Panchhi Bhalai Sabha (Punjabi Story) : Bahadur Singh Gosal
ਪੰਛੀ ਭਲਾਈ ਸਭਾ (ਕਹਾਣੀ) : ਬਹਾਦਰ ਸਿੰਘ ਗੋਸਲ
ਬੱਚਿਓ! ਇਕ ਵਾਰ ਕੌਮੀ ਪੰਛੀ ਮੋਰ ਨੇ ਸਾਰੇ ਪੰਛੀਆਂ ਦੀ ਇਕ ਸਭਾ ਬੁਲਾਈ । ਇਸ ਸਭਾ ਵਿਚ ਤੋਤਾ, ਕਬੂਤਰ, ਕਾਂ, ਬਗਲਾ, ਬੀਜੜਾ, ਉੱਲੂ, ਚਿੜੀ, ਘੁੱਗੀ, ਪਪੀਹਾ, ਤਿੱਤਰ, ਬਟੇਰਾ, ਇੱਲ ਅਤੇ ਚਮਗਿੱਦੜ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ । ਮੋਰ ਨੇ ਆਪਣੀ ਗੱਲ ਤੋਰਦੇ ਹੋਏ ਕਿਹਾ, 'ਅਸੀਂ ਸਭ ਪੰਛੀ ਬੜੇ ਹੀ ਸ਼ਾਂਤ ਸੁਭਾਅ ਅਤੇ ਨਰਮ ਦਿਲ ਵਾਲੇ ਹਾਂ, ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ ਅਤੇ ਨਾ ਹੀ ਬੁਰਾ ਸੋਚਦੇ ਹਾਂ ਪਰ ਫਿਰ ਵੀ ਅਸੀਂ ਮਨੁੱਖਾਂ, ਬਿੱਲੀਆਂ-ਕੁੱਤਿਆਂ ਅਤੇ ਜੰਗਲੀ ਜੀਵਾਂ ਦਾ ਸ਼ਿਕਾਰ ਬਣ ਜਾਂਦੇ ਹਾਂ । ਇਸ ਲਈ ਸਾਨੂੰ ਸਭ ਨੂੰ ਮਿਲ ਕੇ ਇਕੱਠੇ ਹੋ ਕੇ ਸਵੈ-ਰੱਖਿਆ ਲਈ ਪੰਛੀਆਂ ਦੀ ਸੰਸਥਾ ਬਣਾਉਣੀ ਚਾਹੀਦੀ ਹੈ । ਮੋਰ ਦੀ ਗੱਲ ਸੁਣ ਕੇ ਸਾਰੇ ਪੰਛੀ ਖੁਸ਼ ਹੋਏ ਅਤੇ ਤਾੜੀਆਂ ਮਾਰ ਕੇ ਸੰਸਥਾ ਬਣਾਉਣ ਲਈ ਹਾਮੀ ਭਰੀ ।
ਜਦੋਂ ਸੰਸਥਾ ਬਣਾਉਣ ਦਾ ਫੈਸਲਾ ਹੋ ਹੀ ਗਿਆ ਤਾਂ ਕਬੂਤਰ ਬੋਲਿਆ ਕਿ ਇਸ ਸੰਸਥਾ ਦਾ ਨਾਂਅ 'ਪੰਛੀ ਭਲਾਈ ਸਭਾ' ਰੱਖਿਆ ਜਾਵੇ । ਫਿਰ ਸਾਰਿਆਂ ਨੇ ਇਸ ਨਾਂਅ ਦੀ ਪ੍ਰੋੜ੍ਹਤਾ ਕੀਤੀ । ਹੁਣ ਸਭਾ ਵੀ ਬਣ ਗਈ ਅਤੇ ਇਸ ਦਾ ਨਾਂਅ ਵੀ ਤਹਿ ਹੋ ਗਿਆ । ਮੋਰ ਫਿਰ ਬੋਲਿਆ, 'ਹੁਣ ਸਭਾ ਦਾ ਪ੍ਰਧਾਨ ਚੁਣਿਆ ਜਾਵੇਗਾ ਅਤੇ ਸਾਰਿਆਂ ਨੂੰ ਆਪਣਾ-ਆਪਣਾ ਪੱਖ ਪੇਸ਼ ਕਰਨ ਦੀ ਖੁੱਲ੍ਹ ਹੋਵੇਗੀ ।'
ਸਭ ਤੋਂ ਪਹਿਲਾਂ ਤੋਤੇ ਨੇ ਕਿਹਾ ਕਿ ਉਸ ਦਾ ਰੰਗ ਬੱਚੇ ਬਹੁਤ ਪਸੰਦ ਕਰਦੇ ਹਨ ਅਤੇ ਉਸ ਦੇ ਗਲ ਦੀ ਗਾਨੀ ਪ੍ਰਧਾਨਗੀ ਲਈ ਬਹੁਤ ਉਚਿਤ ਹੈ । ਇਸ ਲਈ ਉਸ ਨੂੰ ਪ੍ਰਧਾਨਗੀ ਦਾ ਮੌਕਾ ਦਿੱਤਾ ਜਾਵੇ । ਤੁਰੰਤ ਬੀਜੜਾ ਬੋਲ ਪਿਆ ਅਤੇ ਕਿਹਾ, 'ਮੇਰਾ ਬਣਾਇਆ ਆਲ੍ਹਣਾ ਮਨੁੱਖ ਦੀ ਸੋਚਣੀ ਨੂੰ ਵੀ ਮਾਤ ਪਾਉਂਦਾ ਹੈ, ਇਸੇ ਕਰਕੇ ਮਨੁੱਖ ਮੈਨੂੰ ਗੁਰੂ ਵਿਸ਼ਵਕਰਮਾ ਜੀ ਦਾ ਦੂਤ ਸਮਝਦੇ ਹਨ । ਇਸ ਤਰ੍ਹਾਂ ਪ੍ਰਧਾਨਗੀ 'ਤੇ ਮੇਰਾ ਹੱਕ ਬਣਦਾ ਹੈ ।'
ਕਾਂ ਵੀ ਕਾਂ-ਕਾਂ ਕਰਦਾ ਬੋਲ ਉਠਿਆ ਅਤੇ ਕਹਿਣ ਲੱਗਾ, 'ਮੈਂ ਮਨੁੱਖ ਦੇ ਬਹੁਤ ਨੇੜੇ ਹਾਂ ਅਤੇ ਘਰਾਂ ਵਿਚ ਆਮ ਆ-ਜਾ ਸਕਦਾ ਹਾਂ ਅਤੇ ਮੈਨੂੰ ਬਨੇਰੇ 'ਤੇ ਦੇਖ ਮਨੁੱਖ ਕਿਸੇ ਮਹਿਮਾਨ ਦੇ ਆਉਣ ਦਾ ਸੰਦੇਸ਼ ਭਾਲਦੇ ਹਨ । ਮੇਰੀ ਕਾਵਾਂ-ਰੌਲੀ ਤੋਂ ਲੋਕ ਡਰਦੇ ਵੀ ਹਨ । ਇਸ ਲਈ ਪ੍ਰਧਾਨਗੀ ਮੈਨੂੰ ਦਿੱਤੀ ਜਾਵੇ ।' ਪਰ ਚਿੜੀ ਨੇ ਉਸ ਦੀ ਗੱਲ ਤੁਰੰਤ ਕੱਟ ਦਿੱਤੀ ਅਤੇ ਕਿਹਾ ਕਿ 'ਮਨੁੱਖਾਂ ਦੇ ਘਰਾਂ ਵਿਚ ਤਾਂ ਮੈਂ ਹੀ ਜਾ ਸਕਦੀ ਹਾਂ ਅਤੇ ਮੇਰੇ ਬੱਚਿਆਂ ਨਾਲ ਮਨੁੱਖਾਂ ਦੇ ਬੱਚੇ ਬੜੇ ਪਿਆਰ ਨਾਲ ਖੇਡਦੇ ਹਨ ।'
