ ਆਪਣਾ ਵੈਰੀ ਜਾਪਦਾ ਹੈ। ਮੀਂਹ ਝੱਖੜ ਗੜਿਆਂ ਦੀ ਮਾਰ ਨਾਲ਼ ਬਰਬਾਦ ਹੋਈ ਫਸਲ ਨੂੰ ਵੇਖ ਕੇ ਉਸ ਦਾ ਖੇਤ ਦੀ ਵੱਟ ਉੱਤੇ ਵਹਿਣ-ਖਲੋਣ ਦਾ ਤਰੀਕਾ ਬਦਲ ਜਾਂਦਾ ਹੈ। ਕੁੱਤੇ-ਬਿੱਲੇ ਤੋਂ ਬਚਾਅ ਲਈ ਹੱਥ ਵਿੱਚ ਫੜੀ ਸੋਟੀ ਤੋਂ ਉਹ ਆਪਣੇ ਸਰੀਰ ਨੂੰ ਸਹਾਰਾ ਦੇਣ ਲੱਗ ਪੈਂਦਾ ਹੈ। ਖੇਤ ਦੀ ਵੱਟ 'ਤੇ ਬੈਠਣ ਵੇਲ਼ੇ ਵੀ ਉਸ ਦਾ ਇੱਕ ਹੱਥ ਸੋਟੀ ਨੂੰ ਦੂਜਾ ਹੱਥ ਗੋਡਿਆਂ ਅਤੇ ਢਿੱਡ ਦੇ ਵਿਚਾਲ਼ੇ ਕਾਲਜੇ ਪੈਂਦੇ ਹੌਲ ਨੂੰ ਦੱਬਣ ਲਈ ਰੱਖਿਆ ਹੁੰਦਾ ਹੈ।
ਪੱਕੀ ਪਕਾਈ ਫ਼ਸਲ ਤੇ ਜਦੋਂ ਗੜਿਆਂ ਦੀ ਮਾਰ ਪੈਂਦੀ ਹੈ। ਮੰਜੇ 'ਤੇ ਬੈਠੀ ਕਿਸਾਨ ਦੀ ਬਜ਼ੁਰਗ ਮਾਂ ਆਪਣੇ ਬੱਚਿਆਂ ਨੂੰ ਆਵਾਜ਼ ਮਾਰਦੀ ਹੈ, "ਵੇ ਕੋਈ ਤਵਾ ਮੂਧਾ ਮਾਰ ਦਿਓ, ਟੋਕਰਾ ਵੀ ਮੂਧਾ ਮਾਰ ਦਿਓ।" ਨਵੀਂ ਪੀੜ੍ਹੀ ਦੇ ਜਵਾਕ ਬੇਬੇ ਦੀ ਗੱਲ ਸੁਣ ਕੇ... ਵਹਿਮਾਂ ਵਿੱਚ ਫਸੀ ਬੇਬੇ...ਆਖ ਕੇ ਮਜ਼ਾਕ ਕਰਦੇ ਹਨ। ਉਹ ਆਪ ਸੋਟੀ ਸਹਾਰੇ ਉੱਠ ਕੇ ਜਾਣ ਦੀ ਕੋਸ਼ਿਸ਼ ਕਰਦੀ ਹੈ। ਬੇਬੇ ਦੇ ਸੱਟ ਲੱਗਣ ਦੇ ਡਰੋਂ ਜਵਾਕ ਆਪੇ ਤਵਾ ਅਤੇ ਟੋਕਰਾ ਮੂਧਾ ਮਾਰ ਆਉਂਦੇ ਹਨ। ਜਦੋਂ ਬੇਬੇ ਉਹਨਾਂ ਨੂੰ ਮਤਲਬ ਸਮਝਾਉਂਦੀ ਹੈ ਤਾਂ ਉਹ ਇੱਕ ਦੂਜੇ ਦੇ ਮੂੰਹ ਵੱਲ ਬਿਟਰ-ਬਿਟਰ ਵੇਖਦੇ ਹਨ। ਬੇਬੇ ਦੱਸਦੀ ਹੈ, " ਇਹ ਕੁਦਰਤ ਨੂੰ ਸੁਨੇਹਾ ਹੁੰਦਾ ਐ। ਤੁਸੀਂ ਆਵਦੇ ਹਿਸਾਬ ਨਾਲ਼ ਅਰਦਾਸਾਂ ਕਰਦੇ ਓ ਅਸੀਂ ਚੁੱਪ ਕਰਕੇ ਵੀ ਅਰਦਾਸ ਕਰ ਲੈਂਦੇ ਹਾਂ ਤਵਾ ਮੂਧਾ ਮਾਰਨ ਦਾ ਮਤਲਬ...