Imandari Da Inaam (Punjabi Story) : Kulbir Singh Suri
ਇਮਾਨਦਾਰੀ ਦਾ ਇਨਾਮ (ਕਹਾਣੀ) : ਕੁਲਬੀਰ ਸਿੰਘ ਸੂਰੀ
''ਸਾਬ੍ਹ! ਇਹ ਸਾਮਾਨ ਚੁੱਕ ਕੇ ਮੈਂ ਤੁਹਾਡੀ ਕਾਰ ਤਕ ਛੱਡ ਆਵਾਂ?'' ਮੰਡੀ ਵਿੱਚ ਖਲੋਤੇ ਇੱਕ ਦਸ-ਬਾਰ੍ਹਾਂ ਸਾਲਾਂ ਦੇ ਗਰੀਬੜੇ ਜਿਹੇ ਲੜਕੇ ਨੇ ਇੱਕ ਵੱਡੀ ਉਮਰ ਦੇ ਭਾਰੀ-ਭਰਕਮ ਸਰੀਰ ਵਾਲੇ ਸੇਠਨੁਮਾ ਆਦਮੀ ਨੂੰ ਪੁੱਛਿਆ ਜੋ ਮੰਡੀ ਵਿੱਚੋਂ ਸਬਜ਼ੀਆਂ, ਫਲ ਅਤੇ ਹੋਰ ਨਿੱਕ-ਸੁੱਕ ਖ਼ਰੀਦ ਰਿਹਾ ਸੀ।
''ਇਹ ਸਾਰਾ ਕੁਝ ਉਹ ਅੱਗੇ ਵਾਲੀ ਪਾਰਕਿੰਗ ਵਿੱਚ ਖੜ੍ਹੀ ਕਾਰ ਤਕ ਲੈ ਕੇ ਜਾਣਾ ਹੈ। ਬੋਲ ਕਿੰਨੇ ਪੈਸੇ ਲਏਂਗਾ?''
''ਜੋ ਤੁਸੀਂ ਖ਼ੁਸ਼ੀ ਨਾਲ ਦੇ ਦਿਓਗੇ, ਮੈਂ ਲੈ ਲਵਾਂਗਾ।''
ਉਸ ਆਦਮੀ ਨੇ ਲੜਕੇ ਨੂੰ ਸਾਮਾਨ ਚੁੱਕਣ ਦਾ ਇਸ਼ਾਰਾ ਕੀਤਾ ਤਾਂ ਲੜਕੇ ਨੇ ਵੱਡੀ ਸਾਰੀ ਟੋਕਰੀ ਸਿਰ ਉੱਪਰ ਚੁੱਕ ਲਈ ਅਤੇ ਇੱਕ ਵੱਡਾ ਥੈਲਾ ਜਿਸ ਵਿੱਚ ਸਮਾਨ ਨਾਲ ਭਰੇ ਕਈ ਛੋਟੇ-ਛੋਟੇ ਲਿਫਾਫੇ ਸਨ ਹੱਥ ਵਿੱਚ ਫੜ ਲਿਆ ਅਤੇ ਉਸ ਆਦਮੀ ਦੇ ਪਿੱਛੇ ਕਾਰ ਪਾਰਕਿੰਗ ਵੱਲ ਤੁਰ ਪਿਆ।
ਹਰੀਸ਼, ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਛੇਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਅਜੇ ਛੋਟਾ ਹੀ ਸੀ ਜਦੋਂ ਉਸ ਦੇ ਪਿਤਾ ਇਸ ਦੁਨੀਆਂ ਤੋਂ ਤੁਰ ਗਏ। ਹਰੀਸ਼ ਤੋਂ ਛੋਟੀ ਉਸ ਦੀ ਇੱਕ ਭੈਣ ਸੀ। ਉਸ ਦੀ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾ ਰਹੀ ਹਸੀ ਪਰ ਫਿਰ ਹਰੀਸ਼ ਨੇ ਮਾਂ ਦਾ ਬੋਝ ਘੱਟ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਦਿਨੇ ਸਕੂਲ ਜਾਂਦਾ ਅਤੇ ਸ਼ਾਮੀਂ ਮਜ਼ਦੂਰੀ ਕਰਕੇ ਆਪਣੀ ਮਾਂ ਦਾ ਹੱਥ ਵਟਾਉਂਦਾ। ਰਾਤੀਂ ਉਹ ਆਪਣੇ ਸਕੂਲ ਤੋਂ ਮਿਲਿਆ ਕੰਮ ਕਰਦਾ। ਐਤਵਾਰ ਜਾਂ ਕਿਸੇ ਹੋਰ ਛੁੱਟੀ ਵਾਲੇ ਦਿਨ ਉਹ ਸਵੇਰੇ ਹੀ ਮੰਡੀ ਚਲਾ ਜਾਂਦਾ ਅਤੇ ਉੱਥੇ ਸਬਜ਼ੀ-ਭਾਜੀ ਖ਼ਰੀਦਣ ਆਏ ਲੋਕਾਂ ਦਾ ਸਾਮਾਨ ਚੁੱਕ ਕੇ ਵੀ ਕੁਝ ਪੈਸੇ ਕਮਾ ਲੈਂਦਾ।