ਕਬੂਤਰ ਨੇ ਚਿੜੀ ਨੂੰ ਟੋਕਦੇ ਹੋਏ ਕਿਹਾ, 'ਵੱਡੀਆਂ ਉੱਚੀਆਂ ਹਵੇਲੀਆਂ ਵਿਚ ਤਾਂ ਮੇਰੇ ਹੀ ਘਰ ਬਣਾਏ ਹੋਏ ਹਨ ਅਤੇ ਮਨੁੱਖ ਮੈਨੂੰ ਹੀ ਆਪਣੇ ਮਿੱਤਰਾਂ-ਸਬੰਧੀਆਂ ਨੂੰ ਸੁਨੇਹੇ ਭੇਜਣ ਲਈ ਵਰਤਦਾ ਰਿਹਾ ਹੈ । ਇਸ ਲਈ ਮੈਂ ਵੀ ਪ੍ਰਧਾਨਗੀ ਦਾ ਸਹੀ ਹੱਕਦਾਰ ਹਾਂ ।' ਕਬੂਤਰ ਤੋਂ ਬਾਅਦ ਬਗਲਾ ਬੋਲਣ ਲੱਗਿਆ, 'ਮੇਰੇ ਦੁੱਧ ਚਿੱਟੇ ਕੱਪੜੇ ਪਹਿਲਾਂ ਹੀ ਕਿਸੇ ਲੀਡਰ ਦਾ ਅਹਿਸਾਸ ਕਰਾਉਂਦੇ ਹਨ । ਇਸੇ ਕਾਰਨ ਹੀ ਲੀਡਰਾਂ ਦੀ ਤਰ੍ਹਾਂ ਮੇਰਾ ਮਨ ਖੋਟਾ ਹੈ ਅਤੇ ਮੈਂ ਡੱਡਾਂ ਨੂੰ ਧੋਖਾ ਦੇਣ ਵਿਚ ਮਾਹਰ ਹਾਂ । ਇਸ ਲਈ ਪ੍ਰਧਾਨਗੀ ਲਈ ਮੇਰਾ ਨਾਂਅ ਜ਼ਰੂਰ ਵਿਚਾਰਿਆ ਜਾਵੇ ।' ਬਗਲੇ ਦੀ ਗੱਲ ਸੁਣ ਕੇ ਕਈ ਪੰਛੀ ਸੋਚਣ ਲੱਗੇ ਕਿ ਇਸ ਵਿਚ ਲੀਡਰਾਂ ਵਾਲੇ ਗੁਣ ਤਾਂ ਜ਼ਰੂਰ ਹਨ ।
ਥੋੜ੍ਹੀ ਚੁੱਪ ਤੋਂ ਬਾਅਦ ਤਿੱਤਰ ਨੇ ਆਪਣੇ ਚਿਤਕਾਰੇ ਰੰਗਾਂ ਕਾਰਨ ਆਪਣੇ ਗੁਣਾਂ ਦਾ ਵਿਖਿਆਨ ਕਰਦੇ ਹੋਏ ਆਪਣੇ ਲਈ ਸਹਿਮਤੀ ਹਾਸਲ ਕਰਨ ਦਾ ਯਤਨ ਕੀਤਾ ਪਰ ਬਟੇਰਾ ਬੋਲ ਉਠਿਆ, 'ਤਿੱਤਰ ਨਾਲੋਂ ਤਾਂ ਮੈਂ ਬਥੇਰਾ ਚੁਸਤ ਅਤੇ ਚਲਾਕ ਹਾਂ, ਫਸਲਾਂ ਵਿਚ ਉਡਦਿਆਂ ਮਨੁੱਖ ਮੈਨੂੰ ਫੜਨ ਵਿਚ ਮੁਸ਼ਕਿਲ ਮਹਿਸੂਸ ਕਰਦਾ ਹੈ । ਮਨੁੱਖਾਂ ਦੇ ਬੱਚੇ ਤੁਸੀਂ ਅਕਸਰ ਗਾਉਂਦੇ ਸੁਣੇ ਹੋਣਗੇ, 'ਸਾਹਾ ਸਲੋਟਾ ਤਿੱਤਰ ਮੋਟਾ-ਅੱਵਲ ਮਾਸ ਬਟੇਰੇ ਦਾ', ਇਸ ਲਈ ਮੈਂ ਹੱਕਦਾਰ ਹਾਂ ।
