Budhiman Khargosh Murakh Haathi : Panchtantra Kahani
ਬੁੱਧੀਮਾਨ ਖ਼ਰਗੋਸ਼, ਮੂਰਖ ਹਾਥੀ : ਪੰਚਤੰਤਰ ਬਾਲ ਕਹਾਣੀ
ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਜੰਗਲ ਵਿੱਚ ਠੰਢੇ ਅਤੇ ਸਾਫ਼ ਪਾਣੀ ਦਾ ਤਲਾਬ ਸੀ। ਉਸ ਤਲਾਬ ਦੇ ਆਲੇ-ਦੁਆਲੇ ਕੁਝ ਖ਼ਰਗੋਸ਼ ਵੀ ਰਹਿੰਦੇ ਸਨ। ਜਦ ਵੀ ਖ਼ਰਗੋਸ਼ਾਂ ਨੂੰ ਪਿਆਸ ਲੱਗਦੀ ਤਾਂ ਉਹ ਉਸੇ ਤਲਾਬ ਤੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੇ ਸਨ। ਫਿਰ ਇੱਕ ਦਿਨ ਹਾਥੀਆਂ ਦਾ ਇੱਕ ਝੁੰਡ ਉਸ ਜੰਗਲ ਵਿੱਚ ਆਇਆ। ਹਾਥੀ ਵੀ ਰੋਜ਼ਾਨਾ ਉਸੇ ਤਲਾਬ ਦਾ ਪਾਣੀ ਪੀਣ ਲੱਗੇ। ਖ਼ਰਗੋਸ਼ਾਂ ਨੂੰ ਹਾਥੀਆਂ ਦਾ ਆਉਣਾ ਚੰਗਾ ਨਹੀਂ ਲੱਗਿਆ ਕਿਉਂਕਿ ਹੁਣ ਉਹ ਆਪਣੀ ਮਰਜ਼ੀ ਨਾਲ ਜਦ ਵੀ ਚਾਹੁਣ ਪਾਣੀ ਨਹੀਂ ਪੀ ਸਕਦੇ ਸਨ। ਖ਼ਰਗੋਸ਼ ਜਦ ਵੀ ਤਲਾਬ ਦੇ ਕੋਲ ਜਾਂਦੇ ਤਾਂ ਉਨ੍ਹਾਂ ਨੂੰ ਕੁਝ ਹਾਥੀ ਤਲਾਬ ਦੇ ਕੋਲ ਜ਼ਰੂਰ ਮਿਲਦੇ ਸਨ। ਇਸ ਲਈ ਖ਼ਰਗੋਸ਼ ਤਲਾਬ ਦੇ ਕੋਲ ਜਾਣ ਤੋਂ ਝਿਜਕਦੇ ਸਨ। ਇਸ ਤੋਂ ਇਲਾਵਾ ਹਾਥੀ ਉਸ ਤਲਾਬ ਨੂੰ ਗੰਦਾ ਵੀ ਕਰਦੇ ਸਨ।
ਇੱਕ ਦਿਨ ਸਾਰੇ ਖ਼ਰਗੋਸ਼ਾਂ ਨੇ ਇਸ ਹਾਲਤ ਤੋਂ ਛੁਟਕਾਰਾ ਪਾਉਣ ਲਈ ਆਪਸ ਵਿੱਚ ਮਸ਼ਵਰਾ ਕੀਤਾ। ਇੱਕ ਬੁੱਢੇ ਅਤੇ ਬੁੱਧੀਮਾਨ ਖ਼ਰਗੋਸ਼ ਨੇ ਕਿਹਾ, ‘‘ਮੈਂ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ। ਮੈਂ ਛੇਤੀ ਹੀ ਇਹੋ ਜਿਹਾ ਕਦਮ ਚੁੱਕਾਂਗਾ ਕਿ ਹਾਥੀ ਕਦੇ ਵੀ ਤਲਾਬ ਦੇ ਕੋਲ ਨਹੀਂ ਆਉਣਗੇ।’’ ਬਾਕੀ ਖ਼ਰਗੋਸ਼ਾਂ ਨੇ ਹੈਰਾਨੀ ਨਾਲ ਪੁੱਛਿਆ, ‘‘ਉਹ ਕਿਵੇਂ?’’
ਬੁੱਢੇ ਖ਼ਰਗੋਸ਼ ਨੇ ਕਿਹਾ, ‘‘ਮੇਰੇ ਕੋਲ ਇੱਕ ਜੁਗਤ ਹੈ। ਛੇਤੀ ਹੀ ਤੁਹਾਨੂੰ ਸਾਰਿਆਂ ਨੂੰ ਮੇਰੀ ਜੁਗਤ ਦਾ ਪਤਾ ਲੱਗ ਜਾਏਗੀ। ਮੈਂ ਅੱਜ ਰਾਤ ਪਹਾੜ ’ਤੇ ਜਾਊਂਗਾ ਅਤੇ ਹਾਥੀਆਂ ਨਾਲ ਗੱਲਬਾਤ ਕਰੂੰਗਾ। ਮੈਨੂੰ ਆਸ ਹੈ ਕਿ ਹਾਥੀ ਮੇਰੀਆਂ ਗੱਲਾਂ ਮੰਨ ਲੈਣਗੇ ਅਤੇ ਇੱਥੋਂ ਚਲੇ ਜਾਣਗੇ।’’ ਹੋਰਨਾਂ ਖ਼ਰਗੋਸ਼ਾਂ ਨੂੰ ਬੁੱਢੇ ਖ਼ਰਗੋਸ਼ ਦੀ ਗੱਲ ’ਤੇ ਵਿਸ਼ਵਾਸ ਸੀ। ਇਸ ਲਈ ਉਹ ਸਾਰੇ ਇੱਕ ਵਾਰ ਬੇਫ਼ਿਕਰ ਹੋ ਗਏ। ਉਸ ਰਾਤ ਚੌਦਵੀਂ ਦਾ ਚੰਦ ਆਪਣੀ ਚਮਕ ਬਿਖੇਰ ਰਿਹਾ ਸੀ। ਬੁੱਢਾ ਖ਼ਰਗੋਸ਼ ਪਹਾੜ ’ਤੇ ਜਾ ਕੇ ਉੱਚੀ ਆਵਾਜ਼ ਵਿੱਚ ਬੋਲਣ ਲੱਗਿਆ,‘‘ਹਾਥੀਓ, ਮੈਂ ਚੰਦਰਮਾ ਦਾ ਦੂਤ ਹਾਂ ਅਤੇ ਉਸ ਵੱਲੋਂ ਤੁਹਾਡੇ ਨਾਲ ਗੱਲ ਕਰਨ ਆਇਆ ਹਾਂ। ਚੰਦਰਮਾ ਨੇ ਹੁਕਮ ਦਿੱਤਾ ਹੈ ਕਿ ਕਿਸੇ ਵੀ ਹਾਥੀ ਨੂੰ ਤਲਾਬ ਦੇ ਨੇੜੇ ਹੋਣ ਦੀ ਆਗਿਆ ਨਹੀਂ ਹੈ ਕਿਉਂਕਿ ਤਲਾਬ ’ਤੇ ਖ਼ਰਗੋਸ਼ਾਂ ਦਾ ਅਧਿਕਾਰ ਹੈ। ਚੰਦਰਮਾ ਵੀ ਖ਼ਰਗੋਸ਼ਾਂ ਦੇ ਨਾਲ ਹੈ। ਮੈਂ ਉਸ ਦਾ ਦੂਤ ਹਾਂ ਅਤੇ ਉਸ ਦਾ ਸੁਨੇਹਾ ਤੁਹਾਡੇ ਤਾਈਂ ਪਹੁੰਚਾ ਰਿਹਾ ਹਾਂ। ਤਲਾਬ ’ਤੇ ਚੰਦਰਮਾ ਅਤੇ ਖ਼ਰਗੋਸ਼ਾਂ ਦਾ ਅਧਿਕਾਰ ਹੈ। ਅੱਜ ਤੋਂ ਬਾਅਦ ਤੁਸੀਂ ਤਲਾਬ ਦੇ ਨੇੜੇ ਨਾ ਢੁਕਣਾ। ਜੇਕਰ ਤੁਸੀਂ ਤਲਾਬ ਦੇ ਕੋਲ ਗਏ ਤਾਂ ਚੰਦਰਮਾ ਤੁਹਾਨੂੰ ਅੰਨ੍ਹਾ ਕਰ ਦੇਵੇਗਾ। ਮੇਰੀ ਗੱਲ ਨੂੰ ਝੂਠ ਨਾ ਸਮਝੋ। ਜੇ ਮੇਰੀ ਗੱਲ ’ਤੇ ਯਕੀਨ ਨਹੀਂ ਤਾਂ ਅੱਜ ਰਾਤ ਪਾਣੀ ਪੀਣ ਲਈ ਤਲਾਬ ਦੇ ਕੋਲ ਜਾਵੋ। ਜਦ ਤੁਸੀਂ ਤਲਾਬ ਵਿੱਚ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਚੰਦਰਮਾ ਕਿੰਨਾ ਗੁੱਸੇ ਵਿੱਚ ਹੈ। ਮੈਂ ਜੋ ਕਹਿ ਰਿਹਾ ਹਾਂ ਉਹ ਤੁਹਾਡੇ ਭਲੇ ਵਿੱਚ ਹੈ। ਬਿਹਤਰ ਹੋਵੇਗਾ ਕਿ ਤੁਸੀਂ ਇੱਥੋਂ ਚਲੇ ਜਾਵੋ।’’
ਆਪਣੀ ਗੱਲ ਕਹਿਣ ਤੋਂ ਬਾਅਦ ਬੁੱਢਾ ਖਰਗੋਸ਼ ਪਹਾੜ ਤੋਂ ਹੇਠਾਂ ਉੱਤਰ ਕੇ ਆਪਣੇ ਸਾਥੀਆਂ ਕੋਲ ਪਹੁੰਚ ਗਿਆ ਅਤੇ ਉਨ੍ਹਾਂ ਨੂੰ ਕਿਹਾ, ‘‘ਹੁਣ ਬੈਠ ਕੇ ਆਪਣੀ ਜੁਗਤ ਦਾ ਨਤੀਜਾ ਦੇਖਦੇ ਹਾਂ। ਪ੍ਰਾਰਥਨਾ ਕਰੋ ਕਿ ਹਾਥੀਆਂ ਨੇ ਮੇਰੀ ਗੱਲ ’ਤੇ ਵਿਸ਼ਵਾਸ ਕਰ ਲਿਆ ਹੋਵੇ।’’
ਹਾਥੀਆਂ ਨੇ ਬੁੱਢੇ ਖ਼ਰਗੋਸ਼ ਦੀ ਗੱਲ ’ਤੇ ਥੋੜ੍ਹਾ ਵਿਚਾਰ ਕੀਤਾ। ਹਾਥੀਆਂ ਦੇ ਸਰਦਾਰ ਨੇ ਕਿਹਾ, ‘‘ਸੰਭਵ ਹੈ ਚੰਦਰਮਾ ਨੇ ਇਹ ਕਿਹਾ ਹੋਵੇ। ਚੱਲੋ, ਅੱਜ ਰਾਤ ਤਲਾਬ ਦੇ ਕੋਲ ਜਾ ਕੇ ਦੇਖਦੇ ਹਾਂ ਕਿ ਖ਼ਰਗੋਸ਼ ਦੀ ਗੱਲ ਕਿੰਨੀ ਸਹੀ ਹੈ?’’ ਸਾਰੇ ਹਾਥੀ ਤਲਾਬ ਵੱਲ ਤੁਰ ਪਏ। ਹਾਥੀਆਂ ਦੇ ਸਰਦਾਰ ਨੇ ਕਿਹਾ, ‘‘ਇਸ ਗੱਲ ਦੀ ਅਸਲੀਅਤ ਨੂੰ ਪਰਖਣ ਦੇ ਲਈ ਮੈਂ ਖ਼ੁਦ ਤਲਾਬ ਦੇ ਕੋਲ ਜਾ ਰਿਹਾ ਹਾਂ। ਤੁਸੀਂ ਸਾਰੇ ਇੱਥੇ ਰੁਕੋ। ਮੈਂ ਆ ਕੇ ਦੱਸੂੰਗਾ ਕਿ ਖ਼ਰਗੋਸ਼ ਦੀ ਗੱਲ ਸਹੀ ਹੈ ਜਾਂ ਗ਼ਲਤ।’’