ਕੁਦਰਤ ਅੱਗੇ ਤਰਲਾ ਹੁੰਦੈ ਕਿ ਜੇ ਇਹ ਮੀਂਹ ਗੜੇ ਬੰਦ ਨਾ ਹੋਏ ਤਾਂ ਸਾਡੇ ਤਵੇ ਮੂਧੇ ਹੋ ਜਾਣੇ ਨੇ। ਜਦੋਂ ਫਸਲਾਂ ਬਰਬਾਦ ਹੋ ਜਾਣਗੀਆਂ, ਘਰੇ ਅਨਾਜ ਨਹੀਂ ਆਵੇਗਾ ਫਿਰ ਰੋਟੀ ਪਕਾਉਣ ਲਈ ਤਵੇ ਵੀ ਸਿੱਧੇ ਕਿਵੇਂ ਹੋਣਗੇ... ਐਸੇ ਤਰ੍ਹਾਂ ਟੋਕਰਾ ਮੂਧਾ ਮਾਰਨ ਦਾ ਵੀ ਇਹੀ ਮਤਲਬ ਐ ਫਿਰ ਡੰਗਰਾਂ ਲਈ ਦਾਣਾ-ਚਾਰਾ ਵੀ ਨਹੀਂ ਹੋਣਾ। ਸੌ ਗੱਲਾਂ ਦੀ ਇੱਕ ਗੱਲ... ਅਸੀਂ ਅਤੇ ਸਾਡੇ ਡੰਗਰ-ਵੱਛੇ ਸਾਰੇ ਭੁੱਖੇ ਮਰ ਜਾਵਾਂਗੇ।" ਉਹ ਦੱਸਦੀ ਹੈ ਕਿ ਇਹ ਇਸ ਲਈ ਕੀਤਾ ਜਾਂਦਾ ਹੈ ਕਿ ਕੁਦਰਤ ਦੇ ਮਨ ਮਿਹਰ ਪਵੇ। ਮੀਂਹ ਝੱਖੜ ਬੰਦ ਹੋ ਜਾਵੇ। ਹੋ ਸਕਦਾ ਹੈ ਇਹ ਸਮਰਪਣ ਦੀ ਭਾਵਨਾ ਹੋਵੇ, ਹੱਥ ਖੜ੍ਹੇ ਕਰਨਾ,ਬੇਵਸੀ, ਲਾਚਾਰੀ ਅਤੇ ਰੋਸ ਵਿਖਾ ਕੇ ਰਹਿਮ ਦੀ ਅਪੀਲ ਕਰਨ ਦਾ ਇੱਕ ਤਰੀਕਾ ਵੀ ਹੋ ਸਕਦਾ ਹੈ।
ਕਿਸਾਨ ਆਪਣੀ ਕਮਾਈ ਫ਼ਸਲ ਨੂੰ ਕਿਤੇ ਲੁਕੋ ਕੇ ਨਹੀਂ ਰੱਖ ਸਕਦਾ। ਉਹ ਆਪਣੀਆਂ ਅੱਖਾਂ ਨਾਲ ਲਹਿਲਹਾਉਂਦੀ ਫ਼ਸਲ ਨੂੰ ਬਰਬਾਦ ਹੁੰਦੀ ਵੇਖਦਾ ਹੈ। ਇਸ ਤਰ੍ਹਾਂ ਦਾ ਨੁਕਸਾਨ ਦੇਖਣਾ ਬੜੇ ਵੱਡੇ ਜਿਗਰੇ ਦਾ ਕੰਮ ਹੈ। ਚਿਹਰੇ ਤੇ ਪੈਂਦੀਆਂ ਮੀਂਹ ਦੀਆਂ ਠੰਢੀਆਂ ਕਣੀਆਂ ਵਿੱਚੋਂ ਆਪਣੀਆਂ ਗੱਲ੍ਹਾਂ ਉੱਪਰ ਦੀ ਦਾੜ੍ਹੀ ਵਿੱਚ ਸਮਾਉਂਦੀ ਕੋਸੇ ਪਾਣੀ ਦੀ ਘਰਾਲ਼ ਨੂੰ ਸਿਰਫ਼ ਉਹੀ ਜਾਣਦਾ ਹੈ... ਜਿਸ ਤਨ ਲਾਗੇ ਸੋਈ ਜਾਣੇ... ਉਸ ਦੇ ਸੁਪਨੇ ਰੀਝਾਂ ਸਭ ਖ਼ਤਮ ਹੋ ਜਾਂਦੀਆਂ ਹਨ। ਕਰਜ਼ਾ ਵਧਣ ਦਾ ਫ਼ਿਕਰ ਸਤਾਉਣ ਲੱਗ ਪੈਂਦਾ ਹੈ। ਪਰਿਵਾਰ ਦੀਆਂ ਲੋੜਾਂ ਮੂੰਹ ਅੱਡੀ ਖੜ੍ਹੀਆਂ ਨਜ਼ਰ ਆਉਂਦੀਆਂ ਹਨ। ਠੇਕੇ 'ਤੇ ਜ਼ਮੀਨ ਲੈਣ ਵਾਲ਼ੇ ਕਿਸਾਨਾਂ ਦੀ ਚਿੰਤਾ ਵੱਧ ਹੁੰਦੀ ਹੈ। ਉਹਨਾਂ ਨੇ ਠੇਕਾ ਵੀ ਦੇਣਾ ਹੁੰਦਾ ਹੈ ਅਤੇ ਪਰਿਵਾਰ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਹੁੰਦੀਆਂ ਹਨ।
ਫ਼ਸਲਾਂ ਦੀ ਤਬਾਹੀ ਦੀ ਭਰਪਾਈ ਕੋਈ ਨਹੀਂ ਕਰ ਸਕਦਾ। ਕਿਸਾਨ ਆਪਣੀਆਂ ਵੋਟਾਂ ਨਾਲ਼ ਆਪਣੇ ਹੱਥੀਂ ਬਣਾਏ ਰਾਜਿਆਂ ਦੇ ਮੂੰਹਾਂ ਵੱਲ ਵੇਖਦੇ ਹਨ। ਸਰਕਾਰਾਂ ਅੱਖਾਂ ਪੂੰਝਣ ਦੀ ਕੋਸ਼ਿਸ਼ ਕਰਦੀਆਂ ਹਨ, ਜੋ ਕਰਦੀਆਂ ਹਨ ਉਹ ਕਾਫ਼ੀ ਨਹੀਂ ਹੁੰਦਾ। ਕਿਸਾਨ ਦੇ ਸਬਰ ਦੀ ਪਰਖ਼ ਹਰ ਮੌਸਮ ਵਿੱਚ ਹੁੰਦੀ ਹੈ। ਇਹਨਾਂ ਬੇਵਸੀਆਂ ਲਾਚਾਰੀਆਂ ਵਿੱਚੋਂ ਸੰਘਰਸ਼ ਉਪਜਦਾ ਹੈ। ਕਿਰਤੀ ਤੇ ਕਿਸਾਨ ਸੜਕਾਂ 'ਤੇ ਉੱਤਰ ਆਉਂਦੇ ਹਨ। ਪਰ ਨੇਤਾਵਾਂ ਦੀ ਬਹੁਤੀ ਤਾਕਤ ਇੱਕ ਦੂਜੀ ਪਾਰਟੀ ਵਾਲ਼ਿਆਂ ਦੀ ਨਿੰਦਿਆ ਕਰਨ 'ਤੇ, ਪਾਰਟੀਆਂ ਬਦਲਣ 'ਤੇ, ਵਿਰੋਧੀਆਂ ਦੇ ਔਗੁਣ ਫਰੋਲਣ ਉੱਤੇ ਲੱਗੀ ਹੁੰਦੀ ਹੈ। ਆਪੋ ਧਾਪੀ ਵਿੱਚ ਉਲਝਿਆਂ ਨੂੰ ਕਿਰਤੀ ਤੇ ਕਿਸਾਨ ਉਦੋਂ ਹੀ ਦਿਸਦੇ ਹਨ ਜਦੋਂ ਚੋਣਾਂ ਨੇੜੇ ਆ ਜਾਂਦੀਆਂ ਹਨ। ਉਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫ਼ਰਕ ਹੁੰਦਾ ਹੈ। ਖਾਣ ਵੇਲ਼ੇ ਦੰਦ ਹੋਰ ਅਤੇ ਵਿਖਾਉਣ ਵਾਲ਼ੇ ਹੋਰ ਹੁੰਦੇ ਹਨ। ਜੇ ਕਿਤੇ ਸਰਕਾਰਾਂ ਔਖੇ ਵੇਲ਼ੇ ਕਿਸਾਨਾਂ ਦੀ ਬਾਂਹ ਫੜਨ ਤਾਂ ਕਿਸਾਨੀ ਖ਼ੁਦਕੁਸ਼ੀਆਂ ਘਟ ਸਕਦੀਆਂ ਹਨ। ਉਹਨਾਂ ਦੀਆਂ ਥੋੜ੍ਹੀਆਂ ਬਹੁਤੀਆਂ ਸਮੱਸਿਆਂਵਾਂ ਹੱਲ ਹੋ ਸਕਦੀਆਂ ਹਨ।
ਅਸਲ ਗੱਲ ਤਾਂ ਇਹ ਹੈ... ਉਹ ਡਿੱਗਦਾ ਹੈ ਫੇਰ ਆਪਣੇ ਆਪ ਨੂੰ ਆਪੇ ਸੰਭਾਲਦਾ ਹੋਇਆ ਖੜ੍ਹਾ ਹੁੰਦਾ ਹੈ। ਵਾਰ-ਵਾਰ ਡਿੱਗ ਕੇ ਉੱਠਣਾ ਹੀ ਉਸ ਦੀ ਖਾਸੀਅਤ ਹੈ। ਉਸ ਦੀ ਪੀੜ ਨੂੰ ਕੋਈ ਨਹੀਂ ਜਾਣਦਾ। ਬਰਬਾਦ ਹੋਈਆਂ ਫ਼ਸਲਾਂ ਦੀ ਤਕਲੀਫ਼ ਸੀਨੇ ਅੰਦਰ ਲੁਕੋ ਕੇ ਬਚੇ ਦਾਣਿਆਂ ਨੂੰ ਸਮੇਟਦਾ ਹੈ। ਬਾਬੇ ਦੇ ਕਹੇ... 'ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ'... ਉੱਤੇ ਅਮਲ ਕਰਦਾ ਫਿਰ ਖੇਤ ਵਾਹੁੰਦਾ, ਬੀਜਦਾ ਹੈ। ਫਿਰ ਆਪਣੀ ਫ਼ਸਲ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਬਸ ਇਸੇ ਤਰ੍ਹਾਂ ਉਸ ਦਾ ਜੀਵਨ ਚੱਲਦਾ ਹੈ। ਆਪਣੇ ਆਪ ਨੂੰ ਸੰਭਾਲਦਾ ਦੁਨੀਆਂ ਦੇ ਖਾਣ ਦਾ ਪ੍ਰਬੰਧ ਕਰਨ ਲਈ ਦਿਨ ਰਾਤ ਮਿਹਨਤ ਕਰਦਾ ਹੈ। ਕਿਰਤੀ ਕਿਸਾਨ ਦੀ ਇਸ ਮਿਹਨਤ ਨੂੰ ਸਲਾਮ ਹੈ।