Baghiar Ate Modern Lela (Punjabi Story) : Bahadur Singh Gosal
ਬਘਿਆੜ ਅਤੇ ਮਾਡਰਨ ਲੇਲਾ (ਕਹਾਣੀ) : ਬਹਾਦਰ ਸਿੰਘ ਗੋਸਲ
ਬੱਚਿਓ, ਇਕ ਵਾਰ ਇਕ ਲੇਲਾ ਨਦੀ 'ਚੋਂ ਪਾਣੀ ਪੀ ਰਿਹਾ ਸੀ ਅਤੇ ਉਸੇ ਸਮੇਂ ਇਕ ਬਘਿਆੜ ਵੀ ਉਸੇ ਨਦੀ 'ਤੇ ਪਾਣੀ ਪੀ ਰਿਹਾ ਸੀ। ਨਰਮ-ਨਰਮ ਅਤੇ ਕੂਲੇ-ਕੂਲੇ ਲੇਲੇ ਨੂੰ ਦੇਖ ਬਘਿਆੜ ਦੇ ਮੂੰਹ ਵਿਚ ਪਾਣੀ ਆ ਗਿਆ ਅਤੇ ਉਹ ਕੋਈ ਨਾ ਕੋਈ ਬਹਾਨਾ ਕਰਕੇ ਲੇਲੇ ਨੂੰ ਆਪਣਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ ਪਰ ਚੁਸਤ-ਚਲਾਕ ਤੇ ਪੜ੍ਹਿਆ-ਲਿਖਿਆ ਮਾਡਰਨ ਲੇਲਾ ਦੁਸ਼ਮਣ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਸੀ ਅਤੇ ਉਹ ਬੜੀ ਹੁਸ਼ਿਆਰੀ ਤੋਂ ਕੰਮ ਲੈਣ ਲੱਗਿਆ।
ਆਪਣੀ ਪਹਿਲੀ ਚਾਲ ਚਲਦੇ ਹੋਏ ਬਘਿਆੜ ਨੇ ਲੇਲੇ ਨੂੰ ਰੋਹਬ ਨਾਲ ਕਿਹਾ, 'ਉਏ ਲੇਲੇ, ਤੈਨੂੰ ਪਤਾ ਨਹੀਂ ਮੈਂ ਪਾਣੀ ਪੀ ਰਿਹਾ ਹਾਂ ਅਤੇ ਤੂੰ ਇਸ ਪਾਣੀ ਨੂੰ ਗੰਦਲਾ ਕਰ ਰਿਹਾ ਹੈਂ, ਬੰਦ ਕਰ ਇਹ ਖੇਲ੍ਹ, ਨਹੀਂ ਮੈਂ ਤੈਨੂੰ ਮਾਰ ਦਿਆਂਗਾ।' ਪਾਣੀ ਭਾਵੇਂ ਬਘਿਆੜ ਤੋਂ ਲੇਲੇ ਵੱਲ ਜਾ ਰਿਹਾ ਸੀ ਪਰ ਲੇਲੇ ਨੇ ਬੜੀ ਚੁਸਤੀ ਵਰਤੀ ਅਤੇ ਕਿਹਾ, 'ਜਨਾਬ, ਫਿਕਰ ਨਾ ਕਰੋ। ਮੈਂ ਇਸ ਨੂੰ ਹੁਣੇ ਸਾਫ ਕਰ ਦਿੰਦਾ ਹਾਂ ਅਤੇ ਤੁਸੀਂ ਤਾਂ ਕੇਵਲ ਸਾਫ ਅਤੇ ਠੰਢਾ ਪਾਣੀ ਹੀ ਪੀਣਾ।' ਲੇਲਾ ਟਪੂਸੀਆਂ ਮਾਰਦਾ ਉਸ ਦੇ ਦੂਜੇ ਪਾਸੇ, ਜਿਧਰੋਂ ਪਾਣੀ ਆ ਰਿਹਾ ਸੀ, ਚਲਾ ਗਿਆ ਅਤੇ ਬੜੀ ਫੁਰਤੀ ਨਾਲ ਪਾਣੀ ਵਿਚ ਮਿੱਟੀ ਘੋਲ ਕੇ ਅਤੇ ਆਪਣੇ ਹੱਥ-ਪੈਰ ਧੋ ਕੇ ਦੌੜ ਗਿਆ। ਬਘਿਆੜ ਆਪਣਾ ਮੂੰਹ ਸਵਾਰਦਾ ਹੀ ਰਹਿ ਗਿਆ।
ਦੂਜੇ ਦਿਨ ਫਿਰ ਦੋਵੇਂ ਆਪਣੀ ਪਿਆਸ ਬੁਝਾਉਣ ਲਈ ਉਸੇ ਥਾਂ 'ਤੇ ਇਕੱਠੇ ਹੀ ਪਾਣੀ ਪੀਣ ਲੱਗੇ ਤਾਂ ਸ਼ਿਕਾਰੀ ਦਾ ਮਨ ਹੋਰ ਵੀ ਲਲਚਾ ਗਿਆ। ਉਹ ਫਿਰ ਗੁੱਸੇ ਵਿਚ ਆ ਕੇ ਬੋਲਿਆ, 'ਓਏ ਲੇਲੇ, ਕੱਲ੍ਹ ਤੂੰ ਪਾਣੀ ਸਾਫ ਕਰਕੇ ਤੁਰੰਤ ਦੌੜ ਗਿਆ, ਮੈਂ ਤਾਂ ਤੈਨੂੰ ਇਕ ਹੋਰ ਗੱਲ ਪੁੱਛਣੀ ਸੀ।' ਲੇਲੇ ਨੇ ਫਿਰ ਮੌਕਾ ਸੰਭਾਲਿਆ ਅਤੇ ਤੁਰੰਤ ਜਵਾਬ ਦਿੱਤਾ, 'ਜਨਾਬ ਤੁਹਾਡੇ ਸਵਾਲ ਲਈ ਹੀ ਤਾਂ ਅੱਜ ਮੈਂ ਫਿਰ ਹਾਜ਼ਰ ਹਾਂ, ਅੱਜ ਪੁੱਛ ਲਵੋ ਜੋ ਪੁੱਛਣਾ ਚਾਹੁੰਦੇ ਸੀ, ਮੈਨੂੰ ਤਾਂ ਐਵੇਂ ਦੌੜਨ-ਭੱਜਣ ਦੀ ਆਦਤ ਹੈ।' ਮਨ ਹੀ ਮਨ ਵਿਚ ਬਘਿਆੜ ਬੜਾ ਖੁਸ਼ ਹੋਇਆ ਅਤੇ ਸੋਚਣ ਲੱਗਿਆ ਕਿ ਕੱਲ੍ਹ ਦਾ ਬਚਿਆ ਸ਼ਿਕਾਰ ਅੱਜ ਕਾਬੂ ਵਿਚ ਆ ਜਾਵੇਗਾ। ਉਸ ਨੇ ਫਿਰ ਲੇਲੇ ਨੂੰ ਡਰਾਉਂਦੇ ਹੋਏ ਕਿਹਾ, 'ਇਕ ਵਾਰ ਤੇਰੇ ਬਜ਼ੁਰਗਾਂ ਨੇ ਮੇਰੇ ਬਜ਼ੁਰਗਾਂ ਨੂੰ ਬੜੀਆਂ ਗੰਦੀਆਂ ਗਾਲਾਂ ਕੱਢੀਆਂ ਸਨ, ਅੱਜ ਮੈਂ ਤੇਰੇ ਤੋਂ ਬਦਲਾ ਲਵਾਂਗਾ ਅਤੇ ਤੈਨੂੰ ਮਾਰ ਕੇ ਖਾ ਜਾਵਾਂਗਾ।'