ਹੁਣ ਤੱਕ ਅੱਖਾਂ ਮੀਟੀ ਬੈਠੇ ਉੱਲੂ ਤੋਂ ਇਹ ਸਭ ਕੁਝ ਸੁਣਿਆ ਨਾ ਗਿਆ ਅਤੇ ਬੜੀ ਨਿਮਰਤਾ ਨਾਲ ਬੋਲਿਆ, 'ਭਰਾਵੋ! ਭਾਵੇਂ ਮੈਨੂੰ ਸਾਰੇ ਉੱਲੂ ਕਹਿੰਦੇ ਹਨ, ਮਨੁੱਖ ਮੇਰੇ ਨਾਂਅ ਤੋਂ ਹੱਸਦਾ ਹੈ ਪਰ ਇਸ ਗੱਲ ਲਈ ਮਨੁੱਖ ਖੁਦ ਉੱਲੂ ਬਣ ਜਾਂਦਾ ਹੈ, ਜਦੋਂ ਉਹ ਭੁੱਲ ਜਾਂਦਾ ਹੈ ਕਿ ਮੈਂ ਹੀ ਉਸ ਦਾ ਸੱਚਾ ਮਿੱਤਰ ਹਾਂ, ਜਿਹੜਾ ਕਿ ਰਾਤ ਨੂੰ ਵੀ ਫਸਲਾਂ ਦੇ ਦੁਸ਼ਮਣ ਕੀੜਿਆਂ ਨੂੰ ਖਤਮ ਕਰਦਾ ਹਾਂ । ਰਹੀ ਗੱਲ ਤੁਹਾਡੀ ਪੰਛੀਆਂ ਦੀ, ਤੁਸੀਂ ਦਿਨ ਭਰ ਆਪਣੇ ਅੰਡਿਆਂ ਦੀ, ਬੱਚਿਆਂ ਦੀ ਅਤੇ ਆਪਣੀ ਰਾਖੀ ਖੂਬ ਕਰ ਲੈਂਦੇ ਹੋ ਅਤੇ ਮੈਂ ਵੀ ਨਿਸ਼ਚਿਤ ਕੁਝ ਆਰਾਮ ਕਰ ਲੈਂਦਾ ਹਾਂ ਪਰ ਰਾਤ ਆਉਂਦੇ ਹੀ ਮੈਂ ਸਾਰੀ-ਸਾਰੀ ਰਾਤ ਜਾਗ ਕੇ ਤੁਹਾਡੀ ਅਤੇ ਤੁਹਾਡੇ ਪਰਿਵਾਰਾਂ ਦੀ ਰਾਖੀ ਕਰਦਾ ਹਾਂ, ਕਿਉਂਕਿ ਰਾਤ ਨੂੰ ਮੈਂ ਹੀ ਦੇਖ ਸਕਦਾ ਹਾਂ ਅਤੇ ਇਸ ਤਰ੍ਹਾਂ ਪਰਮਾਤਮਾ ਨੇ ਮੈਨੂੰ ਹੀ ਰਾਤ ਸਮੇਂ ਤੁਹਾਡੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ । ਭਾਵੇਂ ਮੈਂ ਉੱਲੂ ਹਾਂ ਪਰ ਕੰਮ ਮੇਰੇ ਸੇਵਾ ਭਾਵਨਾ ਵਾਲੇ ਹਨ... ।'
ਉੱਲੂ ਦੀ ਗੱਲ ਹਾਲੇ ਵਿਚਕਾਰ ਹੀ ਸੀ ਕਿ ਸਾਰੇ ਪੰਛੀਆਂ ਨੇ ਤਾੜੀ ਮਾਰ ਕੇ ਰੌਲਾ ਪਾਇਆ, 'ਹਾਂ ਹਾਂ, ਉੱਲੂ ਹੀ ਸਾਡਾ ਪ੍ਰਧਾਨ ਹੈ ।' ਸਭ ਦੀ ਸਹਿਮਤੀ ਦੇਖ ਮੋਰ ਨੇ ਵੀ ਉੱਲੂ ਦਾ ਨਾਂਅ ਪ੍ਰਧਾਨਗੀ ਲਈ ਐਲਾਨ ਕਰ ਦਿੱਤਾ ।