ਹਾਥੀਆਂ ਦਾ ਸਰਦਾਰ ਤਲਾਬ ਦੇ ਨੇੜੇ ਪੁੱਜਿਆ। ਅਚਾਨਕ ਉਸ ਦੀ ਨਿਗ੍ਹਾ ਤਲਾਬ ਦੇ ਪਾਣੀ ’ਤੇ ਪਈ। ਉਸ ਨੇ ਹੈਰਾਨੀ ਨਾਲ ਦੇਖਿਆ ਕਿ ਚੰਦ ਦਾ ਚਿੱਤਰ ਪਾਣੀ ’ਤੇ ਉਭਰਿਆ ਹੈ। ਸਰਦਾਰ ਨੇ ਮਨ ਵਿੱਚ ਕਿਹਾ, ‘‘ਇੱਥੋਂ ਤਕ ਤਾਂ ਗੱਲ ਸਹੀ ਹੈ। ਹੁਣ ਤਲਾਬ ਦਾ ਪਾਣੀ ਪੀ ਕੇ ਦੇਖਾਂ। ਜਿਉਂ ਉਸ ਨੇ ਆਪਣਾ ਸੁੰਡ ਪਾਣੀ ਵਿੱਚ ਪਾਇਆ। ਪਾਣੀ ਵਿੱਚ ਲਹਿਰਾਂ ਉੱਠੀਆਂ ਅਤੇ ਪਾਣੀ ਦੇ ਉੱਪਰ ਚੰਦ ਦੇ ਚਿੱਤਰ ਵਿੱਚ ਕੰਬਣੀ ਦਿਖਾਈ ਦਿੱਤੀ। ਹਾਥੀ ਨੇ ਸਮਝਿਆ ਕਿ ਚੰਦਰਮਾ ਗੁੱਸੇ ਹੋ ਗਿਆ ਹੈ ਅਤੇ ਇਸ ਲੲੀ ਕੰਬ ਰਿਹਾ ਹੈ।’’ ਖ਼ਰਗੋਸ਼ਾਂ ਦੇ ਸਰਦਾਰ ਨੂੰ ਯਕੀਨ ਹੋ ਗਿਆ ਕਿ ਇੱਥੋਂ ਚਲੇ ਜਾਣ ਵਿੱਚ ਹੀ ਭਲਾਈ ਹੈ ਨਹੀਂ ਤਾਂ ਚੰਦਰਮਾ ਸਾਨੂੰ ਅੰਨ੍ਹਾ ਕਰ ਦੇਵੇਗਾ।
ਭੋਲਾ ਹਾਥੀ ਇਹ ਨਹੀਂ ਸਮਝ ਸਕਿਆ ਕਿ ਪੈਰ ਨੂੰ ਪਾਣੀ ਵਿੱਚ ਪਾਉਣ ਨਾਲ ਚਿੱਕੜ ਉੱਭਰਿਆ ਅਤੇ ਪਾਣੀ ਗੰਦਲਾ ਹੋ ਗਿਆ ਜਿਸ ਕਾਰਨ ਪਾਣੀ ਵਿੱਚ ਚੰਦਰਮਾ ਦਾ ਚਿੱਤਰ ਧੁੰਦਲਾ ਦਿਖਾਈ ਦਿੱਤਾ। ਹਾਥੀਆਂ ਦਾ ਸਰਦਾਰ ਆਪਣੇ ਸਾਥੀਆਂ ਦੇ ਕੋਲ ਵਾਪਸ ਆਇਆ ਅਤੇ ਉਨ੍ਹਾਂ ਨੂੰ ਕਹਿਣ ਲੱਗਾ, ‘‘ਖ਼ਰਗੋਸ਼ ਦੀ ਗੱਲ ਬਿਲਕੁਲ ਸਹੀ ਸੀ। ਬਿਹਤਰ ਹੈ ਕਿ ਅੱਜ ਦੀ ਰਾਤ ਹੁਣ ਇੱਥੋਂ ਕਿਤੇ ਦੂਰ ਚਲੇ ਜਾਈਏ।’’
-(ਨਿਰਮਲ ਪ੍ਰੇਮੀ)