ਜਦੋਂ ਹਰੀਸ਼ ਨੇ ਸੇਠ ਦੀ ਗੱਡੀ ਵਿੱਚ ਚੰਗੀ ਤਰ੍ਹਾਂ ਸਾਮਾਨ ਟਿਕਾ ਦਿੱਤਾ ਤਾਂ ਉਸ ਨੇ ਦਸ ਰੁਪਏ ਦਾ ਨੋਟ ਦਿੰਦਿਆਂ ਹਰੀਸ਼ ਕੋਲੋਂ ਪੰਜ ਰੁਪਏ ਬਾਕੀ ਮੰਗੇ। ਹਰੀਸ਼ ਕੋਲ ਭੱਜੇ (ਛੁੱਟੇ) ਪੈਸੇ ਨਹੀਂ ਸਨ ਜਿਸ ਕਰਕੇ ਉਸ ਨੇ ਕਿਹਾ, ''ਮੈਂ ਹੁਣੇ ਨੋਟ ਤੁੜਵਾ ਕੇ ਤੁਹਾਨੂੰ ਪੰਜ ਰੁਪਏ ਵਾਪਸ ਦਿੰਦਾ ਹਾਂ।''
ਹਰੀਸ਼ ਨੇ ਨੇੜੇ ਦੀਆਂ ਕੁਝ ਦੁਕਾਨਾਂ 'ਤੇ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣੀ ਤਾਂ ਉਹ ਥੋੜ੍ਹਾ ਅੱਗੇ ਚਲਾ ਗਿਆ। ਉਸ ਆਦਮੀ ਨੇ ਸੋਚਿਆ ਕਿ ਹਰੀਸ਼ ਦਸ ਰੁਪਏ ਦਾ ਨੋਟ ਲੈ ਕੇ ਦੌੜ ਗਿਆ ਹੈ। ਇਸ ਕਰਕੇ ਉਹ ਥੋੜ੍ਹਾ ਉਡੀਕਣ ਤੋਂ ਬਾਅਦ ਚਲਾ ਗਿਆ।
ਹਰੀਸ਼ ਜਦੋਂ ਵਾਪਸ ਆਇਆ ਤਾਂ ਉਹ ਆਦਮੀ ਜਾ ਚੁੱਕਿਆ ਸੀ। ਹਰੀਸ਼ ਨੇ ਉਸ ਆਦਮੀ ਦੇ ਪੰਜ ਰੁਪਏ ਵੱਖਰੇ ਰੱਖ ਲਏ ਅਤੇ ਸੋਚਿਆ ਕਿ ਜਦੋਂ ਵੀ ਉਹ ਆਦਮੀ ਮੁੜ ਕੇ ਮੈਨੂੰ ਮਿਲੇਗਾ ਤਾਂ ਉਸ ਦੇ ਪੰਜ ਰੁਪਏ ਮੋੜ ਦਿਆਂਗਾ। ਘਰ ਜਾ ਕੇ ਜਦੋਂ ਉਸ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਤਾਂ ਮਾਂ ਨੇ ਵੀ ਇਹੋ ਸਲਾਹ ਦਿੱਤੀ।
ਉਸ ਤੋਂ ਬਾਅਦ ਹਰੀਸ਼ ਜਦੋਂ ਵੀ ਮੰਡੀ ਜਾਂ ਬਾਜ਼ਾਰ ਵਿੱਚ ਕੰਮ ਕਰਨ ਜਾਂਦਾ ਤਾਂ ਉਸ ਦੀਆਂ ਨਜ਼ਰਾਂ ਹਮੇਸ਼ਾਂ ਉਸ ਆਦਮੀ ਨੂੰ ਲੱਭਦੀਆਂ ਰਹਿੰਦੀਆਂ। ਉਸ ਨੇ ਪੰਜ ਰੁਪਏ ਦਾ ਨੋਟ ਵੀ ਸੰਭਾਲ ਕੇ ਰੱਖਿਆ ਹੋਇਆ ਸੀ। ਦੋ-ਢਾਈ ਮਹੀਨੇ ਲੰਘ ਗਏ। ਇੱਕ ਦਿਨ ਐਤਵਾਰ ਵਾਲੇ ਦਿਨ ਹਰੀਸ਼ ਥੋੜ੍ਹਾ ਸਵੱਖਤੇ ਹੀ ਮੰਡੀ ਵੱਲ ਤੁਰ ਪਿਆ। ਕੁਦਰਤੀ ਜਾਂਦਿਆਂ ਹੀ ਉਸ ਨੂੰ ਇੱਕ ਗਾਹਕ ਮਿਲ ਪਿਆ ਜਿਸ ਦਾ ਸਾਮਾਨ ਚੁੱਕ ਕੇ ਉਹ ਕਾਰ ਪਾਰਕਿੰਗ ਵੱਲ ਤੁਰ ਪਿਆ। ਉਸ ਨੇ ਅਜੇ ਗਾਹਕ ਦਾ ਸਾਮਾਨ ਕਾਰ ਵਿੱਚ ਰੱਖਿਆ ਹੀ ਕਿ ਉਸ ਦੇ ਨੇੜੇ ਹੀ ਇੱਕ ਕਾਰ ਆ ਕੇ ਰੁਕੀ। ਉਸ ਨੂੰ ਕਾਰ ਕੁਝ ਪਛਾਣੀ ਜਿਹੀ ਲੱਗੀ। ਉਹ ਕਾਰ ਵੱਲ ਵੇਖ ਰਿਹਾ ਸੀ ਕਿ ਉਸ ਵਿੱਚੋਂ ਉਹੋ ਆਦਮੀ ਨਿਕਲਿਆ। ਹਰੀਸ਼ ਨੇ ਜਦੋਂ ਉਸ ਆਦਮੀ ਨੂੰ ਵੇਖਿਆ ਤਾਂ ਉਹ ਬਹੁਤ ਖ਼ੁਸ਼ ਹੋਇਆ।
ਹਰੀਸ਼ ਉਸ ਆਦਮੀ ਕੋਲ ਗਿਆ ਅਤੇ ਨਮਸਤੇ ਬੁਲਾ ਕੇ ਆਪਣੀ ਕਮੀਜ਼ ਦੀ ਅੰਦਰਲੀ ਜੇਬ ਵਿੱਚੋਂ ਤਹਿ ਕੀਤਾ ਹੋਇਆ ਪੰਜ ਰੁਪਏ ਦਾ ਨੋਟ ਕੱਢਿਆ ਤੇ ਉਸ ਆਦਮੀ ਨੂੰ ਦਿੰਦਿਆਂ ਕਿਹਾ, ''ਸ਼ੁਕਰ ਹੈ ਪਰਮਾਤਮਾ ਦਾ ਕਿ ਤੁਸੀਂ ਮੈਨੂੰ ਮਿਲ ਗਏ ਹੋ। ਅੱਜ ਮੇਰੇ ਮਨ ਦਾ ਬੋਝ ਹਲਕਾ ਹੋ ਜਵੇਗਾ। ਮੈਂ ਤੁਹਾਡੇ ਇਹ ਪੰਜ ਰੁਪਏ ਦੇਣੇ ਸੀ।''
ਆਦਮੀ ਨੂੰ ਇਹ ਗੱਲ ਭੁੱਲ ਚੁੱਕੀ ਸੀ। ਉਸ ਨੇ ਹੈਰਾਨ ਹੁੰਦਿਆਂ ਕਿਹਾ, ''ਬੇਟਾ, ਕਿਹੜੇ ਪੰਜ ਰੁਪਏ?''
''ਇਹ ਤੁਹਾਡੇ ਹਨ ਜੀ। ਪਿਛਲੇ ਢਾਈਆਂ ਮਹੀਨਿਆਂ ਤੋਂ ਮੈਂ ਇਸ ਨੋਟ ਨੂੰ ਸੰਭਾਲ ਰਿਹਾ ਹਾਂ। ਉਸ ਦਿਨ ਮੈਂ ਦਸ ਰੁਪਏ ਦਾ ਨੋਟ ਭੰਨਾਉਣ ਗਿਆ ਤਾਂ ਤੁਸੀਂ ਚਲੇ ਹੀ ਗਏ।''
ਹਰੀਸ਼ ਦੀ ਗੱਲ ਸੁਣ ਕੇ ਉਹ ਆਦਮੀ ਹੈਰਾਨ ਰਹਿ ਗਿਆ ਅਤੇ ਉਸ ਦੀ ਇਮਾਨਦਾਰੀ ਤੋਂ ਖ਼ੁਸ਼ ਹੋ ਕੇ ਸੌ ਰੁਪਏ ਦਾ ਨੋਟ ਕੱਢ ਕੇ ਉਸ ਨੂੰ ਦਿੰਦਿਆਂ ਕਿਹਾ, ''ਇਹ ਤੇਰੀ ਇਮਾਨਦਾਰੀ ਦਾ ਇਨਾਮ ਹੈ।'' ਪਹਿਲਾਂ ਤਾਂ ਹਰੀਸ਼ ਕੁਝ ਝਿਜਕਿਆ ਪਰ ਫਿਰ ਉਸ ਆਦਮੀ ਦੇ ਕਹਿਣ 'ਤੇ ਕਿ ਆਪਣੀ ਪੜ੍ਹਾਈ ਲਈ ਖ਼ਰਚ ਕਰੀਂ ਤਾਂ ਉਸ ਨੇ ਨੋਟ ਫੜ ਲਿਆ। ਹਰੀਸ਼ ਨੇ ਜਦੋਂ ਘਰ ਜਾ ਕੇ ਆਪਣੀ ਮਾਂ ਨੂੰ ਇਹ ਗੱਲ ਦੱਸੀ ਤਾਂ ਉਹ ਬਹੁਤ ਖ਼ੁਸ਼ ਹੋਈ।