ਲੇਲਾ ਕੁਝ ਘਬਰਾਇਆ ਪਰ ਤੁਰੰਤ ਉਸ ਦੀ ਵਿੱਦਿਆ ਕੰਮ ਆਈ ਅਤੇ ਉਹ ਕਹਿਣ ਲੱਗਾ, 'ਮਹਾਰਾਜ! ਇਹ ਤਾਂ ਬੜੀ ਬੁਰੀ ਗੱਲ ਹੈ, ਭਲਾ ਬਿਨਾਂ ਮਤਲਬ ਕਿਸੇ ਨੂੰ ਗਾਲਾਂ ਕੱਢਣ ਦਾ ਕੀ ਕੰਮ! ਨਾਲੇ ਬਜ਼ੁਰਗ ਤਾਂ ਸਿਆਣੇ ਹੁੰਦੇ ਸਨ। ਹਾਂ, ਮੇਰਾ ਇਕ ਬਜ਼ੁਰਗ ਅਜੇ ਵੀ ਜ਼ਿੰਦਾ ਹੈ, ਮੈਂ ਅੱਜ ਉਸ ਨੂੰ ਪੁੱਛ ਕੇ ਤੁਹਾਨੂੰ ਕੱਲ੍ਹ ਦੱਸਾਂਗਾ ਕਿ ਤੁਹਾਡੇ ਬਜ਼ੁਰਗਾਂ ਨੂੰ ਗਾਲ੍ਹਾਂ ਕੱਢਣ ਦਾ ਕੀ ਕਾਰਨ ਸੀ?' ਏਨਾ ਕਹਿੰਦੇ ਹੋਏ ਲੇਲਾ ਫਿਰ ਟਪੂਸੀਆਂ ਮਾਰਦਾ ਦੌੜ ਗਿਆ ਅਤੇ ਬਘਿਆੜ ਆਪਣੇ ਸ਼ਿਕਾਰ ਬਾਰੇ ਸੋਚ ਹੀ ਰਿਹਾ ਸੀ ਕਿ ਲੇਲਾ ਉਸ ਨੂੰ ਦੂਰ ਬਾਏ-ਬਾਏ ਕਰਦਾ ਨਜ਼ਰ ਆਇਆ।
ਲੇਲੇ ਦੀਆਂ ਖਰੀਆਂ-ਖਰੀਆਂ ਅਤੇ ਮਿਠਾਸ ਭਰੀਆਂ ਤੁਹਮਤਾਂ ਸੁਣ ਕੇ ਬਘਿਆੜ 'ਤੇ ਇਨ੍ਹਾਂ ਦਾ ਕਾਫੀ ਅਸਰ ਹੋਇਆ ਅਤੇ ਉਹ ਸੱਚੀਂ ਹੀ ਨਦੀ ਵਿਚ ਮੂੰਹ ਧੋਣ ਲਈ ਵੜ ਗਿਆ। ਜਿਉਂ ਹੀ ਉਸ ਨੇ ਮੂੰਹ ਧੋਣਾ ਸ਼ੁਰੂ ਕੀਤਾ ਤਾਂ ਲੇਲਾ ਉਥੋਂ ਨੌਂ ਦੋ ਗਿਆਰਾਂ ਹੋ ਗਿਆ ਅਤੇ ਆਪਣੀ ਵਿੱਦਿਆ ਅਤੇ ਸਿਆਣਪ 'ਤੇ ਖੁਸ਼ ਹੋਣ ਲੱਗਿਆ। ਉਧਰ ਬਘਿਆੜ ਜਦੋਂ ਮੂੰਹ ਧੋ ਕੇ ਨਦੀ 'ਚੋਂ ਬਾਹਰ ਨਿਕਲਿਆ ਤਾਂ ਲੇਲੇ ਨੂੰ ਉਥੇ ਨਾ ਦੇਖ ਕੇ ਸੱਚ ਵਿਚ ਹੀ ਪਛਤਾਉਣ ਲੱਗਿਆ ਅਤੇ ਉਸ ਦਾ ਲਲਚਾਇਆ ਮੂੰਹ ਧੋਤੇ ਦਾ ਧੋਤਾ ਹੀ ਰਹਿ ਗਿਆ।