Gubare Utte Cheeta (Story in Punjabi) : Munshi Premchand

ਗੁਬਾਰੇ ਉੱਤੇ ਚੀਤਾ (ਕਹਾਣੀ) : ਮੁਨਸ਼ੀ ਪ੍ਰੇਮਚੰਦ

‘‘ਮੈਂ ਤਾਂ ਜਾਊਂਗਾ, ਜ਼ਰੂਰ ਜਾਊਂਗਾ, ਭਾਵੇਂ ਕੋਈ ਛੁੱਟੀ ਦੇਵੇ ਜਾਂ ਨਾ ਦੇਵੇ।’’
ਸਕੂਲ ਦੇ ਸਾਹਮਣੇ ਇੱਕ ਵੱਡਾ ਮੈਦਾਨ ਹੈ, ਕਈ ਮੁੰਡੇ ਖੜ੍ਹੇ ਹਨ ਅਤੇ ਬਲਦੇਵ ਆਪਣੀ ਜੇਬ ਵਿੱਚ ਹੱਥ ਪਾਈ ਸਾਰੇ ਮੁੰਡਿਆਂ ਨੂੰ ਸਰਕਸ ਦੇਖਣ ਲਈ ਜਾਣ ਵਾਸਤੇ ਸਲਾਹ ਦੇ ਰਿਹਾ ਹੈ।
ਗੱਲ ਇਹ ਸੀ ਕਿ ਸਕੂਲ ਦੇ ਕੋਲ ਇੱਕ ਮੈਦਾਨ ਵਿੱਚ ਸਰਕਸ ਪਾਰਟੀ ਆਈ ਸੀ। ਸਾਰੇ ਸ਼ਹਿਰ ਦੀਆਂ ਕੰਧਾਂ ਉੱਤੇ ਉਸ ਦੇ ਇਸ਼ਤਿਹਾਰ ਚਿਪਕਾ ਦਿੱਤੇ ਗਏ ਸਨ। ਇਸ਼ਤਿਹਾਰ ਵਿੱਚ ਤਰ੍ਹਾਂ-ਤਰ੍ਹਾਂ ਦੇ ਜੰਗਲੀ ਜਾਨਵਰ ਅਜੀਬ-ਅਜੀਬ ਕੰਮ ਕਰਦੇ ਹੋਏ ਦਿਖਾਏ ਗਏ ਸਨ। ਮੁੰਡਿਆਂ ਦਾ ਮਨ ਸਰਕਸ ਦੇਖਣ ਨੂੰ ਲਲਚਾ ਰਿਹਾ ਸੀ। ਪਹਿਲਾ ਸ਼ੋਅ ਰਾਤ ਨੂੰ ਸ਼ੁਰੂ ਹੋਣ ਵਾਲਾ ਸੀ ਪਰ ਹੈੱਡਮਾਸਟਰ ਸਾਹਿਬ ਨੇ ਮੁੰਡਿਆਂ ਨੂੰ ਉੱਥੇ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ਼ਤਿਹਾਰ ਬੜਾ ਆਕਰਸ਼ਕ ਸੀ-
‘‘ਆ ਗਿਆ ਹੈ! ਆ ਗਿਆ ਹੈ!! ਜਿਸ ਸਰਕਸ ਦੀ ਤੁਸੀਂ ਭੁੱਖ-ਪਿਆਸ ਭੁੱਲ ਕੇ ਉਡੀਕ ਕਰ ਰਹੇ ਹੋ, ਓਹੀ ਬੰਬਈ ਸਰਕਸ ਆ ਗਈ ਹੈ। ਆਓ ਅਤੇ ਇਸ ਦਾ ਆਨੰਦ ਲਓ। ਵੱਡੀਆਂ ਵੱਡੀਆਂ ਖੇਡਾਂ ਤੋਂ ਬਿਨਾਂ ਇੱਕ ਖੇਡ ਹੋਰ ਵੀ ਦਿਖਾਈ ਜਾਵੇਗੀ ਜੋ ਨਾ ਕਿਸੇ ਨੇ ਦੇਖੀ ਹੋਣੀ, ਨਾ ਕਿਸੇ ਨੇ ਸੁਣੀ ਹੋਣੀ।’’
ਮੁੰਡਿਆਂ ਦਾ ਸਾਰਾ ਧਿਆਨ ਸਰਕਸ ਵਿੱਚ ਲੱਗਿਆ ਹੋਇਆ ਸੀ। ਸਾਹਮਣੇ ਕਿਤਾਬਾਂ ਖੋਲ੍ਹ ਕੇ ਜਾਨਵਰਾਂ ਦੀਆਂ ਗੱਲਾਂ ਕਰ ਰਹੇ ਸੀ ਕਿ ਕਿਸ ਤਰ੍ਹਾਂ ਸ਼ੇਰ ਅਤੇ ਬੱਕਰੀ ਇੱਕੋ ਭਾਂਡੇ ਵਿੱਚ ਪਾਣੀ ਪੀਣਗੇ। ਏਨਾ ਵੱਡਾ ਹਾਥੀ ਸਾਈਕਲ ’ਤੇ ਕਿਵੇਂ ਬੈਠੇਗਾ? ਸਾਈਕਲ ਦੇ ਪਹੀਏ ਵੱਡੇ-ਵੱਡੇ ਹੋਣਗੇ ਤੇ ਤੋਤਾ ਬੰਦੂਕ ਚਲਾਵੇਗਾ ਅਤੇ ਜੰਗਲੀ ਮਨੁੱਖ ਬਾਬੂ ਬਣ ਕੇ ਮੇਜ਼ ’ਤੇ ਬੈਠੇਗਾ।
ਬਲਦੇਵ ਸਭ ਤੋਂ ਪਿੱਛੇ ਬੈਠਾ ਹੋਇਆ ਆਪਣੀ ਹਿਸਾਬ ਦੀ ਕਾਪੀ ’ਤੇ ਸ਼ੇਰ ਦੀ ਤਸਵੀਰ ਬਣਾ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਕੱਲ੍ਹ ਸ਼ਨੀਵਾਰ ਦੀ ਥਾਂ ਜੇ ਐਤਵਾਰ ਹੁੰਦਾ ਤਾਂ ਕਿੰਨਾ ਨਜ਼ਾਰਾ ਆਉਂਦਾ।
ਬਲਦੇਵ ਨੇ ਬੜੀ ਮੁਸ਼ਕਲ ਨਾਲ ਕੁਝ ਪੈਸੇ ਇਕੱਠੇ ਕੀਤੇ ਸੀ। ਸੋਚ ਰਿਹਾ ਸੀ ਕਿ ਕਦੋਂ ਛੁੱਟੀ ਹੋਵੇ ਤੇ ਕਦੋਂ ਭੱਜੇ। ਹੈੱਡਮਾਸਟਰ ਸਾਹਿਬ ਦਾ ਹੁਕਮ ਸੁਣ ਕੇ ਉਸ ਨੂੰ ਬਹੁਤ ਗੁੱਸਾ ਆ ਗਿਆ ਸੀ। ਛੁੱਟੀ ਹੁੰਦਿਆਂ ਹੀ ਉਹ ਮੈਦਾਨ ਵਿੱਚ ਆ ਗਿਆ ਤੇ ਮੁੰਡਿਆਂ ਨੂੰ ਬੋਲਿਆ, ‘‘ਮੈਂ ਤਾਂ ਜਾਊਂਗਾ, ਜ਼ਰੂਰ ਜਾਊਂਗਾ। ਚਾਹੇ ਕੋਈ ਛੁੱਟੀ ਦੇਵੇ ਜਾਂ ਨਾ ਦੇਵੇ।’’
ਦੂਜੇ ਮੁੰਡੇ ਇੰਨੇ ਦਲੇਰ ਨਹੀਂ ਸਨ। ਕੋਈ ਵੀ ਉਸ ਨਾਲ ਜਾਣ ਨੂੰ ਤਿਆਰ ਨਾ ਹੋਇਆ। ਬਲਦੇਵ ਹੁਣ ਇਕੱਲਾ ਰਹਿ ਗਿਆ ਸੀ ਪਰ ਉਹ ਬੜਾ ਜ਼ਿੱਦੀ ਸੀ, ਮਨ ’ਚ ਜੋ ਸੋਚ ਲਿਆ, ਉਸ ਨੂੰ ਪੂਰਾ ਕਰਕੇ ਹਟਦਾ ਸੀ। ਸ਼ਨੀਵਾਰ ਨੂੰ ਹੋਰ ਮੁੰਡੇ ਤਾਂ ਮਾਸਟਰ ਜੀ ਨਾਲ ਖੁੱਦੋ-ਖੂੰਡੀ ਖੇਡਣ ਚਲੇ ਗਏ। ਬਲਦੇਵ ਹੌਲੀ ਜਿਹੇ ਖਿਸਕ ਕੇ ਸਰਕਸ ਦੇਖਣ ਚਲਾ ਗਿਆ। ਉਸ ਨੇ ਉੱਥੇ ਪਹੁੰਚ ਕੇ ਜਾਨਵਰ ਦੇਖਣ ਲਈ ਇੱਕ ਆਨੇ ਦਾ ਟਿਕਟ ਖ਼ਰੀਦ ਲਿਆ ਅਤੇ ਜਾਨਵਰ ਦੇਖਣ ਲੱਗਿਆ। ਇਨ੍ਹਾਂ ਜਾਨਵਰਾਂ ਨੂੰ ਦੇਖ ਕੇ ਬਲਦੇਵ ਬਹੁਤ ਖਿਝਿਆ। ਉਹ ਸ਼ੇਰ ਹੈ, ਲੱਗਦਾ ਹੈ ਇਸ ਨੂੰ ਇੱਕ ਮਹੀਨੇ ਤੋਂ ਮਲੇਰੀਆ ਬੁਖਾਰ ਹੋਇਆ ਹੋਵੇ। ਉਹ ਭਲਾ ਕਿਵੇਂ ਉੱਚਾ ਕੁੱਦੇਗਾ? …ਤੇ ਆਹ ਸੁੰਦਰਬਨ ਦਾ ਸ਼ੇਰ ਜਿਵੇਂ ਕਿਸੇ ਨੇ ਇਸ ਦਾ ਖ਼ੂਨ ਚੂਸ ਲਿਆ ਹੋਵੇ। ਮੁਰਦੇ ਵਾਂਗ ਪਿਆ ਹੈ। ਵਾਹ ਓਏ ਭਾਲੂ! ਭਾਲੂ ਹੈ ਜਾਂ ਸੂਰ ਅਤੇ ਉਹ ਵੀ ਕਾਣਾ ਜਿਵੇਂ ਮੌਤ ਦੇ ਮੂੰਹ ’ਚੋਂ ਨਿੱਕਲ ਕੇ ਭੱਜਿਆ ਹੋਵੇ ਪਰ ਇਹ ਚੀਤਾ ਕੁਝ ਤਕੜਾ ਲੱਗਦਾ ਹੈ ਅਤੇ ਤਿੰਨ ਟੰਗਾਂ ਵਾਲਾ ਕੁੱਤਾ ਵੀ। ਇਹ ਕਹਿ ਕੇ ਉਹ ਖ਼ੂਬ ਹੱਸਿਆ। ਉਸ ਦੀ ਇੱਕ ਲੱਤ ਕਿਸ ਨੇ ਕੱਟ ਦਿੱਤੀ ਹੈ? ਪੂਛ ਕੱਟੀ ਵਾਲੇ ਕੁੱਤੇ ਤਾਂ ਕਈ ਦੇਖੇ ਨੇ ਪਰ ਕੱਟੇ ਪੈਰ ਵਾਲਾ ਕੁੱਤਾ ਪਹਿਲੀ ਵਾਰ ਦੇਖਿਆ ਹੈ, ਇਹ ਭੱਜੂ ਕਿਵੇਂ?
ਉਹਨੂੰ ਅਫ਼ਸੋਸ ਹੋਇਆ ਕਿ ਦੋਸਤਾਂ ਨਾਲ ਖੇਡ ਛੱਡ ਕੇ ਇੱਥੇ ਐਵੇਂ ਆਇਆ। ਨਾਲੇ ਆਨਾ ਵੀ ਗਵਾ ਲਿਆ। ਐਹੋ ਜਿਹੇ ਜਾਨਵਰਾਂ ਨੂੰ ਤਾਂ ਮੈਂ ਸੁਫ਼ਨੇ ਵਿੱਚ ਵੀ ਨਾ ਦੇਖਾਂ।
ਇੰਨੇ ਵਿੱਚ ਇੱਕ ਵੱਡਾ ਭਾਰੀ ਗੁਬਾਰਾ ਦਿਖਾਈ ਦਿੱਤਾ। ਉਸ ਦੇ ਕੋਲ ਖੜ੍ਹਾ ਇੱਕ ਵਿਅਕਤੀ ਉੱਚੀ-ਉੱਚੀ ਬੋਲ ਰਿਹਾ ਸੀ, ‘‘ਆਓ, ਤੁਰੇ ਆਓ, ਚਾਰ ਆਨਿਆਂ ਵਿੱਚ ਆਕਾਸ਼ ਦੀ ਸੈਰ ਕਰੋ।’’
