Jhootha Giddar Mama (Punjabi Story) : Bahadur Singh Gosal
ਝੂਠਾ ਗਿੱਦੜ ਮਾਮਾ (ਕਹਾਣੀ) : ਬਹਾਦਰ ਸਿੰਘ ਗੋਸਲ
ਗਿੱਦੜ ਆਪਣੀ ਚੁਸਤੀ ਅਤੇ ਚਲਾਕੀ ਕਾਰਨ ਜੰਗਲ ਦੀਆਂ ਸਭ ਮਾਦਾ ਜਾਨਵਰਾਂ ਦਾ ਮੂੰਹ-ਬੋਲਦਾ ਭਰਾ ਬਣ ਗਿਆ। ਉਹ ਸਾਰੀਆਂ ਉਸ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਦਾ ਸ਼ਿਕਾਰ ਹੋ ਚੁੱਕੀਆਂ ਸਨ। ਕਈ ਵਾਰ ਗਿੱਦੜ ਉਨ੍ਹਾਂ ਦੇ ਘਰ ਜਾ ਕੇ ਵੀ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ। ਇਸ ਤਰ੍ਹਾਂ ਪੂਰੇ ਜੰਗਲ ਵਿੱਚ ਗਿੱਦੜ ਦੀ ਪੂਰੀ ਚੜ੍ਹਤ ਸੀ। ਇਨ੍ਹਾਂ ਮਾਦਾ ਜਾਨਵਰਾਂ ਦੇ ਛੋਟੇ-ਛੋਟੇ ਬੱਚੇ ਵੀ ਗਿੱਦੜ ਨੂੰ ਗਿੱਦੜ ਮਾਮਾ, ਗਿੱਦੜ ਮਾਮਾ ਕਹਿੰਦੇ ਨਾ ਥੱਕਦੇ।
ਜੰਗਲੀ ਜਾਨਵਰਾਂ ਦੇ ਬੱਚੇ ਗਿੱਦੜ ਨਾਲ ਚੰਗੀ ਤਰ੍ਹਾਂ ਘੁਲ-ਮਿਲ ਗਏ ਸਨ। ਗਿੱਦੜ ਵੀ ਕਈ ਵਾਰ ਇਨ੍ਹਾਂ ਬੱਚਿਆਂ ਨੂੰ ਇਕੱਠਾ ਕਰਕੇ ਆਪਣੀ ਵਡਿਆਈ ਦੀਆਂ ਝੂਠੀਆਂ ਅਤੇ ਮਿਰਚ-ਮਸਾਲਾ ਲਾ ਕੇ ਉਨ੍ਹਾਂ ਨੂੰ ਹੋਰ ਸੁਆਦਲੀਆਂ ਬਣਾ ਦਿੰਦਾ। ਇਸ ਕਰਕੇ ਜੰਗਲੀ ਜਾਨਵਰਾਂ ਦੇ ਬੱਚੇ ਹਰ ਵੇਲੇ ਉਸ ਦੀਆਂ ਊਟ-ਪਟਾਂਗ ਗੱਲਾਂ ਸੁਣਨ ਲਈ ਉਤਾਵਲੇ ਰਹਿੰਦੇ।
ਇੱਕ ਦਿਨ ਗਿੱਦੜ ਨੇ ਜਾਨਵਰਾਂ ਦੇ ਬੱਚਿਆਂ ਨੂੰ ਦੱਸਿਆ ਕਿ ਉਹ ਜੰਗਲ ਦੇ ਬਾਹਰ ਪਿੰਡ ਵਿੱਚ ਜਾਂਦਾ ਆਉਂਦਾ ਰਹਿੰਦਾ ਹਾਂ। ਪਿੰਡ ਦੇ ਸਾਰੇ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਸ ਦਾ ਬਹੁਤ ਸਨਮਾਨ ਕਰਦੇ ਹਨ। ਉਸ ਨੇ ਕਿਹਾ ਕਿ ਉਹ ਕਈ ਵਾਰ ਮਨੁੱਖ ਦੇ ਬੱਚਿਆਂ ਨਾਲ ਵੀ ਖੇਡਦਾ ਹਾਂ। ਗਿੱਦੜ ਹਵਾ ਛਕ ਕੇ ਬੋਲਦਾ ਹੀ ਗਿਆ ਕਿ ਪਿੰਡ ਵਿੱਚ ਕਈ ਦੁਕਾਨਾਂ ‘ਤੇ ਖਾਣ ਦਾ ਸਾਮਾਨ ਵੀ ਮਿਲ ਜਾਂਦਾ ਹੈ। ਜੇ ਗਰਮੀ ਲੱਗਦੀ ਹੈ ਤਾਂ ਬਿਜਲੀ ਦੀਆਂ ਮੋਟਰਾਂ ‘ਤੇ ਨਹਾ ਵੀ ਲੈਂਦਾ ਹਾਂ। ਗਿੱਦੜ ਦੀਆਂ ਗੱਲਾਂ ਦੀਆਂ ਚੁਸਕੀਆਂ ਲੈਂਦਾ ਹੋਇਆ ਹਾਥੀ ਦਾ ਬੱਚਾ ਬੋਲਿਆ, ”ਗਿੱਦੜ ਮਾਮਾ! ਜਦੋਂ ਮੈਂ ਤੇਰੇ ਨਾਲ ਪਿੰਡ ਗਿਆ ਤਾਂ ਮੈਂ ਬੰਬੀ ਤੋਂ ਪਾਣੀ ਨਾਲ ਆਪਣੀ ਸੁੰਢ ਭਰ ਕੇ ਚੰਗੀ ਤਰ੍ਹਾਂ ਨਹਾਵਾਂਗਾ।” ਸਾਰੇ ਬੱਚੇ ਹੱਸ ਪਏ।
ਪਿੰਡ ਦੇ ਮਾਹੌਲ ਤੋਂ ਡਰਦੇ ਹੋਏ ਹਿਰਨ ਦੇ ਬੱਚੇ ਨੇ ਪੁੱਛਿਆ, ”ਮਾਮਾ ਉੱਥੇ ਕੋਈ ਡਰਨ ਦੀ ਲੋੜ ਤਾਂ ਨਹੀਂ!” ਗਿੱਦੜ ਨੇ ਫਿਰ ਸ਼ੇਖੀ ਮਾਰਦੇ ਹੋਏ ਕਿਹਾ, ”ਡਰ ਕਾਹਦਾ! ਸਾਰੇ ਤਾਂ ਮੈਨੂੰ ਜਾਣਦੇ ਹਨ।” ਗਿੱਦੜ ਦੀ ਗੱਲ ਸੁਣ ਕੇ ਸਾਰੇ ਜੰਗਲੀ ਬੱਚਿਆਂ ਨੇ ਇੱਕੋ ਆਵਾਜ਼ ਵਿੱਚ ਕਿਹਾ, ”ਅਸੀਂ ਵੀ ਪਿੰਡ ਜਾਵਾਂਗੇ, ਜ਼ਰੂਰ ਜਾਵਾਂਗੇ। ਘੁਲ੍ਹਾੜੀਆਂ ਤੋਂ ਗਰਮ-ਗਰਮ ਗੁੜ ਖਾਵਾਂਗੇ, ਬੰਬੀ ‘ਤੇ ਨਹਾਵਾਂਗੇ”, ਗਿੱਦੜ ਬੋਲਿਆ, ”ਹਾਂ, ਹਾਂ, ਮੈਂ ਤੁਹਾਨੂੰ ਸਾਰਿਆਂ ਨੂੰ ਲੈ ਕੇ ਜਾਵਾਂਗਾ ਪਰ ਤੁਸੀਂ ਆਪਣੀਆਂ ਮਾਵਾਂ ਨੂੰ ਦੱਸ ਦੇਣਾ ਕਿ ਤੁਸੀਂ ਆਪਣੇ ਮਾਮੇ ਨਾਲ ਪਿੰਡ ਜਾ ਰਹੇ ਹੋ ਤਾਂ ਕਿ ਉਹ ਕੋਈ ਫ਼ਿਕਰ ਨਾ ਕਰਨ।”
ਤੈਅ ਦਿਨ ‘ਤੇ ਗਿੱਦੜ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਚਲਾ ਗਿਆ। ਜਿਉਂ ਹੀ ਪਿੰਡ ਦੀ ਫਿਰਨੀ ਪਾਰ ਕੀਤੀ, ਪਿੰਡ ਦੇ ਆਵਾਰਾ ਕੁੱਤੇ ਉਨ੍ਹਾਂ ਦੇ ਪਿੱਛੇ ਪੈ ਗਏ। ਖਤਰਾ ਦੇਖ ਕੇ ਗਿੱਦੜ ਨੇ ਸ਼ੋਰ ਮਚਾਇਆ, ”ਇਹ ਪਾਗਲ ਕੁੱਤੇ ਨੇ, ਸਾਰੇ ਮੇਰੇ ਨਾਲ ਦੌੜੋ ਅਤੇ ਆਪਣੀ ਜਾਨ ਬਚਾਓ।” ਸਭ ਗਿੱਦੜ ਦੇ ਪਿੱਛੇ-ਪਿੱਛੇ ਤੇਜ਼ ਦੌੜਨ ਲੱਗੇ। ਅੱਗੇ ਲਲਾਰੀਆਂ ਦੇ ਘਰ ਸਨ ਅਤੇ ਕੱਪੜੇ ਰੰਗਣ ਲਈ ਉਨ੍ਹਾਂ ਨੇ ਵੱਡੀਆਂ-ਵੱਡੀਆਂ ਰੰਗਾਂ ਦੀਆਂ ਕੁੰਡਾਂ ਬਣਾਈਆਂ ਹੋਈਆਂ ਸਨ। ਡਰ ਦੇ ਮਾਰੇ ਸਾਰੇ ਬੱਚੇ, ਗਿੱਦੜ ਸਮੇਤ ਰੰਗਾਂ ਦੀਆਂ ਕੁੰਡਾਂ ਵਿੱਚ ਜਾ ਡਿੱਗੇ। ਸਾਰੇ ਰੰਗ-ਬਿਰੰਗੇ ਹੋ ਕੇ ਬਾਹਰ ਨਿਕਲੇ ਤਾਂ ਪਿੰਡ ਦੇ ਕੁੱਤੇ ਵੀ ਡਰ ਕੇ ਦੌੜ ਗਏ। ਕਿਸੇ ਨਾ ਕਿਸੇ ਤਰ੍ਹਾਂ ਗਿੱਦੜ ਉਨ੍ਹਾਂ ਸਾਰਿਆਂ ਨੂੰ ਲੈ ਕੇ ਜੰਗਲ ਵਿੱਚ ਪਹੁੰਚ ਗਿਆ, ਪਰ ਕੋਈ ਵੀ ਪਛਾਣਿਆ ਨਹੀਂ ਸੀ ਜਾ ਰਿਹਾ। ਮਾਵਾਂ ਨੇ ਦੁਖੀ ਹੋ ਕੇ ਪੁੱਛਿਆ, ”ਸਾਡੇ ਬੱਚੇ ਕਿੱਥੇ ਨੇ?” ਗਿੱਦੜ ਨੇ ਬੜੀ ਮੁਸ਼ਕਲ ਨਾਲ ਜਵਾਬ ਦਿੱਤਾ, ”ਇਹੀ ਸਾਰੇ ਨੇ, ਇਨ੍ਹਾਂ ਦੇ ਮੂੰਹ ਧੋ ਕੇ ਆਪਣਾ-ਆਪਣਾ ਪਛਾਣ ਲਵੋ।” ਮਾਵਾਂ ਨੇ ਉਨ੍ਹਾਂ ਦੇ ਮੂੰਹ ਧੋ ਕੇ ਆਪਣੇ ਬੱਚਿਆਂ ਨੂੰ ਗਲਾਂ ਨਾਲ ਲਗਾਇਆ। ਬੱਚੇ ਰੋ-ਰੋ ਕੇ ਦੱਸ ਰਹੇ ਸਨ, ”ਗਿੱਦੜ ਮਾਮਾ ਝੂਠਾ ਏ, ਗਿੱਦੜ ਮਾਮਾ ਝੂਠਾ ਏ।”
ਹੁਣ ਸਭ ਨੇ ਗਿੱਦੜ ਨੂੰ ਫਟਕਾਰ ਲਗਾਈ ਅਤੇ ਰਾਜੇ ਸ਼ੇਰ ਕੋਲ ਉਸ ਦੀ ਸ਼ਿਕਾਇਤ ਵੀ ਕਰ ਦਿੱਤੀ। ਸ਼ੇਰ ਨੇ ਆਪਣੀ ਅਦਾਲਤ ਵਿੱਚ ਹੁਕਮ ਸੁਣਾਇਆ, ”ਗਿੱਦੜ ਨੇ ਜਾਨਵਰਾਂ ਦੇ ਬੱਚਿਆਂ ਨੂੰ ਝੂਠੇ ਲਾਰੇ ਲਾ ਕੇ ਉਨ੍ਹਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਹੈ। ਇਸ ਲਈ ਉਹ ਅਪਰਾਧੀ ਹੈ ਅਤੇ ਕਰੜੀ ਸਜ਼ਾ ਦਾ ਹੱਕਦਾਰ ਹੈ।” ਕੁਝ ਦੇਰ ਸੋਚ ਕੇ ਸ਼ੇਰ ਫਿਰ ਬੋਲਿਆ, ”ਜੰਗਲ ਦੇ ਜੰਗਲੀ ਕੁੱਤੇ ਗਿੱਦੜ ਪਿੱਛੇ ਉਸ ਨੂੰ ਮਾਰਨ ਲਈ ਦੌੜਨਗੇ। ਜੇ ਉਸ ਵਿੱਚ ਹਿੰਮਤ ਹੈ ਤਾਂ ਆਪਣੀ ਜਾਨ ਬਚਾ ਲਵੇ।” ਇੰਜ ਹੀ ਹੋਇਆ। ਜੰਗਲੀ ਕੁੱਤਿਆਂ ਨੇ ਗਿੱਦੜ ਦੀਆਂ ਛਾਲਾਂ ਚੁਕਾ ਦਿੱਤੀਆਂ, ਪਰ ਕਿਸੇ ਨਾ ਕਿਸੇ ਤਰ੍ਹਾਂ ਗਿੱਦੜ ਆਪਣੀ ਜਾਨ ਬਚਾਉਣ ਵਿੱਚ ਸਫ਼ਲ ਹੋ ਗਿਆ। ਹੁਣ ਉਸ ਨੇ ਕੰਨ ਫੜ ਕੇ ਕਸਮ ਖਾਧੀ ਕਿ ਉਹ ਕਦੇ ਝੂਠ ਨਹੀਂ ਬੋਲੇਗਾ ਅਤੇ ਨਾ ਹੀ ਕਿਸੇ ਨਾਲ ਧੋਖਾ ਕਰੇਗਾ। ਬੱਚਿਓ! ਇਸ ਤਰ੍ਹਾਂ ਤੁਸੀਂ ਵੀ ਝੂਠੇ ਅਤੇ ਮੋਮੋਠੱਗਣੀਆਂ ਗੱਲਾਂ ਕਰਨ ਵਾਲੇ ਲੋਕਾਂ ਤੋਂ ਸਦਾ ਸਾਵਧਾਨ ਰਹਿਣਾ।