ਅਜੇ ਉਹ ਉਸ ਵੱਲ ਵੇਖ ਹੀ ਰਿਹਾ ਸੀ ਕਿ ਅਚਾਨਕ ਚੀਤੇ ਦੀ ਆਵਾਜ਼ ਸੁਣ ਕੇ ਉਹ ਚੌਂਕ ਪਿਆ। ਪਿੱਛੇ ਘੁੰਮ ਕੇ ਦੇਖਿਆ ਤਾਂ ਡਰ ਨਾਲ ਉਸ ਦਾ ਦਿਲ ਕੰਬ ਉੱਠਿਆ। ਉਹ ਚੀਤਾ ਪਤਾ ਨਹੀਂ ਕਿਸ ਤਰ੍ਹਾਂ ਪਿੰਜਰੇ ’ਚੋਂ ਨਿੱਕਲ ਕੇ ਉਸ ਦੇ ਵੱਲ ਭੱਜਿਆ ਆ ਰਿਹਾ ਸੀ, ਬਲਦੇਵ ਅੱਭੜਵਾਹੇ ਦੌੜਿਆ।
ਇਸੇ ਦਰਮਿਆਨ ਇੱਕ ਤਮਾਸ਼ਾ ਹੋਰ ਹੋਇਆ। ਇੱਧਰੋਂ ਚੀਤਾ ਗੁਬਾਰੇ ਵੱਲ ਭੱਜਿਆ। ਜਿਹੜਾ ਆਦਮੀ ਗੁਬਾਰੇ ਦੀ ਰੱਸੀ ਫੜੀ ਖੜ੍ਹਾ ਸੀ, ਉਹ ਚੀਤੇ ਨੂੰ ਆਪਣੇ ਵੱਲ ਆਉਂਦਾ ਦੇਖ ਬੇਤਹਾਸ਼ਾ ਦੌੜਿਆ। ਬਲਦੇਵ ਨੂੰ ਕੁਝ ਨਾ ਸੁੱਝਿਆ, ਉਹ ਭੱਜ ਕੇ ਗੁਬਾਰੇ ’ਤੇ ਚੜ੍ਹ ਗਿਆ। ਚੀਤਾ ਵੀ ਸ਼ਾਇਦ ਉਸ ਨੂੰ ਫੜਨ ਦੀ ਤਾਕ ਵਿੱਚ ਗੁਬਾਰੇ ’ਤੇ ਜਾ ਚੜ੍ਹਿਆ। ਰੱਸੀ ਛੁੱਟਦਿਆਂ ਹੀ ਗੁਬਾਰਾ ਉੱਪਰ ਵੱਲ ਉੱਡਣ ਲੱਗਿਆ। ਬਲਦੇਵ ਅਤੇ ਚੀਤਾ ਦੋਵੇਂ ਉੱਪਰ ਵੱਲ ਜਾਣ ਲੱਗੇ। ਦੇਖਦੇ ਹੀ ਦੇਖਦੇ ਗੁਬਾਰਾ ਉੱਚੇ-ਲੰਮੇ ਖਜੂਰ ਦੇ ਰੁੱਖਾਂ ਦੇ ਬਰਾਬਰ ਜਾ ਪਹੁੰਚਿਆ। ਬਲਦੇਵ ਨੇ ਇੱਕ ਵਾਰ ਥੱਲੇ ਦੇਖਿਆ ਤਾਂ ਲੋਕ ਉੱਚੀ-ਉੱਚੀ ਉਸ ਨੂੰ ਬਚਣ ਦੇ ਉਪਾਅ ਦੱਸ ਰਹੇ ਸਨ। ਬਲਦੇਵ ਦੇ ਤਾਂ ਹੋਸ਼ ਉੱਡੇ ਪਏ ਸਨ। ਕੋਈ ਵੀ ਗੱਲ ਉਸ ਦੀ ਸਮਝ ਵਿੱਚ ਨਹੀਂ ਆ ਰਹੀ ਸੀ। ਜਿਵੇਂ-ਜਿਵੇਂ ਗੁਬਾਰਾ ਉੱਪਰ ਜਾ ਰਿਹਾ ਸੀ, ਚੀਤੇ ਦੀ ਵੀ ਜਿਵੇਂ ਜਾਨ ਨਿਕਲ ਰਹੀ ਸੀ। ਉਸ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕੌਣ ਉਸ ਨੂੰ ਉੱਪਰ ਵੱਲ ਲਿਜਾ ਰਿਹਾ ਹੈ। ਉਹ ਚਾਹੁੰਦਾ ਤਾਂ ਬਲਦੇਵ ਨੂੰ ਬੜੀ ਆਸਾਨੀ ਨਾਲ ਖਾ ਸਕਦਾ ਸੀ ਪਰ ਹੁਣ ਤਾਂ ਉਸ ਨੂੰ ਆਪਣੀ ਹੀ ਜਾਨ ਦਾ ਫ਼ਿਕਰ ਸੀ। ਆਖਰ ਉਹ ਏਨਾ ਡਰ ਗਿਆ ਕਿ ਤਿਲਕ ਕੇ ਸਿਰ ਪਰਨੇ ਥੱਲੇ ਜਾ ਡਿੱਗਿਆ। ਜ਼ਮੀਨ ’ਤੇ ਡਿੱਗਦਿਆਂ ਹੀ ਉਸ ਦੀ ਹੱਡੀ-ਪਸਲੀ ਚੂਰ-ਚੂਰ ਹੋ ਗਈ। ਹੁਣ ਤਕ ਤਾਂ ਬਲਦੇਵ ਨੂੰ ਚੀਤੇ ਦਾ ਡਰ ਸੀ ਪਰ ਹੁਣ ਇਹ ਫ਼ਿਕਰ ਸੀ ਕਿ ਗੁਬਾਰਾ ਉਸ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ। ਉਹ ਇੱਕ ਵਾਰ ਘੰਟਾ ਘਰ ਦੇ ਮੀਨਾਰ ’ਤੇ ਚੜ੍ਹਿਆ ਸੀ, ਉੱਪਰੋਂ ਥੱਲੇ ਦਿਸਦੇ ਲੋਕ ਨਿੱਕੇ-ਨਿੱਕੇ ਖਿਡੌਣਿਆਂ ਵਰਗੇ ਲੱਗੇ ਪਰ ਇਸ ਵਕਤ ਉਹ ਉਸ ਨਾਲੋਂ ਕਈ ਗੁਣਾਂ ਉੱਚਾ ਸੀ।
ਅਚਾਨਕ ਉਸ ਨੂੰ ਇੱਕ ਗੱਲ ਯਾਦ ਆਈ। ਉਸ ਨੇ ਕਿਸੇ ਕਿਤਾਬ ਵਿੱਚ ਪੜ੍ਹਿਆ ਸੀ ਕਿ ਗੁਬਾਰੇ ਦਾ ਮੂੰਹ ਖੋਲ੍ਹ ਦੇਣ ਨਾਲ ਉਸ ਦੀ ਗੈਸ ਨਿਕਲ ਜਾਂਦੀ ਹੈ ਅਤੇ ਗੁਬਾਰਾ ਥੱਲੇ ਆ ਜਾਂਦਾ ਹੈ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਮੂੰਹ ਬਿਲਕੁਲ ਹੌਲੀ-ਹੌਲੀ ਖੋਲ੍ਹਣਾ ਚਾਹੀਦਾ ਹੈ। ਉਸ ਨੇ ਇਕਦਮ ਗੁਬਾਰੇ ਦਾ ਮੂੰਹ ਖੋਲ੍ਹ ਦਿੱਤਾ ਅਤੇ ਗੁਬਾਰਾ ਤੇਜ਼ੀ ਨਾਲ ਥੱਲੇ ਡਿੱਗਣ ਲੱਗਿਆ। ਜਦੋਂ ਉਹ ਜ਼ਮੀਨ ਤੋਂ ਥੋੜ੍ਹੀ ਜਿਹੀ ਉਚਾਈ ’ਤੇ ਆ ਗਿਆ ਤਾਂ ਉਸ ਨੇ ਥੱਲੇ ਵੱਲ ਵੇਖਿਆ, ਦਰਿਆ ਵਹਿ ਰਿਹਾ ਸੀ। ਫਿਰ ਉਹ ਰੱਸੀ ਨੂੰ ਛੱਡ ਕੇ ਦਰਿਆ ਵਿੱਚ ਕੁੱਦ ਪਿਆ ਅਤੇ ਫਿਰ ਦਰਿਆ ’ਚੋਂ ਤੈਰ ਕੇ ਬਾਹਰ ਆ ਗਿਆ।

(ਅਨੁਵਾਦਕ: ਸਤਪਾਲ ਭੀਖੀ)

  • ਮੁੱਖ ਪੰਨਾ : ਮੁਨਸ਼ੀ ਪ੍ਰੇਮਚੰਦ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